ਹੰਸਰਾਜ ਰਹਿਬਰ
ਹੰਸਰਾਜ ਰਹਿਬਰ (1913-1994) ਹਰਿਆਊ ਸੰਗਵਾਂ (ਸਾਬਕਾ ਰਿਆਸਤ ਪਟਿਆਲਾ) ਜ਼ਿਲ੍ਹਾ ਸੁਨਾਮ ਵਿਚ ਪੈਦਾ ਹੋਏ। ਆਰੀਆ ਹਾਈ ਸਕੂਲ, ਲੁਧਿਆਣਾ ਤੋਂ ਮੈਟ੍ਰਿਕ ਕਰਨ ਤੋਂ ਬਾਅਦ ਡੀ.ਏ.ਵੀ. ਕਾਲਜ, ਲਾਹੌਰ ਤੋਂ ਬੀ.ਏ. ਦਾ ਇਮਤਿਹਾਨ ਪਾਸ ਕੀਤਾ। ਦੇਸ਼ ਦੀ ਵੰਡ ਤੋਂ ਬਾਅਦ ਪ੍ਰਾਈਵੇਟ ਤੌਰ ’ਤੇ ਇਤਿਹਾਸ ਵਿਚ ਐਮ.ਏ. ਦੀ ਡਿਗਰੀ ਪ੍ਰਾਪਤ ਕੀਤੀ। ਸਕੂਲ ਵਿਚ ਪੜ੍ਹਦੇ ਹੋਏ ਇਨ੍ਹਾਂ ਨੂੰ ਉਰਦੂ ਵਿਚ ਸ਼ਿਅਰ ਕਹਿਣ ਦਾ ਸ਼ੌਕ ਜਾਗਿਆ। ਉਦੋਂ ਇਹ ਅਰਸ਼ ਮਲਸਿਆਨੀ ਦੇ ਸ਼ਾਗਿਰਦ ਬਣ ਗਏ ਜੋ ਉਨ੍ਹੀਂ ਦਿਨੀਂ ਗੌਰਮਿੰਟ ਇੰਡਸਟਰੀਅਲ ਸਕੂਲ ਵਿਚ ਡਰਾਇੰਗ ਟੀਚਰ ਸਨ। ਇਨ੍ਹਾਂ ਦੀ ਪਹਿਲੀ ਗ਼ਜ਼ਲ 1938 ਵਿਚ ਮੌਲਾਨਾ ਤਾਜਵਰ ਨਜੀਬਾਬਾਦੀ ਦੇ ਰਸਾਲੇ ‘ਸ਼ਾਹਕਾਰ’ ਲਾਹੌਰ ਵਿਚ ਛਪੀ ਅਤੇ ਪਹਿਲਾ ਅਫਸਾਨਾ ‘ਖਾਬ ਕੀ ਤਾਬੀਰ’ ਗੁਰਬਖਸ਼ ਸਿੰਘ ਦੇ ਮਾਸਕ ‘ਪ੍ਰੀਤ ਲੜੀ’, ਲਾਹੌਰ ਵਿਚ ਪ੍ਰਕਾਸ਼ਤ ਹੋਇਆ। ਇਹ 1942 ਵਿਚ ਹਿੰਦੀ ਰੋਜ਼ਾਨਾ ‘ਮਲਾਪ’ ਦੇ ਸੰਪਾਦਕੀ ਮੰਡਲ ਵਿਚ ਸ਼ਾਮਲ ਹੋ ਗਏ, ਪਰ ਕੁਝ ਮਹੀਨਿਆਂ ਬਾਅਦ ਗ੍ਰਿਫਤਾਰੀ ਦੇ ਕਾਰਨ ਇਹ ਸਿਲਸਿਲਾ ਟੁੱਟ ਗਿਆ। ਛੇਤੀ ਹੀ ਇਹ ਸਾਹਿਤ ਦੇ ਨਾਲ-ਨਾਲ ਸਿਆਸਤ ਵਿਚ ਵੀ ਗਹਿਰੀ ਦਿਲਚਸਪੀ ਲੈਣ ਲੱਗ ਪਏ ਅਤੇ ਕਈ ਵਾਰ ਜੇਲ੍ਹ ਗਏ। ਲਾਹੌਰ ਰਹਿੰਦੇ ਹੋਏ ਇਹ ਤਰੱਕੀ-ਪਸੰਦ ਲਹਿਰ ਨਾਲ ਪੂਰੀ ਤਰ੍ਹਾਂ ਵਾਬਸਤਾ ਹੋ ਗਏ ਸਨ। ਉਨ੍ਹਾਂ ਦੀ ਪੁਸਤਕ ‘ਤਰੱਕੀ ਪਸੰਦ ਅਦਬ’ ਵਿਸ਼ੇਸ਼ ਸਥਾਨ ਰੱਖਦੀ ਹੈ। ਉਰਦੂ ਵਿਚ ਇਨ੍ਹਾਂ ਦੇ 5 ਨਾਵਲ, 3 ਕਹਾਣੀ-ਸੰਗ੍ਰਹਿ ਅਤੇ 3 ਆਲੋਚਨਾ ਦੀਆਂ ਪੁਸਤਕਾਂ ਛਪੀਆਂ।