ਜੀਵਨੀ ਤੇ ਰਚਨਾ ਮਾਰਕ ਟਵੇਨ-ਨਰਿੰਦਰ ਸਿੰਘ ਕਪੂਰ
ਮਾਰਕ ਟਵੇਨ (1835-1910) : ਅਮਰੀਕਾ ਦੇ ਪ੍ਰਸਿੱਧ ਹਾਸ-ਰਸੀ ਲੇਖਕ ਅਤੇ ਨਾਵਲਕਾਰ ਵਜੋਂ ਜਾਣੇ ਜਾਂਦੇ ਮਾਰਕ ਟਵੇਨ (Mark Twain) ਨੇ ਆਪਣੀਆਂ ਲਿਖਤਾਂ ਨਾਲ ਵਿਸ਼ਵ ਭਰ ਦਾ ਧਿਆਨ ਖਿੱਚਿਆ ਅਤੇ ਸਤਿਕਾਰ ਪ੍ਰਾਪਤ ਕੀਤਾ । ਆਪਣੇ ਲੜਕਪਣ ਦੌਰਾਨ ਆਪਣੇ ਅਨੁਭਵਾਂ ਨੂੰ ਸਿੱਧੀ, ਸਪਸ਼ਟ ਭਾਸ਼ਾ ਵਿੱਚ ਪ੍ਰਗਟਾਅ ਕੇ ਮਾਰਕ ਟਵੇਨ ਨੇ ਇੱਕ ਨਵੀਂ ਪ੍ਰਕਾਰ ਦੀ ਲੇਖਣੀ ਨੂੰ ਹਰਮਨਪਿਆਰਾ ਬਣਾਇਆ । ਭਾਵੇਂ ਆਲੋਚਕਾਂ ਨੇ ਉਸ ਦੀਆਂ ਰਚਨਾਵਾਂ ਵਿੱਚ ਬਣਤਰ ਦੇ ਪੱਖੋਂ ਅਤੇ ਪੇਸ਼ਕਾਰੀ ਦੇ ਪੱਖੋਂ ਅਨੇਕ ਘਾਟਾਂ ਦੀ ਚਰਚਾ ਕੀਤੀ, ਪਰ ਮਾਰਕ ਟਵੇਨ ਦੀ ਪ੍ਰਸਿੱਧੀ ਨਿਰੰਤਰ ਵੱਧਦੀ ਰਹੀ । ਉਸ ਦੀ ਹਾਸ-ਰਸੀ ਸ਼ੈਲੀ ਉਸ ਨੂੰ ਵਿਸ਼ਵ ਦੇ ਮੋਹਰੀ ਸਾਹਿਤਕਾਰਾਂ ਵਿੱਚ ਲਿਆ ਖੜ੍ਹਾ ਕਰਦੀ ਹੈ । ਮਾਰਕ ਟਵੇਨ ਮੁੱਖ ਤੌਰ ਤੇ ਇੱਕ ਪੱਤਰਕਾਰ ਸੀ, ਜਿਹੜਾ ਸਮਾਚਾਰ ਪੱਤਰਾਂ ਲਈ ਲਿਖਦਾ-ਲਿਖਦਾ ਲੇਖਕ ਬਣ ਗਿਆ । ਦੂਰ- ਦੁਰਾਡੀਆਂ ਥਾਂਵਾਂ ਤੇ ਘੁੰਮਣਾ ਅਤੇ ਸਮਾਚਾਰ ਪੱਤਰਾਂ ਲਈ ਲਿਖ ਕੇ ਪਾਠਕਾਂ ਨੂੰ ਅਣਜਾਣੀਆਂ ਅਣਗਾਹੀਆਂ ਥਾਂਵਾਂ ਦੇ ਰੋਚਕ ਵੇਰਵੇ ਦੇ-ਦੇ ਰਿਝਾਉਣਾ ਮਾਰਕ ਟਵੇਨ ਦੀ ਲਿਖਤ ਦੇ ਮੀਰੀ ਗੁਣ ਰਹੇ ਹਨ । ਉਸ ਨੇ ਦਿਲਚਸਪ ਘਟਨਾਵਾਂ ਨੂੰ ਤਿੱਖੀ, ਬੋਲ-ਚਾਲ ਵਾਲੀ, ਨਿਤਾਪ੍ਰਤੀ ਦੀ ਭਾਸ਼ਾ ਵਿੱਚ ਲਿਖ ਕੇ ਮਾਣ ਅਤੇ ਪ੍ਰਸਿੱਧੀ ਪ੍ਰਾਪਤ ਕੀਤੀ ਹੈ । ਭਾਵੇਂ ਕਈ ਸਮਕਾਲੀਆਂ ਨੇ ਮਾਰਕ ਟਵੇਨ ਦੀ ਭਾਸ਼ਾ ਨੂੰ ਭੱਦੀ ਅਤੇ ਉਸ ਦੀ ਸ਼ੈਲੀ ਨੂੰ ਅਸ਼ਲੀਲ ਕਿਹਾ, ਪਰ ਉਸ ਦੇ ਵਿਸ਼ਾਲ ਪਾਠਕ ਵਰਗ ਤੋਂ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਉਹ ਆਪਣੇ ਸਮੇਂ ਦਾ ਇੱਕ ਸਫਲ ਲੇਖਕ ਸੀ ਅਤੇ ਉਨ੍ਹੀਵੀਂ ਸਦੀ ਦੇ ਲੇਖਕਾਂ ਵਿੱਚ ਉਸ ਦਾ ਮਹੱਤਵਪੂਰਨ ਸਥਾਨ ਹੈ । ਮਾਰਕ ਟਵੇਨ ਹੁਣ ਵੀ ਬੜੀ ਦਿਲਚਸਪੀ ਨਾਲ ਪੜ੍ਹਿਆ ਜਾਂਦਾ ਹੈ ।
ਮਾਰਕ ਟਵੇਨ ਦਾ ਅਸਲੀ ਨਾਂ ਸੈਮੂਅਲ ਲੈਂਗਹਾਰਨ ਕਲੇਮਨਸ ਸੀ । ਉਸ ਦਾ ਜਨਮ 30 ਨਵੰਬਰ 1835 ਨੂੰ ਫਲੋਰੀਡਾ ਦੇ ਸਰਹੱਦੀ ਪਿੰਡ ਵਿੱਚ ਹੋਇਆ । ਉਸ ਦਾ ਬਚਪਨ ਮਿਸੀ ਸਿਪੀ ਦਰਿਆ ਦੇ ਕੰਢਿਆਂ `ਤੇ ਬੀਤਿਆ, ਜਿੱਥੇ ਜਹਾਜ਼ਾਂ ਦੀ ਚਹਿਲ-ਪਹਿਲ ਰਹਿੰਦੀ ਸੀ । ਇਹ ਦਰਿਆ ਉਸ ਦੇ ਚੇਤਿਆਂ ਵਿੱਚ ਵਸਿਆ ਹੋਇਆ ਹੈ ਅਤੇ ਪਾਣੀ ਨਾਲ ਟਵੇਨ ਦਾ ਸੰਬੰਧ ਨਿਰੰਤਰ ਪ੍ਰਗਟ ਹੁੰਦਾ ਰਿਹਾ ਹੈ । ਉਹ ਬਾਰ੍ਹਾਂ ਸਾਲਾਂ ਦਾ ਸੀ ਜਦੋਂ ਉਸ ਦਾ ਵਕੀਲ ਪਿਤਾ ਚਲਾਣਾ ਕਰ ਗਿਆ ਅਤੇ ਮਾਰਕ ਟਵੇਨ ਨੇ ਇੱਕ ਛਾਪੇਖ਼ਾਨੇ ਵਿੱਚ ਕੰਮ ਸਿੱਖਣਾ ਅਰੰਭ ਕੀਤਾ । ਸਤਾਰ੍ਹਾਂ ਸਾਲਾਂ ਦੀ ਉਮਰ ਵਿੱਚ ਹੀ ਉਸ ਨੇ ਹਾਸ-ਰਸੀ ਸੰਖੇਪ ਲੇਖ ਲਿਖਣੇ ਅਰੰਭ ਦਿੱਤੇ ਸਨ, ਜਿਹੜੇ ਸਥਾਨਿਕ ਪੱਤਰਾਂ ਵਿੱਚ ਛਪਣ ਲੱਗ ਪਏ ਸਨ । 1853 ਵਿੱਚ ਟਵੇਨ ਸ਼ਿਕਾਗੋ, ਨਿਊਯਾਰਕ, ਫਿਲਾਡੈਲਫੀਆ ਆਦਿ ਇਲਾਕਿਆਂ ਵਿੱਚ ਘੁੰਮਦਾ ਰਿਹਾ । ਉਹ ਚੱਲਿਆ ਤਾਂ ਕਿਸਮਤ ਅਜ਼ਮਾਉਣ ਸੀ, ਪਰ ਇੱਕ ਪਾਣੀ ਵਾਲੇ ਜਹਾਜ਼ ਦਾ ਚਾਲਕ ਹੋ ਨਿਬੜਿਆ । ਉਸ ਦਾ ਭ੍ਰਮਣ ਵਾਲਾ ਜੀਵਨ ਜਾਰੀ ਰਿਹਾ । 1861 ਵਿੱਚ ਟਵੇਨ ਨੇਵਾਡਾ ਪਹੁੰਚਿਆ, ਜਿੱਥੇ ਉਸ ਨੇ ਸੱਟੇ ਵਿੱਚ ਅਤੇ ਲੱਕੜਾਂ ਦੀ ਦਲਾਲੀ ਵਿੱਚ ਬਹੁਤ ਨੁਕਸਾਨ ਉਠਾਇਆ । ਵਰਜੀਨੀਆ ਸ਼ਹਿਰ ਵਿੱਚ ਉਹ ਅਖ਼ਬਾਰਾਂ ਲਈ ਕੰਮ ਕਰਨ ਵਾਸਤੇ ਟਿਕ ਗਿਆ । ਇੱਥੇ ਹੀ ਉਸ ਨੇ ਆਪਣਾ ਕਲਮੀ ਨਾਂ ਮਾਰਕ ਟਵੇਨ ਧਾਰਨ ਕੀਤਾ । ਸਾਂਨਫਰਾਂਸਿਸਕੋ ਵਿੱਚ ਮਾਰਕ ਟਵੇਨ ਆਪਣੇ ਸਮਕਾਲੀ ਕਾਲਮ ਨਵੀਸਾਂ ਦੇ ਸੰਪਰਕ ਵਿੱਚ ਆਇਆ, ਜਿਨ੍ਹਾਂ ਨੇ ਉਹਨਾਂ ਨੂੰ ਲਿਖਣ ਲਈ ਪ੍ਰੇਰਿਆ । 1865 ਵਿੱਚ ਟਵੇਨ ਇੱਕ ਘੁਮੱਕੜ ਪੱਤਰਕਾਰ ਬਣਿਆ, ਜਿਹੜਾ ਦੂਰ-ਦੁਰਾਡੀਆਂ ਧਰਤੀਆਂ ਦੀ ਸੈਰ ਕਰਦਿਆਂ ਉਹਨਾਂ ਬਾਰੇ ਰੋਚਕ ਲੇਖ ਲਿਖਿਆ ਕਰਦਾ ਸੀ । ਕਈ ਸਮਾਚਾਰ ਪੱਤਰਾਂ ਨੇ ਉਸ ਨੂੰ ਅਜਿਹੇ ਕੰਮ ਲਈ ਨੌਕਰੀ ਦਿੱਤੀ । ਇਹਨਾਂ ਵਰ੍ਹਿਆਂ ਦੇ ਆਪਣੇ ਅਨੁਭਵਾਂ ਨੂੰ ਮਾਰਕ ਟਵੇਨ ਨੇ ਮਗਰੋਂ ਪੁਸਤਕ ਰੂਪ ਵਿੱਚ ਛਾਪਿਆ ਹੈ, ਜਿਨ੍ਹਾਂ ਨੂੰ ਲੈਟਰਜ਼ ਫ਼੍ਰਾਂਸ ਦੀ ਸੈਂਡਵਿਚ ਆਈਲੈਂਡਸ ਅਤੇ ਲੈਟਰਜ਼ ਫਰਾਮ ਹੋਲੋਲੁਲੂ ਕਰ ਕੇ ਜਾਣਿਆ ਜਾਂਦਾ ਹੈ । ਅਲਟਾ ਕੈਲੀਫੋਰਨੀਆ ਦੇ ਪੱਤਰ-ਪ੍ਰੇਰਕ ਵੱਲੋਂ ਉਸ ਨੇ ਧਰਤੀ ਦੇ ਵਿਸ਼ਾਲ ਭ੍ਰਮਣ ਨੂੰ ਰੋਚਕ ਸ਼ੈਲੀ ਵਿੱਚ ਲਿਖ ਕੇ ਪ੍ਰਸਿੱਧੀ ਪ੍ਰਾਪਤ ਕੀਤੀ । 1867 ਵਿੱਚ ਮਾਰਕ ਟਵੇਨ ਯੂਰਪ ਗਿਆ ਅਤੇ ਉੱਥੋਂ ਦੇ ਅੱਖੀਂ ਵੇਖੇ, ਹੰਢਾਏ ਅਤੇ ਮਾਣੇ ਜੀਵਨ ਦੇ ਵੇਰਵੇ ਨਿਊਯਾਰਕ ਟ੍ਰਿਬਿਊਨ ਨੂੰ ਭੇਜਦਾ ਰਿਹਾ । ਆਮ ਬੋਲ-ਚਾਲ ਦੀ ਬੋਲੀ ਦੇ ਸ਼ਬਦਾਂ ਦੀ ਵਰਤੋਂ ਕਾਰਨ ਮਾਰਕ ਟਵੇਨ ਇੱਕ ਨਵੇਕਲੀ ਸ਼ੈਲੀ ਵਾਲਾ ਲੇਖਕ ਸਮਝਿਆ ਜਾਂਦਾ ਸੀ । 1890 ਵਿੱਚ ਮਾਰਕ ਟਵੇਨ ਨੇ ਉਲੀਵਾ ਲੈਂਗਡਨ ਨਾਲ ਵਿਆਹ ਕਰਵਾਇਆ । ਕੁਝ ਅਰਸਾ ਨਿਊਯਾਰਕ ਰਹਿਣ ਉਪਰੰਤ ਟਵੇਨ ਕੋਨੈਕਟੀਕੱਟ ਵਿੱਚ ਹਾਰਟਫੋਰਡ ਵਿਖੇ ਟਿਕ ਗਿਆ ਜਿੱਥੇ ਉਹ ਵੀਹ ਸਾਲ ਰਿਹਾ । ਇੱਥੇ ਹੀ ਉਸ ਦੀਆਂ ਤਿੰਨ ਧੀਆਂ ਦਾ ਜਨਮ ਹੋਇਆ ਅਤੇ ਇੱਥੇ ਹੀ ਉਸ ਨੇ ਇੱਕ ਲੇਖਕ ਅਤੇ ਭਾਸ਼ਣ ਕਰਤਾ ਵਜੋਂ ਖ਼ੁਸ਼ਹਾਲੀ ਮਾਣੀ । ਉਸ ਦੀਆਂ ਲਿਖਤਾਂ ਕਰ ਕੇ ਲੋਕ ਉਸ ਨੂੰ ਭਾਸ਼ਣ ਲਈ ਬੁਲਾਉਂਦੇ ਸਨ ਅਤੇ ਭਾਸ਼ਣਾਂ ਕਰ ਕੇ ਲੋਕ ਉਸ ਦੀਆਂ ਲਿਖਤਾਂ ਪੜ੍ਹਨੀਆਂ ਚਾਹੁੰਦੇ ਸਨ ।
ਇੱਕ ਕਾਲਮਨਵੀਸ ਵਜੋਂ ਤਾਂ ਮਾਰਕ ਟਵੇਨ ਪ੍ਰਸਿੱਧ ਹੋਇਆ ਹੀ ਸੀ, ਸੋ ਉਸ ਨੇ ਆਪਣੀਆਂ ਰਚਨਾਵਾਂ ਨੂੰ ਪੁਸਤਕ ਦਾ ਰੂਪ ਦੇਣਾ ਅਰੰਭ ਕੀਤਾ । ਅਡਵੈਂਚਰਜ਼ ਆਫ਼ ਟਾਮ ਸਾਇਰ ਵਿੱਚ ਮਾਰਕ ਟਵੇਨ ਨੇ ਮਿਸੀਸਿਪੀ ਦਰਿਆ ਸੰਬੰਧੀ ਆਪਣੇ ਬਚਪਨ ਦੀਆਂ ਯਾਦਾਂ ਨੂੰ ਚਿਤਰਿਆ ਹੈ । ਇਸ ਉਪਰੰਤ ਉਸ ਨੇ ਦਾ ਪ੍ਰਿੰਸ ਐਂਡ ਦਾ ਪਾਪਰ (1882) ਅਤੇ ਏ ਕੋਨੈਕਟੀਕੱਟ ਯੈਂਕੀ ਇਨ ਦਾ ਕਿੰਗ ਆਰਥਰਜ਼ ਕੋਰਟ (1889) ਛਪਵਾਈਆਂ ।
ਜਿਹੜੀ ਪੁਸਤਕ ਨੇ ਮਾਰਕ ਟਵੇਨ ਨੂੰ ਜਗਤ ਭਰ ਵਿੱਚ ਪ੍ਰਸਿੱਧ ਕੀਤਾ, ਉਹ ਸੀ ਦਾ ਐਡਵੈਂਚਰਜ਼ ਆਫ਼ ਹੱਕਲਬਰੀ ਫਿਨ (1885) । ਇਸ ਪੁਸਤਕ ਵਿੱਚ ਮਾਰਕ ਟਵੇਨ ਨੇ ਮਿਸੀਸਿਪੀ ਦਰਿਆ ਦੇ ਵੇਰਵੇ ਦੇ ਕੇ ਪਾਠਕਾਂ ਦੇ ਦਿਲ ਜਿੱਤ ਲਏ । ਭਾਵੇਂ ਨਾਵਲ ਕਲਾ ਦੇ ਪੱਖੋਂ ਟਾਮ ਸਾਇਰ ਚੰਗੇਰੀ ਪੁਸਤਕ ਹੈ, ਪਰ ਹੱਕਲਬਰੀ ਫਿਨ ਨੂੰ ਪ੍ਰਸਿੱਧੀ ਇਸ ਲਈ ਮਿਲੀ ਕਿਉਂਕਿ ਇਸ ਵਿੱਚ ਮੌਲਿਕਤਾ ਅਤੇ ਸੱਜਰਾਪਣ ਸੀ । ਹੱਕਲਬਰੀ ਇੱਕ ਸਧਾਰਨ ਲੜਕਾ ਹੈ, ਜਿਸ ਨੂੰ ਹਰ ਪੜਾਅ ਤੇ ਮੁਸ਼ਕਲਾਂ, ਉਲਝਣਾਂ ਅਤੇ ਮੁਸੀਬਤਾਂ ਪੈਂਦੀਆਂ ਹਨ । ਉਸ ਦੀ ਸੁਤੰਤਰ ਰਹਿਣ ਦੀ ਇੱਛਾ ਅਤੇ ਸਭ ਪ੍ਰਕਾਰ ਦੇ ਬੰਧਨਾਂ ਤੋਂ ਮੁਕਤ ਹੋਣ ਦੀ ਅਭਿਲਾਸ਼ਾ ਉਸ ਨੂੰ ਅਮਰੀਕੀ ਜੀਵਨ ਦੇ ਸੁਪਨੇ ਨਾਲ ਜੋੜਦੀ ਹੈ । ਤਕਨੀਕ ਦੇ ਪੱਖੋਂ ਇਹ ਕੋਈ ਵਿਧੀਵਤ ਨਾਵਲ ਨਹੀਂ ਹੈ, ਸਗੋਂ ਕੁਝ ਘਟਨਾਵਾਂ ਨੂੰ ਜੋੜ ਕੇ ਨਾਵਲੀ ਰਚਨਾ ਦਾ ਭਰਮ ਹੀ ਸਿਰਜਿਆ ਗਿਆ ਹੈ, ਪਰ ਇਸ ਪੁਸਤਕ ਦੀ ਸਫਲਤਾ ਦਾ ਭੇਤ ਇਸ ਦੇ ਵੇਰਵਿਆਂ ਦਾ ਨਰੋਆਪਣ ਅਤੇ ਸੁੱਚਾਪਣ ਹੈ । ਦਰਿਆ ਜੀਵਨ-ਪ੍ਰਵਾਹ ਦਾ ਪ੍ਰਤੀਕ ਹੈ । ਦਰਿਆ ਸ਼ਰੀਫ ਹੈ ਅਤੇ ਸ਼ਾਂਤੀ ਦਾ ਪ੍ਰਤੀਕ ਹੈ ਪਰ ਇਸ ਦੇ ਕਿਨਾਰਿਆਂ ਤੇ ਧੋਖਾ, ਝੂਠ, ਬੇਈਮਾਨੀ ਆਦਿ ਪਸਰੇ ਹੋਏ ਹਨ । ਹੱਕਲਬਰੀ ਆਪਣੇ ਆਪ ਨੂੰ ਉੱਚਾ-ਸੁੱਚਾ ਸਿੱਧ ਨਹੀਂ ਕਰਦਾ, ਸਗੋਂ ਉਹ ਆਪਣੇ ਕਮੀਨੇਪਣ, ਨੀਚਤਾ, ਸੁਆਰਥ, ਹਿੰਸਾ ਅਤੇ ਹੋਰ ਦੋਸ਼ਾਂ ਨੂੰ ਉਘਾੜਦਾ ਹੈ । ਹੱਕਲਬਰੀ ਦਾ ਇੱਕ ਨੀਗਰੋ ਸਾਥੀ ਹੈ ਜਿਮ, ਜਿਹੜਾ ਸਥਿਤੀਆਂ-ਵਿਅਕਤੀਆਂ ਨੂੰ ਸਪਸ਼ਟ ਕਰਨ ਦੇ ਪੱਖੋਂ ਬੜੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ । ਇਸ ਪੁਸਤਕ ਦਾ ਮੀਰੀ ਗੁਣ ਇਹ ਮੰਨਿਆ ਜਾਂਦਾ ਹੈ ਕਿ ਇਹ ਪਹਿਲੀ ਪੁਸਤਕ ਹੈ, ਜਿਸ ਵਿੱਚ ਨਿਰੋਲ ਬੋਲ-ਚਾਲ ਦੀ ਭਾਸ਼ਾ ਆਪਣੇ ਸ਼ੁੱਧ ਰੂਪ ਵਿੱਚ ਪ੍ਰਗਟ ਹੋਈ ਹੈ । ਕਈ ਆਲੋਚਕਾਂ ਨੇ ਇਸ ਦੀ ਭਾਸ਼ਾ ਦੇ ਅਸ਼ਲੀਲ ਹੋਣ ਦਾ ਦੋਸ਼ ਲਾਇਆ ਹੈ ਪਰ ਇਹ ਅਤੇ ਹੋਰ ਦੋਸ਼ ਪਾਠਕਾਂ ਨੇ ਅੱਖੋਂ-ਪਰੋਖੇ ਕਰ ਦਿੱਤੇ ਹਨ ।
ਆਪਣੇ ਜੀਵਨ ਦੇ ਅੰਤਲੇ ਵਰ੍ਹਿਆਂ ਵਿੱਚ ਮਾਰਕ ਟਵੇਨ ਨੇ ਹੋਰ ਪੈਸੇ ਕਮਾਉਣ ਦੀ ਲਾਲਸਾ ਅਧੀਨ ਅਨੇਕ ਕੰਮਾਂ-ਵਪਾਰਾਂ ਵਿੱਚ ਪੈਸਾ ਲਾਇਆ, ਪਰ ਹਰੇਕ ਵਿੱਚ ਘਾਟਾ ਹੀ ਪਿਆ । ਉਹ ਟਾਈਪ ਦੀ ਮਸ਼ੀਨ ਦੇ ਨਿਰਮਾਣ ਵਿੱਚ ਲੱਗੀ ਇੱਕ ਕੰਪਨੀ ਵਿੱਚ ਪੈਸੇ ਲਾਉਂਦਾ ਰਿਹਾ, ਜਿਸ ਦੀ ਸਫਲਤਾ ਨਾਲ ਉਸ ਨੂੰ ਆਪਣੇ ਅਮੀਰ ਹੋ ਜਾਣ ਦੀ ਆਸ ਸੀ, ਪਰ ਉਸ ਕਾਰਜ ਵਿੱਚ ਸਫਲਤਾ ਨਾ ਮਿਲੀ, ਕਿਉਂਕਿ ਇੱਕ ਹੋਰ ਕੰਪਨੀ ਨੇ ਟਾਈਪ ਦੀ ਸਾਦੀ ਮਸ਼ੀਨ ਦੀ ਕਾਢ ਕੱਢ ਕੇ ਪਹਿਲ ਕਰ ਲਈ ਸੀ ।
ਆਪਣੇ ਅੰਤਲੇ ਜੀਵਨ ਵਿੱਚ ਮਾਰਕ ਟਵੇਨ ਨੇ ਕੁਝ ਰਚਨਾਵਾਂ ਰਚੀਆਂ, ਪਰ ਉਹਨਾਂ ਵਿੱਚੋਂ ਪਹਿਲੀਆਂ ਰਚਨਾਵਾਂ ਵਾਲਾ ਸੱਜਰਾਪਣ ਗਾਇਬ ਹੈ । ਵਕਤ ਦੇ ਬੀਤਣ ਨਾਲ ਮਾਰਕ ਟਵੇਨ ਦੀ ਸਿਹਤ ਵਿਗੜਦੀ ਗਈ, ਸਿਹਤ ਠੀਕ ਕਰਨ ਦੇ ਉਸ ਨੇ ਕਈ ਯਤਨ ਕੀਤੇ ਪਰ ਅੰਤ ਨੂੰ 21 ਅਪ੍ਰੈਲ 1910 ਨੂੰ ਮਾਰਕ ਟਵੇਨ ਸਾਰੀ ਦੁਨੀਆ ਨੂੰ ਹਸਾ ਕੇ ਸ਼ਾਂਤ ਹੋ ਗਿਆ । ਵਿਸ਼ਵ ਸਾਹਿਤ ਵਿੱਚ ਅਤੇ ਅਮਰੀਕੀ ਸਾਹਿਤ ਵਿੱਚ ਮਾਰਕ ਟਵੇਨ ਦਾ ਨਾਂ ਸਦਾ ਪ੍ਰਸਿੱਧ ਰਹੇਗਾ ।
ਪੰਜਾਬੀ ਕਹਾਣੀਆਂ (ਮੁੱਖ ਪੰਨਾ) |