ਇੱਕ ਬੇਆਰਾਮ ਰੂਹ: ਸਆਦਤ ਹਸਨ ਮੰਟੋ
'ਮੰਟੋ ਦੇ ਬਾਰੇ ਹੁਣ ਤੱਕ ਬਹੁਤ ਕੁਝ ਲਿਖਿਆ ਅਤੇ ਕਿਹਾ ਜਾ ਚੁੱਕਾ ਹੈ; ਉਸ ਦੇ ਹੱਕ 'ਚ ਘੱਟ ਅਤੇ ਵਿਰੁੱਧ ਬਹੁਤਾ। ਇਹ ਲਿਖ਼ਤਾਂ ਜੇ ਸਾਹਮਣੇ ਰੱਖੀਆਂ ਜਾਣ ਤਾਂ ਕੋਈ ਵੀ ਅਕਲਮੰਦ ਆਦਮੀ ਮੰਟੋ ਬਾਰੇ ਸਹੀ ਰਾਇ ਕਾਇਮ ਨਹੀਂ ਕਰ ਸਕਦਾ……।' ਮੰਟੋ ਨੇ ਆਪਣਾ ਵਿਅਕਤੀਤਵ 'ਮੰਟੋ' ਉਪਰੋਕਤ ਸਤਰਾਂ ਨਾਲ ਆਰੰਭ ਕੀਤਾ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਕਿੰਨਾ ਚਰਚਿਤ ਲੇਖਕ ਸੀ।
ਸਆਦਤ ਹਸਨ ਮੰਟੋ ਬਾਰੇ ਹੁਣ ਵੀ ਗੱਲ ਛਿੜੇ ਸਹੀ, ਅਦਬੀ ਹਲਕਿਆਂ'ਚ ਝੱਟ ਭਖਵੀਂ ਬਹਿਸ ਅਤੇ ਵਾਦ-ਵਿਵਾਦ ਖੜ੍ਹਾ ਹੋ ਜਾਏਗਾ। ਉਹਦੀ ਮੌਤ ਹੋਈ ਨੂੰ ਲਗਪਗ ਸਾਢੇ ਚਾਰ ਦਹਾਕੇ ਬੀਤ ਗਏ, ਪਰ ਉਹਦੀ ਸ਼ਖ਼ਸੀਅਤ ਅਤੇ ਉਹਦੀਆਂ ਲਿਖ਼ਤਾਂ ਬਾਰੇ ਚਰਚਾ ਮੁੱਕਣ 'ਚ ਨਹੀਂ ਆਉਂਦੀ। ਇਹ ਮੁੱਕਣੀ ਵੀ ਨਹੀਂ। ਉਹ ਹੈ ਈ ਇਹੋ ਜਿਹਾ ਸੀ। ਅਨੋਖੀ ਪ੍ਰਤਿਭਾ ਦਾ ਮਾਲਕ। ਨਿਆਣਾ ਹੁੰਦਾ ਪਰਲੇ ਦਰਜੇ ਦਾ ਸ਼ਰਾਰਤੀ, ਅੰਤਾਂ ਦਾ ਜ਼ਿੱਦੀ, ਹਠੀ ਅਤੇ ਕੱਬਾ। ਆਪਣੇ ਉੱਤੇ ਹੋਏ ਹਮਲੇ ਦਾ ਤੁਰੰਤ ਮੂੰਹ ਤੋੜ ਜਵਾਬ ਦੇਣ ਵਾਲਾ। ਆਪਣਾ ਕੋਈ ਅਮਲ ਅਤੇ ਗੱਲ ਲੁਕੋਣੀ ਨਹੀਂ ਅਤੇ ਕਿਸੇ ਦੀ ਧਰੀ ਢਕੀ ਰਹਿਣ ਨਹੀਂ ਦੇਣੀ। ਪਿਆਰ ਕਰਨ ਵਾਲੇ ਲਈ ਜਾਨ ਹਾਜ਼ਰ ਹੈ। ਜੇ ਨਫ਼ਰਤ ਹੈ ਤਾਂ ਬਸ ਨਫ਼ਰਤ ਹੈ। ਗਭਲਾ ਕੋਈ ਰਾਹ ਨਹੀਂ।
ਉਹਨੇ ਆਪਣੇ ਬਹੁਤ ਹੀ ਪਿਆਰੇ ਮਿੱਤਰਾਂ, ਜੋ ਉਸ ਸਮੇਂ ਦੇ ਮੰਨੇ ਪ੍ਰਮੰਨੇ ਲੇਖਕ ਸਨ: ਅਹਿਮਦ ਨਦੀਮ ਕਾਸਮੀ, ਕ੍ਰਿਸ਼ਨ ਚੰਦਰ ਅਤੇ ਕਈ ਹੋਰਾਂ ਨਾਲ ਵਰ੍ਹਿਆਂ ਬੱਧੀ ਦੋਸਤੀ ਨਿਭਾਈ। ਲੋੜ ਪੈਣ 'ਤੇ ਉਹਨਾਂ ਦੇ ਕੰਮ ਆਉਂਦਾ ਰਿਹਾ। ਆਪਣਾ ਆਰਥਿਕ ਅਤੇ ਸਮੇਂ ਦਾ ਨੁਕਸਾਨ ਉਠਾ ਕੇ ਵੀ, ਪਰ ਜਦੋਂ ਉਹਨੇ ਮਹਿਸੂਸ ਕੀਤਾ ਕਿ ਉਹ ਦੋਸਤੀ ਦੀ ਹੱਦ ਤੋਂ ਬਾਹਰ ਜਾ ਕੇ ਆਪਣੇ ਆਪ ਨੂੰ ਉਸ ਨਾਲੋਂ ਵੱਡਾ ਲੇਖਕ ਸਾਬਤ ਕਰਨ ਖ਼ਾਤਰ ਉਹਦੇ ਵਿਰੁੱਧ ਬੋਲਦੇ ਅਤੇ ਨੁਕਤਾਚੀਨੀ ਕਰਦੇ ਨੇ ਤਾਂ ਉਹ ਉਹਨਾਂ ਤੇ ਵਰ੍ਹ ਪਿਆ। ਏਥੋਂ ਤੱਕ ਕਿ ਗਾਲੀ ਗਲੋਚ ਤੇ ਉੱਤਰ ਆਇਆ। ਰਾਜਿੰਦਰ ਸਿੰਘ ਬੇਦੀ, ਸਾਡੇ ਬਹੁਤ ਵੱਡੇ ਕਾਹਣੀਕਾਰ ਬਾਰੇ ਉਹਨੇ ਟਿੱਪਣੀ ਕੀਤੀ: 'ਸਰਦਾਰਾ! ਮੰਨਿਆ ਤੂੰ ਚੰਗੀ ਕਹਾਣੀ ਲਿਖ ਲੈਨੈਂ, ਪਰ ਕਿੱਲ੍ਹ ਕੇ ਕਿਓਂ ਲਿਖਦੈਂ।'
ਇੱਕੋ ਸ਼ਹਿਰ ਲਾਹੌਰ ਰਹਿੰਦਿਆਂ ਅਹਿਮਦ ਨਦੀਮ ਕਾਸਮੀ, ਜਿਸ ਨੂੰ ਮੰਟੋ ਤਰੱਕੀ ਪਸੰਦਾਂ ਦਾ ਗੁਰੂ ਕਹਿੰਦਾ ਸੀ ( ਹੁਣ ਉਹ ਕੱਟੜ ਮੁਸਲਿਮ ਲੀਗੀ ਹੈ!) ਨੇ 'ਮੰਟੋ ਦੇ ਨਾਂ ਖੁੱਲ੍ਹੀ ਚਿੱਠੀ' ਇੱਕ ਅਖ਼ਬਾਰ 'ਚ ਛਪਵਾ ਦਿੱਤੀ। ਕਹਿੰਦੇ ਨੇ ਮੰਟੋ ਨੂੰ ਜਦੋਂ ਪਤਾ ਲੱਗਿਆ ਤਾਂ ਉਹ ਚਿੱਠੀ ਪੜ੍ਹੇ ਬਗੈਰ ਸਿੱਧਾ ਘਰ ਗਿਆ। ਗੁੱਸੇ ਵਿੱਚ ਆਏ ਨੇ ਨਦੀਮ ਸਾਹਬ ਦੇ ਸਾਰੇ ਖ਼ਤਾਂ ਦਾ ਪੁਲੰਦਾ ਚੁੱਲ੍ਹੇ 'ਚ ਫ਼ੂਕ ਦਿੱਤਾ। ਉਹਨੂੰ ਠੋਕਵਾਂ ਜਵਾਬ ਵੀ ਦਿੱਤਾ। ਮੰਟੋ ਦੀ ਮੌਤ ਤੋਂ ਕੋਈ ਸੱਤ ਸਾਲ ਪਿੱਛੋਂ ਅਹਿਮਦ ਨਦੀਮ ਕਾਸਮੀ ਹੁਰਾਂ ਨੇ ਮੰਟੋ ਦੇ ਉਹਨੂੰ ਲਿਖੇ ਖ਼ਤਾਂ ਦਾ ਸੰਗ੍ਰਹਿ 'ਮੰਟੋ ਕੇ ਖ਼ਤੂਤ, ਨਦੀਮ ਕੇ ਨਾਮ' ਦੇ ਅਨੁਵਾਨ ਨਾਲ 1962 ਵਿੱਚ ਛਾਪਿਆ। ਭੂਮਿਕਾ 'ਚੋਂ ਕਾਸਮੀ ਸਾਹਿਬ ਦੀਆਂ ਦੋ-ਤਿੰਨ ਸਤਰਾਂ ਤੁਹਾਡੀ ਖ਼ਿਦਮਤ ਵਿੱਚ ਪੇਸ਼ ਹਨ: "ਪਰੰਤੂ ਫ਼ੇਰ ਮੈਂ ਦੋ-ਤਿੰਨ ਵਾਰ ਮੰਟੋ ਦੀ ਜ਼ਾਤ ਤੇ ਆਲੋਚਨਾ ਕਰ ਦਿੱਤੀ। ਨਾਲ ਹੀ ਉਹਦੇ ਕੁਝ ਇਹੋ ਜਿਹੇ ਦੋਸਤਾਂ ਨੂੰ ਬੁਰਾ-ਭਲਾ ਕਹਿ ਦਿੱਤਾ, ਜੋ ਬਹੁਤੀ ਨੇੜਤਾ ਜਤਾਉਂਦਿਆਂ ਉਸਦੀ ਬਰਾਬਰੀ ਦੀ ਰਫ਼ਤਾਰ ਨੂੰ ਤੇਜ਼ਤਰ ਕਹਿੰਦੇ ਸਨ। ਏਸੇ ਕਾਰਨ ਮੰਟੋ ਮੇਰੇ ਨਾਲ ਬਿਗੜ ਗਿਆ। ਮੈਨੂੰ ਉਹਦਾ ਇਹ ਫ਼ਿਕਰਾ ਕਦੇ ਨਹੀਂ ਭੁੱਲਣਾ: "ਮੈਂ ਤੈਨੂੰ ਆਪਣੀ ਜ਼ਮੀਰ ਦੀ ਮਸਜਿਦ ਦਾ ਇਮਾਮ ਮੁਕੱਰਰ (ਨਿਯੁਕਤ) ਨਹੀਂ ਕੀਤਾ ਹੈ, ਕੇਵਲ; ਦੋਸਤ ਬਣਾਇਆ ਹੈ……' ਨਤੀਜਾ ਇਹ ਕਿ ਮੈਂ ਮੰਟੋ ਤੋਂ ਕਤਰਾ ਕੇ ਨਿਕਲ ਜਾਣ ਵਿੱਚ ਹੀ ਆਪਣੀ ਅਤੇ ਜਜ਼ਬਾਤ ਦੀ ਭਲਾਈ ਸਮਝੀ।" ਇਹ ਸਾਰਾ ਝਗੜਾ -ਰਗੜਾ ਪਾਕਿਸਤਾਨ ਦੇ ਇੱਕ ਬਹੁਤ ਹੀ ਮਸ਼ਹੂਰ ਰਿਸਾਲੇ 'ਨਕੂਸ਼' ਦੇ ਐਡੀਟਰ ਅਤੇ ਮਾਲਕ ਮਿਸਟਰ ਮੁਹੰਮਦ ਤੁਫ਼ੈਲ ਦੇ ਮਜ਼ਮੂਨ 'ਮੰਟੋ ਸਾਹਿਬ' ਕਰਕੇ ਸ਼ੁਰੂ ਹੋਇਆ, ਜਿਸ ਵਿੱਚ ਮੰਟੋ ਦੇ ਦਾਰੂ ਪੀਣ ਅਤੇ ਪੈਸੇ ਉਧਾਰੇ ਲੈਣ ਦਾ ਜ਼ਿਕਰ ਖੁੱਲ੍ਹ ਕੇ ਕੀਤਾ ਗਿਆ ਸੀ।
ਸਾਡੇ ਬਜ਼ੁਰਗ ਲੇਖਕ ਸ੍ਰੀ ਦੇਵਿੰਦਰ ਸਤਿਆਰਥੀ ਨੂੰ ਵੀ ਮੰਟੋ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਉਹ ਇਹਨਾਂ ਨੂੰ 'ਫ਼ਰਾਡ' ਕਹਿੰਦਾ ਹੁੰਦਾ ਸੀ ਅਤੇ ਚੋਂਦੀਆਂ ਚੋਂਦੀਆਂ ਸੁਣਾਉਂਦਾ ਸੀ। ਕੇਵਲ ਇੱਕ ਮਿਸਾਲ ਦੇ ਕੇ ਲੰਬਾ ਕਿੱਸਾ ਖ਼ਤਮ ਕਰਦਾ ਹਾਂ।
ਮੰਟੋ ਨੇ ਮਈ 1943 ਨੂੰ ਬੰਬਈ ਤੋਂ ਅਹਿਮਦ ਨਦੀਮ ਕਾਸਮੀ ਨੂੰ ਲਿਖਿਆ, "ਕੁਝ ਦਿਨ ਹੋਏ, ਜਦ ਕਿ ਸਫ਼ੀਆ (ਮੰਟੋ ਦੀ ਪਤਨੀ) ਬਿਸਤਰੇ ਤੇ ਪਈ ਸੀ, ਦੇਵਿੰਦਰ ਸਤਿਆਰਥੀ ਦਾ ਟੈਲੀਫ਼ੋਨ ਆਇਆ, ਮੈਂ ਉਹਨੂੰ ਗਾਲ੍ਹਾਂ ਕੱਢੀਆਂ। ਮੇਰੇ ਦਿਲ 'ਚ ਉਹਦੇ ਬਾਰੇ ਜੋ ਵੀ ਵਿਚਾਰ ਸਨ, ਪ੍ਰਗਟ ਕਰ ਦਿੱਤੇ ਅਤੇ ਉਹਨੂੰ ਖੁੱਲ੍ਹੇ ਲਫ਼ਜ਼ਾਂ 'ਚ ਕਹਿ ਦਿੱਤਾ: ਮੈਂ ਤੈਨੂੰ ਮਿਲਣਾ ਨਹੀਂ ਚਾਹੁੰਦਾ…।"
ਉਹਨੇ ਇਸ ਦੇ ਪਿੱਛੋਂ ਕਮਾਲ ਦੀ ਢੀਠਤਾਈ ਨਾਲ ਦੋ ਤਿੰਨ ਵੇਰਾਂ ਫ਼ੋਨ ਕੀਤਾ, ਪਰ ਮੈਂ ਆਪਣਾ ਇਰਾਦਾ ਨਾ ਬਦਲਿਆ ਸਗੋਂ ਉਸ ਦੀ ਇਸ ਢੀਠਤਾਈ ਨੇ ਮੈਨੂੰ ਉਹਤੋਂ ਹੋਰ ਦੂਰ ਕਰ ਦਿੱਤਾ। ਜੇ ਉਹ ਮੈਨੂੰ ਜਵਾਬ ਵਿੱਚ ਗਾਲ੍ਹਾਂ ਕੱਢਦਾ ਅਤੇ ਉਸ ਹਮਲੇ ਦਾ ਜਵਾਬ ਦਿੰਦਾ, ਜੋ ਮੈਂ ਉਸ 'ਤੇ ਕੀਤਾ ਸੀ ਤਾਂ ਬਹੁਤ ਸੰਭਵ ਹੈ, ਮੈਂ ਆਪ ਉਸ ਕੋਲ ਜਾ ਕੇ ਉਹਨੂੰ ਲੈ ਆਉਂਦਾ ਅਤੇ ਆਪਣੇ ਘਰ ਮਹਿਮਾਨ ਬਣਾ ਕੇ ਰੱਖਦਾ।
ਸਫ਼ੀਆ ਨੇ ਫ਼ੋਨ ਉੱਤੇ ਮੇਰੀਆਂ ਇਹ ਗੱਲਾਂ ਸੁਣੀਆਂ ਤਾਂ ਮੈਨੂੰ ਬੁਰਾ-ਭਲਾ ਕਿਹਾ। ਮੈਂ ਉਹਨੂੰ ਕਿਹਾ: ਮੈਂ ਦਿਲ 'ਚ ਨਫ਼ਰਤ ਰੱਖਦਿਆਂ ਹੋਇਆਂ ਜ਼ੁਬਾਨ ਉੱਤੇ ਪਿਆਰ -ਮੁਹੱਬਤ ਦੇ ਸ਼ਬਦ ਨਹੀਂ ਲਿਆ ਸਕਦਾ।"
ਬਹੁਤ ਜ਼ਿਆਦਾ ਸ਼ਰਾਬ ਪੀਣ ਲੱਗ ਪਿਆ ਹਾਂ……।"
ਉਹਦੇ ਇਸ ਰਵੱਈਏ ਦੇ ਬਾਵਜੂਦ ਉਹਦੀ ਮੌਤ ਪਿੱਛੋਂ ਲੇਖਕਾਂ ਨੇ ਉਹਦੀ ਸਦਾਕਤ, ਸਾਫ਼ਗੋਈ ਅਤੇ ਪ੍ਰਤਿਭਾ ਨੂੰ ਸਲਾਹਿਆ। ਉਹਦੇ ਬਾਰੇ ਲੇਖਕ ਲਿਖੇ।
ਕ੍ਰਿਸ਼ਨ ਚੰਦਰ ਨੇ ਦਿਲ ਨੂੰ ਬੜਾ ਟੁੰਬਣ ਵਾਲਾ ਲੇਖ 'ਖ਼ਾਲੀ ਬੋਤਲ ਭਰਿਆ ਮਨ' ਲਿਖ ਕੇ ਸ਼ਰਧਾਂਜਲੀ ਪੇਸ਼ ਕੀਤੀ। ਮੰਟੋ ਨੇ ਉਹਨੂੰ ਸੱਦਾ ਦਿੱਤਾ ਸੀ, 'ਓਏ ਕ੍ਰਿਸ਼ਨ! ਆ ਰਲ ਕੇ ਇੱਕ ਫ਼ਿਲਮ ਦਾ ਸਕ੍ਰਿਪਟ ਲਿਖੀਏ!' ਉਹਨੇ ਨਾਂਹ-ਨੁੱਕਰ ਕੀਤੀ ਤਾਂ ਮੰਟੋ ਨੇ ਉਸਨੂੰ ਝਾੜਿਆ, "ਬਕਵਾਸ ਨਾ ਕਰ, ਆਪਾਂ ਨਵੇਂ ਸੂਟ ਨਹੀਂ ਸਿਲਾਉਣੇ।" ਫ਼ਿਲਮ ਬਣੀ, ਜਿਸ ਦਾ ਨਾਂ ਸੀ 'ਬਣਜਾਰਾ'। ਨਵੇਂ ਸੂਟ ਸਿਲਵਾਏ ਗਏ। ਉਧਾਰ! ਕ੍ਰਿਸ਼ਨ ਚੰਦਰ ਪਿੱਛੋਂ ਉਸ ਦਰਜ਼ੀ ਅਬਦੁਲ ਗਨੀ ਨੂੰ ਲੱਭਦਾ ਫ਼ਿਰਿਆ। ਪਰ ਉਹ ਪਾਕਿਸਤਾਨ ਜਾ ਚੁੱਕਿਆ ਸੀ।
ਕ੍ਰਿਸ਼ਨ ਚੰਦਰ ਟਾਂਗੇ 'ਚ ਬੈਠਾ ਇੱਕ ਦੋਸਤ ਨਾਲ ਮੰਟੋ ਬਾਰੇ ਗੱਲਾਂ ਕਰ ਰਿਹਾ ਸੀ। 'ਹੈਂਅ! ਮੰਟੋ ਮਰ ਗਿਆ।' ਕੋਚਵਾਨ ਨੇ ਪੁੱਛਿਆ। ਜਦੋਂ ਉਹਨਾਂ ਨੇ 'ਹਾਂ' ਵਿੱਚ ਉੱਤਰ ਦਿੱਤਾ ਤਾਂ ਉਹਨੇ ਟਾਂਗਾ ਰੋਕ ਲਿਆ ਅਤੇ ਬੋਲਿਆ, 'ਸਾਅਬ, ਟਾਂਗਾ ਅੱਗੇ ਨਹੀਂ ਜਾਏਗਾ।' ਤੇ ਆਪ ਉੱਠ ਕੇ ਇੱਕ ਨੇੜਲੇ ਠੇਕੇ ਵਿੱਚ ਵੜ ਗਿਆ। ਮੰਟੋ ਉਹਦੇ ਟਾਂਗੇ ਵਿੱਚ ਬੈਠ ਕੇ ਬਾਜ਼ਾਰ ਜਾਂਦਾ ਸੀ।
ਬਹੁਤਾ ਸਮਾਂ ਨਹੀਂ ਸੀ ਬੀਤਿਆ, ਇੱਕ ਵੇਰਾਂ ਸਤਿਆਰਥੀ ਜੀ ਆਪਣੀ ਪਤਨੀ ਨਾਲ ਚੰਡੀਗੜ੍ਹ ਤਸ਼ਰੀਫ਼ ਲਿਆਏ। ਉਹਨਾਂ ਦੇ ਸਵਾਗਤ 'ਚ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ 26 ਵਿਖੇ ਇੱਕ ਸਮਾਗਮ ਹੋਇਆ ਮੈਂ ਸਟੇਜ ਤੋਂ ਬੋਲਦਿਆਂ ਹੋਇਆਂ ਉਹਨਾਂ ਦੇ ਮੰਟੋ ਨਾਲ ਸੰਬੰਧਾਂ ਬਾਰੇ ਜ਼ਿਕਰ ਕੀਤਾ। ਮੰਟੋ ਅਕਸਰ ਆਪਣੇ ਸਮਕਾਲੀਆਂ ਦਾ ਤਿੱਖੇ ਜੁਮਲੇ ਕੱਸ ਕੇ , ਤੇਜ਼ਾਬੀ ਕਟਾਖ਼ ਨਾਲ ਮਜ਼ਾਕ ਉਡਾਉਂਦਾ ਸੀ। ਕਹਿੰਦੇ ਨੇ ਉਹਨਾਂ ਦੀ ਸ਼ਹਿ ਤੇ ਸਤਿਆਰਥੀ ਜੀ ਨੇ ਮੰਟੋ ਦੇ ਖ਼ਿਲਾਫ਼ 'ਨਏ ਦੇਵਤਾ' ਕਹਾਣੀ ਲਿਖੀ। ਉਸ ਵਿੱਚ ਉਹਦੀ ਸ਼ਰਾਬ ਪੀਣ ਦੀ ਆਦਤ ਅਤੇ ਫ਼ੇਰ ਬਹਿਕ ਜਾਣ ਦਾ ਭਰਪੂਰ ਵਰਨਣ ਸੀ। ਮੰਟੋ ਜਿਵੇਂ ਕਹਿੰਦੇ ਹੁੰਦੇ ਨੇ ਨਾ, ਅੱਗ -ਬਬੂਲਾ ਹੋ ਗਿਆ। ਦੋਸਤਾਂ ਨਾਲ ਮੰਨ-ਮਨੌਤੀ ਦੀ ਦਾਰੂ ਦੇ ਦੌਰ 'ਤੇ ਹੋਈ ਮਹਿਫ਼ਿਲ 'ਚ ਮੰਟੋ ਅਚਾਨਕ ਭਬਕਿਆ ਅਤੇ ਸਤਿਆਰਥੀ ਜੀ ਨੂੰ ਸੰਬੋਧਨ ਹੋਇਆ, "ਜੀ ਕਰਦੈ ਤੇਰੀ ਦਾਹੜੀ ਸ਼ਰਾਬ ਨਾਲ ਧੋ ਦਿਆਂ…ਅੱਗੇ ਨੂੰ ਮੇਰੀ ਸ਼ਰਾਬ ਦਾ ਮਜ਼ਾਕ ਨਾ ਉਡਾਈਂ!"
ਮੇਰੀਆਂ ਗੱਲਾਂ ਤੋਂ ਸਤਿਆਰਥੀ ਜੀ ਉਤੇਜਿਤ ਨਾ ਹੋਏ। ਜਦੋਂ ਉਹ ਲੇਖਕਾਂ ਦੀ ਭਰਵੀਂ ਹਾਜ਼ਰੀ 'ਚ ਬੋਲੇ। ਉਹਨਾਂ ਬਾਕੀ ਸਾਰਾ ਕੁਝ ਛੱਡ ਦਿੱਤਾ। ਕੇਵਲ ਮੰਟੋ ਦੀ ਪ੍ਰਤਿਭਾ ਅਤੇ ਵਡਿੱਤਣ ਬਾਰੇ ਬੋਲਦੇ ਰਹੇ। ਬੋਲਦਿਆਂ ਬੋਲਦਿਆਂ ਉਹਨਾਂ ਦੀਆਂ ਅੱਖਾਂ ਸੇਜਲ ਹੋ ਗਈਆਂ ਅਤੇ ਬੜੇ ਭਾਵੁਕ ਹੋ ਕੇ ਉਹਨਾਂ ਆਖਿਆ, "ਹਾਂ, ਮੰਟੋ ਨੇ ਪਹਿਲੀ ਵਾਰ ਮੈਨੂੰ 'ਫ਼ਰਾਡ' ਆਖਿਆ ਸੀ, ਬੜੀ ਮੁਹੱਬਤ ਨਾਲ।"
ਮੰਟੋ ਨੇ ਤਾਂ ਆਪਣੇ ਆਪ ਨੂੰ ਵੀ ਅੱਵਲ ਦਰਜੇ ਦਾ 'ਫ਼ਰਾਡ' ਕਿਹਾ। ਹਿੰਦੀ ਦੇ ਪ੍ਰਸਿੱਧ ਸਾਹਿਤਕਾਰ ਓਪੇਂਦਰ ਨਾਥ 'ਅਸ਼ਕ' ਨੇ 'ਮੰਟੋ ਮੇਰਾ ਦੁਸ਼ਮਣ' ਕਿਤਾਬ ਲਿਖੀ। ਜਿਸ ਦੇ ਨਾਂ ਤੋਂ ਹੀ ਜ਼ਾਹਿਰ ਹੈ ਕਿ ਇਹ ਮੰਟੋ ਦੇ ਖ਼ਿਲਾਫ਼ ਹੋਵੇਗੀ। ਮੈਂ ਪੜ੍ਹੀ ਤਾਂ ਮਹਿਸੂਸ ਹੋਇਆ ਕਿ ਮੰਟੋ ਦਾ ਕੱਦ 'ਅਸ਼ਕ' ਤੋਂ ਕਿਤੇ ਉੱਚਾ ਹੈ।
ਮੁਹੰਮਦ ਅਸਦੁੱਲਾ, ਜੋ ਮੰਟੋ ਦੇ ਜੀਵਨ ਦੇ ਆਖ਼ਰੀ ਸਾਲਾਂ 'ਚ ਉਸ ਨਾਲ ਰਿਹਾ, ਨੇ 160 ਸਫ਼ਿਆਂ ਦੀ ਕਿਤਾਬ ਲਿਖੀ, 'ਮੰਟੋ ਮੇਰਾ ਦੋਸਤ' ਜੋ ਮਈ 1955 ਵਿੱਚ ਛਪੀ। ਲੰਬਾ ਚੌੜਾ ਵੇਰਵਾ ਸੰਭਵ ਨਹੀਂ। ਪਾਠਕਾਂ ਦੀ ਲਿਦਚਸਪੀ ਲਈ ਉਦਹੇ 'ਚੋਂ ਇੱਕ ਉਦਹਾਰਣ ਪੇਸ਼ ਹੈ:
'ਮੰਟੋ ਨੇ ਚਾਲੀ ਦਿਨਾਂ 'ਚ ਚਾਲੀ ਕਹਾਣੀਆਂ ਲਿਖੀਆਂ। ਉਹ ਹਰ ਰੋਜ਼ ਇੱਕ ਕਹਾਣੀ ਲਿਖਦੈ। ਟਾਂਗਾ ਲੈ ਕੇ 'ਮਕਤਬਾ-ਏ-ਕਾਰਵਾਂ' ਦੇ ਮਾਲਕ ਚੌਧਰੀ ਹਮੀਦ ਕੋਲ ਜਾਂਦੇ। ਟਾਂਗਾ ਦੇਖਦੇ ਹੀ ਚੌਧਰੀ ਸਾਹਿਬ ਵੀਹ ਰੁਪਏ ਕੱਢਦੇ ਅਤੇ ਮੰਟੋ ਨੂੰ ਫੜ੍ਹਾ ਦੇਂਦੇ। ਫ਼ੇਰ ਟਾਂਗੇ ਦਾ ਰੁਖ਼ 'ਇੰਗਲਿਸ਼ ਵਾਈਨ ਹਾਊਸ' ਵੱਲ ਹੋ ਜਾਂਦਾ। ਸਾਢੇ ਸਤਾਰਾਂ ਰੁਪਏ ਦੀ ਬੋਤਲ, ਇੱਕ ਰੁਪਈਆ ਟਾਂਗੇ ਵਾਲੇ ਦਾ, ਇੱਕ ਰੁਪਈਏ ਦੀਆਂ ਕੈਪਸਟਨ ਦੀਆਂ ਸਿਗਰਟਾਂ ਅਤੇ ਅੱਠ ਆਨੇ ਦੀ ਮੂਲੀ ਵਗੈਰਾ…ਹੋ ਗਿਆ ਨਾ ਹਿਸਾਬ ਬਰਾਬਰ। ਉਹ ਤਾਂ ਠੀਕ ਐ, ਪਰ ਵਿਚਾਰੀ ਪਤਨੀ ਕੂਕਦੀ ਰਹੀ ,ਸਾਹਿਬ ਕੇਵਲ ਸ਼ਰਾਬ ਲਈ ਲਿਖਦੇ ਨੇ।
ਉਪਰੋਕਤ ਤੋਂ ਇਲਾਵਾ ਮੰਟੋ ਦੇ ਬਚਪਨ ਦੇ ਲੰਗੋਟੀਏ ਯਾਰ ਅਬੂ ਸਈਦ ਕੁਰੈਸ਼ੀ ਨੇ ਉਹਦੀ ਜੀਵਨੀ ਲਿਖੀ। ਲੈਸਲੀ ਫ਼ਲੈਮਿੰਗ ਨੇ 'ਅ ਲੋਨeਲੇ ਵੋਚਇ' ਰਾਹੀਂ ਮੰਟੋ ਦੀਆਂ ਕਹਾਣੀਆਂ ਦਾ ਵੇਰਵੇ ਸਹਿਤ ਲੇਖਾ-ਜੋਖਾ ਕੀਤਾ।
ਮੰਟੋ ਬਾਰੇ ਇੱਕ ਹੋਰ ਵਿਦਵਾਨ ਆਲੋਚਕ ਮੁਹੰਮਦ ਹਸਨ ਅਸਕਰੀ ਦੀ ਇਹ ਰਾਇ ਬੜੀ ਮੁੱਲਵਾਨ ਹੈ:
"ਮੰਟੋ ਨੂੰ (ਲਿਖਣ ਲਈ) ਜਿਨ੍ਹਾਂ ਚੀਜ਼ਾਂ ਦੀ ਲੋੜ ਸੀ, ਉਹ ਉਰਦੂ ਗਲਪ ਦੀ ਪਰੰਪਰਾ ਵਿੱਚ ਨਹੀਂ ਸਨ। ਮੰਟੋ ਨੂੰ ਪਾਣੀ ਪੀਣ ਲਈ ਆਪ ਖੂਹ ਪੁੱਟਣਾ ਪਿਆ। ਵਿਸ਼ੇ ਅਤੇ ਰੂਪ ਦੋਨਾਂ ਦੇ ਪੱਖੋਂ ਮੰਟੋ ਦੀ ਹੈਸੀਅਤ ਸਭ ਤੋਂ ਮੂਹਰੇ ਤੁਰਨ ਵਾਲੇ ਦੀ ਹੈ। ਮੰਟੋ ਨੇ ਜਿਹੜਾ ਖੂਹ ਪੁੱਟਿਆ, ਉਹ ਵਿੰਗਾ-ਟੇਢਾ ਸਹੀ। ਅਤੇ ਉਹਦੇ ਵਿੱਚੋਂ ਜਿਹੜਾ ਪਾਣੀ ਨਿਕਲਿਆ, ਉਹ ਗੰਧਲਾ ਜਾਂ ਖਾਰਾ ਸਹੀ। ਪਰ ਦੋ ਗੱਲਾਂ ਸਾਫ਼ ਨੇ……ਇੱਕ ਤਾਂ ਇਹ ਕਿ ਉਹਨੇ ਖੂਹ ਪੁੱਟਿਆ। ਦੂਜੀ ਇਹ ਕਿ ਉਹਦੇ ਵਿਚੋਂ ਪਾਣੀ ਵੀ ਨਿਕਲਿਆ।"
ਇਸ ਤੇਜ਼ ਤਰਾਰ ਅਤੇ ਬੇਕਰਾਰ ਲੇਖਕ ਦੇ ਬਾਪ ਦਾ ਨਾਂ ਗ਼ੁਲਾਮ ਹਸਨ ਸੀ, ਜੋ ਮੰਟੋ ਦੇ ਲਿਖਣ ਅਨੁਸਾਰ ਸਬ-ਜੱਜ ਸੀ। ਅਤੇ ਉਹਦੀ ਮਾਂ ਦਾ ਨਾਂ ਸੀ ਸਰਦਾਰ ਬੇਗ਼ਮ ਜਿਸ ਨੂੰ ਬੜੇ ਮੋਹ ਅਤੇ ਆਦਰ ਨਾਲ ਉਹ 'ਬੀਬੀ ਜਾਨ' ਕਹਿ ਕੇ ਬੁਲਾਇਆ ਕਰਦਾ ਸੀ। ਜਨਾਬ ਗ਼ੁਲਾਮ ਹਸਨ ਦੀਆਂ ਦੋ ਪਤਨੀਆਂ ਸਨ। ਪਹਿਲੀ ਪਤਨੀ ਦੇ ਤਿੰਨ ਪੁੱਤਰ ਸਨ। ਉਹ ਮੰਟੋ ਤੋਂ ਉਮਰ 'ਚ ਕਾਫ਼ੀ ਵੱਡੇ ਅਤੇ ਵਲਾਇਤ 'ਚ ਬੈਰਸਿਟਰੀ ਪਾਸ ਕਰਕੇ , ਅਫ਼ਰੀਕਾ ਆਦਿ ਦੇਸ਼ਾਂ 'ਚ ਉੱਚੀਆਂ ਪਦਵੀਆਂ 'ਤੇ ਰਹੇ। ਮੰਟੋ ਆਪਣੇ ਬੜੇ ਭਾਈਆਂ ਦੇ ਪਿਆਰ ਨੂੰ ਤਰਸਦਾ ਰਿਹਾ। ਉਹ ਤਿੰਨ ਮਤਰੇਏ ਭਾਈ ਉਹਨੂੰ ਉਦੋਂ ਮਿਲੇ, ਜਦੋਂ ਉਹ ਹਿੰਦੁਸਤਾਨ ਅਤੇ ਪਾਕਿਸਤਾਨ ਦਾ ਚੋਟੀ ਦਾ ਕਹਾਣੀਕਾਰ ਮੰਨਿਆ ਜਾਣ ਲੱਗਾ। ਬਾਪ ਉਹਦਾ ਬੜਾ ਸਖ਼ਤ ਸੁਭਾਅ ਦਾ ਅਤੇ ਮਾਂ ਅੰਤਾਂ ਦੀ ਨਰਮ ਦਿਲ। ਮੰਟੋ ਨੇ ਆਪ ਲਿਖਿਆ, "ਇਹਨਾਂ ਦੋ ਪੁੜਾਂ 'ਚ ਪਿਸ ਕੇ , ਇਹ ਕਣਕ ਦਾ ਦਾਣਾ ਕਿਸ ਸ਼ਕਲ 'ਚ ਬਾਹਰ ਨਿਕਲਿਆ ਹੋਵੇਗਾ, ਇਹਦਾ ਅੰਦਾਜ਼ਾ ਤੁਸੀਂ ਆਪ ਲਾ ਸਕਦੇ ਹੋ।"
ਸਆਦਤ ਹਸਨ ਮੰਟੋ ਦਾ ਵਿਆਹ ਬੰਬਈ 'ਚ ਸਫ਼ੀਆ ਨਾਲ ਹੋਇਆ। ਹਰ ਇੱਕ ਚੀਜ਼ ਵਸਤ ਉਧਾਰ ਚੁੱਕ ਕੇ। ਹਜ਼ਾਮਤ ਤੋਂ ਹਮਾਮ ਤੱਕ। ਉਹਦੀ ਸਕੀ ਭੈਣ ਇਕਬਾਲ ਓਥੇ ਈ ਰਹਿੰਦੀ ਸੀ। ਪਰ ਜੀਜੇ-ਸਾਲੇ ਦੀ ਅਣਬਣ ਕਾਰਨ ਆਪਣੇ ਵੀਰੇ ਦੇ ਵਿਆਹ 'ਚ ਸ਼ਾਮਿਲ ਹੋਣ ਦੀ ਇਜਾਜ਼ਤ ਨਾ ਮਿਲੀ। ਉਹਨੇ ਉਚੇਚਾ ਟੈਲੀਫ਼ਨ ਕਰਕੇ ਆਪਣੇ ਵੀਰ ਨੂੰ ਤਰਲਾ ਕਰਦਿਆਂ ਕਿਹਾ ਕਿ ਉਹ ਉਹਨੂੰ ਸਿਹਰਿਆਂ-ਬੰਨ੍ਹੇ ਨੂੰ ਇੱਕ ਨਜ਼ਰ ਦੇਖਣਾ ਚਾਹੁੰਦੀ ਹੈ।
ਉਹ ਬਾਰਾਤ ਸਮੇਤ ਲੰਬਾ ਮੋੜ ਕੱਟ ਕੇ ਭੈਣ ਦੇ ਫ਼ਲੈਟ ਦੇ ਸਾਹਮਣੇ ਸੜਕ ਉੱਤੇ ਰਤਾ ਕੁ ਰੁਕਿਆ ਅਤੇ ਫ਼ੇਰ ਕਾਫ਼ਲਾ ਅਗਾਂਹ ਲੰਘ ਗਿਆ।
ਉਹਨਾਂ ਦੇ ਤਿੰਨ ਧੀਆਂ ਅਤੇ ਇੱਕ ਪੁੱਤਰ ਪੈਦਾ ਹੋਇਆ। ਪੁੱਤਰ ਬਚਪਨ 'ਚ ਹੀ ਮਰ ਗਿਆ। ਮੰਟੋ ਓਦਣ ਬੇਹੋਸ਼ ਹੋਇਆ। ਜਦੋਂ ਸੰਭਾਲਿਆ ਤਾਂ ਕਿਹਾ, "ਚੰਗਾ ਹੋਇਆ, ਮਰ ਗਿਆ, ਰੋਂਦਾ ਰਹਿੰਦਾ ਸੀ……।" ਏਸ ਤਸਬਰੇ 'ਚ ਕਿੰਨਾ ਦਰਦ,, ਕਿੰਨਾ ਦੁੱਖ ਹੈ, ਇਸਨੂੰ ਕੋਈ ਸੰਵੇਦਨਸ਼ੀਲ ਬੰਦਾ ਹੀ ਸਮਝ ਸਕਦਾ ਹੈ। ਕਈਆਂ ਸਾਲਾਂ ਬਾਅਦ ਇਸ ਹਾਦਸੇ ਬਾਰੇ ਮੰਟੋ ਨੇ 'ਖ਼ਾਲਿਦ ਮੀਆਂ' ਕਹਾਣੀ ਲਿਖੀ, ਜੋ ਉਹਦੀਆਂ ਬੇਹਤਰੀਨ ਕਹਾਣੀਆਂ 'ਚ ਗਿਣੀ ਜਾਂਦੀ ਹੈ।
ਮੰਟੋ ਆਪ ਅਤਿ ਸੰਵੇਦਨਸ਼ੀਲ ਇਨਸਾਨ ਸੀ। ਇੱਕ ਬੇਆਰਾਮ ਅਤੇ ਬੇਚੈਨ ਰੂਹ। ਇਸ ਲਈ ਉਹ ਕਿਤੇ ਵੀ ਟਿਕ ਕੇ ਨਾ ਰਹਿ ਸਕਿਆ। ਨਾ ਅੰਮ੍ਰਿਤਸਰ, ਨਾ ਦਿੱਲੀ, ਨਾ ਪੂਨੇ ਅਤੇ ਨਾ ਹੀ ਬੰਬਈ। ਹੱਸਾਸ ਤਬੀਅਤ ਦਾ ਮਾਲਕ ਹੋਣ ਕਰਕੇ ਉਹ ਕਿਸੇ ਨਾ ਕਿਸੇ ਨਾਲ ਉਲਝ ਜਾਂਦਾ।
ਬੰਦਿਆਂ ਦਾ ਪ੍ਰੇਸ਼ਾਨ ਕੀਤਾ ਅਤੇ ਹਾਲਾਤ ਦਾ ਮਾਰਿਆ ਉਹ ਸੱਤ ਜਾਂ ਅੱਠ ਜਨਵਰੀ 1948 ਨੁੰ ਪਾਕਿਸਤਾਨ-ਲਾਹੌਰ ਜਾ ਪੁੱਜਾ। ਦੇਸ਼ ਦੀ ਵੰਡ ਅਤੇ ਉਸ ਸਮੇਂ ਹੋਏ ਕਤਲੇਆਮ, ਲੁੱਟ-ਖਸੁੱਟ, ਕੁਰਪਸ਼ਨ, ਅਫ਼ਰਾ-ਤਫ਼ਰੀ ਅਤੇ ਔਰਤਾਂ 'ਤੇ ਜ਼ਬਰ ਹੁੰਦਾ ਦੇਖ ਕੇ ਉਹ ਧੁਰ ਅੰਦਰੋਂ ਝੰਜੋੜਿਆ ਗਿਆ। ਅੰਤਾਂ ਦਾ ਤਣਾਓ। ਕੁਝ ਵੀ ਸਮਝ ਨਹੀਂ ਸੀ ਆ ਰਿਹਾ ਅਤੇ ਸੁੱਝ ਰਿਹਾ। ਉਹ ਕਿੱਥੇ ਸੀ? ਹਿੰਦੁਸਤਾਨ ਵਿੱਚ ਜਾਂ ਪਾਕਿਸਤਾਨ ਵਿੱਚ। ਫ਼ੇਰ ਕੀ ਲਿਖਦਾ? ਮਹੀਨਿਆਂ ਬੱਧੀ ਸ਼ਰਾਬ ਪੀਂਦਾ ਰਿਹਾ। ਪੈਸੇ ਮੁੱਕੇ ਤਾਂ ਸੁਰਤ ਟਿਕਾਣੇ ਆਈ।
ਪਹਿਲਾਂ ਦੋਸਤਾਂ- ਮਿੱਤਰਾਂ ਦੇ ਕਹਿਣ 'ਤੇ ਹਲਕੇ-ਫ਼ੁਲਕੇ ਲੇਖ ਲਿਖੇ।
ਫ਼ੇਰ ਜਾਗ ਉੱਠਿਆ ਉਹਦੇ ਅੰਦਰਲਾ ਮੰਟੋ। ਇੱਕ ਤੋਂ ਬਾਅਦ ਇੱਕ ਟੋਭਾ ਟੇਕ ਸਿੰਘ, ਠੰਢਾ ਗੋਸ਼ਤ, ਖੋਲ੍ਹ ਦੋ, ਟੇਟਵਾਲ ਦਾ ਕੁੱਤਾ, ਆਖ਼ਰੀ ਸਲੂਟ ਵਰਗੀਆਂ ਸ਼ਾਹਕਾਰ ਕਹਾਣੀਆਂ ਦੀ ਰਚਨਾ ਹੋਈ। 'ਸਿਆਹ ਹਾਸ਼ੀਏ'ਚ ਦੀਆਂ 'ਮੂਤਰੀ' ਵਰਗੀਆਂ ਉਸਤਰੇ ਦੀ ਤਿੱਖੀ ਧਾਰ ਰਗੀਆਂ ਨਿੱਕੀਆਂ ਕਹਾਣੀਆਂ ਲਿਖੀਆਂ। ਉਹਦੇ 'ਚਾਚਾ ਸਾਮ ਕੇ ਨਾਮ' ਕੋਈ ਡੇਢ ਦਰਜਨ ਖ਼ਤਾਂ ਦਾ ਕੋਈ ਜਵਾਬ ਨਹੀਂ।
'ਟੋਭਾ ਟੇਕ ਸਿੰਘ' ਉਹਦੀ ਅਮਰ ਕਹਾਣੀ ਮੰਨੀ ਜਾਂਦੀ ਏ। ਬਾਬੂ ਗੋਪੀ ਨਾਥ, ਹੱਤਕ, ਬੂ, ਮੰਮੀ, ਕਾਲੀ ਸਲਵਾਰ, ਅਤੇ ਮੰਜ਼ਿਲ ਨੂੰ ਵੀ ਬਹੁਤ ਉੱਚਾ ਸਥਾਨ ਪ੍ਰਾਪਤ ਹੈ। ਜਿਹੜੀਆਂ ਛੇ ਕਹਾਣੀਆਂ 'ਤੇ ਮੁਕੱਦਮੇ ਚੱਲੇ, ਉਹ ਨੇ, ਕਾਲੀ ਸਲਵਾਰ, ਠੰਢਾ ਗੋਸ਼ਤ, ਧੂੰਆਂ, ਖੋਲ੍ਹ ਦੋ ਅਤੇ ਊਪਰ, ਨੀਚੇ ਔਰ ਦਰਮਿਅਨ।
ਇਸ ਤੋਂ ਇਲਾਵਾ ਉਹਨੇ ਬਹੁਤ ਸਾਰੇ ਲੇਖ, ਲੇਖਕ- ਕਲਾਕਾਰਾਂ ਅਤੇ ਫ਼ਿਲਮਾਂ ਅਤੇ ਐਕਟਰ-ਐਕਟ੍ਰੈਸਾਂ ਦੇ ਵਿਅਕਤੀ ਚਿੱਤਰ, ਫ਼ਿਲਮੀ ਕਹਾਣੀਆਂ ਜਿਨ੍ਹਾਂ 'ਚੋਂ 'ਮਿਰਜ਼ਾ-ਗ਼ਾਲਿਬ' ਬੜੀ ਮਕਬੂਲ ਹੋਈ ਹੈ, ਲਿਖੇ। ਦਿੱਲੀ ਰਹਿੰਦਿਆਂ ਸਿੱਧਿਆਂ ਜੋ ਰੇਡੀਓ-ਫ਼ੀਚਰ ਟਾਈਪ ਰਾਈਟਰ 'ਤੇ ਲਿਖੇ, ਉਹਨਾਂ ਦੀ ਵੱਖਰੀ ਅਤੇ ਵਿਲੱਖਣ ਦਾਸਤਾਨ ਹੈ।
ਉਹਨੇ ਕਿਸੇ ਦੀ ਅਧੀਨਗੀ ਕੱਤਈ ਨਹੀਂ ਮੰਨੀ। ਸਦਾ ਵਗਦੀ ਰੌ ਤੇ ਉਲਟਾ ਤੈਰਦਾ ਰਿਹਾ।
ਸਭ ਤੋਂ ਵੱਡੀ ਗੱਲ ਹੈ ਕਿ ਉਹ ਨਾ ਆਪਣੇ ਨਿੱਜੀ ਜੀਵਨ 'ਚ ਤੇ ਨਾ ਹੀ ਕਦੇ ਆਪਣੀਆਂ ਰਚਨਾਵਾਂ ਵਿੱਚ ਫ਼ਿਰਕਾਪ੍ਰਸਤ ਬਣਿਆ। ਉਹਨੇ ਆਪਣੇ ਪਾਤਰ ਆਪਣੇ ਆਲੇ-ਦੁਆਲੇ ਦੀ ਹਰ ਜ਼ਾਤ- ਵਰਗ, ਮਜ਼੍ਹਬ 'ਚੋਂ ਲਏ ਅਤੇ ਉਹਨਾਂ ਨੂੰ ਪੂਰੀ ਨਿਰਪੱਖਤਾ ਨਾਲ ਆਪੋ-ਆਪਣੀ ਥਾਂ 'ਤੇ ਰੱਖ ਕੇ, ਬੇਬਾਕੀ ਨਾਲ ਚਿਤਰਿਆ। ਉਹ ਦੋ ਵਾਰ ਪਾਗਲਖ਼ਾਨੇ ਗਿਆ। ਇਥੇ ਬੇਹੋਸ਼ੀ ਦੀ ਹਾਲਤ ਵਿੱਚ ਸਰਦਾਰ ਦੀਵਾਨ ਸਿੰਘ (ਨਾਕਾਬਲੇ ਫ਼ਰਾਮੋਸ਼ ਦਾ ਰਚੇਤਾ), ਐਕਟਰ ਸ਼ਿਆਮ ਅਤੇ ਅਸ਼ੋਕ ਕੁਮਾਰ ਨੂੰ ਪੁਕਾਰ-ਪੁਕਾਰ ਕੇ ਯਾਦ ਕਰਦਾ ਰਿਹਾ। ਪਾਗਲਖ਼ਾਨੇ 'ਚੋਂ ਬਾਹਰ ਨਿਕਲ ਕੇ ਦੁਨੀਆਂ ਨੂੰ 'ਵੱਡਾ ਪਾਗਲਖ਼ਾਨਾ' ਆਖਿਆ।
ਉਹਨੇ ਹਰ ਕਹਾਣੀ ਤੋਂ ਪਹਿਲਾਂ ਕੋਰੇ ਸਫ਼ੇ ਤੇ 786 ਲਿਖਿਆ, ਜਿਸ ਦਾ ਮਤਲਬ ਹੈ 'ਬਿਸਮਿੱਲਾਹ'। ਉਹਦਾ ਕਥਨ ਹੈ ਕਿ ਉਹ ਕਾਗ਼ਜ਼ 'ਤੇ ਮੋਮਨ ਬਣ ਜਾਂਦਾ ਹੈ।
ਆਪਣੀ ਕਬਰ ਦਾ ਖ਼ੁਤਬਾ ਉਹਨੇ ਆਪਣੇ ਹੱਥੀਂ ਲਿਖਿਆ। ਬੰਬਈ ਨੂੰ ਆਪਣਾ ਦੂਜਾ ਵਤਨ ਮੰਨਦਾ ਰਿਹਾ ਅਤੇ ਲਿਖਿਆ, "ਮੈਂ ਚੱਲਦਾ ਫ਼ਿਰਦਾ ਬੰਬਈ ਹਾਂ।"
ਰੇਡੀਓ, ਸਰਕਾਰੀ ਅਤੇ ਸਰਕਾਰ ਪੱਖੀ ਪਰਚਿਆਂ 'ਚ ਉਹਦਾ ਅਤੇ ਉਹਦੀਆਂ ਰਚਨਾਵਾਂ ਦਾ ਦਾਖ਼ਲਾ ਬੰਦ ਰਿਹਾ।
ਉਹਦਾ ਜੀਵਨ ਹੰਗਾਮਿਆਂ, ਜੱਦੋ-ਜਹਿਦ ਅਤੇ ਮਾਯੂਸੀਆਂ ਦੀ ਮੂੰਹ ਬੋਲਦੀ ਤਸਵੀਰ ਹੈ।
ਉਹਨੂੰ ਕੇਲਵ 42 ਸਾਲ, ਅੱਠ ਮਹੀਨੇ ਅਤੇ ਸੱਤ ਦਿਨ ਜਿਊਣ ਲਈ ਮਿਲੇ। ਉਹ 18-1-1955 ਨੂੰ ਸਾਤੋਂ ਸਦਾ ਲਈ ਵਿਛੜ ਗਿਆ। ਉਹਦੇ ਇੱਕ ਭਾਣਜੇ ਨੇ ਉਹਦੇ ਮਰਨ ਵੇਲੇ ਦਾ ਵੇਰਵਾ 'ਮਾਮੂ' ਨਾਂ ਦੇ ਇੱਕ ਦਿਲ ਵਿੰਨ੍ਹਣ ਵਾਲੇ ਲੇਖ ਵਿੱਚ ਦਿੱਤਾ ਹੈ: ਜਦੋਂ ਉਹਦੀ ਜਾਨ ਨਿਕਲ ਰਹੀ ਸੀ ਤਾਂ ਉਹਨੇ ਸ਼ਰਾਬ ਦੀ ਮੰਗ ਕੀਤੀ। ਉਹਨੇ ਕਿਹਾ ਮੇਰੀ ਜੇਬ 'ਚ ਏਨੇ ਕੁ ਪੈਸੇ ਨੇ…ਉਹ ਏਨੇ ਸਨ ਜਿਨ੍ਹਾਂ ਦੀ ਅੱਜਕੱਲ੍ਹ ਖ਼ਾਲੀ ਬੋਤਲ ਵੀ ਨਹੀਂ ਮਿਲਦੀ। ਹੋਰ ਰਜਾਈ ਦਿਓ, ਮੈਨੂੰ ਠੰਢ ਲੱਗ ਰਹੀ ਐ; ਦੋ ਤਿੰਨ ਰਜਾਈਆਂ ਉਹਦੇ ਉੱਪਰ ਪਾਈਆਂ ਗਈਆਂ; ਉਹ ਫ਼ੇਰ ਵੀ ਠੰਢ ਮੰਨਦਾ ਰਿਹਾ…ਸ਼ਰਾਬ ਲਿਆ ਕੇ ਮੂੰਹ' ਚ ਪਾਈ। ਉਹ ਵਰਾਛਾਂ ਰਾਹੀਂ ਨਿਕਲ ਗਈ। ਉਹਦੀ ਕਾਨ ਨਿਕਲ ਰਹੀ ਸੀ। ਬੱਚੀਆਂ ਅਤੇ ਤੀਮੀਆਂ ਰੋਣ ਲੱਗੀਆਂ। ਉਹ ਮਰਦਾ ਮਰਦਾ ਪੂਰੀ ਜਾਨ ਨਾਲ ਕੜਕਿਆ, "ਖ਼ਬਰਦਾਰ! ਜੇ ਕੋਈ ਰੋਇਆ।"
ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ, ਉਹਦੇ ਚਰਚਿਤ ਹੋਣ ਦਾ। ਪਿਛਲੇ ਪੰਜਾਹ ਵਰ੍ਹਿਆਂ ਵਿੱਚ ਉਹਦੀ ਸਭ ਤੋਂ ਵੱਧ ਚਰਚਾ ਹੋਈ।
ਹੁਣ 'ਸਤਾਨਿਕ ਆਇਤਾਂ' ਦੇ ਲੇਖਕ ਸਲਮਾਨ ਰਸ਼ਦੀ ਨੇ ਪਿਛਲੇ ਪੰਜਾਹ ਵਰ੍ਹਿਆਂ ਦੀਆਂ ਭਾਰਤੀ ਲਿਖ਼ਤਾਂ ਦੀ ਇੱਕ ਕਿਤਾਬ 'The vintage book of Indian writing:1947-1997' ਐਡਿਟ ਕੀਤੀ ਹੈ। ਕਹਾਣੀਕਾਰ ਦੇ ਨਾਤੇ ਉਸ ਵਿੱਚ ਸ਼ਾਮਿਲ ਹੋਣ ਦਾ ਮਾਣ ਇਕੱਲੇ ਮੰਟੋ ਨੂੰ ਮਿਲਿਆ ਹੈ।
ਹਿੰਦੀ ਦੇ ਰਾਜ ਕਮਲ ਪ੍ਰਾਕਸ਼ਨ ਨੇ 'ਦਸਤਾਵੇਜ਼' ਨਾਂ ਦਾ ਪੰਜ ਵੱਡੀਆਂ ਕਿਤਾਬਾਂ ਦਾ ਸੈੱਟ ਮੰਟੋ ਦੀਆਂ ਚੋਣਵੀਆਂ ਰਚਨਾਵਾਂ ਦਾ ਛਾਪਿਆ ਸੀ, ਜੋ ਧੜਾਧੜ ਵਿਕਿਆ।
ਪੰਜਾਬੀ ਕਹਾਣੀਆਂ (ਮੁੱਖ ਪੰਨਾ) |