Punjabi Stories/Kahanian
ਲੋਕ ਕਹਾਣੀਆਂ
Lok Kahanian

Punjabi Writer
  

Kuhare Da Dalia Russian Fairy Tale

ਕੁਹਾੜੇ ਦਾ ਦਲੀਆ ਰੂਸੀ ਪਰੀ-ਕਹਾਣੀ

ਇਕ ਵਾਰ ਦੀ ਗਲ ਏ, ਇਕ ਬੁੱਢਾ ਫ਼ੌਜੀ ਛੁੱਟੀ ਮਨਾਣ ਲਈ ਘਰ ਜਾ ਰਿਹਾ ਸੀ, ਤੇ ਥਕਿਆ ਉਹ ਬਹੁਤ ਹੋਇਆ ਸੀ ਤੇ ਭੁਖ ਉਹਨੂੰ ਡਾਢੀ ਲਗੀ ਹੋਈ ਸੀ। ਉਹ ਇਕ ਪਿੰਡ ਅਪੜਿਆ ਤੇ ਉਹਨੇ ਪਹਿਲੀ ਹੀ ਝੁੱਗੀ ਦਾ ਬੂਹਾ ਜਾ ਖੜਕਾਇਆ।
"ਰਾਹੀ ਨੇ ਰਾਤ ਕਟਣੀ ਏ," ਉਹਨੇ ਆਖਿਆ।
ਬੂਹਾ ਇਕ ਬੁੱਢੀ ਤੀਵੀਂ ਨੇ ਖੋਲਿਆ।
"ਅੰਦਰ ਲੰਘ ਆ, ਫ਼ੌਜੀਆ, ਉਹਨੇ ਸੱਦਾ ਦਿੱਤਾ।
"ਮਾਲਕਨੇਂ, ਭੁੱਖੇ ਲਈ ਗਰਾਹੀ ਰੋਟੀ ਹੈ ਈ?" ਫ਼ੌਜੀ ਨੇ ਪੁਛਿਆ। ਏਧਰ ਬੁੱਢੀ ਕੋਲ ਹੈ ਸਾਰਾ ਕੁਝ ਚੰਗਾ-ਚੋਖਾ ਸੀ, ਪਰ ਉਹ ਸੀ ਕੰਜੂਸ ਤੇ ਬਹੁਤ ਹੀ ਗਰੀਬੜੀ ਬਣ-ਬਣ ਬਹਿੰਦੀ ਸੀ।
"ਭਲਿਆ ਲੋਕਾ, ਅਜ ਤਾਂ ਮੈਂ ਆਪ ਵੀ ਕੁਝ ਨਹੀਂ ਖਾਧਾ, ਵਿਚਾਰੀ ਮੈਂ, ਘਰ 'ਚ ਹੈ ਈ ਕੁਝ ਕੁਰਲਾਣ ਲਗੀ ।
"ਠੀਕ ਏ, ਜੇ ਤੇਰੇ ਕੋਲ ਕੁਝ ਨਹੀਂ, ਤਾਂ ਕੁਝ ਨਹੀਂ," ਫ਼ੌਜੀ ਨੇ ਆਖਿਆ। ਫੇਰ ਬੈਂਚ ਥੱਲੇ ਪਿਆ ਹੱਥੀਉਂ ਬਿਨਾਂ ਇਕ ਕੁਹਾੜਾ ਵੇਖ ਉਹ ਕਹਿਣ ਲਗਾ: "ਜੇ ਕੋਈ ਹੋਰ ਚੀਜ਼ ਨਹੀਂ ਹੈਗੀ, ਤਾਂ ਅਸੀਂ ਓਸ ਕੁਹਾੜੇ ਦਾ ਦਲੀਆ ਬਣਾ ਲੈਣੇ ਆਂ।"
ਬੁੱਢੀ ਨੇ ਹੈਰਾਨੀ ਨਾਲ ਦੋਵੇਂ ਹਥ ਉਲਾਰ ਲਏ।
"ਕੁਹਾੜੇ ਦਾ ਦਲੀਆ? ਕਦੀ ਸੁਣਿਆ ਨਹੀਂ ਕਿਸੇ!
"ਮੈਂ ਤੈਨੂੰ ਬਣਾ ਕੇ ਵਿਖਾਨਾਂ। ਬਸ ਮੈਨੂੰ ਇਕ ਤਾਂਬੀਆ ਦੇ ਦੇ।
ਬੁੱਢੀ ਤਾਂਬੀਆ ਲੈ ਆਈ, ਤੇ ਫ਼ੌਜੀ ਨੇ ਕੁਹਾੜੇ ਨੂੰ ਧੋਤਾ, ਉਹਨੂੰ ਤਾਂਬੀਏ ਵਿਚ ਰਖਿਆ, ਤੇ ਤਾਂਬੀਏ ਨੂੰ ਪਾਣੀ ਨਾਲ ਭਰ ਕੇ ਚੁਲ੍ਹੇ ਉਤੇ ਚੜ੍ਹਾ ਦਿਤਾ।
ਬੁੱਢੀ ਨੇ ਫ਼ੌਜੀ ਉਤੇ ਟਕ ਲਾਈ ਰਖੀ, ਆਪਣੀ ਨਜ਼ਰ ਉਹਦੇ ਉਤੋਂ ਏਧਰ-ਓਧਰ ਨਾ ਹੋਣ ਦਿੱਤੀ। ਫ਼ੌਜੀ ਨੇ ਇਕ ਕੜਛੀ ਕੱਢੀ ਤੇ ਪਾਣੀ ਨੂੰ ਹਿਲਾਇਆ ਤੇ ਫੇਰ ਉਹਨੂੰ ਚਖਿਆ।
"ਤਿਆਰ ਹੋ ਚਲਿਐ ਬਸ," ਉਹਨੇ ਆਖਿਆ। "ਜੇ ਰਤਾ ਕੁ ਲੂਣ ਲਭ ਪਏ ਨਾ।
"ਹਾਂ, ਲੂਣ ਮੇਰੇ ਕੋਲ ਹੈਗਾ। ਐਹ ਵੇ ਖਾਂ, ਪਾ ਲੈ।"
ਫ਼ੌਜੀ ਨੇ ਪਾਣੀ ਵਿਚ ਕੁਝ ਲੂਣ ਪਇਆ ਤੇ ਇਕ ਵਾਰੀ ਫੇਰ ਚਖਿਆ।
"ਜੇ ਕਦੀ ਮੁਠ ਕੇ ਦਾਣੇ ਪਾ ਸਕਦੇ ਨਾ," ਉਹਨੇ ਆਖਿਆ।
ਬੁੱਢੀ ਰਸਦ ਵਾਲੀ ਥਾਂ ਤੋਂ ਦਾਣਿਆਂ ਦੀ ਇਕ ਗੁੱਥੀ ਚੁਕ ਲਿਆਈ।
"ਐਹ ਲੈ, ਜਿੰਨੀ ਮਰਜ਼ੀ ਆ ਪਾ ਲੈ," ਬੁੱਢੀ ਨੇ ਕਿਹਾ।
ਫ਼ੌਜੀ ਨੇ ਚਾੜ੍ਹਨ ਤੇ ਚਾੜ੍ਹੇ ਨੂੰ ਹਿਲਾਣ ਤੇ ਕਦੀ-ਕਦੀ ਚੱਖਣ ਦਾ ਕੰਮ ਜਾਰੀ ਰਖਿਆ। ਤੇ ਬੁੱੱਢੀ ਵੇਖਦੀ ਰਹੀ ਤੇ ਉਹਦੇ ਕੋਲੋਂ ਧਿਆਨ ਹੋਰ ਪਾਸੇ ਕੀਤਾ ਹੀ ਨਹੀਂ ਸੀ ਜਾ ਰਿਹਾ।
"ਵਾਹ, ਕਿੰਨਾ ਸੁਆਦਲਾ ਦਲੀਆ ਬਣਿਐ," ਦਲੀਏ ਦੀਆਂ ਸਿਫ਼ਤਾਂ ਕਰਦਿਆਂ, ਫ਼ੌਜੀ ਨੇ ਕਿਹਾ। "ਜੇ ਰਤਾ ਜਿਹਾ ਮੱਖਣ ਪੈ ਜਾਏ, ਤਾਂ ਏਸ ਤੋਂ ਸੁਆਦੀ ਚੀਜ਼ ਕਦੀ ਕੋਈ ਬਣੀ ਨਹੀਂ ਹੋਣੀ।
ਬੁੱਢੀ ਨੇ ਕੁਝ ਮੱਖਣ ਵੀ ਲਭ ਲਿਆਂਦਾ, ਤੇ ਉਹਨਾਂ ਦਲੀਏ ਵਿਚ ਪਾ ਦਿਤਾ।
"ਤੇ ਹੁਣ, ਮਾਲਕਨੇਂ, ਚਮਚਾ ਲੈ ਆ, ਤੇ ਆ ਜਾ ਖਾਈਏ!" ਫ਼ੌਜੀ ਨੇ ਆਖਿਆ।
ਉਹ ਦਲੀਆ ਖਾਂਦੇ ਜਾਣ ਤੇ ਉਹਦੀਆਂ ਸਿਫ਼ਤਾਂ ਕਰਦੇ ਜਾਣ।
"ਮੈਨੂੰ ਨਹੀਂ ਸੀ ਖ਼ਿਆਲ, ਕੁਹਾੜੇ ਦਾ ਦਲੀਆ ਵੀ ਏਨਾ ਸੁਆਦੀ ਬਣਦੈ।" ਬੁੱਢੀ ਨੇ ਦੰਗ ਹੁੰਦਿਆਂ ਆਖਿਆ।
ਤੇ ਫ਼ੌਜੀ ਖਾਂਦਾ ਰਿਹਾ ਤੇ ਅੰਦਰ ਹੀ ਅੰਦਰ ਹਸਦਾ ਰਿਹਾ।

 
 

To read Punjabi text you must have Unicode fonts. Contact Us

Sochpunjabi.com