Punjabi Stories/Kahanian
ਐਂਤਨ ਚੈਖਵ
Anton Chekhov

Punjabi Writer
  

Kalakriti Anton Chekhov

ਕਲਾਕ੍ਰਿਤੀ ਐਂਟਨ ਚੈਖ਼ਵ

ਸਾਸ਼ਾ ਸਮਿਰਨੋਵ , ਆਪਣੀ ਮਾਂ ਦਾ ਇਕਲੌਤਾ ਪੁੱਤਰ , ਵਿੱਤੀ ਸਮਾਚਾਰ ਦੇ 223 ਨੰਬਰ ਵਿੱਚ ਕੁੱਝ ਲਪੇਟਿਆ ਹੈ ਅਤੇ ਕੱਛ ਹੇਠਾਂ ਫੜੀਂ ਭਾਵੁਕ ਹਾਵਭਾਵ ਬਣਾ ਉਹ ਡਾ. ਕੋਸ਼ਲਕੋਵ ਦੇ ਪਰਾਮਰਸ਼ ਕਮਰੇ ਵਿੱਚ ਚਲਾ ਗਿਆ ।

“ ਆਉ , ਪਿਆਰੇ ਬੱਚੇ .. ,” ਇਉਂ ਡਾਕਟਰ ਨੇ ਉਸ ਦਾ ਸੁਆਗਤ ਕੀਤਾ । “ ਠੀਕ ਹੈ ! ਆਪਾਂ ਹੁਣ ਕਿਵੇਂ ਮਹਿਸੂਸ ਕਰ ਰਹੇ ਹਾਂ ? ਕੋਈ ਚੰਗੀ ਖਬਰ ਹੈ ਮੇਰੇ ਲਈ ?”

ਸਾਸ਼ਾ ਨੇ ਅੱਖਾਂ ਝਪਕੀਆਂ , ਉਸਨੇ ਆਪਣੇ ਦਿਲ ਤੇ ਹਥ ਰੱਖਿਆ ਅਤੇ ਉਤੇਜਿਤ ਅਵਾਜ ਵਿੱਚ ਕਿਹਾ , “ ਮੇਰੀ ਮਾਂ ਨੇ ਤੁਹਾਨੂੰ ਵਧਾਈ ਭੇਜੀ ਹੈ , ਇਵਾਨ ਨਿਕੋਲਾਏਵਿਚ , ਅਤੇ ਮੈਨੂੰ ਤੁਹਾਡਾ ਧੰਨਵਾਦ ਕਰਨ ਲਈ ਕਿਹਾ ਹੈ . . . . ਮੈਂ ਮੇਰੀ ਮਾਂ ਦਾ ਇਕਲੌਤਾ ਪੁੱਤਰ ਹਾਂ ਅਤੇ ਤੁਸੀਂ ਮੇਰੀ ਜਾਨ ਬਚਾਈ ਹੈ . . . ਤੁਸੀਂ ਮੈਨੂੰ ਇੱਕ ਖਤਰਨਾਕ ਰੋਗ ਤੋਂ ਬਚਾਇਆ ਹੈ . . . ਸਾਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਤੁਹਾਡਾ ਰਿਣ ਕਿਵੇਂ ਅਦਾ ਕਰੀਏ !”
“ਬੱਸ , ਬੱਚੂ .. ਬੱਸ !” ਡਾਕਟਰ ਨੇ ਕਿਹਾ , ਬਹੁਤ ਜ਼ਿਆਦਾ ਖੁਸ਼ ਸੀ ਉਹ . “ ਮੈਂ ਜੋ ਕੀਤਾ ਹੈ ਮੇਰੀ ਜਗ੍ਹਾ ਹੋਰ ਕੋਈ ਹੁੰਦਾ ਉਹ ਵੀ ਉਹੀ ਕਰਦਾ ।”

“ਮੈਂ ਆਪਣੀ ਮਾਂ ਦਾ ਇਕਲੌਤਾ ਪੁੱਤਰ ਹਾਂ . . . ਅਸੀਂ ਗਰੀਬ ਲੋਕ ਹਾਂ … ਬੇਸ਼ੱਕ ਤੁਹਾਡਾ ਰਿਣ ਨਹੀਂ ਚੁਕਾ ਸਕਦੇ , ਅਤੇ ਸਾਨੂੰ . . . . ਬੜੀ ਸ਼ਰਮ ਆਉਂਦੀ ਹੈ , ਡਾਕਟਰ ਸਾਹਿਬ ,ਹਾਲਾਂਕਿ , ਤਦ ਵੀ , ਮਾਂ ਅਤੇ ਮੈਂ . . . ਮੇਰੀ ਮਾਂ ਦਾ ਇਕਲੌਤਾ ਪੁੱਤਰ , ਅਸੀਂ ਦੋਨੋਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਹਾਡੇ ਅਹਿਸਾਨ ਦੇ ਟੋਕਨ ਵਜੋਂ . . . ਇਹ ਚੀਜ਼ , . . . ਬੜੀ ਕੀਮਤੀ , ਇੱਕ ਪ੍ਰਾਚੀਨ ਕਾਂਸੀ ਦੀ ਮੂਰਤੀ . . . . ਕਲਾ ਦਾ ਕਮਾਲ ਨਮੂਨਾ ਤੁਸੀਂ ਰੱਖ ਲਉ ।”
“ਨਹੀਂ ..ਨਹੀਂ ਇਹਦੀ ਕੀ ਲੋੜ ਹੈ,” ਡਾਕਟਰ ਨੇ ਮਥੇ ਵੱਟ ਪਾਉਂਦਿਆਂ ਕਿਹਾ ।

“ ਨਹੀਂ , ਪਲੀਜ ਮਨ੍ਹਾ ਮਤ ਕਰਨਾ,” ਸਾਸ਼ਾ ਗੁਣਗੁਣ ਕਰਦੇ ਹੋਏ ਪਾਰਸਲ ਖੋਲ੍ਹਣ ਲੱਗਾ . ਤੁਸੀਂ ਮਨ੍ਹਾ ਕਰਕੇ . . . ਮਾਂ ਨੂੰ ਤੇ ਮੈਨੂੰ ਠੇਸ ਨਾ ਪਹੁੰਚਾਉਣਾ . . . ਇੱਕ ਪ੍ਰਾਚੀਨ ਕਾਂਸੀ ਦੀ ਮੂਰਤੀ . . . . ਇਹ ਮੇਰੇ ਮ੍ਰਿਤਕ ਪਿਤਾ ਦੀ ਵਿਰਾਸਤ ਅਤੇ ਅਸੀਂ ਇਸਨੂੰ ਇੱਕ ਕੀਮਤੀ ਨਿਸ਼ਾਨੀ ਦੇ ਤੌਰ ਤੇ ਰੱਖਿਆ ਹੈ । ਮੇਰੇ ਪਿਤਾ ਦਾ ਪੁਰਾਣੀਆਂ ਅਤੇ ਅਨੂਪਮ ਕਲਾਕ੍ਰਿਤੀਆਂ ਵੇਚਣ ਖਰੀਦਣ ਦਾ ਧੰਦਾ ਸੀ ਅਤੇ ਹੁਣ ਅਸੀਂ ਲੋਕ ਇਹ ਕੰਮ ਕਰਦੇ ਹਾਂ । ਸਾਸ਼ਾ ਨੇ ਮੂਰਤੀ ਸਾਹਮਣੇ ਰੱਖ ਦਿੱਤੀ । ਉਹ ਇੱਕ ਕਾਂਸੀ ਦੀ ਮੂਰਤੀ ਸੀ ਕਲਾ ਦੀ ਅਨੋਖੀ ਸਿਰਜਨਾ । ਮੂਰਤੀ ਦੇ ਹੇਠਾਂ ਆਧਾਰ ਤੇ ਦੋ ਪਰੀਆਂ ਦੀ ਆਕ੍ਰਿਤੀ ਸੀ ਜਿਨ੍ਹਾਂ ਦੀ ਮੁਖਮੁਦਰਾ ਤੇ ਅਸ਼ਲੀਲਤਾ ਦੇ ਭਾਵ ਝਲਕ ਰਹੇ ਸਨ । ਚਿਹਰਿਆਂ ਤੇ ਵੀ ਇੰਜ ਹੀ ਦੇ ਭਾਵ ਵਿਖਾਈ ਦੇ ਰਹੇ ਸਨ । ਹੱਵਾ(ਈਵ) ਦੀ ਪੋਸ਼ਾਕ ਵਿੱਚ ਜਿਸਦਾ ਵਰਣਨ ਕਰਨ ਦਾ ਮੇਰੇ ਵਿੱਚ ਨਾ ਤਾਂ ਸਾਹਸ ਹੈ ਅਤੇ ਨਾ ਹੀ ਮੁਆਫਕ ਸੁਭਾਅ. ਪਰੀਆਂ ਮੁਸਕਰਾ ਰਹੀਆਂ ਸਨ ਅਤੇ ਇਸ ਤਰ੍ਹਾਂ ਵੇਖ ਰਹੀਆਂ ਸਨ , ਕਿ ਅਗਰ ਮੋਮਬੱਤੀਦਾਨ ਨੂੰ ਸਹਾਰੇ ਦੀ ਲੋੜ ਨਾ ਹੁੰਦੀ ਤਾਂ ਉਨ੍ਹਾਂ ਨੇ ਆਪਣਾ ਸਥਾਨ ਛੱਡ ਦੇਣਾ ਸੀ ਅਤੇ ਇੱਕ ਤਾਂਡਵ ਵਿੱਚ ਲਿਪਤ ਹੋ ਜਾਣਾ ਸੀ ਜਿਸ ਰੂਪ ਵਿੱਚ ਕਲਪਨਾ ਕਰਨਾ ਪਾਠਕ ਲਈ ਅਣ-ਉਚਿਤ ਹੋਣਾ ਸੀ ।
ਉਪਹਾਰ ਨੂੰ ਵੇਖਦਿਆਂ , ਡਾਕਟਰ ਨੇ ਹੌਲੀ ਜਿਹੇ ਆਪਣੇ ਕੰਨ ਦੇ ਪਿੱਛੇ ਖੁਰਕ ਕੀਤੀ ਗਲਾ ਸਾਫ਼ ਕੀਤਾ ਅਤੇ ਐਵੇਂ ਹੀ ਨੱਕ ਛਿਣਕ ਦਿੱਤਾ .

“ਹਾਂ , ਇਹ ਵਾਕਈ ਸੁਹਣੀ ਚੀਜ਼ ਹੈ ” , ਉਹ ਫੁਸਫਸਾਇਆ , “ ਲੇਕਿਨ . . . ਮੈਂ ਇਹ ਕਿਵੇਂ ਦੱਸਾਂ ? . . . ਇਹ ਹੈ . . . ਹੰਮ . . . ਇਹ ਸਹੀ ਨਹੀਂ ਹੈ . ਇਹ ਤਾਂ ਅਰਧ ਨਗਨ ਵੀ ਨਹੀਂ, ਸਗੋਂ ਪੂਰੀ ਤਰ੍ਹਾਂ , … ਇਹ ਤਾਂ ਸ਼ੈਤਾਨ ਨੂੰ ਹੀ ਪਤਾ ਹੋਣੈਂ . . . !”
“ ਕੀ ਮਤਲਬ .. ਤੁਹਾਡਾ ?”
“ ਆਦਮ ਤੇ ਹੱਵਾ ਨੂੰ ਭਰਮਾਉਣ ਵਾਲੀ ਨਾਗਣ ਵੀ ਇਸ ਤੋਂ ਭੈੜਾ ਕੁਝ ਨਹੀਂ ਸੋਚ ਸਕਦੀ . . . . ਕਿਉਂ , ਮੇਜ ਉੱਤੇ ਇਸ ਤਰ੍ਹਾਂ ਦੇ ਤਲਿਸਮੀ ਚਿਤਰ ਨੂੰ ਰੱਖਣ ਦਾ ਭਾਵ ਹੈ ਪੂਰੇ ਫਲੈਟ ਨੂੰ ਗੰਦਾ ਕਰਨਾ !”
“ ਕਲਾ ਨੂੰ ਦੇਖਣ ਦਾ ਅਜੀਬ ਤਰੀਕਾ ਹੈ ! ਡਾਕਟਰ ਸਾਹਿਬ ,” ਸਾਸ਼ਾ ਨੇ ਨਰਾਜਗੀ ਜ਼ਾਹਰ ਕਰਦਿਆਂ ਕਿਹਾ । ਇਹ ਇੱਕ ਕਮਾਲ ਕਲਾਤਮਕ ਚੀਜ਼ ਹੈ , ਇਸਨੂੰ ਵੇਖੋ ! ਇੰਨਾ ਸੁਹੱਪਣ ਅਤੇ ਸਨੱਖ ਕਿ ਸ਼ਰਧਾ ਭਾਵ ਨਾਲ ਰੂਹ ਰੱਜ ਜਾਂਦੀ ਹੈ ਅਤੇ ਗੱਚ ਭਰ ਆਉਂਦਾ ਹੈ ! ਜਦੋਂ ਬੰਦਾ ਇੰਨੀ ਸੁੰਦਰ ਕੋਈ ਚੀਜ਼ ਵੇਖਦਾ ਹੈ ਤਾਂ ਦੁਨਿਆਵੀ ਸਭ ਕੁੱਝ ਭੁੱਲ ਜਾਂਦਾ ਹੈ . . . . ਜ਼ਰਾ ਵੇਖੋ , ਕਿੰਨੀ ਅਦਾ , ਕਯਾ ਅੰਦਾਜ਼ ਅਤੇ ਹਾਵ ਭਾਵ !”

“ ਮੈਂ ਇਹ ਸਭ ਬਹੁਤ ਚੰਗੀ ਤਰ੍ਹਾਂ ਸਮਝਦਾ ਹਾਂ , ਮੇਰੇ ਪਿਆਰੇ ਬਚੂ ,” ਡਾਕਟਰ ਨੇ ਕਿਹਾ । “ ਵੇਖ ਨਾ, ਮੈਂ ਇੱਕ ਸ਼ਾਦੀਸ਼ੁਦਾ ਵਿਅਕਤੀ ਹਾਂ , ਮੇਰੇ ਬੱਚੇ ਹਨ । ਮੇਰੇ ਘਰ ਵਿੱਚ ਔਰਤਾਂ ਦਾ ਆਣਾ – ਜਾਣਾ ਲਗਾ ਰਹਿੰਦਾ ਹੈ ।”
“ ਬੇਸ਼ੱਕ , ਜੇਕਰ ਤੁਸੀਂ ਭੀੜ ਦੀ ਨਜ਼ਰ ਨਾਲ ਇਸਨੂੰ ਵੇਖੋ ,” ਸਾਸ਼ਾ ਨੇ ਕਿਹਾ , “ ਤਾਂ ਇਹ ਉੱਤਮ ਕਲਾਕ੍ਰਿਤੀ ਇੱਕ ਅਲਗ ਰੋਸ਼ਨੀ ਵਿੱਚ ਵਿਖਾਈ ਦੇ ਸਕਦੀ ਹੈ . . . . ਲੇਕਿਨ , ਡਾਕਟਰ ਸਾਹਿਬ , ਤੁਸੀਂ ਭੀੜ ਤੋਂ ਉੱਪਰ ਉਠੋ , ਖਾਸਕਰ ਉਦੋਂ ਜਦੋਂ ਇਨਕਾਰ ਕਰਨ ਨਾਲ ਮਾਂ ਨੂੰ ਅਤੇ ਮੈਨੂੰ ਠੇਸ ਪਹੁੰਚੇਗੀ . ਮੈਂ ਮੇਰੀ ਮਾਂ ਦਾ ਇਕਲੌਤਾ ਪੁੱਤਰ ਹਾਂ , ਤੇ ਤੁਸੀਂ ਮੇਰੀ ਜਾਨ ਬਚਾਈ ਹੈ . . . . ਅਸੀਂ ਆਪਣੀ ਸਭ ਤੋਂ ਕੀਮਤੀ ਚੀਜ਼ ਤੁਹਾਨੂੰ ਦੇ ਰਹੇ ਹਾਂ . . . ਬੱਸ ਇੱਕੋ ਅਫਸੋਸ ਹੈ ਕਿ ਮੇਰੇ ਕੋਲ ਤੁਹਾਨੂੰ ਜੋੜੀ ਪੇਸ਼ ਕਰਨ ਲਈ ਨਾਲ ਵਾਲਾ ਦੂਜਾ ਪੀਸ ਨਹੀਂ ਹੈ . . . !”
“ ਧੰਨਵਾਦ , ਮੇਰੇ ਪਿਆਰੇ ਨਿੱਕੇ ਸਾਥੀ , ਮੈਂ ਬਹੁਤ ਅਹਿਸਾਨਮੰਦ ਹਾਂ . . । ਆਪਣੀ ਮਾਂ ਨੂੰ ਮੇਰੇ ਵਲੋਂ ਸਤਿਕਾਰ ਦੇਵੀਂ , ਲੇਕਿਨ ਸਹੁੰ ਰੱਬ ਦੀ .. ਤੂੰ ਹੀ ਦੇਖ ਨਾ , ਮੇਰੇ ਘਰ ਵਿੱਚ ਛੋਟੇ ਬਚੇ ਹਨ , ਔਰਤਾਂ ਆਉਂਦੀਆਂ ਰਹਿੰਦੀਆਂ ਹਨ … ਲੇਕਿਨ , ਚਲੋ ਛੱਡੋ . . . . ! ਮੈਂ ਤੈਨੂੰ ਕਿਵੇਂ ਸਮਝਾਵਾਂ !”
“ਪਰ ਇਸ ਬਾਰੇ ਸਮਝਣ ਵਾਲੀ ਕੋਈ ਗੱਲ ਹੀ ਨਹੀਂ ਹੈ,” ਸਾਸ਼ਾ ਨੇ ਪ੍ਰਸੰਨ ਹੁੰਦੇ ਕਿਹਾ । “ ਮੋਮਬੱਤੀ ਇੱਥੇ ਇਸ ਗੁਲਦਸਤੇ ਕੋਲ , ਰੱਖੋ। ਅਫਸੋਸ ਦੀ ਗੱਲ ਕਿ ਸਾਡੇ ਕੋਲ ਜੋੜੀ ਦਾ ਦੂਜਾ ਪੀਸ ਨਹੀਂ ਹੈ ! ਬਹੁਤ ਦੁੱਖ ਦੀ ਗੱਲ ਹੈ ! ਠੀਕ ਹੈ , ਅਲਵਿਦਾ , ਡਾਕਟਰ ਸਾਹਿਬ !”
ਸਾਸ਼ਾ ਦੇ ਚਲੇ ਜਾਣ ਦੇ ਬਾਅਦ ਡਾਕਟਰ ਮੋਮਬੱਤੀਦਾਨ ਨੂੰ ਦੇਰ ਤੱਕ ਦੇਖਦਾ ਰਿਹਾ , ਆਪਣੇ ਕੰਨ ਤੇ ਖਾਜ ਕਰਦਿਆਂ ਦਿਸ਼ਾਹੀਣ ਖਿਆਲਾਂ ਵਿੱਚ ਉਲਝਦਾ ਰਿਹਾ ।
‘ਇਹ ਸ਼ਾਨਦਾਰ ਚੀਜ਼ ਹੈ , ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ , ਉਸਨੇ ਸੋਚਿਆ , ਅਤੇ ਇਹ ਦੁੱਖਦਾਈ ਗੱਲ ਹੋਵੇਗੀ ਕਿ ਇਸਨੂੰ ਸੁੱਟ ਦਿੱਤਾ ਜਾਵੇ . . . . ਲੇਕਿਨ ਇਹਨੂੰ ਰੱਖਣਾ ਵੀ ਤਾਂ ਅਸੰਭਵ ਹੈ ਮੇਰੇ ਲਈ . . . . ਹੰਮ ! . . . ਕੈਸੀ ਸਮੱਸਿਆ ਹੈ ! ਸਮਝ ਨਹੀਂ ਆਉਂਦਾ ਮੈਂ ਇਸਨੂੰ ਉਪਹਾਰ ਵਜੋਂ ਕਿਸਨੂੰ ਦੇਵਾਂ ?’

ਲੰਬੇ ਸਮੇਂ ਤੱਕ ਸੋਚਣ ਦੇ ਬਾਅਦ ਉਸਨੂੰ ਆਪਣੇ ਇੱਕ ਚੰਗੇ ਦੋਸਤ , ਵਕੀਲ ਉਖੋਵ ਦਾ ਖਿਆਲ ਆਇਆ , ਜਿਸਦਾ ਉਹ ਆਪਣੇ ਕੁਝ ਕਾਨੂੰਨੀ ਮਾਮਲੇ ਸੁਲਝਾਉਣ ਲਈ ਕਰਜਦਾਰ ਸੀ .
‘ਇਹੀ ਠੀਕ ਹੈ ,’ ਡਾਕਟਰ ਨੇ ਫੈਸਲਾ ਕੀਤਾ , ‘ ਉਸਨੂੰ ਮੇਰੇ ਕੋਲੋਂ ਦੋਸਤ ਹੋਣ ਨਾਤੇ ਪੈਸੇ ਲੈਣਾ ਤਾਂ ਅਜੀਬ ਲੱਗ ਸਕਦਾ ਹੈ , ਅਤੇ ਇਹ ਬਹੁਤ ਠੀਕ ਰਹੇਗਾ ਕਿ ਮੈਂ ਉਸਨੂੰ ਇਹ ਭੇਟ ਦੇ ਦੇਵਾਂ . ਮੈਂ ਉਸਨੂੰ ਦੇਣ ਲਈ ਇਹ ਸ਼ੈਤਾਨੀ ਚੀਜ਼ ਲੈ ਚੱਲਾਂ ! ਸੁਭਾਗ ਨਾਲ ਉਹ ਛਡਾ ਛੜਾਂਗ ਹੈ ਅਤੇ ਉਹਦੀ ਰਹਿਣੀ ਬਹਿਣੀ ਵੀ ਬੇਪਰਵਾਹ ਹੈ ।
ਜਿਆਦਾ ਦੇਰੀ ਦੇ ਬਿਨਾਂ ਟੋਪੀ ਅਤੇ ਕੋਟ ਪਹਿਨ ਡਾਕਟਰ ਨੇ ਮੋਮਬੱਤੀਦਾਨ ਲਿਆ ਅਤੇ ਉਖੋਵ ਵੱਲ ਚਲਾ ਗਿਆ ।
“ ਕਿਵੇਂ ਹੋ , ਦੋਸਤ !” ਵਕੀਲ ਘਰ ਹੀ ਮਿਲਣ ਤੇ ਉਸ ਨੇ ਕਿਹਾ , “ ਮੈਂ ਤੈਨੂੰ ਮਿਲਣ ਆਇਆ ਹਾਂ . . . ਤੁਸੀਂ ਮੇਰੇ ਕੰਮ ਆਏ ਹੋ . . . . ਤੁਸੀਂ ਮੈਥੋਂ ਪੈਸੇ ਤਾਂ ਲੈਣੇ ਨਹੀਂ ਤੁਸੀਂ ਘੱਟੋ ਘੱਟ ਇਸ ਨਿੱਕੀ ਜਿਹੀ ਚੀਜ਼ ਨੂੰ ਸਵੀਕਾਰ ਕਰੋ . . . . ਵੇਖੋ , ਮੇਰੇ ਪਿਆਰੇ ਸਾਥੀ . . . . ਕਿੰਨੀ ਸ਼ਾਨਦਾਰ ਕਲਾਮਈ ਚੀਜ਼ ਹੈ ਤੁਹਾਡੇ ਅਹਿਸਾਨਾਂ ਦਾ ਭਾਰ ਹਲਕਾ ਕਰਨ ਲਈ !”
ਕਲਾਕ੍ਰਿਤੀ ਦੇਖ ਵਕੀਲ ਨੂੰ ਅਕਹਿ ਖੁਸ਼ੀ ਹੋਈ .

“ ਵਾਹ ! ਕਯਾ ਨਮੂਨਾ ਹੈ !” ਉਹ ਹੱਸਿਆ . “ ਆਹ , ਇਹ ਕਮਾਲ ! ਉਹ ਕਿਵੇਂ ਇਸ ਤਰ੍ਹਾਂ ਦੀਆਂ ਚੀਜਾਂ ਦੀ ਕਲਪਨਾ ਕਰ ਲੈਂਦੇ ਹਨ , ਸ਼ੈਤਾਨ ਹੀ ਜਾਣੇ ! ਅਤਿ ਸੁੰਦਰ ! ਦਿਲਕਸ਼ ਹੈ ! ਤੁਹਾਨੂੰ ਇਸ ਤਰ੍ਹਾਂ ਦੀ ਰਮਣੀ ਚੀਜ਼ ਕਿੱਥੋ ਮਿਲ ਗਈ ?”
ਆਪਣੀ ਗੁਦਗੁਦੀ ਦਾ ਪੂਰਾ ਪ੍ਰਗਟਾ ਕਰਨ ਦੇ ਬਾਅਦ ਵਕੀਲ ਨੇ ਡਰਦੇ – ਡਰਦੇ ਦਰਵਾਜੇ ਵੱਲ ਵੇਖਿਆ ਅਤੇ ਕਿਹਾ : ਪਰ ਮੇਰੇ ਦੋਸਤ ਮੈਂ ਇਹ ਉਪਹਾਰ ਨਹੀਂ ਰੱਖ ਸਕਦਾ . . . . ਤੁਸੀਂ ਇਹ ਆਪਣੇ ਕੋਲ ਹੀ ਰੱਖੋ . . . .
“ਕਿਉਂ ?” ਘਬਰਾਏ ਜਿਹੇ ਡਾਕਟਰ ਨੇ ਪੁਛਿਆ .
“ ਕਿਉਂ . . . ਕਿਉਂਕਿ ਮੇਰੀ ਮਾਂ ਕਈ ਵਾਰ ਇੱਥੇ ਆਉਂਦੀ ਹੈ , ਇਲਾਵਾ ਮੇਰੇ ਗਾਹਕ ਵੀ ਆਉਂਦੇ ਹਨ … ਤੇ ਇਹ ਐਸੀ ਚੀਜ਼ ਨਹੀਂ ਹੈ ਜਿਸ ਨੂੰ ਮੇਰੇ ਨੌਕਰ ਦੇਖਣ ਕਿ ਮੈਂ ਪਰੇਮ ਨਾਲ ਸਜਾ ਰੱਖੀ ਹੈ !”

“ਨਹੀਂ ! ਨਹੀਂ ! !” ਡਾਕਟਰ ਨੇ ਕਿਹਾ . “ ਇਹ ਤੁਹਾਡੀ ਲੋਭੀ ਨਜ਼ਰ ਹੈ ! ਵਰਨਾ ਇਹ ਕਲਾ ਦੀ ਸੁੰਦਰ ਸਿਰਜਨਾ ਹੈ . ਜ਼ਰਾ ਵੇਖੋ , ਕਿੰਨੀ ਅਦਾ , ਕਯਾ ਅੰਦਾਜ਼ ਅਤੇ ਹਾਵ ਭਾਵ ! ਸਵੀਕਾਰ ਨਾ ਕਰਨ ਦੀ ਤਾਂ ਗੱਲ ਹੀ ਨਾ ਕਰੋ ! ਤੁਸੀਂ ਮੇਰਾ ਅਪਮਾਨ ਕਰ ਰਹੇ ਹੋਵੋਗੇ ।”
“ …ਕਾਸ਼ ! ਇਹ ਇਥੋਂ ਥੋੜੀ ਢਕੀ ਹੁੰਦੀ ਜਾਂ ਅੰਜੀਰ ਦੇ ਚੰਦ ਪੱਤੇ ਹੀ ਚਿਪਕਾਏ ਹੁੰਦੇ . . !”
ਲੇਕਿਨ ਡਾਕਟਰ ਪਹਿਲਾਂ ਨਾਲੋਂ ਵੀ ਜਿਆਦਾ ਜੋਸ਼ ਨਾਲ ਇਸ਼ਾਰੇ ਕਰਦਾ ਫਲੈਟ ਦੇ ਬਾਹਰ ਨਿਕਲਿਆ ਤੇ ਤੇਜ ਘਰ ਚਲਾ ਗਿਆ , ਪੂਰਾ ਖੁਸ਼ ਕਿ ਉਹ ਉਪਹਾਰ ਤੋਂ ਨਜਾਤ ਪਾਉਣ ਵਿੱਚ ਸਫਲ ਰਿਹਾ ਸੀ .

ਜਦੋਂ ਉਹ ਚਲਾ ਗਿਆ ਤਾਂ ਵਕੀਲ ਨੇ ਮੋਮਬੱਤੀਦਾਨ ਦੀ ਜਾਂਚ ਕੀਤੀ , ਇਹਦੇ ਤੇ ਉਂਗਲੀਆਂ ਫੇਰੀਆਂ । ਅਤੇ ਫਿਰ , ਡਾਕਟਰ ਦੀ ਤਰ੍ਹਾਂ ਦੇਰ ਤੱਕ ਖੋਝਲਦਾ ਰਿਹਾ ਕਿ ਉਪਹਾਰ ਦਾ ਕੀ ਕੀਤਾ ਜਾਵੇ ।
‘ਇਹ ਸ਼ਾਨਦਾਰ ਚੀਜ਼ ਹੈ , ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ , ਉਸਨੇ ਸੋਚਿਆ , … ਇਹ ਦੁੱਖਦਾਈ ਗੱਲ ਹੋਵੇਗੀ ਕਿ ਇਸਨੂੰ ਸੁੱਟ ਦਿੱਤਾ ਜਾਵੇ . . . . ਲੇਕਿਨ ਇਹਨੂੰ ਰੱਖਣਾ ਵੀ ਤਾਂ ਅਸੰਭਵ ਹੈ ਮੇਰੇ ਲਈ . . ਚੰਗਾ ਰਹੇਗਾ ਮੈਂ ਵੀ ਕਿਸੇ ਨੂੰ ਉਪਹਾਰ ਦੇ ਦੇਵਾਂ . . . ! ਮੈਂ ਅੱਜ ਹੀ ਸ਼ਾਮ ਨੂੰ ਇਹਨੂੰ ਸ਼ਾਸ਼ਕਿਨ , ਕਮੇਡੀਅਨ ਕੋਲ ਲੈ ਜਾਵਾਂਗਾ । ਬਦਮਾਸ਼ ਅਜਿਹੀਆਂ ਚੀਜਾਂ ਦਾ ਸ਼ੌਕੀਨ ਹੈ , ਅਤੇ ਵੈਸੇ ਅੱਜ ਰਾਤ ਉਸਦੀ ਬੇਨਿਫਿਟ ਪਰਫਾਰਮੈਂਸ ਵੀ ਹੈ ।
ਤੇ ਇਹ ਕੰਮ ਫੌਰਨ ਕਰ ਦਿੱਤਾ ਗਿਆ । ਸ਼ਾਮ ਨੂੰ ਮੋਮਬੱਤੀਦਾਨ , ਧਿਆਨ ਨਾਲ ਲਪੇਟ ਕੇ , ਵਿਧੀਵਤ ਸ਼ਾਸ਼ਕਿਨ ਨੂੰ ਭੇਟ ਕਰ ਦਿੱਤਾ ਗਿਆ . ਕਮੇਡੀਅਨ ਐਕਟਰ ਦਾ ਡਰੈਸਿੰਗ ਰੂਮ ਸਾਰੀ ਸ਼ਾਮ ਉਪਹਾਰ ਦੇ ਪ੍ਰਸ਼ੰਸਕ ਪੁਰਸ਼ਾਂ ਨਾਲ ਭਰਿਆ ਰਿਹਾ , ਡਰੈਸਿੰਗ ਰੂਮ ਘੋੜਿਆਂ ਦੀ ਹਿਣਕਣ ਵਰਗੇ ਹਾਸੇ ਦੀ ਗੂੰਜ ਨਾਲ ਭਰ ਗਿਆ ਸੀ । ਜੇਕਰ ਅਭੀਨੇਤਰੀਆਂ ਵਿੱਚੋਂ ਕੋਈ ਦਰਵਾਜੇ ਕੋਲ ਆ ਕੇ ਪੁੱਛਦੀ : ਕੀ ਮੈਂ ਅੰਦਰ ਆ ਸਕਦੀ ਹਾਂ ? ਤਾਂ ਕਮੇਡੀਅਨ ਐਕਟਰ ਦੀ ਖਰਵੀ ਅਵਾਜ ਸੁਣਾਈ ਪੈਂਦੀ : ਨਹੀਂ , ਨਹੀਂ , ਮੇਰੀ ਪਿਆਰੀ , ਮੈਂ ਅਜੇ ਕੱਪੜੇ ਨਹੀਂ ਪਾਏ ।

ਸ਼ੋ ਦੇ ਬਾਅਦ ਕਮੇਡੀਅਨ ਨੇ ਆਪਣੇ ਮੋਢੇ ਛੰਡੇ ਅਤੇ ਸੋਚਾਂ ਵਿੱਚ ਡੁੱਬ ਗਿਆ : ਭਲਾ ਮੈਂ ਇਸ ਸ਼ੈਤਾਨੀ ਚੀਜ਼ ਨੂੰ ਕੀ ਕਰਾਂਗਾ ? ਮੈਂ ਇੱਕ ਇੱਜਤਦਾਰ ਪਰਿਵਾਰ ਦੇ ਨਾਲ ਕਰਾਏ ਦੇ ਫਲੈਟ ਵਿੱਚ ਰਹਿੰਦਾ ਹਾਂ ! ਇਥੇ ਅਭਿਨੇਤਰੀਆਂ ਆਉਂਦੀਆਂ ਰਹਿੰਦੀਆਂ ਹਨ ! ਇਹ ਕੋਈ ਐਸੀ ਤਸਵੀਰ ਤਾਂ ਹੈ ਨਹੀਂ ਜਿਸ ਨੂੰ ਤੁਸੀਂ ਦਰਾਜ ਵਿੱਚ ਬੰਦ ਰੱਖ ਸਕੋ !”
“ਬਿਹਤਰ ਹੋਵੇਗਾ ਕਿ ਤੁਸੀਂ ਇਸਨੂੰ ਵੇਚ ਦੇਵੋ , ਸ਼੍ਰੀਮਾਨ ,” ਕੱਪੜੇ ਉਤਾਰਦਿਆਂ ਹੱਜਾਮ ਨੇ ਐਕਟਰ ਨੂੰ ਸਲਾਹ ਦਿੱਤੀ । “ ਇੱਕ ਬੁਢੀ ਔਰਤ ਇੱਥੇ ਨੇੜੇ ਰਹਿੰਦੀ ਹੈ ਜੋ ਪ੍ਰਾਚੀਨ ਕਾਂਸੀ ਦੀਆਂ ਕਲਾ ਵਸਤਾਂ ਦਾ ਧੰਦਾ ਕਰਦੀ ਹੈ । ਉਥੇ ਜਾਕੇ ਮੈਡਮ ਸਮਿਰਨੋਵ ਪੁੱਛ ਲੈਣਾ . . . ਹਰ ਕੋਈ ਉਸਨੂੰ ਜਾਣਦਾ ਹੈ ।”
ਐਕਟਰ ਨੇ ਉਸ ਦੀ ਸਲਾਹ ਦਾ ਪਾਲਣ ਕੀਤਾ . . . . ਦੋ ਦਿਨ ਬਾਅਦ ਡਾਕਟਰ ਆਪਣੇ ਪਰਾਮਰਸ਼ ਕਮਰੇ ਵਿੱਚ ਬੈਠਾ ਸੀ , ਅਤੇ ਆਪਣੇ ਮੱਥੇ ਤੇ ਉਂਗਲ ਰੱਖ ਪਿੱਤ ਦੇ ਏਸਿਡ ਬਾਰੇ ਸੋਚ ਰਿਹਾ ਸੀ । ਅਚਾਨਕ ਦਰਵਾਜਾ ਖੁੱਲ੍ਹਿਆ ਅਤੇ ਸਾਸ਼ਾ ਸਮਿਰਨੋਵ ਕਮਰੇ ਵਿੱਚ ਆ ਵੜਿਆ । ਉਹ ਮੁਸਕਰਾ ਰਿਹਾ ਸੀ , ਮੁਸਕਰਾਂਦੇ ਹੋਏ ਲੋਹੜੇ ਦੀ ਖੁਸ਼ੀ ਨਾਲ ਚਮਕ ਰਿਹਾ ਸੀ । ਉਸਨੇ ਹੱਥ ਵਿੱਚ ਅਖਬਾਰ ਵਿੱਚ ਲਪੇਟੀ ਕੋਈ ਚੀਜ਼ ਫੜੀ ਸੀ ।
“ਡਾਕਟਰ !” ਉਹਨੇ ਸਾਹੋ ਸਾਹ ਹੋਏ ਨੇ ਕਹਿਣਾ ਸ਼ੁਰੂ ਕੀਤਾ , “ ਮੇਰੀ ਖੁਸ਼ੀ ਦੀ ਕਲਪਨਾ ਕਰੋ ! ਖੁਸ਼ਖਬਰੀ ਤੁਹਾਡੇ ਲਈ …ਅਸੀਂ ਤੁਹਾਡੇ ਮੋਮਬੱਤੀਦਾਨ ਲਈ ਜੋੜੀ ਬਣਾਉਣ ਵਿੱਚ ਸਫਲ ਹੋ ਗਏ ਹਾਂ । ਮਾਂ ਬਹੁਤ ਖੁਸ਼ ਹੈ . . . . ਮੈਂ ਮੇਰੀ ਮਾਂ ਦਾ ਇਕਲੌਤਾ ਪੁੱਤਰ ਹਾਂ , ਤੁਸੀਂ ਮੇਰੀ ਜਾਨ ਬਚਾਈ . . . !”
ਅਤੇ ਸਾਸ਼ਾ , ਅਹਿਸਾਨ ਦੇ ਭਾਰ ਨਾਲ ਕੰਬ ਰਿਹਾ ਸੀ , ਅਤੇ ਉਸ ਨੇ ਉਹ ਮੂਰਤੀ ਪੈਕੇਟ ਖੋਲ ਕੇ ਟੇਬਲ ਤੇ ਰੱਖ ਦਿੱਤੀ । ਡਾਕਟਰ ਨੇ ਜਿਵੇਂ ਹੀ ਉਸ ਮੂਰਤੀ ਨੂੰ ਵੇਖਿਆ ਉਸਦੇ ਹੋਸ਼ ਉੱਡ ਗਏ – ਓਏ ਬਾਪ ਰੇ ! ਇਹ ਤਾਂ ਉਹੀ ਪਹਿਲੀ ਵਾਲੀ ਮੂਰਤੀ ਹੈ । ਡਾਕਟਰ ਨੇ ਆਪਣਾ ਮੁੰਹ ਖੋਲਿਆ , ਕੁੱਝ ਕਹਿਣ ਦੀ ਕੋਸ਼ਿਸ਼ ਕੀਤੀ , ਲੇਕਿਨ ਕੁੱਝ ਵੀ ਨਹੀਂ ਕਿਹਾ . ਉਹਦੀ ਜ਼ਬਾਨ ਸੁੰਨ ਹੋ ਗਈ ਸੀ.!

(ਅਨੁਵਾਦ: ਚਰਨ ਗਿੱਲ)

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To read Punjabi text you must have Unicode fonts. Contact Us

Sochpunjabi.com