ਪੰਜਾਬੀ ਗ਼ਜ਼ਲਾਂ ਉਮਰ ਗ਼ਨੀ
੧. ਅੰਨ੍ਹੀਆਂ, ਬੋਲੀਆਂ, ਗੁੰਗੀਆਂ ਰਾਤਾਂ
ਅੰਨ੍ਹੀਆਂ, ਬੋਲੀਆਂ, ਗੁੰਗੀਆਂ ਰਾਤਾਂ, ਨਾ ਜਿਉਂਦਾ ਨਾ ਮਰਦਾ ਕੋਈ ।
ਪਲ-ਪਲ ਜੁੱਸਾ ਖੋਰੀ ਜਾਵੇ, ਗੁੱਝਾ ਰੋਗ ਅੰਦਰ ਦਾ ਕੋਈ ।
ਪੱਥਰਾਂ ਦੇ ਸੰਗ ਪੱਥਰ ਹੋ ਗਏ, ਸ਼ੀਸ਼ੇ ਦੇ ਦਿਲ ਵਾਲੇ ਲੋਕ,
ਸੰਗ-ਦਿਲਾਂ ਦੇ ਆਖ਼ਰ ਕਦ ਤੱਕ ਤਰਲੇ ਮਿੰਨਤਾਂ ਕਰਦਾ ਕੋਈ ?
ਮੁੱਦਤ ਪਿੱਛੋਂ ਤੇਰੀਆਂ ਯਾਦਾਂ, ਸੱਜਣਾ ! ਇੰਜ ਅੱਜ ਆਈਆਂ ਨੇ,
ਗ਼ੈਰਾਂ ਵਾਂਗੂੰ ਜਿਉਂ ਖੜਕਾਵੇ, ਕੁੰਡਾ ਅਪਣੇ ਘਰ ਦਾ ਕੋਈ ।
ਅੱਖਾਂ ਠੰਢੀਆਂ ਕਰਦੀ ਭਾਵੇਂ, ਚੜ੍ਹਦੇ ਦਿਨ ਦੀ ਨਿੰਮ੍ਹੀ ਲੋਅ,
ਹਾੜ੍ਹ ਦੀ ਰੁੱਤੇ, ਸਿਖ਼ਰ-ਦੁਪਹਿਰੇ, ਕਹਿਰ ਨਾ ਉਸਦਾ ਜਰਦਾ ਕੋਈ ।
ਦਿਲ ਦਾ ਦੀਵਾ ਜੇ ਬੁਝ ਜਾਂਦਾ, ਕਦੀ ਨਾ ਹੁੰਦਾ ਜੱਗ 'ਤੇ ਚਾਨਣ,
ਲੱਖਾਂ ਨਾਲ ਬਹਾਰਾਂ ਲੈ ਕੇ, ਭਾਵੇਂ ਨਿੱਤ ਸੰਵਰਦਾ ਕੋਈ ।
ਇਸ਼ਕ-ਝਨਾਂ ਦੀਆਂ ਛੱਲਾਂ ਦੇ ਵਿਚ, ਠਿੱਲ੍ਹਣ ਨੂੰ ਦਿਲ ਸਭ ਦਾ ਕਰਦਾ,
ਠਿੱਲ੍ਹ ਵੀ ਪੈਂਦਾ ਜਣਾ-ਖਣਾ, ਪਰ ਟਾਂਵਾਂ ਟਾਂਵਾਂ ਤਰਦਾ ਕੋਈ ।
੨. ਉੱਚੇ ਟਿੱਬੇ ਬੈਠਾ ਖੇਡੇਂ ਦੇਖ ਸਕੇਂ ਨਾ ਥੱਲੇ
ਉੱਚੇ ਟਿੱਬੇ ਬੈਠਾ ਖੇਡੇਂ ਦੇਖ ਸਕੇਂ ਨਾ ਥੱਲੇ ।
ਦੁੱਖਾਂ ਮਾਰੇ ਪਾਗਲ ਲੋਕੀਂ, ਸ਼ਹਿਰ ਤਿਰਾ ਛੱਡ ਚੱਲੇ ।
'ਦਿਲ' ਜe੍ਹੀ ਮਹਿੰਗੀ ਜਿਨਸ ਦੀ ਦੇਖੋ ਕੀਮਤ ਕੀ ਹੈ ਪਾਈ,
ਇੱਕ ਰੁਮਾਲ, ਇੱਕ ਫ਼ੋਟੋ ਜਾਂ ਫਿਰ ਦੋ-ਤਿੰਨ ਹੱਥ ਦੇ ਛੱਲੇ ।
ਸਾਡੇ ਜੇਹੇ ਸਿੱਧ-ਪੱਧਰੇ ਲੋਕੀਂ ਮਿਲਣ ਕਿਤੇ ਤੇ ਦੱਸੀਂ,
ਗ਼ੈਰਾਂ ਦੇ ਦੁਖ ਸੀਨੇ ਲਾਵਣ, ਕੌਣ ਅਜੇਹੇ ਝੱਲੇ ।
ਹਿਜਰ-ਬਿਰਹੋਂ ਦਾ ਔਖਾ ਪੈਂਡਾ ਕੱਟਣਾ ਬਹੁਤ ਈ ਮੁਸ਼ਕਿਲ,
ਸ਼ੂਕੇ ਰਾਤ ਹਨ੍ਹੇਰੀ ਉੱਤੋਂ, ਡੈਣਾਂ ਨੇ ਰਾਹ ਮੱਲੇ ।
ਪੱਥਰ ਹੋਈਆਂ ਤੱਕ ਤੱਕ ਰਾਹਵਾਂ, ਅੱਖਾਂ ਹੰਝੂ ਭਰੀਆਂ,
ਗਈ ਬਹਾਰ ਨਾ ਫੇਰਾ ਪਾਇਆ, ਲੱਖ ਸੁਨੇਹੇ ਘੱਲੇ ।
ਬੰਦੇ ਦਾ ਅੱਜ ਬੰਦਾ ਵੈਰੀ, ਬਰਬਰ ਬੇਲੇ ਰੱਤੇ,
ਲੋਥਾਂ, ਲਹੂਆਂ ਭਰੀਆਂ ਨਦੀਆਂ ਬੱਲੇ, ਬੱਲੇ, ਬੱਲੇ !
੩. ਅੱਖਾਂ ਮੀਟ ਕੇ ਦੇਖ ਰਿਹਾ ਹਾਂ ਦੂਰ ਵਸੇਂਦੇ ਸੱਜਣ
ਅੱਖਾਂ ਮੀਟ ਕੇ ਦੇਖ ਰਿਹਾ ਹਾਂ ਦੂਰ ਵਸੇਂਦੇ ਸੱਜਣ ।
ਪਿਆਰ ਦੇ ਜੁਰਮੋਂ ਰੱਤ ਜਿਨ੍ਹਾਂ ਦੀ ਪੀ ਪੀ ਡੈਣਾਂ ਰੱਜਣ ।
ਹੀਰਾਂ ਤੇ ਹੁਣ ਮੋਈਆਂ ਯਾਰੋ ਕੈਦੋਂ ਦੀ ਕਰਤੂਤੋਂ,
ਪਾਗਲ 'ਖੇੜੇ-ਰੰਗਪੁਰ' ਕਾਹਨੂੰ ਖ਼ੁਸ਼ੀਆਂ ਦੇ ਵਿੱਚ ਗੱਜਣ ।
ਕੱਲ੍ਹ ਤੱਕ ਜਿਹੜੇ ਸਾਡੇ ਸਾਹਵੇਂ ਅੱਖ ਨਹੀਂ ਸਨ ਚੁੱਕਦੇ,
ਬੋਲ ਉਨ੍ਹਾਂ ਦੇ ਸੀਨੇ ਵਿੱਚ ਅੱਜ ਤੀਰਾਂ ਵਾਂਗੂੰ ਵੱਜਣ ।
ਕਾਤਿਲ ਤਾਂ ਹੁਣ ਪਕੜੇ ਜਾਂਦੇ ਗੱਲੀਂ-ਬਾਤੀਂ ਝੱਲਿਉ !
ਭਾਵੇਂ ਲੱਖ ਉਹ ਰੂਪ ਵਟਾ ਕੇ ਅਪਣੇ ਆਪ ਨੂੰ ਕੱਜਣ ।
ਆਦਮ-ਖ਼ੋਰਾਂ ਘੇਰ ਲਏ ਨੇ ਸੱਜਣਾਂ ਦੇ ਅੱਜ ਡੇਰੇ,
ਚਾਰੇ-ਪਾਸੇ ਫ਼ਨੀਅਰ ਸ਼ੂਕਣ ਕੀਕਣ ਮੌਤ ਤੋਂ ਭੱਜਣ ?
੪. ਦਰਦਾਂ ਦੇ ਅਣਮੁੱਲੇ ਮੋਤੀ ਰੱਖਦਾ ਕਿਸ ਤਹਿ-ਖ਼ਾਨੇ ਵਿੱਚ
ਦਰਦਾਂ ਦੇ ਅਣਮੁੱਲੇ ਮੋਤੀ ਰੱਖਦਾ ਕਿਸ ਤਹਿ-ਖ਼ਾਨੇ ਵਿੱਚ ?
ਜੇ ਮੌਜ਼ੂਦ ਵਜੂਦ ਨਾ ਹੁੰਦਾ ਮੇਰਾ ਏਸ ਜ਼ਮਾਨੇ ਵਿੱਚ ।
ਅਸਾਂ ਤੇ ਦਿਲ ਦਾ ਚਾਨਣ ਜਾਤਾ, ਤੈਨੂੰ ਹੀ ਬੇਦੀਦਾ ਉਏ !
ਪਰ ਤੂੰ ਰੱਤੀ ਫ਼ਰਕ ਨਾ ਕੀਤਾ, ਅਪਣੇ ਤੇ ਬੇਗਾਨੇ ਵਿੱਚ ।
ਐਡੀ ਸ਼ੁਹਰਤ ਕਾਹਨੂੰ ਮਿਲਦੀ ਤੇਰੀ ਰਾਮ-ਕਹਾਣੀ ਨੂੰ,
ਨਾ ਮੁੜ ਮੁੜ ਮੇਰਾ ਨਾਂ ਆਉਂਦਾ, ਜੇ ਕਰ ਉਸ ਅਫ਼ਸਾਨੇ ਵਿੱਚ ।
ਕੰਨੀਂ ਮੇਰੇ ਪੈਣ ਅਵਾਜ਼ਾਂ, ਕਿਸ ਨੇ ਮੈਨੂੰ ਸੱਦਿਆ ਏ ?
ਕੌਣ ਇਹ ਲੋਕ ਗਵਾਚੇ ਹੋਏ, ਲੱਭਦਾ ਫਿਰੇ ਵੀਰਾਨੇ ਵਿੱਚ ?
ਚਾਰੇ ਕੁੰਟਾਂ ਗੂੰਜ ਰਹੀਆਂ ਨੇ, ਰਿੰਦਾਂ ਦੇ ਹੰਗਾਮੇ ਨਾਲ,
ਕੀਤਾ ਫੇਰ ਧਰੋਹ ਹੈ ਕੋਈ, ਸਾਕੀ ਨੇ ਮੈਖ਼ਾਨੇ ਵਿੱਚ ।
ਘੁੱਪ-ਹਨ੍ਹੇਰਾ ਆਲ-ਦੁਆਲੇ, ਰਾਹ ਵੀ ਕੋਈ ਸੁੱਝਦਾ ਨਾ,
ਫ਼ਾਥਾ ਕਿੰਜ ਕੁਚੱਜਾ ਹਾਂ ਮੈਂ, ਜ਼ਾਤ ਦੇ ਬੰਦੀ-ਖ਼ਾਨੇ ਵਿੱਚ ।
੫. ਮੇਰੇ ਦੁਖ ਦਾ ਦੁਖ ਨਾ ਕਰ ਤੂੰ
ਮੇਰੇ ਦੁਖ ਦਾ ਦੁਖ ਨਾ ਕਰ ਤੂੰ, ਹਸ ਕੇ ਹਰ ਦੁਖ ਸਹਿ ਜਾਵਾਂਗਾ ।
ਮੈਂ ਤੇ ਹਾਂ ਇਕ ਵਗਦਾ-ਦਰਿਆ, ਉੱਚਾ-ਨੀਵਾਂ ਵਹਿ ਜਾਵਾਂਗਾ ।
ਕੱਲਮ-ਕੱਲਾ ਟੱਪ ਜਾਵਾਂਗਾ, ਮਾਰੂ ਪਰਬਤ ਜੀਵਨ ਦਾ,
ਪਰ ਕੀ ਇੰਜੇ ਚੁੱਪ-ਚੁਪੀਤਾ, ਧਰਤ ਦੇ ਸੀਨੇ ਲਹਿ ਜਾਵਾਂਗਾ ?
ਜੀ ਸਕਨਾਵਾਂ ਆਢ੍ਹਾ ਲਾ ਕੇ, ਨਾਲ ਮੁਕੱਦਰ ਜੇਕਰ ਯਾਰੋ,
ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ, ਮੌਤ ਦੇ ਨਾਲ ਵੀ ਖਹਿ ਜਾਵਾਂਗਾ ।
ਸੋਚ ਦੀ ਸੂਲੀ ਟੰਗਿਆ ਹੋਇਆ, ਪੀੜਾਂ ਦਾ ਭੰਡਾਰਾ ਵੰਡਾਂ,
ਦਰਦ ਖ਼ਜ਼ਾਨਾ ਮੁੱਕਿਆ ਜਿਸ ਦਿਨ, ਸੂਲੀ ਉੱਤੋਂ ਢਹਿ ਜਾਵਾਂਗਾ ।
ਕਿਹੜੀ ਕਿਹੜੀ ਗੱਲ 'ਤੇ ਮੈਨੂੰ ਤੁਸੀਂ ਸਜ਼ਾਵਾਂ ਦੇਸੋ ਲੋਕੋ !
ਮੈਂ ਝੱਲਾ ਤੇ ਝੱਲ-ਵਲੱਲਾ, ਜਾਣੇ ਕੀ ਕੁਝ ਕਹਿ ਜਾਵਾਂਗਾ ।
੬. ਦੋਸਤਾਂ ਦੀ ਦੁਸ਼ਮਣੀ ਤਕਦਾ ਰਿਹਾਂ
ਦੋਸਤਾਂ ਦੀ ਦੁਸ਼ਮਣੀ ਤਕਦਾ ਰਿਹਾਂ ।
ਦੁਸ਼ਮਣਾਂ ਦੀ ਬੇਬਸੀ ਤਕਦਾ ਰਿਹਾਂ ।
ਲਗਿਐ ਹਮੇਸ਼ ਬਾਵਫ਼ਾ ਚਿਹਰਾ ਨਵਾਂ,
ਅਪਣੇ ਦਿਲ ਦੀ ਸਾਦਗੀ ਤਕਦਾ ਰਿਹਾਂ ।
ਉਮਰ ਭਰ ਅੱਕਿਆ ਨਹੀਂ ਮੈਂ ਪੰਧ ਤੋਂ,
ਬੇਕਲੀ ਪਰ ਰੂਹ ਦੀ ਤਕਦਾ ਰਿਹਾਂ ।
ਮਾਰੂ-ਥਲ ਵਿਚ ਸਾਥ ਸੰਗ ਜੋ ਛਡ ਗਿਆ,
ਕਿਸ ਤਰ੍ਹਾਂ ਦਾ ਸੰਗ ਸੀ ਤਕਦਾ ਰਿਹਾਂ ।
ਰੇਜ਼ੇ ਹੁੰਦਾ ਵੇਖਿਐ ਅਪਣਾ ਵਜ਼ੂਦ,
ਮੁਕ ਰਹੀ ਇਕ ਜਿੰਦੜੀ ਤਕਦਾ ਰਿਹਾਂ ।
ਰਾਤ ਭਰ ਇਕ ਮਹਿਕ ਜਹੀ ਖਿਲਰੀ ਰਹੀ,
ਵਿਹੜੇ ਲੱਥੀ ਚਾਨਣੀ ਤਕਦਾ ਰਿਹਾਂ ।
੭. ਵਖ ਹਵਾ ਤੋਂ ਹੋਇਆ ਏ ਕੁਝ ਹਬਾਬਾਂ ਪਿੱਛੇ
ਵਖ ਹਵਾ ਤੋਂ ਹੋਇਆ ਏ ਕੁਝ ਹਬਾਬਾਂ ਪਿੱਛੇ ।
ਜੀਵਨ ਸਾਰਾ ਮੈਂ ਗੁਜ਼ਾਰਿਆ ਏ ਸਰਾਬਾਂ ਪਿੱਛੇ ।
ਕੁਝ ਹਾਸਿਲ ਨਾ ਸਿਵਾ ਦੁਖ ਦੇ ਹੋਇਆ ਖ਼ਾਬਾਂ ਵਿੱਚੋਂ,
ਹਰ ਮਤਆ ਵੇਚ ਕੇ ਵੇਖੀ ਏ ਮੈਂ ਖ਼ਾਬਾਂ ਪਿੱਛੇ ।
ਹਰ ਸਤਰ ਗਿੱਲੀ ਏ ਹਰ ਹਰਫ਼ ਸਲ੍ਹਾਬਿਆ ਹੋਇਆ,
ਕੌਣ ਛੁਪ ਛੁਪਕੇ ਇਹ ਹੋਇਆ ਏ ਕਿਤਾਬਾਂ ਪਿੱਛੇ ।
ਉਮਰ ਭਰ ਕੰਡਿਆਂ ਦੀ ਚੁਭਨ ਸਹਿਣੀ ਪੈਂਦੀ,
ਪਲ ਕੁ ਭਰ ਦੇ ਮਹਿਮਾਨ ਗੁਲਾਬਾਂ ਪਿੱਛੇ ।
ਕੰਧ ਪਿੱਛੇ ਜਾਂ ਤਕਿਆ ਤੇ ਮੈਂ ਥਰ ਥਰ ਕੰਬਿਆ,
ਸਰ-ਇ-ਬਾਜ਼ਾਰ ਜੋ ਚਿਹਰਾ ਸੀ ਨਕਾਬਾਂ ਪਿੱਛੇ ।
੮. ਸਜਣਾ ਦੀ ਚਾਨਣੀ ਅਤੇ ਯਾਰਾਂ ਦੀ ਚਾਨਣੀ
ਸਜਣਾ ਦੀ ਚਾਨਣੀ ਅਤੇ ਯਾਰਾਂ ਦੀ ਚਾਨਣੀ ।
ਖਿੱਲਰੀ ਏ ਮੇਰੇ ਚਾਰ ਸੂ ਪਿਆਰਾਂ ਦੀ ਚਾਨਣੀ ।
ਪੂੰਜੀ ਏ ਮੇਰੇ ਕੋਲ ਇਹ ਜੀਵਨ ਦੇ ਰਾਹ ਦੀ,
ਉਲਫ਼ਤ ਦੇ ਢੇਰਾਂ ਫੁੱਲ, ਇਤਬਾਰਾਂ ਦੀ ਚਾਨਣੀ ।
ਮੁੜਕੇ ਨਾ ਦਿਲ ਨੂੰ ਭਾਅ ਸਕੀ ਸ਼ਹਿਰਾਂ ਦੀ ਰੌਸ਼ਨੀ,
ਮਾਣੀ ਕਿਤੇ ਇਕ ਸਾਲ ਸੀ ਬਾਰਾਂ ਦੀ ਚਾਨਣੀ ।
ਮਾਰੂ ਥਲਾਂ ਦੇ ਪੰਧ 'ਚ ਯਾਦਾਂ ਦੇ ਜਿਉਂ ਸ਼ਰੀਂਹ,
ਇੰਜੇ ਬਿਰ੍ਹੋਂ ਦੀ ਰਾਤ ਹੈ ਇਕਰਾਰਾਂ ਦੀ ਚਾਨਣੀ ।
ਲੁਟਿਆ ਹੈ ਚੈਨ ਦਿਲ ਦਾ, ਮੁਰੱਵਤ ਬੇ-ਮਿਹਰ ਨੇ,
ਜੁੱਸੇ ਨੂੰ ਜਿਉਂਕਰ ਲੂਸਦੀ ਅੰਗਾਰਾਂ ਦੀ ਚਾਨਣੀ ।
ਘਿਰਿਆ ਜਦੋਂ ਹਾਂ ਦੋਸਤਾ ਗੁੰਝਲਾਂ ਦੇ ਨ੍ਹੇਰ ਵਿਚ,
ਰਸਤੇ ਸੁਝਾ ਗਈ ਹੈ ਵਿਚਾਰਾਂ ਦੀ ਚਾਨਣੀ ।
੯. ਚੁੱਪ ਸੀ ਕਬਰਾਂ ਜਹੀ ਮੇਰੇ ਚੁਫੇਰ
ਚੁੱਪ ਸੀ ਕਬਰਾਂ ਜਹੀ ਮੇਰੇ ਚੁਫੇਰ ।
ਜ਼ਿੰਦਗੀ ਮੁੜ ਵੀ ਰਹੀ ਮੇਰੇ ਚੁਫੇਰ ।
ਨਿਤ ਤੜਫਦਾ ਭਾਂਬੜਾਂ 'ਚੋਂ ਨਿਕਲਿਆਂ,
ਨਹਿਰ ਰੱਤ ਦੀ ਨਿਤ ਵਹੀ ਮੇਰੇ ਚੁਫੇਰ ।
ਬੇਸਬਬ ਉਡੀਆਂ ਨਹੀਂ ਇਹ ਭੁੱਬਲਾਂ,
ਕੰਧ ਮੁੜ ਕੋਈ ਢਹੀ ਮੇਰੇ ਚੁਫੇਰ ।
ਜ਼ਿੰਦਗੀ 'ਕੱਲੇ ਲਈ ਭਾਰੀ ਨਾ ਸੀ,
ਪੀੜ ਇਹ ਕਈਆਂ ਸਹੀ ਮੇਰੇ ਚੁਫੇਰ ।
੧੦. ਸਮਝੋ ਆਬ, ਸ਼ਰਾਬ ਹਮੇਸ਼ਾ, ਚੰਗੀ ਗੱਲ ਨਹੀਂ
ਸਮਝੋ ਆਬ, ਸ਼ਰਾਬ ਹਮੇਸ਼ਾ, ਚੰਗੀ ਗੱਲ ਨਹੀਂ ।
ਭੁਲਦੇ ਰਹੋ ਜਨਾਬ ਹਮੇਸ਼ਾ, ਚੰਗੀ ਗੱਲ ਨਹੀਂ ।
ਨਾਮੁਮਕਿਨ ਦੀ ਆਸ ਤੇ ਜੀਣਾ, ਪਾਗਲਪਨ ਹੈ
ਤੱਕੀ ਜਾਣੇ ਖ਼ਾਬ ਹਮੇਸ਼ਾ, ਚੰਗੀ ਗੱਲ ਨਹੀਂ ।
ਸੜਦੇ ਘਰ ਦੀ ਕੋਈ ਨਿਸ਼ਾਨੀ ਲੈ ਤੇ ਚੱਲੀਏ,
ਰਖਸੀ ਪਰ ਬੇਤਾਬ ਹਮੇਸ਼ਾ, ਚੰਗੀ ਗੱਲ ਨਹੀਂ ।
ਰੁਕਣਾ ਪੈਂਦਾ, ਜੀਵਨ ਕਾਰਨ, ਕਿਤੇ ਕਿਤੇ ਤਾਂ
ਰਹਿਣਾ ਵਾਂਗ ਸਹਾਬ, ਹਮੇਸ਼ਾ, ਚੰਗੀ ਗੱਲ ਨਹੀਂ ।
ਤਜਿਆ ਆਲਮ ਜਿਸ ਨੇ ਸੱਜਣਾ ! ਤੇਰੀ ਖ਼ਾਤਰ
ਉਸ ਦੇ ਲਈ ਅਜ਼ਾਬ ਹਮੇਸ਼ਾ, ਚੰਗੀ ਗੱਲ ਨਹੀਂ ।
੧੧. ਬੀਤੇ ਲਮਹੇ ਜੋ ਗੌਲਦੇ ਪਏ ਹਾਂ
ਬੀਤੇ ਲਮਹੇ ਜੋ ਗੌਲਦੇ ਪਏ ਹਾਂ ।
ਜਿੰਦ ਖੰਡਰਾਂ 'ਚ ਰੋਲਦੇ ਪਏ ਹਾਂ ।
ਕਿਰਚੀ ਕਿਰਚੀ ਹੈ ਖਿਲਰੀਆਂ ਸਧਰਾਂ,
ਵਾਂਗ ਝੱਲਿਆਂ ਦੇ ਟੋਲਦੇ ਪਏ ਹਾਂ ।
ਸੂਲੀ ਟੰਗੀ ਇਹ ਲੋਥ ਕਿਸਦੀ ਹੈ,
ਕਫ਼ਨ ਕਿਸਦਾ ਮਧੋਲਦੇ ਪਏ ਹਾਂ ।
ਅਪਣੇ ਕੰਨੀਂ ਵੀ ਨਹੀਂ ਸਦਾ ਪੈਂਦੀ,
ਐਸੇ ਖੂਹ 'ਚੋਂ ਅਸੀਂ ਬੋਲਦੇ ਪਏ ਹਾਂ ।
ਵੇਲਾ ਸਾਨੂੰ ਲਤਾੜ ਲੰਘ ਜਾਸੀ,
ਸੁੱਕੇ ਪੱਤਰ ਹਾਂ ਡੋਲਦੇ ਪਏ ਹਾਂ ।
੧੨. ਮਾਏ ਨੀ ਮੈਂ ਰਹੀ ਕੁਚੱਜੀ
ਵਸਲ ਦੀ ਰਾਤ ਘੂਕ ਮੈਂ ਸੁੱਤੀ
ਦਿਨ ਚੜਿਆ ਤਾਂ ਭੱਜੀ
ਮਾਏ ਨੀ ਮੈਂ ਰਹੀ ਕੁਚੱਜੀ
ਆਪੂੰ ਆਪਣਾ ਯਾਰ ਗਵਾਇਆ
ਆਪੇ ਰੋ ਰੋ ਰੱਜੀ
ਮਾਏ ਨੀ ਮੈਂ ਰਹੀ ਕੁਚੱਜੀ
ਮੁੱਖ ਭੁਆ ਸੱਜਣ ਗਏ ਮੈਥੋਂ
ਸੱਟ ਹਿਜਰ ਦੀ ਵੱਜੀ
ਮਾਏ ਨੀ ਮੈਂ ਰਹੀ ਕੁਚੱਜੀ
ਜ਼ਹਿਰ ਪਿਆਲਾ ਇਸ਼ਕ ਦਾ ਪੀਤਾ
ਦੁਨੀਆਂ ਮੂਲ ਨਾ ਤੱਜੀ
ਮਾਏ ਨੀ ਮੈਂ ਰਹੀ ਕੁਚੱਜੀ
ਸੁੱਖ ਦਿਲੇ ਦਾ ਲੁੱਟਿਆ ਹੋਰਾਂ
ਨਾ ਬੋਲੀ ਨਾ ਕੱਜੀ
ਮਾਏ ਨੀ ਮੈਂ ਰਹੀ ਕੁਚੱਜੀ
ਆਪ ਸਹੇੜੀ ਸੂਲੀ ਐਪਰ
ਲੋਥ ਗਈ ਨਾ ਕੱਜੀ
ਮਾਏ ਨੀ ਮੈਂ ਰਹੀ ਕੁਚੱਜੀ
|