ਗਿਆਨੀ ਹਰੀ ਸਿੰਘ ਦਿਲਬਰ
ਗਿਆਨੀ ਹਰੀ ਸਿੰਘ ਦਿਲਬਰ (੧੯੧੪-੧੦ ਨਵੰਬਰ ੧੯੯੮) ਪੰਜਾਬੀ ਨਾਵਲਕਾਰ, ਕਹਾਣੀਕਾਰ ਅਤੇ ਕਵੀ ਸਨ। ਉਨ੍ਹਾਂ ਦਾ ਜਨਮ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਲਲਤੋਂ ਕਲਾਂ ਵਿਖੇ ਸ. ਇੰਦਰ ਸਿੰਘ ਤੇ ਮਾਤਾ ਅਮਰ ਕੌਰ ਦੇ ਘਰ ਹੋਇਆ। ਮੁੱਢਲੀ ਸਿੱਖਿਆ ਉਨ੍ਹਾਂ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਤੇ ਲੁਧਿਆਣਾ ਦੇ ਮਾਲਵਾ ਖ਼ਾਲਸਾ ਸਕੂਲ ਤੋਂ ਮੈਟ੍ਰਿਕ ਕਰਨ ਉਪਰੰਤ ਐਫ.ਐਸ.ਸੀ. ਅਤੇ ਗਿਆਨੀ ਪਾਸ ਕੀਤੀ। ੧੯੭੨ ਤਕ ਆਪਨੇ ਅਧਿਆਪਕ ਵਜੋਂ ਨੌਕਰੀ ਕੀਤੀ । ਕਾਲਜ ਪੜ੍ਹਦਿਆਂ ਹੀ ਉਨ੍ਹਾਂ ਨੂੰ ਕਵਿਤਾਵਾਂ ਲਿਖਣ ਦਾ ਸ਼ੌਕ ਪੈਦਾ ਹੋ ਗਿਆ ਸੀ। ਸੰਨ ੧੯੪੦ ਵਿੱਚ 'ਪੇਮੀ ਦੇ ਨਿਆਣੇ' ਸੰਤ ਸਿੰਘ ਸੇਖੋਂ ਦੀ ਕਹਾਣੀ ਤੋਂ ਪ੍ਰਭਾਵਤ ਹੋਕੇ ਕਵਿਤਾਵਾਂ ਦੇ ਨਾਲ-ਨਾਲ ਕਹਾਣੀਆਂ ਵੀ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦੀਆਂ ਰਚਨਾਵਾਂ ਹਨ; ਨਾਵਲ: ਨਦੀਆਂ ਦੇ ਵਹਿਣ, ਬਾਂਹਿ ਜਿਨ੍ਹਾਂ ਦੀ ਪਕੜੀਏ, ਜੋਰੀ ਮੰਗੇ ਦਾਨ, ਉਚਾਣਾਂ ਕਟਦੀਆਂ ਨਦੀਆਂ, ਜੰਗ ਬੱਦੋਵਾਲ ਦੀ ਅਤੇ ਮਹਿਮਾ; ਕਹਾਣੀ ਸੰਗ੍ਰਹਿ: ਕੂੰਜਾਂ ਉੱਡ ਚੱਲੀਆਂ, ਹਿਲੂਣੇ, ਝੱਖੜ, ਮੱਸਿਆ ਦੇ ਦੀਵੇ, ਕੱਸੀ ਦਾ ਪਾਣੀ, ਯਾਦਾਂ ਲਾਡਲੀਆਂ, ਧਰਤੀ ਤਰਸਦੀ ਹੈ, ਝਨਾਂ ਦਾ ਪੱਤਣ, ਛਤਰ ਛਾਵੇਂ, ਤਿਤਲੀਆਂ, ਆਸ ਦੀ ਕਿਰਨ, ਅੱਸੂ ਦੀਆਂ ਛਾਵਾਂ ।