ਰਾਸ ਲੀਲਾ ਪ੍ਰਿੰਸੀਪਲ ਸੁਜਾਨ ਸਿੰਘ
(੧)
ਮੈਂ ਓਦੋਂ ਕੋਈ ਨਵਾਂ ਦਸਾਂ ਸਾਲਾਂ ਦਾ ਹੋਵਾਂਗਾ । ਜਿਸ ਕੋਠੀ 'ਚ ਅਸੀਂ
ਰਹਿੰਦੇ ਸਾਂ ਉਸ ਦੇ ਵਿੱਚ ਰਹਿਣ ਲਈਂ ਤਿਨਾਂ ਟੱਬਰਾਂ ਲਈ ਖੁਲ੍ਹੀ ਥਾਂ ਸੀ । ਇੱਕ
ਹਿੱਸੇ ਵਿਚ ਅਸੀਂ ਰਹਿੰਦੇ ਸਾਂ ਤੇ ਦੂਸਰੇ ਵਿੱਚ ਅੰਮ੍ਰਿਤਸਰ ਦੇ ਮਸ਼ਹੂਰ ਠੇਕੇਦਾਰ
ਸਰਦਾਰ । ਤੀਸਰਾ ਵੀ ਇਕ ਹਿੰਦੂ ਵਪਾਰੀ ਸੀ ਤੇ ਉਸ ਦੀ ਉਂਰ ਮੇਰੀ ਹੁਣ ਦੀ
ਪਰਖ ਅਨੁਸਾਰ ਕੋਈ ਸੱਠ ਪੈਂਹਠ ਸਾਲ ਦੀ ਸੀ । ਉਹ ਮੇਰੇ ਜਨਮ ਤੋਂ ਹੀ ਇਸ
ਬਾੜੀ ਵਿਚ ਰਹਿੰਦਾ ਸੀ ਤੇ ਮੇਰੇ ਨਾਲ ਬੜਾ ਪਿਆਰ ਕਰਦਾ ਸੀ । ਮੈਂ ਸੁਣਿਆ
ਸੀ ਕਿ ਉਸ ਦਾ ਉਸ ਤੋਂ ਸਿਵਾ ਹੋਰ ਕੋਈ ਨਹੀਂ ਸੀ । ਖ਼ਵਰੇ ਇਸੇ ਕਰਕੇ ਉਸ ਨੇ
ਆਪਣਾ ਵਿਆਹ ਉਥੋਂ ਦੇ ਗ਼ਰੀਬ ਘਰ ਨੂੰ ਪੈਸਾ ਦੇ ਕੇ ਕੀਤਾ ਸੀ । ਤਿੰਨ ਚਾਰ
ਮਹੀਨੇ ਤੋਂ ਮੈਂ ਬਾਬੇ ਦਾ ਬੂਹਾ ਹਮੇਸ਼ਾ ਂਦ ਦੇਖਦਾ ਸਾਂ, ਭਾਵੇਂ ਬਾਹਰ ਜੰਦਾ ਕੁੰਡਾ
ਕਦੇ ਨਹੀਂ ਸੀ ਲਗਾ ਹੁੰਦਾ।
ਇੱਕ ਦਿਨ ਜਦ ਮੈਂ ਸਕੂਲੋਂ ਮੁੜਿਆ, ਤਾਂ ਉਹ ਬੂਹਾ ਖੁਲ੍ਹਾ ਸੀ ਤੇ ਮੈਂ ਬਾਬੇ
ਨੂੰ ਅੰਦਰ ਦੇਖ ਕੇ ਲਾਡ ਨਾਲ 'ਬਾਬਾ ! ਬਾਬਾ !' ਕਰਦਾ ਜਿਉਂ ਹੀ ਅੰਦਰ ਵੜਿਆ,
ਤਿਉਂ ਹੀ ਉਸ ਘੂਰੀ ਵਟਕੇ ਚਪੇੜ ਦਿਖਾਈ ਤੇ ਮੂੰਹ ਦੇ ਅਗੇ ਉਂਗਲ ਰਖ ਕੇ
ਚੁਪ ਰਹਿਣ ਦਾ ਇਸ਼ਾਰਾ ਕਰਦਿਆਂ ਬਾਹਰ ਨਿਕਲ ਜਾਣ ਨੂੰ ਆਖਿਆ । ਮੈਂ ਹੈਰਾਨ
ਸਾਂ ਤੇ ਹੈਰਾਨੀ ਦੇ ਨਿਸ਼ਾਨ ਜ਼ਰੂਰ ਬਾਬੇ ਨੇ ਵੀ ਮੇਰੇ ਚਿਹਰੇ ਤੋਂ ਪੜ੍ਹੇ ਹੋਣਗੇ । ਮੈਂ
ਪਿਛਲੇ ਪੇਰੀਂ ਵਾਪਸ ਮੁੜਿਆ ਹੀ ਸਾਂ ਕਿ ਬਾਬੇ ਨੇ ਮੈਨੂੰ ਬਸਤੇ ਸਮੇਤ ਕੁੱਛੜ ਚੁਕ
ਲਿਆ ਤੇ ਬਾਹਰ ਲਿਆ ਕੇ ਇਕ ਆਨਾ ਮੇਰੀ ਤਲੀ ਤੇ ਰਖ ਕੇ ਕਿਹਾ, "ਕ੍ਰਿਸ਼ਨ !
ਹੁਣ ਮੈਨੂੰ ਚਾਚਾ ਆਖਿਆ ਕਰ। ਕਹੇਂਗਾ ਨਾ ?" ਆਪਣੇ ਸਵਾਲ ਦਾ ਜਵਾਬ ਮੇਰੇ
'ਹਾਂ' ਵਿੱਚ ਸਿਰ ਹਿਲਾਉਣ ਤੋਂ ਲੈ ਕੇ, ਉਸ ਮੈਨੂੰ ਪਿਆਰ ਨਾਲ ਥੱਲੇ ਉਤਾਰ
ਦਿੱਤਾ।
ਘਰ ਪਹੁੰਚਦਿਆਂ ਹੀ ਝਾਈ ਜੀ ਨੇ ਦੁੱਧ ਦਾ ਗਿਲਾਸ ਦਿੱਤਾ ਤੇ ਆਖਿਆ
ਕਿ ਨਿੱਕੀ ਜਹੀ ਪਰੌਠੀ ਹੁਣੇ ਲਾਹ ਦਿੰਦੀ ਹਾਂ । ਇੰਨੇ ਨੂੰ ਬਾਬੇ ਦੀ ਨੌਕਰਾਣੀ ਮੈਨੂੰ
ਬੁਲਾਣ ਆ ਗਈ । ਝਾਈ ਨੇ ਆਖਿਆ, "ਜਾਹ ਕਾਕਾ, ਤੇਰੇ ਤਾਏ ਨੇ ਸੱਦਿਆ
ਹੋਣਾ ਏ।"
ਮੈਂ ਹੈਰਾਨ ਹੋ ਪੁੱਛਿਆ, "ਕਿਹੜਾ ਤਾਇਆ ? ਠੇਕੇਦਾਰ ਤਾਇਆ ?"
ਝਾਈ ਨੇ ਉੱਤਰ ਦਿੱਤਾ, "ਕਪੜੇ ਵਾਲਾ ਤਾਇਆ।"
ਮੈਂ ਕਿਹਾ, "ਬਾਬਾ ਤੇ ਆਖਦਾ ਸੀ, ਮੈਂ ਤੇਰਾ ਚਾਚਾ ਹਾਂ।"
ਝਾਈ ਹਸ ਪਈ ਤੇ ਆਖਿਆ, "ਆਹੋ, ਉਸੇ ਸੱਦਿਆ ਹੈ । ਇਹ ਉਸ ਦੀ
ਨਵੀਂ ਨੌਕਰਾਣੀ ਹੈ, ਕਾਕਾ ! ਤੇਰੀ ਤਾਈਂ ਨੇ ਸੱਦਿਆ ਹੋਣਾ ਏ।"
ਮੈਂ ਇਹੋ ਜਹੀਆਂ ਗੱਲਾ ਸੁਣ ਕੇ ਚਕਰਾ ਜਿਹਾ ਗਿਆ ਤੋਂ ਪਰੌਂਠੀ ਮੁੜ
ਖਾਣ ਦੇ ਖ਼ਿਆਲ ਨਾਲ ਮੈਂ ਨੌਕਰਾਣੀ ਨਾਲ ਤੁਰ ਪਿਆ।
ਮੈਂ ਜਦ ਚਾਚੇ ਦੇ ਅੰਦਰ ਵੜਿਆ ਤਾਂ ਉਸ ਨੇ ਮੈਨੂੰ ਪਹਿਲੇ ਵਾਂਗ ਕੁੱਛੜ
ਚੁਕ ਲਿਆ ਤੇ ਉਸੇ ਤਰ੍ਹਾਂ ਮੈਨੂੰ ਵੱਖੀ ਵਾਲੇ ਕਮਰੇ ਵਿਚ ਲੈ ਗਿਆ । ਲੋਹੇ ਦੇ
ਪਲੰਗ ਲਾਗੇ ਇਕ ਲੰਮੀ ਅਲਮਾਰੀ ਦੇ ਆਦਮ-ਕਦ ਸ਼ੀਸ਼ੇ ਵਿੱਚ ਇੱਕ ਕਣਕ-ਂਿਨੀ
ਪਤਲੀ-ਮਲੂਕ ਤੀਵੀਂ ਆਪਣੇ ਗੋਡਿਆਂ ਤਕ ਲੰਮੇਂ, ਕਾਲੇ ਭਾਰੇ ਵਾਲਾਂ ਨੂੰ ਸਵਾਰ
ਰਹੀ ਸੀ । ਸ਼ੀਸ਼ੇ ਵਿੱਚੋਂ ਸਾਨੂੰ ਆਉਂਦਿਆਂ ਦੇਖ ਕੇ ਉਸ ਮੂੰਹ ਸਾਡੇ ਵੱਲ ਕਰਨ
ਤੋਂ ਪਹਿਲਾਂ ਪੰਜਾਬੀ ਰਿਵਾਜ ਅਨੁਸਾਰ, ਸਾੜ੍ਹੀ ਦਾ ਪੱਲਾ ਸਿਰ ਤੇ ਲੈ ਲਿਆ
ਚਾਚਾ ਜੀ ਨੇ ਕਿਹਾ, "ਕ੍ਰਿਸ਼ਨ, ਤੇਰੀ ਚਾਚੀ।"
ਮੈਂ ਘਰ ਦੀ ਸਿਖਿਆ ਮੂਜਬ ਚਾਚੀ ਜੀ ਦੇ ਪੈਰਾਂ ਤੇ ਮੱਥਾ ਟੇਕਣ ਲਈ
ਉਤਰਿਆ ਤਾਂ ਚਾਚੀ ਨੇ ਪੈਰ ਪਿਛਾਂਹ ਖਿੱਚ ਲਏ ਤੇ ਮੈਨੂੰ ਫੜ ਕੇ ਆਪਣੇ ਨਾਲ
ਘੁਟ ਲਿਆ । ਮੇਰੀਆਂ ਬਾਹਵਾਂ, ਜੋ ਮਸੀਂ ਉਸ ਦੀ ਕਮਰ ਤਕ ਪਹੁੰਚੀਆਂ ਸਨ,
ਪਿਆਰ ਨਾਲ ਦੁਆਲੇ ਕੱਸੀਆਂ ਗਈਆਂ । ਉਸ ਨੇ ਮੇਰੇ ਸਿਰ ਦੇ ਵਾਲਾਂ ਵਿਚ
ਲੰਮੇ ਲੰਮੇ ਕੋਮਲ ਪੋਟੇ ਫੇਰਦਿਆਂ ਕਿਹਾ, "ਕਿਡਾ ਪਿਆਰਾ ਹੈ ਇਹ ਬਾਲਕ !"
"ਰਾਮ ਪਿਆਰੀ !" ਚਾਚੇ ਨੇ ਕਿਹਾ, "ਇਹ ਮੈਨੂੰ ਵੀ ਬੜਾ ਪਿਆਰਾ
ਹੈ । ਮੈਂ ਇਸ ਨੂੰ ਪੋਟਿਆਂ ਨਾਲ ਮਿਣ ਮਿਣ ਕੇ ਪਾਲਿਆ ਹੈ।"
ਮੈਨੂੰ ਚੇਤਾ ਹੈ, ਜਦ ਮੈਂ ਚਾਚੀ ਦੇ ਦਵਾਲਿਉਂ ਆਪਣੀਆਂ ਬਾਹਾਂ ਖੋਲ੍ਹੀਆਂ
ਸਨ ਤਾਂ ਉਸ ਇਕ ਡੂੰਘਾ ਸਾਹ ਖਿੱਚਿਆ ਸੀ।
ਚਾਚੇ ਨੇ ਪੁਛਿਆ, "ਕਿਉਂ ਕੀ ਗੱਲ ਹੈ, ਪਿਆਰੀ?"
"ਕੁਝ ਨਹੀਂ !" ਉਸ ਫਿਰ ਉਸੇ ਤਰ੍ਹਾਂ ਕਰਦਿਆਂ ਕਿਹਾ ਤੇ ਕੁਝ ਚਿਰ
ਠਹਿਰ ਕੇ ਮੈਨੂੰ ਬੜੇ ਪਿਆਰ ਨਾਲ ਪੁੱਛਿਆ, "ਤੇਰਾ ਨਾਂ ਕੀ ਹੈ, ਬੱਚੇ?"
ਮੇਰੇ ਦੱਸਣ ਤੇ ਉਸ ਗ਼ੈਰ ਪੰਜਾਬੀਆਂ ਵਾਂਗ ਦੁਹਰਾਇਆ "ਕ੍ਰਿਸਨ ਚੰਦ੍ਰ !"
ਵਾਲ ਬਿਨਾਂ ਸਾਂਭਿਆਂ, ਸਾਬਣ ਨਾਲ ਹੱਥ ਧੋ ਕੇ ਇੱਕ ਪਿਰਚ ਵਿੱਚ
ਮਲਾਈ ਚੌਲ ਪਾ ਕੇ ਉਸ ਮੈਨੂੰ ਖਾਣ ਲਈ ਦਿੱਤੇ । ਬੜੇ ਸੁਆਦਾਂ ਨਾਲ ਖਾ ਕੇ ਤੇ
ਪਰੌਠੀ ਦਾ ਚੇਤਾ ਭੁਲਾ ਮੈਂ ਬਾਹਰ ਖੇਡਣ ਤੁਰ ਪਿਆ।
ਕੋਈ ਤੀਸਰੇ ਦਿਨ ਮਗਰੋਂ ਦੀ ਗੱਲ ਹੈ ਕਿ ਜਦ ਮੈਂ ਸਕੂਲੋਂ ਮੁੜ ਰਿਹਾ ਸਾਂ
ਤਾਂ ਚਾਚੇ ਦੇ ਥੋੜੇ ਜਹੇ ਖੁਲ੍ਹੇ ਬੂਹੇ 'ਚੋਂ ਮੈਨੂੰ ਕੋਈ ਪਛਾਣੀ ਹੋਈ ਆਵਾਜ਼ ਬੁਲਾਉਂਦੀ
ਜਾਪੀ । ਮੈਂ ਬਸਤੇ ਸਮੇਤ ਬੂਹਾ ਖੋਲ੍ਹ ਕੇ ਅੰਦਰ ਜਾ ਵੜਿਆ । ਅੰਦਰ ਕੋਈ ਨਹੀਂ
ਸੀ । ਪਤਾ ਨਹੀਂ ਕਿਉਂ, ਮੈਂ ਬਾਹਰ ਦਾ ਬੂਹਾ ਢੋ ਦਿੱਤਾ ਤੇ ਉਸ ਦਿਨ ਵਾਲੇ
ਕਮਰੇ ਵਲ ਵਧਿਆ । ਚਾਚੀ ਓਸੇ ਤਰ੍ਹਾਂ ਫੇਰ ਵਾਲ ਸਵਾਰ ਰਹੀ ਸੀ । ਮੈਨੂੰ ਸ਼ੀਸ਼ੇ
ਵਿਚੋਂ ਅੰਦਰ ਆਉਂਦਾ ਵੇਖ ਕੇ ਉਸ ਆਪਣਾ ਮੂੰਹ ਮੇਰੇ ਵਲ ਮੋੜ ਲਿਆ । ਪਰ
ਕਲ੍ਹ ਵਾਂਗ ਉਸ ਸਿਰ ਤੇ ਸਾੜ੍ਹੀ ਕੋਈ ਨਾ ਲਈ। ਕੁਝ ਚਿਰ ਝਿਜਕ ਕੇ ਉਸ, ਉਸ
ਦਿਨ ਵਾਂਗ, ਬਾਹਾਂ ਖਿਲਾਰ ਦਿੱਤੀਆਂ । ਮੈਂ ਓਥੇ ਖੜੋਤਾ ਹੀ ਉਸ ਦੇ ਗੋਲ,
ਸੋਹਣੇ ਚਿਹਰੇ ਵੱਲ ਤੱਕਦਾ ਰਿਹਾ । ਹੌਲੀ ਹੌਲੀ ਉਸ ਦੀਆਂ ਅੱਖਾਂ ਵਿਚ ਦੋ ਮੋਟੇ
ਮੋਟੇ ਅੱਥਰੂ ਕੱਠੇ ਹੋ ਗਏ । ਮੇਰੇ ਕੋਲੋਂ ਨਾ ਰਿਹਾ ਗਿਆ । ਮੈਂ ਇਹ ਵੀ ਨਾ
ਪੁੱਛਿਆ ਕਿ ਉਹ ਰੋਂਦੀ ਕਿਉਂ ਹੈ ਤੇ ਬਾਹਾਂ ਪਸਾਰ ਕੇ ਜਿਉਂ ਹੀ ਅਗਾਂਹ ਵਧਿਆ
ਉਹ ਗੋਡਿਆਂ ਭਾਰ ਹੋ ਗਈ । ਮੇਰੀਆਂ ਦੋਵੇਂ ਬਾਹਾਂ ਉਸ ਦੀ ਪਿੱਠ ਦੁਆਲੇ
ਕੱਸੀਆਂ ਗਈਆਂ ਤੇ ਉਸ ਨੇ ਮੈਨੂੰ ਆਪਣੀ ਛਾਤੀ ਨਾਲ ਕੱਸ ਲਿਆ । ਉਸ ਦਿਨ
ਮੈਂ ਪਹਿਲੀ ਵਾਰ ਕੋਮਲਤਾ ਦਾ ਅਹਿਸਾਸ ਕੀਤਾ । ਮੇਰੇ ਪਿੰਡੇ ਵਿੱਚ, ਸੱਚ ਦੱਸਦਾ
ਹਾਂ, ਕੰਬਣੀ ਛਿੜ ਪਈ । ਚਾਚੀ ਨੇ ਸੱਜਾ ਹੱਥ ਢਿੱਲਾ ਕਰ ਕੇ ਮੇਰੀ ਗਲ੍ਹ ਆਪਣੀ
ਖੱਬੀ ਗਲ੍ਹ ਨਾਲ ਲਾ ਲਈ ਤੇ ਕਿੰਨਾ ਚਿਰ ਹੀ ਅਸੀਂ ਏਸੇ ਤਰ੍ਹਾਂ ਰਹੇ । ਆਖ਼ਰ
ਉਸਦੇ ਹੰਝੂ ਮੇਰੀ ਗਲ੍ਹਾਂ ਤੋਂ ਵਹਿ ਤੁਰੇ । ਇਹ ਗਿੱਲੇ ਵੀ ਸਨ ਤੇ ਕੋਸੇ ਵੀ । ਮੈਂ
ਹੋਸ਼ ਵਿੱਚ ਆ ਗਿਆ ਸਾਂ । ਮੈਂ ਜਦ ਉਸਦੇ ਚਿਹਰੇ ਵਲ ਨੇੜਿਉਂ ਤੱਕਿਆ ਤਾਂ
ਉਸ ਦੇ ਬੁਲ੍ਹ ਕੰਬ ਰਹੇ ਸਨ ਤੇ ਅੱਖਾਂ ਮੀਟੀਆਂ ਹੋਈਆਂ ਸਨ । ਆਖ਼ਰ ਉਸ ਦੀ
ਦੂਸਰੀ ਬਾਂਹ ਵੀ ਢਿੱਲੀ ਹੋਈ ਤੇ ਉਸ ਹੌਲੀ ਹੌਲੀ ਅੱਖਾਂ ਖੋਲ੍ਹੀਆਂ । ਅੱਜ-ਕਲ੍ਹ ਦੀ
ਸੂਝ ਮੂਜਬ ਮੈਂ ਕਹਿ ਸਕਦਾ ਹਾਂ ਕਿ ਉਹ ਸੁੱਤੀਆਂ ਉਠੀਆਂ ਅੱਖਾਂ ਵਾਂਗ ਭਰੀਆਂ
ਤੇ ਅਲਸਾਈਆਂ ਹੋਈਆਂ ਸਨ । ਮੈਂ ਪੁੱਛਣਾ ਚਾਹਿਆ, "ਚਾਚੀ....."
ਉਸ ਨੇ ਅੱਧ 'ਚੋਂ ਹੀ ਰਲੀ-ਮਿਲੀ ਬੰਗਲਾ ਤੇ ਹਿੰਦੀ ਵਿਚ ਕਿਹਾ, "ਕ੍ਰਿਸ਼ਨ
ਚੰਦ੍ਰ, ਮੇਰਾ ਨਾਂ ਰਾਧਾ ਹੈ। ਰਾਧਾ ਕਹਿ ਕੇ ਆਵਾਜ਼ ਮਾਰਿਆ ਕਰੋ।"
ਮੈਂ ਸਿਰ ਨਾਲ ਸੱਤ-ਬਚਨ ਕਰ ਕੇ ਤੇ ਆਪਣੇ ਪਹਿਲੇ ਸੁਆਲ ਨੂੰ
ਭੁਲਦਿਆਂ ਪੁੱਛਿਆ, "ਚਾਚਾ ਕਿੱਥੇ ਹੈ ?"
ਰਾਧਾ ਨੇ ਆਖਿਆ, "ਉਹ ਮੰਗਲਾ-ਹਾਟ ਦੁਕਾਨ ਲੈ ਕੇ ਗਿਆ ਹੈ।
ਮੱਸਿਆ ਤੋਂ ਸਿਵਾ ਉਹ ਕਦੇ ਐਸ ਵੇਲੇ ਵਿਹਲਾ ਨਹੀਂ ਹੁੰਦਾ।"
"ਨੌਕਰਾਣੀ ?" ਮੈਂ ਪੁੱਛਿਆ।
"ਉਹ ਕੱਢ ਦਿੱਤੀ," ਉਸ ਉੱਤਰ ਦਿੱਤਾ, "ਉਹ ਚੰਗੀ ਨਹੀਂ ਸੀ ਤੇ
ਹੁਣ ਮੈਂ ਸਭ ਕੰਮ ਆਪ ਕਰ ਸਕਾਂਗੀ।"
ਅਚਾਨਕ ਉਸ ਨੂੰ ਪਤਾ ਨਹੀਂ ਕੀ ਹੋਇਆ । ਉਸ ਮੇਰੇ ਬਸਤੇ ਨੂੰ, ਜੋ
ਹਾਲੀ ਤੱਕ ਮੇਰੇ ਮੋਢੇ ਤੋਂ ਖੱਬੀ ਵੱਖੀ ਵੱਲ ਲਮਕ ਰਿਹਾ ਸੀ, ਉਤਾਰ ਦਿੱਤਾ।
ਮੇਰਾ ਕੋਟ ਲਾਹ ਕੇ ਪਲੰਘ ਤੇ ਸੁੱਟ ਪਾਇਆ । ਮੇਰਾ ਬੂਟ ਤਸਮੇ ਖੋਲ੍ਹ ਕੇ ਲਾਹ
ਦਿੱਤਾ । ਉਸ ਮੇਰੀ ਸੱਜੀ ਲੱਤ ਨੂੰ ਅਗਾਂਹ ਕਰਕੇ ਗੋਡੇ ਤੋਂ ਝੁਕਾ ਦਿੱਤਾ ਤੇ ਲੱਤ
ਨੂੰ ਪੱਬ ਪਰਨੇ ਖੜੀ ਰਹਿਣ ਦਿੱਤਾ । ਖੱਬੀ ਲੱਤ, ਜਿਉਂ ਦੀ ਤਿਉਂ ਸਿੱਧੀ ਰਹਿਣ
ਦਿੱਤੀ । ਫੇਰ ਉਹ ਅੱਖਾਂ ਨਾਲ ਚਾਰ-ਚੁਫੇਰੇ ਭਾਲ ਕਰਦੀ ਜਾਪੀ, ਫੁਰਤੀ ਨਾਲ
ਉਹ ਇਕ ਕਿੱਲੀ ਤੋਂ ਲੱਕੜ ਦੀ ਸੋਟੀ ਲਾਹ ਲਿਆਈ ਤੇ ਮੇਰੇ ਦੋਹਾਂ ਹੱਥਾਂ ਵਿਚ
ਲੰਮੇ ਦਾਅ ਫੜਾ ਕੇ ਇੱਕ ਸਿਰ ਵਲੋਂ ਮੇਰੇ ਬੁਲ੍ਹਾਂ ਤੇ ਰੱਖ ਦਿਤੀ। ਫਿਰ ਉਹ
ਪਿਛਾਹਾਂ ਹਟ ਕੇ ਦੇਖਣ ਲੱਗ ਪਈ । ਉਸ ਦੇ ਬੁਲ੍ਹਾਂ ਤੇ ਇੱਕ ਕੋਮਲ ਮੁਸਕਰਾਹਟ
ਆਈ ਤੇ ਉਸ ਲੰਮੀ ਸਾਰੀ ਹੂੰ ਕੀਤੀ । ਕੁਝ ਚਿਰ ਪਿੱਛੋਂ ਉਹ ਆਪਣੇ ਸ਼ਿੰਗਾਰ-
ਟੇਬਲ ਦੇ ਦਰਾਜ਼ ਵਿੱਚੋਂ ਇੱਕ ਗੁਲਾਬੀ ਰੇਸ਼ਮੀ ਫੀਤਾ ਕੱਢ ਲਿਆਈ ਤੇ ਉਸ ਨੂੰ
ਮੇਰੇ ਸੁਨਹਿਰੀ ਵਾਲ ਪਰੇ ਹਟਾਉਂਦਿਆਂ ਹੋਇਆਂ ਸਿਰ ਦੁਆਲੇ ਬੰਨ੍ਹ ਕੇ ਖੱਬੇ ਕੰਨ
ਲਾਗੇ ਫੁੱਲ ਬਣਾ ਦਿੱਤਾ । ਸ਼ੀਸ਼ੇ ਵਾਲੀ ਲੰਮੀ ਅਲਮਾਰੀ ਖੋਲ੍ਹ ਕੇ ਉਸ ਇੱਕ
ਪੀਲੀ ਬਨਾਰਸੀ ਸਾੜ੍ਹੀ ਕੱਢੀ । ਉਸ ਨੂੰ ਫੋਲਦੀ ਫੋਲਦੀ ਉਹ ਦੂਸਰੀ ਕੰਧ ਤੇ
ਇਕ ਵੱਡੀ ਤਸਵੀਰ ਵੱਲ ਵਧੀ, ਜਿਸ ਨੂੰ ਇੱਕ ਸਿਹਰਾ ਚੜ੍ਹਾਇਆ ਹੋਇਆ
ਸੀ । ਬੜੇ ਗਹੁ ਨਾਲ ਉਸਨੂੰ ਦੇਖ ਉਹ ਮੇਰੇ ਵੱਲ ਮੁੜੀ ਤੇ ਮੇਰੇ ਲੱਕ ਦੁਆਲੇ
ਉਸ, ਤਸਵੀਰ ਨੂੰ ਦੇਖ ਦੇਖ ਕੇ ਧੋਤੀ ਬੰਨ੍ਹਣ ਲੱਗੀ । ਧੋਤੀ ਸਜਾ ਕੇ ਉਹ ਬੜੀ
ਪਰਸੰਨ ਜਹੀ ਬਿਹਬਲਤਾ ਵਿੱਚ ਨਿਚੱਲੀਂ ਦਿੱਸਣ ਲੱਗੀ । ਠੇਕੇਦਾਰ ਸਰਦਾਰਾਂ
ਦੀ ਨਿੱਕੀ ਕੁੜੀ ਨਵੇਂ ਖਿਡੌਣੇ ਨੂੰ ਆਪਣੇ ਵੱਡੇ ਵੀਰ ਕੋਲੋਂ ਲੈ ਕੇ ਇਸੇ ਤਰ੍ਹਾਂ
ਕਰਦੀ ਹੁੰਦੀ ਸੀ । ਮੈਨੂੰ ਤੇ ਰਾਧਾ ਓਹੋ ਜਿਹੀ ਹੀ ਜਾਪੀ।
ਥੋੜੇ ਚਿਰ ਮਗਰੋਂ ਉਸ ਫੁਰਤੀ ਨਾਲ ਸੋਟੀ ਖੋਹ ਕੇ ਬਸਤੇ ਲਾਗੇ ਵਗਾਹ
ਮਾਰੀ । ਮੈਨੂੰ ਆਪਣੀਆਂ ਬਾਹਾਂ 'ਚ ਲੱਕ ਨਾਲ ਕੱਸ ਕੇ ਉਸ ਬੜੀ ਤੇਜ਼ੀ
ਨਾਲ ਪੰਜ-ਸੱਤ ਦਸ ਭਾਂ ਭਾਂ ਬਿੱਲੀਆਂ ਕਰ ਕੇ ਮੈਨੂੰ ਖਲ੍ਹਿਆਰ ਦਿੱਤਾ । ਮੈਂ
ਜਾ ਡਿਗਦਾ ਡਿਗਦਾ ਬਚਿਆ । ਉਸ ਮੇਰੀਆਂ ਤੱਤੀਆਂ ਤੱਤੀਆਂ ਜਾਪਦੀਆਂ ਗੱਲ੍ਹਾਂ
ਨੂੰ ਦੋਹਾਂ ਤਲੀਆਂ 'ਚ ਘੁਟ ਕੇ ਮੇਰਾ ਮੱਥਾ ਤੇ ਵਾਲ ਚੁੰਮ ਲਏ।
ਹੌਲੀ ਹੌਲੀ ਉਸ ਉਹ ਕੱਪੜੇ ਲਾਹ ਕੇ ਮੇਰੇ ਕੱਪੜੇ ਪਾ ਕੇ ਮੈਨੂੰ ਅੱਗੇ
ਵਰਗਾ ਬਣਾ ਦਿੱਤਾ । ਬਵਰਚੀ-ਖਾਨੇ 'ਚੋਂ ਦੁਧ ਦਾ ਨਿੱਕਾ ਚਾਂਦੀ ਦਾ ਗਲਾਸ
ਤੇ ਇੱਕ ਛੋਟੀ ਚਾਂਦੀ ਦੀ ਰਕੇਬੀ ਵਿੱਚ ਅੰਗੂਰ ਲੈ ਕੇ ਉਸ ਮੇਰੇ ਅੱਗੇ ਲਿਆ
ਰੱਖੇ ।ਮੈਂ ਪਹਿਲੇ ਦਿਨ ਵਾਂਗ, ਮਾਪਿਆਂ ਦੀ ਆਗਿਆ ਦੇ ਵਿਰੁਧ, ਸਭ ਕੁਝ
ਖਾ ਗਿਆ । ਇਸ਼ਨਾਨ-ਕਮਰੇ ਵਿੱਚ ਮੇਰੇ ਹੱਥ ਤੇ ਨਾਲ ਮੂੰਹ ਵੀ, ਧੁਆਇਆ
ਗਿਆ । ਬਰਫ-ਚਿੱਟੇ ਤੌਲੀਂਏ ਨਾਲ ਮੂੰਹ ਸਾਫ਼ ਕਰ ਕੇ ਮੈਂ ਬਾਹਰ ਨਿਕਲਿਆ।
ਰਾਧਾ ਮੇਰੇ ਮਗਰ ਸੀ । ਉਹ ਮੈਨੂੰ ਸਰਦਾਰਾਂ ਦੀ ਕੁੜੀ ਵਾਂਗ ਕਹਿੰਦੀ ਜਾਪੀ ਸੀ
ਕਿ ਕਲ੍ਹ ਫੇਰ ਵੀ ਖੇਡਣ ਆਉਣਾ ਤੇ ਮੈਂ ਤੁਹਾਨੂੰ ਬੜਾ ਸੋਹਣਾ ਨਾਚ ਨੱਚ ਕੇ
ਦਿਖਾਵਾਂਗੀ।
ਬੂਹਿਉਂ ਬਾਹਰ ਮੀਂਹ ਵਸ ਰਿਹਾ ਸੀ । ਤੇਜ਼ ਹਵਾ ਨਾਰੀਅਲ ਦੇ
ਦਰੱਖ਼ਤਾਂ ਨੂੰ ਦੂਹਰਿਆਂ ਕਰਦੀ ਜਾਂਦੀ ਸੀ । ਮੈਂ ਭਿੱਜਦਾ ਭਿੱਜਦਾ ਆਪਣੀ ਨੁੱਕਰ
ਮੁੜ ਕੇ ਅੰਦਰ ਵੜਿਆ । ਝਾਈ ਪਥਰਾਈ ਹੋਈ ਉਡੀਕ ਰਹੀ ਸੀ । ਮੈਨੂੰ ਪਿਆਰ
ਨਾਲ ਆਪਣੇ ਨਾਲ ਘੁੱਟ ਕੇ ਓਪਰੇ ਗੁੱਸੇ ਨਾਲ ਪੁੱਛਿਆ, "ਕਿਥੇ ਰਿਹਾ ਵੇ
ਏਨਾ ਚਿਰ?"
ਮੈਂ ਮਾਪਿਆਂ ਤੇ ਕਿਤਾਬਾਂ ਦੀ ਸਿੱਖਿਆ ਦੇ ਉਲਟ ਪਹਿਲੀ ਵਾਰ ਝੂਠ,
ਬੋਲਦਿਆਂ ਉੱਤਰ ਦਿੱਤਾ, "ਅਵਿਨੇਂਦਰ ਦੇ ਘਰ । ਉਸ ਨਵਾਂ ਮਸ਼ੀਨੀ ਲਾਟੂ
ਆਂਦੈ ਝਾਈ ਜੀ !"
ਝਾਈ ਸ਼ਾਂਤ ਹੋ ਗਈ।
(੨)
ਦੂਸਰੇ ਦਿਨ ਮੇਰਾ ਸਕੂਲ ਵਿੱਚ ਬਿਲਕੁਲ ਦਿਲ ਨਾ ਲੱਗਾ, ਮਸੀਂ ਮਸੀਂ
ਛੁੱਟੀ ਦੀ ਘੰਟੀ ਵੱਜੀ । ਬਿਪਨ ਨੇ ਆਪੇ-ਤੁਰਨ ਵਾਲੀ ਮੋਟਰ ਬਸਤੇ ਵਿੱਚ ਪਾ ਕੇ
ਆਂਦੀ ਹੋਈ ਸੀ । ਉਹ ਚਾਹੁੰਦਾ ਸੀ ਕਿ ਸੜਕ ਦੇ ਫੁਟ-ਪਾਥਾਂ ਤੇ ਅਸੀਂ ਉਸਨੂੰ
ਚਲਾ ਚਲਾ ਕੇ ਖੇਡੀਏ, ਪਰ ਮੈਂ ਅੱਜ ਉਸਨੂੰ ਸੁੱਕਾ ਜਵਾਬ ਦੇ ਦਿੱਤਾ। ਮੈਂ
ਰਾਧਾ ਨਾਲ ਖੇਡਣਾ ਚਾਹੁੰਦਾ ਸਾਂ ਤੇ ਵੇਖਣਾ ਚਾਹੁੰਦਾ ਸਾਂ ਉਹ ਹੋਣ ਵਾਲਾ
ਨਾਚ।
ਮੈਂ ਘਰ ਜਾ ਕੇ ਦੁੱਧ ਨਾ ਪੀਣ ਦਾ ਬਹਾਨਾ ਘੜ ਸੁਣਾਇਆ । ਅਵਿਨੇਂਦਰ
ਦੇ ਘਰ ਖੇਡਣ ਦਾ ਝੂਠ ਬੋਲ ਕੇ ਮੈਂ ਰਾਧਾ ਦੇ ਘਰ ਆਣ ਵੜਿਆ । ਰਾਧਾ ਅੱਗੇ
ਹੀ ਖੜੀ ਉਡੀਕਦੀ ਸੀ। ਉਸ ਦੀ ਪੁਸ਼ਾਕ ਅੱਜ ਹੱਦ ਈ ਸੀ। ਮੈਂ ਕਦੇ ਕਿਸੇ
ਤੀਵੀਂ ਨੂੰ ਇਹੋ ਜਹੀ ਸੋਹਣੀ ਸਾੜ੍ਹੀ ਤੇ ਸ਼ਿੰਗਾਰ ਵਿਚ ਨਹੀਂ ਸੀ ਦੇਖਿਆ । ਉਹ
ਮੈਨੂੰ ਆਪਣੀ ਉਂਗਲ ਫੜਾ ਕੇ ਬਾਵਰਚੀ-ਖਾਨੇ ਵਲ ਲੈ ਗਈ । ਇੱਕ ਆਸਣ ਤੇ
ਮੈਨੂੰ ਬਿਠਾ ਕੇ ਉਹ ਆਪ ਭੁੰਜੇ ਹੀ ਬਹਿ ਗਈ । ਸਾਹਮਣੇ ਪਏ ਚਾਂਦੀ ਦੇ ਭਾਂਡਿਆਂ
ਵਿੱਚ ਦੁੱਧ ਮਲਾਈ, ਚੌਲ, ਇਥੋਂ ਤਕ ਕਿ ਫੁਲਕੇ, ਸਬਜ਼ੀ ਤੇ ਮੱਖਣ ਵੀ ਪਏ ਸਨ।
ਮੇਰੀ ਨਾਂਹ-ਨੁਕਰ ਦਾ ਕੋਈ ਖ਼ਿਆਲ ਨਾ ਕਰਦਿਆਂ ਉਸ ਚਮਚਿਆਂ ਤੇ ਬੁਰਕੀਆਂ
ਨਾਲ ਮੈਨੂੰ ਖਵਾਉਣਾ ਸ਼ੁਰੂ ਕਰ ਦਿੱਤਾ । ਮੈਂ ਝੱਟ ਹੀ ਰੱਜ ਗਿਆ । ਰਾਧਾ ਨੇ
ਇਸਨਾਨ-ਕਮਰੇ ਵਿਚ ਮੇਰਾ ਮੂੰਹ-ਹੱਥ ਸਾਫ਼ ਕਰਾਇਆ।
ਅਸੀਂ ਵੱਖੀ ਵਾਲੇ ਕਮਰੇ ਵਿੱਚ ਵੜੇ । ਅਗਰ-ਬੱਤੀ ਨਾਲ ਮਹਿਕਿਆ
ਹੋਇਆ ਸੀ । ਸ਼ਿੰਗਾਰ-ਟੇਬਲ ਤੇ ਇੱਕ ਚਾਂਦੀ ਦੀ ਥਾਲੀ ਵਿੱਚ ਸਿਹਰੇ ਫੁੱਲ, ਤੇ
ਘਿਓ ਦੇ ਅਣਜਗੇ ਦੀਵੇ ਸਨ । ਮੇਰੇ ਦੇਖਦਿਆਂ ਦੇਖਦਿਆਂ ਸਾੜ੍ਹੀ ਦੇ ਲੜ ਵਾਲੇ
ਚਾਬੀਆਂ ਦੇ ਗੁੱਛੇ ਵਿੱਚੋਂ ਇੱਕ ਚਾਬੀ ਚੁਣ ਕੇ ਵਾਰਡ-ਰੋਬ ਖੋਲ੍ਹੀ ਗਈ । ਉਸ
ਵਿੱਚੋਂ ਇੱਕ ਨਵੀਂ ਪੀਲੀ ਰੇਸ਼ਮੀ ਧੋਤੀ ਕੱਢ ਕੇ ਰਾਧਾ ਨੇ ਪਲੰਘ ਤੇ ਰੱਖੀ । ਇੱਕ
ਕਿੱਲੀ ਤੋਂਂ ਮੋਰ ਦੇ ਖੰਭਾਂ ਦਾ ਇੱਕ ਮੁਕਟ ਲਾਹੁੰਦਿਆਂ ਰਾਧਾ ਨੇ ਕਿਹਾ, "ਕ੍ਰਿਸ਼ਨ
ਚੰਦ੍ਰ, ਇਹ ਮੈਂ ਆਪਣੀ ਹੱਥੀਂ ਤੁਹਾਡੇ ਲਈ ਬਣਾਇਆ ਹੈ।"
ਮੈਂ ਹਾਲੀ ਵੀ ਹੈਰਾਨ ਖੜਾ ਸਾਂ, ਜਦ ਰਾਧਾ ਨੇ ਸ਼ਿੰਗਾਰ-ਟੇਬਲ ਦੇ
ਦਰਾਜ਼ 'ਚੋਂ ਇੱਕ ਮੁਰਲੀ ਕੱਢ ਲਿਆਂਦੀ । ਦਸਾਂ ਮਿੰਟਾਂ ਦੇ ਅੰਦਰ ਧੋਤੀ,
ਮੁਕਟ, ਸਿਹਰੇ ਤੇ ਬੰਸਰੀ ਨਾਲ ਸਜਾ ਕੇ ਮੈਨੂੰ ਕਲ੍ਹ ਵਾਂਗ ਖੜਾ ਕੀਤਾ ਗਿਆ । ਇੱਕ
ਸਿਹਰਾ ਸਾਹਮਣੀ ਤਸਵੀਰ ਦੇ ਗਲ ਵੀ ਪਾਇਆ ਗਿਆ । ਮੈਂ ਆਪਣਾ ਮੂੰਹ ਜਦ
ਸਾਹਮਣੇ ਸ਼ੀਸ਼ੇ ਵਿੱਚ ਦੇਖਿਆ ਤਾਂ ਉਹ ਹੂ-ਬ-ਹੂ ਸਾਹਮਣੀ ਤਸਵੀਰ ਵਰਗਾ ਸੀ।
ਮੈਂ ਪੁੱਛਿਆ, ਰਾਧਾ, ਉਹ ਕਿਸ ਦੀ ਮੂਰਤ ਹੈ?"
ਉਸ ਮੁਸਕ੍ਰਾਉਂਦਿਆਂ ਕਿਹਾ, "ਤੁਹਾਨੂੰ ਪਤਾ ਹੀ ਨਹੀਂ ? ਕ੍ਰਿਸ਼ਨ ਚੰਦ੍ਰ ਦੀ ।"
"ਮੇਰੀ ?" ਮੈਂ ਪੁਛਿਆ।
"ਹਾਂ…ਹਾਂ, ਕ੍ਰਿਸ਼ਨ ਚੰਦ੍ਰ ਦੀ।"
ਮਾਚਸ ਬਾਲ ਕੇ ਥਾਲੀ ਵਿਚਲੇ ਪੰਜੇ ਦੀਵੇ ਜਗਾਏ ਗਏ ਤੇ ਰਾਧਾ ਦੋਹਾਂ ਹੱਥਾਂ
ਵਿੱਚ ਉਨ੍ਹਾਂ ਨੂੰ ਲੈ ਕੇ ਹਾਜ਼ਰ ਹੋਈ । ਮੇਰੇ ਸਾਹਮਣੇ ਖੜੋ ਕੇ ਉਸ ਦੋਵੇਂ ਅੱਖਾਂ ਮੀਟ
ਲਈਆਂ । ਅੱਖਾਂ ਖੋਲ੍ਹ ਕੇ ਥਾਲੀ ਦੇ ਕੰਢੇ ਤੇ ਘੋਲੇ ਹੋਏ ਕੇਸਰ ਤੇ ਚੌਲਾਂ ਦਾ, ਉਸ
ਆਪਣੀ ਚੀਚੀ ਨਾਲ ਦੀ ਉਂਗਲੀ ਨਾਲ ਮੈਨੂੰ ਟਿੱਕਾ ਲਾ ਦਿੱਤਾ । ਮੈਨੂੰ ਖਬਰੇ ਕੀ
ਸੁੱਝੀ, ਮੈਂ ਵੀ ਆਪਣੀ ਉਸੇ ਉਂਗਲੀ ਨੂੰ ਕੇਸਰ ਲਾ ਕੇ ਹੱਥ ਉਸ ਦੇ ਮੱਥੇ ਵਲ
ਵਧਾਇਆ । ਉਸ ਮੱਥਾ ਝੁਕਾ ਦਿੱਤਾ । ਮੇਰੀ ਉਂਗਲੀ ਲੱਗਦਿਆਂ ਹੀ ਉਹ ਕੰਬ
ਉੱਠੀ, ਉਸ ਦੀ ਦੀਵਿਆਂ ਵਾਲੀ ਥਾਲੀ ਉਸ ਦੇ ਹੱਥਾਂ ਵਿਚ ਕੰਬੀ, ਦੀਵਿਆਂ ਦੀਆਂ
ਲਾਟਾਂ ਕੰਬੀਆਂ, ਧੂਫ ਦਾ ਧੂੰਆਂ ਕੰਬਿਆ ਤੇ ਘੁੰਗਰੂਆਂ ਵਰਗੀ ਛਣਕਦੀ ਅਵਾਜ਼
ਖ਼ਬਰੇ ਕਿਵੇਂ ਉਸ ਦੇ ਪੈਰਾਂ ਵਿੱਚੋਂ ਕੰਬੀ । ਇਕ-ਦਮ ਉਹ ਆਪਣੀ ਥਾਂ ਤੋਂ ਹਿਲੀ ਤੇ
ਇਉਂ ਅਗਾਂਹ ਵਧੀ ਜਿਵੇਂ ਤਿਲ੍ਹਕ ਕੇ ਡਿੱਗਣ ਲੱਗੀ ਹੋਵੇ, ਪਰ ਝੱਟ ਹੀ ਉਹ ਸੰਭਲ
ਗਈ।ਹੌਲੀ ਹੌਂਲੀ ਉਸ ਦੇ ਤਿਲ੍ਹਕਣ ਤੇ ਸੰਭਲਣ ਦੀ ਚਾਲ ਵਧ ਗਈ। ਮੈਂ
ਸਮਝ ਗਿਆ ਕਿ ਨਾਚ ਸ਼ੁਰੂ ਹੈ । ਉਸ ਦੇ ਲੱਕ ਝੁਕਾਉਣ ਨਾਲ ਉਸਦੇ ਖੁਲ੍ਹੇ ਵਾਲ
ਧਰਤੀ ਨੂੰ ਛੂਹ ਜਾਂਦੇ ਸਨ । ਉਹ ਹਵਾ ਦੀ ਪੁਤਲੀ ਲਹਿਰਾਂ ਵਾਂਗ ਦੂਹਰੀ ਹੋ ਹੋ
ਜਾਂਦੀ ਸੀ । ਚਾਲ ਤੇਜ਼ ਹੋਣੀ ਸ਼ੁਰੂ ਹੋਈ । ਘੁੰਗਰੂਆਂ ਦੀ ਘੂਕਰ ਨਾਲ ਕਮਰੇ ਵਿੱਚ
ਇਕਸੁਰਤਾ ਜਿਹੀ ਛਾ ਗਈ । ਚਾਲ ਹੋਰ ਤੇਜ਼ ਹੋ ਗਈ । ਜਗਦੀਆਂ ਜੋਤਾਂ ਦਾ
ਇੱਕ ਚੱਕਰ ਮੇਰੇ ਦੁਆਲੇ ਬੱਝ ਗਿਆ । ਮੇਰੀਆਂ ਅੱਖਾਂ ਅੱਗੇ ਭੰਬਰ-ਤਾਰੇ ਉੱਡਣ
ਲਗ ਪਏ । ਮੇਰੇ ਦੁਆਲੇ ਕਈ ਰਾਧਾ ਦਿੱਸਣ ਲਗ ਪਈਆਂ । ਮੇਰੀ ਆਪਣੀ ਸ਼ਕਲ
ਦੇ ਕਈ ਮੁੰਡੇ ਮੇਰੀ ਹੁਣ ਦੀ ਪੁਸ਼ਾਕ ਵਿਚ ਉਨ੍ਹਾਂ ਨਾਲ ਸਨ । ਮੇਰੇ ਉਤੇ ਮੇਰਾ
ਆਪਣਾ ਕਾਬੂ ਘੱਟ ਮਲੂਮ ਹੁੰਦਾ ਸੀ । ਐਉਂ ਮਲੂਮ ਹੋਣ ਲੱਗਾ ਜਿਵੇਂ ਕਿਸੇ ਨੇ
ਮੇਰੀਆਂ ਉਂਗਲਾਂ ਮੁਰਲੀ ਦਿਆਂ ਛੇਕਾਂ ਤੇ ਬਦੋ-ਬਦੀ ਰੱਖ ਦਿੱਤੀਆਂ ਹਨ । ਮੈਂ ਛੇਕ
ਤੇ ਹੇਠਲਾ ਬੁਲ੍ਹ ਰੱਖਕੇ ਫੂਕ ਮਾਰੀ ।ਮੇਰੀਆਂ ਨਿੱਕੀਆਂ ਨਿੱਕੀਆਂ ਉਂਗਲਾਂ ਖ਼ਬਰੇ
ਕਿਦਾਂ ਉਨ੍ਹਾਂ ਛੇਕਾਂ ਤੇ ਨਾਚ ਕਰਨ ਲੱਗ ਪਈਆਂ। ਮੈਂ ਕਦੇ ਬੰਸਰੀ ਨਹੀਂ ਵਜਾਈ
ਸੀ ਤੇ ਨਾ ਹੀ ਹੁਣ ਕੋਈ ਸਾਜ਼ ਵਜਾ ਸਕਦਾ ਹਾਂ, ਪਰ ਉਸ ਵੇਲੇ ਵਰਗੀ ਬੰਸਰੀ ਮੈਂ
ਕਦੇ ਕਿਸੇ ਉਸਤਾਦ ਕੋਲੋਂ ਵੀ ਨਹੀਂ ਸੁਣ ਸਕਿਆ।
ਹੌਲੀ ਹੌਲੀ ਮੇਰੀਆਂ ਉਂਗਲਾਂ ਢਿੱਲੀਆਂ ਪੈਣੀਆਂ ਸ਼ੁਰੂ ਹੋ ਗਈਆਂ । ਨਾਚ
ਦੀ ਚਾਲ ਘਟਦੀ ਘਟਦੀ ਘਟ ਗਈ । ਰਾਧਾ ਇੱਕ ਰਹਿ ਗਈ; ਮੈਂ ਇੱਕ ਰਹਿ
ਗਿਆ । ਕਮਰੇ ਵਿੱਚ ਕਬਰ ਵਾਰਗੀ ਚੁੱਪ ਛਾ ਗਈ । ਰਾਧਾ ਸ਼ਰਾਬੀਆਂ ਵਾਂਗ ਹੁਲਾਰੇ
ਖਾ ਰਹੀ ਸੀ, ਪਰ ਦੀਵਿਆਂ ਵਾਲੀ ਥਾਲੀ ਨੂੰ ਨਹੀਂ ਸੀ ਡਿੱਗਣ ਦੇਂਦੀ । ਮੈਂ
ਆਪਣੀ ਥਾਂ ਛੱਡ ਕੇ ਅਗਾਂਹ ਵਧਿਆ ।ਥਾਲੀ ਉਸ ਦੇ ਹੱਥੋਂ ਫੜ ਕੇ ਸ਼ਿੰਗਾਰ ਟੇਬਲ
ਤੇ ਰੱਖਣ ਦੀ ਦੇਰ ਸੀ ਕਿ ਉਹ ਘੜਮ ਕਰਕੇ ਭੁੰਜੇ ਡਿੱਗ ਗਈ। ਮੁਰਲੀ ਮੰਜੇ ਤੇ
ਸੁੱਟ ਕੇ ਮੈਂ ਉਸ ਨੂੰ ਸਾਂਭਿਆ । ਪਤਾ ਨਹੀਂ ਉਦੋਂ ਮੇਰੇ ਵਿੱਚ ਇੰਨਾ ਬਲ ਕਿਵੇਂ
ਆ ਗਿਆ ਸੀ । ਮੈਂ ਹਰ ਹਾਲਤ ਵਿੱਚ ਆਪਣੇ ਆਪ ਨੂੰ ਪੂਰਾ ਆਦਮੀ ਸਮਝਦਾ
ਸਾਂ । ਆਪਣੀ ਧੋਤੀ ਦੇ ਪੱਲੇ ਨਾਲ ਮੈਂ ਉਸਨੂੰ ਪੱਖਾ ਕਰਕੇ ਪੂਰੀ ਹੋਸ਼ ਵਿੱਚ
ਆਂਦਾ । ਉਸ ਉੱਠ ਕੇ ਮੇਰੀ ਗਲ੍ਹ ਚੁੰਮ ਲਈ । ਕੰਬਣੀਆਂ ਦਾ ਹੜ੍ਹ ਮੇਰੀ ਨਸ ਨਸ
ਵਿੱਚ ਫਿਰ ਗਿਆ । ਮੈਂ ਨੀਮ-ਬੇਹੋਸ਼ੀ ਦੀ ਹਾਲਤ ਵਿੱਚ ਉਸ ਨੂੰ ਆਪਣੀ ਗਲਵਕੜੀ
ਵਿੱਚ ਲੈ ਲਿਆ । ਉਹ ਵੀ ਫੇਰ ਕੰਬੀ ਤੇ ਇੱਕ ਵਾਰੀ ਆਪਣੀਆਂ ਬਾਹਾਂ ਨਾਲ
ਮੈਨੂੰ ਘੁੱਟਕੇ ਮੇਰੀਆਂ ਬਾਹਾਂ ਵਿਚ ਆਪਣੇ ਆਪ ਨੂੰ ਨਿੱਸਲ ਸੁੱਟ ਦਿੱਤਾ । ਮੈਂ ਉਸ
ਦੀਆਂ ਗਲ੍ਹਾਂ ਚੁੰਮੀਆਂ, ਬੁਲ੍ਹ ਚੁੰਮੇ, ਅੱਖਾਂ ਚੁੰਮੀਆਂ, ਵਾਲ ਚੁੰਮੇ, ਪਰ ਉਹ ਨਿੱਸਲ
ਪਈ ਸੀ । ਮੈਂ ਉਸ ਦੇ ਚਿਹਰੇ ਵੱਲ ਦੇਖਣ ਲੱਗ ਪਿਆ । ਕੁਝ ਚਿਰ ਮਗਰੋਂ ਉਸ
ਆਪਣੀਆਂ ਨੀਮ-ਬੇਹੋਸ਼ ਅੱਖਾਂ ਖੋਲ੍ਹੀਆਂ ਤੇ ਝੱਟ ਹੀ ਬੰਦ ਕਰ ਲਈਆਂ।
ਅਚਾਨਕ ਬੂਹਾ ਖੜਕਿਆ, ਅਸੀਂ ਉਠ ਖੜੋਤੇ । ਕੋਈ ਅਵਾਜ਼ ਨਾ ਆਈ।
ਮੈਂ ਫੇਰ ਪਹਿਲਾ ਕ੍ਰਿਸ਼ਨ ਬਣਾਇਆ ਗਿਆ । ਕਾਫੀ ਦੇਰ ਹੋ ਗਈ ਸੀ ਜਦ ਮੈਂ
ਆਪਣੇ ਘਰ ਪਹੁੰਚਾ।
(੩)
ਡਾਕਟਰ ਨੂੰ ਦਿਖਾਇਆ ਗਿਆ । ਉਸ ਦੱਸਿਆ ਕਿ ਮੇਰੀ ਸਿਹਤ ਬਿਲਕੁਲ
ਠੀਕ ਹੈ।
"ਭੁੱਖ ਕਿਉਂ ਨਹੀਂ ਲਗਦੀ ਇਸ ਨੂੰ ?" ਮੇਰੇ ਪਿਤਾ ਜੀ ਨੇ ਡਾਕਟਰ ਤੋਂ
ਪੁੱਛਿਆ।
"ਹਾਜਮਾ ਤਾਂ ਦਰੁਸਤ ਹੈ," ਡਾਕਟਰ ਨੇ ਜਵਾਬ ਦਿੱਤਾ।
ਸਕੂਲ ਦੇ ਇਮਤਿਹਾਨ ਦੀ ਰੀਪੋਰਟ ਚੰਗੀ ਸੀ, ਪਰ ਫਿਰ ਭੀ ਮੇਰੀ
ਨਿਗਰਾਨੀ ਰੱਖੀ ਜਾਣ ਲਗ ਪਈ।
ਮੈਂ ਰੋਜ਼ ਰਾਧਾ ਦੇ ਜਾਂਦਾ ਸਾਂ, ਇਸ ਦਾ ਕਦੇ ਕਿਸੇ ਨੂੰ ਸ਼ੱਕ ਹੀ ਨਹੀਂ ਸੀ।
ਪਰ ਮੇਰੀ ਝਾਈ ਜੀ, ਜਿਨ੍ਹਾਂ ਨੂੰ ਮੇਰੀ ਰਾਤ ਦੀ ਰੋਟੀ ਰੋਜ਼ ਨਾ ਖਾਣ ਕਰ ਕੇ ਫ਼ਿਕਰ
ਲੱਗਾ ਰਹਿੰਦਾ ਸੀ, ਖ਼ੁਫ਼ੀਆ ਪੁਲਸ ਵਾਂਗ ਮੇਰੇ ਮਗਰ ਲੱਗ ਗਏ । ਇਕ ਦਿਨ ਜਦ
ਮੈਂ ਰਾਧਾ ਵਲ ਗਿਆ ਤਾਂ ਉਹ ਦੱਬੇ ਪੈਰੀਂ ਲੁਕ ਲੁਕ ਕੇ ਮੇਰੇ ਪਿੱਛੇ ਗਏ। ਬੂਹਾ
ਅੰਦਰੋਂ ਬੰਦ ਹੋ ਜਾਣ ਦੀ ਹਾਲਤ ਵਿੱਚ ਉਹ ਅੰਦਰ ਨਾ ਆ ਸਕੇ । ਬਾਹਰ ਬੂਹੇ
ਨਾਲ ਕੰਨ ਲਾ ਕੇ ਖ਼ਬਰੇ ਕਿੰਨਾ ਚਿਰ ਖੜੋ ਰਹੇ ਹੋਣਗੇ । ਨਾਚ ਮੁਕਣ ਤੋਂ ਮਗਰੋ
ਸਾਨੂੰ ਉਨ੍ਹਾਂ ਦੀਆਂ ਤੇਜ਼ ਅਵਾਜ਼ਾਂ ਸੁਣਾਈ ਦਿੱਤੀਆਂ । ਉਹ ਉੱਚੀ ਕਹਿ ਰਹੇ ਸਨ,
"ਰਾਮ ਪਿਆਰੀ ! ਰਾਮ ਪਿਆਰੀ !"
ਮੈਂ ਡਰ ਗਿਆ, ਪਰ ਰਾਧਾ ਨੇ ਉਹ ਕਪੜੇ ਛੇਤੀ ਹੀ ਲਾਹ ਦਿੱਤੇ ਤੇ ਮੇਰੇ
ਪਾ ਦਿੱਤੇ । ਮੂੰਹ-ਹੱਥ ਵਾਜਾਂ ਦੀ ਵਾਛੜ ਵਿੱਚ ਹੀ ਧੁਆ ਦਿੱਤੇ ਗਏ । ਮੈਨੂੰ ਫੇਰ ਉਸੇ
ਅੰਦਰ ਲੁਕਾ ਕੇ ਉਹ ਬਾਹਰ ਨਿਕਲ਼ੀ ਤੇ ਬੂਹਾ ਖੋਲ੍ਹ ਕੇ ਮੇਰੀ ਝਾਈ ਜੀ ਨੂੰ ਪੁੱਛਿਆ
ਕਿ ਕੀ ਗੱਲ ਹੈ।
ਝਾਈ ਨੇ ਗੁਸੇ ਭਰੀਆਂ ਅੱਖਾਂ ਨਾਲ ਪੁਛਿਆ, "ਕ੍ਰਿਸ਼ਨ ਕਿਥੇ ਹੈ?"
ਰਾਧਾ ਨੇ ਆਖਿਆ, "ਐਥੇ ਕਿਤੇ ਹੋਇਗਾ।"
"ਮੈਂ ਆਪ ਅੰਦਰ ਵੜਦਾ ਦੇਖਿਆ ਹੈ," ਝਾਈ ਨੇ ਕੜਕ ਕੇ ਕਿਹਾ।
"ਮੈਂ ਅੰਦਰ ਦੇਖਦੀ ਹਾਂ" ਰਾਧਾ ਨੇ ਬੜੀ ਸ਼ਾਂਤੀ ਨਾਲ ਕਿਹਾ, "ਮੇਰੇ ਸੁਤਿਆਂ
ਸੁਤਿਆਂ ਕਈ ਵਾਰੀ ਅੰਦਰ ਦਾ ਬੂਹਾ ਅੜਾ ਕੇ, ਕੱਲਾ ਖੇਡਦਾ ਰਹਿੰਦਾ ਹੈ।"
ਅੰਦਰ ਆ ਕੇ ਉਸ ਮੈਨੂੰ ਬਾਂਹ ਤੋਂ ਫੜ ਲਿਆ । ਮੈਂ ਡਰ ਨਾਲ ਨਿਤਾਣਿਆਂ
ਵਾਂਗ ਕੰਬ ਰਿਹਾ ਸਾਂ ।ਰਾਧਾ ਨੇ ਹੌਲੀ ਜਿਹੀ ਕਿਹਾ, "ਡਰੋ ਨਾ, ਮੇਰੇ ਕ੍ਰਿਸ਼ਨ ! ਅਸੀਂ
ਚੋਰੀ ਨਹੀਂ ਕੀਤੀ, ਪਾਪ ਨਹੀਂ ਕੀਤਾ।"
ਮੈਂ ਹੌਸਲਾ ਕਰ ਕੇ ਉਸੇ ਤਰ੍ਹਾਂ ਧਰੀਕੀਦਾ ਉਸ ਨਾਲ ਬਾਹਰ ਆਂਦਾ ਗਿਆ।
ਮੇਰੀ ਬਾਂਹ ਝਾਈ ਜੀ ਨੂੰ ਫੜਾਉਂਦਿਆਂ ਉਸ ਆਖਿਆ, "ਆਹ ਲਉ ਫੜੋ ਆਪਣਾ
ਮੱਖਣ-ਚੋਰ, ਅੰਦਰਲੇ ਕਮਰੇ ਵਿੱਚ ਲੁਕਿਆ ਹੋਇਆ ਸੀ।"
ਮੇਰੀ ਝਾਈ ਮੈਨੂੰ ਛੱਡ ਕੇ ਅੰਦਰ ਵੜ ਗਈ । ਵੱਖੀ ਵਾਲੇ ਕਮਰੇ ਵਿੱਚ
ਖਿਲਰੀਆ ਚੀਜ਼ਾਂ ਤੇ ਜਗਦੀਆਂ ਜੋਤਾਂ ਦੇਖ ਕੇ ਉਸ ਉੱਚੀ ਦਿੱਤੀ "ਹੂੰ. . .ਊ...ਊਂ"
ਕੀਤਾ ਤੇ ਇੱਕ ਸ਼ੱਕ-ਭਰੀ ਨਜ਼ਰ ਰਾਧਾ ਤੇ ਸੁੱਟ ਕੇ ਬੜੀ ਆਕੜ ਨਾਲ ਮੁੜ ਆਈ।
ਆਉਂਦਿਆਂ ਹੀ ਮੈਨੂੰ ਪੈਣੀਆਂ ਸ਼ੁਰੂ ਹੋ ਗਈਆਂ । ਰਾਧਾ ਛੁੜਾਉਣ ਵਾਸਤੇ ਬਾਹਰ
ਆਈ, ਪਰ ਫਿਰ ਅੰਦਰ ਮੁੜ ਗਈ। ਫਿਰ ਆਈ, ਫਿਰ ਮੁੜ ਗਈ । ਮੇਰੀ ਗਲ੍ਹ ਤੇ
ਇੱਕ ਚਪੇੜ ਪੈਂਦਿਆਂ ਹੀ ਉਹ ਕੱਠੀ ਹੋ ਜਾਂਦੀ ਸੀ।
(੪)
ਕਮਰੇ ਵਿੱਚ ਮੈਨੂੰ ਡੱਕ ਕੇ ਝਾਈ ਜੀ ਪਿਤਾ ਜੀ ਨੂੰ ਉਡੀਕਦੇ ਰਹੇ। ਮੈਂ ਜਾਣ
ਕੇ ਘੁਰਾੜੇ ਮਾਰਨ ਲਗ ਪਿਆ । ਬੜੇ ਪ੍ਰੇਮ ਨਾਲ ਝਾਈ ਜੀ ਨੇ ਪਿਤਾ ਜੀ ਨੂੰ ਰੋਟੀ
ਖੁਆਈ । ਰੋਟੀ ਖਾ ਕੇ ਕੁਝ ਚਿਰ ਬਰਾਂਡੇ ਵਿਚ ਟਹਿਲਣ ਮਗਰੋਂ ਪਿਤਾ ਜੀ ਆਪਣੇ
ਪਲੰਘ ਤੇ ਆ ਲੇਟੇ । ਝਾਈ ਜੀ ਨੇ ਵੀ ਬਾਕੀ ਦੇ ਕੰਮ ਖ਼ਤਮ ਕਰਕੇ ਆਪਣੀ
ਮੰਜੀ ਮੱਲੀ । ਕੁਝ ਚਿਰ ਮਗਰੋਂ ਝਾਈ ਜੀ ਨੇ ਹੌਲੀ ਜਿਹੀ ਕਿਹਾ, "ਏ ਜੀ !
ਜਾਗਦੇ ਓ?"
ਪਿਤਾ ਜੀ ਨੇ ਪਾਸਾ ਮੋੜ ਕੇ ਕਿਹਾ, "ਆਹੋ।"
"ਮੈਂ ਇਕ ਗੱਲ ਕਰਨੀ ਸੀ," ਝਾਈ ਜੀ ਨੇ ਇਸ ਲਹਿਜੇ ਵਿੱਚ ਕਿਹਾ ਜਿਵੇਂ
ਗੱਲ ਬੜੀ ਜ਼ਰੂਰੀ ਹੋਵੇ।
"ਕੀ ਗੱਲ ਹੈ?"
ਝਾਈਂ ਜੀ ਨੇ ਅੱਜ ਜੋ ਕੁਝ ਦੇਖਿਆ-ਸੁਣਿਆ ਸੀ, ਆਖ ਸੁਣਾਇਆ ਤੇ ਅੰਤ
ਵਿੱਚ ਕਿਹਾ, "ਖਬਰੇ ਕੀ ਕਰਦੀ ਰਹਿੰਦੀ ਏ ਬੰਗਾਲਣ ਜਾਦੂਗਰਨੀ ਮੇਰੇ ਲਾਲ ਨੂੰ
ਅੰਦਰ ਵਾੜ ਕੇ।"
ਪਿਤਾ ਜੀ ਨੇ ਉਤਰ ਦਿੱਤਾ, "ਸੁਦੈਣ ਨਾ ਬਣਿਆ ਕਰ, ਸੋਧਾਂ।"
ਝਾਈ ਜੀ ਦੇ ਬਹੁਤ ਜ਼ੋਰ ਦੇਣ ਤੇ ਪਿਤਾ ਜੀ ਨੇ ਆਖਿਆ,"ਹੱਛਾ, ਮਿਲਾਂਗੇ
ਬੁੱਢੇ ਨੂੰ ਸਵੇਰੇ।"
ਤੀਜੇ ਦਿਨ ਜਦ ਮੈਂ ਸਕੂਲੋਂ ਮੁੜਿਆ, ਮੈਂ ਆਪਣੇ ਘਰ ਜਾਣ ਦੀ ਥਾਂ, ਪਹਿਲੋਂ
ਹੀ ਰਾਧਾ ਦੇ ਘਰ ਵੱਲ ਮੁੜਿਆ । ਬੂਹਾ ਚੌੜ-ਚਪੱਟ ਖੁਲ੍ਹਾ ਸੀ । ਅੰਦਰ ਕੋਈ
ਸਮਾਨ ਨਹੀਂ ਸੀ । ਮੈਂ ਅੱਖਾਂ ਮਲ ਕੇ ਗਹੁ ਨਾਲ ਫੇਰ ਤੱਕਿਆ, ਫਿਰ ਵੀ ਨਹੀਂ
ਸੀ । ਮੈਂ ਨਾਲ ਦੇ ਕਮਰੇ ਵਿੱਚ ਗਿਆ, ਉਥੇ ਵੀ ਕੋਈ ਨਹੀਂ ਸੀ । ਮੈਨੂੰ ਇੱਦਾਂ
ਪਰਤੀਤ ਹੋਣ ਲੱਗਾ ਜਿਵੇਂ ਮੇਰੇ ਸਰੀਰ ਨਾਲੋਂ ਕੋਈ ਅੰਗ ਕੱਟ ਲਿਆ ਗਿਆ ਹੈ।
ਮੈਂ ਬਸਤੇ ਸਮੇਤ ਕਮਰੇ ਦੀ ਨੁਕਰ ਵਿੱਚ ਧਸ ਗਿਆ । ਇੱਦਾਂ ਮਲੂਮ ਹੁੰਦਾ
ਸੀ ਜਿਵੇਂ ਮੈਂ ਪਾਤਾਲ ਵੱਲ ਜਾ ਰਿਹਾ ਹਾਂ । ਅਚਾਨਕ ਕਿਸੇ ਮੇਰੀ ਬਾਂਹ ਆਣ
ਪਕੜੀ । ਪਹਿਲੋਂ ਮੈਂ ਸਮਝਿਆ, ਰਾਧਾ ਹੋਇਗੀ । ਪਰ ਬਾਂਹ ਬੜੇ ਜ਼ੋਰ ਦੀ ਫੜੀ
ਗਈ ਸੀ । ਮੈਂ ਉਤਾਂਹ ਤੱਕਿਆ, ਝਾਈ ਸੀ । ਮੈਂ ਰੋ ਰਿਹਾ ਸਾਂ। ਝਾਈ ਮੈਨੂੰ ਧੂਹ
ਕੇ ਆਪਣੇ ਪਾਸੇ ਵੱਲ ਲਿਜਾ ਰਹੀ ਸੀ।
ਪੰਜਾਬੀ ਕਹਾਣੀਆਂ (ਮੁੱਖ ਪੰਨਾ) |