Wasif Ali Wasif
ਵਾਸਫ਼ ਅਲੀ ਵਾਸਫ਼

Punjabi Writer
  

Punjabi Ghazlan Wasif Ali Wasif

ਪੰਜਾਬੀ ਗ਼ਜ਼ਲਾਂ ਵਾਸਫ਼ ਅਲੀ 'ਵਾਸਫ਼'

1. ਜਿਹੜੀ ਬੂਟੀ ਦਿਲ ਵਿੱਚ ਲਾਈ

ਜਿਹੜੀ ਬੂਟੀ ਦਿਲ ਵਿੱਚ ਲਾਈ, ਉਹ ਬੂਟੀ ਅੱਜ ਫਲ ਗਈ ਏ ।
ਰੋ ਰੋ ਕੇ ਜੋ ਲੱਕੜੀ ਸੁੱਕੀ, ਇਸ਼ਕ ਦੀ ਅੱਗ ਵਿੱਚ ਬਲ ਗਈ ਏ ।

ਲੰਮੀਆਂ ਉਮਰਾਂ ਦੇ ਪੈਂਡੇ ਵੀ, ਆਖ਼ਰ ਨੂੰ ਮੁੱਕ ਜਾਂਦੇ ਨੇ,
ਕੀ ਹੋਇਆ ਜੇ ਤੇਰੀ ਇੱਕ, ਜਵਾਨੀ ਏਥੇ ਢਲ ਗਈ ਏ ।

ਮੇਰਾ ਦੋਸ਼ ਨਹੀਂ ਏ ਕੋਈ, ਜਦ ਤੱਕ ਹੋਇਆ ਚੁੱਪ ਰਿਹਾ,
ਕੰਨੋਂ-ਕੰਨੀਂ ਲੁਕਦੀ-ਛੁਪਦੀ, ਭਰੇ-ਬਜ਼ਾਰ 'ਚ ਗੱਲ ਗਈ ਏ ।

ਐਵੇਂ ਨਹੀਂ ਪਏ ਦੀਵੇ ਬਲਦੇ, ਐਵੇਂ ਨਹੀਂ ਪਏ ਝੰਡੇ ਝੁਲਦੇ,
ਰੋਜ਼ਿਆਂ ਵਾਲੀਆਂ ਕਬਰਾਂ ਦੇ ਵਿੱਚ, ਤੇਰੇ ਇਸ਼ਕ ਦੀ ਛੱਲ ਗਈ ਏ ।

ਚੁਪ ਚੁਪੀਤਿਆਂ ਜ਼ਹਿਰ ਨੂੰ ਪੀਤਾ, 'ਵਾਸਫ਼' ਨੇ ਬਦਨਾਮ ਨਾ ਕੀਤਾ,
ਮੈਨੂੰ ਦੇਖ ਕੇ ਦੁਨੀਆਂ ਦੀ ਗੱਲ, ਆਪੇ ਤੇਰੇ ਵੱਲ ਗਈ ਏ ।

2. ਕਿਹੜਾ ਕਿਹੜਾ ਰੋਣਾ ਰੋਈਏ

ਕਿਹੜਾ ਕਿਹੜਾ ਰੋਣਾ ਰੋਈਏ, ਸਾਰੇ ਰੋਗ ਅਵੱਲੇ ਨੇ ।
ਜ਼ੋਰਾਵਰ ਨੇ ਸਾਡੇ ਘਰ ਦੇ ਪਰਛਾਵੇਂ ਵੀ ਮੱਲੇ ਨੇ ।

ਇਸ ਦੁਨੀਆਂ ਦੀ ਭੀੜ ਦੇ ਅੰਦਰ ਜਿਸ ਪਾਸੇ ਵੀ ਤੱਕਦੇ ਹਾਂ,
ਇਕ ਦੂਜੇ ਦੇ ਨੇੜੇ ਵਸਦੇ ਟਾਪੂ ਉਂਜ ਇਕੱਲੇ ਨੇ ।

ਕਾਸਦ ਦੇਖਾਂ, ਚਿੱਠੀ ਦੇਖਾਂ, ਕੋਸਾਂ ਅਪਣੇ ਲੇਖਾਂ ਨੂੰ,
ਮੌਤ ਸਰ੍ਹਾਣੇ ਆ ਕੇ ਬੈਠੀ, ਹੁਣ ਸੁਨੇਹੜੇ ਘੱਲੇ ਨੇ ।

ਚੰਗਾ ਹੁੰਦਾ ਕੁਝ ਨਾ ਹੁੰਦਾ, ਨਾ ਉਹ ਹੁੰਦਾ, ਨਾ ਮੈਂ ਹੁੰਦਾ,
ਜਿਨ੍ਹਾਂ ਲਈ ਇਹ ਦੁਨੀਆਂ ਛੱਡੀ, ਉਹ ਸਾਨੂੰ ਛੱਡ ਚੱਲੇ ਨੇ ।

ਅੱਗ ਪਰਾਈ ਨਾ ਪਏ ਸੇਕੋ, ਝਾਤੀ ਮਾਰੋ ਅੰਦਰ ਦੇਖੋ,
ਜੋ ਲੱਗੀ ਏ ਇੱਕ ਘਰ 'ਵਾਸਫ਼' ਸਾਰੇ ਉਸ ਵਿੱਚ ਬੱਲੇ ਨੇ ।

3. ਇਹ ਹਮਸਾਏ ਇਹ ਮਾਂ-ਜਾਏ

ਇਹ ਹਮਸਾਏ, ਇਹ ਮਾਂ-ਜਾਏ ।
ਕੰਧ ਇਨ੍ਹਾਂ ਦੀ ਸਾਡੇ ਸਾਏ ।

ਉਹ ਵੀ ਇੱਕ ਬਹਿਰੂਪਣ ਨਿਕਲੀ,
ਮੈਂ ਵੀ ਲੱਖਾਂ ਭੇਸ ਵਟਾਏ ।

ਜੀਂਦੇ-ਜੀਅ ਗੱਲ ਇੱਕ ਨਾ ਮੰਨੀ,
ਕਬਰਾਂ 'ਤੇ ਜਾ ਫੁੱਲ ਚੜ੍ਹਾਏ ।

ਸੁੱਚੇ ਮੋਤੀ ਉਹ ਲੈ ਜਾਵਣ,
ਜਿਨ੍ਹਾਂ ਆਪਣੇ ਭੇਦ ਛੁਪਾਏ ।

ਮਰਦ ਕਲੰਦਰ ਉਹ ਹੈ 'ਵਾਸਫ਼'
ਸੂਲਾਂ ਨੂੰ ਜੋ ਸੀਨੇ ਲਾਏ ।

4. ਉਡਦੀ ਨਹੀਂ ਅਸਮਾਨਾਂ ਉੱਤੇ

ਉਡਦੀ ਨਹੀਂ ਅਸਮਾਨਾਂ ਉੱਤੇ, ਅਪਣੇ-ਆਪ ਪਤੰਗ ।
ਜੀਹਦੇ ਹੱਥ 'ਚ ਡੋਰ ਏ ਤੇਰੀ, ਉਹ ਦੀਆਂ ਖ਼ੈਰਾਂ ਮੰਗ ।

ਮੈਂ ਹੱਸਾਂ ਤੇ ਯਾਰ ਵਧੇਰੇ, ਜੇ ਰੋਵਾਂ ਤੇ ਕੱਲਾ,
ਦੁਖਾਂ ਦੇ ਟਾਪੂ ਦੇ ਅੰਦਰ, ਕੋਈ ਨਾ ਜਾਵੇ ਸੰਗ ।

ਫ਼ਿਕਰ ਜਵਾਨੀ ਨੂੰ ਖਾ ਜਾਵੇ, ਹੱਡੀਆਂ-ਮਾਸ ਸੁਕਾਵੇ,
ਪਹਿਲੀ ਬੂੰਦ 'ਚ ਫਿੱਟ ਜਾਂਦੇ ਨੇ, ਚਮਕਣ ਵਾਲੇ ਰੰਗ ।

ਹੈ ਹਿਆਤੀ ਆਪਣੀ ਸਾਰੀ, 'ਰੂਹ' ਤੇ 'ਬੁੱਤ' ਦਾ ਝਗੜਾ,
'ਰਾਂਝਾ-ਰਾਂਝਾ' ਕਰਦੀ ਮਰ ਗਈ 'ਸੈਦੇ' ਯਾਰ ਦੀ 'ਮੰਗ' ।

ਕੂੜੀ ਦੁਨੀਆਂ ਦੇ ਵਿੱਚ 'ਵਾਸਫ਼' ਸੱਚੀ ਗੱਲ ਨਾ ਕਰੀਏ,
ਸਾਰੇ ਕੂੜੇ ਕੱਠੇ ਹੋ ਕੇ, ਦਿੰਦੇ ਸੂਲੀ ਟੰਗ ।

5. ਸਾਰੇ ਇੱਕੋ ਰੰਗ ਦੇ ਲੋਕ

ਸਾਰੇ ਇੱਕੋ ਰੰਗ ਦੇ ਲੋਕ ।
ਵੱਖੋ-ਵੱਖ ਕੀ ਮੰਗਦੇ ਲੋਕ ?

ਮਿੱਟੀ ਦੀ ਮੂਰਤ ਦੇ ਕੋਲੋਂ,
ਹੱਕ ਮੰਗਦੇ ਕਿਉਂ ਸੰਗਦੇ ਲੋਕ ?

ਡਾਢਾ ਦੇਖ ਕੇ ਕਰਨ ਸਲਾਮਾਂ,
ਮਾੜਾ ਦੇਖ ਕੇ ਖੰਘਦੇ ਲੋਕ ।

ਜਿਹੜਾ ਹੱਕ ਦੀ 'ਵਾਜ਼ ਲਗਾਵੇ,
ਫੜ ਸੂਲੀ ਤੇ ਟੰਗਦੇ ਲੋਕ ।

ਮੰਜ਼ਲ ਮੇਰੀ ਮੈਥੋਂ ਪੁੱਛੇ,
ਕਿੱਥੇ ਰਹਿ ਗਏ ਸੰਗ ਦੇ ਲੋਕ ?

'ਵਾਸਫ਼' ਰਹਿੰਦਾ 'ਤਖ਼ਤ-ਹਜ਼ਾਰੇ',
ਚੰਗੇ ਲੱਗਦੇ 'ਝੰਗ' ਦੇ ਲੋਕ ।

6. ਗੁੰਗੇ-ਬੋਲੇ ਸਾਡੇ ਯਾਰ

ਗੁੰਗੇ-ਬੋਲੇ ਸਾਡੇ ਯਾਰ ।
ਟੋਕਣ ਗੱਲ ਨੂੰ ਅੱਧ-ਵਿਚਕਾਰ ।

ਮੈਂ ਤੈਨੂੰ ਕਦ 'ਵਾਜ਼ ਨਾ ਮਾਰੀ ?
ਤੂੰ ਮੇਰੀ ਕਦ ਲਿੱਤੀ ਸਾਰ ?

ਮੈਂ 'ਰਾਵੀ' ਦਾ ਉਰਲਾ-ਕੰਢਾ,
ਤੂੰ 'ਰਾਵੀ' ਦਾ ਪਰਲਾ-ਪਾਰ ।

ਇੱਥੇ ਬੰਦੇ ਗੁੰਮ ਹੋ ਜਾਂਦੇ,
ਤੂੰ ਪਗੜੀ ਨੂੰ ਲੱਭੇਂ ਯਾਰ ।

'ਵਾਸਫ਼' ਜੰਗਲਾਂ ਨੂੰ ਟੁਰ ਗਇਆ,
ਐਵੇਂ ਨਾ ਪਿਆ ਵਾਜ਼ਾਂ ਮਾਰ ।