ਵਿਆਹ ਵੇਲੇ ਦਾ ਗਿੱਧਾ ਤੇ ਜਾਗੋ ਨੀਲਮ ਸੈਣੀ
ਵਿਆਹ ਵਾਲੇ ਘਰ ਸੁਹਾਗ, ਘੋੜੀਆਂ
ਅਤੇ ਗੀਤ ਗਾਉਂਦੀਆਂ ਪੰਜਾਬਣਾਂ ਨੂੰ ਜਵਾਨੀ
ਦਾ ਜੋਸ਼ ਚੜ੍ਹਦਾ ਜਾਂਦਾ ਸੀ। ਪੱਬ ਹੌਲੀ-ਹੌਲੀ
ਸਰਕਣ ਲੱਗਦੇ ਸਨ। ਚਾਵਾਂ ਦੀ ਪੀਂਘ ਬੋਲੀਆਂ
ਦੇ ਹੁਲਾਰਿਆਂ ਨਾਲ ਅੰਬਰੀਂ ਚੜ੍ਹਦੀ ਸੀ। ਪੰਜਾਬੀ
ਦੇ ਮਰਹੂਮ ਸ਼ਾਇਰ ਧਨੀ ਰਾਮ ਚਾਤ੍ਰਿਕ ਨੇ
ਆਪਣੀ ਕਵਿਤਾ 'ਪੰਜਾਬ' ਵਿਚ ਗਿੱਧੇ ਦਾ ਜ਼ਿਕਰ
ਇਸ ਤਰ੍ਹਾਂ ਕੀਤਾ ਹੈ:
ਕੋਈ ਤੁੰਬਦੀ ਹੈ ਕੋਈ ਕੱਤਦੀ ਹੈ,
ਕੋਈ ਪੀਂਹਦੀ ਹੈ ਕੋਈ ਛੜਦੀ ਹੈ।
ਕੋਈ ਸੀਊਂਦੀ ਕੋਈ ਪਰੋਂਦੀ ਹੈ,
ਕੋਈ ਵੇਲਾਂ ਬੂਟੇ ਕੱਢਦੀ ਹੈ।
ਪਿੱਪਲਾਂ ਦੀ ਛਾਵੇਂ ਪੀਂਘਾਂ ਨੂੰ,
ਕੁੱਦ-ਕੁੱਦ ਕੇ ਮਸਤੀ ਚੜ੍ਹਦੀ ਹੈ।
ਟੁੰਬਦਾ ਹੈ ਜੋਸ਼ ਜਵਾਨੀ ਨੂੰ,
ਇਕ ਛੱਡਦੀ ਹੈ ਇਕ ਫੜਦੀ ਹੈ।
ਜਦ ਰਾਤ ਚਾਨਣੀ ਖਿੜਦੀ ਹੈ,
ਕੋਈ ਰਾਗ ਇਲਾਹੀ ਛਿੜਦਾ ਹੈ।
ਗਿੱਧੇ ਨੂੰ ਲੋਹੜਾ ਆਉਂਦਾ ਹੈ,
ਜੋਬਨ ਤੇ ਬਿਰਹਾ ਭਿੜਦਾ ਹੈ।
ਇਹ ਕਹਿਣਾ ਕੋਈ ਅਤਿ-ਕਥਨੀ ਨਹੀਂ
ਕਿ ਧਨੀ ਰਾਮ ਚਾਤ੍ਰਿਕ ਦੀਆਂ ਇਹ ਸਤਰਾਂ ਹਰ
ਅਵਸਰ 'ਤੇ ਪਾਏ ਜਾਣ ਵਾਲੇ ਗਿੱਧੇ 'ਤੇ ਪੂਰੀਆਂ
ਢੁੱਕਦੀਆਂ ਹਨ, ਕਿਉਂਕਿ ਗਿੱਧਾ ਜੋਬਨ ਤੇ
ਬਿਰਹਾ ਦਾ ਭੇੜ ਵੀ ਹੁੰਦਾ ਹੈ। ਪੰਜਾਬ ਲੋਕ ਰੰਗ
ਦੇ ਨਿਰਦੇਸ਼ਕ ਸੁਰਿੰਦਰ ਸਿੰਘ ਧਨੋਆ ਦੇ ਕਹਿਣ
ਅਨੁਸਾਰ, "ਗਿੱਧੇ ਦੀਆਂ ਬੋਲੀਆਂ ਵਿਚ ਔਰਤ
ਆਪਣੇ ਗਹਿਣਿਆਂ, ਕੱਪੜਿਆਂ, ਆਪਣੀ
ਪਸੰਦ, ਨਾ-ਪਸੰਦ, ਹੁਸਨ ਅਤੇ ਦੁੱਖ਼-ਸੁੱਖ ਦਾ
ਪ੍ਰਗਟਾਵਾ ਕਰਦੀ ਹੈ। ਗੱਲ ਕੀ, ਪੰਜਾਬ ਦੀ
ਔਰਤ ਨੂੰ ਜਾਣਨਾ ਹੋਵੇ ਤਾਂ ਤੁਸੀਂ ਗਿੱਧੇ ਦੀਆਂ
ਬੋਲੀਆਂ ਨੂੰ ਪੜ੍ਹ ਲਓ।"
ਪਹਿਲਾਂ ਪਹਿਲ ਵਿਆਹ ਵਾਲੇ ਘਰ
ਗਾਉਣ ਤੋਂ ਬਾਅਦ ਅਤੇ ਹਰ ਰਸਮ ਤੋਂ ਬਾਅਦ
ਗਿੱਧਾ ਸਿਰਫ਼ ਮੁੰਡੇ ਵਾਲੇ ਘਰ ਹੀ ਪੈਂਦਾ ਸੀ।
ਇਸ ਦੇ ਉਲਟ ਕੁੜੀ ਵਾਲੇ ਘਰ ਉਦਾਸੀ ਹੁੰਦੀ
ਸੀ। ਸੁਹਾਗ ਗਾਉਂਦੇ ਸਮੇਂ ਕਈ ਵਾਰੀ ਮਾਂ,
ਚਾਚੀਆਂ, ਤਾਈਆਂ ਆਦਿ ਰੋ ਪੈਂਦੀਆਂ ਸਨ। ਅੱਜ
ਕੱਲ੍ਹ ਗਿੱਧਾ ਦੋਵੀਂ ਘਰੀਂ ਬਰਾਬਰ ਪੈਂਦਾ ਹੈ।
ਜਾਗੋ
ਪਹਿਲੇ ਸਮੇਂ ਵਿਚ ਇਹ ਗਿੱਧਾ ਜਾਗੋ ਤੋਂ
ਹੀ ਸ਼ੁਰੂ ਹੁੰਦਾ ਸੀ। ਗਿੱਧੇ ਤੋਂ ਪਹਿਲਾਂ ਰਾਤ ਨੂੰ
ਜਾਗੋ ਕੱਢੀ ਜਾਂਦੀ ਸੀ। ਇਸ ਰਸਮ ਵਿਚ ਵੀ
ਨਾਨਕਾ ਮੇਲ਼ ਅੱਗੇ ਹੁੰਦਾ ਸੀ। ਨਾਨਕੀਆਂ ਅਤੇ
ਦਾਦਕੀਆਂ ਜਾਗੋ ਕੱਢਦੀਆਂ, ਤੁਰੀਆਂ ਜਾਂਦੀਆਂ
ਗਾਉਂਦੀਆਂ ਹੋਈਆਂ ਪਿੰਡ ਦੇ ਲੋਕਾਂ ਦੇ ਬੂਹੇ
ਖੜਕਾ ਕੇ ਸੁੱਤਿਆਂ ਨੂੰ ਜਗਾ ਕੇ ਜਾਂਦੀਆਂ ਸਨ।
ਅੱਜ ਵੀ ਪਿੰਡਾਂ ਵਿਚ ਜਾਗੋ ਕੱਢੀ ਜਾਂਦੀ ਹੈ।
ਗਾਗਰ ਦੇ ਗਲਵੇਂ ਤੇ ਪਲੇਟ ਰੱਖ ਕੇ ਉਸ ਵਿਚ
ਆਟੇ ਦੇ ਦੀਵੇ ਜਗਾ ਕੇ ਇਕ ਜਣੀ ਸਿਰ ਉਤੇ
ਚੁੱਕਦੀ ਹੈ ਅਤੇ ਬਾਕੀ ਦੀਆਂ ਨਾਲ਼-ਨਾਲ਼
ਗਾਉਂਦੀਆਂ ਤੁਰੀਆਂ ਜਾਂਦੀਆਂ ਹਨ (ਹੁਣ ਜਾਗੋ
ਦੁਕਾਨਾਂ 'ਤੇ ਬਣੀ ਬਣਾਈ ਮਿਲ ਰਹੀ ਹੈ)।
ਪਰਦੇਸਾਂ ਵਿਚ ਜਾਗੋ ਬੈਂਕੁਏਟ ਹਾਲ ਜਾਂ
ਰੈਸਟੋਰੈਂਟਾਂ ਵਿਚ ਕੱਢੀ ਜਾਂਦੀ ਹੈ।
ਲੰਬੜਾ ਜ਼ੋਰੋ ਜਗਾ ਲੈ ਵੇ,
ਜਾਗੋ ਆਈ ਆ।
ਪੰਚਾ ਜ਼ੋਰੋ ਜਗਾ ਲੈ ਵੇ ਜਾਗੋ ਆਈ ਆ।
ਪ੍ਰੀਤਾਂ ਪਾ ਲੈ, ਪਿਆਰ ਨਿਭਾ ਲੈ,
ਆਈ ਨੂੰ ਗਲ਼ ਨਾਲ ਲਾ ਲੈ ਬਈ,
ਹੁਣ ਜਾਗੋ ਆਈ ਆ।
ਸ਼ਾਵਾ ਬਈ ਹੁਣ ਜਾਗੋ ਆਈ ਆ।
ਬੱਲੇ ਬਈ ਹੁਣ ਜਾਗੋ ਆਈ ਆ।
ਮਾਮਾ ਮਾਮੀ ਜਗਾ ਲੈ ਵੇ,
ਜਾਗੋ ਆਈ ਆ।
ਉਠ ਨੀ ਮਾਮੀ ਚੁੱਕ ਲੈ ਜਾਗੋ,
ਧਰ ਲੈ ਸਿਰ ਤੇ।
ਪਿੰਡ ਵਿਚ ਦਈਏ ਗੇੜਾ,
ਨੀ ਲੰਬੜਾਂ ਦੇ ਮੇਲ ਆ ਗਿਆ।
ਮੇਲੋਂ ਵੱਖਰਾ ਨਖ਼ਰਾ ਨੀ ਮਾਮੀ ਤੇਰਾ।
ਨੀ ਲੰਬੜਾਂ ਦੇ ਮੇਲ ਆ ਗਿਆ।
ਜਾਗੋ ਕੱਢਣੀ ਮਾਮੀਏ ਛੱਡ ਨਖ਼ਰਾ,
ਦੱਸ ਮੇਰਾ ਤੇਰਾ, ਤੇਰਾ ਮੇਰਾ ਕੀ ਝਗੜਾ।
ਉਪਰੋਕਤ ਗੀਤ ਗਾਉਂਦੇ ਹੋਏ ਜਾਗੋ ਨੂੰ
ਵਾਰੀ-ਵਾਰੀ ਸਿਰ ਉਪਰ ਚੁੱਕ ਕੇ ਪਿੰਡ ਵਿਚ
ਘੁਮਾਇਆ ਜਾਂਦਾ ਸੀ। ਜਾਗੋ ਨੂੰ ਪਿੰਡ ਵਿਚ
ਘੁਮਾਉਣ ਤੋਂ ਬਾਅਦ ਵਿਆਹ ਵਾਲੇ ਘਰ ਪੁੱਜ
ਕੇ ਮੇਲਣਾਂ ਚੱਕਰ ਬਣਾ ਕੇ ਖੜ੍ਹਦੀਆਂ ਸਨ। ਦੋ
ਜਣੀਆਂ ਵਿਚਕਾਰ ਬੋਲੀਆਂ ਪਾ ਕੇ ਨੱਚਦੀਆਂ
ਹੋਈਆਂ ਆਪਣੀ ਕਲਾ ਦੇ ਜੌਹਰ ਦਿਖਾਉਂਦੀਆਂ
ਸਨ। ਇਕ ਜਣੀ ਪਰਾਤ ਦੀ ਢੋਲਕੀ ਵਜਾਉਣ
ਲੱਗਦੀ ਸੀ। ਗਿੱਧਾ ਪੰਜਾਬਣਾਂ ਦਾ ਮਨ-ਭਾਉਂਦਾ
ਨਾਚ ਹੀ ਨਹੀਂ ਸਗੋਂ ਸਰੀਰਕ ਕਸਰਤ ਵੀ ਸੀ।
ਆਪਣੀਆਂ ਸਰੀਰਕ ਮੁਦਰਾਵਾਂ ਵਰਤ ਕੇ ਉਹ
ਆਪਣੀ ਕਲਾ ਦਾ ਪ੍ਰਦਰਸ਼ਨ ਵੀ ਖੁੱਲ੍ਹ ਕੇ
ਕਰਦੀਆਂ ਸਨ।
ਇਸ ਗਿੱਧੇ ਵਿਚ ਬੋਲੀਆਂ ਪਾਈਆਂ
ਜਾਂਦੀਆਂ ਸਨ। ਬੋਲੀਆਂ ਸਮੂਹਿਕ ਰੂਪ ਵਿਚ
ਗਾਇਆ ਜਾਣ ਵਾਲਾ ਲੋਕ ਕਾਵਿ ਹੈ। ਇਹ
ਬੋਲੀਆਂ ਸਿਰਫ਼ ਮਨ-ਪ੍ਰਚਾਵਾ ਹੀ ਨਹੀਂ
ਕਰਦੀਆਂ ਸਗੋਂ ਥੋੜ੍ਹੇ ਜਿਹੇ ਸ਼ਬਦਾਂ ਵਿਚ ਔਰਤ
ਦੀ ਮਨੋ-ਅਵਸਥਾ ਵੀ ਬਾ-ਖ਼ੂਬੀ ਬਿਆਨ
ਕਰਦੀਆਂ ਹਨ। ਬੋਲੀਆਂ ਦੇ ਵਿਸ਼ਿਆਂ ਵਿਚ
ਵੰਨ-ਸੁਵੰਨਤਾ ਹੁੰਦੀ ਹੈ ਅਤੇ ਇਹ ਹਜ਼ਾਰਾਂ ਦੀ
ਗਿਣਤੀ ਵਿਚ ਮਿਲਦੀਆਂ ਹਨ। ਬੋਲੀਆਂ ਦੋ ਤਰ੍ਹਾਂ
ਦੀਆਂ ਹੁੰਦੀਆਂ ਹਨ; ਛੋਟੀਆਂ ਬੋਲੀਆਂ ਅਤੇ
ਲੰਮੀਆਂ ਬੋਲੀਆਂ। ਛੋਟੀਆਂ ਬੋਲੀਆਂ ਦੀ ਤੁਕ
ਇਕਹਰੀ ਵੀ ਹੁੰਦੀ ਹੈ ਅਤੇ ਇਹ ਬੋਲੀਆਂ ਦੁਹਰੀ
ਤੁਕ ਵਿਚ ਵੀ ਮਿਲਦੀਆਂ ਹਨ।
ਪਹਿਲਾਂ ਪਹਿਲ ਜਦੋਂ ਗਿੱਧਾ ਸ਼ੁਰੂ ਹੁੰਦਾ ਸੀ
ਤਾਂ ਇਹ ਬੋਲੀਆਂ ਮੁਟਿਆਰਾਂ ਦੇ ਚੇਤਿਆਂ ਦੇ
ਅੰਬਰ ਤੋਂ ਸਾਉਣ ਦੀ ਝੜੀ ਬਣ ਕੇ ਵਰ੍ਹਦੀਆਂ
ਸਨ। ਇਹ ਭਾਦੋਂ ਦੇ ਛਰਾਟਿਆਂ ਵਾਂਗ ਵੀ
ਡਿੱਗਦੀਆਂ ਸਨ। ਬੋਲੀ ਪਾ ਰਹੀ ਹਰ ਮੁਟਿਆਰ
ਦੀ ਬੋਲੀ ਤੋਂ ਉਸ ਦੀ ਮਾਨਸਿਕ ਅਵਸਥਾ ਦਾ
ਅਨੁਮਾਨ ਸਹਿਜੇ ਹੀ ਲੱਗ ਜਾਂਦਾ ਸੀ। ਇੱਕ ਤੋਂ
ਬਾਅਦ ਇਕ ਬੋਲੀ ਪਾਉਂਦੀਆਂ ਮੁਟਿਆਰਾਂ ਲੋੜ
ਮੁਤਾਬਿਕ ਗਿੱਧੇ ਵਿਚ ਪੈਂਦੀਆਂ ਬੋਲੀਆਂ ਦਾ ਵਿਸ਼ਾ
ਬਦਲਣ ਲਈ ਆਪਣਾ ਰਾਹ ਆਪ ਲੱਭ ਲੈਂਦੀਆਂ
ਸਨ। ਇਸ ਕਰ ਕੇ ਮੈਂ ਇਨ੍ਹਾਂ ਬੋਲੀਆਂ ਨੂੰ ਕਿਸੇ
ਤਰਤੀਬ ਵਿਚ ਨਹੀਂ ਬੰਨ੍ਹ ਰਹੀ।
ਅੱਜ ਕਲ੍ਹ ਇਹ ਗਿੱਧਾ ਬਹੁਤ ਘੱਟ ਪੈਂਦਾ
ਹੈ। ਇਸ ਦੀ ਥਾਂ ਸਟੇਜੀ ਗਿੱਧਾ ਸਿਰ ਕੱਢ ਰਿਹਾ
ਹੈ। ਇਸ ਦਾ ਕਾਰਨ ਨਵੀਂ ਪੀੜ੍ਹੀ ਦਾ ਆਪਣੀ
ਬੋਲੀ ਅਤੇ ਭਾਸ਼ਾ ਤੇ ਮੁਹਾਰਤ ਨਾ ਹੋਣਾ ਕਿਹਾ ਜਾ
ਸਕਦਾ ਹੈ।
ਵਿਹੜਾ ਭਰਿਆ ਸ਼ਗਨਾ ਦਾ ਵਿਹੜਾ ਨੀ,
ਵਿਹੜਾ ਭਰਿਆ ਸ਼ਗਨਾ ਦਾ ਵਿਹੜਾ ਨੀ।
ਵਧਾਈਆਂ ਬੇਬੇ ਤੈਨੂੰ ਵਧਾਈਆਂ ਨੀ,
ਵਧਾਈਆਂ ਤੇਰੇ ਆਰ ਨੂੰ ਪਰਿਵਾਰ ਨੂੰ।
ਤੇਰੇ ਬਾਪ ਵੱਡੇ ਸਰਦਾਰ ਨੂੰ,
ਜਿਨ ਰੱਖਿਆ ਤੇਰਾ ਨਾਂ।
ਵਧਾਈਆਂ ਬੇਬੇ ਤੈਨੂੰ ਵਧਾਈਆਂ ਨੀ।
ਧਾਈਆਂ-ਧਾਈਆਂ-ਧਾਈਆਂ,
ਨੀ ਅੱਜ ਘਰ ਬਾਬਲ ਦੇ,
ਲਾਗੀ ਦੇਣ ਵਧਾਈਆਂ।
ਛੋਲੇ-ਛੋਲੇ-ਛੋਲੇ,
ਨੀ ਅੱਜ ਮੇਰੇ ਵੀਰੇ ਦੇ,
ਕੌਣ ਬਰਾਬਰ ਬੋਲੇ।
ਊਰੀ-ਊਰੀ-ਊਰੀ,
ਇਹ ਦਿਨ ਸ਼ਗਨਾਂ ਦੇ,
ਨੱਚ-ਨੱਚ ਹੋ ਜਾ ਦੂਹਰੀ।
ਹਰਿਆ ਹਰਿਆ ਘਾਹ,
ਮੁੰਡੇ ਦੀ ਬੇਬੇ ਨੂੰ,
ਗੋਡੇ ਗੋਡੇ ਚਾਅ।
ਪੋਣੇ-ਪੋਣੇ-ਪੋਣੇ,
ਇਹ ਦਿਨ ਖ਼ੁਸ਼ੀਆਂ ਦੇ,
ਰੋਜ਼ ਰੋਜ਼ ਨਹੀਂ ਆਉਣੇ।
ਮਾਸੀ ਕੁੜੀ ਦਾ ਸ਼ਾਲ ਮੋਤੀਆਂ ਵਾਲਾ,
ਉਤੇ ਨਾਭਾ ਤੇ ਪਟਿਆਲਾ।
ਪਰ੍ਹਾਂ ਨੂੰ ਹੋ ਲਾ ਲੰਘ ਜਾਣ ਦੇ,
ਤੂੰ ਤਾਂ ਰਾਹ ਹੀ ਰੋਕ ਲਿਆ ਸਾਰਾ।
ਪਹਿਲਾਂ ਤਾਂ ਨੱਚੂ ਮਾਮੀ ਮੁੰਡੇ ਦੀ,
ਫੇਰ ਮਾਸੀ ਨਰੈਣਾਂ।
ਨੀ ਨੱਚ ਲੈ ਕਬੂਤਰੀਏ,
ਰੋਜ਼ ਮੇਲ਼ ਨੀ ਰਹਿਣਾ।
ਮਾਮੀ ਨੱਚੀ ਮਾਸੀ ਨੱਚੀ,
ਨਾਲੇ ਗੁਆਂਢਣ ਬੁੱਢੀ।
ਜਾਗੋ ਨੂੰ ਸਿਰ ਤੇ ਚੁੱਕ ਕੇ,
ਪਾਈ ਮੇਲਣਾਂ ਲੁੱਡੀ।
ਗਲੀ ਗਲੀ ਵਣਜਾਰਾ ਫ਼ਿਰਦਾ,
ਸ਼ੀਸ਼ਾ ਲੈ ਲਓ ਸੁਰਮਾ ਲੈ ਲਓ।
ਮਾਸੀ ਨਖ਼ਰੋ ਲੈਣ ਲੱਗੀ,
ਵੇਖ ਕਬੱਡੀ ਪੈਣ ਲੱਗੀ।
ਕੌਡੀ-ਕੌਡੀ-ਕੌਡੀ...
ਸਿੰਘਾ ਵੇ ਤੇਰੇ ਨਾਨਕੀਂ,
ਮੈਂ ਕੌਡੀ ਵੇਖਣ ਜਾਣਾ।
ਜੇ ਮੁੰਡਿਆ ਵੇ ਮੈਨੂੰ ਨਾਲ ਲੈ ਜਾਣਾ,
ਮਾਂ ਦਾ ਡਰ ਤੂੰ ਛੱਡ ਮੁੰਡਿਆ,
ਮੈਨੂੰ ਰੇਸ਼ਮੀ ਰੁਮਾਲ ਵਾਂਗੂੰ ਰੱਖ ਮੁੰਡਿਆ।
ਕੰਨਾਂ ਨੂੰ ਚੰਨਣ ਸਿਆਂ ਝੁਮਕੇ ਕਰਾਦੇ,
ਨੱਕ ਵਿਚ ਸੱਤ ਰੰਗਾ ਲੌਂਗ ਪੁਆ ਦੇ।
ਪਾ ਕੇ ਗਲ਼ੀਓ ਗਲ਼ੀ ਚਮਕਾਊਂਗੀ,
ਗੁਣ ਤੇਰੇ ਮੈਂ ਚੰਨਣ ਸਿਆਂ ਗਾਊਂਗੀ।
ਪੈਸਾ ਨਾ ਵਾਰਦਾ, ਧੇਲਾ ਨਾ ਵਾਰਦਾ।
ਝੂਠ-ਮੂਠ ਬੋਲੇ, ਐਵੇਂ ਗੱਪਾਂ 'ਨਾ ਸਾਰਦਾ।
ਬਠਿੰਡੇ ਵਾਲਾ ਜੀਜਾ,
ਫੜ੍ਹਾਂ ਫ਼ੋਕੀਆਂ ਮਾਰਦਾ।
ਮੁੱਛਾਂ ਕੁੰਡੀਆਂ ਕਰਾ ਕੇ,
ਜੁੱਤੀ ਤਿੱਲੇ ਵਾਲੀ ਪਾ ਕੇ।
ਜਦੋਂ ਖੜ੍ਹਦਾ ਮੋੜ ਤੇ ਬਣ ਠਣ ਕੇ,
ਤੈਨੂੰ ਪੱਟਣਾ ਵੇ ਮੁੰਡਿਆ ਪਟੋਲਾ ਬਣ ਕੇ।
ਸਿਰਾਂ ਉਤੇ ਸੱਗੀ ਫ਼ੁੱਲ
ਲਹਿੰਗੇ ਫ਼ੁਲਕਾਰੀਆਂ।
ਹੱਥਾਂ ਵਿਚ ਪੱਖੀਆਂ ਸ਼ੂਕਦੀਆਂ,
ਜਿਵੇਂ ਬਾਗੀਂ ਕੋਇਲਾਂ ਕੂਕਦੀਆਂ।
ਆਪ ਤਾਂ ਜਾਂਦਾ ਸੜਕੋ-ਸੜਕੇ,
ਮੈਨੂੰ ਕਹਿੰਦਾ ਨਹਿਰੋ ਨਹਿਰ,
ਹਾਏ ਸੜ ਗਏ ਨਖ਼ਰੋ ਦੇ ਪੈਰ।
ਉਚਾ ਲੰਮਾ ਨੀ ਮੁੰਡਾ ਤੁਰਦਾ ਝੂਮ ਕੇ,
ਮਧਰੇ ਦੀ ਹਿੱਕ ਤੇ ਕਟਾਰੀ ਵੱਜਦੀ,
ਨੀ ਮੈਨੂੰ ਮਧਰੇ ਦੀ ਤੋਰ ਪਿਆਰੀ ਲੱਗਦੀ।
ਮਾਮੀਆਂ ਵੀ ਨੱਚੀਆਂ
ਤੇ ਮਾਸੀਆਂ ਵੀ ਨੱਚੀਆਂ,
ਅੱਗ ਦੇ ਭਬੂਕੇ ਵਾਂਗੂ
ਸਾਰੀਆਂ ਹੀ ਮੱਚੀਆਂ।
ਨੱਚ ਨੱਚ ਪੁੱਟ ਦਿੱਤਾ ਵਿਹੜਾ ਕੁੜੀਓ,
ਅੱਜ ਰੋਕ ਲਊ ਇਨ੍ਹਾਂ ਨੂੰ ਕਿਹੜਾ ਕੁੜੀਓ।
ਕੋਈ ਵੇਚੇ ਸੁੰਢ 'ਜਵੈਣ,
ਕੋਈ ਵੇਚੇ ਰਾਈ।
ਪੀਤਾ ਆਪਣੀ ਜ਼ੋਰੂ ਵੇਚੇ,
ਟਕੇ ਟਕੇ ਸਰਸਾਈ।
ਖ਼ਬਰਦਾਰ ਰਹਿਣਾ ਜੀ,
ਚੌਂਕੀ ਹਾਕਮਾਂ ਦੀ ਆਈ।
ਸੁਣ ਨੀ ਚਾਚੀਏ, ਸੁਣ ਨੀ ਤਾਈਏ,
ਸੁਣ ਵੱਡੀਏ ਭਰਜਾਈਏ।
ਰੋਟੀ ਦਾਲ ਬਿਨਾਂ ਨਾ ਖਾਈਏ,
ਪੇਕੇ ਵੀਰ ਬਿਨਾ ਨਾ ਆਈਏ।
ਸਹੁਰੇ ਕੰਤ ਬਿਨਾ ਨਾ ਜਾਈਏ,
ਰੰਗ ਦੇ ਕਾਲੇ ਨੂੰ।
ਮੋਗਿਓਂ ਕਲੀ ਕਰਾਈਏ...
ਦੋ ਪਿੱਤਲ ਦੇ ਕੁੰਡੇ, ਦੋ ਲੋਹੇ ਦੇ ਕੁੰਡੇ।
ਟੁੱਟ ਪੈਣੀ ਅਮਰੀਕਾ,
ਲੈ ਗਈ ਛਾਂਟ ਕੇ ਮੁੰਡੇ।
ਕਦੋਂ ਆਉਣਗੇ ਰੱਬਾ,
ਵੇ ਸਾਡੇ ਹਾਣ ਦੇ ਮੁੰਡੇ।
ਸੁਣ ਵੇ ਦਿਓਰਾ ਛਮਲੇ ਵਾਲਿਆ,
ਲੱਗੇਂ ਜਾਨ ਤੋਂ ਮਹਿੰਗਾ।
ਵੇ ਲੈ ਜਾ ਮੇਰਾ ਲੱਕ ਮਿਣ ਕੇ,
ਮੇਲੇ ਗਿਆ ਤਾਂ ਲਿਆ ਦਈਂ ਲਹਿੰਗਾ।
ਸੁਣ ਨੀ ਭਾਬੀ ਨਖ਼ਰੇ ਵਾਲੀਏ,
ਤੇਰੇ ਤੋਂ ਕੀ ਮਹਿੰਗਾ।
ਨੀ ਤੇਰੇ ਅੱਗੇ ਥਾਨ ਸੁੱਟਿਆ,
ਭਾਵੇਂ ਸੁੱਥਣ ਸੰਵਾ ਲੈ ਭਾਵੇਂ ਲਹਿੰਗਾ।
ਦਿਓਰ ਤਾਂ ਭਾਬੀ ਰੋਟੀ ਖਾਂਦੇ,
ਉਤੋਂ ਪੀ ਲਈ ਲੱਸੀ।
ਦਿਓਰ ਦੇ ਢਿੱਡ ਪੀੜ,
ਹਾਏ ਭਾਬੀ ਦੀ ਵੱਖੀ।
ਵੜੀਆਂ ਵੜੀਆਂ ਵੜੀਆਂ,
ਵਿਚ ਕਚਿਹਰੀ ਦੇ,
ਭੂਆ ਭਤੀਜੀ ਲੜੀਆਂ।
ਚੱਲ ਵੇ ਦਿਓਰਾ ਪੱਠਿਆਂ ਨੂੰ ਚੱਲੀਏ,
ਭਰੀ ਲਿਆਈਏ ਆਗਾਂ ਦੀ।
ਇਹ ਜੋੜੀ ਏ,
ਜੋੜੀ ਆਸ਼ਕ ਨਾਗ਼ਾਂ ਦੀ।
ਜਾਂ ਦਿਓਰਾ ਤੂੰ ਕੰਧ ਕਢਵਾ ਲੈ,
ਜਾਂ ਹੋ ਜਾ ਤੂੰ ਅੱਡ ਵੇ,
ਮੈਂ ਬੁਰੀ ਕਰਾਂਗੀ
ਆਕੜ ਕੇ ਨਾ ਲੰਘ ਵੇ।
ਨਾ ਭਾਬੀ ਮੈਂ ਵਿਆਹ ਕਰਵਾਉਣਾ,
ਨਾ ਕਢਵਾਉਣੀ ਕੰਧ ਨੀ।
ਤੇਰੀ ਭਰੀ ਜਵਾਨੀ,
ਆਊ ਦਿਓਰ ਦੇ ਕੰਮ ਨੀ।
ਸੱਸ ਮੇਰੀ ਦੇ ਮਾਤਾ ਨਿਕਲੀ,
ਨਿਕਲੀ ਕੋਈ ਕੋਈ ਦਾਣਾ।
ਮਾਤਾ ਮਿਹਰ ਕਰੀਂ,
ਮੈਂ ਪੂਜਣ ਨਹੀਂ ਜਾਣਾ।
ਸੱਸ ਮੇਰੀ ਦੇ ਮਾਤਾ ਨਿਕਲੀ,
ਮਾਤਾ ਨਿਕਲੀ ਕਾਲੀ।
ਸਹੁਰਾ ਮੇਰਾ ਪੂਜਣ ਚੱਲਿਆ,
ਲੈ ਕੇ ਲਾਲ ਫ਼ੁਲਕਾਰੀ।
ਜੋਤ ਜਗਾਉਂਦੇ ਨੇ,
ਦਾੜ੍ਹੀ ਫ਼ੂਕ ਲਈ ਸਾਰੀ।
ਲੱਪ-ਲੱਪ ਸੋਨੇ ਦੀਆਂ
ਡੰਡੀਆਂ ਘੜਾਉਂਨੀ ਆਂ,
ਨੱਕ ਨੂੰ ਘੜਾਉਂਨੀ ਆਂ ਮੈਂ
ਤੀਲ ਬੀਬੀ ਨਣਦੇ,
ਸਾਨੂੰ ਆਂ ਪਸੰਦ ਤੇਰਾ ਵੀਰ ਬੀਬੀ ਨਣਦੇ।
ਨਵੀਂ ਬਹੂ ਮੁਕਲਾਵੇ ਆਈ,
ਆਈ ਸਰੂ ਦਾ ਫ਼ੁੱਲ ਬਣ ਕੇ।
ਗਲ ਉਹਦੇ ਵਿਚ ਗ਼ਾਨੀ ਸੋਂਹਦੀ,
ਬਾਹੀਂ ਚੂੜਾ ਛਣਕੇ।
ਰੂਪ ਉਹਨੂੰ ਰੱਬ ਨੇ ਦਿੱਤਾ,
ਉਹ ਨੱਚਦੀ ਪਟੋਲਾ ਬਣ ਕੇ।
ਬੱਲੇ ਬੱਲੇ ਬਈ ਪੇਕੇ ਭੈਣਾਂ-ਭੈਣਾਂ ਨੱਚੀਏ,
ਸਹੁਰੇ ਨੱਚੀਏ ਦਰਾਣੀਆਂ ਜਠਾਣੀਆਂ।
ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਲੋਕ
ਗੀਤ, ਟੱਪੇ ਅਤੇ ਲੋਕ-ਕਾਵਿ ਦੇ ਹੋਰ ਰੂਪ ਹਨ
ਜਿਹੜੇ ਅਜਿਹੇ ਮੌਕਿਆਂ ਉਤੇ ਗਾਏ ਜਾਂਦੇ ਹਨ।
ਇਨ੍ਹਾਂ ਨਾਲ ਵਿਆਹ ਵਾਲਾ ਪਿੜ ਖੂਬ ਬੱਝ ਜਾਂਦਾ
ਹੈ ਅਤੇ ਵਿਹੜਾ ਸਜ ਜਾਂਦਾ ਹੈ। ਹਰ ਪਾਸੇ
ਖੁਸ਼ੀਆਂ ਤੇ ਖੇੜੇ ਲੁੱਡੀਆਂ ਪਾਉਂਦੇ ਜਾਪਦੇ ਹਨ।
|