Punjabi Stories/Kahanian
ਰਾਬਿੰਦਰਨਾਥ ਟੈਗੋਰ
Rabindranath Tagore

Punjabi Writer
  

Daak Babu Rabindranath Tagore

ਡਾਕ ਬਾਬੂ ਰਵਿੰਦਰਨਾਥ ਟੈਗੋਰ

ਡਾਕ ਬਾਬੂ ਨੇ ਆਪਣੀ ਨੌਕਰੀ ਉਲਾਪੁਰ ਪਿੰਡ ਵਿਚ ਸ਼ੁਰੂ ਕੀਤੀ। ਪਿੰਡ ਤਾਂ ਨਿੱਕਾ ਜਿਹਾ ਸੀ ਪਰ ਇਕ ਗੋਰੇ ਨੇ ਲਾਜਵਰ (ਨੀਲ) ਦਾ ਕਾਰਖਾਨਾ ਲਾ ਲਿਆ ਜਿਸ ਵਾਸਤੇ ਡਾਕਖਾਨੇ ਦਾ ਪ੍ਰਬੰਧ ਹੋ ਗਿਆ।
ਆਪਣਾ ਇਹ ਬਾਬੂ ਕਲਕੱਤੇ ਦਾ ਸੀ। ਦੂਰ ਦੇ ਇਸ ਪਿੰਡ ਵਿਚ ਉਸ ਦੀ ਹਾਲਤ ਪਾਣੀ ਵਿਚੋਂ ਨਿਕਲੀ ਮੱਛੀ ਵਰਗੀ ਸੀ। ਉਸ ਦਾ ਦਫ਼ਤਰ ਅਤੇ ਰਹਿਣ ਵਾਲਾ ਕਮਰਾ ਫੂਸ ਦੀ ਛੱਤ ਵਾਲੀ ਹਨੇਰੀ ਛੰਨ ਜਿਹੀ ਸੀ। ਨੇੜੇ ਹਰੇ ਰੰਗ ਦੇ ਪਾਣੀ ਵਾਲਾ ਛੱਪੜ, ਛੱਪੜ ਦੁਆਲੇ ਸੰਘਣੀਆਂ ਝਾੜੀਆਂ, ਵੇਲਾਂ, ਬੂਟੇ।
ਲਾਜਵਰ ਕਾਰਖਾਨੇ ਦੇ ਮੁਲਾਜ਼ਮਾਂ ਵਾਸਤੇ ਮਨੋਰੰਜਨ ਨਾਮ ਦੀ ਕੋਈ ਚੀਜ਼ ਨਹੀਂ ਸੀ। ਮਜ਼ਦੂਰਾਂ ਨਾਲ ਗੱਲਬਾਤ ਵੀ ਕੀ ਹੋ ਸਕਦੀ ਹੈ। ਕਲਕੱਤੇ ਦਾ ਇਹ ਮੁੰਡਾ ਅਜਨਬੀਆਂ ਨਾਲ ਘੁਲਣਾ-ਮਿਲਣਾ ਜਾਣਦਾ ਵੀ ਨਹੀਂ ਸੀ। ਅਣਜਾਣੇ ਬੰਦਿਆਂ ਵਿਚ ਜਾਂ ਤਾਂ ਉਹ ਆਪਣੇ ਆਪ ਨੂੰ ਉਨ੍ਹਾਂ ਤੋਂ ਵਧੀਆ ਸਮਝਣ ਲਗਦਾ, ਜਾਂ ਬੇਚੈਨ ਹੋ ਜਾਂਦਾ। ਨਾ ਤਾਂ ਜ਼ਿਆਦਾ ਕੋਈ ਕੰਮ ਹੁੰਦਾ ਕਿ ਰੁਝਿਆ ਰਹੇ, ਨਾ ਉਸ ਦਾ ਕੋਈ ਮੇਲੀ-ਗੇਲੀ ਸੀ।
ਕਦੇ-ਕਦੇ ਤੁਕਬੰਦੀ ਕਰਨ ਲੱਗ ਜਾਂਦਾ। ਪੱਤਿਆਂ ਦੀ ਸਰ-ਸਰਾਹਟ ਅਤੇ ਬੱਦਲਾਂ ਦੀ ਤੋਰ ਜੀਵਨ ਵਿਚ ਖੇੜੇ ਲਿਆਉਣ ਵਾਸਤੇ ਕਾਫੀ ਹਨ, ਉਸ ਦੀਆਂ ਕਵਿਤਾਵਾਂ ਵਿਚਲੇ ਖਿਆਲ ਕੁਝ ਇਸ ਤਰ੍ਹਾਂ ਦੇ ਹੁੰਦੇ, ਪਰ ਕਦੇ-ਕਦੇ ਉਹਦੇ ਦਿਲ ਵਿਚ ਆਉਂਦਾ ਕਿ ਪਰੀ ਕਹਾਣੀਆਂ ਵਿਚਲਾ ਜਿੰਨ ਇਕੋ ਹੁਝਕੇ ਨਾਲ ਦਰਖਤ, ਪੱਤੇ; ਸਾਰਾ ਕੁਝ ਹੂੰਝ ਕੇ ਲੈ ਜਾਵੇ ਤੇ ਪੱਕੀਆਂ ਸੜਕਾਂ ਦੁਆਲੇ ਐਨੀਆਂ ਉਚੀਆਂ-ਉਚੀਆਂ ਇਮਾਰਤਾਂ ਬਣਾ ਦਏ ਕਿ ਬੱਦਲ ਉਨ੍ਹਾਂ ਦੀ ਓਟ ਵਿਚ ਦਿਸਣ ਹੀ ਨਾ। ਮਜ਼ਾ ਆ ਜਾਏ ਫਿਰ ਤਾਂ।
ਤਨਖਾਹ ਥੋੜੀ ਸੀ। ਆਪਣਾ ਖਾਣਾ ਆਪ ਪਕਾਉਂਦਾ, ਵਿਚੋਂ ਬਚਦਾ ਰਤਨੀ ਨੂੰ ਦੇ ਦਿੰਦਾ। ਪਿੰਡ ਦੀ ਇਹ ਯਤੀਮ ਕੁੜੀ ਰਤਨੀ ਉਸ ਦੇ ਨਿੱਕੇ ਮੋਟੇ ਕੰਮ ਕਰ ਦਿੰਦੀ।
ਸ਼ਾਮੀ ਪਸ਼ੂ-ਵਾੜਿਆਂ ਵਿਚੋਂ ਜਦੋਂ ਧੂੰਏਂ ਦੇ ਕੁੰਡਲ ਉਪਰ ਉਠਣ ਲਗਦੇ ਤੇ ਬੀਂਡੇ ਹਰ ਇਕ ਝਾੜੀ ਵਿਚ ਗਾਉਣ ਲਗਦੇ, ਆਜੜੀਆਂ ਦੇ ਗੀਤਾਂ ਦੀਆਂ ਅਜੀਬ ਤਿੱਖੀਆਂ ਧੁਨਾਂ ਸੁਣਦੀਆਂ ਤਾਂ ਬਾਂਸਾਂ ਦੇ ਪੱਤਿਆਂ ਦੀ ਸਰ-ਸਰਾਹਟ ਸੁਣਦਾ ਹੋਇਆ ਕੋਈ ਬੰਦਾ ਖੌਫਜ਼ਦਾ ਵੀ ਹੋ ਸਕਦਾ ਸੀ। ਡਾਕ ਬਾਬੂ ਆਪਣਾ ਨਿੱਕਾ ਦੀਵਾ ਬਾਲ ਕੇ 'ਵਾਜ ਮਾਰਦਾ- ਰਤਨੀ!
ਇਹ ਆਵਾਜ਼ ਸੁਣਨ ਵਾਸਤੇ ਰਤਨੀ ਬਾਹਰ ਕੰਧ ਨਾਲ ਲੱਗੀ ਬੈਠੀ ਹੁੰਦੀ, ਤੇ ਉਠ ਕੇ ਤੁਰੰਤ ਅੰਦਰ ਜਾਣ ਦੀ ਥਾਂ ਪੁੱਛਦੀ- ਤੁਸੀਂ ਮੈਨੂੰ ਬੁਲਾਇਆ ਦਾਦਾ?
-ਕੀ ਕਰਦੀ ਸੀ? ਬਾਬੂ ਪੁੱਛਦਾ।
-ਮੈਂ ਚੁੱਲ੍ਹੇ ਵਿਚ ਅੱਗ ਬਾਲ ਦੇਵਾਂ। ਰਤਨੀ ਆਖ ਦਿੰਦੀ।
ਚੁੱਲ੍ਹਾ ਭਖਾਉਣ ਲਗਦੀ ਤਾਂ ਬਾਬੂ ਕੁਝ ਇਸ ਤਰ੍ਹਾਂ ਗੱਲ ਤੋਰਦਾ- ਤੈਨੂੰ ਆਪਣੀ ਮਾਂ ਬਾਰੇ ਯਾਦ ਹੈ ਕੁਝ? ਗੱਲ ਸ਼ੁਰੂ ਕਰਨ ਵਾਸਤੇ ਇਹੋ ਤਰੀਕਾ ਠੀਕ ਸੀ। ਪਿਤਾ ਉਸ ਨੂੰ ਵਧੀਕ ਪਿਆਰ ਕਰਦਾ ਸੀ, ਇਸ ਲਈ ਉਸ ਦੀਆਂ ਗੱਲਾਂ ਕੁਝ ਜ਼ਿਆਦਾ ਯਾਦ ਸਨ। ਦਿਨ ਭਰ ਕੰਮ ਮੁਕਾ ਕੇ ਉਸ ਦਾ ਪਿਤਾ ਤਰਕਾਲਾਂ ਪਈਆਂ ਤੋਂ ਘਰ ਪਰਤਦਾ, ਤਸਵੀਰਾਂ ਵਾਂਗੂੰ ਇਕ-ਦੋ ਤਰਕਾਲਾਂ ਬਾਕੀਆਂ ਨਾਲੋਂ ਵਧੀਕ ਸਾਫ ਦਿਸਦੀਆਂ। ਬਾਬੂ ਦੇ ਕਦਮਾਂ ਨੇੜੇ ਉਹ ਚੌਕੜੀ ਮਾਰ ਕੇ ਬੈਠ ਜਾਂਦੀ, ਯਾਦਾਂ ਦੇ ਕਾਫਲੇ ਤੁਰਦੇ ਆਉਂਦੇ। ਉਹਦਾ ਨਿੱਕਾ ਜਿਹਾ ਭਰਾ ਵੀ ਸੀ ਤੇ ਬੱਦਲਵਾਈ ਦੇ ਦਿਨ ਛੱਪੜ ਦੇ ਕੰਢੇ ਬੈਠ ਕੇ ਉਹ ਦੋਵੇਂ ਜਣੇ ਮੱਛੀਆਂ ਫੜਨ ਦੀ ਝੂਠੀ-ਮੂਠੀ ਖੇਡ ਖੇਡਿਆ ਕਰਦੇ। ਨਿੱਕੀਆਂ-ਨਿੱਕੀਆਂ ਘਟਨਾਵਾਂ ਵਿਚੋਂ ਵੱਡੀਆਂ-ਵੱਡੀਆਂ ਯਾਦਾਂ ਨਿੱਕਲੀ ਜਾਂਦੀਆਂ। ਗੱਲਾਂ ਕਰਦਿਆਂ-ਕਰਦਿਆਂ ਕਦੇ ਤਾਂ ਏਨੀ ਦੇਰ ਹੋ ਜਾਂਦੀ ਕਿ ਖਾਣਾ ਬਣਾਉਣ ਦੀ ਘੌਲ ਹੋ ਜਾਂਦੀ। ਰਤਨੀ ਕਾਹਲੀ-ਕਾਹਲੀ ਅੱਗ ਬਾਲ ਕੇ ਸਵੇਰ ਦੀਆਂ ਬਚੀਆਂ ਪਈਆਂ ਰੋਟੀਆਂ ਗਰਮ ਕਰ ਕੇ, ਮੱਖਣ ਰੱਖ ਕੇ ਬਾਬੂ ਨੂੰ ਫੜਾ ਦਿੰਦੀ, ਕੁਝ ਆਪ ਖਾ ਲੈਂਦੀ।
ਇਸ ਵੱਡੀ ਸਾਰੀ ਛੰਨ ਦੇ ਕੋਨੇ ਵਿਚ ਪਏ ਬੈਂਚ ਉਪਰ ਬੈਠਾ ਬਾਬੂ ਵੀ ਕਦੀ ਕਦਾਈਂ ਕਲਕੱਤੇ ਆਪਣੇ ਘਰ ਪੁੱਜ ਜਾਂਦਾ; ਮਾਂ, ਭੈਣਾਂ ਇਸ ਬਣਵਾਸ ਵਿਚ ਯਾਦ ਆਉਂਦੀਆਂ। ਦਿਲ ਉਦਾਸ ਹੋ ਜਾਂਦਾ। ਇਨ੍ਹਾਂ ਬਾਰੇ ਇਸ ਨਿੱਕੀ ਕੁੜੀ ਨਾਲ ਤਾਂ ਗੱਲਾਂ ਆਰਾਮ ਨਾਲ ਕਰ ਸਕਦਾ ਸੀ, ਪਰ ਫੈਕਟਰੀ ਦੇ ਮਜ਼ਦੂਰਾਂ ਨਾਲ ਕੋਈ ਗੱਲ ਨਹੀਂ ਹੋ ਸਕਦੀ। ਉਹਨੂੰ ਇਉਂ ਭੁਲੇਖਾ ਪੈਂਦਾ ਜਿਵੇਂ ਇਹ ਕੁੜੀ ਉਹਦੇ ਘਰ ਦੇ ਸਾਰੇ ਜੀਆਂ ਨੂੰ ਜਾਣਦੀ ਹੈ। ਇਹ ਗੱਲ ਹੈ ਵੀ ਸੱਚ ਸੀ, ਸੁਣ-ਸੁਣ ਕੇ ਕੁੜੀ ਦੇ ਨਿੱਕੇ ਦਿਲ ਵਿਚ ਬਾਬੂ ਦੇ ਘਰ ਦੇ ਜੀਆਂ ਦੀਆਂ ਤਸਵੀਰਾਂ ਬਣ ਗਈਆਂ ਸਨ।
ਬਾਰਸ਼ ਰੁਕੀ ਤਾਂ ਇਕ ਦੁਪਹਿਰ ਠੰਢੀ ਹਵਾ ਵਗ ਰਹੀ ਸੀ, ਪਰ ਕਦੀ-ਕਦੀ ਪੱਤਿਆਂ ਅਤੇ ਸੰਘਣੇ ਘਾਹ ਵਿਚੋਂ ਦੀ ਹਵਾ ਦਾ ਗਰਮ ਬੁੱਲਾ ਥੱਕੀ ਹੋਈ ਧਰਤੀ ਦਾ ਹਉਕਾ ਲਗਦਾ। ਇਕ ਪੰਛੀ ਦੇਰ ਤੱਕ ਲਗਾਤਾਰ ਕੁਦਰਤ ਦੇ ਕੰਨ ਵਿਚ ਆਪਣੀ ਨਿੱਕੀ ਚੁੰਜ ਰਾਹੀਂ ਸ਼ਿਕਾਇਤਾਂ ਲਾਉਂਦਾ ਰਿਹਾ।
ਬਾਬੂ ਕੋਲ ਕਰਨ ਵਾਸਤੇ ਕੁਝ ਨਹੀਂ ਸੀ। ਤਾਜ਼ੇ ਧੋਏ ਹੋਏ ਪੱਤਿਆਂ ਦੀ ਸਰ-ਸਰਾਹਟ ਅਤੇ ਖਾਲੀ ਹੋਏ ਬੱਦਲਾਂ ਦੀ ਵਾਪਸੀ, ਦੇਖਣ ਵਾਲੇ ਨਜ਼ਾਰੇ ਸਨ। ਡਾਕ ਬਾਬੂ ਦੇਖ ਰਿਹਾ ਸੀ ਤੇ ਸੋਚ ਰਿਹਾ ਸੀ- ਕਾਸ਼! ਕੋਈ ਆਪਣਾ, ਕੋਈ ਦਿਲ ਦੀ ਗੱਲ ਕਰਨ ਸੁਣਨ ਵਾਲਾ, ਨੇੜੇ-ਤੇੜੇ ਹੁੰਦਾ।
ਚਹਿ-ਚਹਾਉਂਦੇ ਪੰਛੀ ਦਾ ਅਤੇ ਸਰ-ਸਰ ਕਰਦੇ ਪੱਤਿਆਂ ਦਾ ਹਾਲ ਵੀ ਇਹੋ ਸੀ। ਛੋਟੀ ਨੌਕਰੀ ਕਰਦੇ ਬਾਬੂ ਦੀ ਵੇਦਨਾ ਜਾਣਨ-ਸੁਣਨ ਵਾਲਾ ਕੋਈ ਨਹੀਂ ਸੀ।
ਹਉਕਾ ਲੈ ਕੇ ਬਾਬੂ ਨੇ 'ਵਾਜ ਮਾਰੀ- ਰਤਨੀ।
ਅਮਰੂਦ ਦੇ ਦਰਖਤ ਹੇਠ ਲੱਤਾਂ ਨਿਸਾਲੀ ਬੈਠੀ ਰਤਨੀ, ਕੱਚੇ ਅਮਰੂਦ ਖਾਣ ਵਿਚ ਮਗਨ ਸੀ।
ਮਾਸਟਰ ਦੀ ਆਵਾਜ਼ ਸੁਣ ਕੇ ਫਟਾਫਟ ਉਠੀ ਤੇ ਕਿਹਾ- ਮੈਨੂੰ ਬੁਲਾਇਐ ਦਾਦਾ?
-ਸੋਚ ਰਿਹਾ ਸੀ ਤੈਨੂੰ ਪੜ੍ਹਨਾ ਸਿਖਾ ਦਿਆ ਕਰਾਂ।
ਦੁਪਹਿਰ ਬਾਅਦ ਸਾਰਾ ਸਮਾਂ ਉਹ ਅੱਖਰਾਂ ਦੀ ਪਛਾਣ ਕਰਵਾਉਂਦਾ ਰਿਹਾ। ਥੋੜੇ ਦਿਨਾਂ ਵਿਚ ਉਹ ਦੋ-ਦੋ ਅੱਖਰ ਜੋੜਨੇ ਸਿੱਖ ਗਈ।
ਲਗਦਾ ਸੀ ਝੜੀ ਮੁੱਕਣ ਨਹੀਂ ਲੱਗੀ। ਨਹਿਰਾਂ, ਛੱਪੜ ਟੋਏ ਸਭ ਨੱਕੋ-ਨੱਕ ਭਰੇ ਹੋਏ। ਦਿਨ-ਰਾਤ ਕਣੀਆਂ ਦੀ ਤੜ-ਤੜ ਤੇ ਡੱਡੂਆਂ ਦੀ ਗੜੈਂ-ਗੜੈਂ ਸੁਣਾਈ ਦਿੰਦੀ। ਰਾਹ ਬੰਦ ਹੋ ਗਏ ਸਨ ਤੇ ਕੁਝ ਖਰੀਦਣ ਲਈ ਜਾਣਾ ਪੈ ਜਾਂਦਾ ਤਾਂ ਟੇਢੇ-ਮੇਢੇ ਹੋ ਕੇ ਛਾਲਾਂ ਮਾਰ-ਮਾਰ ਪਾਣੀ ਉਪਰੋਂ ਲੰਘਣਾ ਪੈਂਦਾ।
ਸਵੇਰ ਦੀ ਸੰਘਣੀ ਬੱਦਲਵਾਈ ਹੇਠ ਇਹ ਨਿੱਕੀ ਵਿਦਿਆਰਥਣ ਦਰਵਾਜੇ ਦੇ ਬਾਹਰ ਉਡੀਕਦੀ ਰਹੀ ਕਿ 'ਵਾਜ ਸੁਣੇਗੀ, ਪਰ ਦੇਰ ਤੱਕ ਕੋਈ ਆਵਾਜ਼ ਨਾ ਸੁਣੀ ਤਾਂ ਆਪਣਾ ਫਟਿਆ ਪੁਰਾਣਾ ਕਾਇਦਾ ਫੜੀ ਹੌਲੀ ਦੇਣੀ ਅੰਦਰ ਲੰਘ ਆਈ। ਮਾਸਟਰ ਨੂੰ ਚਟਾਈ 'ਤੇ ਲੇਟਿਆ ਹੋਇਆ ਦੇਖ ਕੇ ਪੱਬਾਂ ਭਾਰ, ਬਿਨਾਂ ਖੜਾਕ ਕਰਨ ਦੇ ਵਾਪਸ ਜਾਣ ਲੱਗੀ ਤਾਂ 'ਵਾਜ ਆਈ- ਰਤਨੀ।
-ਸੌਂ ਰਹੇ ਸੀ ਦਾਦਾ?
-ਮੈਂ ਠੀਕ ਨਹੀਂ ਅੱਜ। ਦੇਖ ਮੇਰਾ ਮੱਥਾ ਕਿਵੇਂ ਤਪ ਰਿਹੈ।
ਬਣਵਾਸ ਵਿਚ, ਉਦਾਸ ਬੱਦਲਵਾਈ ਵਿਚ ਉਹਨੂੰ ਨਾਜ਼ਕ ਹੱਥਾਂ ਦੀ ਛੁਹ ਚਾਹੀਦੀ ਸੀ। ਕੋਈ ਮੱਥਾ ਘੁੱਟੇ ਤੇ ਚੂੜੀਆਂ ਦੀ ਖਣਕਾਰ ਸੁਣਾਈ ਦੇਵੇ; ਮਾਂ, ਭੈਣ ਜਾਂ ਕਿਸੇ ਵੀ ਔਰਤ ਦਾ ਸਾਥ ਚਾਹੀਦਾ ਸੀ। ਬਣਵਾਸ ਮੰਗਲਮਈ ਹੋ ਗਿਆ ਜਦੋਂ ਰਤਨੀ ਨਿੱਕੀ ਛੋਕਰੀ ਨਾ ਰਹੀ। ਅਚਾਨਕ ਜਿਵੇਂ ਉਹ ਵੱਡੀ ਸਾਰੀ ਹੋ ਗਈ ਹੋਵੇ, ਪਿੰਡ ਦੇ ਵੈਦ ਕੋਲੋਂ ਦਵਾਈ ਲੈ ਆਈ। ਜਿਸ ਵੇਲੇ ਜੋ ਗੋਲੀ ਦੇਣੀ ਹੈ, ਦੇਣ ਵਾਸਤੇ ਰਾਤ ਭਰ ਸਰ੍ਹਾਣੇ ਨੇੜੇ ਬੈਠੀ ਜਾਗਦੀ ਰਹੀ। ਥੋੜੀ-ਥੋੜੀ ਦੇਰ ਬਾਅਦ ਪੁੱਛਦੀ- ਕੁਸ਼ ਆਰਾਮ ਆਇਆ ਦਾਦਾ? ਫਰਕ ਪਿਆ?
ਕਮਜ਼ੋਰ ਜਿਸਮ ਮੰਜੇ ਤੋਂ ਉਠਣ ਲੱਗਾ, ਬੋਲਿਆ- ਹੱਦ ਈ ਹੋ ਗਈ। ਬਸ ਹੁਣ ਬਦਲੀ ਕਰਾਉਣੀ ਹੈ ਇਥੋਂ। ਉਸ ਨੇ ਆਪਣਾ ਫੈਸਲਾ ਸੁਣਾਇਆ। ਕਲਕੱਤੇ ਦਫ਼ਤਰ ਭੇਜਣ ਲਈ ਉਸ ਨੇ ਬੈਠ ਕੇ ਅਰਜ਼ੀ ਲਿਖੀ ਤੇ ਸਿਹਤਮੰਦ ਥਾਂ ਨਾ ਹੋਣ ਦੇ ਆਧਾਰ 'ਤੇ ਬਦਲੀ ਵਾਸਤੇ ਬੇਨਤੀ ਕੀਤੀ।
ਬਿਮਾਰ-ਪੁਰਸ਼ੀ ਦੀ ਆਪਣੀ ਡਿਊਟੀ ਨਿਭਾਅ ਕੇ ਇਹ ਨਿੱਕੀ ਨਰਸ ਫਿਰ ਦਰਵਾਜੇ ਦੇ ਬਾਹਰ ਆਪਣੇ ਟਿਕਾਣੇ 'ਤੇ ਪਰਤ ਆਈ, ਪਰ ਉਸ ਨੇ ਸੱਦਣ ਵਾਲੀ 'ਵਾਜ ਨਹੀਂ ਸੁਣੀ। ਝੀਤਾਂ ਵਿਚੋਂ ਦੇਖਦੀ, ਕਦੇ ਬਾਬੂ ਮੇਜ਼ ਕੁਰਸੀ ਡਾਹੀ ਕੁਝ ਲਿਖਣ ਲੱਗਾ ਹੈ, ਕਦੀ ਚਟਾਈ 'ਤੇ ਲੇਟਿਆ ਪਿਐ, ਤੇ ਖਾਲੀ-ਖਾਲੀ ਅੱਖਾਂ ਨਾਲ ਇਧਰ-ਉਧਰ ਦੇਖਦੈ। ਪੁਰਾਣੇ ਪਾਠਾਂ ਨੂੰ ਰੱਟਾ ਲਾਈ ਗਈ, ਜਦੋਂ 'ਵਾਜ ਪਈ ਤੋਂ ਅੰਦਰ ਜਾਏਗੀ ਤਾਂ ਦੋ-ਦੋ ਅਖਰ ਜੋੜ ਕੇ ਸੁਣਾਉਣੇ ਹੋਣਗੇ ਨਾ। ਹਫ਼ਤੇ ਬਾਅਦ ਇਕ ਸ਼ਾਮ ਆਵਾਜ਼ ਸੁਣੀ। ਖੁਸ਼-ਖੁਸ਼ ਰਤਨੀ ਕਮਰੇ ਅੰਦਰ ਗਈ- ਮੈਨੂੰ 'ਵਾਜ ਮਾਰੀ ਦਾਦਾ?
ਬਾਬੂ ਨੇ ਕਿਹਾ- ਸਵੇਰ ਮੈਂ ਚਲਾ ਜਾਵਾਂਗਾ ਰਤਨੀ।
-ਕਿਥੇ ਜਾਓਗੇ ਦਾ?
-ਘਰ ਜਾਊਂਗਾ। ਕਲਕੱਤੇ।
-ਤੇ ਮੁੜੋਗੇ ਕਦੋ?
-ਹੁਣ ਨੀ ਮੈਂ ਆਉਣਾ।
ਰਤਨੀ ਨੇ ਅਗਲਾ ਸਵਾਲ ਨਹੀਂ ਪੁੱਛਿਆ। ਬਾਬੂ ਨੇ ਖੁਦ ਹੀ ਦੱਸਿਆ ਕਿ ਬਦਲੀ ਵਾਲੀ ਉਹਦੀ ਅਰਜ਼ੀ ਮਨਜ਼ੂਰ ਨਹੀਂ ਹੋਈ, ਅਸਤੀਫਾ ਦੇ ਦਿੱਤਾ ਹੈ। ਹੁਣ ਘਰ ਜਾਣਾ ਹੈ।
ਦੇਰ ਤੱਕ ਦੋਵੇਂ ਚੁੱਪ ਰਹੇ। ਦੀਵਾ ਧੀਮਾ-ਧੀਮਾ ਬਲਦਾ ਰਿਹਾ। ਚੋਂਦੀ ਛੱਤ ਵਿਚੋਂ ਹੇਠਾਂ ਰੱਖੇ ਘੜੇ ਵਿਚ ਡਿਗਦੀ ਬੂੰਦ ਦੀ ਆਵਾਜ਼ ਰੁਕ-ਰੁਕ ਕੇ ਆਉਂਦੀ ਰਹੀ। ਟੱਪ-ਟੱਪ ਟੱਪ-ਟੱਪ।
ਰਤਨੀ ਉਠੀ, ਚੁੱਲ੍ਹੇ ਵਿਚ ਅੱਗ ਬਾਲਣ ਵਾਸਤੇ ਰਸੋਈ ਵੱਲ ਗਈ। ਉਸ ਦੇ ਹੱਥਾਂ ਵਿਚ ਪਹਿਲਾਂ ਵਾਂਗ ਫੁਰਤੀ ਨਹੀਂ ਅੱਜ। ਉਸ ਦੇ ਨਿੱਕੇ ਜਿਹੇ ਸਿਰ ਵਿਚ ਕਈ ਕਿਸਮ ਦੇ ਨਵੇਂ ਖਿਆਲਾਂ ਦੀ ਆਵਾਜਾਈ ਹੁੰਦੀ ਰਹੀ। ਬਾਬੂ ਨੇ ਖਾਣਾ ਖਾ ਲਿਆ ਤਾਂ ਅਚਾਨਕ ਕੁੜੀ ਨੇ ਕਿਹਾ- ਮੈਨੂੰ ਵੀ ਆਪਣੇ ਨਾਲ ਲੈ ਜਾਓ ਦਾਦਾ।
ਬਾਬੂ ਹੱਸ ਪਿਆ- ਤੈਨੂੰ ਲਿਜਾਵਾਂ? ਕਮਾਲ ਐ!
ਪਹਿਲਾਂ ਜਾਗਦਿਆਂ, ਫਿਰ ਸੁਫਨਿਆਂ ਵਿਚ ਉਸ ਨੂੰ ਹੱਸਦੇ ਬਾਬੂ ਦਾ ਇਕ ਵਾਕ ਲਗਾਤਾਰ ਸੁਣਾਈ ਦੇਈ ਗਿਆ- ਕਮਾਲ ਐ!
ਸਵੇਰ ਵੇਲੇ ਬਾਬੂ ਉਠਿਆ, ਇਸ਼ਨਾਨ ਵਾਸਤੇ ਪਾਣੀ ਦਾ ਘੜਾ ਭਰਿਆ ਪਿਆ ਸੀ। ਪੇਂਡੂਆਂ ਵਾਂਗ ਦਰਿਆ ਵਿਚ ਛਾਲ ਮਾਰਨ ਦੀ ਥਾਂ ਉਹ ਸ਼ਹਿਰੀਆਂ ਵਾਂਗ ਘੜੇ ਦੇ ਪਾਣੀ ਨਾਲ ਨਹਾਉਂਦਾ ਸੀ। ਕੁੜੀ ਪੁੱਛ ਨਾ ਸਕੀ ਕਦੋਂ ਕੁ ਜਾਣਾ ਹੈ, ਇਸ ਕਰ ਕੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਉਸ ਨੇ ਘੜੇ ਭਰ ਦਿੱਤੇ। ਕੀ ਪਤਾ ਦਾਦਾ ਨੂੰ ਕਦੋਂ ਲੋੜ ਪੈ ਜਾਵੇ। ਨਹਾਉਣ ਤੋਂ ਬਾਅਦ 'ਵਾਜ ਆਈ- ਰਤਨੀ।
ਬਿਨਾਂ ਖੜਾਕ ਕਰਨ ਦੇ ਲੰਘ ਆਈ। ਮਾਸਟਰ ਦੇ ਮੂੰਹ ਵਲ ਖਾਮੋਸ਼ ਦੇਖਦੀ ਰਹੀ ਕਿ ਕੀ ਹੁਕਮ ਹੈ। ਮਾਸਟਰ ਨੇ ਕਿਹਾ- ਮੇਰੇ ਜਾਣ ਪਿਛੋਂ ਘਬਰਾਈਂ ਨਾ ਰਤਨੀ। ਮੇਰੀ ਥਾਉਂ ਜਿਹੜਾ ਬੰਦਾ ਆਵੇਗਾ, ਮੈਂ ਉਹਨੂੰ ਕਹੂੰਗਾ ਤੇਰਾ ਖਿਆਲ ਰੱਖੇ।
ਇਹ ਸ਼ਬਦ ਦਿਆਲੂ ਲਗਦੇ ਹਨ, ਪਰ ਕੁੜੀ ਦੇ ਦਿਲ ਦੀਆਂ ਕੌਣ ਜਾਣੇ।
ਰਤਨੀ ਨੇ ਬੜੀ ਵਾਰ ਆਪਣੇ ਬਾਬੂ ਤੋਂ ਝਿੜਕਾਂ ਖਾਧੀਆਂ ਸਨ, ਪਰ ਉਸ ਨੇ ਬੁਰਾ ਨਹੀਂ ਮਨਾਇਆ ਸੀ। ਬਾਬੂ ਦੇ ਇਨ੍ਹਾਂ ਦਿਆਲੂ ਲਫ਼ਜ਼ਾਂ ਨੂੰ ਉਹ ਬਰਦਾਸ਼ਤ ਨਾ ਕਰ ਸਕੀ, ਫੁਟ-ਫੁਟ ਕੇ ਰੋਈ- ਨਹੀਂæææ ਨਹੀਂ। ਕਿਸੇ ਕੋਲ ਮੇਰੀ ਗੱਲ ਕਰਨ ਦੀ ਲੋੜ ਨ੍ਹੀਂ। ਮੈਂ ਇਥੇ ਰਹਿਣਾ ਈ ਨ੍ਹੀਂ ਹੁਣ।
ਬਾਬੂ ਸੁੰਨ ਹੋ ਗਿਆ। ਇਸ ਤਰ੍ਹਾਂ ਦੀ ਰਤਨੀ ਤਾਂ ਉਸ ਨੇ ਕਦੀ ਦੇਖੀ ਨਹੀਂ ਸੀ।
ਨਵਾਂ ਮੁਲਾਜ਼ਮ ਆ ਗਿਆ, ਤੇ ਉਸ ਨੂੰ ਚਾਰਜ ਦੇ ਦਿੱਤਾ। ਤੁਰਨ ਤੋਂ ਪਹਿਲਾਂ ਰਤਨੀ ਨੂੰ ਬੋਲ ਮਾਰਿਆ- ਤੇਰੇ ਵਾਸਤੇ ਥੋੜਾ ਕੁ ਇਹ। ਤੇਰੇ ਕੰਮ ਆਏਗਾ। ਇਹ ਕਹਿ ਕੇ ਉਸ ਨੇ ਸਫਰ ਵਾਸਤੇ ਥੋੜੇ ਪੈਸੇ ਰੱਖ ਕੇ ਬਾਕੀ ਮਹੀਨੇ ਦੀ ਸਾਰੀ ਤਨਖਾਹ ਜੇਬ ਵਿਚੋਂ ਕੱਢ ਕੇ ਰਤਨੀ ਵੱਲ ਹੱਥ ਵਧਾਇਆ।
-ਓ ਦਾਦਾ, ਮੈਂ ਹੱਥ ਜੋੜਦੀ ਆਂ। ਮੈਨੂੰ ਨ੍ਹੀਂ ਚਾਹੀਦਾ ਕੁਝ। ਮੇਰਾ ਭੋਰਾ ਫਿਕਰ ਨਾ ਕਰ। ਇਹ ਕਹਿ ਕੇ ਉਹ ਦੌੜ ਕੇ ਨਜ਼ਰੋਂ ਉਹਲੇ ਹੋ ਗਈ।
ਹਉਕਾ ਲੈ ਕੇ ਬਾਬੂ ਨੇ ਬੈਗ ਚੁੱਕਿਆ, ਮੋਢੇ 'ਤੇ ਛਤਰੀ ਟਿਕਾਈ, ਇਕ ਆਦਮੀ ਨੂੰ ਰੰਗ-ਬਰੰਗਾ ਟਰੰਕ ਚੁਕਾ ਕੇ ਘਾਟ ਵੱਲ ਤੁਰ ਪਿਆ।
ਜਦੋਂ ਬੈਠ ਗਿਆ, ਬੇੜੀ ਠਿਲ੍ਹ ਪਈ, ਧਰਤੀ ਦੇ ਹੰਝੂਆਂ ਵਾਂਗ ਨਦੀ ਵਗਦੀ ਦੇਖੀ, ਚੱਪੂਆਂ ਦੀਆਂ ਸਿਸਕੀਆਂ ਸੁਣੀਆਂ ਤਾਂ ਦਿਲ ਬੈਠਣ ਲੱਗਾ। ਦੁੱਖ ਨਾਲ ਪੀੜਤ ਕੁੜੀ ਦਾ ਚਿਹਰਾ ਉਸ ਨੂੰ ਖਾਮੋਸ਼ ਧਰਤੀ ਮਾਂ ਦੇ ਮੂੰਹ ਵਰਗਾ ਲੱਗਾ। ਇਕ ਵਾਰੀ ਉਹਨੇ ਸੋਚਿਆ, ਵਾਪਸ ਜਾ ਕੇ ਸੰਸਾਰ ਵਲੋਂ ਤਿਆਗੇ ਇਸ ਅੰਬਰੀ ਅੰਡੇ ਨੂੰ ਲੈ ਆਵਾਂ, ਪਰ ਬਾਦਬਾਨਾਂ ਵਿਚ ਤਾਂ ਹਵਾ ਭਰ ਚੁੱਕੀ ਸੀ। ਬੇੜੀ ਤਾਂ ਮੰਝਧਾਰ ਤੱਕ ਅੱਪੜ ਗਈ ਸੀ। ਪਿੰਡ ਦੂਰ ਪਿੱਛੇ ਰਹਿ ਗਿਆ ਸੀ, ਧੁੱਪੇ ਜਲਦੇ ਖੇਤ ਸਾਫ ਦਿਸ ਰਹੇ ਸਨ।
ਤੇਜ਼ ਵਗਦੇ ਦਰਿਆ ਦੀ ਛਾਤੀ ਉਪਰੋਂ ਦੀ ਲੰਘਦੇ ਬਾਬੂ ਦੇ ਦਿਲ ਵਿਚ ਧਰਤੀ ਉਪਰ ਵਾਪਰਦੇ ਮਿਲਾਪ ਅਤੇ ਵਿਜੋਗ ਬਾਬਤ, ਮੌਤ ਬਾਬਤ ਅਣਗਿਣਤ ਦਾਰਸ਼ਨਿਕ ਖਿਆਲ ਆਏ, ਜਿਥੋਂ ਗਏ ਮੁਸਾਫਰ ਵਾਪਸ ਨਹੀਂ ਪਰਤਦੇ।
ਪਰ ਰਤਨੀ ਕੋਲ ਕੋਈ ਫਲਸਫਾ ਨਹੀਂ ਸੀ। ਹੰਝੂਆਂ ਦੇ ਹੜ੍ਹ ਅੱਖਾਂ ਵਿਚ ਚੁੱਕੀ ਉਹ ਡਾਕਖਾਨੇ ਦੁਆਲੇ ਫਿਰਦੀ ਰਹੀ। ਉਹਦੇ ਦਿਲ ਵਿਚ ਅਜੇ ਵੀ ਆਸ ਅੜੀ ਬੈਠੀ ਸੀ- ਸ਼ਾਇਦ ਦਾਦਾ ਵਾਪਸ ਆ ਈ ਜਾਏ, ਆਸ ਉਸ ਦਾ ਰਿਸ਼ਤਾ ਡਾਕਖਾਨੇ ਨਾਲੋਂ ਟੁੱਟਣ ਨਹੀਂ ਸੀ ਦਿੰਦੀ।
ਅਫਸੋਸ, ਓ ਮੂਰਖ ਮਨੁੱਖੀ ਦਿਲ!

ਅਨੁਵਾਦ: ਹਰਪਾਲ ਸਿੰਘ ਪੰਨੂ

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To read Punjabi text you must have Unicode fonts. Contact Us

Sochpunjabi.com