ਸ਼ਾਹੀ ਹਕੀਮ ਪਿਆਰਾ ਸਿੰਘ ਦਾਤਾ
ਅਕਬਰ ਨੇ ਬੰਗਾਲ ਦੀ ਮੁਹਿੰਮ ਤੇ ਬਾਗ਼ੀਆਂ ਦੀ ਸਿਰਕੋਬੀ ਲਈ ਬੀਰਬਲ ਨੂੰ ਘਲਿੱਆ। ਬਾਗੀਆਂ ਨਾਲ ਲੜਾਈ ਸ਼ੁਰੂ ਹੋਣ ਵਾਲੀ ਸੀ, ਕਿ ਬੀਰਬਲ ਬੀਮਾਰ ਪੈ ਗਿਆ। ਉਸਦਾ ਪੇਟ ਪਥਰ ਵਾਂਗ ਸਖ਼ਤ ਹੋ ਗਿਆ, ਤੇ ਖਾਣਾ ਪੀਣਾ ਹਜ਼ਮ ਹੋਣੋਂ ਰਹਿ ਗਿਆ। ਉਸਨੂੰ ਸਖ਼ਤ ਤਰ੍ਹਾਂ ਦੀ ਕਬਜ਼ੀ ਹੋ ਗਈ।
ਨਾਲ ਦੇ ਪਿੰਡ ਵਿਚ ਸੁਲਤਾਨ ਨਾਂ ਦਾ ਇਕ ਨੀਮ ਹਕੀਮ ਰਹਿੰਦਾ ਸੀ। ਸਿਪਾਹੀ ਉਸਨੂੰ ਫੜ੍ਹ ਲਿਆਏ। ਉਸ ਨੇ ਆਂਦਿਆਂ ਸਾਰ ਬੀਰਬਲ ਦੀ ਨਬਜ਼ ਵੇਖੀ, ਤਾਂ ਕਹਿਣ ਲੱਗਾ, ਕਿ ਗਰਮ ਪਾਣੀ ਨਾਲ ਹਰੜਾਂ ਪੀਹ ਕੇ ਪਿਲਾਓ, ਫ਼ੋਰਨ ਆਰਾਮ ਆ ਜਾਵੇਗਾ।
ਹਰੜਾਂ ਪੀਹ ਕੇ ਗਰਮ ਪਾਣੀ ਨਾਲ ਪਿਲਾਈਆਂ ਗਈਆਂ, ਤਾਂ ਬੀਰਬਲ ਦਾ ਪੇਟ ਸਾਫ਼ ਹੋ ਗਿਆ, ਤੇ ਦੋਹਾਂ ਦਿਨਾਂ ਵਿਚ ਉਸਦੀ ਤਬੀਅਤ ਨੌ ਬਰ ਨੌ ਹੋ ਗਈ। ਬੀਰਬਲ ਦਾ ਸੁਲਤਾਨ ਤੇ ਇਨਾਂ ਵਿਸ਼ਵਾਸ ਹੋ ਗਿਆ ਕਿ ਉਸ ਨੇ ਆਪਣੀ ਫੋਜ ਦੇ ਦੋ ਹਿੱਸੇ ਕਰ ਦਿਤੇ। ਇਕ ਦੀ ਕਮਾਨ ਆਪਣੇ ਹੱਥ, ਅਰ ਦੂਜੇ ਹਿੱਸੇ ਦੀ ਸੁਲਤਾਨੇ ਦੇ ਹੱਥ ਸੌਂਪ ਦਿੱਤੀ। ਦੋਵੇਂ ਫੋਜਾਂ ਦੁਸ਼ਮਨ ਵਲ ਦੋ ਵੱਖ-ਵੱਖ ਪਾਸਿਆਂ ਤੋਂ ਅੱਗੇ ਵਧੀਆਂ।
ਸੁਲਤਾਨਾ ਹਕੀਮ ਕੋਈ ਜਰਨੈਲ ਨਹੀਂ ਸੀ, ਕਿਸਮਤ ਨੇ ਉਸਨੂੰ ਪਿੰਡ ਦੀ ਗੁਮਨਾਮ ਧਰਤੀ ਤੋਂ ਉਠਾ ਕੇ ਜਰਨੈਲੀ ਦੀ ਕੁਰਸੀ ਤੇ ਬਿਠਾ ਦਿੱਤਾ। ਉਹ ਚੰਗੀ ਤਰ੍ਹਾਂ ਜਾਣਦਾ ਸੀ, ਕਿ ਫੋਜ ਦੀ ਜਰਨੈਲੀ ਉਸ ਦੇ ਵਸ ਦਾ ਰੋਗ ਨਹੀਂ ਹੈ, ਪਰ ਰਬ ਤੇ ਡੋਰੀ ਸੁੱਟਕੇ ਫੋਜ ਨੂੰ ਬਾਗੀਆਂ ਦੇ ਮੋਰਚੇ ਦੇ ਨੇੜੇ ਹੀ ਇਕ ਮੈਦਾਨ ਵਿਚ ਡੇਰੇ ਲਾਣ ਦਾ ਹੁਕਮ ਦਿੱਤਾ।
ਦੇਸੋਂ ਪ੍ਰਦੇਸ, ਤੇ ਖੁਰਾਕ ਅਛੀ ਤੇ ਵਕਤ ਸਿਰ ਨਾ ਮਿਲਣ ਕਰ ਕੇ ਸੁਲਤਾਨੇ ਹਕੀਮ ਵਾਲੀ ਫੋਜ ਦੇ ਬਹੁਤ ਸਾਰੇ ਸਿਪਾਹੀ ਬੀਮਾਰ ਪੈ ਗਏ। ਹਕੀਮ ਨੇ ਅਫਸਰਾਂ ਨੂੰ ਹੁਕਮ ਦਿੱਤਾ, ਸਭ ਸਿਪਾਹੀਆਂ ਨੂੰ ਗਰਮ ਪਾਣੀ ਨਾਲ ਹਰੜਾਂ ਪੀਹ ਕੇ ਪਿਲਾਓ। ਸਾਰੇ ਸਿਪਾਹੀਆਂ ਨੂੰ ਹਰੜਾਂ ਦਾ ਪੀਸਾ ਮਿਲਣਾ ਸ਼ੁਰੂ ਹੋ ਗਿਆ, ਤੇ ਸਾਰਿਆਂ ਨੂੰ ਜ਼ੁਲਾਬ ਲੱਗ ਗਏ। ਉਧਰ ਜਰਨੈਲ ਦਾ ਹੁਕਮ ਸੀ, ਕਿ ਜਦ ਤੀਕ ਇਹ ਬੀਮਾਰੀ ਪਿੱਛਾ ਨਾ ਛੱਡ ਜਾਵੇ, ਦਵਾਈ ਬਰਾਬਰ ਜਾਰੀ ਰਹੇ। ਨਤੀਜਾ ਇਹ ਨਿਕਲਿਆ ਕਿ ਸਾਹਮਣੇ ਵਾਲਾ ਮੈਦਾਨ ਫੋਜਾਂ ਦੇ ਜਲਾਬਾਂ ਨਾਲ ਭਰ ਗਿਆ।
ਦੂਜੇ ਦਿਨ ਸਵੇਰੇ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੁਲਤਾਨੇ ਨੇ ਆਪਣੀਆਂ ਫੋਜਾਂ ਨੂੰ ਦੁਸ਼ਮਣ ਤੋਂ ਪਿੱਛੇ ਹਟਣ ਦਾ ਹੁਕਮ ਦਿੱਤਾ। ਦੁਸ਼ਮਣ ਵਧਦਾ ਵਧਦਾ ਉਸੇ ਮੈਦਾਨ ਵਿਚ ਆ ਪੁੱਜਾ, ਜਿਥੇ ਸੁਲਤਾਨੇ ਦੇ ਸਿਪਾਹੀਆਂ ਨੇ ਦਸਤਾਂ ਨਾਲ ਟੋਏ ਟਿੱਬੇ ਸਭ ਭਰ ਦਿੱਤੇ ਸਨ। ਦੁਸ਼ਮਣ ਹੋਰ ਅੱਗੇ ਵਧਿਆ ਤੇ ਉਨ੍ਹਾਂ ਦੇ ਸਾਰੇ ਸਿਪਾਹੀਆਂ ਦੇ ਪੈਰ ਤਿਲਕਣ ਲੱਗ ਪਏ। ਹਥਿਆਰ ਡਿੱਗ ਪਏ, ਨੰਗੀਆਂ ਤਲਵਾਰਾਂ ਨਾਲ ਉਨ੍ਹਾਂ ਦੇ ਆਪਣੇ ਹਜ਼ਾਰਾਂ ਆਦਮੀ ਜਖ਼ਮੀ ਹੋ ਗਏ। ਦੁਸ਼ਮਣ ਨੇ ਆਪਣੀ ਇਨੀਂ ਦਰਦਨਾਕ ਤੇ ਤਰਸਯੋਗ ਹਾਲਤ ਡਿੱਠੀ ਤਾਂ ਬਚੇ ਖੁਚੇ ਸਿਪਾਹੀ ਜਿਧਰ ਮੂੰਹ ਆਇਆ ਨੱਠ ਉੱਠੇ।
ਇਸ ਤਰ੍ਹਾਂ ਸਮੁੱਚਾ ਮੈਦਾਨ ਸੁਲਤਾਨੇ ਜਰਨੈਲ ਦੇ ਹਥ ਆ ਗਿਆ। ਜਦੋਂ ਬੀਰਬਲ ਦੀ ਫੋਜ ਮੈਦਾਨ ਨੇੜੇ ਪਹੁੰਚੀ, ਤਾਂ ਦੁਸ਼ਮਣ ਆਪਣਾ ਲਟਾ ਪਟਾ ਗਵਾਕੇ ਤੇ ਮੈਦਾਨ ਛੱਡ ਕੇ ਜਾ ਚੁੱਕਾ ਸੀ। ਇਸ ਪ੍ਰਕਾਰ ਇਸ ਮੁਹਿੰਮ ਦੀ ਜਿੱਤ ਦਾ ਸੇਹਰਾ ਹਕੀਮ ਸੁਲਤਾਨ ਸ਼ਾਹ ਦੇ ਸਿਰ ਤੇ ਰਿਹਾ, ਉਸ ਨੂੰ ਆਪਣੀ ਕਾਰਸਾਜ਼ੀ ਦਾ ਤਕੜਾ ਇਨਾਮ ਅਕਬਰ ਦੇ ਦਰਬਾਰੋਂ ਮਿਲਿਆ। ਹਕੀਮ ਸੁਲਤਾਨ ਸ਼ਾਹ ਤੇ ਅਕਬਰ ਇਨਾਂ ਖੁਸ਼ ਹੋਇਆ ਕਿ ਉਸਦੀ ਜਾਗੀਰ ਨਾਂ ਲਾ ਦਿੱਤੀ, ਤੇ ਵਜ਼ੀਰੀ ਦਾ ਅਹੁਦਾ ਪ੍ਰਦਾਨ ਕੀਤਾ। ਹੁਣ ਸੁਲਤਾਨੇ ਦਾ ਨਾਂ ‘ਬਾਦਸ਼ਾਹੀ ਹਕੀਮ ਸੁਲਤਾਨ ਸ਼ਾਹ’ ਕਰ ਕੇ ਪ੍ਰਸਿੱਧ ਹੋ ਗਿਆ, ਤੇ ਉਹ ਬੜੇ ਠਾਠ ਨਾਲ ਸ਼ਹਿਰ ਵਿਚ ਹਿਕਮਤ ਚਲਾਣ ਲੱਗ ਪਿਆ।
ਕੁਝ ਚਿਰ ਪਿੱਛੋਂ ਇਕ ਦਿਨ ਜਦ ਸਾਰੇ ਵਜ਼ੀਰ ਅਮੀਰ ਬਾਦਸ਼ਾਹ ਨਾਲ ਕਬਰਿਸਤਾਨ ਕੋਲੋਂ ਲੰਘੇ, ਤਾਂ ਹਕੀਮ ਨੇ ਆਪਣੇ ਮੂੰਹ ਤੇ ਕਪੜਾ ਪਾ ਲਿਆ।
ਬਾਦਸ਼ਾਹ ਦੇ ਪੁੱਛਣ ਤੇ ਉਹ ਕਹਿਣ ਲੱਗਾ – “ਹਜ਼ੂਰ ਇਨ੍ਹਾਂ ਕਬਰਾਂ ਵਿਚ ਸੁੱਤੇ ਹਜ਼ਾਰਾਂ ਆਦਮੀ ਮੇਰੀ ਜਾਨ ਨੂੰ ਰੋ ਰਹੇ ਹਨ, ਕਿਉਂਕਿ ਮੈਂ ਹੀ ਇਹਨਾਂ ਦਾ ਸ਼ਾਹੀ ਇਲਾਜ ਕੀਤਾ ਸੀ। ਸਮਝ ਨਹੀਂ ਪੈਂਦੀ, ਕਿ ਇਨ੍ਹਾਂ ਲੋਕਾਂ ਨੂੰ ਕੋਸੇ ਪਾਣੀ ਨਾਲ ਹਰੜਾਂ ਕਿਉਂ ਨਹੀਂ ਪਚਦੀਆਂ, ਤੇ ਘੜੀਆਂ ਪਲਾਂ ਵਿਚ ਹੀ ਕਿਓਂ ਪਾਰ ਬੋਲ ਜਾਂਦੇ ਹਨ?”
ਪੰਜਾਬੀ ਕਹਾਣੀਆਂ (ਮੁੱਖ ਪੰਨਾ) |