ਪ੍ਰਿੰਸੀਪਲ ਸੁਜਾਨ ਸਿੰਘ
ਪ੍ਰਿੰਸੀਪਲ ਸੁਜਾਨ ਸਿੰਘ (੨੯ ਜੁਲਾਈ ੧੯੦੮-੨੧ ਅਪ੍ਰੈਲ ੧੯੯੩) ਦਾ ਜਨਮ ਡੇਰਾ ਬਾਬਾ ਨਾਨਕ ਵਿਖੇ ਸਰਦਾਰ ਹਕੀਮ ਸਿੰਘ ਦੇ ਘਰ ਹੋਇਆ। ਉਨ੍ਹਾਂ ਦੇ ਨਾਨਾ ਜੀ ਦੇ ਕੋਈ ਪੁੱਤਰ ਨਾ ਹੋਣ ਕਾਰਣ ਉਨ੍ਹਾਂ ਨੇ ਸੁਜਾਨ ਸਿੰਘ ਨੂੰ ਗੋਦ ਲੈ ਲਿਆ ਤੇ ਉਹ ਉਨ੍ਹਾਂ ਨਾਲ ਕਲਕੱਤੇ ਆ ਗਿਆ । ਨਾਨਾ ਜੀ ਦੀ ਬੇਵਕਤ ਮੌਤ ਹੋ ਗਈ ਤੇ ਉਨ੍ਹਾਂ ਦੇ ਨਾਨੀ ਜੀ ਨੇ ਬੜੀ ਤੰਗੀ ਨਾਲ ਉਸਨੂੰ ਗਿਆਨੀ ਕਰਵਾਈ । ਨਾਨੀ ਜੀ ਨੇ ਉਨ੍ਹਾਂ ਦਾ ਵਿਆਹ ਛੇਤੀ ਹੀ ਕਰ ਦਿੱਤਾ ਜਿਸ ਕਰਕੇ ਉਨ੍ਹਾਂ ਨੂੰ ਰੋਜ਼ਗਾਰ ਲਈ ਕਈ ਪਾਪੜ ਵੇਲਣੇ ਪਏ ।ਟੀਚਰ ਟ੍ਰੇਨਿੰਗ ਕਰਕੇ ਉਹ ਸਕੂਲ ਅਧਿਆਪਕ ਲੱਗ ਗਏ ਤੇ ਹੈਡਮਾਸਟਰ ਦੇ ਅਹੁਦੇ ਤੱਕ ਪਹੁੰਚ ਗਏ । ਫਿਰ ਐਮ ਏ ਕਰਕੇ ਕਾਲਜ ਲੈਕਚਰਾਰ ਬਣ ਗਏ ਅਤੇ ਪ੍ਰਿੰਸੀਪਲ ਦੇ ਅਹੁਦੇ ਤੇ ਪਹੁੰਚ ਕੇ ਸੇਵਾ ਮੁਕਤ ਹੋਏ। ਉਨ੍ਹਾਂ ਨੇ ਇਸਤ੍ਰੀ ਜ਼ਾਤੀ ਅਤੇ ਗਰੀਬ ਵਰਗ ਦੀਆਂ ਦੁੱਖ-ਤਕਲੀਫ਼ਾਂ ਨੂੰ ਆਪਣੀਆਂ ਲਿਖਤਾਂ ਵਿਚ ਬਿਆਨ ਕੀਤਾ ਹੈ । ਉਨ੍ਹਾਂ ਨੇ ਕਹਾਣੀ ਰਚਨਾ ਦੇ ਨਾਲ ਨਾਲ ਲੇਖ ਵੀ ਬੜੇ ਕਮਾਲ ਦੇ ਲਿਖੇ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ; ਦੁੱਖ ਸੁੱਖ, ਦੁੱਖ ਸੁੱਖ ਤੋ ਪਿਛੋਂ, ਸਭ ਰੰਗ, ਨਵਾਂ ਰੰਗ, ਮਨੁੱਖ ਤੇ ਪਸ਼ੂ, ਸਵਾਲ ਜਵਾਬ, ਕਲਗੀ ਦੀਆਂ ਅਣੀਆਂ, ਪੱਤਣ ਤੇ ਸਰਾਂ, ਸਤ ਸੁਰਾਂ, ਸ਼ਹਿਰ ਤੇ ਗਰਾਂ, ਵੱਡੇ ਕੀਆਂ ਵਡਿਆਈਆਂ, ਸਾਰੇ ਪੱਤੇ, ਡੇਢ ਆਦਮੀ, ਨਰਕਾਂ ਦੇ ਦੇਵਤੇ, ਅਮਰ ਗੁਰ ਰਿਸ਼ਮਾਂ ।