ਮੋਟਾ ਅਤੇ ਪਤਲਾ ਐਂਤਨ ਚੈਖ਼ਵ
ਦੋ ਦੋਸਤ ਸਨ । ਇੱਕ ਮੋਟਾ ਸੀ । ਇੱਕ ਪਤਲਾ ਸੀ । ਇੱਕ ਦਿਨ ਉਹ ਨਿਕੋਲਾਏਵਸਕੀ ਸਟੇਸ਼ਨ ਉੱਤੇ ਮਿਲੇ । ਮੋਟੇ ਨੇ ਕੁੱਝ ਹੀ ਦੇਰ ਪਹਿਲਾਂ ਸਟੇਸ਼ਨ ਉੱਤੇ ਖਾਣਾ ਖਾਧਾ ਸੀ । ਉਸਦੇ ਬੁੱਲਾਂ ਉੱਤੇ ਅਜੇ ਵੀ ਚਿਕਨਾਈ ਨਜ਼ਰ ਆ ਰਹੀ ਸੀ । ਉਸਦੇ ਸਰੀਰ ਤੋਂ ਖਾਣੇ ਦੀ ਖੁਸ਼ਬੂ ਆ ਰਹੀ ਸੀ । ਪਤਲਾ ਅਜੇ ਟ੍ਰੇਨ ਤੋਂ ਉਤਰਿਆ ਸੀ । ਉਹ ਪੇਟੀ, ਬੰਡਲਾਂ ਅਤੇ ਡਿੱਬਿਆਂ ਨਾਲ ਲੱਦਿਆ ਹੋਇਆ ਸੀ । ਉਸਦੇ ਸਰੀਰ ਤੋਂ ਕਾਫ਼ੀ ਗਰਾਉਂਡ ਅਤੇ ਮੀਟ ਦੀ ਦੁਰਗੰਧ ਆ ਰਹੀ ਸੀ । ਇੱਕ ਪਤਲੀ ਜਿਹੀ ਤੀਵੀਂ ਅਤੇ ਇੱਕ ਲੰਮਾ ਜਿਹਾ ਮੁੰਡਾ ਉਸਦੇ ਪਿੱਛੇ – ਪਿੱਛੇ ਸਨ । ਲੰਮੀ ਠੋਡੀ ਵਾਲੀ ਇਹ ਤੀਵੀਂ ਉਸਦੀ ਪਤਨੀ ਸੀ । ਸਕੂਲ ਜਾਣ ਦੀ ਉਮਰ ਦਾ ਮੁੰਡਾ ਉਸਦਾ ਪੁੱਤਰ ਸੀ ।
ਪਤਲੇ ਨੂੰ ਵੇਖਦੇ ਹੀ ਮੋਟਾ ਚੀਖਿਆ, “ਪੋਰਫਿਰੀ । ਮੇਰੇ ਦੋਸਤ . . . ਤੂੰ ਪੋਰਫਿਰੀ ਹੀ ਹੈਂ ਨਾ ? ਕਿੰਨੀਆਂ ਗਰਮੀਆਂ ਗੁਜ਼ਰ ਗਈਆਂ ਅਤੇ ਕਿੰਨੀ ਸਰਦੀਆਂ ਤੈਨੂੰ ਵੇਖੇ ਬਿਨਾਂ ” ।
“ਖੁਦਾ ਦਾ ਸ਼ੁਕਰ !” ਪਤਲਾ ਚੀਖਿਆ “ਮੀਸ਼ਾ, ਮੇਰੇ ਬਚਪਨ ਦੇ ਦੋਸਤ . . . ਤੂੰ ਕਿੱਥੋਂ ਟਪਕ ਪਿਆ ?”
ਦੋਨਾਂ ਦੋਸਤਾਂ ਨੇ ਇੱਕ – ਦੂਜੇ ਨੂੰ ਤਿੰਨ ਵਾਰ ਕਿਸ ਕੀਤਾ ਅਤੇ ਭਰੀਆਂ ਹੋਈਆਂ ਅੱਖਾਂ ਨਾਲ ਇੱਕ – ਦੂਜੇ ਨੂੰ ਵੇਖਦੇ ਰਹੇ । ਦੋਨਾਂ ਦੇ ਚਿਹਰਿਆਂ ਤੋਂ ਮਿਲਣ ਦੀ ਖੁਸ਼ੀ ਟਪਕ ਰਹੀ ਸੀ ।
“ਮੈਨੂੰ ਤਾਂ ਬਿਲਕੁੱਲ ਉਮੀਦ ਨਹੀਂ ਸੀ । ਇਹ ਤਾਂ ਜਬਰਦਸਤ ਸਰਪ੍ਰਾਈਜ ਹੈ । ਵੇਖ ਮੈਨੂੰ । ਅੱਜ ਵੀ ਮੈਂ ਉਹੋ ਜਿਹਾ ਹੀ ਹੈਂਡਸਮ ਹਾਂ, ਓਨਾ ਹੀ ਪਿਆਰਾ ਜਿਨ੍ਹਾਂ ਹੋਇਆ ਕਰਦਾ ਸੀ । ਤੂੰ ਕਿਵੇਂ ਹੈਂ ? ਕੁੱਝ ਕਮਾਇਆ – ਧਮਾਇਆ ? ਵਿਆਹ ਕੀਤਾ ? ਮੈਂ ਤਾਂ ਵਿਆਹ ਕਰਵਾ ਲਿਆ . . . ਵੇਖ . . . ਇਹ ਮੇਰੀ ਪਤਨੀ ਲੂਸੀ ਹੈ । ਇਸਦਾ ਪਹਿਲਾ ਨਾਮ ਵਾਂਤਸੇਨਬੈਸ਼ ਸੀ . . . ਅਤੇ ਇਹ ਹੈ ਮੇਰਾ ਪੁੱਤਰ ਨੈਫਨੇਲ । ਥਰਡ ਵਿੱਚ ਪੜ੍ਹਦਾ ਹੈ । ਅਤੇ ਇਹ ਹੈ ਮੇਰੇ ਬਚਪਨ ਦਾ ਦੋਸਤ ਨਫਾਨਿਆ । ਅਸੀਂ ਸਕੂਲ ਵਿੱਚ ਜਮਾਤੀ ਸਾਂ ” । ਪਤਲੇ ਨੇ ਬੋਲਣਾ ਸ਼ੁਰੂ ਕੀਤਾ ਤੇ ਬੋਲਦਾ ਹੀ ਚਲਾ ਗਿਆ ।
ਨੌਫਨੇਲ ਨੇ ਥੋੜ੍ਹਾ ਸੋਚਿਆ ਅਤੇ ਫਿਰ ਆਪਣੀ ਕੈਪ ਉਤਾਰ ਲਈ । ਪਤਲਾ ਆਦਮੀ ਬੋਲਦਾ ਹੀ ਜਾ ਰਿਹਾ ਸੀ, “ਸਕੂਲ ਵਿੱਚ ਤਾਂ ਅਸੀਂ ਬੱਚੇ ਹੀ ਸਾਂ । ਤੈਨੂੰ ਯਾਦ ਸਕੂਲ ਵਿੱਚ ਮੁੰਡੇ ਤੈਨੂੰ ਕਿਵੇਂ ਚਿੜਾਉਂਦੇ ਹੁੰਦੇ ਸਨ ? ਤੁਹਾਡਾ ਨਾਮ ਹੀਰੋਸਟਰਾਟਸ ਰੱਖ ਦਿੱਤਾ ਸੀ ਕਿਉਂਕਿ ਤੂੰ ਸਿਗਰਟ ਨਾਲ ਸਕੂਲ ਬੁੱਕ ਵਿੱਚ ਇੱਕ ਛੇਦ ਕਰ ਦਿੱਤਾ ਸੀ । ਮੇਰਾ ਨਾਮ ਏਫਏਲਟਸ ਰੱਖਿਆ ਸੀ ਕਿਉਂਕਿ ਮੈਨੂੰ ਕਹਾਣੀਆਂ ਸੁਨਾਣ ਦਾ ਸ਼ੌਕ ਸੀ ।” ਉਹ ਮੂੰਹ ਪਾੜ ਕੇ ਹੱਸਿਆ ਅਤੇ ਫਿਰ ਬੋਲਣ ਲਗਾ, “ਸ਼ਰਮਾ ਮਤ ਨਫਾਨਿਆ, ਉਦੋਂ ਤਾਂ ਆਪਾਂ ਬੱਚੇ ਹੀ ਸਾਂ । ਅਤੇ ਇਹ ਮੇਰੀ ਪਤਨੀ ਹੈ । ਉਸਦੇ ਕਰੀਬ ਜਾ ਜਰਾ . . . ਇਸਦਾ ਨਾਮ ਵਾਂਤਸੇਨਬੈਸ਼ ਹੈ, ਇਹ ਲੁਥੇਰਾਨ ਦੀ ਹੈ . . .”
ਨੈਫਨੇਲ ਨੇ ਫਿਰ ਥੋੜ੍ਹਾ ਸੋਚਿਆ ਅਤੇ ਆਪਣੇ ਪਿਤਾ ਦੀ ਓਟ ਵਿੱਚ ਲੁੱਕ ਗਿਆ । ਮੋਟੇ ਆਦਮੀ ਨੇ ਉਤਸ਼ਾਹ ਨਾਲ ਆਪਣੇ ਦੋਸਤ ਦੇ ਵੱਲ ਵੇਖਿਆ ਅਤੇ ਬੋਲਿਆ, “ ਹੋਰ ਸੁਣਾ ਦੋਸਤ ਤੇਰਾ ਕੀ ਹਾਲਚਾਲ ਹੈ ? ਕੋਈ ਨੌਕਰੀ ਕਰਦਾ ਹੈਂ ? ਕਿਸ ਪਦ ਤੱਕ ਪੁੱਜ ਗਿਆ ?”
“ਮੈਂ ਤਾਂ ਦੋਸਤ ਮੁਨਸਫ਼ ਦਾ ਅਸਿਸਟੇਂਟ ਹੋ ਗਿਆ ਹਾਂ । ਸੈਲਰੀ ਤਾਂ ਚੰਗੀ ਨਹੀਂ ਹੈ, ਲੇਕਿਨ ਇਸ ਨਾਲ ਫਰਕ ਨਹੀਂ ਪੈਂਦਾ । ਮੇਰੀ ਵਾਈਫ ਮਿਊਜਿਕ ਸਿਖਾਂਦੀ ਹੈ । ਨੌਕਰੀ ਦੇ ਇਲਾਵਾ ਮੈਂ ਲੱਕੜੀ ਦੇ ਸਿਗਰਟ – ਕੇਸ ਬਣਾਉਣ ਦਾ ਕੰਮ ਕਰਦਾ ਹਾਂ । ਤੈਨੂੰ ਪਤਾ ਹੈ ਇੱਕ ਕੇਸ ਇੱਕ ਰੂਬਲ ਦਾ ਵਿਕਦਾ ਹੈ । ਹਾਂ ਜੇਕਰ ਕੋਈ ਦਸ ਤੋਂ ਜਿਆਦਾ ਲੈਂਦਾ ਹੈ ਤਾਂ ਮੈਂ ਥੋੜ੍ਹਾ ਕਨਸੇਸ਼ਨ ਦੇ ਦਿੰਦਾ ਹਾਂ । ਇਸ ਤਰ੍ਹਾਂ ਕੰਮ ਚੱਲ ਹੀ ਜਾਂਦਾ ਹੈ । ਪਹਿਲਾਂ ਤਾਂ ਮੈਂ ਕਲਰਕ ਸੀ । ਹੁਣ ਮੇਰਾ ਤਬਾਦਲਾ ਇਸ ਸ਼ਹਿਰ ਵਿੱਚ ਹੋ ਗਿਆ ਹੈ ਅਤੇ ਮੈਨੂੰ ਉਸੀ ਡਿਪਾਰਟਮੇਂਟ ਵਿੱਚ ਹੈਡ ਕਲਰਕ ਬਣਾ ਦਿੱਤਾ ਗਿਆ ਹੈ । ਤੇ ਤੂੰ ਦੱਸ . . . ਮੈਨੂੰ ਭਰੋਸਾ ਹੈ ਹੁਣ ਤੱਕ ਤਾਂ ਤੂੰ ਸਿਵਿਲ ਕਾਉਂਸਲਰ ਬਣ ਗਿਆ ਹੋਏਂਗਾ . . ਹੈ ਨਾ ?”
“ਨਹੀਂ ਮੇਰੇ ਦੋਸਤ, ਉਸ ਤੋਂ ਵੀ ਉੱਚਾ . . . ਹੁਣ ਤਾਂ ਮੈਂ ਪ੍ਰਿਵੀ ਕਾਉਂਸਲਰ ਹੋ ਗਿਆ ਹਾਂ । ਦੋ ਸਟਾਰ ਮਿਲੇ ਹਨ ਮੈਨੂੰ ।” ਮੋਟੇ ਨੇ ਕਿਹਾ ।
ਪਤਲੇ ਦਾ ਚਿਹਰਾ ਉਸੀ ਵਕਤ ਪੀਲਾ ਪੈ ਗਿਆ । ਉਹ ਇੱਕਦਮ ਸਖ਼ਤ ਹੋ ਗਿਆ । ਲੇਕਿਨ ਜਲਦੀ ਹੀ ਉਸਦੇ ਚਿਹਰੇ ਨੇ ਕਈ ਦਿਸ਼ਾਵਾਂ ਵਿੱਚ ਮੁੜਦੇ – ਤੁੜਤੇ ਹੋਏ ਇੱਕ ਚੌੜੀ ਸੀ ਮੁਸਕਰਾਹਟ ਸੁੱਟੀ । ਇਉਂ ਲਗਾ ਜਿਵੇਂ ਉਸਦੇ ਚਿਹਰੇ ਅਤੇ ਅੱਖਾਂ ਵਿੱਚ ਚਮਕ ਆ ਗਈ ਹੋਵੇ । ਉਹ ਅੱਧਾ ਕੁ ਰਹਿ ਗਿਆ । ਸੁੰਗੜ ਗਿਆ । ਉਸਦੀ ਪੇਟੀ ਅਤੇ ਬੰਡਲ ਵੀ ਜਿਵੇਂ ਸੁੰਗੜ ਗਏ ਸਨ . . . ਉਸਦੀ ਪਤਨੀ ਦੀ ਠੋਡੀ ਹੋਰ ਲੰਮੀ ਹੋ ਗਈ ।” ਨੈਫਨੇਲ ਵੀ ਸੁਚੇਤ ਹੋ ਗਿਆ ਅਤੇ ਉਸਨੇ ਆਪਣੀ ਯੂਨੀਫਾਰਮ ਦੇ ਸਾਰੇ ਬਟਨ ਬੰਦ ਕਰ ਲਏ ।
“ਯੋਰ ਏਕਸਿਲੇਂਸੀ . . . ਮੈਂ . . . ਮੈਂ ਤਾਂ ਬਹੁਤ ਖੁਸ਼ ਹਾਂ । ਇੱਕ ਦੋਸਤ . . . ਜਿਸਨੂੰ ਮੈਂ ਆਪਣੇ ਬਚਪਨ ਦਾ ਦੋਸਤ ਕਹਿ ਸਕਦਾ ਹਾਂ, ਇੰਨਾ ਵੱਡਾ ਆਦਮੀ ਬਣ ਗਿਆ ਹੈ,” ਖਿਖਿਆਉਂਦੇ ਹੋਏ ਪਤਲੇ ਨੇ ਕਿਹਾ ।
“ਓਏ ਯਾਰ ਛੱਡ,” ਮੋਟਾ ਥੋੜ੍ਹੇ ਗ਼ੁੱਸੇ ਨਾਲ ਬੋਲਿਆ, “ ਇਸ ਟੋਨ ਦੀ ਕੀ ਜ਼ਰੂਰਤ ਹੈ ? ਅਸੀਂ ਬਚਪਨ ਦੇ ਦੋਸਤ ਹਾਂ ਅਤੇ ਇਸ ਸਰਕਾਰੀ ਜੀ – ਹੁਜੂਰੀ ਦੀ ਕੋਈ ਜ਼ਰੂਰਤ ਨਹੀਂ ਹੈ”।
“ਖੁਦਾਇਆ ਖੈਰ, ਯੋਰ ਏਕਸਿਲੇਂਸੀ ! ਇਹ ਤੁਸੀਂ ਕੀ ਕਹਿ ਰਹੇ ਹੋ . . . . ?” ਪਤਲਾ ਖਿਖਿਆਇਆ । ਉਹ ਥੋੜ੍ਹਾ ਹੋਰ ਝੁਕ ਗਿਆ ਸੀ, “ਤੁਸੀਂ ਸਾਡੀ ਵੱਲ ਵੇਖੋ, ਇਹ ਤਾਂ ਸਾਡੇ ਲਈ . . . ਯੋਰ ਏਕਸਿਲੇਂਸੀ ਇਹ ਮੇਰਾ ਪੁੱਤਰ ਹੈ ਨੈਫਨੇਲ . . . ਅਤੇ ਇਹ ਮੇਰੀ ਪਤਨੀ ਹੈ ਲੂਸੀ, ਇਹ ਪੱਕਾ ਲੂਥਰਨ ਤੋਂ ਹੈ . . .”
ਮੋਟਾ ਇਸਦੇ ਖਿਲਾਪ ਕੁੱਝ ਬੋਲਣ ਹੀ ਵਾਲਾ ਸੀ, ਉਦੋਂ ਉਸਨੇ ਵੇਖਿਆ ਕਿ ਪਤਲੇ ਦੇ ਚਿਹਰੇ ਉੱਤੇ ਮਿਠਾਸ ਅਤੇ ਸਨਮਾਨ ਦੇ ਅਜੀਬੋਗਰੀਬ ਜਿਹੇ ਭਾਵ ਆ ਗਏ ਸਨ । ਉਨ੍ਹਾਂ ਭਾਵਾਂ ਨੂੰ ਵੇਖਕੇ ਪ੍ਰਿਵੀ ਕਾਉਂਸਲਰ ਨੂੰ ਨਫ਼ਰਤ ਆਉਣ ਲੱਗੀ । ਉਸਨੇ ਪਤਲੇ ਦੇ ਵੱਲ ਹੱਥ ਹਿਲਾਇਆ ਅਤੇ ਦੂਜੇ ਪਾਸੇ ਮੁੜ ਗਿਆ ।
ਪਤਲੇ ਨੇ ਆਪਣੀਆਂ ਤਿੰਨ ਉਂਗਲੀਆਂ ਦਬਾਈਆਂ । ਉਸਦਾ ਪੂਰਾ ਸਰੀਰ ਝੁਕ ਗਿਆ ਸੀ । ਉਹ ਖਿਖਿਆ ਰਿਹਾ ਸੀ । ਉਸਦੀ ਪਤਨੀ ਵੀ ਮੁਸਕਰਾਈ । ਨੈਫਨੇਲ ਨੇ ਆਪਣੇ ਪੈਰ ਨਾਲ ਜਰਾ ਕੁ ਜਮੀਨ ਖੁਰਚੀ ਅਤੇ ਕੈਪ ਉਤਾਰ ਦਿੱਤੀ । ਤਿੰਨੋਂ ਹੀ ਬੇਹੱਦ ਗਦਗਦ ਨਜ਼ਰ ਆ ਰਹੇ ਸਨ ।
(ਅਨੁਵਾਦ: ਚਰਨ ਗਿੱਲ)
ਪੰਜਾਬੀ ਕਹਾਣੀਆਂ (ਮੁੱਖ ਪੰਨਾ) |