ਵਕਤ ਜੋ ਸਾਡਾ ਨਹੀਂ ਕੁਲਵਿੰਦਰ ਬੱਛੋਆਣਾ
ਤਿੜਕੇ ਬੂਹੇ ਬਿਰਧ ਦੀਵਾਰਾਂ ਨੂੰ ਕਾਹਦਾ ਧਰਵਾਸ
ਘਰ ਦੀ ਰੌਣਕ ਸਨ ਜੋ ਕਰ ਗਏ ਉਮਰਾਂ ਲਈ ਪਰਵਾਸ
ਮੇਰੇ ਪਿੰਡ ਵਿਚ ਰਹਿੰਦੇ ਕਿੰਨੇ ਹੀ ਅਣਗੌਲੇ ਰਾਮ
ਅਪਣੇ-ਅਪਣੇ ਘਰ ਵਿਚ ਜਿਹੜੇ ਭੋਗ ਰਹੇ ਬਨਵਾਸ
ਓਸ ਨਦੀ ਨੇ ਤਾਂ ਨਈਂ ਕੀਤਾ ਪਾਣੀ ਤੋਂ ਇਨਕਾਰ
ਮੇਰੇ ਅੰਦਰ ਮਾਰੂਥਲ ਸੀ ਬੁਝਦੀ ਕਿੰਝ ਪਿਆਸ
ਆਪਾਂ ਤਾਂ ਖੇਤਾਂ ਵਿਚ ਬੀਜੇ ਸਨ ਸੱਧਰਾਂ ਦੇ ਬੀਜ
ਜ਼ਹਿਰੀ ਰੁੱਤ ਕੀ ਕਰ ਗਈ ਖੌਰੇ, ਉੱਗ ਪਈ ਸਲਫਾਸ
ਮਾਂ ਹੀ ਵਾਪਸ ਆ ਜਾਵੇ ਬਸ ਕੀ ਕਰਨੀ ਐ ਚੋਗ
ਵਹਿਸ਼ੀ ਰੁੱਤ ‘ਚ ਕੀਤੀ ਕੰਬਦੇ ਬੋਟਾਂ ਨੇ ਅਰਦਾਸ
ਤੂੰ ਫੁੱਲ ਦੀ ਥਾਂ ਭਾਵੇਂ ਆਜੀਂ ਕਟਾਰ ਲੈ ਕੇ
ਆਈਂ ਨਾ ਪਰ ਤੂੰ ਅਪਣੇ ਚਿਹਰੇ ਹਜ਼ਾਰ ਲੈ ਕੇ
ਤੈਨੂੰ ਸਮਝ ਨਾ ਆਉਣਾ ਹੈ ਕਿੰਨਾ ਔਖਾ ਜਿਉਣਾ
ਪੈਰਾਂ ‘ਚ ਮਸਲੇ ਫੁੱਲ ਦਾ ਦਿਲ ਉੱਤੇ ਭਾਰ ਲੈ ਕੇ
ਪਹਿਲਾਂ ਇਹ ਦੇਖ ਲੈ ਕਿ ਉਸ ਧੜ ‘ਤੇ ਸੀਸ ਵੀ ਹੈ ?
ਚੱਲਿਆ ਏਂ ਜਿਸ ਲਈ ਤੂੰ ਫੁੱਲਾਂ ਦਾ ਹਾਰ ਲੈ ਕੇ
ਉਹ ਆਖੇ ਪਰਤ ਜਾਓ, ਘਰ ਮੇਰਾ ਮੋਮ ਦਾ ਹੈ
ਪਹੁੰਚੇ ਸੀ ਬਲ਼ਦੀ ਰੂਹ ਨੂੰ ਜਿਸ ਦੇ ਦੁਆਰ ਲੈ ਕੇ
ਕੱਚੇ ਤਾਂ ਖੁਰ ਹੀ ਜਾਂਦੇ ਰਸਤੇ ‘ਚ ਭੁਰ ਹੀ ਜਾਂਦੇ
ਆਖ਼ਰ ਜਨੂੰਨ ਜਾਵੇ ਨਦੀਆਂ ਤੋਂ ਪਾਰ ਲੈ ਕੇ
ਝਨਾਂ ਸਤਲੁਜ ਦਾ ਜਦ ਇਕ ਦੂਜੇ ਕੋਲੋਂ ਲੰਘਿਆ ਪਾਣੀ
ਬੜਾ ਬੀਤੇ ‘ਤੇ ਪਛਤਾਇਆ ਬੜਾ ਹੀ ਸੰਗਿਆ ਪਾਣੀ
ਜਦੋਂ ਹੋਵੇ ਇਕੱਠਾ ਇਹ ਤਾਂ ਮਹਿਲਾਂ ਨੂੰ ਡੁਬੋ ਦੇਵੇ
ਤੂੰ ਪਾ ਪੈਮਾਨਿਆਂ ਵਿਚ ਐਵੇਂ ਛੋਟਾ ਅੰਗਿਆ ਪਾਣੀ
ਬਹੁਤ ਸੁਣਿਆ ਹੈ ਏਥੇ ਮੋਹ ਦੀਆਂ ਸਨ ਵਗਦੀਆਂ ਨਦੀਆਂ
ਅਸੀਂ ਤਾਂ ਦੇਖਿਆ ਹੈ ਬਸ ਲਹੂ ਵਿਚ ਰੰਗਿਆ ਪਾਣੀ
ਪਿਤਾ ਪਾਣੀ ਨੂੰ ਪਈਆਂ ਢੋਣੀਆਂ ਪੁੱਤਰਾਂ ਦੀਆਂ ਲਾਸ਼ਾਂ
ਸਿੰਘਾਸਨ ਦੇ ਸ਼ੁਗਲ ਨੇ ਇੰਝ ਸੂਲ਼ੀ ਟੰਗਿਆ ਪਾਣੀ
ਉਲਾਂਭੇ ਫਾਲਤੂ ਦਿੰਦੇ ਹੋ ਪਾਣੀ ਨੂੰ ਤੁਸੀਂ ਯਾਰੋ
ਲਹੂ ਦੇ ਦਾਗ ਕਿੰਝ ਧੋਵੇ ਲਹੂ ਵਿਚ ਰੰਗਿਆ ਪਾਣੀ
ਉਹ ਜਿਸ ਨੇ ਜ਼ਿੰਦਗੀ ਭਰ ਖ਼ੂਨ ਦੇ ਦਰਿਆ ਹੀ ਚਿਤਵੇ ਸਨ
ਅਖੀਰੀ ਵਕਤ ਵੇਲੇ ਓਸ ਨੇ ਵੀ ਮੰਗਿਆ ਪਾਣੀ
ਗਵਾ ਕੇ ਬਹੁਤ ਕੁਝ ਤੇ ਕੱਲਿਆਂ ਕੁਰਲਾਉਣ ਤੋਂ ਪਹਿਲਾਂ
ਕਈ ਰਾਹ ਹੋਰ ਵੀ ਸਨ ਇਸ ਤਰਾਂ ਪਛਤਾਉਣ ਤੋਂ ਪਹਿਲਾਂ
ਇਹ ਗੁੰਝਲ ਸੁਲਝ ਜਾਣੀ ਸੀ ਸੁਭਾਵਕ ਹੀ, ਤੁਸੀਂ ਜੇਕਰ
ਜ਼ਰਾ ਮੈਨੂੰ ਵੀ ਸੁਣ ਲੈਂਦੇ ਏਨਾ ਸਮਝਾਉਣ ਤੋਂ ਪਹਿਲਾਂ
ਇਨ੍ਹਾਂ ਜ਼ਖ਼ਮਾਂ ਲਈ ਮਾਫ਼ੀ ਪਰੰਤੂ ਮੈਂ ਵੀ ਸ਼ੀਸ਼ਾ ਸਾਂ
ਕਿਸੇ ਪੱਥਰ ਦੇ ਮੇਰੀ ਜ਼ਿੰਦਗੀ ਵਿਚ ਆਉਣ ਤੋਂ ਪਹਿਲਾਂ
ਗੁਜ਼ਰਨਾ ਹੈ ਜ਼ਰੂਰੀ ਸਾਧਨਾ ਦੇ ਸੇਕ ਵਿੱਚੋਂ ਦੀ
ਕਲਾ ਦੀ ਸਿਖਰ ‘ਤੇ ਨਾਂ ਆਪਣਾ ਲਿਖਵਾਉਣ ਤੋਂ ਪਹਿਲਾਂ
ਬੜਾ ਚੰਗਾ ਸੀ ਜੇ ਪਹਿਲਾਂ ਮਨਾਂ ਦੇ ਦਾਗ ਵੀ ਧੋਂਦੇ
ਸਰੀਰਾਂ ਵਸਤਰਾਂ ਨੂੰ ਇਸ ਕਦਰ ਚਮਕਾਉਣ ਤੋਂ ਪਹਿਲਾਂ
ਮੇਰੀ ਐਲਬਮ ਦੀਆਂ ਤਸਵੀਰਾਂ ਵਿਚ ਵੀ ਮੈਂ ਨਹੀਂ ਹਾਂ ਹੁਣ
ਮੇਰੇ ਸਾਹਵੇਂ ਖੜ੍ਹਾ ਸ਼ੀਸ਼ੇ ‘ਚ ਵੀ ਕੋਈ ਓਪਰਾ ਹੁੰਦੈ
ਮੈਂ ਤੈਨੂੰ ਯਾਦ ਕਰ ਕੇ ਲਾਏ ਸਨ ਵਿਹੜੇ ‘ਚ ਕੁਝ ਬੂਟੇ
ਤੇ ਹੁਣ ਜੋ ਫੁੱਲ ਖਿੜਦੈ ਹੂਬਹੂ ਤੇਰੇ ਜਿਹਾ ਹੁੰਦੈ
ਕਦੇ ਏਦਾਂ ਮਹਿਕ ਆਉਂਦੀ ਹੈ ਆਪਣੇ ਆਪ ‘ਚੋਂ ਮੈਨੂੰ
ਜਿਵੇਂ ਤੂੰ ਆ ਕੇ ਮੇਰੇ ਕੋਲ ਸਹਿਜੇ ਸਾਹ ਲਿਆ ਹੁੰਦੈ
ਹਵਾ ਵੀ ਸਿਰ ਹਿਲਾ ਕੇ ਬੇਵਸੀ ਜ਼ਾਹਰ ਹੈ ਕਰ ਦਿੰਦੀ
ਜਦੋਂ ਮੈਂ ਓਸ ਕੋਲੋਂ ਪੁੱਛਿਆ ਤੇਰਾ ਪਤਾ ਹੁੰਦੈ
ਜੋ ਪੱਤੇ ਰੁੱਖ ਤੋਂ ਝੜਦੇ ਉਹ ਸਾਰੇ ਖ਼ਤ ਤੇਰੇ ਲਗਦੇ
ਤੇ ਬੁੱਲਾ ਪੌਣ ਦਾ ਮੇਰੇ ਲਈ ਹੁਣ ਡਾਕੀਆ ਹੁੰਦੈ
ਝੱਖੜ ਹਜ਼ਾਰਾਂ ਸਹਿ ਕੇ ਹੁੰਦੀਆਂ ਜਵਾਨ ਫ਼ਸਲਾਂ
ਜੀਵਨ ਦਾ ਸਿਰਜਣਾ ਦਾ ਜਿੱਤ ਦਾ ਨਿਸ਼ਾਨ ਫ਼ਸਲਾਂ
ਬਰਸਾਤ ਸਾਡੇ ਨਾਂ ਦੀ ਹੁੰਦੀ ਬਗੀਚਿਆਂ ਵਿਚ !
ਸੁਣ ਕੇ ਹਵਾ ਦੇ ਮੂੰਹੋਂ ਹੋਈਆਂ ਹੈਰਾਨ ਫ਼ਸਲਾਂ
ਆਲੇ ਦੁਆਲੇ ਫਿਰਦੇ ਸੌ-ਸੌ ਤਰਾਂ ਦੇ ਕੀੜੇ
ਹਰ ਦਮ ਨੇ ਖ਼ਤਰਿਆਂ ਵਿਚ ਕੱਲੀਆਂ ਜਵਾਨ ਫ਼ਸਲਾਂ
ਆਈਆਂ ਸੀ ਲੈ ਕੇ ਦਾਣੇ ਇਹ ਭੁੱਖੇ ਢਿੱਡਾਂ ਖ਼ਾਤਰ
ਮੰਡੀ ਦੇ ਹੱਥੋਂ ਗਈਆਂ ਠੱਗੀਆਂ ਰਕਾਨ ਫ਼ਸਲਾਂ
ਖ਼ਬਰੇ ਕਦੋਂ ਆ ਧਮਕਣ ਖੇਤਾਂ ਨੂੰ ਖੋਹਣ ਵਾਲੇ
ਹੁਣ ਜਿਉਂਦੀਆਂ ਨੇ ਲੈ ਕੇ ਮੁੱਠੀ ‘ਚ ਜਾਨ ਫ਼ਸਲਾਂ
ਖੰਭ ਤੜਪਣਗੇ, ਜਦੋਂ ਤੱਕ ਪਿੰਜਰੇ ਖੁਲ੍ਹਦੇ ਨਹੀਂ
ਕੈਦ ਹੋ ਕੇ ਵੀ ਪਰਿੰਦੇ ਉੱਡਣਾ ਭੁਲਦੇ ਨਹੀਂ
ਪੁੱਛਦਾ ਰੰਗਾਂ ਨੂੰ ਅਕਸਰ ਹੀ ਲਲਾਰੀ ਅੱਕਿਆ
ਜ਼ਿੰਦਗੀ ਮੇਰੀ ‘ਚ ਬੇਰਹਿਮੋ ਕਿਉਂ ਘੁਲ਼ਦੇ ਨਹੀਂ
ਹੰਝੂਆਂ ਵਾਂਗੂੰ ਕਈ ਰਿਸ਼ਤੇ ਨੇ ਪਲਕੀਂ ਲਟਕਦੇ
ਜੋ ਬਣੇ ਮੋਤੀ ਵੀ ਨਾ, ਮਿੱਟੀ ‘ਚ ਵੀ ਡੁਲ੍ਹਦੇ ਨਹੀਂ
ਵਕਤ ਦੇ ਸੰਗ ਜ਼ਖ਼ਮ ਵੀ ਭਰਦੇ ਨੇ ਘਟਦੈ ਦਰਦ ਵੀ
ਉਮਰ ਲੰਘ ਜਾਂਦੀ ਹੈ ਪਰ ਕੁਝ ਹਾਦਸੇ ਭੁਲਦੇ ਨਹੀਂ
ਰੜਕਦੇ ਮੰਡੀ ਦੀ ਅੱਖ ਅੰਦਰ ਉਹ ਸਾਰੇ ਲੋਕ ਹੀ
ਵਸਤੂਆਂ ਵਾਂਗੂੰ ਕਿਸੇ ਕੀਮਤ ‘ਤੇ ਜੋ ਤੁਲਦੇ ਨਹੀਂ
ਤੂੰ ਕਿਹੜੇ ਖਲਾਵਾਂ ‘ਚ ਭਟਕੇਂ ਨੀ ਜਿੰਦੇ
ਕਿਤੇ ਦੂਰ ਰਹਿ ਗਏ ਨੇ ਰੂਹ ਦੇ ਪਰਿੰਦੇ
ਜ਼ਰਾ ਕੁ ਸੀ ਟਹਿਕੀ ਹਯਾਤੀ ਦੀ ਤਿਤਲੀ
ਮਗਰ ਹੀ ਆ ਧਮਕੇ ਖਿਜ਼ਾਂ ਦੇ ਦਰਿੰਦੇ
ਸੁਣਾਉਂਦੇ ਨੇ ਸਾਡੀ ਕਥਾ ਹੀ ਅਸਾਨੂੰ
ਪਰੰਤੂ ਕਦੇ ਸਾਨੂੰ ਬੋਲਣ ਨੀਂ ਦਿੰਦੇ
ਪਰੇ ਦੂਰ ਮੇਰਾ ਹੀ ਟੁਕੜਾ ਹੈ ਕੋਈ
ਸੁਣੇ ਮੈਨੂੰ ਜਿਸ ਦੀ ਸਦਾਅ ਬਿੰਦੇ-ਬਿੰਦੇ
ਬਹੁਤ ਯਾਦ ਕਰਦੀ ਹੈ ਵਿਹੜੇ ਦੀ ਜਾਮਣ
ਤੁਸੀਂ ਜਦ ਤੋਂ ਬਾਗਾਂ ਦੇ ਹੋ ਗਏ ਬਾਸ਼ਿੰਦੇ
ਜ਼ਮਾਨੇ ਦੀ ਗੱਡੀ ਤਾਂ ਟੱਪ ਗਈ ਹੈ ਜੂਹਾਂ
ਤੂੰ ਹਾਲੇ ਸਟੇਸ਼ਨ ‘ਤੇ ਬੈਠਾ ਏਂ ਛਿੰਦੇ !
ਜੜਾਂ ਮਿੱਟੀ ‘ਚ ਹੀ ਰੱਖੀਂ ਚੁਗਿਰਦੇ ਨਾਲ ਵਾਹ ਰੱਖੀਂ
ਬੜੇ ਤੂਫ਼ਾਨ ਝੁੱਲਣਗੇ ਡਰੀਂ ਨਾ, ਹੌਂਸਲਾ ਰੱਖੀਂ
ਵਗੇ ਲੂ ਬਲ਼ ਰਿਹਾ ਅੰਬਰ ਕਿਤੇ ਸੜ ਜਾਣ ਨਾ ਪੰਛੀ
ਨਮੀ ਅੱਖ ਦੀ ਨਹੀਂ ਕਾਫ਼ੀ, ਘਟਾਵਾਂ ਦਾ ਪਤਾ ਰੱਖੀਂ
ਦਵਾ ਦੀ ਆੜ ਵਿਚ ਜੋ ਲੂਣ ਪਾ ਦਿੰਦੇ ਨੇ ਜ਼ਖ਼ਮਾਂ ‘ਤੇ
ਇਨ੍ਹਾਂ ਬਹੁ-ਚਿਹਰਿਆਂ ਵਾਲੇ ਹਕੀਮਾਂ ਤੋਂ ਬਚਾਅ ਰੱਖੀਂ
ਵਹਾਅ ਨੂੰ ਬਦਲ ਦੇਵੇਂਗਾ ਜਦੋਂ ਤੂੰ ਕਾਫ਼ਲਾ ਬਣਿਆ
ਇਰਾਦਾ ਪਰਬਤਾਂ ਵਾਂਗੂੰ ਲਹੂ ਨੂੰ ਖੌਲਦਾ ਰੱਖੀਂ
ਤੇਰੇ ਮੱਥੇ ‘ਚ ਚਾਨਣ ਹੈ ਝੁਕੀਂ ਨਾ ਨੇਰ੍ਹਿਆਂ ਅੱਗੇ
ਮਿਲੇ ਜੇ ਮੋਹ ਵਫ਼ਾ ਆਦਰ ਸਦਾ ਨੀਵੀਂ ਨਿਗ੍ਹਾ ਰੱਖੀਂ
ਕੱਲ੍ਹ ਜਿਨ੍ਹਾਂ ਨੂੰ ਰੋਟੀ ਨਾ ਵਸਤਰ ਮਿਲੇ
ਅੱਜ ਉਹਨਾਂ ਦੇ ਹੱਥਾਂ ‘ਚੋਂ ਸ਼ਸਤਰ ਮਿਲੇ
ਜਨਮਦੇ ਦੁੱਲੇ ਵੀ ਲਾਜ਼ਮ ਧਰਤ ‘ਤੇ
ਦਰੜਦੇ ਪਿੰਡੀ ਨੂੰ ਜੇ ਅਕਬਰ ਮਿਲੇ
ਮੁਰਦਿਆਂ ਦੇ ਉੱਤੋਂ ਕੱਫਣ ਲਾਹ ਲਓ
ਜਿਉਂਦਿਆਂ ਨੂੰ ਤਾਂ ਕੋਈ ਚਾਦਰ ਮਿਲੇ
ਵੇਚ ਦਿੱਤਾ ਘਰ ਖਰੀਦੀ ਭਟਕਣਾ
ਕੀ ਪਤੈ ਕਿ ਜ਼ਿੰਦਗੀ ਕਿੱਧਰ ਮਿਲੇ
ਜਾਣ ਲੱਗੇ ਹੋ ਉਦਾਸੀ ‘ਤੇ ਤੁਸੀਂ
ਸੋਚਦੇ ਹੋ ਨਾ ਕਿਤੇ ਬਾਬਰ ਮਿਲੇ
|