Punjabi Stories/Kahanian
ਰਾਮ ਸਰੂਪ ਅਣਖੀ
Ram Sarup Ankhi

Punjabi Writer
  

Mera Sanmaan Ram Sarup Ankhi

ਮੇਰਾ ਸਨਮਾਨ (ਲੇਖ) ਰਾਮ ਸਰੂਪ ਅਣਖ਼ੀ

ਮੈ ਸਕੂਲ ਟੀਚਰ ਸਾਂ। ਇਹ ਵਧੀਆ ਗੱਲ ਹੁੰਦੀ ਜੇ ਮੇਰਾ ਸਕੂਲ ਵੀ ਮੇਰਾ ਸਨਮਾਨ ਕਰਦਾ - ਸਕੂਲੀ ਪਧਰ ਦਾ ਹੀ ਨਿੱਕਾ-ਮੋਟਾ ਸਨਮਾਨ। ਏਸੇ ਗੱਲ ਨੂੰ ਲਿਆ ਜਾ ਸਕਦਾ ਸੀ ਕਿ ਹੁਣ ਤੱਕ ਸਾਹਿਤ ਅਕਾਡਮੀ ਇਨਾਮ ਜੇਤੂ ਪੰਜਾਬੀ ਲੇਖਕਾਂ ਵਿਚੋਂ ਮੈ ਪਹਿਲਾ ਸਕੂਲ ਟੀਚਰ ਸਾਂ। ਸਾਹਿਤ ਅਕਾਡਮੀ ਵਲ਼ਿਆਂ ਨੇ ਤਾਂ ਮੇਰੇ ਪ੍ਰਸ਼ਸਤੀ-ਪੱਤਰ ਵਿੱਚ ਖਾਸ ਤੌਰ ਉਤੇ ਲਿਖਿਆ ਸੀ,…ਇਨ੍ਹਾਂ ਨੇ ਆਪਣੇ ਆਪ ਨੂੰ ਇੱਕ ਸਕੂਲ ਅਧਿਆਪਕ ਦੇ ਕਾਰਜ ਲਈ ਸਮੱਰਪਤ ਕੀਤਾ ਹੋਇਆ ਹੈ।
ਇਕ ਵਾਰ ੧੯੭੯ ਵਿੱਚ ਮੇਰੇ ਨਾਵਲ 'ਸੁਲਗਦੀ ਰਾਤ' ਨੂੰ ਭਾਸ਼ਾ ਵਿਭਾਗ ਨੇ ੨੫੦੦ ਰੁਪਏ ਇਨਾਮ ਦਿਤਾ। ਅਖ਼ਬਾਰਾਂ ਵਿੱਚ ਮੇਰੀ ਫ਼ੋਟੋ ਛਪੀ ਵੇਖਕੇ ਮੇਰੇ ਸਕੂਲ ਦੇ ਸੱਤ ਜਣੇ ਮੈਨੂੰ ਬਾਹੋਂ ਫੜ ਕੇ ਇੱਕ ਹੋਟਲ ਵਿੱਚ ਲੈ ਗਏ। ਅਠ ਵੱਡੇ ਪਿੱਤਲ਼ ਦੇ ਗਲਾਸ ਕੰਙਣੀ ਵਾਲ਼ੇ ਦਹੀਂ ਦੀ ਲੱਸੀ ਦੇ ਤੇ ਦੋ ਕਿਲੋ ਬਰਫ਼ੀ। ਹੋਟਲ਼ ਵਿਚੋਂ ਬਾਹਰ ਆ ਕੇ ਮੈ ਉਨ੍ਹਾਂ ਨੂੰ ਪੁਛਿਆ, "ਤੁਹਾਡੇ ਵਿਚੋਂ ਕਿਸੇ ਨੇ ਮੇਰਾ ਇਹ ਨਾਵਲ ਪੜ੍ਹਿਐ ਬਈ?"
ਇਕ ਮਾਸਟਰ ਦਾ ਜਵਾਬ, "ਅਸੀਂ ਬਰਫ਼ੀ ਖਾ ਲੀ, ਲੱਸੀ ਪੀ ਲੀ; ਅਸੀਂ ਤੇਰੇ ਨਾਵਲ ਤੋਂ ਕੀ ਲੈਣਾ ਐ, ਓਇ!"
ਮੈ ਆਪਣੀ ਸਰਵਿਸ ਦਾ ਬਹੁਤਾ ਸਮਾ ਜਿਨ੍ਹਾਂ ਸਕੂਲਾਂ ਵਿੱਚ ਗੁਜਾਰਿਆ, ਉਹ ਸਨ ਜੇਠੂਕੇ (ਤਿੰਨ ਸਾਲ), ਭਦੌੜ (ਤਿੰਨ ਸਾਲ), ਹੰਢਿਆਇਆ (ਛੇ ਸਾਲ) ਤੇ ਰੂੜੇਕੇ ਕਲਾਂ (ਛੇ ਸਾਲ)। ਬਰਨਾਲੇ ਮੇਰੀ ਸਭ ਤੋਂ ਵਧ ਠਹਿਰ ਹੈ। ਪਰ ਪਹਿਲੇ ਸਕੂਲਾਂ ਵਾਲ਼ੇ ਸਾਥੀ ਅਧਿਆਪਕ ਅਜਿਹੇ ਘਟੀਆ ਸਵਾਲ ਨਹੀਂ ਕਰਦੇ ਸਨ। ਇੱਕ ਤੱਥ ਹੋਰ ਮੇਰੇ ਸਾਹਮਣੇ ਆਉਂਦਾ ਹੈ - ਪਹਿਲੇ ਚਾਰ ਸਕੂਲਾਂ ਵਾਲ਼ੇ ਸਾਥੀ ਅਧਿਆਪਕਾਂ ਵਿਚੋਂ ਕਈ ਜਣੇ ਮੇਰੇ ਦੋਸਤ ਬਣੇ। ਉਹ ਹੁਣ ਤੱਕ ਵੀ ਮੇਰੇ ਦੋਸਤ ਹਨ। ਮੇਰੀ ਖੁਸ਼ੀ-ਗਮੀ ਵਿੱਚ ਸ਼ਾਮਲ ਹੁੰਦੇ ਹਨ। ਪਰ ਬਰਨਾਲਾ ਸਕੂਲ ਵਿੱਚ ਮੇਰਾ ਨਵਾਂ ਦੋਸਤ ਕੋਈ ਨਾ ਬਣ ਸਕਿਆ। ਜਿਨ੍ਹਾਂ ਪੰਜ-ਸੱਤ ਬੰਦਿਆਂ ਨਾਲ਼ ਘਰੇਲੂ ਸਬੰਧ ਸਨ, ਉਹ ਇਸ ਸਕੂਲ ਵਿੱਚ ਆਉਣ ਤੋਂ ਪਹਿਲਾਂ ਦੇ ਹੀ ਸਨ।
ਜਦੋਂ ਇਸ ਸਕੂਲ ਵਿੱਚ ਆਇਆ, ਮੇਰੀ ਪਤਨੀ ਦਸ-ਬਾਰਾਂ ਦਿਨਾਂ ਬਾਅਦ ਹੀ ਮਰ ਗਈ। ਦੁਖੀ ਮੈ ਪਹਿਲਾਂ ਹੀ ਸੀ। ਉਹ ਢਾਈ-ਪੌਣੇ ਤਿੰਨ ਸਾਲ ਸਖ਼ਤ ਬੀਮਾਰ ਰਹੀ ਸੀ। ਜੁਆਕ ਰੁਲ਼ ਰਹੇ ਸਨ। ਪਤਨੀ ਦੇ ਭੋਗ ਤੋਂ ਬਾਅਦ ਜਿਸ ਦਿਨ ਮੈ ਸਕੂਲ ਆਇਆ, ਇੱਕ ਮਾਸਟਰ ਮੈਨੂੰ ਪੁੱਛਣ ਲੱਗਿਆ, "ਅਣਖੀ, ਹੁਣ ਫੇਰ ਕਿਵੇਂ ਸਰਦੈ, ਤੀਮੀ ਬਗੈਰ?" ਉਹਦਾ ਮਤਲਬ ਕਾਮ-ਪੂਰਤੀ ਤੋਂ ਸੀ। ਜੀਅ ਕੀਤਾ, ਕੁੱਤੀ ਜਾਤ ਦੇ ਗੋਲ਼ੀ ਮਾਰਾਂ। ਮੇਰਾ ਘਰ ਉਜੜ ਗਿਆ ਤੇ ਇਹ … ।
ਪਤਨੀ ਦੀ ਮੌਤ ਕਰਕੇ ਮੇਰਾ ਦਿਲ ਬੁਝਿਆ ਹੋਇਆ ਸੀ। ਮੈਨੂੰ ਕਿਸੇ ਦਾ ਹਾਸਾ-ਮਜ਼ਾਕ ਜ਼ਹਿਰ ਲਗਦਾ। ਪਰ ਇਕ-ਦੋ ਸਨ ਜਿਹੜੇ ਮੇਰੀਆਂ ਬਦਨਾਮ ਕਹਾਣੀਆਂ ਦਾ ਨਾਂ ਲੈ-ਲੈ ਮੈਨੂੰ ਛੇੜਿਆ ਕਰਨ ਤੇ ਹਸਿਆ ਕਰਨ। ਫੇਰ ਸ਼ੋਭਾ ਆਈ ਤੋਂ ਕਿਹੜਾ ਮੈ ਸੁਖੀ ਹੋ ਗਿਆ ਸੀ!
ਇਕ ਦਿਨ ਸਵੇਰੇ ਸਕੂਲ ਆ ਕੇ ਮੈ ਅਧਿਆਪਕਾਂ ਦੇ ਹਾਜ਼ਰੀ ਰਜਿਸਟਰ ਵਿੱਚ ਆਪਣੀ ਹਾਜ਼ਰੀ ਲਾ ਰਿਹਾ ਸਾਂ। ਇੱਕ ਮਾਸਟਰ ਆਇਆ ਤੇ ਮੇਰੇ ਹਥੋਂ ਪੈਨ ਫੜ ਕੇ ਆਪਣੀ ਹਾਜ਼ਰੀ ਲਾਉਂਦਾ ਮੈਨੂੰ ਪੁੱਛਣ ਲੱਗਿਆ, "ਹਾਂ ਬਈ, ਤੇਰੀ ਇਹ ਚੌਥੀ ਮੈਰਿਜ ਐ ਕਿ ਪੰਜਵੀਂ ਐ?"
ਪਹਿਲਾਂ ਤਾਂ ਮੈ ਗੱਲ ਨੂੰ ਟਾਲਣਾ ਚਾਹਿਆ ਪਰ ਫੇਰ ਉਲ਼ਟਾ ਕੇ ਮੈ ਉਹਨੂੰ ਕਿਹਾ, "ਜੇ ਤੇਰੀ ਘਰਵਾਲ਼ੀ ਮਰ ਜਾਏ; ਫ਼ਰਜ਼ ਕਰੋ ਅੱਜ ਈ ਮਰ ਜਾਏ; ਫੇਰ ਤੂੰ ਹੋਰ ਵਿਆਹ ਕਰਾਏਂਗਾ ਜਾਂ ਨਹੀਂ?" ਮਾਸਟਰ ਦਾ ਸ਼ਰਾਰਤੀ ਚਿਹਰਾ ਆਪਣੀ ਘਰਵਾਲ਼ੀ ਦੀ ਮੌਤ ਦਾ ਨਾਂ ਸੁਣ ਕੇ ਪੀਲ਼ਾ ਪੈਣ ਲੱਗਿਆ; ਤੇ ਫੇਰ ਉਹ ਮੇਰੇ ਨਾਲ਼ ਹੋਰ ਕੋਈ ਗੱਲ ਕੀਤੇ ਬਗੈਰ ਪਰ੍ਹਾਂ ਨੂੰ ਤੁਰ ਗਿਆ। ਉਹਦੀ ਆਪਣੀ ਉਮਰ ਚਾਲ਼ੀ-ਕੁ ਸਾਲ ਸੀ। ਸ਼ਾਇਦ ਦੋ ਬੱਚੇ ਸਨ।
ਕੋਈ ਇਹ ਕਹਿ ਕੇ ਅਗਲੇ ਨਾਲ਼ ਮੇਰੀ ਵਾਕਫ਼ੀਅਤ ਕਰਾਉਂਦਾ, "ਇਹਨੇ ਜੀ 'ਟੀਸੀ ਦਾ ਬੇਰ' ਲਿਖਿਐ।"
ਪਤਾ ਨਹੀ ਉਹ ਮੇਰੇ ਨਾਲ਼ ਇਸ ਤਰ੍ਹਾਂ ਦਾ ਸਲੂਕ ਕਿਉਂ ਕਰਦੇ ਸਨ?
ਫੇਰ ਏਧਰ-ਓਧਰ ਬੈਠੇ ਦੋ-ਦੋ ਜਣੇ ਜਾਂ ਤਾਂ ਟਿਊਸ਼ਨਾਂ ਦੀਆਂ ਗੱਲਾਂ ਕਰਨਗੇ ਤੇ ਜਾਂ ਆਪਣੇ-ਆਪਣੇ ਸਾਈਡ ਬਿਜ਼ਨਸ ਦੀਆਂ। ਜਾਂ ਫੇਰ ਵਿਉਂਤਾਂ ਬਣਾਉਣਗੇ ਕਿ ਅੱਜ ਕਿਸ ਨੂੰ ਉਲੂ ਬਣਾਇਆ ਜਾਵੇ ਜਾਂ ਕੀਹਦੀ ਲੱਤ ਖਿੱਚੀ ਜਾਵੇ! ਮਹਿੰਗਾਈ ਭੱਤੇ ਦੀ ਨਵੀਂ ਕਿਸ਼ਤ ਉਤੇ ਲਾਟਰੀ ਦਾ ਟਿਕਟ ਨਿਕਲ਼ ਆਉਣ ਜਿੰਨੀ ਖ਼ੁਸ਼ੀ ਮਨਾਉਣਗੇ।
ਵੱਡਾ ਕੁਕਰਮ ਟਿਊਸ਼ਨਾਂ। ਅਗੱਸਤ-ਸਤੰਬਰ ਵਿੱਚ ਉਹ ਮੁੰਡਿਆਂ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਹਨ। ਮੁੰਡੇ ਨੇ ਟਿਊਸ਼ਨ ਰੱਖੀ ਨਹੀਂ ਕਿ ਉਹਦੀ ਕੁੱਟ ਖ਼ਤਮ। ਜਿਹੜਾ ਟਿਊਸ਼ਨ ਨਾ ਰੱਖੇ, ਦਸੰਬਰ-ਜਨਵਰੀ ਤੱਕ ਕੁੱਟ ਖਾਂਦਾ ਰਹਿੰਦਾ ਹੈ। ਬੜਾ ਨਿਰਦਈ ਕੰਮ ਹੁੰਦਾ ਹੈ ਇਹ ਮਾਸਟਰ ਦਾ। ਇੱਕ ਇਕ ਮਾਸਟਰ ਕੋਲ਼ ਚਾਲ਼ੀ-ਚਾਲ਼ੀ ਮੁੰਡੇ।
ਭਰਥਰੀ ਹਰੀ ਨੇ ਆਖਿਆ ਸੀ -
ਸਾਹਿਤ ਸੰਗੀਤ ਵਿਹੂਨ ਮਾਨੁਸ਼ਹ
ਸਾਕਸ਼ਾਤ ਪਛੂ ਪੂਛ ਵਿਸ਼ਾਣ ਹੀਨਹ।
ਮਤਲਬ ਇਹ ਕਿ ਉਹ ਆਦਮੀ ਪੂਛ ਤੇ ਸਿੰਙਾਂ ਤੋਂ ਬਿਨਾ ਸਾਮਰਤੱਖ ਪਸ਼ੂ ਹੁੰਦਾ ਹੈ ਜਿਸ ਨੂੰ ਸਾਹਿਤ ਤੇ ਸੰਗੀਤ ਕਲਾ ਦੀ ਕੋਈ ਸੂਝ ਨਹੀਂ।
ਸਾਡੇ ਇਹ ਪੜ੍ਹੇ-ਲਿਖੇ ਅਨਪੜ੍ਹ ਬੰਦੇ ਪਸ਼ੂਆਂ ਤੋਂ ਵੀ ਭੈੜੇ ਹਨ। ਪਸ਼ੂ ਤਾਂ ਫੇਰ ਵੀ ਦਿਨ-ਰਾਤ ਜਿਨ੍ਹਾਂ ਮਨੁੱਖਾਂ ਦੇ ਕੋਲ਼ ਹੋਵੇ, ਉਨ੍ਹਾਂ ਦੇ ਸਿੰਙ ਨਹੀ ਮਾਰਦਾ ਤੇ ਜਦੋਂ ਉਨ੍ਹਾਂ ਦੇ ਕੋਲ਼ ਜਾਵੇ, ਪੂਛ ਹਿਲਾਉਣ ਲੱਗ ਪੈਂਦਾ ਹੈ - ਮਤਲਬ ਆਦਰ-ਭਾਵ ਜਤਾਉਂਦਾ ਹੈ ਪਰ ਸਾਡੀ ਇਹ ਜਾਤ ਸਾਥੀ ਦੇ ਸਿੰਙ ਹੀ ਮਾਰੇਗੀ ਤੇ ਜੇ ਪੂਛ ਹਿਲਾਵੇ, ਅਗਲੇ ਨੂੰ ਲਿਬੇੜ ਕੇ ਧਰ ਦੇਵੇਗੀ।
ਮੇਰੀਆਂ ਕਹਾਣੀਆਂ-ਲੇਖ ਅਖਬਾਰਾਂ-ਰਸਾਲਿਆਂ ਵਿੱਚ ਛਪਦੇ ਹੀ ਰਹਿੰਦੇ ਹਨ। ਇੱਕ ਵਾਰ "ਪੰਜਾਬੀ ਟ੍ਰਿਬਿਊਨ" ਵਿੱਚ ਮੇਰੇ ਇੱਕ ਨਾਵਲ ਦਾ ਰੀਵਿਊ ਛਪਿਆ। ਦੂਜੇ ਦਿਨ ਮੇਰੇ ਸਕੂਲ ਦਾ ਇੱਕ ਅਧਿਆਪਕ ਮੈਨੂੰ ਦੱਸਣ ਲੱਗਿਆ, "ਕਲ੍ਹ ਤੇਰੀ ਕਹਾਣੀ ਪੜ੍ਹੀ ਸੀ।"
ਦੱਸੋ ਬਈ, ਉਹਨੂੰ ਇਹ ਨਹੀ ਪਤਾ ਸੀ ਕਿ ਰੀਵਿਊ ਕੀ ਹੁੰਦਾ ਹੈ ਤੇ ਕਹਾਣੀ ਕੀ।
ਮੇਰੀ ਕਹਾਣੀ ਛਪੀ ਵੇਖਕੇ ਕੋਈ ਪੁੱਛੇਗਾ, "ਤੈਨੂੰ ਇਹਦੇ ਕਿੰਨੇ ਪੈਸੇ ਮਿਲਣਗੇ?"
ਮੈ ਝੂਠ ਬੋਲਦਾ ਹਾਂ, "ਕੋਈ ਪੈਸਾ ਨਹੀ ਮਿਲਦਾ।"
ਉਹ ਮੇਰਾ ਮਖੌਲ ਉਡਾਏਗਾ, "ਤਾਂ ਫੇਰ ਮੱਥਾ ਮਾਰਨ ਦਾ ਕੀ ਫੈਦਾ?"
ਕਿਸੇ ਨੂੰ ਮੈ ਦੱਸਦਾ ਹਾਂ, "ਏਸ ਕਹਾਣੀ ਦੇ ਅੱਸੀ ਰੁਪਏ ਮਿਲਣਗੇ ਮੈਨੂੰ।"
ਉਹ ਚੁੱਪ ਹੋ ਜਾਂਦਾ ਹੈ। ਜਿਵੇਂ ਕਿ ਅਫ਼ਸੋਸ ਕਰ ਰਿਹਾ ਹੋਵੇ। ਫੇਰ ਉਹਦਾ ਅਗਲਾ ਸਵਾਲ, "ਮ੍ਹੀਨੇ ਵਿੱਚ ਫੇਰ ਚਾਰ-ਪੰਜ ਕਹਣੀਆਂ ਤਾਂ ਲਿਖ ਈ ਲੈਂਦਾ ਹੋਵੇਂਗਾ?"
ਮੈ ਮੁਸਕ੍ਰਾਉਣ ਲੱਗਦਾ ਹਾਂ।
ਅਧਿਆਪਕ ਆਪਣੇ ਮਨ ਵਿੱਚ ਮੇਰੀ "ਉਤਲੀ ਆਮਦਨ" ਦਾ ਹਿਸਾਬ ਲਾ ਰਿਹਾ ਹੁੰਦਾ ਹੈ। ਸਾਹਿਤ ਅਕਾਡਮੀ ਇਨਾਮ ਦੀ ਖ਼ਬਰ ਜਿਸ ਦਿਨ ਅਖ਼ਬਾਰਾਂ ਵਿੱਚ ਆਈ, ਸਵੇਰੇ-ਸਵੇਰੇ ਪ੍ਰਾਰਥਨਾ ਤੋਂ ਬਾਅਦ ਚਾਰ-ਪੰਜ ਸਾਥੀ ਅਧਿਆਪਕ ਮੇਰੇ ਨੇੜੇ ਹੋ ਗਏ। ਪਹਿਲਾਂ ਤਾਂ ਸਭ ਨੇ ਵਧਾਈਆਂ ਦਿਤੀਆਂ। ਫੇਰ ਕੋਈ ਪੁਛ ਰਿਹਾ ਸੀ, "ਇਹ ਕਿਵੇਂ ਮਿਲਦੈ ਇਨਾਮ?"
ਕੋਈ ਹੋਰ, "ਤੇਰੀ ਕਿਹੜੀ ਕਿਤਾਬ ਨੂੰ ਮਿਲਿਐ; ਕਦੇ ਦਖਾਈਂ ਤਾਂ ਹੈ ਨ੍ਹੀ!"
ਇਕ ਹੋਰ; "ਕਿੰਨੇ ਹਜ਼ਾਰ ਮਿਲੂਗਾ?"
ਇਕ ਮਾਸਟਰ ਜਿਹੜਾ ਥੋੜ੍ਹਾ ਪਰੇ ਖੜ੍ਹਾ ਕੰਨਾਂ ਦੀ ਮੈਲ਼ ਕਢ ਰਿਹਾ ਸੀ, ਇਹ ਸਭ ਸੁਣੀ ਗਿਆ। ਫੇਰ ਉਹਨੇ ਨੱਕ ਵਿਚੋਂ ਚੂਹੇ ਕਢੇ ਤੇ ਫੇਰ ਕੋਟ ਦੀ ਜੇਬ ਵਿਚੋਂ ਜ਼ੁਕਾਮ ਖਾਧਾ ਗੰਦਾ ਰੁਮਾਲ ਕਢ ਕੇ ਅੱਖਾਂ ਦੀ ਗਿੱਡ ਪੂੰਝਣ ਲੱਗ ਪਿਆ। ਜਦੋਂ ਬਾਕੀ ਸਭ ਆਪਣੀਆਂ-ਆਪਣੀਆਂ ਜਮਾਤਾਂ ਨੂੰ ਤੁਰ ਗਏ ਤਾਂ ਖੰਗੂਰ ਜਿਹੀ ਮਾਰ ਕੇ ਉਹ ਮੇਰੇ ਨੇੜੇ ਹੋਇਆ ਤੇ ਕਹਿਣ ਲੱਗਿਆ,
"ਫੇਰ ਤਾਂ ਬਈ ਐਤਕੀਂ ਇਨਕਮ ਟੈਕਸ ਲੱਗੂ ਤੈਨੂੰ। ਦਸ ਹਜ਼ਾਰ ਖਾਸੀ ਰਕਮ ਹੁੰਦੀ ਐ।"
ਉਹਦੇ ਬੁਲ੍ਹਾਂ ਉਤੇ ਕਮੀਨੀ ਮੁਸਕ੍ਰਾਹਟ ਵੀ ਸੀ।
ਮੈ ਵਿਅਕਤਿਤਵ ਨੂੰ ਦੋਫਾੜ ਕੀਤਾ ਹੋਇਆ ਹੈ। ਸਕੂਲ ਵਿੱਚ ਮੈ ਲੇਖਕ ਨਹੀ ਹੁੰਦਾ ਤੇ ਸਕੂਲ ਤੋਂ ਬਾਹਰ ਮਾਸਟਰ ਨਹੀ। ਸਵੇਰੇ ਜਦੋਂ ਸਕੂਲ ਜਾਦਾ ਹਾਂ ਤਾਂ ਆਪਣੇ ਲੇਖਕ ਨੂੰ ਸਕੂਲ-ਗੇਟ ਤੋ- ਬਾਹਰ ਖੜ੍ਹਾ ਕਰ ਦਿੰਦਾ ਹਾਂ। ਕਹਿੰਦਾ ਹਾਂ, "ਲੈ ਬਈ ਮਿੱਤਰਾ, ਆਪਾਂ ਸਾਰੀ ਛੁੱਟੀ ਤੋਂ ਬਾਅਦ ਮਿਲਾਂਗੇ।"
ਅਜਿਹੇ ਉਜੱਡ, ਉਦੰਡ ਤੇ ਅਸ਼ਿਸ਼ਟ ਲੋਕਾਂ ਵਿੱਚ ਰਹਿਕੇ ਵੀ ਸਾਹਿਤ-ਰਚਨਾ ਜਿਹਾ ਸੂਖਮ ਕੰਮ ਕਰਦਾ ਰਿਹਾ ਹਾਂ ਤੇ ਐਨੀ ਮਾਤਰਾ ਵਿੱਚ ਕੀਤਾ ਹੈ; ਕੀ ਮੇਰਾ ਪਾਠਕ-ਵਰਗ ਮੈਨੂੰ ਦਾਦ ਨਹੀ ਦੇਵੇਗਾ? ਆਪਣੀ ਸਾਰੀ ਸਰਵਿਸ ਦੈਰਾਨ ਮੈ ਦਸ-ਬਾਰਾਂ ਹੈਡਮਾਸਟਰਾਂ ਅਧੀਨ ਕੰਮ ਕੀਤਾ ਹੈ। ਹੈਡਮਾਸਟਰਾਂ ਵਿਚੋਂ ਹੈਡਮਾਸਟਰ ਵੇਖਿਆ, ਜਲੌਰ ਸਿੰਘ। ਜਿਸ ਕਿਸੇ ਨੇ ਵੀ ਉਹਦੇ ਅਧੀਨ ਕੰਮ ਕੀਤਾ, ਹੁਣ ਤੱਕ ਉਹਦੀਆਂ ਵਾਰਾਂ ਗਾਉਂਦਾ ਹੈ। ਸ਼ੁਕਰ ਹੈ ਹੁਣ ਮੇਰਾ ਹੈਡਮਾਸਟਰ ਮੇਜਰ ਅਜੈਬ ਸਿੰਘ ਮਾਨ ਹੈ। ਉਹ ਮੇਰਾ ਕਾਲਜ-ਸਾਥੀ ਹੈ ਤੇ ਯਾਰ ਵੀ। ਜਾਣੇ-ਪਛਾਣੇ ਬੰਦੇ ਅਧੀਨ ਕੰਮ ਕਰਨ ਦਾ ਲੁਤਫ ਹੀ ਹੋਰ ਹੁੰਦਾ ਹੈ। ਸਰਵਿਸ ਦੇ ਦੋ ਸਾਲ ਜੋ ਬਾਕੀ ਰਹਿੰਦੇ ਹਨ, ਤਸੱਲੀ ਨਾਲ਼ ਬੀਤ ਜਾਣਗੇ। ਕੋਈ ਤਸਕੀਨ ਤਾਂ ਹੈ। ਪਹਿਲਾਂ ਅਜਿਹਾ ਨਹੀ ਸੀ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To read Punjabi text you must have Unicode fonts. Contact Us

Sochpunjabi.com