ਅੰਨ੍ਹੇ ਦੇ ਹੱਥ ’ਚ ਲਾਲਟੈਣ ਮੁਹੰਮਦ ਮਨਸ਼ਾ ਯਾਦ
ਉਨ੍ਹੀਂ ਦਿਨੀਂ ਸਾਡੇ ਆਪਣੇ ਪਿੰਡ ’ਚ ਸਕੂਲ ਨਹੀਂ ਸੀ। ਮੈਨੂੰ ਕੱਚੀ-ਪਹਿਲੀ ’ਚ ਦਾਖ਼ਲ ਕਰਾਇਆ ਗਿਆ ਤਾਂ ਸਕੂਲ ਨੇੜੇ ਹੋਣ ਕਾਰਨ ਕੁਝ ਸਮਾਂ ਮੈਨੂੰ ਆਪਣੇ ਨਾਨਕੇ ਰਹਿਣਾ ਪਿਆ। ਉੱਥੇ ਨਾਲ ਦੇ ਪਿੰਡੋਂ ਇੱਕ ਅੰਨ੍ਹਾ ਵਿਅਕਤੀ ਬਾਬਾ ਅਹਿਮਦ ਉਰਫ਼ ਅਹਿਮਾਂ ਸਵੇਰੇ-ਸ਼ਾਮ ਮਾਮਾ ਜੀ ਤੋਂ ਕੁਰਾਨ-ਪਾਕ ਦਾ ਪਾਠ ਲੈਣ ਆਉਂਦਾ ਸੀ। ਉਹ ਜਿੰਨਾ ਸੁਣ ਕੇ ਜਾਂਦਾ, ਸ਼ਾਮ ਨੂੰ ਸੁਣਾ ਕੇ ਅਗਲਾ ਪਾਠ ਲੈ ਲੈਂਦਾ। ਸ਼ਾਮ ਦੀ ਨਮਾਜ਼ ਮਗਰੋਂ ਜਦੋਂ ਉਹ ਵਾਪਸ ਆਪਣੇ ਪਿੰਡ ਜਾਣਾ ਲੱਗਦਾ ਤਾਂ ਛੋਟੀ ਮਾਸੀ ਉਹਨੂੰ ਲਾਲਟੈਣ ਬਾਲ ਕੇ ਦਿੰਦੀ, ਜਿਹਨੂੰ ਉਹ ਖੱਬੇ ਹੱਥ ’ਚ ਫੜ ਲੈਂਦਾ ਤੇ ਸੱਜੇ ਹੱਥ ’ਚ ਫੜੀ ਸੋਟੀ ਨਾਲ ਰਾਹ ਟੋਂਹਦਾ ਹੋਇਆ ਚਲਿਆ ਜਾਂਦਾ। ਮੇਰਾ ਖ਼ਿਆਲ ਸੀ, ਉਹਨੂੰ ਥੋੜ੍ਹਾ ਬਹੁਤ ਨਜ਼ਰ ਆਉਂਦਾ ਹੋਵੇਗਾ, ਪਰ ਜਦੋਂ ਪਤਾ ਲੱਗਿਆ ਕਿ ਉਹ ਜਨਮ ਤੋਂ ਅੰਨ੍ਹਾ ਹੈ ਤੇ ਉਹਨੂੰ ਕੁਝ ਵੀ ਨਹੀਂ ਸੀ ਵਿਖਾਈ ਨਹੀਂ ਦਿੰਦਾ ਤਾਂ ਮੈਨੂੰ ਉਹਦੇ ਲਾਲਟੈਨ ਹੱਥ ’ਚ ਲੈ ਕੇ ਚੱਲਣ ’ਤੇ ਬੜੀ ਹੈਰਾਨੀ ਹੋਈ। ਇੱਕ ਦਿਨ ਨਿੱਕੀ ਮਾਸੀ ਤੋਂ ਉਸ ਬਾਰੇ ਪੁੱਛਿਆ ਤਾਂ ਕਹਿਣ ਲੱਗੀ, ‘‘ਉਸ ਸਮੇਂ ਪਿੰਡ ਦੇ ਰਾਹ ’ਤੇ ਲੋਕਾਂ ਦੀ ਖਾਸੀ ਆਵਾਜਾਈ ਹੁੰਦੀ ਹੈ। ਮਾਲ-ਡੰਗਰ, ਟਾਂਗੇ ਤੇ ਗੱਡੇ ਵੀ ਚੱਲਦੇ ਹਨ ਤੇ ਲੁਕਣ-ਮੀਟੀ ਖੇਡਣ ਵਾਲੇ ਮੁੰਡੇ ਵੱਖਰਾ ਹੁਡ਼ਦੰਗ ਮਚਾਈ ਰੱਖਦੇ ਹਨ। ਬਾਬਾ ਅਹਿਮਾਂ ਲਾਲਟੈਣ ਇਸ ਲਈ ਹੱਥ ’ਚ ਰੱਖਦਾ ਹੈ ਕਿ ਦੂਜੇ ਉਸ ਨਾਲ ਟਕਰਾ ਨਾ ਜਾਣ।’’
(ਅਨੁਵਾਦ: ਸੁਰਜੀਤ)
ਪੰਜਾਬੀ ਕਹਾਣੀਆਂ (ਮੁੱਖ ਪੰਨਾ) |