Punjabi Stories/Kahanian
ਪਿਆਰਾ ਸਿੰਘ ਦਾਤਾ
Piara Singh Data

Punjabi Writer
  

Moorkhan Da Tabbar-Piara Singh Data

ਮੂਰਖਾਂ ਦਾ ਟੱਬਰ ਪਿਆਰਾ ਸਿੰਘ ਦਾਤਾ

ਬੀਰਬਲ ਦੇ ਗਵਾਂਢ ਵਿਚ ਇਕ ਜੁਲਾਹਿਆਂ ਦਾ ਮਹੱਲਾ ਸੀ, ਉਨ੍ਹਾਂ ਦੇ ਸਰਦਾਰ ਦਾ ਨਾਂ ਫਜ਼ਲਾ ਸੀ। ਫਜ਼ਲੇ ਦੀ ਧੀ ਫ਼ਾਤਮਾ ਜਵਾਨ ਹੋ ਗਈ, ਤਾਂ ਉਸਦੀ ਮੰਗਣੀ ਕਰ ਦਿੱਤੀ ਗਈ।
ਇਕ ਦਿਨ ਫ਼ਾਤਮਾ ਇੱਕਲੀ ਘਰ ਵਿਚ ਝਾੜੂ ਦੇ ਰਹੀ ਸੀ, ਕਿ ਖਿਆਲੀ ਪਲਾਅ ਪਕਾਣੇ ਸ਼ੁਰੂ ਕਰ ਦਿੱਤੇ। ਉਹ ਸੋਚਣ ਲਗੀ – ਅਗਲੇ ਮਹੀਨੇ ਮੇਰਾ ਵਿਆਹ ਹੋਵੇਗਾ, ਫਿਰ ਬੱਚਾ ਹੋਵੇਗਾ। ਜੇ ਉਹ ਬੱਚਾ ਰੱਬ ਸਬੱਬੀ ਮਰ ਹੀ ਜਾਵੇ, ਤਾਂ ਆਂਢ-ਗੁਆਂਢ ਦੀਆਂ ਜ਼ਨਾਨੀਆ ਪ੍ਰਚਾਉਣੀ ਲਈ ਆਉਣਗੀਆਂ, ਪਰ ਮੈਨੂੰ ਤਾਂ ਰੋਣਾ ਹੀ ਨਹੀਂ ਆਉਂਦਾ।
ਫਿਰ ਉਸ ਸੋਚਿਆ – ਰਬ ਦੇ ਰੰਗਾ ਦਾ ਕੋਈ ਪਤਾ ਨਹੀਂ, ਜੋ ਕਲ ਕਰਨਾ ਪੈਣਾ ਹੈ, ਉਸ ਦੀ ਅੱਜ ਹੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਇਹ ਸੋਚ ਉਹ ਢਾਹੀਂ ਮਾਰ ਕੇ ਰੋਣ ਲੱਗ ਪਈ। ਇਨੇ ਚਿਰ ਵਿਚ ਉਸਦੀ ਛੋਟੀ ਭੈਣ ਆਈ, ਆਪਣੀ ਵੱਡੀ ਭੈਣ ਨੂੰ ਰੋਂਦਿਆਂ ਵੇਖ ਕੇ ਉਹ ਵੀ ਰੋਣ ਲੱਗ ਪਈ।
ਕੁਝ ਚਿਰ ਪਿੱਛੋਂ ਮਾਂ ਘਰ ਆਈ। ਉਹ ਆਪਣੀਆਂ ਜਵਾਨ ਧੀਆਂ ਨੂੰ ਰੋਂਦਿਆਂ ਵਖਿਆ, ਤਾਂ ਉਹ ਵੀ ਕੰਬਲ ਵਿਛਾ ਕੇ ਰੋਣ ਲਗ ਪਈ। ਇਨੇ ਚਿਰ ਨੂੰ ਫਜ਼ਲਾ ਬਾਹਰੋਂ ਆਇਆ। ਉਸ ਸਾਰਿਆਂ ਨੂੰ ਰੋਂਦਿਆਂ ਧੋਂਦਿਆ ਵੇਖਿਆ, ਤਾਂ ਅੰਦਰੋਂ ਵੱਡੀ ਦਰੀ ਕੱਢ ਕੇ ਵਿਹੜੇ ਵਿਚ ਵਿਛਾ ਦਿੱਤੀ ਤੇ ਆਪ ਉੱਚੀ ਉੱਚੀ ਢਾਹਾਂ ਮਾਰ ਕੇ ਰੋਣ ਲੱਗ ਪਿਆ।
ਆਂਢੀਆਂ ਗਵਾਂਢੀਆਂ ਨੇ ਸਾਰੇ ਟੱਬਰ ਨੂੰ ਢਾਹੀਂ ਮਾਰ ਮਾਰ ਰੋਂਦਿਆਂ ਵੇਖਿਆ, ਤਾਂ ਉਹ ਵੀ ਆ ਕੇ ਫਜ਼ਲੇ ਦਾ ਸਾਥ ਦੇਣ ਲੱਗ ਪਏ। ਥੋੜੇ ਚਿਰ ਵਿਚ ਹੀ ਸਾਰਾ ਮਹੱਲਾ ਇਕੱਠਾ ਹੋ ਗਿਆ। ਮਰਦ ਢਾਹੀਂ ਮਾਰ ਰਹੇ ਸਨ ਤੇ ਜ਼ਨਾਨੀਆਂ ਖੜੋਤੀਆਂ ਸਿਆਪਾ ਕਰ ਰਹੀਆਂ ਸਨ।
ਇਨਾਂ ਚੀਕ ਚਿਹਾੜਾ ਪਿਆ, ਤਾਂ ਬੀਰਬਲ ਦੀ ਨੀਂਦ ਖੁਲ੍ਹ ਗਈ। ਉਹ ਫਜ਼ਲੇ ਦੇ ਘਰ ਗਿਆ, ਤਾਂ ਨੰਬਰਦਾਰ ਸਦੀਕੇ ਨੂੰ ਪੁੱਛਿਆ - “ਕਿਓਂ ਭਈ, ਕਿਸ ਦੀ ਮੌਤ ਹੋ ਗਈ ਹੈ?”
ਨੰਬਰਦਾਰ ਨੇ ਕਿਹਾ - “ਮੈਨੂੰ ਤਾਂ ਪਤਾ ਨਹੀਂ, ਸਰਕਾਰ! ਮੈਂ ਤਾਂ ਸਭ ਤੋਂ ਅਖ਼ੀਰ ਵਿਚ ਆਇਆ ਹਾਂ”। ਸੋ ਉਸ ਦੇ ਨਾਲ ਦੇ ਜੁਲਾਹੇ ਤੋਂ ਪੁੱਛਿਆ, ਕੋਈ ਜਵਾਬ ਨਾ ਮਿਲਣ ਤੇ ਅਖ਼ੀਰ ਫਜ਼ਲੇ ਤੋਂ ਪੁੱਛਿਆ ਗਿਆ। ਫਜ਼ਲੇ ਦੱਸਿਆ, ਕਿ ਉਸ ਦੇ ਘਰ ਆਉਣ ਤੋਂ ਪਹਿਲਾਂ ਪਹਿਲਾਂ ਉਨ੍ਹਾਂ ਦੇ ਕਿਸੇ ਅਜ਼ੀਜ਼ ਦੀ ਮੌਤ ਹੋ ਚੁੱਕੀ ਸੀ। ਉਸ ਦੀ ਬੀਵੀ ਕਰੀਮੋ ਨੂੰ ਪਤਾ ਹੋਵੇਗਾ, ਕਿਸ ਦੀ ਮੌਤ ਹੋ ਗਈ ਹੈ। ਕਰੀਮੋ ਕੋਲੋਂ ਪੁੱਛਿਆ, ਤਾਂ ਉਹ ਅੱਖਾਂ ਪੂੰਝ ਕੇ ਬੋਲੀ - “ਫ਼ਾਤਮਾ ਕੋਲੋਂ ਪੁੱਛੋ, ਉਹ ਮੇਰੇ ਤੋਂ ਪਹਿਲਾਂ ਰੋ ਰਹੀ ਸੀ।” ਉਸ ਤੋਂ ਪੁੱਛਿਆ, ਤਾਂ ਉਹ ਕਹਿਣ ਲੱਗੀ - “ਬਸ ਬਸ, ਹੁਣ ਸਭ ਰੋਣਾ ਧੋਣਾ ਬੰਦ ਕਰੋ, ਤੇ ਆਪੋ ਆਪਣੇ ਘਰੀਂ ਜਾਵੋ। ਮੈਨੂੰ ਰੋਣਾ ਚੰਗੀ ਤਰ੍ਹਾਂ ਆ ਗਿਆ ਹੈ, ਹੁਣ ਜਦੋਂ ਮੇਰਾ ਬੱਚਾ ਮਰੇਗਾ, ਮੈਂ ਆਪ ਇੱਕਲੀ ਚੰਗੀ ਤਰ੍ਹਾਂ ਰੋ ਸਕਾਂਗੀ”।

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To read Punjabi text you must have Unicode fonts. Contact Us

Sochpunjabi.com