Punjabi Stories/Kahanian
ਪਿਆਰਾ ਸਿੰਘ ਦਾਤਾ
Piara Singh Data

Punjabi Writer
  

Moorakhandar Bahadur-Piara Singh Data

ਮੂਰਖੰਦਰ ਬਹਾਦਰ

(1)
ਬੀਰਬਲ ਨੇ ਅਕਬਰ ਬਾਦਸ਼ਾਹ ਨੂੰ ਰੋਟੀ ਕੀਤੀ। ਹੋਰ ਵੀ ਕਈ ਦਰਬਾਰੀ ਖਾਣੇ ਵੇਲੇ ਹਾਜ਼ਰ ਸਨ। ਉਨ੍ਹੀਂ ਦਿਨੀਂ ਬੀਰਬਲ ਪਾਸ ਕੋਲ ਇਕ ਨਵਾਂ ਪਹਾੜੀਆ ਨੌਕਰ ਆਣ ਕੇ ਰਹਿਣ ਲੱਗਾ ਸੀ। ਉਸ ਦਾ ਨਾਂ ਮੂਰਖੰਦਰ ਬਹਾਦਰ ਸੀ। ਬੀਰਬਲ ਦੀ ਕੋਸ਼ਿਸ਼ ਸੀ, ਕਿ ਉਹ ਬਾਦਸ਼ਾਹ ਦੇ ਸਾਹਮਣੇ ਨਾ ਆਵੇ, ਪਰ ਇਕ ਪਰਦੇ ਪਿਛੋਂ ਝਾਕਦਿਆਂ ਬਾਦਸ਼ਾਹ ਨੇ ਉਸਨੂੰ ਤਾੜ ਲਿਆ। ਅਕਬਰ ਨੇ ਉਸ ਨੂੰ ਪਾਸ ਬੁਲਾਇਆ, ਤਾਂ ਬੀਰਬਲ ਨੇ ਉਸਦੀ ਸਿਆਣਪ ਦੀ ਬੜੀ ਤਾਰੀਫ਼ ਕੀਤੀ। ਅਕਬਰ ਨੇ ਉਸਦਾ ਇਮਤਿਹਾਨ ਲੈਣਾ ਚਾਹਿਆ, ਤਾਂ ਬੀਰਬਲ ਨੇ ਉਸ ਨੂੰ ਪੇਸ਼ ਕਰ ਦਿੱਤਾ।
ਅਕਬਰ ਨੇ ਉਸ ਨੂੰ ਇਕ ਕਟੋਰਾ ਦੇ ਕੇ ਬਜਾਰੋਂ ਦੋ ਆਨੇ ਦਾ ਤੇਲ ਲੈਣ ਭੇਜਿਆ। ਮੂਰਖੰਦਰ ਬਹਾਦਰ ਨੇ ਕਟੋਰਾ ਤੇਲ ਦਾ ਭਰਵਾ ਲਿਆ, ਤਾਂ ਵੀ ਕੁਝ ਤੇਲ ਬਚ ਰਿਹਾ। ਦੁਕਾਨਦਾਰ ਨੇ ਕਿਹਾ – “ਥੋੜ੍ਹਾ ਤੇਲ ਬਚ ਗਿਆ ਹੈ, ਮੂਰਖੰਦਰਾ! ਉਹ ਕਿਵੇਂ ਲੈ ਜਾਵੇਂਗਾ?”
ਮੂਰਖੰਦਰ ਨੇ ਕਟੋਰਾ ਪੁੱਠਾ ਕਰ ਕੇ ਬਚਦਾ ਤੇਲ ਵੀ ਪਵਾ ਲਿਆ। ਘਰ ਪੁੱਜਾ ਤਾਂ ਪੁੱਠੇ ਕਟੋਰੇ ’ਚ ਮਾਸਾ ਕੁ ਤੇਲ ਵੇਖ ਕੇ ਬਾਦਸ਼ਾਹ ਕਹਿਣ ਲਗੇ, “ਮੂਰਖੰਦਰ! ਬਾਕੀ ਤੇਲ ਕਿਥੇ ਈ? ਦੋ ਆਨੇ ਦਾ ਇੰਨਾਂ ਥੋੜ੍ਹਾ ਤੇਲ?” ਮੂਰਖੰਦਰ ਨੇ ਕਟੋਰਾ ਸਿੱਧਾ ਕਰ ਕੇ ਕਿਹਾ – “ਇਧਰ ਹੈ, ਹਜ਼ੂਰ।” ਇਸ ਤਰ੍ਹਾਂ ਪੁੱਠੇ ਪਾਸੇ ਦਾ ਤੇਲ ਵੀ ਡੁੱਲ੍ਹ ਗਿਆ।
ਇਹ ਵੇਖ ਕੇ ਸਾਰੇ ਵਜ਼ੀਰ ਖਿੜ ਖਿੜ ਹੱਸਣ ਲੱਗੇ, ਤੇ ਅਕਬਰ ਨੇ ਬੀਰਬਲ ਨੂੰ ‘ਮੂਰਖੰਦਰਾਂ ਦੇ ਗੁਰੂ’ ਦਾ ਖਿਤਾਬ ਦਿੱਤਾ।
(2)
ਬੀਰਬਲ ਨੇ ਬਾਦਸ਼ਾਹ ਦੀ ਚੋਟ ਪੱਲੇ ਬੰਨ੍ਹ ਲਈ ਤੇ ਯੋਗ ਵਕਤ ਦੀ ਉਡੀਕ ਕਰਨ ਲਗਾ।
ਦੂਜੇ ਦਿਨ ਜਦੋਂ ਬੀਰਬਲ ਦਰਬਾਰ ਵਿਚ ਪੁਜਾ ਤਾਂ ਮੁਲਾਂ ਦੋ ਪਿਆਜ਼ਾ ਖਾਨ ਖਾਨਾ, ਮਿਰਜ਼ਾ ਆਦਿਕ ਨਾਲ ਸਲਾਹ ਪਕਾ ਕੇ ਅਕਬਰ ਬਾਦਸ਼ਾਹ ਬੀਰਬਲ ਨੂੰ ਕਹਿਣ ਲਗਾ – “ਬੀਰਬਲ! ਇਕ ਅਜਿਹੀ ਸੂਚੀ ਪੇਸ਼ ਕਰ, ਜਿਸ ਵਿਚ ਮੂਰਖਾਂ ਦੇ ਨਾਂ ਹੋਣ ਤੇ ਮੂਰਖਾਂ ਦੇ ਬਾਦਸ਼ਾਹ ਦਾ ਨਾਂ (ਬੀਰਬਲ ਵਲ ਅਖ ਦਾ ਇਸ਼ਾਰਾ ਕਰ ਕੇ) ਸਭ ਤੋਂ ਪਹਿਲਾਂ ਹੋਵੇ”।
ਬੀਰਬਲ – “ਬਹੁਤ ਅਛਾ ਹਜ਼ੂਰ! ਅਜਿਹੀ ਸੂਚੀ ਇਕ ਹਫ਼ਤੇ ਪਿਛੋਂ ਤਿਆਰ ਕਰ ਕੇ ਆਪ ਦੇ ਪੇਸ਼ ਕਰਾਂਗਾ”।
ਦੂਜੇ ਦਿਨ ਸ਼ਾਹੀ ਮਹੱਲਾਂ ਦੇ ਬਾਹਰ-ਵਾਰ ਬੀਰਬਲ ਇਕ ਟੁੱਟੀ ਮੰਜੀ ਲੈਕੇ ਠੋਕਣ ਲਗ ਪਿਆ। ਸਭ ਤੋਂ ਪਹਿਲਾਂ ਅਕਬਰ ਨੇ ਉਸ ਵਲ ਵੇਖਿਆ, ਤੇ ਪੁੱਛਿਆ, “ਬੀਰਬਲ! ਇਹ ਕੀ ਕਰ ਰਿਹਾ ਏਂ?” ਬੀਰਬਲ ਨੇ ਝਟ ਕਾਪੀ ਕਢ ਕੇ ਅਕਬਰ ਦਾ ਨਾ ਲਿਖ ਲਿਆ।
ਇਸ ਪਿਛੋਂ ਮੁਲਾਂ ਦੇ ਪਿਆਜ਼ਾ ਆਇਆ, ਉਸ ਵੀ ਉਹੀ ਸਵਾਲ ਕੀਤਾ। ਉਸ ਦਾ ਨਾਂ ਵੀ ਦਰਜ ਹੋ ਗਿਆ। ਸਵੇਰ ਤੋਂ ਸ਼ਾਮ ਤੀਕ ਉਸ ਉਥੇ ਹੀ ਡੇਰਾ ਜਮਾਈ ਰੱਖਿਆ, ਤੇ ਸ਼ਹਿਰ ਵਾਸੀਆਂ ਦਾ ਤਾਂਤਾ ਲਗਾ ਰਿਹਾ। ਹਰ ਕੋਈ ਇਹੀ ਪੁੱਛਦਾ, ਕਿ ਵਜ਼ੀਰ ਸਾਹਿਬ ਇਹ ਕੀ ਕਰ ਰਹੇ ਹੋ, ਤੇ ਬੀਰਬਲ ਉਨ੍ਹਾਂ ਦੇ ਨਾਂ ਲਿਖੀ ਜਾਂਦਾ।
ਹਫ਼ਤੇ ਪਿਛੋਂ ਦਰਬਾਰ ਲੱਗਾ,ਤਾਂ ਅਕਬਰ ਨੇ ਸਭ ਤੋਂ ਪਹਿਲਾ ਸਵਾਲ ਬੀਰਬਲ ਤੇ ਇਹ ਕੀਤਾ, ਕਿ ਮੂਰਖਾਂ ਦੀ ਸੂਚੀ ਬਣਾਈ ਆ।
ਬੀਰਬਲ ਮੁਸਕਰਾ ਕੇ ਕਹਿਣ ਲਗਾ, “ਹਜ਼ੂਰ, ਹੁਣੇ ਬਾਦਸ਼ਾਹ ਸਲਾਮਤ ਪੇਸ਼ ਕਰਦਾ ਹਾਂ”। ਇਹ ਕਹਿ ਕੇ ਉਸ ਨੇ ਉਹ ਸੂਚੀ ਅਕਬਰ ਦੇ ਹੱਥ ਫੜਾਈ। ਅਕਬਰ ਨੇ ਪੜ੍ਹੀ, ਤਾਂ ਸਭ ਤੋਂ ਪਹਿਲਾਂ ਆਪਣਾ ਨਾਂ ਤੇ ਉਸ ਤੋਂ ਅੱਗੇ ਮੁਲਾਂ ਦੋ ਪਿਆਜ਼ਾ, ਖਾਨ ਖਾਨਾ, ਖਵਾਜਾ ਸਰਾਂ ਆਦਿ ਦੇ ਨਾ ਪੜ੍ਹਕੇ ਉਹ ਬੜਾ ਹੈਰਾਨ ਹੋਇਆ। ਬੀਰਬਲ ਕੋਲੋਂ ਪੁੱਛਿਆ – “ਵਜ਼ੀਰ! ਇਹ ਕੀ?”
ਹਥ ਜੋੜ ਕੇ ਗਲ ਵਿਚ ਪਲਾ ਪਾ ਕੇ ਬੀਰਬਲ ਕਹਿਣ ਲਗਾ – “ਹਜ਼ੂਰ! ਮੈਨੂੰ ਮੰਜੀ ਠੋਕਦਿਆਂ ਵੇਖ ਕੇ ਸਭ ਤੋਂ ਪਹਿਲਾਂ ਜਿਸ ਆਦਮੀ ਨੇ ਮੈਥੋਂ ਪੁਛਿਆ ਕਿ ਮੈਂ ਕੀ ਕਰ ਰਿਹਾ ਹਾਂ, ਉਹ ਆਪ ਸੌ ਤੇ ਇਸ ਤੋਂ ਪਿਛੋਂ ਦੇ ਮੂਰਖਾਂ ਦੀ ਸੂਚੀ ਤੁਸੀਂ ਪੜ੍ਹ ਹੀ ਲਈ ਹੈ”।
ਬਾਦਸ਼ਾਹ ਨੇ ਖਿੜ ਖਿੜ ਹਸਦਿਆਂ ਬੀਰਬਲ ਨੂੰ ਉਸ ਦੀ ਅਕਲ ਦੀ ਦਾਦ ਦਿੱਤੀ।
(3)
ਕਾਫ਼ੀ ਸਮਾਂ ਗੁਜ਼ਰ ਜਾਣ ਪਿਛੋਂ ਕਾਬੁਲ ਦੇ ਕੁਝ ਸੌਦਾਗਰਾਂ ਨੇ ਕੁਝ ਘੋੜੇ ਬਾਦਸ਼ਾਹ ਦੇ ਪੇਸ਼ ਕੀਤੇ। ਬਾਦਸ਼ਾਹ ਨੇ ਦੋ ਘੋੜੇ ਪਸੰਦ ਕੀਤੇ, ਤੇ ਖ਼ਰੀਦ ਲਏ, ਅਰ ਉਸੇ ਨਸਲ ਦੇ ਹੋਰ ਘੋੜੇ ਲਿਆਣ ਲਈ ਇਕ ਲਖ ਰੁਪਿਆ ਕਾਬਲੀ ਸੌਦਾਗਰਾਂ ਨੂੰ ਪੇਸ਼ਗੀ ਦੇ ਦਿਤਾ।
ਇਕ ਦਿਨ ਬਾਦਸ਼ਾਹ ਨੂੰ ਪਤਾ ਨਹੀਂ ਕੀ ਸੁਝੀ, ਉਹ ਬੀਰਬਲ ਨੂੰ ਕਹਿਣ ਲਗਾ – “ਬੀਰਬਲ! ਆਪਣੀ ਸੂਚੀ ਫਾੜ ਦੇਹ, ਤੇ ਮੂਰਖਾਂ ਦੀ ਇਕ ਨਵੀਂ ਸੂਚੀ ਤਿਆਰ ਕਰ”।
ਦੂਜੇ ਦਿਨ ਬੀਰਬਲ ਫਿਰ ਉਹੀ ਸੂਚੀ ਪੇਸ਼ ਕਰ ਦਿਤੀ, ਜਿਸ ਵਿਚ ਸਭ ਤੋਂ ਪਹਿਲਾ ਨਾ ਅਕਬਰ ਦਾ ਸੀ।
ਅਕਬਰ ਨੇ ਗੁੱਸੇ ਹੋ ਕੇ ਪੁੱਛਿਆ – “ਇਹ ਕੀ?”
“ਹਜ਼ੂਰ! ਗੁਸਤਾਖ਼ੀ ਮੁਆਫ਼, ਤੁਸੀਂ ਬਿਨਾਂ ਜਾਣ ਪਛਾਣ ਦੇ ਕਾਬਲੀ ਸੌਦਾਗਰਾਂ ਨੂੰ ਇਕ ਲਖ ਰੁਪਿਆ ਪੇਸ਼ਗੀ ਦੇ ਦਿਤਾ, ਉਨ੍ਹਾਂ ਨੂੰ ਮੂੰਹ ਵਿਖਾਣ ਦੀ ਕੀ ਲੋੜ, ਸੋ ਤੁਹਾਡੇ ਤੋਂ ਵਧ ਮ...ਮ...ਮੂਰਖ ਕੌਣ ਹੋਵੇਗਾ?”
“ਪਰ ਜੇ ਉਹ ਪਰਤ ਆਣ, ਤਾਂ...” ਬਾਦਸ਼ਾਹ ਨੇ ਪੁੱਛਿਆ।
“ਜੇ ਪਰਤ ਆਏ, ਤਾਂ ਆਪ ਦਾ ਨਾਂ ਕਟ ਕੇ ਸਭ ਤੋਂ ਪਹਿਲਾਂ ਉਹਨਾਂ ਦਾ ਨਾਂ ਲਿਖ ਦਿਤਾ ਜਾਵੇਗਾ”। ਬੀਰਬਲ ਨੇ ਹਸਦਿਆਂ ਹਸਦਿਆਂ ਕਿਹਾ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To read Punjabi text you must have Unicode fonts. Contact Us

Sochpunjabi.com