ਅਸੀਂ ਸ਼ਹੀਦ ਹੋਵਾਂਗੇ, ਤੂੰ ਖੁਦਕੁਸ਼ੀ ਕਰੇਂਗਾ ਜਸਵੰਤ ਸਿੰਘ ਕੰਵਲ
ਕੜੱਕੇ ਵਿਚ ਅੜਿਆ, ਸਾਰੀ ਰਾਤ ਦੀਆਂ
ਸੱਟਾਂ ਦਾ ਭੰਨਿਆ ਤੇ ਆਕੜਿਆ ਮਿਹਰ ਸਿੰਘ
ਸੋਚਦਾ ਰਿਹਾ: ਸਾਡਾ ਕਸੂਰ ਇਹ ਹੈ ਕਿ ਅਸਾਂ
ਇਸ ਦੁਨੀਆਂ ਦੀ ਭੁੱਖ, ਗਰੀਬੀ ਤੇ ਕੁਹਜ ਨੂੰ
ਛੇਤੀ ਦੂਰ ਕਰਨ ਦਾ ਰਾਹ ਹਥਿਆਰਬੰਦ
ਇਨਕਲਾਬ ਨਾਲ ਚੁਣਿਆ। ਸੱਚਾਈ ਤੇ ਇਖਲਾਕੀ
ਕੀਮਤ ਦੇ ਪੱਖੋਂ ਅਸਾਂ ਆਪਣੇ ਵਰੋਸਾਏ ਬਜ਼ੁਰਗਾਂ
ਦਾ ਰਾਹ ਫੜ੍ਹਿਆ ਏ, ਜਿਸ ਨਾਲ ਜੰਗਲੀ ਸਮਾਜ
ਤੋਂ ਤੁਰ ਕੇ ਮਨੁੱਖ ਅੱਜ ਦੇ ਸਾਇੰਸੀ ਜੁੱਗ ਤਕ
ਪਹੁੰਚਿਆ ਹੈ ਪਰ ਸਮੇਂ ਦੀ ਹਕੂਮਤ,
ਸਰਮਾਏਦਾਰੀ ਨੂੰ ਜੜ੍ਹੋਂ ਪੁਟ ਕੇ ਲੋਕਾਂ ਦਾ ਸਾਂਝਾ
ਰਾਜ ਲਿਆਉਣ ਨੂੰ ਦੋਸ਼ ਸਮਝਦੀ ਹੈ। ਹਕੂਮਤ
ਤਾਰੀਖ ਦੇ ਪੈਰਾਂ ਨੂੰ ਸੁਨਹਿਰੀ ਜ਼ੰਜੀਰ ਪਾ ਕੇ
ਬੰਨ੍ਹਿਆ ਲੋੜਦੀ ਹੈ। ਅਸੀਂ ਜਿਹੜੇ ਸਹੀ ਅਰਥਾਂ
ਵਿਚ ਤਾਰੀਖ ਦੇ ਸਾਰਥਕ ਕਦਮਾਂ ਦੇ ਹਾਣੀ ਹੋਣਾ
ਚਾਹੁੰਦੇ ਆਂ; ਇਸ ਕਾਂਗਰਸੀ ਕਾਨੂੰਨ ਅਨੁਸਾਰ
ਡਾਕੂ ਤੇ ਕਾਤਲ ਸਮਝੇ ਗਏ ਆਂ। ਇਕ ਸਮਾਂ ਸੀ
ਜਦੋਂ ਸਾਮਰਾਜ ਦਾ ਜੁੰਡੀਦਾਰ ਚਿਆਂਗ ਕਾਈਸ਼ਕ,
ਮਾਓ ਤੇ ਉਸ ਦੇ ਸਾਥੀਆਂ ਨੂੰ ਯੀਨਾਨ ਦੇ
ਖਤਰਨਾਕ ਡਾਕੂ ਆਖਿਆ ਕਰਦਾ ਸੀ ਪਰ ਕਿਥੇ
ਐ ਚਿਆਂਗ ਕਾਈਸ਼ਕ, ਉਹਦੀ ਮੀ ਲਿੰਗ ਤੇ
ਸੁਨਹਿਰੀ ਜ਼ੰਜੀਰਾਂ? ਉਹਦੀਆਂ ਅਨੀਂਦਰੇ ਮਾਰੀਆਂ
ਅੱਖਾਂ ਨੇ ਝਪਕਾ ਖਾਧਾ ਪਰ ਉਹਦੀ ਰੂਹ ਮਨੁੱਖੀ
ਇਤਿਹਾਸ ਦੇ ਪੜਾਵਾਂ ਉਤੇ ਪਹਿਰਾ ਦੇ ਰਹੀ ਸੀ।
ਮੈਂ ਆਪਣੇ ਫਰਜ਼ ਤੋਂ ਨੱਠ ਕੇ ਕਿਤੇ ਨਹੀਂ ਜਾ
ਸਕਦਾ। ਇਹ ਕਾਂਗਰਸੀ ਕਾਨੂੰਨ, ਜਿਹੜਾ ਅਸਲ
ਵਿਚ ਨੰਗੀ ਸੰਗੀਨ ਦਾ ਦੂਜਾ ਨਾਂ ਏ, ਸਰਮਾਏਦਾਰੀ
ਸਮਾਜ ਦਾ ਪਹਿਰੇਦਾਰ ਬਣ ਕੇ ਇਨਕਲਾਬ ਦਾ
ਰਾਹ ਰੋਕੀ ਖਲੋਤਾ ਏ। ਇਸ ਨੂੰ ਤੋੜੇ ਬਿਨਾ ਲੋਕ
ਆਜ਼ਾਦ ਨਹੀਂ ਹੋ ਸਕਦੇ-ਮਨੁੱਖ ਭੁੱਖ ਅਤੇ ਕੋਹੜ
ਉਤੇ ਸਦੀਵੀ ਜਿੱਤ ਪ੍ਰਾਪਤ ਨਹੀਂ ਕਰ ਸਕਦਾ।
ਸੱਚਾਈ ਦੀ ਇਖਲਾਕੀ ਸ਼ਕਤੀ ਅੱਜ ਸਾਡੇ ਨਾਲ
ਹੈ। ਕੱਲ੍ਹ ਦੀ ਤਾਰੀਖ ਵੀ ਸਾਡੇ ਨਾਲ ਹੋਵੇਗੀ।
ਹਥਿਆਰ ਚੁਕ ਕੇ ਸਰਮਾਏਦਾਰੀ ਨੂੰ ਖਤਮ ਕਰਨ
ਨਾਲ ਦਾ ਮਨੁੱਖੀ ਪੁੰਨ ਅੱਜ ਹੋਰ ਕੋਈ ਨਹੀਂ।
ਇਨ੍ਹਾਂ ਸੰਦਾਂ ਤੇ ਹਥਿਆਰਾਂ ਨਾਲ ਹੀ ਅਸੀਂ
ਮਿਹਨਤੀ ਹੱਥਾਂ ਦੀਆਂ ਕੜੀਆਂ ਤੋੜ ਸਕਦੇ ਆਂ । ਮਨੁੱਖ
ਨੂੰ ਉਹਦੇ ਕੁਲ ਬੰਧਨਾਂ ਤੋਂ ਮੁਕਤ ਕਰਵਾ
ਸਕਦੇ ਆਂ। ਸਾਡਾ ਰਾਹ ਗਲਤ ਨਹੀਂ। ਲਹੂ ਡੋਲ੍ਹਵੀਂ
ਮੌਤ ਸਾਡੇ ਰਾਹ ਨੂੰ ਰੌਸ਼ਨ ਹੀ ਨਹੀਂ ਕਰੇਗੀ,
ਸਗੋਂ ਮਨੁੱਖ ਦੀ ਮੰਜ਼ਲ ਨੂੰ ਨੇੜੇ ਵੀ ਲਿਆਵੇਗੀ।
"ਇਨਕਲਾਬ ਜ਼ਿੰਦਾਬਾਦ! ਇਨਕਲਾਬ,
ਜ਼ਿੰਦਾਬਾਦ।" ਉਸ ਦੀ ਅੰਦਰਲੀ ਲਗਨ
ਨਾਅਰਿਆਂ ਵਿਚ ਪਾਟ ਪਈ। ਬਾਹਰ ਖੂਬਸੂਰਤ
ਪ੍ਰਭਾਤ ਅੰਗੜਾਈ ਲੈ ਰਹੀ ਸੀ।
ਬਰਾਬਰ ਕੜੱਕੇ ਵਿਚ ਅੜਿਆ ਬਾਬਾ
ਮਿਰਗਿੰਦ ਹੈਰਾਨ ਰਹਿ ਗਿਆ। ਆਪਣੀ ਸੰਜੀਦਗੀ
ਸਹਾਰੇ ਮਾਰ ਦੀਆਂ ਪੀੜਾਂ ਪੀ ਲੈਣ ਵਾਲਾ ਮਿਹਰ
ਸਿੰਘ ਇਕਦਮ ਕਿਵੇਂ ਭਵਕ ਪਿਆ? ਉਸ ਨੂੰ
ਮਿਹਰ ਸਿੰਘ ਦੀ ਭਰੀ ਤੇ ਹੁਸੀਨ ਜਵਾਨੀ ਉਤੇ
ਤਰਸ ਆ ਗਿਆ। ਗੋਰਾ ਨਿਛੋਹ ਚਿਹਰਾ, ਚਮੋਟੇ
ਦੀਆਂ ਮਾਰਾਂ ਕਾਰਨ ਅੰਬ ਦੇ ਸੰਧੂਰੀ ਰੰਗ ਵਾਂਗ
ਸੁਜਿਆ-ਨਿਖਰਿਆ ਪਿਆ ਸੀ। ਪੱਕੀਆਂ ਇੱਟਾਂ
ਨੇ ਉਸ ਦੀਆਂ ਲੰਮੀਆਂ ਉਂਗਲਾਂ ਫਿਹ ਸੁੱਟੀਆਂ
ਸਨ। ਸਿਪਾਹੀ ਮੋਤੀ ਰਾਮ ਤੇ ਸਤਵੰਤ ਯਮਰਾਜ
ਦੇ ਪਾਲੇ ਕਸਾਈ ਸਨ। ਉਨ੍ਹਾਂ ਮੁੰਡੇ ਦੀਆਂ ਸੱਜੇ
ਹੱਥ ਦੀਆਂ ਤਿੰਨ ਉਂਗਲਾਂ ਇੱਟਾਂ ਮਾਰ ਮਾਰ ਤੋੜ
ਦਿੱਤੀਆਂ ਸਨ। ਮਿਹਰ ਸਿੰਘ ਵਿਚੇ ਵਿਚ ਕਸੀਸ
ਵੱਟ ਕੇ ਰਹਿ ਰਿਹਾ ਸੀ; ਪਰ ਮੂੰਹੋਂ ਨਹੀਂ
ਉਭਾਸਰਿਆ ਸੀ। ਉਹ ਬਾਹਰੋਂ ਜ਼ਾਲਮਾਂ ਦੇ ਕਸ਼ਟਾਂ
ਉਤੇ ਮੁਸਕਾ ਪਿਆ। ਮੈਂ ਲਹਿਰ ਦਾ ਆਗੂ ਜੇ
ਦੁਖਾਂ ਨੂੰ ਦਲੇਰੀ ਨਾਲ ਨਹੀਂ ਸਹਾਂਗਾ; ਦੂਜੇ ਸਾਥੀ
ਪੁਰਸਲਾਤ ਉਤੇ ਕਿਵੇਂ ਤੁਰਨਗੇ? ਬਾਬੇ ਨੂੰ ਆਪਣੇ
ਸਿੱਖੀ ਅਨੁਭਵ ਵਿਚੋਂ ਪ੍ਰਤੀਤ ਹੋਇਆ, ਮਿਹਰ
ਸਿੰਘ ਦਸਮੇਂ ਪਾਤਸ਼ਾਹ ਦਾ ਛੇਵਾਂ ਪਿਆਰਾ ਹੈ।
ਉਸ ਨੂੰ ਪੂਰਾ ਵਿਸ਼ਵਾਸ ਸੀ, ਬੁਚੜਾਂ ਮਿਹਰ ਸਿੰਘ
ਨੂੰ ਜ਼ਰੂਰ ਮਾਰ ਦੇਣਾ ਤੇ ਮੈਨੂੰ ਪਾਗਲ ਹੋਣ ਲਈ
ਜਿਉਂਦਾ ਛੱਡ ਦੇਣਾ ਹੈ। ਬਾਬੇ ਦਾ ਗੁਨਾਹ ਐਨਾ
ਹੀ ਸੀ ਕਿ ਉਸ ਦੇਸ਼ ਭਗਤ ਇਨਕਲਾਬੀਆਂ ਨੂੰ
ਬੁਕਲ ਵਿਚ ਲਿਆ ਸੀ ਤੇ ਹੌਸਲਾ ਦਿੱਤਾ ਸੀ।
ਉਨ੍ਹਾਂ ਦੇ ਰਾਹ ਨੂੰ ਸਹੀ ਤੇ ਮੁਕਤੀ ਦੇਣ ਵਾਲਾ
ਆਖਿਆ ਸੀ ਅਤੇ ਢਾਈ ਗਜ਼ ਦੇ ਖੱਟੇ ਪਰਨੇ
ਨਾਲ ਲੱਕ ਬੰਨ੍ਹ ਕੇ ਲਹਿਰ ਦੇ ਵਿਚਾਰਾਂ ਦਾ ਪ੍ਰਚਾਰ
ਕੀਤਾ ਸੀ। ਉਹਨੂੰ ਪੂਰਨ ਭਰੋਸਾ ਸੀ, ਜਮਹੂਰੀਅਤ
ਦੀਆਂ ਟਾਹਰਾਂ ਮਾਰਨ ਵਾਲੀ ਕਾਂਗਰਸੀ ਸਰਕਾਰ,
ਮੇਰੀਆਂ ਸਾਮਰਾਜ ਵਿਰੋਧੀ ਕੁਰਬਾਨੀਆਂ ਨੂੰ ਮੁੱਖ
ਰੱਖ ਕੇ ਮੈਨੂੰ ਨਹੀਂ ਮਾਰੇਗੀ ਤੇ ਮਿਹਰ ਸਿੰਘ ਨੂੰ
ਕਿਸੇ ਕੀਮਤ ਉਤੇ ਛੱਡੇਗੀ ਨਹੀਂ। ਪਰ ਉਹਦੇ
ਅੰਦਰਲੀ ਪੀੜ ਉਸ ਨੂੰ ਸਰੀਰਕ ਦੁੱਖ ਨਾਲੋਂ
ਕਿਤੇ ਵੱਧ ਚੋਭਾਂ ਮਾਰ ਰਹੀ ਸੀ। ਉਹ ਆਪੂੰ ਮਰ
ਕੇ ਮਿਹਰ ਸਿੰਘ ਨੂੰ ਜਿਉਂਦਾ ਰੱਖਣਾ ਚਾਹੁੰਦਾ
ਸੀ। ਉਸ ਨੂੰ ਚਮਕੌਰ ਦੀ ਗੜ੍ਹੀ ਵਿਚ ਸਿੰਘਾਂ ਤੇ
ਗੁਰੂ ਗੋਬਿੰਦ ਸਿੰਘ ਦਾ ਝਗੜਾ ਯਾਦ ਆ ਗਿਆ।
ਸਿੰਘਾਂ ਚੰਗੀ ਤਰ੍ਹਾਂ ਸਮਝ ਲਿਆ ਸੀ, ਸਾਨੂੰ ਮੁੜ
ਕੇ ਗੁਰੂ ਗੋਬਿੰਦ ਸਿੰਘ ਵਰਗਾ ਔਰਗੇਨਾਈਜ਼ਰ
ਤੇ ਆਗੂ ਨਹੀਂ ਮਿਲਣਾ। ਇਹ ਰਹਿਬਰ ਹਰ
ਹਾਲਤ ਵਿਚ ਬਚਣਾ ਚਾਹੀਦਾ ਹੈ। ਇਹ ਖੇਰੂੰ ਖੇਰੂੰ
ਹੋਈ ਸ਼ਕਤੀ ਨੂੰ ਮੁੜ ਜਥੇਬੰਦ ਕਰ ਲਵੇਗਾ। ਨਹੀਂ
ਤਾਂ ਜ਼ੁਲਮ ਦਾ ਰਾਜ ਕਈ ਸਦੀਆਂ ਨਹੀਂ ਪੁਟਿਆ
ਜਾਂਦਾ। ਸਿੰਘ ਪੰਜਾਂ ਪਿਆਰਿਆਂ ਦੀ ਜੁੜਵੀਂ ਸ਼ਕਤੀ
ਵਜੋਂ ਆਖਿਆ, "ਅਸੀਂ ਇੱਕੀ ਹਿੱਸੇ ਸ਼ਕਤੀ
ਰੱਖਣ ਵਾਲੀ ਸੰਗਤ, ਵੀਹ ਹਿੱਸੇ ਸ਼ਕਤੀ ਵਾਲੇ
ਗੁਰੂ ਨੂੰ ਹੁਕਮ ਦਿੰਦੇ ਆਂ, ਫੌਰਨ ਇਸ ਰਾਤ ਦੇ
ਹਨੇਰੇ ਵਿਚ ਚਮਕੌਰ ਦੀ ਗੜ੍ਹੀ ਛੱਡ ਜਾਵੇ?"
ਗੁਰੂ ਆਪਣੀ ਥਾਂ ਨਿਸਚਾ ਧਾਰੀ ਬੈਠਾ ਸੀ ਕਿ ਮੈਂ
ਆਪਣੇ ਵਫਾਦਾਰ ਸਾਥੀਆਂ ਨੂੰ ਛੱਡ ਕੇ ਨਹੀਂ
ਜਾਣਾ, ਉਨ੍ਹਾਂ ਤੋਂ ਪਹਿਲਾਂ ਸ਼ਹੀਦ ਹੋਣਾ ਹੈ। ਪਰ
ਸੰਗਤ ਦੇ ਫੈਸਲੇ ਦੀ ਗੁਰੂ ਉਲੰਘਣਾ ਨਾ ਕਰ
ਸਕਿਆ। ਪਰ ਅੱਜ ਮੈਂ ਸਵਾ ਲੱਖ ਖਾਲਸਾ ਮਿਹਰ
ਸਿੰਘ ਨੂੰ ਕਿਵੇਂ ਆਖਾਂ? ਕੜੱਕਿਆਂ ਦਾ ਕਸਾਅ
ਸਾਨੂੰ ਸਾਹ ਤੱਕ ਨਹੀਂ ਲੈਣ ਦਿੰਦਾ। ਲਹਿਰ ਨੂੰ
ਚੜ੍ਹਦੀ ਕਲਾ ਵਿਚ ਰੱਖਣ ਲਈ ਇਹਨੂੰ ਕਿਵੇਂ
ਬਚਾਵਾਂ? ਕਿਵੇਂ ਨਸਾਵਾਂ? ਉਹ ਸਮਝਦਾ ਸੀ, ਮੈਂ
ਬੁੱਢਾ ਆਦਮੀ ਹਾਂ, ਇਨਕਲਾਬੀ ਲਹਿਰ ਨੂੰ ਅਗਾਂਹ
ਕਿੰਨਾ ਕੁ ਵਧਾ ਸਕਾਂਗਾ? ਨਹੀਂ, ਮਿਹਰ ਸਿੰਘ
ਹਰ ਹਾਲਤ ਵਿਚ ਬਚਣਾ ਚਾਹੀਦਾ ਹੈ।
ਇਨਕਲਾਬੀ ਲਹਿਰ ਤੋਂ ਬਿਨਾ ਉਹਦੇ ਅੰਦਰ ਮੋਹ
ਵਾਲੀ ਕਮਜ਼ੋਰੀ ਵੀ ਉਠ ਪਈ।
ਪੁੱਤਰ ਵਾਲੀ ਭਾਵਨਾ ਨੇ ਬਾਬੇ ਨੂੰ ਵਿਚੇ
ਵਿਚ ਖੋਰਨਾ ਸ਼ੁਰੂ ਕਰ ਦਿੱਤਾ। ਆਖਣ ਨੂੰ ਤਾਂ
ਉਹ ਦੇਸ਼ ਦੇ ਸਾਰੇ ਬੱਚਿਆਂ ਦਾ ਬਾਪ ਵੀ ਬਣ
ਸਕਦਾ ਸੀ। ਪਰ ਦਿਲ ਦੀ ਛੱਲ ਇਕ ਖਾਸ ਥਾਂ
ਆ ਕੇ ਖਲੋ ਜਾਂਦੀ ਹੈ। ਮਿਹਰ ਸਿੰਘ ਨੂੰ ਛਾਤੀ ਲਾ
ਕੇ ਉਹਦੀ ਰੂਹ ਨੇ ਪਿਤਰੀ ਅੰਮ੍ਰਿਤ ਦੀ ਘੁੱਟ
ਭਰੀ ਸੀ। ਉਹਦੀ ਸਲਾਮਤੀ ਲਈ ਦੁਨੀਆਂ ਭਰ
ਦੇ ਤਸੀਹਿਆਂ ਵਿਚੋਂ ਦੀ ਗੁਜ਼ਰਨਾ ਉਸ ਨੂੰ ਜ਼ਿੰਦਗੀ
ਲਗਦਾ ਸੀ। ਜੇ ਜ਼ਮਾਨੇ ਭਰ ਦੇ ਬਦਨਾਮ ਤੇ ਕਾਤਲ
ਬਾਬਰ ਦੀ ਪ੍ਰਾਰਥਨਾ ਆਪਣੇ ਬਿਮਾਰ ਬੇਟੇ
ਹਮਾਯੂੰ ਨੂੰ ਬਚਾਉਣ ਲਈ ਖੁਦਾ ਪ੍ਰਵਾਨ ਕਰ
ਸਕਦਾ ਹੈ, ਤਦ ਇਕ ਦੇਸ਼ ਭਗਤ ਬਾਪ ਦੀ
ਅਰਜੋਈ ਦੇਸ਼ ਭਗਤ ਪੁੱਤਰ ਵਾਸਤੇ ਕਿਉਂ ਨਹੀਂ
ਸੁਣੀ ਜਾਵੇਗੀ। ਬਾਬੇ ਅੰਦਰਲਾ ਘੋਲ ਆਸਤਕ
ਤੇ ਨਾਸਤਕ ਸ਼ਕਤੀਆਂ ਦੀ ਅਜ਼ਮਾਇਸ਼ ਵਿਚ ਅੜ
ਗਿਆ। ਬਾਬੇ ਨੂੰ ਆਪਣੀ ਭਗਤੀ ਤੇ ਉਮਰ ਭਰ
ਦੇ ਸਿਰੜ ਉਤੇ ਗਰਬ ਸੀ। ਉਸ ਮਨ ਬਣਾ
ਲਿਆ, ਮੈਂ ਥਾਣੇਦਾਰ ਨਾਲ ਆਪ ਗੱਲ ਕਰਾਂਗਾ।
ਮੇਰਾ ਨਸ਼ੰਗ ਕੁਤਰਾ ਕਰ ਲੈਣ; ਪਰ ਮੇਰੇ ਮਿਹਰ
ਨੂੰ ਕੁਝ ਨਾ ਆਖਣ।
ਜਦੋਂ ਦਾ ਥਾਣੇਦਾਰ ਸਵਰਨ ਸਿੰਘ ਸ਼ਹਿਰੋਂ
ਡਿਪਟੀ ਹਰਿੰਦਰ ਸਿੰਘ ਅਤੇ ਆਈ.ਜੀ. ਸ਼ਰਮੇ
ਕੋਲੋਂ ਨਵੀਆਂ ਹਦਾਇਤਾਂ ਲੈ ਕੇ ਆਇਆ ਸੀ,
ਉਸ ਮਿਹਰ ਸਿੰਘ ਤੇ ਬਾਬੇ ਨੂੰ ਕੜੱਕਿਆਂ ਵਿਚੋਂ
ਕੱਢ ਦਿੱਤਾ ਸੀ। ਉਸ ਸ਼ਾਮ ਉਨ੍ਹਾਂ ਨੂੰ ਕਿਸੇ ਨਾ
ਮਾਰਿਆ। ਹਵਾਲਾਤ ਵਿਚ ਉਨ੍ਹਾਂ ਨੂੰ ਚਾਹ ਵੀ ਭੇਜ
ਦਿਤੀ। ਉਹ ਦੋਵੇਂ ਟੁਟੀਆਂ ਤਲੀਆਂ ਨਾਲ ਇਕ
ਦੂਜੇ ਦੀਆਂ ਸੱਟਾਂ ਮਲ ਰਹੇ ਸਨ। ਨੀਲ ਤੇ ਸੋਜੇ
ਨਾਲ ਉਹ ਬਦਸ਼ਕਲ ਹੋ ਗਏ ਸਨ। ਮਿਹਰ ਸਿੰਘ
ਨੇ ਮਨ ਭਰ ਕੇ ਆਖਿਆ: "ਬਾਬਾ ਜੀ, ਤੁਸੀਂ
ਮੈਨੂੰ ਮਾਫ ਕਰਨਾ। ਮੈਂ ਤਾਂ ਮਰਨਾ ਹੀ ਸੀ; ਮੇਰਾ
ਰਾਹ ਹੀ ਅਜਿਹਾ ਸੀ; ਪਰ ਤੁਹਾਨੂੰ ਇਸ ਉਮਰ
ਵਿਚ ਕਾਤਲਾਂ ਅੱਗੇ ਲਿਆ ਸੁਟਿਆ।"
"ਪੁੱਤਰਾ ਭੀੜ ਤੇ ਬਿਪਤਾ ਵਿਚ ਸਿੰਘ
ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦਾ ਹੈ। ਸ਼ਾਇਦ
ਜ਼ਿੰਦਗੀ ਵਿਚ ਮੈਨੂੰ ਐਨੀ ਚੰਗੀ ਮੌਤ ਨਾ ਮਿਲਦੀ।
ਪਰ ਏਸੇ ਜਨਮ ਵਿਚ ਮੈਂ ਸੌ ਵਾਰੀ ਸ਼ਹੀਦ ਹੋ ਕੇ
ਤੈਨੂੰ ਬਚਾਇਆ ਚਾਹੁੰਦਾ ਆਂ। ਤੂੰ ਲਹਿਰ ਦਾ ਤਾਣਾ
ਪੇਟਾ ਉਲਝਣੋਂ ਬਚਾ ਸਕਦਾ ਏਂ। ਪਰ
ਛੁਟਕਾਰਾ...।" ਉਸ ਲੰਮਾ ਹਉਕਾ ਭਰ ਕੇ
ਮਿਹਰ ਸਿੰਘ ਨੂੰ ਗਲ ਨਾਲ ਲਾ ਲਿਆ। "ਵੇਖੇਂ
ਵੀ ਨਾ, ਮੇਰੀ ਮੌਤ ਵਿਚ ਅੱਜ ਤੇ ਭਲਕ ਦਾ ਹੀ
ਫਰਕ ਐ। ਪਰ ਤੇਰੀ ਬਾਕੀ ਬਚਦੀ ਅੱਧੀ
ਸਦਾ...।" ਗੱਲ ਉਹਦੇ ਕੋਲੋਂ ਮੁੜ ਆਪਣੇ ਆਪ
ਮੁਕ ਗਈ।
"ਢਹਿੰਦੀ ਕਲਾ ਬਾਰੇ ਤਾਂ ਬਾਬਾ ਜੀ ਮੈਂ
ਕਦੇ ਸੋਚਿਆ ਈ ਨਹੀਂ। ਮੈਨੂੰ ਪਤਾ ਹੈ, ਇਨਕਲਾਬ
ਦੀ ਸ਼ਮ੍ਹਾਂ ਬਲਦੀ ਰੱਖਣ ਲਈ ਦੇਸ਼ ਭਗਤਾਂ ਨੂੰ
ਆਪਣੀ ਚਰਬੀ ਆਹੂਤੀ ਵਜੋਂ ਪਾਉਣੀ ਪੈਂਦੀ ਹੈ।
ਪਰ...।"
"ਵਾਹਿਗੁਰੂ ਉਤੇ ਭਰੋਸਾ ਰੱਖ ਪੁੱਤਰਾ!
ਖਬਰੇ ਤੈਨੂੰ ਲੋਕਾਂ ਦੀ ਸੇਵਾ ਕਰਨ ਦਾ ਹੋਰ ਮੌਕਾ
ਮਿਲ ਜਾਵੇ।" ਬਾਬਾ ਹਾਲੇ ਕਿਵੇਂ ਵੀ ਨਿਰਾਸ਼
ਨਹੀਂ ਸੀ।
"ਬਾਬਾ ਜੀ, ਭੋਲੀਆਂ ਗੱਲਾਂ ਛੱਡੋ; ਭੁਖੇ
ਬਘਿਆੜਾਂ ਮਾਸ ਕਦੇ ਨਹੀਂ ਛੱਡਿਆ। ਹੁਣ
ਜਿਹੜਾ ਸਾਡੇ ਨਾਲ ਨਰਮ ਸਲੂਕ ਸ਼ੁਰੂ ਕਰ ਦਿੱਤਾ
ਏ, ਸਮਝੋ ਅੱਜ ਹੀ ਰਾਤ ਨੂੰ...।" ਉਸ ਕੇ ਗੱਲ
ਪੂਰੀ ਨਾ ਕੀਤੀ।
ਸੀਖਾਂ ਦੇ ਬਾਹਰ ਇਕ ਸਿਪਾਹੀ ਨੇ ਰੋਟੀ
ਲਿਆ ਰੱਖੀ। ਪਾਣੀ ਵਾਲਾ ਡੋਲ੍ਹਣਾ ਉਸ ਕੋਲੋਂ
ਫਰਸ਼ ਉਤੇ ਉਲਟ ਗਿਆ। ਉਹਦੇ ਅੰਗ ਥਿੜਕ
ਥਿੜਕ ਜਾਂਦੇ ਸਨ।
"ਬਾਬਾ ਜੀ...!" ਸਿਪਾਹੀ ਮੁੰਡਾਂ ਅੱਖਾਂ ਭਰ
ਆਇਆ।
ਮਿਹਰ ਸਿੰਘ ਮੁੰਡੇ ਦੇ ਅੱਖਾਂ ਭਰਨ ਤੋਂ
ਤਾੜ ਗਿਆ: ਅਸੀਂ ਝਟ ਬਿੰਦ ਦੇ ਹੀ ਪ੍ਰਾਹੁਣੇ
ਆਂ। ਉਸ ਸਿਪਾਹੀ ਨੂੰ ਸਹਿਜ ਨਾਲ ਕਿਹਾ:
"ਸਾਥੀਆ, ਇਕ ਗੱਲ ਯਾਦ ਰੱਖਿਓ, ਮਰ ਅਸੀਂ
ਤੁਹਾਡੇ ਲਈ ਰਹੇ ਆਂ। ਮਰ ਕੇ ਅਸੀਂ ਅਸਲ
ਨਿਸ਼ਾਨੇ ਉਤੇ ਚਾਨਣ ਹੀ ਸੁੱਟ ਸਕਦੇ ਆਂ, ਪਰ
ਉਸ ਟਿਕਾਣੇ ਉਤੇ ਗੋਲੀ ਤੁਹਾਨੂੰ ਹੀ ਮਾਰਨੀ
ਪੈਣੀ ਏਂ, ਜਦੋਂ ਮਰਜ਼ੀ ਮਾਰ ਦਿਉ। ਸਾਨੂੰ ਆਪਣੇ
ਮਰਨ ਦਾ ਭੋਰਾ ਜਿੰਨਾ ਅਫਸੋਸ ਨਹੀਂ। ਕਦੇ ਤੈਨੂੰ
ਸਾਡਾ ਕੋਈ ਮਿਲੇ; ਆਖਰੀ ਸੁਨੇਹਾ ਦੇਈਂ: ਹਜ਼ਾਰ
ਮੁਸ਼ਕਿਲਾਂ ਦੇ ਬਾਵਜੂਦ ਭਵਿੱਖ ਸਾਡਾ ਹੈ।"
ਸਿਪਾਹੀ ਮੁੰਡੇ ਨੇ ਸੀਖਾਂ ਵਿਚ ਮਿਹਰ ਸਿੰਘ
ਸਿੰਘ ਦੀਆਂ ਟੁਟੀਆਂ ਉਂਗਲਾਂ ਘੁਟ ਲਈਆਂ।
ਪੀੜ ਰੂਹ ਦਾ ਸਾਰਾ ਪੁਲਾੜ ਚੀਰ ਗਈ; ਪਰ ਦੇਸ਼
ਭਗਤ ਕਸੀਸ ਵੱਟ ਕੇ ਮੁਸਕਾ ਪਿਅ। ਬਾਬੇ ਨੇ
ਮੁੰਡੇ ਨੂੰ ਥਾਪੀ ਦਿੰਦਿਆਂ ਆਖਿਆ, "ਪੁੱਤਰ!
ਥਾਏਂ ਦੜ ਜਾਹ। ਲੜਿਆ ਨਿਰਾ ਬਾਹਰੋਂ ਹੀ ਨਹੀਂ
ਜਾਂਦਾ; ਅੰਦਰੋਂ ਵੀ ਪਟਾਕੇ ਪਾਏ ਜਾ ਸਕਦੇ ਐ।"
"ਤੁਹਾਡੀ ਮੀਟਿੰਗ ਵਿਚ ਆਉਣ ਵਾਲਾ
ਕੋਈ ਫੜ੍ਹਿਆ ਗਿਆ ਏ; ਉਸ ਨੇ ਹੀ ਪੁਆੜਾ
ਪਾਇਆ ਏ।" ਮੁੰਡੇ ਨੇ ਮਿਹਰ ਸਿੰਘ ਦੇ ਕੰਨ
ਵਿਚ ਫੂਕ ਮਾਰੀ।
"ਤੇਰੀ ਮਿਹਰਬਾਨੀ! ਸਾਥੀਆਂ ਦੀ ਗੱਦਾਰੀ
ਦਾ ਦੁਖ ਹੈ। ਪਰ ਦੋਸਤ, ਜੋ ਜੀਏਂਗੇ ਸਹਿਰ
ਦੇਖੇਂਗੇ।" ਉਹਦਾ ਚਿਹਰਾ ਨੂਰਾਨੀ ਜਲਾਲ ਵਿਚ
ਸੇਕ ਮਾਰ ਉਠਿਆ।
ਓਸੇ ਰਾਤ ਮਿਹਰ ਸਿੰਘ ਤੇ ਬਾਬਾ
ਮਿਰਗਿੰਦ ਨੂੰ ਹਵਾਲਾਤ ਵਿਚੋਂ ਸੁੱਤਿਆਂ ਨੂੰ ਜਗਾ
ਲਿਆ। ਪਿਛਲੀ ਰਾਤ ਦੇ ਅਨੀਂਦਰੇ ਕਾਰਨ ਉਹ
ਰੋਟੀ ਖਾਂਦੇ ਹੀ ਸੌਂ ਗਏ ਸਨ। ਮਿਹਰ ਸਿੰਘ ਨੇ
ਬਜ਼ੁਰਗ ਨੂੰ ਆਖਿਆ: "ਬਾਬਾ ਜੀ, ਵੱਡੇ ਵਾਰੰਟ
ਆ ਗਏ।"
"ਤਾਂ ਕੀ ਹੋਇਆ ਪੁੱਤਰਾ, ਭਗਤਾਂ ਬਿਨਾ
ਭੀੜਾਂ ਕਿਸੇ ਨਹੀਂ ਸਹਿਣੀਆਂ।" ਇਉਂ ਜਾਪਦਾ
ਸੀ, ਜਿਵੇਂ ਬਾਬਾ ਆਪਣੀ ਲਗਨ ਵਿਚ ਪਾਠ ਕਰੀ
ਜਾ ਰਿਹਾ ਹੈ।
"ਬਾਬਾ ਤੂੰ ਹੁਣ ਆਪਣੇ ਵਾਹਿਗੁਰੂ ਨੂੰ
ਵੰਗਾਰ ਕੇ ਵੇਖ ਲੈ?" ਮਿਹਰ ਸਿੰਘ ਨੇ ਉਸ ਦੇ
ਧਾਰਮਿਕ ਵਿਸ਼ਵਾਸ ਨੂੰ ਚੋਟ ਮਾਰੀ।
"ਪੁੱਤਰ ਪੁੱਤਰ! ਜਿਹੜਾ ਵਾਹਿਗੁਰੂ ਹੱਸ
ਕੇ ਕੁਰਬਾਨ ਹੋ ਜਾਣ ਦੀ ਸ਼ਕਤੀ ਬਖਸ਼ ਰਿਹਾ ਏ;
ਹੁਣ ਉਸ ਕੋਲੋਂ ਭਲਕੇ ਮਰ ਜਾਣ ਵਾਲੀ ਜਿੰਦ
ਲਈ ਭੀਖ ਮੰਗਾਂ? ਸਿੱਖੀ ਸਿਦਕ ਵਿਚ ਇਹ ਕਿਤੇ
ਨਹੀਂ ਲਿਖਿਆ। ਤੂੰ ਵੇਖੇਂਗਾ, ਗੁਰੂ ਦਾ ਸਿੱਖ ਕਿਵੇਂ
ਮੌਤ ਦੇ ਮੂੰਹ ਉਤੇ ਪੁੱਠ ਹੱਥ ਦਾ ਥੱਪੜ ਮਾਰਦਾ
ਏ।" ਬਜ਼ੁਰਗ ਦੀ ਛਾਤੀ ਵਿਚ ਕੋਈ ਸਾਗਰ ਸ਼ਕਤੀ
ਜਵਾਰਭਾਟੇ 'ਤੇ ਆਈ ਹੋਈ ਸੀ।
ਮੁੰਡੇ ਦੇ ਮੋਢੇ ਉਤੋਂ ਜੇਲ੍ਹ ਦਾ ਕਾਲਾ ਭੂਰਾ
ਠੰਢੇ ਫਰਸ਼ 'ਤੇ ਡਿੱਗ ਪਿਆ। ਉਸ ਨੂੰ ਰਾਤੀਂ ਠੰਢ
ਲੱਗ ਗਈ ਸੀ ਤੇ ਵੱਖੀਆਂ ਨੇ ਚਸਕਣਾ ਸ਼ੁਰੂ ਕਰ
ਦਿੱਤਾ ਸੀ। ਸੱਟਾਂ ਦੇ ਅਕੜਾਅ ਨੇ ਹਿੱਲਣਾ ਵੀ
ਦੁੱਭਰ ਕੀਤਾ ਹੋਇਆ ਸੀ। ਸੀਤ ਵਾਅ ਦਾ ਬੁੱਲਾ
ਸੀਖਾਂ ਵਿਚੋਂ ਦੀ ਵੜ ਕੇ ਉਹਦੇ ਲੂੰਅ ਕੰਡਿਆਂ
ਵਾਂਗ ਖੜ੍ਹੇ ਕਰ ਗਿਆ। ਜਦ ਉਸ ਦੁਬਾਰਾ ਭੂਰਾ
ਚੁੱਕ ਕੇ ਉਤੇ ਲੈਣਾ ਚਾਹਿਆ, ਮੋਤੀ ਰਾਮ
ਸਿਪਾਹੀ ਨੇ ਵਿਅੰਗ ਨਾਲ ਆਖਿਆ, "ਹੁਣ
ਭੂਰਿਆਂ ਦਾ ਖਹਿੜਾ ਛੱਡ ਦਿਓ।"
"ਗੋਲੀ ਨਾਲ ਕਫਨ ਨਹੀਂ ਦਿਓਗੇ?"
ਮਿਹਰ ਸਿੰਘ ਦੀ ਪ੍ਰਚੰਡ ਪਰਤੀ ਚੋਟ ਨਾਲ ਸਿਪਾਹੀ
ਦੀਆਂ ਖਾਨਿਓਂ ਗਵਾਚ ਗਈਆਂ।
ਮੋਤੀ ਰਾਮ ਨੇ ਦੋਹਾਂ ਨੂੰ ਤਿੰਨ ਤਿੰਨ ਕਪੜਿਆਂ
ਵਿਚ ਬਾਹਰ ਕੱਢ ਲਿਆ। ਠੰਢੀ ਹਵਾ ਪੁਲਿਸ
ਨਾਲੋਂ ਵੀ ਵੱਧ ਜ਼ਾਲਮ ਬਣ ਬਣ ਬਰਛੀਆਂ ਮਾਰ
ਰਹੀ ਸੀ। ਉਨ੍ਹਾਂ ਨੂੰ ਸਟਾਰਟ ਹੋਏ ਨੀਲੇ ਟਰੱਕ
ਵਿਚ ਚਾੜ੍ਹ ਲਿਆ, ਜਿਸ ਦੀਆਂ ਵੱਖੀਆਂ ਦੀ ਲਾਲ
ਪੱਟੀ 'ਮੇਰੇ ਕੋਲੋਂ ਦੂਰ ਰਹੋ' ਦੇ ਹੋਕਰੇ ਮਾਰ
ਰਹੀ ਸੀ। ਸਿਪਾਹੀ ਵਰਾਂਡੀਆਂ ਵਿਚ ਕੱਸੇ ਘੁੱਗੂ
ਬਣੇ ਬੈਠੇ ਸਨ। ਰੋਟੀ ਦੇਣ ਆਏ ਸਿਪਾਹੀ ਮੁੰਡੇ
ਨੇ ਜਾਣ ਕੇ ਮਿਹਰ ਸਿੰਘ ਨਾਲ ਬੈਠਦਿਆਂ ਉਸ
ਦਾ ਦਰੜਿਆ ਸੱਜਾ ਹੱਥ ਮੁੜ ਆ ਘੁਟਿਆ। ਪੀੜ
ਤੇ ਹਮਦਰਦੀ ਹਨੇਰੇ ਵਿਚ ਗਲੇ ਮਿਲ ਰਹੀਆਂ
ਸਨ। ਬਾਕੀ ਸਿਪਾਹੀਆਂ ਸ਼ਰਾਬ ਪੀਤੀ ਹੋਈ ਸੀ।
ਸ਼ਰਾਬ ਦੀ ਦੁਰਗੰਧ ਨੇ ਦੋਸਤੀ ਦੀ ਸੁਗੰਧ ਨਾਲ
ਅੰਗੂਠਾ ਦਿੱਤਾ ਹੋਇਆ ਸੀ। ਟਰੱਕ ਭਰੜਾਈ
ਆਵਾਜ਼ ਦੇ ਕੇ ਬੰਦ ਹੋ ਗਿਆ। ਡਰਾਈਵਰ ਨੇ
ਮੁੜ ਸੈਲਫ ਮਾਰਿਆ, ਉਹ 'ਦਨਦਣਾ' ਪਿਆ।
ਪਤਾ ਨਹੀਂ ਸਿਪਾਹੀ ਠੰਢ ਨਾਲ ਸੁਕੜੇ ਸਨ
ਜਾਂ ਭੈ ਕਾਰਨ ਪਰ ਚੁਪ ਚੁਪ ਉਲੂਆਂ ਵਾਂਗ ਝਾਕ
ਜ਼ਰੂਰ ਰਹੇ ਸਨ। ਥਾਣੇਦਾਰ ਸਵਰਨ ਸਿੰਘ
ਡਰਾਈਵਰ ਨਾਲ ਬੈਠਾ ਜਪੁਜੀ ਸਾਹਿਬ ਦਾ ਪਾਠ
ਕਰ ਰਿਹਾ ਸੀ। ਮਨੁੱਖ ਦੇ ਕਾਤਲ, ਇਖਲਾਕ ਦੇ
ਚੋਰ ਅਤੇ ਕਾਨੂੰਨ ਦੇ ਦੋਸ਼ੀ ਹੋਣ ਦਾ ਭਾਰ ਉਹਦੀ
ਜ਼ਮੀਰ ਨੂੰ ਜਮਾਂ ਦੇ ਵੇਲਣਿਆਂ ਵਿਚੋਂ ਦੀ ਖਿੱਚ
ਰਿਹਾ ਸੀ। ਉਹਦਾ ਅੰਦਰ ਕੰਬ ਰਿਹਾ ਸੀ; ਮੈਨੂੰ
ਸਾਰੇ ਗੁਨਾਹ ਦਾ ਲੇਖਾ ਦੇਣਾ ਪਵੇਗਾ। ਪਰ ਮੈਂ
ਸਰਕਾਰ ਦਾ ਵਫਾਦਾਰ ਅਤੇ ਕਾਨੂੰਨ ਦਾ ਪਾਬੰਦ
ਰਹਿਣ ਦੀ ਸਹੁੰ ਖਾਧੀ ਹੈ। ਉਹ ਡੋਲਿਆ
ਤੇ ਥਿੜਕਿਆ। ਪਰ ਸ਼ੈਤਾਨ ਨੇ ਉਹਦੇ
ਅੰਦਰਲੇ ਜਾਗੇ ਮਨੁੱਖ ਨੂੰ ਰਸਾਤਲ ਵਿਚ
ਵਗਾਹ ਮਾਰਿਆ। ਅਫਸਰੀ ਹੈਂਕੜੇ ਭੂਸਰੇ
ਸਾਹਨ ਵਾਂਗ ਗੜਾ ਚੁੱਕ ਖਲੋਤੀ।
ਟਰੱਕ ਬਾਬੇ ਦੇ ਪਿੰਡ ਭੁਲਾਣੇ ਵੱਲ
ਸਿੱਧਾ ਹੋ ਤੁਰਿਆ। ਉਸ ਸੋਚਿਆ, ਮੇਰੀ
ਕੋਠੜੀ ਦੀ ਤਲਾਸ਼ੀ ਲੈਣਗੇ। ਉਸ ਵਿਚ
ਤਾਂ ਸੁਆਹ ਵੀ ਨਹੀਂ ਸੀ ਛੱਡੀ। ਮੇਰੀ
ਸ਼ਨਾਖਤ? ਨਹੀਂ ਮਿਰਗਿੰਦ, ਇਹ ਤਾਂ ਤੇਰੇ
ਵਾਲਾ ਕੀਰਤਨ ਸੋਹਿਲਾ ਪੜ੍ਹਨਗੇ। ਵੇਖੇਂ
ਵੀ ਨਾ, ਮੈਂ ਤਿਆਰ ਬਰ ਤਿਆਰ ਹਾਂ।
ਮੇਰੇ ਪੁੱਤਰ ਨੂੰ ਕੁਝ ਨਾ ਆਖਣ। ਇਸ
ਹਾਲੇ ਲੋਕਾਂ ਲਈ ਬੜਾ ਕੁਝ ਕਰਨਾ ਹੈ।
ਪਿਛਲੇ ਪਾਸਿਉਂ ਤੇਜ਼ ਲਾਈਟ ਕਰਾਸ
ਕਰਦੀ ਵੇਖ, ਬਾਬਾ ਉਠ ਕੇ ਖਲੋ ਗਿਆ।
"ਇਨਕਲਾਬ, ਜ਼ਿੰਦਾਬਾਦ!
ਇਨਕਲਾਬ ਜ਼ਿੰਦਾਬਾਦ!...।" ਉਹ
ਮੁੱਕੀਆਂ ਵਟ ਵਟ ਉਚੀ ਉਚੀ ਨਾਅਰੇ
ਮਾਰਨ ਲੱਗ ਪਿਆ। ਸਤਵੰਤ ਨੇ ਉਸ ਨੂੰ
ਡੌਲਿਓਂ ਫੜ੍ਹ ਕੇ ਖਿੱਚ ਲਿਆ। "ਪੰਜਾਬ
ਦੇ ਕਿਰਤੀ ਲੋਕ ਜ਼ਿੰਦਾਬਾਦ!" ਉਹ
ਇਨਕਲਾਬ ਤੇ ਆਪਣੇ ਸੁੱਤੇ ਕਿਰਤੀ ਲੋਕਾਂ
ਨੂੰ ਜੈਕਾਰਿਆਂ ਨਾਲ ਹਲੂਣਦਾ ਰਿਹਾ।
ਉਨ੍ਹਾਂ ਭੁਲਾਣੇ ਤੋਂ ਪੌਣਾਂ ਮੀਲ ਪਿਛਾਂਹ ਹੀ
ਟਰੱਕ ਕੱਚੇ ਲਾਹ ਲਿਆ। ਸੜਕ ਤੋਂ ਥੋੜ੍ਹੀ ਵਿਥ
ਨਾਲ ਟਰੱਕ ਇਕ ਟਾਹਲੀ ਦੇ ਹਨੇਰੇ ਹੇਠਾਂ ਖੜ੍ਹਾ
ਕਰ ਦਿਤਾ। ਸਵਰਨ ਸਿੰਘ ਨੇ ਮੋਤੀ ਰਾਮ ਅਤੇ
ਸਤਵੰਤ ਨੂੰ ਆਪਣੇ ਕੋਲ ਬੁਲਾਇਆ। ਉਹ
ਬਰਾਂਡੀਆਂ ਵਿਚ ਲਪੇਟੇ, ਮੋਢੇ ਰਾਈਫਲਾਂ ਚਾੜ੍ਹੀ
ਆ ਗਏ। ਕੁਝ ਕਦਮਾਂ ਨਾਲ ਤੁਰਦਿਆਂ ਥਾਣੇਦਾਰ
ਨੇ ਸਮਝਾਇਆ, "ਕੋਈ ਅੜਤਲੇ ਵਾਲੀ ਥਾਂ
ਲੱਭੋ। ਬਹੁਤਾ ਚਿਰ ਨਾ ਲੱਗੇ।" ਉਹਦੇ ਮਨ ਨੂੰ
ਦੈਵੀ ਕਾਂਬਾ ਛਿੜਿਆ ਹੋਇਆ ਸੀ। ਪਰ ਉਹ
ਆਪਣੇ ਸਿਪਾਹੀਆਂ ਵਿਚ ਬਹਾਦਰ ਤੇ ਦ੍ਰਿੜ੍ਹ
ਇਰਾਦੇ ਵਾਲਾ ਸਾਬਤ ਕਦਮ ਅਫਸਰ ਦਿਸਣ ਦੇ
ਯਤਨ ਕਰ ਰਿਹਾ ਸੀ।
"ਠੀਕ ਐ ਜਨਾਬ, ਬਸ ਪੰਜਾਂ ਮਿੰਟਾਂ ਵਿਚ
ਆਏ।" ਮੋਤੀ ਰਾਮ ਨੇ ਥਿੜਕਦੀ ਜ਼ਬਾਨ ਤੇ
ਧੜਕਦੇ ਦਿਲ ਨਾਲ ਉਤਰ ਦਿੱਤਾ। ਸਤਵੰਤ ਇਉਂ
ਕਾਹਲਾ ਕਾਹਲਾ ਭੱਜ ਨੱਠ ਕਰ ਰਿਹਾ ਸੀ, ਜਿਵੇਂ
ਰੱਬ ਉਹਦਾ ਬੁੱਤ ਬਣਾਉਣ ਲੱਗਾ ਆਤਮਾ
ਪਾਉਣੀ ਭੁੱਲ ਗਿਆ ਸੀ। ਉਹਦੇ ਪੈਰ ਮਾਸ ਦੀ
ਥਾਂ ਮੋਈ ਲੱਕੜ ਦੇ ਪਹੀਆਂ ਵਾਂਗ ਰੁੜ੍ਹ ਰਹੇ ਸਨ।
ਉਹਦੇ ਮਨੁੱਖ ਨੇ 'ਹਾਅ' ਦਾ ਨਾਅਰਾ ਮਾਰਨ
ਲਈ ਪਲ ਕੁ ਵਾਸਤੇ ਵੀ ਅੱਖ ਨਾ ਉਘਾੜੀ।
ਬਿਲਕੁਲ 'ਨਾਂਹ' ਦੇ ਰੋਲ ਵਾਲੀਆਂ ਪੁਤਲੀਆਂ
ਵਾਂਗ ਸੱਜੇ ਖੱਬੇ ਘੁੰਮੀ ਗਿਆ। ਮੋਤੀ ਰਾਮ ਉਖੜੀ
ਚਾਲ ਨਾਲ ਉਹਦਾ ਸਾਥ ਦੇ ਰਿਹਾ ਸੀ। ਉਹ
ਅੜਤਲਾ ਲੱਭਣ ਲਈ ਹਨੇਰੇ ਵਿਚ ਗਵਾਚ ਗਏ।
"ਇਨ੍ਹਾਂ ਨੂੰ ਥੱਲੇ ਲਾਹ ਲਿਆਵੋ।" ਸਵਰਨ
ਸਿੰਘ ਨੇ ਟਰੱਕ ਵਿਚਾਲੇ ਸਿਪਾਹੀਆਂ ਨੂੰ ਨਵਾਂ
ਹੁਕਮ ਸੁਣਾਇਆ।
ਸਿਪਾਹੀਆਂ ਝਟ ਛਾਲਾਂ ਮਾਰ ਦਿੱਤੀਆਂ।
ਮਿਹਰ ਸਿੰਘ ਤੇ ਉਸ ਦਾ ਸਿਪਾਹੀ ਯਾਰ ਸਾਰਿਆਂ
ਨਾਲੋਂ ਪਿਛੋਂ ਇਕੱਠੇ ਉਤਰੇ। ਇਕ ਪਲ ਦੀ ਵਿਹਲ
ਵਿਚ ਮਿਹਰ ਸਿੰਘ ਨੇ ਉਹਦੇ ਕੰਨ ਵਿਚ ਆਖਿਆ,
"ਭਰਾ ਬਣੀਂ ਮਰਦ ਦਾ ਬੱਚਾ।"
ਉਤਰ ਵਿਚ ਭਰਾ ਨੇ ਉਹਦਾ ਦੁਖਦਾ ਹੱਥ
ਘੁਟਿਆ, ਮਿਹਰ ਸਿੰਘ ਨੂੰ ਇਸ ਪੀੜ ਵਿਚੋਂ
ਇਲਾਹੀ ਸੁਆਦ ਆ ਰਿਹਾ ਸੀ। ਉਸ ਨੂੰ ਇਉਂ
ਲੱਗਾ, ਜਿਵੇਂ ਸਿਪਾਹੀ ਉਹਦਾ ਛੋਟਾ ਭਰਾ ਹੈ।
ਮਹਾਨ ਮਨੁੱਖ ਵੀ ਦੁਨੀਆਂ ਵਿਚ ਆਪਣੀ ਹੋਂਦ
ਕਾਇਮ ਰੱਖਣ ਲਈ ਕੋਈ ਨਾ ਕੋਈ ਰਿਸ਼ਤਾ ਖੜ੍ਹਾ
ਕਰਦੇ ਰਹੇ ਹਨ। ਇਹ ਕਮਜ਼ੋਰੀ ਨਹੀਂ, ਕਲਚਰਲ
ਸਾਂਝ ਦੀ ਕੁਦਰਤੀ ਭੁੱਖ ਹੈ। ਮਿਹਰ ਸਿੰਘ ਨਾਲ
ਬਾਬਾ ਵੀ ਪਾਲੇ ਕਾਰਨ ਧੁੜਧੁੜੀਆਂ ਲੈ ਰਿਹਾ
ਸੀ।
"ਹਾਂ ਬਈ ਮਿਹਰ ਸਿਆਂ! ਹੁਣ ਗੱਲ
ਕਰ।" ਥਾਣੇਦਾਰ ਦੇ ਮੂੰਹੋਂ ਸ਼ਰਾਬ ਦੀ ਬੋ ਇਕ
ਵਾਰ ਹੀ ਸਪਰੇ ਪੰਪ ਵਾਂਗ ਉਠੀ। ਉਸ ਆਪਣੇ
ਮਨ ਦੇ ਭੁਲਾਵੇ ਨੂੰ ਕਈ ਤਰ੍ਹਾਂ ਦੇ ਬੰਨ੍ਹ ਮਾਰੇ ਹੋਏ
ਸਨ। ਮਿਹਰ ਸਿੰਘ ਨੂੰ ਕੋਈ ਵੀ ਹੁੰਗਾਰਾ ਭਰਦਿਆਂ
ਨਾ ਵੇਖ, ਉਸ ਗੱਲ ਅਗਾਂਹ ਵਧਾਈ, "ਮੈਂ ਨਹੀਂ
ਚਾਹੁੰਦਾ ਤੇਰੀ ਸੋਨੇ ਵਰਗੀ ਦੇਹ ਨੂੰ ਗੋਲੀ ਮਾਰੀ
ਜਾਵੇ। ਤੇਰੇ ਲਈ ਬਹੁਤ ਛੋਟਾਂ, ਮੂੰਹ ਮੰਗੀਆਂ
ਰਿਆਇਤਾਂ। ਮੈਂ ਆਈ. ਜੀ. ਸਾਹਿਬ ਨਾਲ ਗੱਲ
ਕੀਤੀ ਸੀ, ਕਿਸੇ ਹੋਰ ਸਟੇਟ ਵਿਚ ਏ. ਐਸ.
ਆਈ. ਭਰਤੀ ਕਰਵਾ ਦਿੰਦੇ ਆਂ। ਕਿਉਂ?"
"ਬਦਲੇ ਵਿਚ ਮੈਂ ਗੱਦਾਰੀ ਕਰਾਂ? ਆਪਣੇ
ਸਾਥੀਆਂ ਨੂੰ ਗੋਲੀ ਮਰਵਾਵਾਂ; ਹੈ ਨਾ?" ਮਿਹਰ
ਸਿੰਘ ਦਾ ਸ਼ਾਂਤ ਤੇ ਗੰਭੀਰ ਮਨ ਮੁੜ ਤਾਅ ਖਾ
ਗਿਆ। "ਸਵਰਨ ਸਿੰਘ! ਤੂੰ ਮੀਰ ਮਨੂੰ ਦਾ ਰੋਲ
ਅਦਾ ਕਰਨਾ ਏਂ ਤੇ ਅਸਾਂ ਦੁਨੀਆਂ ਭਰ ਵਿਚੋਂ
ਮੀਰ ਮਨੂੰ ਖਤਮ ਕਰਨ ਦੀ ਸਹੁੰ ਖਾਧੀ ਐ।
ਨੈਗੇਟਿਵ ਪਾਜ਼ੇਟਿਵ ਕਦੇ ਨਹੀਂ ਮਿਲਦੇ; ਘੱਟੋ
ਘੱਟ ਇਨ੍ਹਾਂ ਬਿਪਰੀਤ ਹਾਲਤਾਂ ਵਿਚ।" ਉਸ ਆਪੇ
ਨੂੰ ਮੁੜ ਜ਼ਬਤ ਵਿਚ ਲੈ ਆਂਦਾ।
"ਜੇ ਨੈਗੇਟਿਵ ਪਾਜ਼ੇਟਿਵ ਮਿਲ ਜਾਣ?"
ਥਾਣੇਦਾਰ ਨੇ ਬਿਨਾ ਸੋਚੇ ਹੀ ਕਹਿ ਮਾਰਿਆ।
"ਜਦੋਂ ਇਹ ਦੋਵੇਂ ਮਿਲ ਜਾਂਦੇ ਐ, ਦੁਨੀਆਂ
ਵਿਚ ਇਨਕਲਾਬ ਆ ਜਾਂਦਾ ਏ। ਚਾਨਣ ਦਾ ਹੜ੍ਹ
ਹਰ ਹਨੇਰੀ ਖੂੰਜ ਲਿਸ਼ਕਾ ਦੇਂਦਾ ਏ। ਦੇਸ਼ ਦੀ
ਉਸਾਰੀ ਹੁੰਦੀ ਐ ਤੇ ਪੈਦਾਵਾਰ ਦੇ ਢੇਰ ਲੱਗ
ਜਾਂਦੇ ਐ।" ਮਿਹਰ ਸਿੰਘ ਦੀ ਕਲਪਨਾ ਭਵਿੱਖ
ਨੂੰ ਭਰਿਆ ਭਰਿਆ ਤੇ ਜਵਾਨ ਦੇਖ ਰਹੀ ਸੀ।
"ਇਹਦਾ ਮਤਲਬ ਹੈ, ਤੂੰ ਮਰੇਂਗਾ।"
ਸਵਰਨ ਸਿੰਘ ਨੇ ਨਾਸਾਂ ਫੁਰਕਾਰੀਆਂ। ਦੁਰਗੰਧ
ਦੇ ਬੁੱਲੇ ਨੇ ਇਕ ਤਰ੍ਹਾਂ ਮਿਹਰ ਸਿੰਘ ਤੇ ਬਾਬੇ ਨੂੰ
ਧੱਕਾ ਮਾਰਿਆ। ਸਿਪਾਹੀਆਂ ਉਨ੍ਹਾਂ ਦੁਆਲੇ ਥੋੜ੍ਹੀ
ਵਿੱਥ ਨਾਲ ਘੇਰਾ ਘੱਤਿਆ ਹੋਇਆ ਸੀ।
"ਸਰਹਿੰਦ ਦੇ ਸੂਬੇ ਵਜੀਦ ਖਾਂ ਦੇ ਦਰਬਾਰ,
ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਕਿਸਮਤ ਦਾ
ਫੈਸਲਾ ਹੋ ਰਿਹਾ ਸੀ, ਤਦ ਸੁੱਚਾ ਨੰਦ ਨੇ ਆਖਿਆ
ਸੀ ਕਿ ਸੂਲਾਂ ਤਾਂ ਜੰਮਦੀਆਂ ਦੇ ਮੂੰਹ ਤਿੱਖੇ ਹੁੰਦੇ
ਐ। ਲੋਕਾਂ ਉਸ ਦਾ ਨਾਂ ਝੂਠਾ ਨੰਦ ਪਾ ਦਿੱਤਾ।
ਤੇਰਾ ਨਾਂ ਸਵਰਨ ਸਿੰਘ ਤੋਂ ਪਿੱਤਲ ਸਿਹੁੰ ਨਾ
ਪਾਇਆ ਜਾਵੇ?" ਮਿਹਰ ਸਿੰਘ ਨੇ ਇਸ਼ਾਰਾ ਦੇਣ
ਲਈ ਟੁੱਟੀਆਂ ਤੇ ਠਰੀਆਂ ਉਂਗਲਾਂ ਕੱਛ ਵਿਚੋਂ
ਬਾਹਰ ਕੱਢ ਲਈਆਂ।
ਪਿੱਤਲ ਸਿੰਹੁ ਦਾ ਇਕ ਵਾਰ ਅੰਦਰ ਹਿਲ
ਗਿਆ। ਬਾਬਾ ਪਾਸੇ ਬੁੱਕ ਕੇ ਮਿਹਰ ਸਿੰਘ ਅੱਗੇ
ਆ ਖਲੋਤਾ ਤੇ ਬੋਲਿਆ, "ਮੌਤ ਨੂੰ ਅਸੀਂ ਮਾਊਂ
ਸਮਝਦੇ ਆਂ। ਜਹਾਨ ਵੇਖੇਗਾ, ਤੂੰ ਕਿੰਨਾ ਕੁ ਚਿਰ
ਕਿੱਲੇ ਗੱਡ ਕੇ ਬਹਿ ਰਹੇਂਗਾ: ਇਕ ਮਰਨਾ ਸਿਦਕ
ਦਾ ਮਨੁੱਖੀ ਵਫਾਦਾਰੀ ਲਈ ਹੈ, ਉਸ ਨੂੰ ਸ਼ਹਾਦਤ
ਆਖਦੇ ਐ। ਦੂਜਾ ਮਰਨਾ ਤਾਂ ਆਪਣੀ ਜ਼ਮੀਰ ਦੇ
ਵਿਰੁਧ ਖੁਦਕੁਸ਼ੀ ਐ, ਆਪਣੇ ਲੋਕਾਂ ਨਾਲ ਨੰਗੀ
ਚਿੱਟੀ ਗੱਦਾਰੀ ਹੈ। ਮਰਿਆ ਔਰੰਗਜ਼ੇਬ ਵੀ ਸੀ,
ਮਰੇ ਗੁਰੂ ਤੇਗ ਬਹਾਦਰ ਤੇ ਸਰਮਦ ਫਕੀਰ ਵੀ
ਸੀ। ਕਿਹੜੇ ਮਰਨੇ ਵਿਚ ਅਨੰਦ ਤੇ ਇੱਜਤ ਐ,
ਨਿਰਣਾ ਤੂੰ ਕਰ ਲੈ। ਤੇਰੇ ਮੋਢੇ ਦਾ ਦੂਜਾ ਸਟਾਰ
ਨਕਸਲੀਆਂ ਨੂੰ ਮਾਰਨ ਦਾ ਇਨਾਮ ਐ। ਵੇਖੇਂ ਵੀ
ਨਾ, ਅਸੀਂ ਸ਼ਹੀਦ ਹੋਵਾਂਗੇ; ਤੂੰ ਖੁਦਕੁਸ਼ੀ ਕਰੇਂਗਾ।
ਲੋਕਾਂ ਦੇ ਲੇਖੇ ਤੋਂ ਪਿੱਤਲ ਸਿਆਂ, ਮਾਈ ਦਾ ਲਾਲ
ਕੋਈ ਨਹੀਂ ਬਚ ਸਕਿਆ।" ਬਾਬੇ ਦੇ ਖੜਕਵੇਂ
ਬੋਲਾਂ ਨੇ ਥਾਣੇਦਾਰ ਦੇ ਦੰਦ ਜੋੜ ਦਿਤੇ।
ਸਵਰਨ ਸਿੰਘ ਨੂੰ ਕਿਸੇ ਮਹਾਤਮਾ ਪੁਰਸ਼
ਤੋਂ ਸੁਣੀ ਕਥਾ ਯਾਦ ਆ ਗਈ, ਜਿਸ ਵਿਚ ਬ੍ਰਹਮ
ਗਿਆਨੀ ਦੇ ਸਰੂਪ ਦੀ ਵਿਆਖਿਆ ਆਈ ਸੀ।
ਉਸ ਦੀ ਰੂਹ ਨੇ ਅੰਦਰੋਂ ਹਾਲ ਦੁਹਾਈ ਪਾਈ, ਤੂੰ
ਕਲਮੂੰਹਿਆਂ, ਬ੍ਰਹਮ ਗਿਆਨੀਆਂ ਦੀ ਹੱਤਿਆ
ਕਰਨ ਲੱਗਾ ਏਂ। ਉਸ ਨੂੰ ਸੋਚਾਂ ਵਿਚ ਆਇਆ
ਵੇਖ ਬਾਬੇ ਨੇ ਮੁੜ ਆਖਿਆ, "ਸਿੱਖ ਰਾਜ ਨਾਲ
ਗੱਦਾਰੀ ਕਰਨ ਵਾਲੇ ਡੋਗਰੇ ਵੀ ਤੇਰੇ ਵਰਗੇ ਹੀ
ਦਾਹੜੀਆਂ ਕੇਸਾਂ ਵਾਲੇ ਤਿਆਰ ਬਰ ਤਿਆਰ
ਸਿੰਘ ਸਨ ਪਰ...।"
"ਬਾਬਾ ਤੇਰੀ ਕੋਈ ਖਾਹਸ਼?" ਥਾਣੇਦਾਰ
ਦੀ ਸਾਰੀ ਸੁਰਤ ਨੇ ਬਾਬੇ ਦੀ ਪਿਛਲੀ ਗੱਲ ਸੁਣੀ
ਹੀ ਨਹੀਂ ਸੀ।
"ਹਾਂ ਹੈ ਥਾਣੇਦਾਰ ਸਾਹਿਬ! ਮੈਂ ਬਿਆਸੀ
ਸਾਲ ਦਾ ਬੁੱਢਾ ਆਂ। ਅੰਗਰੇਜ਼ਾਂ ਦੇ ਰਾਜ ਵਿਚ
ਪੁਲਿਸ ਨੇ ਕੁਟ ਕੁਟ ਪੁੜੇ ਪਾੜ ਦਿੱਤੇ। ਜੇਲ੍ਹਾਂ ਨੇ
ਜਵਾਨੀ ਖਾ ਲਈ। ਕਾਂਗਰਸੀਆਂ ਆਪਣੇ ਸਮੇਂ
ਵਿਚ ਗਿਣ ਗਿਣ ਬਦਲੇ ਲਏ; ਜਿਵੇਂ ਅਸੀਂ ਸ਼ਰੀਕ
ਭਰਾ ਨਹੀਂ, ਦੁਸ਼ਮਣ ਸਾਂ। ਸਮਝ ਸਾਰੀ ਉਮਰ
ਪੁਰਸਲਾਤ ਉਤੇ ਤੁਰਿਆ ਹਾਂ। ਡੋਲਿਆ ਨਹੀਂ।
ਕਿਸੇ ਅੱਗੇ ਹੱਥ ਵੀ ਨਹੀਂ ਅੱਡੇ। ਹੁਣ ਗੋਲੀ
ਮਾਰਨੀ ਤੇਰੇ ਹਿੱਸੇ ਆਈ ਐ, ਉਹ ਵੀ ਹੱਸ ਕੇ
ਖਾਵਾਂਗਾ। ਤੂੰ ਆਖਰੀ ਖਾਹਸ਼ ਆਖੀ ਹੈ; ਆਪਣੇ
ਬਚਨ 'ਤੇ ਕਾਇਮ ਰਹੀਂ?"
"ਮੈਂ ਆਪਣੇ ਬਚਨ 'ਤੇ ਕਾਇਮ ਹਾਂ, ਤੂੰ
ਕਹਿ।" ਥਾਣੇਦਾਰ ਛਾਤੀ ਫੁਲਾ ਕੇ ਆਕੜ ਖਲੋਤਾ।
ਮਿਹਰ ਸਿੰਘ ਨੂੰ ਲੱਗਾ, ਆਖਰੀ ਸਮੇਂ ਬਾਬੇ
ਦਾ ਸਿਰ ਹਿੱਲ ਗਿਆ ਏ। ਉਸ ਬਾਬੇ ਦਾ ਹੱਥ
ਫੜ੍ਹ ਕੇ ਝੰਜਕਿਆ। ਬਿਰਧ ਮੁੰਡੇ ਦੇ ਰੋਕਣ ਉਤੇ
ਵੀ ਨਾ ਰੁਕਿਆ।
"ਦੇਖ ਬਈ ਸਰਦਾਰਾ! ਮੈਂ ਜ਼ਿੰਦਗੀ ਵਿਚ
ਕਦੇ ਕੁਝ ਨਹੀਂ ਮੰਗਿਆ। ਤੇਰਾ ਭਾਣਾ ਮੀਠਾ
ਲਾਗੇ ਦਾ ਵਿਸ਼ਵਾਸੀ ਰਿਹਾ ਹਾਂ। ਤੂੰ ਦਰਿਆ ਦਿਲ
ਹੋ ਕੇ ਕਿਹਾ ਏ, ਤਾਂ ਤੇਰੇ ਕੋਲੋਂ ਝੋਲੀ ਅੱਡ ਕੇ
ਮੰਗਦਾ ਹਾਂ। ਇਸ ਮੁੰਡੇ ਨੂੰ ਛੱਡ ਦੇ; ਮੈਨੂੰ ਸੌ
ਵਾਰ ਕਤਲ ਕਰ ਲੈ, ਜਿਵੇਂ ਮਰਜ਼ੀ ਕਰ ਲੈ; ਮੈਂ
ਸੀਅ ਨਹੀਂ ਕਰਦਾ।"
"ਬਾਬਾ ਜੀ, ਤੁਹਾਡਾ ਦਮਾਗ ਖਰਾਬ ਹੋ
ਗਿਆ ਏ?" ਮਿਹਰ ਸਿੰਘ ਨੇ ਬਜ਼ੁਰਗ ਨੂੰ ਖਿੱਚ
ਕੇ ਪਿਛਾਂਹ ਕਰ ਲਿਆ। ਉਹਦੇ ਮਨ ਵਿਚ ਬਾਬੇ
ਬਾਰੇ ਕਈ ਪ੍ਰਕਾਰ ਦੇ ਡਰ ਉਠ ਖਲੋਤੇ ਸਨ।
"ਜਦੋਂ ਬਾਪ ਗੱਲ ਕਰ ਰਿਹਾ ਹੋਵੇ; ਸਿਆਣੇ
ਬੱਚੇ ਵਿਚੋਂ ਬਾਢ ਨਹੀਂ ਦੇਂਦੇ। ਬਾਬਾ ਫਿਰ ਅੱਗੇ
ਆ ਗਿਆ, "ਥਾਣੇਦਾਰ ਸਾਹਿਬ! ਵੇਖੇਂ ਵੀ ਨਾ,
ਆਪਣੇ ਲਈ ਮੈਂ ਅੱਜ ਵੀ ਕੁਝ ਨਹੀਂ ਮੰਗ ਰਿਹਾ।
ਇਹ ਮੁੰਡਾ ਤੇਰੇ ਦੇਸ਼ ਦੀ ਨਵੀਂ ਤਕਦੀਰ ਐ।
ਤਕਦੀਰ ਨੂੰ ਹੱਥੀਂ ਕੋਹ ਕੇ ਜ਼ਾਲਮਾ ਆਪਣੇ
ਬੱਚਿਆਂ ਨੂੰ ਕੀ ਦੇਏਂਗਾ? ਇਨਕਲਾਬ ਦਾ ਸਿਰ
ਨਾ ਵੱਢ। ਮੇਰੀ ਇਹੋ ਭੀਖ ਐ। ਇਨਕਲਾਬ ਸਾਰੇ
ਜਹਾਨ ਦਾ ਮੁਕਤੀ ਦਾਤਾ ਏ। ਮੇਰਾ ਵਾਸਤਾ ਏ,
ਰੁਕ ਜਾਹ; ਬੀਤਿਆ ਵੇਲਾ ਪੈਗੰਬਰਾਂ ਨੂੰ ਹੱਥ
ਨਹੀਂ ਆਇਆ। ਤਾਰੀਖ ਦੀ ਸਦੀਵੀ ਲਾਹਨਤ ਤੋਂ
ਬਚ ਜਾਹ।" ਬਾਬੇ ਨੇ ਯਮਰਾਜ ਅੱਗੇ ਹੱਥ ਖੋਲ੍ਹ
ਦਿੱਤੇ।
"ਬਾਬਾ! ਤੈਨੂੰ ਚੰਗੇ ਭਲੇ ਨੂੰ ਕੀ ਹੋ ਗਿਆ
ਹੈ। ਮੈਂ ਇਨ੍ਹਾਂ ਬੁਚੜਾਂ ਕੋਲੋਂ ਤੈਨੂੰ ਜ਼ਿੰਦਗੀ ਦੀ
ਭੀਖ ਨਹੀਂ ਮੰਗਣ ਦਿਆਂਗਾ। ਮੈਂ ਪਾਰਟੀ ਲੀਡਰ
ਦੀ ਹੈਸੀਅਤ ਵਿਚ ਹੁਕਮ ਦਿੰਦਾ ਆ, ਤੂੰ ਪਿਛਾਂਹ
ਹਟ ਜਾਹ।" ਉਸ ਥਾਣੇਦਾਰ ਨੂੰ ਪੁਕਾਰਿਆ,
"ਦੇਖ, ਮੈਂ ਤੁਹਾਡਾ ਪਖਪਾਤੀ ਕਾਨੂੰਨ ਤੋੜਿਆ
ਏ, ਸਮਾਜੀ ਜੋਕਾਂ ਦਾ ਸਿਰ ਵੀ ਫਿਹਇਆ ਏ।
ਬਾਬੇ ਨੇ ਕੋਈ ਜੁਰਮ ਨਹੀਂ ਕੀਤਾ। ਇਹ ਜੰਗੇ
ਆਜ਼ਾਦੀ ਦਾ ਹੀਰੋ ਰਿਹਾ ਏ। ਇਕ ਧਰਮਾਤਮਾ
ਨੂੰ ਇਸ ਉਮਰ ਵਿਚ ਮਾਰ ਕੇ ਤੂੰ ਪਾਪੀ ਨਾ ਬਣ।
ਇਸ ਸਰਮਾਏਦਾਰੀ ਰਾਜ ਨੂੰ ਬਦਲਣ ਦੇ ਜਤਨਾਂ
ਦੀ ਸਾਰੀ ਸਜ਼ਾ ਮੈਨੂੰ ਮਿਲਣੀ ਚਾਹੀਦੀ ਹੈ। ਬੰਦਾ
ਤੇਰੇ ਸਾਹਮਣੇ ਛਾਤੀ ਡਾਹੀ ਖਲੋਤਾ ਏ, ਮਾਰ
ਗੋਲੀ।" ਮਿਹਰ ਸਿੰਘ ਨੇ ਖੱਦਰ ਦੀ ਬੁਸ਼ਰਟ
ਹਿੱਕ ਤੋਂ ਹਟਾ ਦਿੱਤੀ। ਵਗਦੀ 'ਵਾ ਦੀਆਂ ਤਲਵਾਰਾਂ
ਖੁੰਢੀਆਂ ਹੋ ਗਈਆਂ ਸਨ। ਮਿਹਰ ਸਿੰਘ ਦਾ ਜੁੱਸਾ
ਅੰਦਰੋਂ ਸੇਕ ਮਾਰ ਉਠਿਆ।
"ਸ਼ੇਰਾ! ਬੁੱਢੇ ਮਾਪਿਆਂ ਦੇ ਜਿਉਂਦਿਆਂ
ਜਵਾਨ ਪੁੱਤਰ ਤੁਰ ਜਾਣ, ਇਹ ਜੱਗੋਂ ਤੇਰ੍ਹਵੀਂ ਮੈਂ
ਨਹੀਂ ਹੋਣ ਦਿਆਂਗਾ। ਪਹਿਲਾਂ ਮੈਂ ਮਰਾਂਗਾ।" ਬਾਬਾ
ਮਿਹਰ ਸਿੰਘ ਦੇ ਅੱਗੇ ਆ ਅੜਿਆ।
"ਤੁਸੀਂ ਝਗੜਾ ਨਾ ਕਰੋ, ਇਕੱਠਿਆਂ ਨੂੰ
ਹੀ ਜਹਾਜੇ ਚੜ੍ਹਾ ਦਿਆਂਗੇ।" ਸਵਰਨ ਸਿੰਘ
ਮਨੁੱਖੀ ਲਹਿਰ ਲੰਘਾ ਕੇ ਮੁੜ ਥਾਣੇਦਾਰੀ ਰਉਂ
ਵਿਚ ਆ ਗਿਆ।
ਸਤਵੰਤ ਤੇ ਮੋਤੀ ਰਾਮ ਟਿਕਾਣਾ ਲੱਭ ਆਏ।
ਉਹ ਟਰੱਕ ਥਾਂਏਂ ਛੱਡ ਕੇ ਪਹਾੜ ਵਲ ਵਾਹਣਾਂ ਤੇ
ਕਣਕਾਂ ਵਿਚ ਸਿੱਧੇ ਹੋ ਤੁਰੇ। ਛੋਲਿਆਂ ਦੀਆਂ ਟਾਂਟਾਂ
ਖੁਰੀਆਂ ਵਾਲੇ ਬੂਟਾਂ ਹੇਠਾਂ ਫਿਸਦੀਆਂ ਪਟਾਕੇ ਪਾ
ਰਹੀਆਂ ਸਨ। ਛੋਲਿਆਂ ਦੀ ਖੱਟੀ ਅਤੇ ਕਣਕ ਦੀ
ਦੁਧਲੀ ਸੁਗੰਧ ਮਾਰੂ ਟੋਲੀ ਨੂੰ ਘੇਰਾ ਘੱਤ ਘੱਤ
ਰੋਕਦੀ। ਪਰ ਜੁੰਡਲੀ ਹਰੀਆਂ ਪੈਲੀਆਂ ਮਿਧਦੀ
ਕਈ ਖੇਤ ਅੱਗੇ ਨਿਕਲ ਗਈ। 'ਵਾ ਨੇ ਮੁੜ
ਮੱਥਿਆਂ ਵਿਚ ਠਿੱਕਰ ਭੰਨਣੇ ਸ਼ੁਰੂ ਕਰ ਦਿੱਤੇ।
ਉਹ ਸਾਰੇ ਛੋਟੇ ਜਿੰਨੇ ਸੂਏ ਦੀ ਪਟੜੀ ਆ ਚੜ੍ਹੇ।
ਇਸ ਪਟੜੀ ਉਤੇ ਬਾਬਾ ਸਵੇਰ ਦਾ ਪਾਠ ਮੁਕਾਇਆ
ਕਰਦਾ ਸੀ। ਕਾਰੀਗਰਾ ਕੰਮ ਅਤੇ ਪਾਠ ਕਰਦਿਆਂ
ਬਹੁਤਾ ਸਮਾਂ ਬੈਠਣ ਨਾਲ ਉਸ ਦੀਆਂ ਲੱਤਾਂ ਜੁੜ
ਜਾਇਆ ਕਰਦੀਆਂ ਸਨ। ਬਾਬਾ ਏਸੇ ਸੂਏ ਦੀ
ਪਟੜੀ ਉਤੇ ਸੈਰ ਨਾਲ ਲੱਤਾਂ ਮੋਕਲੀਆਂ ਕਰਿਆ
ਕਰਦਾ ਸੀ। ਬਿਰਧ ਨੇ ਜਿਉਂ ਹੀ ਪਟੜੀ ਉਤੇ
ਪੈਰ ਪਾਇਆ, ਧੜੱਲੇ ਨਾਲ ਨਾਅਰਾ ਚੁੱਕ ਦਿੱਤਾ।
"ਇਨਕਲਾਬ... ਜ਼ਿੰਦਾਬਾਦ।" ਮਿਹਰ ਨੇ
ਵੀ ਮੁੱਕਾ ਵੱਟ ਕੇ ਸਾਥ ਦੇਣਾ ਸ਼ੁਰੂ ਕਰ ਦਿੱਤਾ।
"ਲੋਕ ਇਨਕਲਾਬ, ਜ਼ਿੰਦਾਬਾਦ।" ਉਨ੍ਹਾਂ ਨੇ ਪੂਰੇ
ਜ਼ੋਸ ਨਾਲ ਲੋਕਾਂ ਨੂੰ ਲਲਕਾਰਿਆ; ਜਿਹੜੇ
ਲੰਮੀਆਂ ਤਾਣੀ ਸੁੱਤੇ ਪਏ ਸਨ। ਨਾਅਰੇ ਸੁਣ ਕੇ
ਥੋੜ੍ਹੀ ਵਿਥ ਉਤੇ ਇਕ ਟਿਊਬਵੈਲ ਦੀ ਜਗ ਰਹੀ
ਬੱਤੀ ਝਟ ਬੁਝ ਗਈ। ਸ਼ਾਇਦ ਉਹ ਕੰਨਾਂ ਵਿਚ
ਕੌੜਾ ਤੇਲ ਪਾ ਲੈਣਾ ਚਾਹੁੰਦੇ ਸਨ ਕਿ ਸੱਚ ਵੇਖਣੋਂ
ਵੀ ਡਰਦੇ ਸਨ। ਫਿਰਨੀ ਵਾਲੇ ਘਰਾਂ ਬਾਬੇ ਨੂੰ
ਨਾਅਰਿਆਂ ਤੋਂ ਪਛਾਣ ਲਿਆ; ਪਰ ਉਠਣ ਦਾ
ਹੀਆ ਨਾ ਕੀਤਾ।
ਸੂਏ ਦੀ ਛੋਟੀ ਜਿਹੀ ਝਾਲ ਆ ਗਈ।
ਡਿਗਦਾ ਪਾਣੀ ਖਾਸ ਸ਼ੋਰ ਨਹੀਂ ਕਰ ਰਿਹਾ ਸੀ,
ਪਰ ਮਾਰ ਖਾਧੇ ਬੱਚੇ ਵਾਂਗ ਰੋ ਜ਼ਰੂਰ ਰਿਹਾ ਸੀ।
ਦੋ ਕੁ ਖੇਤਾਂ ਦੀ ਵਿੱਥ ਉਤੇ ਦਿੱਲੀ ਨੂੰ ਜਾਣ ਵਾਲੀ
ਰੇਲਵੇ ਲਾਈਨ ਦੇ ਖੰਭੇ ਦਿਸਦੇ ਸਨ। ਚੁਗਲਾਂ ਦਾ
ਜੋੜਾ ਨਾਅਰੇ ਮਾਰਦਾ ਟਾਹਲੀ ਤੋਂ ਉਡਿਆ ਅਤੇ
ਨੇੜੇ ਹੀ ਕਣਕ 'ਚ ਉਗੀ ਕਿੱਕਰ ਉਤੇ ਜਾ ਬੈਠਾ।
"ਇਹ ਕਣਕ ਤੇ ਅਹੁ ਕਿੱਕਰ ਜਨਾਬ।"
ਮੋਤੀ ਰਾਤ ਨੇ ਸੂਏ ਦੀ ਆੜ ਵਿਚ ਥਾਣੇਦਾਰ ਨੂੰ
ਨਕਸ਼ਾ ਸਮਝਾਇਆ।
"ਹਾਂ, ਠੀਕ ਐ। ਚਲੋ ਬਈ ਸਾਹਮਣੇ ਹੋਵੋ,
ਜਿਸ ਪਹਿਲਾਂ ਮਰਨਾ ਏ।" ਉਸ ਦੇਸ਼ ਭਗਤਾਂ ਨੂੰ
ਇਸ਼ਾਰਾ ਕੀਤਾ। ਉਸ ਹੱਥਲੇ ਪਸਤੌਲ ਦੀ ਗੋਲੀ
ਹਵਾ ਵਿਚ ਚਲਾ ਕੇ ਟੈਸਟ ਕੀਤੀ। ਤੇਜ਼ ਲਾਟ
ਵਿਚੋਂ ਕੰਨ ਪਾੜਵੀਂ 'ਕਾਅੜ' ਨਿਕਲ ਕੇ ਹਨੇਰੇ
ਵਿਚ ਹੀ ਡੁੱਬ ਗਈ।
ਬਾਬੇ ਨੇ ਝੱਟ ਨਾਅਰਾ ਚੁਕ ਦਿੱਤਾ। ਉਸ ਦੇ
ਭਾਣੇ ਮਿਹਰ ਸਿੰਘ ਨੂੰ ਗੋਲੀ ਮਾਰ ਦਿੱਤੀ ਹੈ।
ਉਸ ਮਿਹਰ ਸਿੰਘ ਨੂੰ ਜੱਫੀ ਪਾ ਲਈ। ਮੋਤੀ
ਰਾਮ ਤੇ ਸਤਵੰਤ ਨੇ ਜੱਫੀਆਂ ਤੋੜ ਕੇ ਉਨ੍ਹਾਂ ਨੂੰ
ਕਣਕ ਵੱਲ ਧੂਹਣਾ ਸ਼ੁਰੂ ਕਰ ਦਿੱਤਾ।
"ਛੱਡੋ ਸਾਡੇ ਹੱਥ, ਅਸੀਂ ਬੁਜ਼ਦਿਲ ਨਹੀਂ,
ਬਾਗੀ ਸੂਰਮਿਆਂ ਵਾਂਗ ਮਰਾਂਗੇ।" ਮਿਹਰ ਸਿੰਘ
ਨੇ ਝਟਕਾ ਮਾਰਿਆ। ਉਹਦੀਆਂ ਫਿੱਸੀਆਂ ਉਂਗਲਾਂ
ਵਿਚੋਂ ਪੀੜ ਵੀ ਮਰ ਚੁੱਕੀ ਸੀ।
ਸਿਪਾਹੀਆਂ ਬਾਬੇ ਨੂੰ ਛੱਡ ਦਿੱਤਾ ਅਤੇ ਮਿਹਰ
ਸਿੰਘ ਨੂੰ ਭੱਜ ਜਾਣ ਦੇ ਡਰੋਂ ਬਾਂਹ ਤੋਂ ਫੜ੍ਹੀ
ਰੱਖਿਆ। ਉਹ ਕਿੱਕਰ ਹੇਠਾਂ ਦੋਹਾਂ ਦਾ ਫੜ੍ਹਿਆ
ਫਨੀਅਰ ਨਾਗ ਵਾਂਗ ਨਾਅਰੇ ਮਾਰੀ ਜਾ ਰਿਹਾ
ਸੀ, "ਨਕਸਲਬਾੜੀ, ਜ਼ਿੰਦਾਬਾਦ! ... ਬਾਬਾ
ਮਿਰਗਿੰਦ ਜ਼ਿੰਦਾਬਾਦ...। ... ਲੋਕ ਇਨਕਲਾਬ
... ਜ਼ਿੰਦਾਬਾਦ।" ਪਿੰਡ ਦੇ ਲੋਕ ਇਹ ਨਾਅਰੇ
ਸੁਣ ਕੇ ਜਾਗ ਪਏ। ਗੋਲੀਆਂ ਚਲਣ ਤੋਂ ਉਨ੍ਹਾਂ
ਅਨੁਮਾਨ ਲਾਇਆ, ਕੋਈ ਕਾਰਾ ਹੋ ਰਿਹਾ ਹੈ।
ਗੋਲੀ ਮਾਰਨ ਲੱਗਾ ਥਾਣੇਦਾਰ ਘਬਰਾ
ਗਿਆ। ਇਹ ਲੋਕ ਮਾਰਿਆਂ ਵੀ ਮੁੱਕਣ ਵਾਲੇ
ਨਹੀਂ। ਇਤਿਹਾਸ ਦੀ ਲੜੀ, ਸ਼ਹੀਦ ਹੋਣ ਵਾਲੇ
ਸਿੰਘਾਂ ਬਾਰੇ ਉਸ ਨੂੰ ਯਾਦ ਆ ਗਈ: 'ਮਨੂੰ
ਸਾਡੀ ਦਾਤਰੀ, ਅਸੀਂ ਮਨੂੰ ਦੇ ਸੋਏ।' ਸੱਚ ਕਦੇ
ਨਹੀਂ ਮਰਦਾ ਪਰ... ਪਰ ਮੈਂ ਫਲੌਰ ਪਾਸ
ਥਾਣੇਦਾਰ ਆਂ। ਪੁਲਿਸ ਅਫਸਰ, ਜਿਸ ਉਤੇ
ਆਈ. ਜੀ. ਨੂੰ ਮਾਣ ਹੈ। ਉਹਦੀ ਮਿਹਰਬਾਨੀ
'ਤੇ ਆਹ ਕਾਰਨਾਮਾ, ਪਤਾ ਨਹੀਂ ਮੈਨੂੰ ਕੀ ਬਣਾ
ਦੇਣਗੇ। ਮੈਂ ਆਪਣੀ ਡਿਊਟੀ ਤੋਂ ਕਿਉਂ ਝਿਜਕਾਂ?
ਏਹੀ ਤਾਂ ਮੌਕੇ ਹੁੰਦੇ ਐ, ਛਾਲ ਮਾਰ ਕੇ ਸਾਥੀਆਂ
ਨੂੰ ਖਲੋਤੇ ਛੱਡ ਜਾਣ ਵਾਲੇ। ਮਾਰਖੋਰੇ ਪਸੂ ਨੇ
ਉਹਦੇ ਪਲ ਕੁ ਜਾਗੇ ਮਨੁੱਖ ਨੂੰ ਢੁੱਡ ਮਾਰ ਕੇ
ਖੋਰ ਉਤੇ ਸੁੱਟ ਦਿੱਤਾ। ਰਿਵਾਲਵਰ ਦੇ ਮੂੰਹ ਵਿਚੋਂ
ਅੱਗ ਦੀ ਲੰਮੀ ਲਾਟ ਨਿਕਲੀ ਜਿਹੜੀ ਬਾਬੇ ਦੀ
ਹਿੱਕ ਚੀਰ ਕੇ ਮਿਹਰ ਸਿੰਘ ਦੇ ਦਿਲ ਵਿਚ ਜਾ
ਖੁੱਭੀ। ਸੂਏ ਦੀ ਟਾਹਲੀ ਉਤੇ ਬੈਠੀ ਮੋਰਨੀ ਇਕ
ਵਾਰ ਹੀ ਤੜਫ ਗਈ। 'ਕਿਆ ਕੋ' ਦੀਆਂ
ਦਰਦਨਾਕ ਚੀਕਾਂ ਨੇ ਅਸਮਾਨ ਪਾੜਨਾ ਲਿਆ।
ਸੁਣਨ ਵਾਲੇ ਕਾਮੇ ਕਿਸਾਨ ਨੂੰ ਲੱਗਾ, ਜਿਵੇਂ
ਵਿਚਾਰੀ ਦੇ ਬੱਚਿਆਂ ਨੂੰ ਬਿੱਲੇ ਨੇ ਹੜੱਪ ਲਿਆ
ਹੈ। ਬਾਬਾ ਪਹਿਲੀ ਗੋਲੀ ਨਾਲ ਹੀ 'ਇਨਕਲਾਬ
ਜ਼ਿੰਦਾਬਾਦ' ਪੁਕਾਰਦਾ ਮੂਧਾ ਡਿੱਗ ਪਿਆ। ਉਹਦੇ
ਤੱਤੇ ਨਾਅਰੇ ਸਿਸਕੀਆਂ ਵਿਚ ਠੰਢੇ ਹੁੰਦੇ ਗਏ।
ਮਿਹਰ ਸਿੰਘ ਦੀ ਛਾਤੀ ਵਿਚੋਂ ਅੰਨ੍ਹੇ ਹੋਏ ਸਵਰਨ
ਸਿੰਘ ਨੇ ਬਾਕੀ ਬਚਦੀਆਂ ਸਾਰੀਆਂ ਗੋਲੀਆਂ ਕੱਢ
ਦਿੱਤੀਆਂ। ਖੂਨ ਦੇ ਫਵਾਰਿਆਂ ਕਾਲੀ ਵਿਧਵਾ ਰਾਤ
ਨੂੰ ਮੁੜ ਸੁਹਾਗਣ ਬਣਾ ਦਿਤਾ। ਨਾਅਰਿਆਂ ਦੀ
ਥਾਂ ਵਗਦੇ ਲਹੂ ਨੇ ਆ ਮੱਲੀ। ਖੇਤਾਂ ਦੀ ਹਰਿਆਲੀ
ਦਮ ਦਾ ਦਮ ਪੀਲੀ ਪੈ ਗਈ। ਕਣਕ ਦੇ ਦੁਧਲੇ
ਸਿੱਟਿਆਂ ਘੁੰਡ ਮੋੜ ਲਏ ਅਤੇ ਪੱਤਿਆਂ
'ਛਮਾਛਮ' ਅੱਥਰੂ ਸੁੱਟਣੇ ਸ਼ੁਰੂ ਕਰ ਦਿੱਤੇ। ਇਸ
ਕਹਿਰ ਦਾ ਭਾਰ ਚੁਕਣੋਂ ਧਰਤੀ ਡੋਲ ਖਲੋਤੀ।
ਪੁਲਿਸ ਦੀ ਦਹਿਸ਼ਤ ਕਾਰਨ ਲੋਕ ਕੁਸਕੇ ਤੱਕ
ਨਹੀਂ।
ਕਿੰਨੀਆਂ ਹੀ ਰਾਈਫਲਾਂ ਅੱਗ ਉਗਲੀ ਪਰ
ਮਿਹਰ ਸਿੰਘ ਦੀ ਦੋਸਤ ਰਾਈਫਲ ਕੇਵਲ ਹੌਲ
ਕੇ ਰਹਿ ਗਈ। ਦੋਸਤ ਸਿਪਾਹੀ ਦੇ ਜੀ ਵਿਚ ਆਈ
ਕਿ ਥਾਣੇਦਾਰ ਨੂੰ ਥਾਂਏਂ ਉਡਾ ਕੇ ਸਹੀ ਮੁਕਾਬਲਾ
ਬਣਾ ਦਿਆਂ ਪਰ ਦੂਜੇ ਬੁੱਚੜਾਂ ਕਾਰਨ ਉਹਦੇ ਹੱਥਾਂ
ਕੋਈ ਹਰਕਤ ਨਾ ਕੀਤੀ।
"ਤੁਸੀਂ ਏਥੇ ਪਹਿਰਾ ਦਿਓ, ਅਸੀਂ ਪਿੰਡੋਂ
ਸਰਪੰਚ ਤੇ ਲੱਛੂ ਨੂੰ ਉਠਾ ਲਿਆਈਏ।" ਥਾਣੇਦਾਰ
ਦੋ ਸਿਪਾਹੀਆਂ ਨਾਲ ਭੁਲਾਣੇ ਪਿੰਡ ਨੂੰ ਤੁਰ ਗਿਆ।
ਦੋਵੇਂ ਸ਼ਹੀਦ ਇਕ ਦੂਜੇ ਦਾ ਹੱਥ ਫੜ੍ਹੀ ਸੁੱਤੇ
ਪਏ ਸਨ। ਹਾਲੇ ਵੀ ਵਗਦਾ ਲਹੂ ਇਕ ਸਿਆੜ
ਪਿਛੋਂ ਦੂਜੇ ਨੂੰ ਸਿੰਜਣਾ ਸ਼ੁਰੂ ਕਰ ਦਿੰਦਾ। ਲਹੂ ਦੇ
ਹੰਝੂ ਚੁਕੀ 'ਵਾ, ਪਾਲਾਂ ਬੰਨ੍ਹ ਕੇ ਖੇਤ ਖੇਤ ਤੇ
ਪਿੰਡ ਪਿੰਡ ਫਿਰ ਨਿਕਲੀ।
('ਲਹੂ ਦੀ ਲੋਅ' ਦਾ ਇੱਕ ਕਾਂਡ)
ਪੰਜਾਬੀ ਕਹਾਣੀਆਂ (ਮੁੱਖ ਪੰਨਾ) |