ਡਾਕਟਰ ਤੇ ਸ਼ਫ਼ਾ ਬੀ. ਐੱਸ. ਬੀਰ
ਉਸ ਦਾ ਨਾਂ ਰਜਨੀਸ਼ ਭਾਰਗਵ ਸੀ ਤੇ ਉਸ ਦਾ ਪੂਰਾ ਨਾਂ ਡਾਕਟਰ ਰਜਨੀਸ਼ ਕੁਮਾਰ ਭਾਰਗਵ ਸੀ। ਮੈਡੀਸਨ ਕਿੱਤੇ ਵਿੱਚ ਉਸ ਨੇ ਐੱਮ.ਡੀ. ਕੀਤੀ ਸੀ। ਪਹਿਲਾਂ ਪਹਿਲ ਆਰਜ਼ੀ ਨੌਕਰੀ ਇੱਕ ਪਿੰਡ ਦੇ ਸਰਕਾਰੀ ਹਸਪਤਾਲ ’ਚ ਲੱਗੀ ਤੇ ਉਹ ਨੇੜਲੇ ਸ਼ਹਿਰ ਦੀ ਡਾਕਟਰ ਕਲੋਨੀ ਵਿੱਚ ਰਹਿੰਦਾ ਰਿਹਾ ਸੀ। ਪਹਿਲਾਂ-ਪਹਿਲ ਕਿਰਾਏ ’ਤੇ ਦੋ ਬੈੱਡਰੂਮ ਵਾਲਾ ਫਲੈਟ ਤੇ ਫਿਰ ਉਸੇ ਕਲੋਨੀ ਵਿੱਚ ਹੀ ਢਾਈ ਸੌ ਗਜ਼ ਦਾ ਇੱਕ ਪਲਾਟ ਲੈ ਕੇ, ਉਸ ਘੱਟੋ-ਘੱਟ ਪਰਿਵਾਰਕ ਲੋੜਾਂ ਮੁਤਾਬਕ ਇੱਕ ਛੋਟੀ ਜਿਹੀ ਕੋਠੀ ਬਣਾ ਲਈ ਸੀ। ਕੁਝ ਸਰਮਾਇਆ ਉਸ ਨੂੰ ਪਿਤਾ ਤੋਂ ਮਿਲ ਗਿਆ ਸੀ ਤੇ ਕੁਝ ਬੈਂਕ ਤੋਂ ਹਾਊਸਿੰਗ ਲੋਨ ਲੈ ਲਿਆ ਸੀ। ਦੋ ਬੈੱਡਰੂਮ, ਇੱਕ ਮਹਿਮਾਨ ਲਈ ਕਮਰਾ, ਇੱਕ ਡਰਾਇੰਗ ਰੂਮ, ਇੱਕ ਸਟੋਰ, ਕਿਚਨ ਤੇ ਬਾਥਰੂਮ...। ਇੱਕ ਛੋਟੀ ਜਿਹੀ ਲਾਬੀ, ਛੋਟਾ ਜਿਹਾ ਲਾਅਨ। ਆਮ ਡਾਕਟਰਾਂ ਵਾਂਗ ਉਸ ਨੇ ਰੋਗੀਆਂ ਨੂੰ ਵੇਖਣ-ਜਾਂਚਣ ਲਈ ਕੋਈ ਵੱਖਰਾ ਜਾਂ ਵਿਸ਼ੇਸ਼ ਵਿਜ਼ਟਿੰਗ ਰੂਮ ਨਹੀਂ ਸੀ ਬਣਾਇਆ। ਪਿਛਲੇ ਅਠਾਰਾਂ ਸਾਲਾਂ ਤੋਂ ਉਹ ਪਿੰਡ ਦੇ ਸਰਕਾਰੀ ਹਪਸਤਾਲ ਵਿੱਚ ਹੀ ਡਿਊਟੀ ਨਿਭਾਅ ਰਿਹਾ ਸੀ। ਪਹਿਲਾਂ ਉੱਥੇ ਆਰਜ਼ੀ ਤੇ ਫਿਰ ਉੱਥੇ ਹੀ ਨੌਕਰੀ ਪੱਕੀ ਹੋ ਗਈ ਸੀ। ਦੋ-ਤਿੰਨ ਵਾਰ ਉਸ ਦੀ ਬਦਲੀ ਹੋਈ ਪਰ ਉਸ ਕਸਬੇ ਅਤੇ ਆਲੇ-ਦੁਆਲੇ ਦੇ ਵਸਨੀਕ ਉਸ ਨੂੰ ਆਪਣਾ ਰਸੂਖ ਵਰਤ ਕੇ ਮੁੜ ਵਾਪਸ ਲੈ ਆਉਂਦੇ। ਪਿੰਡ ਦੇ ਆਲੇ-ਦੁਆਲੇ ਪਿੰਡਾਂ ਦੇ ਲੋਕ ਤਾਂ ਉਸ ’ਤੇ ਵਿਸ਼ਵਾਸ ਕਰਦੇ ਹੀ ਸਨ ਤੇ ਕਹਿੰਦੇ ਨਾ ਥੱਕਦੇ ਕਿ ਡਾਕਟਰ ਭਾਰਗਵ ਦੇ ਹੱਥਾਂ ’ਚ ਪਰਮਾਤਮਾ ਨੇ ਸ਼ਫ਼ਾ ਬਖਸ਼ੀ ਹੈ। ਉਹ ਤਾਂ ਜੇ ਕਿਸੇ ਨੂੰ ਮਿੱਟੀ ਦੀ ਪੁੜੀ ਵੀ ਦੇ ਦੇਵੇ ਜਾਂ ਜੋ ਦਵਾਈ ਲਿਖ ਦੇਵੇ ਤਾਂ ਉਹ ਯਕੀਨਨ ਠੀਕ ਹੋ ਜਾਂਦੈ। ਜਿਹੜੀ ਵੀ ਦਵਾਈ ਉਹ ਲਿਖ ਕੇ ਦਿੰਦਾ, ਰੋਗੀ ਲਈ ਕਾਰਗਰ ਸਿੱਧ ਹੁੰਦੀ ਤੇ ਉਹ ਛੇਤੀ ਹੀ ਨੌਂ ਬਰ ਨੌਂ ਹੋ ਜਾਂਦਾ। ਇਸ ਇਲਾਕੇ ਤੋਂ ਉਸ ਦੀ ਮਸ਼ਹੂਰੀ ਹੋਰ ਪਿੰਡਾਂ ਤਕ ਵੀ ਪੁੱਜ ਗਈ ਸੀ। ਦੂਜੇ ਸ਼ਹਿਰਾਂ ਤੇ ਆਲੇ-ਦੁਆਲੇ ਦੇ ਪਿੰਡਾਂ ਤੋਂ ਵੀ ਥੱਕੇ ਹਾਰੇ, ਨਿਰਾਸ਼ ਰੋਗੀ ਉਸ ਕੋਲ ਪਹੁੰਚਦੇ। ਇਸ ਪ੍ਰਸਿੱਧੀ ਦੇ ਬਾਵਜੂਦ ਉਸ ਦਾ ਅਸੂਲ ਸੀ ਕਿ ਕਿਸੇ ਵੀ ਰੋਗੀ ਨੂੰ ਘਰ ਜਾਂ ਕੋਠੀ ’ਤੇ ਨਹੀਂ ਵੇਖਣਾ। ਉਹ ਆਪਣੀ ਕੋਠੀ ਦਾ ਪਤਾ ਛੇਤੀ ਦੇਣੇ ਕਿਸੇ ਨੂੰ ਵੀ ਨਾ ਦਿੰਦਾ। ਹੋਰ ਤਾਂ ਹੋਰ ਉਹ ਕੋਠੀ ਵਿੱਚ ਲੱਗਿਆ ਟੈਲੀਫੋਨ ਨੰਬਰ ਵੀ ਆਮ ਤੌਰ ’ਤੇ ਕਿਸੇ ਨੂੰ ਵੀ ਦੇਣ ਤੋਂ ਗੁਰੇਜ਼ ਕਰਦਾ।ਪਹਿਲੇ ਦਸ ਸਾਲ ਤਾਂ ਉਸ ਨੇ ਮੋਬਾਈਲ ਤਕ ਵੀ ਨਾ ਖਰੀਦਿਆ ਜਦੋਂਕਿ ਦੂਜੇ ਡਾਕਟਰਾਂ ਲਈ ਮੋਬਾਈਲ ਇੱਕ ਆਮ ਜਿਹੀ ਗੱਲ ਸੀ। ਮੋਬਾਈਲ ਉਸ ਨੇ ਸਿਰਫ਼ ਉਦੋਂ ਲਿਆ ਸੀ ਜਦੋਂ ਉਸ ਦੇ ਬਰੇਲੀ ਰਹਿੰਦੇ ਅਧਿਆਪਕ ਮਾਤਾ-ਪਿਤਾ ਨੇ ਉਸ ਨੂੰ ਮਜਬੂਰ ਕੀਤਾ ਕਿ ਮੋਬਾਈਲ ਅੱਜ-ਕੱਲ੍ਹ ਪਰਿਵਾਰਕ ਲੋੜ ਵੀ ਹੈ ਤੇ ਨਿੱਜੀ ਜ਼ਰੂਰਤ ਵੀ। ਮਾਤਾ-ਪਿਤਾ ਆਉਂਦੇ-ਜਾਂਦੇ ਰਹਿੰਦੇ। ਕਦੇ ਉਸ ਕੋਲ ਪਟਿਆਲੇ ਮਹੀਨਾ ਦੋ ਮਹੀਨਾ ਲਾ ਜਾਂਦੇ ਤੇ ਫਿਰ ਬਰੇਲੀ ਦੀ ਖਿੱਚ ਉਨ੍ਹਾਂ ਨੂੰ ਉੱਥੇ ਲੈ ਜਾਂਦੀ। ਬਰੇਲੀ ਵਿੱਚ ਹੀ ਉਨ੍ਹਾਂ ਦੀ ਇਕਲੌਤੀ ਧੀ ਵਿਆਹੀ ਹੋਈ ਸੀ। ਉਸ ਪ੍ਰਤੀ ਖਿੱਚ ਵੀ ਇੱਕ ਕਾਰਨ ਸੀ ਕਿ ਉਹ ਦੋਵੇਂ ਜੀਅ ਬਰੇਲੀ ਨੂੰ ਨਾ ਭੁਲਾ ਸਕਦੇ। ਉਨ੍ਹਾਂ ਦਾ ਰਜਨੀਸ਼ ਤੋਂ ਦੋ ਸਾਲਾ ਛੋਟਾ ਮੁੰਡਾ ਭਵਨੀਸ਼ ਸ਼ਿਕਾਗੋ ਕਿਸੇ ਮਲਟੀਨੈਸ਼ਨਲ ਕੰਪਨੀ ’ਚ ਕੰਮ ਕਰਦਾ ਸੀ ਤੇ ਉਸ ਅਮਰੀਕਾ ਵਿੱਚ ਹੀ ਰਹਿਣ ਦੀ ਧਾਰ ਲਈ ਸੀ।
ਡਾਕਟਰ ਰਜਨੀਸ਼ ਦਾ ਪੰਜਾਬ ਦੇ ਪਿੰਡ ਨਾਲ ਸਦੀਵੀ ਤੌਰ ’ਤੇ ਜੁੜ ਜਾਣ ਦਾ ਇੱਕ ਹੋਰ ਕਾਰਨ ਵੀ ਸੀ। ਜਦੋਂ ਡਾਕਟਰ ਰਜਨੀਸ਼ ਆਰਜ਼ੀ ਨੌਕਰੀ ਅਧੀਨ ਇੱਥੇ ਆਇਆ ਤਾਂ ਸਰਕਾਰੀ ਸਕੂਲ ਵਿੱਚ ਬੀ.ਐੱਡ. ਅਧਿਆਪਕਾ ਦੀ ਪੋਸਟ ’ਤੇ ਲੱਗੀ ਇੱਕ ਮੁਟਿਆਰ ਉਸ ਦੀਆਂ ਅੱਖਾਂ ਰਾਹੀਂ ਉਸ ਦੇ ਦਿਲ ਵਿੱਚ ਉੱਤਰ ਗਈ ਤੇ ਡਾਕਟਰ ਰਜਨੀਸ਼ ਭਾਰਗਵ ਵਿੱਚ ਵੀ, ਉਸ ਕੁੜੀ ਨੂੰ ਆਪਣੇ ਖਿਆਲਾਂ ’ਚ ਵਸਿਆ ਮਰਦ ਲੱਭ ਪਿਆ ਸੀ। ਮਾਂ ਦੀ ਨਬਜ਼ ਦਿਖਾਉਣ ਤੇ ਮਾਂ ਦੇ ਇਲਾਜ ਲਈ ਦਿਲਰਾਜ ਕੌਰ ਆਈ ਸੀ ਪਰ ਆਪਣੇ ਮਨ ਦੀ ਨਬਜ਼, ਉਹ ਡਾਕਟਰ ਭਾਰਗਵ ਨੂੰ ਫੜਾ ਬੈਠੀ। ਅਨੁਸੂਚਿਤ ਜਾਤੀ ਪਰਿਵਾਰ ਨਾਲ ਸਬੰਧ ਰੱਖਦੀ ਸੀ ਉਹ ਤੇ ਡਾਕਟਰ ਭਾਰਗਵ ਯੂ.ਪੀ. ਦਾ ਬ੍ਰਾਹਮਣ। ਪਹਿਲਾਂ ਪਹਿਲਾਂ ਦੋਵਾਂ ਪਰਿਵਾਰਾਂ ਨੇ ਆਪਣੀ-ਆਪਣੀ ਖਿੱਚੋਤਾਣੀ ਵਿਖਾਈ ਤੇ ਦੋਵਾਂ ਨੂੰ ਅੱਡ-ਅੱਡ ਰਸਤਿਆਂ ’ਤੇ ਤੁਰਨ ਦੀ ਸਲਾਹ ਤੇ ਹਦਾਇਤ ਦਿੱਤੀ। ਪਰ ਦਿਲਰਾਜ ਤੇ ਡਾਕਟਰ ਰਜਨੀਸ਼ ਆਪਣੇ ਲਏ ਫ਼ੈਸਲਿਆਂ ’ਤੇ ਅੜ ਗਏ ਸਨ। ਦਿਲਰਾਜ ਕੌਰ ਦੇ ਮਾਤਾ-ਪਿਤਾ ਨੇ ਸ਼ਰਤ ਰੱਖੀ ਸੀ- ਵਿਆਹ ਆਨੰਦ ਕਾਰਜ ਰਾਹੀਂ ਹੋਏਗਾ। ਡਾਕਟਰ ਰਜਨੀਸ਼ ਨੇ ਇਸ ਲਈ ਆਪਣੇ ਪਰਿਵਾਰ ਨੂੰ ਮਨਾ ਲਿਆ ਤੇ ਬਰੇਲੀ ਜਾ ਕੇ ਪੰਡਤਾਂ ਤੋਂ ਵੇਦੀ ਦੇ ਆਲੇ-ਦੁਆਲੇ ਦੋਵਾਂ ਨੇ ਫੇਰੇ ਲੈ ਲਏ। ਡਾਕਟਰ ਰਜਨੀਸ਼ ਤੇ ਦਿਲਰਾਜ ਦੋਵਾਂ ਨੇ ਸਫ਼ਲ ਯਤਨ ਕੀਤਾ ਸੀ ਕਿ ਦੋਵਾਂ ਦੇ ਮਾਤਾ-ਪਿਤਾ ਦੀ ਸਹਿਮਤੀ ਤੇ ਖ਼ੁਸ਼ੀ ਇਸ ਸ਼ੁਭ ਕਾਰਜ ਲਈ ਕਿਸੇ ਨਾ ਕਿਸੇ ਢੰਗ ਨਾਲ ਪ੍ਰਬੰਧਿਤ ਕੀਤੀ ਜਾਵੇ। ਦੋਵਾਂ ਨੇ ਇਸ ਵਿੱਚ ਸਫ਼ਲਤਾ ਵੀ ਪ੍ਰਾਪਤ ਕੀਤੀ। ਦੋਵੇਂ ਪਰਿਵਾਰਾਂ ਤੇ ਇਨ੍ਹਾਂ ਦੋਵੇਂ ਨਾਇਕ ਤੇ ਨਾਇਕਾ ਨੇ ਕੋਈ ਵੱਡੇ-ਵੱਡੇ ਸੁਪਨੇ ਨਹੀਂ ਸਨ ਸੰਜੋਏ। ਉਹ ਸਹਿਜ, ਸਾਦਾ ਤੇ ਸਰਲ ਜੀਵਨ ਜੀਉਣ ਦੇ ਹਾਮੀ ਸਨ। ਫਾਈਵ ਸਟਾਰ ਜ਼ਿੰਦਗੀ ਦੇ ਸੁਪਨੇ ਉਨ੍ਹਾਂ ਦੋਵਾਂ ਨੇ ਕਦੀ ਨਹੀਂ ਲਏ ਸਨ। ਦਿਲਰਾਜ ਨੂੰ ਪੜ੍ਹਾਉਣ ਤੇ ਆਪਣੇ ਵਿਦਿਆਰਥੀਆਂ ਨੂੰ ਸਮਝਣ-ਸਮਝਾਉਣ ਦਾ ਜਨੂੰਨ ਸੀ ਤੇ ਡਾਕਟਰ ਦਾ ਇਸ਼ਟ ਆਪਣਾ ਕਿੱਤਾ ਸੀ ਤੇ ਉਹ ਹਰ ਆਉਣ ਵਾਲੇ ਰੋਗੀ ’ਚ ਉਸ ਦੇ ਅੰਦਰਲੇ ਨੂੰ ਖੰਗਾਲ ਕੇ ਉਸ ਦੇ ਸਰੀਰਕ ਰੋਗ ਨੂੰ ਨਿਵਿਰਤ ਕਰਨ ਦਾ ਸਫ਼ਲ ਯਤਨ ਕਰਦਾ।
ਦੁਨੀਆਂ ਵਿੱਚ ਦੋ ਕਿੱਤੇ ਮਨੁੱਖ ਨੂੰ ਇਸ ਮਾਤ ਲੋਕ ਵਿੱਚ ਵੀ ਦੈਵੀ ਬਣਾ ਸਕਦੇ ਹਨ ਜੇ ਇਹ ਕਿੱਤੇ ਪੂਰੀ ਸ਼ਿੱਦਤ, ਸੰਪੂਰਨ ਇਮਾਨਦਾਰੀ ਨਾਲ ਤੇ ਹੈਵਾਨੀ ਲਾਲਚ ਤੋਂ ਉੱਚੇ ਉੱਠ ਕੇ ਨਿਭਾਏ ਜਾਣ। ਵਿੱਦਿਆ ਦਾ ਪ੍ਰਸਾਰ ਤੇ ਸਰੀਰਕ ਰੋਗਾਂ ਦਾ ਇਲਾਜ। ਦੋਵੇਂ ਕਿੱਤਿਆਂ ਵਿੱਚ ਸਫ਼ਲਤਾ ਪ੍ਰਾਪਤ ਕਰਨ ਲਈ ਇੱਕ ਪੁਲ ਦੀ ਲੋੜ ਹੁੰਦੀ ਹੈ। ਅਧਿਆਪਕ ਤੇ ਵਿਦਿਆਰਥੀ ਵਿਚਕਾਰ ਤੇ ਡਾਕਟਰ ਤੇ ਰੋਗੀ ਵਿਚਕਾਰ। ਦਿਲਰਾਜ ਕੌਰ ਤੇ ਡਾਕਟਰ ਭਾਰਗਵ ਨੇ ਇਸ ਰਹੱਸ ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਅਮਲੀ ਤੌਰ ’ਤੇ ਸਮਝਿਆ ਤੇ ਆਪਣੇ-ਆਪਣੇ ਕਿੱਤਿਆਂ ਵਿੱਚ ਅਮਲੀ ਰੂਪ ਵਿੱਚ ਅਪਣਾਇਆ ਵੀ ਸੀ। ਜਿੱਥੇ ਦੋਵੇਂ ਆਪਣੇ ਕਿੱਤਿਆਂ ਵਿੱਚ ਸਿਰੜੀ ਤੇ ਇਮਾਨਦਾਰ ਸਨ, ਉੱਥੇ ਉਹ ਆਪਣੇ ਪਰਿਵਾਰਕ ਰਿਸ਼ਤਿਆਂ ਤੇ ਫ਼ਰਜ਼ਾਂ ਪ੍ਰਤੀ ਵੀ ਜਾਗਰੂਕ ਸਨ। ਇਹੋ ਕਾਰਨ ਸੀ ਕਿ ਉਨ੍ਹਾਂ ਦੇ ਪਰਿਵਾਰਕ ਰਿਸ਼ਤਿਆਂ ਦੀਆਂ ਤੰਦਾਂ ਉਲਝੀਆਂ ਨਹੀਂ ਸਨ ਤੇ ਕੁਦਰਤ ਨੇ ਉਨ੍ਹਾਂ ਨੂੰ ਪਹਿਲਾਂ ਇੱਕ ਬੇਟੀ ਸਰਸਵਤੀ ਤੇ ਫਿਰ ਇੱਕ ਪੁੱਤਰ ਨੌਨਿਹਾਲ ਬਖਸ਼ਿਆ ਸੀ। ਦੋਵੇਂ ਪਤੀ-ਪਤਨੀ ਇੱਕ ਦੂਜੇ ਦੇ ਰੰਗਾਂ ਵਿੱਚ ਰੰਗ ਗਏ ਸਨ। ਦਿਲਰਾਜ ਕੌਰ ਜਦੋਂ ਪਤੀ ਨਾਲ ਬਰੇਲੀ ਜਾਂਦੀ ਤਾਂ ਅਕਸਰ ਉਹ ਸਾੜ੍ਹੀ ਹੀ ਬੰਨ੍ਹਦੀ ਤੇ ਬ੍ਰਾਹਮਣ ਪਰਿਵਾਰ ਦੇ ਰਸਮਾਂ-ਰਿਵਾਜਾਂ ਨੂੰ ਸ਼ਿੱਦਤ ਨਾਲ ਪੂਰਾ ਕਰਦੀ। ਪਰ ਜਦੋਂ ਉਹ ਪੰਜਾਬ ਹੁੰਦੇ ਤਾਂ ਸਮਾਂ ਕੱਢ ਕੇ ਬੱਚਿਆਂ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਣ ਵੀ ਜਾਂਦੇ। ਡਾਕਟਰ ਭਾਰਗਵ ਨੇ ਥੋੜ੍ਹੀ-ਥੋੜ੍ਹੀ ਦਾੜ੍ਹੀ ਤੇ ਮੁੱਛਾਂ ਵੀ ਵਧਾ ਲਈਆਂ ਸਨ। ਗੁਰਦੁਆਰੇ ਜਾਣ ਸਮੇਂ ਉਹ ਅਕਸਰ ਪੱਗ ਬੰਨ੍ਹ ਲੈਂਦਾ ਜਾਂ ਦਸਤਾਰ ਸਿਰ ’ਤੇ ਲਪੇਟ ਲੈਂਦਾ। ਸਹੁਰੇ ਘਰ ਜਦੋਂ ਉਹ ਪਤਨੀ ਨਾਲ ਜਾਂਦਾ ਤਾਂ ਵੀ ਉਹ ਇਸ ਪਹਿਰਾਵੇ ਨੂੰ ਉੱਥੇ ਵੀ ਅਖ਼ਤਿਆਰ ਕਰ ਲੈਂਦਾ। ਛੋਟੀਆਂ-ਛੋਟੀਆਂ ਗੱਲਾਂ ਜ਼ਿੰਦਗੀ ’ਚ ਵੱਡੀਆਂ-ਵੱਡੀਆਂ ਖ਼ੁਸ਼ੀਆਂ ਦੇ ਸਕਦੀਆਂ ਹਨ, ਉਹ ਦੋਵੇਂ ਮਹਿਸੂਸ ਕਰਦੇ। ਦੋਵਾਂ ਨੂੰ ਇਸ ਗੱਲ ਦੀ ਵੀ ਸੋਝੀ ਸੀ ਕਿ ਵਿਚਾਰਾਂ ਵਿੱਚ ਕੱਟੜਤਾ ਨਹੀਂ ਸਗੋਂ ਪਰਪੱਕਤਾ ਦੀ ਵਧੇਰੇ ਲੋੜ ਹੈ ਤੇ ਪਰਪੱਕਤਾ ਦੀ ਕੋਈ ਇੱਕ ਮੰਜ਼ਿਲ ਜਾਂ ਕੋਈ ਇੱਕ ਵਿਸ਼ੇਸ਼ ਪੜਾਅ ਨਹੀਂ ਹੁੰਦਾ। ਅਨੁਭਵ ਤੇ ਲਚਕੀਲਾਪਨ, ਪਰਪੱਕਤਾ ਦੇ ਜ਼ਾਮਨੀ ਹੁੰਦੇ ਸਨ।
ਸਿਰੜ, ਸੰਜਮਤਾ, ਸਰਲਤਾ, ਸਹਿਜਤਾ ਮਨੁੱਖ ਨੂੰ ਅਮਲੀ ਰੂਪ ਵਿੱਚ ਧਰਮੀ ਬਣਾ ਸਕਦੇ ਹਨ। ਇਹ ਦੋਵੇਂ ਪਤੀ-ਪਤਨੀ ਇਨ੍ਹਾਂ ਗੁਣਾਂ ਨਾਲ ਲਬੋਲਬ ਯਕੀਨਨ ਧਰਮੀ ਜੀਉੜੇ ਹੋ ਨਿਬੜੇ ਸਨ। ਦਸਵੰਧ ਉਹ ਆਪਣੀਆਂ ਦੋਵੇਂ ਤਨਖਾਹਾਂ ਵਿੱਚੋਂ ਕੱਢਦੇ ਤੇ ਮਾਰੂਤੀ ਅੱਠ ਸੌ ਕਾਰ ਵਿੱਚ ਬੈਠ ਪਿੰਗਲਵਾੜੇ ’ਚ ਮਹੀਨੇ ਵਿੱਚ ਇੱਕ ਜਾਂ ਦੋ ਵਾਰ ਹਾਜ਼ਰੀ ਜ਼ਰੂਰ ਹੀ ਲੁਆਉਂਦੇ। ਆਪਣੇ ਹੱਥੀਂ ਉਹ ਅਪਾਹਜਾਂ ਨੂੰ ਘਰ ਬਣਾਇਆ ਭੋਜਨ, ਟਾਫੀਆਂ, ਚਾਕਲੇਟ ਆਦਿ ਵਰਤਾਉਂਦੇ। ਜੇ ਕਿਸੇ ਅਪਾਹਜ ਨੂੰ ਮੈਡੀਕਲ ਚੈਕਅੱਪ ਦੀ ਲੋੜ ਹੁੰਦੀ ਤਾਂ ਡਾਕਟਰ ਭਾਰਗਵ ਹਮੇਸ਼ਾਂ ਤਿਆਰ-ਬਰ-ਤਿਆਰ ਮਿਲਦਾ। ਜਦੋਂ ਉਹ ਪਿੰਗਲਵਾੜੇ ਪੁੱਜਦੇ ਤਾਂ ਅਪਾਹਜਾਂ ਤੇ ਸੇਵਾਦਾਰਾਂ ਦੇ ਚਿਹਰਿਆਂ ’ਤੇ ਇੱਕ ਨੂਰ ਜਿਹਾ ਟਪਕਣ ਲੱਗ ਪੈਂਦਾ। ਨਿਸ਼ਕਾਮ ਹੋ ਕੇ ਕੀਤੀ ਸੇਵਾ ਜਿੱਥੇ ਸੇਵਾ ਕਰਨ ਵਾਲੇ ਦੇ ਮਨ ਨੂੰ ਅਣਬਿਆਨਿਆ ਹੁਲਾਰਾ ਦਿੰਦੀ ਹੈ, ਉੱਥੇ ਸੇਵਾ ਕਰਵਾਉਣ ਵਾਲਾ ਵੀ ਕਿਸੇ ਆਤਮ ਗਿਲਾਨੀ ਦਾ ਅਹਿਸਾਸ ਮਹਿਸੂਸ ਨਹੀਂ ਕਰਦਾ। ‘ਨਿਸ਼ਕਾਮ ਸੇਵਾ ਸਰਵੋਤਮ ਮਨੁੱਖਤਾ ਦਾ ਧਰਮ ਹੈ’ ਪਿੰਗਲਵਾੜੇ ਲਿਖੀ ਇਸ ਤੁਕ ਨੂੰ ਇਸ ਜੋੜੇ ਨੇ ਅਮਲੀ ਰੂਪ ਦਿੱਤਾ ਸੀ। ‘ਸੇਵਾ ਜਾਂ ਦਾਨ’ ਕਰਨ ਸਮੇਂ ਜੋ ਮਨੁੱਖ ਹਉਮੈ ਗ੍ਰਸਿਤ ਹੋ ਜਾਂਦਾ ਹੈ ਤੇ ਉਸ ਵਿੱਚ ‘ਮੈਂ’ ਆ ਜਾਂਦੀ ਹੈ, ਉਹ ‘ਨਰਕਾਂ ਦਾ ਭਾਗੀ ਹੁੰਦਾ ਹੈ’ ਬੁੱਧ ਧਰਮ ਦਾ ਇਹ ਵਿਚਾਰ ਭਾਰਗਵ ਦੰਪਤੀ ਨੇ ਪੜ੍ਹਿਆ ਤੇ ਗੁੜ੍ਹਿਆ ਹੋਇਆ ਸੀ। ਡਾਕਟਰ ਭਾਰਗਵ ਨੇ ਨਿੱਜੀ ਡਾਇਰੀ ਵਿੱਚ ਵੀ ਇਹ ਵਿਚਾਰ ਮੁੱਖ ਪੰਨੇ ’ਤੇ ਲਿਖ ਕੇ ਰੱਖਿਆ ਹੋਇਆ ਸੀ।
ਅਠਾਰਾਂ ਸਾਲ ਤੋਂ ਸ਼ਿੱਦਤ ਸਿਰੜ ਨਾਲ ਡਾਕਟਰ ਭਾਰਗਵ ਆਪਣਾ ਸਰਕਾਰੀ ਫ਼ਰਜ਼ ਨਿਭਾਉਂਦਾ ਆ ਰਿਹਾ ਸੀ ਪਰ ਪਿਛਲੇ ਛੇ ਮਹੀਨਿਆਂ ਤੋਂ ਉਹ ਉਖੜਾ-ਉਖੜਾ ਮਹਿਸੂਸ ਕਰਨ ਲੱਗ ਪਿਆ ਸੀ। ਉਸ ਦੇ ਬੌਸ ਸੀ.ਐੱਮ.ਓ. ਨੇ ਇੱਕ ਦਿਨ ਇੱਕ ਸ਼ਾਮ ਨੂੰ ਉਸ ਨੂੰ ਆਪਣੇ ਘਰ ਬੁਲਾਇਆ ਤੇ ਕਿਹਾ ਸੀ, ‘‘ਮਿਸਟਰ ਭਾਰਗਵ ਮੈਂ ਜਾਣਦਾ ਹਾਂ ਕਿ ਤੁਸੀਂ ਅਸੂਲਾਂ ’ਤੇ ਆਧਾਰਤ ਜ਼ਿੰਦਗੀ ਬਸਰ ਕਰ ਰਹੇ ਹੋ। ਪ੍ਰਾਈਵੇਟ ਪੈ੍ਰਕਟਿਸ ਤੁਸੀਂ ਅੱਜ ਤਕ ਨਹੀਂ ਕੀਤੀ। ਮੈਨੂੰ ਇਸ ’ਤੇ ਫਖ਼ਰ ਰਹੇਗਾ। … ਇਲਾਕੇ ਦੇ ਲੋਕ ਤੇ ਪੇਸ਼ੈਂਟ ਜਿੰਨੀ ਤੁਹਾਡੀ ਦਿਲੋਂ ਇੱਜ਼ਤ ਕਰਦੇ ਹਨ, ਕਿਸੇ ਹੋਰ ਡਾਕਟਰ ਦੀ ਨਹੀਂ ਕਰਦੇ। … ਥੋੜ੍ਹੀ ਜਿਹੀ ਜਲਨ ਕਦੇ-ਕਦੇ ਮੈਨੂੰ ਵੀ ਹੋਣ ਲੱਗ ਪੈਂਦੀ ਹੈ। ਨਾ ਤੁਹਾਨੂੰ ਪੈਸੇ ਦਾ ਲਾਲਚ ਹੈ ਤੇ ਨਾ ਹੀ ਤਰੱਕੀ ਦਾ। …ਇਹ ਬਹੁਤ ਵਧੀਆ ਗੱਲ ਹੈ। ਪਰ ਮੈਂ ਅੱਜ ਇੱਕ ਬੇਨਤੀ ਕਰਦਾ ਹਾਂ ਕਿ ਜੇ ਤੁਸੀਂ…?’’
‘‘ਕਿਉਂ ਨਹੀਂ? ਹੁਕਮ ਕਰੋ। ਤੁਸੀਂ ਮੇਰੇ ਬੌਸ ਵੀ ਹੋ ਤੇ ਉਮਰ ਤੇ ਅਹੁਦੇ ਵਿੱਚ ਸੀਨੀਅਰ ਵੀ ਹੋ। ਜੇ ਮੈਂ ਕੁਝ ਕਰ ਸਕਦਾ ਹੋਇਆ ਤਾਂ ਜ਼ਰੂਰ ਕਰਾਂਗਾ।’’ ਡਾਕਟਰ ਭਾਰਗਵ ਨੇ ਬਿਨਾਂ ਕਿਸੇ ਲਾਗ ਲਪੇਟ ਦੇ ਕਿਹਾ ਸੀ।
‘‘…ਤੁਸੀਂ ਜਾਣਦੇ ਹੋ ਮੇਰੇ ਬੇਟੇ ਤੇ ਨੂੰਹ ਨੇ ਸ਼ਹਿਰ ਵਿੱਚ ਹਸਪਤਾਲ ਖੋਲ੍ਹਿਆ ਹੋਇਆ ਹੈ। ਉਹ ਚਾਹੁੰਦੇ ਹਨ ਕਿ ਤੁਸੀਂ ਸ਼ਾਮ ਨੂੰ ਪੰਜ ਤੋਂ ਸੱਤ ਵਜੇ ਦੋ ਘੰਟਿਆਂ ਲਈ ਆਪਣੀਆਂ ਸੇਵਾਵਾਂ ਦਿਉ। … ਤੁਹਾਡਾ ਬਣਦਾ ਹੱਕ ਤੁਹਾਨੂੰ ਦੇ ਦਿੱਤਾ ਜਾਵੇਗਾ।’’ ਸੀ.ਐੱਮ.ਓ. ਨੇ ਨੀਵੀਆਂ ਨਜ਼ਰਾਂ ਸੰਗ ਕਿਹਾ।
‘‘…ਸਰ, ਸਾਡੇ ਦੋਵਾਂ ਕੋਲੋਂ ਦੋ ਤਨਖਾਹਾਂ ਮੁਕਾਇਆਂ ਵੀ ਨਹੀਂ ਮੁੱਕਦੀਆਂ। ਪ੍ਰਮਾਤਮਾ ਨੇ ਬਹੁਤ ਕੁਝ ਦਿੱਤੈ। ਸ਼ਾਮ ਨੂੰ ਅਸੀਂ ਕੁਝ ਸਮਾਂ ਬੱਚਿਆਂ ਲਈ ਰਾਖਵਾਂ ਰੱਖਿਆ ਹੋਇਆ ਹੈ ਤੇ ਕੁਝ ਸਮਾਂ ਇਸ ਦੌਰਾਨ ਨਵਾਂ ਪੜ੍ਹ-ਲਿਖ ਵੀ ਲਈਦਾ ਹੈ। ਕੁਝ ਇੰਟਰਨੈੱਟ ਤੋਂ ਨਵੀਆਂ ਰਿਸਰਚਜ਼ ਖੰਗਾਲ ਲਈ ਦੀਆਂ ਹਨ। ਸਾਰੀ ਉਮਰੇ ਤੇ ਚੌਵੀ ਘੰਟੇ, ਕੋਹਲੂ ਦੇ ਬੈਲ ਵਾਂਗ ਆਪਣੇ-ਆਪ ਨੂੰ ਨੂੜੀ ਰੱਖਣਾ, ਮੈਨੂੰ ਤੇ ਮੇਰੇ ਪਰਿਵਾਰ ਨੂੰ ਬਹੁਤਾ ਚੰਗਾ ਨਹੀਂ ਲੱਗਦਾ। ਪੈਸੇ ਲਈ ਖੁਆਰ ਹੋਣਾ, ਮਨ ਨੂੰ ਭਾਉਂਦਾ ਨਹੀਂ ਹੈ।’’
‘‘… ਮੈਨੂੰ ਪਤੈ ਕਿ ਇਹ ਕੰਮ ਤੁਹਾਡੇ ਅਸੂਲਾਂ ਦੇ ਮੇਚ ਨਹੀਂ ਖਾਂਦਾ। … ਮੈਂ ਬੇਟੇ ਤੇ ਨੂੰਹ ਦੋਵਾਂ ਵੱਲੋਂ ਆਪ ਨੂੰ ਬੇਨਤੀ ਕਰਦਾ ਹਾਂ ਕਿ ਕਿਵੇਂ ਵੀ ਸ਼ਾਮ ਨੂੰ ਦੋ ਘੰਟੇ ਜ਼ਰੂਰ ਦਿਉ। … ਭਾਵੇਂ ਛੇ-ਅੱਠ ਮਹੀਨਿਆਂ ਲਈ ਹੀ। ਜਿਉਂ ਹੀ ਸਾਨੂੰ ਤੁਹਾਡੇ ਵਿਭਾਗ ਦਾ ਮਾਹਿਰ ਮਿਲ ਜਾਵੇਗਾ ਅਸੀਂ ਤੁਹਾਨੂੰ ਰਿਲੀਵ ਕਰ ਦਿਆਂਗੇ। …ਤੁਹਾਡੇ ’ਤੇ ਕਿਸੇ ਤਰ੍ਹਾਂ ਦੀ ਵੀ ਕਾਨੂੰਨੀ ਕਾਰਵਾਈ ਨਹੀਂ ਹੋਵੇਗੀ, ਇਹ ਮੈਂ ਭਰੋਸਾ ਦਿੰਦਾ ਹਾਂ।’’
ਡਾਕਟਰ ਭਾਰਗਵ ਨੇ ਕੁਝ ਸਮਾਂ ਫ਼ੈਸਲਾ ਲੈਣ ਲਈ ਮੰਗਿਆ ਤੇ ਚਾਹ ਪੀ ਕੇ, ਆਪਣੇ ਆਤਮਾ ਰਾਮ ਨਾਲ ਸੰਵਾਦ ਰਚਾਉਂਦਾ ਘਰ ਮੁੜਿਆ। ਡਾਕਟਰ ਭਾਰਗਵ ਨੂੰ ਪਤਾ ਸੀ ਕਿ ਉਸ ਦੇ ਸੀ.ਐੱਮ.ਓ. ਦਾ ਕੁੜਮ ਸਿਹਤ ਵਿਭਾਗ ਦਾ ਡਾਇਰੈਕਟਰ ਹੈ। ਉਸ ਨੇ ਪਤਨੀ ਨੂੰ ਰਾਤ ਦਾ ਖਾਣਾ ਖਾਣ ਮਗਰੋਂ ਇਹ ਸਮੱਸਿਆ ਦੱਸੀ। ਉਹ ਵੀ ਗੰਭੀਰ ਹੋ ਗਈ। ਨਾਂਹ ਦਾ ਮਤਲਬ ਸੀ ਸੀ.ਐੱਮ.ਓ. ਤੇ ਡਾਇਰੈਕਟਰ ਦੋਵਾਂ ਨਾਲ ਸਿੱਧੀ ਟੱਕਰ। ਦੋ ਦਿਨ ਉਹ ਸੋਚਦਾ ਰਿਹਾ ਤੇ ਦਿਲਰਾਜ ਵੀ ਉਸ ਦੀ ਇਸ ਮਾਮਲੇ ’ਚ ਕੋਈ ਮਦਦ ਨਾ ਕਰ ਸਕੀ। ਦੋਵੇਂ ਕੋਈ ਢੁਕਵਾਂ ਹੱਲ ਲੱਭ ਨਾ ਸਕੇ। ਆਖਰ ਡਾਕਟਰ ਭਾਰਗਵ ਨੇ ਇੱਕ ਦਿਨ ਸੀ.ਐੱਮ.ਓ. ਨੂੰ ਕਿਹਾ, ‘‘ਸਰ! ਹੈ ਤਾਂ ਇਹ ਮੇਰੀ ਜ਼ਮੀਰ ਦੇ ਖ਼ਿਲਾਫ਼। ਪਰ ਮੈਂ ਕੁਝ ਸਮੇਂ ਲਈ ਇਹ ਡਿਊਟੀ ਨਿਭਾ ਸਕਦਾ ਹਾਂ। ਜਿੰਨੀ ਵੀ ਛੇਤੀ ਹੋ ਸਕੇ ਮੈਨੂੰ ਇਸ ਤੋਂ ਨਿਜਾਤ ਦੇ ਦੇਣੀ। ਔਖੇ-ਸੌਖੇ ਮੈਂ ਛੇ ਕੁ ਮਹੀਨੇ ਕਟਾ ਦਿਆਂਗਾ।’’ ਸੀ.ਐੱਮ.ਓ. ਨੇ ਉਸ ਦਾ ਧੰਨਵਾਦ ਕੀਤਾ ਸੀ।
ਇੰਜ ਛੇ ਮਹੀਨੇ ਡਾਕਟਰ ਭਾਰਗਵ ਨੇ ਭੀਸ਼ਮ ਪਿਤਾਮਾ ਵਾਂਗ ਤੀਰਾਂ ਦੇ ਨੋਕਾਂ ’ਤੇ ਪੈ ਕੇ ਕੱਟੇ। ਉਸ ਨੂੰ ਲਗਦਾ ਕਿ ਉਹ ਨਾ ਤਾਂ ਹਸਪਤਾਲ ਵਿੱਚ ਆਉਂਦੇ ਰੋਗੀਆਂ ਨਾਲ ਇਨਸਾਫ਼ ਕਰ ਰਿਹੈ ਤੇ ਨਾ ਹੀ ਸ਼ਾਮ ਨੂੰ ਪ੍ਰਾਈਵੇਟ ਪੈ੍ਰਕਟਿਸ ਦੌਰਾਨ। ਰੋਗੀਆਂ ਦੀ ਭੀੜ ਜ਼ਰੂਰ ਲੱਗੀ ਰਹਿੰਦੀ। ਸਵੇਰੇ ਸਰਕਾਰੀ ਹਸਪਤਾਲ ਵਿੱਚ ਵੀ ਤੇ ਸ਼ਾਮ ਨੂੰ ਪ੍ਰਾਈਵੇਟ ਨਰਸਿੰਗ ਹੋਮ ਵਿੱਚ ਵੀ। ਪਤੀ-ਪਤਨੀ ਦੀ ਤਨਖਾਹ ਮਹੀਨੇ ਦੀ ਪਚਵੰਜਾ ਹਜ਼ਾਰ ਸੀ ਤੇ ਸੀ.ਐੱਮ.ਓ. ਦਾ ਬੇਟਾ ਉਸ ਨੂੰ ਹਰ ਮਹੀਨੇ ਸੱਠ ਹਜ਼ਾਰ ਪਹੁੰਚਾ ਰਿਹਾ ਸੀ। ਪਿਛਲੇ ਛੇ ਮਹੀਨਿਆਂ ਤੋਂ ਲਗਪਗ ਤਿੰਨ ਲੱਖ ਰੁਪਏ ਤੋਂ ਉਪਰ ਉਸ ਕੋਲ ਪਹੁੰਚ ਚੁਕੇ ਸਨ ਪਰ ਉਸ ਨੇ ਉਨ੍ਹਾਂ ਵਿੱਚੋਂ ਇੱਕ ਰੁਪਿਆ ਵੀ ਨਹੀਂ ਸੀ ਵਰਤਿਆ। ਇਸ ਪੈਸੇ ਦਾ ਪ੍ਰਯੋਗ ਨਿੱਜੀ ਜ਼ਿੰਦਗੀ ਦੇ ਐਸ਼ੋ-ਆਰਾਮ ਲਈ ਨਾ ਵਰਤਣ ਦਾ ਫ਼ੈਸਲਾ ਦੋਵਾਂ ਨੇ ਲਿਆ ਹੋਇਆ ਸੀ। ਨਿੱਜੀ ਹਸਪਤਾਲ ਤੋਂ ਚੈਕਿੰਗ ਫੀਸ ਦੀ ਕਮਿਸ਼ਨ ਤੋਂ ਇਲਾਵਾ ਲੋੜੀਂਦੇ ਟੈਸਟਾਂ, ਅਲਟਰਾ ਸਾਊਂਡ, ਸੀ.ਟੀ. ਸਕੈਨ ’ਚੋਂ ਵੀ ਬਣਦਾ ਹਿੱਸਾ ਉਸ ਦੀ ਆਮਦਨ ’ਚ ਜੋੜ ਦਿੱਤਾ ਜਾਂਦਾ ਸੀ। ਹਸਪਤਾਲ ਵਿੱਚ ਜੋ ਸੈਂਪਲ ਉਸ ਨੂੰ ਮੈਡੀਕਲ ਏਜੰਟਾਂ ਵੱਲੋਂ ਭੇਟ ਕੀਤੇ ਜਾਂਦੇ, ਉਹ ਗ਼ਰੀਬ ਰੋਗੀਆਂ ਨੂੰ ਮੁਫ਼ਤ ਦੇ ਦਿੰਦਾ। ਜੋ ਕੋਈ ਕੈਮਿਸਟ ਧੱਕੇ ਨਾਲ ਉਸ ਨੂੰ ਕੋਈ ਗਿਫਟ ਜਾਂ ਦਵਾਈ ਦੇਣ ਦੀ ਕਮਿਸ਼ਨ ਦੇ ਦਿੰਦਾ ਤਾਂ ਟੈਸਟਿੰਗ ਸੈਂਟਰ ਵਾਲੇ ਉਸ ਨੂੰ ਲਿਫਾਫੇ ’ਚ ਪਾ ਕੇ ਮਾਇਆ ਭੇਜ ਦਿੰਦੇ ਤਾਂ ਉਹ ਸਾਰੀ ਦੀ ਸਾਰੀ ਉਪਰਲੀ ਕਮਾਈ ਕਿਸੇ ਨਾ ਕਿਸੇ ਰੂਪ ਵਿੱਚ ਪਿੰਗਲਵਾੜੇ ਪਹੁੰਚਾਉਂਦਾ ਆ ਰਿਹਾ ਸੀ।
ਸਰਕਾਰੀ ਹਸਪਤਾਲ ਵਿੱਚ ਪਿਛਲੇ ਅਠਾਰਾਂ ਸਾਲ, ਉਹ ਸਮੇਂ ਤੋਂ ਪੰਦਰਾਂ-ਵੀਹ ਮਿੰਟ ਪਹਿਲਾਂ ਪਹੁੰਚਦਾ ਰਿਹਾ ਸੀ ਤੇ ਸ਼ਾਮ ਨੂੰ ਦੋ ਵਜੇ ਹਸਪਤਾਲ ਬੰਦ ਹੁੰਦਾ। ਪਰ ਉਹ ਆਪਣਾ ਕਮਰਾ ਤਿੰਨ ਵਜੇ ਤਕ ਅਕਸਰ ਉਦੋਂ ਤਕ ਖੁੱਲ੍ਹ ਰੱਖਦਾ ਜਦ ਤਕ ਪੇਸ਼ੈਂਟ ਬਣੀ ਹੋਈ ਪਰਚੀ ਲੈ ਕੇ ਬੈਠੇ ਹੁੰਦੇ। ਕਾਹਲ ਉਸ ਨੇ ਨਾ ਕਦੇ ਵਿਖਾਈ ਸੀ ਤੇ ਨਾ ਹੀ ਕਾਹਲੀ ਵਿੱਚ ਕਿਸੇ ਰੋਗੀ ਨੂੰ ਉਸ ਵੇਖਿਆ ਸੀ। ਪਰਚੀ ਬਾਰਾਂ ਵਜੇ ਬਣਨੀ ਬੰਦ ਹੋ ਜਾਂਦੀ ਸੀ। ਪਰ ਸੀ.ਐੱਮ.ਓ. ਦੇ ਪ੍ਰਾਈਵੇਟ ਹਸਪਤਾਲ ’ਚ ਕੰਮ ਕਰਨ ਨਾਲ ਉਸ ਦਾ ਟਾਈਮ-ਟੇਬਲ ਵਿਗੜ ਗਿਆ। ਉਹ ਅਕਸਰ ਸਵੇਰੇ ਪੰਦਰਾਂ-ਵੀਹ ਮਿੰਟ ਲੇਟ ਹੋ ਜਾਂਦਾ ਤੇ ਦੋ ਵਜੇ ਦੁਪਹਿਰ ਪੇਸ਼ੈਂਟ ਵੇਖ ਕੇ ਸਰਕਾਰੀ ਹਸਪਤਾਲ ਬੰਦ ਕਰ ਦਿੰਦਾ। ਬਾਕੀ ਦੇ ਰੋਗੀਆਂ ਨੂੰ ਅਗਲੇ ਦਿਨ ਆਉਣ ਲਈ ਫੁਰਮਾਨ ਸੁਣਾ ਦਿੱਤਾ ਜਾਂਦਾ। ਸ਼ਾਮ ਨੂੰ ਦੋ ਘੰਟੇ ਦੀ ਥਾਵੇਂ ਢਾਈ-ਤਿੰਨ ਘੰਟੇ ਪ੍ਰਾਈਵੇਟ ਹਸਪਤਾਲ ਵਿੱਚ ਅਕਸਰ ਲੱਗ ਜਾਂਦੇ। ਹੈਮਲਿਟ ਵਾਂਗ ਦੁਚਿੱਤੀ ’ਚ ਰਹਿੰਦਾ, ਦੁਚਿੱਤੀ ਵਿੱਚ ਹੀ ਰੋਗੀਆਂ ਨੂੰ ਵੇਖਦਾ। ਦੁਚਿੱਤੀ ਸਭ ਤੋਂ ਵੱਡਾ ਮਾਨਸਿਕ ਤੇ ਅਸਾਧ ਰੋਗ ਹੈ, ਡਾਕਟਰ ਭਾਰਗਵ ਮਹਿਸੂਸ ਕਰਦਾ। ਉਹ ਹਮੇਸ਼ਾਂ ਦੁਚਿੱਤੀ ਤੋਂ ਛੁਟਕਾਰਾ ਪਾਉਣ ਦਾ ਰਾਹ ਖੋਜਦਾ ਰਹਿੰਦਾ।
ਹਸਪਤਾਲ ਅਕਸਰ ਉਹ ਨੰਗੇ ਸਿਰ ਹੀ ਆਉਂਦਾ ਸੀ। ਇੱਕ ਦਿਨ ਉਹ ਸਵੇਰੇ ਗੁਰਦੁਆਰੇ ਗਿਆ ਤੇ ਸਿਰ ਤੋਂ ਪੱਗ ਲਾਹੁਣੀ ਭੁੱਲ ਸਿੱਧਾ ਸਰਕਾਰੀ ਹਸਪਤਾਲ ਡਿਊਟੀ ’ਤੇ ਪੁੱਜ ਗਿਆ। ਰੋਗੀਆਂ ਦੀ ਲੰਬੀ ਲਾਈਨ ਲੱਗੀ ਹੋਈ ਸੀ। ਰੋਗੀ ਆਪਸ ਵਿੱਚ ਘੁਸਰ-ਮੁਸਰ ਕਰ ਰਹੇ ਸਨ। ਉਸ ਨੇ ਉਨ੍ਹਾਂ ਦੀ ਘੁਸਰ-ਮੁਸਰ ਚੁਪਚਾਪ ਸੁਣਨ ਦਾ ਮਨ ਬਣਾਇਆ। ਉਹ ਉਨ੍ਹਾਂ ਦੇ ਨਾਲ ਹੀ ਇੱਕ ਬੈਂਚ ਦੇ ਕੋਨੇ ’ਤੇ ਪਿੱਠ ਕਰਕੇ ਬੈਠ ਗਿਆ। ਇੱਕ ਪੇਸ਼ੈਂਟ ਨੇ ਦੂਜੇ ਨੂੰ ਕਿਹਾ, ‘‘ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹਿ ਗਈ। ਹੁਣ ਡਾਕਟਰ ਭਾਰਗਵ ਵੀ ਦੂਜੇ ਡਾਕਟਰਾਂ ਵਰਗਾ ਹੁੰਦਾ ਜਾ ਰਿਹੈ।’’
‘‘ਸ਼ਫ਼ਾ ਤੇ ਲਾਲਚ ਦਾ ਸਬੰਧ ਬਰਫ਼ ਤੇ ਧੁੱਪ ਵਰਗਾ ਹੈ। ਜਿਉਂ-ਜਿਉਂ ਲਾਲਚ ਵਧੇਗਾ, ਕੁਦਰਤ ਦਾ ਵਰਦਾਨ ਸ਼ਫ਼ਾ ਵੀ ਘਟਦੀ ਜਾਏਗੀ।’’ ਇੱਕ ਭਗਵੇਂ ਵਸਤਰਧਾਰੀ ਪੇਸ਼ੈਂਟ ਦੇ ਬੋਲ ਸਨ।
‘‘ਪੈਸਾ ਤਾਂ ਭਈ ਕੰਜਰਾਂ ਕੋਲ ਵੀ ਬੜਾ ਹੁੰਦੈ… ਇਸ ਡਾਕਟਰ ਨੂੰ ਪੈਸੇ ਦਾ ਤਾਪ ਕਿਵੇਂ ਚੜ੍ਹ ਗਿਐ?’’ ਇੱਕ ਸਿੱਧੜ ਜਿਹੇ ਬੈਠੇ ਵਿਅਕਤੀ ਨੇ ਬਿਨਾਂ ਲਾਗ ਲਪੇਟ ਦੇ ਗੱਲ ਆਖ ਦਿੱਤੀ।
‘‘…ਭਾਈ… ਇਸੇ ਨੂੰ ਕਲਯੁਗ ਆਖਦੇ ਨੇ… ਕਈ ਵਾਰ ਮਹਾਤਮਾ ਦੀ ਬੁੱਧੀ ਵੀ ਭ੍ਰਿਸ਼ਟ ਹੋ ਜਾਂਦੀ ਹੈ। … ਇਹ ਤਾਂ ਵਿਚਾਰਾ ਅੰਗਰੇਜ਼ੀ ਡਾਕਟਰ ਹੈ… ਪੜ੍ਹਾਈ ’ਤੇ ਪੰਜ-ਸੱਤ ਸਾਲ ਲਾਏ ਹੋਣੇ ਨੇ… ਮਾਂ-ਪਿਉ ਨੇ ਪੈਸਾ ਖਰਚਿਆ ਹੋਣੈ।’’ ਇੱਕ ਹੋਰ ਸੁਲਝੇ ਹੋਏ ਤੇ ਦੁਨਿਆਵੀ ਸੁਭਾਅ ਦੇ ਇੱਕ ਪੇਸ਼ੈਂਟ ਨੇ ਆਪਣੇ ਵਿਚਾਰ ਰੱਖੇ। ਉੱਥੇ ਬੈਠੇ ਬਹੁਤੇ ਪੇਸ਼ੈਂਟ ਗੁੱਟ ’ਤੇ ਬੰਨ੍ਹੀਆਂ ਆਪਣੀਆਂ ਘੜੀਆਂ ਵੱਲ ਵਾਰ-ਵਾਰ ਵੇਖ ਰਹੇ ਸਨ ਤੇ ਕੁਝ ਵਿਅਕਤੀ ਇੱਕ ਦੂਜੇ ਨੂੰ ‘ਕਿੰਨਾ ਟੈਮ ਹੋ ਗਿਐ?’ ਦੇ ਪ੍ਰਸ਼ਨ ਕਰ ਰਹੇ ਸਨ। ਉੱਥੇ ਹਰ ਬੈਠਾ ਵਿਅਕਤੀ ਡਾਕਟਰ ਭਾਰਗਵ ਦੀ ਉਡੀਕ ਕਰ ਰਿਹਾ ਸੀ। ਭਗਵਾਧਾਰੀ ਵਿਅਕਤੀ ਨੇ ਕਿਹਾ, ‘‘ਡਾਕਟਰ ਵੀ ਤਾਂ ਇਨਸਾਨ ਹੀ ਹੈ… ਕੋਈ ਕੰਮ ਹੋ ਗਿਆ ਹੋਣੈ… ਤੁਸੀਂ ਛਿੱਥੇ ਕਿਉਂ ਪੈ ਰਹੇ ਹੋ?’’
‘‘ਇਹ ਗੱਲ ਨਹੀਂ… ਪਿਛਲੇ ਅਠਾਰਾਂ ਸਾਲ ਤਾਂ ਡਾਕਟਰ ਹਮੇਸ਼ਾਂ ਟੈਮ ’ਤੇ ਅਤੇ ਟੈਮ ਤੋਂ ਪਹਿਲਾਂ ਆਉਂਦਾ ਰਿਹੈ। ਬਸ ਪਿਛਲੇ ਛੇ ਮਹੀਨਿਆਂ ਤੋਂ ਹੀ ਪਤਾ ਨਹੀਂ ਕੀ ਅਲੋਕਾਰੀ ਹੋਇਐ…।’’ ਹੁਣ ਤਾਂ ਡਾਕਟਰ ਵੀ ਛੇਤੀ ਛਿੱਥਾ ਪੈ ਜਾਂਦੈ। ‘‘ਪਹਿਲਾਂ ਤਾਂ ਉਹ ਹੰਸੂ-ਹੰਸੂ ਕਰਦਾ ਮਿਲਦਾ ਸੀ। ਹੱਸਦਾ-ਹਸਾਉਂਦਾ ਰਹਿੰਦਾ ਸੀ। ਰੋਗੀ ਤਾਂ ਅੱਧਾ ਰੋਗ ਤਾਂ ਉਹ ਗੱਲਾਂ ਮਸ਼ਕਰੀਆਂ ਨਾਲ ਨਠਾ ਦਿੰਦਾ ਹੁੰਦਾ ਸੀ। ਹਰ ਰੋਗੀ ਸੋਚਦਾ ਤੇ ਕਹਿੰਦਾ ਕਿ ਇਹ ਡਾਕਟਰ ਤਾਂ ਉਸ ਦਾ ਖ਼ਾਸ ਹੈ… ਹੁਣ ਤਾਂ ਉਸ ਦਾ ਚਿਹਰਾ ਵੀ ਘੁਟਿਆ-ਘੁਟਿਆ ਰਹਿੰਦੈ…। ਪਤਾ ਨਹੀਂ ਕਿਹੜਾ ਜਿੰਨ ਉਸ ਦੇ ਪਿੱਛੇ ਪੈ ਗਿਐ?’’
‘‘ਅਸਲੀ ਡਾਕਟਰ ਉਹ ਹੁੰਦੈ ਜੋ ਰੋਗੀ ਨੂੰ ਮਹਿਸੂਸ ਕਰਵਾਏ ਕਿ ਉਹ ਸਿਰਫ਼ ਉਸੇ ਲਈ ਹੀ ਬੈਠੈ ਤੇ ਉਸੇ ਲਈ ਹੀ ਕੁਦਰਤ ਨੇ ਉਸ ਨੂੰ ਘੜਿਐ। …ਰੋਗੀ ਡਾਕਟਰ ਤੋਂ ਅਪਣਾਪਣ ਤੇ ਗੁਣਵੱਤਾ ਭਰਪੂਰ ਸਮਾਂ ਚਾਹੁੰਦੈ। ਜਦੋਂ ਰੋਗੀ ਨੂੰ ਡਾਕਟਰ ਤੋਂ ਆਪਣਾਪਣ ਤੇ ਗੁਣਵੱਤਾ ਮਿਲ ਜਾਂਦੀ ਹੈ ਤਾਂ ਸ਼ਫ਼ਾ ਡਾਕਟਰ ਦੇ ਕਿੱਤੇ ’ਚ ਇੰਜ ਆਉਂਦੀ ਹੈ ਜਿਵੇਂ ਫੁੱਲਾਂ ’ਚੋਂ ਖੁਸ਼ਬੂ। ਜਿਹੜੇ ਪਲ ਡਾਕਟਰ ਨੂੰ ਅੰਦਰੋਂ ਰੋਗੀ ਦੇ ਅੰਰਦਲੇ ਨਾਲ ਜੋੜਦੇ ਨੇ, ਉਹੋ ਸ਼ਫ਼ਾ ਦੇ ਜ਼ਾਮਨੀ ਹੁੰਦੇ ਨੇ।’’ ਇੱਕ ਹੋਰ ਸੁਲਝੇ ਹੋਏ ਵਿਅਕਤੀ ਨੇ ਆਪਣਾ ਤਜਰਬਾ ਬਿਆਨਿਆ।
‘‘ਮਾਹਿਰ ਡਾਕਟਰ ਉਹੀਓ ਹੈ ਜੋ ਰੋਗੀ ਦੇ ਖਿੰਡੇ-ਪੁੰਡੇ ਕੁਦਰਤੀ ਜੀਵਨ ਨੂੰ ਮੁੜ ਸਥਾਪਿਤ ਕਰੇ,’’ ਭਗਵੇ ਕੱਪੜੇ ਵਾਲੇ ਪੇਸ਼ੈਂਟ ਨੇ ਪਤੇ ਦੀ ਗੱਲ ਆਖੀ। ਇੱਕ ਨੇੜੇ ਬੈਠੇ ਵਿਅਕਤੀ ਨੇ ਕਿਹਾ, ‘‘ਛੇ ਮਹੀਨੇ ਪਹਿਲਾਂ ਡਾਕਟਰ ਰੋਗੀਆਂ ਦਾ ਮਸੀਹਾ ਸੀ। ਸ਼ਾਇਦ ਉਹ ਤੁਹਾਡੇ ਦੱਸੇ ਗੁਣਾਂ ਦੀ ਉਸ ਵੇਲੇ ਗੁਥਲੀ ਰਿਹਾ ਹੋਵੇਗਾ।’’
ਪੱਗਧਾਰੀ ਡਾਕਟਰ ਭਾਰਗਵ ਨੇ ਦਸ ਮਿੰਟ ਰੋਗੀਆਂ ਵਿੱਚ ਬੈਠ ਕੇ ਆਪਣੇ ਜੀਵਨ ਦੇ ਮਿਸ਼ਨ ਨੂੰ ਚੰਗੀ ਤਰ੍ਹਾਂ ਜਾਣ ਲਿਆ ਸੀ, ਪਛਾਣ ਲਿਆ ਸੀ। ਉਸ ਨੇ ਆਪਣੇ-ਆਪ ਫ਼ੈਸਲਾ ਲਿਆ ਸੀ ਕਿ ਉਹ ਭਲਕੇ ਤੋਂ ਨਿੱਜੀ ਹਸਪਤਾਲ ਨਹੀਂ ਜਾਵੇਗਾ ਭਾਵੇਂ ਉਸ ਨੂੰ ਇਸ ਲਈ ਕਿੰਨੀਆਂ ਹੀ ਮੁਸ਼ਕਲਾਂ ਦਾ ਸਾਹਮਣਾ ਕਿਉਂ ਨਾ ਕਰਨਾ ਪਵੇ। ਉਸ ਨੇ ਮਹਿਸੂਸ ਕੀਤਾ ਕਿ ਨਿੱਜੀ ਹਸਪਤਾਲ ’ਚ ਲਾਏ ਪਿਛਲੇ ਛੇ ਮਹੀਨਿਆਂ ਨੇ ਉਸ ਅੰਦਰਲੀ ਸੰਜੀਵਨੀ ਨੂੰ ਮੁਰਝਾ ਦਿੱਤਾ ਸੀ ਤੇ ਉਸ ਦੀ ਅੰਦਰਲੀ ਮੁਰਝਾਈ ਸੰਜੀਵਨੀ ਕਾਰਨ ਹੀ, ਉਹ ਆਪ ਵੀ ਬੇਚੈਨ ਰਿਹਾ ਸੀ ਤੇ ਰੋਗੀਆਂ ਦੀ ਉਸ ਪ੍ਰਤੀ ਆਸਥਾ, ਵਿਸ਼ਵਾਸ ਵੀ ਡਗਮਾਉਣ ਲੱਗ ਪਏ ਸਨ। ਪਿਛਲੇ ਛੇ ਮਹੀਨਿਆਂ ਤੋਂ ਉਹ ਦੁਚਿੱਤੀ ’ਚ ਫਸਿਆ ਰਿਹਾ ਸੀ ਤੇ ਇਸ ਦੁਚਿੱਤੀ ਨੇ ਹੀ ਉਸ ਦੇ ਕਿੱਤੇ ਦੀ ਸ਼ਫ਼ਾ ਨੂੰ ਦਾਗ਼ੀ ਕਰ ਦਿੱਤਾ ਸੀ।
ਡਾਕਟਰ ਭਾਰਗਵ ਰੋਗੀਆਂ ’ਚੋਂ ਉਠਿਆ ਤੇ ਪੂਰੇ ਹਸਪਤਾਲ ਦੀ ਇੱਕ ਪਰਿਕਰਮਾ ਕੀਤੀ ਤੇ ਇਸ ਪਰਿਕਰਮਾ ਦੌਰਾਨ ਉਸ ਨੇ ਆਪਣੀ ਭਟਕਣਾ ਤੇ ਦੁਚਿੱਤੀ ਤੋਂ ਮੁਕਤੀ ਪਾ ਲਈ ਸੀ। ਡਾਕਟਰ ਤੇ ਸ਼ਫ਼ਾ ਦੇ ਨਾਜ਼ੁਕ ਸਬੰਧਾਂ ਨੂੰ ਉਹ ਪਛਾਣ ਚੁੱਕਾ ਸੀ। ਉਸ ਦ੍ਰਿੜ੍ਹ ਫ਼ੈਸਲਾ ਲੈਂਦੇ ਹੋਏ ਆਪਣੇ ਆਪ ਨੂੰ ਕਿਹਾ ਸੀ, ‘‘ਕੁਦਰਤ ਨੇ ਮੈਨੂੰ ਜਿਸ ਕਾਰਜ ਲਈ ਸਿਰਜਿਆ ਹੈ, ਉਸ ਤੋਂ ਮੁੱਖ ਕਿਸੇ ਵੀ ਹਾਲਤ ’ਚ ਨਹੀਂ ਮੋੜਾਂਗਾ।’’ ਪਰਿਕਰਮਾ ਪੂਰੀ ਕਰਕੇ ਉਹ ਹਸਪਤਾਲ ਦੇ ਆਪਣੇ ਨਿਸ਼ਚਿਤ ਕਮਰੇ ’ਚ ਰੱਖੀ ਡਾਕਟਰ ਦੀ ਕੁਰਸੀ ’ਤੇ ਆ ਬੈਠਾ। ਰੋਗੀਆਂ ਨੇ ਮਹਿਸੂਸ ਕਰਨਾ ਸ਼ੁਰੂ ਕੀਤਾ ਕਿ ਡਾਕਟਰ ਦਾ ਪੁਰਾਣਾ ਜਲੋਅ ਮੁੜ ਆਇਆ ਸੀ, ਸਗੋਂ ਉਸ ਜਲੌਅ ਵਿੱਚ ਕੁਝ ਵਾਧਾ ਹੀ ਹੋਇਆ ਸੀ।
ਪੰਜਾਬੀ ਕਹਾਣੀਆਂ (ਮੁੱਖ ਪੰਨਾ) |