
ਲੋਕ ਨਾਚ (Folk Dance)
ਲੋਕ-ਨਾਚ ਅਸਲ ਮਾਅਨਿਆਂ ਵਿੱਚ ਲੋਕ ਕਲਾ ਹੈ। ਇਹਨਾਂ ਨੂੰ ਮਨੁੱਖੀ ਜੀਵਨ ਦਾ ਜੇਕਰ ਅੰਗ ਮੰਨ ਲਿਆ ਜਾਵੇ ਤਾਂ ਇਸ ਵਿੱਚ ਕੋਈ ਅੱਤਕਥਨੀ ਨਹੀਂ ਹੋਵੇਗੀ। ਲੋਕ-ਨਾਚ ਸਮਾਜ ਵਿੱਚ ਕੇਵਲ ਮਨੋਰੰਜਨ ਦਾ ਜ਼ਰੀਆ ਹੀ ਨਹੀ ਹੁੰਦੇ, ਬਲਕਿ ਇਹ ਲੋਕਾਂ ਦੀਆਂ ਸਮਾਜਿਕ ਕਦਰਾਂ-ਕੀਮਤਾਂ, ਸੱਭਿਆਚਾਰਕ ਵੰਨਗੀਆਂ, ਖੁਸ਼ੀਆਂ-ਖੇੜਿਆਂ ਅਤੇ ਮਨੁੱਖ ਦੀਆਂ ਅੰਦਰਲੀਆਂ ਖੁਸ਼ਨੁਮਾ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਦਾ ਸਾਧਨ ਵੀ ਹਨ। ਡਾ. ਵਣਜਾਰਾ ਬੇਦੀ ਅਨੁਸਾਰ “ਲੋਕ ਨਾਚ ਜਾਤੀ ਦੇ ਤਹਿਤ ਤੇ ਸਮੂਹਿਕ ਜਜ਼ਬਿਆਂ ਦਾ ਅੰਗਾਂ ਦੇ ਤਾਲ ਬੱਧ ਲਹਿਰਾਓ ਤੇ ਹਾਵਾਂ ਭਾਵਾਂ ਰਾਹੀਂ ਪ੍ਰਗਟਾਓ ਹੈ।”
ਸਮੁੱਚੀ ਦੁਨੀਆ ਵਿੱਚ ਕੋਈ ਅਜਿਹਾ ਖ਼ਿੱਤਾ ਦੇਖਣ ਨੂੰ ਨਹੀਂ ਮਿਲ ਸਕਦਾ, ਜਿਸਦਾ ਆਪਣਾ ਲੋਕ-ਨਾਚ ਨਾ ਹੋਵੇ। ਜੇਕਰ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਨੂੰ ਲੋਕ-ਨਾਚਾਂ ਦਾ ਧੁਰਾ ਵੀ ਕਿਹਾ ਜਾ ਸਕਦਾ ਹੈ। ਕਿਉਂਕਿ ਇਥੇ ਲੋਕ-ਨਾਚਾਂ ਨੂੰ ਖਾਸ ਮਹੱਤਵਪੂਰਨ ਸਥਾਨ ਹਾਸਿਲ ਹੈ। ਪ੍ਰਾਚੀਨ ਕਾਲ ਤੋਂ ਹੀ ਨਾਚ ਦਾ ਮਾਨਵ ਜਾਤੀ ਨਾਲ ਅਟੁੱਟ ਰਿਸ਼ਤਾ ਰਿਹਾ ਹੈ। ਇਤਿਹਾਸਕਾਰਾਂ ਅਨੁਸਾਰ ਇੱਥੇ ਕੋਈ ਪੰਜ ਹਜ਼ਾਰ ਈਸਵੀ ਪਹਿਲਾਂ ਤੋਂ ਹੀ ਲੋਕ-ਨਾਚਾਂ ਦੇ ਪ੍ਰਮਾਣ ਦੇਖਣ ਨੂੰ ਮਿਲਦੇ ਹਨ। ਭਾਵੇਂ ਸਮੇਂ-ਸਮੇਂ ਅਨੁਸਾਰ ਇਹ ਇਥੋਂ ਦੀਆਂ ਭੂਗੋਲਿਕ, ਸਮਾਜਿਕ ਅਤੇ ਇਤਿਹਾਸਿਕ ਪ੍ਰਸਥਿਤੀਆਂ ਵਿੱਚੋਂ ਗੁਜਰਕੇ ਤਬਦੀਲ ਹੁੰਦੇ ਰਹੇ ਹਨ, ਪਰ ਇਸਦੇ ਬਾਵਜੂਦ ਵੀ ਇਹ ਲੋਕ-ਨਾਚ ਆਪਣੀ ਹੋਂਦ ਨੂੰ ਜੀਵਿਤ ਰੱਖੀ ਬੈਠੇ ਹਨ। ਵੈਸੇ ਆਮਤੌਰ ਤੇ ਲੋਕ-ਨਾਚਾਂ ਦੀ ਦੋ ਭਾਗਾਂ, ਇਸਤਰੀ-ਨਾਚ ਅਤੇ ਮਰਦ-ਨਾਚ ਵਿੱਚ ਵੰਡ ਕੀਤੀ ਜਾਂਦੀ ਹੈ। ਇਸਤਰੀ-ਨਾਚਾਂ ਵਿੱਚ ਗਿੱਧਾ, ਸੰਮੀ,ਕਿੱਕਲੀ, ਲੁੱਡੀ, ਹੁੱਲੇ-ਹੁਲਾਰੇ ਅਤੇ ਧਮਾਲ ਆਦਿ ਆਉਂਦੇ ਹਨ ਅਤੇ ਮਰਦ-ਨਾਚ ਵਿੱਚ ਭੰਗੜਾ, ਮਰਦਾਂ ਦਾ ਗਿੱਧਾ, ਝੂਮਰ, ਲੁੱਡੀ ਅਤੇ ਧਮਾਲ ਆਦਿ ਆਉਂਦੇ ਹਨ।
ਗਿੱਧਾ: ਪ੍ਰਾਚੀਨ ਕਾਲ ਤੋਂ ਹੀ ਗਿੱਧਾ ਪੰਜਾਬ ਦੀਆਂ ਔਰਤਾਂ ਅਤੇ ਮਰਦਾਂ ਦਾ ਹਰਮਨ ਪਿਆਰਾ ਲੋਕ-ਨਾਚ ਜਾਣਿਆ ਜਾਂਦਾ ਰਿਹਾ ਹੈ। ਇਹ ਨਾਚ ਜਵਾਨ ਅੱਲ੍ਹੜ ਮੁਟਿਆਰਾਂ ਦੀਆ ਸੱਧਰਾਂ, ਸੁਹਾਗਣਾ ਦਾ ਸਹੁਰੇ ਅਤੇ ਪੇਕਿਆਂ ਪ੍ਰਤੀ ਸਨੇਹ ਅਤੇ ਮਨ ਦੇ ਵਲਵਲਿਆਂ, ਚਾਵਾਂ,ਆਸ-ਉਮੰਗਾਂ ਅਤੇ ਖੁਸ਼ੀਆਂ-ਖੇੜਿਆਂ ਨੂੰ ਉਜਾਗਰ ਕਰਨ ਦਾ ਉੱਤਮ ਸਾਧਨ ਹੈ। ਗਿੱਧਾ ਤਾੜੀਆਂ ਵਜਾ ਕੇ ਕੀਤਾ ਜਾਣ ਵਾਲਾ ਨਾਚ ਹੈ। ਇਸਨੂੰ ਦੂਸਰੇ ਸ਼ਬਦਾਂ ਵਿੱਚ ਤਾੜੀ ਨਾਚ ਵੀ ਕਿਹਾ ਜਾ ਸਕਦਾ ਹੈ। ਗਿੱਧਾ ਪਾਉਣ ਸਮੇਂ ਔਰਤਾਂ ਘੇਰਾ ਬਣਾ ਕੇ ਖੜੋ ਜਾਂਦੀਆਂ ਹਨ। ਦੂਸਰੀਆਂ ਦੋ ਜਾਂ ਦੋ ਤੋਂ ਵੱਧ ਔਰਤਾਂ ਘੇਰੇ ਅੰਦਰ ਨੱਚਦੀਆਂ ਹਨ ਅਤੇ ਉਹਨਾਂ ਦੁਆਲੇ ਘੇਰਾ ਬਣਾ ਕੇ ਖੜ੍ਹੀਆਂ ਔਰਤਾਂ ਤਾੜੀਆਂ ਵਜਾਉਂਦੀਆਂ ਹਨ। ਘੇਰਾ ਬਣਾ ਕੇ ਖੜ੍ਹੀਆਂ ਔਰਤਾਂ ਵਿੱਚੋਂ ਕੁਝ ਔਰਤਾਂ ਗੁਰੱਪ ਵਿੱਚ ਬੋਲੀਆਂ ਜਾਂ ਟੱਪੇ ਗਾਉਂਦੀਆਂ ਹਨ। ਬੋਲੀਆਂ ਪਾਉਣ ਵਾਲ਼ੀਆਂ ਔਰਤਾਂ ਬੋਲੀਆਂ ਜਾਂ ਟੱਪੇ ਇੱਕ ਖ਼ਾਸ ਸੁਰ ਵਿੱਚ ਗਾਏ ਜਾਂਦੇ ਹਨ। ਬਾਹਰ ਘੇਰਾ ਬਣਾ ਕੇ ਖੜ੍ਹੀਆਂ ਔਰਤਾਂ ਦੀਆਂ ਤਾੜੀਆਂ ਦਾ ਵਹਾਅ ਅਤੇ ਗਾਈਆਂ ਜਾਣ ਵਾਲ਼ੀਆਂ ਬੋਲੀਆਂ ਜਾਂ ਟੱਪੇ ਜਦੋਂ ਗਾਉਣ ਵਾਲ਼ੀਆਂ ਔਰਤਾਂ ਦੀਆਂ ਸੁਰਾਂ ਦੀ ਲੈਅ ਇਕੱਠੇ ਨਾਲ-ਨਾਲ ਚੱਲਦੇ ਹਨ ਤਾਂ ਇਸ ਸਮੇ ਪੈਦਾ ਹੋਈ ਇੱਕ ਮਧੁਰ ਸੰਗੀਤਮਈ ਅਵਸਥਾ ਨੂੰ ਕਾਇਮ ਰੱਖਣ ਲਈ “ਬੱਲ- ਬੱਲੇ ਬਈ, ਸਾਵਾ-ਸਾਵਾ ਬਈ” ਆਦਿ ਟੋਟਕਿਆਂ ਨਾਲ ਸੁਰ ਅਤੇ ਲੈਅ ਵਿੱਚ ਬੰਨ੍ਹਕੇ ਰੱਖਿਆ ਜਾਂਦਾ ਹੈ।
ਜਦੋਂ ਬੋਲੀਆਂ ਅਤੇ ਤਾੜੀਆਂ ਦੀ ਸੁਰ ਅਤੇ ਤਾਲ ਇੱਕਸਾਰ ਹੋ ਜਾਂਦੀ ਹੈ ਤਾਂ ਕੁਦਰਤੀ ਹੁਲਾਰੇ ਆਉਣ ਲੱਗ ਪੈਂਦੇ ਹਨ ਅਤੇ ਘੇਰੇ ਅੰਦਰ ਖੜੋਤੀਆਂ ਔਰਤਾਂ ਦੇ ਅੰਗ ਥਿਰਕਣ ਲੱਗ ਜਾਂਦੇ ਹਨ ਅਤੇ ਉਹ ਮੰਤਰ ਮੁਗਧ ਹੋ ਕੇ ਨੱਚਣ ਲੱਗ ਪੈਂਦੀਆਂ ਹਨ। ਇਸ ਸਮੇਂ ਗਿੱਧਾ ਪੈਂਦਾ ਦੇਖਿਆਂ ਹੀ ਬਣਦਾ ਹੈ। ਗਿੱਧੇ ਵਿੱਚ ਔਰਤਾਂ ਬੋਲੀਆਂ ਰਾਹੀਂ ਆਮਤੌਰ ਤੇ ਘਰੇਲੂ ਅਤੇ ਸਮਾਜਿਕ ਮਸਲਿਆਂ ਜਿਵੇਂ ਕਿ ਨੂੰਹ-ਸੱਸ ਦੀ ਨੋਕ-ਝੋਕ, ਦਿਉਰ-ਭਰਜਾਈ ਦਾ ਰੋਮਾਂਸ, ਸੋਹਣੇ ਵਰ ਦੀ ਚੋਣ, ਅੰਮੜੀ ਦੇ ਵਿਹੜੇ ਆਦਿ ਦਾ ਜ਼ਿਕਰ ਵੱਖਰੇ-ਵੱਖਰੇ ਅੰਦਾਜ਼ ਵਿੱਚ ਕੀਤਾ ਜਾਂਦਾ ਹੈ।
ਪਹਿਰਾਵਾ : ਜਿਵੇਂ ਕਿ ਸਿਆਣਿਆਂ ਦੀ ਕਹਾਵਤ ਹੈ ਕਿ “ ਰਫ਼ਤਾਰ, ਦਸਤਾਰ ਅਤੇ ਗੁੱਫਤਾਰ “ ਹੀ ਕਿਸੇ ਵਿਅਕਤੀ ਵਿਸ਼ੇਸ਼ ਦੀ ਅਸਲ ਪਹਿਚਾਣ ਹੁੰਦੀ ਹੈ ।ਠੀਕ ਉਸੇ ਤਰ੍ਹਾਂ ਹੀ ਕਿਸੇ ਸਮੂਹ ਦੀ ਪਹਿਚਾਣ ਵੀ ਉਸਦੀ ਚਾਲ-ਢਾਲ ਤੋਂ ਮਾਪੀ ਜਾ ਸਕਦੀ ਹੈ। ਕਿਸੇ ਲੋਕ ਨਾਚ ਦੀ ਢੁਕਵੀ ਜਾਣਕਾਰੀ ਵੀ ਉਸ ਨਾਚ ਸਮੇਂ ਵਰਤੇ ਜਾਣ ਵਾਲੇ ਸਾਧਨਾਂ ਤੋਂ ਕੀਤੀ ਜਾ ਸਕਦੀ ਹੈ।ਲੋਕ-ਨਾਚ (ਗਿੱਧਾ) ਸਮੇਂ ਵੀ ਔਰਤਾਂ/ਮੁਟਿਆਰਾਂ ਵੱਲੋਂ ਪੰਜਾਬ ਦਾ ਰਵਾਇਤੀ ਪਹਿਰਾਵਾ ਲਹਿੰਗਾ-ਚੋਲੀ, ਜਾਂ ਸਲਵਾਰ-ਕਮੀਜ਼ ਪਹਿਨਆ ਜਾਂਦਾ ਹੈ। ਇਸਦੇ ਨਾਲ ਸਿਰ ਉੱਤੇ ਕਢਾਈਦਾਰ ਦੁਪੱਟਾ ਜਾਂ ਬਾਗ਼ ਪਹਿਿਨਆ ਜਾਂਦਾ ਹੈ। ਇਹ ਪਹਿਰਾਵਾ ਜਿਆਦਾਤਰ ਚਮਕੀਲੇ ਅਤੇ ਗੂੜ੍ਹੇ ਜਿਵੇਂ ਕਿ ਲਾਲ, ਗੁਲਾਬੀ, ਜਾਨਣੀ, ਹਰਾ, ਪੀਲ਼ਾ, ਸੰਤਰੀ ਜਾਂ ਤੋਤੇ ਰੰਗਾ ਜਿਹੇ ਰੰਗਾ ਵਿੱਚ ਹੁੰਦਾ ਹੈ। ਇਸ ਤੋਂ ਇਲਾਵਾ ਔਰਤਾਂ/ਮੁਟਿਆਰਾਂ ਆਪਣੀਆਂ ਗੁੱਤਾਂ ਨੂੰ ਸੂਟਾਂ ਨਾਲ ਮੇਲ ਖਾਂਦੇ ਰੰਗਾਂ ਦੀਆਂ ਡੋਰੀਆਂ ਅਤੇ ਪਰਾਂਦਿਆਂ ਨਾਲ ਗੁੰਦਕੇ ਆਪਣੇ ਹੁਸਨ ਨੂੰ ਹੋਰ ਵੀ ਚਾਰ ਚੰਨ ਲਗਾਉਣ ਵਿੱਚ ਕੋਈ ਕਸਰ ਨਹੀਂ ਛੱਡ- ਦੀਆਂ।
ਸੰਮੀ : ਸੰਮੀ-ਨਾਚ ਪਾਕਿਸਤਾਨ ਵਿਚਲੇ ਪੱਛਮੀ ਪੰਜਾਬ ਦੇ ਸਾਂਦਲਬਾਰ ਇਲਾਕੇ ਦਾ ਹਰਮਨ ਪਿਆਰਾ ਨਾਚ ਹੈ । ਸੰਮੀ-ਨਾਚ ਦੇ ਇਤਿਹਾਸ ਵਾਰੇ ਵੱਖਰੀਆਂ- ਵੱਖਰੀਆਂ ਦੰਦ-ਕਥਾਵਾਂ ਪ੍ਰਚੱਲਿਤ ਹਨ । ਸੰਮੀ-ਨਾਚ ਵਾਰੇ ਇਹ ਧਾਰਨਾ ਮਸ਼ਹੂਰ ਹੈ ਕਿ ਇੱਕ ਸੰਮੀ ਨਾਂ ਦੀ ਅਤਿ ਸੁੰਦਰ ਮੁਟਿਆਰ ਸੀ , ਜਿਸਦਾ ਢੋਲਾ ਨਾਂ ਦਾ ਇੱਕ ਪ੍ਰੇਮੀ ਸੀ । ਸੰਮੀ ਅਤੇ ਢੋਲਾ ਬਹੁਤ ਹੀ ਅਮੀਰ ਜਾਗੀਰਦਾਰਾਂ ਦੇ ਧੀਆਂ-ਪੁੱਤਰ ਸਨ । ਕਹਿੰਦੇ ਹਨ ਕਿ ਢੋਲਾ ਸ਼ਿਕਾਰ ਖੇਡ੍ਹਦਾ ਆਪਣੇ ਸ਼ਿਕਾਰ ਦਾ ਪਿੱਛਾ ਕਰਦਾ ਹੋਇਆ ਸੰਮੀ ਦੇ ਬਾਗ਼ ਵਿੱਚ ਜਾ ਵੜਿਆ ।ਉਹ ਬਾਗ਼ ਵਿੱਚ ਸੰਮੀ ਨੂੰ ਪਹਿਲੀ ਨਜਰੇ ਹੀ ਤੱਕਦਿਆਂ ਦਿਲ ਦੇ ਬੈਠਾ । ਢੋਲਾ ਸੰਮੀ ਦੇ ਹੁਸਨ ਦਾ ਦੀਵਾਨਾ ਹੋ ਗਿਆ । ਸੰਮੀ ਵੀ ਪਹਿਲੀ ਤੱਕਣੀ ਹੀ ਢੋਲੇ ਨੂੰ ਦਿਲ ਬੈਠਦੀ ਹੈ । ਦੋਵਾਂ ਵਿੱਚ ਪਿਆਰ ਪੈ ਜਾਂਦਾ ਹੈ । ਪਰ ਇੱਕ ਦਿਨ ਢੋਲਾ ਕਿਸੇ ਵਜਹ ਸੰਮੀ ਨੂੰ ਛੱਡਕੇ ਦੂਰ ਚਲਾ ਜਾਂਦਾ ਹੈ । ਪਿੱਛੋਂ ਸੰਮੀ ਆਪਣੇ ਪ੍ਰੇਮੀ ਦੇ ਵਿਯੋਗ-ਰਸ ਵਿੱਚ ਤੜਪਦੀ ਹੋਈ ਨੱਚਦੀ ਹੀ ਰਹਿੰਦੀ ਸੀ ।ਸੰਮੀ-ਨਾਚ ਪ੍ਰੇਮ , ਬ੍ਰਿਹਾ ਅਤੇ ਖੁਸ਼ੀਆਂ ਖੇੜਿਆਂ ਸਮੇਂ ਪਾਇਆ ਜਾਣ ਵਾਲਾ ਨਾਚ ਹੈ । ਇਹ ਅੱਲ੍ਹੜ ਮੁਟਿਆਰਾਂ ਦੇ ਦਿਲਾਂ ਦੇ ਅਰਮਾਨਾਂ ਅਤੇ ਸੱਧਰਾਂ ਦੀ ਰਹਿਨੁਮਾਈ ਕਰਨ ਵਾਲਾ ਨਾਚ ਹੈ । ਸੰਮੀ ਨਾਚ ਕੁਦਰਤ ਦੇ ਰੰਗਾਂ ਦੀ ਵੀ ਬਾਖੂਬੀ ਪੇਸ਼ਕਾਰੀ ਕਰਦਾ ਹੈ। ਇਸ ਨਾਚ ਰਾਹੀਂ ਸੰਮੀ ਦਾ ਗੀਤ ਗਾਏ ਜਾਣ ਸਮੇ ਪ੍ਰਕਿਰਤੀ , ਜੰਗਲਾਂ ਅਤੇ ਜੀਵ-ਜੰਤੂਆਂ ਦਾ ਵੀ ਚਿਤਰਣ ਝਲਕ-ਝਲਕ ਪੈਂਦਾ ਹੈ ।
ਦੇਸ਼ ਦੀ ਵੰਡ ਹੋ ਜਾਣ ਬਾਦ ਮੁਟਿਆਰਾਂ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਆਉਣ ਸਮੇਂ ਸੰਮੀ-ਨਾਚ ਨੂੰ ਆਪਣੇ ਨਾਲ ਹੀ ਲੈ ਆਈਆਂ । ਹੌਲੀ-ਹੌਲੀ ਇਹ ਸੰਮੀ ਪਾਉਣ ਸਮੇਂ ਮੁਟਿਆਰਾਂ/ਔਰਤਾਂ ਬਾਹਵਾਂ ਵਿੱਚ ਬਾਹਵਾਂ ਪਾ ਕੇ ਘੇਰਾ ਬਣਾ ਲੈਂਦੀਆਂ ਹਨ । ਉਹ ਹੱਥਾਂ ਨਾਲ ਤਾੜੀਆਂ ਵਜਾ ਕੇ ਅਤੇ ਚੁਟਕੀਆਂ ਵਜਾ ਕੇ ਨੱਚਦੀਆਂ ਹੋਈਆਂ ਸੰਮੀ ਗਾਉਂਦੀਆਂ ਹਨ । ਉਹ ਆਪਣਾ ਸੱਜਾ ਹੱਥ ਆਪਣੇ ਲੱਕ ਦੁਆਲੇ ਅਤੇ ਖੱਬਾ ਹੱਥ ਮੱਥੇ ਨਾਲ ਲਗਾ ਕੇ ਸਲਾਮ ਕਰਨ ਦਾ ਨਾਟਕ ਕਰਦੀਆਂ ਹਨ ਅਤੇ ਫਿਰ ਆਪਣੇ ਦੋਵੇਂ ਹੱਥ ਆਪਣੇ ਮੱਥੇ ਉੱਤੇ ਰੱਖਕੇ ਲੱਕ ਅੱਗੇ ਕਰਕੇ ਸਲਾਮ ਕਰਦੀਆਂ ਹਨ । ਮੁਟਿਆਰਾਂ ਚੁਟਕੀਆਂ ਅਤੇ ਤਾੜੀਆਂ ਦੀ ਲੈਅ ਨਾਲ ਨੱਚਦੀਆਂ ਹੋਈਆਂ ਆਪਣੇ ਕਦਮਾਂ ਦੀ ਤਾਲ ਨੂੰ ਇੱਕਸੁਰ ਕਰਕੇ ਮਾਹੌਲ ਨੂੰ ਸੰਗੀਤਮਈ ਬਣਾ ਦਿੰਦੀਆਂ ਹਨ । ਪਰ ਜਿਵੇਂ-ਜਿਵੇਂ ਸਮਾਂ ਬਦਲਦਾ ਗਿਆ , ਸੰਮੀ ਨੇ ਵੀ ਅਪਣੀ ਪੂਰਵ ਹੋਂਦ ਬਦਲ ਲਈ ਹੈ । ਅਜੋਕੇ ਸਮੇ ਨੱਚਣ ਵਾਲੀਆਂ ਮੁਟਿਆਰਾਂ ਨੇ ਸੰਮੀ-ਨਾਚ ਵਿੱਚ ਘੜੇ ਅਤੇ ਢੋਲ ਆਦਿ ਨਵੇਂ ਨਵੇਂ ਉਕਰਨਾਂ ਨੂੰ ਵੀ ਸਾਮਿਲ ਕਰ ਲਿਆ ਹੈ ।
ਪਹਿਰਾਵਾ : ਸੰਮੀ ਪਾਉਣ ਸਮੇਂ ਮੁਟਿਆਰਾਂ/ਔਰਤਾਂ ਵੱਲੋਂ ਆਮ ਤੌਰ ਤੇ ਕੁੜਤਾ ਅਤੇ ਲਹਿੰਗਾ ਪਹਿਿਨਆ ਜਾਂਦਾ ਹੈ ਜੋ ਕਿ ਵੱਖ-ਵੱਖ ਗੂੜ੍ਹੇ ਰੰਗਾਂ ਵਿੱਚ ਹੁੰਦਾ ਹੈ ।ਸ਼ਿੰਗਾਰ ਵਸਤਾਂ ਵਿੱਚ ਸੰਮੀ ਸਮੇਂ ਚਾਂਦੀ ਦੇ ਗਹਿਣਆਂ ਨੂੰ ਪਹਿਨਆ ਜਾਂਦਾ ਹੈ । ਇਸ ਸਮੇਂ ਮੁੱਖ ਤੌਰ ਤੇ ਕੈਂਠੇ, ਪਜੇਬਾਂ ਅਤੇ ਕੰਗਣ ਆਦਿ ਪਹਿਨੇ ਜਾਂਦੇ ਹਨ ।
ਸੰਮੀ ਦਾ ਗੀਤ: ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀਏ , ਸੰਮੀ ਮੇਰੀ ਵਾਰ , ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀਏ , ਕੋਠੇ ਉੱਤੇ ਕੋਠੜਾ ਨੀ ਸੰਮੀਏ , ਕੋਠੇ ਤਪੇ ਤੰਦੂਰ ਮੇਰੀ ਸੰਮੀਏ , ਖਾਵਣ ਵਾਲਾ ਦੂਰ ਨੀ ਸੰਮੀਏ , ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀਏ , ਸੰਮੀ ਮੇਰੀ ਵਾਰ , ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀਏ ,
ਝੂੰਮਰ : ਝੂੰਮਰ ਇਸਤਰੀਆਂ ਅਤੇ ਮਰਦਾਂ ਦਾ ਸਾਂਝਾ ਲੋਕ-ਨਾਚ ਹੈ । ਖੁਸ਼ੀ ਵਿੱਚ ਝੂਮ-ਝੂਮ ਕੇ ਨੱਚਣ ਵਾਲੇ ਇਸ ਨਾਚ ਦਾ ਨਾਂ ਝੂਮਰ ਨਾਚ ਪਿਆ । ਪਾਕਿਸਤਾਨ ਵਿੱਚ ਪੈਂਦਾ ਸਾਂਦਲਬਾਰ ਦਾ ਇਲਾਕਾ ਇਸ ਨਾਚ ਦਾ ਅਸਲ ਜਨਮ-ਦਾਤਾ ਹੈ । ਇਹ ਨਾਚ ਇਥੇ ਮਰਦਾਂ ਦੇ ਲੋਕ-ਨਾਚ ਨਾਲ ਜਾਣਿਆਂ ਜਾਂਦਾ ਹੈ । ਸਾਂਦਲਬਾਰ ਵਿੱਚ ਟੋਭਾ ਟੇਕ ਸਿੰਘ, ਸੇਖੂਪੁਰਾ, ਮਿੰਟਗੁਮਰੀ, ਫੈਸਲਾਬਾਦ, ਝੰਗ ਆਦਿ ਜ਼ਿਲ੍ਹੇ ਪਾਏ ਜਾਂਦੇ ਹਨ । ਇਤਿਹਾਸਕਾਰਾਂ ਅਨੁਸਾਰ ਪੂਰਵ ਕਾਲ ਵਿੱਚ ਇਸ ਇਲਾਕੇ ਵਿੱਚ ਜੰਗਲ਼ ਹੋਇਆ ਕਰਦੇ ਸਨ । ਇਸੇ ਕਰਕੇ ਇਸ ਖੇਤਰ ਦੇ ਲੋਕਾਂ ਨੂੰ ਜੰਗਲੀ ਜਾਂ ਜਾਂਗਲੀ ਲੋਕ ਵੀ ਕਿਹਾ ਜਾਂਦਾ ਸੀ । ਪ੍ਰੰਤੂ ਪਾਕਿਸਤਾਨ ਵਿੱਚ ਮੁਸਲੀ ਜਾਤੀ ਦੀਆਂ ਔਰਤਾਂ ਅਤੇ ਮਰਦ ਇਕੱਠੇ ਝੂੰਮਰ ਨਾਚ ਕਰਦੇ ਹਨ ।
ਇਤਿਹਾਸਕਾਰਾਂ ਦੀਆਂ ਲਿਖਤਾਂ ਵਿੱਚ ਇਸ ਗੱਲ ਦਾ ਜਿਕਰ ਵੀ ਆਉਂਦਾ ਹੈ ਕਿ ਮੱਧ ਪ੍ਰਦੇਸ਼ ਅਤੇ ਰਾਜਸਥਾਨ ਪ੍ਰਾਂਤਾਂ ਵਿੱਚ ਵੀ ਝੂੰਮਰ ਨਾਚ ਪ੍ਰਚਲਿਤ ਹਨ । ਪਰ ਤਕਨੀਕੀ ਪੱਖੋਂ ਇਹ ਪੰਜਾਬ ਦੇ ਝੂੰਮਰ ਨਾਚ ਤੋਂ ਵੱਖਰੇ ਹਨ । ਝੂੰਮਰ ਆਮ ਤੌਰ ਤੇ ਸਿਰਫ ਢੋਲ ਦੇ ਡੱਗੇ ਤੇ ਹੀ ਨੱਚਿਆ ਜਾਣ ਵਾਲਾ ਨਾਚ ਹੈ । ਪਰ ਫਿਰ ਵੀ ਪੇਸ਼ੇਵਰ ਲੋਕ ਇਸ ਨਾਚ ਵਿੱਚ ਢੋਲ ਦੇ ਨਾਲ ਹੋਰ ਵੀ ਸਾਜ ਜਿਵੇਂ ਕਿ ਤੂਤੀਆਂ, ਖੜਤਾਲਾਂ, ਚਿਮਟੇ, ਸ਼ਹਿਨਾਈਆਂ ਜਾਂ ਡਾਂਡੀਆਂ ਆਦਿ ਦੀ ਵੀ ਵਰਤੋਂ ਕਰਨ ਲੱਗ ਪਏ ਹਨ । ਝੂੰਮਰ ਪਾਉਣ ਸਮੇਂ ਝੂੰਮਰੀ ਢੋਲ ਵਜਾਉਣ ਵਾਲੇ ਢੋਲੀ ਦੇ ਆਲੇ ਦੁਆਲੇ ਘੇਰਾ ਬਣਾ ਲੈਂਦੇ ਹਨ । ਘੇਰਾ ਬਣਾ ਕੇ ਖੜ੍ਹੇ ਮਰਦ ਅਤੇ ਔਰਤਾਂ ਆਪਣਾ ਇੱਕ ਇੱਕ ਕਦਮ ਖੱਬੇ ਪਾਸਿਓਂ ਸੱਜੇ ਅਤੇ ਸੱਜੇ ਪਾਸਿਓਂ ਖੱਬੇ ਘੁਮਾਉਣ ਲੱਗਦੇ ਹਨ । ਉਹ ਸਾਰੇ ਇਸ ਮਗਰੋਂ ਪੂਰੇ ਘੁੰਮ ਜਾਂਦੇ ਹਨ । ਅਜਿਹਾ ਕਰਨ ਸਮੇਂ ਸਾਰੇ ਝੂੰਮਰੀ “ਛੂਹ-ਛਾਹ , ਛੂਹ-ਛਾਹ” ਦੀਆਂ ਇੱਕ ਲੈਅ ਵਿੱਚ ਅਵਾਜ਼ਾਂ ਵੀ ਕੱਢਦੇ ਹਨ । ਝੂੰਮਰ ਪਾਉਣ ਵਾਲੇ ਮਰਦ ਔਰਤਾਂ ਨਾਚ ਕਰਨ ਸਮੇ ਆਪਣੀਆਂ ਦੋਵੇਂ ਮੁੱਠੀਆਂ ਮੀਟ ਲੈਂਦੇ ਹਨ ਅਤੇ ਆਪਣੀਆਂ ਛਾਤੀਆਂ ਨਾਲ ਲਗਾ ਕੇ ਝਟਕਾਉਂਦੇ ਹੋਏ ਝੂੰਮਰ ਪਾਉਣਾ ਜਾਰੀ ਰੱਖਦੇ ਹਨ ਅਤੇ ਨਾਲ ਹੀ ਗੀਤ ਗਾਉਂਦੇ ਰਹਿੰਦੇ ਹਨ । ਢੋਲੀ ਦੀਆਂ ਜਿਉਂ-ਜਿਉਂ ਤਾਲਾਂ ਬਦਲਦੀਆਂ ਹਨ, ਤਿਉਂ-ਤਿਉਂ ਝੂੰਮਰ ਪਾਉਣ ਵਾਲੇ ਮਰਦ ਔਰਤਾਂ ਦੇ ਨਾਚ ਦੀ ਗਤੀ ਵਿੱਚ ਵੀ ਉਤਰਾਅ-ਚੜ੍ਹਾਅ ਆਉਂਦਾ ਰਹਿੰਦਾ ਹੈ । ਇਹ ਸੁਰਤਾਲ ਸ਼ੁਰੂ-ਸ਼ੁਰੂ ਵਿੱਚ ਧੀਮੀ ਚਾਲ ਵਿੱਚ ਹੁੰਦਾ ਹੈ ਜੋ ਬਾਅਦ ਵਿੱਚ ਤੇਜ਼ ਅਤੇ ਹੋਰ ਤੇਜ਼ ਹੋਈ ਜਾਂਦਾ ਹੈ । ਇਸ ਤਰ੍ਹਾਂ ਆਖਿਰ ਝੂੰਮਰ-ਨਾਚ ਆਪਣੇ ਸਿਖਰ ਤੇ ਪਹੁੰਚ ਜਾਂਦਾ ਹੈ ।
ਕਿੱਕਲੀ : ਕਿੱਕਲੀ ਆਮ ਤੌਰ ਤੇ ਪੰਜਾਬ ਵਿੱਚ ਛੋਟੀਆਂ ਕੁੜੀਆਂ ਦਾ ਬਹੁਤ ਹੀ ਹਰਮਨ ਪਿਆਰਾ ਨਾਚ ਹੈ । ਪ੍ਰੰਤੂ ਅੱਜਕਲ ਕਿੱਕਲੀ ਮੁਟਿਆਰਾਂ ਵੱਲੋਂ ਵੀ ਗਿੱਧਾ ਪਾਉਂਣ ਸਮੇਂ ਅਕਸਰ ਪਾ ਲਈ ਜਾਂਦੀ ਹੈ । ਅਜਿਹਾ ਕਰਕੇ ਮੁਟਿਆਰਾਂ ਆਪਣੀ ਬਾਲ ਅਵਸਥਾ ਦੇ ਅਨੁਭਵ ਮਾਨਣ ਦਾ ਸਕੂਨ ਪ੍ਰਾਪਤ ਕਰ ਲੈਂਦੀਆਂ ਹਨ । ਇਸੇ ਕਾਰਨ ਕਿੱਕਲੀ ਦੂਸਰੇ ਨਾਚਾਂ ਵਿੱਚ ਆਪਣੀ ਨਿਵੇਕਲੀ ਪਹਿਚਾਣ ਬਣਾਈ ਰੱਖਣ ਦੀ ਸਮਰੱਥਾ ਰੱਖਦੀ ਹੈ ।ਕਿੱਕਲੀ ਪਾਉਣ ਲਈ ਕਿਸੇ ਖ਼ਾਸ ਜਗ੍ਹਾ ਜਾਂ ਸਥਾਨ ਦੀ ਚੋਣ ਕਰਨੀ ਜ਼ਰੂਰੀ ਨਹੀਂ ਹੁੰਦੀ । ਜਿਆਦਾਤਰ ਨਿੱਕੀਆਂ ਕੁੜੀਆਂ ਵੱਲੋਂ ਕਿੱਕਲੀ ਖੇਡੀ ਜਾਣ ਕਾਰਨ ਇਸਨੂੰ ਨਿਆਣੀਆਂ ਕੁੜੀਆਂ ਦੀ ਰਵਾਇਤੀ ਖੇਡ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ । ‘ਕਿੱਕਲੀ’ ਸ਼ਬਦ ਦੀ ਉਤਪਤੀ ‘ਕਿਰਕਲੀ’ ਸ਼ਬਦ ਤੋਂ ਹੋਈ ਜਿਸਦਾ ਅਰਥ ਅਨੰਦ ਜਾਂ ਖੁਸੀ ਹੈ । ਕਿੱਕਲੀ ਪਾਉਣ ਸਮੇਂ ਕੁੜੀਆਂ ਦੋ-ਦੋ ਦੇ ਗਰੁੱਪ ਬਣਾ ਲੈਂਦੀਆਂ ਹਨ । ਇੱਕ ਕੁੜੀ ਦੂਸਰੀ ਕੁੜੀ ਦਾ ਸੱਜਾ ਹੱਥ ਆਪਣੇ ਖੱਬੇ ਹੱਥ ਨਾਲ ਅਤੇ ਆਪਣਾ ਸੱਜਾ ਹੱਥ ਦੂਸਰੀ ਕੁੜੀ ਦੇ ਖੱਬੇ ਹੱਥ ਵਿੱਚ ਫੜ ਲੈਂਦੀ ਹੈ । ਦੋਵੇਂ ਇੱਕ ਦੂਸਰੇ ਦੇ ਹੱਥਾਂ ਨੂੰ ਘੁੱਟ ਕੇ ਫੜ ਕੇ ਕੰਘੀ ਬਣਾ ਲੈਂਦੀਆਂ ਹਨ । ਉਹ ਦੋਵੇਂ ਆਪਣੇ ਪੈਰਾਂ ਦਾ ਭਾਰ ਆਪਣੇ ਸਰੀਰ ਨੂੰ ਪਿਛਾਂਹ ਵੱਲ ਝੁਕਾ ਕੇ ਆਪਣੇ ਹੱਥਾਂ ਤੇ ਪਾ ਲੈਂਦੀਆਂ ਹਨ ਅਤੇ ਤੇਜ਼ੀ ਨਾਲ ਸੱਜਿਓਂ ਖੱਬੇ ਪਾਸੇ ਵੱਲ ਘੁੰਮਣ ਲੱਗ ਪੈਂਦੀਆਂ ਹਨ । ਇਸ ਤਰ੍ਹਾਂ ਉਹ ਕਿੱਕਲੀ ਪਾਉਂਦੀਆਂ ਹੋਈਆਂ ਨਾਲੋ-ਨਾਲ ਗੀਤ ਗਾਉਂਦੀਆਂ ਹਨ ।
ਕਿੱਕਲੀ ਦੇ ਗੀਤ :
ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਭਾਰੀ ਦਾ ਫਿੱਟੇ ਮੂੰਹ ਜਵਾਈ । ਕਿੱਕਲੀ ਪਾਉਣ ਆਈਆਂ ਬਦਾਮ ਖਾਵਣ ਆਈਆਂ ਬਦਾਮ ਦੀ ਗੁੱਲੀ ਮਿੱਠੀ ਮੈਂ ਵੀਰ ਦੀ ਕੁੜੀ ਡਿੱਠੀ ਮੇਰੇ ਵੀਰ ਦੀ ਕੁੜੀ ਕਾਲੀ ਮੈਨੂੰ ਆ ਗਈ ਭਵਾਲੀ ਥਾਲੀ ਥਾਲੀ ਥਾਲੀ । ਅੱਠਾਂ ਗਲੀ ਮੈਂ ਆਵਾਂ ਜਾਵਾਂ ਅਕਸ ਗਲੀ ਲਸੂੜ੍ਹਾ ਭਾਬੋ ਮੰਗੇ ਮੁੰਦਰੀਆਂ ਨਣਾਨ ਮੰਗੇ ਚੂੜਾ ਨੀ ਇਹ ਲਾਲ ਲਸੂੜ੍ਹਾ । ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ । ਦੁਪੱਟਾ ਮੇਰੇ ਭਾਈ ਦਾ,ਸੂਰਜ ਲੜਾਈ ਦਾ । ਗਾਵਾਂਗੇ ਤੇ ਹੱਸਾਂਗੇ, ਸਹੇਲੀਆਂ ਨੂੰ ਦੱਸਾਂਗੇ । ਜੰਞ ਚੜ੍ਹੇ ਵੀਰ ਦੀ, ਕਿੱਕਲੀ ਕਲੀਰ ਦੀ । ਕਿੱਕਲੀ ਕਲਸ ਦੀ, ਲੱਤ ਭੱਜੇ ਸੱਸ ਦੀ । ਗੋਡਾ ਭੱਜੇ ਜੇਠ ਦਾ, ਝੀਥਾਂ ਥਾਣੀ ਦੇਖਦਾ । ਮੋੜ ਸੂ ਜੇਠਾਣੀਏ, ਮੋੜ ਸੱਸੇ ਰਾਹੀਏ । ਸੱਸ ਦਾਲ ਚਾ ਬਣਾਈ, ਛੰਨਾ ਭਰਿਆ ਲੈਕੇ ਆਈ । ਸੱਸ ਖੀਰ ਜਾ ਪਕਾਈ, ਵਿੱਚ ਆਲੇ ਜਾ ਲੁਕਾਈ । ਅੰਦਰ ਬਾਹਰ ਵੜਦੀ ਖਾਵੇ, ਭੈੜੀ ਗੱਲ-ਗੜੱਪੇ ਲਾਵੇ । ਲੋਕੋ ਸੱਸਾਂ ਬੁਰੀਆਂ ਵੇ, ਲਾਵੇ ਕਲ਼ੇਜੇ ਛੁਰੀਆਂ ਵੇ । ਕਿੱਕਲੀ ਕਲੀਰ ਦੀ, ਕਿੱਕਲੀ ਕਲੀਰ ਦੀ .........।
ਭੰਗੜਾ : ਜੇਕਰ ਅੱਲ੍ਹੜ ਮੁਟਿਆਰਾਂ ਦੀ ਗਿੱਧਾ ਜਾਨ ਹੈ , ਠੀਕ ਉਸੇ ਤਰਾਂ ਭੰਗੜਾ ਪੰਜਾਬੀ ਗੱਭਰੂਆਂ ਦੀ ਸ਼ਾਨ ਹੈ । ਭੰਗੜੇ ਦੇ ਇਤਿਹਾਸ ਸਬੰਧੀ ਇਤਿਹਾਸਕਾਰਾਂ ਤੋਂ ਅਲੱਗ-ਅਲੱਗ ਪ੍ਰਮਾਣ ਮਿਲਦੇ ਹਨ । ਭੰਗੜਾ ਜਿਆਦਾ ਪਾਕਿਸਤਾਨ ਦੇ ਪੱਛਮੀ ਪੰਜਾਬ ਦੇ ਸਿਆਲਕੋਟ ਅਤੇ ਸ਼ੇਖੂਪੁਰਾ ਜਿਲ੍ਹਿਆਂ ਵਿੱਚ ਜਿਆਦਾ ਪ੍ਰਚਲਿਤ ਦੱਸਿਆ ਜਾਂਦਾ ਹੈ । ਲੋਕ-ਨਾਚ ਦੇ ਸੰਬੰਧ ਵਿੱਚ ਇੱਕ ਧਾਰਨਾ ਇਹ ਵੀ ਪ੍ਰਚਲਿਤ ਹੈ ਕਿ ਆਰੀਆ ਲੋਕਾਂ ਦੇ ਕੁਝ ਕਬੀਲੇ ਭਾਰਤ ਵਿੱਚ ਦਾਖਲ ਹੋ ਕੇ ਇਥੇ ਪੰਜਾਬ ਦੇ ਪੱਕੇ ਹੀ ਵਸਨੀਕ ਬਣਕੇ ਰਹਿ ਗਏ ਸਨ । ਇਹ ਕਿਆਸ ਕੀਤਾ ਜਾਂਦਾ ਹੈ ਕਿ ਇਹ ਲੋਕ ਚੜ੍ਹਦੇ ਵਿਸਾਖ ਮਹੀਨੇ ਨੂੰ ਆਪਣੀ ਕਣਕ ਦੀ ਪੱਕੀ ਫਸਲ ਦੇਖ ਕੇ ਭੰਗ ਪੀ ਕੇ ਖੁਸ਼ੀ ਵਿੱਚ ਖੀਵੇ ਹੋ ਕੇ ਨੱਚਣ ਲੱਗ ਪੈਂਦੇ ਸਨ । ਇਸ ਕਰਕੇ ਇਨ੍ਹਾਂ ਭੰਗ ਪੀ ਕੇ ਨੱਚਣ ਵਾਲੇ ਲੋਕਾਂ ਤੋਂ ਇਸ ਨਾਚ ਦਾ ਨਾਂ ‘ਭੰਗੜਾ’ ਪਿਆਂ । ਭੰਗੜਾ ਹਰ ਖੁਸ਼ੀ ਦੇ ਮੌਕੇ, ਭਾਂਵੇਂ ਵਿਆਹ-ਸ਼ਾਦੀ ਹੋਵੇ ਅਤੇ ਭਾਂਵੇਂ ਵਿਸਾਖੀ ਦਾ ਤਿਉਹਾਰ । ਗੱਲ ਕੀ ਪੰਜਾਬ ਵਿੱਚ ਹਰ ਖੁਸ਼ੀ ਦਾ ਮੌਕਾ ਭੰਗੜੇ ਬਿਨਾ ਸੱਚਮੁੱਚ ਇੱਕ ਤਰਾਂ ਨਾਲ ਅਧੂਰਾ ਹੈ । ਲੋਕ-ਗੀਤਾਂ ਅਤੇ ਲੋਕ-ਬੋਲੀਆਂ ਬਿਨਾ ਭੰਗੜਾ ਅਧੂਰਾ ਮੰਨਿਆ ਜਾਂਦਾ ਹੈ । ਇਨ੍ਹਾਂ ਬੋਲੀਆਂ ਵਿੱਚ ਪੰਜਾਬ ਦੀ ਮਿੱਟੀ ਦੀ ਮਹਿਕ , ਪੰਜਾਬ ਦੇ ਮੁੱਛ-ਫੁੱਟ ਗੱਭਰੂਆਂ ਅਤੇ ਲੰਮ-ਸਲੰਮੀਆਂ ਨਿਛੋਹ ਗੋਰੀਆਂ ਅੱਲ੍ਹੜ ਮੁਟਿਆਰਾਂ ਦਾ ਜਵਾਨੀ ਦਾ ਠਾਠਾਂ ਮਾਰਦਾ ਜੋਸ਼ , ਗੱਭਰੂਆਂ ਦੇ ਸੁਡੌਲ ਜੁੱਸੇ ਅਤੇ ਹੁਸੀਨ ਮੁਟਿਆਰਾਂ ਆਪਣੇ ਗੁੰਦਵੇਂ ਸਰੀਰ ਨੂੰ ਪੰਜਾਬ ਦੇ ਰਵਾਇਤੀ ਪਹਿਰਾਵੇ ਰਾਹੀਂ ਭੰਗੜੇ ਦੀ ਪੇਸ਼ਕਾਰੀ ਕਰਦੇ ਹਨ ।
ਭੰਗੜੇ ਵਿੱਚ ਰਵਾਇਤੀ ਨਿਰੋਲ ਪੇਂਡੂ ਸਜੋ-ਸਮਾਨ ਦੀ ਵਰਤੋਂ ਹੀ ਕੀਤੀ ਜਾਂਦੀ ਹੈ ।ਭੰਗੜੇ ਸਮੇਂ ਵਰਤੋਂ ਵਿੱਚ ਲਿਆਂਦਾ ਜਾਣ ਵਾਲਾ ਮੁੱਖ ਸਾਜ ਢੋਲ ਹੈ । ਪਰ ਇਸਤੋਂ ਇਲਾਵਾ ਇਸ ਨਾਚ ਸਮੇਂ ਅਲਗ਼ੋਜ਼ੇ , ਸੱਪ ,ਕਾਟੋ ,ਖੂੰਡੇ , ਅਤੇ ਬੁੱਗਤੂ ਆਦਿ ਸਾਜ਼ਾਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ । ਢੋਲ ਵਜਾਉਣ ਵਾਲਾ ਢੋਲੀ ਭੰਗੜੇ ਦਾ ਮੋਢੀ ਹੁੰਦਾ ਹੈ । ਭੰਗੜਾ ਪਾਉਣ ਵਾਲੇ ਢੋਲ ਦੇ ਡੱਗੇ ਤੇ ਮੋਢਿਆਂ ਨੂੰ ਉੱਪਰ ਹੇਠਾਂ ਕਰਕੇ ਹਿਲਾਉਣ ਲੱਗਦੇ ਹਨ ਅਤੇ ਢੋਲੀ ਦੁਸ਼ਾਲੇ ਘੇਰਾ ਬਣਾ ਕੇ ਆਪਣਾ ਇੱਕ ਗੋਡਾ ਉਤਾਂਹ ਵੱਲ ਕਰਕੇ ਅੱਗੇ ਵੱਲ ਝੁਕਦੇ ਹੋਏ ਬਾਹਵਾਂ ਫੈਲਾ ਕੇ ਹੱਥ ਹਿਲਾਉਂਦੇ ਹਨ । ਉਹ ਚਿਹਰੇ ਤੇ ਮੁਸਕਰਾਹਟ ਲਿਆ ਕੇ ਖੁਸ਼ੀ ਵਿੱਚ ਸਿਰ ਹਿਲਾਉਂਦੇ ਹੋਏ ਘੁੰਮਦੇ ਹਨ । ਉਹ ਢੋਲ ਦੀ ਤਾਲ ਤੇ ਸ਼ਰੀਰ ਦੀਆਂ ਹਰਕਤਾਂ ਬਦਲਦੇ ਰਹਿੰਦੇ ਹਨ ।ਇਸ ਤਰਾਂ ਨੱਚਣ ਵਾਲੇ ਢੋਲ ਦੇ ਡੱਗੇ ਤੇ ਬੋਲੀਆਂ ਪਾਉਂਦੇ ਹੋਇਆਂ ਥਿਰਕਦੇ ਹੋਏ ਭੰਗੜਾ ਪਾ ਕੇ ਮਾਹੌਲ ਸੰਗੀਤਮਈ ਅਤੇ ਖੁਸ਼ਨੁਮਾ ਬਣਾ ਦਿੰਦੇ ਹਨ ।
ਪਹਿਰਾਵਾ : ਭੰਗੜਾ ਪਾਉਣ ਸਮੇਂ ਭੰਗੜੇ ਵਿੱਚ ਗੱਭਰੂ ਪੰਜਾਬ ਦਾ ਰਵਾਇਤੀ ਪਹਿਰਾਵਾ ਕੁੜਤੇ-ਚਾਦਰੇ ਅਤੇ ਉੱਪਰ ਰੰਗ-ਬਿਰੰਗੀਆਂ ਜੈਕਟਾਂ ਪਾ ਕੇ ਤੁਰਲੇ ਵਾਲੀਆਂ ਰੰਗ-ਬਿਰੰਗੀਆਂ ਪੱਗਾਂ ਨਾਲ ਨੋਕਦਾਰ ਤਿੱਲੇ ਦੀਆਂ ਕਢਾਈ ਵਾਲ਼ੀਆਂ ਪੰਜਾਬੀ ਜੁੱਤੀਆਂ ਪਾਉਂਦੇ ਹਨ । ਗਲਾਂ ਵਿੱਚ ਕੈਂਠੇ ਅਤੇ ਚੀਚੀਆਂ ਤੇ ਰੰਗ-ਬਿਰੰਗੇ ਰੋਸ਼ਨੀ ਰੁਮਾਲ ਬੰਨ੍ਹਿਆਂ ਬਗੈਰ ਪੰਜਾਬੀ ਗੱਭਰੂ ਜਚਦੇ ਹੀ ਨਹੀਂ ।
ਮਲਵਈ ਗਿੱਧੇ ਦਾ ਨਾਂ ਸੁਣਦਿਆਂ ਹੀ ਇਸਦਾ ਸੰਬੰਧ ਮਾਲਵਾ ਖੇਤਰ ਨਾਲ ਹੋਣ ਦੀ ਝੱਟ ਇਹ ਗੱਲ ਜ਼ਿਹਨ ਵਿੱਚ ਆ ਜਾਂਦੀ ਹੈ । ਜਿਆਦਾਤਰ ਇਹ ਗਿੱਧਾ ਬਾਬਿਆਂ ਦੇ ਗਿੱਧੇ ਦੇ ਨਾਂ ਨਾਲ ਮਸ਼ਹੂਰ ਹੈ । ਆਮਤੌਰ ਤੇ ਮਲਵਈ ਗਿੱਧੇ ਨੂੰ ਪੁਰਾਣੀ ਪੀੜ੍ਹੀ ਦੇ ਬਜ਼ੁਰਗ ਬਾਬੇ ਪਾਇਆ ਕਰਦੇ ਸਨ । ਪਰ ਅਜੋਕੇ ਯੁੱਗ ਵਿੱਚ ਮਲਵਈ ਗਿੱਧਾ ਕੇਵਲ ਮਲਵਈ ਲੋਕਾਂ ਦਾ ਹੀ ਨਹੀਂ , ਸਗੋਂ ਪੂਰੇ ਪੰਜਾਬ ਦੀ ਯੁਵਾ ਪੀੜ੍ਹੀ ਵਿੱਚ ਹਰਮਨ ਪਿਆਰਾ ਲੋਕ-ਨਾਚ ਬਣ ਗਿਆ ਹੈ । ਵਿਦਵਾਨ ਮਲਵਈ ਗਿੱਧੇ ਵਾਰੇ ਆਪਣੀ ਵੱਖਰੀ-ਵੱਖਰੀ ਰਾਏ ਰੱਖਦੇ ਹਨ। ਉਹਨਾਂ ਵਿੱਚੋਂ ਕੁਝ ਇਸਨੂੰ ਮਾਲਵੇ ਦੇ ਬਜ਼ੁਰਗ ਮਰਦ ਔਰਤਾਂ ਦੀ ਕਾਵਿਕ ਨੋਕ-ਝੋਕ ਦੇ ਸੰਧਰਵ ਵਿੱਚ ਵੀ ਦੇਖਦੇ ਹਨ । ਪੁਰਾਤਨ ਵੇਲਿਆਂ ਵਿੱਚ ਜਦੋਂ ਬਾਰਾਤ ਚੜ੍ਹਦੀ ਸੀ ਤਾਂ ਪਿੱਛੋਂ ਘਰ ਵਿੱਚ ਕੇਵਲ ਬਜ਼ੁਰਗ ਲੋਕ ਅਤੇ ਬੱਚੇ ਹੀ ਰਹਿ ਜਾਇਆ ਕਰਦੇ ਸਨ । ਬਾਰਾਤ ਕੁੜੀ ਵਾਲੇ ਘਰ ਕਈ-ਕਈ ਦਿਨ ਰਹਿੰਦੀ ਸੀ । ਪਿੱਛੇ ਇਕੱਲੇ ਘਰ ਵਿੱਚ ਚੋਰਾਂ-ਉਚੱਕਿਆਂ ਦੇ ਡਰੋਂ ਵਿਆਹ ਵਾਲੇ ਘਰ ਬਜ਼ੁਰਗ ਮਰਦ-ਔਰਤਾਂ ਮਲਵਈ ਗਿੱਧੇ ਰਾਹੀਂ ਆਪਣਾ ਮਨੋਰੰਜਨ ਕਰਕੇ ਸਾਰੀ-ਸਾਰੀ ਰਾਤ ਜਾਗ ਕੇ ਕੱਟ ਲੈਂਦੇ ਸਨ । ਨਾਨਕਾ-ਮੇਲ ਵਿੱਚ ਆਈਆਂ ਮੇਲਣਾ ਬੋਲੀਆਂ ਪਾ ਕੇ ਮਸਤੀ ਕਰਿਆ ਕਰਦੀਆਂ ਸਨ । ਮੇਲਣਾ ਵਿੱਚੋਂ ਕੋਈ ਮਰਦ ਗਿੱਧੇ ਵਿੱਚ ਦਾਦਕੀਆਂ ਨੂੰ ਬੋਲੀਆਂ ਰਾਹੀਂ ਨਿਵੇਕਲੇ ਸੁਆਲ ਕਰਦੀਆਂ ਸਨ-
ਸੁਣ ਨੀ ਦਾਦਕੀਏ ਨੱਚਣ ਵਾਲੀਏ , ਮੈਂ ਤੇਰੇ ਜੱਸ ਗਾਵਾਂ । ਮੰਦੇ ਬੋਲ ਨਾ ਬੋਲਾਂ ਗਿੱਧੇ ਵਿੱਚ , ਮੈਂ ਵਧਕੇ ਬੋਲੀ ਪਾਵਾਂ । ਬੰਤਾ ਸਿਉਂ ਮੇਰਾ ਨੀ ਸੋਹਣੀਏ , ਮੈਂ ਪਿੰਡ-ਪਿੰਡ ਖਾੜੇ ਲਾਵਾਂ । ਪਿੰਡ ਹੈ ਮੇਰਾ ਖ਼ਾਸ ਹੀਰੀਏ , ਤੈਨੂੰ ਗੱਲਾਂ ਖੋਲ੍ਹ ਸੁਣਾਵਾਂ । ਬਾਗ਼ ਵਿੱਚ ਫੁੱਲ ਖਿੜਿਆ , ਨੀ ਤੂੰ ਆਖੇਂ ਤੋੜ ਲਿਆਵਾਂ । ਬਾਗ਼ ਵਿੱਚ ..................................................
ਇਸ ਮੌਕੇ ਦਾਦਕੀਆਂ ਵਾਲੇ ਕਿਹੜਾ ਘੱਟ ਨੇ , ਉਹ ਮੋੜਵੀਂ ਬੋਲੀ ਰਾਹੀਂ ਨਾਨਕੀਆਂ ਤੇ ਵਾਰ ਕਰਕੇ ਮਲਵਈ ਗਿੱਧੇ ਦੇ ਅਖਾੜੇ ਨੂੰ ਜੋਬਨ ਤੇ ਪਹੁੰਚਾ ਦਿੰਦੇ ਹਨ- ਕੈਂਠੇ ਆਲਿਆ ਪਾਉਨੈਂ ਬੋਲੀਆਂ , ਸ਼ਾਹ ਤੇਰਾ ਕੰਮ ਮਾੜਾ । ਤੇਰੇ ਵਰਗੇ ਪੜ੍ਹਨ ਪੋਥੀਆਂ , ਸੁਬਹ ਫੇਰਦੇ ਮਾਲਾ । ਉਏ ਮੇਰੀ ਬੋਲੀ ਦਾ , ਮੋੜ ਕਰੀਂ ਸਰਦਾਰ । ਉਏ ਮੇਰੀ ਬੋਲੀ ਦਾ ....................
ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਪੂਰਾ ਮਾਲਵਾ ਖ਼ਿੱਤਾ ਮੇਲਿਆਂ ਦਾ ਅਤੇ ਰੰਗਾਂ ਨਾਲ ਭਰਪੂਰ ਹੈ । ਮਲਵਈ ਗਿੱਧੇ ਵਾਰੇ ਇੱਕ ਦੂਸਰੀ ਧਾਰਨਾ ਇਹ ਵੀ ਹੈ ਕਿ ਮਲਵਈ ਲੋਕ ਚੰਨ ਚਾਨਣੀਆਂ ਰਾਤਾਂ ਨੂੰ ਨੱਚਦੇ ਗਾਉਂਦੇ ਵਹੀਰਾਂ ਘਣਾ ਕੇ ਮੇਲੇ ਦੇਖਣ ਜਾਇਆ ਕਰਦੇ ਸਨ ।ਇਸ ਤਰਾਂ ਮੇਲਿਆਂ ਵਿੱਚ ਇਹ ਸਿਲਸਿਲਾ ਲਗਾਤਾਰ ਚੱਲਦਾ ਰਹਿੰਦਾ ਸੀ ।
ਮਲਵਈ ਗਿੱਧੇ ਦਾ ਮੁੱਖ ਸਾਜ ਢੋਲਕੀ ਹੈ , ਪਰ ਇਸਤੋਂ ਇਲਾਵਾ ਘੜਾ , ਬੁਘਦੂ , ਚਿਮਟੇ , ਸੱਪ ਅਤੇ ਕਾਟੋਆਂ ਵੀ ਮਲਵਈ ਗਿੱਧੇ ਦਾ ਸ਼ਿੰਗਾਰ ਹਨ । ਕਿਤੇ ਕਿਤੇ ਇਸ ਵਿੱਚ ਇੱਕ-ਤਾਰਾ ਅਤੇ ਸਾਰੰਗੀ ਵੀ ਵਰਤ ਲਈ ਜਾਂਦੀ ਹੈ । ਮਲਵਈ ਗਿੱਧੇ ਵਿੱਚ ਬੋਲੀਆਂ ਪਾਉਣ ਵਾਲੇ ਗਿੱਧਾ ਪਾਉਣ ਵਾਲ਼ਿਆਂ ਤੋਂ ਅਲੱਗ ਵੱਖਰੇ ਹੁੰਦੇ ਹਨ ,ਜਿੰਨ੍ਹਾਂ ਦਾ ਕੰਮ ਸਿਰਫ ਬੋਲੀਆਂ ਪਾਉਣ ਦਾ ਹੀ ਹੁੰਦਾ ਹੈ । ਇਸ ਵਿੱਚ ਇੱਕ ਆਦਮੀ ਹੀ ਬੋਲੀ ਸ਼ੁਰੂ ਕਰਦਾ ਹੈ । ਬਾਕੀ ਸਾਰੇ ਚੁੱਪ ਰਹਿੰਦੇ ਹਨ । ਜਿਵੇਂ ਹੀ ਬੋਲੀ ਅੱਧ ਤੱਕ ਪਹੁੰਚਦੀ ਹੈ , ਬੋਲੀ ਪਾਉਣ ਵਾਲਾ ਅਚਾਨਕ ਚੁੱਪ ਹੋ ਜਾਂਦਾ ਹੈ । ਫਿਰ ਦੂਸਰਾ ਵਿਅਕਤੀ ਉੱਚੀ ਸੀਟੀ ਮਾਰਦਾ ਹੈ ਅਤੇ ਇਸਦੇ ਨਾਲ ਹੀ ਸਾਰੇ ਬੋਲੀਆਂ ਪਾਉਣ ਲੱਗ ਪੈਂਦੇ ਹਨ ਅਤੇ ਸਾਜੀ ਸਾਜ ਵਜਾਉਂਦੇ ਹੋਏ ਨੱਚਣ ਲੱਗ ਪੈਂਦੇ ਹਨ ।
ਇਸੇ ਤਰਾਂ ਇਸ ਮਗਰੋਂ ਦੂਸਰਾ ਬੋਲੀਆਂ ਪਾਉਣ ਵਾਲਾ ਗਰੁੱਪ ਪਿੜ ਵਿੱਚ ਆਉਂਦਾ ਹੈ ਅਤੇ ਇਹ ਸਿਲਸਿਲਾ ਇਸੇ ਤਰਾਂ ਚੱਲਦਾ ਰਹਿੰਦਾ ਹੈ ।
ਲੁੱਡੀ : ਯੂਨਾਨੀ ਬੋਲੀ ਵਿੱਚ ‘ਲੁੱਡੀ’ ਦਾ ਅਰਥ ਹੈ ਖੇਡਣਾ-ਕੁੱਦਣਾ । ਇਸੇ ਕਾਰਨ ਹੀ ਇਹ ਵੀ ਧਾਰਨਾ ਵੀ ਬਣੀ ਹੋਈ ਹੈ ਕਿ ਲੁੱਡੀ ਸ਼ਬਦ ਯੂਨਾਨੀ ਭਾਸ਼ਾ ਰਾਹੀਂ ਪੰਜਾਬੀ ਬੋਲੀ ਵਿੱਚ ਆਇਆ । ਲੁੱਡੀ ਪੰਜਾਬ ਦਾ ਜਿਵੇਂ ਹਰਮਨ ਪਿਆਰਾ ਲੋਕ- ਨਾਚ ਹੈ , ਉਸੇ ਤਰ੍ਹਾਂ ਲੋਕਾਂ ਦੀ ਜ਼ੁਬਾਨ ਤੇ ਚੜ੍ਹਿਆ ਹੋਇਆ ਇੱਕ ਲੋਕ-ਪ੍ਰਿਅ ਮੁਹੱਬਤਾਂ ਵੀ ਬਣਿਆਂ ਹੋਇਆ ਹੈ । ਜਿਵੇਂ ਮਾਲਵਾ ਖੇਤਰ ਦਾ ਗਿੱਧਾ ਔਰਤਾਂ ਤੋਂ ਹੌਲੀ-ਹੌਲੀ ਮਰਦਾਂ ਦਾ ਵੀ ਹਰਮਨ ਪਿਆਰਾ (ਮਲਵਈ ਗਿੱਧਾ ) ਦੇ ਨਾਲ ਲੋਕ-ਪ੍ਰਿਅ ਹੋ ਗਿਆ , ਉਸੇ ਤਰ੍ਹਾਂ ਲੁੱਡੀ ਵੀ ਮਰਦਾਂ ਵੱਲੋਂ ਪਾਇਆ ਜਾਣ ਲੱਗਾ । ਇਸ ਤਰ੍ਹਾਂ ਇਹ ਨਾਚ ਮਰਦ ਅਤੇ ਔਰਤਾਂ ਦੋਵਾਂ ਵੱਲੋਂ ਪਾਇਆ ਜਾਣ ਵਾਲਾ ਨਾਚ ਬਣ ਗਿਆ । ਲਹਿੰਦੇ ਪੰਜਾਬ (ਪਾਕਿਸਤਾਨ) ਦੇ ਜਿਹਲਮ , ਸਿਆਲਕੋਟ , ਸਾਂਝੀਵਾਲ , ਗੁੱਜਰਾਂਵਾਲ਼ਾ , ਸਰਗੋਧਾ ਆਦਿ ਇਲਾਕਿਆਂ ਨੂੰ ਲੁੱਡੀ -ਨਾਚ ਦਾ ਅਸਲ ਜਨਮ-ਦਾਤਾ ਮੰਨਿਆਂ ਜਾਂਦਾ ਹੈ । ਇਹ ਨਾਚ ਆਮਤੌਰ ਤੇ ਖੁੱਲ੍ਹਾ ਕੁਰਤਾ-ਚਾਦਰਾ ਪਹਿਨ ਕੇ ਪਾਰਿਆਂ ਜਾਂਦਾ ਹੈ । ਕਿਸੇ ਸਮੇਂ ਜੰਗ , ਖੇਡ ਜਾਂ ਮੁਕੱਦਮੇ ਵਿੱਚ ਜਿੱਤ ਪ੍ਰਾਪਤ ਕਰਨ ਵਾਲ਼ਿਆਂ ਦਾ ਲੁੱਡੀ ਪਾ ਕੇ ਭਰਵਾਂ ਸਵਾਗਤ ਕੀਤਾ ਜਾਂਦਾ ਸੀ । ਲੁੱਡੀ ਨਾਚ ਸੰਮੀ ਨਾਚ ਨਾਲ ਕਾਫ਼ੀ ਹੱਦ ਤੱਕ ਮੇਲ ਖਾਂਦਾ ਨਾਚ ਹੈ । ਇਨ੍ਹਾਂ ਦੋਵੇਂ ਨਾਚਾਂ ਵਿੱਚ ਫਰਕ ਸਿਰਫ ਇਹੀ ਹੈ ਕਿ ਸੰਮੀ-ਨਾਚ ਪਾਉਣ ਸਮੇਂ ਨਾਲ਼ੋਂ-ਨਾਲ ਗੀਤ ਵੀ ਗਾਏ ਜਾਂਦੇ ਹਨ , ਜਦੋਂ ਕਿ ਲੁੱਡੀ -ਨਾਚ ਪਾਉਣ ਸਮੇਂ ਕੋਈ ਵੀ ਗੀਤ ਜਾਂ ਬੋਲੀ ਆਦਿ ਨਹੀਂ ਪਾਈ ਜਾਂਦੀ । ਇਸ ਨਾਚ ਵਿੱਚ ਨੱਚਣ ਵਾਲ਼ਿਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ । ਲੁੱਡੀ ਪਾਉਣ ਸਮੇਂ ਢੋਲ ਪਾਉਣ ਵਾਲੇ ਢੋਲੀ ਦੀ ਮੁੱਖ ਭੂਮਿਕਾ ਹੁੰਦੀ ਹੈ । ਜਦੋਂ ਢੋਲੀ ਢੋਲ ਉੱਤੇ ਡੱਗਾ ਲਾਉਂਦਾ ਹੈ ਤਾਂ ਢੋਲ ਦੀ ਤਾਲ ਤੇ ਨੱਚਣ ਵਾਲੇ ਆਪਣੀਆਂ ਛਾਤੀਆਂ ਅੱਗੇ ਜ਼ੋਰ ਨਾਲ ਤਾੜੀ ਮਾਰਦੇ ਹਨ । ਉਹ ਆਪਣੇ ਮੋਢਿਆਂ ਨੂੰ ਹਿਲਾਉਂਦੇ ਹੋਏ ਮੁਸਕਰਾ ਕੇ ਅੱਖਾਂ ਮਟਕਾਉਂਦੇ ਹਨ । ਉਹ ਨੱਚਦੇ ਹੋਏ ਢੋਲੀ ਦੀ ਤਾਲ ਨਾਲ ਨਾਚ ਕਰਦੇ ਹੋਏ ਅੱਗੇ ਵਧਦੇ ਰਹਿੰਦੇ ਹਨ । ਇਸ ਨਾਚ ਵਿੱਚ ਇੱਕੋ ਤਾਲ ਤੇ ਤਾੜੀ ਮਾਰ ਕੇ ਬਹੁਤ ਹੀ ਧੀਮੀ ਸੁਰ ਵਿੱਚ ਕਦੇ ਤੇਜ਼ ਅਤੇ ਕਦੇ ਹੌਲੀ ਗਤੀ ਵਿੱਚ ਲੁੱਡੀ ਪਾਈ ਜਾਂਦੀ ਹੈ । ਵੱਖੋ-ਵੱਖ ਲੋਕ ਨਾਚ
Bhangra
Bhangra is the most famous folk dance of Punjab. It portrays the livelihood and mobility of its people. The dance consists primarily of men, who perform on energy high beats of Dhols and music. Bhangra Dance was Initially introduced on the occasion of Baisakhi, the harvest festival of Punjab, Bhangra is found on the occasion of every festival.
Giddha
Giddha is also a popular folk dance of Punjab, performed by women of the region. It is like a bhangra dance performed by men in the state. The dancers perform verses called dialects, which are the best performances of folk poetry.
Jhoomer
Jhoomer Dance is known for its passion and enthusiasm. Jhoomer was introduced in Balochistan and Multan region. The dance is slow and rhythmic. Jhumar is derived from the word “Jhoomer” which means to walk slowly.
Kikli
Kikli is acted in pairs by women who cross their arms, hold each other’s hands and walk along singing folk songs. Occasionally four girls join hands to perform this dance. The girls walk around wearing colorful “scarves” on their heads.