'ਜਦੋਂ ਸਵੇਰ ਹੋਈ' ਨਾਵਲ ਦੀ ਕਹਾਣੀ ਪ੍ਰੋ. ਨਿਰੰਜਣ ਤਸਨੀਮ
ਇਸ ਨਾਵਲ ਦੀ ਕਹਾਣੀ ਜਦੋਂ ਸ਼ੁਰੂ ਹੁੰਦੀ ਹੈ, ਉਸ ਸਮੇਂ ਵਿਸ਼ਵ ਯੁਧ ਛਿੜਿਆ ਹੋਇਆ ਹੈ । ਭਾਰਤ ਉਪਰ ਅਗਰੇਜ਼ਾਂ ਦਾ ਕਬਜ਼ਾ ਹੈ। ਪਰ,
ਇਸ ਵਿਰੁਧ ਸੁਤੰਤਰਤਾ ਸੰਗਰਾਮ ਵੀ ਚਲ ਰਿਹਾ ਹੈ । ਅਮਿ੍ਰੰਤਸਰ ਸ਼ਹਿਰ ਦੇ ਇਕ ਮੁੱਹਲੇ ਵਿਚ ਰਹਿਣ ਵਾਲੇ ਇਕ ਸਿਂਖ ਪਰਿਵਾਰ ਦੀ ਕਹਾਣੀ
ਇਸ ਵਿਚ ਬਿਆਨ ਕੀਤੀ ਗਈ ਹੈ । ਪਰਿਵਾਰ ਵਿਚ ਇਕ ਨੌਵੀਂ ਜਮਾਤ ਵਿਚ ਪੜ੍ਹਨ ਵਾਲਾ ਮੁੰਡਾ ਬੀਰੀ (ਬਲਬੀਰ), ਉਸ ਦੇ ਪਿਤਾ ਬਾਊ ਜੀ, ਦਾਦਾ
(ਭਾਈਆ ਜੀ) ਤੇ ਹੋਰ ਮੈਬਰ ਹਨ । ਅਰੰਭਲੀ ਸਥਿਤੀ ਵਿਚ ਛੋਟੀਆਂ-ਛੋਟੀਆਂ ਘਟਨਾਂਵਾਂ ਰਾਹੀਂ ਬੀਰੀ ਦੇ ਦੋਸਤਾਂ ਦਾ ਹਾਲ ਦੱਸਿਆ ਗਿਆ ਹੈ ਅਤੇ
ਭਾਈਆ ਜੀ ਦੇ ਰੁਝੇਵਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ । ਭਾਈਆ ਜੀ ਦਾ ਕਮਰਾ ਵੱਖ ਹੈ । ਉਹਨਾਂ ਦਾ ਰਹਿਣ ਸਹਿਣ ਵੱਖਰਾ ਹੈ । ਉਹ ਬਾਹਰੋਂ
ਆਉਂਦੇ ਹੀ ਆਪਣੀ ਜੁੱਤੀ ਝਾੜ ਕੇ ਰਖਦੇ ਹਨ, ਹੱਥ ਪੈਰ ਧੋ ਕੇ ਅੰਦਰ ਜਾਂਦੇ ਹਨ। ਸਫ਼ਾਈ ਦਾ ਬਹੁਤ ਧਿਆਨ ਰਖਦੇ ਹਨ ਅਤੇ ਆਪਣਾ ਸਾਰਾ ਕੰਮ
ਆਪਣੇ ਹਥੀਂ ਆਪ ਕਰਦੇ ਹਨ । ਲੋਕਾਂ ਵਿਚ ਉਹਨਾਂ ਦਾ ਸਤਿਕਾਰ ਹੈ । ਉਹ ਆਪਣੀ ਵਿਦਵਤਾ ਨਾਲ ਲੋਕਾਂ ਦੇ ਕਈ ਪ੍ਰਸ਼ਨਾਂ ਦਾ ਉੱਤਰ ਦੇਂਦੇ ਹਨ ।
ਵਿਸ਼ਵ-ਯੁਧ ਕਾਰਨ ਮਹਿੰਗਾਈ ਬਹੁਤ ਹੈ । ਲੋਕਾਂ ਉਪਰ ਇਸ ਦਾ ਬੜਾ ਬੁਰਾ ਅਸਰ ਪਿਆ ਹੈ ।
ਇਸ ਸਿੱਖ ਪਰਿਵਾਰ ਦੀ ਕਹਾਣੀ ਦੇ ਨਾਲ-ਨਾਲ ਇਕ ਮੁਸਲਮਾਨ ਬਿਰਧ ਇਸਤਰੀ ਬੁੱਢਾਂ ਦੇ ਪਰਿਵਾਰ ਦੀ ਕਹਾਣੀ ਵੀ ਚਲਦੀ ਹੈ । ਬੁੱਢਾਂ ਦਾ ਇਕ
ਜਵਾਨ ਪੁੱਤਰ ਹੈ ਜੋ ਫ਼ੌਜ ਵਿਚ ਭਰਤੀ ਹੈ ਅਤੇ ਉਸਦੀ ਇਕ ਧੀ ਸਲਮਾ ਬੀਰੀ ਦੀ ਹਮਜਮਾਤਨ ਹੈ । ਇਹ ਪਰਿਵਾਰ ਭਾਈਆ ਜੀ ਦੇ ਇਕ ਮਕਾਨ ਵਿਚ
ਕਿਰਾਏ 'ਤੇ ਰਹਿੰਦਾ ਹੈ । ਬੀਰੀ ਦੇ ਮਨ ਵਿਚ ਸਲਮਾ ਲਈ ਪਿਆਰ ਹੈ, ਪਰ ਦੋਹਾਂ ਵਿਚਕਾਰ ਜਾਤ-ਪਾਤ, ਧਰਮ ਅਤੇ ਸ਼੍ਰੇਣੀ ਵਿਚ ਅੰਤਰ ਹੈ । ਇਸ ਤੋਂ ਇਲਾਵਾ
ਦੋਵਾਂ ਦੇ ਵਿਚਾਰਾਂ ਵਿਚ ਵੀ ਫ਼ਰਕ ਹੈ । ਬੀਰੀ ਇਕ ਦੇਸ਼ ਭਗਤ ਹੈ । ਭਾਈਆ ਜੀ ਦਾ ਬੁੱਢਾਂ ਪ੍ਰਤੀ ਰਵੀਆ ਹਮਦਰਦੀ ਵਾਲਾ ਹੈ ਅਤੇ ਬੁੱਢਾ ਵੀ ਬੀਰੀ ਨੂੰ ਆਪਣੇ
ਬੱਚਿਆਂ ਵਾਂਗ ਪਿਆਰ ਕਰਦੀ ਹੈ । ਸਲਮਾ ਆਪਣੇ ਵਿਚਾਰਾਂ ਅਤੇ ਧਰਮ ਦੇ ਫ਼ਰਕ ਕਾਰਨ ਬੀਰੀ ਦੇ ਪਿਆਰ ਦਾ ਉਤਰ ਨਹੀਂ ਦੇਂਦੀ । ਉਸ ਦੇ ਮਨ ਵਿਚ ਜੇ
ਕਦੀ ਬੀਰੀ ਲਈ ਪਿਆਰ ਉਮੜਦਾ ਵੀ ਹੈ ਤਾਂ ਉਹ ਸੁਚੇਤ ਹੋ ਕੇ ਉਸ ਨੂੰ ਤਿਆਗ ਦਿੰਦੀ ਹੈ । ਇਹਨਾਂ ਦੋਹਾਂ ਪਰਿਵਾਰਾਂ ਦੀ ਆਪਸੀ ਸਾਂਝ ਵਿਚ ਇਹਨਾਂ ਵਿਚਾਰਾਂ ਤੇ
ਆਦਰਸ਼ਾਂ ਨੇ ਇਕ ਡੂੰਘਾ ਵਿਤਕਰਾ ਪੈਦਾ ਕਰਨਾ ਸ਼ੁਰੂ ਕਰ ਦਿੱਤਾ ਹੈ । ਬੀਰੀ ਆਪਣੇ ਪਿਆਰ ਕਾਰਨ ਹਮੇਸ਼ਾ ਸਲਮਾ ਦੀ ਮਦਦ ਕਰਨ ਨੂੰ ਤਿਆਰ ਰਹਿੰਦਾ ਹੈ,
ਪਰ ਸਲਮਾ ਆਪਣੇ ਸਵੈਮਾਨ ਕਾਰਨ ਜਾਂ ਅਣੱਖ ਕਾਰਨ ਉਸ ਦੀ ਸਹਾਇਤਾ ਨੂੰ ਨਹੀਂ ਕਬੂਲਦੀ ।
ਇਸ ਤੋਂ ਬਾਅਦ ਸ਼ਹਿਰ ਦੇ ਹਾਲਾਤ ਬਦਲਣੇ ਸ਼ੁਰੂ ਹੋ ਜਾਂਦੇ ਹਨ । ਅੰਗਰੇਜਾਂ ਨੇ ਭਾਰਤ ਨੂੰ ਆਜ਼ਾਦ ਕਰਨ ਦਾ ਫ਼ੈਸਲਾ ਕਰ ਲਿਆ ਹੈ । ਪਰ, ਮੁਸਲਿਮ ਲੀਗ
ਵਾਲੇ ਦੇਸ਼ ਦੇ ਦੋ ਹਿੱਸੇ ਚਾਹੁੰਦੇ ਸਨ । ਉਹ ਮੁਸਲਮਾਨਾਂ ਲਈ ਇਕ ਵਖਰਾ ਰਾਜ ਚਾਹੁੰਦੇ ਸਨ । ਕੁਝ ਮੁਸਲਮਾਨ ਪਰਿਵਾਰ ਇਸ ਗੱਲ ਦੇ ਵਿਰੁਧ ਸਨ, ਪਰ, ਮੁਸਲਿਮ
ਲੀਗੀਆਂ ਦਾ ਪ੍ਰਭਾਵ ਵਧੇਰੇ ਹੋਣ ਕਾਰਨ ਉਹਨਾਂ ਦੀ ਕੋਈ ਸੁਣਵਾਈ ਨਹੀਂ ਸੀ । ਇਕ ਦਿਨ ਇਕ ਹਿੰਦੂ ਮੁੰਡੇ ਨੇ ਇਕ ਮੁਸਲਮਾਨ ਕੁੜੀ ਨੂੰ ਛੇੜ ਦਿੱਤਾ । ਇਸ ਦਾ ਬਦਲਾ
ਲੈਣ ਲਈ ਅੰਮ੍ਰਿਤਸਰ ਸ਼ਹਿਰ ਵਿਚ ਮੁਸਲਮਾਨ ਫਸਾਦੀਆਂ ਨੇ, ਹਿੰਦੂ ਤੇ ਸਿੱਖਾਂ ਦੇ ਮੁੱਹਲੇ ਵਿਚ ਨਾਅਰੇ ਲਗਾਉਣੇ ਤੇ ਗਾਲ੍ਹਾਂ ਕਢਣੀਆਂ ਸ਼ੁਰੂ ਕਰ ਦਿਤੀਆਂ । ਲੋਕ
ਆਪਣੇ ਘਰਾਂ ਅੰਦਰ ਵੜ ਗਏ, ਪਰ ਇਕ ਸਿੱਖ ਮੁੰਡਾ ਇਸ ਭੀੜ ਦੇ ਕਾਬੂ ਆ ਗਿਆ, ਉਹਨਾਂ ਨੇ ਬੜੀ ਬੇਰਹਿਮੀ ਨਾਲ ਉਸ ਨੂੰ ਮਾਰ ਦਿੱਤਾ । ਕਚਿਹਰੀ ਵਿਚ ਮੁਕਦਮਾ
ਚਲਾਇਆ ਜਾਂਦਾ ਹੈ । ਪਰ, ਗਵਾਹੀ ਨਾ ਹੋਣ ਕਾਰਨ ਮੁਜ਼ਰਮ ਬਰੀ ਹੋ ਜਾਂਦੇ ਹਨ । ਇਸ ਘਟਨਾ ਤੋਂ ਬਾਅਦ ਹਿੰਦੂ-ਮੁਸਲਮਾਨਾਂ ਵਿਚ ਖਿਚਾਓ ਵੱਧ ਜਾਂਦਾ ਹੈ ਜੋ ਕਦੀ ਤਾਂ
ਦੱਬ ਜਾਦਾ ਹੈ ਤੇ ਕਦੀ ਉਭਰ ਜਾਂਦਾ ਹੈ । ਇਕ ਦਿਨ ਕੁਝ ਸ਼ਰਾਰਤੀਆਂ ਨੇ ਬੀਰੀ ਦੇ ਮੁੱਹਲੇ ਆ ਕੇ ਮੁਸਲਮਾਨ ਘਰਾਂ ਨੂੰ ਅੱਗ ਲਾ ਦਿਤੀ । ਦੂਸਰੇ ਦਿਨ ਪੁਲਿਸ ੩੨ ਲੋਕਾਂ
ਨੂੰ ਫੜ੍ਹ ਕੇ ਲੈ ਗਈ ਜਿਸ ਵਿਚ ਬੀਰੀ ਵੀ ਸੀ ।
ਦੇਸ਼ ਦੀ ਵੰਡ ਦਾ ਫੈਸਲਾ ਹੋ ਚੁਕਿਆ ਸੀ । ਆਜ਼ਾਦ ਕਰਨ ਦੀ ਤਾਰੀਖ਼ ੧੫ ਅਗਸਤ ਮੁਕਰਰ ਹੋ ਚੁੱਕੀ ਸੀ । ਇਸ ਦਿਨ ਵਿਚ ਥੋੜ੍ਹੇ ਹੀ ਦਿਨ ਰਹਿ ਗਏ ਸਨ ।
ਅੰਮ੍ਰਿਤਸਰ ਵਿਚ ਰਹਿਣ ਵਾਲੇ ਮੁਸਲਮਾਨ ਕਾਫ਼ਲੇ ਬਣਾ ਕੇ ਪਾਕਿਸਤਾਨ ਜਾਣ ਨੂੰ ਤਿਆਰ ਸਨ । ਇਕ ਦਿਨ ਬੁੱਢਾਂ ਭਾਈਆ ਜੀ ਦੇ ਘਰ ਆਉਂਦੀ ਹੈ । ਉਸ ਨੇ
ਕਈ ਮਹੀਨਿਆਂ ਦਾ ਕਿਰਾਇਆ ਨਹੀਂ ਦਿੱਤਾ ਸੀ । ਉਹ ਵੀ ਕਾਫ਼ਲੇ ਨਾਲ ਜਾਣ ਲਈ ਤਿਆਰ ਸੀ । ਪਰ ਉਹ ਬਿਨਾਂ ਕਿਰਾਇਆ ਚੁਕਾਇਆਂ ਨਹੀਂ ਜਾਣਾ ਚਾਹੁੰਦੀ ਸੀ ।
ਉਹ ਆਪਣੀਆਂ ਚਾਂਦੀ ਦੀਆਂ ਟੁੰਬਾਂ ਦੀ ਪੋਟਲੀ ਭਾਈਆ ਜੀ ਦੇ ਘਰ ਫੜਾ ਜਾਂਦੀ ਹੈ ਜਿਸ ਨਾਲ ਉਹਨਾਂ ਦਾ ਮਨ ਬੜਾ ਦੁੱਖੀ ਹੁੰਦਾ ਹੈ । ਦੂਸਰੇ ਦਿਨ ਪਤਾ ਚਲਦਾ ਹੈ ਕਿ
ਮੁਸਲਮਾਨ ਆਪਣਾ ਘਰ ਛਡ ਕੇ ਕੈਂਪਾਂ ਵਿਚ ਚਲੇ ਗਏ ਹਨ । ਉਥੋਂ ਉਹ ਕਾਫ਼ਲੇ ਬਣਾ ਕੇ ਪਾਕਿਸਤਾਨ ਚਲੇ ਜਾਣਗੇ । ਹੁਣ ਮੁਸਲਮਾਨਾਂ ਦੇ ਘਰਾਂ ਨੂੰ ਲੁਟਿਆ ਜਾ ਰਿਹਾ ਸੀ
ਤੇ ਖਾਲੀ ਮਕਾਨਾਂ ਨੂੰ ਅੱਗ ਲਗਾਈ ਜਾ ਰਹੀ ਸੀ । ਬੀਰੀ ਆਪਣੇ ਬਾਬਾ (ਭਾਈਆ ਜੀ) ਜੀ ਨਾਲ ਬੁੱਢਾਂ ਦੇ ਘਰ ਆਉਂਦਾ ਹੈ । ਭਾਈਆ ਜੀ ਨੇ ਬੁੱਢਾ ਦਾ ਸਾਰਾ ਸਮਾਨ ਇਕੱਠਾ
ਕਰ ਕੇ ਬੰਨ ਦਿਤਾ ਜਿਵੇਂ ਉਹ ਬੁੱਢਾਂ ਦੀ ਅਮਾਨਤ ਸਮਝਦੇ ਹੋਣ । ਬੀਰੀ ਸਲਮਾ ਦੀਆਂ ਕਿਤਾਬਾਂ ਦੀ ਫਰੋਲਾ-ਫਰਾਲੀ ਕਰ ਰਿਹਾ ਸੀ ਤਾਂ ਉਸ ਨੂੰ ਸਲਮਾ ਦੀ ਇਕ ਡਾਇਰੀ
ਮਿਲਦੀ ਹੈ । ਉਸ ਤੋਂ ਬੀਰੀ ਨੂੰ ਪਤਾ ਲਗਦਾ ਹੈ ਕਿ ਸਲਮਾ ਅਮਜਦ ਨਾਮ ਦੇ ਇਕ ਵਿਦਿਆਰਥੀ ਨੇਤਾ ਨੂੰ ਪਿਆਰ ਕਰਦੀ ਹੈ ਅਤੇ ਉੋਸ ਨੇ ਉਸ ਦੀ ਯਾਦ ਵਿਚ ਕਈ ਸਫ਼ੇ
ਲਿਖੇ ਹਨ । ਇਕ ਸਫ਼ੇ ਉਤੇ ਉਸਨੇ ਬੀਰੀ ਬਾਰੇ ਵੀ ਲਿਖਿਆ ਹੋਇਆ ਹੈ ਜਿਸ ਵਿਚ ਇਕ ਤਰ੍ਹਾਂ ਦੀ ਦੁਬਿਧਾ ਨਜ਼ਰ ਆਉਂਦੀ ਹੈ । ਉਸ ਵਿਚ ਉਸਦੇ ਪਿਆਰ ਤੇ ਨਫ਼ਰਤ ਦੇ
ਮਿਲੇ-ਜੁਲੇ ਭਾਵ ਪ੍ਰਗਟ ਕੀਤੇ ਹਨ ।
ਕੁਝ ਦਿਨ ਬੀਤ ਜਾਣ ਤੋ ਬਾਅਦ ਪਾਕਿਸਤਾਨ ਤੋਂ ਚਿੱਠੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ । ਲੋਕ ਇਕ-ਦੂਜੇ ਬਾਰੇ ਜਾਣਨ ਲਈ ਉਤਸੁਕ ਹੁੰਦੇ ਹਨ । ਭਾਈਆ ਜੀ ਨੂੰ ਵੀ
ਬੁੱਢਾਂ ਦਾ ਇਕ ਖ਼ਤ ਮਿਲਦਾ ਹੈ ਜਿਸ ਵਿਚ ਉਸ ਨੇ ਆਪਣੇ ਮੁਸ਼ਕਲਾਂ ਭਰੇ ਜੀਵਨ ਦਾ ਹਾਲ ਲਿਖਿਆ ਹੁੰਦਾ ਹੈ । ਬੀਰੀ ਇਸ ਖ਼ਤ ਤੋਂ ਪਤਾ ਨੋਟ ਕਰਕੇ ਉਨ੍ਹਾਂ ਨੂੰ ਚਿੱਠੀ ਲਿਖਦਾ
ਹੈ ਕਿ ਉਹ ਨਿਸ਼ਚਿਤ ਤਾਰੀਖ਼ ਉਤੇ ਬਾਰਡਰ ਉਤੇ ਆ ਕੇ ਉਹਨਾਂ ਨੂੰ ਮਿਲਣ ਤਾਕਿ ਉਹ ਉਹਨਾਂ ਦਾ ਸਾਮਾਨ ਉਹਨਾਂ ਨੂੰ ਦੇ ਸਕਣ । ਨਿਸ਼ਚਿਤ ਤਾਰੀਖ਼ ਉਤੇ ਬੀਰੀ ਤੇ ਭਾਈਆ
ਜੀ ਬਾਰਡਰ ਉੱਤੇ ਪਹੁੰਚ ਜਾਂਦੇ ਹਨ । ਬੁੱਢਾਂ ਤੇ ਸਲਮਾ ਉਨ੍ਹਾਂ ਨੂੰ ਬੜੇ ਨਿਘ ਨਾਲ ਮਿਲਦੇ ਹਨ । ਭਾਈਆ ਜੀ ਬੁੱਢਾਂ ਨੂੰ ਉਸਦੇ ਸਾਰੇ ਸਾਮਾਨ ਦੇ ਨਾਲ-ਨਾਲ ਚਾਂਦੀ ਦੀਆਂ ਟੁੰਬਾਂ
ਵੀ ਵਾਪਸ ਦਿੰਦੇ ਹਨ ਜੋ ਕਿ ਸਲਮਾ ਦੇ ਵਿਆਹ ਵਾਸਤੇ ਸਨ । ਬੀਰੀ ਨੇ ਵੀ ਅਲਗ ਹੋ ਕੇ ਸਲਮਾ ਨਾਲ ਬੜੇ ਪਿਆਰ ਨਾਲ ਗੱਲਾਂ ਕੀਤੀਆਂ । ਉਸ ਨੇ ਉਸਦੀਆਂ ਕਿਤਾਬਾਂ ਸਮੇਤ
ਉਸਦੀ ਡਾਇਰੀ ਵੀ ਉਸ ਨੂੰ ਵਾਪਸ ਦਿੱਤੀ ਅਤੇ ਅਮਜਦ ਬਾਰੇ ਵੀ ਪੁਛਿਆ । ਇਸ ਸਨੇਹ ਭਾਰੀ ਮਿਲਣੀ ਦੇ ਨਾਲ ਹੀ ਨਾਵਲ ਸਮਾਪਤ ਹੋ ਜਾਂਦਾ ਹੈ ।
ਪੰਜਾਬੀ ਕਹਾਣੀਆਂ (ਮੁੱਖ ਪੰਨਾ) |