ਵਾਰਿਸ ਸ਼ਾਹ (੧੭੨੨-੧੭੯੮) ਦਾ ਜਨਮ ਸੱਯਦ ਗੁਲਸ਼ੇਰ ਸ਼ਾਹ ਦੇ ਘਰ ਲਾਹੌਰ ਤੋਂ ਕਰੀਬ ੫੦ ਕਿਲੋਮੀਟਰ ਦੂਰ ਸ਼ੇਖੂਪੁਰਾ ਜਿਲ੍ਹੇ ਦੇ ਪਿੰਡ ਜੰਡਿਆਲਾ ਸ਼ੇਰ ਖ਼ਾਨ ਵਿੱਚ ਹੋਇਆ । ਬਚਪਨ ਵਿੱਚ ਵਾਰਿਸ ਸ਼ਾਹ ਨੂੰ ਪਿੰਡ ਦੀ ਹੀ ਮਸਜਿਦ ਵਿੱਚ ਪੜ੍ਹਨ ਲਈ ਭੇਜਿਆ ਗਿਆ । ਉਸ ਤੋਂ ਬਾਅਦ ਉਨ੍ਹਾਂ ਨੇ ਦਰਸ਼ਨ-ਏ-ਨਜਾਮੀ ਦੀ ਸਿੱਖਿਆ ਕਸੂਰ ਵਿੱਚ ਮੌਲਵੀ ਗ਼ੁਲਾਮ ਮੁਰਤਜਾ ਕਸੂਰੀ ਕੋਲੋਂ ਹਾਸਲ ਕੀਤੀ। ਉੱਥੋਂ ਫਾਰਸੀ ਅਤੇ ਅਰਬੀ ਵਿੱਚ ਵਿਦਿਆ ਪ੍ਰਾਪਤ ਕਰਕੇ ਉਹ ਪਾਕਪਟਨ ਚਲੇ ਗਏ । ਪਾਕਪਟਨ ਵਿੱਚ ਬਾਬਾ ਫ਼ਰੀਦ ਦੀ ਗੱਦੀ ਉੱਤੇ ਮੌਜੂਦ ਬਜ਼ੁਰਗਂ ਕੋਲੋਂ ਉਨ੍ਹਾਂ ਨੂੰ ਆਤਮਕ ਗਿਆਨ ਦੀ ਪ੍ਰਾਪਤੀ ਹੋਈ, ਜਿਸ ਦੇ ਬਾਅਦ ਉਹ ਰਾਣੀ ਹਾਂਸ ਦੀ ਮਸਜਿਦ ਵਿੱਚ ਇਮਾਮ ਰਹੇ ਅਤੇ ਧਾਰਮਿਕ ਵਿਦਿਆ ਦਾ ਪ੍ਰਸਾਰ ਕਰਦੇ ਰਹੇ । ਉਨ੍ਹਾਂ ਦਾ ਨਾਂ ਪੰਜਾਬੀ ਦੇ ਸਿਰਮੌਰ ਕਵੀਆਂ ਵਿਚ ਆਉਂਦਾ ਹੈ । ਉਹ ਮੁੱਖ ਤੌਰ ਤੇ ਆਪਣੇ ਕਿੱਸੇ ਹੀਰ ਰਾਂਝਾ ਲਈ ਮਸ਼ਹੂਰ ਹਨ।