ਮਿੰਨੀ ਕਹਾਣੀਆਂ ਗੁਰਮੇਲ ਮਡਾਹੜ
ਬਦਲਾ
ਸਵਾਰੀਆਂ ਦਾ ਭਰਿਆ ਹੋਇਆ ਤਾਂਗਾ ਚੜ੍ਹਾਈ ਚੜ੍ਹ ਰਿਹਾ ਸੀ। ਘੋੜਾ ਪੂਰਾ ਜ਼ੋਰ ਲਾ ਕੇ ਤਾਂਗਾ ਖਿੱਚ ਰਿਹਾ ਸੀ। ਤਾਂਗੇ ਦੇ ਬੰਬ ਤੋਂ ਕੋਚਵਾਨ ਹੇਠਾਂ ਉੱਤਰ ਆਇਆ ਹੈ। ਉਸ ਨੇ ਸਵਾਰੀਆਂ ਨੂੰ ਭਾਰ ਅੱਗੇ ਕਰਕੇ ਬੈਠਣ ਦਾ ਇਸ਼ਾਰਾ ਕੀਤਾ ਹੈ। ਤੇ ਘੋੜੇ ਦੇ ਛਮਕ ਮਾਰਕੇ ਬੋਲਿਆ ਹੈ, “ਸ਼ਾਬਾਸ਼! ਮੇਰੇ ਸ਼ੇਰ ਦੇ ਸ਼ਾਬਾਸ਼…” ਛਮਕ ਦੀ ਮਾਰ ਤੇ ਮਾਲਕ ਦੀ ਹੱਲਾਸ਼ੇਰੀ ਕਰਕੇ ਘੋੜਾ ਨੇ ਆਪਣਾ ਰਹਿੰਦਾ ਜ਼ੋਰ ਵੀ ਤਾਂਗਾ ਖਿੱਚਣ ਤੇ ਲਾ ਦਿੱਤਾ ਹੈ। ਕੋਚਵਾਨ ਤਾਂਗੇ ਦੇ ਨਾਲ ਨਾਲ ਤੁਰਨ ਲੱਗਦਾ ਹੈ।
“ਘੋੜੇ ਦੀ ਟੰਗ ਖਰਾਬ ਹੈ?” ਇੱਕ ਸਵਾਰੀ ਨੇ ਅੱਗੇ ਨੂੰ ਝੁਕਦਿਆਂ ਘੋੜੇ ਨੂੰ ਲੰਗੜਾਉਂਦੇ ਹੋਏ ਦੇਖ ਕੇ ਪੁੱਛਿਆ।
“ਹਾਂ।”
“ਫੇਰ ਅਰਾਮ ਕਰਵਾਉਣਾ ਸੀ, ਇਸ ਨੂੰ…”
“ਡੇਢ ਮਹੀਨੇ ਮਗਰੋਂ ਅੱਜ ਹੀ ਜੋੜਿਐ…”
“ਸਵਾਰੀਆਂ ਘੱਟ ਬਠਾ ਲਿਆ ਕਰ…”
“ਕਿਵੇਂ ਬਠਾ ਲਿਆ ਕਰਾਂ, ਅੱਠ ਰੁਪੈ ਕਿਲੋ ਦੇ ਹਿਸਾਬ ਨਾਲ ਦੋ ਕਿੱਲੋ ਛੋਲੇ…ਚਾਰ ਰੁਪਈਆਂ ਦਾ ਦਸ ਕਿਲੋ ਚਾਰਾ। ਚਾਰ ਰੁਪੈ ਦੀ ਦਸ ਕਿਲੋ ਤੂੜੀ…ਪੰਜ ਰੁਪੈ ਦਾ ਮਸਾਲਾ। ਉਨੱਤੀ-ਤੀਹ ਰੁਪਏ ਘੋੜੇ ਨੂੰ ਚਾਰ ਕੇ, ਦਸ ਰੁਪਈਏ ਮੈਨੂੰ ਵੀ ਘਰ ਦਾ ਖਰਚ ਚਲਾਉਣ ਲਈ ਚਾਹੀਦੇ ਨੇ…”
ਉਹ ਤਾਂ ਠੀਕ ਹੈ, ਪਰ ਸ਼ਾਸਤਰਾਂ ਵਿਚ ਲਿਖਿਆ ਹੈ ਕਿ ਜੋ ਆਦਮੀ ਕਿਸੇ ਨੂੰ ਇਸ ਜਨਮ ਵਿਚ ਤੰਗ ਕਰਦਾ ਹੈ, ਉਸ ਦਾ ਬਦਲਾ ਉਸ ਨੂੰ ਅਗਲੇ ਜਨਮ ਵਿਚ ਦੇਣਾ ਪੈਂਦਾ ਹੈ” ਇਕ ਸਵਾਰੀ ਬੋਲੀ।
“ਪਹਿਲਾਂ ਇਸ ਜਨਮ ਦੇ ਬਾਰੇ ਸੋਚ ਲਈਏ…ਦੂਸਰੇ ਜਨਮ ਬਾਰੇ ਦੂਸਰੇ ਜਨਮ ਵਿਚ ਦੇਖੀ ਜਾਊਗੀ…” ਕਹਿਕੇ ਕੋਚਵਾਨ ਨੇ ਘੋੜੇ ਨੂੰ ਚਾਬੁਕ ਮਾਰ ਦਿੱਤੀ।
ਰਾਜ
ਇਕ ਕੱਛੂ ਵਾਹੋਦਾਹੀ ਭੱਜਿਆ ਜਾ ਰਿਹਾ ਸੀ। ਸਾਹ ਚੜ੍ਹ ਚੁੱਕਿਆ ਸੀ। ਲੱਤਾਂ ਥਕ ਕੇ ਕੇ ਜਵਾਬ ਦੇ ਗਈਆਂ ਸਨ। ਉਹਨੂੰ ਆਪਣੀ ਹਾਰ ਅੱਖਾਂ ਸਾਹਮਣੇ ਭੂਤਨੀ ਵਾਂਗ ਨੱਚਦੀ ਵਿਖਾਈ ਦੇ ਰਹੀ ਸੀ।
ਅਚਾਨਕ ਉਸਨੂੰ ਆਪਣੇ ਉੱਪਰ ਦੀ ਇਕ ਘੁੱਗੀ ਲੰਘੀ ਜਾਂਦੀ ਦਿਖਾਈ ਦਿੱਤੀ। ਉਸਨੇ ਘੁੱਗੀ ਨੂੰ ਅਵਾਜ਼ ਮਾਰ ਦਿੱਤੀ। ਕੱਛੂ ਦੀ ਅਵਾਜ਼ ਸੁਣ ਕੇ ਘੁੱਗੀ ਝਟ ਹੇਠਾਂ ਉੱਤਰ ਆਈ। “ਕੀ ਘੁੱਗੀਏ, ਤੂੰ ਅਮਨ ਦੀ ਦੇਵੀ ਹੈਂ ਨਾ, ਦੇਖ ਖਰਗੋਸ਼ ਨੇ ਮੇਰੀ ਕਮਜੋਰੀ ਨੂੰ, ਮੇਰੀ ਧੀਮੀ ਚਾਲ ਨੂੰ ਵੰਗਾਰਿਆ ਹੈ। ਤੇ ਮੈਂ ਉਸਦੀ ਚੁਨੌਤੀ ਮਨਜੂਰ ਕਰ ਲਈ ਹੈ। ਇਸ ਲਈ ਮਿਹਰਬਾਨੀ ਕਰਕੇ ਮੇਰੀ ਮਦਦ ਕਰ। ਮੈਂ ਤੇਰਾ ਰਿਣੀ ਹੋਵਾਂਗਾ।”
“ਮੈਂ ਤੇਰੀ ਕੀ ਮਦਦ ਕਰ ਸਕਦੀ ਹਾਂ?” ਘੁੱਗੀ ਨੇ ਕੱਛੂ ਦੀਆਂ ਕੀਤੀਆਂ ਮਿੰਨਤਾਂ ਤੇ ਪਸੀਜਦਿਆਂ ਕਿਹਾ।
“ਤੂੰ ਮੈਨੂੰ ਆਪਣੀ ਪਿੱਠ ਤੇ ਬੈਠਾ ਕੇ ਖਰਗੋਸ ਤੋਂ ਅੱਗੇ ਲੈ ਚੱਲ।”
ਘੁੱਗੀ ਨੇ ਉਸਨੂੰ ਆਪਣੀ ਪਿੱਠ ਤੇ ਬੈਠਾ ਕੇ ਉੱਡਣਾ ਸ਼ੁਰੂ ਕਰ ਦਿੱਤਾ। ਕੱਛੂ ਦੇ ਭਾਰ ਨਾਲ ਤੇ ਖਰਗੋਸ਼ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਕੇ ਘੁੱਗੀ ਦੇ ਪਰ ਥਕ ਗਏ ਸੀ। ਸਾਹ ਚੜ੍ਹ ਗਿਆ ਸੀ। ਪਰ ਉਹ ਹਵਾ ਨੂੰ ਚੀਰਦੀ ਹੋਈ ਤੇਜ਼ ਹੋਰ ਤੇਜ਼ ਉੱਡ ਰਹੀ ਸੀ। ਤੇ ਇਕ ਥਾਂ ਤੇ ਜਾ ਕੇ ਉਹ ਖਰਗੋਸ਼ ਨੂੰ ਪਿੱਛੇ ਛੱਡ ਗਈ। ਖਰਗੋਸ਼ ਦੇ ਪਿੱਛੇ ਰਹਿ ਜਾਣ ਤੇ ਕੱਛੂ ਨੂੰ ਸੁੱਖ ਦਾ ਸਾਹ ਆਇਆ। ਘੁੱਗੀ ਵੀ ਖੁਸ਼ ਸੀ ਕਿ ਉਹ ਕਿਸੇ ਕਮਜ਼ੋਰ ਜੀਵ ਦੀ ਮਦਦ ਕਰ ਰਹੀ ਹੈ।
ਪਹੁੰਚ ਸਥਾਨ ਤੇ ਪਹੁੰਚ ਕੇ ਕੱਛੂ ਨੇ ਘੁੱਗੀ ਨੂੰ ਰੁਕਣ ਲਈ ਕਿਹਾ। ਘੁੱਗੀ ਰੁਕ ਗਈ। ਪਰ ਅਚਾਨਕ ਕੱਛੂ ਨੂੰ ਕਿਸੇ ਗੱਲ ਦਾ ਖਿਆਲ ਆਇਆ ਤਾਂ ਉਸਦੀ ਖੁਸ਼ੀ ਕਫੂਰ ਬਣ ਕੇ ਉੱਡ ਗਈ। ਪਰ ਜਦ ਘੁੱਗੀ ਉਸਨੂੰ ਆਪਣੀ ਪਿੱਠ ਤੋਂ ਲਾਹ ਕੇ ਉੱਡਣ ਹੀ ਲੱਗੀ ਸੀ ਤਾਂ ਕੱਛੂ ਨੇ ਪਿੱਛੋਂ ਦਾਤੀ ਕੱਢ ਕੇ ਉਸਦੀ ਗਰਦਨ ਤੇ ਚਲਾ ਦਿੱਤੀ। ਘੁੱਗੀ ਤੜਫ਼ ਕੇ ਰਹਿ ਗਈ। ਕੋਲ ਖੜੇ ਕੱਛੂ ਨੇ ਪੂਰੇ ਜ਼ੋਰ ਦੀ ਠਹਾਕਾ ਮਾਰ ਕੇ ਕਿਹਾ– “ਹੁਣ ਮੇਰੀ ਜਿੱਤ ਦਾ ਰਾਜ਼ ਦੱਸਣ ਵਾਲਾ ਕੋਈ ਨਹੀਂ।”
ਅਹਿਸਾਸ
ਵਿਆਹ ਤੋਂ ਪਹਿਲਾਂ ਉਹ ਜਦ ਵੀ ਇਕ ਦੂਜੇ ਨੂੰ ਮਿਲਦੇ ਤਾਂ ਜਸਜੀਤ ਵੀਨਾ ਦੇ ਜੂੜੇ ਵਿਚ ਬੜੇ ਪਿਆਰ ਨਾਲ ਫੁੱਲ ਟੰਗਦਾ। ਜਿਸ ਨੂੰ ਉਹ ਕਿੰਨਾ-ਕਿੰਨਾ ਚਿਰ ਪਿਆਰ ਨਾਲ ਪਲੋਸਦੀ ਰਹਿੰਦੀ ਤੇ ਕਹਿੰਦੀ, “ਜਸਜੀਤ. ਮੈਨੂੰ ਇਕ ਪੁੱਤਰ ਦੇ ਦੇ, ਬਿਲਕੁਲ ਤੇਰੇ ਵਰਗੀ ਸ਼ਕਲ ਹੋਵੇ, ਤੇਰੇ ਵਰਗੀ ਅਕਲ।”
“ਫਿਕਰ ਨਾ ਕਰ, ਤੇਰੀ ਇਹ ਖਾਹਸ਼ ਵੀ ਜਲਦੀ ਹੀ ਪੂਰੀ ਹੋ ਜਾਵੇਗੀ।” ਜਸਜੀਤ ਉੱਤਰ ਦਿੰਦਾ।
ਫਿਰ ਉਹਨਾਂ ਦਾ ਵਿਆਹ ਹੋ ਗਿਆ। ਵਿਆਹ ਤੋਂ ਬਾਦ ਉਸ ਨੂੰ ਕਈ ਵਾਰ ਮਾਂ ਬਣਨ ਦੀ ਆਸ ਹੋਈ, ਪਰ ਕੁਝ ਸਮਾਂ ਪਾ ਕੇ ਬਿਮਾਰ ਹੋ ਜਾਂਦੀ ਰਹੀ। ਇਸ ਦੌਰਾਨ ਜਸਜੀਤ ਫੁੱਲ-ਵੁੱਲ ਟੰਗਣੇ ਸਭ ਭੁੱਲ ਗਿਆ। ਬੱਸ ਹਰ ਵਕਤ ਉਹਨੂੰ ਵੀਨਾ ਦੀ ਚਿੰਤਾ ਖਾਈ ਜਾਂਦੀ। ਬੜੀ ਨੱਠ-ਭੱਜ ਤੇ ਇਲਾਜ ਲਈ ਕਈ ਡਾਕਟਰ ਬਦਲਣ ਤੋਂ ਬਾਦ ਕਿਤੇ ਜਾ ਕੇ ਉਹ ਸਫਲ ਹੋਏ। ਉਸ ਦੇ ਘਰ ਲੜਕੇ ਨੇ ਜਨਮ ਲਿਆ। ਜਸਜੀਤ ਮਾਰੇ ਖੁਸ਼ੀ ਦੇ ਫੁੱਲਿਆ ਨਹੀਂ ਸੀ ਸਮਾਉਂਦਾ। ਉਸ ਨੇ ਬੱਚੇ ਨੂੰ ਚੁੱਕ ਕੇ ਰੱਜ ਕੇ ਪਿਆਰ ਕੀਤਾ ਤੇ ਫੇਰ ਵੀਨਾ ਨੂੰ ਮੁਬਾਰਕਬਾਦ ਦੇਣ ਤੋਂ ਬਾਦ ਉਸ ਦੇ ਬੈੱਡ ਤੇ ਪਈ ਦੇ ਹੀ ਜੂੜੇ ਵਿਚ ਜਦ ਫੁੱਲ ਟੰਗਣ ਲੱਗਾ ਤਾਂ ਉਹ ਬੋਲੀ, “ਜਸਜੀਤ ਹੁਣ ਮੇਰੇ ਇਹ ਫੁੱਲ ਨਾ ਟੰਗਿਆ ਕਰ।”
“ਕਿਉਂ ? ਹੁਣ ਮੇਰਾ ਫੁੱਲ ਟੰਗਣਾ ਤੈਨੂੰ ਚੰਗਾ ਨਹੀਂ ਲਗਦਾ?”
“ਨਹੀਂ, ਇਹ ਗੱਲ ਨਹੀਂ।”
“ਫੇਰ?”
“ਫੁੱਲ ਤੋੜਨ ਲਈ ਨਹੀਂ, ਦੇਖਣ ਤੇ ਪਿਆਰ ਕਰਨ ਲਈ ਹੁੰਦੇ ਨੇ…।”
“ਅੱਛਾ…!” ਜਸਜੀਤ ਨੇ ਹੈਰਾਨੀ ਪ੍ਰਗਟ ਕੀਤੀ।
“ਹਾਂ…ਕੋਈ ਫੁੱਲ ਕਿੰਨਾ ਔਖਾ ਖਿੜਦੈ, ਇਹ ਇਕ ਮਾਂ ਹੀ ਜਾਣ ਸਕਦੀ ਐ…ਕੋਈ ਹੋਰ ਨਹੀਂ…” ਕਹਿ ਕੇ ਵੀਨਾ ਨੇ ਬੇਟੇ ਨੂੰ ਘੁੱਟ ਕੇ ਹਿੱਕ ਨਾਲ ਲਾ ਲਿਆ।
ਪੰਜਾਬੀ ਕਹਾਣੀਆਂ (ਮੁੱਖ ਪੰਨਾ) |