ਮਾਂ ਪ੍ਰੋਫ਼ੈਸਰ ਮੋਹਨ ਸਿੰਘ
ਬੁੱਢੀ ਸੀ। ਭਾਵੇਂ ਸੱਠਾਂ ਕੁ ਵਰ੍ਹਿਆਂ ਦੀ ਲਗਦੀ
ਸੀ, ਫਿਰ ਵੀ ਬੜੀ ਹੌਲੀ ਫੁੱਲ ਤੇ ਚੁਸਤ ਸੀ।
ਉਸ ਦੀ ਝੋਲੀ ਵਿਚ ਇਕ ਗੰਢਲ ਜਿਹੀ ਪੋਟਲੀ
ਸੀ ਜਿਸ ਨੂੰ ਉਸ ਨੇ ਆਪਣੀਆਂ ਕਾਨੇ ਵਰਗੀਆਂ
ਉਂਗਲਾਂ ਵਿਚ ਘੁੱਟ ਕੇ ਫੜ ਰੱਖਿਆ ਸੀ, ਜਾਣੋ
ਉਸ ਵਿਚ ਕੋਈ ਬੜੀ ਕੀਮਤੀ ਚੀਜ਼ ਹੈ। ਉਹ
ਪਹਿਲੇ ਹੀ ਉਥੇ ਬੈਠੀ ਸੀ ਜਦੋਂ ਮੈਂ ਮੰਧਰਿਓਂ
ਗੱਡੀ ਚੜ੍ਹਿਆ ਸਾਂ। ਡੱਬੇ ਵਿਚ ਹੋਰ ਕੋਈ ਨਹੀਂ
ਸੀ।
ਮੈਨੂੰ ਚੰਗੀ ਤਰ੍ਹਾਂ ਚੇਤਾ ਨਹੀਂ ਕਿ ਬੁੱਢੀ ਨੇ
ਕਿਵੇਂ ਗੱਲਬਾਤ ਸ਼ੁਰੂ ਕਰ ਕੀਤੀ। ਮੈਂ ਉਸ ਵੇਲੇ
ਕਿਸੇ ਆਪਣੇ ਹੀ ਖਿਆਲ ਵਿਚ ਪਿਆ ਹੋਇਆ
ਸਾਂ ਅਤੇ ਉਹ ਮੇਰਾ ਖਿਆਲ ਖਿੱਚਣ ਤੋਂ ਕੁਝ
ਮਿੰਟ ਪਹਿਲੋਂ ਗੱਲ ਛੋਹ ਚੁਕੀ ਜਾਪਦੀ ਸੀ। ਮੈਂ
ਚੌਂਕਿਆ ਤੇ ਸੋਚਿਆ, ਹੈਂ! ਇਹ ਅੱਲਾ ਦਾਦ
ਕੌਣੈ? ਮੈਂ ਉਸ ਨੂੰ ਪੁਛ ਨਹੀਂ ਸੀ ਸਕਦਾ ਕਿਉਂਕਿ
ਉਹ ਪਹਿਲੋਂ ਹੀ ਮੈਨੂੰ ਸਭ ਕੁਝ ਦਸ ਚੁੱਕੀ ਸੀ
ਅਤੇ ਉਸ ਬਾਰੇ ਇਉਂ ਗੱਲਬਾਤ ਕਰ ਰਹੀ ਸੀ,
ਜਾਣੋ ਮੈਂ ਉਸ ਨੂੰ ਜਾਣਦਾ ਹਾਂ। ਸੋ ਮੈਂ ਧਿਆਨ
ਨਾਲ ਉਸ ਦੀਆਂ ਗੱਲਾਂ ਸੁਣਨ ਲਗ ਪਿਆ ਤੇ
ਆਖਿਰ ਇਸ ਸਿੱਟੇ 'ਤੇ ਅਪੜਿਆ ਕਿ ਅੱਲਾ
ਦਾਦ ਉਸ ਦਾ ਪੁੱਤਰ ਹੈ।
"ਉਹ ਬੜਾ ਬੀਬਾ ਮੁੰਡਾ ਹੋਣੈ," ਮੈਂ ਆਖਣ
ਦੀ ਦਲੇਰੀ ਕੀਤੀ।
"ਹੋਰ ਕੇ ਸ਼ਾਹ ਜੀ," ਬੁੱਢੀ ਨੇ ਉਤਰ ਦਿੱਤਾ
ਤੇ ਉਸ ਦੇ ਬੋਲ ਵਿਚ ਮਾਣ ਸੀ। "ਕਹਿਰਾ ਨਾ
ਜਾਤਕ ਐ," ਉਸ ਨੇ ਮਾੜਾ ਜਿਹਾ ਹੌਕਾ ਲਿਆ
ਤੇ ਇਕ ਧੁੰਧਲੀ ਜਿਹੀ ਮੁਸਕੜੀ ਉਸ ਦੇ ਸੁੱਕੇ
ਹੋਠਾਂ ਉਤੇ ਨੱਚਣ ਲਗੀ। "ਗਜ਼ਬਾਂ ਨਾ ਜਾਤਕ
ਐ," ਉਸ ਨੇ ਦੁਹਰਾਇਆ, "ਤੇ ਸ਼ਕਲਵੰਦ ਵੀ
ਰਜ ਕੇ, ਨਿਕਿਆਂ ਹੋਨਿਆਂ ਸਾਰੇ ਆਖਨੇ ਅਹੇਮਾਊ,
ਤੈਂਢਾ ਜਾਤਕ ਤੇ ਕੁੜੀ ਹੋਣੇ ਜੋਗਾ ਇਹਾ,
ਪਰ ਹੁਣ ਵੱਡਾ ਹੋਇਐ ਤੇ ਜਾਤਕਾਂ ਨਾ ਪੜਜਾਤਕ
ਨਿਕਲਿਐ।"
"ਮੁੰਡੇ ਮੁੰਡੇ ਹੀ ਹੁੰਦੇ ਨੇ ਮਾਂ," ਮੈਂ ਇਹੋ
ਕਹਿਣਾ ਮੁਨਾਸਬ ਸਮਝਿਆ।
ਬੁਢੀ ਸਿਰ ਹਲੂਣ ਹਲੂਣ ਕੇ ਹੱਸੀ। "ਠੀਕ
ਆਖਨੇਉ ਸ਼ਾਹ ਜੀ," ਉਸ ਨੇ ਆਖਿਆ, "ਇਹਾ
ਗਲ ਆਖਨੀ ਹੋਨੀਆਂ। ਜਾਤਕਾਂ ਕਹਿ ਲਗੈ ਤੇ
ਕੁੜੀਆਂ ਹਾਰ ਸ਼ਰਮਾਣਾ ਕਹਿ ਲਗੈ? ਸਭਸੇ ਨੇ
ਜਾਤਕ ਉਚੀ ਨੀਵੀਂ ਕਰਨੇ ਹੀ ਆਏਨ ਕੇ। ਈਹਾ
ਗਲ ਮੈਂ ਉਸ ਨੇ ਪੀਊ ਕੀ ਆਖਨੀਂ ਹੋਨੀ ਅਹੀਆਂ।
ਉਸ ਨਾ ਪਿਉ ਕਈ ਵਾਰ ਧ੍ਰੜ੍ਹਨ ਲਗਨਾ ਇਆਸ,
ਪਰ ਮੈਂ ਤਰਪੁਲੀ ਮਾਰ ਕੇ ਵਿਸ਼ਕਾਰ ਜਾ ਪੈਨੀ
ਅਹੀਆਂਸ: ਤੂੰ ਵੀ ਤੇ ਕਦੇ ਜਾਤਕ ਈ
ਇਹਾਏਂ, ਮੈਂ ਆਖਨੀ ਅਹੀਆਂਸ। ਤੂੰ
ਕਦੇ ਕੋਈ ਉਚੀ ਨੀਵੀਂ ਨਹੀਂ ਕੀਤੀ?
'ਹਾਹਾਂ ਤੇ ਮੀਂਗੀ ਚੁਟਨਾ ਵੀ ਤੇ ਰਿਹੈ
ਨਾ' ਉਹ ਆਖਨਾ ਹੋਨਾ ਅਹਿਆ। ਮੈਂ
ਆਖਨੀ ਹੋਨੀ ਅਹੀਆਂ, ਚੁਟ ਖਾਧੀ ਆ
ਤੇ ਵਲ ਵੀ ਤੇ ਹੋ ਗਿਆ ਏਂ ਨਾ, ਹੁਣ
ਤੱਕ ਨਾ ਆਪਣੇ ਦਾਰ। ਕਦੇ ਤੇ ਉਹ
ਹਸ ਪੈਨਾ ਅਹਿਆ ਤੇ ਕਦੇ ਇਸ ਗੱਲਾਂ
ਉਪਰ ਅਸੀਂ ਬੌਂਸ਼ ਪੈਨੇ ਹੋਨੇ ਅਹਿਆ।
ਉਹ ਆਖਿਆ ਕਰੇ ਤੂੰ ਪੁਚ ਪੁਚ ਕਰਕੇ
ਜਾਤਕੇ ਕੀ ਵਿਗਾੜ ਛੋੜਿਐ। ਵੱਡਾ ਹੋ
ਕੇ ਹਿਕੀ ਭੰਨੀ ਕੋਡੀ ਨਾ ਨਹੀਂ ਰਹਿਣ
ਲੱਗਾ। ਹੀਆ ਤੇ ਤੇਰੀ ਗਲਤੀ ਐ, ਮੈਂ
ਆਖਿਆ ਕਰਾਂ, ਜੇ ਜੀਨੀ ਰਹੀਆਂ ਤੇ
ਤੁਗੀ ਦਸਸਾਂ ਤੇਰਾ ਪੁੱਤਰ ਸੱਤਾਂ ਕੀ
ਹੀਰੀਆਂ ਦੇਸੀ ਤੇ ਗੁਜਾਰਾ ਵੀ ਸੋਚਣਾ
ਕਰਸੀ।"
"ਤੇ ਮਾਂ ਕੀ ਉਸਦਾ ਗੁਜ਼ਾਰਾ ਚੰਗੈ?" ਮੈਂ
ਪੁਛਿਆ।
"ਤੇ ਹੋਰ ਕੇ, ਸ਼ਾਹ ਜੀ," ਬੁੱਢੀ ਚੁਸਤ ਹੋ
ਕੇ ਬੋਲੀ। "ਰਜ ਕੇ ਸਖੱਲੈ, ਆਪਣੀ ਜ਼ਮੀਨਸ,
ਆਪਣੇ ਖੂਹਸ, ਆਪਣੇ ਦਾਂਦਸ, ਮਝਾਂਸ,
ਗਾਈਆਂਸ, ਘੋੜੀਆਂਸ ਵਹਿਤਰਸ ਸਭ ਕੁਝਸਰੱਬਾ
ਸਭਸੇ ਨੇ ਪੁੱਤਰ ਜਹੇ ਹੋਣ। ਇਤਨਾ ਸਖੱਲਾ
ਤੇ ਪਿਉ ਵੀ ਨਹੀਂ ਅਹਿਆਸ, ਭਾਵੇਂ ਮਰਨੇ ਤੀਕਣ
ਮਿੱਟੀ ਨਾਲ ਮਿੱਟੀ ਹੋਨਾ ਰਿਹੈ।"
ਮੈਂ ਸਿਰ ਹਿਲਾਇਆ ਤੇ ਕੁਝ ਚਿਰ ਅਸੀਂ
ਚੁਪ ਹੋ ਗਏ। ਪਰ ਮੁੜ ਮੁੜ ਬੁੱਢੀ ਨੂੰ ਬੁਲਾਉਣ
'ਤੇ ਜੀ ਕਰਦਾ ਸੀ।
"ਕੀ ਤੁਸਾਂ ਆਪਣੇ ਪੁੱਤਰ ਦੀ ਕੋਈ ਮਦਦ
ਵੀ ਕੀਤੀ ਸੀ?" ਮੈਂ ਪੁਛਿਆ, "ਮੇਰਾ ਮਤਲਬੈ
ਕੀ ਤੁਸਾਂ ਉਹਨੂੰ ਸ਼ੁਰੂ ਵਿਚ ਕੋਈ ਰਾਸ ਮੂੜੀ ਵੀ
ਦਿੱਤੀ ਸੀ?"
"ਹੋਰ ਕੇ, ਸ਼ਾਹ ਜੀ," ਉਸ ਨੇ ਆਖਿਆ,
"ਮਦਦ ਨਹੀਂ ਕੀਤੀ ਤੇ ਹੋਰ ਕੇ, ਜੇ ਮਦਦ ਨਾ
ਕਰੀਏ ਹਰ ਤਾਂ ਹਿਥੇ ਕਿੰਜ ਅਪੜੇ ਹਰ। ਪਿਉ ਤੇ
ਬਰਖਲਾਵ ਇਹਾਸ ਪਰ ਮੈਂ ਆਪਣਾ ਟੂੰਬ ਛੱਲਾ
ਵੇਚ ਕੇ ਉਸ ਨੀ ਝੋਲੀ ਪਾ ਦਿੱਤਾ ਤੇ ਆਖਿਆ
ਹਾਂਹ ਘਿੰਨ ਪਿਛੂੰ ਵੀ ਤੂਹੇਂ ਲੈਣਾ ਇਹਾ।"
"ਤੇ ਉਸ ਰੁਪਏ ਨੂੰ ਵਾਹ ਵਾਹ ਵਰਤਿਆ
ਮਾਂ?"
"ਹੋਰ ਕੇ ਸ਼ਾਹ ਜੀ, ਬੜਾ ਸਿਆਣੈ, ਅੱਲਾ
ਹਯਾਤੀ ਦਏਸ। ਇਥੂੰ ਜਾਨਿਆਂ ਈਂ ਪਹਿਲੀ ਬਹੁਟੀ
ਮਰ ਗਈ ਸੀ। ਛਿਆਂ ਮਹੀਨਿਆਂ ਪਿਛੂੰ ਅਗਲਿਆਂ
ਹੋਰ ਚਾ ਦਿਤੀਸ। ਮਾਊਂ ਪੀਊ ਨੇ ਘਰ ਹਿਕਾ ਹੀ
ਹਿਕਾ ਧੀ ਐ। ਉਥੇ ਉਨ੍ਹਾਂ ਕੋਲ ਹੀ ਰਹਿਨੈ। ਉਨ੍ਹਾਂ
ਦੀ ਜਦਾਦ ਵੀ ਲਭ ਗਈਸ। ਹੁਣ ਸੁਣਿਐ ਸੁਖਾਂ
ਨਾਲ ਟਾਂਗਾ ਵੀ ਆਪਣਾ ਘਿਦਾਸ।"
"ਤੇ ਮਾਂ ਤੂੰ ਉਸ ਨੂੰ ਪਿਛੇ ਜਹੇ ਕਦੋਂ ਮਿਲੀ
ਏਂ?"
"ਬੱਚੇ ਮਿਲਿਆਂ ਤੇ ਮਿੰਗੀ ਦਸ ਸਾਲ ਆਣ
ਲਗੇਨ। ਉਸ ਕਦੇ ਮੁੜ ਕੇ ਵੱਟੀ ਹੀ ਨਹੀਂ ਵਾਹੀ।
ਮੈਂ ਉਸ ਕੀ ਕਾਟ ਪਾਇਆ ਅਹਿਆ ਪਈ ਮੈਂ
ਮਿਲਣ ਆਨੀ ਪਈ ਊਂ। ਉਸ ਲਿਖਿਆ,
ਆ ਕੇ ਕਹਿ ਕਰਸੇਂ ਬੁਢੀ ਉਮਰੇ ਹੈਡੀ
ਦੂਰੇ। ਮੈਂ ਫਿਰ ਕਾਟ ਪਾਇਆ ਲੋਕ ਮਿਹਣੇ
ਮਾਰਨੇਨ ਹੈਡਾ ਚਿਰ ਹੋ ਗਿਆਸ ਪੁੱਤਰੇ
ਮੁੜ ਕੇ ਵਾਤ ਨਹੀਂ ਪੁਛੀਸ, ਮੈਂ ਜ਼ਰੂਰ
ਆਸਾਂ, ਮੀਂਗੀ ਟੇਸ਼ਣੇ ਉਪਰ ਲੈਣ
ਆਏਂ।"
"ਮਾਂ ਤੈਨੂੰ ਪੁੱਤਰ ਵੇਖਣ ਦਾ ਬੜਾ
ਸ਼ੌਕ ਐ।"
"ਹੋਵੇ ਨਾ ਤੇ ਹੋਰ ਕੇ ਸ਼ਾਹ ਜੀ,
ਆਪਣੀਆਂ ਆਂਦਰਾਂ ਜੇ ਹੋਈਆਂ।"
"ਉਹ ਦਸਾਂ ਸਾਲਾਂ ਵਿਚ ਬਿਲਕੁਲ
ਬਦਲ ਗਿਆ ਹੋਵੇਗਾ?"
"ਨਹੀਂ ਸ਼ਾਹ ਜੀ, ਮੈਡੇ ਤਾਈਂ ਤੇ
ਊਹਾ ਜਿਹਾ ਹੋਸੀ।"
"ਤੈਨੂੰ ਹਾਲੇ ਵੀ ਮੁੰਡਾ ਹੀ ਲਗਦੈ,
ਮਾਂ?"
ਉਸ ਨੇ ਪੰਛੀ ਵਾਂਗ ਛੇਤੀ ਨਾਲ ਸਿਰ
ਮਾਰਿਆ, "ਜਾਤਕ ਨਹੀਂ ਤੇ ਹੋਰ ਕੇ ਸ਼ਾਹ ਜੀ,
ਤੁਸਾਂ ਕੀ ਭਾਵੇਂ ਵਰਿਠ ਦਿਸੇ।"
ਮੈਂ ਕੋਈ ਉਤਰ ਨਾ ਦਿੱਤਾ। ਬੁਢੀ ਵੀ ਚੁਪ
ਕਰ ਗਈ। ਹੁਣ ਉਸ ਵਿਚ ਵਲਵਲਿਆਂ ਨੇ
ਘਮਸਾਨ ਪੈਦਾ ਕਰ ਦਿੱਤਾ ਸੀ। ਉਸ ਦੀਆਂ ਅੱਖਾਂ
ਦੀ ਚਮਕ ਹੁਣ ਤੇਜ਼ ਹੋ ਗਈ ਸੀ ਤੇ ਉਸ ਦੀਆਂ
ਸੁਕੜੀਲ ਉਂਗਲਾਂ ਪੋਟਲੀ ਨਾਲ ਖੇਡ ਰਹੀਆਂ
ਸਨ।
ਗੱਡੀ ਹੌਲੀ ਹੁੰਦੀ ਜਾਂਦੀ ਸੀ, ਬੁੱਢੀ ਚੁਸਤੀ
ਨਾਲ ਜ਼ੰਜੀਰ ਫੜ ਕੇ ਖਲੋ ਗਈ।
"ਬੱਸ ਹਿਥੇ ਹੀ ਸ਼ਾਹ ਜੀ, ਹਿਥੇ ਈ ਮੈਂ
ਲਹਿਸਾਂ।"
ਮੈਂ ਉਸ ਲਈ ਬੂਹਾ ਖੋਹਲਿਆ ਤੇ ਉਹ
ਫੁਲ ਵਾਂਗ ਉਡ ਕੇ ਪਲੈਟ-ਫਾਰਮ 'ਤੇ ਜਾ ਉਤਰੀ।
"ਹੇ ਔਹ ਤੱਕੈ ਮੇਰਾ ਪੁੱਤਰ, ਮੇਰਾ ਅੱਲਾ
ਦਾਦ ਖਾਨ," ਉਸ ਨੇ ਇਸ਼ਾਰਾ ਕਰਦੀ ਨੇ ਆਖਿਆ।
ਮੈਂ ਉਸ ਦੇ ਪੁੱਤਰ ਵਲ ਵੇਖਿਆ। ਉਹ
ਕੋਈ ਪੈਂਤੀਆਂ ਵਰ੍ਹਿਆਂ ਦਾ ਜਾਪਦਾ ਸੀ। ਉਸ ਦਾ
ਮੂੰਹ ਗੋਲ ਤੇ ਖਰ੍ਹਵਾ ਜਿਹਾ ਸੀ ਤੇ ਮੁੱਛਾਂ ਦੇ
ਖਚਰੇ-ਪਨ ਤੇ ਅੱਖਾਂ ਦੇ ਡੂੰਘੇ-ਪਨ ਤੋਂ ਕੋਈ
ਚੰਗਾ ਆਦਮੀ ਨਹੀਂ ਸੀ ਜਾਪਦਾ। ਉਸ ਦੇ ਕੱਪੜੇ
ਵੀ ਕੋਈ ਸਾਊਆਂ ਵਾਲੇ ਨਹੀਂ ਸਨ। ਉਹ ਬੜੀ
ਬੇ-ਪਰਵਾਹੀ ਨਾਲ ਪਲੈਟ-ਫਾਰਮ ਦੇ ਵਿਚਕਾਰ
ਖੜਾ ਸੀ। ਉਸ ਦੀਆਂ ਲੱਤਾਂ ਖੁਲ੍ਹੀਆਂ ਤੇ ਹੱਥ
ਪਿਠ ਪਿੱਛੇ ਕੰਘੀ ਪਏ ਹੋਏ ਸਨ। ਉਹ ਬੁੱਢੀ
ਵਲ ਗੁੱਸੇ ਨਾਲ ਘੂਰ ਘੂਰ ਕੇ ਵੇਖ ਰਿਹਾ ਸੀ।
ਉਹ ਬੜੀ ਖੁਸ਼ੀ ਤੇ ਉਮਾਹ ਨਾਲ ਪੁੱਤਰ ਵਲ
ਵਧੀ। ਪਰ ਜਦੋਂ ਉਹ ਉਸ ਦੇ ਲਾਗੇ ਅਪੜੀ ਤਾਂ
ਉਹ ਘੁਮ ਕੇ ਸਟੇਸ਼ਨੋਂ ਬਾਹਰ ਤੁਰ ਪਿਆ ਤੇ
ਬੁਢੀ ਵੀ ਨਿਕੇ ਨਿਕੇ ਛੋਹਲੇ ਕਦਮ ਪੁਟਦੀ ਉਸ
ਦੇ ਮਗਰੇ ਮਗਰ ਬਾਹਰ ਨਿਕਲ ਗਈ।
ਜਦੋਂ ਗੱਡੀ ਸਟੇਸ਼ਨੋਂ ਬਾਹਰ ਨਿਕਲੀ ਤਾਂ
ਮੈਂ ਉਨ੍ਹਾਂ ਨੂੰ ਇਕ ਵਾਰੀ ਫੇਰ ਵੇਖਿਆ ਕਿਉਂਕਿ
ਸੜਕ 'ਤੇ ਗੱਡੀ ਦੀ ਲੈਣ ਨਾਲੋ ਨਾਲ ਜਾਂਦੇ ਸਨ।
ਉਹ ਇਕ ਚਿਕੜ ਲਿਬੜੇ ਤਾਂਗੇ ਵਿਚ ਨਾਲੋ ਨਾਲ
ਬੈਠੇ ਸਨ, ਜਿਸ ਨੂੰ ਇਕ ਕਾਲੇ ਰੰਗ ਦੀ ਚਿਕੜ
ਲਿਬੜੀ ਟੈਰ ਜਹੀ ਖਿਚ ਰਹੀ ਸੀ। ਬੁੱਢੀ ਉਸ
ਵਲ ਝੁਕੀ ਹੋਈ ਸੀ ਤੇ ਬੜੇ ਜੋਸ਼ ਨਾਲ ਗੱਲਾਂ
ਕਰਦੀ ਸੀ ਤੇ ਕਦੀ ਕਦੀ ਆਪਣਾ ਸੁਕਾ ਹੋਇਆ
ਮੂੰਹ ਉਤਾਂਹ ਚੁਕ ਕੇ ਉਸ ਵੱਲ ਵੇਖ ਲੈਂਦੀ ਸੀ,
ਜਾਣੋ ਕਿਸੇ ਪਿਆਰ ਭਰੇ ਬੋਲ ਦੀ ਉਡੀਕ ਵਿਚ
ਹੈ। ਪਰ ਉਹ ਕੋਹਨੀਆਂ ਗੋਡਿਆਂ 'ਤੇ ਰੱਖੀ, ਵਾਗਾਂ
ਨੂੰ ਹਥ 'ਚ ਫੜੀ, ਮੱਥੇ 'ਤੇ ਘੂਰ ਪਾਈ ਘੋੜੀ ਤੋਂ
ਅਗਾਂਹ ਸੜਕ ਵਲ ਟਕ ਬੰਨ੍ਹੀ ਵੇਖ ਰਿਹਾ ਸੀ।
('ਨਿੱਕੀ ਨਿੱਕੀ ਵਾਸ਼ਨਾ')
ਪੰਜਾਬੀ ਕਹਾਣੀਆਂ (ਮੁੱਖ ਪੰਨਾ) |