ਤਕੀਆ ਕਲਾਮ ਗੁਰਦਿਆਲ ਸਿੰਘ
ਤਕੀਆ ਕਲਾਮ
ਆਜ਼ਾਦ ਹਿੰਦ ਫ਼ੌਜ ਵਿੱਚੋਂ ਆਉਣ ਮਗਰੋਂ ਸਰਕਾਰ ਨੇ ਉਹਦੀ ਫ਼ੌਜ ਦੀ ਨੌਕਰੀ ਬਹਾਲ ਕਰਕੇ ਉਹਨੂੰ ਪੰਜਾਬ ਦੀਆਂ ਦੇਸੀ ਰਿਆਸਤਾਂ ਦੇ ਸੰਘ ‘ਪੈਪਸੂ’ ਦੇ ਇਕ ਜ਼ਿਲ੍ਹੇ ਵਿੱਚ ਸਿਵਲ ਸਰਜਨ ਲਾ ਦਿੱਤਾ ਸੀ। ਉਥੋਂ ਰਿਟਾਇਰ ਹੋਣ ਮਗਰੋਂ ਉਹਨੇ ਉਸੇ ਮੰਡੀ ਵਿੱਚ ਆ ਕੇ ਆਪਣਾ ਪ੍ਰਾਈਵੇਟ ਕਲੀਨਿਕ ਖੋਲ੍ਹ ਲਿਆ ਸੀ ਜਿੱਥੋਂ ਉਹਨੇ ਫ਼ੌਜ ਵਿੱਚ ਭਰਤੀ ਹੋਣ ਤੋਂ ਪਹਿਲਾਂ ਆਪਣੀ ਮੁੱਢਲੀ ਨੌਕਰੀ ਸ਼ੁਰੂ ਕੀਤੀ ਸੀ। ਇਹ ਛੋਟੀ ਜਿਹੀ ਮੰਡੀ ਉਹਦੇ ਲਈ ‘ਯਾਦਾਂ ਦੀ ਪਟਾਰੀ’ ਹੀ ਬਣ ਚੁੱਕੀ ਸੀ।
ਜਦੋਂ ਉਹ ਦੂਜੀ ਜੰਗ ਤੋਂ ਪਹਿਲਾਂ ਏਥੋਂ ਦੇ ਪੰਜ-ਛੇ ਕਮਰਿਆਂ ਦੇ ਛੋਟੇ-ਜਿਹੇ ਹਸਪਤਾਲ ਵਿੱਚ ਡਾਕਟਰ ਹੁੰਦਾ ਸੀ ਤਾਂ ਏਥੇ ਉਹ ਚਾਰ ਹੀ ‘ਅਫਸਰ’ ਹੁੰਦੇ ਸਨ। ਇਕ ਸੀ ਮਿਡਲ ਸਕੂਲ ਦਾ ਹੈਡਮਾਸਟਰ ਮਦਨ ਮੋਹਨ, ਦੂਜਾ ਡਾਕਖਾਨੇ ਦਾ ਪੋਸਟ ਮਾਸਟਰ ਤੇ ਤਾਰ ਬਾਬੂ ਸ਼ਾਦੀ ਰਾਮ, ਤੀਜਾ ਸਟੇਸ਼ਨ ਮਾਸਟਰ ਵਧਾਵਾ ਰਾਮ, ਤੇ ਚੌਥਾ ਅਫ਼ਸਰੇ-ਮੰਡੀ ਸਰਦਾਰ ਗੁਰਦਿਆਲ ਸਿੰਘ ਬਾਹੀਆ। ਇਹ ਚਾਰੇ ਜਿੱਧਰੋਂ ਵੀ ਲੰਘਦੇ, ਮੰਡੀ ਦੇ ਆੜ੍ਹਤੀਏ, ਦੁਕਾਨਦਾਰ, ਚੌਧਰੀ ਗੋਪੀ ਰਾਮ ਤੇ ਹਜ਼ਾਰੀ ਲਾਲ ਵਰਗੇ ਸਤਿਕਾਰਿਤ ਬੰਦੇ ਵੀ ਦੁਕਾਨਾਂ ਦੇ ਮੂਹਰਲੇ ਥੜ੍ਹਿਆਂ ਉੱਤੇ ਆ ਕੇ ‘ਰਾਮ ਰਾਮ’ ਬੁਲਾਉਂਦੇ ਸਨ।
ਇਹ ਉਹੋ ਜ਼ਮਾਨਾ ਸੀ ਜਦੋਂ ਇਹ ਚਾਰੇ ਅਫ਼ਸਰ, ਸ਼ਾਮ ਵੇਲੇ ਸਕੂਲ ਦੇ ਗਰਾਊਂਡ ਵਿੱਚ ਟੈਨਸ ਖੇਡਣ ਜਾਂਦੇ। ਚੌਹਾਂ ਨੇ ਚਿੱਟੀਆਂ ਨਿੱਕਰਾਂ, ਚਿੱਟੇ ਕਮੀਜ਼, ਚਿੱਟੀਆਂ-ਦੁੱਧ ਜੁਰਾਬਾਂ ਤੇ ਫਲੀਟ ਪਹਿਨੇ ਹੁੰਦੇ ਸਨ। ਹੱਥਾਂ ਵਿੱਚ ਰੈਕਿਟ ਫੜੀ ਦਿਨ ਢਲ੍ਹੇ ਜਦੋਂ ਉਹ ਵਾਰੋ-ਵਾਰੀ ਛੋਟੇ ਛੋਟੇ ਬਾਜ਼ਾਰਾਂ ਵਿੱਚੋਂ ਲੰਘ ਕੇ ਸਕੂਲ ਵੱਲ ਜਾ ਰਹੇ ਹੁੰਦੇ ਤਾਂ ਉਹਨਾਂ ਵਿੱਚੋਂ ਤਿੰਨਾਂ ਦੇ ਅੰਗਰੇਜ਼ੀ ਟੋਪ ਸਾਰੀ ਮੰਡੀ ਵਿੱਚ ਜਿਵੇਂ ਹਲਚਲ ਜਿਹੀ ਮਚਾ ਦਿੰਦੇ। ਗਲ਼ੀਆਂ ਵਿੱਚ ਬੰਟੇ, ਰੀਠੇ, ਕੌਡੀਆਂ ਖੇਡਦੇ ਪਾੜ੍ਹੇ ਮੁੰਡੇ ਦੂਰੋਂ ਹੀ ਹੈਡਮਾਸਟਰ ਮਦਨ ਮੋਹਨ ਜੀ ਨੂੰ ਦੇਖ ਕੇ ਭੱਜਦੇ ਅੰਦਰੀਂ ਜਾ ਲੁਕਦੇ। ਬਾਣੀਏਂ ਤੇ ਸੇਠ ਹੋਰ ਵਧੇਰੇ ਝੁਕ ਕੇ ਤੇ ਉੱਚੀਆਂ ਆਵਾਜ਼ਾਂ ਵਿੱਚ ‘ਰਾਮ ਰਾਮ’ ਤੇ ‘ਨਮਸਤੇ’ ਬੁਲਾਉਂਦੇ। ਚਾਰੇ ਅਫ਼ਸਰਾਂ ਵਿੱਚ ਇੱਕ ਅਫ਼ਸਰੇ-ਮੰਡੀ ‘ਬਾਹੀਆ ਸਾਹਬ’ ਸਨ ਜਿਹੜੇ ਆਸੇ ਪਾਸੇ ਝਾਕੇ ਬਿਨਾਂ ਧੌਣ ਅਕੜਾ ਕੇ ਤੁਰਦੇ; ਐਵੇਂ ਰਸਮੀ ਤੌਰ ਉਤੇ ਸਿਰ ਨੂੰ ਮਾੜਾ ਜਿਹਾ ਝਟਕਾ ਦਿੰਦੇ, ਜਾਂ ਖੱਬਾ ਨਰੋਆ ਹੱਥ ਰਤਾ ਇੰਜ ਉਤਾਂਹ ਚੁੱਕਦੇ ਜਿਵੇਂ ਕੋਈ ਗੋਰਾ ਹਾਕਮ ਮੱਖੀ ਉਡਾਉਂਦਾ ਹੋਵੇ। ਬਾਕੀ ਤਿੰਨੇ, ਹਰੇਕ ਦੀ ‘ਰਾਮ ਰਾਮ’ ਦਾ ਉੱਤਰ ਠਰ੍ਹੱਮੇ ਨਾਲ ਦਿੰਦੇ ਤੇ ਕਈ ਮੋਹਤਬਰ ਬੰਦਿਆਂ ਦਾ ਹਾਲ-ਚਾਲ ਵੀ ਪੁੱਛ ਲੈਂਦੇ। ਜਿਹੜੇ ਚੌਧਰੀਆਂ, ਸੇਠਾਂ, ਸ਼ਾਹਾਂ ਨੂੰ ਇਹ ‘ਅਫ਼ਸਰ’ ਲੋਕ ਇੰਜ ਬੁਲਾਉਂਦੇ, ਆਮ ਲੋਕਾਂ ਦੇ ਮਨਾਂ ਵਿੱਚ ਉਹਨਾਂ ਦਾ ਇੱਜ਼ਤ-ਮਾਣ ਹੋਰ ਵੱਧ ਜਾਂਦਾ।
ਉਹ ਜ਼ਮਾਨਾ ਤਾਂ ਹੁਣ ਬੀਤ ਚੁੱਕਾ ਸੀ। ਪਰ ਸੀਤਾ ਰਾਮ ਬਹੁਤਾ ਨਹੀਂ ਸੀ ਬਦਲਿਆ। ਅੱਜ ਵੀ ਉਹ ਰੇੜ੍ਹੀਆਂ ਦੀ ਸੜੀ-ਗਲ਼ੀ ਸਬਜ਼ੀ ਓਵੇਂ ਸੁਟਵਾ ਸਕਦਾ ਸੀ ਜਿਵੇਂ ਵੀਹ-ਤੀਹ ਸਾਲ ਪਹਿਲਾਂ ਇਸ ਮੰਡੀ ਵਿੱਚ ‘ਮੈਡੀਕਲ ਅਫ਼ਸਰ’ ਹੁੰਦਿਆਂ ਸੁਟਵਾਉਂਦਾ ਹੁੰਦਾ ਸੀ। ਸਭ ਨੂੰ ਪਤਾ ਸੀ ਹੁਣ ਉਹਦੀ ਪੁੱਛ-ਦੱਸ ਸਰਕਾਰੇ-ਦਰਬਾਰੇ ਪਹਿਲਾਂ ਨਾਲੋਂ ਵਧੇਰੇ ਸੀ। ਸਥਾਨਕ ਹਸਪਤਾਲ ਦਾ ਡਾਕਟਰ ਵੀ ਉਸ ਤੋਂ ਪੁੱਛੇ ਬਿਨਾਂ ਕੋਈ ਕੰਮ ਨਹੀਂ ਸੀ ਕਰਦਾ।
ਡਾਕਟਰ ਸੀਤਾ ਰਾਮ ਕੌੜਾ ਦੀਆਂ ਪੁਰਾਣੀਆਂ ਆਦਤਾਂ ਮੂਜਬ ਉਹ ਹੁਣ ਵੀ ਗਲੀ, ਬਾਜ਼ਾਰ ਵਿੱਚ ਤੁਰਿਆ ਜਾਂਦਾ ਅੱਲੜ੍ਹ ਉਮਰ ਦੇ ਮੁੰਡਿਆਂ ਨੂੰ ਕੋਲ ਬੁਲਾ ਕੇ ਅਜੀਬ-ਅਜੀਬ ਸਵਾਲ ਪੁੱਛਣ ਲੱਗ ਪੈਂਦਾ। ਪਹਿਲਾਂ ਮੁੰਡੇ ਦਾ ਨਾਂ, ਪਿਉ ਦਾ ਨਾਂ ਪੁੱਛਦਾ ਤੇ ਮਗਰੋਂ ਉਹਦੇ ਖਾਨਦਾਨ ਨਾਲ ਆਪਣੀ ਪੁਰਾਣੀ ਜਾਣ-ਪਛਾਣ ਕੱਢ ਕੇ ਆਪਣੀ ਨਾਭੇ-ਪਟਿਆਲੇ ਦੀ ਬੋਲੀ ‘ਚ ਕਹਿੰਦਾ, “ਮੈਨੇ ਤੇਰੀ ਦਾਦੀ ਕਾ ਇਲਾਜ ਬੀ ਕਿਆ ਥਾ। ਉਸਕਾ ਨਾਮ ਪ੍ਰਸਿੰਨੀ ਦੇਵੀ ਥਾ ਨਾ?” ਅਕਸਰ ਹੀ ਮੰਡੀ ਦੇ ਮੁੰਡੇ-ਖੁੰਡੇ ਉਹਦੀ ਅਜਿਹੀ ਜਾਣਕਾਰੀ ਬਾਰੇ ਬਹੁਤ ਹੈਰਾਨ ਹੁੰਦੇ, ਜਦੋਂ ਉਹ ਦੱਸਦਾ, “ਤੇਰਾ ਬਾਬਾ ਦਸੌਂਧੀ ਰਾਮ, ਬੜਾ ਕੰਜੂਸ ਥਾ। ਮੈਨੇ ਉਸੇ ਕਹਿਆ ਥਾ ਕਿ ਦਵਾਈ ਦੋ ਮਹੀਨੇ ਤੱਕ ਖਾਣੀ ਪੜੇਗੀ। ਪਰ ਉਸ ਭਲੇਮਾਣਸ ਨੇ ਪੈਸਿਆਂ ਦੀ ਬੱਚਤ ਕਰਨ ਕੇ ਲੀਯੇ ਏਕ ਮਹੀਨੇ ਬਾਅਦ ਦਵਾਈ ਬੰਦ ਕਰ ਦਈ। ਉਹ ਵਿਚਾਰੀ ਮਰ ਗਈ।… ਐਸੇ ਤੋ ਸਭ ਲਾਲੇ ਕੰਜੂਸ ਹੁੰਨੈ ਐਂ ਪਰ ਤੇਰਾ ਬਾਬਾ ਕੁਛ ਬੇਵਕੂਫ ਵੀ ਥਾ-ਇਬ ਹੈ ਕਿ ਮਰ ਗਿਆ?”
ਫੇਰ ਅਚਾਨਕ ਹੀ ਗੱਲ ਬਦਲ ਕੇ ਕਹਿੰਦਾ, “ਤੇਰੇ ਘਰ-ਕੇ ਤੰਨੇਂ ਕੁਛ ਖਾਣ ਨੇ ਬੀ ਦਿਨੈਂ ਐਂ ਕਿ ਨਹੀਂ?-ਦੇਖ ਤੇਰੀਆਂ ਅੱਖਾਂ ਕੈਸੇ ਪੀਲ਼ੀਆਂ ਹੋ ਰਹੀ ਐ। ਚਿਹਰੇ ਕਾ ਕਲਰ ਐਸੇ ਜੈਸੇ ਬਸਾਰ ਮਲ਼ਿਆ ਹੋਏ।” ਫੇਰ ਮੁੰਡੇ ਦੇ ਮੋਢੇ, ਬਾਹਾਂ ਛਾਤੀ ਨੂੰ ਟੋਂਹਦਾ ਕਹਿੰਦਾ, ”ਇਹ ਕੋਈ ਜਵਾਨਾਂ ਕੀ ਬਾਡੀ ਐ!… ਏਸ ਉਮਰ ਮੇਂ ਆਹ ਹਾਲ! ਕੁਛ ਖਾਇਆ-ਪੀਆ ਕਰ। ਸੁਬਹ ਉੱਠ ਕਰ ਸ਼ਾਖਾ ਮੈ ਜਾਇਆ ਕਰ। ਕਿਤਨੇ ਬਜੇ ਉਠਿਆ ਕਰਦੈਂ?”
ਹੋਰ ਵੀ ਅਜੀਬ ਗੱਲ ਇਹ ਸੀ ਕਿ ਉਹਦੇ ਰੋਅਬ ਕਰਕੇ ਕੋਈ ਮੁੰਡਾ ਉਹਦੇ ਅੱਗੇ ਝੂਠ ਬੋਲਣ ਦੀ ਹਿੰਮਤ ਨਹੀਂ ਸੀ ਕਰਦਾ। ਜਦੋਂ ਉਹ ਜਾਗਣ ਦਾ ਸਮਾਂ ਦੱਸਦਾ ਤਾਂ ਡਾਕਟਰ ਕੌੜਾ ਜਿਵੇਂ ਉਹਨੂੰ ਫਟਕਾਰ ਪਾਉਂਦਾ ਕਹਿੰਦਾ, “ਦੇਖ, ਦੇਖ! ਸ਼ਰਮ ਤਾਂ ਨਹੀਂ ਆਂਦੀ!…. ਜਵਾਨ ਉਮਰ ਮੇਂ ਦਿਨ ਚੜ੍ਹੇ ਉਠ ਕੇ ਤੂੰ ਕਿਆ ਪੂਰੀਆਂ ਪਾਏਂਗਾ।” ਫੇਰ ਆਪਣੇ ਵਲ ਉਹਨੂੰ ਝਾਕਣ ਲਈ ਕਹਿ ਕੇ ਉਹਦੀਆਂ ਅੱਖਾਂ ਦੇ ਛੱਪਰ ਉਂਗਲਾਂ ਨਾਲ ਉਤਾਂਹ ਕਰਕੇ ਦੇਖਦਿਆਂ ਕਹਿੰਦਾ, “ਤੂੰ ਮਸਟਰਬੇਸ਼ਨ ਕਰਦਾ ਹੁੰਨੈ?” ਜਿਹਨੂੰ ਉਹਦਾ ਅੰਗਰੇਜ਼ੀ ਸ਼ਬਦ ਸਮਝ ਨਾ ਆਉਂਦਾ ਉਹਨੂੰ ਬਹੁਤ ਸਪੱਸ਼ਟ ਪੰਜਾਬੀ ਵਿੱਚ ਸਮਝਾ ਦਿੰਦਾ ਤੇ ਏਨੀ ਬੁਰੀ ਤਰ੍ਹਾਂ ਗੁੱਸੇ ਵਿੱਚ ਝਿੜਕਦਾ ਕਿ ਕਈ ਨੌਜਵਾਨ ਮੁੰਡੇ ਸੱਚੀ ਉਹਦੇ ਅੱਗੇ ਕੰਬਣ ਲੱਗ ਪੈਂਦੇ।
ਪੁਰਾਣੇ ਲੋਕ ਉਹਨੂੰ ਹੁਣ ਵੀ ਮੰਡੀ ਦਾ ਅਫ਼ਸਰ ਹੀ ਸਮਝਦੇ ਸਨ। ਓਵੇਂ ਉਹਦੀ ਇੱਜ਼ਤ ਕਰਦੇ ਸਨ। ਉਹਨਾਂ ਦਾ ਖ਼ਿਆਲ ਸੀ ਕਿ ਜੇ ਡਾਕਟਰ ਨੇ ਵੀਹ-ਤੀਹ ਸਾਲ ਪਹਿਲਾਂ ਉਹਨਾਂ ਨੂੰ ਸਿੱਧੇ ਪਾਸੇ ਨਾ ਲਾਇਆ ਹੁੰਦਾ ਤਾਂ ਪਤਾ ਨਹੀਂ ਉਹਨਾਂ ਦਾ ਕੀ ਹਾਲ ਹੁੰਦਾ। ਦਵਾਈ ਲੈਣ ਆਏ ਹਰੇਕ ਮਰੀਜ਼ ਨੂੰ ਉਹ ਦੋ-ਚਾਰ ਗੱਲਾਂ ਅਜਿਹੀਆਂ ਜ਼ਰੂਰ ਸਮਝਾ ਦਿੰਦਾ ਜਿਹੜੀਆਂ ਉਹ ਆਪਣੇ ‘ਡਾਕਟਰੀ ਅਸੂਲਾਂ’ ਅਨੁਸਾਰ ਜ਼ਰੂਰੀ ਸਮਝਦਾ ਸੀ। ਨੌਜਵਾਨਾਂ ਨੂੰ ‘ਭੋਗ-ਵਿਲਾਸ’ ਵਿੱਚ ਸੰਜਮ ਵਰਤਣ ਲਈ ਕਹਿੰਦਾ। ਸਬਜ਼ੀਆਂ, ਫਲ, ਦਾਲਾਂ ਵਧੇਰੇ ਖਾਣ ਲਈ ਹਦਾਇਤਾਂ ਕਰਦਾ। ਮਿਰਚ-ਮਸਾਲੇ ਤੇ ਤਲੀਆਂ ਚੀਜ਼ਾਂ ਘੱਟ ਖਾਣ ਲਈ ਕਹਿੰਦਾ। ਦੁੱਧ-ਘਿਓ ਵੀ ਬਹੁਤ ਵਧੇਰੇ ਖਾਣ ਤੋਂ ਵਰਜਦਾ। ਨੇਮ ਨਾਲ ਕਸਰਤ ਤੇ ਸੈਰ ਦੀਆਂ ਹਦਾਇਤਾਂ ਵੀ ਕਰਦਾ। ਜਦੋਂ ਕੋਈ ਬੀਮਾਰੀ ਫੈਲ ਜਾਂਦੀ ਤਾਂ ਹਰੇਕ ਨੂੰ ਪਾਣੀ ਉਬਾਲ ਕੇ ਪੀਣ ਲਈ ਜ਼ਰੂਰ ਕਹਿੰਦਾ।
“ਓ ਭਾਈ ਇਹ ਤਾਂ ਮੰਡੀ ਦੇ ਕਰਮ ਚੰਗੇ ਐ ਜਿਹੜਾ ਡਾਕਟਰ ਫੇਰ ਏਥੇ ਆ ਗਿਆ। ਐਹੋ ਜੇ ਬੰਦੇ ਅੱਜ-ਕੱਲ੍ਹ ਕਿੱਥੇ ਐ ਜਿਹੜੇ ਘਰੋਂ ਖਾ ਕੇ ਮੱਤ ਦੇਣ।” ਲੋਕ ਆਮ ਹੀ ਅਜਿਹੀਆਂ ਗੱਲਾਂ ਉਸ ਬਾਰੇ ਕਹਿੰਦੇ।
ਪਰ ਡਾਕਟਰ ਸੀਤਾ ਰਾਮ ਕੌੜਾ ਹੁਣ ਬੁੱਢਾ ਹੋ ਗਿਆ ਸੀ – ਸੱਠ ਸਾਲ ਤੋਂ ਉੱਤੇ। ਉਹਨੇ ਜਿਸ ਕਿਰਾਏ ਦੇ ਹਾਤੇ ਵਿੱਚ ਆਪਦਾ ਕਲਿਨਿਕ ਬਣਾਇਆ ਹੋਇਆ ਸੀ, ਉਸਦੇ ਆਲੇ ਦੁਆਲੇ ਸੱਤ-ਅੱਠ ਅੱਧ-ਕੱਚੇ ਕਮਰੇ ਸਨ, ਜਿੱਥੇ ਕਦੇ ਸੇਠ ਮੁੰਨਾਂ ਲਾਲ ਦੇ ਪੱਲੇਦਾਰ ਰਹਿੰਦੇ ਸਨ। ਕਈ ਕੋਠਿਆਂ ਵਿੱਚ ਕਣਕ, ਛੋਲਿਆਂ, ਤੇ ਬਾਜਰੇ ਦੀਆਂ ਧਾਂਕਾਂ ਲੱਗੀਆਂ ਹੁੰਦੀਆਂ ਸਨ। ਉਦੋਂ ਏਥੇ ਚਾਰੇ ਪਾਸੇ ਚੂਹਿਆਂ ਦੀਆਂ ਖੁੱਡਾਂ ਤੇ ਛੱਤਾਂ ਵਿੱਚ ਚਿੜੀਆਂ ਦੇ ਆਲ੍ਹਣੇ ਹੁੰਦੇ ਸਨ। ਅੰਦਰੋਂ ਹਰ ਵੇਲੇ ਸਿੱਲ੍ਹੇ ਗਲ੍ਹੇ-ਸੜੇ ਅਨਾਜ ਦੀ ਬਦਬੂ ਆਉਂਦੀ ਰਹਿੰਦੀ ਸੀ। ਪਰ ਜਦੋਂ ਦਾ ਸੇਠ ਨੇ ਇਹ ਹਾਤਾ ਡਾਕਟਰ ਕੌੜਾ ਨੂੰ ‘ਧਰਮਖਾਤੇ’ ਦਿੱਤਾ ਸੀ, ਉਹਨੇ ਇਸਦੀ ਮੁਰੰਮਤ ਉਤੇ ਕੋਈ ਪੈਸਾ ਨਹੀਂ ਸੀ ਲਾਇਆ। ਡਾਕਟਰ ਆਪਣੀ ਆਮਦਨ ਵਿੱਚੋਂ ਕਈ ਹਜ਼ਾਰ ਰੁਪਿਆ ਖ਼ਰਚ ਕੇ ਹਨੇਰ-ਕੋਠੜੀਆਂ ਦੀ ਮੁਰੰਮਤ ਕਰਵਾ ਚੁੱਕਾ ਸੀ। ਹੇਠ ਇੱਟਾਂ ਦੇ ਫਰਸ਼ ਲਵਾਏ ਸਨ ਤੇ ਨਵੇਂ ਮੇਜ਼-ਕੁਰਸੀਆਂ ਤੇ ਲੋਹੇ ਦੇ ਪਾਈਪਾਂ ਦੇ ਬਣੇ ਮੰਜੇ ਵੀ ਮਰੀਜ਼ਾਂ ਲਈ ਲਿਆਂਦੇ ਸਨ। ਪਰ ਜਿਹੋ-ਜਿਹਾ ‘ਹਸਪਤਾਲ’ ਉਹ ਚਾਹੁੰਦਾ ਸੀ ਉਹਦੇ ਉਤੇ ਕਈ ਲੱਖ ਦਾ ਖ਼ਰਚਾ ਆਉਂਦਾ ਸੀ। ਉਹਦੀ ਆਪਣੀ ਕਮਾਈ ਮਸਾਂ ਟੱਬਰ ਦਾ ਖ਼ਰਚ ਤੋਰਨ ਜੋਗੀ ਸੀ। ਦੋ ਲੜਕੇ ਬਾਹਰ ਪੜ੍ਹਦੇ ਸਨ। ਇਕ ਡਾਕਟਰੀ ਦਾ ਤੇ ਦੂਜਾ ਇੰਜਨੀਅਰਿੰਗ ਦਾ ਕੋਰਸ ਕਰਦਾ ਸੀ। ਲੜਕੀ ਵੱਡੀ ਸੀ ਉਹ ਵਿਆਹ ਦਿੱਤੀ ਸੀ। ਏਥੇ ਉਹ ਤੇ ਉਹਦੀ ਪਤਨੀ ਦੋਵੇਂ ਰਹਿੰਦੇ ਸਨ। ਆਪਣੇ ਡਾਕਟਰੀ ਅਸੂਲਾਂ ਅਨੁਸਾਰ, ਸਫਾਈ, ਖ਼ੁਰਾਕ, ਕੱਪੜੇ-ਲੀੜੇ ਤੇ ਆਏ-ਗਏ ਦਾ ਖ਼ਰਚ ਦਿਨੋ-ਦਿਨ ਵਧਦਾ ਜਾਂਦਾ ਸੀ। ਸਿੱਟਾ ਇਹ ਹੋਇਆ ਸੀ ਕਿ ਜੋ ਕਮਾਈ ਹੁੰਦੀ ਸੀ, ਉਹ ਖੂਹ ਵਿੱਚ ਖਪਣ ਵਾਲੀ ਗੱਲ ਸੀ। ਫੇਰ ਵੀ ਉਹ ਹਿੰਮਤ ਨਹੀਂ ਸੀ ਹਾਰਦਾ।
“ਡਾਕਟਰ ਸਾਹਿਬ ਏਨੇ ਪੈਸੇ ਤਾਂ ਮੇਰੇ ਕੋਲ੍ਹ ਹੈ-ਨੀਂ।” ਕੋਈ ਸਾਧਾਰਨ ਮਰੀਜ਼ ਜੇ ਕਹਿ ਦਿੰਦਾ ਤਾਂ ਉਹ ਰਤਾ ਗੁੱਸੇ ਨਾਲ ਉਸ ਵੱਲ ਝਾਕਦਾ, ਪਰ ਕੁਝ ਸਕਿੰਟ ਬੋਲ ਨਾ ਸਕਦਾ।
“ਜਾ ਭਾਗ ਜਾ।” ਬਸ ਏਨਾ ਕਹਿ ਕੇ ਹੋਰ ਮਰੀਜ਼ ਨੂੰ ਦੇਖਣ ਲੱਗ ਪੈਂਦਾ।
ਅਜਿਹਾ ਗੁੱਸਾ ਉਹਨੂੰ ਉਦੋਂ ਆਉਂਦਾ ਸੀ ਜਦੋਂ ਇਹ ਪਤਾ ਹੋਵੇ ਕਿ ਇਹ ਬੰਦਾ ਝੂਠ ਬੋਲ ਰਿਹਾ ਹੈ। ਉਹ ਮੰਡੀ ਤੇ ਆਸੇ-ਪਾਸੇ ਦੇ ਪਿੰਡਾਂ ਦੇ ਆਪਣੇ ਸਭ ਮਰੀਜ਼ਾਂ ਤੇ ਉਹਨਾਂ ਦੇ ਘਰ-ਪਰਿਵਾਰਾਂ ਨੂੰ ਏਨੀ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹਨੂੰ ਇਹ ਵੀ ਪਤਾ ਹੁੰਦਾ ਕਿਹੜਾ ਕਿੰਨਾ ਕੁ ਖ਼ਰਚ ਕਰਨ ਜੋਗਾ ਸੀ। ਅਤਿ ਗ਼ਰੀਬ ਲੋਕਾਂ ਤੋਂ ਉਹ ਪੈਸੇ ਮੰਗਦਾ ਹੀ ਨਹੀਂ ਸੀ। ਜੇ ਕੋਈ ਪੰਜ-ਸੱਤ ਦੇਣ ਦਾ ਯਤਨ ਵੀ ਕਰਦਾ ਤਾਂ ਉਹਨੂੰ ਕਹਿ ਦਿੰਦਾ, ”ਇਸਕਾ ਫਰੂਟ ਲੇ-ਜੀਂ, ਬੱਚੇ ਕੀ ਖਾਤਰ- ਆਈ ਸਮਝ!… ਪਰ ਜੇ ਅਧੀਆ-ਪਊਆ ਲੇ ਕੇ ਪੀ-ਲੀਆ ਤੋ ਮੈਂ ਤੰਨੇ, ਬਜ਼ਾਰ ਮੇਂ ਖੜਾ ਕਰਕੇ ਜੁੱਤੀਆਂ ਗੈਲ ਕੁਟੂੰ- ਸਮਝਿਆ!”
ਤੇ ਇਸ ਗੱਲ ਤੋਂ ਸਾਰੇ ਜਾਣੂੰ ਸਨ ਕਿ ਉਹ ਸੱਚਮੁੱਚ ਹੀ ਜੁੱਤੀਆਂ ਨਾਲ ਕੁੱਟ ਸਕਦਾ ਸੀ; ਕਿਸੇ ਦੀ ਛੁਡਾਉਣ ਦੀ ਵੀ ਹਿੰਮਤ ਨਹੀਂ ਸੀ ਪੈ ਸਕਦੀ। (ਕਿੰਨੇ ਹੀ ਸ਼ਰਾਬੀ ਬੰਦੇ ਉਹਨੇ ਕੁੱਟੇ ਵੀ ਸਨ।)
ਪਰ ਹੁਣ ਜਿਵੇਂ ਜਿਵੇਂ ਉਹਦੀ ਉਮਰ ਵੱਧ ਰਹੀ ਸੀ; ਹਿੰਮਤ ਵੀ ਜਵਾਬ ਦਿੰਦੀ ਜਾਂਦੀ ਸੀ। ਕਈ ਨਵੇਂ ‘ਸੁਇਮ-ਸੇਵਕ’ ਬਣੇ ਨੌਜਵਾਨਾਂ ਨੇ ਉਹਦੀ ਮੱਦਦ ਲਈ ‘ਸ਼ਹਿਰੀਆਂ’ ਦੇ ਕਈ ਇਕੱਠ ਕੀਤੇ ਸਨ। ਵੱਡੀਆਂ-ਵੱਡੀਆਂ ‘ਸਕੀਮਾਂ’ ਵੀ ਬਣਾਈਆਂ ਸਨ। ਕਈ ਵਾਰ ਕੱਠੇ ਹੋ ਕੇ ਉਸ ਕੋਲ ਜਾ ਕੇ ਦੱਸਿਆ ਵੀ ਸੀ, “ਡਾਕਟਰ ਸਾਹਬ, ਅਸੀਂ ਚਾਰ-ਪੰਜ ਲੱਖ ਰੁਪਿਆ ਕੱਠਾ ਕਰਕੇ ਬਾਹਰ ਇਕ ਪਲਾਟ ਖ਼ਰੀਦ ਕੇ, ਵੱਡਾ ਹਸਪਤਾਲ ਬਣਾਵਾਂਗੇ। ਤੁਸੀਂ ਉਹਦੇ ‘ਡਾਇਰੈਕਟਰ’ ਹੋਵੋਗੇ। ਫ਼ਿਜ਼ੀਸ਼ਨ, ਸਰਜਨ, ਡੈਂਟਿਸਟ- ਹਰ ਤਰ੍ਹਾਂ ਦੇ ਮਾਹਰ ਡਾਕਟਰ ਰਖਾਂਗੇ। ਨਵੀਆਂ ਐਕਸਰੇ ਮਸ਼ੀਨਾਂ ਲਿਆਵਾਂਗੇ….. ਠੀਕ ਐ ਜੀ?”
ਪਹਿਲਾਂ ਪਹਿਲਾਂ ਉਹ ਉਹਨਾਂ ਨੂੰ ‘ਸ਼ਾਬਾਸ਼ੇ’ ਦਿੰਦਾ ਮੁਸਕਰਾ ਕੇ ਕਹਿੰਦਾ, ”ਥਾਨੇ ਜੇ ਇਹ ਕੰਮ ਕਰ ਲੀਆ ਤੋਂ ਇਸਕਾ ਫਲ ਉਰੇ ਹੀ ਮਿਲੇਗਾ…. ਮੇਰਾ ਅਗਲੇ ਜਹਾਨ ਮੇਂ ਕੋਈ ਯਕੀਨ ਨਹੀਂ – ਉਰੇ ਈ ਫਲ ਮਿਲੇ ਤੋ ਤਸੱਲੀ ਹੁੰਦੀ ਹੈ। ਅੱਛੇ ਕੰਮ ਕਰਨ ਵਾਲਿਆਂ ਨੂੰ ਫਲ ਲਾਜ਼ਮੀ ਮਿਲਿਆ ਕਰਦੈ, ਮੇਰਾ ਯਕੀਨ ਰਹਿਐ, ਉਮਰ ਭਰ।”
ਮਹੀਨੇ-ਵੀਹ ਦਿਨ ਬਾਅਦ ਜਦੋਂ ਕੁਝ ਨੌਜਵਾਨ ਆ ਕੇ ਦੱਸਦੇ ਕਿ ਉਹਨਾਂ ਨੇ ਜਗਾਹ ਖਰੀਦਣ ਦੀ ਸਲਾਹ ਬਣਾ ਲਈ ਹੈ ਤੇ ਬਸ ਥੋੜ੍ਹੇ ਜਿਹੇ ਪੈਸੇ ਘੱਟ ਹਨ, ਪੂਰੇ ਹੋਣ ਤੇ ਉਹ ਰਜਿਸਟਰੀ ਕਰਵਾ ਲੈਣਗੇ ਤਾਂ ਉਸ ਦਿਨ ਉਹ ਬਹੁਤ ਖੁਸ਼ ਹੁੰਦਾ। ਆਪਣੇ ਬੁੱਢੇ ਹੱਡਾਂ ਵਿੱਚ ਵੀ ਉਹਨੂੰ ਜਵਾਨੀ ਜਿੰਨਾਂ ਬਲ ਲੱਗਦਾ। ਰਾਤ ਨੂੰ ਨੀਂਦ ਨਾ ਆਉਂਦੀ। ਮਨ ਵਿੱਚ ਨਵੇਂ ਹਸਪਤਾਲ ਦੇ ਨਕਸ਼ੇ ਬਾਰੇ ਚਿਤਵਦਾ ਰਹਿੰਦਾ। ਬੜੀ ਫੁਰਤੀ ਨਾਲ ਏਧਰ-ਉਧਰ ਆ ਜਾ ਰਹੇ ਡਾਕਟਰਾਂ ਤੇ ਨਰਸਾਂ ਬਾਰੇ ਸੋਚਦਾ ਤੇ ਫੇਰ ਉਹਨੂੰ ਕਰਾਹ ਰਹੇ ਮਰੀਜ਼ਾਂ ਦੀਆਂ ਆਵਾਜ਼ਾਂ, ਸ਼ਾਂਤ ਹੁੰਦੀਆਂ ਸੁਣਦੀਆਂ।
….ਅਤੇ ਅਜਿਹੇ ਵੇਲੇ ਉਹ ਬਹੁਤ ਭਾਵੁਕ ਹੋ ਜਾਂਦਾ।
ਸਮਾਂ ਬੀਤ ਗਿਆ। ਮੰਡੀ ਦੇ ਨੌਜਵਾਨਾਂ ਨੇ ਕਈ ਨਵੀਆਂ ਨਵੀਆਂ ਕਲੱਬਾਂ ਬਣਾ ਲਈਆਂ। ਉਹ ਉੱਥੇ ਕੱਠੇ ਹੁੰਦੇ, ਸੱਭਿਆਚਾਰਕ ਪ੍ਰੋਗਰਾਮ ਰਚਾਉਂਦੇ, ਡਿਨਰ ਖਾਂਦੇ ਤੇ ਕਦੇ ਕਦੇ ਅੱਖਾਂ ਦੇ, ਦੰਦਾਂ ਦੇ ਜਾਂ ਹੱਡੀਆਂ ਦੀਆਂ ਬੀਮਾਰੀਆਂ ਦੇ ਇਲਾਜ ਲਈ ‘ਕੈਂਪ’ ਵੀ ਲਾਉਂਦੇ। ਬਾਹਰੋਂ ਡਾਕਟਰ ਵੀ ਆਉਂਦੇ। ਅਜਿਹੇ ਵੇਲੇ ਉਹ ਡਾਕਟਰ ਸਾਹਬ ਨੂੰ ਪ੍ਰਧਾਨਗੀ ਕਰਨ ਲਈ ਵੀ ਸੱਦ ਲਿਜਾਂਦੇ। ਪਰ ਬਾਹਰੋਂ ਆਏ ਨੌਜਵਾਨ ਡਾਕਟਰ ਉਸ ਨਾਲ ਇੰਜ ਮਿਲਦੇ ਜਿਵੇਂ ਉਹ ਕਿਸੇ ਡਾਕਟਰ ਨਾਲ ਨਹੀਂ, ਮੰਡੀ ਦੇ ਕਿਸੇ ਹਟਵਾਣੀਏਂ ਨਾਲ ਮਿਲਦੇ ਹੋਣ। ਕੋਈ ਡਾਕਟਰ ਉਸ ਕੋਲੋਂ ਉਹਦੇ ਚਾਲੀ ਸਾਲ ਦੇ ਤਜਰਬਿਆਂ ਬਾਰੇ, ਦਵਾਈਆਂ ਬਾਰੇ, ਇਲਾਜ ਬਾਰੇ ਕੋਈ ਗੰਭੀਰ ਰਾਏ ਨਹੀਂ ਸੀ ਪੁੱਛਦਾ। ਅਜਿਹੇ ਇਕੱਠਾਂ ਵਿੱਚ ਬੋਲਣ ਦਾ ਉਸਦਾ ਕੋਈ ਅਭਿਆਸ ਨਹੀਂ ਸੀ। ਜਦੋਂ ਨੌਜਵਾਨ ਮੁੰਡੇ ਉਹਨੂੰ ਪ੍ਰਧਾਨ ਵਜੋਂ ਕੁੱਝ ਬੋਲਣ ਲਈ ਕਹਿੰਦੇ ਤਾਂ ਉਹ ਉਠ ਕੇ ਅਸ਼ੀਰਵਾਦ ਦਿੰਦਾ ਤੇ ਉਹਨਾਂ ਦੇ ਚੰਗੇ ਮਿਸ਼ਨ ਦੀ ਸਫਲਤਾ ਲਈ ਚਾਰ ਸ਼ਬਦ ਬੋਲ ਦਿੰਦਾ। ਇਸ ਤੋਂ ਵੱਧ ਕੁੱਝ ਕਹਿ ਨਹੀਂ ਸੀ ਸਕਦਾ।
ਅਜਿਹੇ ਸਮਾਗਮਾਂ ਤੋਂ ਵਾਪਸ ਪਰਤ ਕੇ ਡਾਕਟਰ ਕੌੜਾ ਹੋਰ ਵੀ ਉਦਾਸ ਹੋ ਜਾਂਦਾ। ਹੁਣ ਜਦੋਂ ਕਦੇ ਕੁੱਝ ਨੌਜਵਾਨ ਉਸ ਕੋਲ ਆ ਕੇ ਹਸਪਤਾਲ ਦੀਆਂ ਯੋਜਨਾਵਾਂ ਦੱਸਦੇ ਤਾਂ ਉਹ ਸੁੰਨਾ-ਸੁੰਨ। ਉਹਨਾਂ ਦੇ ਚਿਹਰਿਆਂ ਵੱਲ ਝਾਕਦਾ, ਚੁੱਪਚਾਪ ਸੁਣਦਾ ਰਹਿੰਦਾ। ਕਦੇ ਕਦੇ ਬਸ ਏਨਾ ਕਹਿੰਦਾ, “ਕੁਛ ਕਰੋ ਬੀ ਨਾ! ਨੂਈਂ ਬਾਤਾਂ ਕਰਨ ਦਾ ਕਿਆ ਫਾਇਦਾ – ਬਾਤਾਂ ਗੈਲ ਤੋ ਕੁੱਛ ਨਹੀਂ ਹੁੰਦਾ।” ਪਰ ਜਦੋਂ ਉਹਨੂੰ ਇਹ ਅਹਿਸਾਸ ਹੋ ਗਿਆ ਕਿ ਨਵੀਂ ਪੀੜ੍ਹੀ ਦੇ ਨੌਜਵਾਨ, ਸਿਵਾਏ ਆਪਣੀ ਵਾਹ-ਵਾਹ ਖੱਟਣ ਦੇ ਹੋਰ ਕੁੱਝ ਕਰਨ ਜੋਗੇ ਨਹੀਂ ਤਾਂ ਉਹ ਬਹੁਤ ਹੀ ਨਿਰਾਸ਼ ਹੋ ਗਿਆ। ਆਪਣੇ ‘ਕੌੜਾ ਕਲਿਨਿਕ’ ਵਿੱਚ, ਉਹਨਾਂ ਹੀ ਸਿੱਲ੍ਹੇ ਕਮਰਿਆਂ ਵਿੱਚ ਪਏ ਮਰੀਜ਼ਾਂ ਵੱਲ ਵੀ ਉਹਦਾ ਧਿਆਨ ਘੱਟ ਗਿਆ। ਜੋ ਤਿੰਨ-ਚਾਰ ਮੁੰਡੇ ਕੁੜੀਆਂ ਉਸ ਕੋਲੋਂ ਸਿਰਫ਼ ਪ੍ਰੈਕਟਿਸ ਦੇ ਸਰਟੀਫ਼ਿਕੇਟ ਲੈਣ ਆਏ ਸਨ, ਉਹਨਾਂ ਨੇ ਦੋ-ਦੋ ਚਾਰ-ਚਾਰ ਸਾਲ ਬਾਅਦ, ਨਾਲ ਦੇ ਪਿੰਡਾਂ ਵਿੱਚ ਆਪਣੇ ਕਲਿਨਿਕ ਖੋਲ੍ਹ ਲਏ। ਉਹਨਾਂ ਹੀ ਪਿੰਡਾਂ ਦੇ ਵਿਗੜੇ ਕੇਸ ਜਦੋਂ ਉਸ ਕੋਲ ਆਉਂਦੇ ਤਾਂ ਉਹ ਹੈਰਾਨ ਹੋ ਜਾਂਦਾ ਕਿ ਉਸ ਕੋਲ ਕੰਪਾਊਡਰ ਲੱਗੇ ਮੁੰਡੇ ਹੁਣ ‘ਡਾਕਟਰ’ ਬਣ ਕੇ ਕਿੰਜ ਲੋਕਾਂ ਦੀ ਛਿੱਲ ਲਾਹ ਰਹੇ ਸਨ। ਕਈ ਸਕੂਟਰ, ਕਾਰਾਂ ਵੀ ਲਈ ਫਿਰਦੇ ਸਨ, ਪਰ ਉਸਨੇ ਸਾਰੀ ਉਮਰ ਸਾਈਕਲ ਵੀ ਖ਼ਰੀਦ ਕੇ ਨਹੀਂ ਸੀ ਦੇਖਿਆ। ਉਹਨਾਂ ਦੇ ਗ਼ਲਤ ਦੁਆਈਆਂ ਦੇ ਕੇ ਬੇਲੋੜੇ ਟੀਕੇ ਲਾ ਕੇ ਵਿਗੜੇ ਕੇਸ ਉਸ ਕੋਲ ਆਉਂਦੇ ਉਹਨਾਂ ਦਾ ਇਲਾਜ ਕਰਦਾ ਉਹ ਉਹਨਾਂ ਆਪਣੇ ‘ਬਣਾਏ’ ਡਾਕਟਰਾਂ ਨੂੰ ਬੁਰਾ-ਭਲਾ ਕਹਿੰਦਾ ਰਹਿੰਦਾ। ਉਹਦਾ ਜੀ ਕਰਦਾ ਉਹਨਾਂ ਨੂੰ ਬੁਲਾ ਕੇ ਖੂਬ ਝਿੜਕ-ਝੰਬ ਕਰੇ ਕਿ ਉਹ ਕਿਉਂ ਉਸਦਾ ਨਾਂ ਬਦਨਾਮ ਕਰਨ ਲੱਗੇ ਸਨ। ਪਰ ਇਕ-ਦੋਂਹ ਨੂੰ ਛੱਡ ਕੇ ਕਦੇ ਕੋਈ ਪੁਰਾਣਾ ਸ਼ਾਗਿਰਦ ਉਸ ਕੋਲ ਨਹੀਂ ਸੀ ਆਇਆ। ਫੇਰ ਕੀਹਨੂੰ ਕੁੱਝ ਸਮਝਾਏ?
ਡਾਕਟਰ ਕੌੜਾ ਦੀ ਸਾਰੀ ਉਮਰ ਇਹ ਆਦਤ ਰਹੀ ਕਿ ਜਦੋਂ ਵੀ ਐਮਰਜੈਂਸੀ ਆਈ ਉਹਨੇ ਬਿਨਾਂ ਆਪਣੇ ਆਰਾਮ ਦਾ ਖ਼ਿਆਲ ਕੀਤਿਆਂ ਸਾਰੀ ਸਾਰੀ ਰਾਤ ਵੀ ਆਪਣੇ ਕਲਿਨਿਕ ਵਿੱਚ ਬਿਤਾਈ। ਹੁਣ ਵੀ ਅਜਿਹੇ ਵੇਲੇ ਉਹ ਇਨਕਾਰ ਨਹੀਂ ਸੀ ਕਰ ਸਕਦਾ। ਅੱਸੀ ਸਾਲ ਦੇ ਨੇੜੇ ਪਹੁੰਚਣ ਦੇ ਬਾਵਜੂਦ ਉਹ ਤੜਕਸਾਰ ਆਪਣੇ ਕਲਿਨਿਕ ਪਹੁੰਚ ਜਾਂਦਾ। ਦੁਪਹਿਰੇ ਵੀ ਘੱਟ ਹੀ ਆਰਾਮ ਕਰਦਾ। ਉਸਦੇ ਰੱਖੇ ਨਵੇਂ ਨਵੇਂ ਕੰਪਾਊਡਰਾਂ ਤੇ ‘ਨਰਸ’ ਕੁੜੀਆਂ ਨੂੰ ਬਹੁਤ ਹੀ ਚੰਗੀ ਤਰ੍ਹਾਂ ਹਦਾਇਤਾਂ ਕਰਦਾ; ਸਮਝਾਉਂਦਾ ਕਿ ਉਹਨਾਂ ਦੀ ਕੀ ਡਿਊਟੀ ਸੀ। ਜਿਹੜਾ ਕੋਈ ਮੁੰਡਾ, ਕੁੜੀ ਸਿਰਫ਼ ਪਹਿਨਣ-ਪਚਰਨ ’ਚ ਸਮਾਂ ਬਰਬਾਦ ਕਰਕੇ ਮਰੀਜ਼ਾਂ ਵਲ ਬੇਧਿਆਨੀ ਕਰਦਾ ਉਹਨੂੰ ਉਹ ਪਹਿਲਾਂ ਘੂਰ-ਘੱਪ ਕਰਦਾ, ਪਰ ਉਹਦੇ ਬਾਰ-ਬਾਰ ਗਲਤੀ ਕਰਨ ਉਤੇ ਕਲਿਨਿਕ ’ਚੋਂ ਕੱਢ ਦਿੰਦਾ ਤੇ ਹੋਰ ਰੱਖ ਲੈਂਦਾ। (ਹੁਣ ਪੜ੍ਹੇ ਲਿਖੇ ਮੁੰਡੇ-ਕੁੜੀਆਂ ਦਾ ਕੋਈ ਘਾਟਾ ਵੀ ਨਹੀਂ ਸੀ ਰਿਹਾ। ਇਕ ਹਟਾ ਦਿੰਦਾ ਤਾਂ ਕਈ ਵਾਰ ਦਸ ਦਸ ਮੁੰਡੇ-ਕੁੜੀਆਂ ਦੇ ਮਾਪੇ ਤੇ ਰਿਸ਼ਤੇਦਾਰ ਆ ਕੇ ਉਸਦੀਆਂ ਮਿੰਨਤਾਂ ਕਰਦੇ ਕਿ ਉਹਨਾਂ ਦੇ ਮੁੰਡੇ, ਕੁੜੀ ਨੂੰ ਕੰਮ ਲਈ ਰੱਖ ਲਵੇ।)
ਤੇ ਫੇਰ ਅਚਾਨਕ ਇਕ ਦਿਨ, ਸਭ ਲੋਕਾਂ ਨੇ ਇਹ ਦੁਖਦਾਈ ਖ਼ਬਰ ਸੁਣੀ ਕਿ ਡਾਕਟਰ ਸੀਤਾ ਰਾਮ ਕੌੜਾ ਰਾਤੀਂ ਸੁੱਤਾ ਹੀ ਰਹਿ ਗਿਆ। ਸੈਂਕੜੇ ਲੋਕ ਉਹਦੇ ਅੰਤਿਮ ਸਸਕਾਰ ਲਈ ਕੱਠੇ ਹੋਏ। ਕਈ ਦਿਨ ਉਹਦੀਆਂ ਗੱਲਾਂ ਇੰਜ ਹੁੰਦੀਆਂ ਰਹੀਆਂ ਜਿਵੇਂ ਕੋਈ ਭੁਚਾਲ ਆਇਆ ਹੋਵੇ। ਉਹਦੇ ਵੱਡੇ ਸ਼ਹਿਰਾਂ ਵਿੱਚ ਰਹਿੰਦੇ ਦੋਵੇਂ ਮੁੰਡੇ ਆਏ ਤੇ ਉਹਦੇ ਕਲਿਨਿਕ ਦਾ ਸਾਰਾ ਸਾਮਾਨ, ਇਕ ਨਵੇਂ ਆਏ ਡਾਕਟਰ ਨੂੰ ਵੇਚ ਕੇ ਆਪਣੀ ਬੁੱਢੀ ਮਾਂ ਨੂੰ ਨਾਲ ਲੈ ਕੇ ਚਲੇ ਗਏ।
ਕੁਝ ਮਹੀਨੇ ਬਾਅਦ ਲੋਕ ਡਾਕਟਰ ਸੀਤਾ ਰਾਮ ਨੂੰ ਇੰਜ ਭੁੱਲ ਗਏ ਜਿਵੇਂ ਉਹ ਏਥੇ ਕਦੇ ਹੁੰਦਾ ਹੀ ਨਹੀਂ ਸੀ। ਨਵੇਂ ਆਏ ਇਕ ਡਾਕਟਰ ਨੇ, ਉਸੇ ਪੁਰਾਣੇ ਹਾਤੇ ਵਿੱਚ ਨਵਾਂ ‘ਗੁਪਤਾ ਹਸਪਤਾਲ’ ਖੋਲ੍ਹ ਲਿਆ ਸੀ। ਸੇਠ ਸ਼ਿਵ ਲਾਲ ਦੇ ਪੁੱਤ-ਪੋਤੇ ਸ਼ਾਇਦ ਕਲਕੱਤੇ ਜਾ ਵਸੇ ਸਨ। ਉਹਨਾਂ ਨੇ ਇਹ ਹਾਤਾ (ਜਿੱਥੇ ਕਦੇ ‘ਕੌੜਾ ਕਲਿਨਿਕ’ ਹੁੰਦਾ ਸੀ) ਡਾਕਟਰ ਗੁਪਤਾ ਨੂੰ ਵੇਚ ਦਿੱਤਾ ਸੀ। ਉਹਨੇ ਪੁਰਾਣੇ ਕਮਰੇ ਢਾਹ ਕੇ ਨਵੇਂ ਬੈੱਡ, ਨਵੀਆਂ ਸਕੈਨਿੰਗ ਮਸ਼ੀਨਾਂ ਤੇ ਲਿਬਾਰਟਰੀ ਦਾ ਸਮਾਨ ਲੈ ਆਂਦਾ ਸੀ। ਹੁਣ ਡਾਕਟਰ ਕੌੜਾ ਦੇ ਕਲਿਨਿਕ ਵਾਂਗ ”ਆਮ-ਖਾਸ’ ਮਰੀਜ਼ ਏਥੇ ਦਾਖਲ ਨਹੀਂ ਸਨ ਕੀਤੇ ਜਾਂਦੇ। ਸਿਰਫ਼ ਸਰਦੇ-ਪੁਜਦੇ ਲੋਕ ਹੀ ਦਾਖਲ ਹੋ ਸਕਦੇ ਸਨ।
ਫੇਰ ਇਕ ਦਿਨ ਲੋਕਾਂ ਨੇ ਦੇਖਿਆ ਕਿ ਪੁਰਾਣੇ ‘ਕੌੜਾ ਕਲਿਨਿਕ’ ਤੇ ਹੁਣ ਨਵੇਂ ‘ਗੁਪਤਾ ਹਸਪਤਾਲ’ ਦੇ ਸਾਹਮਣੇ, ਥੜ੍ਹੇ ਉੱਤੇ ਇੱਕ ਬੰਦਾ ਮਰਿਆ ਪਿਆ ਸੀ। ਇਕ ਨਵੀਂ ਬਣੀ ‘ਸਹਾਰਾ ਕਲੱਬ’ ਦੇ ਨੌਜਵਾਨ ਮੁੰਡੇ ਉਹਦੇ ਸਸਕਾਰ ਦਾ ਪ੍ਰਬੰਧ ਕਰਦੇ ਫਿਰਦੇ ਸਨ (ਕਿਉਂਕਿ ਇਹ ਕੋਈ ਲਾਵਾਰਸ ਬੰਦਾ ਸੀ- ਸ਼ਾਇਦ ਬਿਹਾਰੀ ਮਜ਼ਦੂਰ ਜਾਂ ਉੱਤਰ ਪ੍ਰਦੇਸ਼ ਦਾ ਭੱਈਆ)। ਕੁਝ ਨੌਜਵਾਨਾਂ ਨੂੰ ਜਦੋਂ ਪਤਾ ਲੱਗਿਆ ਕਿ ਡਾਕਟਰ ਗੁਪਤਾ ਨੇ ਰਾਤ ਉਹਨੂੰ ਦਾਖ਼ਲ ਨਹੀਂ ਸੀ ਕੀਤਾ ਤੇ ਉਹ ਥੜ੍ਹੇ ਉਤੇ ਪਿਆ ਹੀ ਮਰ ਗਿਆ ਸੀ ਤਾਂ ਉਹ ਉਤੇਜਿਤ ਹੋ ਕੇ ਡਾਕਟਰ ਨਾਲ ਲੜਨ ਲੱਗ ਪਏ। ਪਰ ਡਾਕਟਰ ਗੁਪਤਾ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਬੇਇੱਜ਼ਤ ਕਰਕੇ ਬਾਹਰ ਕੱਢ ਦਿੱਤਾ। ਉਹ ‘ਘੁਰ-ਘੁਰ’ ਕਰਦੇ ਮੁੜ ਆਏ। (ਕਈਆਂ ਨੇ ਥਾਣੇ ਉਸਦੀ ‘ਅਣਗਹਿਲੀ’ ਦੀ ਰਿਪੋਰਟ ਵੀ ਕਰਨੀ ਚਾਹੀ, ਪਰ ਥਾਣੇਦਾਰ ਨੇ ਕਾਨੂੰਨ ਸਮਝਾ ਕੇ ਮੋੜਨਾ ਚਾਹਿਆ ਤਾਂ ਝਗੜਾ ਵੀ ਹੋਇਆ। ਅਖ਼ੀਰ ਥਾਣੇਦਾਰ ਨੇ ਸਿਪਾਹੀਆਂ ਤੋਂ ਚਾਰ ਡੰਡੇ ਮਰਵਾ ਕੇ ਸਭ ਨੂੰ ਬਾਹਰ ਕੱਢ ਦਿੱਤਾ।) ਸਾਰੀ ਕਾਨੂੰਨੀ ਕਾਰਵਾਈ ਪੂਰੀ ਕਰਨ ਮਗਰੋਂ ਜਦੋਂ ਨੌਜਵਾਨ ਮੁੰਡਿਆਂ ਨੇ ਉਸ ਲਾਵਾਰਸ ਬੰਦੇ ਦਾ ਸਸਕਾਰ ਕਰ ਦਿੱਤਾ ਤਾਂ ਇਕ ਵਾਰ ਮੰਡੀ ਤੇ ਆਸੇ-ਪਾਸੇ ਦੇ ਪਿੰਡਾਂ ਵਿੱਚ ਮੁੜ ਡਾਕਟਰ ਸੀਤਾ ਰਾਮ ਕੌੜਾ ਦੀ ਚਰਚਾ ਸ਼ੁਰੂ ਹੋ ਗਈ; ਪਰ ਇਹ ਚਰਚਾ ਬਿਲਕੁਲ ਇੰਜ ਸੀ ਜਿਵੇਂ ਕਿਸੇ ਮੁੰਡੇ-ਖੁੰਡੇ ਨੇ ਛੱਪੜ ਵਿੱਚੋਂ ਮੱਝ ਕੱਢਣ ਲਈ ਵਾਹਣ ਵਿੱਚੋਂ ਚੁੱਕ ਕੇ ਦੋ-ਚਾਰ ਡਲ਼ੇ ਚਲਾਏ ਹੋਣ। ਕੁਝ ਦਿਨਾਂ ਮਗਰੋਂ ਲੋਕ ਫੇਰ ਆਪੋ-ਆਪਣੇ ਕੰਮਾਂ-ਧੰਦਿਆਂ ਵਿੱਚ ਰੁਝ ਕੇ ਡਾਕਟਰ ਕੌੜਾ ਨੂੰ ਭੁੱਲ ਗਏ। ਬਸ ਇਕ ਬੁੱਢੇ ਆੜ੍ਹਤੀਏ ਫੁੱਮਣ ਮੱਲ ਨੇ ਹੀ ਆਪਣੇ ਇਕ ਹਾਣੀ ਕੋਲ ਇਕ ਦਿਨ ਏਨੀ ਗੱਲ ਛੇੜੀ, “ਕਿਉਂ ਬਈ ਸੰਤ ਰਾਮਾ, ਡਾਕਟਰ ਸੀਤਾ ਰਾਮ ਨੂੰ ਲੋਕ ਊਂ-ਈਂ ਭੁੱਲਗੇ; ਐਂ ਬੀ ਕਦੇ ਹੁੰਦੀ ਸੁਣੀਂ ਸੀ! …. ਹੁਣ ਤਾਂ ਐਡੇ ਐਡੇ ਬੱਡੇ ਬੰਦਿਆਂ ਦਾ ਬੀ ਕੋਈ ਕੁੱਤੇ-ਬਿੱਲੇ ਜਿੰਨਾਂ ਮਸੋਸ ਨੀਂ ਕਰਦਾ- ਹੈਂ ਕਿ ਨਹੀਂ?
ਸੰਤ ਰਾਮ ਦੁਕਾਨ ਦੇ ਥੜ੍ਹੇ ਉੱਤੇ ਡਾਹੀ ਮੰਜੀ ‘ਤੇ ਪਿਆ ਖੰਘੀ ਗਿਆ, ਬੋਲ ਨਹੀਂ ਸਕਿਆ। ਉਹਦੀ ਹਾਲਤ ਦੇਖ ਕੇ ਫੁੱਮਣ ਮੱਲ ਢਿੱਲੀ ਜਿਹੀ ਆਵਾਜ਼ ’ਚ ਫੇਰ ਬੋਲਿਆ, “ਲੈ ਹੁਣ ਉਹ ਹੁੰਦਾ ਤਾਂ ਤੈਨੂੰ ਦਖਾਈ ਆਉਂਦੇ… ਹੁਣ ਜਾਈਏ ਕਿੱਥੇ!”
ਪਰ ਉਸੇ ਵੇਲੇ ਦੁਕਾਨ ਅੰਦਰੋਂ ਨਿਕਲ ਕੇ ਸੰਤ ਰਾਮ ਦਾ ਵੱਡਾ ਮੁੰਡਾ ਉਸ ਵੱਲ ਘੂਰਦਾ ਬੋਲਿਆ, “ਤਾਇਆ ਫੁੱਮਣ ਮੱਲਾ ਕਿਉਂ ਸਾਰਾ ਦਿਨ ਭੌਂਕੀ ਜਾਨਾ ਹੁੰਨੈ!…. ਉਹ ਕੋਈ ਡਾਕਟਰ ਸੀ? -ਕਲ੍ਹ ਗੁਪਤਾ ਡਾਕਟਰ, ਇਹਦੇ ਡੂਢ ਸੌ ਦਾ ਟੀਕਾ ਲਾ ਕੇ ਗਿਐ। ਅੱਸੀਆਂ ਦੀ ਦੁਆਈ ਦਿੱਤੀ ਐ। ਤੂੰ ਐਂ ਬੋਲੀ ਜਾਨੈ ਜਿਵੇਂ ਇਹਨੂੰ ਅਸੀਂ ਬਾਹਰ ਕੱਢ ਕੇ ਮਰਨ ਨੂੰ ਬਹਾਇਆ ਹੁੰਦੈ।…. ਇਹਨੂੰ ਵੀ ਅੰਦਰ ਜਕ ਨ੍ਹੀਂ ਆਉਂਦੀ-ਬਾਹਰ ਥੜ੍ਹੇ ‘ਤੇ ਆ ਕੇ ਲੋਕਾਂ ਨੂੰ ਤਮਾਸ਼ਾ ਦਖੌਂਦੈ, ਵੈਰੀ!”
ਫੁੱਮਣ ਮੱਲ ਦਾ ਮੂੰਹ ਅੱਡਿਆ ਰਹਿ ਗਿਆ। ਉਹ ਚੁੱਪ ਕਰਕੇ ਅੰਦਰ ਪੁਰਾਣੀ ਗੱਦੀ ਉੱਤੇ ਆ ਬੈਠਾ ਤੇ ਪਸ਼ੇਮਾਨ ਹੋਈ ਗਿਆ ਕਿ ਉਹਨੂੰ ਭਲਾ ਅਜਿਹੀ ਗੱਲ ਕਹਿਣ ਦੀ ਕੀ ਲੋੜ ਸੀ?- ਸਿਰ ਨੀਵਾਂ ਪਾ ਕੇ ਉਹ ਵੀ ਖੰਘਣ ਲੱਗ ਪਿਆ। ਉਹਨੂੰ ਬਾਜ਼ਾਰ ’ਚ ਹਿਸਾਬ-ਕਿਤਾਬ ਕਰਨ ਗਏ ਆਪਣੇ ਮੁੰਡੇ; ਰੂਪ ਕੁਮਾਰ ਦਾ ਖ਼ਿਆਲ ਸੀ ਕਿ ਜੇ ਭਲਾ ਉਹਨੂੰ ਮੁੜ ਕੇ ਆਏ ਨੂੰ ਸੰਤ ਰਾਮ ਦੇ ਮੁੰਡੇ ਨੇ ਦੱਸ ਦਿੱਤਾ ਤਾਂ ਫੇਰ ਰੂਪ ਉਹਦੀ ਲਾਅ-ਪਾਅ ਕਰੂ। ਇਹ ਸੋਚ ਕੇ ਉਹ ਸੱਚੀਂ ਡਰ ਗਿਆ ਕਿ ਜਿਵੇਂ ਕੋਈ ਵੱਡੀ ਖੁਨਾਮੀ ਕਰ ਬੈਠਾ ਹੋਵੇ।
“ਆਹ ਵੀ ਜ਼ਮਾਨੇ ਆਉਣੇ ਸੀ!” ਫੁੱਮਣ ਮੱਲ ਖੰਘ ਰੁਕਦਿਆਂ ਕੁੱਝ ਦੁਖੀ ਵਾਜ ’ਚ ਬੋਲਿਆ, “ਜੇ ਕਿਸੇ ਨਾਲ ਹਮਦਰਦੀ ਦੀ ਗੱਲ ਕਰੀਏ ਤਾਂ ਉਹ ਵੀ ਖਾਣ ਨੂੰ ਆਉਂਦੈ। ਆਹ ਵੀ ਕੋਈ ਗੱਲ ਬਣੀਂ!… ਹੱਦ ਹੋ-ਗਈ!”
ਤੇ ਉਹਨੂੰ ਯਾਦ ਆਇਆ ਕਿ ਕਈ ਵਰ੍ਹਿਆਂ ਮਗਰੋਂ ਉਹਨੇ ਸ਼ਾਇਦ ਪਹਿਲੀ ਵਾਰੀ ਆਪਣਾ ਇਹ ਤਕੀਆ-ਕਲਾਮ ਬੋਲਿਆ ਸੀ ਜਿਹੜਾ ਮੁੰਡਿਆਂ ਨੇ ਹਰਖ ਨਾਲ ਝਿੜਕ ਕੇ ਉਹਨੂੰ ਬੋਲਣੋਂ ਹਟਾ ਦਿੱਤਾ ਸੀ ਅਕੇ “ਬਾਈ ਕੀ ਸਾਰਾ ਦਿਨ ਭੌਂਕੀ ਜਾਨੈ, ‘ਹੱਦ ਹੋ-ਗੀ ਹੱਦ ਹੋ-ਗੀ’, ਕਾਹਦੀ ਹੱਦ-ਹੋ-ਗੀ?”
ਪੰਜਾਬੀ ਕਹਾਣੀਆਂ (ਮੁੱਖ ਪੰਨਾ) |