Punjabi Stories/Kahanian
ਮੈਕਸਿਮ ਗੋਰਕੀ
Maxim Gorky

Punjabi Writer
  

Naitikta Da Pujari Maxim Gorky

ਨੈਤਿਕਤਾ ਦਾ ਪੁਜਾਰੀ ਮੈਕਸਿਮ ਗੋਰਕੀ

ਡੂੰਘੀ ਰਾਤ ਨੂੰ ਅਚਾਨਕ ਉਹ ਮੇਰੇ ਕਮਰੇ ਵਿਚ ਪ੍ਰਗਟ ਹੋਇਆ ਤੇ ਅਤੀ-ਧੀਮੀ, ਖੁਸਰ-ਫੁਸਰ, ਆਵਾਜ਼ ਵਿਚ ਪੁੱਛਣ ਲੱਗਾ, "ਮੁਆਫ਼ ਕਰਨਾ…ਕੀ ਮੈਂ ਅੱਧੇ ਕੁ ਘੰਟੇ ਲਈ ਤੁਹਾਡੇ ਨਾਲ ਇਕਾਂਤ ਵਿਚ ਗੱਲਬਾਤ ਕਰ ਸਕਦਾ ਵਾਂ ?"
ਕੱਦ-ਕਾਠੀ ਪੱਖੋਂ ਲੰਬੂਤਰਾ, ਸਫਾਚੱਟ ਚਿਹਰਾ, ਰਹੱਸਮਈ ਸਲੇਟੀ ਅੱਖਾਂ ਤੇ ਮੁਆਫ਼ੀਆਂ ਮੰਗਦੀ ਹੋਈ ਮੁਸਕਾਨ---ਉਹ ਇਕ ਕੁਰਸੀ ਵਿਚ ਧਸ ਗਿਆ। ਮੇਰੇ ਕਮਰੇ ਵਿਚ ਚਾਰੇ ਪਾਸੇ ਨਿਗਾਹਾਂ ਘੁਮਾਉਂਦਿਆਂ ਉਸਨੇ ਕਿਹਾ, "ਉਹ ਲੋਕ ਹਮੇਸ਼ਾ ਸਾਡੇ ਉੱਤੇ ਨਜ਼ਰ ਰੱਖਦੇ ਨੇ…"
"ਉਹ ਲੋਕ ? ਕਿਹੜੇ ਲੋਕ ?"
"ਉਹੀ ਖ਼ਬਰਾਂ ਸੁੰਘਣ ਵਾਲੇ…ਪੱਤਰਕਾਰ।"
ਉਸਦੇ ਉਲਟੇ ਹੱਥ ਵਿਚ ਖ਼ੂਬਸੂਰਤ ਹੈਟ ਝੂਲ ਰਿਹਾ ਸੀ। ਲੰਮੀਆਂ ਉਂਗਲਾਂ 'ਚ ਕਿਸੇ ਡਰ ਦਾ ਕਾਂਬਾ ਸੀ। ਉਸਦੇ ਕੱਪੜਿਆਂ ਤੇ ਚਿਹਰੇ ਉੱਤੇ ਛਾਈ ਸ਼ਰਾਫਤ ਇਸ ਗੱਲ ਦੀ ਗਵਾਹ ਸੀ ਕਿ ਉਸਨੇ ਆਪਣੇ ਕੱਪੜਿਆਂ ਉੱਤੇ ਕਾਫ਼ੀ ਰਕਮ ਖਰਚ ਕੀਤੀ ਹੈ। ਬਾਰੇ ਕੁਝ ਦੱਸ ਦਿਆਂ। ਅਸਲ ਵਿਚ ਮੈਂ ਇਕ ਪੇਸ਼ਾਵਰ ਅਪਰਾਧੀ ਵਾਂ…"
ਆਪਣੀਆਂ ਉਦਾਸ ਅੱਖਾਂ ਨਾਲ ਖਿੜਕੀ ਵੱਲ ਦੇਖਦਿਆਂ ਹੋਇਆਂ ਉਸਨੇ ਆਪਣੀ ਗੱਲ ਸ਼ੁਰੂ ਕੀਤੀ, "ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਆਪਣੇ "ਪੇਸ਼ਾਵਰ ਅਪਰਾਧੀ…" ਜਿਵੇਂ ਮੈਨੂੰ ਕੁਝ ਸੁਣਾਈ ਨਾ ਦਿੱਤਾ ਹੋਵੇ। ਮੈਂ ਉਸਨੂੰ ਦੁਬਾਰਾ ਪੁੱਛਿਆ, "ਕੀ ? ਕੀ ਕਿਹਾ ਤੁਸੀਂ ?"
"ਜੀ ਹਾਂ…ਪੇਸ਼ਾਵਰ ਅਪਰਾਧੀ..." ਉਸਨੇ ਆਪਣੇ ਸ਼ਬਦ ਦੁਹਰਾਏ, "ਤੇ ਮੇਰੀ ਵਿਸ਼ੇਸ਼ਤਾ ਇਹ ਵੇ ਕਿ ਮੈਂ ਜਨਤਾ ਦੀ ਨੈਤਿਕਤਾ ਦੇ ਖਿਲਾਫ਼ ਅਪਰਾਧ ਕਰਦਾ ਵਾਂ।"
ਉਂਜ ਤਾਂ ਉਸਦੀ ਗੱਲ ਵਿਚ ਕੁਝ ਵੀ ਵਿਸ਼ੇਸ਼ ਨਹੀਂ ਸੀ ਪਰ ਜਿਸ ਢੰਗ ਨਾਲ ਉਹ ਕਹਿ ਰਿਹਾ ਸੀ, ਉਸ ਲਹਿਜ਼ੇ ਵਿਚ ਇਕ ਅਜੀਬ ਕਿਸਮ ਦਾ ਠੰਡਾਪਨ ਸੀ। ਮੈਂ ਉਸਦੇ ਚਿਹਰੇ ਤੇ ਸ਼ਬਦਾਂ ਵਿਚ ਕਿਤੇ ਵੀ ਪਸ਼ਚਾਤਾਪ ਦੀ ਝਲਕ ਨਹੀਂ ਸੀ ਦੇਖੀ।
"ਪਾਣੀ ਪੀਓਗੇ ?..." ਮੈਂ ਪੁੱਛਿਆ।
"ਨਹੀਂ…ਧੰਨਵਾਦ।" ਉਸਨੇ ਮਨ੍ਹਾਂ ਕਰ ਦਿੱਤਾ ਤੇ ਉਸ ਦੀਆਂ ਅੱਖਾਂ, ਉਸਦੀ ਮੁਆਫ਼ੀਆਂ ਮੰਗਦੀ ਮੁਸਕਾਨ ਨਾਲ, ਮੇਰੇ ਚਿਹਰੇ ਉੱਤੇ ਅਟਕ ਗਈਆਂ, ਜਿਹੜੀ ਸਦਾ ਤੋਂ ਉਸਦੇ ਚਿਹਰੇ ਉੱਤੇ ਬਿਰਾਜਮਾਨ ਜਾਪਦੀ ਸੀ, "ਦਰਅਸਲ ਤੁਸੀਂ ਮੈਨੂੰ ਠੀਕ ਤਰ੍ਹਾਂ ਨਹੀਂ ਸਮਝੇ…"
ਕਿਉਂ ਨਹੀਂ…? ਆਪਣੀ ਅਗਿਆਨਤਾ ਛੁਪਾਉਂਦਿਆਂ ਹੋਇਆਂ, ਮੈਂ ਯੂਰਪ ਦੇ ਪੱਤਰਕਾਰਾਂ ਵਾਂਗ ਹੀ ਵਿਰੋਧ ਕੀਤਾ ਸੀ…ਪਰ ਮੈਨੂੰ ਲੱਗਿਆ ਕਿ ਉਸਨੂੰ ਮੇਰੇ ਉੱਤੇ ਵਿਸ਼ਵਾਸ ਨਹੀਂ ਸੀ ਹੋਇਆ। ਆਪਣੇ ਹੈਟ ਨੂੰ ਹਵਾ ਵਿਚ ਹਿਲਾਉਂਦਿਆਂ ਤੇ ਸਾਦਗੀ ਨਾਲ ਮੁਸਕਰਾਉਂਦਿਆਂ ਹੋਇਆਂ, ਉਸਨੇ ਆਪਣੀ ਗੱਲ ਜਾਰੀ ਰੱਖੀ, "ਅੱਛਾ, ਮੈਂ ਤੁਹਾਨੂੰ ਆਪਣੇ ਪੇਸ਼ੇ ਬਾਰੇ ਰਤਾ ਖੋਲ੍ਹ ਕੇ ਦੱਸਦਾ ਵਾਂ…ਤਾਂਕਿ ਤੁਸੀਂ ਮੇਰੀ ਗੱਲ ਨੂੰ ਸਮਝ ਸਕੋ…"
ਇਕ ਠੰਡੇ ਹਉਂਕੇ ਨਾਲ ਉਸਨੇ ਸਿਰ ਝੁਕਾ ਲਿਆ। ਮੈਨੂੰ ਹੈਰਾਨੀ ਹੋਈ ਕਿ ਉਸਦੀ 'ਆਹ' ਵਿਚ ਸਿਰਫ ਥਕਾਵਟ ਹੈ।
"ਤੁਹਾਨੂੰ ਯਾਦ ਜੇ…ਪਿਛਲੇ ਦਿਨੀਂ ਅਖ਼ਬਾਰਾਂ ਵਿਚ ਇਕ ਖ਼ਬਰ ਛਪੀ ਸੀ…ਇਕ ਆਦਮੀ ਬਾਰੇ…ਜਿਹੜਾ ਸ਼ਰਾਬੀ ਸੀ…ਥਿਏਟਰ ਦੀ ਅਗਲੀ ਕਤਾਰ ਵਿਚ…"
"ਅੱਛਾ, ਅੱਛਾ, ਉਹ ਆਦਮੀ ਜਿਹੜਾ ਦਿਲ ਦਹਿਲਾ ਦੇਣ ਵਾਲੇ ਦ੍ਰਿਸ਼ ਉੱਤੇ ਟੋਪ ਉਛਾਲਦਾ ਹੋਇਆ ਇਕ ਟੈਕਸੀ ਲਿਆਉਣ ਲਈ ਕੂਕਣ ਲੱਗ ਪਿਆ ਸੀ…"
"ਹਾਂ…ਉਹੀ।" ਮੇਰੀ ਗੱਲ ਸੁਣ ਕੇ ਉਸਨੇ ਅਹਿਸਾਨਮੰਦਾਂ ਵਾਲੀ ਆਵਾਜ਼ ਵਿਚ ਕਿਹਾ, "ਉਹ ਮੈਂ ਸਾਂ…"
"…ਤੇ ਉਹ ਲੇਖ 'ਬੱਚਿਆਂ ਨੂੰ ਕੁੱਟਣ ਵਾਲਾ ਜਾਨਵਰ' ਉਹ ਵੀ ਮੈਂ ਹੀ ਸਾਂ…ਤੇ 'ਪਤਨੀ ਨੂੰ ਵੇਚਣ ਵਾਲਾ ਪਤੀ' ਤੇ 'ਰਾਹ ਜਾਂਦੀਆਂ ਔਰਤਾਂ ਨਾਲ ਛੇੜ-ਛਾੜ ਕਰਨ ਵਾਲਾ ਆਦਮੀ' , ਉਹ ਵੀ ਮੈਂ ਹੀ ਸਾਂ…ਆਮ ਤੌਰ 'ਤੇ ਇਹ ਅਖ਼ਬਾਰ ਵਾਲੇ ਹਫ਼ਤੇ ਵਿਚ ਇਕ ਵਾਰੀ ਮੇਰੇ ਬਾਰੇ ਕੁਝ ਜ਼ਰੂਰ ਛਾਪਦੇ ਰਹਿੰਦੇ ਨੇ।…ਤੇ ਉਦੋਂ ਤਾਂ ਜ਼ਰੂਰ ਹੀ, ਜਦੋਂ ਉਹਨਾਂ ਇਹ ਸਾਬਤ ਕਰਨਾ ਹੁੰਦਾ ਜੇ ਕਿ ਕਿੰਜ ਲੋਕਾਂ ਦੇ ਨੈਤਿਕ ਮੁੱਲ ਡਿੱਗ ਰਹੇ ਨੇ…"
ਉਸਨੇ ਇਹ ਸਭ ਬੜੇ ਸਪਸ਼ਟ ਤੇ ਸਹਿਜ ਭਾਵ ਨਾਲ ਕਿਹਾ ਸੀ, ਬਿਨਾਂ ਸ਼ੇਖੀ ਮਾਰਿਆਂ। ਉਸ ਦੀਆਂ ਗੱਲਾਂ ਦਾ ਕੋਈ ਵੀ ਸਿਰ-ਪੈਰ ਮੇਰੀ ਸਮਝ ਵਿਚ ਨਹੀਂ ਸੀ ਆ ਰਿਹਾ…ਪਰ ਗੱਲਾਂ ਵਿਚ ਮੇਰੀ ਦਿਲਚਸਪੀ ਵਧਦੀ ਜਾ ਰਹੀ ਸੀ। ਅਜਿਹੇ ਮੌਕਿਆਂ ਉੱਤੇ, ਦੂਜੇ ਲੇਖਕਾਂ ਵਾਂਗ ਹੀ, ਮੈਂ ਵੀ ਇਹ ਦਿਖਾਵਾ ਕਰਦਾ ਸਾਂ ਬਈ ਮੈਂ ਆਦਮੀ ਤੇ ਜੀਵਨ ਬਾਰੇ ਓਨਾ ਹੀ ਜਾਣਦਾ ਹਾਂ ਜਿੰਨਾ ਹੱਥ ਦੀ ਹਥੇਲੀ ਬਾਰੇ।
"ਹੂੰ…" ਮੈਂ ਕਿਸੇ ਦਾਰਸ਼ਨਿਕ ਵਾਂਗ ਹੀ ਕਿਹਾ ਸੀ, "ਅੱਛਾ, ਇੰਜ ਕਰਕੇ ਤੁਹਾਨੂੰ ਸਮਾਂ ਬਿਤਾਉਣ ਵਿਚ ਮਜ਼ਾ ਆਉਂਦਾ ਹੋਵੇਗਾ…।"
"ਠੀਕ। ਆਪਣੀ ਜਵਾਨੀ ਦੇ ਦਿਨਾਂ ਵਿਚ ਮੈਨੂੰ ਇਹਨਾਂ ਸਾਰੀਆਂ ਗੱਲਾਂ 'ਤੇ ਖੁਸ਼ੀ ਹੁੰਦੀ ਸੀ, ਮੈਂ ਮੰਨਦਾਂ…ਪਰ ਹੁਣ…ਹੁਣ ਮੈਂ ਪੰਤਾਲੀ ਸਾਲ ਦਾ ਹੋ ਗਿਆਂ…ਸ਼ਾਦੀਸ਼ੁਦਾ ਵਾਂ…ਤੇ ਦੋ ਬੇਟੀਆਂ ਵੀ ਨੇ ਮੇਰੀਆਂ…ਤੇ ਇਸੇ ਲਈ ਅਖ਼ਬਾਰਾਂ ਵਿਚ ਅਜਿਹੀ ਚਰਚਾ ਦਾ ਪਾਤਰ ਬਣਨਾ ਬੜਾ ਤਕਲੀਫ ਦਿੰਦਾ ਜੇ।"
ਆਪਣੀ ਘਬਰਾਹਟ ਨੂੰ ਛਿਪਾਉਂਦਿਆਂ ਨਿੱਕਾ ਜਿਹਾ ਖੰਘੂਰਾ ਮਾਰ ਕੇ ਮੈਂ ਪੱਛਿਆ, "ਤੁਹਾਨੂੰ ਇਹ ਕੋਈ ਰੋਗ ਏ…ਜਾਂ ਕੋਈ ਬਿਮਾਰੀ…?"
ਉਸਨੇ ਇਨਕਾਰ ਵਿਚ ਸਿਰ ਹਿਲਾਇਆ, ਆਪਣੇ ਹੈਟ ਨਾਲ ਹਵਾ ਕਰਦਿਆਂ ਹੋਇਆਂ ਉਤਰ ਦਿੱਤਾ, "ਨਹੀਂ ਇਹ ਮੇਰਾ ਪੇਸ਼ਾ ਜੇ। ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆਂ ਕਿ ਮੇਰਾ ਇਹੋ ਕਿੱਤਾ ਜੇ ਕਿ ਮੈਂ ਗਲੀਆਂ ਤੇ ਭੀੜ-ਭਾੜ ਵਾਲੀਆਂ ਥਾਵਾਂ ਉੱਤੇ ਕੋਈ ਖੁਰਾਫਾਤ (ਪੰਗਾ-ਪੁਆੜਾ) ਕਰਦਾ ਰਵਾਂ…ਸਾਡੇ ਬਿਊਰੇ ਕੇ ਕੁਝ ਲੋਕਾਂ ਤਾਂ ਇਸ ਤੋਂ ਵੀ ਵੱਡੇ ਤੇ ਮਹੱਤਵਪੂਰਨ ਕੰਮ ਕਰ ਰਹੇ ਨੇ---ਜਿਵੇਂ ਕਿ ਸੰਪਰਦਾਇਕ ਭਾਵਨਾਵਾਂ ਨੂੰ ਉਕਸਾਉਣਾ, ਔਰਤਾਂ ਤੇ ਕੁੜੀਆਂ ਨੂੰ ਲਾਲਚ ਦੇਂਦੇ ਰਹਿਣਾ, ਕੁਝ ਤਾਂ ਚੋਰੀਆਂ ਵੀ ਕਰਦੇ ਨੇ…" ਉਸਨੇ ਲੰਮਾ ਸਾਹ ਖਿੱਚਿਆ ਤੇ ਚਾਰੇ ਪਾਸੇ ਦੇਖਦਾ ਹੋਇਆ ਬੋਲਿਆ, "ਨੈਤਿਕਤਾ ਦੇ ਖਿਲਾਫ਼ ਕੁਝ ਹੋਰ ਅਪਰਾਧ ਵੀ ਨੇ…ਮੈਂ ਤਾਂ ਸਿਰਫ ਛੋਟੀਆਂ-ਮੋਟੀਆਂ ਕਾਰਸਤਾਨੀਆਂ ਹੀ ਕਰਦਾ ਵਾਂ…ਬਸ।"
ਉਹ ਇੰਜ ਗੱਲਾਂ ਕਰ ਰਿਹਾ ਸੀ ਜਿਵੇਂ ਕੋਈ ਵਪਾਰੀ ਆਪਣੇ ਵਪਾਰ ਦੀਆਂ ਗੱਲਾਂ ਕਰ ਰਿਹਾ ਹੋਵੇ। ਉਸ ਦੀਆਂ ਗੱਲਾਂ ਤੋਂ ਚਿੜ ਕੇ ਮੈਂ ਵਿਅੰਗ ਨਾਲ ਪੁੱਛਿਆ, "ਤੇ ਇਹ ਸਭ ਕਰਕੇ ਵੀ ਤੁਸੀਂ ਸੰਤੁਸ਼ਟ ਨਹੀਂ ਹੋ?"
"ਨਹੀਂ…" ਉਸਦੀ ਸਾਦਗੀ ਨੇ ਮੇਰੀ ਜੁਗਿਆਸਾ ਵਧਾ ਦਿੱਤੀ।
ਮੈਂ ਪੁੱਛਿਆ,"ਕੀ ਤੁਹਾਨੂੰ ਕਦੀ ਜੇਲ੍ਹ ਵੀ ਹੋਈ ਏ ?"
"ਤਿੰਨ ਵਾਰੀ…ਵੈਸੇ ਆਮ ਤੌਰ ਤੇ ਮੈਨੂੰ ਜੁਰਮਾਨਾ ਹੁੰਦਾ ਜੇ ਤੇ ਇਹ ਤਾਂ ਸਪਸ਼ਟ ਜੇ ਕਿ ਜੁਰਮਾਨਾ ਬਿਊਰੋ ਈ ਤਾਰਦਾ ਜੇ।" ਉਸਨੇ ਦੱਸਿਆ।
"ਬਿਊਰੋ !" ਮੈਂ ਹੈਰਾਨੀ ਨਾਲ ਪੁੱਛਿਆ।
"ਹਾਂ, ਤੁਸੀਂ ਸਮਝ ਸਕਦੇ ਹੋ ਕਿ ਮੈਂ ਆਪਣਾ ਜੁਰਮਾਨਾ ਆਪ ਨਹੀਂ ਭਰ ਸਕਦਾ…" ਉਸਨੇ ਮੁਸਕਰਾਉਂਦਿਆਂ ਹੋਇਆਂ ਕਿਹਾ, "ਇਕ ਹਫ਼ਤੇ ਵਿਚ 50 ਡਾਲਰ…ਬਹੁਤ ਘੱਟ ਨੇ ਨਾ, ਚਾਰ ਜੀਆਂ ਦੇ ਪਰਿਵਾਰ ਲਈ…"
ਆਪਣੇ ਕਮਰੇ ਵਿਚ ਇਧਰੋਂ-ਉਧਰ ਟਹਿਲਦਿਆਂ ਤੇ ਵੱਖ-ਵੱਖ ਕਿਸਮਾਂ ਦੇ ਮਾਨਸਿਕ ਰੋਗੀਆਂ ਬਾਰੇ ਸੋਚਦਿਆਂ ਮੈਂ ਉਸਦੀ ਬਿਮਾਰੀ ਦਾ ਇਲਾਜ਼ ਲੱਭਣ ਲਈ ਉਤਸੁਕ ਸਾਂ। ਉਸਦੀਆਂ ਗੱਲਾਂ ਤੋਂ ਇਹ ਤਾਂ ਸਾਫ ਸੀ ਕਿ ਉਹ ਉਸ ਬਿਊਰੋ ਸਿਸਟਮ ਦਾ ਕੋਈ ਮਹੱਤਵਪੂਰਨ ਆਦਮੀ ਨਹੀਂ ਸੀ। ਆਪਣੇ ਹੱਡਲ, ਖੁਰਦਰੇ ਚਿਹਰੇ ਉੱਤੇ ਹਲਕੀ ਜਿਹੀ ਮੁਸਕਾਨ ਲਿਆ ਕੇ ਉਹ ਬੜੇ ਸਹਿਜ-ਭਾਅ ਨਾਲ ਮੈਨੂੰ ਘੂਰ ਰਿਹਾ ਸੀ।
"ਅੱਛਾ, ਤਾਂ ਅਜਿਹਾ ਕੋਈ ਬਿਊਰੋ ਵੀ ਹੈ ?" ਮੈਂ ਪੁੱਛਿਆ।
"ਹਾਂ। ਉਸਨੇ ਕਿਹਾ, ਤੇ ਉਹ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਦਿੰਦਾ ਜੇ…ਇਸ ਵਿਚ ਇਕ ਸੌ ਪੱਚੀ ਆਦਮੀ ਤੇ ਚੌਹਤਰ ਔਰਤਾਂ ਨੇ।"
"ਇਸ ਸ਼ਹਿਰ ਵਿਚ…! ਤਾਂ ਤੇ ਦੂਜੇ ਸ਼ਹਿਰਾਂ ਵਿਚ ਵੀ…?"
"ਹਾਂ…ਹਾਂ…ਕਿਉਂ ਨਹੀਂ…ਪੂਰੇ ਦੇਸ਼ ਵਿਚ।" ਉਸਨੇ ਮੁਸਕਰਾਉਂਦਿਆਂ ਹੋਇਆਂ ਕਿਹਾ। ਮੈਨੂੰ ਆਪਣੇ ਅਗਿਆਨ ਉੱਤੇ ਸ਼ਰਮ ਆਉਣ ਲੱਗੀ।
"ਪਰ ਉਹ…ਇੰਜ ਕਿਉਂ…ਮੇਰਾ ਮਤਲਬ ਏ…ਅਜਿਹੇ ਬਿਊਰੋ ਕਰਦੇ ਕੀ ਨੇ…?" ਮੈਂ ਝਿਜਕਦਿਆਂ ਹੋਇਆਂ ਪੁੱਛਿਆ।
"ਨੈਤਿਕਤਾ ਦੇ ਨਿਯਮਾਂ ਦਾ ਉਲੰਘਣ।" ਕੁਰਸੀ ਤੋਂ ਉਠ ਕੇ ਉਹ ਆਰਾਮ ਕੁਰਸੀ ਉੱਤੇ ਬੈਠ ਗਿਆ। ਅੰਗੜਾਈ ਲਈ ਤੇ ਜੁਗਿਆਸਾ ਨਾਲ ਮੇਰਾ ਚਿਹਰਾ ਪੜ੍ਹਨਾ ਸ਼ੁਰੂ ਕਰ ਦਿੱਤਾ। ਸ਼ਾਇਦ ਉਹ ਮੈਨੂੰ ਅਸਭਿਅ ਸਮਝਦਾ ਸੀ ਤੇ ਜ਼ਿਆਦਾ ਤਕਲੀਫ਼ ਨਹੀਂ ਦੇ ਰਿਹਾ ਸੀ।
'ਬਸ ਬਹੁਤ ਹੋ ਗਿਆ…' ਮੈਂ ਸੋਚਿਆ। 'ਮੈਂ ਨਹੀਂ ਜਾਣਦਾ ਇਹ ਸਭ ਕੀ ਬਕ ਰਿਹਾ ਹੈ।'
ਪਰ ਆਪਣੇ ਹੱਥ ਮਲਦਿਆਂ ਹੋਇਆਂ ਮੈਂ ਪੁੱਛਿਆ, "ਦਿਲਚਸਪ…ਰੋਮਾਂਚਕ…ਪਰ ਇਹ ਸਭ ਹੋ ਕਿਸ ਖਾਤਰ ਰਿਹਾ ਹੈ ?"
"ਨੈਤਿਕਤਾ ਦੇ ਨਿਯਮਾਂ ਦੇ ਵਿਰੋਧ ਵਿਚ…" ਉਹ ਮੁਸਕਰਾਇਆ। ਉਸਦੀ ਮੁਸਕਰਾਹਟ ਇੰਜ ਲੱਗੀ ਜਿਵੇਂ ਸਮਝਦਾਰ ਆਦਮੀ ਕਿਸੇ ਬੱਚੇ ਦੀ ਮੂਰਖਤਾ ਉੱਤੇ ਮੁਸਕਰਾ ਰਿਹਾ ਹੋਵੇ ਮੈਂ ਉਸ ਵੱਲ ਦੇਖਦਿਆਂ, ਸੋਚਿਆ---'ਸੱਚਮੁੱਚ ਅਗਿਆਨਤਾ ਹੀ ਜੀਵਨ ਦੇ ਸਾਰੇ ਝਗੜਿਆਂ ਦੀ ਜੜ ਹੈ।'
"ਤੁਸੀਂ ਕਿਹੜੀਆਂ ਸੋਚਾਂ ਵਿਚ ਪੈ ਗਏ ? ਹਰ ਆਦਮੀ, ਹਰ ਹੀਲੇ, ਜਿਊਂਦਾ ਰਹਿਣਾ ਚਾਹੁੰਦਾ ਜੇ ਨਾ ?"
"ਕਿਉਂ ਨਹੀਂ ?"
"ਤੇ ਉਹ ਜਿਊਂਦਾ ਜੇ, ਤਾਂਕਿ ਖੁਸ਼ ਰਹਿ ਸਕੇ ?"
"ਯਕੀਨਨ।"
ਉਹ ਉੱਛਲ ਕੇ ਕੁਰਸੀ ਤੋਂ ਉਠ ਖੜ੍ਹਾ ਹੋਇਆ ਤੇ ਮੇਰੇ ਮੋਢੇ ਨੂੰ ਥਾਪੜਦਾ ਹੋਇਆ ਬੋਲਿਆ, "ਤਾਂ ਫੇਰ ਨੈਤਿਕਤਾ ਦੇ ਨਿਯਮਾਂ ਦਾ ਉਲੰਘਣ ਕੀਤੇ ਬਿਨਾਂ ਇਹ ਕਿੰਜ ਸੰਭਵ ਹੋ ਸਕਦਾ ਜੇ ਕਿ ਤੁਹਾਡਾ ਸਮਾਂ ਐਸ਼ ਨਾਲ ਬੀਤ ਸਕੇ…"
ਉਸਨੇ ਆਪਣੀਆਂ ਅੱਖਾਂ ਫਰਕਾਈਆਂ ਤੇ ਅਸਭਿਅ ਤਰੀਕੇ ਨਾਲ ਆਰਾਮ ਕੁਰਸੀ ਉੱਤੇ ਪਸਰ ਗਿਆ। ਮੇਰੀ ਇਜਾਜ਼ਤ ਦੇ ਬਿਨਾਂ ਹੀ ਸਿਗਾਰ ਕੱਢਿਆ, ਤੇ ਸੁਲਗਾ ਲਿਆ।
"ਹੋਏਗਾ ਕੋਈ ਅਜਿਹਾ ਆਦਮੀ ਜਿਹੜਾ ਘਾਹ-ਫੂਸ ਖਾਣਾ ਚਾਹੁੰਦਾ ਹੋਵੇ…?"
ਉਸਨੇ ਬਲਦੀ ਹੋਈ ਮਾਚਸ ਦੀ ਤੀਲੀ ਫਰਸ਼ ਉੱਤੇ ਸੁੱਟ ਦਿੱਤੀ।
ਇੰਜ ਅਕਸਰ ਉਦੋਂ ਹੁੰਦਾ ਹੈ ਜਦੋਂ ਕੋਈ ਇਹ ਮਹਿਸੂਸ ਕਰ ਰਿਹਾ ਹੋਵੇ ਕਿ ਉਹ ਦੂਜੇ ਉੱਤੇ ਭਾਰੂ ਹੋ ਗਿਆ ਹੈ, ਸੋ ਦੂਜੇ ਸਾਹਮਣੇ ਲੋੜ ਨਾਲੋਂ ਵੱਧ ਲਾਪ੍ਰਵਾਹਾਂ ਵਾਲੀਆਂ ਹਰਕਤਾਂ ਕਰਨ ਲੱਗ ਪੈਂਦਾ ਹੈ।
ਉਸਦੇ ਚਿਹਰੇ ਉੱਤੇ ਨਜ਼ਰ ਗੱਡ ਕੇ ਮੈਂ ਕਿਹਾ, "ਮੇਰੀ ਸਮਝ 'ਚ ਨਹੀਂ ਆ ਰਿਹਾ ਕਿ ਤੁਸੀਂ ਬਲਾਅ ਕੀ ਓ ?"
ਉਹ ਜ਼ਰਾ ਢਿੱਲਾ ਪੈ ਕੇ ਬੋਲਿਆ, "ਤੁਹਾਡੀ ਯੋਗਤਾ ਬਾਰੇ ਮੇਰੇ ਬੜੇ ਉੱਚੇ ਵਿਚਾਰ ਸੀ।"
ਆਪਣੀ ਨੈਤਿਕਤਾ ਤੋਂ ਹੇਠਾਂ ਆਉਂਦਿਆਂ ਹੋਇਆਂ ਉਸਨੇ ਸਿਗਾਰ ਦੀ ਸਵਾਹ ਫਰਸ਼ ਉੱਤੇ ਝਾੜ ਦਿੱਤੀ। ਆਪਣੀਆਂ ਅੱਧ ਮਿਚੀਆਂ ਅੱਖਾਂ ਝਪਕਾਉਂਦਿਆਂ ਹੋਇਆਂ ਤੇ ਸਿਗਾਰ ਦੇ ਧੂੰਏਂ ਵੱਲ ਇਕ ਟੱਕ ਵਿਹੰਦਿਆਂ ਹੋਇਆਂ ਉਹ ਸਿੱਧਾ ਹੋ ਕੇ ਬੈਠ ਗਿਆ, "ਸ਼ਾਇਦ ਤੁਹਾਨੂੰ ਨੈਤਿਕਤਾ ਬਾਰੇ ਬਹੁਤੀ ਜਾਣਕਾਰੀ ਨਹੀਂ…।"
"ਮੈਂ ਵੀ ਅਕਸਰ ਇਸਦੇ ਵਿਰੁੱਧ ਹੋ ਜਾਂਦਾ ਹਾਂ।" ਮੈਂ ਆਪਣੇ ਬਚਾਅ ਖਾਤਰ ਰਤਾ ਢਿੱਲੀ ਆਵਾਜ਼ ਵਿਚ ਕਿਹਾ।
ਆਪਣੇ ਸਿਗਾਰ ਨੂੰ ਮੂੰਹ ਨਾਲੋਂ ਵੱਖ ਕਰਦਿਆਂ, ਉਸਨੇ ਦਾਰਸ਼ਨਿਕਾਂ ਵਾਂਗ ਕਹਿਣਾ ਸ਼ੁਰੂ ਕੀਤਾ, "ਕੰਧ ਨਾਲ ਟੱਕਰਾਂ ਮਾਰਨ ਦਾ ਇਹ ਅਰਥ ਨਹੀਂ ਕਿ ਤੁਹਾਨੂੰ ਅਕਲ ਆ ਜਾਏਗੀ…।"
"ਹੋ ਸਕਾ ਹੈ..." ਮੈਂ ਸਹਿਮਤੀ ਵਜੋਂ ਸਿਰ ਹਿਲਾਇਆ, "ਸਭ ਤੋਂ ਵੱਡੇ ਤੇ ਪੱਕੇ ਨੈਤਿਕਤਾ ਵਾਦੀ ਜੋ ਮੇਰੇ ਜੀਵਨ ਵਿਚ ਆਏ, ਮੇਰੇ ਦਾਦਾ ਜੀ ਸੀ। ਉਹਨਾਂ ਨੂੰ ਉਹ ਸਾਰੇ ਰਸਤੇ ਪਤਾ ਸੀ ਜਿਹੜੇ ਸਵਰਗ ਨੂੰ ਜਾਂਦੇ ਨੇ ਤੇ ਜਿਹੜਾ ਵੀ ਉਹਨਾਂ ਦੇ ਰਸਤੇ ਵਿਚ ਆਉਂਦਾ ਸੀ, ਉਹ ਉਸਨੂੰ 'ਹਟਾ' ਦਿੰਦੇ ਸਨ। ਸੱਚ ਸਦਾ ਉਹਨਾਂ ਦੇ ਮਨ ਵਿਚੋਂ ਉਪਜਦਾ ਸੀ। ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਭਗਵਾਨ ਆਪਣੇ ਬੰਦੇ ਤੋਂ ਕੀ ਚਾਹੁੰਦਾ ਹੈ…ਤੇ ਇੱਥੋਂ ਤੀਕ ਕਿ ਕੁੱਤਿਆਂ ਤੇ ਬਿੱਲੀਆਂ ਨੂੰ ਵੀ ਉਹੀ ਅਜਿਹਾ ਵਿਹਾਰ ਕਰਨਾ ਸਿਖਾਉਂਦਾ ਹੈ ਕਿ ਉਹ ਜੀਵਨ ਦਾ ਪੂਰਾ ਪੂਰਾ ਆਨੰਦ ਮਾਣ ਸਕਣ। ਏਨਾ ਸਭ ਜਾਣਦੇ ਹੋਣ ਦੇ ਬਾਵਜੂਦ ਵੀ ਉਹ ਲਾਲਚੀ ਸਨ, ਈਰਖਾਲੂ, ਝੂਠੇ ਤੇ ਸੂਦਖੋਰ ਵੀ। ਕਾਇਰਾਂ ਵਾਲੀਆਂ ਕਰਤੂਤਾਂ ਨਾਲ ਭਰਪੂਰ, ਆਸ਼ਾਵਾਦੀਆਂ ਵਾਲੇ ਸਭ ਗੁਣ ਸਨ ਉਹਨਾਂ ਵਿਚ। ਮੈਂ ਅਕਸਰ ਹੀ ਉਹਨਾਂ ਨੂੰ ਵਧੇਰੇ ਨਿਮਰ ਤੇ ਕ੍ਰਿਪਾਲੂ ਬਣਾਉਣ ਬਾਰੇ ਸੋਚਦਾ। ਇਕ ਵਾਰੀ ਮੈਂ ਉਹਨਾਂ ਨੂੰ ਖਿੜਕੀ 'ਚੋਂ ਧੱਕਾ ਦੇ ਦਿੱਤਾ…ਖਿੜਕੀ ਤੇ ਸ਼ੀਸ਼ਾ ਦੋਵੇਂ ਟੁੱਟ ਕੇ ਖਿੱਲਰ ਗਏ, ਪਰ ਉਹਨਾਂ ਵਿਚ ਕੋਈ ਤਬਦੀਲੀ ਨਹੀਂ ਆਈ। ਉਹ ਇਕ ਨੈਤਿਕਤਾਵਾਦੀ ਵਾਂਗ ਹੀ ਮਰੇ। ਉਦੋਂ ਤੋਂ ਮੇਰੇ ਅੰਦਰ ਨੇਤਿਕਤਾ ਪ੍ਰਤੀ ਕੋਈ ਰੁਚੀ ਨਹੀਂ ਰਹੀ…। ਸ਼ਾਇਦ ਹੁਣ ਤੁਸੀਂ ਕਹੋ ਕਿ ਮੈਂ ਉਸ ਵਿਚ ਮੁੜ ਰੁਚੀ ਲਵਾਂ…ਪਰ…" ਉਸਨੇ ਆਪਣੀ ਘੜੀ ਕੱਢੀ ਤੇ ਉਸ ਵਿਚ ਟਾਈਮ ਵੇਖਦਿਆਂ ਹੋਇਆਂ ਕਿਹਾ, "ਤੁਹਾਨੂੰ ਭਾਸ਼ਣ ਦੇਣ ਲਈ ਮੇਰੇ ਕੋਲ ਸਮਾਂ ਨਹੀਂ…ਫੇਰ ਵੀ ਹੁਣ ਮੈਂ ਆਇਆ ਵਾਂ ਤਾਂ ਕੁਝ ਕਹਿਣਾ ਹੀ ਪਵੇਗਾ। ਇਕ ਵਾਰੀ ਕਿਸੇ ਗੱਲ ਨੂੰ ਸ਼ੁਰੂ ਕੀਤਾ ਜਾਵੇ ਤਾਂ ਉਸਨੂੰ ਸਮਾਪਤ ਵੀ ਕਰਨਾ ਚਾਹੀਦਾ ਜੇ। ਸ਼ਾਇਦ ਤੁਸੀਂ ਮੇਰੇ ਕਿਸੇ ਕੰਮ ਆ ਸਕੋ…ਸੰਖੇਪ ਵਿਚ ਮੈਂ ਤੁਹਾਨੂੰ ਦੱਸਾਂ…" ਮੈਨੂੰ ਪ੍ਰਭਾਵਿਤ ਕਰਨ ਲਈ ਉਸਨੇ ਫੇਰ ਆਪਣੀਆਂ ਅੱਖਾਂ, ਅੱਧੀਆਂ, ਮੀਚ ਲਈਆਂ, "ਨੈਤਿਕਤਾ ਤੁਹਾਡੇ ਹਿਤਾਂ ਦੀ ਰਾਖੀ ਕਰਦੀ ਜੇ। ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਜੇ ਕਿ ਇਹ ਤੁਹਾਡੇ ਚਾਰੇ ਪਾਸੇ ਮੌਜ਼ੂਦ ਲੋਕਾਂ ਦੀ ਆਤਮਾ ਵਿਚ ਵੱਸਦੀ ਰਹੇ। ਗਲੀਆਂ ਵਿਚ ਤੁਸੀਂ ਪੁਲਿਸ ਵਾਲੇ ਤੇ ਜਾਸੂਸ ਰੱਖਦੇ ਹੋ ਤੇ ਇਨਸਾਨਾਂ ਦੇ ਉਹਨਾਂ ਅਸੂਲਾਂ ਨੂੰ ਜਿਹੜੇ ਤੁਹਾਡੇ ਵਿਰੁੱਧ ਹੁੰਦੇ ਨੇ, ਤੁਸੀਂ ਖਤਮ ਕਰ ਦਿੰਦੇ ਹੋ। ਉਹਨਾਂ ਸਾਰੀਆਂ ਇੱਛਾਵਾਂ ਨੂੰ ਵੀ ਜਿਹੜੀਆਂ ਤੁਹਾਡੇ ਅਧਿਕਾਰਾਂ ਦੇ ਵਿਰੁੱਧ ਜਾਂਦੀਆਂ ਨੇ, ਤੁਸੀਂ ਖਤਮ ਕਰ ਦਿੰਦੇ ਹੋ। ਨੈਤਿਕਤਾ ਉੱਥੇ ਕੁਝ ਵਧੇਰੀ ਹੀ ਕਠੋਰ ਹੁੰਦੀ ਜੇ, ਜਿੱਥੇ ਪੈਸੇ ਦੀ ਸਮੱਸਿਆ ਵਧੇਰੇ ਤਕੜੀ ਹੁੰਦੀ ਜੇ। ਜਿੰਨੀ ਵੱਧ ਪੂੰਜੀ ਮੇਰੇ ਕੋਲ ਜੇ, ਓਨਾਂ ਵੱਡਾ ਮੈਂ ਆਦਰਸ਼ਵਾਦੀ ਵਾਂ। ਇਸ ਲਈ ਅਮਰੀਕਾ ਵਿਚ ਜਿੱਥੇ ਵਧੇਰੇ ਆਦਮੀ ਅਮੀਰ ਨੇ, ਉੱਥੇ ਸੌ ਪ੍ਰਤੀਸ਼ਤ ਨੈਤਿਕਤਾ ਮਿਲਦੀ ਜੇ…ਸਮਝੇ ?" "ਹਾਂ…" ਮੈਂ ਕਿਹਾ, "ਪਰ ਇਹਨਾਂ ਸਭਨਾਂ ਵਿਚਕਾਰ ਇਹ ਬਿਊਰੋ ਕਿੱਧਰੋਂ ਆ ਗਿਆ ?"
"ਠਹਿਰੋ ਸੁਣੋ।" ਆਪਣਾ ਹੱਥ ਉਠਾਉਂਦਿਆਂ ਹੋਇਆਂ ਉਸਨੇ ਕਿਹਾ, "ਨੈਤਿਕਤਾ ਦਾ ਉਦੇਸ਼ ਹਰ ਉਸ ਆਦਮੀ ਨੂੰ ਪ੍ਰਭਾਵਿਤ ਕਰਨਾ ਜੇ, ਜਿਹੜਾ ਤੁਹਾਡੇ ਲਈ ਖ਼ਤਰਾ ਬਣ ਸਕਦਾ ਜੇ। ਜੇ ਤੁਹਾਡੇ ਕੋਲ ਅਪਾਰ ਸੰਪਤੀ ਹੈ, ਤੁਹਾਡੀਆਂ ਅਪਾਰ ਇੱਛਾਵਾਂ ਨੇ ਤੇ ਉਹਨਾਂ ਨੂੰ ਪੂਰਾ ਕਰਨ ਦੇ ਪੂਰੇ ਮੌਕੇ ਨੇ ਤਾਂ ਨੈਤਿਕਤਾ ਦੇ ਸਿਧਾਂਤ ਦਾ ਉਲੰਘਣ ਕੀਤੇ ਬਿਨਾਂ ਤੁਸੀਂ ਕੀ ਕਰ ਸਕਦੇ ਹੋ? ਤੁਸੀਂ ਦੂਜਿਆਂ ਨੂੰ ਭਾਸ਼ਣ ਨਹੀਂ ਦੇ ਸਕਦੇ ਕਿ ਤੁਸੀਂ ਕੋਈ ਸਨਿਆਸੀ ਜਾਂ ਤਿਆਗੀ ਹੋ…ਤੇ ਲੋਕ ਤੁਹਾਡੀ ਇਸ ਗੱਲ ਉੱਤੇ ਵਿਸ਼ਵਾਸ ਵੀ ਨਹੀਂ ਕਰਨਗੇ। ਆਖ਼ਰ ਸਾਰੇ ਮੂਰਖ ਤਾਂ ਨਹੀਂ ਹੁੰਦੇ ਨਾ…ਮੰਨ ਲਓ ਤੁਸੀਂ ਇਕ ਰੇਸਤਰਾਂ ਵਿਚ ਬੈਠੇ ਸ਼ਰਾਬ ਪੀ ਰਹੇ ਹੋ ਤੇ ਪਿਆਰੀ ਔਰਤ ਨੂੰ ਚੁੰਮ ਰਹੇ ਹੋ, ਹਾਲਾਂਕਿ ਉਹ ਤੁਹਾਡੀ ਪਤਨੀ ਨਹੀਂ…ਤੁਹਾਡੇ ਸਤਰ ਦੇ ਹਿਸਾਬ ਨਾਲ ਇਹ ਅਨੈਤਿਕਤਾ ਜੇ। ਪਰ ਤੁਹਾਡੇ ਆਪਣੇ ਲਈ ਇੰਜ ਕਰਨਾ ਸਮਾਂ ਬਿਤਾਉਣਾ ਜ਼ਰੂਰੀ ਜੇ, ਕਿਉਂਕਿ ਇਹ ਤੁਹਾਡੀ ਆਦਤ ਜੇ। ਅਜਿਹੀ ਸਥਿਤੀ ਵਿਚ ਤੁਹਾਨੂੰ ਆਪਣੇ ਆਪ ਨੂੰ ਸਾਰਿਆਂ ਨਾਲੋਂ ਵੱਖ ਕਰਨ ਲਈ ਨੈਤਿਕਤਾ ਦੇ ਸਿਧਾਂਤ ਦੀ ਲੋੜ ਪੈਂਦੀ ਜੇ। ਇਹ ਉਦਾਹਰਨ ਜਿਸ ਵਿਚ ਤੁਸੀਂ ਸਭ ਨੂੰ ਕਹਿੰਦੇ ਹੋ ਕਿ 'ਮਿਹਨਤ ਕਰੋ, ਚੋਰੀ ਨਹੀਂ'। ਹੁਣ ਜੇ ਤੁਹਾਡੇ ਕੋਲ ਅਪਾਰ ਧਨ ਸੰਪਤੀ ਜੇ ਤੇ ਬਹੁਤ ਸਾਰੀਆਂ ਇੱਛਾਵਾਂ ਤੇ ਉਹਨਾਂ ਨੂੰ ਪੂਰਿਆਂ ਕਰਨ ਦੇ ਮੌਕੇ ਵੀ ਨੇ…ਤਾਂ ਵੀ ਤੁਹਾਡੀ ਅੰਦਰੂਨੀ ਇੱਛਾ ਇਹੀ ਹੁੰਦੀ ਜੇ ਕਿ ਥੋੜ੍ਹਾ ਹੋਰ ਚੁਰਾ ਲਈਏ। ਪਰ ਆਮ ਲੋਕਾਂ ਲਈ ਉੱਚੀ ਆਵਾਜ਼ ਵਿਚ ਇਹੀ ਪ੍ਰਚਾਰ ਕਰੋਗੇ ਕਿ 'ਮਿਹਨਤ ਕਰੋ, ਚੋਰੀ ਨਹੀਂ'। ਕਿਉਂਕਿ ਤੁਸੀਂ ਜ਼ਿੰਦਗੀ ਦੀ ਕੀਮਤ ਜਾਣੇ ਹੋ। ਜ਼ਿੰਦਗੀ ਨਾਲ ਖੁਸ਼ੀਆਂ ਤੇ ਪ੍ਰੇਮ ਭਰੇ ਸੰਬੰਧ ਬਣਾਈ ਬੈਠੇ ਹੋ। ਉਧਰ ਇਕ ਦਿਨ ਤੁਹਾਡੀ ਕੋਇਲੇ ਦੀ ਖਾਨ ਵਿਚ ਮਜ਼ਦੂਰ ਵੱਧ ਮਜ਼ਦੂਰੀ ਦੀ ਮੰਗ ਕਰਦੇ ਨੇ…ਤੁਸੀਂ ਆਪਣੀ ਸੈਨਾ ਬੁਲਾਓਗੇ ਤੇ ਉਸ ਮੰਗ ਨੂੰ ਦਬਾਅ ਦਿਓਗੇ। ਕੁਝ ਦਰਜਨ ਮਜ਼ਦੂਰ ਮਰਦੇ ਨੇ ਤਾਂ ਮਰਨ ਦਿਓ। ਬਸ ਜਾਂ ਫੇਰ ਤੁਹਾਡੇ ਆਪਣੇ ਸਾਮਾਨ ਨੂੰ ਵੇਚਣ ਲਈ ਕੋਈ ਬਾਜ਼ਾਰ ਨਹੀਂ। ਤੁਸੀਂ ਸਰਕਾਰ ਨੁੰ ਕਹਿੰਦੇ ਹੋ। ਤਦ ਸਰਕਾਰ ਥੋੜ੍ਹੀ ਜਿਹੀ ਸੈਨਾ ਏਸ਼ੀਆ ਜਾਂ ਅਫ਼ਰੀਕਾ ਵਿਚ ਭੇਜ ਦਿੰਦੀ ਜੇ ਤੇ ਤੁਹਾਡੀ ਇੱਛਾ ਪੂਰੀ ਕਰਦੀ ਜੇ। ਕੁਝ ਸੌ ਜਾਂ ਹਜ਼ਾਰ ਨਿਵਾਸੀਆਂ ਨੂੰ ਗੋਲੀਆਂ ਦਾ ਸ਼ਿਕਾਰ ਬਣਾ ਕੇ ਬਸ। ਹਾਲਾਂਕਿ ਇਹ ਵਰਤਾਰੇ ਤੁਹਾਡੇ ਨੈਤਿਕਤਾ ਦੇ ਸਿਧਾਂਤ ਨਾਲ ਮੇਲ ਨਹੀਂ ਖਾਂਦੇ, ਪਰ ਯੁੱਧਬੰਦੀ ਤੇ ਸ਼ਾਂਤੀ ਬਹਾਲ ਕਰਨ ਦੇ ਭਾਸ਼ਣ ਦੇ ਕੇ ਤੁਸੀਂ ਮਜ਼ਦੂਰਾਂ ਤੇ ਨਿਵਾਸੀਆਂ ਦੀ ਹੱਤਿਆ ਦੇ ਮਾਮਾਲੇ ਵਿਚ ਆਪਣੇ ਆਪ ਨੂੰ ਨਿਰਦੋਸ਼ ਸਿੱਧ ਕਰਦੇ ਹੋ, ਰਾਸ਼ਟਰ ਦੇ ਹਿੱਤਾਂ ਦਾ ਲਾਭ ਵਿਖਾ ਕੇ…
"ਆਮ ਤੌਰ ਤੇ ਅਮੀਰ ਆਦਮੀ ਦੀ ਸਥਿਤੀ ਬਹੁਤੀ ਬਿਹਤਰ ਨਹੀਂ ਜੇ। ਇਸ ਉਸ ਲਈ ਜਿਉਣ ਤੇ ਮਰਨ ਦਾ ਸਵਾਲ ਜੇ ਕਿ ਹਰ ਕੋਈ ਉਸਨੂੰ ਪ੍ਰੇਮ ਕਰੇ, ਉਸਦੀ ਪੂੰਜੀ ਉੱਤੇ ਅੱਖ ਰੱਖਣ ਤੋਂ ਬਾਜ਼ ਆਏ, ਉਸਦੇ ਲਾਭ ਵਿਚ ਰੋੜਾ ਨਾ ਅੜਾਏ ਤੇ ਉਸਦੀ ਧੀ, ਭੈਣ ਦਾ ਸਤਿਕਾਰ ਕਰੇ। ਉਸਦੇ ਆਪਣੇ ਲਈ ਇਹ ਜ਼ਰੂਰੀ ਜੇ। ਦੂਜੇ ਪਾਸੇ ਜ਼ਰੂਰੀ ਨਹੀਂ ਕਿ ਉਹ ਵੀ ਸਾਰਿਆਂ ਨੂੰ ਪਿਆਰ ਕਰੇ, ਚੋਰੀ ਤੋਂ ਬਚੇ ਤੇ ਔਰਤ ਦਾ ਸਨਮਾਨ ਕਰੇ। ਸਭ ਕੁਝ---ਜੋ ਕੁਝ ਉਸਦੀ ਗਤੀ ਵਿਧੀ ਨੁੰ ਤੋੜਦਾ ਜੇ---ਬਿਨਾਂ ਸ਼ੱਕ ਉਸਦੀ ਸਫਲਤਾ ਵਿਚ ਅੜਿੱਕਾ ਲਾਉਂਦਾ ਜੇ। ਇਕ ਨਿਯਮ ਵਾਂਗ ਉਸਦਾ ਜੀਵਨ ਖੋਹਣਾ ਤੇ ਹਜ਼ਾਰਾਂ ਲੋਕਾਂ ਨੂੰ ਲੁੱਟਣਾ ਜ਼ਰੂਰੀ ਜੇ। ਉਹ ਦਰਜਨਾਂ ਔਰਤਾਂ ਦੀ ਇੱਜ਼ਤ ਲੁੱਟਦਾ ਜੇ ਤੇ ਵਿਹਲੇ ਆਦਮੀ ਲਈ ਇੰਜ ਸਮਾਂ ਬਿਤਾਉਣਾ ਕਿੰਨਾ ਰੌਚਕ ਹੁੰਦਾ ਜੇ। ਹੋਰ ਉਹ ਪਿਆਰ ਕਰੇ ਵੀ ਤਾਂ ਕਿਸ ਨੂੰ…ਉਸ ਲਈ ਸਾਰੇ ਲੋਕ ਦੋ ਧਿਰਾਂ ਵਿਚ ਵੰਡੇ ਹੋਏ ਨੇ। ਇਕ ਧਿਰ ਨੂੰ ਤਾਂ ਉਹ ਲੁੱਟਦਾ ਜੇ, ਦੂਸਰੀ ਇਸ ਲੁੱਟ ਦੇ ਕੰਮ ਵਿਚ ਉਸੇ ਨਾਲ ਕੰਪੀਟੀਸ਼ਨ ਕਰਦੀ ਜੇ।"
ਆਪਣੇ ਵਿਸ਼ੇ ਦੇ ਗਿਆਨ ਤੋਂ ਖੁਸ਼, ਮੈਨੂੰ ਭਾਸ਼ਣ ਦਿੰਦਾ ਹੋਇਆ, ਉਹ ਮੁਸਕਰਾਇਆ ਤੇ ਸਿਗਾਰ ਦੀ ਰਾਖ਼ ਨੂੰ ਇਕ ਕੋਨੇ ਵਿਚ ਛਿੜਕਦੇ ਹੋਏ ਬੋਲਿਆ, "ਤੇ ਇੰਜ ਨੈਤਿਕਤਾ ਇਕ ਅਮੀਰ ਆਦਮੀ ਲਈ ਲਾਭਦਾਇਕ ਤੇ ਇਕ ਆਮ ਆਦਮੀ ਲਈ ਰੁਕਾਵਟ ਵਰਗੀ ਕੋਈ ਸ਼ੈ ਜੇ। ਇਸ ਲਈ ਆਦਰਸ਼ਵਾਦੀ ਨੈਤਿਕਤਾ ਦੇ ਸਿਧਾਂਤ ਨੂੰ ਜਬਰਨ ਲੋਕਾਂ ਦੇ ਦਿਮਾਗ਼ ਵਿਚ ਘੁਸਾਉਣਾ ਚਾਹੁੰਦੇ ਨੇ…ਪਰ ਖ਼ੁਦ, ਨੈਤਿਕਤਾ ਨੂੰ ਇੰਜ ਇਸਤੇਮਾਲ ਕਰਦੇ ਨੇ ਜਿਵੇਂ ਟਾਈ ਜਾਂ ਕੋਟ ਨੂੰ। ਹੁਣ ਅਗਲਾ ਸਵਾਲ ਇਹ ਵੇ ਕਿ ਕਿੰਜ ਨੈਤਿਕਤਾ ਦੇ ਨਿਯਮਾਂ ਨੂੰ ਮੰਨਣ ਲਈ ਆਮ ਆਦਮੀ ਨੂੰ ਤਿਆਰ ਕੀਤਾ ਜਾਵੇ? ਕੋਈ ਨਹੀਂ ਚਾਹੁੰਦਾ ਕਿ ਚੋਰਾਂ ਵਿਚਕਾਰ ਇਕ ਆਮ ਆਦਮੀ ਵਾਂਗ ਰਿਹਾ ਜਾਵੇ, ਪਰ ਜੇ ਤੁਸੀਂ ਲੋਕਾਂ ਨੂੰ ਰਾਜ਼ੀ ਨਹੀਂ ਕਰ ਸਕਦੇ, ਤਾਂ ਉਹਨਾਂ ਉੱਤੇ ਦਬਾਅ ਪਾਉਣਾ ਪਵੇਗਾ, ਉਹਨਾਂ ਦੇ ਵਿਚਾਰਾਂ ਨੂੰ ਹਿਪਨੋਟਾਈਜ਼ (ਕਾਬੂ ਵਿਚ) ਕਰਨਾ ਪਵੇਗਾ…ਇਹੀ ਕੰਮ ਕਰਨ ਦਾ ਤਰੀਕਾ ਜੇ…"
ਉਸਨੇ ਸਿਰ ਹਿਲਾਇਆ ਤਾਂ ਮੈਂ ਅੱਖਾਂ ਮਿਚਮਿਚਾਉਂਦਿਆਂ ਹੋਇਆਂ ਦੁਹਰਾਇਆ, "ਤੁਸੀਂ ਲੋਕਾਂ ਨੂੰ ਰਾਜ਼ੀ ਨਹੀਂ ਕਰ ਸਕਦੇ ਤਾਂ ਸੰਮੋਹਿਤ ਕਰਕੇ ਕਾਬੂ ਵਿਚ ਕਰਦੇ ਹੋ…?"
ਤਦ ਉਸਨੇ ਆਪਣਾ ਹੱਥ ਮੇਰੇ ਗੋਡੇ ਉੱਤੇ ਰੱਖਿਆ ਤੇ ਧੀਮੀ ਆਵਾਜ਼ ਵਿਚ ਬੋਲਿਆ, "ਜਿਸ ਬਿਊਰੋ ਲਈ ਮੈਂ ਕੰਮ ਕਰ ਰਿਹਾ ਵਾਂ, ਉਹ ਜਨਤਾ ਦੇ ਵਿਚਾਰਾਂ ਨੂੰ ਸੰਮੋਹਿਤ ਕਰਦਾ ਜੇ, ਤੇ ਉਹ ਅਮਰੀਕਾ ਦੇ ਸਭ ਤੋਂ ਮੌਲਿਕ ਬਿਊਰੋਆਂ ਵਿਚੋਂ ਇਕ ਜੇ।" ਉਸਨੇ ਮਾਣ ਨਾਲ ਕਿਹਾ।
"ਕੀ ਤੁਸੀਂ ਜਾਣਦੇ ਹੋ ਕਿ ਸਾਡਾ ਦੇਸ਼ ਪੈਸਾ ਬਣਾਉਣ ਦੇ ਵਿਚਾਰ ਨਾਲ ਜਿਉਂਦਾ ਜੇ…ਹਰ ਆਦਮੀ ਇੱਥੇ ਅਮੀਰ ਬਣਨਾ ਚਾਹੁੰਦਾ ਜੇ ਤੇ ਇਸੇ ਆਪਾ-ਧਾਪੀ ਵਿਚ ਹਰੇਕ ਆਦਮੀ ਦੂਜੇ ਲਈ ਧਨ ਕਮਾਉਣ ਦਾ ਜ਼ਰੀਆ ਬਣਦਾ ਜੇ। ਪੂਰੀ ਜ਼ਿੰਦਗੀ ਹੀ ਆਦਮੀ ਦੇ ਮਾਸ ਤੇ ਖ਼ੂਨ 'ਚੋਂ ਸੋਨਾ ਕੱਢਣ ਦਾ ਧੰਦਾ ਬਣੀ ਹੋਈ ਜੇ। ਇੱਥੋਂ ਦੇ ਲੋਕ ਤਾਂ ਕੀ, ਹਰ ਜਗ੍ਹਾ ਦੇ ਲੋਕ ਹੀ, ਆਦਮੀ ਦੇ ਮਾਸ, ਹੱਡੀ ਤੇ ਨਸਾਂ ਨੂੰ ਸੋਨੇ ਦੇ ਟੁਕੜਿਆਂ ਵਿਚ ਬਦਲਣ ਵਿਚ ਰੁੱਝੇ ਹੋਏ ਨੇ। ਜ਼ਿੰਦਗੀ ਬੜੀ ਉਲਝੀ ਹੋਈ ਸ਼ੈ ਜੇ…"
"ਕੀ ਇਹ ਤੇਰੇ ਆਪਣੇ ਵਿਚਾਰ ਨੇ?" ਮੈਂ ਪੁੱਛਿਆ।
"ਨਹੀਂ…ਬਿਲਕੁਲ ਨਹੀਂ…ਮੈਨੂੰ ਯਾਦ ਨਹੀਂ ਆਉਂਦਾ ਪਿਆ ਕਿ ਕਿਸ ਤਰ੍ਹਾਂ ਇਹ ਮੇਰੇ ਦਿਮਾਗ਼ ਵਿਚ ਘੁਸੜ ਗਏ…ਤੇ ਇਹ ਵਿਚਾਰ ਮੈਂ ਸਿਰਫ ਉਦੋਂ ਹੀ ਪ੍ਰਗਟ ਕਰਦਾ ਵਾਂ ਜਦੋਂ ਉਹਨਾਂ ਲੋਕਾਂ ਨੂੰ ਮਿਲਦਾ ਵਾਂ…ਜਿਹੜੇ ਸਾਧਾਰਣ ਨਹੀਂ…ਆਮ ਲੋਕਾਂ ਕੋਲ ਦੁਰਾਚਾਰ ਵਿਚ ਮਗਨ ਰਹਿਣ ਦਾ ਸਮਾਂ ਹੀ ਨਹੀਂ ਹੁੰਦਾ, ਉਹਨਾਂ ਕੋਲ ਤਾਂ ਇਸ ਬਾਰੇ ਸੋਚਣ ਦੀ ਵੀ ਵਿਹਲ ਨਹੀਂ ਜੇ। ਕਿਸੇ ਵੀ ਚੀਜ਼ ਦੀ ਇੱਛਾ ਲਈ ਉਹਨਾਂ ਵਿਚ ਊਰਜਾ ਨਹੀਂ…ਉਹ ਆਪਣੇ ਕੰਮ ਵਿਚ ਹੀ ਜਿਉਂਦੇ ਨੇ…ਤੇ ਜਿਉਂਦੇ ਰਹਿਣ ਲਈ ਕੰਮ ਕਰੀ ਜਾਂਦੇ ਨੇ। ਇਹੀ ਉਹਨਾਂ ਦੀ ਜ਼ਿੰਦਗੀ ਨੂੰ ਵਧੇਰੇ ਨੈਤਿਕ ਬਣਾਉਂਦਾ ਜੇ…
"ਇਹ ਭਾਵਹੀਣ, ਰਸਹੀਣ ਅਕੇਵੇਂ ਭਰੀ ਜ਼ਿੰਦਗੀ ਵਿਚ, ਜਿਹੜੀ ਪ੍ਰਾਚੀਨ ਪਾਰਸੀ ਨੈਤਿਕਤਾ ਦੀ ਪੋਟੇ ਜਿੱਡੀ ਕੰਪਾਸ ਤੀਕ ਸੀਮਿਤ ਜੇ…ਕਿਸੇ ਵੀ ਸਿਧਾਂਤ ਦਾ ਉਲੰਘਣ ਇਕ ਸੰਘਣੇ ਧੂੰਏਂ ਦੇ ਬੱਦਲ ਵਾਂਗ ਜੇ। ਇਹ ਚੰਗੀ ਗੱਲ ਜੇ, ਤੇ ਮਾੜੀ ਵੀ। ਸਮਾਜ ਦਾ ਉੱਚ ਵਰਗ, ਹੇਠਲੇ ਵਰਗ ਦਾ ਸੰਚਾਲਨ ਕਰਦਾ ਜੇ। ਉਹਨਾਂ ਕੋਲ ਪੈਸਾ ਜੇ, ਇਸਦਾ ਅਰਥ ਜੇ ਕਿ ਉਹਨਾਂ ਨੂੰ ਹੱਕ ਜੇ ਕਿ ਉਹ ਬਿਨਾਂ ਨੈਤਿਕਤਾ ਦੀ ਪ੍ਰਵਾਹ ਕੀਤਿਆਂ ਜਿਵੇਂ ਚਾਹੁਣ ਉਵੇਂ ਜਿਉਣ। ਅਮੀਰ ਜਿਹੜੇ ਲਾਲਚੀ ਹੁੰਦੇ ਨੇ, ਸੁਸਤ ਹੁੰਦੇ ਨੇ, ਭੋਗ-ਵਿਲਾਸੀ ਤੇ ਨਿਕੰਮੇ ਹੁੰਦੇ ਨੇ, ਤੇ ਦੁਰਾਚਾਰੀ ਵੀ। ਉਹਨਾਂ ਦੀ ਆਤਮਾ ਵਿਚ ਸ਼ੈਤਾਨ ਵੱਸਦਾ ਜੇ…ਤਾਂ ਉਹ ਕੀ ਕਰਨ? ਕੀ ਖੁੱਲਮ-ਖੁੱਲਾ ਨੈਤਿਕਤਾ ਨੂੰ ਤਿਆਗ ਦੇਣ? ਇਹ ਸੰਭਵ ਜੇ, ਕਿਉਂਕਿ ਇਹ ਪਾਗਲਪਨ ਜੇ। ਜੇ ਤੁਸੀਂ ਆਪਣੇ ਫਾਇਦੇ ਲਈ ਲੋਕਾਂ ਨੂੰ ਨੈਤਿਕਤਾਵਾਦੀ ਬਣਾਉਣਾ ਚਾਹੁੰਦੇ ਹੋ ਤਾਂ ਲੋਕਾਂ ਦੀ ਨਜ਼ਰ ਵਿਚ ਦੁਰਾਚਾਰ ਤੋਂ ਦੂਰ ਰਹਿਣਾ ਪਵੇਗਾ। ਬੱਸ ਇਸ ਵਿਚ ਕੁਝ ਵੀ ਨਵਾਂ ਨਹੀਂ ਜੇ…ਇਹੋ ਸਭ ਤਾਂ ਹੁੰਦਾ ਆਇਆ ਜੇ, ਤੇ ਹੁੰਦਾ ਪਿਆ ਜੇ…" ਆਪਣੇ ਮੋਢਿਆਂ ਵੱਲ ਵਿਹੰਦਿਆਂ ਉਸਦੀ ਆਵਾਜ ਹੋਰ ਵੀ ਧੀਮੀ ਹੋ ਗਈ।
"ਜਾਣਦੇ ਹੋ, ਨਿਊਯਾਰਕ ਦੇ ਕੁਝ ਧਨਾਢ ਲੋਕਾਂ ਦੇ ਦਿਮਾਗ਼ ਵਿਚ ਕੈਸਾ ਅਜੀਬ ਵਿਚਾਰ ਪੈਦਾ ਹੋਇਆ…ਇਕ ਗੁਪਤ ਸੁਸਾਇਟੀ ਬਣਾਉਣ ਦਾ…ਨੈਤਿਕਤਾ ਦੇ ਸਿਧਾਂਤ ਦਾ ਖੁੱਲਮ-ਖੁੱਲਾ ਉਲੰਘਣ ਕਰਨ ਲਈ…ਚੰਦਾ ਇਕੱਠਾ ਕਰਕੇ ਉਹਨਾਂ ਇੰਜ ਹੀ ਕੀਤਾ। ਵੱਖ-ਵੱਖ ਕਸਬਿਆਂ ਵਿਚ ਬਿਊਰੋ ਖੋਲ੍ਹੇ ਤੇ ਨੈਤਿਕਤਾ ਦੇ ਵਿਰੁੱਧ ਕੰਮ ਕਰਨ ਲਈ ਲੋਕਾਂ ਨੂੰ ਰੋਜ਼ਗਾਰ ਦਿੱਤੇ। ਹਰੇਕ ਬਿਊਰੋ ਨੂੰ ਚਲਾਉਣ ਵਾਸਤੇ ਇਕ ਅਨੁਭਵੀ ਤੇ ਜਾਣਕਾਰ ਵਿਅਕਤੀ ਨੂੰ ਮੁਖੀ ਬਣਾਇਆ ਗਿਆ, ਜਿਹੜਾ ਹੋਰ ਲੋਕਾਂ ਤੋਂ ਕੰਮ ਲੈਂਦਾ ਸੀ…ਤੇ ਨਿਯਮ ਬਣਾਉਂਦਾ ਸੀ…ਤੇ ਉਸ ਵਿਚ ਕੁਝ ਅਖ਼ਬਾਰਾਂ ਦੇ ਸੰਪਾਦਕ ਵੀ ਲਏ ਗਏ…"
"ਪਰ ਬਿਊਰੋ ਦਾ ਉਦੇਸ਼ ਮੇਰੀ ਸਮਝ ਵਿਚ ਨਹੀਂ ਆਇਆ…" ਉਸਦੀ ਗੱਲ ਕੱਟਦਿਆਂ ਮੈਂ ਕਿਹਾ।
"ਇਹ ਬੜਾ ਸਰਲ ਜੇ," ਉਹ ਰੁਕਿਆ। ਅਚਾਨਕ ਹੀ ਬੇਚੈਨ ਅਤੇ ਅਸ਼ਾਂਤ ਜਿਹਾ ਉੱਠ ਖੜ੍ਹਾ ਹੋਇਆ ਤੇ ਆਪਣੇ ਹੱਥ ਪਿੱਠ ਪਿੱਛੇ ਕਰਕੇ ਕਮਰੇ ਵਿਚ ਟਹਿਲਣ ਲੱਗਾ।
"ਬੜਾ ਸਰਲ ਤੇ ਸਪਸ਼ਟ ਜੇ ਇਹ," ਉਸਨੇ ਫੇਰ ਕਿਹਾ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਵਾਂ ਕਿ ਹੇਠਲਾ ਵਰਗ ਅਪਰਾਧੀ ਨਹੀਂ…ਉਸ ਕੋਲ ਸਮਾਂ ਹੀ ਨਹੀਂ। ਦੂਜੇ ਪਾਸੇ ਨੈਤਿਕਤਾ 'ਅਪਰਾਧ' ਦੇ ਵਿਰੁੱਧ ਜੇ। ਆਖ਼ਰਕਾਰ ਤੁਸੀਂ ਉਸਨੂੰ ਬੁੱਢੀ ਨੌਕਰਾਣੀ ਵਾਂਗ ਤਿਆਗ ਤਾਂ ਨਹੀਂ ਸਕਦੇ। ਉਹਨਾਂ ਕੋਲ ਨੈਤਿਕਤਾ ਲਈ ਬਰਾਬਰ ਵਿਰੋਧ ਰਹਿੰਦਾ ਜੇ, ਜਿਹੜਾ ਲੋਕਾਂ ਨੂੰ ਬੋਲਾ ਕਰਦਾ ਜੇ, ਉਹਨਾਂ ਨੂੰ ਉਸ ਸੱਚਾਈ ਤੋਂ ਪਰ੍ਹੇ ਰੱਖਦਾ ਜੇ। ਜੇ ਤੁਸੀਂ ਗੁਆਂਢੀ ਦੀ ਜੇਬ ਦਾ ਬਟੂਆ ਕੱਢਦੇ ਹੋ, ਪੂਰੇ ਹੋਸ਼ਹਵਾਸ ਵਿਚ…ਤੇ ਸ਼ਰਾਰਤੀ ਬੱਚੇ ਵਰਗਾ ਵਿਹਾਰ ਕਰਦੇ ਹੋ, ਜਿਵੇਂ ਤੁਸੀਂ ਮੁੱਠੀ ਭਰ ਮੇਵੇ ਚਰਾਏ ਹੋਣ…ਅਜਿਹਾ ਵਿਹਾਰ ਹੀ ਤੁਹਾਨੂੰ ਖੁਸ਼ ਰੱਖ ਸਕਦਾ ਜੇ। ਸਿਰਫ ਚੀਕੋ 'ਰੋਕੋ, ਚੋਰ ਨੂੰ' ਏਨੀ ਜ਼ੋਰ ਨਾਲ ਜਿੰਨਾ ਤੁਸੀਂ ਚੀਕ ਸਕਦੇ ਹੋ। ਸਾਡਾ ਬਿਊਰੋ ਕੀ ਕਰਦਾ ਜੇ, ਸਿਰਫ ਛੋਟੀਆਂ-ਮੋਟੀਆਂ ਖੁਰਾਫ਼ਾਤਾਂ…ਵੱਡੇ ਵਿਰੋਧ ਨੂੰ ਦਬਾਉਣ ਲਈ…"
ਉਸਨੇ ਲੰਮਾ ਸਾਹ ਖਿੱਚਿਆ। ਕਮਰੇ ਵਿਚਕਾਰ ਰੁਕਿਆ ਤੇ ਥੋੜ੍ਹੀ ਦੇਰ ਲਈ ਚੁੱਪ ਰਿਹਾ। ਫਿਰ ਉਸਨੇ ਸ਼ੁਰੂ ਕੀਤਾ, "ਉਦਾਹਰਨ ਵਜੋਂ ਕਿਸੇ ਸ਼ਹਿਰ ਵਿਚ ਜੇ ਇਹ ਅਫ਼ਵਾਹ ਫੈਲੀ ਜੇ ਕਿ ਇਕ ਮਾਣਯੋਗ ਤੇ ਵਿਸ਼ੇਸ਼ ਵਿਅਕਤੀ ਆਪਣੀ ਪਤਨੀ ਨੂੰ ਕੁੱਟਦਾ ਜੇ। ਹੁਣ ਬਿਊਰੋ ਜਾਣ-ਬੁਝ ਕੇ ਮੈਨੂੰ ਤੇ ਦੂਜੇ ਏਜੰਟਾਂ ਨੂੰ ਆਪੋ-ਆਪਣੀਆਂ ਪਤਨੀਆਂ ਨੂੰ ਕੁੱਟਣ ਦਾ ਹੁਕਮ ਦਵੇਗਾ ਤੇ ਅਸੀਂ ਉਹਨਾਂ ਨੂੰ ਕੁੱਟ ਧਰਾਂਗੇ। ਪਤਨੀਆਂ ਨੂੰ ਵੀ ਇਸ ਬਾਰੇ ਪਹਿਲਾਂ ਜਾਣਕਾਰੀ ਹੋਵੇਗੀ ਤੇ ਉਹ ਵੀ ਖ਼ੂਬ ਜ਼ੋਰ-ਜ਼ੋਰ ਨਾਲ ਚੀਕਣ-ਕੂਕਣਗੀਆਂ ਤੇ ਅਖ਼ਬਾਰ ਇਸ ਵਿਸ਼ੇ ਉੱਤੇ ਖ਼ਬਰਾਂ ਦੇਣ ਲੱਗ ਪੈਣਗੇ। ਇੰਜ ਕਰਨ ਨਾਲ ਉਸ ਮਾਣਯੋਗ ਤੇ ਪਤਵੰਤੇ ਨਾਗਰਿਕ ਸੱਜਣ ਦੇ ਆਪਣੀ ਪਤਨੀ ਨੂੰ ਕੁੱਟਣ ਵਾਲੀ ਘਟਨਾ ਅਫ਼ਵਾਹ ਵਾਂਗ ਹੇਠਾਂ ਦੱਬੀ ਜਾਏਗੀ ਤੇ ਸੱਚਾਈ ਗੌਣ ਹੋ ਜਾਏਗੀ…"
ਉਹ ਖਿੜਕੀ ਕੋਲ ਗਿਆ ਤੇ ਗਲੀ ਵਿਚ ਝਾਕ ਕੇ ਵਾਪਸ ਆ ਕੇ ਬੈਠ ਗਿਆ। ਉਸਦੀ ਧੀਮੀ ਆਵਾਜ਼ ਫੇਰ ਕਮਰੇ ਵਿਚ ਸੁਣਾਈ ਦੇਣ ਲੱਗੀ, "ਬਿਊਰੋ ਅਮਰੀਕਾ ਦੇ ਉੱਚੇ ਵਰਗ ਨੂੰ ਆਮ ਲੋਕਾਂ ਦੇ ਇਨਸਾਫ ਤੋਂ ਬਚਾਉਂਦਾ ਜੇ, ਨੈਤਿਕਤਾ ਦੇ ਅਨੁਸ਼ਾਸਨ ਭੰਗ ਦੇ ਲਈ ਕਰੜੇ ਵਿਰੋਧ ਨੂੰ ਪੱਕਿਆਉਂਦਾ ਜੇ। ਛੋਟੇ-ਛੋਟੇ ਸਕੈਂਡਲਾਂ ਦੀ ਓਟ ਵਿਚ ਉਹ ਅਮੀਰਾਂ ਦੀਆਂ ਦੁਰਾਚਾਰੀਆਂ ਦੀ ਰਾਖੀ ਕਰਦਾ ਜੇ।…ਤੇ ਲੋਕ, ਜਿਹਨਾਂ ਕੋਲ ਸੋਚਣ ਦਾ ਸਮਾਂ ਨਹੀਂ, ਉਹ ਉਹੀ ਸੁਣਦੇ ਸਮਝਦੇ ਨੇ ਜੋ ਉਹਨਾਂ ਨੂੰ ਅਖ਼ਬਾਰਾਂ ਦੇ ਜ਼ਰੀਏ ਦੱਸਿਆ ਜਾਂਦਾ ਜੇ। ਤੇ ਅਖ਼ਬਾਰ ਉਹਨਾਂ ਕਰੋੜ-ਪਤੀਆਂ ਦੇ ਹੁੰਦੇ ਨੇ ਜਿਹੜੇ ਬਿਊਰੋ ਨੂੰ ਚਲਾਉਣ ਦਾ ਖਰਚਾ ਦਿੰਦੇ ਨੇ…ਹੁਣ ਸਮਝੇ…"
"ਧੰਨਵਾਦ..." ਮੈਂ ਕਿਹਾ, "ਤੂੰ ਮੈਨੂੰ ਬੜੀ ਵੱਡੀ ਜਾਣਕਾਰੀ ਦਿੱਤੀ…।"
"ਹਾਂ..." ਉਸਨੇ ਸਿਰ ਚੁੱਕ ਕੇ ਆਪਣੀਆਂ ਚਮਕਦੀਆਂ ਹੋਈਆਂ ਅੱਖਾਂ ਨਾਲ ਮੇਰੇ ਵੱਲ ਤੱਕਿਆ। ਫੇਰ ਹੌਲੀ ਜਿਹੀ ਕਿਹਾ, "ਪਰ ਇਹ ਸਭ ਮੈਨੂੰ ਥਕਾਅ ਦੇਣ ਦੀ ਸ਼ੁਰੂਆਤ ਜੇ। ਮੈਂ ਇਕ ਕਬੀਲਦਾਰ ਆਦਮੀ ਵਾਂ। ਤਿੰਨ ਸਾਲ ਪਹਿਲਾਂ ਮੈਂ ਆਪਣਾ ਘਰ ਬੰਨ੍ਹਿਆਂ ਸੀ…ਹੁਣ ਮੈਂ ਥੋੜ੍ਹਾ ਆਰਾਮ ਚਾਹੁੰਦਾ ਵਾਂ…ਮੇਰੀ ਇਹ ਨੌਕਰੀ ਬੜੀ ਅਕਾਅ ਦੇਣ ਵਾਲੀ ਜੇ…ਨੈਤਿਕਤਾ ਦੇ ਨਿਯਮਾਂ ਦੇ ਪ੍ਰਤੀ ਆਦਰ ਸਨਮਾਨ ਬਣਾਈ ਰੱਖਣਾ ਏਨਾਂ ਆਸਾਨ ਨਹੀਂ ਜੇ। ਮੇਰੇ ਉੱਤੇ ਵਿਸ਼ਵਾਸ ਕਰੋ। ਹੁਣ ਤੁਸੀਂ ਦੇਖੋ, ਸ਼ਰਾਬ ਮੇਰੇ ਲਈ ਬੁਰੀ ਜੇ ਪਰ ਮੈਨੂੰ ਪੀਣੀ ਪੈਂਦੀ ਜੇ। ਮੈਂ ਆਪਣੀ ਪਤਨੀ ਨੂੰ ਪਿਆਰ ਕਰਦਾ ਵਾਂ ਤੇ ਇੱਥੇ ਮੈਨੂੰ ਰੇਸਤੋਰਾਵਾਂ ਵਿਚ ਭਟਕਣਾ ਪੈਂਦਾ ਜੇ…ਤੇ ਹਮੇਸ਼ਾ ਆਪਣੇ ਆਪ ਨੂੰ ਅਖ਼ਬਾਰਾਂ ਵਿਚ ਦੇਖਣਾ ਪੈਂਦਾ ਜੇ…ਝੂਠੇ ਨਾਵਾਂ ਨਾਲ…ਸੱਚ…ਪਰ ਫੇਰ ਵੀ ਕਿਸੇ ਦਿਨ ਮੇਰਾ ਅਸਲੀ ਨਾਂ ਵੀ ਆਵੇਗਾ ਤੇ ਉਦੋਂ ਮੈਨੂੰ ਆਪਣੇ ਸ਼ਹਿਰ ਵਿਚੋਂ ਭੱਜਣਾ ਪਵੇਗਾ…ਦਰਅਸਲ ਮੈਨੂੰ ਤੁਹਾਡੀ ਮਦਦ ਦੀ ਲੋੜ ਜੇ…"
"ਕਿਸ ਕਿਸਮ ਦੀ ਮਦਦ?" ਮੈਂ ਪੁੱਛਿਆ।
"ਦੋਖੋ…ਤੁਸੀਂ..." ਉਸਨੇ ਸ਼ੁਰੂ ਕੀਤਾ, "ਇਹ ਇਸ ਤਰ੍ਹਾਂ ਜੇ…ਕਿ ਦੱਖਣੀ ਰਾਜਾਂ ਵਿਚ ਉੱਚੇ ਵਰਗ ਦੇ ਲੋਕ ਨੀਗਰੋ ਰਖੈਲਾਂ ਰੱਖਦੇ ਨੇ…ਦੋ-ਦੋ, ਤਿੰਨ-ਤਿੰਨ ਇਕੋ ਸਮੇਂ। ਆਮ ਲੋਕ ਇਸ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ। ਪਤਨੀਆਂ ਇਸ ਨੂੰ ਪਸੰਦ ਨਹੀਂ ਕਰਦੀਆਂ। ਕੁਝ ਔਰਤਾਂ ਨੂੰ ਅਜਿਹੇ ਅਖ਼ਬਾਰ ਮਿਲਦੇ ਨੇ ਜਿਸ ਵਿਚ ਉਹਨਾਂ ਦੇ ਪਤੀਆਂ ਨੂੰ ਖੋਲ੍ਹ ਕੇ ਰੱਖ ਦਿੱਤਾ ਗਿਆ ਹੁੰਦਾ ਜੇ। ਇੰਜ ਇਹ ਇਕ ਬੜਾ ਵੱਡਾ ਸਕੈਂਡਲ ਹੋ ਸਕਦਾ ਜੇ। ਹੁਣ ਬਿਊਰੋ ਨੂੰ 'ਵਿਰੋਧੀ-ਤੱਥ' ਚਾਹੀਦੇ ਜੇ, ਅਫ਼ਵਾਹਾਂ ਉਡਾਉਣ ਲਈ। ਏਜੰਟਾਂ ਤੇ ਮੈਨੂੰ, ਸਾਨੂੰ ਸਾਰਿਆ ਨੂੰ ਨੀਗਰੋ ਰਖੈਲਾਂ ਰੱਖਣ ਦਾ ਹੁਕਮ ਹੋਇਆ ਜੇ…ਦੋ ਜਾਂ ਤਿੰਨ ਵੀ ਇਕੱਠੀਆਂ…" ਉਹ ਘਬਰਾਹਟ ਵਿਚ ਲਗਭਗ ਭੁੜਕਿਆ। ਆਪਣੀ ਜੇਬ ਉਪਰ ਹੱਥ ਰੱਖਦੇ ਹੋਏ ਉਸਨੇ ਕਿਹਾ, "ਤੇ ਇਹ ਮੈਂ ਨਹੀਂ ਕਰ ਸਕਦਾ…ਮੈਂ ਆਪਣੀ ਪਤਨੀ ਨੂੰ ਪਿਆਰ ਕਰਦਾ ਵਾਂ…ਤੇ ਉਹ ਮੈਨੂੰ ਇੰਜ ਬਿਲਕੁਲ ਨਹੀਂ ਕਰਨ ਦਵੇਗੀ…ਘੱਟੋਘੱਟ ਜੇ ਇਕ ਵੀ ਰੱਖਣੀ ਹੋਵੇ, ਤਾਂ ਵੀ…"
"ਤੂੰ ਮਨ੍ਹਾਂ ਕਿਉਂ ਨਹੀਂ ਕਰ ਦੇਂਦਾ?" ਮੈਂ ਕਿਹਾ।
ਉਸਨੇ ਦਯਾ ਭਾਵ ਨਾਲ ਮੇਰੇ ਵੱਲ ਦੇਖਿਆ, "ਤੇ ਫੇਰ 50 ਡਾਲਰ ਹਰ ਹਫ਼ਤੇ…ਕੌਣ ਦਏਗਾ ਮੈਨੂੰ…ਤੇ ਬੋਨਸ, ਜੇ ਮੈਂ ਸਫਲ ਹੋ ਜਾਂਦਾ ਵਾਂ…ਨਹੀਂ ਨਹੀਂ…ਇਸ ਤਰ੍ਹਾਂ ਦੀ ਸਲਾਹ ਨਹੀਂ ਚਾਹੀਦੀ…ਇਕ ਅਮਰੀਕਨ ਇਕ ਦਿਨ ਲਈ ਵੀ ਪੈਸੇ ਲੇਟ ਨਹੀਂ ਕਰਦਾ…ਕੁਝ ਹੋਰ ਸੋਚੋ…"
"ਮੈਨੂੰ ਤਾਂ ਇਹ ਬੜਾ ਮੁਸ਼ਕਿਲ ਲੱਗ ਰਿਹਾ ਏ।" ਮੈਂ ਕਿਹਾ।
"ਮੁਸ਼ਕਿਲ ? ਤੁਹਾਨੂੰ ਕਿਉਂ ਮੁਸ਼ਕਿਲ ਲੱਗ ਰਿਹਾ ਜੇ ਭਾਅ ਜੀ? ਤੁਸੀਂ ਯੂਰੋਪੀਅਨ ਤਾਂ ਨੈਤਿਕਤਾ ਦੇ ਅਸਲੀ ਦਾਅਵੇਦਾਰ ਬਣਦੇ ਹੋ। ਤੇ ਤੁਹਾਡੀ ਨੈਤਿਕਤਾ ਬੜੀ ਪ੍ਰਸਿੱਧ ਜੇ…"
ਉਸਨੇ ਇਹ ਸਭ ਬੜੇ ਆਤਮ ਵਿਸ਼ਵਾਸ ਨਾਲ ਕਿਹਾ ਜਿਵੇਂ ਉਸਨੂੰ ਸਭ ਪਤਾ ਹੋਵੇ।
"ਇਹ ਦੋਖੋ," ਉਸਨੇ ਫੇਰ ਕਿਹਾ ਮੇਰੇ ਵੱਲ ਝੁਕਦਿਆਂ ਹੋਇਆਂ, "ਤੁਹਾਡੇ ਕੁਝ ਯੂਰਪੀਅਨ ਦੋਸਤ ਤਾਂ ਹੋਣਗੇ..."
"ਤੂੰ ਉਹਨਾਂ ਤੋਂ ਕੀ ਚਾਹੁੰਦਾ ਏਂ ?"
"ਮੈਂ…ਮੈਂ ਉਹਨਾਂ ਤੋਂ ਕੀ ਚਾਹਾਂਗਾ," ਬੜੀ ਰੁੱਖੀ ਆਵਾਜ਼ ਵਿਚ ਉਸਨੇ ਕਿਹਾ, "ਮੈਂ ਤੁਹਾਨੂੰ ਇਹੀ ਕਹਿ ਰਿਹਾ ਵਾਂ ਕਿ ਨੀਗਰੋ ਕੁੜੀਆਂ ਨਾਲ ਮੈਂ ਕੋਈ ਧੰਦਾ ਨਹੀਂ ਕਰ ਸਕਦਾ…ਬਸ।…ਤੇ ਮੇਰੀ ਪਤਨੀ, ਉਹ ਇੰਜ ਨਹੀਂ ਹੋਣ ਦਵੇਗੀ ਤੇ ਮੈਂ ਉਸਨੂੰ ਪਿਆਰ ਕਰਦਾ ਵਾਂ…ਮੈਂ ਇੰਜ ਨਹੀਂ ਕਰ ਸਕਦਾ…।"
ਉਸਨੇ ਆਪਣਾ ਸਿਰ ਤੇਜ਼ੀ ਨਾਲ ਹਿਲਾਇਆ। ਆਪਣੇ ਗੰਜੇ ਸਿਰ ਉੱਤੇ ਹੱਥ ਫੇਰਿਆ ਤੇ ਫੇਰ ਕਿਹਾ, "ਸ਼ਾਇਦ ਤੁਸੀਂ ਕੁਝ ਯੂਰਪੀਨਾਂ ਨੂੰ ਇਸ ਕੰਮ ਤੇ ਲਾ ਸਕੋ…ਉਹ ਤਾਂ ਨੈਤਿਕਤਾ ਬਾਰੇ ਕੁਝ ਨਹੀਂ ਜਾਣਦੇ…ਇਸ ਲਈ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ…ਕੁਝ ਗਰੀਬ, ਭੁੱਖੜ…ਮੈਂ ਉਹਨਾਂ ਨੂੰ ਦਸ ਡਾਲਰ ਇੱਕ ਹਫ਼ਤੇ ਦੇ ਦਿਆਂਗਾ…ਦਸ ਡਾਲਰ…ਅਸਲ ਵਿਚ ਸਭ ਕੁਝ ਤਾਂ ਮੈਂ ਹੀ ਕਰਾਂਗਾ…ਉਹਨਾਂ ਨੂੰ ਸਿਰਫ ਦਿਖਾਵਾ ਕਰਨਾ ਪਏਗਾ…ਔਹ। ਇਸ ਗੱਲ ਦਾ ਫੈਸਲਾ ਅੱਜ ਦੀ ਰਾਤ ਈ ਕਰਨਾ ਜੇ ਮੈਂ…ਜ਼ਰਾ ਸੋਚੋ ਕੇਡਾ ਸਕੈਂਡਲ ਖੜ੍ਹਾ ਹੋ ਜਾਵੇਗਾ, ਜੇ ਦੱਖਣ ਵਿਚ ਇਹ ਸਭ ਛੋਟੇ-ਮੋਟੇ ਦੁਰਾਚਾਰੀਆਂ ਦੇ ਨਾਂ ਨਾ ਮੜ੍ਹਿਆ ਗਿਆ। ਜੇ ਨੈਤਿਕਤਾ ਨੂੰ ਬਣਾਉਣਾ ਜੇ ਤਾਂ ਇਸ ਸਭ ਕਰਨਾ ਪਵੇਗਾ…"
ਜਦੋਂ ਉਹ ਕਮਰੇ ਚੋਂ ਬਾਹਰ ਨਿਕਲਿਆ ਤਾਂ ਮੈਂ ਖਿੜਕੀ ਕੋਲ ਚਲਾ ਗਿਆ। ਉਹ ਹੇਠਾਂ ਖੜ੍ਹਾ ਸੀ ਤੇ ਮੈਨੂੰ ਇਸ਼ਾਰੇ ਨਾਲ ਕੁਝ ਕਹਿ ਰਿਹਾ ਸੀ।
"ਕੀ ਚਾਹੀਦਾ ਏ ਤੈਨੂੰ…" ਮੈਂ ਖਿੜਕੀ ਖੋਲ੍ਹਦਿਆਂ ਹੋਇਆਂ ਪੁੱਛਿਆ।
"ਮੈਂ ਆਪਣਾ ਹੈਟ ਭੁੱਲ ਗਿਆ ਵਾਂ…" ਉਸਨੇ ਬੜੇ ਨਾਟਕੀ ਢੰਗ ਨਾਲ ਕਿਹਾ।
ਮੈਂ ਹੈਟ ਫਰਸ਼ ਤੋਂ ਚੁੱਕਿਆ, ਉਸਨੂੰ ਗਲੀ ਵਿਚ ਉਛਾਲ ਦਿੱਤਾ ਤੇ ਖਿੜਕੀ ਬੰਦ ਕਰ ਦਿੱਤੀ।…ਤੇ ਫੇਰ ਉਸਨੂੰ ਇਹ ਕਹਿੰਦਿਆਂ ਸੁਣਿਆ, "ਤੇ ਜੇ ਮੈਂ ਪੰਦਰਾਂ ਡਾਲਰ ਇਕ ਹਫ਼ਤੇ ਦੇ ਦਿਆਂ ਤਦ…ਤਦ ਚੱਲੇਗਾ ਨਾ…? ਇਹ ਤਾਂ ਚੋਖੀ ਰਕਮ ਜੇ…?"
(ਅਨੁਵਾਦ : ਮਹਿੰਦਰ ਬੇਦੀ ਜੈਤੋ)


ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To read Punjabi text you must have Unicode fonts. Contact Us

Sochpunjabi.com