ਗੋਰੀਆਂ ਸ਼ਹੀਦੀਆਂ ਰਵਿੰਦਰ ਰਵੀ
ਅੱਜ ਵੀ ਉਹ ਉਸੇ ਥਾਂ ਬੈਠੀ ਸੀ। ਬਿਜਲਈ ਮੋਮਬੱਤੀਆਂ ਦੀ ਮੱਧਮ ਰੌਸ਼ਨੀ ਅਤੇ ਅਨ੍ਹੇਰੇ ਦੀ ਲੁਕਣ
ਮੀਟੀ ਵਿਚ ਡੁੱਬੇ ਇਸ ਸ਼ਰਾਬਖ਼ਾਨੇ ਦੇ ਇਕੱਲਵਾਂਜੇ ਖੂੰਜੇ ਵਿਚ। ਉਸ ਦੇ ਸਾਹਮਣੇ ਰਾਖ਼ਦਾਨੀ ਵਿਚ
ਅੱਧ-ਜਗੀਆਂ ਤੇ ਅੱਧ-ਬੁਝੀਆਂ ਸਿਗਰਟਾਂ ਦਾ ਢੇਰ ਜਿਹਾ ਉੱਸਰ ਆਇਆ ਸੀ। ਅਗਲੀ ਸਿਗਰਟ ਜਲਾਉਣ
ਲਈ ਮਾਚਸ ਦੀ ਤੀਲੀ ਬਦਲਦੀ, ਤਾਂ ਉਸ ਦੇ ਚਿਹਰੇ ਉੱਤੇ ਛਿਣ ਦੀ ਛਿਣ ਗੰਭੀਰਤਾ ਫੈਲਦੀ ਹੋਈ
ਦਿਖਾਈ ਦਿੰਦੀ।
ਮੱਥੇ ਉੱਤੇ ਸੁਰਖ਼ ਬਿੰਦੀ, ਕੰਨਾਂ ਵਿਚ ਪਲਾਸਟਕ ਦੇ ਸੁਰਖ਼ ਬੁੰਦੇ, ਬੁੱਲ੍ਹਾਂ ਉੱਤੇ ਸੁਰਖ਼ ਲਿਪਸਟਿੱਕ, ਸੁਰਖ਼
ਹਾਫ਼ ਕੋਟ ਹੇਠਾਂ ਸਫ਼ੈਦ ਕਮੀਜ਼ ਤੇ ਸੁਰਖ਼ ਸਕਰਟ, ਗਲ ਵਿਚ ਸੁਰਖ਼ ਸਕਾਰਫ਼ ਅਤੇ ਪੈਰਾਂ ਵਿਚ ਸੁਰਖ਼
ਗੁਰਗਾਬੀ ਪਾਈ ਬੈਠੀ, ਉਹ ਆਪਣੇ ਮਧਰੇ ਤੋਂ ਕੁਝ ਸਿਰਕੱਢਵੇਂ ਕੱਦ ਵਿਚ ਬੜੀ ਆਕਰਸ਼ਕ ਤੇ ਸੁੰਦਰ
ਲੱਗ ਰਹੀ ਸੀ। ਭਰਵੀਆਂ ਛਾਤੀਆਂ ਤੇ ਗੁੰਦੇ ਹੋਏ ਜਿਸਮ ਵਾਲੀ ਏਸ ਔਰਤ ਨੂੰ ਵਾਲ ਬਨਾਉਣ ਅਤੇ
ਮਿਲਵੇਂ ਰੰਗਾਂ ਵਾਲੀਆਂ ਨਿੱਤ ਨਵੀਆਂ ਪੋਸ਼ਾਕਾਂ ਪਹਿਨਣ, ਸਾਜ-ਸੱਜਾ ਅਤੇ ਸ਼ਿੰਗਾਰ ਦਾ ਬੜਾ ਸੁਹਜਮਈ
ਸਲੀਕਾ ਸੀ।
ਬੀਅਰ ਦਾ ਗਲਾਸ ਚੁੱਕਦਿਆਂ ਉਸ ਨੇ ਇਕ ਨਜ਼ਰ ਮੇਰੇ, ਜਾਂ ਮੇਰੇ ਮੇਜ਼ ਵਲਾਂ ਅਤੇ ਜਾਂ ਸਾਡੇ ਦੋਹਾਂ
ਤੋਂ ਪਾਰ ਵੇਖਿਆ ! ਮੈਂ ਕੋਲ ਹੀ ਉਸ ਦੇ ਨਾਲ ਦੀ ਮੇਜ਼ ਉੱਤੇ ਬੈਠਾ ਸਾਂ। ਉਸਦੀਆਂ ਹਲਕੀਆਂ ਨੀਲੀਆਂ
ਅੱਖਾਂ ਕਿਸੇ ਵੀ ਕਿਸਮ ਦੇ ਪ੍ਰਭਾਵ ਤੋਂ ਮੁਕਤ ਸਨ।
“ਖਿਮਾਂ ਕਰਨਾ, ਕੀ ਮੈਂ ਤੁਹਾਡੀ ਸੰਗਤ ਵਿਚ ਸ਼ਾਮਿਲ ਹੋ ਸਕਦਾ ਹਾਂ ?”
ਆਖ ਕੇ ਮੈਂ ਉਸ ਦੇ ਸਾਮ੍ਹਣੀ ਕੁਰਸੀ ਉੱਤੇ ਬੈਠ ਗਿਆ।
“ਜੋ ਤੂੰ ਢੂੰਡ ਰਿਹਾ ਹੈਂ, ਉਹ ਸ਼ਾਇਦ ਮੈਂ ਤੈਨੂੰ ਨਾ ਦੇ ਸਕਾਂ।”
ਉਸ ਨੇ ਹਲਕੇ ਪਰ ਸੰਗੀਤ ਮਈ ਸੁਰਾਂ ਵਿਚ ਆਖਿਆ।
“ਮੈਂ ਤਾਂ ਸਿਰਫ਼ ਦੋ ਮੇਜ਼ਾਂ ਉੱਤੇ ਫੈਲੀਆਂ ਦੋ ਇਕੱਲਾਂ ਨੂੰ ਇਕ ਮੇਜ਼ ਉੱਤੇ ਇਕੱਠਿਆਂ ਕਰਨ ਬਾਰੇ
ਹੀ ਸੋਚਿਆ ਸੀ।”
“ਮੇਜ਼ ਬਦਲਿਆਂ ਇਕੱਲ ਦੇ ਮਿਜਾਜ਼ ਵਿਚ ਕੋਈ ਫ਼ਰਕ ਨਹੀਂ ਪੈਣਾ। ਜੋ ਇਕੱਲ ਧੁਰ ਅੰਦਰ, ਵਜੂਦ
ਦਾ ਇਕ ਹਿੱਸਾ ਬਣ ਕੇ ਖ਼ਲਾਅ ਵਾਂਗ ਪੱਸਰ ਜਾਏ, ਉਸ ਦੇ ਚੱਕ੍ਰਵਯੂਹ ਤੋਂ ਮੁਕਤੀ ਸੰਭਵ ਨਹੀਂ। ਕੀ ਤੂੰ
ਕਦੇ ਦੋ ਇਕੱਲਾਂ ਦੀ ਸੰਗਤ ਬਾਰੇ ਵੀ ਸੋਚਿਆ ਹੈ ?”
ਇਕੱਲ ਹੁੰਦਿਆਂ ਵੀ ਕੋਲ ਬੈਠੀ ਦੂਸਰੀ ਇਕੱਲ ਦੇ ਸੰਗ ਸਾਥ ਦਾ ਮੱਠਾ ਮੱਠਾ ਅਹਿਸਾਸ ਕੀ ਇਕੱਲ
ਨੂੰ ਮਾਰ ਨਹੀਂ ਸਕਦਾ ?”
“ਗੱਲਾਂ ਤੁਰ ਪੈਂਦੀਆਂ ਹਨ ਬੇਸਿਰ ਪੈਰ ਦੀਆਂ। ਸ਼ੋਰ ਉੱਠ ਖੜਾ ਹੁੰਦਾ ਹੈ ਮੇਰੇ ਅੰਦਰ। ਗੱਲਾਂ ਦੇ
ਸਿਰੇ ਗੁੰਮ ਗੁਆਚ ਜਾਂਦੇ ਹਨ। ਇਸ ਸ਼ੋਰ ਤੋਂ ਛਿਣ ਛਿਣ ਸੰਘਣੇ ਹੋ ਰਹੇ ਅਨ੍ਹੇਰੇ ਵਿਚ ਤੇ ਮੈਂ ਹੋਰ ਵੀ
ਵਧੇਰੇ ਇਕੱਲੀ ਤੇ ਸੱਖਣੀ ਹੋ ਜਾਂਦੀ ਹਾਂ।”
“ਆਪਣਾ, ਆਪਣਾ ਏਕਾ ਕੀਕੂੰ, ਚੁਕੀ ਫਿਰਦੇ ਲੋਕ !”
“ਕੀ ਕਿਹਾ ਤੂੰ ?”
“ਕੁਝ ਨਹੀਂ, ਐਵੇਂ ਇਕ ਕਵਿਤਾ ਦੇ ਬੋਲ ਯਾਦ ਆ ਗਏ।”
“ਤੂੰ ਕਵਿਤਾ ਵੀ ...।”
“ਲਿਖਦਾ ਹਾਂ। ਆਪਣੇ ਆਪ ਨਾਲ ਸੰਬਾਦ ਰਚਾਉਣਾ, ਆਪਣੇ ਆਪ ਨੂੰ, ਵਸਤੂ ਪੱਧਰ
ਉੱਤੇ, ਇਕ ਦੂਰੀ ਤੋਂ ਵੇਖਣਾ ਸਮਝਣਾ...ਕਵਿਤਾ ਹੀ ਤਾਂ ਹੈ...ਆਪਣੀ ਇਕੱਲ ਦਾ ਸ਼ਬਦਾਂ ਭਾਵਾਂ ਤੇ ਅਰਥਾਂ
ਵਿਚ ਕਾਇਆ-ਕਲਪ ਹੋ ਜਾਣਾ। ਆਪਣੇ ਪੱਤੇ ਆਪਣੀ ਖੇਡ...ਸੌਲੀਟੇਅਰ...ਇਕੱਲ ਖੇਡ।”
“ਹਾਂ ਸੌਲੀਟੇਅਰ। ਆਪੇ ਤਾਸ਼ ਆਪ ਖਿਡਾਰੀ, ਆਪੇ ਖੇਡ, ਆਪੇ ਜਿੱਤ ਤੇ ਆਪੇ ਹਾਰ ... ਆਪੇ
ਸ਼ੂਨਯ, ਅੱਧ ਵਿਚਕਾਰ।”
“ਤੂੰ ਤਾਂ ਭਾਸ਼ਾ ਸਿਰਜ ਰਹੀ, ਫ਼ਲਸਫ਼ਾ ਜੀ ਰਹੀ ਤੇ ਕਵਿਤਾ ਬਣ ਰਹੀ ਹੈਂ।”
“ਇਕਲਾਪਾ ਜਦੋਂ ਮਜਬੂਰੀ ਵੱਸ ਜੀਵਨ-ਸ਼ੈਲੀ ਬਣ ਜਾਏ, ਤਾਂ ਚੁੱਪ ਹੀ ਨਹੀਂ, ਬੋਲ ਵੀ ਬੜੇ ਤਿੱਖੇ
ਹੋ ਜਾਂਦੇ ਹਨ। ਤਿੱਖੇ ਅਨੁਭਵ, ਤਿੱਖੇ ਸ਼ਬਦ, ਤਿੱਖੇ ਅਰਥ ਅਤੇ ਘੋੜੇ ਵਾਂਗ ਇਕ ਲੰਮੇਂ ਸਮੇਂ ਤੋਂ ਆਪਣੇ
ਅੰਦਰ, ਲਗਾਤਾਰ ਸੀਖ-ਭਾਰ ਖੜ੍ਹੀ ਥਿਰ ਹੋਈ ਜ਼ਿੰਦਗੀ ... ਠੰਡਾ, ਸਾਹ-ਹੀਣ, ਸਖ਼ਤ ਪੱਥਰ ਦਾ ਬੁੱਤ ...
ਬੇਜਾਨ ... ਬੇਹਿਸ...।”
“ਪੱਥਰ ਹੀ ਤਾਂ ਬਣ ਗਏ ਹਾਂ ਅਸੀਂ ਸਭ। ਮੀਂਹ ਵੱਸਦਾ ਹੈ। ਆਬਸ਼ਾਰਾਂ ਦਾ ਰਸੀਲਾ ਸੰਗੀਤ ਸਾਡੇ
ਉੱਤੋਂ ਦੀ ਲੰਘਦਾ ਹੈ। ਫੁੱਲ ਉੱਗਦੇ ਹਨ। ਸੁਗੰਧਾਂ ਫੈਲਦੀਆਂ ਹਨ। ਫਲ, ਫਲਦੇ ਹਨ। ਵਣ ਮੌਲਦੇ ਹਨ।
ਫਸਲਾਂ ਜੰਮਦੀਆਂ, ਵਧਦੀਆਂ, ਪੱਕਦੀਆਂ ਹਨ। ਕੁਝ ਵੀ ਤਾਂ ਨਹੀਂ ਬਦਲਦਾ ... ਆਦਿ-ਕਾਲ ਤੋਂ ਪ੍ਰਕਿਰਤੀ
ਦਾ ਸਿਰਜਣ-ਸੰਸਾਰ, ਪੀੜ੍ਹੀ-ਦਰ-ਪੀੜ੍ਹੀ, ਜ਼ਿੰਦਗੀ ਦਾ ਗੀਤ ਗਾਈ ਜਾ ਰਿਹਾ ਹੈ ... ਤੇ ਅਸੀਂ ਤਾਂ ਪੱਥਰ
ਬਣੇ ਬੈਠੇ ਹਾਂ ... ਅੱਖਾਂ, ਕੰਨ ਤੇ ਮੂੰਹ ਉੱਤੇ ਹੱਥ ਰਖੀ ਆਪਣੇ ਅੰਦਰ ਲਗਾਤਾਰ ਵਿਅਰਥ ਹੋ ਰਹੇ ਹਾਂ।”
“ਹਾਂ, ਲਗਾਤਾਰ ਵਿਅਰਥ ਹੋ ਰਹੇ ਹਾਂ।”
ਆਖ ਕੇ ਉਹ ਦੂਰ ਖ਼ਲਾਅ ਨੂੰ ਘੂਰਦੀ ਹੋਈ ਇਕ ਲੰਮੀਂ ਚੁੱਪ ਵਿਚ ਡੁੱਬ ਗਈ। ਹੌਲੀ ਹੌਲੀ ਜਲ
ਕੇ ਉਂਗਲਾਂ ਤਕ ਪਹੁੰਚੀ ਸਿਗਰਟ ਦਾ ਸੇਕ ਮਹਿਸੂਸ ਹੋਇਆ, ਤਾਂ ਉਹ ਚੌਂਕੀ !
“ਪੱਥਰ ਵਿਚ ਅਜੇ ਅਹਿਸਾਸ ਬਾਕੀ ਹੈ।” ਮੈਂ ਕਿਹਾ !
“ਹਾਂ, ਅਹਿਸਾਸ ਹੀ ਤਾਂ ਹੈ ਜੁ ਹੁਣ ਤਕ ਜਿਊਂਦੀ ਹਾਂ। ਅੱਛਾ, ਖਿਮਾਂ ਕਰਨਾ, ਬੱਚਿਆਂ ਨੂੰ ਬੇਬੀ-ਸਿਟਰ
ਦਿਓਂ ਚੁੱਕਣ ਦਾ ਸਮਾਂ ਹੋ ਗਿਆ ਹੈ।” ਆਖ ਕੇ ਉਹ ਚਲੀ ਗਈ ਤੇ ਮੈਂ ਆਪਣੀ ਇਕੱਲ ਵਿਚ ਡੁੱਬਾ,
ਉਸ ਦੀ ਇਕੱਲ ਬਾਰੇ ਸੋਚਣ ਲੱਗ ਪਿਆ। ਉਸ ਦਾ ਨਾਮ ਜੀਨ ਜਾਨਸਟਨ ਸੀ। ਇਕ, ਦੋ ਹੋਰ ਮੁਲਾਕਾਤਾਂ
ਤੋਂ ਬਾਅਦ ਉਹ ਮੈਨੂੰ ਗੁਰਿੰਦਰ ਤੋਂ ਗੈਰੀ ਤੇ ਮੈਂ ਉਸ ਨੂੰ ਜੀਨ ਕਹਿਣ ਲੱਗ ਪਿਆ ਸਾਂ।
ਜੀਨ ਦੇ ਬਾਪ ਨੇ ਉਸ ਨੂੰ ਇਕ ਖ਼ੂਬਸੂਰਤ ਘਰ, ਕਾਰ ਅਤੇ ਜ਼ਰੂਰਤ ਦਾ ਹੋਰ ਸਭ ਸਾਮਾਨ ਲੈ ਕੇ
ਦਿੱਤਾ ਹੋਇਆ ਸੀ। ਖ਼ਰਚ ਲਈ ਢੇਰ ਸਾਰੇ ਪੈਸੇ ਉਹ ਉਸ ਨੂੰ ਹਰ ਮਹੀਨੇ ਦਿੰਦਾ ਸੀ। ਉਸ ਦੇ ਬੈਂਕ
ਅਕਾਊਂਟ ਵਿਚ ਵੀ ਉਸ ਨੇ ਚੋਖੀ ਰਕਮ ਜਮ੍ਹਾਂ ਕਰਵਾ ਰੱਖੀ ਸੀ। ਉਸਦੀਆਂ ਦੋ ਧੀਆਂ ਦੇ ਨਾਮ ਵੀ ਜੁਦੇ
ਜੁਦੇ ਬੈਂਕ ਦੇ ਖਾਤੇ ਖੋਲ੍ਹ ਰੱਖੇ ਸਨ, ਉਸ ਦੇ ਬਾਪੂ ਨੇ। ਪਹਿਲਾਂ ਉਸ ਦਾ ਬਾਪ ਉਨ੍ਹਾਂ ਦੇ ਨਾਲ ਹੀ ਰਹਿੰਦਾ
ਸੀ। ਪਰ ਕੁਝ ਸਮੇਂ ਤੋਂ ਜੀਨ ਉਸ ਨਾਲ ਲਗਾਤਾਰ ਝਗੜਾ ਕਰਨ ਲਗ ਪਈ ਸੀ। ਨੌਬਤ ਮਾਰ ਕੁਟਾਈ,
ਗਾਲ੍ਹੀ ਗਲੋਚ ਤੇ ਪੁਲਿਸ ਤਕ ਵੀ ਪਹੁੰਚ ਚੁੱਕੀ ਸੀ। ਇਸ ਲਈ ਉਸ ਦਾ ਬਾਪ ਕੁਝ ਸਮੇਂ ਤੋਂ ਕਿਰਾਏ
ਦੇ ਮਕਾਨ ਵਿਚ ਇਕੱਲਾ ਹੀ ਰਹਿੰਦਾ ਸੀ। ਘਰ ਦੇ ਖ਼ਰਚ ਦੇ ਪੈਸੇ ਉਹ ਹਰ ਮਹੀਨੇ ਲਗਾਤਾਰ ਜੀਨ ਦੇ
ਬੈਂਕ-ਖਾਤੇ ਵਿਚ ਜਮ੍ਹਾਂ ਕਰਵਾ ਦਿੰਦਾ। ਆਨੀ ਬਹਾਨੀਂ ਜੀਨ ਦੀਆਂ ਬੱਚੀਆਂ ਨੂੰ ਮਿਲਣ ਆ ਜਾਂਦਾ। ਜਦੋਂ
ਜੀਨ ਘਰ ਨਾ ਹੁੰਦੀ ਤਾਂ ਉਨ੍ਹਾਂ ਨਾਲ ਖੇਡਣ ਲੱਗ ਪੈਂਦਾ। ਉਨ੍ਹਾਂ ਨੂੰ ਇਸ਼ਨਾਨ ਕਰਵਾਉਂਦਾ। ਉਨ੍ਹਾਂ ਦੇ ਕੱਪੜੇ
ਬਦਲਦਾ। ਉਨ੍ਹਾਂ ਨੂੰ ਭੋਜਨ ਕਰਵਾਉਂਦਾ। ਉਨ੍ਹਾਂ ਦਾ ਗੂੰਹ ਮੂਤ ਚੁੱਕਦਾ। ਘਰ ਦੀ ਸਫ਼ਾਈ ਕਰਦਾ। ਲਾਨ
ਦਾ ਘਾਹ ਕੱਟਦਾ। ਫੁੱਲਾਂ ਦੇ ਬੂਟੇ ਲਾਉਂਦਾ। ਦੋਹਾਂ ਬੱਚੀਆਂ ਨੂੰ ਪਿਆਰ ਕਰਦਾ। ਉਨ੍ਹਾਂ ਦੇ ਮੂੰਹ ਚੁੰਮਦਾ।
ਉਨ੍ਹਾਂ ਦੇ ਅੰਗ ਸਹਿਲਾਉਂਦਾ। ਅੰਗ, ਅੰਗ ਨਾਲ ਗੱਲਾਂ ਕਰਦਾ।
ਅਜਿਹਾ ਹੀ ਸਮਾਂ ਸੀ, ਜਦੋਂ ਜੀਨ ਘਰ ਪਰਤੀ ਸੀ ਆਪਣੇ ਪਿਤਾ ਨੂੰ ਆਪਣੀਆਂ ਧੀਆਂ ਨਾਲ ਇਹ
ਕੁਝ ਕਰਦਿਆਂ ਵੇਖ ਕੇ ਉਸ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ ਸੀ। ਉਹ ਭੜਕ ਉੱਠੀ ਸੀ। ਜੋ ਮੂੰਹ
ਆਇਆ ਬੋਲੀ ਜਾ ਰਹੀ ਸੀ।
“ਇਹ ਕੁਝ ਹੀ ਛੋਟੇ ਹੁੰਦਿਆਂ ਤੂੰ ਮੇਰੇ ਨਾਲ ਕਰਦਾ ਰਿਹਾ ਹੈਂ। ਜਾਨਵਰਾ ! ਤੈਨੂੰ ਸ਼ਰਮ ਨਹੀਂ ਆਉਂਦੀ।
ਤੂੰ ਡੁੱਬ ਕਿਉਂ ਨਹੀਂ ਮਰਦਾ ? ਮੇਰੀ ਮਾਂ ਸੱਚ ਹੀ ਕਹਿੰਦੀ ਸੀ ਕਿ ਤੈਨੂੰ ਤੇ ਮੈਨੂੰ ਤਾਂ ਏਸ ਕੰਜਰ ਨੇ ਉਜਾੜ
ਦਿੱਤਾ ਹੈ। ਵੇਖੀਂ ਕਿਤੇ ਤੇਰੀਆਂ ਧੀਆਂ ਵੀ ਏਸ ਜੰਗਲੀ ਜਾਨਵਰ ਦਾ ਸ਼ਿਕਾਰ ਨਾ ਬਣ ਜਾਣ। ਇਨ੍ਹਾਂ ਨੂੰ
ਬਚਾਵੀਂ। ਇਨ੍ਹਾਂ ਦੀ ਰੱਖਿਆ ਕਰੀਂ। ਇਹ ਹੀ ਤੇਰਾ ਧਰਮ ਹੈ। ਤੇ ਫਿਰ ਇਹ ਸਭ ਕੁਝ ਕਰਨ ਦਾ
ਮੇਰੇ ਕੋਲੋਂ ਵਚਨ ਲੈ ਕੇ, ਉਹ ਕਮਲੀ ਹੋਈ ਪਤਾ ਨਹੀਂ ਕਿਧਰ ਨਿਕਲ ਗਈ। ਗੁੰਮ ਗੁਆਚ ਗਈ, ਜਾਂ
ਮਰ, ਖਪ ਗਈ।”
ਸਾਹ ਲੈਣ ਲਈ ਜੀਨ ਰੁਕੀ ਤੇ ਫਿਰ ਆਪਣੇ ਆਪ ਵਲਾਂ ਇਸ਼ਾਰਾ ਕਰਦੀ ਹੋਈ ਬੋਲੀ।
“ਤੇ ਏਸ ਜੰਗਲੀ ਜਾਨਵਰ ਨੂੰ ਮੇਰੇ ਅਤੇ ਮੇਰੀਆਂ ਧੀਆਂ ਦੇ ਉਜਾੜੇ ਲਈ ਪਿੱਛੇ ਛੱਡ ਗਈ। ਮੇਰੇ
ਨਾਲ ਤਾਂ ਜੋ ਹੋਣਾ ਸੀ ਹੋ ਚੁੱਕਾ ਹੈ। ਪਰ ਮੈਂ ਆਪਣੀਆਂ ਧੀਆਂ ਨਾਲ ਇਹ ਕੁਝ ਨਹੀਂ ਹੋਣ ਦੇਣਾ। ਤੂੰ
ਪਾਪੀ, ਕਾਮੀਂ, ਹਿਰਸੀ ਜਾਨਵਰ ਹੈਂ। ਮੈਂ ਤੈਨੂੰ ਨਫ਼ਰਤ ਕਰਦੀ ਹਾਂ। ਨਿਕਲ ਜਾਂ ਏਥੋਂ।”
ਜੀਨ ਦੇ ਜੋ ਕੁਝ ਹੱਥ ਆਇਆ ਉਸ ਨੇ ਆਪਣੇ ਬਾਪ ਦੇ ਮਾਰਨਾ ਸ਼ੁਰੂ ਕਰ ਦਿੱਤਾ। ਘਰ ਵਿਚ
ਚੀਕ ਚਿਹਾੜਾ ਮਚ ਗਿਆ। ਘਬਰਾਹਟ ਵਿਚ ਉਸ ਦਾ ਪਿਤਾ ਉੱਥੋਂ ਚਲਾ ਗਿਆ।
ਜੀਨ ਦਾ ਵਿਚਾਰ ਸੀ ਕਿ ਉਸ ਦੇ ਬਾਪ ਨੇ ਘਰ, ਕਾਰ ਤੇ ਹੋਰ ਆਰਥਕ ਸਹਾਇਤਾ ਆਪਣੇ ਅੰਦਰਲੀ
ਅਪਰਾਧ-ਭਾਵ ਤੋਂ ਮੁਕਤੀ ਪਾਉਣ ਲਈ ਹੀ ਉਸ ਨੂੰ ਦਿੱਤੀ ਸੀ। ਉਹ ਘਾਤੀ ਸੀ। ਸ਼ਿਕਾਰ ਫੜਨ ਲਈ
ਉਸ ਨੂੰ ਚਾਰਾ ਪਾਉਣਾ ਆਉਂਦਾ ਸੀ। ਉਸ ਨੂੰ ਕਿਸੇ ਨਾਲ ਕੋਈ ਪਿਆਰ ਨਹੀਂ ਸੀ।
ਇਕ ਦਿਨ ਮੈਂ ਉਸ ਨੂੰ ਪੁੱਛ ਹੀ ਲਿਆ, “ਕਿਸ ਕਿਸ ਤੋਂ ਭੱਜੇਂਗੀ ? ਬੱਚਿਆਂ ਤੋਂ ? ਬਾਪ ਤੋਂ ਜਾਂ
ਆਪਣੇ ਆਪ ਤੋਂ ? ਬੰਦਾ ਹਰ ਕਿਸੇ ਕੋਲੋਂ ਭੱਜ ਸਕਦਾ ਹੈ, ਪਰ ਆਪਣੇ ਆਪ ਤੋਂ ਨਹੀਂ।”
ਜੀਨ ਡੂੰਘੀ ਸੋਚ ਵਿਚ ਡੁੱਬ ਗਈ ਤੇ ਫਿਰ ਜਿਵੇਂ ਕੋਈ ਮਨਬਚਨੀ ਵਿਚ ਪੈ ਜਾਂਦਾ ਹੈ, ਉੱਚੀ, ਉੱਚੀ
ਬੋਲ, ਬੋਲ, ਸੋਚਣ ਲੱਗ ਪੈਂਦਾ ਹੈ ... ਜੀਨ ਆਪ-ਮੁਹਾਰਾ ਇਕ ਸੈ੍ਵ-ਸੰਬਾਦ ਵਿਚ ਵਹਿ ਤੁਰੀ।
“ਚੇਤਨਾ ਜਦ ਸੂਰਜ ਵਾਂਗ ਚੜ੍ਹਦੀ ਹੈ ਨੌਂ ਨੇਜ਼ੇ ਦੀ ਵਿੱਥ ’ਤੇ ... ਤਾਂ ਰੋਮ, ਰੋਮ ਸੂਲਾਂ ਵਿਚ ਵਿੱਝ
ਜਾਂਦਾ ਹੈ, ਸੂਈਆਂ ਚੁੱਭਦੀਆਂ ਹਨਦਿਲ, ਦਿਮਾਗ਼ ਅਤੇ ਸਗਲੇ ਵਜੂਦ ਵਿਚ। ਵਿੱਥ ’ਤੇ ਖੜੋ ਕੇ ਵੇਖਦੀ
ਹਾਂ, ਆਪਣੇ ਆਪ ਨੂੰ ... ਆਪਣੀ ਦੇਹ, ਆਤਮਾ ਉੱਤੇ ਲਿੰਗ-ਭੁੱਖ ਬਣ ਝੁਕੇ ਆਪਣੇ ਹੀ ਬਾਪ ਨੂੰ। ਉਸ
ਨੇ ਮੇਰੇ ਨਾਲ ਆਪਣੀ ਵਾਸਨਾ ਦੀ ਤ੍ਰਿਪਤੀ ਦਾ ਇਹ ਸਿਲਸਿਲਾ ਕਦੋਂ ਸ਼ੁਰੂ ਕੀਤਾ ਸੀ। ਮੇਰੇ ਜਨਮ-
ਸਮੇਂ ਤੋਂ ਹੀ ਸ਼ਾਇਦ ! ਮੇਰੀ ਮਾਂ ਦਸਦੀ ਹੁੰਦੀ ਸੀ ਕਿ ਮੇਰੇ ਜਨਮ-ਸਮੇਂ ਮੇਰਾ ਪਿਤਾ ਹਸਪਤਾਲ ਵਿਚ
ਹਾਜ਼ਰ ਸੀ। ਮੇਰੀ ਜੰਮਣ-ਘੜੀ ਦਾ ਹਰ ਛਿਣ ਉਸ ਨੇ ਅੱਖੀਂ ਵੇਖਿਆ ਸੀ। ਮੇਰੇ ਜਨਮ-ਸਮੇਂ ਤੋਂ ਹੀ ਸ਼ੁਰੂ
ਕਰ ਲਈ ਹੋਵੇਗੀ, ਉਸ ਨੇ ਇਹ ਆਪਣੀ ਕਾਮ-ਖੇਡ। ਨੇਤਰ-ਭੋਗ ਕਰਦਾ ਹੋਵੇਗਾ। ਉਹ ਮੇਰੀ ਨਗਨ ਬਾਲੜੀ
ਦੇਹ ਨਾਲ। ਟਟੋਲਦਾ, ਫਰੋਲਦਾ ਹੋਵੇਗਾ ਉਹ ਮੇਰਾ ਅੰਦਰ ਬਾਹਰ, ਆਪਣੀਆਂ ਹਿਰਸੀ ਨਜ਼ਰਾਂ ਨਾਲ।
ਪਾਲਿਆ ਹੋਵੇਗਾ ਉਸ ਨੇ ਮੈਨੂੰ ਮੁੱਠ, ਮੁੱਠ, ਗਿੱਠ, ਗਿੱਠ ਕਰਕੇ ਫ਼ਸਲ ਵਾਂਗ। ਖ਼ੂਨ ਦੇ ਰਿਸ਼ਤੇ ਵਿੱਚੋਂ ਸਾਰਾ
ਖ਼ੂਨ ਵਗ ਤੁਰਿਆ ਹੋਵੇਗਾ ਉਸ ਦਿਨ, ਜਿਸ ਦਿਨ ਉਸ ਨੇ ਆਪਣੀ ਭੁੱਖ ਦੀ ਤ੍ਰਿਪਤੀ ਲਈ, ਮੈਨੂੰ
ਫਸਲ ਵਾਂਗ ਪਰਵਾਨ ਚੜ੍ਹੀ ਵੇਖ ਕੇ, ਝਾੜ ਲਿਆ ਹੋਵੇਗਾ, ਕੇਵਲ ਆਪਣੇ ਆਪ ਲਈ। ... ਬਚਪਨ ਤੋਂ
ਹੀ ਮੈਨੂੰ ਸਭ ਡੈਡੀ ਦੀ ਬੇਟੀ ਕਹਿੰਦੇ ਸਨ। ਡੈਡੀ ਨਾਲ ਬਹਿਣਾ, ਡੈਡੀ ਨਾਲ ਉੱਠਣਾ। ਡੈਡੀ ਨਾਲ ਨ੍ਹਾਉਣਾ,
ਡੈਡੀ ਨਾਲ ਸੌਣਾ। ਡੈਡੀ ਨਾਲ ਖਾਣਾ, ਡੈਡੀ ਨਾਲ ਪੀਣਾ ... ਸੈਰ ਕਰਨੀ, ਖੇਡਣਾ ... ਡੈਡੀ ਹੀ ਡੈਡੀ
ਸੀ ਮੇਰੇ ਚਾਰ ਚੁਫ਼ੇਰੇ, ਅੰਦਰ ਬਾਹਰ ! ਅੱਖਾਂ ਖੁੱਲ੍ਹੀਆਂ ਤਾਂ ਪਤਾ ਲੱਗਾ ਕਿ ਇਹ ਉਸ ਦੀ ਹਿਰਸ ਤੇ ਕਾਮ-
ਤ੍ਰਿਪਤੀ ਦੇ ਵੱਖ-ਵੱਖ ਪੜਾ ਸਨ, ਢੰਗ ਸਨ। ਪਹਿਲਾਂ ਅਨਜਾਣ-ਪੁਣੇ ਵਿਚ ਉਸ ਨਾਲ ਹਮਬਿਸਤਰੀ
ਕੀਤੀ ਹੋਵੇਗੀ। ਫਿਰ ਇਸ ਭੁੱਖ ਦੀ ਤ੍ਰਿਪਤੀ ਇਕ ਲੋੜ ਬਣੀ ਹੋਵੇਗੀ। ਘਰ ਦੀ ਸੌਖ ਵਿਚ ਇਸ ਲੋੜ
ਦੀ ਪੂਰਤੀ ਹੌਲੀ ਹੌਲੀ ਆਦਤ ਬਣ ਗਈ ਹੋਵੇਗੀ। ਇਸ ਨੀਂਦ ਜਿਹੀ ਵਿਚ ਪਤਾ ਨਹੀਂ ਕਿੰਨੇਂ ਵਰ੍ਹੇ
ਬੀਤ ਗਏ। ਜਦੋਂ ਜਾਗ ਆਈ ਤਾਂ ਬਹੁਤ ਦੇਰ ਹੋ ਚੁੱਕੀ ਸੀ। ਮੈਂ ਮਾਂ ਬਣਨ ਵਾਲੀ ਸਾਂ। ਇਕ ਤੋਂ ਬਾਅਦ
ਇਕ, ਦੋ ਬੱਚੀਆਂ ਦੀ ਮਾਂ ਬਣੀ। ਹੁਣ ਜਿਵੇਂ ਜਿਵੇਂ ਇਹ ਬੱਚੀਆਂ ਵੱਡੀਆਂ ਹੁੰਦੀਆਂ ਜਾ ਰਹੀਆਂ ਹਨ,
ਤਿਵੇਂ ਤਿਵੇਂ ਮੇਰੀ ਚਿੰਤਾ ਵਧ ਰਹੀ ਹੈ। ਮਾਂ ਨੂੰ ਦਿੱਤਾ ਵਚਨ ਯਾਦ ਆ ਰਿਹਾ ਹੈ। ਬਾਪ ਦਾ ਕਤਲ ਕਰਾਂ
ਕਿ ਆਪਣੀਆਂ ਧੀਆਂ ਦਾ ਜਾਂ ਆਪ ਆਤਮ-ਹੱਤਿਆ ਕਰਨ ਤੋਂ ਪਹਿਲਾਂ ਇਨ੍ਹਾਂ ਸਭ ਦਾ ਫਾਹਾ ਵੱਢ ਦਿਆਂ।
ਮੇਰੇ ਅੰਦਰ ਇਕ ਕਮਲੀ ਆ ਵੱਸਦੀ ਹੈ। ਉਹ ਸਭ ਕੁਝ ਕਰਨਾ ਲੋਚਦੀ ਹੈ ਤਾਂ ਕਿ ਉਹ ਆਪਣੇ ਆਪ
ਅਤੇ ਆਪਣੇ ਬਾਪ ਤੋਂ ਬਦਲਾ ਲੈ ਸਕੇ...ਇਸ ਨਿੱਤ ਨਿੱਘਰ ਰਹੇ ਪੱਛਮੀ ਜੰਗਲ ਲਈ ਇਕ ਚਿਤਾਵਨੀ
ਬਣ ਸਕੇ ...।”
ਮੈਂ ਉਸ ਦਾ ਹੱਥ ਪੋਲੇ ਜਿਹੇ ਪਲੋਸਿਆ ! ਉਸ ਦੇ ਚਿਹਰੇ ਨੂੰ ਭੁਆ ਕੇ ਆਪਣੇ ਵਲਾਂ ਕੀਤਾ। ਸਿਗਰਟ
ਬਾਲ ਕੇ ਉਸਦੀਆਂ ਉਂਗਲਾਂ ਵਿਚ ਦਿੱਤੀ। ਸਿਗਰਟ ਨਾਲ ਤੇ ਆਪਣੇ ਨਾਲ ਉਸ ਦੀ ਸੁਰਤੀ ਨੂੰ ਜੋੜਿਆ।
“ਚਿਤਾਵਨੀ ਮਰ ਤੇ ਮਾਰ ਕੇ ਨਹੀਂ ਜਿਊਂ ਕੇ ਬਣ।”
“ਕਹਿਣਾ ਸੌਖਾ ਗੈਰੀ, ਪਰ ਕਰਨਾ ਔਖਾ। ਹਾਂ, ਹੁਣ ਤੂੰ ਜੋ ਮਿਲ ਗਿਆ ਹੈਂ, ਤਾਂ ਕੋਸ਼ਿਸ਼ ਜ਼ਰੂਰ
ਕਰਾਂਗੀ।”
“ਵਾਅਦਾ, ਜੀਨ।”
“ਹਾਂ ਗੈਰੀ, ਵਾਅਦਾ।”
ਉਸ ਕੋਲੋਂ ਵਾਅਦਾ ਲੈ ਕੇ ਮੈਂ ਕੁਝ ਨਿਸ਼ਚਿੰਤ ਹੋ ਗਿਆ ਸਾਂ। ਜੀਨ ਦੇ ਜਿਊਣ ਦਾ ਵਾਅਦਾ
ਉਸ ਦੇ ਆਪਣੇ ਆਪ ਤੇ ਆਪਣੀ ਮਾਂ ਨਾਲ ਕੀਤੇ ਮਰਨ ਮਾਰਨ ਦੇ ਵਾਅਦੇ ਉੱਤੇ ਹਾਵੀ ਹੋ ਕੇ ਜ਼ਿੰਦਗੀ
ਦਾ ਗੀਤ ਬਣੇ, ਇਕ ਨਵਾਂ ਮੋੜ ਲਵੇ, ਇਹ ਮੇਰੀ ਇੱਛਾ ਸੀ। ਇਨ੍ਹਾਂ ਦਿਨਾਂ ’ਚ ਹੀ ਜੀਨ ਨੇ ਆਪਣਾ
ਤੇ ਬੱਚਿਆਂ ਦਾ ਮਨ ਹੋਰ ਪਾਸੇ ਪਾਉਣ ਲਈ ਕਾਰ ਰਾਹੀਂ ਹਫ਼ਤੇ ਦਸ ਦਿਨ ਲਈ ਅਮਰੀਕਾ ਦੀ ਸੈਰ ਕਰਨ
ਦਾ ਪ੍ਰੋਗਰਾਮ ਬਣਾ ਲਿਆ ਅਤੇ ਮੈਂ ਆਪਣੇ ਕੰਮ ਕਾਰ ਵਿਚ ਰੁੱਝ ਗਿਆ। ਕਾਫ਼ੀ ਦੇਰ ਮੁਲਾਕਾਤ ਨਾ
ਹੋ ਸਕੀ। ... ਤੇ ਅੱਜ ਉਸ ਦਾ ਸੁਨੇਹਾ ਆਇਆ ਸੀ ਤੇ ਉਹ ਵੀ ਕਿਸੇ ਹੋਰ ਦੇ ਮੂੰਹੋਂ ਟੈਲੀਫ਼ੋਨ ਉੱਤੇ ਕਿ ਜੀਨ
ਹਸਪਤਾਲ ਵਿਚ ਹੈ। ਉਸ ਦੀ ਹਾਲਤ ਬਹੁਤ ਗੰਭੀਰ ਹੈ।
ਰਸਤੇ ਵਿਚ ਮੈਂ ਸੋਚਦਾ ਜਾ ਰਿਹਾ ਸਾਂ ਕਿ ਕੋਈ ਮਾਂ ਵੀ ਏਸ ਤਰ੍ਹਾਂ ਕਰ ਜਾਂ ਕਰਨ ਉੱਤੇ ਮਜਬੂਰ
ਹੋ ਸਕਦੀ ਹੈ ? ਜੀਨ ਨੇ ਆਪਣੀਆਂ ਬੱਚੀਆਂ ਦੇ ਹੱਥ ਪੈਰ ਬੰਨ੍ਹ ਕੇ ਉਨ੍ਹਾਂ ਨੂੰ ਚਾਕੂ ਨਾਲ ਕਤਲ ਕਰ ਦਿੱਤਾ
ਸੀ। ਘਰ ਨੂੰ ਅੱਗ ਲਾ ਕੇ ਉਹ ਆਪ ਆਪਣੀਆਂ ਬੱਚੀਆਂ ਦੀਆਂ ਲਾਸ਼ਾਂ ਦੇ ਨਾਲ ਲੰਮੀਂ ਪੈ ਗਈ ਸੀ।
ਜੇ ਗਵਾਂਢੀ, ਤੇ ਫ਼ਾਇਰ-ਬਰਗੇਡ ਵਾਲੇ ਸਮੇਂ ਸਿਰ ਨਾ ਪਹੁੰਚਦੇ ਤਾਂ ਉਸ ਨੇ ਵੀ ਸੜ ਮਰਨਾ ਸੀ। ਉਸ
ਦੀ ਦੇਹ ਬੁਰੀ ਤਰ੍ਹਾਂ ਝੁਲਸੀ ਗਈ ਸੀ ਤੇ ਮੈਨੂੰ ਵੇਖ ਕੇ ਜਿਵੇਂ ਉਸ ਨੂੰ ਸੁੱਖ ਦਾ ਸਾਹ ਆਇਆ, ਉਹ ਬੋਲੀ,
“ਵੇਖ, ਤੂੰ ਮੈਨੂੰ ਗਲਤ ਨਾ ਸਮਝੀਂ। ਮੇਰੇ ਕੋਲ ਕੋਈ ਹੋਰ ਚਾਰਾ ਨਹੀਂ ਸੀ। ਇਹ ਨਾ ਕਹੀਂ ਕਿ ਤੇਰੇ ਨਾਲ
ਮੋਹ ਨਹੀਂ ਹੈ। ਬਹੁਤ ਮੋਹ ਹੈ, ਤਾਂ ਹੀ ਤਾਂ ਬਚ ਗਈ ਹਾਂ। ਮੌਤ ਤੋਂ ਮੋਹਲਤ ਲੈਣੀ ਪਈ ਹੈ ਮੈਨੂੰ, ਤੈਨੂੰ
ਅੰਤਿਮ ਵਿਦਾ ਕਹਿਣ ਲਈ ! ਆਪਣੇ ਹੀ ਬਾਪ ਦੇ ਹੱਥੋਂ ਉੱਜੜੀ ਇਸ ਦੇਹ ਤੇ ਆਤਮਾ ਦੀ ਜੂਠ ਨੂੰ
ਤੇਰੇ ਅਰਪਣ ਕਿਵੇਂ ਕਰਦੀ ? ਕਿਵੇਂ ਰੋਕਦੀ ਮੈਂ ਆਪਣੇ ਬਾਪ ਨੂੰ ਆਪਣੀਆਂ ਹੀ ਬੱਚੀਆਂ ਦਾ ਬਾਪ ਬਣਨ
ਤੋਂ ? ਜਿਊਂਦੀ ਵੀ ਤਾਂ ਇਕ ਨਿਰੰਤਰ ਭੈ ਜਿਹੇ ਵਿਚ ਜਿਊਣਾ ਸੀ ਮੈਂ। ਨਾ ਤੇਰੀ ਹੋ ਸਕਣਾ ਸੀ, ਨਾ ਬੱਚਿਆਂ
ਦੀ ਤੇ ਨਾ ਹੀ ਆਪਣੇ ਆਪ ਦੀ। ਆਪਣੇ ਬਾਪ ਨੂੰ ਸਜ਼ਾ ਵੀ, ਉਸ ਨੂੰ ਮਾਰ ਕੇ ਨਹੀਂ, ਸਗੋਂ ਉਸ ਨੂੰ
ਜਿਊਂਦਿਆਂ ਰੱਖ ਕੇ ਹੀ ਦਿੱਤੀ ਜਾ ਸਕਦੀ ਸੀ ... ਛਿਣ ਛਿਣ ਪਸ਼ਚਾਤਾਪ ਦੀ ਅੱਗ ਵਿਚ ਸੜਦਾ, ਉਹ
ਜਿਊਂਦੀ ਮੌਤ ਬਣ ਜਾਵੇਗਾ। ਪਤਨੀ, ਧੀ ਤੇ ਦੋਹਤਰੀਆਂ ਦੀ ਤਿੱਖੀ ਚੇਤਨਾ ਦਾ ਚੱਕ੍ਰਵਯੂਹ, ਉਸ ਦੀ
ਕਾਮ-ਵਾਸਨਾ ਵਿਚ ਤੇਜ਼ਾਬ ਵਿਚ ਭਿੱਜ, ਭਿੱਜ, ਬਾਰ ਬਾਰ ਪੁੜਦੀਆਂ ਸੂਈਆਂ ਦਾ ਰੂਪ ਧਾਰ ਲਵੇਗਾ ...
ਇਹ ਹੀ ਮੇਰਾ ਵਰ ਸੀ, ਇਹ ਹੀ ਉਸ ਨੂੰ ਸਰਾਪ ਹੈ। ...”
ਉਸ ਦੇ ਡੁੱਬ ਰਹੇ ਬੋਲਾਂ ਵਿਚ ਇਕ ਐਸੀ ਅਮਰ ਨਾਇਕਾ ਦੀ ਅਦਾ ਸੀ ਜਿਸ ਲਈ ਆਪਣੀ ਤੇ
ਆਪਣੇ ਬੱਚਿਆਂ ਦੀ ਮੌਤ, ਸ਼ਹੀਦੀ ਦੀ ਸਮਅਰਥਕ ਬਣ ਗਈ ਹੋਵੇ।
ਪੰਜਾਬੀ ਕਹਾਣੀਆਂ (ਮੁੱਖ ਪੰਨਾ) |