Sunny Sahota
ਸਨੀ ਸਹੋਤਾ

Punjabi Writer
  

Vidaayi Sunny Sahota

ਵਿਦਾਈ ਸਨੀ ਸਹੋਤਾ

ਆਸ ਦਾ ਅੰਬਰ

ਮੈਂ ਬਿਰਹੋਂ ਦਾ ਦਰਦ ਲਿਆ ਏ
ਨਰਗਸੀ ਅੱਖ ਦੇ ਚਿਹਰੇ ਤੋਂ
ਸਾਡੇ ਵਸਲ ਦਾ ਸੂਰਜ ਚੜ੍ਹਿਆ ਨਾ
ਅਸੀਂ ਦੂਰ ਹਾਂ ਬੜੇ ਸਵੇਰੇ ਤੋਂ
ਮੈਂ ਉਹ ਕਿਰਸਾਨ ਹਾਂ ਵੇ ਲੋਕੋ
ਜੀਹਨੇ ਪੀੜ੍ਹਾਂ ਦਾ ਹੈ ਕਰਜ਼ ਲਿਆ
ਮੇਰੀ ਜ਼ਿੰਦਗੀ ਬੇਸ਼ੱਕ ਪੱਤਝੜ ਹੈ
ਉਹਦੀ ਯਾਦ ਦਾ ਬੂਟਾ ਸਬਜ ਪਿਆ
ਅੱਜ ਹੋਰ ਸੇਜ ਦੀ ਸੋਭਾ ਉਹ
ਖੌਰੇ ਕਿੱਥੋਂ ਐਨਾ ਅਲਜ ਲਿਆ
ਮੈਨੂੰ ਕਾਮ ਦੀ ਲੱਗੀ ਜੰਗਾਲ ਨਹੀਂ
ਮੇਰਾ ਇਸ਼ਕ ਕੁਆਰਾ ਜਰਦ ਪਿਆ
ਸਨੀ ਜ਼ਿਕਰ ਕਿਉਂ ਅੱਜ ਵੀ ਓਸੇ ਦਾ
ਕਈ ਵਾਰ ਯਾਰਾਂ ਨੇ ਵਰਜ ਲਿਆ
ਅਸੀਂ ਮਿਲ ਕੇ ਸੁਪਨੇ ਵੇਖੇ ਜੋ
ਅੱਖਾਂ ਵਿੱਚ ਹਰ ਇੱਕ ਦਰਜ ਪਿਆ

ਦੱਸੋ ਮੇਰੇ ਹਾਣੀਉ

ਦੱਸੋ ਮੇਰੇ ਹਾਣੀਉ, ਪਿਆਰ ਕਿੱਥੋਂ ਮਿਲਦਾ?
ਰਮਜਾਂ ਜੋ ਸਮਝੇ, ਦਿਲਦਾਰ ਕਿੱਥੋਂ ਮਿਲਦਾ?
ਥੱਕਿਆ ਮੈਂ ਲਭਦਾ, ਕਿਤੋਂ ਵੀ ਨਾ ਮਿਲਿਆ,
ਵਸਦਾ ਜੋ ਮਾਂ ਦੀ ਗੋਦੀ, ਸੰਸਾਰ ਕਿੱਥੋਂ ਮਿਲਦਾ?

ਖ਼ੁਦਾ ਅਤੇ ਮੌਤ ਤੋਂ ਸੱਚਾਈ ਵੱਡੀ ਕਿਹੜੀ ਹੈ?
ਵਫ਼ਾ ਅਤੇ ਪਿਆਰ ਤੋਂ ਕਮਾਈ ਵੱਡੀ ਕਿਹੜੀ ਹੈ?
ਕਿਹੜੀਆਂ ਦੁਕਾਨਾਂ ਉੱਤੇ ਮੱਲ੍ਹਮ ਜਿਹਾ ਯਾਰ ਵਿਕੇ?
ਕਬਰਾਂ ਦੇ ਤੱਕ ਨਿਭੇ, ਕਰਾਰ ਕਿੱਥੋਂ ਮਿਲਦਾ?

ਕਦੋਂ ਤੱਕ ਹੁਸਨਾਂ ਨੇ ਆਸ਼ਕਾਂ ਨੂੰ ਲੁੱਟਣਾ?
ਕਦੋਂ ਜਾ ਕੇ ਮੁੱਲ ਉੱਚਾ ਇਸ਼ਕਾਂ ਦਾ ਉੱਠਣਾ?
ਕੱਚੀ ਉਮਰ ਦੀ ਸਾਂਝ ਕਾਹਤੋਂ ਤੜਪਾਉਂਦੀ ਹੈ
ਗ਼ਮ ਨੂੰ ਭੁਲਾਦੇ ਜੋ, ਗ਼ਮਖ਼ਾਰ ਕਿੱਥੋਂ ਮਿਲਦਾ?

ਦੱਸੋ ਮੇਰੇ ਹਾਣੀਉ, ਪਿਆਰ ਕਿੱਥੋਂ ਮਿਲਦਾ?
ਰਮਜਾਂ ਜੋ ਸਮਝੇ, ਦਿਲਦਾਰ ਕਿੱਥੋਂ ਮਿਲਦਾ?

ਸਾਹਾਂ ਦਾ ਕੱਚਾ ਕੋਠਾ

ਤੇਰੀ ਮੁਨਿਆਦ ਜਾਵੇ ਦਿਨੋਂ ਦਿਨ ਮੁੱਕਦੀ ਵੇ
ਮੇਰੇ ਸਾਹਾਂ ਦਿਆ ਕੱਚੇ ਕੋਠਿਆ
ਤੇਰਾ ਕੀ ਕਰਾਂ ਮੈਂ ਇਤਬਾਰ ਭਲਾਂ ਦੱਸ ਮੈਨੂੰ
ਮੇਰੇ ਲੇਖਾਂ ਵਾਂਗੂ ਯਾਰਾ ਖੋਟਿਆ,
ਕਦੋਂ ਤੱਕ ਲਿੱਪਾਂ ਤੈਨੂੰ ਹੌਂਸਲੇ ਦੀ ਮਿੱਟੀ ਨਾਲ
ਇੱਕ ਦਿਨ ਤੈਨੂੰ ਢਹਿਣਾ ਪੈਣਾ ਏ
ਮੌਤ ਦੀ ਹਨੇਰੀ ਅੱਗੇ ਚੱਲਣਾ ਨੀ ਜ਼ੋਰ ਤੇਰਾ
ਝੂਠੀ ਆਸ ਦੇ ਸਹਾਰੇ ਖਲੋਤਿਆ,

ਨੀਹਾਂ ਤੇਰੀਆਂ ਨੂੰ ਖੋਰ ਜਾਊ ਬਣ ਕੱਲਰ ਵੇ
ਸੱਜਣਾਂ ਦਾ ਬਿਰਹਾ ਸਲੂਣਾ ਵੇ
ਕੋਈ ਫ਼ਾਇਦਾ ਨਹੀਂਓ ਹੋਣਾ, ਵਸਲਾਂ ਦੀ ਚਿਉਂਦੀ ਛੱਤ
ਕੱਜਣੇ ਦਾ, ਪਾਈ ਚੱਲ ਗੂਣਾ ਵੇ
ਫੇਰ ਵੀ ਉਡੀਕ ਦੀ ਸ਼ਤੀਰੀ ਘੁਣ ਖਾਈ ਜਾਵੇ
ਸਬਰਾਂ ਦਾ ਤੇਲ ਭਾਵੇਂ ਪੋਤਿਆ,

ਤੇਰੇ ਚਾਅਵਾਂ ਵਾਲੇ ਕਾਨੇ ਇੱਕ ਦਿਨ ਗਲ਼ ਜਾਣੇ
ਰਹਿਣੇ ਨਹੀਂਓ ਖ਼ਾਬਾਂ ਵਾਲੇ ਜੰਗਲੇ
ਤੇਰੇ ਹਾਸਿਆਂ ਦੇ ਢਲ ਜਾਣੇ ਨੇ ਬਨੇਰੇ ਨਾਲੇ
ਰੰਗ ਵੀ ਨਹੀਂ ਰਹਿਣੇ ਪੱਲੇ ਰੰਗਲੇ
ਤੇਰੇ ਆਲਿਆਂ ਦੇ ਵਿੱਚ ਦੀਵਾ ਫਿਰ ਬਲਣਾ ਨਾ
ਮੌਤ ਜਦੋਂ ਨਬਜ਼ਾਂ ਨੂੰ ਰੋਕਿਆ

ਮਜਦੂਰ

ਦੰਦੋੜਿੱਕਾ ਵੱਜੇ ਮਜਦੂਰ ਦਿਆਂ ਬੱਚਿਆਂ ਦਾ
ਢਾਰੇ ਦੀਆਂ ਤ੍ਰੇੜਾਂ 'ਚੋਂ ਕੋਹਰਾ ਵਰ੍ਹਦਾ ਏ
ਰੋਟੀਆਂ ਚਾਰ ਤੇ ਖਾਣ ਵਾਲੇ ਪੰਜ ਜੀਅ ਬੈਠੇ
ਭੁੱਖਾ ਸੌਂ ਕੇ ਸ਼ੁਕਰ ਰੱਬ ਦਾ ਕਰਦਾ ਏ,

ਬੜੇ ਜੋਰਾਂ 'ਤੇ ਸਿਆਲ, ਠੱਪ ਹੋਇਆ ਕੰਮ - ਕਾਰ
ਅੱਜ ਲੱਗੀ ਨਹੀਂ ਦਿਹਾੜੀ, ਮੁੜ ਆਇਆ ਥੱਕ ਹਾਰ
ਪਾਈ ਮੈਲ਼ੀ ਜਿਹੀ ਕੋਟੀ, ਜੋੜੀ ਚੱਪਲੀ 'ਨਾ ਲੀਰ
ਕਬੀਲਦਾਰੀ ਦੀ ਪਹਾੜੀ, ਮੋਢੇ ਮਾੜੀ ਤਕਦੀਰ
ਫਿਰ ਵੀ ਯੋਧਾ ਨਾਲ ਗਰੀਬੀ ਲੜਦਾ ਏ,

ਸਕੂਲ ਜਾਣ ਕਿੰਝ ਨਿਆਣੇ, ਹੈਨੀ ਵਰਦੀ ਤੇ ਬੈਗ
ਲੱਗੇ ਤਕਦੀਰਾਂ ਉੱਤੇ ਮੰਦਹਾਲੀਆਂ ਦੇ ਟੈਗ
ਝਾੜੂ ਪੋਚਾ ਕਰ ਮਾਈ ਮਸਾਂ ਭਰਦੀ ਏ ਫੀਸ
ਸੋਚੇ ਪੜ੍ਹਗੇ ਨਿਆਣੇ ਤਾਂ ਹੋ ਜਾਊ ਸਭ ਠੀਕ
ਸਾਰਾ ਟੱਬਰ ਵਿਉਂਤ ਭਵਿੱਖ ਦੀ ਘੜਦਾ ਏ,

ਗਹਿਣੇ ਰੱਖ ਘਰ ਮਸਾਂ, ਵੱਡੀ ਕੁੜੀ ਸੀ ਵਿਆਹੀ
ਮੁੜਿਆ ਨਾ ਕਰਜ਼ਾ ਤੇ ਵਿਆਜ ਪਾਉਂਦਾ ਏ ਦੁਹਾਈ
ਆਇਆ ਨਵਾਂ ਸਾਲ ਉੱਤੋਂ, ਲੋਕਾਂ ਜਸ਼ਨ ਮਨਾਏ
ਰੱਬਾ ਰੱਖੀਂ ਸੁੱਖ-ਸਾਂਦ, ਦੋਵੇਂ ਹੱਥ ਨੇ ਉਠਾਏ
ਕਰੇ ਦੁਆ ਤੇ ਨਾਲੇ ਹਉਂਕੇ ਭਰਦਾ ਏ

ਮਨ ਮਚਲਾ

ਮਨ ਮਚਲੇ ਦੇ ਖ਼ਿਆਲਾਂ ਦੀ, ਤਸਵੀਰ ਮੈਂ ਕਿੰਝ ਬਣਾਵਾਂ
ਇਹ ਮੁਸ਼ਤਾਕ ਹੈ ਕਈ ਰੰਗਾਂ ਦਾ, ਹਰ ਰੰਗ ਕਿੱਥੋਂ ਲਿਆਵਾਂ,
ਮੇਰੇ ਅਰਮਾਨਾਂ ਦੀ ਛਿੱਜੀ ਪੋਟਲੀ 'ਚੋਂ ਰੰਗ ਡੁੱਲ੍ਹਦੇ
ਕੋਈ ਡੁੱਲ੍ਹਦਾ ਰੰਗ ਸਮੇਟਾਂ, ਤੇ ਕੋਈ ਛੱਡੀ ਜਾਵਾਂ

ਕੁਝ ਰੰਗ ਤਾਂ ਮੈਂ ਆਪ ਵਿਸਾਰੇ, ਕੁਝ ਰੰਗ ਮੈਥੋਂ ਵਿੱਛੜੇ
ਕੁਝ ਵਕਤਾਂ ਦੀਆਂ ਧੁੱਪਾਂ ਖਾ ਲਏ, ਕੁਝ ਆਪੇ ਹੀ ਨੁੱਚੜੇ
ਜੋ ਰੰਗ ਮੇਰੇ ਕੋਲ ਬਚੇ ਨੇ, ਉਹਨਾਂ ਨਾਲ ਨਾ ਸਰਦਾ
ਜੋ ਰੰਗ ਮੈਥੋਂ ਵਿੱਛੜੇ ਮਨ ਤਾਂ, ਰਾਹ ਉਹਨਾਂ ਦਾ ਫੜਦਾ
ਕਿੱਥੋਂ ਲੱਭਾਂ ਰੰਗ ਗੁਆਚੇ, ਤੇ ਦਿਲ ਨੂੰ ਪਰਚਾਵਾਂ,

ਖ਼ਿਆਲਾਂ ਦੀ ਅੱਖ ਲੱਗਦੀ ਨਾ, ਇਹ ਜਾਗ ਕੇ ਰਾਤ ਲੰਘਾਉਂਦੇ
ਨਿੱਤ ਖ਼ਾਬਾਂ ਵਿੱਚ ਉੱਡਦੇ ਰੰਗਾਂ, ਪਿੱਛੇ ਉਡਾਰੀ ਲਾਉਂਦੇ
ਇਹ ਲੱਭਦੇ ਨੇ ਰੰਗ ਫਬੀਲੇ, ਸ਼ੋਖ ਤੇ ਕੁਝ ਭੜਕੀਲੇ
ਕਿਸੇ ਮੁੱਖ ਦੀ ਸੁਰਖ਼ ਲਾਲੀ, ਕਿਸੇ ਤਨ ਦੇ ਅੰਗ ਸਜੀਲੇ
ਸਾਦਮੁਰਾਦਾ ਮੈਂ ਮੁਸੱਵਰ, ਕਾਮੁਕ ਕਿੰਝ ਬਣ ਜਾਵਾਂ,

ਮਨ ਮਚਲੇ ਦੇ ਖਿਆਲਾਂ ਦੀ, ਤਸਵੀਰ ਮੈਂ ਕਿੰਝ ਬਣਾਵਾਂ,
ਇਹ ਮੁਸ਼ਤਾਕ ਹੈ ਕਈ ਰੰਗਾਂ ਦਾ, ਹਰ ਰੰਗ ਕਿੱਥੋਂ ਲਿਆਵਾਂ

ਮੇਰੀ ਸੱਜਣੀ

ਮੇਰੇ ਕੋਲ ਜਣਾ-ਖਣਾ ਸ਼ਕਾਇਤਾਂ ਲੈ ਕੇ ਆਉਂਦੈ ਨਵੀਂਆਂ
ਜ਼ਮਾਨਾ ਸੱਜਣੀ 'ਚੋਂ ਰੋਜ਼ਾਨਾ ਲੱਭਦਾ ਰਹਿੰਦੈ ਕਮੀਆਂ,
ਚਲੋ ਮੰਨ ਲਿਆ ਉਹਦੇ ਵਿੱਚ ਨੇ ਕਮੀਆਂ ਭਾਵੇਂ ਜ਼ਰੂਰ
ਪਰ ਮੇਰੇ ਲਈ ਤਾਂ ਉਹ ਮੁਕੰਮਲ ਹੈ ਸੁਣ ਲਉ ਹਜ਼ੂਰ,
ਉਹਦੇ ਨੈਣ ਨਰਗਸੀ ਜਿਹੇ, ਤੇ ਹੈ ਮੁੱਖ ਫਜਰੀ ਦਾ ਨੂਰ
ਉਹਦੇ ਬੋਲਾਂ ਵਿੱਚ ਮਿੱਠੀ-ਮਿੱਠੀ ਨਾਦ ਦਾ ਵਹੇ ਸਰੂਰ,
ਉਹਦੇ ਨਾਜਨੀਨ ਅੰਗਾਂ 'ਤੇ ਫੱਬਦਾ ਸੂਟ ਬੋਸਕੀ ਵਾਲਾ
ਮਖ਼ਮਲ ਵਿੱਚ ਜਿਉਂ ਲਿਪਟੀ ਹੋਵੇ ਸੁੱਚੇ ਮੋਤੀ ਦੀ ਮਾਲ਼ਾ,
ਹੁਸਨਾਕ ਅਦਾਵਾਂ ਨੇ, ਫਿਰ ਮੈਂ ਕਿਉਂ ਨਾ ਦੱਸੋ ਬਹਿਕਾਂ
ਨਾਗਾਂ ਨੂੰ ਖਿੱਚੇ ਜਿਉਂ ਸੰਦਲ ਦੀਆਂ ਸੰਦਲੀ ਮਹਿਕਾਂ,
ਪਰਛਾਵਾਂ ਉਰਵਸ਼ੀ ਦਾ ਪਿਆ ਜਾਪੇ ਉਹਦੇ ਉੱਤੇ
ਉਹ ਉਸ ਫੁੱਲ ਵਰਗੀ ਹੈ ਜਿਹੜਾ ਖਿੜਦੈ ਚੇਤਰ ਰੁੱਤੇ,
ਸਿਖ਼ਰਾਂ ਦੇ ਦੁਪਹਿਰੇ 'ਚ ਯੂਨਾਨੀ ਰੂਪ ਦੀ ਦੇਵੀ ਜਾਪੇ
ਚੁੱਪ ਬੈਠੇ ਤਾਂ ਪੈਂਦੇ ਸਦਾਬਹਾਰਾਂ ਨੂੰ ਵੀ ਘਾਟੇ,
ਤੱਕਣੀ ਸ਼ਮਸ਼ੀਰ ਜਿਹੀ ਜਿਸਤੋਂ ਜਾਂਦਾ ਨਹੀਂਓ ਬਚਿਆ
ਕਾਲਾ ਜਾਦੂ ਉਹਨੇ ਗੁੰਦਕੇ ਗੁੱਤ ਵਿੱਚ ਜਿਉਂ ਰੱਖਿਆ,
ਬੇਜੋੜ ਹੈ ਉਹ ਜਿਵੇਂ ਕਿਸੇ ਅਦੀਬ ਦੀ ਰਚਨਾ ਬੇ-ਨਜੀਰ
ਨਾਆਬ ਹੈ ਉਹ ਜਿਵੇਂ ਮੋਨਾਲੀਸਾ ਦੀ ਤਸਵੀਰ,
ਗੁੜ੍ਹਤੀ ਵਿੱਚ ਮਾਤਾ ਨੇ ਪੱਕਾ ਚਟਾਇਆ ਹੋਊ ਬਦਾਨਾ
ਹਾਸਾ ਉਹਦਾ ਪਾ ਦਏ ਮੁਰਛਿਤ ਲੋਕਾਂ ਅੰਦਰ ਜਾਨਾਂ,
ਉਹਦੇ ਬੁੱਲਾਂ ਵਿੱਚੋਂ ਚੋਵੇ ਸੋਮਰਸ ਦਾ ਝਰਨਾ
ਕਿਸੇ ਮਸਤੀ ਵਰਗਾ ਹੈ ਉਹਦੇ ਹਿਜਰਾਂ ਦੇ ਵਿੱਚ ਮਰਨਾ,
ਉਹਦੀ ਖੱਬੀ ਗੱਲ੍ਹ ਉੱਤੇ ਤਿਣ ਦਾ ਚੰਦਰਮਾ ਇੰਝ ਸਜਿਆ
ਪਹਾੜੀ ਦੀ ਚੋਟੀ ਤੇ ਬੂਟਾ ਨਿਲੋਫ਼ਰ ਦਾ ਜਿਉਂ ਉੱਗਿਆ,
ਭਾਵੇਂ ਉਹਦੇ ਮੁੱਖ 'ਤੇ ਕਿੱਲਾਂ ਦੀ ਹੈ ਅਮਰਵੇਲ
ਪਰ ਮੈਨੂੰ ਇੰਝ ਲੱਗੇ ਜਿਉਂ ਫੁੱਲ 'ਤੇ ਪਈ ਹੋਏ ਤ੍ਰੇਲ,
ਨਿੱਕੀ ਉਮਰੇ ਹੀ ਜੋ ਉਹਦੇ ਵਾਲ ਚਿੱਟੇ ਉੱਗ ਆਏ
ਇੰਝ ਲੱਗਦੇ ਮੈਨੂੰ ਜਿਉਂ ਰਾਤਾਂ ਵਿੱਚ ਜੁਗਨੂੰ ਟਿਮਟਿਮਾਏ,
ਨੈਣਾਂ ਹੇਠਾਂ ਫਿੱਕੀਆਂ ਜਿਹੀਆਂ ਜੋ ਪੈ ਗਈਆਂ ਝੁਰੀਆਂ
ਇੰਝ ਲਗਦੀਆਂ ਜਿਉਂ ਪਰਬਤ 'ਤੇ ਬਰਫ਼ਾਂ ਹੋਵਣ ਖੁਰੀਆਂ,
ਝੁਕਾ ਕੇ ਧੌਣ ਜਦੋਂ ਪੱਬ ਨੂੰ ਬੋਚ-ਬੋਚ ਕੇ ਧਰਦੀ
ਇੰਝ ਲਗਦੈ ਧਰਤੀ ਨਾਲ ਜੀਕਣ ਗੁੱਝੀਆਂ ਗੱਲਾਂ ਕਰਦੀ,
ਸਜਨਾ ਤੇ ਸਵਰਨਾ ਤਾਂ ਉਹਨੂੰ ਬਹੁਤਾ ਨਹੀਂਓ ਆਉਂਦਾ
ਮੁੱਖ ਸਾਦਗੀ ਵਾਲਾ ਧੂਹ ਫੇਰ ਵੀ ਸੀਨੇ ਦੇ ਵਿੱਚ ਪਾਉਂਦਾ,
ਬਹੁਤਾ ਉਹ ਬੋਲੇ ਨਾ ਲੋੜੋਂ ਵੱਧਕੇ ਹੈ ਸ਼ਰਮੀਲੀ
ਇਹ ਅਦਾ ਵੀ ਉਹਦੀ ਤਾਂ ਮੈਨੂੰ ਲਗਦੀ ਬੜੀ ਫਬੀਲੀ...

ਵਿਦਾਈ

ਸੁਣ ਨੀਂ ਮਾਏ ਮੇਰੀਏ
ਮੈਨੂੰ ਮਹਿਬੂਬਾ ਲੈਣ ਹੈ ਆਈ,
ਚਿੱਤ ਕਰ ਨਾ ਭਾਰਾ, ਪੂੰਝ ਲੈ ਅੱਖਾਂ
ਤੇ ਮੈਨੂੰ ਤੋਰ ਨੀਂ ਚਾਈਂ ਚਾਈਂ

ਮੇਰੇ ਨਾਂਅ ਦੀ ਉਹਨੇ ਮਾਏ ਸ਼ਾਹੀ ਚਿੱਠੀ ਘੱਲੀ ਸੀ
ਮੇਰੇ ਨਾਲ ਕਾਜ ਰਚਾਉਣ ਲਈ, ਤਰੀਕ ਅੱਜ ਦੀ ਬੰਨ੍ਹੀ ਸੀ
ਕਾਰ ਵਿਹਾਰ ਸਭ ਕਰਦੇ ਪੂਰੇ, ਬਹੁਤੀ ਦੇਰ ਨਾ ਲਾਈਂ,
ਦਾਦਕਿਆਂ ਤੇ ਨਾਨਕਿਆਂ ਨੂੰ ਛੇਤੀ ਭੇਜਦੇ ਸੱਦੇ ਨੀਂ
ਦੇ ਦੇਈਂ ਇਤਲਾਹ ਮੇਰੇ ਯਾਰਾਂ ਨੂੰ, ਪਹੁੰਚਣ ਸਾਰੇ ਅੱਜੇ ਨੀਂ
ਜੇ ਹੋ ਸਕੇ ਤਾਂ ਮੇਰੇ ਵੈਰੀਆਂ ਨੂੰ ਵੀ ਖ਼ਬਰ ਪਹੁੰਚਾਈਂ,
ਲਾਈਂ ਪੀੜ੍ਹਾਂ ਦਾ ਵਟਨਾ ਤੇ ਗੀਤ ਸ਼ਗਨ ਦੇ ਗਾਈਂ ਤੂੰ
ਅਜਲਾਂ ਤੋਂ ਸੁੱਤੇ ਮੁਕੱਦਰਾਂ ਦੀ ਜਾਗੋ ਵੀ ਕਢਵਾਈਂ ਤੂੰ
ਫੇਰ ਮੇਰੀਆ ਮੋਈਆਂ ਸੱਧਰਾਂ ਨੂੰ ਖਾਰੇ ਚੜ੍ਹਾਈਂ,
ਸਿਹਰਾਬੰਧੀ ਵੀ ਕਰਵਾਈਂ ਗੱਭਰੂ ਹੋਈਆਂ ਰੀਝਾਂ ਦੀ
ਅੱਖਾਂ ਦੇ ਵਿੱਚ ਸੁਰਮ-ਸਲਾਈ ਪਵਾਈਂ ਰੜਕਦੀਆਂ ਨੀਝਾਂ ਦੀ
ਕੁਆਰੇ ਇਸ਼ਕ ਦੀ ਕਲਗੀ ਮੇਰੇ ਮੱਥੇ ਉੱਤੇ ਸਜਾਈਂ,
ਕਰ ਦੇਈਂ ਕਾਰਜ ਪੂਰੇ ਪੱਲਾ ਉਹਦੇ ਹੱਥ ਫੜਾਕੇ ਨੀਂ
ਆਪੇ ਹੀ ਤੂੰ ਆਈਂ ਮੈਨੂੰ ਡੋਲੀ ਵਿੱਚ ਬਿਠਾਕੇ ਨੀਂ
ਤੇ ਫਿਰ ਜਾਂਦੀ ਵਾਰੀ ਸੀਨੇ ਲਾਕੇ ਕਰੀਂ ਵਿਦਾਈ,

ਸੁਣ ਨੀਂ ਮਾਏ ਮੇਰੀਏ...

ਲੁਕਣਮੀਚੀਆਂ

ਮੇਰੇ ਨਾਲ ਤਕਦੀਰ ਇਹ ਮੇਰੀ, ਲੁਕਣਮੀਚੀਆਂ ਖੇਡੇ
ਮੈਂ ਤਾਂ ਇਹਨੂੰ ਗਲ਼ ਨਾਲ ਲਾਵਾਂ, ਅੱਗਿਉਂ ਮਾਰੇ ਠੇਡੇ,
ਮੰਜ਼ਿਲ ਮੇਰੀ ਮੈਨੂੰ ਭਾਵੇਂ ਰਸਤਾ ਉਂਜ ਵਿਖਾਉਂਦੀ ਹੈ
ਪਰ ਸਰ ਹੁੰਦੇ ਨਹੀਂਓ ਮੈਥੋਂ, ਮੰਜ਼ਿਲ ਵਾਲੇ ਪੈਂਡੇ

ਮੰਨਿਆ ਧਰਤ ਹੈ ਤੇਰੀ ਰੱਬਾ, ਅੰਬਰ ਵੀ ਹੈ ਤੇਰਾ
ਭਾਵੇਂ ਤੇਰੀ ਹੀ ਕੁਦਰਤ ਹੈ, ਸੋਹਣਾ ਯਾਰ ਵੀ ਮੇਰਾ
ਤੈਥੋਂ ਨੱਸ ਕੇ ਕਿੱਥੇ ਜਾਵਾਂ? ਤੈਥੋਂ ਹੋਂਦ ਹੈ ਮੇਰੀ
ਮੇਰੇ ਕਰਮੀਂ ਕੁਝ ਨਾ ਲਿਖਿਆ, ਰੱਬਾ ਕਹਿਰ ਕਿਉਂ ਐਡੇ?

ਮੋਮੋਠੱਗਣੀ ਬਣ ਬਚਪਨ ਨੇ, ਬੜੇ ਸੀ ਲਾਡ ਲਡਾਏ
ਚੰਚਲਹਾਰ ਜਵਾਨੀ ਨੇ ਫਿਰ, ਝੂਠੇ ਖ਼ਾਬ ਵਿਖਾਏ
ਉੱਚਾ ਉੱਡਣ ਦੇ ਲਾਲਚ ਨੇ ਕਈਆਂ ਤੋਂ ਦੂਰ ਵੀ ਕੀਤਾ,
ਛਾਂ ਬਾਝੋਂ ਕਿਸੇ ਕੰਮ ਦੇ ਨਾ, ਲੱਖ ਉੱਚੇ ਹੋਣ ਸਫੈਦੇ

ਭੁਲੇਖਾ

ਕਈ ਵਾਰ ਭੁਲੇਖਾ ਪਾ ਜਾਂਦੇ, ਆਪਣੇ ਹੀ ਦਗ਼ਾ ਕਮਾ ਜਾਂਦੇ
ਹਰ ਗੈਰ ਨੂੰ ਗੈਰ ਨਾ ਸਮਝੀਂ ਤੂੰ, ਕਈ ਗੈਰ ਵੀ ਸਾਥ ਨਿਭਾ ਜਾਦੇ,
ਜ਼ਰੂਰੀ ਨਹੀਂ ਜੋ ਬਾਹਰੋਂ ਸੋਹਣਾ, ਅੰਦਰੋਂ ਵੀ ਉਹ ਮਿੱਠਾ ਹੋਣਾ
ਇਨਸਾਨ ਵੀ ਫਲਾਂ ਦੇ ਵਰਗੇ ਨੇ, ਮੂੰਹ ਲਗਦੇ ਸਵਾਦ ਵਿਖਾ ਜਾਂਦੇ

ਬੇਅਰਥ ਕੋਸਣਾ ਰਾਹਾਂ ਦਾ, ਜੇ ਕਦਮ ਨੂੰ ਪਹਿਲਾਂ ਰੋਕਿਆ ਨਾ
ਪੈਰ ਪੱਟ ਕੇ ਸੋਚਣਾ ਕੀ, ਜੇ ਪੱਟਣੋਂ ਪਹਿਲਾਂ ਸੋਚਿਆ ਨਾ
ਰਾਹਾਂ ਵਾਂਗ ਹੀ ਜ਼ਿੰਦਗੀ ਦੇ ਵਿੱਚ, ਫੁੱਲ ਤੇ ਕੰਡੇ ਦੋਵੇਂ ਨੇ
ਸੋਚ ਸਮਝ ਕੇ ਰਾਹ ਚੁਣਿਉ, ਹਰ ਮੰਜ਼ਿਲ ਨੂੰ ਕਈ ਰਾਹ ਜਾਂਦੇ,

ਅਕਲ 'ਤੇ ਪਰਦਾ ਪਾ ਦੇਵੇ, ਛੱਲ ਮਾਰਦਾ ਜੋਸ਼ ਜਵਾਨੀ ਦਾ
ਕਦੇ ਕਦੇ ਹੈ ਚੀਸ ਵਧਾ ਦਿੰਦਾ, ਫੱਟ ਲੱਗਿਆ ਸੱਟ ਪੁਰਾਣੀ ਦਾ
ਜਿਹੜੇ ਅੱਡੀਆਂ ਚੱਕ ਕੇ ਤੁਰਦੇ ਨੇ, ਉਹ ਮੂੰਹ ਦੇ ਭਾਰ ਹੀ ਡਿੱਗਦੇ ਨੇ
ਕਦੇ ਮਾੜਾ ਸਮਝ ਵੰਗਾਰੀਏ ਨਾ, ਮਾੜੇ ਵੀ ਦੁਸ਼ਮਣ ਢਾਹ ਜਾਂਦੇ

ਦੱਸਦੇ ਬੇਲੀ ਮੇਰਿਆ

ਖ਼ੁਦ 'ਤੇ ਰੱਖ ਭਰੋਸਾ ਤੂੰ, ਹੋਰ 'ਤੇ ਬਹੁਤੀ ਆਸ ਕਿਉਂ ਰੱਖਦੈਂ
ਦੱਸਦੇ ਬੇਲੀ ਮੇਰਿਆ, ਕਿਸ ਗੱਲ ਦੇ ਦਰਦ ਸਹੇੜੇ ਆ,
ਜੋ ਤੇਰੇ ਹੋਏ ਕਦੇ ਨਹੀਂ, ਉਹਨਾਂ ਨੂੰ ਤੂੰ ਯਾਦ ਕਿਉਂ ਰੱਖਦੈਂ
ਉਹੀ ਤੇਰੇ ਰਹਿਣਗੇ, ਜਿਹੜੇ ਖ਼ਾਸ ਰਿਸ਼ਤੇ ਤੇਰੇ ਆ

ਕਿਉਂ ਐਵੇਂ ਫਿਰਦਾ ਰਹਿਨਾ ਏਂ, ਕਦੇ ਐਸ ਘਰੇ ਕਦੇ ਓਸ ਘਰੇ
ਤੈਨੂੰ ਚੱਕਵੇਂ ਚੁੱਲ੍ਹੇ ਵਾਂਗੂ ਵੇ, ਕੋਈ ਐਥੇ ਧਰੇ, ਕੋਈ ਉੱਥੇ ਧਰੇ
ਕਰ ਪਹਿਚਾਣ ਤੂੰ ਸੱਚ-ਕੁਫ਼ਰ ਦੀ, ਹਰ ਚਿਹਰੇ 'ਤੇ ਚਿਹਰੇ ਆ,
ਕਿਸ ਗੱਲ ਦੇ ਦਰਦ ਸਹੇੜੇ ਆ...

ਇਹ ਦੁਨੀਆਂ ਤੇਜ਼ ਤਰਾਰਾਂ ਦੀ, ਤੇ ਵਕਤੀ ਦੌਰ ਦੇ ਯਾਰਾਂ ਦੀ
ਪੀੜ੍ਹ ਹੈ ਹੱਡੀਂ ਰਚ ਜਾਂਦੀ, ਇਸ਼ਕ ਦੀਆਂ ਮਿੱਠੀਆਂ ਮਾਰਾਂ ਦੀ
ਹਰ ਕਿਸੇ ਨੂੰ ਰਾਜ਼ ਨਈਂ ਦੱਸੀਦੇ, ਰੱਖ ਦਿਲ ਵਿੱਚ ਜੋ ਵੀ ਤੇਰੇ ਆ,
ਕਿਸ ਗੱਲ ਦੇ ਦਰਦ ਸਹੇੜੇ ਆ...

ਰਹਿਣਦੇ ਪੀਰ ਧਿਆਵਣ ਨੂੰ, ਮਾਂ- ਪਿਉ ਨੂੰ ਮੱਥਾ ਟੇਕਿਆ ਕਰ
ਗੱਲ ਸੁਣੀ ਸੁਣਾਈ ਨਾ ਮੰਨਿਆ ਕਰ, ਸੱਚ ਅੱਖਾਂ ਦੇ ਨਾਲ ਵੇਖਿਆ ਕਰ
ਇਨਸਾਨੀਅਤ ਧਰਮ ਨਿਭਾਈ ਚੱਲ, ਹੋਰ ਮਜ਼੍ਹਬ ਤਾਂ ਝਗੜੇ ਝੇੜੇ ਆ,
ਕਿਸ ਗੱਲ ਦੇ ਦਰਦ ਸਹੇੜੇ ਆ...

ਖਰੀ

ਮੈਂ ਉਹਦੇ ਦਿਲ ਦੀ ਚਾਰਦੁਆਰੀ 'ਤੇ
ਝੂਠੀ ਮੁਹੱਬਤ ਦੇ ਫਰਜ਼ੀ ਜਿਹੇ ਦੀਵੇ ਬਾਲ ਕੇ
ਧੁੰਦਲੀ ਜਿਹੀ ਰੌਸ਼ਨੀ ਕੀਤੀ ਸੀ
ਮੈਂ ਆਪਣੇ ਚਿਹਰੇ 'ਤੇ ਬਨਾਵਟੀ ਇਜ਼ਹਾਰ ਦੇ
ਬੇ-ਜਜ਼ਬਾਤੀ ਅਹਿਸਾਸ ਸਜਾ ਕੇ
ਉਹਦੀ ਮਾਸੂਮੀਅਤ ਖੋਹ ਲੀਤੀ ਸੀ,
ਉਹਨੇ ਆਪਣੀ ਮੁਹੱਬਤ ਰੱਖੀ ਸੀ
ਸੰਗਾਂ, ਮਜਬੂਰੀਆਂ ਤੇ ਜਾਤਾਂ-ਪਾਤਾਂ ਦੀ
ਤਹਿ 'ਚ ਲੁਕਾ ਕੇ
ਉਹਨੇ ਉਸ ਮੁਹੱਬਤ ਦਾ ਇਜ਼ਹਾਰ ਕੀਤਾ ਸੀ
ਨੀਵੀਂ ਜਿਹੀ ਪਾ ਕੇ
ਤੇ ਹਲਕਾ ਜਿਹਾ ਮੁਸਕਾ ਕੇ,
ਉਹਨੂੰ ਫ਼ਿਕਰਾਂ ਸੀ ਮੇਰੀਆਂ
ਦੁੱਖ ਸੀ ਸਾਡੇ ਇੱਕ ਨਾ ਹੋਣ ਦਾ
ਤਾਂਹੀ ਲੁਕ ਕੇ ਹੰਝੂ ਵਹਾਉਂਦੀ ਸੀ,
ਉਹ ਮੇਰੀ ਹੋਣਾ ਲੋਚਦੀ ਸੀ ,
ਅੱਖੋਂ ਡਿੱਗਦੇ ਸੁਪਨਿਆਂ ਨੂੰ ਬੋਚਦੀ ਸੀ
ਪਰ ਦੁਨੀਆ ਤੋਂ ਘਬਰਾਉਂਦੀ ਸੀ,
ਉਹਦੇ ਕੌਲ-ਕਰਾਰ ਸੀ
ਮਾਂ-ਬਾਪ ਦੀਆਂ ਰੀਝਾਂ ਨਾਲ
ਘਰ ਦੀਆਂ ਦਹਿਲੀਜਾਂ ਨਾਲ
ਉਹ ਕੌਲ-ਕਰਾਰਾਂ ਦੀ ਖਰੀ ਸੀ,
ਉਹਨੇ ਜਜ਼ਬਾਤਾਂ ਨੂੰ
ਰਿਸ਼ਤਿਆਂ ਦੇ ਖੰਭਾਂ ਹੇਠ ਲੁਕਾ ਕੇ
ਆਜ਼ਾਦੀ ਦੀ ਸੀਮਤ ਜਿਹੀ ਉਡਾਨ ਭਰੀ ਸੀ,
ਇਸ ਤੋਂ ਪਹਿਲਾਂ ਕਿ ਉਹਦੀ ਉਡਾਨ
ਮੇਰੇ ਅਨਜਾਣ ਪਰਿੰਦੇ ਕਰਕੇ ਭਟਕਦੀ
ਉਹ ਵਾਪਸ ਘਰ ਨੂੰ ਮੁੜ ਗਈ,
ਤੇ ਜੀਹਦੇ ਨਾਲ ਮਾਪਿਆਂ ਨੇ
ਪਰਨਾ ਕੇ ਤੋਰ ਦਿੱਤੀ
ਉਹਦੇ ਨਾਲ ਹੀ ਚੁੱਪ ਕਰਕੇ ਤੁਰ ਗਈ,
ਤੇ ਮੈਂ...
ਮੈਂ ਹੁਣ ਯਾਦਾਂ ਦੀ ਮਸਾਣ ਕੱਢਦਾ ਰਹਿੰਦਾ ਹਾਂ
ਮੇਰੀ ਮੋਈ ਮੁਹੱਬਤ ਦਾ
ਮਰਸੀਆ ਪੜ੍ਹਦਾ ਰਹਿੰਦਾ ਹਾਂ,
ਤੇ ਨਿੱਤ ਉਹਦੇ ਵਿਛੋੜੇ ਦਿਆਂ ਜ਼ਖਮਾਂ ਉੱਤੇ
ਜਾਮ ਦੀ ਮੱਲ੍ਹਮ ਪੱਟੀ ਕਰਦਾ ਰਹਿੰਦਾ ਹਾਂ...

ਬਾਗੀ

ਕਦੋਂ ਤੱਕ ਜ਼ਮਾਨਿਆ ਹੱਸੇਂਗਾ
ਸਾਨੂੰ ਛੱਜ ਚ ਪਾ ਕੇ ਛੱਟੇਂਗਾ
ਅਸੀਂ ਫਰਜ਼ ਨਿਭਾਉਣਾ ਯਾਰੀ ਦਾ
ਸਾਨੂੰ ਡਰ ਨਾ ਦੁਨੀਆਦਾਰੀ ਦਾ
ਕੀ ਹੋਇਆ ਜੇ ਅਨਜਾਣ ਅਸੀਂ
ਲੱਗੀਆਂ 'ਤੇ ਕਰੀਏ ਮਾਣ ਅਸੀਂ
ਇਸ਼ਕੇ ਦੀ ਲੀਹੇ ਪਾਇਆ ਜੀਹਨੇ,
ਉਹਨੇ ਆਪ ਸਿਖਾਉਣੇ ਚੱਜ
ਭਾਵੇਂ ਲੱਖ ਪਾਬੰਦੀਆਂ ਲਾ ਲੈ,
ਅਸੀਂ ਯਾਰ ਨੂੰ ਮਿਲਣਾ ਅੱਜ,

ਸਾਡੀਆਂ ਅੱਖਾਂ ਵਿੱਚ ਕਈ ਸੁਪਨੇ
ਸਾਡੇ ਚਾਅ ਕਿਉਂ ਪਾਏ ਸੁੱਕਣੇ
ਸਾਨੂੰ ਜ਼ਿੰਦਗੀ ਜਿਉਣ ਦਾ ਹੱਕ
ਸਾਨੂੰ ਚੰਗਾ-ਮਾੜਾ ਨਾ ਦੱਸ
ਜਾਤ-ਪਾਤ ਦੇ ਛੱਡਦੇ ਯੱਬ
ਸਾਡਾ ਉਹੀ ਦੇਵਤਾ-ਰੱਬ
ਏਸ ਜਨਮ ਵਿੱਚ ਉਹ ਹੈ ਮੇਰਾ
ਹਰ ਹਾਲਤ ਦਿਲਦਾਰ ਨੂੰ ਮਿਲਣਾ
ਭਲਕੇ ਭਾਵੇਂ ਮਰ ਜਾਵਾਂ ਪਰ
ਮੌਤ ਤੋਂ ਪਹਿਲਾਂ ਯਾਰ ਨੂੰ ਮਿਲਣਾ

ਬੇਕਦਰਾ

ਕਿਸੇ ਚੜ੍ਹਦੀ ਸਵੇਰ ਮੂਹਰੇ ਸੀਸ ਨਹੀਂ ਨਿਵਾਇਆ
ਕਿਸੇ ਸ਼ਾਮ ਨੂੰ ਮੈਂ ਕਦੇ ਵਿਦਾ ਕਰਕੇ ਨਹੀਂ ਆਇਆ,
ਬੇਕਦਰਾ ਹੀ ਮਾਣਾਂ ਨਵੇਂ ਦਿਨ ਦਾ ਮੈਂ ਚਾਅ
ਬੇਸ਼ੁਕਰੇ ਨੇ ਸ਼ੁਕਰੀਆ ਕੀਤਾ ਨਹੀਂਓ ਅਦਾ,
ਕਿਹੈ ਤਿੱਖੜ ਦੁਪਿਹਰੇ ਨੂੰ ਤੂੰ ਦਿੰਨਾ ਏਂ ਸਜ਼ਾ
ਕਦੇ ਪੁੱਛੀ ਨਹੀਂਓ ਰਾਤ ਤੋਂ ਖਾਮੋਸ਼ੀ ਦੀ ਵਜਾਹ,
ਮੈਨੂੰ ਪੱਤਝੜ ਮਾੜੀ ਤੇ ਬਹਾਰ ਚੰਗੀ ਲੱਗੇ
ਨਵੇਂ ਪੱਤੇ ਤੋਂ ਨਹੀਂ ਪੁੱਛਿਆ, ਪੁਰਾਣੇ ਕਾਹਤੋਂ ਛੱਡੇ,
ਸੁੱਕੇ ਪੱਤਿਆਂ ਨੂੰ ਚੱਕ ਕਦੇ ਗਲ਼ ਨਹੀਂਓ ਲਾਇਆ
ਕੋਲ ਬਹਿਕੇ ਕਿਸੇ ਕਲੀ ਨੂੰ ਮੈਂ ਲਾਡ ਨਹੀਂ ਲਡਾਇਆ,
ਕਿਸੇ ਭਟਕੀ ਹੋਈ ਕੂੰਜ ਨੂੰ ਵੀ ਸੇਧ ਨਹੀਂ ਵਿਖਾਈ
ਕਿਸੇ ਆਲ੍ਹਣੇ ਦੇ ਟੋਟਰੂ ਨੂੰ ਲੋਰੀ ਨਹੀਂ ਸੁਣਾਈ,
ਠੰਢੀ ਰੁਕਮਦੀ ਹਵਾ ਨੂੰ ਮੈਂ ਰੱਜ ਕੇ ਸਹਿਲਾਵਾਂ
ਨਾਲੇ ਝੱਖੜ-ਝਖੇੜੇ ਨੂੰ ਸ਼ਰਾਪ ਦੇਈ ਜਾਵਾਂ,
ਫਲ ਮਿੱਠਾ ਤਾਜ਼ਾ ਰਸਭਿੰਨਾ ਮਨਭਾਉਂਦਾ ਖਾਕੇ
ਬੀਜ ਬੀਜਿਆ ਨਾ ਕਦੇ, ਸੁੱਟਾਂ ਕੂੜੇ ਵਿੱਚ ਜਾਕੇ,
ਕਿਉਂਕਿ ਮੈਂ ਹਾਂ ਇਨਸਾਨ, ਕੁੱਲ ਜੱਗ ਤੋਂ ਮਹਾਨ
ਕਦੇ ਮੰਨਾਂ ਰੱਬ ਹੋਰ, ਕਦੇ ਖ਼ੁਦ ਭਗਵਾਨ,
ਜੀਵ-ਜੰਤੂ, ਰੁੱਖ-ਪੌਦੇ ਸਭ ਮੇਰੇ ਸੇਵਾਦਾਰ
ਹੈਗਾ ਅਜ਼ਲਾਂ ਤੋਂ ਇਹਨਾਂ ਉੱਤੇ ਮੇਰਾ ਅਧਿਕਾਰ,
ਰਿਹਾ ਜਿਹੜੇ ਮੈਂ ਤਰੀਕੇ ਨਾਲ ਜ਼ਿੰਦਗੀ ਗੁਜ਼ਾਰ
ਕਿਸੇ ਦਿਨ ਲੈ ਕੇ ਬਹਿਜੂ ਮੈਨੂੰ ਮੇਰਾ ਹੰਕਾਰ...

ਜਦ ਵੀ ਤੇਰੀ ਯਾਦ ਆ ਜਾਏ

ਜਦ ਵੀ ਤੇਰੀ ਯਾਦ ਆ ਜਾਏ
ਦਿਲ ਚੰਦਰਾ ਹਉਂਕਾ ਭਰ ਆਏ,
ਦੀਦ ਦੀ ਖ਼ਾਤਰ ਰੋਂਦੇ ਦੀਦੇ
ਹੰਝੂ-ਹੰਝੂ ਅੱਖ ਹੋ ਜਾਏ

ਮਹਿੰਦੀ ਦਾ ਰੰਗ ਪਿਆ ਨਾ ਫਿੱਕਾ
ਤੂੰ ਜਦ ਰੁਖ ਪ੍ਰਦੇਸ ਦਾ ਕੀਤਾ
ਰੱਜ ਕੇ ਨਾ ਸੀ ਸ਼ਗਨ ਮਨਾਏ,
ਕਰਨਾ ਛੱਡਿਆ ਸ਼ਿਗਾਰ ਵੇ ਮਾਹੀ
ਸਿਰੋਂ ਸੂਹੀ ਫੁਲਕਾਰੀ ਲਾਹੀ
ਬਾਹੀਂ ਚੂੜਾ ਵੱਢ-ਵੱਢ ਖਾਏ,
ਇੱਕ ਰੁੱਤ ਆਏ ਇੱਕ ਰੁੱਤ ਜਾਏ
'ਕੱਲੀ ਨੇ ਪੋਹ-ਮਾਘ ਹੰਢਾਏ
ਨਾ ਚਾਅਵਾਂ ਨਾਲ ਸਾਉਣ ਮਨਾਏ,
ਬੂਹੇ ਸਾਡੇ ਸ਼ਰੀਂਹ ਨਾ ਬੱਝੇ
ਨਾ ਵਿਹੜੇ ਕਿਲਕਾਰੀ ਵੱਜੇ
ਨਾ ਹੀ ਸਾਡੇ ਬੁੱਕ ਭਰਾਏ,

ਜਦ ਵੀ ਤੇਰੀ ਯਾਦ ਆ ਜਾਏ
ਦਿਲ ਚੰਦਰਾ ਹਉਂਕਾ ਭਰ ਆਏ,
ਦੀਦ ਦੀ ਖ਼ਾਤਰ ਰੋਂਦੇ ਦੀਦੇ
ਹੰਝੂ-ਹੰਝੂ ਅੱਖ ਹੋ ਜਾਏ

ਪਰਾਈ ਅਮਾਨਤ

ਮੈਂ ਉਸ ਮੋਰਨੀ ਦੇ ਹੰਝੂ ਪੀਣਾ ਚਾਹੁੰਨਾਂ
ਜਿਹੜੀ ਉੱਜੜੇ ਬਾਗ 'ਚ ਮਹਿਬੂਬ ਲਈ ਵਹਾ ਰਹੀ ਹੈ
ਮੈਂ ਉਸਦੇ ਉਹ ਪਲ ਜੀਣਾ ਚਾਹੁੰਨਾਂ
ਜਿਹੜੇ ਉਹ ਕਿਸੇ ਬੇਪਰਵਾਹ ਲਈ ਬਿਤਾ ਰਹੀ ਹੈ
ਖੌਰੇ ਉਸ ਮੋਰਨੀ ਨਾਲ ਮੇਰੀ ਕਿਹੜੀ ਸਾਂਝ ਹੈ
ਜੋ ਮੇਰੀ ਆਤਮਾ ਉਹਦੇ ਲਈ ਕੁਰਲਾ ਰਹੀ ਹੈ
ਮੇਰੀਆ ਨਜ਼ਰਾਂ ਨੂੰ ਖੌਰੇ ਕਿਹੜੀ ਤਾਂਘ ਹੈ
ਜਿਹੜੀ ਮੈਨੂੰ ਉਹਦੇ ਵੱਲ ਖਿੱਚੀ ਜਾ ਰਹੀ ਹੈ
ਮੈਂ ਜਦੋਂ ਉਸ ਉੱਜੜੇ ਬਾਗ ਚ ਜਾਵਾਂ
ਉਹ ਮੈਨੂੰ ਵੇਖ ਕੇ ਡਰ ਜਾਂਦੀ ਹੈ
ਮੈਂ ਜਦੋਂ ਉਹਦੇ ਦਰਦ ਦੀ ਗਹਿਰਾਈ ਨਾਪਦਾਂ
ਮੇਰੀ ਅੱਖ ਉਹਦੇ ਦਰਦ ਦੀ ਗਹਿਰਾਈ ਵੇਖਕੇ ਭਰ ਜਾਂਦੀ ਹੈ
ਮੈਂ ਜਦੋਂ ਉਹਦੀ ਅਣਗੌਲੀ ਦੇਹ 'ਤੇ ਜੁਦਾਈਆ ਦੇ ਦਾਗ ਵੇਖਦਾਂ
ਮੇਰੀ ਦੇਹ ਵਸਲਾਂ ਨੂੰ ਚੇਤੇ ਕਰਕੇ ਠਰ ਜਾਂਦੀ ਹੈ
ਮੈਂ ਉਸ ਮੋਰਨੀ ਦਾ ਦਰਦ ਕਿਵੇਂ ਵੰਡਾਵਾਂ?
ਮੈਨੂੰ ਦਰਦ ਵੰਡਾਉਣ ਦੀ ਨਾ ਜਾਂਚ ਹੈ
ਮੈਂ ਉਸ ਬੇਗਾਨੀ ਅਮਾਨਤ ਨੂੰ ਕਿਵੇਂ ਅਪਨਾਵਾਂ?
ਬੇਗਾਨੀ ਅਮਾਨਤ ਅਪਨਾਉਣਾ ਤਾਂ ਪਾਪ ਹੈ
ਮੈਨੂੰ ਇਹ ਦੁਚਿੱਤੀ ਅੰਦਰੋਂ-ਅੰਦਰੀਂ ਖਾ ਰਹੀ ਹੈ
ਉਹਦੀ ਤਕਲੀਫ਼ ਵੀ ਮੈਨੂੰ ਸਤਾ ਰਹੀ ਹੈ
ਤੇ ਇਹੀ ਤਕਲੀਫ਼ ਮੇਰੀ ਉਸ ਮੋਰਨੀ ਨਾਲ
ਨੇੜਤਾ ਵਧਾ ਰਹੀ ਹੈ...

ਤੋਹਫ਼ਾ

ਜਾਂਦੀ ਵਾਰੀ ਤੋਹਫ਼ੇ ਵਿੱਚ ਤੂੰ ਦਿੱਤੀ ਸੀ ਜੋ ਘੜੀ ਕੁੜੇ,
ਇੰਝ ਭੁਲੇਖਾ ਪਾਵੇ ਜਿਵੇਂ ਗੁੱਟ ਫੜਕੇ ਤੂੰ ਖੜ੍ਹੀ ਕੁੜੇ

ਏਸ ਘੜੀ ਦੀਆਂ ਛੇ ਨੇ ਸੂਈਆਂ
ਤਿੰਨ ਚੱਲਣ, ਤਿੰਨ ਰੁਕੀਆਂ ਹੋਈਆਂ
ਰੁਕੀਆਂ ਸੂਈਆਂ 'ਚ ਤੇਰੇ ਵਾਂਗੂ
ਕੁਝ ਖ਼ਾਸੀਅਤਾਂ ਲੁਕੀਆਂ ਹੋਈਆਂ
ਮੈਂ ਖ਼ਾਸੀਅਤਾਂ ਨੂੰ ਸਮਝਣ ਦੀ
ਰੋਜ਼ ਹਾਂ ਕੋਸ਼ਿਸ਼ ਕਰਦਾ ਰਹਿੰਦਾ
ਤੇ ਇਹਨਾਂ ਦੇ ਆਪਣੇ ਹੀ ਮੈਂ
ਮਤਲਬ ਅੜੀਏ ਕੱਢਦਾ ਰਹਿੰਦਾ
ਪਰ ਤੇਰੇ ਵਾਂਗੂ ਇਹਨਾਂ ਦੀ ਰਮਜ ਨਾ ਜਾਵੇ ਪੜ੍ਹੀ ਕੁੜੇ
ਰਾਜ਼ ਲੁਕਾਈ ਬੈਠੀ ਹੈ ਕਈ ਤੇਰੀ ਦਿੱਤੀ ਘੜੀ ਕੁੜੇ,

ਸਕਿੰਟਾਂ ਵਾਲੀ ਸੂਈ, ਤੇਰੀ
ਯਾਦ ਵਾਂਗ ਪ੍ਰਕਰਮਾ ਕਰਦੀ
ਨਾ ਅੱਕੇ, ਨਾ ਥੱਕੇ ਇਹੇ
ਖੌਰੇ ਕਿਹੜੇ ਜੁਗਨੂੰ ਫੜਦੀ
ਇਹ ਬਹੁਤੀ ਹੀ ਏ ਕਾਹਲੀ ਨੀਂ
ਅੜਮੰਨ ਤੇ ਹਠਿਆਲੀ ਨੀਂ
ਪਲ ਵੀ ਸਾਹ ਨਾ ਲੈਂਦੀ ਇਹ
ਇਹਦੀ ਤੋਰ 'ਚ ਤੇਜ਼ੀ ਬਾਹਲੀ ਨੀਂ
ਖੌਰੇ ਐਸੀ ਖਿੱਚ ਤੂੰ ਕਿਹੜੀ ਇਹਦੇ ਅੰਦਰ ਮੜ੍ਹੀ ਕੁੜੇ
ਬੜਾ ਸਤਾਵੇ ਰੋਜ਼ ਰੁਆਵੇ, ਤੇਰੀ ਦਿੱਤੀ ਘੜੀ ਕੁੜੇ,

ਮਿੰਟਾਂ ਵਾਲੀ ਸੂਈ ਸਾਡੀ
ਹੈ ਅੰਤਿਮ ਮੁਲਾਕਾਤ ਜਿਹੀ
ਤੇਰੇ 'ਤੇ ਪਈ ਮੇਰੀ ਉਹੋ
ਜਾਂਦੀ ਵਾਰ ਦੀ ਝਾਤ ਜਿਹੀ
ਕੁਝ ਦੇਰ ਪਹਿਲਾਂ ਜਿੱਥੇ ਸੀ
ਹੁਣ ਉੱਥੋਂ ਅੱਗੇ ਤੁਰ ਗਈ ਏ
ਚੁੱਪ ਚੁਪੀਤੇ ਬਿਨਾਂ ਦੱਸੇ ਹੀ
ਅਗਲੇ ਮੋੜ ਨੂੰ ਮੁੜ ਗਈ ਏ
ਬੀਤਦੇ ਜਾਂਦੇ ਮਿੰਟਾਂ ਦੇ ਨਾਲ ਹਉਂਕੇ ਜਾਵਾਂ ਭਰੀ ਕੁੜੇ
ਨਬਜ਼ਾਂ ਦੇ ਨਾਲ ਰਲਕੇ ਚਲਦੀ, ਤੇਰੀ ਦਿੱਤੀ ਘੜੀ ਕੁੜੇ,

ਘੰਟਿਆਂ ਵਾਲੀ ਸੂਈ, ਤੇਰੇ
ਮਿਲਣ ਦੇ ਵਾਅਦਿਆਂ ਵਰਗੀ ਹੈ
ਹਰ ਘੰਟੇ ਸਮਾਂ ਬਦਲ ਦੇਵੇ
ਤੇਰੇ ਕੱਚੇ ਇਰਾਦਿਆਂ ਵਰਗੀ ਹੈ
ਇਹ ਤੁਰਦੀ ਤਾਂ ਹੈ,ਪਰ ਮੈਨੂੰ
ਤੁਰਦੀ ਨਜ਼ਰ ਨਾ ਆਵੇ ਨੀਂ
ਘੰਟਾ ਘੰਟਾ ਕਰਕੇ ਇਹੇ
ਦਿਨ ਲੰਘਾਈ ਜਾਵੇ ਨੀਂ
ਹਰ ਘੰਟੇ ਦੇ ਮਗਰੋਂ ਸਾਡੀ ਆਸ ਵਸਲ ਦੀ ਮਰੀ ਕੁੜੇ
ਨਿੱਤ ਨਵੀਂ ਤਾਰੀਕ ਦੇ ਜਾਵੇ ਤੇਰੀ ਦਿੱਤੀ ਹੋਈ ਘੜੀ ਕੁੜੇ

ਯਾਦ ਵਾਲਾ ਸ਼ਹਿਰ

ਮੈਂ ਹਰ ਸ਼ਾਮ ਹੀ ਯਾਦ ਉਹਦੀ ਦੇ, ਸ਼ਹਿਰ ਹਾਂ ਜਾ ਕੇ ਵੜਦਾ
ਜਾ ਕੇ ਖੜਕਾਉਂਦਾ ਹਾਂ ਕੁੰਡਾ, ਬੀਤੇ ਵਕਤ ਦੇ ਘਰ ਦਾ,

ਉਂਝ ਤਾਂ ਮੇਰਾ ਉਹ ਸੱਜਣ, ਬੜਾ ਬੇਪਰਵਾਹ ਜਿਹਾ ਸੀ
ਪਰ ਮੈਨੂੰ ਉਦਾਸ ਵੇਖਕੇ, ਫੁੱਲ ਵਾਗ ਸੀ ਝੜਦਾ,

ਵਿਛੜਨਾ ਨਹੀਂ ਸੀ ਚਾਹੁੰਦਾ ਤੇ, ਮੇਰਾ ਵੀ ਨਹੀਂ ਸੀ ਹੁੰਦਾ
ਪਿਆਰ ਵੀ ਕਰਦਾ ਸੀ ਤੇ, ਨਾਲ ਜ਼ਮਾਨੇ ਤੋਂ ਸੀ ਡਰਦਾ,

ਕੌੜੇ ਤੋਂ ਕੌੜੇ ਮੇਰੇ ਬੋਲਾਂ, ਨੂੰ ਸੀ ਉਹ ਜਰ ਜਾਂਦਾ
ਕਦੇ ਕਦੇ ਪਰ ਨਿੱਕੀ ਜਿਹੀ, ਗੱਲ 'ਤੇ ਵੀ ਸੀ ਲੜਦਾ,

ਦੋਸਤਾਂ ਨੂੰ ਉਹ ਮੇਰੇ ਬਾਰੇ, ਕੁਛ ਨਹੀਂ ਸੀ ਦੱਸਦਾ
ਪਰ ਗੈਰਾਂ ਦੇ ਮੂਹਰੇ ਜਾ ਕੇ, ਮੇਰੇ ਪੱਖ 'ਚ ਖੜ੍ਹਦਾ,

ਭਾਵੇਂ ਸਦਾ ਹੀ ਮੇਰੇ ਤੋਂ, ਬਣਾ ਕੇ ਰੱਖੀ ਦੂਰੀ
ਜਾਣ ਲੱਗਾ ਪਰ ਮਿਲਣੇ ਦੀ, ਜ਼ਿੱਦ ਪਿਆ ਸੀ ਕਰਦਾ,

ਉਹਨੂੰ ਬੇਵਫ਼ਾ ਕਹਿ ਕੇ ਸਨੀ, ਖੌਰੇ ਮੈਂ ਭੁੱਲ ਜਾਂਦਾ
ਅਸਲ ਹਕੀਕਤ 'ਤੋਂ ਉਹ ਸੱਜਣ, ਚੱਕਦਾ ਨਾ ਜੇ ਪਰਦਾ

ਅਧੂਰੀ ਖਾਹਸ਼

ਜਦੋਂ ਕੋਈ ਮੈਥੋਂ ਅਧੂਰੀ ਖਾਹਸ਼ ਪੁੱਛ ਲੈਂਦਾ
ਫਿਰ ਤੇਰਾ ਹੀ ਨਾਂ ਮੇਰੇ ਯਾਰਾ ਲੈਣਾ ਪੈਂਦਾ,

ਬੜੇ ਚਿਰਾਂ ਤੋਂ ਆਪਾਂ ਕਦੇ ਮਿਲੇ ਹੀ ਨਹੀਂ
ਤਾਂਹੀ ਖਾਬਾਂ 'ਚ ਹੀ ਤੇਰਾ ਨਜ਼ਾਰਾ ਲੈਣਾ ਪੈਂਦਾ,

ਰੱਖਿਆ ਹੈ ਸੰਭਾਲ ਮੈਂ ਉਹੀ ਇਸ਼ਕ ਮੇਰਾ
ਨਵੇਂ ਇਸ਼ਕ ਲਈ ਜੋਬਨ ਵੀ ਉਧਾਰਾ ਲੈਣਾ ਪੈਂਦਾ,

ਬੜਾ ਮੁਅੱਜਜ ਸੀ ਤੇਰਾ ਹਰ ਵਾਅਦਾ ਮੇਰੇ ਲਈ
ਆਸ਼ਕ ਨੂੰ ਤਾਂ ਸਿਰ ਮੱਥੇ ਹਰ ਲਾਰਾ ਲੈਣਾ ਪੈਂਦਾ,

ਤੈਨੂੰ ਮਿਲਣ ਦੀ ਤ੍ਰਿਸ਼ਨਾ ਜਦੋਂ ਬੇਕਾਬੂ ਹੋ ਜਾਵੇ
ਮੈਨੂੰ ਜਾਮ ਇੱਕ ਹੋਰ ਦੁਬਾਰਾ ਲੈਣਾ ਪੈਂਦਾ,

ਲੱਗਦੀ ਹੈ ਅਦਾਲਤ ਜਦੋਂ ਹੁਸਨ ਤੇ ਇਸ਼ਕ ਦੀ
ਸਨੀ ਆਸ਼ਕ ਨੂੰ ਇਲਜ਼ਾਮ ਸਿਰ ਸਾਰਾ ਲੈਣਾ ਪੈਂਦਾ

ਜ਼ਿੰਦਗੀ ਪ੍ਰੇਸ਼ਾਨ

ਮੇਰੇ ਕੰਮਾਂ ਨੂੰ ਵੇਖ ਹੈਰਾਨ, ਮੇਰੀ ਜ਼ਿੰਦਗੀ ਮੈਥੋਂ ਪ੍ਰੇਸ਼ਾਨ
ਕਿਉਂ ਪਰਵਾਹ ਕਰਾਂ ਮੈਂ ਇਹਦੀ, ਕੁਝ ਪਲਾਂ ਦੀ ਹੈ ਮਹਿਮਾਨ,
ਇਹ ਤਾਂ ਉਸ ਮਹਿਬੂਬਾ ਵਰਗੀ, ਜੋ ਪ੍ਰਦੇਸਣ ਹੋ ਜਾਂਦੀ ਹੈ
ਜਾਂਦੀ ਜਾਂਦੀ ਆਸ਼ਕ ਦੀ ਜੋ, ਕਰ ਜਾਂਦੀ ਜਿੰਦੜੀ ਸ਼ਮਸ਼ਾਨ

ਮੈਂ ਸੱਚ ਬੋਲਾਂ ਕੌੜਾ ਲੱਗੇ, ਮੈਂ ਤਾਂਹੀਉ ਹੀ ਭਾਉਂਦਾ ਨਾ
ਨਿੱਤ ਨਵਾਂ ਹੀ ਗੀਤ ਲਿਖਾਂ ਮੈਂ, ਭਾਵੇਂ ਖ਼ੁਦ ਮੈਂ ਗਾਉਂਦਾ ਨਾ
ਮੈਨੂੰ ਇੱਕ ਦਿਨ ਲੋਕਾਂ ਜਾਣਨਾ, ਹਸਤੀ ਹਾਲੇ ਹੈ ਗੁੰਮਨਾਮ,

ਭੰਗ-ਸ਼ਰਾਬਾਂ ਕੰਮ ਨਾ ਆਈਆਂ, ਪੀ ਕੇ ਵੇਖੀਆਂ ਹੱਦੋਂ ਜ਼ਿਆਦਾ
ਸਿਗਰਟਾਂ ਬਾਲ ਕੇ ਮੂੰਹ ਨੂੰ ਲਾਈਆਂ, ਕਰਕੇ ਨਿੱਤ ਛੱਡਣ ਦਾ ਵਾਅਦਾ
ਪਿੱਠ ਪਿੱਛੇ ਕੋਈ ਮੈਨੂੰ ਭੰਡਦਾ, ਪਾਏ ਲਾਹਨਤ ਕੋਈ ਸ਼ਰੇਆਮ,

ਝੂਠੀ ਯਾਰੀ ਝੂਠੇ ਰਿਸ਼ਤੇ, ਝੂਠੇ ਯਾਰਾਂ ਦੀ ਹੈ ਭਰਮਾਰ
ਮੈਂ ਖਾ-ਖਾ ਕੇ ਧੋਖੇ ਅੱਕਿਆ, ਸੱਚਾ ਲੱਭਦਾ ਨਾ ਗ਼ਮਖਾਰ
ਮੈਂ ਵੀ ਬਾਗੀ ਹੋਣਾ ਚਾਹਵਾਂ, ਜਿਵੇਂ ਲੂਸੀਫਰ ਸੀ ਹੈਵਾਨ,

ਇਸ਼ਕ ਕਰਾਂ ਚਾਹੇ ਨਸ਼ਾ ਕਰਾਂ ਮੈਂ, ਦੋਹਾਂ ਦੇ ਵਿੱਚ ਘਾਟਾ ਮੇਰਾ
ਤੂੰ ਧੋਖਾ ਦੇ ਚਾਹੇ ਭੁਲਾ ਦੇ, ਦੋਹਾਂ ਦੇ ਵਿੱਚ ਵਾਧਾ ਤੇਰਾ
ਮੈਂ ਤਾਂ ਇੱਕ ਵੀਰਾਨ ਹਾਂ ਧੇਹੀ, ਮੇਰੀ ਮਿੱਟੀ ਹੈ ਬੇਜਾਨ...

ਖੈਰ ਹੋਵੇ

ਮੈਨੂੰ ਰਾਹਾਂ ਦੇ ਵਿੱਚ ਰੋਲ ਗਿਆ, ਸੱਜਣ ਇੱਕ ਅਣਭੋਲ ਜਿਹਾ
ਮੈਥੋਂ ਲੱਗ ਗਏ ਗਲਤ ਅੰਦਾਜ਼ੇ, ਤਾਂਹੀ ਮੇਰੇ ਰਾਹ ਗੁਆਚੇ
ਪਰ ਜਿਹਨਾਂ 'ਤੇ ਉਹ ਤੁਰਦਾ ਹੁਣ, ਖੈਰ ਹੋਵੇ ਉਹਨਾਂ ਰਾਹਾਂ ਦੀ,

ਯਾਦ ਉਹਦੀ ਗਲਵੱਕੜੀ ਆਏ, ਮੇਰਾ ਚੈਨ ਸਕੂਨ ਉਡਾਏ
ਚਲੋ ਮੇਰੇ ਇਹ ਸਾਹਾਂ ਦਾ ਕੀ, ਮੇਰੇ ਹਉਂਕੇ-ਹਾਵਾਂ ਦਾ ਕੀ
ਜਿੰਦੜੀ ਵੱਸਦੀ ਸੱਜਣਾਂ ਅੰਦਰ, ਖੈਰ ਹੋਵੇ ਉਹਦੇ ਸਾਹਾਂ ਦੀ,

ਮੇਰੇ ਸੁਪਨੇ ਅਧੂਰੇ ਰਹਿ ਗਏ, ਚਾਅ ਦਿਲ ਵਾਲੇ ਫਿੱਕੇ ਪੈ ਗਏ
ਮੈਂ ਬੇਰੰਗ ਹੀ ਜੀਅ ਲੈਣਾ ਏ, ਘੁੱਟ ਸਬਰ ਦਾ ਪੀ ਲੈਣਾ ਏ
ਜਿਹੜੇ ਉਹਦੇ ਪੂਰੇ ਹੋ ਗਏ, ਖੈਰ ਹੋਵੇ ਉਹਨਾਂ ਚਾਅਵਾਂ ਦੀ,

ਅਸੀਂ ਜਿੱਥੇ ਸੀ ਮਿਲਦੇ ਹੁੰਦੇ, ਮੇਲ ਜਿੱਥੇ ਸੀ ਦਿਲ ਦੇ ਹੁੰਦੇ
ਉਹ ਥਾਂਵਾਂ ਹੁਣ ਨਹੀਂਓ ਸੋਂਹਦੀਆਂ, ਨਾ ਰੌਣਕਾਂ ਸਾਨੂੰ ਭਾਉਂਦੀਆਂ
ਪਰ ਜਿੱਥੇ ਉਹ ਵੱਸਦਾ ਏ ਹੁਣ, ਖੈਰ ਹੋਵੇ ਉਹਨਾਂ ਥਾਂਵਾਂ ਦੀ

ਸੁੱਕੇ ਰੁੱਖ 'ਤੋਂ

ਸੁੱਕੇ ਰੁੱਖ 'ਤੋਂ ਗੁਟਾਰਾਂ ਦੀ ਉਡਾਰ ਬਣਕੇ
ਛੱਡ ਗਿਆ ਬੇਵਫ਼ਾ ਉਹ ਯਾਰ ਬਣਕੇ,
ਮੁਰਝਾਉਂਦਿਆਂ ਨੂੰ ਵੇਖ ਭੌਰ ਉੱਡਿਆ
ਰਹਿ ਗਿਆ ਏ ਦਿਲ ਹੁਣ ਖ਼ਾਰ ਬਣਕੇ

ਸਾਡੀ ਗਲੀ ਵਿੱਚੋਂ ਉਹਦੇ ਪੈਰਾਂ ਦੇ ਨਿਸ਼ਾਨ ਨਹੀਂ ਮਿਟਦੇ
ਹਰ ਆਉਂਦੇ ਜਾਂਦੇ ਵਿੱਚੋਂ ਉਹਦੇ ਹੀ ਮੁਹਾਂਦਰੇ ਨੇ ਦਿਸਦੇ
ਪੈਰਾਂ 'ਚ ਜੁਦਾਈਆਂ ਦੀ ਪੰਜੇਬ ਪਾ ਗਿਆ
ਚੱਤੋ ਪਹਿਰ ਬਿਰਹੋਂ ਦੀ ਤਾਣ ਛਣਕੇ,

ਚਿੜੀਉ ਸਹੇਲੀਉ ਨੀਂ ਮੇਰੇ ਨਾਲ ਆਕੇ ਅੱਜ ਰੋ ਲਵੋ
ਜਾਂ ਫਿਰ ਲੱਭ ਲਿਆਉ ਉਹਨੂੰ, ਮੈਥੋਂ ਜਿੰਨਾ ਮਰਜ਼ੀ ਮੋਹ ਲਵੋ
ਰਾਤ ਨੂੰ ਸੁਨੇਹਾ ਦੇਦੀਂ ਸੁਣ ਸੂਰਜਾ
(ਮੇਰੇ) ਹਾਲ 'ਤੇ ਨਾ ਹੱਸੇ ਚੰਨ ਨਾਲ ਰਲਕੇ

ਇਸ਼ਕ ਅਕਾਮ ਨਹੀਂ ਹੁੰਦਾ

ਗੰਭੀਰ ਚਿਹਰੇ ਵੀ ਦਿਲਕਸ਼ ਹੁੰਦੇ ਨੇ ਯਾਰੋ
ਮੁਸਕੁਰਾਉਣਾ ਹਰੇਕ ਦਾ ਅੰਦਾਜ਼ ਨਹੀਂ ਹੁੰਦਾ,

'ਕੱਲਾ ਰਹਿ ਕੇ ਵੀ ਜੱਗ ਨੂੰ ਰੌਸ਼ਨ ਕਰ ਦਿੰਦਾ ਹੈ
ਸੂਰਜ ਪਰਛਾਵੇਂ ਦਾ ਕਦੇ ਮੁਹਤਾਜ ਨਹੀਂ ਹੁੰਦਾ,

ਹਕੂਮਤ ਪਰਦੇ ਪਿੱਛੇ ਰਹਿ ਕੇ ਵੀ ਹੋ ਜਾਂਦੀ ਹੈ
ਸਿੰਘਾਸਨ 'ਤੇ ਬਹਿਣ ਵਾਲਾ ਸਰਤਾਜ ਨਹੀਂ ਹੁੰਦਾ,

ਕੋਈ ਇਸ਼ਾਰਾ ਉੱਧਰੋਂ ਵੀ ਤਾਂ ਆਉਂਦਾ ਹੋਣਾ ਏ
ਐਵੇਂ ਹੀ ਤਾਂ ਇਸ਼ਕ ਦਾ ਯਾਰ ਆਗਾਜ਼ ਨਹੀਂ ਹੁੰਦਾ,

ਇਸ਼ਕ ਦੀ ਨੀਂਹ ਹੀ ਕਾਮ 'ਤੇ ਰੱਖੀ ਜਾਂਦੀ ਹੈ ਸੱਜਣਾ
ਸੱਚੀ ਗੱਲ ਤਾਂ ਇਹ ਹੈ ਇਸ਼ਕ ਅਕਾਮ ਨਹੀਂ ਹੁੰਦਾ,

ਜਿਹੜਾ ਕੁਛ ਠਾਣ ਕੇ ਨਿੱਤ ਘਰੌਂਦੇ 'ਚੋਂ ਨਿਕਲੇ
ਉਹ ਬੰਦਾ ਹਰ ਵਾਰੀ ਸਨੀ ਨਾਕਾਮ ਨਹੀਂ ਹੁੰਦਾ,

ਕੋਈ ਨਾ ਕੋਈ ਤਾਂ ਥੁੜ ਆਖ਼ਰ ਨੂੰ ਰਹਿ ਹੀ ਜਾਂਦੀ ਹੈ
ਜ਼ਿੰਦਗੀ ਦੇ ਵਿੱਚ ਮਿਲਦਾ ਕਦੇ ਤਮਾਮ ਨਹੀਂ ਹੁੰਦਾ,

ਹਾਂ, ਜ਼ੁਲਮੀ ਦੇ ਸਾਹਵੇਂ ਝੁਕ ਕਮਜ਼ੋਰ ਤਾਂ ਸਕਦਾ ਹੈ
ਪਰ ਦਿਲ ਤੋਂ ਕਦੇ ਕਰਦਾ ਅਦਬ-ਸਲਾਮ ਨਹੀਂ ਹੁੰਦਾ

ਬਦਕਿਸਮਤ ਦਰਦ

ਜਿੰਮੇਵਾਰੀਆਂ ਨਾਲ ਲੱਦੀ ਜਿੰਦ ਨੂੰ
ਵਿਛੋੜਿਆਂ ਦੀ ਧੁੱਪ 'ਚ ਕੱਜਣਾ ਪਿਆ,
ਯਾਦਾਂ ਦੇ ਝੱਖੜ ਤੋਂ ਬਚਣ ਲਈ
ਠਾਹਰ ਦਾ ਆਸਰਾ ਤੱਕਣਾ ਪਿਆ

ਮੈਂ ਤੇ ਮੇਰਾ ਸੱਜਣ, ਹੱਸਦੇ-ਹੱਸਦੇ
ਤੁਰੇ ਸੀ ਇਸ਼ਕ ਦੀ ਰਾਹੇ
ਮੰਜ਼ਿਲ ਮਿਲਣ ਤੋਂ ਪਹਿਲਾਂ ਹੀ
ਹਾਸਿਆ ਤੋਂ ਮੁੱਖ ਵੱਟਣਾ ਪਿਆ,

ਮੇਰੇ ਇਸ਼ਕ ਦਾ ਅਸੂਲ ਸੀ
ਸੱਜਣ ਦੀ ਰਜ਼ਾ 'ਚ ਰਾਜ਼ੀ ਰਹਿਣਾ
ਇਸੇ ਅਸੂਲ ਦੀ ਖ਼ਾਤਿਰ ਹੀ
ਸੱਜਣ ਨੂੰ ਸੀ ਛੱਡਣਾ ਪਿਆ,

ਸੱਜਣ ਪ੍ਰੀਤਾਂ ਤੋੜ ਕੇ ਹੁਣ
ਜਾ ਬੈਠਾ ਬੜੀ ਦੂਰ-ਦੁਰਾਡੇ
ਦਿਲ ਨੂੰ ਦਿਲਾਸਾ ਦੇਣ ਲਈ
ਗੈਰਾਂ ਦੇ ਗਲ਼ ਲੱਗਣਾ ਪਿਆ,

ਇਹ ਹਾਲ ਹੈ ਯਾਰੋ
ਮੇਰੇ ਦਰਦਾਂ ਦੀ ਬਦਕਿਸਮਤੀ ਦਾ
ਸੀਨੇ ਚੁਭੀ ਸੂਲ ਨੂੰ ਆਖ਼ਰ
ਸੂਲ ਨਾਲ ਹੀ ਕੱਢਣਾ ਪਿਆ

ਤੁਹਾਡੇ ਮੁੱਖ ਵਰਗਾ

ਤੁਹਾਡੇ ਮੁੱਖ ਵਰਗਾ ਫੁੱਲ ਸੋਹਣਾ ਕੋਈ
ਹੁਣ ਦਿਲ ਦੇ ਬਗੀਚੇ ਖਿਲਦਾ ਨਹੀਂ,

ਮੈਂ ਅੱਜ-ਕੱਲ੍ਹ ਦਿਮਾਗ ਵਰਤਦਾ ਹਾਂ
ਹੁਣ ਲੈਂਦਾ ਮਸ਼ਵਰਾ ਦਿਲ ਦਾ ਨਹੀਂ,

ਰਿਸ਼ਤਿਆਂ ਦੇ ਉੱਧੜਦੇ ਬਾਣਿਆਂ ਨੂੰ
ਹੁਣ ਮੈਂ ਫੇਰ ਦੁਬਾਰਾ ਸਿਲਦਾ ਨਹੀਂ,

ਇਸ਼ਕ ਦੇ ਫੱਟ ਤਾਂਹੀ ਤਾਬ ਆਉਣ ਲੱਗੇ
ਹੁਣ ਯਾਦਾਂ ਨਾਲ ਫੱਟਾਂ ਨੂੰ ਛਿਲਦਾ ਨਹੀਂ,

ਬਹੁਤ ਦੇਰ ਕਰਤੀ ਤੁਸੀਂ ਮੁਲਾਕਾਤ ਲਈ
ਹੁਣ ਮੈਂ ਆਪਣੇ ਆਪ ਨੂੰ ਵੀ ਮਿਲਦਾ ਨਹੀਂ

ਬੇਦਰਦੀ

ਇੰਝ ਤੋੜ ਗਿਆ ਪ੍ਰੀਤਾਂ ਪੱਕੀਆਂ ਨੂੰ
ਟੁੱਟ ਜਾਂਦੀਆਂ ਵੰਗਾਂ ਜਿਵੇਂ ਬੇਵਾ ਦੀਆਂ
ਕਰ ਗਿਆ ਵੀਰਾਨ ਇੰਝ ਖੁਸ਼ੀਆਂ ਨੂੰ
ਹੋਣ ਮਿੱਟੀਆ ਵੀਰਾਨ ਜਿਵੇਂ ਥੇਹਾਂ ਦੀਆਂ
ਹਾਸੇ ਖਾ ਗਿਆ ਇੰਝ ਬੇਦਰਦੀ ਉਹ
ਖਾਵੇ ਚੰਦ ਨੂੰ ਜਿਵੇਂ ਰਾਤ ਮੱਸਿਆ ਦੀ
ਸਜ਼ਾ ਦੇ ਗਿਆ ਸਾਨੂੰ ਉਹ ਉਮਰਾਂ ਦੀ
ਬਸ ਦੋ ਪਲ ਹਾਸੇ ਹੱਸਿਆਂ ਦੀ,

ਬਾਗ ਛੱਡਿਆ ਸੀ ਜੀਹਦੇ ਆਸਰੇ 'ਤੇ
ਉਹਨੇ ਅਧਪੱਕੇ ਤੋੜ ਲਏ ਟਾਹਣੀਆਂ ਤੋਂ
ਟੁੱਕ ਗਿਆ ਕਚਨਾਰ ਉਹ ਵਿਹੜੇ ਦੀ
ਅਧਰਿੜਕਿਆ ਚੱਟ ਗਿਆ ਮਧਾਣੀਆਂ 'ਚੋਂ
ਜਵਾਨੀ ਵੇਖਕੇ ਨਵੀਂ ਨਵੇਕਲੀ ਜਿਹੀ
ਪੱਛ ਲਾ ਗਿਆ ਹੁਸਨ ਕੁਆਰੇ ਨੂੰ
ਸਵਾਦ ਚੱਖ ਕੇ ਸਾਨੂੰ ਪਤਾ ਲੱਗਿਆ
ਖੰਜੂਰ ਸਮਝ ਕੇ ਖਾ ਲਿਆ ਛੁਆਰੇ ਨੂੰ

ਸਜਣੀ ਜਾਣ ਲੱਗੀ

ਗੂੜ੍ਹੇ ਰੰਗ ਦੇ ਸੁਪਨੇ ਨੂੰ ਮਜਬੂਰੀ ਪੱਲੇ ਬੰਨ੍ਹਕੇ
ਜਾਤ-ਪਾਤ ਦੀ ਨਦੀ ਦੇ ਪਾਣੀ ਵਿੱਚ ਵਹਾ ਗਈ ਯਾਰੋ,
ਸਜਣੀ ਜਾਣ ਲੱਗੀ..

ਕਈ ਚਿਰਾਂ ਤੋਂ ਸਾਂਭੇ ਪੱਕੇ ਕੌਲ-ਕਰਾਰ ਸੀ ਸਾਡੇ
ਰੀਤ ਰਿਵਾਜਾਂ ਦੇ ਸੰਦੂਕਾਂ ਵਿੱਚ ਲੁਕਾ ਗਈ ਯਾਰੋ,
ਸਜਣੀ ਜਾਣ ਲੱਗੀ..

ਕਲੀਆਂ ਤੋਂ ਵੀ ਕੋਮਲ ਮੇਰੇ ਚਾਅਵਾਂ ਨੂੰ ਮਰਜਾਣੀ,
ਹਿਜਰਾਂ ਦੀ ਧੁੱਪ ਤਿੱਖੀ ਦੇ ਵਿੱਚ ਸੁੱਕਣੇ ਪਾ ਗਈ ਯਾਰੋ,
ਸਜਣੀ ਜਾਣ ਲੱਗੀ..

ਹਾਸੇ ਦੀ ਛਣਕਾਰ ਨੂੰ ਗ਼ਮ ਦੀ ਕਿੱਲੀ ਉੱਤੇ ਟੰਗਕੇ
ਹੰਝੂ ਸਾਡੀ ਅੱਖ ਨੂੰ ਦੇ ਕੇ ਖ਼ੁਦ ਮੁਸਕਾ ਗਈ ਯਾਰੋ,
ਸਜਣੀ ਜਾਣ ਲੱਗੀ..

ਮੁਖੜਾ ਵਾਂਗ ਦੁਪਿਹਰਖਿੜੀ ਦੇ ਚਹਿਕ ਸੀ ਰਖਦਾ ਜੀਹਦਾ
ਬਿਨਾਂ ਪਾਣੀਉਂ ਵੇਲ ਤਰ੍ਹਾਂ ਸਾਰੀ ਕੁਮਲਾ ਗਈ ਯਾਰੋ,
ਸਜਣੀ ਜਾਣ ਲੱਗੀ..

ਸੰਗ ਦੀ ਬੁੱਕਲ ਮਾਰਕੇ ਜਿਹੜੀ ਮੁਲਾਕਾਤ ਸੀ ਕਰਦੀ
ਜਾਣ ਲੱਗੀ ਅੱਜ ਸਾਰੀ ਪਰਦੇਦਾਰੀ ਹਟਾ ਗਈ ਯਾਰੋ,
ਸਜਣੀ ਜਾਣ ਲੱਗੀ..

ਉਂਝ ਤਾਂ ਉਹਦਾ ਹਰੇਕ ਰਾਜ਼ ਸੀ ਮੇਰੇ ਨਾਲ ਹੀ ਸਾਂਝਾ
ਪਰ ਦਿਲ ਵਿੱਚ ਕੁਝ ਗੱਲਾਂ ਲਗਦੈ ਅੱਜ ਲੁਕਾ ਗਈ ਯਾਰੋ,
ਸਜਣੀ ਜਾਣ ਲੱਗੀ..

ਭੁੱਲ ਜਾਣ ਦਾ ਵਾਅਦਾ ਲੈ ਕੇ ਸਨੀ ਕੋਲੋਂ ਕਮਲੀ,
ਉਮਰਾਂ ਦੀ ਬੇਚੈਨੀ ਤੇ ਕੁਝ ਤੋਹਫ਼ੇ ਫੜਾ ਗਈ ਯਾਰੋ,
ਸਜਣੀ ਜਾਣ ਲੱਗੀ...

ਕਾਹਤੋਂ ਨਹੀਂ ਬੋਲਦਾ

(ਲਾਸ਼ ਨੂੰ ਵੇਖ ਕੇ ਆਇਆ ਖ਼ਿਆਲ)

ਉਹ ਕਾਹਤੋਂ ਨਹੀਂ ਬੋਲਦਾ, ਜੀਹਨੂੰ ਟੱਬਰ ਬੁਲਾਉਣ ਡਿਆ ਏ
ਯਾਰ ਤਾਂ ਕਹਿੰਦੇ ਤੁਰ ਗਿਆ, ਵਿਹੜੇ ਵਿੱਚ ਫਿਰ ਕੌਣ ਪਿਆ ਏ?
ਰੁੱਸਿਆ ਪਿਆ ਜੋ ਸਭ ਦੇ ਨਾਲ,
ਉਹਨੂੰ ਕਾਹਦਾ ਗੁੱਸਾ ਦੱਸੇ ਇੱਕ ਵਾਰ ?
ਕਿਉਂ ਬਣਿਆ ਪਿਆ ਅੜਮੰਨ ਜਿਹਾ,
ਹਰ ਕੋਈ ਅੱਜ ਮਨਾਉਣ ਡਿਆ ਏ,
ਕਿਸੇ ਦੀ ਅੱਖ ਦਾ ਉਹ ਤਾਰਾ ਸੀ,
ਕਿਸੇ ਦਾ ਉਹ ਦਿਲਬਰ ਪਿਆਰਾ ਸੀ
ਕਿਸੇ ਦਾ ਬਾਬਲ, ਕਿਸੇ ਦਾ ਬੇਲੀ,
ਹਰ ਰਿਸ਼ਤਾ ਅੱਜ ਕੁਰਲਾਉਣ ਡਿਆ ਏ,
ਜਿਵੇਂ ਬਿਜਲੀ ਨਾਲ ਬੱਦਲ ਗੜਕੇ,
ਇੰਝ ਵਿਹੜੇ ਵਿੱਚ ਕੁਰਲਾਹਟਾ ਭੜਕੇ
ਉਹ ਬੇਫ਼ਿਕਰੀ ਦੀ ਨੀਂਦੇ ਸੁੱਤਾ,
ਪਾਸਾ ਵੱਟਕੇ ਸਿੱਟੀ ਧੌਣ ਪਿਆ ਏ,
ਬੜੇ ਕੰਮ ਸਹੇੜੀ ਬੈਠਾ ਸੀ,
ਕੁਝ ਰਹਿ ਗਏ ਤੇ ਕੁਝ ਨਬੇੜੀ ਬੈਠਾ ਸੀ
ਅੱਜ ਛੱਡਕੇ ਸਾਰੇ ਕੰਮਾਂ ਨੂੰ,
ਵਿਹਲਾ ਹੋ ਕੇ ਸੁਸਤਾਉਣ ਡਿਆ ਏ,
ਜਦ ਟੁੱਟੀ ਜ਼ਿੰਦਗੀ ਦੀ ਡਾਲ ਵਿਚਾਰੀ,
ਸਾਹ ਪੰਛੀ ਮਾਰ ਗਿਆ ਉਡਾਰੀ
ਹੱਡ-ਮਾਸ ਦੀ ਕਠਪੁਤਲੀ ਦਾ,
ਕੋਈ ਖਿੱਚ ਡੋਰਾ ਤਮਾਸ਼ਾ ਦਿਖਾਉਣ ਡਿਆ ਏ

ਰੁੱਖ ਚੰਦਰਾ

ਮੇਰੇ ਚਾਅਵਾਂ 'ਤੇ ਚੜ੍ਹਾ ਗਿਆ ਅਮਰ ਵੇਲ ਉਹ
ਮੈਂ ਰੁੱਖ ਚੰਦਰਾ ਅਧੂਰਾ ਰਹਿ ਗਿਆ,
ਜੀਹਦਿਆਂ ਮੈਂ ਰਾਹਾ ਵਿੱਚ ਅੱਜ ਵੀ ਖੜ੍ਹਾ
ਉਹ ਪੰਛੀ ਕਿਸੇ ਹੋਰ ਦੀ ਛਾਵੇਂ ਬਹਿ ਗਿਆ
ਜੀਹਦੇ ਕੂਹਲੇ ਖਾਬਾਂ ਨੂੰ ਧੁੱਪਾਂ ਤੋਂ ਬਚਾਇਆ
ਉਹਨੇ ਮੇਰੇ ਨਾਮ ਢਲਦੀ ਕੋਈ ਸ਼ਾਮ ਨਹੀਂ ਲਿਖੀ
ਮਾਰ ਗਿਆ ਉਡਾਰੀ ਆਪਣੇ ਗੁੰਮਾਨ ਵਿੱਚ ਆਕੇ
ਮੇਰੇ ਪੱਲੇ ਛੱਡ ਗਿਆ ਮੇਰੀ ਵਫ਼ਾ ਮੈਲੀ ਕੀਤੀ
ਕਹਿਰ ਕਰਕੇ ਜਦੋਂ ਉਹ ਗੁੰਮਾਨ ਨਾਲ ਉੱਡਿਆ,
ਕਿੱਥੇ ਚੱਲਿਐਂ ? ਮੈਂ ਪੁੱਛਿਆ, ਬੜੀ ਦੂਰ ਕਹਿ ਗਿਆ,
ਬੱਸ ਦਿਨੋਂ ਦਿਨ ਹੁਣ ਮੈਂ ਸੁੱਕਦਾ ਹੀ ਜਾਵਾਂ
ਉਹਦਿਆਂ ਮੈਂ ਦੁੱਖਾਂ ਵਿੱਚ ਮੁੱਕਦਾ ਹੀ ਜਾਵਾਂ
ਮੇਰੇ ਉੱਤੇ ਯਾਦਾਂ ਦਾ ਜੋ ਜਾਲ ਪਾ ਗਿਆ
ਚੱਤੋਪਹਿਰ ਉਹਦਾ ਹੀ ਮੈਂ ਭਾਰ ਉਠਾਵਾਂ
ਪੁੱਛਿਆ ਮੈਂ ਹੋਣਾ ਕੀ ਹਸ਼ਰ ਹੁਣ ਮੇਰਾ ?
ਕਹਿੰਦਾ ਹੌਲੀ ਹੌਲੀ ਝੜੇਂਗਾ, ਸ਼ਰਾਪ ਦੇ ਗਿਆ,
ਉਹਨੇ ਫਲਿਆ ਤੇ ਫੁੱਲਿਆ ਹੋਰ ਤਕਾ ਲਿਆ
ਮਿੱਠੀ ਬੋਲੀ ਤੇ ਨਖ਼ਰੇ ਦਾ ਜਾਲ ਪਾ ਲਿਆ
ਹੁਣ ਆਪਣੇ ਗੁੰਮਾਨ ਵਿੱਚ ਚੂਰ ਹੋਇਆ ਉੱਡੇ
ਉਹਨੂੰ ਲੱਜ ਵੀ ਨਾ ਆਵੇ, ਰੱਬ ਵੀ ਭੁਲਾ ਲਿਆ
ਉਹਦੇ ਹੁਸਨ ਦੇ ਖੰਭ ਜਦੋਂ ਸਾਥ ਛੱਡ ਗਏ
ਪਤਾ ਲੱਗੂ ਫਿਰ ਜਦੋਂ ਮੂੰਹ ਦੇ ਭਾਰ ਢਹਿ ਗਿਆ

ਸੱਪਣੀਆਂ

ਕਈ ਸੱਪਣੀਆਂ ਸੀਨੇ 'ਤੇ ਮੇਲ੍ਹ ਗਈਆਂ
ਤੇ ਡੰਗ ਵੀ ਕਈਆਂ ਨੇ ਮਾਰਿਆ,
ਜਿਹੜੀ ਬਿਨ ਡੰਗੇ ਹੀ ਮੁੜ ਗਈ
ਉਹਦਾ ਦਰਦ ਨਾ ਗਿਆ ਸਹਾਰਿਆ

ਅਸੀਂ ਇੱਕ ਦੂਜੇ ਦੇ ਦਿਲਨਸ਼ੀਂ ਬਣਕੇ
ਇੱਕ ਦੂਜੇ ਦੇ ਦਿਲਫਰੋਜ਼ ਹੋਏ,
ਪਰ ਵਕਤ ਦੇ ਤੂਫ਼ਾਨ ਬੁਝਾ ਗਏ
ਦਿਲਾਂ ਦੇ ਮਹਿਲੀਂ ਦੀਵਾ ਬਾਲਿਆ

ਅਸੀਂ ਇੱਕ ਦੂਜੇ ਦੇ ਦਾਮਨਗੀਰ ਹੋਕੇ
ਇੱਕ ਦੂਜੇ ਦਾ ਸਾਥ ਨਾ ਛੱਡਦੇ,
ਜੇ ਸਾਡੀਆਂ ਮਜਬੂਰੀਆਂ ਨੇ
ਸਾਡੇ ਰਿਸ਼ਤੇ ਦਾ ਦਾਮਨ ਨਾ ਹੁੰਦਾ ਪਾੜਿਆ

ਕਚਨਾਰੀ

ਤਨ ਦੀ ਚਿੱਟੀ ਚੁੰਨੀ 'ਤੇ ਜਦ ਚੋਬਰ ਕੀਤੀ ਗੁਲਕਾਰੀ
ਸਾਂਵਲ ਰੰਗੀ ਅੱਲ੍ਹੜ ਹੋ ਗਈ ਖਿੜ ਕੇ ਫਿਰ ਕਚਨਾਰੀ
ਖੁਸ਼ਤਰਕ ਹੁੰਦੇ ਬੋਲ ਅੱਲ੍ਹੜ ਦੇ ਨਾਂਅ ਉਹਦਾ ਜਦ ਲੈਂਦੀ
ਸੁੰਨੇ ਦਿਲ ਦੇ ਵਿਹੜੇ ਵਿੱਚ ਹੁਣ ਚਹਿਲ ਪਹਿਲ ਜਿਹੀ ਰਹਿੰਦੀ,
ਉਹਦੇ ਸਾਹਾਂ ਦੇ ਨਾਲ ਮਹਿਕੀ ਸਾਹਾਂ ਦੀ ਫੁਲਵਾੜੀ,

ਇਸ਼ਕ ਦੇ ਤੱਕਲੇ ਚੜ੍ਹਕੇ ਬਣ ਗਈ ਅੱਲ੍ਹੜ ਉਮਰ ਗਲੋਟਾ
ਉਹ ਅੱਧ ਵਿੱਚੋਂ ਤੋੜ ਨਾ ਜਾਏ ਨਿਕਲੇ ਨਾ ਹੁਣ ਖੋਟਾ
ਉਹਦੇ ਦਰਸ਼ ਦੀਦਾਰ ਲਈ ਰੱਖਦੀ ਅਕਸਰ ਦਰ ਨੂੰ ਖੁੱਲ੍ਹਾ
ਚੋਰੀ ਚੋਰੀ ਆਉਦਾ ਏ ਉਹ ਬਣਕੇ ਪੌਣ ਦਾ ਬੁੱਲਾ
ਉਹਦੇ ਖ਼ਿਆਲਾਂ ਦੇ ਵਿੱਚ ਉੱਡਦੀ ਬਣਕੇ ਕੂੰਜ ਕੁਆਰੀ,

ਸੁੱਟ ਗਿਆ ਉਹ ਲਾਹ ਕੇ ਪਾਸੇ ਸੰਗਾਂ ਵਾਲੇ ਗਿਲਾਫ਼
ਉਹ ਮਨਮਰਜ਼ੀ ਦਾ ਮਾਲਕ ਕਿਧਰੇ ਬਣਜੇ ਨਾ ਗੁਸਤਾਖ਼
ਸ਼ੀਰੀ ਬੋਲੀ ਵਾਲਾ ਗੱਲਾਂ ਮਿੱਠੀਆਂ ਮਿੱਠੀਆਂ ਕਰਕੇ
ਬੁੱਲਾਂ 'ਚੋਂ ਰਿਸਦੇ ਸ਼ਰਬਤ ਦੀ ਲੈ ਜਾਵੇ ਘੁੱਟ ਭਰਕੇ
ਵਰਤਦਾ ਨਹੀਂ ਨਜ਼ਾਕਤ ਉਹ ਤਾਂ ਕਰਦੈ ਖ਼ੁਦਮੁਖਤਾਰੀ

ਯਾਦ ਨਹੀਂ

ਉਹਦੇ ਨਾਲ ਜੋ ਕੀਤੀਆਂ ਗੱਲਾਂ, ਯਾਦ ਨਹੀਂ
ਉਹਦੇ ਨਾਲ ਜੋ ਕੀਤਾ ਵਾਅਦਾ, ਯਾਦ ਨਹੀਂ,
ਬਸ ਇੱਕ ਉਹੀ ਚੇਤੇ ਦੇ ਵਿੱਚ ਰਹਿ ਗਈ ਏ
ਹੁਣ ਇਸ ਤੋਂ ਕੁਝ ਮੈਨੂੰ ਜ਼ਿਆਦਾ, ਯਾਦ ਨਹੀਂ

ਮੈਂ ਆਪਣੀ ਹੀ ਗੱਲ ਤੋਂ ਹੁਣ ਫਿਰ ਜਾਂਦਾ ਹਾਂ
ਮੈਂ ਆਪਣਾ ਇਰਾਦਾ ਰੋਜ਼ ਬਦਲਾਂਦਾ ਹਾਂ
ਕਿਹੜੀ ਕਿਹੜੀ ਗੱਲ ਤੋਂ ਹੁਣ ਤੱਕ ਪਲਟਿਆ ਹਾਂ
ਮੈਂ ਬਦਲਿਆ ਕਿਹੜਾ ਇਰਾਦਾ, ਯਾਦ ਨਹੀਂ,

ਉਹਦੇ ਨੈਣਾਂ ਦੀਆਂ, ਉਹਦੇ ਹੁਸਨ ਦੀਆਂ
ਉਹਦੇ ਸਾਦਗੀ, ਹਾਸੇ ਤੇ ਉਹਦੇ ਰੁੱਸਣ ਦੀਆਂ
ਸਿਫ਼ਤਾਂ ਕਰਨੇ ਖ਼ਾਤਰ ਕਲਮ ਚਲਾਈ ਸੀ
ਪਰ ਮੈਂ ਲਿਖਿਆ ਕੀ ਸੀ ਤਾਜ਼ਾ, ਯਾਦ ਨਹੀਂ,

ਕਿੰਨੀਆਂ ਨਜ਼ਰਾਂ, ਨਜ਼ਰਾਂ ਨਾਲ ਟਕਰਾਈਆਂ ਨੇ
ਕਿੰਨੀਆਂ ਸੂਰਤਾਂ ਦਿਲ ਮੇਰੇ ਨੂੰ ਭਾਈਆਂ ਨੇ
ਕੀਹਨੇ ਵਾਂਗ ਸਪੋਲੀਏ ਮਾਰੇ ਡੰਗ ਮੈਨੂੰ
ਕੀਹਨੇ ਇੱਲਾਂ ਵਾਂਗੂ ਖਾਧਾ, ਯਾਦ ਨਹੀਂ

ਮੁਹਾਜਰ

(ਐਲਨ ਕੁਰਦੀ ਦੇ ਨਾਮ)

ਨਾ ਮਿਲਿਆ ਸਾਨੂੰ ਟਿਕਾਣਾ
ਅਸੀਂ ਲਹਿਰਾਂ 'ਚ ਰੁੜੇ ਮੁਹਾਜਰ

ਸਾਨੂੰ ਸਸਤੇ ਮੁੱਲ ਹੀ ਵੇਚ ਗਏ
ਧਰਮਾਂ ਤੇ ਸਿਆਸਤਾਂ ਦੇ ਤਾਜਰ,

ਸਾਨੂੰ ਕਿਸੇ ਪਛਾਣਿਆ ਨਾ
ਉਂਝ ਦੁਨੀਆਂ ਸਾਰੀ ਨਾਜ਼ਰ,

ਅਸੀਂ ਅਕਲੋਂ ਕਮਲੇ-ਕੋਝੇ ਸੀ
ਜ਼ਮਾਨਾ ਅਕਲਮੰਦ ਤੇ ਫਾਜ਼ਲ,

ਜ਼ੁਰਮ ਦੱਸਦਾ, ਫਿਰ ਸਜ਼ਾ ਦਿੰਦਾ
ਤੇਰੇ ਕਟਹਿਰੇ 'ਚ ਖੜ੍ਹੇ ਸੀ ਹਾਜ਼ਰ,

ਅਸੀਂ ਅੱਧਵਿਚਾਲਿਉਂ ਮੁੜ ਚੱਲੇ
ਸਾਨੂੰ ਅਵਾਜ਼ਾਂ ਮਾਰੇ ਕਾਦਰ,

ਹੁਣ ਆਣ ਮਸੀਹਾ ਜਗਾਊਗਾ
ਅਸੀਂ ਕਬਰੀਂ ਸੁੱਤੇ ਲਾਜਰ

ਠੱਗੀਆਂ

ਸਾਡੇ ਨਾਲ ਹੋਈਆਂ ਜੋ ਠੱਗੀਆਂ ਦਾ
ਕੋਈ ਗਿਲਾ ਨਾ ਦਿਲ 'ਤੇ ਲੱਗੀਆਂ ਦਾ
ਬੜੇ ਖਾਣੇ ਤੇ ਬੜੇ ਖਾ ਲਏ ਨੇ
ਜ਼ਿੰਦਗੀ ਵਿੱਚ ਧੋਖੇ ਸੱਜਣਾ ਅਸੀਂ,

ਕੋਈ ਮੌਕਾ ਜ਼ਿੰਦਗੀ ਬਣਾ ਜਾਂਦਾ
ਕੋਈ ਮੌਕਾ ਜ਼ਿੰਦਗੀ ਗਵਾ ਜਾਂਦਾ
ਬੜੇ ਸਾਂਭ ਲਏ ਤੇ ਬੜੇ ਗਵਾ ਲਏ
ਜ਼ਿੰਦਗੀ ਵਿੱਚ ਮੌਕੇ ਸੱਜਣਾ ਅਸੀਂ,

ਕੋਈ ਕਰ ਗਿਆ ਵਾਰ ਦੇਹ 'ਤੇ
ਕੋਈ ਕਰ ਗਿਆ ਵਾਰ ਰੂਹ 'ਤੇ
ਵਾਰ ਬੜੇ ਹੀ ਸਹਿ ਲਏ ਸੀ
ਤੇ ਵਾਰ ਬੜੇ ਹੀ ਰੋਕੇ ਸੱਜਣਾ ਅਸੀਂ

ਖ਼ਾਲੀ ਗੀਝੇ

ਬਚਪਨ ਅਲਵਿਦਾ ਕਹਿ ਗਿਆ ਏ
ਚਾੜ੍ਹ ਜੋਬਨ ਦਹਿਲੀਜੇ
ਅਸੀਂ ਤੁਰੇ ਹਾਂ ਸ਼ੌਹਰਤ ਖਰੀਦਣ
ਲੈ ਕੇ ਖ਼ਾਲੀ ਗੀਝੇ
ਸੰਘਰਸ਼ਾਂ ਦੇ ਦਿੱਤੇ ਇਮਤਿਹਾਂ
ਚੰਗੇ ਨਾ ਆਏ ਨਤੀਜੇ
ਅਸੀਂ ਸੋਚਾਂ ਵਿੱਚ ਨਿੱਤ ਹੀ ਉੱਡਦੇ
ਉਂਝ ਲੱਗੇ ਨਾ ਵੀਜ਼ੇ
ਅਸੀਂ ਪਨੀਰੀ ਸੱਧਰਾਂ ਦੀ ਲਾ
ਰੀਝ ਦੇ ਪਾਣੀ ਸੀਜੇ
ਉਹੀ ਧਰਤੀ ਨਿੱਕਲੀ ਬੰਜਰ
ਜਿੱਥੇ ਸੁਪਨੇ ਬੀਜੇ
ਉਮੀਦਾਂ 'ਤੇ ਪੈ ਗਏ ਸੋਕੇ
ਕਦੇ ਗ਼ਮਾਂ ਨਾਲ ਭਿੱਜੇ
ਛੱਤ ਬਿਨਾਂ ਕਈ ਰਾਤਾਂ ਕੱਟੀਆਂ
ਪੈਰ ਧੁੱਪਾਂ ਵਿੱਚ ਰਿੱਝੇ
ਖਾਧੀਆਂ ਬੇਕਦਰੀ ਦੀਆਂ ਮਾਰਾਂ
ਥਾਂ-ਥਾਂ ਤੋਂ ਗਏ ਛਿੱਜੇ
ਬੜੀ ਵਾਰ ਸਾਨੂੰ ਠੋਕਰ ਲੱਗੀ
ਬੜੀ ਵਾਰ ਗਏ ਮਿੱਧੇ
ਬੜੀ ਵਾਰ ਰਾਹਾਂ 'ਤੋਂ ਭਟਕੇ
ਬੜੀ ਵਾਰ ਅਸੀਂ ਡਿੱਗੇ
ਫਿਰ ਵੀ ਮਨ ਵਿਚ ਆਸ਼ਾ ਹੈ
ਕਿ ਰਾਹ ਹੋਵਣਗੇ ਸਿੱਧੇ...

ਕੁਰਬਾਨੀ ਵਾਲੇ

ਹੰਕਾਰ ਦੀ ਅੱਗ ਵੀ ਵੇਖ ਸ਼ਰਮਿੰਦਾ ਹੋ ਗਈ
ਨੂਰ ਇਲਾਹੀ ਬੈਠਾ ਤੱਤੀ ਤਵੀ 'ਤੇ ਸੀਨਾ ਠਾਰੇ,

ਅਵਾਜ਼ ਜਜ਼ਬੇ ਦੀ ਨੀਹਾਂ ਵੀ ਦੱਬ ਸਕੀਆਂ ਨਾ
ਸੁਣਦੇ ਨੇ ਅੱਜ ਵੀ ਗੂੰਜ ਰਹੇ ਜੈਕਾਰੇ,

ਇਸ ਤੋਂ ਵੱਡੀ ਮਿਸਾਲ ਸਿਦਕ ਦੀ ਕੀ ਹੋਵੇਗੀ
ਸਭ ਕੁਛ ਵਾਰ ਕੇ ਵੀ ਖੜ੍ਹਾ ਵੈਰੀ ਨੂੰ ਲਲਕਾਰੇ,

ਮੈਦਾਨ-ਏ-ਜੰਗ 'ਚ ਉਹ ਰੋਲਤੇ ਪੈਰਾਂ ਥੱਲੇ
ਬਣਦੇ ਸੀ ਜਿਹੜੇ, ਜ਼ਾਲਮ ਤੇ ਹਤਿਆਰੇ,

ਤਖ਼ਤ ਜ਼ਾਲਮਾਂ ਦੇ ਤਰਸਣ ਅੱਜ ਵਾਰਸਾਂ ਨੂੰ
ਕੁਰਬਾਨੀ ਵਾਲਿਆਂ ਦਾ ਝੰਡਾ ਝੂਲੇ ਅੱਜ ਦਰਬਾਰੇ,

ਉਹ ਕੌਮ ਦੀ ਸਦਾ ਚੜ੍ਹਦੀ ਕਲਾ ਹੀ ਰਹਿਣੀ
ਅੱਜ ਵੀ ਗੱਜਦੀ ਹੈ ਜੋ ਸਹਿ ਕੇ ਘੱਲੂਘਾਰੇ

ਸਮਿਆਂ ਦੀ ਧੂੜ

ਕੁਝ ਚਿਹਰਿਆਂ 'ਤੇ ਸਮਿਆਂ ਦੀ ਧੂੜ ਨਈਂ ਜੰਮਦੀ
ਇਤਿਹਾਸ ਹਾਮੀ ਭਰਦਾ ਹੈ ਸੱਚਿਆਂ ਦੇ ਸੱਚ ਦੀ,

ਨਿਮਰਤਾ ਤੇ ਹਲੀਮੀ ਪਛਾਣ ਹੁੰਦੀ ਯੋਧੇ ਦੀ
ਪਾਣੀ ਹੀ ਤੋੜ ਹੁੰਦੈ, ਜੇ ਬੁਝਾਉਣੀ ਹੋਵੇ ਮੱਚਦੀ,

ਔਕਾਤ ਨਹੀਂ ਪਰਖੀਦੀ ਕੱਖਾਂ ਦੀ ਵੀ ਮਿੱਤਰਾ
ਮਹਿਲ ਫੂਕ ਦਿੰਦੀ ਇੱਕ ਤੀਲੀ ਵੀ ਕੱਖ ਦੀ,

ਮਜਦੂਰ ਦੇ ਪੁੱਤ ਨੂੰ ਡਰਿਆ ਨਾ ਸਮਝਿਉ
ਦੌਲਤ ਨਹੀਂ ਰੋਕਦੀ, ਹਿੱਕ ਵਿੱਚ ਵੱਜਦੀ,

ਕਿਰਦਾਰ ਉੱਚਾ ਕਰਦੇ ਨੇ ਬੰਦੇ ਦੇ ਕੱਦ ਨੂੰ
ਉੱਚੀ ਆਕੜ ਹਮੇਸ਼ਾ ਹੁੰਦੀ ਬੰਦੇ ਖੱਚ ਦੀ,

ਖਾਧੀ ਹੱਕ ਤੇ ਹਲਾਲ ਦੀ ਥੋੜ੍ਹੀ ਵੀ ਸਬਰ ਦਿੰਦੀ
ਠੱਗੀਆਂ ਤੇ ਚੋਰੀਆਂ ਦੀ ਸੌਖੀ ਨਹੀਂ ਪਚਦੀ

ਦਿਲ ਮੰਗਣ ਤੋਂ ਪਹਿਲਾਂ

ਦਿਲ ਮੰਗਣ ਤੋਂ ਪਹਿਲਾਂ ਸਿਖ ਲੈ ਢੰਗ ਵੀ ਸੱਜਣਾ ਮੋੜਣ ਦਾ
ਲਾਉਣੀ ਤਾਂ ਬੜੀ ਸੌਖੀ, ਔਖਾ ਹੁਨਰ ਹੈ ਲੱਗੀ ਤੋੜਨ ਦਾ,

ਤੂੰ ਕਹਿਨਾਂ ਏਂ ਇਸ਼ਕ ਵੱਡਾ, ਮੈਂ ਕਹਿੰਦਾ ਹਾਂ ਦਰਦ ਵੱਡਾ
ਵਕਤ ਨੇ ਆਪੇ ਦੱਸ ਦੇਣਾ, ਦਮ ਕੀਹਦੇ ਵਿੱਚ ਝੰਜੋੜਨ ਦਾ,

ਕਹਿ ਤਾਂ ਸਾਰੇ ਜਾਂਦੇ ਨੇ, ਪਰ ਕੌਣ ਵੇਲੇ ਸਿਰ ਆਇਆ ਏ
ਤੇਰਾ ਵਾਅਦਾ ਸਬੂਤ ਨਹੀਂ ਹੈ, ਤੇਰੇ ਛੇਤੀ ਬਹੁੜਨ ਦਾ,

ਸਾਡੇ ਮਰਦਿਆਂ ਦੇ ਮੂੰਹ ਵਿੱਚ, ਦੋ ਘੁੱਟਾਂ ਪਾਣੀ ਪਾ ਦੇਵੀਂ
ਐਨਾ ਤਾਂ ਮੁੱਲ ਪਾ ਦੇਵੀਂ, ਤੇਰੀ ਖ਼ਾਤਰ ਲਹੂ ਨੂੰ ਰੋੜਨ ਦਾ

ਮਹਿਕ ਜਾਂ ਬੋਅ

ਲਿਖਣ ਵਾਲੇ ਤਾਂ ਦੁਨੀਆ ਦੇ ਹੋਰ ਮਸਲੇ ਉਂਝ ਬਥੇਰੇ ਸੀ
ਪਰ ਅਸੀਂ ਤਾਂ ਆਪਣੇ ਇਸ਼ਕ ਦੇ ਕਿੱਸੇ ਖ਼ਾਲੀ ਲਿਖ ਗਏ ਆਂ,
ਸੱਜਣਾਂ ਦੀਆ ਜੁਦਾਈਆਂ ਹੀ ਨਾ 'ਕੱਲੀਆਂ ਸਾਥੋਂ ਜਰ ਹੋਵਣ
ਗੁਰਬਤ, ਤੰਗਹਾਲੀ ਤੇ ਬੇਰੁਜ਼ਗਾਰੀ ਜਰਨਾ ਸਿੱਖ ਗਏ ਆਂ,
ਬੇਲੀ ਮੂਹਰਿਉਂ ਲੰਘ ਕੇ ਵੀ ਸਾਨੂੰ ਅਣਦੇਖਾ ਕਰ ਚੱਲੇ ਨੇ
ਵੈਰੀਆਂ ਨੂੰ ਤਾਂ ਅਸੀਂ ਭੀੜ ਦੇ ਵਿੱਚੋਂ ਦੀ ਵੀ ਦਿਸ ਗਏ ਆਂ,
ਸਾਨੂੰ ਚੰਗੇ-ਮਾੜੇ ਦੀ ਪਹਿਚਾਣ ਤਾਂ ਕਰਨੀ ਆਉਂਦੀ ਨਹੀਂ
ਅਸੀਂ ਤਾਂ ਮਿੱਠੀ ਬੋਲੀ ਸੁਣਕੇ ਚਾਦਰ ਵਾਂਗੂ ਵਿਛ ਗਏ ਆਂ,
ਲੱਗੇ ਜਾਂ ਨਾ ਲੱਗੇ, ਸਾਨੂੰ ਇਸ ਗੱਲ ਦੀ ਪਰਵਾਹ ਹੈਨੀ
ਜੀਹਦੇ 'ਤੇ ਹੈ ਅੱਖ ਸਾਡੀ, ਬੱਸ ਉਹੀ ਨਿਸ਼ਾਨਾ ਮਿੱਥ ਗਏ ਆਂ,
ਪਤਾ ਨਹੀਂ ਅਸੀਂ ਮਹਿਕ ਵੰਡਾਂਗੇ ਜਾਂ ਫਿਰ ਬੋਅ ਖਲਾਰਾਂਗੇ
ਕਾਗਜ਼ ਦੀ ਹਿੱਕ ਉੱਤੇ ਨਜ਼ਮਾਂ ਬਣਕੇ ਸਨੀ ਘਿਸ ਗਏ ਆਂ

ਤੂੰ ਜਦ ਮਿਲਣ ਆਏਂਗੀ

ਤੂੰ ਜਦ ਮਿਲਣ ਆਏਂਗੀ, ਸਾਡੀ ਮੁਲਾਕਾਤ ਮੁੱਕਣੀ ਨਈਂ
ਕਦੇ ਤੂੰ ਬੋਲੀਂ ਕਦੇ ਮੈਂ ਬੋਲੂੰ, ਸਾਡੀ ਗੱਲਬਾਤ ਮੁੱਕਣੀ ਨਈਂ

ਚੜ੍ਹ ਜਾਣਾ ਚੰਨ ਸਾਡੇ ਮੇਲ ਦਾ, ਤੇ ਫਿਰ ਰਾਤ ਮੁੱਕਣੀ ਨਈਂ
ਸਾਡਿਆਂ ਚਿਰਾਂ ਤੋਂ ਤਰਸਦੇ ਨੈਣਾਂ ਦੀ, ਝਾਤ ਮੁੱਕਣੀ ਨਈਂ

ਦਿਲਾਂ 'ਚੋਂ ਉਠਦੀਆਂ ਘਟਾਵਾਂ ਦੀ ਬਰਸਾਤ ਰੁਕਣੀ ਨਈਂ
ਜਿਸਮਾਂ ਨਾਲ ਖਹਿੰਦੀ ਹਵਾ ਦੀ ਸਰਸਰਾਟ ਰੁਕਣੀ ਨਈਂ

ਹੁਣ ਤੱਕ ਖਾਮੋਸ਼ ਤੇਰੀਆਂ ਵੰਗਾਂ ਦੀ ਛਣਛਣਾਟ ਰੁਕਣੀ ਨਈਂ
ਅਸੀਂ ਹੱਥਾਂ 'ਚ ਹੱਥ ਪਾ ਤੁਰਨਾ, ਤੇ ਸਾਡੀ ਵਾਟ ਰੁਕਣੀ ਨਈਂ

ਤੈਨੂੰ ਮੁੜਦੀ ਨੂੰ ਸੀਨੇ ਲਾਉਣਾ, ਤੇ ਗਲਵੱਕੜੀ ਛੁੱਟਣੀ ਨਈਂ
ਤੂੰ ਫੇਰ ਮਿਲਣ ਦਾ ਵਾਅਦਾ ਕਰੀਂ, ਤੇ ਮੇਰੀ ਆਸ ਟੁੱਟਣੀ ਨਈਂ

ਬਿਰਹੋਂ ਦਾ ਬਾਣਾ

ਇੱਕ ਆਸ਼ਕ ਰੋਂਦਾ ਰਹਿੰਦਾ ਹੈ ਕਰ ਚੇਤੇ ਦਰਦ ਪੁਰਾਣੇ ਨੂੰ
ਰੋਂਦਾ ਰੋਂਦਾ ਸੌਂ ਜਾਵੇ ਯਾਦਾਂ ਦੇ ਲਾ ਸਿਰਹਾਣੇ ਨੂੰ
ਦਿਲ ਹਲਕਾ ਮਹਿਸੂਸ ਹੈ ਕਰਦਾ ਚੈਨ ਆਵੇ ਮਰਜਾਣੇ ਨੂੰ
ਖੜ੍ਹ ਸ਼ੀਸ਼ੇ ਦੇ ਮੂਹਰੇ ਵੇਖੇ ਨਿੱਤ ਬਿਰਹੋਂ ਦੇ ਬਾਣੇ ਨੂੰ,

ਖੁਸ਼ੀ ਜਿਹੀ ਮਹਿਸੂਸੇ ਅਕਸਰ ਨਾਂਅ ਸੱਜਣ ਦਾ ਸੁਣਕੇ ਉਹ
ਯਾਦਾਂ ਵਿੱਚ ਹੀ ਗੁੰਮ ਹੋ ਜਾਂਦੈ ਬੀਤੇ ਪਲਾਂ ਨਾਲ ਜੁੜਕੇ ਉਹ
ਅਕਸਰ ਹੀ ਉਦਾਸ ਹੋ ਜਾਂਦੈ ਰਾਹ ਪੁਰਾਣੇ ਤੁਰਕੇ ਉਹ
ਤੇ ਥੱਕ ਹਾਰ ਕੇ ਬਹਿ ਜਾਂਦਾ ਹੈ, ਆਜੇ ਖ਼ਾਲੀ ਮੁੜਕੇ ਉਹ,

ਖ਼ੁਦ ਨੂੰ ਹੀ ਕਦੇ ਕੋਸਣ ਲੱਗਜੇ ਸੱਜਣ ਦੀ ਰੁਸਵਾਈ 'ਤੇ
ਖ਼ੁਦ ਹੀ ਹੱਸਣ ਲੱਗ ਜਾਵੇ ਕਦੇ ਆਪਣੇ ਹਾਲ ਸ਼ੁਦਾਈ 'ਤੇ
ਕਦੇ ਕਦੇ ਪਛਤਾਉਂਦਾ ਹੈ ਸੱਟ ਆਪਣੇ ਹੱਥੀਂ ਲਾਈ 'ਤੇ
ਬਸ ਨਜ਼ਮਾਂ ਲਿਖਦਾ ਹੈ ਰਹਿੰਦਾ ਇਸ਼ਕ ਦੀ ਹਾਲ ਦੁਹਾਈ 'ਤੇ

ਦੋਹਰੇ ਪਾਪੀ

ਵਫ਼ਾਦਾਰ ਨਹੀਂ ਜੋ ਇਸ਼ਕੇ ਦੇ
ਉਹ ਗੁਨਾਹਗਾਰ ਕਹਾਏ ਜਾਵਣਗੇ,
ਖੜ੍ਹਾ ਕੇ ਯਾਰ ਦੇ ਸਾਹਵੇਂ ਫੇਰ
ਸਾਰੇ ਗੁਨਾਹ ਗਿਣਵਾਏ ਜਾਵਣਗੇ,
ਬਦਕਾਰੀ ਤੇ ਝੂਠੇ ਜਿਹੜੇ
ਦੋਜ਼ਖ ਵਿੱਚ ਪਾਏ ਜਾਵਣਗੇ,
ਦਿਲ ਤੋੜਕੇ ਜਿਹੜੇ ਹੱਸੇ ਸੀ
ਉਹ ਅੰਤ ਰੁਆਏ ਜਾਵਣਗੇ,
ਮਰਨੋਂ ਬਾਅਦ ਵੀ ਸੁਕੂਨ ਨਾ ਮਿਲਣਾ
ਹਰ ਰੋਜ਼ ਤੜਪਾਏ ਜਾਵਣਗੇ,
ਜਿਹਨਾਂ ਯਾਰ ਦੀ ਕਦਰ ਨਾ ਕੀਤੀ ਸੀ
ਬੇਕਦਰੇ ਸਤਾਏ ਜਾਵਣਗੇ,
ਇਸ਼ਕ ਖ਼ੁਦਾ ਹੈ, ਖ਼ੁਦਾ ਹੀ ਇਸ਼ਕ
ਦੋਹਰੇ ਪਾਪੀ ਅਖਵਾਏ ਜਾਵਣਗੇ

ਹਾਣ ਦੀ

ਇੱਕ ਕੁੜੀ ਸੀ ਮੇਰੇ ਹਾਣ ਦੀ
ਅੱਲ੍ਹੜ ਉਮਰ ਦੀਆਂ ਮੌਜਾਂ ਸੀ ਮਾਣਦੀ,
ਜ਼ੁਲਫ਼ਾਂ ਸੀ ਰਾਤ, ਰੰਗ ਸੀ ਦੁਪਿਹਰ
ਤੇ ਕੈਰੀ ਸੀ ਅੱਖ ਰਕਾਨ ਦੀ
ਉਹ ਸੰਗਦੀ ਤਾਂ ਰੰਗ ਚਿਉਂਦਾ ਸੀ
ਤੇ ਰੋਂਦੀ ਦੇ ਨਾਲ ਅਸਮਾਨ ਰੋਂਦਾ ਸੀ,
ਮੈਂ ਉਸ ਕੁੜੀ ਦਾ ਆਸ਼ਕ ਸੀ
ਤੇ ਉਹ ਵੀ ਸੀ ਇਹ ਗੱਲ ਜਾਣਦੀ,

ਉਹ ਬਾਬਲ ਦੀ ਸ਼ਹਿਜ਼ਾਦੀ ਸੀ
ਤੇ ਭਾਈਆਂ ਦੀ ਕਮਜ਼ੋਰੀ ਸੀ,
ਉਂਝ ਤਾਂ ਬੜੀ ਸਿਆਣੀ ਸੀ
ਪਰ ਜ਼ਿੱਦੀ ਵੀ ਥੋੜ੍ਹੀ-ਥੋੜ੍ਹੀ ਸੀ,
ਕਦੇ ਤਿੱਤਲੀਆਂ ਨੂੰ ਚੋਗਾ ਪਾਉਂਦੀ ਸੀ
ਕਦੇ ਭੌਰੇ ਫੁੱਲਾਂ 'ਤੋਂ ਉਡਾਉਂਦੀ ਸੀ,
ਆ ਜਾਂਦਾ ਸੀ ਹਾਸਾ ਉਹਦੇ ਕੰਮਾਂ 'ਤੇ
ਉਹ ਜਦੋਂ ਸੀ ਝੱਲ ਖਲਾਰਦੀ,

ਲੈਕੇ ਰਾਤ ਤੋਂ ਇੱਕ ਮੁੱਠ ਤਾਰਿਆਂ ਦੀ
ਧਾਗੇ ਵਿੱਚ ਪਰੋਂਦੀ ਸੀ,
ਤਾਰਿਆਂ ਦੀ ਮਾਲਾ ਬਣਾਕੇ
ਨਿੱਤ ਗਲ਼ ਵਿੱਚ ਪਾ ਕੇ ਸੌਂਦੀ ਸੀ,
ਮੂੰਹ ਹਨੇਰੇ ਮਾਲਾ ਤੋੜ ਦਿੰਦੀ ਸੀ
ਤੇ ਤਾਰੇ ਅੰਬਰ ਨੂੰ ਮੋੜ ਦਿੰਦੀ ਸੀ,
ਤੇ ਫਿਰ ਕੋਠੇ 'ਤੇ ਚੜ੍ਹਕੇ
ਸੂਰਜ ਸੀ ਹਲੂਣ ਜਗਾਲਦੀ,

ਹਵਾਵਾਂ 'ਚੋਂ ਸੁਗੰਧੀਆਂ ਛਾਣਕੇ
ਨਿੱਤ ਹੀ ਚੁੱਲ੍ਹੇ ਚੜ੍ਹਾਉਂਦੀ ਸੀ,
ਸੁਗੰਧੀਆਂ ਦੀ ਦੇਗ ਬਣਾਕੇ
ਘਰ-ਘਰ ਵੰਡ ਕੇ ਆਉਂਦੀ ਸੀ,
ਉੱਡਦੇ ਪੰਛੀ ਕੋਲ ਬਿਠਾਉਂਦੀ
ਚੂਲੀਆਂ ਭਰ–ਭਰ ਪਾਣੀ ਪਿਆਉਂਦੀ,
ਚੁੰਨੀ ਨਾਲ ਚੰਦ ਨੂੰ ਕਰਦੀ ਸੀ ਛਾਵਾਂ
ਤੇ ਸੂਰਜ ਬੁੱਕਲ ਪਾ ਕੇ ਸੀ ਠਾਰਦੀ,

ਇੱਕ ਦਿਨ ਕਿਸੇ ਪ੍ਰਦੇਸੀ ਨੇ
ਉਹਨੂੰ ਆ ਘੇਰਾ ਸੀ ਪਾਇਆ
ਉਹ ਨਾ ਚਾਹੁੰਦੇ ਵੀ ਫਸ ਗਈ,
ਉਹਨੇ ਦੌਲਤ ਦਾ ਜਾਲ ਵਿਛਾਇਆ
ਉਹਦਾ ਪ੍ਰਦੇਸੀ ਨਾਲ ਕੋਈ ਮੇਲ ਨਹੀਂ ਸੀ,
ਉਹਨੂੰ ਪ੍ਰਦੇਸੀ ਨਾਲ ਕੋਈ ਹੇਜ ਨਹੀਂ ਸੀ
ਫੇਰ ਵੀ ਪ੍ਰਦੇਸੀ ਨਾਲ ਉਹਨੂੰ ਜਾਣਾ ਪਿਆ
ਮਾਪਿਆਂ ਦੀ ਗੱਲ ਕਿਵੇਂ ਟਾਲਦੀ,

ਉਹਨੂੰ ਉਡਾਰੋਂ ਵਿੱਛੜੀ ਕੂੰਜ ਕਹਾਂ?
ਜਾਂ ਆਸ਼ਕ ਖਾਣੀ ਕੋਈ ਇੱਲ ਕਹਾਂ?
ਕੰਡਿਆਂ ਜਿਹਾ ਜਾਂ ਫੁੱਲਾਂ ਜਿਹਾ,
ਕਿਸ ਵਰਗਾ ਉਹਦਾ ਦਿਲ ਕਹਾਂ?
ਆਪੇ ਬੁਣਕੇ, ਆਪੇ ਉਧੇੜ ਗਈ,
ਪੁਰਾਣੇ ਨਿੰਦ ਕੇ, ਨਵੇਂ ਸਹੇੜ ਗਈ
ਉਹਦਾ ਕੀ ਚੰਗਾ ਤੇ ਕੀ ਮਾੜਾ ਸੀ,
ਸਨੀ ਆਪੇ ਸੀ ਉਹ ਪਛਾਣਦੀ
ਇੱਕ ਕੁੜੀ ਸੀ ਮੇਰੇ ਹਾਣ ਦੀ...

ਰੋਕੋ ਨਾ

ਅੱਜ ਦਿਲ ਉਦਾਸ ਹੋਣ ਦਿਉ..ਰੋਕੋ ਨਾ
ਯਾਦ ਉਹਦੀ ਨੂੰ ਆਉਣ ਦਿਉ..ਰੋਕੋ ਨਾ,
ਬੜੇ ਚਿਰਾਂ ਬਾਅਦ ਵਿਹਲ ਕੱਢ ਕੇ
ਨਾਲੇ ਹਾਸੇ-ਖੇੜੇ ਸਭ ਛੱਡ ਕੇ
ਲੱਭੀ ਜਾਵਾਂ ਬਹਾਨੇ, ਰੋਣ ਦਿਉ..ਰੋਕੋ ਨਾ

ਅੱਜ ਦੀ ਰਾਤ ਵੀ ਬੜੀ ਖ਼ਾਮੋਸ਼ ਹੈ
ਤਾਰਿਆਂ ਨੂੰ ਵੀ ਕੋਈ ਅਫ਼ਸੋਸ ਹੈ
ਰਾਤ ਦੀ ਰਾਣੀ ਵੀ ਮਹਿਕ ਵਿਹੂਣੀ ਹੈ
ਚੰਦ ਦੀ ਅੱਖ ਵੀ ਅੱਜ ਸਲੂਣੀ ਹੈ
ਸਭ ਨੂੰ ਦੁੱਖ ਮਨਾਉਣ ਦਿਉ..ਰੋਕੋ ਨਾ,

ਚੱਕ ਸ਼ਮਾਦਾਨ ਮੇਰੇ ਤੋਂ ਦੂਰ ਕਰੋ
ਮੈਨੂੰ ਮਹਿਫ਼ਲ 'ਚ ਨਾ ਮਸ਼ਹੂਰ ਕਰੋ
ਇੱਕ ਇੱਕ ਕਰਕੇ ਸਾਰੇ ਤੁਰ ਜਾਉ
ਝੂਠੇ ਦਿਲਾਸਿਆਂ ਨਾਲ ਨਾ ਬਹਿਲਾਉ
ਅੱਜ ਸੱਚ ਨੂੰ ਜਾਹਰ ਹੋਣ ਦਿਉ..ਰੋਕੋ ਨਾ,

ਹਵਾਵਾਂ 'ਚ ਚੀਕਾਂ-ਹਾਅਵਾਂ ਆਉਂਦੀਆਂ
ਮੇਰੇ ਦਰਦ 'ਚ ਦਰਦ ਵੰਡਾਉਦੀਆਂ
ਮਿਹਰਬਾਨੀ ਹਵਾਵਾਂ ਦੀ ਰੋਣ ਲਈ
ਮੇਰੇ ਦਰਦ 'ਚ ਦਰਦ ਵੰਡਾਉਣ ਲਈ
ਇਸ਼ਕਾਂ ਮਾਰਿਆਂ ਨੂੰ ਸੋਗ ਮਨਾਉਣ ਦਿਉ..ਰੋਕੋ ਨਾ,

ਅੱਜ ਗਲੀ 'ਚ ਕੁੱਤਾ ਵੀ ਰੋ ਰਿਹਾ
ਮੜੀ ਦਾ ਦੀਵਾ ਵੀ ਮੱਧਮ ਹੋ ਰਿਹਾ
ਅੱਜ ਮੰਦਭਾਗੀ ਕੋਈ ਹੋਊਗੀ
ਯਾਦ ਉਹਦੀ ਵਸਲਾਂ ਨੂੰ ਰੋਊਗੀ
ਬਿਰਹੋਂ ਸੌਂਕਣ ਨੂੰ ਹੱਸ ਵਿਖਾਉਣ ਦਿਉ..ਕੋਈ ਰੋਕੋ ਨਾ,

ਅੱਜ ਦਿਲ ਉਦਾਸ ਹੋਣ ਦਿਉ..ਕੋਈ ਰੋਕੋ ਨਾ
ਅੱਜ ਯਾਦ ਉਹਦੀ ਨੂੰ ਆਉਣ ਦਿਉ..ਕੋਈ ਰੋਕੋ ਨਾ

ਚਵਾਤੀ ਜੀਭ ਦੀ

ਮੇਲ ਨਹੀਂ ਹੁੰਦਾ ਦਿਲ ਤੇ ਦਿਮਾਗ ਦਾ
ਸਫ਼ਰ 'ਚ ਮਾੜਾ ਸੇਵਨ ਸ਼ਰਾਬ ਦਾ
ਲਾਲਚ ਨਹੀਂ ਚੰਗਾ ਪੁੱਤ ਦੀ ਕਮਾਈ ਦਾ
ਇੱਜ਼ਤਾਂ ਤਕਾਉਣਾ ਯਾਰ ਨਹੀਂ ਬਣਾਈ ਦਾ
ਬੜੀ ਛੇਤੀ ਲੱਗੇ ਹਾਅ-ਦੁਆ ਗਰੀਬ ਦੀ
ਅੱਗ ਨਾਲੋਂ ਭੈੜੀ ਹੈ ਚਵਾਤੀ ਜੀਭ ਦੀ
ਛੇੜੀਏ ਨਾ ਭੁੱਲ ਕੇ ਭੂਤਰੇ ਸੰਢੇ ਨੂੰ
ਝੱਟ ਗੁੱਸਾ ਆਉਂਦਾ ਯਾਰੋ ਸੱਚੇ ਬੰਦੇ ਨੂੰ
ਮੌਤ ਜਿੰਨਾ ਸੋਗ ਖੇਤ ਅੱਗ ਲੱਗੀ ਦਾ
ਚੱਲਦਾ ਨਾ ਧੰਦਾ ਬਹੁਤਾ ਚਿਰ ਠੱਗੀ ਦਾ
ਰੜਕੇ ਨਾ ਅੱਖੀਂ ਜਿਹੜਾ, ਕਾਹਦਾ ਸੁਰਮਾ
ਕੰਮ ਹੈ ਜਵਾਨੀ ਦਾ ਮਜਾਜੀਂ ਤੁਰਨਾ...

ਜਿੱਤ ਦਾ ਸਿਹਰਾ

ਜਿੱਤ ਦਾ ਸਿਹਰਾ ਇੱਕ ਸਿਰ ਬੱਝਦਾ
ਦਾਅ ਤਾਂ ਹਰ ਕੋਈ ਲਾਈ ਜਾਂਦਾ,

ਰੱਜਿਆ ਜੋ ਵਾਧੂ ਸੁੱਟ ਦਿੰਦਾ
ਉਹ ਭੁੱਖਾ ਚੱਕ ਕੇ ਖਾਈ ਜਾਂਦਾ,

ਕੋਈ ਨਿੱਤ ਬਦਲ ਕੇ ਪਾਉਂਦਾ
ਕੋਈ ਪਿਛਲੇ ਸਾਲ ਦੇ ਹੰਢਾਈ ਜਾਂਦਾ,

ਦੁਨੀਆਦਾਰੀ ਕਦੇ ਨਹੀਂ ਰੁਕਣੀ
ਇੱਕ ਤੁਰਦਾ ਤੇ ਇੱਕ ਆਈ ਜਾਂਦਾ,

ਕਿਸੇ ਦਾ ਖ਼ਰਾ ਵੀ ਚਲਦਾ ਨਹੀਂ
ਕੋਈ ਖੋਟਾ ਵੀ ਚਲਾਈ ਜਾਂਦਾ,

ਕੋਈ ਕੌਡੀਆਂ ਭਾਅ ਵਿਕ ਜਾਂਦਾ
ਕੋਈ ਕਰੋੜਾਂ 'ਚ ਮੁੱਲ ਪਵਾਈ ਜਾਂਦਾ,

ਕੋਈ ਚੰਗਾ-ਭਲਾ ਵੀ ਮੰਗਤਾ ਬਣਿਆ
ਕੋਈ ਬਿਨਾਂ ਹੱਥਾਂ ਤੋਂ ਕਮਾਈ ਜਾਂਦਾ,

ਕੋਈ ਜਿੱਤ ਕੇ ਵੀ ਸਭ ਹਰ ਜਾਂਦਾ
ਕੋਈ ਜਿੱਤਿਆਂ ਨੂੰ ਹਰਾਈ ਜਾਂਦਾ

ਦੂਰ ਰਹਿਣਾ ਸਿਖਦਾਂ

ਉਹਦੇ ਕੋਲੋਂ ਥੋੜ੍ਹਾ-ਥੋੜ੍ਹਾ ਦੂਰ ਰਹਿਣਾ ਸਿਖਦਾਂ
ਪਿਆਰ 'ਚ ਜੁਦਾਈ ਦਾ ਦਰਦ ਸਹਿਣਾ ਸਿਖਦਾਂ,

ਸੁਣਿਐ ਜੁਦਾਈ ਹੈ ਵਧਾਉਂਦੀ ਬੜਾ ਪੀੜ੍ਹ ਨੂੰ
ਤਾਂਹੀ ਯਾਰਾਂ ਦੀਆਂ ਮਹਿਫ਼ਲਾਂ 'ਚ ਬਹਿਣਾ ਸਿਖਦਾਂ,

ਉਹਦੀ ਗਲਵੱਕੜੀ 'ਚ ਜੰਨਤਾਂ ਦਾ ਤਾਅ ਸੀ
ਉਹਦੇ ਬਿਨਾਂ ਸੁਰਗਾਂ ਦਾ ਨਿੱਘ ਲੈਣਾ ਸਿਖਦਾਂ,

ਉਹਦਿਆਂ ਮੈਂ ਨੈਣਾਂ ਦੀ ਤਾਰੀਫ਼ ਸੁਣੀ ਗੈਰਾਂ ਤੋਂ
ਸੁਰਮੇ ਦੇ ਵਾਂਗ ਉਹਦੇ ਨੈਣੀਂ ਰਹਿਣਾ ਸਿਖਦਾਂ,

ਕਹਿੰਦੀ ਸੀ ਉਹ ਨਜ਼ਰਾਂ ਦੇ ਨਾਲ ਸਭ ਕੁਝ ਹੀ
ਮੈਂ ਵੀ ਚੁੱਪ ਰਹਿਕੇ ਹੁਣ ਕੁਝ ਕਹਿਣਾ ਸਿਖਦਾਂ,

ਜੀਹਦੇ ਉੱਤੇ ਤੁਰਦਿਆਂ ਮਿਲ ਜਾਣ ਮੰਜ਼ਿਲਾਂ
ਸਨੀ ਮੈਂ ਵੀ ਹੁਣ ਉਸੇ ਰਾਹੇ ਪੈਣਾ ਸਿਖਦਾਂ

ਵਿਦਾਈ ਲੈਂਦਾ ਹਾਂ...