Guru Gobind Singh Ji
ਗੁਰੂ ਗੋਬਿੰਦ ਸਿੰਘ ਜੀ

Punjabi Writer
  

Zafarnama Guru Gobind Singh Ji

ਜ਼ਫ਼ਰਨਾਮਹ ਅਨੁਵਾਦਕ ਅਵਤਾਰ ਸਿੰਘ ਆਜ਼ਾਦ

ਜ਼ਫ਼ਰਨਾਮਹ

ਜ਼ਫ਼ਰਨਾਮਹ ਦੇ ਅਰਥ ਜਿੱਤ ਦੀ ਚਿੱਠੀ ਹਨ, ਜੋ ਗੁਰੂ ਜੀ ਨੇ ਔਰੰਗਜ਼ੇਬ ਨੂੰ ਲਿਖੀ ਸੀ ।
ਜ਼ਫ਼ਰਨਾਮਹ ਵਿੱਚ ਕੁਲ ਬਾਰਾਂ ਹਿਕਾਯਤਾਂ ਮਿਲਦੀਆਂ ਹਨ । ਜੋ ਵਿਦਵਾਨ ਜ਼ਫ਼ਰਨਾਮਹ
ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਦੇ ਹਨ, ਉਨ੍ਹਾਂ ਵਿੱਚੋਂ ਵੀ ਬਹੁਤੇ ਕੇਵਲ ਪਹਿਲੀ
ਹਿਕਾਯਤ ਨੂੰ ਹੀ ਉਨ੍ਹਾਂ ਦੀ ਰਚਨਾ ਮੰਨਦੇ ਹਨ । ਸੋ ਅਸੀਂ ਵੀ ਕੇਵਲ ਪਹਿਲੀ ਹਿਕਾਯਤ
ਦਾ ਹੀ ਅਨੁਵਾਦ ਦੇ ਰਹੇ ਹਾਂ ।

ੴਹੁਕਮ ਸੱਤਿ
ਸ੍ਰੀ ਵਾਹਿਗੁਰੂ ਜੀ ਕੀ ਫ਼ਤਹ ॥
ਸ੍ਰੀ ਮੁਖਵਾਕ ਪਾਤਿਸ਼ਾਹੀ ੧੦॥
ਮੰਗਲਾ ਚਰਨ

ਕਮਾਲਿ ਕਰਾਮਾਤ ਕਾਯਮ ਕਰੀਮ ॥
ਰਜ਼ਾ ਬਖ਼ਸ਼ੋ ਰਾਜ਼ਿਕ ਰਿਹਾਕੁਨ ਰਹੀਮ ॥੧॥

ਕਾਮਲ, ਕਾਇਮ, ਦਾਇਮ ਦਾਤਾ, ਕਰਾਮਾਤ ਭੰਡਾਰਾ ।
ਖ਼ੁਸ਼ੀਆਂ, ਰਿਜ਼ਕ ਤੇ ਮੁਕਤੀ ਦੇਵੇ, ਜਗ ਨੂੰ ਸਿਰਜਨਹਾਰਾ ।

ਅਮਾਂ ਬਖ਼ਸ਼ ਬਖ਼ਸ਼ਿੰਦਹ ਓ ਦਸਤਗੀਰ ॥
ਖ਼ਤਾ ਬਖ਼ਸ਼ ਰੋਜ਼ੀ ਦਿਹੋ ਦਿਲ ਪਜ਼ੀਰ ॥੨॥

ਸ਼ਾਂਤੀ ਦਾਤਾ ਦਯਾ ਪੁੰਜ ਹੈ, ਹਰ ਇਕ ਦੀ ਬਾਂਹ ਫੜਦਾ ।
ਰੋਜ਼ੀ ਹੁਕਮ ਦੇਣ ਜਦ ਲਗਦਾ, ਵਿਤਕਰਾ ਮੂਲ ਨਾ ਕਰਦਾ ।

ਸ਼ਹਿਨਸ਼ਾਹਿ ਖ਼ੂਬੀ ਦਿਹੋ ਰਹਨਮੂੰ ॥
ਕਿ ਬੇਗ਼ੂੰਨੋ ਬੇਚੂੰਨੋ ਚੂੰ ਬੇਨਮੂੰ ॥੩॥

ਸ਼ਾਹਨਸ਼ਾਹ, ਗੁਣ ਦਾਤਾ ਦਯਾਲੂ ਧਰਮ ਦਾ ਰਾਹ ਵਿਖਾਵੇ ।
ਤੇ ਖ਼ੁਦ ਰੰਗਾਂ, ਚਿਹਨ ਚੱਕਰਾਂ ਦੇ ਵਿਚ ਕਦੇ ਨਾ ਆਵੇ ।

ਨ ਸਾਜ਼ੋ ਨ ਬਾਜ਼ੋ ਨ ਫ਼ੌਜੋ ਨ ਫ਼ਰਸ਼ ॥
ਖ਼ੁਦਾਵੰਦ ਬਖ਼ਸ਼ਿੰਦਹਿ ਐਸ਼ਿ ਅਰਸ਼ ॥੪॥

ਸ਼ਾਜ਼ ਵਾਜ਼ ਤੇ ਫੌਜ ਫ਼ਰਸ਼ ਤੋਂ ਰਹਿ ਕੇ ਸਦਾ ਉਚੇਰਾ ।
ਸਵਰਗੀ ਸੁਖ ਦੇਵੇ ਬੰਦੇ ਨੂੰ, ਸਜਨ ਸੁਹੇਲਾ ਮੇਰਾ ।

ਜਹਾਂ ਪਾਕੋ ਜ਼ਬਰਸਤ ਜ਼ਾਹਿਰ ਜ਼ਹੂਰ ॥
ਉਜ਼ਾਮੀ ਦਿਹੋ ਹਮ ਚੁ ਹਾਜ਼ਿਰ ਹਜ਼ੂਰ ॥੫॥

ਜ਼ੋਰਾਵਰ ਦੁਨੀਆਂ ਤੋਂ ਨਿਆਰਾ, ਸਦਾ ਹਜ਼ੂਰ ਪਿਆਰਾ ।
ਖੁਲ੍ਹੀਆਂ ਦਾਤਾਂ ਦੇ ਦੇ ਵਿਗਸੇ, ਕਰਕੇ ਐਡ ਪਸਾਰਾ ।

ਅਤਾ ਬਖ਼ਸ਼ੋ ਪਾਕ ਪਰਵਰਦਿਗਾਰ ॥
ਰਹੀਮ ਅਸਤ ਰੋਜ਼ੀ ਦਿਹੇ ਹਰ ਦਿਯਾਰ ॥੬॥

ਸਦਾ ਪਵਿਤਰ ਤੇ ਪਰੀ ਪੂਰਨ, ਜਗ ਦਾ ਪਾਲਣ ਹਾਰਾ ।
ਮਹਾਂ ਦਿਆਲੂ ਸਭ ਵਿੱਚ ਵੱਸ ਕੇ, ਫਿਰ ਭੀ ਰਹੇ ਨਿਆਰਾ ।

ਕਿ ਸਾਹਿਬ ਦਿਯਾਰ ਅਸਤੋ ਆਜ਼ਮ ਅਜ਼ੀਮ ॥
ਕਿ ਹੁਸਨੁਲ ਜਮਾਲ ਅਸਤੋ ਰਾਜ਼ਕ ਰਹੀਮ ॥੭॥

ਖੰਡਾਂ ਬ੍ਰਹਿਮੰਡਾਂ ਦਾ ਮਾਲਿਕ, ਵੱਡਾ ਵੱਡਿਆਂ ਨਾਲੋਂ ।
ਸੋਹਣਾ, ਬਖ਼ਸ਼ਿਸ਼ ਦਾ ਭੰਡਾਰਾ, ਪਰੇ ਅਸਾਡੇ ਖ਼ਿਆਲੋਂ ।

ਕਿ ਸਾਹਿਬ ਸ਼ਊਰ ਅਸਤ ਆਜਿਜ਼ ਨਿਵਾਜ਼ ॥
ਗ਼ਰੀਬੁਲ ਪ੍ਰਸਤੋ ਗ਼ਨੀਮੁਲ ਗੁਦਾਜ਼ ॥੮॥

ਵਡ ਦਾਨਾ, ਪ੍ਰਿਤ ਪਾਲਿਕ ਸਭ ਦਾ, ਗ਼ਰੀਬ ਨਿਵਾਜ਼ ਸੁਜਾਨਾ ।
ਰੰਕਾਂ ਨੂੰ ਪੂਜੇ, ਸਖ਼ਤਿਆਂ ਨੂੰ, ਸੋਧੇ ਬਣ ਮਰਦਾਨਾ ।

ਸ਼ਰੀਅਤ ਪ੍ਰਸਤੋ ਫ਼ਜ਼ੀਲਤ ਮ-ਆਬ ॥
ਹਕੀਕਤ ਸ਼ਨਾਸੋ ਨਬੀਉਲ ਕਿਤਾਬ ॥੯॥

ਧਰਮ ਪਾਲ, ਸੋਭਾ ਦਾ ਸੋਮਾ, ਕਰਦਾ ਸਦਾ ਉਜਾਲਾ ।
ਅਸਲੀਅਤ ਨੂੰ ਜਾਨਣ ਵਾਲਾ, ਨਬੀ ਕਿਤਾਬਾਂ ਵਾਲਾ ।

ਕਿ ਦਾਨਿਸ਼ ਪਿਯੂਹ ਅਸਤ ਸਾਹਿਬ ਸ਼ਊਰ ॥
ਹਕੀਕਤ ਸ਼ਨਾਸ ਅਸਤੋ ਜ਼ਾਹਰ ਜ਼ਹੂਰ ॥੧੦॥

ਦਾਨਾਈ ਨੂੰ ਲੱਭਣ ਵਾਲਾ, ਅਕਲ ਸ਼ਊਰਾਂ ਵਾਲਾ ।
ਪ੍ਰਗਟ ਹੋ ਕੇ ਸਚ ਸਿਆਣੇ, ਉਹ ਅਵਧੂਤ ਨਿਰਾਲਾ ।

ਸ਼ਨਾਸਿੰਦਹ-ਏ-ਇਲਮਿ ਆਲਮ ਖ਼ਦਾਇ ॥
ਕੁਸ਼ਾਇੰਦਹ-ਏ ਕਾਰਿ ਆਲਮ ਕੁਸ਼ਾਇ ॥੧੧॥

ਬ੍ਰਹਿਮੰਡਾਂ ਦਾ ਇਲਮ ਓਸ ਨੂੰ ਹੈ ਕਰਨੀ ਦਾ ਪੂਰਾ ।
ਸਾਰੇ ਜੱਗ ਦੀ ਕਾਰ ਕਰ ਰਿਹਾ, ਕਿਸੇ ਨਾ ਗੱਲੋਂ ਊਰਾ ।

ਗੁਜ਼ਾਰਿੰਦਹ-ਏ-ਕਾਰਿ ਆਲਮ ਕਬੀਰ ॥
ਸ਼ਨਾਸਿੰਦਹ-ਏ-ਇਲਮਿ ਆਲਮ ਅਮੀਰ ॥੧੨॥

ਸਭ ਤੋਂ ਵੱਡਾ, ਸਭ ਨੂੰ ਪਾਲੇ, ਸਭ ਲਈ ਰਿਜ਼ਕ ਪੁਚਾਵੇ ।
ਐਡਾ ਆਲਿਮ ਕਿ ਹਰ ਦਿਲ ਦੀ ਥਾਹ ਅੰਤਲੀ ਪਾਵੇ ।

ੴਸ੍ਰੀ ਵਾਹਿਗੁਰੂ ਜੀ ਕੀ ਫ਼ਤਹ ॥
ਦਾਸਤਾਨ ॥ ਹਿਕਾਯਤ ਪਹਿਲੀ ॥

ਮਰਾ ਏਤਬਾਰੇ ਬਰੀਂ ਕਸਮ ਨੇਸਤ ॥
ਕਿ ਏਜ਼ਦ ਗਵਾਹ ਅਸਤੋ ਯਜ਼ਦਾਂ ਯਕੇਸਤ ॥੧੩॥

ਏਸ ਕਸਮ ਦਾ ਰਤੀ ਵੀ ਮੈਨੂੰ ਨਾ ਇਤਬਾਰ ।
ਸਾਖੀ ਮੇਰੀ ਗੱਲ ਦਾ ਇਕ ਸੱਚਾ ਕਰਤਾਰ ।

ਨ ਕਤਰਹ ਮਰਾ ਏਤਬਾਰੇ ਬਰੋਸਤ ॥
ਕਿ ਬਖ਼ਸ਼ੀਉ ਦੀਵਾਂ ਹਮਹ ਕਿਜ਼ਬਗੋਸਤ ॥੧੪॥

ਮੇਰੇ ਬੇਇਤਬਾਰ ਦਾ ਕਾਰਨ ਇਹ ਸਰਕਾਰ ।
ਕਿਉਂਕਿ ਝੂਠਾ ਤੁਸਾਂ ਦਾ ਹੈ ਸਾਰਾ ਦਰਬਾਰ ।

ਕਸੇ ਕਉੋਲਿ ਕੁਰਆਂ ਕੁਨਦ ਏਤਬਾਰ ॥
ਹਮਾਂ ਰੋਜ਼ਿ ਆਖ਼ਿਰ ਸ਼ਵਦ ਮਰਦ ਖ਼੍ਵਾਰ ॥੧੫॥

ਜਿਸ ਨੇ ਕਸਮ ਕੁਰਾਨ ਤੇ ਹੈ ਕੀਤਾ ਇਤਬਾਰ ।
ਆਖ਼ਿਰ ਹੁੰਦਾ ਵੇਖਿਆ, ਮੈਂ ਉਸੇ ਨੂੰ ਖ਼ੁਆਰ ।

ਹੁਮਾ ਰਾ ਕਸੇ ਸਾਯਹ ਆਯਦ ਬਜ਼ੇਰ ॥
ਬਰੋ ਦਸਤ ਦਾਰਦ ਨ ਜ਼ਾਗੇ ਦਲੇਰ ॥੧੬॥

ਪਰ ਜਿਸ ਮਰਦ ਹੁਮਾ ਦੀ ਹੈ ਮਾਣੀ ਪਲ ਛਾਉਂ ।
ਕਦ ਪੰਜਾ ਪਾ ਸਕਦਾ ਉਸ ਨੂੰ ਕਾਲਾ ਕਾਉਂ ।

ਕਸੇ ਪੁਸ਼ਤ ਉਫ਼ਤਦ ਪਸੇ ਸ਼ੇਰਿ ਨਰ ॥
ਨ ਗੀਰਦ ਬੁਜ਼ੋ ਮੇਸ਼ੋ ਆਹੂ ਗੁਜ਼ਰ ॥੧੭॥

ਜਿਹੜਾ ਸ਼ੇਰ ਦਲੇਰ ਦੀ ਲੈਂਦਾ ਆਣ ਪਨਾਹ ।
ਉਸ ਨੂੰ ਹੁੰਦੀ ਹੈ ਕਦੋਂ ਇਜੜਾਂ ਦੀ ਪਰਵਾਹ ।

ਕਸਮ ਮੁਸਹਫੇ ਖੁਫ਼ੀਯਹ ਗਰ ਈਂ ਖ਼ਰਮ ॥
ਨ ਫ਼ਉਜੇ ਅਜ਼ੀਂ ਜ਼ੇਰਿ ਸੁਮ ਅਫ਼ਗਨਮ ॥੧੮॥

ਜੇ ਮੈਂ ਲੁਕ ਵੀ ਦੇਂਵਦਾ ਜ਼ਾਮਨ ਪਾਕ ਕਲਾਮ ।
ਏਥੇ ਸੁਮ ਵੀ ਧਰਨ ਦਾ ਫੌਜ ਨਾ ਲੈਂਦੀ ਨਾਮ ।

ਗੁਰਸਨਹ ਚਿਹ ਕਾਰੇ ਚਿਹਲ ਨਰ ॥
ਕਿ ਦਹ ਲਕ ਬਰਾਯਦ ਬਰੋ ਬੇਖ਼ਬਰ ॥੧੯॥

ਭੁਖੇ ਚਾਲੀ ਆਦਮੀ ਕੀ ਦਿਖਲਾਂਦੇ ਤਾਣ ।
ਜਦ ਬਿਨ ਦੱਸੇ ਉਨ੍ਹਾਂ ਤੇ ਦਸ ਲਖ ਚੜ੍ਹੇ ਜਵਾਨ ।

ਕਿ ਪੈਮਾਂ ਸ਼ਿਕਨ ਬੇਦਰੰਗ ਆਮਦੰਦ ॥
ਮਿਯਾਂ ਤੇਗ਼ੋ ਤੀਰੋ ਤੁਫ਼ੰਗ ਆਮਦੰਦ ॥੨੦॥

ਸਹੁੰ ਤੋੜੀ, ਹਥਿਆਰ ਲੈ ਕੁੱਦੇ ਵਿੱਚ ਮਦਾਨ ।
ਹੱਥੀਂ ਤੇਗ਼ਾਂ ਸੂਤੀਆਂ, ਗੋਲੀਆਂ ਤੀਰ ਵਸਾਣ ।

ਬ ਲਾਚਾਰਗੀ ਦਰਮਿਯਾਂ ਆਮਦਮ ॥
ਬ ਤਦਬੀਰਿ ਤੀਰੋ ਤੁਫ਼ੰਗ ਆਮਦਮ ॥੨੧॥

ਹੋ ਕੇ ਅਤਿ ਲਾਚਾਰ ਮੈਂ ਜੰਗੀ ਸਾਜ ਸਜਾਇ ।
ਉਡਣੇ ਰੱਤ ਵਿੱਚ ਡੁਬਣੇ ਧਨੁਖੇ ਲਏ ਚੜ੍ਹਾਇ ।

ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ ॥੨੨॥

ਜਦ ਹੀਲੇ ਇਨਸਾਫ਼ ਲਈ ਸਭੇ ਹੀ ਮੁੱਕ ਜਾਣ ।
ਤਦੋਂ ਹਲਾਲ ਏ ਤੇਗ਼ ਦਾ ਦੇਣਾ ਤੋੜ ਮਿਆਨ ।

ਚਿਹ ਕਸਮੇ ਕੁਰਆਂ ਮਨ ਕੁਨਮ ਏਤਬਾਰ ॥
ਵਗਰਨਹ ਤੁ ਗੋਈ ਮਨ ਈਂ ਰਹ ਚਿਹਕਾਰ ॥੨੩॥

ਕੀ ਫਿਰ ਕਸਮ ਕੁਰਾਨ ਤੇ ਮੈਂ ਕਰਦਾ ਇਤਬਾਰ ।
ਤੇ ਮੇਰੇ ਲਈ ਰਹਿ ਗਿਆ ਹੈਸੀ ਹੋਰ ਵਿਹਾਰ ।

ਨ ਦਾਨਮ ਕਿ ਈਂ ਮਰਦਿ ਰੋਬਾਹ ਪੇਚ ॥
ਗਰ ਹਰਗਿਜ਼ੀਂ ਰਹ ਨਯਾਰਦ ਬਹੇਚ ॥੨੪॥

ਪਤਾ ਨਾ ਲੂੰਬੜ-ਘੁਤੀਆਂ ਕਰਦਾ ਸ਼ਾਹ ਔਰੰਗ ।
ਜਾਣਦਾ ਤੇ ਤਦ ਬਦਲਦਾ, ਮੈਂ ਵੀ ਆਪਣਾ ਢੰਗ ।

ਹਰ ਆਂ ਕਸ ਕਿ ਕਉਲੇ ਕੁਰਆਂ ਆਯਦਸ਼ ॥
ਨਜ਼ੋ ਬਸਤਨੋ ਕੁਸ਼ਤਨੀ ਬਾਯਦਸ਼ ॥੨੫॥

ਸੁਣਿਆ ਕਸਮ ਕੁਰਾਨ ਦੀ ਜੋ ਵੀ ਲੈਂਦਾ ਖਾ ।
ਬੰਨ੍ਹਣਾ ਕੋਹਣਾ ਮਾਰਨਾ ਉਸ ਨੂੰ ਨਹੀਂ ਰਵਾ ।

ਬਰੰਗੇ ਮਗਸ ਸਯਾਹਪੋਸ਼ ਆਮਦੰਦ ॥
ਬ ਯਕਬਾਰਗੀ ਦਰ ਖ਼ਰੋਸ਼ ਆਮਦੰਦ ॥੨੬॥

ਮੱਖੀਆਂ ਵਾਂਗੂੰ ਕਾਲੀਆਂ ਗਲੀਂ ਵਰਦੀਆਂ ਪਾ ।
ਫੌਜਾਂ ਸ਼ਾਹੀ ਆਈਆਂ ਰਣ ਵਿੱਚ ਧੂੜ ਧੁਮਾ ।

ਹਰ ਆਂ ਕਸ ਜ਼ਿ ਦੀਵਾਰ ਆਮਦ ਬਿਰੂੰ ॥
ਬਖ਼ੁਰਦਨ ਯਕੇ ਤੀਰ ਸ਼ੁਦ ਗ਼ਰਕਿ ਖ਼ੂੰ ॥੨੭॥

ਜੇ ਕੋਈ ਛੱਡ ਫਸੀਲ ਨੂੰ ਨਿਕਲ ਆਇਆ ਬਾਹਰ ।
ਉਹੋ ਤੀਰ ਪਰੁਚ ਕੇ ਡਿੱਗਾ ਹੋ ਲਾਚਾਰ ।

ਕਿ ਬੇਰੂੰ ਨਯਾਮਦ ਕਸੇ ਜ਼ਾਂ ਦਿਵਾਰ ॥
ਨ ਖ਼ੁਰਦੰਦ ਤੀਰੋ ਨ ਗਸ਼ਤੰਦ ਖ਼ਵਾਰ ॥੨੮॥

ਪਰ ਜਿਸ ਕੱਢੀ ਸਿਰੀ ਨਾ ਛੱਡ ਕੇ ਉਹ ਦੀਵਾਰ ।
ਨਾ ਉਸ ਖਾਧਾ ਤੀਰ ਹੀ, ਤੇ ਨਾ ਹੋਇਆ ਖ਼ੁਆਰ ।

ਚੁ ਦੀਦਮ ਕਿ ਨਾਹਰ ਬਿਯਾਮਦ ਬ ਜੰਗ ॥
ਚਸ਼ੀਦਮ ਯਕੇ ਤੀਰਿ ਮਨ ਬੇਦਰੰਗ ॥੨੯॥

ਜਦ ਮੈਂ ਜੰਗ ਵਿੱਚ ਆਉਂਦਾ ਤਕਿਆ ਨਾਹਰ ਖ਼ਾਨ ।
ਉਡਿਆ ਮੇਰਾ ਤੀਰ ਤਦ ਉਸ ਦੇ ਲੈਣ ਪ੍ਰਾਣ ।

ਹਮ ਆਖ਼ਿਰ ਗੁਰੇਜ਼ਦ ਬਜਾਏ ਮੁਸਾਫ਼ ॥
ਬਸੇ ਖ਼ਾਨਹ ਖ਼ਰਦੰਦ ਬੇਰੂੰ ਗੁਜ਼ਾਫ਼ ॥੩੦॥

ਪਰ ਬੁਜ਼ਦਿਲਾਂ ਪਰੇ ਹੋ ਝਟ ਬਚਾ ਲਈ ਜਾਨ ।
ਗੱਪੀ ਜਾਪੇ ਓਸ ਦੇ ਸਾਥੀ ਕੁਲ ਪਠਾਣ ।

ਕਿ ਅਫ਼ਗਾਨ ਦੀਗਰ ਬਯਾਮਦ ਬਜੰਗ ॥
ਚੁ ਸੈਲਿ ਰਵਾਂ ਹਮਚੁ ਤੀਰੋ ਤੁਫ਼ੰਗ ॥੩੧॥

ਫਿਰ ਇਕ ਹੋਰ ਅਫ਼ਗਾਨ ਨੇ ਆ ਦਿਤੀ ਲਲਕਾਰ ।
ਸ਼ੂਕੀ ਵਾਂਗ ਤੂਫ਼ਾਨ ਦੇ ਤੀਰਾਂ ਦੀ ਬੁਛਾੜ ।

ਬਸੇ ਹਮਲਹ ਕਰਦੰਦ ਬ ਮਰਦਾਨਗੀ ॥
ਹਮ ਅਜ਼ ਹੋਸ਼ਗੀ ਹਮ ਜ਼ਿ ਦੀਵਾਨਗੀ ॥੩੨॥

ਹੱਲੇ ਕਰ ਕਰ ਕੇ ਵਧੇ ਉਹ ਮਰਦਾਨਾ ਵਾਰ ।
ਹੋਸ਼ ਸਿਆਣਪ ਜੋਸ਼ ਦਾ ਨਾ ਕੋਈ ਹੱਦ ਸ਼ੁਮਾਰ ।

ਬਸੇ ਹਮਲਹ ਕਰਦੋ ਬਸੇ ਜ਼ਖ਼ਮ ਖ਼ਰਦ ॥
ਦੋ ਕਸ ਰਾ ਬਜਾਂ ਕਸ਼ਤ ਹਮ ਜਾਂ ਸਪੁਰਦ ॥੩੩॥

ਹੱਲੇ ਵੀ ਅਣਗਿਣਤ ਸਨ, ਘਾਓ ਵੀ ਸਨ ਢੇਰ ।
ਓਸ ਜੰਗ ਵਿੱਚ ਜੂਝ ਗਏ ਦੋ ਅਣਖੀਲੇ ਸ਼ੇਰ ।

ਕਿ ਆਂ ਖ਼ਵਾਜਹ ਮਰਦੂਦ ਸਾਯਹ ਦੀਵਾਰ ॥
ਨਯਾਮਦ ਬ ਮੈਦਾਂ ਬ ਮਰਦਾਨਹ ਵਾਰ ॥੩੪॥

ਕਰਕੇ ਉਹਲਾ ਕੰਧ ਦਾ ਜੇ ਖ਼ਾਜਾ ਮੁਰਦਾਰ ।
ਲੁਕਦਾ ਨਾ ਤੇ ਆਉਂਦਾ ਪਿੜ ਮਰਦਾਨਾ ਵਾਰ ।

ਦਰੇਗ਼ਾ ਅਗਰ ਰੂਇ ਓ ਦੀਦਮੇ ॥
ਬ ਯਕ ਤੀਰ ਲਾਚਾਰ ਬਖ਼ਸ਼ੀਦਮੇ ॥੩੫॥

ਤਦ ਫਿਰ ਮੈਂ ਵੀ ਬਖ਼ਸ਼ਦਾ ਉਸ ਨੂੰ ਐਸਾ ਤੀਰ ।
ਜਿਹੜਾ ਉਸ ਦੇ ਟੁਕੜੇ ਪਲ ਵਿਚ ਜਾਂਦਾ ਚੀਰ ।

ਹਮ ਆਖ਼ਿਰ ਬਸੇ ਜ਼ਖ਼ਮਿ ਤੀਰੋ ਤੁਫ਼ੰਗ ॥
ਦੋ ਸੂਏ ਬਸੇ ਕੁਸ਼ਤਹ ਸ਼ੁਦ ਬੇਦਰੰਗ ॥੩੬॥

ਹੋਣ ਕਮਾਨਾਂ ਦੋਹਰੀਆਂ ਪਏ ਸ਼ੁੰਕਾਰਨ ਤੀਰ ।
ਜੂਝਣ ਡਿਗਣ ਧਰਤ ਤੇ ਤੜਫ ਦੁਵੱਲੋਂ ਬੀਰ ।

ਬਸੇ ਬਾਰ ਬਾਰੀਦ ਤੀਰੋ ਤੁਫ਼ੰਗ ॥
ਜ਼ਿਮੀ ਗਸ਼ਤ ਹਮ ਚੂੰ ਗੁਲੇ ਲਾਲਹ ਰੰਗ ॥੩੭॥

ਬਾਣਾਂ ਦੀ ਬਰਖਾ ਵਹੇ, ਤੋੜਨ ਗੋਲੀਆਂ ਹੱਡ ।
ਰਹੇ ਨੇ ਬਿਦ ਬਿਦ ਸੂਰਮੇ ਇਕ ਦੂਜੇ ਨੂੰ ਵੱਢ ।

ਸਰੋਪਾਇ ਅੰਬੋਹ ਚੰਦਾ ਸ਼ੁਦਹ ॥
ਕਿ ਮੈਦਾਂ ਪੁਰ ਅਜ਼ ਗੂਓ ਚੌਗਾਂ ਸ਼ੁਦਹ ॥੩੮॥

ਸਿਰ, ਧੜ, ਕਟੇ ਅੰਗ ਪਏ ਉਸਰੇ ਚਾਰ ਚੁਫੇਰ ।
ਖਿਦੋ ਖੂਡੀਆਂ ਦਾ ਜਿਵੇਂ ਰਣ ਵਿੱਚ ਲੱਗਾ ਢੇਰ ।

ਤਰੰਕਾਰਿ ਤੀਰੋ ਤਫੰਗਿ ਕਮਾਂ ॥
ਬਰਾਮਦ ਯਕੇ ਹਾਓ ਹੂ ਅਜ਼ ਜਹਾਂ ॥੩੯॥

ਸਰ ਸਰ ਤੀਰ ਤੜਾਕ ਰਹੇ, ਕੜਕੜ ਕਰਨ ਕਮਾਨ ।
ਜਿਸ ਨੂੰ ਤਕ ਕੇ ਕਰ ਰਿਹਾ, ਹਾਹਾ ਕਾਰ ਜਹਾਨ ।

ਦਿਗਰ ਸ਼ੋਰਸ਼ਿ ਕੈਬਰਿ ਕੀਨਹ ਕੋਸ਼ ॥
ਜ਼ਿ ਮਰਦਾਨਿ ਮਰਦਾਂ ਬਿਰੂੰ ਰਫ਼ਤ ਹੋਸ਼ ॥੪੦॥

ਮਹਾਂ ਪ੍ਰਲੋ ਦੇ ਵਾਂਗ ਕੁਈ ਮੱਚੀ ਸ਼ੋਰ ਸ਼ਰਾਰ ।
ਜਿਸ ਨੇ ਦਿਤੀ ਯੋਧਿਆਂ ਦੀ ਕੁਲ ਹੋਸ਼ ਵਿਸਾਰ ।

ਹਮ ਆਖ਼ਿਰ ਚਿਹ ਮਰਦੀ ਕੁਨਦ ਕਾਰਜ਼ਾਰ ॥
ਕਿ ਬਰ ਚਿਹਲ ਤਨ ਆਯਦਸ਼ ਬੇ ਸ਼ੁਮਾਰ ॥੪੧॥

ਦੱਸ ਵਿਖਾਂਦੇ ਕੀ ਭਲਾ ਉਹ ਸਿੰਘ ਆਪਣਾ ਤਾਣ ।
ਜਦ ਕਿ ਚਾਲੀਆਂ ਤੇ ਚੜ੍ਹੇ ਲਖਾਂ ਮੁਗਲ ਪਠਾਣ ।

ਚਰਾਗ਼ਿ ਜਹਾਂ ਚੂੰ ਸ਼ੁਦਹ ਬੁਰਕਹ ਪੋਸ਼ ॥
ਸ਼ਹਿ ਸ਼ਬ ਬਰਾਮਦ ਹਮਹ ਜਲਵਹ ਜੋਸ਼ ॥੪੨॥

ਸੂਰਜ ਬੁਰਕਾ ਪਹਿਨਿਆ ਜਾ ਅਸਤਾਚਲ ਵਲ
ਜਲਵੇ ਸੁਟਦੀ ਰਾਤ ਨੇ ਲਿਆ ਸਿੰਘਾਸਨ ਮੱਲ ।

ਹਰ ਆਂਕਸ ਬਕਉਲੇ ਕੁਹਾਂ ਆਯਦਸ਼ ॥
ਕਿ ਯਜ਼ਦਾਂ ਬਰੋ ਰਹਿਨੁਮਾ ਆਯਦਸ਼ ॥੪੩॥

ਮੈਂ ਸੁਣਿਆ ਜੋ ਖਾ ਲਵੇ ਮੁੱਖੋਂ ਕਸਮ ਕੁਰਾਨ ।
ਉਸ ਦਾ ਆਗੂ ਖ਼ੁਦ ਬਣੇ ਉਹ ਸੱਚਾ ਰਹਿਮਾਨ ।

ਨ ਪੇਚੀਦਹ ਮੂਏ ਨ ਰੰਜੀਦਹ ਤਨ ॥
ਕਿ ਬੇਰੂੰ ਖ਼ੁਦ ਆਵੁਰਦ ਦੁਸ਼ਮਨ ਸ਼ਿਕਨ ॥੪੪॥

ਵਿੰਗਾ ਵਾਲ ਨਾ ਹੋਇਆ, ਜਿਸਮ ਨਾ ਮੰਨੀ ਹਾਰ ।
ਭਾਜੜ ਪੈ ਗਈ ਆਪ ਹੀ ਲਸ਼ਕਰ ਦੇ ਵਿਚਕਾਰ ।

ਨ ਦਾਨਮ ਕਿ ਈਂ ਮਰਦਿ ਪੈਮਾਂ ਸ਼ਿਕਨ ॥
ਕਿ ਦਉਲਤ ਪਰਸਤ ਅਸਤੋ ਈਂਮਾ ਫ਼ਿਕਨ ॥੪੫॥

ਮੈਨੂੰ ਪਤਾ ਨਾ ਮਰਦ ਇਹ ਸਹੁੰ ਖਾ ਕੇ ਫਿਰ ਜਾਇ ।
ਮਾਇਆ ਪਿਛੇ ਧਰਮ ਨੂੰ ਦੇਣੋਂ ਨਾ ਸ਼ਰਮਾਇ ।

ਨ ਈਮਾਂ ਪਰਸਤੀ ਨ ਅਉਜ਼ਾਇ ਦੀਂ ॥
ਨ ਸਾਹਿਬ ਸ਼ਨਾਸੀ ਨ ਮੁਹੱਮਦ ਯਕੀਂ ॥੪੬॥

ਪਰ ਐਸੇ ਬੇਦੀਨ ਨੂੰ, ਹਰ ਥਾਂ ਧੱਕੇ ਪੈਣ ।
ਰੱਬ ਤੇ ਨਬੀ ਨਾ ਭੁਲ ਵੀ ਨੇੜੇ ਢੁਕਣ ਦੇਣ ।

ਹਰਆਂਕਸ ਕਿ ਈਮਾਂ ਪਰਸਤੀ ਕੁਨਦ ॥
ਨ ਪੈਮਾਂ ਖ਼ੁਦਸ਼ ਪੇਸ਼ੋ ਪਸਤੀ ਕੁਨਦ ॥੪੭॥

ਜੋ ਪ੍ਰੇਮੀ ਹੈ ਧਰਮ ਦਾ, ਤੇ ਪ੍ਰਣ ਤੋੜ ਨਿਭਾਇ ।
ਉਹ ਨਾ ਹਾਰੇ ਸਿਦਕ ਤੋਂ, ਸਿਰ ਜਾਇ ਤਾਂ ਜਾਇ ।

ਕਿ ਈਂ ਮਰਦ ਰਾ ਜ਼ੱਰਹ ਏਤਬਾਰ ਨੇਸਤ ॥
ਕਿ ਕਸਮੇ ਕੁਰਾਨਸਤੁ ਯਜ਼ਦਾਂ ਯਕੇਸਤ ॥੪੮॥

ਮੈਂ ਖਾ ਕੇ ਸਹੁੰ ਰੱਬ ਦੀ, ਸਾਖੀ ਤੇ ਕੁਰਆਨ ।
ਆਖਾਂ ਕਿ ਇਹ ਮਰਦ ਹੈ, ਪੱਕਾ ਬੇਈਮਾਨ ।

ਚੁ ਕਸਮੇ ਕੁਰਾਂ ਸਦ ਕੁਨਦ ਇਖ਼ਤਿਯਾਰ ॥
ਮਰਾ ਕਤਰਹ ਨਾਯਦ ਅਜ਼ੋ ਏਤਬਾਰ ॥੪੯॥

ਚਾਹੇ ਹੁਣ ਕੁਰਾਨ ਦੀ ਮੁੜ ਮੁੜ ਕਸਮ ਉਠਾਇ ।
ਮੈਨੂੰ ਮਾਸਾ ਏਸ ਤੇ, ਕਦੇ ਯਕੀਨ ਨਾ ਆਇ ।

ਅਗਰਚਿਹ ਤੁਰਾ ਏਤਬਾਰ ਆਮਦੇ ॥
ਕਮਰ ਬਸਤਹ ਏ ਪੇਸ਼ਵਾ ਆਮਦੇ ॥੫੦॥

ਜੇ ਤੈਨੂੰ ਆ ਜਾਂਵਦਾ, ਮੇਰੇ ਤੇ ਇਤਬਾਰ ।
ਤਾਂ ਤੂੰ ਮਿਲਦੋਂ ਆਣ ਕੇ, ਹੋ ਕੇ ਸਿਰ ਦੇ ਭਾਰ ।

ਕਿ ਫ਼ਰਜ਼ ਅਸਤ ਬਰ ਸਰ ਤੁਰਾ ਈਂ ਸੁਖ਼ਨ ॥
ਕਿ ਕਉਲੇ ਖ਼ੁਦਾ ਅਸਤ ਕਸਮ ਅਸਤ ਮਨ ॥੫੧॥

ਕੀਤੀ ਓਸ ਜ਼ਬਾਨ ਦਾ ਹੈ ਤੈਂ ਉਤੇ ਭਾਰ ।
ਜੇ ਤੂੰ ਸੱਚਾ ਹੈਂ ਰਤੀ ਕਰ ਪੂਰਾ ਇਕਰਾਰ ।

ਅਗਰ ਹਜ਼ਰਤੇ ਖ਼ੁਦ ਸਿਤਾਦਹ ਸ਼ਵਦ ॥
ਬਜਾਨੋ ਦਿਲੇ ਕਾਰ ਵਾਜ਼ਿਹ ਸ਼ਵਦ ॥੫੨॥

ਜੇਕਰ ਤੇਰੇ ਸਾਹਮਣੇ ਹਜ਼ਰਤ ਜੀ ਅੱਜ ਹੋਣ ।
ਤਦ ਤੇਰੀ ਇਹ ਨੀਚਤਾ ਕਦੇ ਨਾਹੀਂ ਲਕੋਣ ।

ਸ਼ੁਮਾ ਰਾ ਚੁ ਫ਼ਰਜ਼ ਅਸਤ ਕਾਰੇ ਕੁਨੀ ॥
ਬਮੂਜਬ ਨਵਿਸ਼ਤਹ ਸ਼ੁਮਾਰੇ ਕੁਨੀ ॥੫੩॥

ਤੇਰਾ ਹੁਣ ਵੀ ਫ਼ਰਜ਼ ਹੈ, ਕਰਕੇ ਸਾਫ਼ ਵਿਹਾਰ ।
ਆਪਣੇ ਕੀਤੇ ਪਾਪ ਨੂੰ, ਲੈ ਬਖ਼ਸ਼ਾ ਇਕ ਵਾਰ ।

ਨਵਿਸ਼ਤਹ ਰਸੀਦੋ ਬਗੁਫ਼ਤਹ ਜ਼ਬਾਂ ॥
ਬਿਬਾਯਦ ਕਿ ਈਂ ਕਾਰ ਰਾਹਤ ਰਸਾਂ ॥੫੪॥

ਲਿਖੇ ਜਾਂ ਕੀਤੇ ਕੌਲ ਨੂੰ, ਮਰਦ ਨਿਬਾਹੁੰਦੇ ਤੋੜ ।
ਫੜ ਕੇ ਬਾਂਹ ਅਨਾਥ ਦੀ, ਕਦੇ ਨਾ ਦੇਂਦੇ ਛੋੜ ।

ਹਮੂੰ ਮਰਦ ਬਾਯਦ ਸ਼ਵਦ ਸੁਖ਼ਨਵਰ ॥
ਨ ਸ਼ਿਕਮੇ ਦਿਗਰ ਦਰ ਦਹਾਨਿ ਦਿਗਰ ॥੫੫॥

ਮਰਦ ਉਹੀ ਪ੍ਰਣ-ਪਾਲ ਜੋ, ਪਰ ਉਹ ਪੱਕਾ ਚੋਰ ।
ਮੂੰਹ ਤੇ ਹੋਰ ਤੇ ਦਿਲ ਵਿਚ ਰਖੇ ਹਾਲ ਕੁਈ ਹੋਰ ।

ਕਿ ਕਾਜ਼ੀ ਮਰਾ ਗੁਫ਼ਤ ਬੇਹੂੰ ਨਯਮ ॥
ਅਗਰ ਰਾਸਤੀ ਖ਼ੁਦ ਬਿਯਾਰੀ ਕਦਮ ॥੫੬॥

ਮੈਂ ਹਾਂ ਉਹ ਕੁਝ ਕਹਿ ਰਿਹਾ, ਜੋ ਕੁਝ ਕਿਹਾ ਰਸੂਲ ।
ਜੇ ਇਹ ਸੱਚ ਤਾਂ ਬਾਦਸ਼ਾਹ ਨਿਉਤਾ ਕਰੇ ਕਬੂਲ ।

ਤੁਰਾ ਗਰ ਬਬਾਯਦ ਕਉਲਿ ਕੁਰਾਂ ॥
ਬਨਿਜ਼ਦੇ ਸ਼ੁਮਾ ਰਾ ਰਸਾਨਮ ਹਮਾਂ ॥੫੭॥

ਤੈਨੂੰ ਕਸਮ ਕੁਰਾਨ ਤੇ ਜੇਕਰ ਹੈ ਇਤਬਾਰ ।
ਤਾਂ ਫਿਰ ਉਸੇ ਦਾ ਅਸੀਂ ਦੇਂਦੇ ਹਾਂ ਇਕਰਾਰ ।

ਕਿ ਤਸ਼ਰੀਫ ਦਰ ਕਸਬਹ ਕਾਂਗੜ ਕੁਨਦ ॥
ਵਜ਼ਾਂ ਪਸ ਮੁਲਾਕਾਤ ਬਾਹਮ ਸ਼ਵਦ ॥੫੮॥

ਕਾਂਗੜ ਕਸਬੇ ਵਿਚ ਸ਼ਾਹ ਲੈ ਆਵੇ ਤਸ਼ਰੀਫ ।
ਆਪੋ ਦੇ ਵਿਚ ਮਿਲਣਗੇ, ਓਥੇ ਮਰਦ ਸ਼ਰੀਫ ।

ਨ ਜ਼ੱਰਹ ਦਰੀਂ ਰਾਹਿ ਖ਼ਤਰਹ ਤੁਰਾਸਤ ॥
ਹਮਹ ਕੌਮਿ ਬੈਰਾੜ ਹੁਕਮਿ ਮਰਾਸਤ ॥੫੯॥

ਜ਼ਰਾ ਨਾ ਖ਼ਤਰਾ ਵਾਪਰੂ ਏਥੇ ਐ ਸਰਕਾਰ ।
ਕਿਉਂਕਿ ਮੇਰੇ ਹੁਕਮ ਵਿਚ ਸਾਰੀ ਕੌਮ ਬਰਾੜ ।

ਬਿਯਾ ਤਾ ਸੁਖ਼ਨ ਖ਼ੁਦ ਜ਼ਬਾਨੀ ਕੁਨੇਮ ॥
ਬਰੂਏ ਸ਼ੁਮਾ ਮਿਹਰਬਾਨੀ ਕੁਨੇਮ ॥੬੦॥

ਆ ਹੋ ਕੇ ਮੂੰਹ ਰੂਬਰੂ ਆਪਾਂ ਕਰੀਏ ਗੱਲ ।
ਵੇਖ ਕਿ ਕਿਰਪਾ ਅਸਾਂ ਦੀ ਕੀ ਕੁਝ ਦੇਂਦੀ ਫੱਲ ।

ਯਕੇ ਅਸਪ ਸ਼ਾਇਸਤਹਏ ਯਕ ਹਜ਼ਾਰ ॥
ਬਿਯਾ ਤਾ ਬਗੀਰੀ ਬ ਮਨ ਈਂ ਦਿਯਾਰ ॥੬੧॥

ਸਾਜਾਂ ਨਾਲ ਮਹੇਲਿਆ ਘੋੜਾ ਇਕ ਹਜ਼ਾਰ ।
ਲੈ ਕੇ ਤੈਨੂੰ ਮਿਲਾਂਗੇ ਡਾਢੇ ਨਾਲ ਪਿਆਰ ।

ਸ਼ਹਿਨਸ਼ਾਹਿ ਰਾ ਬੰਦਹੇ ਚਾਕਰੇਮ ॥
ਅਗਰ ਹੁਕਮ ਆਯਦ ਬਜਾ ਹਾਜ਼ਰੇਮ ॥੬੨॥

ਚਾਕਰ ਮੈਂ ਉਸ ਖਸਮ ਦਾ, ਜੋ ਸ਼ਾਹਾਂ ਦਾ ਸ਼ਾਹ ।
ਉਸ ਦੇ ਇਕ ਫ਼ਰਮਾਨ ਤੇ ਕਰੀਏ ਜਾਨ ਫ਼ਿਦਾ ।

ਅਗਰਚਿਹ ਬਿਆਯਦ ਬ ਫ਼ਰਮਾਨ ਮਨ ॥
ਹਜ਼ੂਰਤ ਬਿਯਾਯਮ ਹਮਹ ਜਾਨੁ ਤਨ ॥੬੩॥

ਸਚ ਮੁਚ ਪਾਵਾਂ ਓਸ ਦਾ ਜੇਕਰ ਮੈਂ ਫ਼ੁਰਮਾਨ ।
ਭੇਟਾ ਦੇ ਲਈ ਕਰ ਦਿਆਂ ਹਾਜ਼ਰ ਆਪਣੀ ਜਾਨ ।

ਅਗਰ ਤੂ ਬਯਜ਼ਦਾਂ ਪਰਸਤੀ ਕੁਨੀ ॥
ਬ ਕਾਰੇ ਮਰਾ ਈਂ ਨ ਸੁਸਤੀ ਕੁਨੀ ॥੬੪॥

ਜੇ ਕਰ ਰੱਬ ਨੂੰ ਮੰਨ ਕੇ ਹਈ ਰੁਸ਼ਨਾਇਆ ਦਿਲ ।
ਤਾਂ ਫਿਰ ਧੁੜਕੂ ਕੱਢ ਕੇ ਆ ਸਜਣਾਂ ਨੂੰ ਮਿਲ ।

ਬਿਬਾਯਦ ਕਿ ਯਜ਼ਦਾਂ ਸ਼ਨਾਸੀ ਕੁਨੀ ॥
ਨ ਗ਼ੁਫ਼ਤਹ ਕਸਾਂ ਕਸ ਖ਼ਰਾਸ਼ੀ ਕੁਨੀ ॥੬੫॥

ਜੇ ਤੂੰ ਕੀਤੀ ਰੱਬ ਦੀ ਮਾਸਾ ਦਿਲੋਂ ਪਛਾਣ ।
ਤਾਂ ਫਿਰ ਹੱਕ, ਬੇ ਹੱਕ ਨੂੰ ਵੀ ਲਿਆ ਹੋਸੀ ਜਾਣ ।

ਤੁ ਮਸਨਦ ਨਸ਼ੀਂ ਸਰਵਰਿ ਕਾਇਨਾਤ ॥
ਕਿ ਅਜਬ ਅਸਤ ਇਨਸਾਫ਼ ਈਂ ਹਮ ਸਫ਼ਾਤ ॥੬੬॥

ਤੂੰ ਸਰਵਰ ਦੇ ਤਖ਼ਤ ਤੇ ਬਹਿ ਕੇ ਹੁਕਮ ਚਲਾਇੰ ।
ਪਰ ਜਿਹੜਾ ਏਂ ਕਰ ਰਿਹਾ, ਉਹ ਹੈ ਅਜਬ ਨਿਯਾਇੰ ।

ਕਿ ਅਜਬ ਅਸਤ ਇਨਸਾਫ਼ੋ ਦੀਂ ਪਰਵਰੀ ॥
ਕਿ ਹੈਫ਼ ਅਸਤ ਸਦ ਹੈਫ਼ ਈਂ ਸਰਵਰੀ ॥੬੭॥

ਅਚਰਜ ਦੀਨ ਇਨਸਾਫ਼ ਇਹ, ਅਚਰਜ ਉਸ ਦੀ ਮਿਹਰ ।
ਇਸ ਸਰਦਾਰੀ ਹੁਕਮ ਨੂੰ, ਹੈਫ਼ ਕਰਾਂ ਸੌ ਵੇਰ ।

ਕਿ ਅਜਬ ਅਸਤੁ ਅਜਬ ਅਸਤੁ ਤਕਵਾ ਸ਼ੁਮਾਂ ॥
ਬਜੁਜ਼ ਰਾਸਤੀ ਸੁਖ਼ਨ ਗੁਫ਼ਤਨ ਜ਼ਯਾਂ ॥੬੮॥

ਅਚਰਜ ਫ਼ਤਵੇ ਬਾਜ਼ੀਆਂ ਨੇ ਕੀਤਾ ਹੈਰਾਨ ।
ਪਰ ਮੈਂ ਤਕ ਕੇ ਝੂਠ ਨੂੰ ਨਾ ਰੋਹੜਾਂ ਈਮਾਨ ।

ਮਜ਼ਨ ਤੇਗ਼ ਬਰ ਖ਼ੂਨਿ ਕਸ ਬੇ ਦਰੇਗ਼ ॥
ਤੁਰਾ ਨੀਜ਼ ਖ਼ੂੰ ਚਰਖ ਰੇਜ਼ਦ ਬਤੇਗ਼ ॥੬੯॥

ਖ਼ੂਨ ਨਾ ਡੋਲ੍ਹੀਂ ਕਿਸੇ ਦਾ ਲੈ ਤਿਖੀ ਤਲਵਾਰ ।
ਨਾ ਤਾਂ ਤੇਰੇ ਲਹੂ ਵਿਚ ਵੀ ਭਿਜੇਗੀ ਧਾਰ ।

ਤੂ ਗਾਫ਼ਿਲ ਮਸ਼ਉ ਮਰਦ ਯਜ਼ਦਾਂ ਹਿਰਾਸ ॥
ਕਿ ਓ ਬੇਨਿਆਜ਼ ਅਸਤ ਓ ਬੇਸਿਪਾਸ ॥੭੦॥

ਮਾਣ ਅੰਦਰ ਭੁੱਲ ਰੱਬ ਨਾ, ਕਿਉਂਕਿ ਉਹ ਕਰਤਾਰ ।
ਕਦੇ ਸਫ਼ਾਰਸ਼ ਸੁਨਣ ਲਈ ਨਾ ਹੁੰਦਾ ਏ ਤਿਆਰ ।

ਕਿ ਊ ਬੇ ਮੁਹਾਬ ਅਸਤ ਸ਼ਾਹਾਨਿ ਸ਼ਾਹ ॥
ਜ਼ਮੀਨੋ ਜ਼ਮਾਂ ਸੱਚਏ ਪਾਤਿਸ਼ਾਹ ॥੭੧॥

ਉਹ ਨਿਰਭੈ ਨਿਰੰਕਾਰ ਹੈ, ਸ਼ਾਹਾਂ ਦੇ ਸਿਰ ਸ਼ਾਹ ।
ਧਰਤ, ਅਕਾਸ਼, ਪਾਤਾਲ ਤੇ ਰਹਿਆ ਹੁਕਮ ਚਲਾ ।

ਖ਼ੁਦਾਵੰਦ ਏਜ਼ਦ ਜ਼ਮੀਨੋ ਜ਼ਮਾਂ ॥
ਕੁਨਿੰਦਹ ਅਸਤ ਹਰ ਕਸ ਮਕੀਨੋ ਮਕਾਂ ॥੭੨॥

ਮਾਲਕ ਧਰਤ ਅਕਾਸ਼ ਦਾ ਇਕ ਸੱਚਾ ਕਰਤਾਰ ।
ਇਕੋ ਫੁਰਨੇ ਨਾਲ ਜਿਸ ਰਚ ਦਿੱਤਾ ਸੰਸਾਰ ।

ਹਮ ਅਜ਼ ਪੀਰ ਮੋਰਹ ਹਮ ਅਜ਼ ਪੀਲਤਨ ॥
ਕਿ ਆਜਿਜ਼ ਨਿਵਾਜ਼ ਅਸਤੋ ਗਾਫ਼ਿਲ ਸ਼ਿਕਨ ॥੭੩॥

ਕੀੜੀਓਂ ਹਾਥੀ ਤੀਕ ਉਹ ਸਭ ਦੀ ਲੈਂਦਾ ਸਾਰ ।
ਆਜਜ਼ਾਂ ਤਾਈਂ ਉਬਾਰਦਾ, ਗਾਫ਼ਲਾਂ ਦਏ ਵਿਸਾਰ ।

ਕਿ ਊ ਰਾ ਚੁ ਇਸਮ ਅਸਤ ਆਜਿਜ਼ ਨਿਵਾਜ਼ ॥
ਕਿ ਊ ਬੇਸਿਪਾਸ ਅਸਤ ਓ ਬੇ ਨਿਯਾਜ਼ ॥੭੪॥

ਵੱਡਾ ਉਸ ਦਾ ਨਾਮ ਹੈ ਆਜਿਜ਼ ਗ਼ਰੀਬ ਨਿਵਾਜ਼ ।
ਰਹੇ ਸਫਾਰਸ਼ ਵੱਢੀ ਤੋਂ ਸਦਾ ਬੇ ਨਿਆਜ਼ ।

ਕਿ ਊ ਬੇ ਨਗੂੰ ਅਸਤ ਓ ਬੇਚਗੂੰ ॥
ਕਿ ਊ ਰਹਿਨੁਮਾ ਅਸਤੁ ਊ ਰਹਿਨਮੂੰ ॥੭੫॥

ਰੰਗਾਂ, ਚਿਹਨਾਂ ਚੱਕਰਾਂ ਦੇ ਵਿਚ ਕਦੇ ਨਾ ਆਏ ।
ਭੁਲਿਆਂ ਭਟਕਿਆਂ ਨੂੰ ਸਦਾ ਸਿੱਧੇ ਰਾਹੇ ਪਾਏ ।

ਕਿ ਬਰ ਸਰ ਤੁਰਾ ਫ਼ਰਜ਼ ਕਸਮਿ ਕੁਰਾਂ ॥
ਬ ਗੁਫ਼ਤਹ ਸ਼ੁਮਹ ਕਾਰ ਖ਼ੂਬੀ ਰਸਾਂ ॥੭੬॥

ਖਾਧੀ ਕਸਮ ਕੁਰਾਨ ਦੀ ਤੂੰ ਜੋ ਉਸ ਨੂੰ ਪਾਲ ।
ਆਪਣੇ ਕੀਤੇ ਕੌਲ ਨੂੰ ਕਰਕੇ ਸੱਚ ਵਿਖਾਲ ।

ਬਿਬਾਯਦ ਤੁ ਦਾਨਿਸ਼ ਪਰਸਤੀ ਕੁਨੀ ॥
ਬਕਾਰੇ ਸ਼ਮਾ ਚੀਰਹ ਦਸਤੀ ਕੁਨੀ ॥੭੭॥

ਤੈਨੂੰ ਚਾਹੀਦਾ ਸਦ ਲਵੇਂ ਦਾਨਿਸ਼ਮੰਦ ਕਹਾਇ ।
ਤਿਆਗੇਂ ਜ਼ੁਲਮ ਅਨਰਥ ਨੂੰ, ਲੋੜੇਂ ਸੱਚ ਨਿਆਇ ।

ਚਿਹਾ ਸ਼ੁਦ ਕਿ ਚੂੰ ਬੱਚਗਾਂ ਕੁਸ਼ਤਹ ਚਾਰ ॥
ਕਿ ਬਾਕੀ ਬਮਾਂਦਸਤ ਪੇਚੀਦਹ ਮਾਰ ॥੭੮॥

ਕੀ ਹੋਇਆ ਜੇ ਜੂਝ ਗਏ ਬਾਂਕੇ ਚਾਰੇ ਲਾਲ ।
ਜਦ ਕਿ ਕਾਲੇ ਨਾਗ ਦਾ ਓਹੋ ਨਵਾਂ ਜਲਾਲ ।

ਚਿਹ ਮਰਦੀ ਕਿ ਅਖ਼ਗਰ ਖ਼ਮੋਸ਼ਾਂ ਕੁਨੀ ॥
ਕਿ ਆਤਿਸ਼ ਦਮਾਂ ਰਾ ਫ਼ਿਰੋਜ਼ਾ ਕੁਨੀ ॥੭੯॥

ਕੀ ਇਹ ਹਈ ਬਹਾਦਰੀ ਜੇ ਚੰਗਿਆੜ ਬੁਝਾਇ ।
ਭਾਂਬੜ ਅੰਬਰ ਚੁੰਮਦੇ, ਪਲ ਵਿਚ ਲਏ ਭੜਕਾਇ ।

ਚਿਹ ਖ਼ੁਸ਼ ਗੁਫ਼ਤ ਫਿਰਦੌਸੀਏ ਖ਼ੁਸ਼ ਜ਼ੁਬਾਂ ॥
ਸ਼ਿਤਾਬੀ ਬਵਦ ਕਾਰਿ ਆਹਰਮਨਾ ॥੮੦॥

'ਫਿਰਦੌਸੀ' ਮਹਾਂ ਕਵੀ ਨੇ ਬਿਲਕੁਲ ਕਹਿਆ ਸੱਚ ।
ਕਾਹਲ ਨਾਲ ਸ਼ਤਾਨ ਹੀ ਭੜ ਭੜ ਪੈਂਦਾ ਮੱਚ ।

ਕਿ ਮਾ ਬਾਰਗਹਿ ਹਜ਼ਰਤ ਆਯਦ ਸ਼ੁਮਾ ॥
ਅਜ਼ਾਂ ਰੋਜ਼ ਬਾਸ਼ੀ ਵ ਸ਼ਾਹਿਦ ਸ਼ੁਮਾਂ ॥੮੧॥

ਮੈਂ ਓਸੇ ਦਰਗਾਹ ਤੋਂ ਆਇਆ ਸੱਚ ਸੁਣਾਂ ।
ਜਿਥੋਂ ਆਇਆ ਉਹ ਨਬੀ ਜੋ ਤੁਧੁ ਹਈ ਗਵਾਹ ।

ਵਗਰਨਹ ਤੂ ਈਂ ਫ਼ਰਾਮੁਸ਼ ਕੁਨਦ ॥
ਤੁਰਾ ਹਮ ਫ਼ਰਾਮੋਸ਼ ਯਜ਼ਦਾਂ ਕੁਨਦ ॥੮੨॥

ਜੇ ਤੂੰ ਸੱਚ ਇਨਸਾਫ਼ ਨੂੰ ਦਿੱਤਾ ਅੱਜ ਵਿਸਾਰ ।
ਤਾਂ ਤੈਨੂੰ ਵੀ ਭੁਲਸੀ ਉਹ ਸੱਚਾ ਕਰਤਾਰ ।

ਅਗਰ ਕਾਰਿ ਈਂ ਬਰ ਤੂ ਬਸਤੀ ਕਮਰ ॥
ਖ਼ੁਦਾਵੰਦ ਬਾਸ਼ਦ ਤੁਰਾ ਬਹਰਹ ਵਰ ॥੮੩॥

ਜੇ ਕਰ ਤੂੰ ਇਸ ਕੰਮ ਲਈ, ਕਸ ਕੇ ਬੱਧਾ ਲੱਕ ।
ਤੈਨੂੰ ਕਰੂ ਨਿਹਾਲ ਤਦ ਮੇਰਾ ਰੱਬ ਬੇਸ਼ਕ ।

ਕਿ ਈਂ ਕਾਰ ਨੇਕ ਅਸਤ ਦੀਂ ਪਰਵਰੀ ॥
ਚੁ ਯਜ਼ਦਾਂ ਸ਼ਨਾਸੀ ਬ ਜਾਂ ਬਰਤਰੀ ॥੮੪॥

ਇਹ ਨੇਕੀ ਦਾ ਕੰਮ ਉਹ ਜਿਸ ਤੋਂ ਸੌਰੇ ਦੀਨ ।
ਕਰੇ ਪਛਾਣ ਖ਼ੁਦਾ ਦੀ ਕਰਕੇ ਦਿਲੋਂ ਯਕੀਨ ।

ਤੁਰਾ ਮਨ ਨ ਦਾਨਮ ਕਿ ਯਜ਼ਦਾਂ ਸ਼ਨਾਸ ॥
ਬਰਾਮਦ ਜ਼ਿ ਤੂ ਕਾਰਹਾ ਦਿਲ ਖ਼ਰਾਸ਼ ॥੮੫॥

ਨਾ ਜਾਣਾ ਕਿ ਰੱਬ ਦੀ ਤੈਨੂੰ ਕੋਈ ਪਛਾਣ ।
ਕਿਉਂਕਿ ਆਪਣੇ ਜ਼ੋਰ ਤੇ ਤੂੰ ਅੱਜ ਰੱਖੇਂ ਮਾਣ ।

ਸ਼ਨਾਸਦ ਹਮੀਂ ਤੂ ਨ ਯਜ਼ਦਾਂ ਕਰੀਮ ॥
ਨ ਖ਼ਵਾਹਦ ਹਮੀ ਤੂ ਬਦੌਲਤ ਅਜ਼ੀਮ ॥੮੬॥

ਤੈਨੂੰ ਕਦੀ ਪਛਾਣਸੀ ਨਾ ਉਹ ਪਾਕ ਖ਼ੁਦਾ ।
ਨਾ ਇਸ ਦੌਲਤ ਵੱਲ ਹੀ ਕਰਨੀ ਓਸ ਨਿਗਾਹ ।

ਅਗਰ ਸਦ ਕੁਰਾਂ ਰਾ ਬਖੁਰਦੀ ਕਸਮ ॥
ਮਰਾ ਏਤਬਾਰੇ ਨ ਈਂ ਜ਼ਰਹ ਦਮ ॥੮੭॥

ਜੇ ਕਰ ਤੂੰ ਸੌ ਵੇਰ ਵੀ ਖਾਵੇਂ ਕਸਮ ਕੁਰਾਨ ।
ਤਾਂ ਮੈਂ ਮੰਨਾਂ ਸੱਚ ਨਾ, ਝੂਠ ਨਾ ਇਸ ਵਿਚ ਜਾਣ ।

ਹਜ਼ੂਰਤ ਨਿਆਯਮ ਨ ਈਂ ਰਹ ਸ਼ਵਮ ॥
ਅਗਰ ਸ਼ਹ ਬਖ਼ਵਾਨਦ ਮਨ ਆਂ ਜਾ ਰਵਮ ॥੮੮॥

ਨਾ ਮੈਂ ਧੋਖੇ ਵਿਚ ਆ, ਜਾਵਾਂ ਸ਼ਾਹ ਦੇ ਪਾਸ ।
ਕਿਉਂਕਿ ਨਾ ਇਨਸਾਫ਼ ਦੀ ਮੈਨੂੰ ਉਸ ਤੋਂ ਆਸ ।

ਖ਼ੁਸ਼ਸ ਸ਼ਾਹਿ ਸ਼ਾਹਾਨ ਔਰੰਗਜ਼ੇਬ ॥
ਕਿ ਚਾਲਾਕ ਦਸਤੁ ਅਸਤੁ ਚਾਬੁਕ ਰਕੇਬ ॥੮੯॥

ਸ਼ਾਹਾਂ ਦਾ ਅੱਜ ਸ਼ਾਹ ਹੈ ਸੋਹਣਾ ਔਰੰਗਜ਼ੇਬ ।
ਮਹਾਂ ਚਲਾਕ ਹੁਸ਼ਿਆਰ ਉਹ ਪੜ੍ਹਦਾ ਸਦਾ ਕਤੇਬ ।

ਚਿ ਹੁਸਨੁਲ ਜਮਾਲਸਤੁ ਰੌਸ਼ਨ ਜ਼ਮੀਰ ॥
ਖ਼ੁਦਾਵੰਦ ਮੁਲਕ ਅਸਤੁ ਸਾਹਿਬਿ ਅਮੀਰ ॥੯੦॥

ਰੌਸ਼ਨ ਉਹਦੀ ਜ਼ਮੀਰ ਹੈ, ਚਿਹਰੇ ਚਮਕੇ ਨੂਰ ।
ਦੇਸ਼ਾਂ ਦਾ ਉਹ ਬਾਦਸ਼ਾਹ ਧਨੀਆਂ ਵਿਚ ਮਸ਼ਹੂਰ ।

ਕਿ ਤਰਤੀਬ ਦਾਨਿਸ਼ ਬ ਤਦਬੀਰ ਤੇਗ਼ ॥
ਖ਼ੁਦਾਵੰਦਿ ਦੇਗੋ ਖ਼ੁਦਾਵੰਦ ਤੇਗ਼ ॥੯੧॥

ਸਿਆਣਾ, ਮਾਲਿਕ ਤੇਗ਼ ਦਾ, ਰਜ ਕੇ ਦਾਨਿਸ਼ਮੰਦ ।
ਕੀਤਾ ਦੇਗ਼ ਤੇ ਤੇਗ਼ ਨੇ ਰੁਤਬਾ ਜਿਦ੍ਹਾ ਬੁਲੰਦ ।

ਕਿ ਰੌਸ਼ਨ ਜ਼ਮੀਰ ਅਸਤੁ ਹੁਸਨੁਲ ਜਮਾਲ ॥
ਖ਼ੁਦਾਵੰਦ ਬਖ਼ਸ਼ਿੰਦਹੇ ਮੁਲਕੁ ਮਾਲ ॥੯੨॥

ਰੌਸ਼ਨ ਸਾਫ਼ ਜ਼ਮੀਰ ਹੈ, ਸੋਹਣੀ ਸ਼ਕਲ ਕਮਾਲ ।
ਖਾਦਮਾਂ ਨੂੰ ਸਦ ਬਖ਼ਸ਼ਦਾ ਮਿਲਖ, ਜਗੀਰਾਂ ਮਾਲ ।

ਕਿ ਬਖ਼ਸ਼ਿਸ਼ ਕਬੀਰ ਅਸਤੁ ਦਰ ਜੰਗ ਕੋਹ ॥
ਮਲਾਯਕ ਸਿਫ਼ਤ ਚੂੰ ਸੁਰੱਯਾ ਸ਼ਿਕੋਹ ॥੯੩॥

ਦਾਨੀ ਮਹਾਂ ਦਲੇਰ ਹੈ ਅੰਦਰ ਜੰਗ ਮਦਾਨ ।
ਉੱਚਾ ਵਾਂਗ ਅਸਮਾਨ ਦੇ ਨਿਰਾ ਫ਼ਰਿਸ਼ਤਾ ਜਾਣ ।

ਸ਼ਹਿਨਸ਼ਾਹ ਔਰੰਗਜ਼ੇਬ ਆਲਮੀਂ ॥
ਕਿ ਦਾਰਾਇ ਦੌਰ ਅਸਤੁ ਦੂਰ ਅਸਤ ਦੀਂ ॥੯੪॥

ਸ਼ਾਹਾਂ ਦਾ ਹੈ ਬਾਦਸ਼ਾਹ ਆਲਮ ਸ਼ਾਹ ਔਰੰਗ ।
ਦੁਨੀਆਂ ਦਾ ਸਰਦਾਰ ਹੈ, ਪਰ ਦੀਨੋਂ ਹੈ ਨੰਗ ।

ਮਨਮ ਕੁਸ਼ਤਹਅਮ ਕੋਹਿਯਾਂ ਪੁਰਫਿਤਨ ॥
ਕਿ ਆਂ ਬੁਤ ਪਰਸਤੰਦੁ ਮਨ ਬੁਤਸ਼ਿਕਨ ॥੯੫॥

ਪੱਥਰ ਪੂਜ ਪਹਾੜੀਆਂ ਦਾ ਮੈਂ ਸੋਧਣ ਹਾਰ ।
ਮੈਂ ਬੁੱਤ ਤੋੜਾਂ ਉਹਨਾਂ ਦੇ, ਏਹੋ ਹੈ ਤਕਰਾਰ ।

ਬਬੀਂ ਗਰਦਸ਼ਿ ਬੇਵਫ਼ਾਏ ਜ਼ਮਾਂ ॥
ਪਸਿ ਪੁਸ਼ਤ ਉਫ਼ਤਦ ਰਸਾਨਦ ਜ਼ਿਯਾਂ ॥੯੬॥

ਸਦਾ ਵਫ਼ਾਓਂ ਸੱਖਣਾ ਸ਼ੋਹਦਾ ਇਹ ਅਸਮਾਨ ।
ਤੱਕ ਨਾ ਪਿੱਛੇ ਲੱਗ ਕੇ, ਕਿਵੇਂ ਕਰਦਾ ਨੁਕਸਾਨ ।

ਬਬੀਂ ਕੁਦਰਤਿ ਨੇਕ ਯਜ਼ਦਾਨਿ ਪਾਕ ॥
ਕਿ ਅਜ਼ ਯਕ ਬ ਦਹ ਲੱਕ ਰਸਾਨਦ ਹਲਾਕ ॥੯੭॥

ਪਰ ਉਹ ਸੱਚੇ ਰੱਬ ਦੀ ਨੇਕੀ ਵੱਲ ਨਿਹਾਰ ।
ਜੋ ਦਸ ਲੱਖ ਮਰਵਾਂਵਦਾ ਇਕ ਪਾਸੋਂ ਕਰ ਖ਼ੁਆਰ ।

ਚਿਹ ਦੁਸ਼ਮਨ ਕੁਨਦ ਮਿਹਰਬਾਂ ਅਸ ਦੋਸਤ ॥
ਕਿ ਬਖ਼ਸ਼ਿੰਦਗੀ ਕਾਰ ਬਖ਼ਸ਼ਿੰਦਹ ਓਸਤ ॥੯੮॥

ਕੀ ਵੈਰੀ ਕਰ ਸਕਦਾ ਜਦ ਰਾਜ਼ੀ ਕਰਤਾਰ ।
ਬਖ਼ਸ਼ਿਸ਼ ਕਰਦਾ ਹੈ ਸਦਾ ਮਿਹਰਾਮਤ ਅਵਤਾਰ ।

ਰਿਹਾਈ ਦਿਹੋ ਰਹਿਨੁਮਾਈ ਦਿਹਦ ॥
ਜ਼ੁਬਾਂ ਰਾ ਬ ਸਿਫ਼ਤ ਆਸ਼ਨਾਈ ਦਿਹਦ ॥੯੯॥

ਮੁਕਤੀ ਦਾਤਾ ਦੱਸਦਾ ਆਗੂ ਬਣ ਕੇ ਰਾਹ ।
ਤੇ ਲਿਆਂਦਾ ਹੈ ਜੀਭ ਤੇ ਆਪੀਂ ਸਿਫ਼ਤ ਸਲਾਹ ।

ਖ਼ਸਮ ਰਾ ਚੁ ਕੋਰ ਊ ਕੁਨਦ ਵਕਤਿ ਕਾਰ ॥
ਯਤੀਮਾਂ ਬਿਰੂੰ ਮੇ ਬੁਰਦ ਬੇਅਜ਼ਾਰ ॥੧੦੦॥

ਕੰਮ ਦੇ ਵੇਲੇ ਕਰ ਦਵੇ ਦੁਸ਼ਮਣ ਦੀ ਅੱਖ ਕੋਰ ।
ਬਲਦੀ ਵਿਚੋਂ ਕੱਢ ਲਵੇ ਆਜਿਜ਼ ਨੂੰ ਵਿਚ ਫੋਰ ।

ਹਰਾਂ ਕਸ ਕਿ ਓ ਰਾਸਤਬਾਜ਼ੀ ਕੁਨਦ ॥
ਰਹੀਮੇ ਬਰੋ ਰਹਮ ਸਾਜ਼ੀ ਕੁਨਦ ॥੧੦੧॥

ਜੋ ਵੀ ਕਰਦਾ ਸੱਚ ਨੂੰ ਸੱਚੇ ਦਿਲੋਂ ਪਿਆਰ ।
ਉਸ ਤੇ ਕਰਦਾ ਰਹਿਮ ਹੈ, ਦਾਤਾ ਸਿਰਜਣ ਹਾਰ ।

ਕਸੇ ਖ਼ਿਦਮਤ ਆਯਦ ਬਸੇ ਕਲਬੋ ਜਾਂ ॥
ਖ਼ੁਦਾਵੰਦ ਬਖ਼ਸ਼ੀਦ ਬਰ ਵੈ ਅਮਾਂ ॥੧੦੨॥

ਸੇਵਾ ਕੀਤੀ ਹੈ ਜਿਨ੍ਹੇ ਕਰ ਕੇ ਦਿਲੋਂ ਯਕੀਨ ।
ਸ਼ਾਂਤੀ ਦਾਤੇ ਓਸ ਨੂੰ ਬਖ਼ਸ਼ੇ ਦੁਨੀਆਂ ਦੀਨ ।

ਚਿ ਦੁਸ਼ਮਨ ਬਹਾਂ ਹੀਲਹ ਸਾਜ਼ੀ ਕੁਨਦ ॥
ਕਿ ਬਰ ਵੈ ਖ਼ੁਦਾ ਰਹਮ ਸਾਜ਼ੀ ਸ਼ਵਦ ॥੧੦੩॥

ਕੀ ਵੈਰੀ ਕਰ ਸਕਦਾ ਬਣ ਕੇ ਮਹਾਂ ਮਕਾਰ ।
ਜਦ ਅਗਵਾਈ ਰੱਬ ਦੀ ਹੱਥ ਪਕੜਨ ਨੂੰ ਤਿਆਰ ।

ਅਗਰ ਯਕ ਬਰਾਯਦ ਦਹੋ ਦਹ ਹਜ਼ਾਰ ॥
ਨਿਗਹਬਾਨ ਊ ਰਾ ਸ਼ਬਦ ਕਿਰਦਗਾਰ ॥੧੦੪॥

ਜੇ ਇਕ ਉਤੇ ਚੜ੍ਹ ਪਵੇ ਇਕ ਲੱਖ ਘੋੜ ਸਵਾਰ ।
ਤਾਂ ਰਾਖਾ ਬਣ ਜਾਂਵਦਾ ਆਲਮ ਦਾ ਸਰਦਾਰ ।

ਤੁਰਾ ਗਰ ਨਜ਼ਰ ਹਸਤ ਲਸ਼ਕਰ ਵ ਜ਼ਰ ॥
ਕਿ ਮਾ ਰਾ ਨਿਗਹ ਅਸਤੁ ਯਜ਼ਦਾਂ ਸ਼ੁਕਰ ॥੧੦੫॥

ਜੇ ਤੈਨੂੰ ਜ਼ਰ ਫ਼ੌਜ ਤੇ ਡਾਢਾ ਦਿਲੋਂ ਗੁਮਾਨ ।
ਤਾਂ ਮੇਰੀ ਅੱਖ ਓਸ ਤੇ ਜੋ ਜਗ ਦਾ ਭਗਵਾਨ ।

ਕਿ ਊ ਰਾ ਗ਼ਰੂਰ ਅਸਤ ਬਰ ਮੁਲਕੁ ਮਾਲ ॥
ਵ ਮਾ ਰਾ ਪਨਾਹ ਅਸਤੁ ਯਜ਼ਦਾਂ ਅਕਾਲ ॥੧੦੬॥

ਤੈਨੂੰ ਦਿਲੋਂ ਗ਼ਰੂਰ ਜੇ ਮੈਂ ਧਰਤੀ ਦਾ ਸ਼ਾਹ ।
ਤਾਂ ਮੈਂ ਵੀ ਹੈ ਲੈ ਲਈ ਰੱਬ ਦੀ ਦਿਲੋਂ ਪਨਾਹ ।

ਤੂ ਗ਼ਾਫ਼ਿਲ ਮਸ਼ੌ ਜੀ ਸਿਪੰਜੀ ਸਰਾਇ ॥
ਕਿ ਆਲਮ ਬਗ਼ਜ਼ਰਦ ਸਰੇ ਜਾ ਬਜਾਇ ॥੧੦੭॥

ਗ਼ਾਫ਼ਲ ਹੋ ਕੇ ਬੈਠ ਨਾ ਇਹ ਜਗ ਵਾਂਗ ਸਰਾਇ ।
ਕੇਤੇ ਆਏ ਟੁਰ ਗਏ ਆਪਣਾ ਜ਼ੋਰ ਦਿਖਾਇ ।

ਬਬੀਂ ਗ਼ਰਦਸ਼ਿ ਬੇਵਫ਼ਾਈ ਜ਼ਮਾਂ ॥
ਕਿ ਬਰ ਹਰ ਬਿਗ਼ੁਜ਼ਸ਼ਤ ਮਕੀਨੋ ਮਕਾਂ ॥੧੦੮॥

ਏਸ ਜ਼ਮਾਨੇ ਸੰਦੜੀ ਗਰਦਸ਼ ਵਲ ਨਿਹਾਰ ।
ਜੋ ਨਾ ਦੇਂਦਾ ਕਿਸੇ ਨੂੰ ਏਥੇ ਲੈਣ ਕਰਾਰ ।

ਤੂ ਗਰ ਜ਼ਬਰ ਆਜਜ਼ ਖ਼ਰਾਸ਼ੀ ਮਕੁਨ ॥
ਕਸਮ ਰਾ ਬ ਤੇਸ਼ਹ ਤਰਾਸ਼ੀ ਮਕੁਨ ॥੧੦੯॥

ਆਜਿਜ਼ ਅਤੇ ਗ਼ਰੀਬ ਤੇ ਨਾ ਤੂੰ ਜ਼ੋਰ ਦਿਖਾ ।
ਮਰਦਾਂ ਵਾਂਗੂੰ ਕਦੇ ਤੇ ਕੀਤੇ ਕੌਲ ਨਿਭਾ ।

ਚੁਹਕ ਯਾਰ ਬਾਸ਼ਦ ਚਿ ਦੁਸ਼ਮਨ ਕੁਨਦ ॥
ਅਗਰ ਦੁਸ਼ਮਨੀ ਰਾ ਬਸਦ ਤਨ ਕੁਨਦ ॥੧੧੦॥

ਵੈਰੀ ਕੀ ਕਰ ਸਕਦਾ, ਜੇ ਰਾਖਾ ਹੋਏ ਯਾਰ ।
ਉਸ ਦੀ ਤੱਕਣੀ ਸਾਹਮਣੇ ਸਭ ਦੁਸ਼ਮਣੀਆਂ ਖ਼ੁਆਰ ।

ਖ਼ਸਮ ਦੁਸ਼ਮਨੀ ਗਰ ਹਜ਼ਾਰ ਆਵੁਰਦ ॥
ਨ ਯਕ ਮੂਇ ਊ ਰਾ ਅਜ਼ਾਰ ਆਵੁਰਦ ॥੧੧੧॥

ਚਾਹੇ ਵੈਰੀ ਕਰਨ ਪਏ ਬਿਦ ਬਿਦ ਵੈਰ ਹਜ਼ਾਰ ।
ਵਾਲ ਨਾ ਵਿੰਗਾ ਕਰ ਸਕਣ ਜੇ ਦੋਸਤ ਕਰਤਾਰ ।

ਅਗੰਜੋ ਅਭੰਜੋ ਅਰੂਪੋ ਅਰੇਖ ॥
ਅਗਾਧੋ ਅਬਾਧੋ ਅਭਰਮੋ ਅਲੇਖ ॥੧੧੨॥

ਗਿਣਤੀ ਰਹਿਤ ਅਭੰਜ ਪ੍ਰਭ ਜਿਸ ਦਾ ਰੂਪ ਨਾ ਰੇਖ ।
ਬੰਧਨ ਮੁਕਤ ਬੇਅੰਤ ਹੈ ਭਰਮੋ ਰਹਿਤ ਅਲੇਖ ।

ਅਰਾਗੋ ਅਰੂਪੋ ਅਰੇਖੋ ਅਰੰਗ ॥
ਅਜਨਮੋ ਅਬਰਨੋ ਅਭੂਤੋ ਅਭੰਗ ॥੧੧੩॥

ਰਾਗ, ਰੂਪ, ਰੰਗ, ਰੇਖ ਤੋਂ ਨਿਆਰਾ ਰਹੇ ਨਿਸੰਗ ।
ਜਨਮਾਂ ਵਰਨਾਂ ਵਿਚ ਨਾ, ਸੂਖਮ ਸਦਾ ਅਭੰਗ ।

ਅਛੇਦੋ ਅਭੇਦੋ ਅਕਰਮੋ ਅਕਾਮ ॥
ਅਖੇਦੋ ਅਭੇਦੋ ਅਭਰਮੋ ਅਭਾਮ ॥੧੧੪॥

ਅਛੇਦ, ਅਭੇਦ, ਅਕਰਨ ਹੈ, ਕਰਮੋਂ ਰਹਿਤ ਅਕਾਮ ।
ਖੇਦ ਨਾ ਭੇਦ ਨਾ ਭਰਮ ਹੈ, ਮਾਇਆ ਤੋਂ ਨਿਸ਼ਕਾਮ ।

ਅਰੇਖੋ ਅਭੇਖੋ ਅਲੇਖੋ ਅਭੰਗ ॥
ਖ਼ੁਦਾਵੰਦ ਬਖ਼ਸ਼ਿੰਦਹੇ ਰੰਗ ਰੰਗ ॥੧੧੫॥

ਨਾ ਉਸ ਰੇਖ ਨਾ ਭੇਖ ਕੁਈ ਸਦਾ ਅਲੇਖ ਅਭੰਗ ।
ਬਖ਼ਸ਼ਿਸ਼ ਦਾਤਾ ਦੇ ਅਜਬ ਮੈਂ ਤੱਕੇ ਇਹ ਰੰਗ ।

(ਨੋਟ=ਕਈ ਵਿਦਵਾਨਾਂ ਨੇ ੧੧੨-੧੧੫ ਬੰਦ ਦੂਜੀ ਹਿਕਾਯਤ
ਦੇ ਨਾਲ ਦਿੱਤੇ ਹਨ)

ਜ਼ਫ਼ਰਨਾਮਾ ਅਨੁਵਾਦਕ ਗਿਆਨੀ ਕਰਤਾਰ ਸਿੰਘ ਕਲਾਸਵਾਲੀਆ

ਜ਼ਫ਼ਰਨਾਮਾ

ਗਿਆਨੀ ਜੀ ਨੇ ਚੋਣਵੇਂ ਬੰਦਾਂ ਦਾ ਹੀ ਅਨੁਵਾਦ ਕੀਤਾ ਹੈ ।

ਸ੍ਰੀ ਵਾਹਿਗੁਰੂ ਜੀ ਕੀ ਫ਼ਤਹ ॥

ਮਰਾ ਏਤਬਾਰੇ ਬਰੀਂ ਕਸਮ ਨੇਸਤ ॥
ਕਿ ਏਜ਼ਦ ਗਵਾਹ ਅਸਤੋ ਯਜ਼ਦਾਂ ਯਕੇਸਤ ॥੧੩॥

ਮੇਰਾ ਨਹੀਂ ਇਤਬਾਰ ਔਰੰਗੇ ਤੇਰੀਆਂ ਕਸਮਾਂ ਉੱਤੇ ।
ਸ਼ਾਹਿਦ ਇੱਕ ਅਕਾਲ ਪੁਰਖ ਹੈ ਝੂਠੇ ਤੇਰੇ ਬੁੱਤੇ ।

ਨ ਕਤਰਹ ਮਰਾ ਏਤਬਾਰੇ ਬਰੋਸਤ ॥
ਕਿ ਬਖ਼ਸ਼ੀਉ ਦੀਵਾਂ ਹਮਹ ਕਿਜ਼ਬਗੋਸਤ ॥੧੪॥

ਤੇਰੇ ਜਹੇ ਇਹ ਝੂਠੇ ਤੇਰੇ ਅਫ਼ਸਰ ਸਾਰੇ ਸਮਝੇ ।
ਰੱਤੀ ਨਹੀਂ ਭਰੋਸਾ ਮੈਨੂੰ ਬੇਇਤਬਾਰੇ ਸਮਝੇ ।

ਕਸੇ ਕਉੋਲਿ ਕੁਰਆਂ ਕੁਨਦ ਏਤਬਾਰ ॥
ਹਮਾਂ ਰੋਜ਼ਿ ਆਖ਼ਿਰ ਸ਼ਵਦ ਮਰਦ ਖ਼੍ਵਾਰ ॥੧੫॥

ਕੀਤੀ ਕਸਮ ਕੁਰਾਨ ਤੇਰੀ ਤੇ ਜੋ ਇਤਬਾਰ ਲਿਆਵੇ ।
ਆਖ਼ਰ ਇੱਕ ਦਿਨ ਓਹ ਆਦਮੀ ਖ਼ਵਾਰ ਹੋਇ ਪਛਤਾਵੇ ।

ਹੁਮਾ ਰਾ ਕਸੇ ਸਾਯਹ ਆਯਦ ਬਜ਼ੇਰ ॥
ਬਰੋ ਦਸਤ ਦਾਰਦ ਨ ਜ਼ਾਗੇ ਦਲੇਰ ॥੧੬॥

ਦੇਖ ਔਰੰਗੇ, ਕੋਈ ਹੁਮਾ ਦੇ ਸਾਯਾ ਥੱਲੇ ਹੋਵੇ ।
ਕਾਉਂ ਦਲੇਰ ਹੋਇ ਹੱਥ ਪਾਵੇ ਕੀਹ ਉਸਦਾ ਦੱਸ ਖੋਹਵੇ ।

ਕਸੇ ਪੁਸ਼ਤ ਉਫ਼ਤਦ ਪਸੇ ਸ਼ੇਰਿ ਨਰ ॥
ਨ ਗੀਰਦ ਬੁਜ਼ੋ ਮੇਸ਼ੋ ਆਹੂ ਗੁਜ਼ਰ ॥੧੭॥

ਜਿਸ ਕਿਸੇ ਦੀ ਪੁਸ਼ਤ ਪਨਾਹ ਤੇ ਸ਼ੇਰ ਬਹਾਦਰ ਆਵੇ ।
ਭੇਡ, ਬੱਕਰੀ, ਹਰਨੀ ਉਸਦੇ ਨੇੜੇ ਮੂਲ ਨ ਜਾਵੇ ।

ਗੁਰਸਨਹ ਚਿਹ ਕਾਰੇ ਚਿਹਲ ਨਰ ॥
ਕਿ ਦਹ ਲਕ ਬਰਾਯਦ ਬਰੋ ਬੇਖ਼ਬਰ ॥੧੯॥

ਪੇਟੋਂ ਭੁੱਖੇ ਬੰਦੇ ਚਾਲੀ ਦੱਸ ਓਥੇ ਕੀ ਕਰਦੇ ।
ਦਸ ਲੱਖ ਫ਼ੌਜ ਜਿਨ੍ਹਾਂ ਦੇ ਉੱਪਰ ਆ ਪਈ ਬਿਨਾਂ ਖ਼ਬਰ ਦੇ ।

ਕਿ ਪੈਮਾਂ ਸ਼ਿਕਨ ਬੇਦਰੰਗ ਆਮਦੰਦ ॥
ਮਿਯਾਂ ਤੇਗ਼ੋ ਤੀਰੋ ਤੁਫ਼ੰਗ ਆਮਦੰਦ ॥੨੦॥

ਉਹ ਇਕਰਾਰ ਤੋੜਨੇ ਵਾਲੇ ਝਟਾ ਪੱਟ ਚੜ੍ਹ ਆਏ ।
ਤੇਗ਼ਾਂ ਤੀਰ ਤੁਫ਼ੰਗਾਂ ਦੇ ਆ ਓਹਨਾਂ ਮੀਂਹ ਬਰਸਾਏ ।

ਬ ਲਾਚਾਰਗੀ ਦਰਮਿਯਾਂ ਆਮਦਮ ॥
ਬ ਤਦਬੀਰਿ ਤੀਰੋ ਤੁਫ਼ੰਗ ਆਮਦਮ ॥੨੧॥

ਹੋਇ ਲਾਚਾਰ ਅੰਤ ਨੂੰ ਮੈਂ ਭੀ ਵਿੱਚ ਮੈਦਾਨੇ ਆਯਾ ।
ਨਾਲ ਤਰੀਕੇ ਮੈਂ ਭੀ ਅਪਣੇ ਧਨਖ਼ ਤਈਂ ਹੱਥ ਪਾਯਾ ।

ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ ॥੨੨॥

ਜਦੋਂ ਕੋਈ ਕੰਮ ਚਾਰੇ ਬੰਨੇ ਸਭ ਹੀਲੇ ਟੱਪ ਜਾਵੇ ।
ਹੈ ਹਲਾਲ ਤਦ ਤੇਗ਼ ਪਕੜਨੀ ਰਾਜਨੀਤ ਫ਼ਰਮਾਵੇ ।

ਚਿਹ ਕਸਮੇ ਕੁਰਆਂ ਮਨ ਕੁਨਮ ਏਤਬਾਰ ॥
ਵਗਰਨਹ ਤੁ ਗੋਈ ਮਨ ਈਂ ਰਹ ਚਿਹਕਾਰ ॥੨੩॥

ਤੇਰੀ ਸੌਂਹ ਕੁਰਾਨ ਉੱਤੇ ਜੇ ਨ ਇਤਬਾਰ ਰਖਾਉਂਦਾ ।
ਤੂੰ ਹੀ ਦਸ ਫਿਰ ਏਸ ਰਾਸਤੇ ਮੈਂ ਕਿਹੜੇ ਕੰਮ ਆਉਂਦਾ ।

ਨ ਦਾਨਮ ਕਿ ਈਂ ਮਰਦਿ ਰੋਬਾਹ ਪੇਚ ॥
ਗਰ ਹਰਗਿਜ਼ੀਂ ਰਹ ਨਯਾਰਦ ਬਹੇਚ ॥੨੪॥

ਮੈਂ ਜਾਣਦਾ ਨਹੀਂ ਸਾਂ ਮਰਦ ਇਹ ਦਾਉ ਲੂੰਬੜੀ ਖੇਡੇ ।
ਜੇ ਜਾਣਦਾ, ਤੇਰੇ ਦਾ ਤੋਂ ਰਹਿੰਦਾ ਹਟ ਪਰੇਡੇ ।

ਬਰੰਗੇ ਮਗਸ ਸਯਾਹਪੋਸ਼ ਆਮਦੰਦ ॥
ਬ ਯਕਬਾਰਗੀ ਦਰ ਖ਼ਰੋਸ਼ ਆਮਦੰਦ ॥੨੬॥

ਜੇ ਮੈਂ ਆਯਾ ਮੱਖੀਆਂ ਵਾਂਗੂੰ ਕਾਲੇ ਕਪੜਿਆਂ ਵਾਲੇ ।
ਇਕੋ ਵਾਰੀ ਆਣ ਪਏ ਉਹ ਸ਼ੋਰ ਮਚਾਂਦੇ ਕਾਹਲੇ ।

ਹਰ ਆਂ ਕਸ ਜ਼ਿ ਦੀਵਾਰ ਆਮਦ ਬਿਰੂੰ ॥
ਬਖ਼ੁਰਦਨ ਯਕੇ ਤੀਰ ਸ਼ੁਦ ਗ਼ਰਕਿ ਖ਼ੂੰ ॥੨੭॥

ਜਿਹੜਾ ਓਥੇ ਲੰਘ ਦੀਵਾਰੋਂ ਵਿੱਚ ਮੈਦਾਨੇ ਆਯਾ ।
ਮੇਰੇ ਇਕਸੇ ਤੀਰ ਓਸਨੂੰ ਲਹੂ ਦੇ ਵਿੱਚ ਡੁਬਾਯਾ ।

ਕਿ ਬੇਰੂੰ ਨਯਾਮਦ ਕਸੇ ਜ਼ਾਂ ਦਿਵਾਰ ॥
ਨ ਖ਼ੁਰਦੰਦ ਤੀਰੋ ਨ ਗਸ਼ਤੰਦ ਖ਼ਵਾਰ ॥੨੮॥

ਜਿਹੜਾ ਓਸ ਦੀਵਾਰੋਂ ਛੇਤੀ ਲੰਘ ਅਗਾਂਹ ਨ ਹੋਯਾ ।
ਨ ਤੇ ਉਹ ਖ਼ਵਾਰ ਹੋਯਾ ਸੀ ਨ ਸੀ ਤੀਰ ਪਰੋਯਾ ।

ਚੁ ਦੀਦਮ ਕਿ ਨਾਹਰ ਬਿਯਾਮਦ ਬ ਜੰਗ ॥
ਚਸ਼ੀਦਮ ਯਕੇ ਤੀਰਿ ਮਨ ਬੇਦਰੰਗ ॥੨੯॥

ਜਦ ਮੈਂ ਡਿੱਠਾ ਨਾਹਰ ਖ਼ਾਂ ਨੂੰ ਵਿੱਚ ਜੰਗ ਦੇ ਆਯਾ ।
ਇੱਕੋ ਤੀਰ ਮੇਰਾ ਉਸ ਖਾਧਾ ਜਲਦੀ ਨਾਲ ਚਲਾਯਾ ।

ਹਮ ਆਖ਼ਿਰ ਗੁਰੇਜ਼ਦ ਬਜਾਏ ਮੁਸਾਫ਼ ॥
ਬਸੇ ਖ਼ਾਨਹ ਖ਼ਰਦੰਦ ਬੇਰੂੰ ਗੁਜ਼ਾਫ਼ ॥੩੦॥

ਬਾਕੀ ਥਾਉਂ ਲੜਾਈ ਵਾਲੀ ਨੂੰ ਛੱਡ ਪਿਛਾਹਾਂ ਨੱਠੇ ।
ਬਾਹਰ ਪਠਾਨ ਮਾਰਦੇ ਗੱਪਾਂ ਹੋ ਹੋ ਸਨ ਜੋ ਕੱਠੇ ।

ਕਿ ਅਫ਼ਗਾਨ ਦੀਗਰ ਬਯਾਮਦ ਬਜੰਗ ॥
ਚੁ ਸੈਲਿ ਰਵਾਂ ਹਮਚੁ ਤੀਰੋ ਤੁਫ਼ੰਗ ॥੩੧॥

ਵਿੱਚ ਮੈਦਾਨ ਪਠਾਨ ਦੂਸਰੇ ਆ ਕੇ ਸ਼ੋਰ ਮਚਾਯਾ ।
ਹੜ੍ਹ ਪਹਾੜੋਂ ਤੀਰ ਕਮਾਨੋਂ ਗੋਲੀ ਵਾਂਗੂੰ ਆਯਾ ।

ਬਸੇ ਹਮਲਹ ਕਰਦੋ ਬਸੇ ਜ਼ਖ਼ਮ ਖ਼ਰਦ ॥
ਦੋ ਕਸ ਰਾ ਬਜਾਂ ਕਸ਼ਤ ਹਮ ਜਾਂ ਸਪੁਰਦ ॥੩੩॥

ਬਹੁਤੇ ਹਮਲੇ ਕੀਤੇ ਉਸ ਨੇ ਬਹੁਤੀਆਂ ਸੱਟਾਂ ਖਾ ਕੇ ।
ਦੂੰਹ ਜਣਯਾਂ ਦੀ ਜਾਨ ਲਈ ਉਸ ਅਪਨੀ ਜਾਨ ਗੁਵਾਕੇ ।

ਕਿ ਆਂ ਖ਼ਵਾਜਹ ਮਰਦੂਦ ਸਾਯਹ ਦੀਵਾਰ ॥
ਨਯਾਮਦ ਬ ਮੈਦਾਂ ਬ ਮਰਦਾਨਹ ਵਾਰ ॥੩੪॥

ਉਹ ਫਿਟਕਾਰਯਾ ਹੋਯਾ ਖ਼ਵਾਜਾ ਓਹਲੇ ਰਿਹਾ ਦੀਵਾਰੋਂ ।
ਵਿੱਚ ਮੈਦਾਨ ਨ ਮਰਦਾਂ ਵਾਂਗੂੰ ਆਯਾ ਡਰਦਾ ਮਾਰੋਂ ।

ਦਰੇਗ਼ਾ ਅਗਰ ਰੂਇ ਓ ਦੀਦਮੇ ॥
ਬ ਯਕ ਤੀਰ ਲਾਚਾਰ ਬਖ਼ਸ਼ੀਦਮੇ ॥੩੫॥

ਹੈ ਅਫ਼ਸੋਸ ! ਜੇ ਉਹ ਭੀ ਮੈਨੂੰ ਆਪਣਾ ਮੂੰਹ ਦਿਖਾਂਦਾ ।
ਔਖਾ ਸੌਖਾ ਇੱਕ ਤੀਰ ਮੈਂ ਉਸਦੇ ਪਾਸ ਪੁਚਾਂਦਾ ।

ਹਮ ਆਖ਼ਿਰ ਬਸੇ ਜ਼ਖ਼ਮਿ ਤੀਰੋ ਤੁਫ਼ੰਗ ॥
ਦੋ ਸੂਏ ਬਸੇ ਕੁਸ਼ਤਹ ਸ਼ੁਦ ਬੇਦਰੰਗ ॥੩੬॥

ਓੜਕ ਨੂੰ ਖਾ ਤੀਰ ਗੋਲੀਆਂ ਬਹੁਤੇ ਜ਼ਖ਼ਮੀ ਹੋਏ ।
ਇਕ ਘੜੀ ਦੇ ਵਿੱਚ ਦੁਪਾਸੀਂ ਬਹੁਤ ਸੂਰਮੇ ਮੋਏ ।

ਬਸੇ ਬਾਰ ਬਾਰੀਦ ਤੀਰੋ ਤੁਫ਼ੰਗ ॥
ਜ਼ਿਮੀ ਗਸ਼ਤ ਹਮ ਚੂੰ ਗੁਲੇ ਲਾਲਹ ਰੰਗ ॥੩੭॥

ਵਰ੍ਹੀਆਂ ਤੀਰ ਗੋਲੀਆਂ ਓਥੇ ਕੁਝ ਹਿਸਾਬ ਨ ਆਯਾ ।
ਪੋਸਤ ਦੇ ਫੁੱਲ ਵਾਂਗੂੰ ਧਰਤੀ ਸੂਹਾ ਰੰਗ ਬਣਾਯਾ ।

ਸਰੋਪਾਇ ਅੰਬੋਹ ਚੰਦਾ ਸ਼ੁਦਹ ॥
ਕਿ ਮੈਦਾਂ ਪੁਰ ਅਜ਼ ਗੂਓ ਚੌਗਾਂ ਸ਼ੁਦਹ ॥੩੮॥

ਸਿਰ ਲੱਤਾਂ ਤੇ ਬਾਹਾਂ ਸਨ ਇਉਂ ਕੱਟੀਆਂ ਵਿੱਚ ਮੈਦਾਨੇ ।
ਖਿੱਦੂ ਖੂੰਡੀਆਂ ਨਾਲ ਭਰੀ ਉਹ ਸਾਰੀ ਜ਼ਿਮੀਂ ਸਿਆਨੇ ।

ਤਰੰਕਾਰਿ ਤੀਰੋ ਤਫੰਗਿ ਕਮਾਂ ॥
ਬਰਾਮਦ ਯਕੇ ਹਾਓ ਹੂ ਅਜ਼ ਜਹਾਂ ॥੩੯॥

ਸੜਕਨ ਤੀਰ ਕਮਾਨਾ ਕੜਕਨ ਜਿਨ੍ਹਾਂ ਜਹਾਨ ਡਰਾਯਾ ।
ਦੁਨੀਆਂ ਦੇ ਵਿੱਚ ਸ਼ੋਰ ਮੱਚਯਾ ਬਹੁਤਾ ਰੌਲਾ ਪਾਯਾ ।

ਦਿਗਰ ਸ਼ੋਰਸ਼ਿ ਕੈਬਰਿ ਕੀਨਹ ਕੋਸ਼ ॥
ਜ਼ਿ ਮਰਦਾਨਿ ਮਰਦਾਂ ਬਿਰੂੰ ਰਫ਼ਤ ਹੋਸ਼ ॥੪੦॥

ਵੈਰ ਵਧਾਵਨ ਵਾਲਯਾਂ ਉੱਤੇ ਤੀਰ ਛੱਡੇ ਵਿੱਚ ਜੋਸ਼ਾਂ ।
ਬੜੇ ਬਹਾਦਰ ਮਰਦਾਂ ਦੀਆਂ ਉੱਡ ਗਈਆਂ ਸਭ ਹੋਸ਼ਾਂ ।

ਹਮ ਆਖ਼ਿਰ ਚਿਹ ਮਰਦੀ ਕੁਨਦ ਕਾਰਜ਼ਾਰ ॥
ਕਿ ਬਰ ਚਿਹਲ ਤਨ ਆਯਦਸ਼ ਬੇ ਸ਼ੁਮਾਰ ॥੪੧॥

ਆਖ਼ਰ ਉਹ ਬਹਾਦਰ ਕਿਤਨੀ ਸੂਰਮਤਾ ਦਿਖਲਾਂਦੇ ।
ਚਾਲੀਆਂ ਸਿੰਘਾਂ ਉੱਪਰ ਵੈਰੀ ਬੇਸ਼ੁਮਾਰ ਆ ਜਾਂਦੇ ।

ਚਰਾਗ਼ਿ ਜਹਾਂ ਚੂੰ ਸ਼ੁਦਹ ਬੁਰਕਹ ਪੋਸ਼ ॥
ਸ਼ਹਿ ਸ਼ਬ ਬਰਾਮਦ ਹਮਹ ਜਲਵਹ ਜੋਸ਼ ॥੪੨॥

ਓੜਕ ਦੀਵੇ ਏਸ ਜਹਾਂ ਦੇ ਲਾਂਭੇ ਮੂੰਹ ਛੁਪਾਯਾ ।
ਚਮਕ ਦਮਕ ਦੇ ਨਾਲ ਰਾਤ ਦਾ ਬਾਦਸ਼ਾਹ ਮੁੜ ਆਯਾ ।

ਹਰ ਆਂਕਸ ਬਕਉਲੇ ਕੁਹਾਂ ਆਯਦਸ਼ ॥
ਕਿ ਯਜ਼ਦਾਂ ਬਰੋ ਰਹਿਨੁਮਾ ਆਯਦਸ਼ ॥੪੩॥

ਹੁਕਮ ਰੱਬ ਦਾ ਮੰਨੇ ਜਿਹੜਾ ਸੌਂਹ ਖਾ ਤੋੜ ਨਿਭਾਵੇ ।
ਰੱਬ ਓਸਦਾ ਸਦਾ ਸਹਾਈ ਸੌਖਾ ਰਾਹ ਦਿਖਾਵੇ ।

ਨ ਪੇਚੀਦਹ ਮੂਏ ਨ ਰੰਜੀਦਹ ਤਨ ॥
ਕਿ ਬੇਰੂੰ ਖ਼ੁਦ ਆਵੁਰਦ ਦੁਸ਼ਮਨ ਸ਼ਿਕਨ ॥੪੪॥

ਵਾਲ ਨਾ ਵਿੰਗਾ ਹੋਯਾ ਮੇਰਾ ਨ ਤਨ ਨੂੰ ਦੁੱਖ ਆਯਾ ।
ਦੁਸ਼ਮਨ ਦੇ ਦਲ ਤੋੜਨ ਵਾਲੇ ਆਪੇ ਬਾਹਰ ਕਢਾਯਾ ।

ਨ ਦਾਨਮ ਕਿ ਈਂ ਮਰਦਿ ਪੈਮਾਂ ਸ਼ਿਕਨ ॥
ਕਿ ਦਉਲਤ ਪਰਸਤ ਅਸਤੋ ਈਂਮਾ ਫ਼ਿਕਨ ॥੪੫॥

ਮੈਂ ਸਮਝਦਾ ਨਹੀਂ ਸਾਂ ਇਹ ਹਨ ਅਹਿਦ ਤੋੜਨੇ ਵਾਲੇ ।
ਮਾਯਾ ਦੇ ਇਹ ਬੱਚੇ ਬਣ ਕੇ ਧਰਮ ਛੋੜਨੇ ਵਾਲੇ ।

ਨ ਈਮਾਂ ਪਰਸਤੀ ਨ ਅਉਜ਼ਾਇ ਦੀਂ ॥
ਨ ਸਾਹਿਬ ਸ਼ਨਾਸੀ ਨ ਮੁਹੱਮਦ ਯਕੀਂ ॥੪੬॥

ਨਹੀਂ ਧਰਮ ਤੂੰ ਮੰਨਣ ਵਾਲਾ ਨ ਕੋਈ ਧਰਮ ਤਰੀਕਾ ।
ਨਹੀਂ ਯਕੀਨ ਮੁਹੰਮਦ ਉੱਤੇ ਪਹੁੰਚ ਨ ਰੱਬ ਨਜ਼ੀਕਾ ।

ਹਰਆਂਕਸ ਕਿ ਈਮਾਂ ਪਰਸਤੀ ਕੁਨਦ ॥
ਨ ਪੈਮਾਂ ਖ਼ੁਦਸ਼ ਪੇਸ਼ੋ ਪਸਤੀ ਕੁਨਦ ॥੪੭॥

ਜਿਹੜਾ ਧਰਮੀ ਬੰਦਾ ਹੋਵੇ ਹੈ ਝੂਠੋਂ ਉਹ ਡਰਦਾ ।
ਮੂੰਹ ਦੇ ਕੀਤੇ ਬਚਨਾਂ ਤਾਈਂ ਅਗ੍ਹਾਂ ਪਿਛ੍ਹਾਂ ਨ ਕਰਦਾ ।

ਕਿ ਈਂ ਮਰਦ ਰਾ ਜ਼ੱਰਹ ਏਤਬਾਰ ਨੇਸਤ ॥
ਕਿ ਕਸਮੇ ਕੁਰਾਨਸਤੁ ਯਜ਼ਦਾਂ ਯਕੇਸਤ ॥੪੮॥

ਕਸਮ ਕੁਰਾਨ ਰੱਬ ਦੀ ਸੌਂਹ ਖਾ ਜੋ ਕੋਈ ਨਹੀਂ ਨਿਭਾਵੇ ।
ਕਿਹੜਾ ਮਰਦ ਰਤੀ ਭੀ ਉਸਤੇ ਫਿਰ ਇਤਬਾਰ ਲਿਆਵੇ ।

ਚੁ ਕਸਮੇ ਕੁਰਾਂ ਸਦ ਕੁਨਦ ਇਖ਼ਤਿਯਾਰ ॥
ਮਰਾ ਕਤਰਹ ਨਾਯਦ ਅਜ਼ੋ ਏਤਬਾਰ ॥੪੯॥

ਕਸਮ ਕੁਰਾਨ ਜੈਸੀਆਂ ਹੁਣ ਤੂੰ ਸੈ ਸੁਗੰਦਾਂ ਖਾਵੇਂ ।
ਦਿਲ ਮੇਰੇ ਤੇ ਰੱਤੀ ਜਿੰਨਾ ਨਹਿੰ ਇਤਬਾਰ ਜਮਾਵੇਂ ।

ਅਗਰਚਿਹ ਤੁਰਾ ਏਤਬਾਰ ਆਮਦੇ ॥
ਕਮਰ ਬਸਤਹ ਏ ਪੇਸ਼ਵਾ ਆਮਦੇ ॥੫੦॥

ਕਸਮ ਆਪਨੀ ਉੱਤੇ ਜੇ ਤੂੰ ਖ਼ੁਦ ਇਤਬਾਰ ਰਖਾਉਂਦਾ ।
ਕਮਰ ਕੱਸ ਕੇ ਮੇਰੇ ਤਾਈਂ ਅੱਗੋਂ ਮਿਲਣੇ ਆਉਂਦਾ ।

ਨਵਿਸ਼ਤਹ ਰਸੀਦੋ ਬਗੁਫ਼ਤਹ ਜ਼ਬਾਂ ॥
ਬਿਬਾਯਦ ਕਿ ਈਂ ਕਾਰ ਰਾਹਤ ਰਸਾਂ ॥੫੪॥

ਚਿੱਠੀ ਪੁੱਜੇ, ਨਾਲੇ ਇਹ ਕੁਝ ਕਹੇ ਜ਼ਬਾਨੀ ਗੱਲਾਂ ।
ਸੁਣ ਕੇ ਤੈਨੂੰ ਚਾਹੀਦਾ ਹੈ ਸੁਖ ਦੇ ਰਾਹ ਤੇ ਚੱਲਾਂ ।

ਹਮੂੰ ਮਰਦ ਬਾਯਦ ਸ਼ਵਦ ਸੁਖ਼ਨਵਰ ॥
ਨ ਸ਼ਿਕਮੇ ਦਿਗਰ ਦਰ ਦਹਾਨਿ ਦਿਗਰ ॥੫੫॥

ਮਰਦ ਓਹੋ ਜੋ ਗੱਲ ਦਾ ਪੱਕਾ ਮਜ਼ਾ ਸਚਾਈ ਚੱਖੇ ।
ਮੂੰਹ ਵਿਚ ਹੋਰ ਨ ਹੋਵੇ ਓਹਦੇ ਦਿਲ ਵਿੱਚ ਹੋਰ ਨ ਰੱਖੇ ।

ਕਿ ਕਾਜ਼ੀ ਮਰਾ ਗੁਫ਼ਤ ਬੇਹੂੰ ਨਯਮ ॥
ਅਗਰ ਰਾਸਤੀ ਖ਼ੁਦ ਬਿਯਾਰੀ ਕਦਮ ॥੫੬॥

ਕਾਜ਼ੀ ਤੇਰੇ ਸੀ ਗੱਲ ਆਖੀ ਸ਼ਾਹ ਨਹੀਂ ਕਸਮੋਂ ਬਾਹਿਰ ।
ਜੇ ਸੱਚ ਹੈ ਤਾਂ ਆਪੋ ਆ ਜਾਹ ਕਦਮ ਉਠਾ ਕੇ ਜ਼ਾਹਿਰ ।

ਤੁਰਾ ਗਰ ਬਬਾਯਦ ਕਉਲਿ ਕੁਰਾਂ ॥
ਬਨਿਜ਼ਦੇ ਸ਼ੁਮਾ ਰਾ ਰਸਾਨਮ ਹਮਾਂ ॥੫੭॥

ਤੂੰ ਕਲਾਮ ਕੁਰਾਨ ਤਾਈਂ ਹੈਂ ਜੇਕਰ ਮੰਨਣਹਾਰਾ ।
ਤੇਰੇ ਪਾਸ ਮੈਂ ਓਹੋ ਭੇਜਾਂ ਕਸਮ ਕੁਰਾਂ ਦੀ ਜ਼ਾਹਰਾ ।

ਕਿ ਤਸ਼ਰੀਫ ਦਰ ਕਸਬਹ ਕਾਂਗੜ ਕੁਨਦ ॥
ਵਜ਼ਾਂ ਪਸ ਮੁਲਾਕਾਤ ਬਾਹਮ ਸ਼ਵਦ ॥੫੮॥

ਬਾਦਸ਼ਾਹ ਤੂੰ ਜੇ ਕਰ ਕਸਬੇ ਕਾਂਗੜ ਦੇ ਵਿੱਚ ਆਵੇਂ ।
ਆਪਸ ਦੇ ਵਿੱਚ ਮੇਲ ਹੋ ਜਾਵੇ ਵੈਰ ਵਿਰੋਧ ਮਿਟਾਵੇਂ ।

ਨ ਜ਼ੱਰਹ ਦਰੀਂ ਰਾਹਿ ਖ਼ਤਰਹ ਤੁਰਾਸਤ ॥
ਹਮਹ ਕੌਮਿ ਬੈਰਾੜ ਹੁਕਮਿ ਮਰਾਸਤ ॥੫੯॥

ਤੈਨੂੰ ਖ਼ਤਰਾ ਏਸ ਰਾਹਿ ਵਿੱਚ ਰੱਤੀ ਭੀ ਨਹੀਂ ਭੱਲੇ ।
ਸਾਰੀ ਕੌਮ ਬੈਰਾੜਾਂ ਦੀ ਇਹ ਹੁਕਮ ਮੇਰੇ ਵਿੱਚ ਚੱਲੇ ।

ਬਿਯਾ ਤਾ ਸੁਖ਼ਨ ਖ਼ੁਦ ਜ਼ਬਾਨੀ ਕੁਨੇਮ ॥
ਬਰੂਏ ਸ਼ੁਮਾ ਮਿਹਰਬਾਨੀ ਕੁਨੇਮ ॥੬੦॥

ਆ ਤੂੰ ਸਾਡੇ ਪਾਸ ਗੱਲਾਂ ਕੁਝ ਕਰੀਏ ਬੈਠ ਜ਼ਬਾਨੀ ।
ਇਹ ਭੀ ਤੇਰੇ ਉੱਤੇ ਸੁਣ ਲੈ ਕਰਦੇ ਹਾਂ ਮਿਹਰਬਾਨੀ ।

ਯਕੇ ਅਸਪ ਸ਼ਾਇਸਤਹਏ ਯਕ ਹਜ਼ਾਰ ॥
ਬਿਯਾ ਤਾ ਬਗੀਰੀ ਬ ਮਨ ਈਂ ਦਿਯਾਰ ॥੬੧॥

ਇੱਕ ਗੱਲ ਮੇਰੇ ਲਈ ਜੇ ਘੋੜਾ ਇੱਕ ਹਜ਼ਾਰ ਲਿਆਵੇਂ ।
ਉਸਦੇ ਬਦਲੇ ਮੁਲਕ ਜੰਗਲ ਦਾ ਮੇਰੇ ਪਾਸੋਂ ਪਾਵੇਂ ।

ਸ਼ਹਿਨਸ਼ਾਹਿ ਰਾ ਬੰਦਹੇ ਚਾਕਰੇਮ ॥
ਅਗਰ ਹੁਕਮ ਆਯਦ ਬਜਾ ਹਾਜ਼ਰੇਮ ॥੬੨॥

ਮੈਂ ਭੀ ਵੱਡੇ ਸ਼ਹਿਨਸ਼ਾਹ ਦਾ ਚਾਕਰ ਇੱਕ ਸਦਾਵਾਂ ।
ਓਸਦੀ ਆਗਯਾ ਹੋਈ ਤਾਂ ਹਾਜ਼ਰ ਤਨ ਮਨ ਤੋਂ ਹੋ ਜਾਵਾਂ ।

ਅਗਰਚਿਹ ਬਿਆਯਦ ਬ ਫ਼ਰਮਾਨ ਮਨ ॥
ਹਜ਼ੂਰਤ ਬਿਯਾਯਮ ਹਮਹ ਜਾਨੁ ਤਨ ॥੬੩॥

ਜੇ ਫ਼ੁਰਮਾਨ ਓਸਦਾ, ਤੇਰੀ ਮੁਲਾਕਾਤ ਲਈ ਆਯਾ ।
ਤਨ ਮਨ ਤੋਂ ਮੈਂ ਤੈਥੇ ਆਵਾਂ ਤੈਨੂੰ ਸੱਚ ਸੁਨਾਯਾ ।

ਅਗਰ ਤੂ ਬਯਜ਼ਦਾਂ ਪਰਸਤੀ ਕੁਨੀ ॥
ਬ ਕਾਰੇ ਮਰਾ ਈਂ ਨ ਸੁਸਤੀ ਕੁਨੀ ॥੬੪॥

ਓਸੇ ਰੱਬ ਦੀ ਜੇਕਰ ਪੂਜਾ ਕਰਨੇ ਵਾਲਾ ਹੋਵੇਂ ।
ਸੁਸਤੀ ਕਰੇਂ ਨ ਆਵਣ ਦੇ ਵਿੱਚ ਝਬਦੇ ਆਣ ਖਲੋਵੇਂ ।

ਬਿਬਾਯਦ ਕਿ ਯਜ਼ਦਾਂ ਸ਼ਨਾਸੀ ਕੁਨੀ ॥
ਨ ਗ਼ੁਫ਼ਤਹ ਕਸਾਂ ਕਸ ਖ਼ਰਾਸ਼ੀ ਕੁਨੀ ॥੬੫॥

ਤੈਨੂੰ ਚਾਹੀਏ ਓਸੇ ਰੱਬ ਦੀ ਵਿੱਚ ਸ਼ਰਨ ਦੇ ਆਵੇਂ ।
ਲੋਕਾਂ ਆਖੇ ਕਿਸੇ ਬੰਦੇ ਦੀ ਐਵੇਂ ਛਿੱਲ ਨ ਲਾਹਵੇਂ ।

ਕਿ ਅਜਬ ਅਸਤ ਇਨਸਾਫ਼ੋ ਦੀਂ ਪਰਵਰੀ ॥
ਕਿ ਹੈਫ਼ ਅਸਤ ਸਦ ਹੈਫ਼ ਈਂ ਸਰਵਰੀ ॥੬੭॥

ਦੀਨ ਇਨਸਾਫ਼ ਪਾਲਨਾ ਕਰਨੀ ਅਜਬ ਤਰ੍ਹਾਂ ਦੀ ਤੇਰੀ ।
ਐਸੀ ਜੁੱਮੇਵਾਰੀ ਉੱਤੇ ਹੈ ਲਾਹਨਤ ਲੱਖ ਵੇਰੀ ।

ਮਜ਼ਨ ਤੇਗ਼ ਬਰ ਖ਼ੂਨਿ ਕਸ ਬੇ ਦਰੇਗ਼ ॥
ਤੁਰਾ ਨੀਜ਼ ਖ਼ੂੰ ਚਰਖ ਰੇਜ਼ਦ ਬਤੇਗ਼ ॥੬੯॥

ਨ ਤਲਵਾਰ ਕਿਸੇ ਦੇ ਮਾਰਨ ਲਈ ਬੇਧੜਕ ਚਲਾਈਂ ।
ਉਹ ਅਸਮਾਨੀ ਤੇਗ਼ ਤੈਨੂੰ ਭੀ ਮਾਰੇਗੀ ਦਿਲ ਲਾਈਂ ।

ਤੂ ਗਾਫ਼ਿਲ ਮਸ਼ਉ ਮਰਦ ਯਜ਼ਦਾਂ ਹਿਰਾਸ ॥
ਕਿ ਓ ਬੇਨਿਆਜ਼ ਅਸਤ ਓ ਬੇਸਿਪਾਸ ॥੭੦॥

ਗ਼ਾਫ਼ਲ ਨ ਹੋ ਬਾਦਸ਼ਾਹ ਤੂੰ ਡਰੀਂ ਖ਼ੁਦਾ ਦੇ ਪਾਸੋਂ ।
ਬੇ ਪਰਵਾਹ ਉਹ ਬਿਨਾ ਖ਼ੁਸ਼ਾਮਦ ਤੇਰੇ ਬਾਹਰ ਕਿਆਸੋਂ ।

ਕਿ ਊ ਰਾ ਚੁ ਇਸਮ ਅਸਤ ਆਜਿਜ਼ ਨਿਵਾਜ਼ ॥
ਕਿ ਊ ਬੇਸਿਪਾਸ ਅਸਤ ਓ ਬੇ ਨਿਯਾਜ਼ ॥੭੪॥

ਗ਼ਰੀਬ ਨਿਵਾਜ਼ ਨਾਮ ਹੈ ਓਹਦਾ ਦੀਨਾਂ ਦਾ ਰਖਵਾਲਾ ।
ਫਸਦਾ ਵਿੱਚ ਖ਼ੁਸ਼ਾਮਦ ਨਾਹੀਂ ਬੇ-ਪਰਵਾਹੀ ਵਾਲਾ ।

ਚਿਹਾ ਸ਼ੁਦ ਕਿ ਚੂੰ ਬੱਚਗਾਂ ਕੁਸ਼ਤਹ ਚਾਰ ॥
ਕਿ ਬਾਕੀ ਬਮਾਂਦਸਤ ਪੇਚੀਦਹ ਮਾਰ ॥੭੮॥

ਕੀਹ ਹੋਯਾ ਜੇ ਚਾਰੇ ਬੱਚੇ ਘੇਰ ਤੁਸਾਂ ਹਨ ਮਾਰੇ ।
ਕੁੰਡਲੀਆ ਸੱਪ ਜੀਊਂਦਾ ਪਿੱਛੇ ਖ਼ੌਫ਼ ਤੁਸਾਂ ਨੂੰ ਭਾਰੇ ।

ਚਿਹ ਮਰਦੀ ਕਿ ਅਖ਼ਗਰ ਖ਼ਮੋਸ਼ਾਂ ਕੁਨੀ ॥
ਕਿ ਆਤਿਸ਼ ਦਮਾਂ ਰਾ ਫ਼ਿਰੋਜ਼ਾ ਕੁਨੀ ॥੭੯॥

ਕਾਹਦੀ ਹੈ ਇਹ ਸੂਰਮਤਾ ਚੰਗਯਾੜਯਾਂ ਤਾਈਂ ਬੁਝਾਵੇਂ ।
ਬਲਦੀ ਅੱਗ ਤਈਂ ਤੂੰ ਉਲਟਾ ਬਾਲਣ ਪਾ ਭੜਕਾਵੇਂ ।

ਚਿਹ ਖ਼ੁਸ਼ ਗੁਫ਼ਤ ਫਿਰਦੌਸੀਏ ਖ਼ੁਸ਼ ਜ਼ੁਬਾਂ ॥
ਸ਼ਿਤਾਬੀ ਬਵਦ ਕਾਰਿ ਆਹਰਮਨਾ ॥੮੦॥

ਫ਼ਿਰਦੌਸੀ ਨੇ ਸੋਹਣਾ ਲਿਖਿਆ ਸਭ ਦੇ ਮਨ ਨੂੰ ਭਾਯਾ ।
ਕਾਹਲੀ ਕਰਨੀ ਕੰਮ ਰਾਕਸ਼ਾਂ ਉਸਨੇ ਹੈ ਫ਼ਰਮਾਯਾ ।

ਤੁਰਾ ਮਨ ਨ ਦਾਨਮ ਕਿ ਯਜ਼ਦਾਂ ਸ਼ਨਾਸ ॥
ਬਰਾਮਦ ਜ਼ਿ ਤੂ ਕਾਰਹਾ ਦਿਲ ਖ਼ਰਾਸ਼ ॥੮੫॥

ਰੱਬ ਪਛਾਨਣ ਵਾਲਾ ਬੰਦਾ ਤੈਨੂੰ ਮੈਂ ਨ ਜਾਣਾ ।
ਬਹੁਤੇ ਕੰਮ ਹੋਇ ਦੁਖਦਾਈ ਤੈਥੋਂ, ਖ਼ਾਸ ਪਛਾਣਾ ।

ਅਗਰ ਸਦ ਕੁਰਾਂ ਰਾ ਬਖੁਰਦੀ ਕਸਮ ॥
ਮਰਾ ਏਤਬਾਰੇ ਨ ਈਂ ਜ਼ਰਹ ਦਮ ॥੮੭॥

ਜੇਕਰ ਹੁਣ ਕੁਰਾਨ ਦੀਆਂ ਤੂੰ ਸੌ ਸੁਗੰਦਾਂ ਖਾਵੇਂ ।
ਰੱਤੀ ਨਹੀਂ ਇਤਬਾਰ ਮੇਰੇ ਦਿਲ ਝੂਠਾ ਸਮਝਿਆ ਜਾਵੇਂ ।

ਹਜ਼ੂਰਤ ਨਿਆਯਮ ਨ ਈਂ ਰਹ ਸ਼ਵਮ ॥
ਅਗਰ ਸ਼ਹ ਬਖ਼ਵਾਨਦ ਮਨ ਆਂ ਜਾ ਰਵਮ ॥੮੮॥

ਤੇਰੇ ਪਾਸ ਨ ਆਵਾਂਗਾ ਮੈਂ ਨ ਇਤਬਾਰ ਰਖਾਵਾਂ ।
ਜੇ ਤੂੰ ਏਧਰ ਚਾਹਿੰ ਬਾਦਸ਼ਾਹ ਮੈਂ ਓਧਰ ਨ ਜਾਵਾਂ ।

ਮਨਮ ਕੁਸ਼ਤਹਅਮ ਕੋਹਿਯਾਂ ਪੁਰਫਿਤਨ ॥
ਕਿ ਆਂ ਬੁਤ ਪਰਸਤੰਦੁ ਮਨ ਬੁਤਸ਼ਿਕਨ ॥੯੫॥

ਪੱਥਰ ਪੂਜ ਪਹਾੜੀਆਂ ਤਾਈਂ ਮਾਰ ਮੈਂ ਰੋੜ੍ਹਨ ਵਾਲਾ ।
ਉਹ ਬੁੱਤਾਂ ਨੂੰ ਪੂਜਣ ਵਾਲੇ ਮੈਂ ਹਾਂ ਤੋੜਨ ਵਾਲਾ ।

ਚਿਹ ਦੁਸ਼ਮਨ ਕੁਨਦ ਮਿਹਰਬਾਂ ਅਸ ਦੋਸਤ ॥
ਕਿ ਬਖ਼ਸ਼ਿੰਦਗੀ ਕਾਰ ਬਖ਼ਸ਼ਿੰਦਹ ਓਸਤ ॥੯੮॥

ਮਿਹਰਬਾਨ ਹੋਇ ਦੋਸਤ ਜਿਸ ਤੇ ਦੁਸ਼ਮਨ ਕੀਹ ਵਿਗਾੜੇ ।
ਮਿਤਰ ਅਸਾਡੇ ਦਾ ਕੰਮ ਬਖ਼ਸ਼ਸ਼ ਬਖ਼ਸ਼ੇ ਸਦਾ ਪਯਾਰੇ ।

ਖ਼ਸਮ ਰਾ ਚੁ ਕੋਰ ਊ ਕੁਨਦ ਵਕਤਿ ਕਾਰ ॥
ਯਤੀਮਾਂ ਬਿਰੂੰ ਮੇ ਬੁਰਦ ਬੇਅਜ਼ਾਰ ॥੧੦੦॥

ਕੰਮ ਪਏ ਓਹ ਵੈਰੀ ਤਾਈਂ ਤੁਰਤ ਅੰਨ੍ਹਯਾਂ ਕਰਦਾ ।
ਮਾੜਯਾਂ ਤਾਈਂ ਬਿਨ ਤਕਲੀਫ਼ੋਂ ਹੈ ਬਾਹਿਰ ਕੱਢ ਖੜਦਾ ।

ਚਿ ਦੁਸ਼ਮਨ ਬਹਾਂ ਹੀਲਹ ਸਾਜ਼ੀ ਕੁਨਦ ॥
ਕਿ ਬਰ ਵੈ ਖ਼ੁਦਾ ਰਹਮ ਸਾਜ਼ੀ ਸ਼ਵਦ ॥੧੦੩॥

ਤਾਕਤ ਵੈਰੀ ਦੀ ਕੀ, ਨਾਲ ਉਸਦੇ ਕਰ ਲਏ ਧੋਖੇਬਾਜ਼ੀ ।
ਰਾਹੇ ਪਾਵਣ ਵਾਲਾ ਉਸਤੇ ਜੇ ਹੋਵੇ ਰੱਬ ਰਾਜ਼ੀ ।

ਅਗਰ ਯਕ ਬਰਾਯਦ ਦਹੋ ਦਹ ਹਜ਼ਾਰ ॥
ਨਿਗਹਬਾਨ ਊ ਰਾ ਸ਼ਬਦ ਕਿਰਦਗਾਰ ॥੧੦੪॥

ਜੇਕਰ ਇੱਕ ਦੇ ਉੱਪਰ ਆ ਪਏ ਵੈਰੀ ਲੱਖ ਹਜ਼ਾਰਾਂ ।
ਪਰਵਦਗਾਰ ਅਕਾਲ ਪੁਰਖ, ਹੈ ਉਸਨੂੰ ਰੱਖਣਹਾਰਾ ।

ਤੁਰਾ ਗਰ ਨਜ਼ਰ ਹਸਤ ਲਸ਼ਕਰ ਵ ਜ਼ਰ ॥
ਕਿ ਮਾ ਰਾ ਨਿਗਹ ਅਸਤੁ ਯਜ਼ਦਾਂ ਸ਼ੁਕਰ ॥੧੦੫॥

ਦੌਲਤ ਲਸ਼ਕਰ ਦਾ ਦਿਲ ਤੇਰੇ ਹੈ ਗੁਮਾਨ ਜੇ ਭਾਰਾ ।
ਸ਼ੁਕਰ ਰੱਬ ਦੇ ਉੱਪਰ ਸਦ ਹੀ ਲੱਗਾ ਧਯਾਨ ਹਮਾਰਾ ।

ਕਿ ਊ ਰਾ ਗ਼ਰੂਰ ਅਸਤ ਬਰ ਮੁਲਕੁ ਮਾਲ ॥
ਵ ਮਾ ਰਾ ਪਨਾਹ ਅਸਤੁ ਯਜ਼ਦਾਂ ਅਕਾਲ ॥੧੦੬॥

ਜੇਕਰ ਤੈਨੂੰ ਮਾਲ ਮੁਲਕ ਦਾ ਹੈ ਹੰਕਾਰ ਉਹ ਭਾਰਾ ।
ਸਾਨੂੰ ਓਸ ਅਕਾਲ ਪੁਰਖ ਦਾ ਚੱਤੇ ਪਹਿਰ ਸਹਾਰਾ ।

ਤੂ ਗ਼ਾਫ਼ਿਲ ਮਸ਼ੌ ਜੀ ਸਿਪੰਜੀ ਸਰਾਇ ॥
ਕਿ ਆਲਮ ਬਗ਼ਜ਼ਰਦ ਸਰੇ ਜਾ ਬਜਾਇ ॥੧੦੭॥

ਥੋੜ੍ਹੇ ਦਿਨ ਦੇ ਏਸ ਟਿਕਾਣੇ ਉੱਪਰ ਨ ਭੁੱਲ ਬਹਿਨਾ ।
ਚਲਯਾ ਜਾਂਦਾ ਹੈ ਜੱਗ ਸਾਰਾ ਬੈਠ ਕਿਸੇ ਨਹੀਂ ਰਹਿਨਾ ।

ਬਬੀਂ ਗ਼ਰਦਸ਼ਿ ਬੇਵਫ਼ਾਈ ਜ਼ਮਾਂ ॥
ਕਿ ਬਰ ਹਰ ਬਿਗ਼ੁਜ਼ਸ਼ਤ ਮਕੀਨੋ ਮਕਾਂ ॥੧੦੮॥

ਹੇ ਬਚਨਾਂ ਦੇ ਕੱਚੇ ! ਦੇਖੀਂ ਚੱਕਰ ਇਹ ਜ਼ਮਾਨਾਂ ।
ਸਭਨਾਂ ਉੱਤੋਂ ਦੀ ਲੰਘ ਜਾਂਦਾ ਕਰਦਾ ਨਾਸ਼ ਨਾਦਾਨਾਂ ।

ਤੂ ਗਰ ਜ਼ਬਰ ਆਜਜ਼ ਖ਼ਰਾਸ਼ੀ ਮਕੁਨ ॥
ਕਸਮ ਰਾ ਬ ਤੇਸ਼ਹ ਤਰਾਸ਼ੀ ਮਕੁਨ ॥੧੦੯॥

ਮਾਰ ਨ, ਜੇ ਤੂੰ ਜ਼ੋਰ ਵਾਲਾ ਹੈਂ, ਪਕੜ ਗ਼ਰੀਬਾਂ ਤਾਈਂ ।
ਧਰਮ ਆਪਨੇ ਤਾਈਂ ਕੱਟੀਂ ਨਾਲ ਕੁਹਾੜੇ ਨਾਹੀਂ ।

ਚੁਹਕ ਯਾਰ ਬਾਸ਼ਦ ਚਿ ਦੁਸ਼ਮਨ ਕੁਨਦ ॥
ਅਗਰ ਦੁਸ਼ਮਨੀ ਰਾ ਬਸਦ ਤਨ ਕੁਨਦ ॥੧੧੦॥

ਮੱਦਦਗਾਰ ਹੋਵੇ ਰੱਬ ਜਿਸਦਾ ਦੁਸ਼ਮਨ ਕੀਹ ਕਰ ਸੱਕੇ ।
ਸੈ ਮਰਦਾਂ ਨੂੰ ਕਰਕੇ ਕੱਠੇ ਪਿਆ ਦੁਸ਼ਮਨੀ ਤੱਕੇ ।

ਖ਼ਸਮ ਦੁਸ਼ਮਨੀ ਗਰ ਹਜ਼ਾਰ ਆਵੁਰਦ ॥
ਨ ਯਕ ਮੂਇ ਊ ਰਾ ਅਜ਼ਾਰ ਆਵੁਰਦ ॥੧੧੧॥

ਮੱਦਦਗਾਰ ਹੋਵੇ ਰੱਬ ਜਿਸਦਾ ਦੁਸ਼ਮਨ ਕੀਹ ਕਰ ਸੱਕੇ ।
ਸੈ ਮਰਦਾਂ ਨੂੰ ਕਰਕੇ ਕੱਠੇ ਪਿਆ ਦੁਸ਼ਮਨੀ ਤੱਕੇ ।

ਹਕਾਇਤ ਦੂਜੀ

ਅਗੰਜੋ ਅਭੰਜੋ ਅਰੂਪੋ ਅਰੇਖ ॥
ਅਗਾਧੋ ਅਬਾਧੋ ਅਭਰਮੋ ਅਲੇਖ ॥੧੧੨॥

ਉਹ ਅਬਿਨਾਸ਼ੀ ਗਿਣਤੀ ਤੋਂ ਤੇ ਰੂਪ ਰੇਖ ਤੋਂ ਨਿਆਰਾ ।
ਬੰਧਨ ਵਿੱਚ ਅਗਾਧ ਨ ਆਵੇ ਭੈ ਭਰਮਾਂ ਤੋਂ ਬਾਹਰਾ ।