ਪੰਜਾਬੀ ਕਲਾਮ/ਗ਼ਜ਼ਲਾਂ ਯੂਨਸ ਅਹਿਕਰ
1. ਨਾ ਦੁਖ ਮੁੱਕੇ ਦੁਨੀਆਂ ਦੇ ਨਾ, ਚਾਨਣ ਮਿਲੇ ਜ਼ਮੀਰਾਂ ਨੂੰ
ਨਾ ਦੁਖ ਮੁੱਕੇ ਦੁਨੀਆਂ ਦੇ ਨਾ, ਚਾਨਣ ਮਿਲੇ ਜ਼ਮੀਰਾਂ ਨੂੰ।
ਹਾਰ ਗਏ ਨੇ ਫੜ ਫੜ ਲੋਕੀ, ਨਵਿਆਂ ਨਵਿਆਂ ਪੀਰਾਂ ਨੂੰ।
ਮਜ਼ਦੂਰੀ ਲਈ ਬਾਲਾਂ ਨੂੰ ਇੰਜ, ਲੋੜਾਂ ਧਕ ਧਕ ਖੜਦੀਆਂ ਨੇ,
ਵੇਲੇ ਦੇ ਮੁਖ਼ਤਾਰ ਜਿਉਂ ਹੱਕੀਂ, ਜਾਂਦੇ ਹੋਣ ਅਸੀਰਾਂ ਨੂੰ।
ਰਾਤਾਂ ਦੇ ਨੇਰ੍ਹੇ ਵਿੱਚ ਜਿਹੜਾ, ਰੌਸ਼ਨ ਸੁਪਨਾ ਤੱਕਿਆ ਸੀ,
ਦਿਨ ਦੀ ਲੋਏ ਤਰਸ ਰਹੇ ਆਂ, ਓਸ ਦੀਆਂ ਤਾਬੀਰਾਂ ਨੂੰ।
ਅੱਜ ਤੱਕ ਉਹੋ ਜੱਗ 'ਤੇ ਅਪਣੇ, ਲੇਖ ਬਦਲਦੇ ਆਏ ਨੇ,
ਸ਼ਾਕੀ ਹੁੰਦਿਆਂ ਹੋਇਆਂ ਵੀ ਜੋ, ਮੰਨਦੇ ਨੇ ਤਕਦੀਰਾਂ ਨੂੰ।
ਹੋ ਜਾਂਦਾ ਹੈ ਔਖਾ ਚੱਲਣਾ, ਗ਼ੈਰਾਂ ਦੇ ਵਲ ਜਿਨ੍ਹਾਂ ਦਾ,
ਅਪਣੇ ਵੱਲ ਚਲਾ ਲੈਂਦਾ ਹਾਂ ਓੜਕ ਉਹਨਾਂ ਤੀਰਾਂ ਨੂੰ।
ਕਿਸਰਾਂ ਵਾਰ ਸਵ੍ਹਾਂਗੇ 'ਅਹਿਕਰ' ਆਵਣ ਵਾਲੇ ਵੇਲੇ ਦਾ,
ਏਹੋ ਸੋਚਾਂ ਅੰਦਰੋ ਅੰਦਰ, ਚੂੰਡੀ ਜਾਣ ਸਰੀਰਾਂ ਨੂੰ।
2. ਖ਼ੌਰੇ ਕਿਹੜੇ ਸ਼ੀਸ਼ੇ ਦੇ ਨਾਲ ਨਜ਼ਰਾਂ ਮੁੜ ਟਕਰਾਈਆਂ ਨੇ
ਖ਼ੌਰੇ ਕਿਹੜੇ ਸ਼ੀਸ਼ੇ ਦੇ ਨਾਲ ਨਜ਼ਰਾਂ ਮੁੜ ਟਕਰਾਈਆਂ ਨੇ।
ਜਾਗ ਪਏ ਨੇ ਜ਼ਖ਼ਮ ਪੁਰਾਣੇ ਪੀੜਾਂ ਚੇਤੇ ਆਈਆਂ ਨੇ।
ਘੁੱਪ ਹਨੇਰ ਮਕਾਨ ਲਈ ਜਿਹੜੇ ਵਖਤਾਂ ਦੇ ਨਾਲ ਬਾਲੇ ਸਨ,
ਉਹਨਾਂ ਦੀਵਿਆਂ ਭੜਕ ਕੇ ਸਾਡੇ ਘਰ ਵਿੱਚ ਅੱਗਾਂ ਲਾਈਆਂ ਨੇ।
ਉਹਨੇ ਠੰਢਾ ਕਰਨਾ ਏਂ ਕੀ ਸੜਦਾ ਸੀਨਾ ਧਰਤੀ ਦਾ,
ਜਿਸ ਦਰਿਆ ਵਿੱਚ ਵੱਸਣ ਵਾਲੀਆਂ ਛੱਲਾਂ ਹੀ ਤ੍ਰਿਹਾਈਆਂ ਨੇ।
ਸੀਨੇ ਰੱਖੇ ਪੱਥਰਾਂ ਵਾਂਗੂੰ ਉਹ ਵੀ ਭਾਰੀਆਂ ਲੱਗੀਆਂ ਨੇ,
ਪਲ ਦੋ ਪਲ ਲਈ ਜੇ ਕਰ ਕਿਧਰੋਂ ਖੁਸ਼ੀਆਂ ਅਸਾਂ ਚੁਰਾਈਆਂ ਨੇ।
ਸਭਨਾਂ ਦੀ ਬੁੱਕਲ ਵਿੱਚ ਛੁਰੀਆਂ, ਸਭਨਾਂ ਦੇ ਹੱਥ ਰੰਗੇ ਨੇ,
ਵੇਖਣ ਨੂੰ ਪਰ ਸਾਰੇ ਲੋਕਾਂ ਮੂੰਹ ਵਿੱਚ ਉਂਗਲਾਂ ਪਾਈਆਂ ਨੇ।
ਖੁਸ਼ੀਆਂ ਢੂੰਡਣ ਵਾਲੇ ਐਵੇਂ ਚਿਹਰੇ ਪੜ੍ਹਦੇ ਫਿਰਦੇ ਨੇ,
ਪੀੜਾਂ ਨੇ ਉਹ ਇਕ ਦੂਜੇ ਤੋਂ ਜਿਹੜੀਆਂ ਅਸਾਂ ਲੁਕਾਈਆਂ ਨੇ।
ਦਿਲ ਨੇ ਜਿਹੜੀ ਥਾਂ ਮੱਲੀ ਏ ਉੱਥੋਂ ਪੈਰ ਹਿਲਾਇਆ ਨਹੀਂ,
ਜ਼ਹਿਨ ਨੇ 'ਅਹਿਕਰ' ਨਵੀਆਂ-ਨਵੀਆਂ ਰਾਹਵਾਂ ਨਿੱਤ ਸਮਝਾਈਆਂ ਨੇ।
3. ਦੁੱਖਾਂ ਨੂੰ ਨਹੀਂ ਗਿਣੀ ਮਿਣੀ ਦਾ, ਗ਼ਮ ਨੂੰ ਕੁਝ ਨਹੀਂ ਜਾਣੀ ਦਾ
ਦੁੱਖਾਂ ਨੂੰ ਨਹੀਂ ਗਿਣੀ ਮਿਣੀ ਦਾ, ਗ਼ਮ ਨੂੰ ਕੁਝ ਨਹੀਂ ਜਾਣੀ ਦਾ।
ਮੰਜ਼ਲ ਖਾਤਰ ਤੂਫ਼ਾਨਾਂ ਦੇ, ਅੱਗੇ ਸੀਨਾ ਤਾਣੀ ਦਾ।
ਮਕਸਦ ਪਾਰੋਂ ਡੁੱਬਣ ਵਾਲਾ, ਮੋਤੀ ਕੱਢਦਾ ਰਹਿੰਦਾ ਏ,
ਅਪਣੇ ਪੈਰ ਹਿਲਾ ਨਹੀਂ ਸਕਦਾ ਖੁਭਿਆ ਲੋਭ ਦੀ ਘਾਣੀ ਦਾ।
ਸੌ ਸਾਮਾਨ ਨੇ ਭਾਵੇਂ ਆਲ ਦੁਆਲੇ ਠੰਢੀਆਂ ਛਾਵਾਂ ਦੇ,
ਫਿਰ ਵੀ ਰਹਿ ਰਹਿ ਚੇਤੇ ਆਉਂਦਾ, ਸਾਇਆ ਕੰਧ ਪੁਰਾਣੀ ਦਾ।
ਮੱਖਣ ਦੀ ਇਕ ਬੂੰਦ ਕੱਢਣ ਲਈ, ਸ਼ਹਿਰ ਵਿਕੇਂਦੇ ਦੁੱਧਾਂ ਚੋਂ,
ਚੱਕਰ ਖਾ ਖਾ ਥੱਕ ਜਾਂਦਾ ਏ, ਝੱਲਾ ਫੁੱਲ ਮਧਾਣੀ ਦਾ।
ਮੁਮਕਨ ਰਹੇ ਨਾ ਅੱਗੇ ਵਧਣਾ, ਤੱਕ ਨਿਸ਼ਾਨ ਜੇ ਪੈਰਾਂ ਦੇ,
ਹਿੰਮਤ ਹਾਰ ਕੇ ਰਾਹਵਾਂ ਵਾਲਾ, ਘੱਟਾ ਫੇਰ ਨਹੀਂ ਛਾਣੀ ਦਾ।
ਜ਼ਹਿਨ ਬੰਦੇ ਦਾ 'ਅਹਿਕਰ' ਗੁੰਝਲੀ, ਅੱਟੀ ਬਣਿਆ ਹੋਇਆ ਏ,
ਐਵੇਂ ਨਹੀਂ ਇਹ ਖ਼ਾਲਿਕ ਬਣਿਆ, ਗੁੰਝਲ ਦਾਰ ਕਹਾਣੀ ਦਾ।
4. ਫੁੱਲਾਂ ਕੋਲੋਂ ਧੋਖੇ ਖਾ ਖਾ, ਜ਼ਖ਼ਮੀ ਹੋ ਕੇ ਖ਼ਾਰਾਂ ਤੋਂ
ਫੁੱਲਾਂ ਕੋਲੋਂ ਧੋਖੇ ਖਾ ਖਾ, ਜ਼ਖ਼ਮੀ ਹੋ ਕੇ ਖ਼ਾਰਾਂ ਤੋਂ।
ਹੌਲੀ ਹੌਲੀ ਉਠਦੇ ਜਾਂਦੇ ਨੇ, ਇਤਬਾਰ ਬਹਾਰਾਂ ਤੋਂ।
ਅਜ਼ਮਾਂ ਵਾਲੇ ਰੁੱਝੇ ਰਹੇ ਨਿੱਤ, ਫ਼ਨ ਦਾ ਰੂਪ ਸੰਵਾਰਣ ਲਈ,
ਗ਼ਰਜ਼ਾਂ ਵਾਲੇ ਲੜਦੇ ਰਹੇ ਨਿੱਤ, ਆਪਸ ਵਿਚ ਦਸਤਾਰਾਂ ਤੋਂ।
ਅਕਲਾਂ ਦੀ ਰੁਸ਼ਨਾਈ ਦੇ ਵਿੱਚ, ਚਿਹਰਾ ਪੜ੍ਹਕੇ ਵੇਲੇ ਦਾ,
ਪੁਸ਼ਤਾਂ ਦੇ ਬੈਠੇ ਹੋਏ ਲੋਕੀਂ, ਉਠਦੇ ਜਾਣ ਮਜ਼ਾਰਾਂ ਤੋਂ।
ਪੋਚ ਲਵਾਂਗੇ ਆਪੇ ਕੋਠੇ-ਕੁੱਲੇ, ਆਲ ਦਵਾਲਾਂ ਤੋਂ,
ਵਿਹਲ ਮਿਲੇਗੀ ਜਦ ਵੀ ਸਾਨੂੰ, ਅਪਣੇ ਹਾਰ ਸ਼ਿੰਗਾਰਾਂ ਤੋਂ।
ਜਿਉਂ ਜਿਉਂ ਗੁੱਡੀ ਚੜ੍ਹਦੀ ਜਾਵੇ, ਬੰਦਿਆਂ ਦੇ ਸ਼ਾਹਕਾਰਾਂ ਦੀ,
ਤਿਉਂ ਤਿਉਂ ਹਾਸੇ ਖੁੱਸਦੇ ਜਾਵਣ, ਕੁਦਰਤ ਦੇ ਸ਼ਾਹਕਾਰਾਂ ਤੋਂ।
ਜ਼ਾਤਾਂ ਦੇ ਖੋਲਾਂ ਵਿੱਚ ਲੁਕ ਕੇ, ਰਹਿਣ ਦੀ ਆਦਤ ਦੱਸਦੀ ਏ,
ਬੰਦਿਆਂ ਦੀ ਤਹਿਜ਼ੀਬ ਦਾ ਰਸਤਾ, ਫੁੱਟਿਆ ਲਗਦੈ ਗਾਰਾਂ ਤੋਂ।
ਆਦੀ ਹੋ ਜਾਣ ਜਦੋਂ ਪਖੇਰੂ, ਬੇ-ਮਕਸਦ ਪ੍ਰਵਾਜ਼ਾਂ ਦੇ,
'ਅਹਿਕਰ' ਉਦੋਂ ਉਡਣਾ ਪੈਂਦਾ ਏ, ਵੱਖਰੇ ਹੋ ਕੇ ਡਾਰਾਂ ਤੋਂ।
5. ਪਿੰਡਾਂ ਦੇ ਵਸ ਵਿੱਚ ਨਹੀਂ ਹੁੰਦਾ, ਰੱਖਣਾ ਇਹਨਾਂ ਜ਼ਹਿਰਾਂ ਨੂੰ
ਪਿੰਡਾਂ ਦੇ ਵਸ ਵਿੱਚ ਨਹੀਂ ਹੁੰਦਾ, ਰੱਖਣਾ ਇਹਨਾਂ ਜ਼ਹਿਰਾਂ ਨੂੰ।
ਚੰਗਾ ਏ ਪੜ੍ਹ ਲਿਖਕੇ ਮੁੰਡੇ, ਟੁਰ ਜਾਂਦੇ ਨੇ ਸ਼ਹਿਰਾਂ ਨੂੰ।
ਇਹ ਤੇ ਉਹਦਾ ਕਰਮ ਏ ਸਾਡੀਆਂ, ਸੱਧਰਾਂ ਪੂਰੀਆਂ ਕਰਦਾ ਨਹੀਂ,
ਨਹੀਂ ਤੇ ਵਾਜਾਂ ਮਾਰ ਰਹੇ ਆਂ, ਅਸੀਂ ਤੇ ਉਹਦਿਆਂ ਕਹਿਰਾਂ ਨੂੰ।
ਸਿੱਪਾਂ ਦੇ ਨਾਲ ਝੋਲੀਆਂ ਭਰੀਆਂ, ਖਲੇ ਖਲੋਤੇ ਕੰਢਿਆਂ ਨੇ,
ਟੱਕਰਾਂ ਬਾਝੋਂ ਕੁੱਝ ਨਹੀਂ ਮਿਲਿਆ, ਉਠ ਉਂਠ ਭੱਜਦੀਆਂ ਲਹਿਰਾਂ ਨੂੰ।
ਹਿੰਮਤਾਂ ਵਾਲੇ ਹੋਰਾਂ ਲਈ ਇੰਜ, ਅਪਣਾ ਲਹੂ ਵਰਤਾਂਦੇ ਨੇ,
ਦਰਿਆ ਜਿਸਰਾਂ ਵੰਡ ਦਿੰਦੇ ਨੇ, ਅਪਣਾ ਪਾਣੀ ਨਹਿਰਾਂ ਨੂੰ।
ਸਦੀਆਂ ਸਾਲ ਮਹੀਨੇ ਹੁਣ ਤੇ, ਪਲ ਪਲ ਉਡਦੇ ਜਾਂਦੇ ਨੇ,
ਘੜੀਆਂ ਘੋੜੇ ਚੜ੍ਹੀਆਂ ਜਾਪਣ, ਪਰ ਲੱਗੇ ਨੇ ਪਹਿਰਾਂ ਨੂੰ।
ਘੁੰਮਣ ਘੇਰਾਂ ਦੇ ਨਾਲ ਲੜਿਆਂ, ਜੌਹਰ ਖੁੱਲ੍ਹਣ ਜਿਸਮਾਂ ਦੇ,
ਰੋਗ ਨਿਰਾ ਏ ਕੰਢੇ ਬਹਿਕੇ, ਗਿਣਦੇ ਰਹਿਣਾ ਲਹਿਰਾਂ ਨੂੰ।
|