ਹਾਰ ਦੀ ਜਿੱਤ ਸੁਦਰਸ਼ਨ
ਕਾਵਿ ਰੂਪ ਕਰਮਜੀਤ ਸਿੰਘ ਗਠਵਾਲਾ
(ਇਹ ਰਚਨਾ ਸੁਦਰਸ਼ਨ ਦੀ ਹਿੰਦੀ ਕਹਾਣੀ
'ਹਾਰ ਕੀ ਜੀਤ' ਤੇ ਆਧਾਰਿਤ ਹੈ)
੧.
ਮਾਂ ਬੇਟੇ ਨੂੰ ਵੇਖ ਕੇ ਖ਼ੁਸ਼ੀ ਹੋਵੇ
ਫ਼ਸਲ ਜੱਟ ਦੇ ਦਿਲ ਨੂੰ ਮੋਹ ਲੈਂਦੀ ।
ਬਾਬਾ ਭਾਰਤੀ ਘੋੜੇ ਨੂੰ ਵੇਖਦੇ ਜਾਂ
ਦਿਲ ਉਹਨਾਂ ਦੇ ਵੀ ਇੰਜ ਖੋਹ ਪੈਂਦੀ ।
ਭਜਨ ਬੰਦਗੀ ਤੋਂ ਜੋ ਵੀ ਸਮਾਂ ਬਚਦਾ
ਸਾਰਾ ਘੋੜੇ ਦੇ ਉੱਤੇ ਹੀ ਲਾ ਦੇਂਦੇ ।
ਕਦੇ ਖਰਖਰਾ ਪਿੰਡੇ ਤੇ ਫੇਰਦੇ ਸੀ
ਹੱਥੀਂ ਆਪਣੇ ਦਾਣਾ ਵੀ ਪਾ ਦੇਂਦੇ ।
ਘੋੜਾ ਸੋਹਣਾ ਸੁਡੌਲ ਤੇ ਸੀ ਬਾਂਕਾ
ਸਾਰੇ ਵਿਚ ਇਲਾਕੇ ਮਸ਼ਹੂਰ ਹੋਇਆ ।
ਬਾਬੇ ਓਸ ਦਾ ਨਾਂ 'ਸੁਲਤਾਨ' ਰੱਖਿਆ
ਨਾਲੇ ਓਸ ਤੇ ਬਹੁਤ ਗਰੂਰ ਹੋਇਆ ।
ਜਾਇਦਾਦ ਛੱਡੀ ਸ਼ਹਿਰ ਛੱਡ ਦਿੱਤਾ
ਪਿੰਡ ਛੋਟੇ ਜਿਹੇ ਮੰਦਿਰ ਵਿਚ ਆ ਬੈਠੇ ।
ਜਾਦੂ ਐਸਾ ਸੁਲਤਾਨ ਨੇ ਧੂੜ ਦਿੱਤਾ
ਸਭ ਕੁਝ ਹੀ ਛੱਡ ਛਡਾ ਬੈਠੇ ।
'ਜਿਵੇਂ ਬੱਦਲ ਨੂੰ ਵੇਖ ਕੇ ਮੋਰ ਨੱਚੇ
ਓਸੇ ਤਰ੍ਹਾਂ ਹੀ ਚਾਲ ਸੁਲਤਾਨ ਦੀ ਏ ।
ਮੈਂ ਏਸ ਤੋਂ ਬਿਨਾ ਨਹੀਂ ਰਹਿ ਸਕਦਾ
ਮੇਰੀ ਰੂਹ ਸਾਰਾ ਕੁਝ ਜਾਣਦੀ ਏ ।'
ਰੋਜ਼ ਸ਼ਾਮ ਨੂੰ ਘੋੜੇ ਦੇ ਚੜ੍ਹ ਉੱਤੇ
ਬਾਬਾ ਭਾਰਤੀ ਸੈਰ ਨੂੰ ਜਾਂਵਦੇ ਨੇ ।
ਅੱਠ-ਦਸ ਮੀਲ ਦਾ ਚੱਕਰ ਲਾ ਆਉਂਦੇ
ਮਨ ਆਪਣੇ ਨੂੰ ਚੈਨ ਪਾਂਵਦੇ ਨੇ ।
੨.
ਡਾਕੂ ਓਸ ਇਲਾਕੇ ਦੇ ਵਿੱਚ ਵਿਚਰੇ
ਖੜਗ ਸਿੰਘ ਸੀ ਓਸ ਦਾ ਨਾਂ ਕਹਿੰਦੇ ।
ਐਸਾ ਡਰ ਸੀ ਓਸ ਦਾ ਛਾਇਆ ਹੋਇਆ
ਨਾਂ ਸੁਣਦਿਆਂ ਕੰਬਦੇ ਲੋਕ ਰਹਿੰਦੇ ।
ਖੜਗ ਸਿੰਘ ਸੁਲਤਾਨ ਦੀ ਸੁਣੀਂ ਸ਼ੋਭਾ
ਮਨ ਓਸਦਾ ਵੇਖਣਾ ਚਾਂਹਵਦਾ ਏ ।
ਇਕ ਦਿਨ ਜਾਂ ਸੂਰਜ ਸਿਰ ਆਇਆ
ਕੋਲ ਬਾਬਾ ਜੀ ਦੇ ਚੱਲ ਆਂਵਦਾ ਏ ।
ਬਾਬਾ ਭਾਰਤੀ ਪੁੱਛਦੇ ਖੜਗ ਸਿੰਘ ਨੂੰ,
'ਤੂੰ ਦੱਸ ਭਾਈ ਕਿਹੜੇ ਕੰਮ ਆਇਆ ?'
ਅੱਗੋਂ ਮੋੜਵਾਂ ਓਸ ਜਵਾਬ ਦਿੱਤਾ,
'ਨਾਂ ਤੁਹਾਡੇ ਸੁਲਤਾਨ ਦਾ ਖਿੱਚ ਲਿਆਇਆ ।'
ਬਾਬਾ ਭਾਰਤੀ ਓਸ ਦੀ ਗੱਲ ਸੁਣਕੇ
ਉਹਨੂੰ ਘੋੜੇ ਦੇ ਕੋਲ ਲੈ ਜਾਂਵਦੇ ਨੇ ।
ਨਾਲੇ ਸਿਫ਼ਤ ਸੁਲਤਾਨ ਦੀ ਕਰੀ ਜਾਂਦੇ
ਨਾਲੇ ਓਸ ਦੀ ਚਾਲ ਵਿਖਾਂਵਦੇ ਨੇ ।
ਘੋੜਾ ਵੇਖਕੇ ਖੜਗ ਸਿੰਘ ਦੰਗ ਰਿਹਾ
ਮਨ ਓਸਦਾ ਲਾਲਚ ਦੇ ਵੱਸ ਹੋਵੇ ।
ਜਿਸ ਚੀਜ਼ ਤੇ ਓਸ ਦਾ ਮਨ ਆਵੇ
ਉਹਦਾ ਦਿਲ ਕਰਦਾ ਉਹਦੀ ਉਹ ਹੋਵੇ ।
ਉਹਦਾ ਮਨ ਸੋਚੇ ਘੋੜਾ ਬੜਾ ਸੁੰਦਰ
ਬਾਬੇ ਏਸ ਦਾ ਕੀ ਕਰਾਵਣਾ ਏਂ ।
ਜਾਂਦਾ ਜਾਂਦਾ ਉਹ ਬਾਬੇ ਨੂੰ ਆਖ ਗਿਆ,
'ਇਹ ਘੋੜਾ ਤਾਂ ਮੈਂ ਲੈ ਜਾਵਣਾ ਏਂ ।
੩.
ਉਸ ਦਿਨ ਤੋਂ ਬਾਬੇ ਦੀ ਨੀਂਦ ਉੱਡੀ
ਰਾਖੀ ਕਰਦਿਆਂ ਦੀ ਸਾਰੀ ਰਾਤ ਲੰਘੇ ।
ਖੜਗ ਸਿੰਘ ਦਾ ਡਰ ਸਤਾਈ ਜਾਂਦਾ
ਭਾਂਵੇਂ ਬਾਹਰ ਤਬੇਲੇ ਦੇ ਕੋਈ ਖੰਘੇ ।
ਏਸੇ ਤਰ੍ਹਾਂ ਮਹੀਨੇ ਕਈ ਲੰਘ ਗਏ
ਖੜਗ ਸਿੰਘ ਉਸ ਪਾਸੇ ਵੱਲ ਨਾ ਆਇਆ ।
ਬਾਬਾ ਭਾਰਤੀ ਵੀ ਸੋਚਣ ਲੱਗ ਪਏ
ਜਿਵੇਂ ਕਿਸੇ ਸੁਪਨੇ ਐਂਵੇ ਡਰ ਪਾਇਆ ।
ਇਕ ਦਿਨ ਸ਼ਾਮ ਵੇਲੇ ਬਾਦਸ਼ਾਹ ਵਾਂਗੂੰ
ਚੜ੍ਹ ਘੋੜੇ ਤੇ ਸੈਰ ਨੂੰ ਜਾਂਵਦੇ ਨੇ ।
ਨੂਰ ਮੁੱਖ ਦੇ ਉੱਤੇ ਸੀ ਚਮਕ ਰਿਹਾ
ਮਨ ਆਪਣੇ ਘੋੜਾ ਸਲਾਂਹਵਦੇ ਨੇ ।
ਏਨੇ ਚਿਰ ਨੂੰ ਇਕ ਆਵਾਜ਼ ਆਈ
ਰੁੱਖ ਹੇਠ ਕੋਈ ਬੈਠਾ ਕਰਾਹ ਰਿਹਾ ਸੀ ।
ਨੇੜੇ ਗਏ ਤਾਂ ਬਾਬਾ ਕੀ ਵੇਖਦਾ ਏ
ਇਕ ਬਿਮਾਰ ਸੀ ਜੋ ਕੁਰਲਾ ਰਿਹਾ ਸੀ ।
ਰੋਗੀ ਆਖਦਾ, 'ਬਾਬਾ ਜੀ ਲਾਗਲੇ ਪਿੰਡ
ਮੈਂ ਜਾਣਾਂ ਏਂ ਜੇ ਤੁਸੀਂ ਛੱਡ ਆਵੋਂ ।
ਭਲਾ ਕਰੇਗਾ ਰੱਬ ਤੁਸਾਂ ਦਾ ਵੀ
ਜੇਕਰ ਏਸ ਗਰੀਬ ਤੇ ਤਰਸ ਖਾਵੋਂ ।'
ਬਾਬੇ ਸੋਚਿਆ ਏਸ ਵਿੱਚ ਜਾਂਵਦਾ ਕੀ
ਉਹਨੂੰ ਘੋੜੇ ਦੇ ਉੱਤੇ ਚੜ੍ਹਾ ਲਿਆ ।
ਆਪ ਫੜ ਲਗਾਮ ਲੱਗ ਗਏ ਅੱਗੇ
ਘੋੜਾ ਪਿੰਡ ਦੇ ਰਾਹ ਤੇ ਪਾ ਲਿਆ ।
ਝਟਕਾ ਲੱਗਾ ਲਗਾਮ ਵੀ ਛੁਟ ਗਈ
ਘੋੜਾ ਭੱਜਾ ਸਵਾਰ ਉਹ ਤਣ ਬੈਠਾ ।
ਜਿਹਨੂੰ ਸਮਝ ਬਿਮਾਰ ਬਿਠਾਇਆ ਸੀ
ਖੜਗ ਸਿੰਘ ਆਪੂੰ ਉਹ ਬਣ ਬੈਠਾ ।
ਬਾਬੇ ਮੂੰਹੋਂ ਨਿਰਾਸ਼ਾ ਦੀ ਚੀਕ ਨਿਕਲੀ
ਚੁੱਪ ਹੋਏ ਤੇ ਫੇਰ ਆਵਾਜ਼ ਮਾਰੀ ।
'ਜ਼ਰਾ ਠਹਿਰ ਜਾ ਤੇ ਮੇਰੀ ਗੱਲ ਸੁਣਜਾ
ਇਹ ਬੇਨਤੀ ਹੈ ਮੇਰੀ ਅੰਤ ਵਾਰੀ ।'
ਡਾਕੂ ਰੁਕ ਗਿਆ ਬਾਬਾ ਕੋਲ ਗਿਆ
ਜਾ ਕੇ ਬਾਬੇ ਨੇ ਉੱਚੀ ਆਵਾਜ਼ ਕਿਹਾ,
'ਘੋੜਾ ਹੋਇਆ ਤੇਰਾ ਮੈਂ ਨਾ ਮੰਗਾਂ
ਮੇਰਾ ਏਸ ਤੇ ਕੋਈ ਨਾ ਹੱਕ ਰਿਹਾ ।
ਇੱਕ ਗੱਲ ਮੇਰੀ ਪਰ ਬੰਨ੍ਹ ਪੱਲੇ
ਇਹਨੂੰ ਆਪਣੇ ਦਿਲ ਹਮੇਸ਼ ਰੱਖੀਂ ।
ਘੋੜਾ ਕਿਦਾਂ ਹੈ ਮੇਰੇ ਤੋਂ ਤੂੰ ਖੜਿਆ
ਇਹ ਹੋਰ ਨਾ ਕਿਸੇ ਨੂੰ ਜਾ ਦੱਸੀਂ ।'
ਖੜਗ ਸਿੰਘ ਨੂੰ ਕੁਝ ਨਾ ਸਮਝ ਆਈ
ਬਾਬਾ ਆਖਣਾ ਕੀ ਚਾਂਹਵਦਾ ਏ ।
'ਇਹਦਾ ਡਰ ਕੀ ਏ ਮੈਨੂੰ ਤੁਸੀਂ ਦੱਸੋ ?'
ਨਾਲ ਆਜ਼ਜ਼ੀ ਉਹ ਪੁਛਾਂਵਦਾ ਏ ।
ਬਾਬੇ ਆਖਿਆ, 'ਗੱਲ ਜੇ ਤੂੰ ਦੱਸੀ
ਦੀਨ-ਦੁਖੀਆਂ ਤੋਂ ਉੱਠ ਇਤਬਾਰ ਜਾਣਾ ।
ਲੋੜਵੰਦ ਵੀ ਕਿਸੇ ਦੇ ਦਰ ਜਾਊ
ਉਹਨੂੰ ਕਿਸੇ ਨੇ ਫੇਰ ਨਹੀਂ ਮੂੰਹ ਲਾਣਾ ।'
੪.
ਏਨੀ ਆਖ ਕੇ ਬਾਬੇ ਨੇ ਪਿੱਠ ਮੋੜੀ
ਖੜਗ ਸਿੰਘ ਨੂੰ ਸੋਚੀਂ ਉਹ ਗੱਲ ਪਾ ਗਈ ।
'ਬਾਬਾ ਦੇਵਤਾ ਤੇ ਮੈਂ ਖੜਾ ਕਿੱਥੇ ?'
ਇਹੋ ਸੋਚ ਉਹਦੇ ਦਿਲ ਸੱਲ ਪਾ ਗਈ ।
ਰਾਤ ਹੋਈ ਅੱਧੀ ਸਾਰੇ ਸੁੰਨ ਛਾਈ
ਘੋੜਾ ਖੜਗ ਸਿੰਘ ਮੋੜ ਕੇ ਲਿਆਂਵਦਾ ਏ ।
ਹੌਲੀ ਹੌਲੀ ਤਬੇਲੇ ਦੇ ਵਿਚ ਵੜਿਆ
ਘੋੜਾ ਬੰਨ੍ਹ ਓਥੋਂ ਟੁਰ ਜਾਂਵਦਾ ਏ ।
ਹੰਝੂ ਆਏ ਅੱਖੀਂ ਮਨ ਹੋਇਆ ਹੌਲਾ
ਹੱਥ ਜੋੜ ਕੇ ਤੇ ਨਮਸ਼ਕਾਰ ਕਰਦਾ ।
ਬਾਬਾ ਓਸ ਨੂੰ ਰੱਬ ਦਾ ਰੂਪ ਦਿੱਸੇ
ਲੱਗੇ ਅੱਖਾਂ ਤੋਂ ਪਰ੍ਹਾਂ ਹੋ ਗਿਆ ਪਰਦਾ ।
ਚੌਥੇ ਪਹਿਰ ਬਾਬੇ ਇਸ਼ਨਾਨ ਕੀਤਾ
ਸੁਤੇ-ਸਿੱਧ ਤਬੇਲੇ ਵੱਲ ਟੁਰ ਪਿਆ ਉਹ ।
ਜਾ ਕੇ ਫਾਟਕ ਤੇ ਭੁੱਲ ਮਹਿਸੂਸ ਹੋਈ
ਪੁੱਠੇ ਪੈਰ ਉਥੋਂ ਫੇਰ ਮੁੜ ਪਿਆ ਉਹ ।
ਪੈਰ ਚਾਪ ਸੁਣ ਹਿਣਕ ਸੁਲਤਾਨ ਪਿਆ
ਬਾਬਾ ਭੱਜ ਕੇ ਗਲ ਜਾ ਲੱਗਿਆ ਏ ।
ਜਿਵੇਂ ਵਿਛੜੇ ਪੁੱਤ ਨੂੰ ਪਿਉ ਮਿਲਿਆ
ਇੰਜ ਅੱਖੀਆਂ 'ਚੋਂ ਹੜ੍ਹ ਵੱਗਿਆ ਏ ।
ਬਾਬਾ ਘੋੜੇ ਦੀ ਪਿੱਠ ਤੇ ਹੱਥ ਫੇਰੇ
ਨਾਲੇ ਮੂੰਹੋਂ ਇਹ ਗੱਲ ਉਹ ਆਖਦਾ ਏ ।
'ਦੀਨ-ਦੁਖੀਆਂ ਤੋਂ ਕੋਈ ਕਿਉਂ ਮੂੰਹ ਮੋੜੂ
ਨੇਕੀ ਪੁੱਟਿਆ ਮੁੱਢ ਜਾਂ ਪਾਪ ਦਾ ਏ ।'
ਪੰਜਾਬੀ ਕਹਾਣੀਆਂ (ਮੁੱਖ ਪੰਨਾ) |