ਖੁਦਾ ਕੀ ਕਸਮ ਸਆਦਤ ਹਸਨ ਮੰਟੋ
ਉਧਰੋਂ ਮੁਸਲਮਾਨ ਅਤੇ ਇੱਧਰੋਂ ਹਿੰਦੂ ਅਜੇ
ਤੱਕ ਆ-ਜਾ ਰਹੇ ਸਨ। ਕੈਂਪਾਂ ਦੇ ਕੈਂਪ ਭਰੇ ਪਏ
ਸਨ ਜਿਨ੍ਹਾਂ ਵਿਚ ਕਹਾਵਤ ਅਨੁਸਾਰ ਤਿਲ ਧਰਨ
ਲਈ ਸੱਚ-ਮੁੱਚ ਕੋਈ ਥਾਂ ਨਹੀ ਸੀ। ਇਸ ਦੇ
ਬਾਵਜੂਦ ਉਹ ਉਨ੍ਹਾਂ ਵਿਚ ਥੁੰਨੇ ਜਾ ਰਹੇ ਸਨ, ਲੋੜੀਂਦਾ
ਅਨਾਜ ਹੈ ਨੀ, ਸਿਹਤ ਦੀ ਸਾਂਭ-ਸੰਭਾਲ
ਦਾ ਕੋਈ ਪ੍ਰਬੰਧ ਨੀ, ਬਿਮਾਰੀਆਂ ਫੈਲ ਰਹੀਆਂ
ਨੇ, ਇਹਦੀ ਹੋਸ਼ ਕਿਸ ਨੂੰ ਸੀ, ਹਫੜਾ ਦਫੜੀ ਤਾਂ
ਮੱਚੀ ਹੋਈ ਸੀ।
ਸੰਨ ਅਠਤਾਲੀ ਚੜ੍ਹ ਚੁੱਕਿਆ ਸੀ ਤੇ ਸ਼ਾਇਦ
ਮਾਰਚ ਦਾ ਮਹੀਨਾ।
ਇਧਰ ਅਤੇ ਉਧਰ
ਦੋਨੋਂ ਪਾਸੇ ਰਜ਼ਾਕਾਰਾਂ
ਰਾਹੀਂ ਉਧਾਲੀਆਂ
ਹੋਈਆਂ ਤੀਵੀਆਂ ਅਤੇ
ਬੱਚਿਆਂ ਨੂੰ ਲੈ ਜਾਣ
ਦਾ ਉਮਦਾ ਕੰਮ ਸ਼ੁਰੂ
ਹੋ ਚੁੱਕਿਆ ਸੀ।
ਸੈਂਕੜੇ ਮਰਦ, ਔਰਤਾਂ, ਮੁੰਡੇ ਅਤੇ ਕੁੜੀਆਂ ਇਸ
ਨੇਕ ਕੰਮ ਵਿਚ ਹਿੱਸਾ ਲੈ ਰਹੇ ਸਨ। ਮੈਂ ਜਦੋਂ
ਉਨ੍ਹਾਂ ਨੂੰ ਵਧ-ਚੜ੍ਹ ਕੇ ਇਸ ਕਾਰਜ ਵਿਚ ਜੁਟੇ
ਦੇਖਦਾ ਤਾਂ ਮੈਨੂੰ ਹੈਰਾਨੀ ਭਰੀ ਖੁਸ਼ੀ ਹੁੰਦੀ। ਇਸ
ਵਾਸਤੇ ਕਿ ਇਨਸਾਨ ਆਪ, ਇਨਸਾਨੀ ਬੁਰਾਈਆਂ
ਦੇ ਆਸਾਰ ਮਿਟਾਉਣ ਦੀ ਕੋਸ਼ਿਸ਼ ਵਿਚ ਰੁਝਿਆ
ਹੋਇਆ ਸੀ। ਜੋ ਇੱਜ਼ਤਾਂ ਲੁੱਟੀਆਂ ਜਾ ਚੁੱਕੀਆਂ
ਸਨ, ਉਨ੍ਹਾਂ ਨੂੰ ਹੋਰ ਲੁੱਟ-ਖਸੁੱਟ ਤੋਂ ਬਚਾਉਣਾ
ਚਾਹੁੰਦਾ ਸੀ। ਕਿਸ ਵਾਸਤੇ? ਇਸ ਵਾਸਤੇ ਕਿ
ਉਹਦਾ ਦਾਮਨ ਹੋਰ ਧੱਬਿਆਂ ਅਤੇ ਦਾਗ਼ਾਂ ਨਾਲ
ਲਥਪਥ ਨਾ ਹੋ ਜਾਵੇ, ਇਸ ਵਾਸਤੇ ਕਿ ਉਹ
ਛੇਤੀ-ਛੇਤੀ ਲਹੂ ਨਾਲ ਲਿਬੜੀਆਂ ਉਂਗਲੀਆਂ
ਚੱਟ ਲਵੇ, ਇਸ ਵਾਸਤੇ ਕਿ ਉਹ ਇਨਸਾਨੀਅਤ
ਦਾ ਸੂਈ-ਧਾਗਾ ਲੈ ਕੇ ਇੱਜ਼ਤਾਂ ਦੇ ਪਾਟੇ ਹੋਏ
ਦਾਮਨ ਰਫੂ ਕਰ ਦੇਵੇ। ਕੁਝ ਸਮਝ ਵਿਚ ਨਹੀਂ
ਸੀ ਆਉਂਦਾ, ਪਰ ਉਨ੍ਹਾਂ ਰਜ਼ਾਕਾਰਾਂ ਦਾ ਸੰਘਰਸ਼
ਫਿਰ ਵੀ ਤਾਰੀਫਯੋਗ ਜਾਪਦਾ ਸੀ।
ਉਨ੍ਹਾਂ ਨੂੰ ਸੈਂਕੜੇ ਔਕੜਾਂ ਦਾ ਸਾਹਮਣਾ
ਕਰਨਾ ਪੈਂਦਾ ਸੀ; ਹਜ਼ਾਰਾਂ ਬਖੇੜੇ ਸਨ, ਜੋ ਉਨ੍ਹਾਂ
ਨੂੰ ਝੱਲਣੇ ਪੈਂਦੇ ਸਨ, ਕਿਉਂਕਿ ਜਿਨ੍ਹਾਂ ਨੇ ਔਰਤਾਂ
ਅਤੇ ਲੜਕੀਆਂ ਚੁੱਕੀਆਂ ਸਨ, ਉਹ ਇਕ ਥਾਂ
ਨਹੀਂ ਸੀ ਠਹਿਰਦੇ। ਅੱਜ ਇਥੇ, ਕੱਲ੍ਹ ਉਥੇ। ਹੁਣ
ਇਸ ਮੁਹੱਲੇ ਵਿਚ, ਫਿਰ ਉਸ ਮੁਹੱਲੇ ਵਿਚ ਅਤੇ
ਫਿਰ ਲਾਗੇ ਰਹਿਣ ਵਾਲੇ ਲੋਕ ਵੀ ਉਨ੍ਹਾਂ ਦੀ ਮੱਦਦ
ਨਹੀਂ ਸਨ ਕਰਦੇ।
ਅਜੀਬ-ਅਜੀਬ ਕਹਾਣੀਆਂ ਵੀ ਸੁਣਨ
ਵਿਚ ਆਉਂਦੀਆਂ ਸਨ।
ਇਕ ਲਿਆਜ਼ਾਂ ਅਫਸਰ ਨੇ ਮੈਨੂੰ ਦੱਸਿਆ
ਕਿ ਸਹਾਰਨਪੁਰ ਵਿਚ ਦੋ ਕੁੜੀਆਂ ਨੇ ਪਾਕਿਸਤਾਨ
ਵਿਚ ਆਪਣੇ ਮਾਪਿਆਂ ਕੋਲ ਜਾਣ ਤੋਂ ਇਨਕਾਰ
ਕਰ ਦਿੱਤਾ। ਦੂਜੇ ਨੇ ਗੱਲ ਸੁਣਾਈ ਕਿ ਜਦੋਂ
ਜਲੰਧਰ ਵਿਚ ਇਕ ਕੁੜੀ ਨੂੰ ਜ਼ਬਰਦਸਤੀ ਕੱਢਿਆ
ਗਿਆ ਤਾਂ ਕਬਜ਼ਾ ਕਰੀ ਬੈਠੇ ਬੰਦੇ ਦੇ ਸਾਰੇ
ਖ਼ਾਨਦਾਨ ਨੇ ਉਹਨੂੰ ਇਉਂ ਵਿਦਾ ਕੀਤਾ ਜਿਵੇਂ
ਉਹ ਉਨ੍ਹਾਂ ਦੀ ਬਹੂ ਹੋਵੇ ਤੇ ਕਿਸੇ ਦੂਰ-ਦੁਰਾਡੇ
ਸਫਰ 'ਤੇ ਜਾ ਰਹੀ ਹੋਵੇ; ਕਈ ਕੁੜੀਆਂ ਨੇ
ਮਾਪਿਆਂ ਦੇ ਡਰ ਕਰਕੇ ਰਾਹ ਵਿਚ ਹੀ ਖੁਦਕੁਸ਼ੀ
ਕਰ ਲਈ। ਕਈ ਸਦਮੇ ਨਾਲ ਪਾਗਲ ਹੋ ਗਈਆਂ।
ਕੁਝ ਅਜਿਹੀਆਂ ਵੀ ਸਨ ਜਿਨ੍ਹਾਂ ਨੂੰ ਸ਼ਰਾਬ ਪੀਣ
ਦੀ ਆਦਤ ਪੈ ਗਈ। ਉਨ੍ਹਾਂ ਨੂੰ ਤਿਹਾ ਲਗਦੀ ਤਾਂ
ਪਾਣੀ ਦੀ ਬਜਾਏ ਸ਼ਰਾਬ ਮੰਗਦੀਆਂ ਅਤੇ ਨੰਗੀਆਂ
ਗਾਲਾਂ ਬਕਦੀਆਂ।
ਮੈਂ ਉਨ੍ਹਾਂ ਬਰਾਮਦ ਕੀਤੀਆਂ ਕੁੜੀਆਂ ਅਤੇ
ਤੀਵੀਆਂ ਬਾਰੇ ਸੋਚਦਾ ਤਾਂ ਮੇਰੀਆਂ ਅੱਖਾਂ
ਸਾਹਮਣੇ ਕੇਵਲ ਫੁੱਲੇ ਹੋਏ ਢਿੱਡ ਉਭਰਨ
ਲੱਗਦੇ। ਇਨ੍ਹਾਂ ਢਿੱਡਾਂ ਦਾ ਕੀ ਹੋਊ? ਇਨ੍ਹਾਂ ਵਿਚ
ਜੋ ਕੁਝ ਭਰਿਆ ਹੋਇਆ, ਉਹਦਾ ਮਾਲਿਕ ਕੌਣ
ਹੈ, ਪਾਕਿਸਤਾਨ ਜਾਂ ਹਿੰਦੁਸਤਾਨ?
...ਅਤੇ ਉਹ ਨੌਂ ਮਹੀਨਿਆਂ ਦਾ ਭਾਰ
ਢੋਣਾ...ਇਸ ਦੀ ਉਜਰਤ ਪਾਕਿਸਤਾਨ ਅਦਾ ਕਰੂ
ਜਾਂ ਹਿੰਦੁਸਤਾਨ? ਕੀ ਇਹ ਸਭ ਕੁਝ ਜ਼ਾਲਿਮ
ਫਿਤਰਤ ਦੇ ਵਹੀ ਖਾਤੇ ਵਿਚ ਦਰਜ ਹੋਵੇਗਾ? ਕੀ
ਵਹੀ ਖਾਤੇ ਦਾ ਕੋਈ ਸਫਾ ਖਾਲੀ ਰਹਿ ਰਿਹਾ ਹੈ?
ਬਰਾਮਦ ਹੋਈਆਂ ਤੀਵੀਆਂ ਆ ਰਹੀਆਂ
ਸਨ-ਬਰਾਮਦ ਹੋਈਆਂ ਤੀਵੀਆਂ ਜਾ ਰਹੀਆਂ ਸਨ।
ਮੈਂ ਸੋਚਦਾ ਕਿ ਇਨ੍ਹਾਂ ਤੀਵੀਆਂ ਨੂੰ
'ਉਧਾਲੀਆਂ' ਕਿਉਂ ਕਿਹਾ ਜਾਂਦਾ ਹੈ-ਇਨ੍ਹਾਂ ਨੂੰ
ਉਧਾਲਿਆ ਕਦੋਂ ਗਿਆ ਹੈ?
ਉਧਾਲਾ ਤਾਂ ਬੜਾ ਰੁਮਾਂਟਿਕ ਅਮਲ ਹੈ
ਜਿਸ ਵਿਚ ਮਰਦ ਅਤੇ ਔਰਤ ਦੋਵੇਂ ਸ਼ਰੀਕ ਹੁੰਦੇ
ਨੇ। ਉਧਾਲਾ ਤਾਂ ਅਜਿਹੀ ਖਾਈ ਹੈ ਜਿਸ ਨੂੰ ਟੱਪਣ
ਤੋਂ ਪਹਿਲਾਂ ਦੋਵਾਂ ਰੂਹਾਂ ਦੇ ਸਾਰੇ ਤਾਰ ਛਣਛਣਾ
ਉਠਦੇ ਨੇ, ਪਰ ਇਹ ਕਿਹੋ ਜਿਹਾ ਉਧਾਲਾ ਹੈ ਕਿ
ਕਿਸੇ ਨਿਹੱਥੀ ਨੂੰ ਫੜ ਕੇ ਕੋਠੜੀ ਵਿਚ ਕੈਦ ਕਰ
ਲਿਆ। ਉਹ ਜ਼ਮਾਨਾ ਹੀ ਅਜਿਹਾ ਸੀ ਕਿ ਦਰਸ਼ਨ,
ਦਲੀਲ ਅਤੇ ਫਲਸਫ਼ਾ ਸਭਾ ਬੇਕਾਰ ਚੀਜ਼ਾਂ ਸਨ।
ਉਨ੍ਹੀਂ ਦਿਨੀਂ ਜਿਸ ਤਰ੍ਹਾਂ ਲੋਕ ਗਰਮੀਆਂ ਵਿਚ ਵੀ
ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰਕੇ ਸੌਂਦੇ ਸਨ,
ਉਸੇ ਤਰ੍ਹਾਂ ਮੈਂ ਆਪਣੇ ਦਿਲ ਤੇ ਦਿਮਾਗ਼ ਦੀਆਂ
ਸਭ ਖਿੜਕੀਆਂ ਅਤੇ ਦਰਵਾਜ਼ੇ ਬੰਦ ਕਰ ਲਏ
ਸਨ, ਹਾਲਾਂਕਿ ਉਨ੍ਹਾਂ ਨੂੰ ਖੁੱਲ੍ਹਾ ਰੱਖਣ ਦੀ ਜ਼ਿਆਦਾ
ਜ਼ਰੂਰਤ ਉਸੇ ਵੇਲੇ ਸੀ; ਪਰ ਮੈਂ ਕੀ ਕਰਦਾ,
ਮੈਨੂੰ ਕੁਝ ਸੁੱਝਦਾ ਹੀ ਨਹੀਂ ਸੀ।
ਬਰਾਮਦ ਹੋਈਆਂ ਔਰਤਾਂ ਆ ਰਹੀਆਂ
ਸਨ-ਬਰਾਮਦ ਹੋਈਆਂ ਔਰਤਾਂ ਜਾ ਰਹੀਆਂ ਸਨ।
ਇਹ ਦਰਾਮਦ ਅਤੇ ਬਰਾਮਦ ਜਾਰੀ ਸੀ,
ਸਮੁੱਚੇ ਵਪਾਰਕ ਲੱਛਣਾਂ ਨਾਲ। ਪੱਤਰਕਾਰ,
ਕਹਾਣੀਕਾਰ ਅਤੇ ਕਵੀ ਆਪਣੀਆਂ ਕਲਮਾਂ ਚੁੱਕੀ
ਸ਼ਿਕਾਰ ਵਿਚ ਰੁੱਝੇ ਹੋਏ ਸਨ। ਖ਼ਬਰਾਂ, ਕਹਾਣੀਆਂ
ਅਤੇ ਨਜ਼ਮਾਂ ਦਾ ਹੜ੍ਹ ਸੀ ਕਿ ਹੱਦਾਂ ਬੰਨ੍ਹੇ ਟੱਪਦਾ
ਚਲਿਆ ਜਾ ਰਿਹਾ ਸੀ। ਕਲਮਾਂ ਦੇ ਕਦਮ ਉਖੜ
ਉਖੜ ਜਾਂਦੇ, ਉਹ ਐਨੇ ਜਕੜੇ ਹੋਏ ਸਨ ਕਿ
ਸਭ ਭਮੱਤਰ ਗਏ।
ਇਕ ਲਿਆਜ਼ਾ ਅਫਸਰ ਮੈਨੂੰ ਮਿਲਿਆ
ਅਤੇ ਕਹਿਣ ਲੱਗਾ, 'ਤੁਸੀਂ ਗੁੰਮਸੁੰਮ ਕਿਉਂ
ਰਹਿੰਦੇ ਓ?'
ਮੈਂ ਕੋਈ ਜਵਾਬ ਨਾ ਦਿੱਤਾ।
ਉਹਨੇ ਮੈਨੂੰ ਇਕ ਦਾਸਤਾਨ ਸੁਣਾਈ:
ਉਧਾਲੀਆਂ ਹੋਈਆਂ ਔਰਤਾਂ ਦੀ ਖੋਜ ਵਿਚ ਅਸੀਂ
ਮਾਰੇ-ਮਾਰੇ ਫਿਰਦੇ ਆਂ। ਇਕ ਸ਼ਹਿਰੋਂ ਦੂਜੇ
ਸ਼ਹਿਰ, ਇਕ ਪਿੰਡ ਤੋਂ ਦੂਜੇ ਪਿੰਡ, ਫਿਰ ਤੀਜੇ
ਪਿੰਡ, ਫਿਰ ਚੌਥੇ। ਗਲੀ-ਗਲੀ, ਮੁਹੱਲੇ-ਮੁਹੱਲੇ,
ਕੂਚੇ-ਕੂਚੇ। ਬੜੀਆਂ ਮੁਸ਼ਕਲਾਂ ਨਾਲ ਉਹ ਮੋਤੀ
ਹੱਥ ਆਉਂਦੈ ਜਿਸ ਨੂੰ ਅਸੀਂ ਭਾਲਦੇ ਹੁੰਨੇ ਆਂ।
ਤੂੰ ਨਹੀਂ ਜਾਣਦਾ, ਸਾਨੂੰ ਕਿੰਨੀਆਂ ਦਿੱਕਤਾਂ
ਦਾ ਸਾਹਮਣਾ ਕਰਨਾ ਪੈਂਦੈ...ਖੈਰ, ਮੈਂ ਤੈਨੂੰ ਇਕ
ਗੱਲ ਦੱਸਣ ਲੱਗਾ ਸੀ-ਅਸੀਂ ਬਾਰਡਰ ਦੇ ਉਸ
ਪਾਰ ਸੈਂਕੜੇ ਫੇਰੇ ਮਾਰ ਚੁੱਕੇ ਆਂ। ਅਜੀਬ ਬਾਤ
ਹੈ ਕਿ ਮੈਂ ਹਰ ਫੇਰੇ ਵਿਚ ਇਕ ਬੁੱਢੀ ਨੂੰ ਦੇਖਿਆ।
ਇਕ ਮੁਸਲਮਾਨ ਬੁੱਢੀ ਨੂੰ...ਅਧੇੜ ਉਮਰ ਦੀ
ਮੁਸਲਮਾਨ ਬੁੱਢੀ...।
ਪਹਿਲੀ ਵੇਰਾਂ ਮੈਂ ਉਹਨੂੰ ਜਲੰਧਰ ਦੀਆਂ
ਬਸਤੀਆਂ 'ਚ ਦੇਖਿਆ। ਬੁਰਾ ਹਾਲ, ਹਿੱਲਿਆ
ਹੋਇਆ ਦਿਮਾਗ, ਵੀਰਾਨ-ਵੀਰਾਨ ਅੱਖਾਂ,
ਗਰਦ ਨਾਲ ਅੱਟੇ ਹੋਏ ਵਾਲ, ਪਾਟੇ ਪੁਰਾਣੇ
ਕੱਪੜੇ, ਨਾ ਤਨ ਦਾ ਹੋਸ਼ ਨਾ ਮਨ ਦਾ; ਪਰ
ਉਹਦੀਆਂ ਨਿਗਾਹਾਂ ਤੋਂ ਸਾਫ਼ ਜ਼ਾਹਿਰ ਸੀ ਕਿ
ਉਹ ਕਿਸੇ ਨੂੰ ਲੱਭ ਰਹੀ ਐ।
ਮੈਨੂੰ 'ਸ' ਭੈਣ ਨੇ ਦੱਸਿਆ ਕਿ ਉਹ ਔਰਤ
ਸਦਮੇ ਦੀ ਮਾਰੀ ਪਾਗਲ ਹੋ ਗਈ ਹੈ...ਪਟਿਆਲੇ
ਦੀ ਰਹਿਣ ਵਾਲੀ ਐ..ਆਪਣੀ ਇਕਲੌਤੀ ਧੀ ਤੋਂ
ਵਿਛੜ ਗਈ ਹੈ...ਅਸੀ ਬੜੇ ਯਤਨ ਕੀਤੇ। ਉਹਦੀ
ਲੜਕੀ ਨੂੰ ਲੱਭਣ ਦੇ, ਪਰ ਅਸਫਲ ਰਹੇ...ਲੱਗਦੈ,
ਹੱਲਿਆਂ 'ਚ ਮਾਰੀ ਗਈ, ਪਰ ਬੁੱਢੀ ਨਹੀਂ ਮੰਨਦੀ।
ਦੂਜੀ ਵੇਰਾਂ ਮੈਂ ਉਸ ਪਾਗਲ ਬੁੱਢੀ ਨੂੰ
ਸਹਾਰਨਪੁਰ ਦੇ ਲਾਰੀਆਂ ਦੇ ਅੱਡੇ ਉਤੇ ਦੇਖਿਆ।
ਉਸ ਦੀ ਹਾਲਤ ਪਹਿਲਾਂ ਤੋਂ ਵੀ ਭੈੜੀ ਅਤੇ ਖਸਤਾ
ਸੀ। ਉਹਦਿਆਂ ਬੁੱਲ੍ਹਾਂ ਉਤੇ ਪੇਪੜੀਆਂ ਜੰਮੀਆਂ
ਹੋਈਆਂ ਸਨ। ਵਾਲ ਸਾਧਾਂ ਦੀਆਂ ਜਟਾਂ ਵਰਗੇ ਹੋ
ਗਏ ਸਨ।
ਮੈਂ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼
ਕੀਤੀ ਅਤੇ ਚਾਹਿਆ ਕਿ ਉਹ ਆਪਣਾ ਭਰਮ
ਛੱਡੇ ਅਤੇ ਲੱਭਣਾ ਬੰਦ ਕਰੇ। ਮੈਂ ਇਸ ਗਰਜ਼
ਨਾਲ ਬੜਾ ਪੱਥਰ ਦਿਲ ਬਣ ਕੇ ਉਹਨੂੰ ਕਿਹਾ:
'ਮਾਈ ਤੇਰੀ ਲੜਕੀ ਕਤਲ ਕਰ ਦਿੱਤੀ ਗਈ
ਸੀ...।'
ਪਗਲੀ ਨੇ ਮੇਰੀ ਵੱਲ ਦੇਖਿਆ- ਕਤਲ
...? ਨਹੀਂ...ਉਹਦੇ ਲਹਿਜ਼ੇ ਵਿਚ ਫੌਲਾਦੀ ਯਕੀਨ
ਪੈਦਾ ਹੋ ਗਿਆ; ਉਹਨੂੰ ਕੋਈ ਕਤਲ ਨਹੀਂ ਕਰ
ਸਕਦਾ...ਮੇਰੀ ਬੇਟੀ ਨੂੰ ਕੋਈ ਕਤਲ ਨਹੀਂ ਕਰ
ਸਕਦਾ...ਅਤੇ ਉਹ ਚਲੀ ਗਈ। ਭਰਮੀਂ ਪਏ
ਚਿੱਤ ਨਾਲ, ਆਪਣੀ ਧੀ ਦੀ ਤਲਾਸ਼ ਵਿਚ।
ਮੈਂ ਸੋਚਿਆ: 'ਨਿਰੰਤਰ ਅਤੇ ਵਹਿਮੀ
ਭਾਲ਼..।'
ਪਰ ਪਗਲੀ ਨੂੰ ਕਿਉਂ ਇੰਨਾ ਯਕੀਨ ਸੀ
ਕਿ ਉਹਦੀ ਬੇਟੀ ਉਤੇ ਕੋਈ ਕਿਰਪਾਨ ਨਹੀਂ ਉਠ
ਸਕਦੀ। ਕੋਈ ਤੇਜ਼ ਧਾਰ ਵਾਲਾ ਜਾਂ ਖੁੰਢਾ ਛੁਰਾ
ਉਹਦੀ ਗਰਦਨ ਵੱਲ ਨਹੀਂ ਵਧ ਸਕਦਾ? ਮਮਤਾ
ਬਿਆਨੋਂ ਪਰ੍ਹੇ ਯਕੀਨ ਹੁੰਦੀ ਹੈ, ਤਾਂ ਕੀ ਉਹ
ਆਪਣੀ ਮਮਤਾ ਢੂੰਡ ਰਹੀ ਸੀ?
ਤੀਜੇ ਫੇਰੇ ਸਮੇਂ ਮੈਂ ਉਹਨੂੰ ਫਿਰ ਦੇਖਿਆ।
ਹੁਣ ਉਹ ਬਿਲਕੁਲ ਚੀਥੜਿਆਂ ਵਿਚ ਸੀ,
ਕਰੀਬ-ਕਰੀਬ ਨੰਗੀ।
ਮੈਂ ਉਹਨੂੰ ਕੱਪੜੇ ਦਿੱਤੇ, ਪਰ ਉਹਨੇ ਕਬੂਲ
ਨਾ ਕੀਤੇ। ਮੈਂ ਉਹਨੂੰ ਆਖਿਆ, 'ਮਾਈ, ਮੈਂ ਸੱਚ
ਕਹਿਨਾਂ, ਤੇਰੀ ਲੜਕੀ ਪਟਿਆਲੇ ਵਿਚ ਹੀ ਕਤਲ
ਕਰ ਦਿੱਤੀ ਗਈ ਸੀ।'
ਉਹਨੇ ਫਿਰ ਉਸੇ ਫੌਲਾਦੀ ਯਕੀਨ ਨਾਲ
ਕਿਹਾ, 'ਤੂੰ ਝੂਠ ਬੋਲਦੈਂ।'
ਮੈਂ ਆਪਣੀ ਗੱਲ ਮਨਵਾਉਣ ਦੀ ਖ਼ਾਤਿਰ
ਕਿਹਾ, 'ਨਹੀਂ, ਮੈਂ ਸੱਚ ਕਹਿਨਾਂ..ਬਥੇਰੀ ਖ਼ਾਕ
ਛਾਣ ਲਈ ਤੈਂ...ਬਥੇਰਾ ਰੋ-ਪਿੱਟ ਲਿਆ...ਚੱਲ
ਮੇਰੇ ਨਾਲ, ਮੈਂ ਤੈਨੂੰ ਪਾਕਿਸਤਾਨ ਲੈ ਚਲੂੰਗਾ।'
ਉਹਨੇ ਜਿਵੇਂ ਮੇਰੀ ਗੱਲ ਨਾ ਸੁਣੀ ਹੋਵੇ
ਅਤੇ ਬੁੜਬੜਾਉਣ ਲੱਗੀ। ਬੁੜਬੜਾਉਂਦਿਆਂ ਉਹ
ਇਕਦਮ ਚੌਂਕੀ। ਹੁਣ ਉਹਦੇ ਲਹਿਜ਼ੇ ਵਿਚ ਫੌਲਾਦ
ਤੋਂ ਵੀ ਠੋਸ ਯਕੀਨ ਸੀ, 'ਨਹੀਂ, ਮੇਰੀ ਬੇਟੀ ਨੂੰ
ਕੋਈ ਕਤਲ ਨਹੀਂ ਕਰ ਸਕਦਾ...।'
ਮੈਂ ਪੁੱਛਿਆ, 'ਕਿਉਂ ਕਤਲ ਨਹੀਂ ਕਰ
ਸਕਦਾ...?'
ਬੁੱਢੀ ਨੇ ਹੌਲੀ-ਹੌਲੀ ਕਿਹਾ, 'ਉਹ
ਖੂਬਸੂਰਤ ਐ, ਐਨੀ ਸੋਹਣੀ ਐਂ ਕਿ ਉਹਨੂੰ
ਕੋਈ ਕਤਲ ਨਹੀਂ ਕਰ ਸਕਦਾ...ਉਹਨੂੰ ਕੋਈ
ਚਪੇੜ ਤੱਕ ਨਹੀਂ ਮਾਰ ਸਕਦਾ...!'
ਮੈਂ ਸੋਚਣ ਲੱਗਿਆ, ਕੀ ਸੱਚੀਂ ਮੁੱਚੀਂ ਉਹ
ਐਨੀ ਸੋਹਣੀ ਸੀ ਕਿ...ਹਰ ਮਾਂ ਦੀਆਂ ਅੱਖਾਂ 'ਚ
ਉਹਦੀ ਔਲਾਦ ਚੰਦੇ-ਆਫ਼ਤਾਬ, ਚੰਦੇ-ਮਾਹਤਾਬ
ਹੁੰਦੀ ਐ...ਮਗਰ ਇਸ ਤੂਫਾਨ ਵਿਚ, ਉਹ ਕਿਹੜੀ
ਖੂਬਸੂਰਤੀ ਹੈ ਜੋ ਇਨਸਾਨ ਦੇ ਖੁਰਦਰੇ ਹੱਥੋਂ
ਬਚੀ ਐ...ਫਿਰ ਵੀ ਹੋ ਸਕਦੈ, ਉਹ ਕੁੜੀ ਸੱਚਮੁੱਚ
ਖੂਬਸੂਰਤ ਹੋਵੇ...ਪਰ ਫਰਾਰ ਦੇ ਲੱਖਾਂ ਰਾਹ
ਨੇ...ਦੁੱਖ ਐਸਾ ਚੌਕ ਹੈ ਜੋ ਆਪਣੇ ਇਰਦਗਿਰਦ
ਲੱਖਾਂ, ਸਗੋਂ ਕਰੋੜਾਂ ਸੜਕਾਂ ਦਾ ਜਾਲ
ਬੁਣ ਦਿੰਦੈ...।'
ਬਾਰਡਰ ਦੇ ਉਸ ਪਾਰ ਕਈ ਫੇਰੇ ਲੱਗੇ
ਅਤੇ ਹਰ ਵਾਰ ਮੈਂ ਉਸ ਪਗਲੀ ਨੂੰ ਦੇਖਿਆਹੁਣ
ਉਹ ਹੱਡੀਆਂ ਦਾ ਢਾਂਚਾ ਰਹਿ ਗਈ ਸੀ;
ਨਿਗਾਹ ਘਟ ਗਈ ਸੀ। ਟੋਹ-ਟੋਹ ਚਲਦੀ ਸੀ;
ਉਹਦੀ ਭਾਲ ਜਾਰੀ ਸੀ। ਬੜੀ ਸ਼ਿੱਦਤ ਨਾਲ। ਉਹਦਾ
ਯਕੀਨ ਉਸੇ ਤਰ੍ਹਾਂ ਪੱਕਾ ਸੀ ਕਿ ਉਹਦੀ ਧੀ
ਜਿਉਂਦੀ ਐ, ਇਸ ਵਾਸਤੇ ਕਿ ਉਹਨੂੰ ਕੋਈ ਮਾਰ
ਨਹੀਂ ਸਕਦਾ।
'ਸ' ਭੈਣ ਨੇ ਮੈਨੂੰ ਕਿਹਾ ਕਿ ਇਸ ਔਰਤ
ਨਾਲ ਮਗਜ਼ਖਪਾਈ ਫਜ਼ੂਲ ਐ...ਇਸ ਦਾ ਦਿਮਾਗ
ਹਿੱਲ ਚੁੱਕਿਐ...ਬਿਹਤਰ ਇਹੀ ਐ ਕਿ ਤੂੰ ਇਹਨੂੰ
ਪਾਕਿਸਤਾਨ ਲੈ ਜਾ ਅਤੇ ਪਾਗਲਖਾਨੇ ਦਾਖਿਲ
ਕਰਾ ਦੇ...
ਮੈਂ ਮੁਨਾਸਿਬ ਨਾ ਸਮਝਿਆ। ਮੈਂ ਉਹਦੀ
ਵਹਿਮੀ ਭਾਲ ਜੋ ਉਸ ਦੀ ਜ਼ਿੰਦਗੀ ਦਾ ਹਕੀਕੀ
ਸਹਾਰਾ ਸੀ, ਉਸ ਤੋਂ ਖੋਹਣਾ ਨਹੀਂ ਸੀ ਚਾਹੁੰਦਾ।
ਮੈਂ ਉਸ ਨੂੰ ਵਿਸ਼ਾਲ ਅਤੇ ਲੰਬੇ ਚੌੜੇ ਪਾਗਲਖ਼ਾਨੇ
'ਚੋਂ ਜਿਸ ਵਿਚ ਉਹ ਮੀਲਾਂ ਦਾ ਫਾਸਲਾ ਤੈਅ
ਕਰਕੇ ਆਪਣੇ ਪੈਰਾਂ ਦੇ ਛਾਲਿਆਂ ਦੀ ਤੇਹ ਬੁਝਾ
ਸਕਦੀ ਸੀ, ਉਠਾ ਕੇ ਨਿੱਕੀ ਜਿਹੀ ਚਾਰਦੀਵਾਰੀ
ਵਿਚ ਕੈਦ ਕਰਾਉਣਾ ਨਹੀਂ ਚਾਹੁੰਦਾ ਸੀ।
ਆਖਰੀ ਵਾਰ ਮੈਂ ਉਹਨੂੰ ਅੰਮ੍ਰਿਤਸਰ ਵਿਚ
ਦੇਖਿਆ। ਉਹਦੀ ਹਾਰੀ ਹੋਈ ਦੇਹ ਦਾ ਇਹ ਹਾਲ
ਸੀ ਕਿ ਮੇਰੀਆਂ ਅੱਖਾਂ ਵਿਚ ਹੰਝੂ ਆ ਗਏ ਅਤੇ
ਮੈਂ ਫੈਸਲਾ ਕਰ ਲਿਆ ਕਿ ਉਹ ਨੂੰ ਪਾਕਿਸਤਾਨ
ਲੈ ਜਾਊਂਗਾ ਅਤੇ ਪਾਗਲਖਾਨੇ ਦਾਖ਼ਲ ਕਰਾ
ਦਊਂਗਾ।
ਉਹ ਫਰੀਦ ਦੇ ਚੌਕ ਵਿਚ ਖੜ੍ਹੀ ਆਪਣੀਆਂ
ਨੀਮ ਅੰਨ੍ਹੀਆਂ ਅੱਖਾਂ ਨਾਲ ਇਧਰ-ਉਧਰ ਦੇਖ
ਰਹੀ ਸੀ।
ਮੈਂ 'ਸ' ਭੈਣ ਨਾਲ ਇਕ ਦੁਕਾਨ 'ਤੇ ਬੈਠਾ
ਕਿਸੇ ਉਧਾਲੀ ਹੋਈ ਲੜਕੀ ਬਾਬਤ ਗੱਲ ਕਰ
ਰਿਹਾ ਸੀ, ਜਿਸ ਬਾਰੇ ਸਾਨੂੰ ਇਤਲਾਹ ਮਿਲੀ ਸੀ
ਕਿ ਉਹ ਸਾਬਣ ਬਾਜ਼ਾਰ ਵਿਚ ਕਿਸੇ ਹਿੰਦੂ ਬਾਣੀਏ
ਦੇ ਘਰ ਬੈਠੀ ਹੈ। ਗੱਲਬਾਤ ਮੁੱਕੀ ਤਾਂ ਮੈਂ ਉਠਿਆ
ਕਿ ਉਸ ਪਗਲੀ ਨੂੰ ਝੂਠ-ਸੱਚ ਕਹਿ ਕੇ ਉਹਨੂੰ
ਪਾਕਿਸਤਾਨ ਜਾਣ ਲਈ ਰਾਜ਼ੀ ਕਰਾਂ ਕਿ ਇਕ
ਜੋੜਾ ਉਧਰੋਂ ਲੰਘਿਆ।
ਤੀਵੀਂ ਨੇ ਘੁੰਡ ਕੱਢਿਆ ਹੋਇਆ ਸੀ, ਛੋਟਾ
ਜਿਹਾ ਘੁੰਡ। ਉਹਦੇ ਨਾਲ ਕੋਈ ਸਿੱਖ ਗੱਭਰੂ
ਸੀ। ਬੜਾ ਛੈਲ-ਬਾਂਕਾ, ਬੜਾ ਨਰੋਆ, ਤਿੱਖੇ ਨੈਣ
ਨਕਸ਼ਾਂ ਵਾਲਾ।
ਜਦੋਂ ਉਹ ਦੋਵੇਂ ਉਸ ਪਗਲੀ ਦੇ ਕੋਲ ਦੀ
ਲੰਘੇ ਤਾਂ ਗੱਭਰੂ ਇਕਦਮ ਠਠੰਬਰ ਗਿਆ। ਉਹਨੇ
ਦੋ ਹੱਥ ਪਿੱਛੇ ਹਟ ਕੇ ਤੀਵੀਂ ਦਾ ਹੱਥ ਫੜਿਆ,
ਕੁਝ ਇੰਨੇ ਅਚਾਨਕ ਢੰਗ ਨਾਲ ਕਿ ਤੀਵੀਂ ਨੇ
ਆਪਣਾ ਛੋਟਾ ਜਿਹਾ ਘੁੰਡ ਚੁੱਕਿਆ-ਲੱਠੇ ਦੀ
ਧੋਤੀ ਹੋਈ ਚਿੱਟੀ ਚਾਦਰ ਦੇ ਘੇਰੇ 'ਚ ਮੈਨੂੰ ਕੁੜੀ
ਦਾ ਅਜਿਹਾ ਗੁਲਾਬੀ ਚਿਹਰਾ ਦਿਖਾਈ ਦਿੱਤਾ ਜਿਸ
ਦਾ ਹੁਸਨ ਬਿਆਨ ਨਹੀਂ ਕੀਤਾ ਜਾ ਸਕਦਾ।
ਮੈਂ ਉਨ੍ਹਾਂ ਦੇ ਐਨ ਕੋਲ ਖੜ੍ਹਾ ਸੀ।
ਸਿੱਖ ਗੱਭਰੂ ਨੇ ਉਸ ਰੂਪ ਦੀ ਰਾਣੀ ਨੂੰ
ਉਸ ਪਗਲੀ ਵੱਲ ਇਸ਼ਾਰਾ ਕਰਦਿਆਂ ਹੌਲੀ ਜਿਹੇ
ਆਖਿਆ, 'ਤੇਰੀ ਮਾਂ...।'
ਗੁਲਾਬੀ ਚਿਹਰੇ ਵਾਲੀ ਕੁੜੀ ਨੇ ਇਕ ਪਲ
ਲਈ ਦੇਖਿਆ ਅਤੇ ਘੁੰਡ ਛੱਡ ਦਿੱਤਾ ਅਤੇ ਫਿਰ
ਸਿੱਖ ਗੱਭਰੂ ਦੀ ਬਾਂਹ ਫੜ ਕੇ ਮਲਕੜੇ ਆਖਿਆ,
'ਚਲੋ!' ਤੇ ਉਹ ਦੋਵੇਂ ਸੜਕ ਤੋਂ ਰਤਾ ਪਰ੍ਹਾਂ ਹਟ
ਕੇ ਫੁਰਤੀ ਨਾਲ ਅਗਾਂਹ ਨਿਕਲ ਗਏ। ਪਗਲੀ
ਚੀਕੀ, 'ਭਾਗ ਭਰੀ...ਭਾਗ ਭਰੀ!'
ਉਹ ਬੜੀ ਬੇਚੈਨ ਸੀ।
ਮੈਂ ਹੋਰ ਲਾਗੇ ਹੋ ਪੁੱਛਿਆ, 'ਕੀ ਗੱਲ ਐ
ਮਾਈ?'
ਉਹ ਕੰਬ ਰਹੀ ਸੀ, 'ਮੈਂ ਉਹਨੂੰ
ਦੇਖਿਐ...ਮੈਂ ਉਹਨੂੰ ਦੇਖਿਐ..!'
ਮੈਂ ਪੁੱਛਿਆ, 'ਕੀਹਨੂੰ?'
ਉਹਦੇ ਮੱਥੇ ਹੇਠਾਂ ਦੋ ਖੁੱਡਾਂ 'ਚ ਉਹਦੀਆਂ
ਅੱਖਾਂ ਦੇ ਬੇਨੂਰ ਡੇਲੇ ਘੁੰਮ ਰਹੇ ਸਨ, 'ਆਪਣੀ
ਧੀ ਨੂੰ...ਆਪਣੀ ਭਾਗ ਭਰੀ ਨੂੰ...!'
ਮੈਂ ਕਿਹਾ, 'ਉਹ ਮਰ ਖਪ ਚੁੱਕੀ ਹੈ ਮਾਈ!'
ਉਹਨੇ ਚੀਕਦਿਆਂ ਆਖਿਆ, 'ਤੂੰ ਝੂਠ
ਬੋਲਦੈਂ!'
ਇਕ ਵੇਰਾਂ ਮੈਂ ਉਹਨੂੰ ਪੂਰਾ ਯਕੀਨ
ਦਿਵਾਉਣ ਖ਼ਾਤਿਰ ਕਿਹਾ, 'ਮੈਂ ਖੁਦਾ ਦੀ ਕਸਮ
ਖਾ ਕੇ ਕਹਿਨਾਂ, ਉਹ ਮਰ ਚੁੱਕੀ ਹੈ...!'
ਇਹ ਸੁਣਦਿਆਂ ਹੀ ਪਗਲੀ ਚੌਕ 'ਚ ਢੇਰੀ
ਹੋ ਗਈ।
(ਅਨੁਵਾਦ: ਮੋਹਨ ਭੰਡਾਰੀ)
ਪੰਜਾਬੀ ਕਹਾਣੀਆਂ (ਮੁੱਖ ਪੰਨਾ) |