|
ਸਾਦਗੀ
ਕੁਦਰਤ ਤੋਂ ਸਾਦਗੀ ਉਧਾਰੀ ਮੰਗ ਕੇ
ਰੱਬ ਬਨਾਉਣ ਲੱਗਾ ਤੈਨੂੰ ਸਭ ਹੱਦਾ ਲੰਘ ਕੇ
ਚੋਰੀ ਚੋਰੀ ਵੇਖ ਤੈਨੂੰ ਉਹ ਵੀ ਤਾਂ ਸ਼ਰਮਾਇਆ ਹੋਣਾ
ਉਦੋਂ ਉਹਨੂੰ ਵੀ ਤਾਂ ਪਿਆਰ ਤੇਰੇ ਤੇ ਆਇਆ ਹੋਣਾ..
ਰਹੀਆ ਲਹਿਰਾਂ ਵੀ ਉਸਨੂੰ ਬੜਾ ਤੰਗ ਕਰਦੀਆ
ਵੇਖ ਲਗਨ ਕਾਰੀਗਰ ਦੀ ਇਹ ਕਿਉ ਨੀ ਜ਼ਰਦੀਆ
ਫੇਰ ਹੰਬ ਕੇ ਪੂਰਾ ਸਾਗਰ ਤੇਰੇ ਨੈਣਾ 'ਚ ਸਮਾਇਆ ਹੋਣਾ
ਉਦੋ ਉਹਨੂੰ ਵੀ ਤਾਂ ਪਿਆਰ ਤੇਰੇ ਤੇ ਆਇਆ ਹੋਣਾ..
ਫੇਰ ਫੁੱਲ ਇਕੱਠੇ ਕੀਤੇ ਉਹਨੇ ਭਾਂਤ-ਭਾਂਤ ਦੇ
ਗੁਲਾਬ,ਕੇਸਰ ਕੀ ਚਮੇਲੀ ਕੀ ਅਮਲਤਾਸ ਦੇ
ਫੁੱਲਾ ਦੀਆ ਪੱਤੀਆਂ ਤੋਂ ਤੇਰੇ ਬੁੱਲ੍ਹਾ ਨੂੰ ਸਜਾਇਆ ਹੋਣਾ
ਉਦੋਂ ਉਹਨੂੰ ਵੀ ਤਾਂ ਪਿਆਰ ਤੇਰੇ ਤੇ ਆਇਆ ਹੋਣਾ..
'ਕੀਰਤ' ਦੇ ਦਿਲ ਕਾਲੇ ਜਿਹਾ ਰੰਗ ਤੇਰੇ ਬਾਲਾਂ 'ਚ
ਦੰਦ ਜਿਵੇਂ ਮੋਤੀ ਪਰੋਏ ਕਿਸੇ ਮਾਲਾਂ 'ਚ
ਉਤੋਂ ਚੰਨ ਤੋਂ ਖੋ ਕੇ ਲੋਅ ਤੇਰੇ ਸੋਹਣੇ ਮੁੱਖ ਨੂੰ ਚਮਕਾਇਆ ਹੋਣਾ
ਉਦੋਂ ਉਹਨੂੰ ਵੀ ਤਾਂ ਪਿਆਰ ਤੇਰੇ ਤੇ ਆਇਆ ਹੋਣਾ..!
|
ਆਖਰੀ ਦਸਤਕ
ਮੈ ਮੁਸਾਫਿਰ ਦਰਦਾਂ ਦੇ ਰਾਹਾਂ ਦਾ,
ਮੇਰਾ ਜੁਲਫਾਂ ਦੀਆਂ ਛਾਂਵਾਂ ਤੋ ਭਰੋਸਾ ਉਠਿਆ ਏ..
ਜਖਮ ਦਿਲ ਦੇ ਦਿਨੋ-ਦਿਨ ਅੱਲ੍ਹੇ ਹੋਈ ਜਾਣ,
ਇਹ ਲੂਣ ਗਮਾ ਦਾ ਬੇ-ਕਿਰਕ ਨੇ ਫੂਕਿਆ ਏ..
ਕਮਲਾ ਦਿਲ ਚਿਹਰਿਆਂ ਨੂੰ ਹੀ ਰੱਬ ਸਮਝੀ ਬੈਠਾ ਸੀ,
ਮੇਰੇ ਲਈ ਹੁਣ ਉਹ ਤੇ ਇਹ ਰੱਬ ਵੀ ਮਰ ਮੁੱਕਿਆ ਏ..
ਜਿਸਦੀ ਮਾਸੂਮੀਅਤ ਦਾ ਦਿਲ ਵਿਚ ਮੰਦਿਰ ਬਣਾ ਰੱਖਿਆ ਸੀ,
ਲੱਗਿਆ ਪਤਾ ਹੁਣ ਦਿਲ ਇਹੋ ਜਿਹੇ ਕਿਰਾਏਦਾਰਾਂ ਤੋ ਭਰ ਚੁੱਕਿਆ ਏ..
ਕਸਮ ਹੈ ਸਭ ਨੂੰ ਇਸ ਵਿੱਚ ਉਸਦਾ ਕੋਈ ਦੋਸ਼ ਨਹੀ,
ਗਮ ਅਜੇ ਏਸ ਜਨਮ ਵੀ ਮੇਰੇ ਹੀ ਘਰ ਰੁੱਕਿਆ ਏ..
ਹੋਈ ਕੋਈ ਗੁਸਤਾਖੀ ਤਾਂ ਹੱਥ ਜੋੜਦੇ ਹਾਂ ਸੱਜਣਾ,
ਤੇਰੇ ਤੋ ਕਿਹੜਾ ਸਾਡਾ ਕੋਈ ਪੰਨਾ ਲੁਕਿਆ ਏ..
ਰੋਕ ਵੀ ਲਵਾ ਗੇ ਕਦਮਾ ਨੂੰ ਤੇਰਿਆਂ ਰਾਹਾਂ ਤੋ,
ਮਸਾ-ਮਸਾ ਤੈਨੂੰ ਉਡੀਕਣ ਤੋਂ ਖੈੜਾ ਛੁੱਟਿਆ ਏ..
ਇਹਸਾਨ ਨਾ ਕਰੀ ਕਾਫਿਰ ਮਨਾਉਣ ਦਾ ਮੈਨੂੰ,
‘ਕੀਰਤ’ ਖੁਦ ਅਪਣੇ ਤੋ ਹੀ ਅੱਜ ਰੁੱਸਿਆ ਏ..!
|
ਪਹਿਲਾ ਪਿਆਰ
ਜਦ ਇੱਕ ਦੂਜੇ ਨੂੰ ਕਰਦੇ ਪਿਆਰ ਨੇ ਦੋਵੇਂ,
ਫੇਰ ਗੱਲ ਕਰਨ ਤੋਂ ਇਵੇਂ ਡਰੇ ਕਾਹਤੋਂ..
ਮੰਨਿਆ ਦਿਲਾਂ ‘ਚ ਦੂਰੀ ਨਹੀ ਰਹੀ ਕੋਈ,
ਫੇਰ ਇਹ ਮੀਲਾਂ ਦੀ ਦੂਰੀ ਜ਼ਰੇ ਕਾਹਤੋਂ..
ਮੈਂ ਤੇਰੇ ਤੇ ਮਰਦਾ ਤੂੰ ਮਰਦੀ ਮੇਰੇ ਤੇ,
ਫੇਰ ਅੰਦਰੋ ਅੰਦਰੀ ਚਾਅ ਸਾਡੇ ਮਰੇ ਕਾਹਤੋਂ,
ਜਰੂਰੀ ਤਾਂ ਨਹੀ ਕਿ ਹਰ ਮੁਹੱਬਤ ਵਿੱਚ ਇਜ਼ਹਾਰ ਹੋਵੇ,
ਦੱਸ ਮੇਰੀਆਂ ਅੱਖਾਂ ਤੂੰ ਨਾ ਪੜ੍ਹੇ ਕਾਹਤੋਂ..
ਮਿਲਾਗੇਂ ਜਰੂਰ ਕਦੇ ਦੁਨੀਆ ਦੇ ਰੁਝਾਨਾ ਤੋ ਪਰ੍ਹੇ ਹੋ ਕੇ,
ਇਵੇ ਇੱਕ ਏਸ ਗੱਲ ਤੇ ਰੋਜ਼ ਮੇਰੇ ਨਾਲ ਲੜੇ ਕਾਹਤੋਂ..
ਤੇਰੀ ਸਾਦਗੀ ਵਿੱਚ ਰੱਬ ਮੈਂ ਵੇਖ ਬੈਠਾ,
ਫੇਰ ਦੱਸ ਦਿਲ ਕੋਈ ਤੇਰੇ ਕਦਮਾ ਵਿੱਚ ਨਾ ਧਰੇ ਕਾਹਤੋਂ..
‘ਕੀਰਤ’ ਨੂੰ ਉਡੀਕ ਏ ਤੇਰੀ ਆਖਰੀ ਸਾਹਾਂ ਤੀਕਰ,
ਤੂੰ ਉਹਦੀ ਮੁਹੱਬਤ ਤੇ ਇੰਨਾ ਸ਼ੱਕ ਕਰੇ ਕਾਹਤੋਂ..!!
|
ਅਸੀਸਾਂ
ਵੰਡ ਲਵੋ ਹਾਸੇ ਮੇਰੇ ਤੇ ਖੋਹ ਲਵੋ ਸਭ ਚਾਅ
ਬੱਸ ਉਸਦੀ ਮੁਹੱਬਤ ਦਾ ਦਿਓ ਹਿੱਸਾ ਮੈਨੂੰ
ਮੈਂ ਆਬਾਦ ਹਾਂ ਦਰਦਾਂ ਦੀ ਭਰੀ ਕੋਠੜੀ ਵਿੱਚ
ਏਹ ਖੁਸ਼ੀਆਂ ਦਿੰਦੀਆਂ ਨੇ ਬੜੀਆਂ ਚੀਸਾਂ ਮੈਨੂੰ
ਚਿਰਾਂ ਤੋਂ ਸੁਣਦਾ ਆਇਆ ਸੀ ਬੇਵਫਾਈਆਂ ਦੀ ਕਹਾਣੀਆ
ਪਰ ਪਸੰਦ ਬੜਾ ਆਇਆ ਉਹਦਾ ਤੇ ਮੇਰਾ ਕਿੱਸਾ ਮੈਨੂੰ
ਮੇਰੇ ਚਾਹੁਣ ਵਾਲੇ ਹੋ ਤਾਂ ਇੱਕ ਇਹਸਾਨ ਕਰਨਾ ਮੇਰੇ ਤੇ
ਪੀੜਾਂ ਵਿੱਚ ਜਿਊਣ ਦੀਆਂ ਦਿਓ ਬੱਸ ਅਸੀਸਾਂ ਮੈਨੂੰ
|
|