ਬੜੀ ਅਜ਼ੀਮ ਸ਼ਖ਼ਸੀਅਤ ਸੀ ਇਸਮਤ ਚੁਗਤਾਈ-ਨਸੀਰੂਦੀਨ ਸ਼ਾਹ
ਇਸਮਤ ਚੁਗਤਾਈ ਨੂੰ ਮੈਂ ਪਹਿਲੀ ਵਾਰ ਸ਼ਿਆਮ ਬੇਨੇਗਲ ਦੀ ਫ਼ਿਲਮ ‘ਜੁਨੂਨ’ (1979) ਦੀ ਸ਼ੂਟਿੰਗ ਸਮੇਂ ਦੇਖਿਆ ਸੀ। ਸ਼ਿਆਮ ਨੇ ਮੈਨੂੰ ਦੱਸਿਆ ਕਿ ‘ਇਸਮਤ ਆਪਾ’ ਆ ਰਹੀ ਹੈ। ਇਹ ਸੁਣਦਿਆਂ ਹੀ ਮੈਂ ਕਲਪਨਾ ਕਰਨੀ ਸ਼ੁਰੂ ਕਰ ਦਿੱਤੀ ਕਿ ਉਹ ਲੰਮੀ, ਪਤਲੀ, ਤੁਨਕ-ਮਿਜ਼ਾਜ, ਚੀਲਨੁਮਾ ਔਰਤ ਹੋਵੇਗੀ ਜਿਸ ਦੇ ਵਾਲ ਛੋਟੇ ਛੋਟੇ ਹੋਣਗੇ। ਵਾਲਾਂ ਨੂੰ ਛੱਡ ਕੇ ਬਾਕੀ ਸਾਰਾ ਅਕਸ ਗ਼ਲਤ ਨਿਕਲਿਆ। ਚਿੱਟੇ ਵਾਲਾਂ ਵਾਲੀ ਇਹ ‘ਬੁੱਢੀ’ ਗੋਲ-ਮਟੋਲ, ਖੁਸ਼ਮਿਜ਼ਾਜ ਤੇ ਮਜ਼ੇਦਾਰ ਨਿਕਲੀ। ਕੋਈ ਨਾਜ਼-ਨਖ਼ਰਾ ਨਹੀਂ। ਫ਼ਿਲਮ ਦੇ ਸੰਵਾਦ ਉਸ ਨੇ ਲਿਖੇ ਹੀ ਸਨ, ਪਟਕਥਾ ਵਿੱਚ ਵੀ ਉਸ ਦਾ ਯੋਗਦਾਨ ਸੀ। ਨਾਲ ਹੀ ਉਹ ਅਦਾਕਾਰੀ ਵੀ ਕਰ ਰਹੀ ਸੀ। ਬੜੀ ਗਪੌੜੀ ਸੀ ਉਹ। ਮੈਂ ਉਦੋਂ ਤਕ ਉਸ ਦੀ ਕੋਈ ਲਿਖ਼ਤ ਨਹੀਂ ਸੀ ਪੜ੍ਹੀ ਹੋਈ ਅਤੇ ਨਾ ਹੀ ਉਸ ਨੇ ਕਦੇ ਮੈਨੂੰ ਇਸ ਗੱਲ ਦਾ ਅਹਿਸਾਸ ਕਰਵਾਇਆ ਕਿ ਉਹ ਉਰਦੂ ਦੀ ਮਹਾਨ ਅਫ਼ਸਾਨਾਨਿਗਾਰ ਇਸਮਤ ਚੁਗਤਾਈ ਹੈ।
ਇਸੇ ਫ਼ਿਲਮ ਦੀ ਸ਼ੂਟਿੰਗ ਦੌਰਾਨ ਇੱਕ ਦਿਨ ਮੈਨੂੰ ਉੱਘੇ ਲੇਖਕ ਅੰਮ੍ਰਿਤਲਾਲ ਨਾਗਰ ਤੇ ਇਸਮਤ ਆਪਾ ਨਾਲ ਬੈਠ ਕੇ ਭੰਗ ਪੀਣ ਦਾ ਮੌਕਾ ਮਿਲਿਆ। ਮੈਨੂੰ ਉਦੋਂ ਇਹ ਅਹਿਸਾਸ ਤਕ ਨਹੀਂ ਸੀ ਕਿ ਮੈਂ ਕਿੰਨੀਆਂ ਮਹਾਨ ਸਾਹਿਤਕ ਹਸਤੀਆਂ ਦੇ ਨਾਲ ਬੈਠਾ ਹੋਇਆ ਹਾਂ। ਮੈਂ ਦੋਵਾਂ ਦੀਆਂ ਗੱਲਾਂ ਜ਼ਰੂਰ ਸੁਣਦਾ ਰਿਹਾ ਤੇ ਇਨ੍ਹਾਂ ਦਾ ਆਨੰਦ ਵੀ ਲੈਂਦਾ ਰਿਹਾ, ਪਰ ਇਸ ਹਕੀਕਤ ਤੋਂ ਬਿਲਕੁਲ ਨਾਵਾਕਫ਼ ਹੋ ਕੇ ਕਿ ਤਕਦੀਰ ਨੇ ਮੈਨੂੰ ਕੀਹਨਾਂ ਲੋਕਾਂ ਦੀ ਗੁਫ਼ਤਗੂ ਸੁਣਨ ਦਾ ਮੌਕਾ ਦਿੱਤਾ ਹੈ।
ਇਸਮਤ ਆਪਾ ਦੀ ਮਹਾਨਤਾ ਦਾ ਅਸਲ ਪਤਾ ਮੈਨੂੰ 19 ਸਾਲਾਂ ਬਾਅਦ ਲੱਗਿਆ ਜਦੋਂ 1998 ਵਿੱਚ ਮੈਂ ਬਾਂਦਰਾ (ਮੁੰਬਈ) ਦੇ ਇੱਕ ਬੁੱਕ ਸਟੋਰ ਵਿੱਚ ਦਾਖ਼ਲ ਹੋਇਆ। ਉੱਥੇ ਸਾਹਮਣੇ ਹੀ ਇੱਕ ਸਟੈਂਡ ’ਤੇ ਇਸਮਤ ਆਪਾ ਦੀਆਂ ਕਹਾਣੀਆਂ ਦੇ ਅੰਗਰੇਜ਼ੀ ਅਨੁਵਾਦ ਦੀ ਕਿਤਾਬ ਪਈ ਸੀ। ਅਨੁਵਾਦ ਬੜਾ ਖਰਾਬ ਸੀ। ਮੈਂ ਦੇਵਨਾਗਰੀ ਲਿੱਪੀ ਵਿੱਚ ਇਸਮਤ ਦੀਆਂ ਕਹਾਣੀਆਂ ਦੀ ਮੰਗ ਕੀਤੀ। ਮੈਨੂੰ ਇਸ ਲਿੱਪੀ ਵਿੱਚ ਦੋ ਸੰਗ੍ਰਹਿ ਮਿਲ ਗਏ। ਇਨ੍ਹਾਂ ਨੂੰ ਪੜ੍ਹਦਿਆਂ ਹੀ ਮੈਨੂੰ ਯਕੀਨ ਹੋ ਗਿਆ ਕਿ ਇਨ੍ਹਾਂ ਨੂੰ ਰੰਗਮੰਚ ’ਤੇ ਪੇਸ਼ ਕਰਨਾ ਬਹੁਤ ਢੁੱਕਵਾਂ ਰਹੇਗਾ। ਇਹ ਕਹਾਣੀਆਂ ਸਾਡੇ ਨਾਟਕ ‘ਇਸਮਤ ਆਪਾ ਕੇ ਨਾਮ’ ਦਾ ਆਧਾਰ ਬਣ ਗਈਆਂ। ਇਹ ਨਾਟਕ, ਮੈਂ ਭਾਰਤ ਤੋਂ ਇਲਾਵਾ ਦੁਨੀਆਂ ਦੇ 26 ਦੇਸ਼ਾਂ ਵਿੱਚ ਪੇਸ਼ ਕਰ ਚੁੱਕਾ ਹਾਂ ਅਤੇ ਹਰ ਥਾਂ ਇਸ ਨੂੰ ਜੋ ਹੁੰਗਾਰਾ ਮਿਲਿਆ ਹੈ, ਉਹ ਆਪਣੇ ਆਪ ਵਿੱਚ ਰੂਹਾਨੀ ਤਜਰਬਾ ਹੈ।
ਮੇਰੀ ਪਤਨੀ ਰਤਨਾ ਤੇ ਬੇਟੀ ਹੀਬਾ ਦਾ ਪਹਿਲਾ ਪ੍ਰਭਾਵ ਸੀ ਕਿ ਕਿਉਂਕਿ ਇਹ ਕਹਾਣੀਆਂ ਉਰਦੂ ਵਿੱਚ ਹਨ, ਇਸ ਜ਼ੁਬਾਨ ਨਾਲ ਨਵੀਂ ਪੀੜ੍ਹੀ ਜੁੜ ਨਹੀਂ ਸਕੇਗੀ। ਪਰ ਇਸਮਤ ਚੁਗਤਾਈ ਦੀ ਲੇਖਣੀ ਦਾ ਕਮਾਲ ਹੈ ਕਿ ਕਾਲ ਤੇ ਉਮਰ ਦਾ ਪਰਛਾਵਾਂ ਇਨ੍ਹਾਂ ਦੇ ਕਥਾਨਕ ਉੱਤੇ ਬਿਲਕੁਲ ਨਹੀਂ ਪੈਂਦਾ। ਇਹ ਹਰ ਯੁੱਗ, ਹਰ ਸਮੇਂ ਤੇ ਹਰ ਉਮਰ ਦੀਆਂ ਕਹਾਣੀਆਂ ਹਨ। ਮੈਂ ਸਾਹਿਤ ਦੇ ਨਾਂ ’ਤੇ ਵਰਡਜ਼ਵਰਥ, ਕੀਟਸ, ਸ਼ੈਕਸਪੀਅਰ, ਇਬਸਨ, ਬ੍ਰੈਖ਼ਤ, ਡਿਕਨਜ਼ ਦੀ ਖ਼ੁਰਾਕ ’ਤੇ ਪਲਿਆ ਹੋਇਆ ਹਾਂ। ਉਰਦੂ ਜਾਂ ਹਿੰਦੀ ਅਦਬ ਨੂੰ ਮੈਂ ਕਦੇ ਪੜ੍ਹਨਯੋਗ ਹੀ ਨਹੀਂ ਸੀ ਸਮਝਿਆ ਕਰਦਾ। ਇਹ ਤਾਂ ਗੁਲਜ਼ਾਰ ਸਾਹਿਬ ਦਾ ਕਮਾਲ ਸੀ ਕਿ ਉਨ੍ਹਾਂ ਨੇ ‘ਮਿਰਜ਼ਾ ਗ਼ਾਲਿਬ’ (ਸੀਰੀਅਲ) ਰਾਹੀਂ ਮੈਨੂੰ ਉਰਦੂ ਅਦਬ ਨਾਲ ਨਾ ਸਿਰਫ਼ ਜੋੜਿਆ ਸਗੋਂ ਇਸ ਦੀ ਖ਼ੂਬਸੂਰਤੀ, ਸੁਲ੍ਹਾਕੁਲ ਸ਼ਖ਼ਸੀਅਤ ਤੇ ਲੱਜ਼ਤ ਦਾ ਸੁਆਦ ਮਾਣਨਾ ਸਿਖਾਇਆ। ਇਸਮਤ ਆਪਾ ਦੀਆਂ ਕਹਾਣੀਆਂ ਪੜ੍ਹ ਕੇ ਮੈਨੂੰ ਯਕੀਨ ਹੋ ਗਿਆ ਕਿ ਅਦਬ ਦੀਆਂ ਬਾਰੀਕੀਆਂ ਤੇ ਇਨਸਾਨੀ ਜਜ਼ਬਾਤ ਦੇ ਚਿਤਰਣ ਪੱਖੋਂ ਉਰਦੂ ਜਾਂ ਹਿੰਦੀ ਜਾਂ ਕੁਝ ਹੋਰਨਾਂ ਭਾਰਤੀ ਭਾਸ਼ਾਵਾਂ ਦਾ ਸਾਹਿਤ ਕਿੰਨਾ ਪ੍ਰਭਾਵਸ਼ਾਲੀ ਤੇ ਸੰਪੂਰਣ ਹੈ।
ਇਸਮਤ ਆਪਾ ਨੂੰ ਸ਼ਬਦ ਦੀ ਅਜ਼ਮਤ ਦਾ ਗਿਆਨ ਤਾਂ ਸੀ ਹੀ, ਕਿਰਦਾਰਾਂ ਦੀ ਸ਼ਿੱਦਤ ਤੇ ਅੰਦਰੂਨੀ ਸ਼ਖ਼ਸੀਅਤ ਬਾਰੇ ਵੀ ਪੂਰਾ ਪਤਾ ਹੁੰਦਾ ਸੀ। ਇਸੇ ਲਈ ਉਹ ਭੰਗਣ ਦੇ ਕਿਰਦਾਰ ਦੁਆਲੇ ਵੀ ਅਜਿਹੀ ਕਹਾਣੀ ਬੁਣ ਸਕਦੀ ਸੀ ਜਿਸ ਦਾ ਪਸਾਰਾ ਕਾਇਨਾਤੀ ਹੋਵੇ; ਜੋ ਸੁਪਰੀਮ ਕੋਰਟ ਦੇ ਜੱਜ ਵਰਗੀ ਸ਼ਖ਼ਸੀਅਤ ਨੂੰ ਵੀ ਟੁੰਬ ਸਕੇ ਅਤੇ ਸਾਧਾਰਨ ਪਾਠਕ ਨੂੰ ਵੀ। ਉਹ ਬੁੱਢੇ ਬੰਦੇ ਤੇ ਜਵਾਨ ਔਰਤ ਦਰਮਿਆਨ ਜਿਸਮਾਨੀ ਰਿਸ਼ਤੇ ਦੀਆਂ ਪੇਚੀਦਗੀਆਂ ਨੂੰ ਵੀ ਉਸੇ ਮੁਹਾਰਤ ਨਾਲ ਬੁਣ ਸਕਦੀ ਸੀ ਜਿੰਨੀ ਕਿ ਇੱਕ ਬੱਚੇ ਨਾਲ ਹੋਈ ਬਦਫ਼ੈਲੀ ਤੇ ਉਸ ਦੇ ਪ੍ਰਭਾਵਾਂ ਨੂੰ। ਸੈਕਸ, ਹਮਜਿਨਸੀ ਸਬੰਧ, ਵਿਆਹ ਤੋਂ ਬਾਹਰੇ ਸਬੰਧ – ਇਹ ਸਾਰੇ ਵਿਸ਼ੇ ਇਸਮਤ ਆਪਾ ਲਈ ਮਨੁੱਖੀ ਜ਼ਿੰਦਗੀ ਦੇ ਸਾਧਾਰਨ-ਅਸਾਧਾਰਨ ਪੱਖਾਂ ਦੀ ਐਕਸਟੈਨਸ਼ਨ ਸਨ। ਉਹ ਇਨ੍ਹਾਂ ਦਾ ਬਿਆਨ ਸਨਸਨੀ ਪੈਦਾ ਕਰਨ ਲਈ ਨਹੀਂ ਸੀ ਕਰਦੀ, ਸਹਿਜ ਭਾਅ ਕਰਦੀ ਸੀ ਪਰ ਨਾਲ ਹੀ ਆਪਣੀ ਸੰਵੇਦਨਸ਼ੀਲਤਾ ਨਾਲ ਰੂਹ ਨੂੰ ਵੀ ਟੁੰਬ ਜਾਂਦੀ ਸੀ। ‘ਲਿਹਾਫ਼’, ‘ਘਰਵਾਲੀ’, ‘ਨਿਵਾਲਾ’ – ਮੈਂ ਅਜਿਹੀਆਂ ਦਰਜਨਾਂ ਕਹਾਣੀਆਂ ਦੇ ਨਾਮ ਲੈ ਸਕਦਾ ਹਾਂ ਜੋ ਇਸਮਤ ਚੁਗਤਾਈ ਅੰਦਰ ਵਸੀ ਇਨਸਾਨੀਅਤ ਦੇ ਵੱਖ ਵੱਖ ਪਹਿਲੂਆਂ ਨਾਲ ਸ਼ਰਸ਼ਾਰ ਹਨ।
ਇਸਮਤ ਔਰਤਪ੍ਰਸਤ ਸੀ, ਪਰ ਔਰਤਪ੍ਰਸਤੀ ਨੂੰ ਆਸਤੀਨ ’ਤੇ ਪਹਿਨ ਕੇ ਨਹੀਂ ਸੀ ਘੁੰਮਦੀ। ਉਹ ਸਿਆਸੀ ਵਿਚਾਰਧਾਰਾ ਦੀ ਧਾਰਕ ਸੀ, ਪਰ ਇਸ ਵਿਚਾਰਧਾਰਾ ਦਾ ਬਿੱਲਾ ਨਹੀਂ ਸੀ ਲਾਉਂਦੀ। ਫ਼ੈਜ਼ ਅਹਿਮਦ ਫ਼ੈਜ਼ ਨੂੰ ਸ਼ਿਕਵਾ ਸੀ ਕਿ ਕਲਮ ਵਿੱਚ ਜਾਦੂ ਹੋਣ ਦੇ ਬਾਵਜੂਦ ਇਸਮਤ ਸਿਆਸੀ ਮੁਹਾਵਰਾ ਨਹੀਂ ਸੀ ਵਰਤਦੀ। ਉਸ ਨੇ ਫ਼ੈਜ਼ ਦੇ ਇਸ ਸ਼ਿਕਵੇ ਨੂੰ ਦੂਰ ਕਰਨ ਦਾ ਕਦੇ ਯਤਨ ਨਹੀਂ ਕੀਤਾ। ਇਸਮਤ ਦੀਆਂ ਕਹਾਣੀਆਂ ਵਿੱਚ ਵੀ ਸਿਆਸਤ ਸੀ, ਪਰ ਉਸ ਨੇ ਕਦੇ ਵੀ ਨਾਅਰੇਬਾਜ਼ੀ ਨੂੰ ਜਜ਼ਬਾਤ ਦੇ ਪ੍ਰਗਟਾਵੇ ਦਾ ਮਾਧਿਅਮ ਨਹੀਂ ਬਣਾਇਆ। ਇਹੀ ਉਸ ਦੀ ਮਹਾਨਤਾ ਦੀ ਨਿਸ਼ਾਨੀ ਹੈ।
ਪੰਜਾਬੀ ਕਹਾਣੀਆਂ (ਮੁੱਖ ਪੰਨਾ) |
ਇਸਮਤ ਚੁਗਤਾਈ ਕਹਾਣੀਆਂ ਪੰਜਾਬੀ ਵਿਚ |