ਭਗਤ ਸਿੰਘ ’ਤੇ ਫ਼ਖ਼ਰ ਹੈ ਹਰ ਨੌਜਵਾਨ ਨੂੰ ਡਾ. ਮਹੀਪ ਸਿੰਘ
1857 ਦੀ ਫ਼ੌਜੀ ਬਗ਼ਾਵਤ ਦੇ ਪਿੱਛੋਂ ਜਦੋਂ ਬਰਤਾਨੀਆ ਦੀ ਸਰਕਾਰ ਨੇ ਈਸਟ ਇੰਡੀਆ ਕੰਪਨੀ ਦੇ ਹੱਥੋਂ ਹਿੰਦੁਸਤਾਨ ਦੀ ਹਕੂਮਤ ਦੀ ਵਾਗਡੋਰ ਸਿੱਧੀ ਆਪਣੇ ਹੱਥਾਂ ਵਿਚ ਲੈ ਲਈ ਤਾਂ ਉਸ ਨੇ ਇਸ ਬਾਰੇ ਸੋਚਣਾ ਸ਼ੁਰੂ ਕੀਤਾ ਕਿ ਕਿਵੇਂ ਇਸ ਮੁਲਕ ਦੇ ਵੱਖ-ਵੱਖ ਹਿੱਸਿਆਂ ਵਿਚ ਉੱਭਰਦੀਆਂ ਬਾਗ਼ੀ ਲਹਿਰਾਂ ’ਤੇ ਕਾਬੂ ਪਾਇਆ ਜਾਏ। 1885 ਵਿਚ ਇਕ ਬ੍ਰਿਟਿਸ਼ ਅਫ਼ਸਰ ਏ. ਓ. ਹਯੂਮ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕੀਤੀ,ਅੰਗਰੇਜ਼ ਰਾਜ ਲਈ ਇਕ ਸੇਫਟੀਵਾਲ (ਸੁਰੱਖਿਆ ਕੰਧ) ਦੇ ਰੂਪ ਵਿਚ। ਮੰਤਵ ਇਹ ਸੀ ਕਿ ਇੱਥੇ ਦੇ ਲੋਕੀਂ ਆਪਣੀਆਂ ਸ਼ਿਕਾਇਤਾਂ ਸਰਕਾਰ ਅੱਗੇ ਮੰਗਾਂ ਦੇ ਰੂਪ ਵਿਚ ਪੇਸ਼ ਕਰਨ। ਉਸ ਲਈ ਬੰਦੂਕ ਚੁੱਕਣ ਵਾਲਾ ਤਰੀਕਾ ਨਾ ਅਪਣਾਉਣ।
ਪਰ ਗ਼ਦਰੀ ਲਹਿਰਾਂ ਇਸ ਦੇਸ਼ ਵਿਚ ਚੱਲਦੀਆਂ ਰਹੀਆਂ। ਪੰਜਾਬ ਵਿਚ ਕੂਕਾ ਲਹਿਰ ਉੱਠੀ। ਮਹਾਰਾਸ਼ਟਰ ਵਿਚ ਵਾਸੁਦੇਵ ਬਲਵੰਤ ਫੜਕੇ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਅੰਗਰੇਜ਼ਾਂ ਦੇ ਖਿਲਾਫ਼ ਝੰਡਾ ਚੁੱਕਿਆ। ਬੰਗਾਲ ਤਾਂ ਅਜਿਹੇ ਵਿਦਰੋਹੀਆਂ ਦਾ ਕੇਂਦਰ ਬਣ ਗਿਆ। ਰਾਸ ਬਿਹਾਰੀ ਬੋਸ, ਸਚਿੰਦਰ ਨਾਥ ਸਨਿਆਲ, ਖੁਦੀ ਰਾਮ ਬੋਸ ਵਰਗੇ ਕ੍ਰਾਂਤੀਕਾਰੀ ਅੰਗਰੇਜ਼ੀ ਰਾਜ ਨਾਲ ਜੂਝਣ ਵਿਚ ਬੜੇ ਸਰਗਰਮ ਸਨ। 1913 ਵਿਚ ਅਮਰੀਕਾ ਵਿਚ ਲਾਲਾ ਹਰਦਿਆਲ, ਸੋਹਣ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ ਵਰਗੇ ਗ਼ਦਰੀਆਂ ਨੇ ਅੰਗਰੇਜ਼ੀ ਰਾਜ ਨੂੰ ਬੜਾ ਚੁਕੰਨਾ ਕਰ ਦਿੱਤਾ।
ਅੰਗਰੇਜ਼ੀ ਰਾਜ ਲਈ ਢਾਲ ਜਨਮੀ ਇੰਡੀਅਨ ਨੈਸ਼ਨਲ ਕਾਂਗਰਸ ਵੀ ਨਰਮ ਦਲ ਅਤੇ ਗਰਮ ਦਲ ਵਿਚ ਵੰਡੀ ਗਈ। ਬਾਲ ਗੰਗਾਧਰ ਤਿਲਕ,ਲਾਲਾ ਲਾਜਪਤ ਰਾਇ ਤੇ ਵਿਪਿਨ ਚੰਦਰ ਪਾਲ (ਲਾਲ, ਬਾਲ, ਪਾਲ, ਨਾਂਅ ਤੋਂ ਮਸ਼ਹੂਰ) ਨੇ ਕਾਂਗਰਸ ਨੂੰ ਜੁਝਾਰੂ ਰੁਝਾਨਾਂ ਵੱਲ ਪ੍ਰੇਰਿਆ।
1920 ਦੇ ਪਿੱਛੋਂ ਇਸ ਦੇਸ਼ ਵਿਚ ਦੋ ਅਜਿਹੀਆਂ ਸ਼ਖ਼ਸੀਅਤਾਂ ਉੱਭਰੀਆਂ, ਜਿਨ੍ਹਾਂ ਨੇ ਇੱਥੇ ਦੀ ਰਾਜਨੀਤੀ, ਆਜ਼ਾਦੀ ਲਈ ਘੋਲ ਅਤੇ ਸਿਧਾਂਤਕ ਤੌਰ’ਤੇ ਸਾਰੇ ਸੰਘਰਸ਼ ਨੂੰ ਇਕ ਸੇਧ ਦੇਣ ਦਾ ਯਤਨ ਕੀਤਾ। ਇਹ ਸਨ ਮੋਹਨ ਦਾਸ ਕਰਮ ਚੰਦ ਗਾਂਧੀ ਅਤੇ ਸਰਦਾਰ ਭਗਤ ਸਿੰਘ। ਗਾਂਧੀ ਜੀ ਤੋਂ ਪਹਿਲਾਂ ਕਾਂਗਰਸ ਵਿਚ ਹਿੰਸਾ-ਅਹਿੰਸਾ ਬਾਰੇ ਕੋਈ ਬਹਿਸ ਨਹੀਂ ਸੀ। ਮੁੱਦਾ ਇਹ ਸੀ ਕਿ ਹਿੰਦੁਸਤਾਨੀਆਂ ਨੂੰ ਰਾਜਕਾਜ ਵਿਚ ਵੱਧ ਤੋਂ ਵੱਧ ਖੁਦਮੁਖਤਾਰੀ ਕਿਵੇਂ ਮਿਲੇ। ਤਿਲਕ ਨੇ ਇਕ ਵੰਗਾਰ ਦਿੱਤੀ ਸੀ, ਆਜ਼ਾਦੀ ਮੇਰਾ ਜਨਮ ਸਿੱਧ ਅਧਿਕਾਰ ਹੈ ਤੇ ਮੈਂ ਇਸ ਨੂੰ ਲੈ ਕੇ ਰਹਾਂਗਾ। ਤਿਲਕ ਨੇ ਇਸ ਗੱਲ ਦੀ ਵਿਆਖਿਆ ਕਰਨ ਦੀ ਲੋੜ ਮਹਿਸੂਸ ਨਹੀਂ ਕੀਤੀ ਸੀ ਕਿ ਮੈਂ ਆਪਣਾ ਆਜ਼ਾਦੀ ਦਾ ਅਧਿਕਾਰ ਕਿਵੇਂ ਲਵਾਂਗਾ। ਪਰ ਗਾਂਧੀ ਜੀ ਨੇ ਇਸ ਗੱਲ ਨੂੰ ਸਪਸ਼ਟ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੇਰੇ ਸੰਘਰਸ਼ ਦਾ ਮੂਲ ਆਧਾਰ ਹੋਣਗੇ ‘ਨਾ-ਮਿਲਵਰਤਨ, ਸੱਤਿਆਗ੍ਰਹਿ ਤੇ ਅਹਿੰਸਾ।’ ਮੈਂ ਆਪਣੇ ਮੰਤਵ ਲਈ ਹਿੰਸਾ ਦੇ ਇਸਤੇਮਾਲ ਨੂੰ ਨਾ ਹੀ ਜਾਇਜ਼ ਮੰਨਾਂਗਾ, ਨਾ ਉਸ ਨੂੰ ਅਪਣਾਉਣ ਦੀ ਸਲਾਹ ਦੇਵਾਂਗਾ।
ਭਗਤ ਸਿੰਘ ਦੇ ਸਾਹਮਣੇ ਆਦਰਸ਼ ਕੁਝ ਹੋਰ ਸਨ। ਅਜਿਹੇ ਆਦਰਸ਼ ਵਿਚ ਗੁਰੂ ਗੋਬਿੰਦ ਸਿੰਘ ਸਨ। ਅਮਰੀਕਾ ਵਿਚ ਜੰਮੀ ਗ਼ਦਰੀ ਲਹਿਰ ਸੀ। ਰੂਸ ਵਿਚ ਹੋਈ ਬੋਲਸ਼ੇਵਿਕ ਕ੍ਰਾਂਤੀ ਸੀ। ਹਿੰਸਾ-ਅਹਿੰਸਾ ਦਾ ਸਵਾਲ ਉਸ ਲਈ ਬੇਮਾਇਨੇ ਸੀ। ਉਹ ਮੰਨਦਾ ਸੀ ਕਿ ਜੇ ਆਜ਼ਾਦੀ ਦੀ ਲੜਾਈ ਵਿਚ ਦੁਸ਼ਮਣ ਦੇ ਖਿਲਾਫ਼ ਹਿੰਸਾ ਦੀ ਵਰਤੋਂ ਕਰਨੀ ਪੈਂਦੀ ਹੈ ਤਾਂ ਉਸ ਵਿਚ ਸੰਕੋਚ ਜਾਂ ਇਤਰਾਜ਼ ਵਾਲੀ ਕੋਈ ਗੱਲ ਨਹੀਂ।
ਬੰਗਾਲ ਦੇ ਬਹੁਤੇ ਕ੍ਰਾਂਤੀਕਾਰੀ ਧਰਮ-ਭਾਵਨਾ ਤੋਂ ਪ੍ਰੇਰਿਤ ਸਨ। ਉਹ ਬੰਕਿਮ ਚੰਦਰ ਚੈਟਰਜੀ ਦੇ ਲਿਖੇ ਗੀਤ ਵੰਦੇ ਮਾਤਰਮ ਨੂੰ ਸਦਾ ਚੇਤੇ ਰੱਖਦੇ ਸਨ ਅਤੇ ਬੜੀ ਵਾਰੀ ਫਾਂਸੀ ਚੜ੍ਹਨ ਵੇਲੇ ਗੀਤਾ ਨੂੰ ਆਪਣੇ ਹੱਥ ਵਿਚ ਰੱਖਦੇ ਸਨ। ਭਗਤ ਸਿੰਘ ਨੇ ਇਸ ਸਾਰੀ ਲਹਿਰ ਨੂੰ ਆਮ ਲੋਕਾਂ ਦੀਆਂ ਰੀਝਾਂ ਨਾਲ ਜੋੜਿਆ। ਉਸ ਦੇ ਸਾਹਮਣੇ ਦੇਸ਼ ਨੂੰ ਆਜ਼ਾਦ ਕਰਾਉਣ ਦਾ ਮੰਤਵ ਤਾਂ ਹੈ ਸੀ ਪਰ ਇਸ ਬਾਰੇ ਉਸ ਦੀ ਗੰਭੀਰ ਸੋਚ ਸੀ ਕਿ ਆਜ਼ਾਦੀ ਕਿਨ੍ਹਾਂ ਲਈ? ਆਜ਼ਾਦੀ ਦੇ ਬਾਅਦ ਕਿਸ ਤਰ੍ਹਾਂ ਦੇ ਸਮਾਜ ਦੀ ਸਿਰਜਣਾ ਹੋਵੇਗੀ? ਕੀ ਇਹ ਤਾਂ ਨਹੀਂ ਹੋਵੇਗਾ ਕਿ ਗੋਰੇ ਹੁਕਮਰਾਨਾਂ ਦੀ ਥਾਂ ਕਾਲੇ ਹੁਕਮਰਾਨ ਸੱਤਾ ’ਤੇ ਕਾਬਜ਼ ਹੋ ਜਾਣਗੇ ਅਤੇ ਆਮ ਲੋਕੀਂ, ਕਿਸਾਨ, ਮਜ਼ਦੂਰ, ਗਰੀਬ - ਉਸੇ ਤਰ੍ਹਾਂ ਦਾ ਜੀਵਨ ਜਿਊਣ ਨੂੰ ਮਜਬੂਰ ਹੋਣਗੇ?
ਰੂਸ ਵਿਚ ਹੋਏ ਇਨਕਲਾਬ ਨੇ ਉਸ ਨੂੰ ਇਕ ਦ੍ਰਿਸ਼ਟੀ ਦਿੱਤੀ ਸੀ। ਇਸ ਇਨਕਲਾਬ ਵਿਚ ਕਿਰਤੀ ਵਰਗ ਦੀ ਗੱਲ ਕੀਤੀ ਗਈ ਸੀ, ਸੋਸ਼ਿਤ ਅਤੇ ਪੀੜਤ ਲੋਕਾਂ ਦੇ ਹੱਥਾਂ ਵਿਚ ਉਤਪਾਦਨ ਦੇ ਸਾਰੇ ਸਾਧਨ ਦੇਣ ਦੀ ਗੱਲ ਕੀਤੀ ਗਈ ਸੀ। ਭਗਤ ਸਿੰਘ ਇਨ੍ਹਾਂ ਵਿਚਾਰਾਂ ਤੋਂ ਬੜਾ ਪ੍ਰਭਾਵਿਤ ਸੀ। ਪਹਿਲਾਂ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨੌਜਵਾਨ ਭਾਰਤ ਸਭਾ ਬਣਾਈ ਅਤੇ ਪਿੱਛੋਂ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਦੀ ਸਿਰਜਣਾ ਕੀਤੀ ਗਈ। ਇਸ ਦੇਸ਼ ਵਿਚ ਸਮਾਜਵਾਦੀ ਢੰਗ ਦੀ ਬਣਤਰ ਬਣੇ, ਇਹ ਗੱਲ ਭਗਤ ਸਿੰਘ ਦੇ ਵਿਚਾਰਾਂ ਦਾ ਕੇਂਦਰ ਬਣ ਗਈ।
ਉਸ ਵੇਲੇ ਇਸ ਦੇਸ਼ ਵਿਚ ਪੁਨਰਜਾਗਰਣ ਦਾ ਜਿਹੜਾ ਦੌਰ ਆਇਆ ਸੀ, ਉਹ ਹਿੰਦੂ ਪੁਨਰ ਜਾਗਰਣ ਸੀ, ਮੁਸਲਿਮ ਪੁਨਰਜਾਗਰਣ ਸੀ, ਸਿੱਖ ਪੁਨਰਜਾਗਰਣ ਸੀ। ਕ੍ਰਾਂਤੀਕਾਰੀਆਂ ਉੱਤੇ ਇਸ ਗੱਲ ਦਾ ਪੂਰਾ ਅਸਰ ਸੀ। ਬੰਗਾਲ ਦੇ ਕ੍ਰਾਂਤੀਕਾਰੀ ਬੰਕਿਮ ਚੰਦਰ ਚੈਟਰਜੀ ਅਤੇ ਵਿਵੇਕਾਨੰਦ ਨੂੰ ਆਪਣਾ ਆਦਰਸ਼ ਮੰਨਦੇ ਸਨ। ਮੁਸਲਮਾਨਾਂ ਉੱਤੇ ਸਰ ਸਈਅਦ ਅਹਿਮਦ ਖਾਨ ਅਤੇ ਅਲਤਾਫ਼ ਹੁਸੈਨ ਹਾਲੀ ਦੀਆਂ ਲਿਖਤਾਂ ਪੂਰਾ ਅਸਰ ਪਾ ਰਹੀਆਂ ਸਨ ਤੇ ਭਾਈ ਵੀਰ ਸਿੰਘ ਸਿੱਖ ਪੁਨਰ ਜਾਗਰਣ ਦੇ ਮੋਢੀ ਸਨ।
ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਾਰੀ ਇਨਕਲਾਬੀ ਲਹਿਰ ਨੂੰ ਧਰਮ-ਨਿਰਪੱਖ ਬਣਾਉਣ ਦਾ ਯਤਨ ਕੀਤਾ। ਉਹ ਲਾਲਾ ਲਾਜਪਤ ਰਾਇ ਦਾ ਬੜਾ ਸਤਿਕਾਰ ਕਰਦਾ ਸੀ। ਪਰ ਉਨ੍ਹਾਂ ਦੇ ਬਹੁਤੇ ਹਿੰਦੂ ਰੁਝਾਨ ਦੇ ਮੁੱਦੇ ’ਤੇ ਬੜੀ ਬਹਿਸ ਕਰਦਾ ਸੀ ਅਤੇ ਆਪਣਾ ਮਤਭੇਦ ਪ੍ਰਗਟ ਕਰਦਾ ਸੀ। ਲਾਲਾ ਲਾਜਪਤ ਰਾਇ ਨੇ ਆਪਣੀ ਕਿਸੇ ਲਿਖਤ ਵਿਚ ਇਹ ਵੀ ਕਿਹਾ ਸੀ ਕਿ ਹਿੰਦੁਸਤਾਨ ਨੂੰ ਦੋ ਮੁਲਕਾਂ ਵਿਚ ਹਿੰਦੂ ਹਿੰਦੁਸਤਾਨ ਅਤੇ ਮੁਸਲਿਮ ਹਿੰਦੁਸਤਾਨ ਵਿਚ ਵੰਡ ਦੇਣਾ ਚਾਹੀਦਾ ਹੈ। ਇਸੇ ਢੰਗ ਦਾ ਵਿਚਾਰ ਡਾ. ਮੁਹੰਮਦ ਇਕਬਾਲ ਨੇ 1930 ਵਿਚ ਇਲਾਹਾਬਾਦ ਵਿਚ ਹੋਏ ਮੁਸਲਿਮ ਲੀਗ ਦੇ ਸਾਲਾਨਾ ਇਜਲਾਸ ਵਿਚ ਪ੍ਰਗਟ ਕੀਤਾ ਸੀ। ਪਰ ਭਗਤ ਸਿੰਘ ਅਜਿਹੀ ਵੰਡ ਬਾਰੇ ਸੋਚਣਾ ਵੀ ਪਸੰਦ ਨਹੀਂ ਸੀ ਕਰਦਾ। ਭਗਤ ਸਿੰਘ ਨੂੰ ਇਸ ਗੱਲ ਦਾ ਡਰ ਸੀ ਕਿ ਜੇ ਲਾਲਾ ਲਾਜਪਤ ਰਾਇ ਵਾਲੀ ਗੱਲ ਸੱਚ ਹੋ ਗਈ ਤਾਂ ਸਾਰੇ ਮੁਲਕ ਵਿਚ ਬੜਾ ਕੋਹਰਾਮ ਮਚ ਜਾਏਗਾ, ਇੱਥੇ ਲਹੂ ਦੇ ਦਰਿਆ ਵਗ ਪੈਣਗੇ।
ਦੋ ਦਹਾਕਿਆਂ ਪਿੱਛੋਂ ਉਹੋ ਕੁਝ ਹੋਇਆ ਜੋ ਲਾਲਾ ਲਾਜਪਤ ਰਾਇ ਤੇ ਮੁਹੰਮਦ ਇਕਬਾਲ ਨੇ ਸੋਚਿਆ ਸੀ। ਭਗਤ ਸਿੰਘ ਦੇ ਵਿਚਾਰਾਂ ਨੂੰ ਸੁਣ ਕੇ ਲਾਲਾ ਜੀ ਨੇ ਉਸ ਨੂੰ ਇਕ ਵਾਰ ਰੂਸੀ ਏਜੰਟ ਵੀ ਆਖ ਦਿੱਤਾ ਸੀ।
ਭਗਤ ਸਿੰਘ ਨੇ ਸਾਰੀ ਇਨਕਲਾਬੀ ਲਹਿਰ ਨੂੰ ਇਕ ਨਵਾਂ ਨਾਅਰਾ ਦਿੱਤਾ ... ਇਨਕਲਾਬ ਜ਼ਿੰਦਾਬਾਦ। ਸਾਈਮਨ ਕਮਿਸ਼ਨ ਜਦੋਂ ਲਾਹੌਰ ਪੁੱਜਿਆ ਸੀ, ਉਸ ਵੇਲੇ ਜਦੋਂ ਇਹ ਨਾਅਰਾ ਲੱਗਿਆ ਸੀ, ਸਾਈਮਨ ਕਮਿਸ਼ਨ ਵਾਪਸ ਜਾਓ, ਉਸੇ ਵੇਲੇ ਪਹਿਲੀ ਵਾਰ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਵੀ ਲੱਗਿਆ ਸੀ।
ਭਗਤ ਸਿੰਘ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜਿਹੜੇ ਅਰਥਾਂ ਵਿਚ ਇਨਕਲਾਬ ਲਫ਼ਜ਼ ਦਾ ਇਸਤੇਮਾਲ ਕੀਤਾ ਗਿਆ ਹੈ, ਉਹ ਬੇਹਤਰੀ ਲਈ ਆਉਣ ਵਾਲੇ ਬਦਲਾਓ ਦਾ ਜੋਸ਼ ਹੈ। ਆਮ ਤੌਰ ’ਤੇ ਲੋਕੀਂ ਪਹਿਲਾਂ ਤੋਂ ਬਣੀਆਂ ਚੀਜ਼ਾਂ ਨਾਲ ਹੀ ਜੁੜਦੇ ਹਨ ਅਤੇ ਬਦਲਾਓ ਦਾ ਨਾਂਅ ਸੁਣਦੇ ਹੀ ਕੰਬਣ ਲੱਗ ਪੈਂਦੇ ਹਨ। ਲੋਕਾਂ ਦੀ ਇਸ ਸੁੱਤੀ ਹੋਈ ਸੋਚ ਨੂੰ ਇਨਕਲਾਬੀ ਸੋਚ ਵਿਚ ਬਦਲਣ ਦੀ ਲੋੜ ਹੈ। ਅਜਿਹਾ ਨਾ ਹੋਇਆ ਤਾਂ ਸਾਡੀ ਇੱਜ਼ਤ ਨਹੀਂ ਰਹੇਗੀ। ਅਜਿਹਾ ਮੁਲਕ ਮਨੁੱਖੀ ਤਰੱਕੀ ਦੇ ਰਾਹ ਵਿਚ ਜਾਂ ਤਾਂ ਰੁਕ ਜਾਂਦਾ ਹੈ ਜਾਂ ਉਸ ਨੂੰ ਲਕਵਾ ਮਾਰ ਜਾਂਦਾ ਹੈ। ਅਜਿਹੀ ਇਨਕਲਾਬੀ ਸੋਚ,ਮਨੁੱਖਤਾ ਦੀ ਆਤਮਾ ਵਿਚ ਵੜ ਜਾਣੀ ਚਾਹੀਦੀ ਹੈ ਤਾਂ ਜੋ ਪਿਛਾਂਹ ਖਿੱਚੂ ਤਾਕਤਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ। ਇਸੇ ਮਾਅਨਿਆਂ ਵਿਚ ਅਸੀਂ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਗਾਇਆ ਹੈ।
ਜਦੋਂ ਭਗਤ ਸਿੰਘ ਜੇਲ੍ਹ ਵਿਚ ਬੰਦ ਸੀ ਅਤੇ ਉਸ ਉੱਤੇ ਮੁਕੱਦਮਾ ਚੱਲ ਰਿਹਾ ਸੀ, ਉਸ ਨੇ ਨੌਜਵਾਨਾਂ ਨੂੰ ਇਕ ਚਿੱਠੀ ਲਿਖੀ ਸੀ। ਉਸ ਵਿਚ ਲਿਖਿਆ ਸੀ, ਇਨਕਲਾਬ ਲਫ਼ਜ਼ ਸਾਡੇ ਲਈ ਬੜਾ ਪਵਿੱਤਰ ਲਫ਼ਜ਼ ਹੈ। ਅਜਿਹੇ ਕੌਮੀ ਇਨਕਲਾਬ ਲਈ ਸਾਨੂੰ ਕਿਸਾਨਾਂ ਅਤੇ ਮਜ਼ਦੂਰਾਂ ਉੱਤੇ ਭਰੋਸਾ ਕਰਨਾ ਚਾਹੀਦਾ ਹੈ।
ਅਦਾਲਤ ਵੱਲੋਂ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਸੀ। ਸਾਰੇ ਦੇਸ਼ ਵਿਚ ਤਰਥੱਲੀ ਮਚੀ ਹੋਈ ਸੀ। 20ਮਾਰਚ ਨੂੰ ਦਿੱਲੀ ਦੇ ਆਜ਼ਾਦ ਮੈਦਾਨ ਵਿਚ ਇਕ ਆਮ ਸਭਾ ਵਿਚ ਬੋਲਦੇ ਹੋਏ ਸੁਭਾਸ਼ ਚੰਦਰ ਬੋਸ ਨੇ ਕਿਹਾ ਸੀ, ‘ਅੱਜ ਸਾਰਾ ਹਿੰਦੁਸਤਾਨ ਜਾਣਦਾ ਹੈ ਕਿ ਇਨ੍ਹਾਂ ਤਿੰਨਾਂ ਨੌਜਵਾਨਾਂ ਨੂੰ ਕਿਸੇ ਵੇਲੇ ਵੀ ਫਾਂਸੀ ਦਿੱਤੀ ਜਾ ਸਕਦੀ ਹੈ ... ਅਸੀਂ ਸਾਰੇ ਇਕਮੁੱਠ ਹੋ ਕੇ ਇਕ ਆਵਾਜ਼ ਵਿਚ ਇਹ ਮੰਗ ਕਰਦੇ ਹਾਂ ਕਿ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਸਜ਼ਾ ਨੂੰ ਬਦਲ ਦਿੱਤਾ ਜਾਵੇ। ਭਗਤ ਸਿੰਘ ਅੱਜ ਇਕ ਵਿਅਕਤੀ ਨਹੀਂ ਹੈ, ਸਗੋਂ ਇਕ ਪਛਾਣ ਹੈ। ਉਹ ਬਗ਼ਾਵਤ ਦੇ ਜਜ਼ਬੇ ਦਾ ਪ੍ਰਤੀਕ ਹੈ, ਜਿਹੜੀ ਅੱਜ ਸਾਰੇ ਹਿੰਦੁਸਤਾਨ ਵਿਚ ਫੈਲੀ ਹੋਈ ਹੈ। ਅਸੀਂ ਉਸ ਦੇ ਤਰੀਕਿਆਂ ਨੂੰ ਗ਼ਲਤ ਸਾਬਤ ਕਰ ਸਕਦੇ ਹਾਂ ਪਰ ਉਸ ਦੀ ਦੇਸ਼ ਭਗਤੀ ਨੂੰ ਨਹੀਂ।’
23 ਮਾਰਚ, 1930 ਨੂੰ ਫਾਂਸੀ ਤੋਂ ਦੋ ਘੰਟੇ ਪਹਿਲਾਂ ਭਗਤ ਸਿੰਘ ਦਾ ਵਕੀਲ ਪ੍ਰਾਣ ਨਾਥ ਮਹਿਤਾ ਉਸ ਨੂੰ ਮਿਲਣ ਆਇਆ। ਮਹਿਤਾ ਨੇ ਉਸ ਤੋਂ ਪੁੱਛਿਆ ਕਿ ਕੀ ਉਹ ਦੇਸ਼ ਦੇ ਨਾਂਅ ਕੋਈ ਸੁਨੇਹਾ ਦੇਣਾ ਚਾਹੁੰਦਾ ਹੈ? ਭਗਤ ਸਿੰਘ ਦਾ ਜਵਾਬ ਸੀ, ‘ਮੇਰੇ ਦੋ ਨਾਅਰੇ ਲੋਕਾਂ ਤੱਕ ਪਹੁੰਚਾ ਦੇਣੇ ਸਾਮਰਾਜਵਾਦ ਖ਼ਤਮ ਹੋਵੇ (ਡਾਊਨ ਵਿਦ ਇੰਪੀਰੀਅਲਿਜ਼ਮ) ਅਤੇ ਇਨਕਲਾਬ ਜ਼ਿੰਦਾਬਾਦ (ਲਾਂਗ-ਲਿਵ ਰੈਵੋਲਿਊਸ਼ਨ)।
ਮਹਿਤਾ ਨੇ ਪੁੱਛਿਆ, ‘ਕੀ ਤੈਨੂੰ ਕਿਸੇ ਚੀਜ਼ ਦੀ ਇੱਛਿਆ ਹੈ?’ ਭਗਤ ਸਿੰਘ ਦਾ ਜਵਾਬ ਸੀ, ‘ਹਾਂ, ਮੈਂ ਮੁੜ ਤੋਂ ਇਸ ਦੇਸ਼ ਵਿਚ ਜਨਮ ਲੈਣਾ ਚਾਹੁੰਦਾ ਹਾਂ ਤਾਂ ਜੋ ਮੈਂ ਇਸ ਦੀ ਸੇਵਾ ਕਰ ਸਕਾਂ।’
ਜਦੋਂ ਤਿੰਨਾਂ ਨੌਜਵਾਨਾਂ ਨੂੰ ਫਾਂਸੀ ਲਈ ਲਿਜਾਇਆ ਜਾ ਰਿਹਾ ਸੀ, ਭਗਤ ਸਿੰਘ ਨੇ ਉੱਚੀ ਆਵਾਜ਼ ਵਿਚ ਭਾਸ਼ਣ ਦਿੱਤਾ, ਜਿਸ ਨੂੰ ਦੂਜੀਆਂ ਕੋਠੜੀਆਂ ਵਿਚ ਬੰਦ ਕੈਦੀਆਂ ਨੇ ਸੁਣਿਆ, ‘ਅਸਲੀ ਇਨਕਲਾਬੀ ਫ਼ੌਜਾਂ ਪਿੰਡਾਂ ਵਿਚ ਹਨ, ਕਾਰਖਾਨਿਆਂ ਵਿਚ ਹਨ, ਕਿਸਾਨ ਅਤੇ ਮਜ਼ਦੂਰ। ਪਰ ਸਾਡੇ ਲੀਡਰ ਉਨ੍ਹਾਂ ਨੂੰ ਨਹੀਂ ਸੰਭਾਲਦੇ ਅਤੇ ਨਾ ਹੀ ਸੰਭਾਲਣ ਦੀ ਹਿੰਮਤ ਕਰ ਸਕਦੇ ਹਨ। ਇਕ ਵਾਰੀ ਜਦੋਂ ਸੁੱਤਾ ਹੋਇਆ ਸ਼ੇਰ ਜਾਗ ਜਾਂਦਾ ਹੈ ਤਾਂ ਉਹ ਰੁਕਦਾ ਨਹੀਂ।’
ਭਗਤ ਸਿੰਘ, ਸੁਖਦੇਵ, ਰਾਜਗੁਰੂ ਨੂੰ ਫਾਂਸੀ ਦੇ ਦਿੱਤੀ ਗਈ। ਅੱਜ ਭਗਤ ਸਿੰਘ ਇਸ ਸਾਰੇ ਦੇਸ਼ ਦਾ ਉਹ ਨਾਂਅ ਬਣ ਗਿਆ ਹੈ, ਜਿਸ ’ਤੇ ਹਰ ਨੌਜਵਾਨ ਫ਼ਖ਼ਰ ਮਹਿਸੂਸ ਕਰਦਾ ਹੈ। ਭਗਤ ਸਿੰਘ ਸਿਰਫ਼ ਇਕ ਇਨਕਲਾਬੀ ਨਹੀਂ ਸੀ, ਉਹ ਇਕ ਪੂਰਾ ਵਿਚਾਰ ਸੀ।