ਮੁਸਕਰਾਹਟ ਭਰਿਆ ਚਿਹਰਾ-ਲੇਖ ਗੁਰਜੰਟ ਤਕੀਪੁਰ
ਹਾਸਾ ਸੁਣਿਆ ਜਾਂਦਾ ਹੈ ਤੇ ਮੁਸਕਰਾਹਟ ਵੇਖੀ ਜਾਂਦੀ ਏ। ਮੁਸਕਰਾਹਟ ਹੁੰਦੀ ਕਮਾਨ ਵਾਂਗ ਟੇਢੀ ਹੈ ਪਰ ਇਸ ਦਾ ਅਸਰ ਤੀਰ ਵਾਂਗ ਸਿੱਧਾ ਹੁੰਦਾ ਹੈ। ਜਿਸ ਮੁਸਕਰਾਹਟ ਸੋਹਣੀ ਹੈ, ਉਸ ਨੂੰ ਕਿਸੇ ਪ੍ਕਾਰ ਦੇ ਸ਼ਿੰਗਾਰ ਦੀ ਲੋੜ ਨਹੀਂ ਹੁੰਦੀ ਹੱਸਣ ਦਾ ਢੰਗ ਹਰ ਸਮਾਜ ਦਾ ਵੱਖਰਾ ਹੁੰਦਾ ਹੈ ਜਦੋਂ ਕਿ ਮੁਸਕਰਾਉਣ ਦਾ ਢੰਗ ਸਭ ਥਾਵਾਂ ਤੇ ਇੱਕੋ ਜਿਹਾ ਹੁੰਦਾ ਹੈ। ਜ਼ਿਆਦਾਤਰ ਲੋਕਾਂ ਦਾ ਆਖਣਾ ਹੈ ਕਿ ਮੁਸਕਰਾਹਟ ਤੋਂ ਉਹਨਾਂ ਨੂੰ ਸੱਚੀ ਤਾਕਤ ਮਿਲਦੀ ਹੈ। ਉਹਨਾਂ ਨੂੰ ਦੱਸਿਆ ਗਿਆ ਹੈ ਕਿ ਮੁਸਕਰਾਹਟ ਆਤਮ-ਵਿਸ਼ਵਾਸ ਦੀ ਘਾਟ ਨੂੰ ਦੂਰ ਕਰਨ ਲਈ ਇਕ ਵਧੀਆ ਦਵਾਈ ਹੈ।
ਇੱਕ ਨਿੱਕਾ ਪ੍ਰਯੋਗ ਕਰਕੇ ਦੇਖੋ। ਤੁਸੀਂ ਹਾਰੇ ਹੋਏ ਅਨੁਭਵ ਕਰੋ ਤਾਂ ਵੱਡੀ ਮੁਸਕਰਾਹਟ ਦਿਓ; ਇੱਕੋ ਦਮ, ਇੱਕੋ ਸਮੇਂ ਇਹ ਸੰਭਵ ਨਹੀਂ ਹੈ। ਤੁਸੀਂ ਇਸ ਤਰਾਂ ਕਰ ਹੀ ਨਸੀਂ ਸਕਦੇ। ਵੱਡੀ ਮੁਸਕਰਾਹਟ ਤੁਹਾਨੂੰ ਆਤਮ-ਵਿਸ਼ਵਾਸ ਦਿੰਦੀ ਹੈ।
ਹਰ ਕਿਸੇ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਆਉਂਦਾ ਹੈ, ਜਿਸ ਦੀਆਂ ਮੁਸਕਰਾਹਟਾਂ ਚੇਤਿਆਂ ਵਿੱਚ ਵਸ ਜਾਂਦੀਆ ਹਨ, ਤੇ ਉਹਨਾਂ ਮੁਸਕਰਾਹਟਾਂ ਨੂੰ ਅਸੀਂ ਦਿਨ ਵਿੱਚ ਫਿਰ ਕਈ ਵਾਰ ਯਾਦ ਕਰਦੇ ਹਾਂ। ਇਕ ਮੁਸਕਰਾਹਟ ਭਰਿਆ ਚਿਹਰਾ ਮੈਨੂੰ ਵੀ ਰੋਜ਼ ਮਿਲਦਾ ਸੀ, ਤੇ ਉਸ ਚਿਹਰੇ ਦੀ ਉਡੀਕ ਮੈਨੂੰ ਰੋਜ਼ ਇਸ ਤਰਾਂ ਰਹਿੰਦੀ ਜਿਵੇਂ ਬੰਦ ਪਏ ਜਿੰਦਰੇ ਨੂੰ ਕਿਸੇ ਚਾਬੀ ਦੀ ਰਹਿੰਦੀ ਏ। ਮੇਰਾ ਪੂਰਾ ਦਿਨ ਬਿਤਾਉਣ ਲਈ ਬੱਸ ਉਹਦੀ ਇਕ ਮੁਸਕਰਾਹਟ ਹੀ ਕਾਫ਼ੀ ਹੁੰਦੀ ਸੀ। ਕਈ ਵਾਰ ਜਦ ਉਸ ਚਿਹਰੇ ਦਾ ਹਾਸਾ ਮੇਰੇ ਕੰਨੀਂ ਪੈਂਦਾ ਤਾਂ ਮੈਨੂੰ ਲੱਗਦਾ ਜਿਵੇਂ ਇਹ ਦਿਨ ਹਰ ਪੱਖੋਂ ਪ੍ਰਸੰਨ ਹੋ ਕੇ ਅੰਗੜਾਈ ਲੈ ਰਿਹਾ ਹੋਵੇ। ਉਸ ਚਿਹਰੇ ਦੇ ਦਰਸ਼ਨ ਕਰਨਾ ਮੇਰੀਆਂ ਅੱਖਾਂ ਦਾ ਨਿੱਤਨੇਮ ਸੀ। ਮੇਰੀਆਂ ਕਾਫ਼ੀ ਗਜ਼ਲਾਂ ਦਾ ਜਨਮ ਉਹਦੀ ਇਕ ਮੁਸਕਰਾਹਟ ਵਿੱਚੋਂ ਹੀ ਹੋਇਆ। ਉਸ ਦੀ ਪਹਿਲੀ ਮੁਸਕਰਾਹਟ ਤਾਂ ਮੈਨੂੰ ਯਾਦ ਨਹੀਂ ਪਰ ਆਖ਼ਰੀ ਮੈਂ ਕਦੇ ਭੁੱਲਣਾ ਨਹੀਂ ਚਾਹੁੰਦਾ।
ਮੁਸਕਰਾਹਟ ਵਿੱਚ ਸੰਜੀਦਗੀ ਹੁੰਦੀ ਹੈ, ਇਹ ਸੰਜੀਦਗੀ ਮੁਸਕਰਾਹਟ ਨੂੰ ਦਿਲਕਸ਼ ਬਣਾਉਂਦੀ ਹੈ। ਸਿਆਣੀਆਂ ਅਤੇ ਸੋਹਣੀਆਂ ਇਸਤਰੀਆਂ ਨੇ ਸੰਜੀਦਗੀ ਦਾ ਵਟਣਾ ਮਲਿਆ ਹੁੰਦਾ ਹੈ।
ਵਿਦਵਾਨਾਂ ਵਿਚ ਕੁਝ ਪੜਦਿਆਂ ਕੋਈ ਅੰਤਰਝਾਤ ਮਿਲਣ ਉੱਤੇ ਇਕੱਲਿਆਂ ਮੁਸਕਰਾਉਣ ਦੀ ਆਦਤ ਪੈ ਜਾਂਦੀ ਹੈ ਅਤੇ ਕਲਾਕਾਰ ਤੇ ਕਵੀਆਂ ਵਿਚ ਮੁਸਕਰਾਉਣ ਅਤੇ ਰੋਣ ਦੋਹਾਂ ਦੀ ਬਿਰਤੀ ਭਾਰੂ ਹੋ ਜਾਂਦੀ ਹੈ। ਜਿਹੜੀ ਖ਼ੁਸ਼ੀ ਸਾਨੂੰ ਪੈਸਾ ਨਹੀਂ ਦੇ ਸਕਦਾ ਉਹ ਖ਼ੁਸ਼ੀ ਇਕ ਬੱਚੇ ਦੀ ਮੁਸਕਰਾਹਟ ਦੇ ਸਕਦੀ ਹੈ। ਆਪਣੇ ਪਿਆਰੇ ਦੀ ਮੁਸਕਰਾਹਟ ਸਾਨੂੰ ਹਮੇਸ਼ਾ ਖਿੜਦੇ ਫੁੱਲਾਂ ਦਾ ਚੇਤਾ ਦਵਾਉਂਦੀ ਹੈ।
ਫਰਾਂਸ ਨੇ ਇਸਤਰੀ ਜਾਤੀ ਨੂੰ ਲਿਪਸਟਿਕ ਦਾ ਤੋਹਫ਼ਾ ਦੇ ਕੇ ਮੁਸਕਰਾਹਟ ਵਿਚ ਰੌਣਕ ਭਰ ਦਿੱਤੀ ਹੈ। ਥਾਈਲੈਂਡ ਦੇ ਵਾਸੀ ਸੰਸਾਰ ਵਿਚ ਸਭ ਤੋਂ ਵੱਧ ਮੁਸਕਰਾਉਂਦੇ ਹਨ। ਭਾਰਤ ਵਿਚ ਮੁਸਕਰਾਹਟ ਕੇਵਲ ਜਾਣੂ ਨੂੰ ਹੀ ਪਰੋਸੀ ਜਾਂਦੀ ਹੈ।
ਕੋਈ ਇਕੱਲਾ ਹੈ, ਉਸ ਕੋਲ ਬੋਠੋ, ਤੁਹਾਡੀ ਮੁਸਕਰਾਹਟ ਉਸ ਦੀ ਉਦਾਸੀ ਨੂੰ ਧੋ ਦੇਵੇਗੀ। ਮੁਸਕਰਾਹਟ ਬਾਰੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਦੀ ਕੋਈ ਲਾਗਤ ਨਹੀਂ ਪਰ ਇਸ ਦਾ ਸਭਨੀਂ ਥਾਈਂ ਲਾਭ ਹੁੰਦਾ ਹੈ। ਤੇ ਅਖੀਰ ਉਸ ਮੁਸਕਰਾਹਟ ਭਰੇ ਚਿਹਰੇ ਨੂੰ ਮੇਰੇ ਵੱਲੋਂ ਜ਼ਿੰਦਗੀ ਭਰ ਮੁਸਕਰਾਉਣ ਲਈ ਇਕ ਸ਼ੇਅਰ ਦਾ ਤੋਹਫ਼ਾ।
ਕੋਈ ਮੁੱਲ ਨੀ ਸਾਡੇ ਕੋਲ
ਇਕ ਤੇਰੀ ਮੁਸਕਰਾਹਟ ਦਾ,
ਉਂਝ ਕੋਹਿਨੂਰ ਭਾਂਵੇ ਸਾਡੇ
ਨਿੱਤ ਸੁਪਨੇ ਚ ਆਉਂਦਾ ਏ।
ਪੰਜਾਬੀ ਕਹਾਣੀਆਂ (ਮੁੱਖ ਪੰਨਾ) |