...ਤੇ ਕਾਫਲਾ ਬਣਦਾ ਗਿਆ ਪਰਗਟ ਸਿੰਘ ਸਤੌਜ
ਮੇਰੀ ਬੇਟੀ ਦਾ ਜਨਮ ਦੋ ਜਨਵਰੀ 2016 ਨੂੰ ਮਿੰਨੀ ਪੀ. ਐੱਚ. ਸੀ. ਜਖੇਪਲ ਵਿਖੇ ਹੋਇਆ ਸੀ। ਮੈਂ ਦੂਸਰੇ ਦਿਨ ਹੀ ਆਪਣੀ ਬੇਟੀ ਦਾ ਨਾਮ ਦਰਜ ਕਰਵਾਉਣ ਲਈ ਉਸਦਾ ਅਤੇ ਆਪਣਾ ਨਾਮ ਅਤੇ ਪਤਾ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਕੰਪਿਊਟਰ ’ਤੇ ਕੱਢ ਕੇ ਉੱਥੋਂ ਦੀ ਸਟਾਫ਼ ਨਰਸ ਨੂੰ ਦੇ ਆਇਆ। ਪਹਿਲਾਂ ਤਾਂ ਉਹਨਾਂ ਨੇ ਲੰਬਾ ਸਮਾਂ ਦਰਜ ਹੀ ਨਹੀਂ ਕਰਵਾਇਆ, ਜਦੋਂ ਦਰਜ ਹੋਇਆ ਤਾਂ ਮੈਂ ਸੁਵਿਧਾ ਸੈਂਟਰ ਵਿੱਚੋਂ ਸਰਟੀਫਿਕੇਟ ਲੈਣ ਚਲਾ ਗਿਆ ਪਰ ਮੂੰਹ ਲਟਕਾ ਕੇ ਵਾਪਸ ਆ ਗਿਆ। ਮੇਰੀ ਰਜਿਸਟਰੇਸ਼ਨ ’ਤੇ ਕਿਸੇ ਹੋਰ ਹੀ ਬੱਚੇ ਦਾ ਸਰਟੀਫਿਕੇਟ ਆ ਰਿਹਾ ਸੀ। ਮੈਂ ਦੂਸਰੀ ਵਾਰ ਫਿਰ ਜਖੇਪਲ ਗਿਆ ਤੇ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਸਾਰਾ ਕੁਝ ਲਿਖ ਕੇ ਦੇ ਆਇਆ ਅਤੇ ਬੇਨਤੀ ਕੀਤੀ ਕਿ ਕਿਰਪਾ ਕਰਕੇ ਹੁਣ ਸਹੀ ਦਰਜ ਕਰਵਾ ਦੇਣਾ। ਉਹਨਾਂ ਨੇ ਅੱਜ ਕੱਲ੍ਹ ਕਰਦਿਆਂ ਫਿਰ ਲੰਬਾ ਸਮਾਂ ਕੱਢ ਦਿੱਤਾ। ਮੈਂ ਉਹਨਾਂ ਨੂੰ ਹਫ਼ਤੇ ਵਿਚ ਦੋ ਤਿੰਨ ਵਾਰ ਫੋਨ ਕਰਦਾ ਪਰ ਪੱਲੇ ਨਿਰਾਸ਼ਾ ਹੀ ਪੈਂਦੀ। ਪਤਨੀ ਫੋਨ ਤੋਂ ਬਾਅਦ ਪੁੱਛਦੀ, “ਕੀ ਬਣਿਆ?”
ਮੈਂ ਢਿੱਲਾ ਜਿਹਾ ਜਵਾਬ ਦਿੰਦਾ, “ਬੱਸ ਚੱਲ ਰਿਹੈ।”
ਇਹ ‘ਚੱਲ ਰਿਹੈ’ ਕਿੰਨਾ ਹੀ ਚਿਰ ਚਲਦਾ ਰਿਹਾ, ਊਠ ਦਾ ਬੁੱਲ੍ਹ ਡਿੱਗਣ ਵਾਂਗ। ਅਖ਼ੀਰ ਜਦੋਂ ਉਹਨਾਂ ਨੇ ਹਰੀ ਝੰਡੀ ਕਰ ਦਿੱਤੀ ਤਾਂ ਮੈਂ ਆਪਣੇ ਪਿੰਡੋਂ ਪੈਂਤੀ ਕਿਲੋਮੀਟਰ ਦੂਰ ਸੰਗਰੂਰ ਦੇ ਸੁਵਿਧਾ ਸੈਂਟਰ ਵੱਲ ਦੌੜਿਆ। ਤੁਰਨ ਲੱਗਿਆਂ ਕਾਫ਼ ਨੂੰ ਪਿਆਰ ਕੀਤਾ, “ਲੈ ਪੁੱਤਰਾ! ਹੁਣ ਤੇਰੇ ਵੱਲ ਪਾਰਟੀ ਹੋ ਗਈ। ਅੱਜ ਤੂੰ ਪੱਕਾ ਜੰਮ ਜਾਣੈ।”
ਮੈਂ ਉੱਥੇ ਜਾ ਕੇ ਖ਼ੁਸ਼ੀ ਖ਼ੁਸ਼ੀ ਸਰਟੀਫਿਕੇਟ ਵੇਖਿਆ, ਵੇਖ ਕੇ ਮਿੱਟੀ ਦੇ ਮਹਿਲ ਵਾਂਗ ਥਾਂਏਂ ਢੇਰੀ ਹੋ ਗਿਆ। ਮੈਨੂੰ ਘਬਰਾਹਟ ਅਤੇ ਗੁੱਸੇ ਵਿੱਚ ਚੱਕਰ ਆਉਣ ਲੱਗੇ। ਹੁਣ ਫਿਰ ਅੰਗਰੇਜ਼ੀ ਵਿੱਚ ‘ਕਾਫ਼’ ਦੀ ਜਗ੍ਹਾ ‘ਕੈਫ਼’ ਪਾਇਆ ਪਿਆ ਸੀ। ਮੈਂ ਸਿਰ ਫੜ ਕੇ ਕੁਰਸੀ ਤੇ ਬੈਠ ਗਿਆ। ਜਦੋਂ ਥੋੜ੍ਹਾ ਸ਼ਾਂਤ ਹੋਇਆ ਤਾਂ ਮੋਟਰਸਾਇਕਲ ਚੁੱਕ ਕੇ ਜਖੇਪਲ ਨੂੰ ਤੁਰ ਪਿਆ। ਜਖੇਪਲ ਪਹੁੰਚਿਆ ਤਾਂ ਸਟਾਫ਼ ਨਰਸ ਸਾਹਮਣੇ ਬੈਠੀ ਸੀ।
“ਇਹ ਹੁਣ ਫਿਰ ਗ਼ਲਤ ਐ ਜੀ ਨਾਮ। ਮੈਂ ਤੁਹਾਨੂੰ ਕੰਪਿਊਟਰ ’ਤੇ ਕੱਢ ਕੇ ਸਭ ਕੁਝ ਦੇ ਕੇ ਗਿਆ ਸੀ।” ਮੈਨੂੰ ਉਹਨਾਂ ’ਤੇ ਗੁੱਸਾ ਆ ਰਿਹਾ ਸੀ।
“ਉਹ ਤਾਂ ਜੀ ਸਾਥੋਂ ਗੁਆਚ ਗਿਆ ਸੀ। ਅਸੀਂ ਤਾਂ ਆਪਣੇ ਸਾਅਬ ਨਾਲ ਲਿਖਾ’ਤਾ ਸੀ।” ਉਸਨੇ ਬੜੀ ਬੇਪ੍ਰਵਾਹੀ ਨਾਲ ਜਵਾਬ ਦਿੱਤਾ।
“ਤੁਸੀਂ ਮੈਥੋਂ ਫੋਨ ’ਤੇ ਪੁੱਛ ਲੈਂਦੇ। ਜਾਂ ਦੋ ਚਾਰ ਦਿਨ ਹੋਰ ਲੇਟ ਕਰ ਦਿੰਦੇ। ਘੱਟੋ-ਘੱਟ ਸਹੀ ਤਾਂ ਦਰਜ ਹੁੰਦਾ।”
“ਅਸੀਂ ਤਾਂ ਸਾਰਿਆਂ ਦਾ ਅਈਂ ਲਿਖਾਉਣੇ ਆਂ। ਅਗਲਾ ਬਾਅਦ ਵਿਚ ਆਪੇ ਦਰੁਸਤੀ ਕਰਵਾ ਲੈਂਦੈ।” ਉਹਨਾਂ ਦੀ ਏਨੀ ਅਣਗਹਿਲੀ ਕਿ ਇੱਕ ਵਾਰ ਵੀ ਮੈਥੋਂ ਪੁੱਛਣ ਦੀ ਜ਼ਰੂਰਤ ਨਹੀਂ ਸਮਝੀ। ਉਲਟਾ ਪਹਿਲਾਂ ਕੀਤੀਆਂ ਅਣਗਹਿਲੀਆਂ ਨੂੰ ਵੱਡੀਆਂ ਪ੍ਰਾਪਤੀਆਂ ਵਾਂਗ ਦੱਸ ਰਹੀ ਸੀ।
ਮੈਂ ਸਾਰਾ ਗੁੱਸਾ ਕੌੜੀ ਦਵਾਈ ਵਾਂਗ ਪੀ ਗਿਆ ਅਤੇ ਇਹ ਸਰਟੀਫਿਕੇਟ ਦਰੁਸਤ ਕਰਵਾਉਣ ਲਈ ਉਹਨਾਂ ਨੂੰ ਇੱਕ ਵਾਰ ਫਿਰ ਕਹਿ ਆਇਆ।
ਡੇਢ ਮਹੀਨਾ ਫਿਰ ਬੀਤ ਗਿਆ।
ਇਸੇ ਤਰ੍ਹਾਂ ਗੇੜੇ ਮਾਰਦਿਆਂ ਬੇਟੀ ਦੇ ਜਨਮ ਨੂੰ ਪੂਰੇ ਸਾਢੇ ਨੌਂ ਮਹੀਨੇ ਹੋ ਗਏ, ਪਰ ਕੰਮ ਦੀ ਸੂਈ ਖੜ੍ਹੇ ਟਾਈਮਪੀਸ ਵਾਂਗ ਉੱਥੇ ਹੀ ਖੜ੍ਹੀ ਸੀ। ਹੁਣ ਮੇਰੇ ਕੋਲ ਦੋ ਹੀ ਰਾਹ ਸਨ, ਜਾਂ ਤਾਂ ਇਸੇ ਤਰ੍ਹਾਂ ਅਣਮਿੱਥੇ ਸਮੇਂ ਲਈ ਖੱਜਲ਼-ਖੁਆਰ ਹੁੰਦਾ ਰਹਾਂ ਜਾਂ ਆਪਣਾ ਹੱਕੀ ਕੰਮ ਕਰਵਾਉਣ ਲਈ ਕੋਈ ਸਖ਼ਤ ਸਟੈਂਡ ਲਵਾਂ। ਮੈਂ ਦੋ-ਚਾਰ ਦਿਨਾਂ ਬਾਅਦ ਫੋਨ ਵੀ ਕਰਦਾ ਪਰ ਉਹਨਾਂ ਤੋਂ ਮੈਨੂੰ ਹਰ ਰੋਜ਼ ਲਾਰਾ ਹੀ ਮਿਲਦਾ।
ਅਖ਼ੀਰ ਮੈਂ ਇਸ ਸਭ ਕੁਝ ਤੋਂ ਅੱਕ ਗਿਆ ਤੇ ਇਸ ਖਿਲਾਫ਼ ਲੜਨ ਦਾ ਪੱਕਾ ਫ਼ੈਸਲਾ ਕਰ ਲਿਆ। ਮੈਂ ਆਪਣੇ ਆਪ ਨਾਲ ਇਹ ਫ਼ੈਸਲਾ ਕੀਤਾ ਕਿ ਲੜਨ ਦੀ ਸ਼ੁਰੂਆਤ ਮੈਂ ਇਕੱਲਾ ਹੀ ਕਰਾਂਗਾ ਕਿਉਕਿ ਜੇਕਰ ਮੈਂ ਇਕੱਲਾ ਲੜਾਂਗਾ ਤਾਂ ਸੰਘਰਸ਼ ਲੰਬਾ ਹੋਣ ’ਤੇ ਹੋਰਾਂ ਦੇ ਸਾਥ ਛੱਡ ਜਾਣ ਦਾ ਦੁੱਖ ਵੀ ਨਹੀਂ ਹੋਵੇਗਾ। ਪੱਕ ਪਕਾ ਲਿਆ ਕਿ 19 ਤਾਰੀਖ਼ ਨੂੰ ਮੈਡੀਕਲ ਕਰਵਾ ਕੇ ਇਕੱਲਾ ਹੀ ਧਰਨੇ ’ਤੇ ਬੈਠਾਂਗਾ ਅਤੇ ਪੰਜ ਦਿਨਾਂ ਬਾਅਦ ਇਸ ਨੂੰ ਮਰਨ ਵਰਤ ਵਿੱਚ ਬਦਲ ਦੇਵਾਂਗਾ। ਪਹਿਲੇ ਪੰਜ ਦਿਨ ਵੀ ਮੈਂ ਜੋ ਕੁਝ ਖਾਵਾਂਗਾ, ਉਹ ਹਸਪਤਾਲ ਦਾ ਹੀ ਖਾਵਾਂਗਾ। ਬਾਹਰੋਂ ਪਾਣੀ ਵੀ ਨਹੀਂ ਪੀਵਾਂਗਾ। ਜੇ ਮੈਨੂੰ ਕੁਝ ਵੀ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਹਸਪਤਾਲ ਦੇ ਸਾਰੇ ਅਮਲੇ ਦੀ ਹੋਵੇਗੀ। ਧਰਨੇ ਤੋਂ ਇੱਕ ਦਿਨ ਪਹਿਲਾਂ ਆਪਣੇ ਫ਼ੈਸਲੇ ਦਾ ਪ੍ਰੈੱਸ ਨੋਟ ਮੀਡੀਆ ਨੂੰ ਭੇਜ ਦੇਵਾਂਗਾ।
16 ਤਾਰੀਖ਼ ਨੂੰ ਮੈਂ ਆਪਣਾ ਇਹ ਫ਼ੈਸਲਾ ਫੇਸਬੁੱਕ ਉੱਪਰ ਪਾ ਦਿੱਤਾ। ਫੇਸਬੁੱਕ ’ਤੇ ਪੜ੍ਹ ਕੇ ਮੈਨੂੰ ਮੇਰੇ ਬਹੁਤ ਸਾਰੇ ਪਾਠਕਾਂ, ਲੇਖਕ ਦੋਸਤਾਂ ਦੇ ਫੋਨ ਆਏ ਕਿ ਅਸੀਂ ਵੀ ਤੇਰੇ ਨਾਲ ਧਰਨੇ ’ਤੇ ਬੈਠਾਂਗੇ। ਮੀਡੀਆ ਵਾਲਿਆਂ ਦੇ ਵੀ ਫੋਨ ਆਉਣੇ ਸ਼ੁਰੂ ਹੋ ਗਏ। ਕਿੰਨੇ ਹੀ ਲੋਕਾਂ ਨੇ ਮੇਰੀ ਪੋਸਟ ਨੂੰ ਅੱਗੇ ਤੋਂ ਅੱਗੇ ਸ਼ੇਅਰ ਕੀਤਾ। ਦੋ ਦਿਨਾਂ ਵਿੱਚ ਹੀ ਮੇਰੇ ਨਾਲ ਬਹੁਤ ਲੋਕ ਜੁੜ ਗਏ। ਕਿੰਨਿਆਂ ਨੇ ਹੀ ਇਸ ਤਰ੍ਹਾਂ ਦੀਆਂ ਅਣਗਹਿਲੀਆਂ ਦੇ ਸ਼ਿਕਾਰ ਹੋਣ ਦੀਆਂ ਮੈਨੂੰ ਹੈਰਾਨ ਕਰਨ ਵਾਲੀਆਂ ਅਨੇਕਾਂ ਹੀ ਕਹਾਣੀਆਂ ਦੱਸੀਆਂ। ਮੈਂ ਪਤਨੀ ਨੂੰ ਵੀ ਕਹਿ ਦਿੱਤਾ ਸੀ ਕਿ ਜੇਕਰ ਉਹ ਚਾਹੇ ਤਾਂ ਮੇਰੇ ਧਰਨੇ ਦੌਰਾਨ ਪੇਕੇ ਜਾ ਸਕਦੀ ਹੈ। ਅਗਲੇ ਦਿਨਾਂ ਵਿੱਚ ਹੋਣ ਵਾਲੇ ਸਾਹਿਤਕ ਪ੍ਰੋਗਰਾਮਾਂ ਉੱਤੇ ਜਿਸ ਨੇ ਵੀ ਮੈਨੂੰ ਬੁਲਾਇਆ ਸੀ, ਉਹਨਾਂ ਨੂੰ ਆਪਣਾ ਇਹ ਫ਼ੈਸਲਾ ਦੱਸ ਕੇ ਮਾਫ਼ੀ ਮੰਗ ਲਈ। ਜੋ ਕੁਝ ਵੀ ਮੈਂ ਧਰਨੇ ਤੋਂ ਪਹਿਲਾਂ ਕਰਨਾ ਸੀ, ਉਸ ਸਭ ਦੀ ਤਿਆਰੀ 17 ਨੂੰ ਹੀ ਕਰ ਲਈ ਕਿਉਂਕਿ 18 ਨੂੰ ਮੈਂ ਕਿਸੇ ਪ੍ਰੋਗਰਾਮ ’ਤੇ ਜਾਣਾ ਸੀ।
17 ਤਾਰੀਖ਼ ਨੂੰ ਜਖੇਪਲ ਵਾਲਾ ਡਾਕਟਰ, ਮੇਰੇ ਪਿੰਡ ਵਾਲੇ ਡਾਕਟਰ ਅਤੇ ਮੇਰੇ ਹੋਰ ਸਾਹਿਤਕ ਦੋਸਤ ਅਤੇ ਇੱਕ ਪੱਤਰਕਾਰ ਮਿੱਤਰ ਨੂੰ ਲੈ ਕੇ ਮੇਰੇ ਘਰ ਆ ਗਿਆ। ਉਸ ਨੇ ਹੋਈ ਅਣਗਹਿਲੀ ਦੀ ਮਾਫ਼ੀ ਮੰਗੀ ਅਤੇ ਸਰਟੀਫ਼ਿਕੇਟ ਸਹੀ ਕਰਵਾ ਕੇ ਦੇਣ ਅਤੇ ਅੱਗੇ ਤੋਂ ਕਿਸੇ ਵੀ ਵਿਅਕਤੀ ਨਾਲ ਅਜਿਹੀ ਅਣਗਹਿਲੀ ਨਾ ਕਰਨ ਦਾ ਵਾਅਦਾ ਕੀਤਾ। 18 ਤਾਰੀਖ਼ ਨੂੰ ਡਾਕਟਰ ਦਾ ਫਿਰ ਫੋਨ ਆਉਂਦਾ ਰਿਹਾ ਪਰ ਪ੍ਰੋਗਰਾਮ ’ਤੇ ਹੋਣ ਕਾਰਨ ਮੈਂ ਚੁੱਕ ਨਾ ਸਕਿਆ। ਘਰ ਆਇਆ ਤਾਂ ਅੰਮ੍ਰਿਤ ਨੇ ਦੱਸਿਆ ਕਿ ਡਾਕਟਰ ਦਾ ਵਾਰ ਵਾਰ ਫੋਨ ਆ ਰਿਹਾ ਹੈ। ਜਦ ਮੈਂ ਗੱਲ ਕੀਤੀ ਤਾਂ ਡਾਕਟਰ ਨੇ ਦੱਸਿਆ, “ਅਸੀਂ ਅੱਜ ਹੀ ਖ਼ਾਸ ਤੌਰ ’ਤੇ ਕੌਹਰੀਆਂ ਅਤੇ ਸੰਗਰੂਰ ਜਾ ਕੇ ਤੁਹਾਡਾ ਨਾਮ ਠੀਕ ਕਰਵਾ ਦਿੱਤਾ ਹੈ। ਕਿਰਪਾ ਕਰਕੇ ਕੱਲ੍ਹ ਨੂੰ ਧਰਨਾ ਨਾ ਲਾਇਓ।... ਜੇ ਤੁਸੀਂ ਚਾਹੁੰਦੇ ਹੋ ਤਾਂ ਰਸੀਦ ਸਾਨੂੰ ਦੇ ਦੇਵੋ, ਅਸੀਂ ਸਰਟੀਫ਼ਿਕੇਟ ਕਢਵਾ ਕੇ ਘਰ ਫੜਾ ਜਾਂਦੇ ਹਾਂ।”
ਜਿਹੜਾ ਕੰਮ ਸਾਢੇ ਨੌਂ ਮਹੀਨਿਆਂ ਵਿੱਚ ਨਹੀਂ ਹੋਇਆ ਸੀ ਉਹ ਬੜੇ ਚਮਤਕਾਰੀ ਤਰੀਕੇ ਨਾਲ ਸਿਰਫ਼ ਦੋ ਦਿਨਾਂ ਵਿੱਚ ਸਹੀ ਹੋ ਗਿਆ। ਮੈਂ ਆਪਣੇ ਤਜ਼ਬਰੇ ਵਿੱਚੋਂ ਇੱਕ ਸਬਕ ਹੋਰ ਸਿੱਖ ਲਿਆ ਕਿ ਤੁਸੀਂ ਕਦੇ ਵੀ ਆਪਣੇ ਆਪ ਨੂੰ ਇਕੱਲਾ ਨਾ ਸਮਝੋ। ਜੇਕਰ ਤੁਹਾਡਾ ਇਰਾਦਾ ਦ੍ਰਿੜ੍ਹ ਹੈ ਤਾਂ ਤੁਹਾਡੀ ਜਿੱਤ ਯਕੀਨੀ ਹੈ। ਇਹ ਮਨ ਵਿੱਚੋਂ ਕੱਢ ਦਿਓ ‘ਮੈਂ ਇਕੱਲਾ ਕੀ ਕਰਾਂਗਾ’ ਇਸ ਦੀ ਜਗ੍ਹਾ ਇਹ ਮੰਨ ਲਵੋ, ‘ਬੰਦਾ ਇਕੱਲਾ ਨਹੀਂ ਹੁੰਦਾ।’
ਪੰਜਾਬੀ ਕਹਾਣੀਆਂ (ਮੁੱਖ ਪੰਨਾ) |