Tufail Khalash
ਤੁਫ਼ੈਲ ਖ਼ਲਸ਼

Punjabi Writer
  

Punjabi Poetry Tufail Khalash

ਪੰਜਾਬੀ ਕਲਾਮ ਤੁਫ਼ੈਲ ਖ਼ਲਸ਼

1. ਮੈਂ ਖ਼ਾਕ ਹਾਂ, ਹਵਾ ਹਾਂ, ਪਾਣੀ ਹਾਂ, ਨਾਰ ਹਾਂ

ਮੈਂ ਖ਼ਾਕ ਹਾਂ, ਹਵਾ ਹਾਂ, ਪਾਣੀ ਹਾਂ, ਨਾਰ ਹਾਂ
ਅਸਮਾਨਾਂ ਤੇ ਜ਼ਮੀਨ ਵਿੱਚ ਅਜ਼ਲਾਂ ਦਾ ਪਿਆਰ ਹਾਂ

ਪਾਣੀ ਦੀ ਤਹਿ ਦੇ ਵਿੱਚ ਨਾ ਮੈਨੂੰ ਤਲਾਸ਼ ਕਰ
ਮੈਂ ਤਾਰਿਆਂ ਤੋਂ ਦੂਰ ਹਾਂ, ਸੂਰਜ ਤੋਂ ਪਾਰ ਹਾਂ

ਮੇਰੇ ਚਾਰ ਚਫ਼ੇਰੇ ਫਿਰਦੇ ਚਰਾਗ਼ਾਂ ਦੇ ਵਾਂਗ ਲੋਕ
ਮੈਂ ਜ਼ਿੰਦਗੀ ਦੇ ਸ਼ਹਿਰ ਵਿੱਚ ਫਿਰਦਾ ਮਜ਼ਾਰ ਹਾਂ

ਹਰ ਬੋਲ ਕੌੜਾ ਨਿਕਲਦਾ ਮੇਰੀ ਜ਼ਬਾਨ ਚੋਂ
ਮੈਂ ਨਫ਼ਰਤਾਂ ਦਾ ਮਾਰਿਆ ਗ਼ਮ ਦਾ ਸ਼ਿਕਾਰ ਹਾਂ

ਲੱਗਦਾ ਏ ਤੈਨੂੰ ਦੁੱਖ ਦੀਆਂ ਧੁੱਪਾਂ ਨੇ ਸਾੜਿਆ
ਮੇਰੇ ਨਾ ਸਾਏ ਬੈਠੀਂ ਮੈਂ ਉੱਲਰੀ ਦੀਵਾਰ ਹਾਂ

ਹਰ ਪਾਸਿਓਂ ਯਜ਼ੀਦੀ ਫ਼ੌਜਾਂ ਨੇ ਘੇਰਿਆ
ਵੇਲੇ ਦੀ ਕਰਬਲਾ ਦਾ ਮੈਂ ਕੱਲਾ ਸਵਾਰ ਹਾਂ

ਕੱਟਿਆ ਮੇਰੀ ਜ਼ਬਾਨ ਨੂੰ ਵੇਲੇ ਦੇ ਹਾਕਮਾਂ
ਮੈਂ ਖ਼ਲਿਸ਼ ਤੇਰੇ ਸ਼ਹਿਰ ਵਿੱਚ ਗੂੰਗੀ ਪੁਕਾਰ ਹਾਂ

2. ਹਿੱਕ ਨਾਲ਼ ਚੀਰਾਂ ਸੱਤ ਸਮੁੰਦਰ, ਹੱਥ ਪਤਾਲ ਨੂੰ ਲਾਵਾਂ

ਹਿੱਕ ਨਾਲ਼ ਚੀਰਾਂ ਸੱਤ ਸਮੁੰਦਰ, ਹੱਥ ਪਤਾਲ ਨੂੰ ਲਾਵਾਂ
ਤਾਰੇ ਗੱਡਾਂ ਧਰਤੀ ਉੱਤੇ, ਪੀਂਘ ਅੰਬਰਾਂ 'ਤੇ ਪਾਵਾਂ

ਘੁੱਪ ਹਨੇਰੇ ਖਾ ਜਾਂ ਸਾਰੇ ਜੇ ਵੱਸ ਹੋਵੇ ਮੇਰੇ
ਧਰਤੀ ਨੂਰੋ-ਨੂਰ ਕਰਾਂ ਮੈਂ, ਸੂਰਜ ਮੱਥੇ ਲਾਵਾਂ

ਉਦਮਾਂ ਵਾਲੇ ਪਹਾੜਾਂ ਵਿੱਚੋਂ ਰਸਤੇ ਨਵੇਂ ਬਣਾਉਂਦੇ
ਉਹ ਨਹੀਂ ਮੰਜ਼ਿਲ ਉੱਤੇ ਪੁੱਜਦੇ ਜਿਹੜੇ ਪੁੱਛਦੇ ਰਾਹਵਾਂ

ਅਸਮਾਨਾਂ ਵੱਲ ਤੱਕਣ ਵਾਲੇ ਧਰਤੀ ਨੂੰ ਭੁੱਲ ਜਾਂਦੇ
ਹੱਥੀਂ ਕੁਝ ਨਹੀਂ ਕਰਦੇ ਐਵੇਂ ਮੰਗਦੇ ਰਹਿਣ ਦੁਆਵਾਂ

ਆਪਣੇ ਆਪਣੇ ਜ਼ਰਫ਼ ਦੀ ਗੱਲ ਏ ਫ਼ਰਕ ਦੱਸੇ ਵਰਤਾਰਾ
ਪਹਾੜ ਨਾ ਖਿਸਕੇ ਆਪਣੀ ਥਾਂ ਤੋਂ ਰੁਖ਼ ਬਦਲੇ ਦਰਿਆਵਾਂ

ਮੁੱਦਤ ਪਿਛੋਂ ਜਦ ਮੈਂ ਜਾ ਕੇ ਆਪਣੇ ਪਿੰਡ ਨੂੰ ਤੱਕਿਆ
ਬੰਦੇ ਓਪਰੇ ਓਪਰੇ ਲੱਗੇ ਜਾਣੂ ਲੱਗੀਆਂ ਥਾਂਵਾਂ

ਸਾਥ ਨਿਭਾਇਆ ਖ਼ਲਸ਼ ਜੀ ਮੇਰਾ, ਬਾਲਪੁਣੇ ਦੀਆਂ ਯਾਦਾਂ
ਸਾਂਝ ਨਿਭਾਈ ਅੱਜ ਤੱਕ ਜਿਸਰਾਂ, ਰੁੱਖਾਂ ਨਾਲ ਹਵਾਵਾਂ

3. ਨਵੀਂ ਸਵੇਰ ਦਾ ਰਾਹ ਨਾ ਰੋਕੋ ਨੀਹਰੇ ਤੁਸੀਂ ਵਧਾਓ ਨਾ

ਨਵੀਂ ਸਵੇਰ ਦਾ ਰਾਹ ਨਾ ਰੋਕੋ ਨ੍ਹੇਰੇ ਤੁਸੀਂ ਵਧਾਓ ਨਾ
ਮੇਰੇ ਸ਼ਹਿਰ ਦੇ ਆਲ ਦੁਆਲੇ ਕੰਧਾਂ ਹੋਰ ਬਣਾਓ ਨਾ

ਸੂਰਜ ਦਾ ਮੂੰਹ ਧੋਵਣ ਦੇ ਲਈ ਅੰਬਰਾਂ ਵੱਲ ਉਛਾਲ ਦਿਓ
ਇਨ੍ਹਾਂ ਕਾਲੀਆਂ ਸੜਕਾਂ ਉਤੇ ਖ਼ੂਨ ਦੇ ਛਿੱਟੇ ਲਾਉ ਨਾ

ਕੀ ਹੋਇਆ ਜੇ ਤੁਹਾਡੇ ਸੀਨੇ ਪਿਆਰ ਖ਼ਲੂਸ ਤੋਂ ਖ਼ਾਲੀ ਨੇ
ਨਵੀਂ ਨਸਲ ਦਿਆਂ ਲੋਕਾਂ ਵਿਚ ਤੇ ਇੰਜ ਨਫ਼ਰਤ ਵਰਤਾਉ ਨਾ

ਜੱਗ ਨੂੰ ਰੌਸ਼ਨ ਕਰਨ ਦੀ ਖ਼ਾਤਿਰ ਲਹੂ ਦੇ ਦੀਵੇ ਬਾਲ ਦਿਓ
ਆਪਣੇ ਦੌਰ ਦੇ ਘੁੱਪ ਹਨੇਰੇ ਆਪਣੇ ਸੀਨੇ ਲਾਉ ਨਾ

ਆਪਣੀ ਗ਼ਰਜ਼ ਦਾ ਹਰ ਕੋਈ ਬੇਲੀ ਯਾਰ ਹੈ ਆਪਣੇ ਮਤਲਬ ਦਾ
ਹੱਸਦੇ ਮਥੇ ਦੇਖ ਕੇ ਏਥੇ ਪਿਆਰ ਦੇ ਧੋਖੇ ਖਾਓ ਨਾ

ਦੱਸੋਗੇ ਜੱਗ ਨੂੰ ਮੰਜ਼ਰ ਮੇਰੀ ਮੌਤ ਕਹਾਣੀ ਦਾ
ਮੇਰੇ ਮਰਨ ਤੋਂ ਪਹਿਲਾਂ ਯਾਰੋ ਮੈਥੋਂ ਮੁੱਖ ਪਰਤਾਉ ਨਾ

'ਖ਼ਲਸ਼' ਦੇ ਮਗਰੋਂ ਇਸ ਧਰਤੀ ਤੇ ਸੱਚ ਕਿਸੇ ਵੀ ਕਹਿਣਾ ਨਹੀਂ
ਏਸ ਸਮੇ ਦਿਓ ਲੋਕੋ ਇਹਨੂੰ ਸੂਲ਼ੀ ਤੇ ਲਟਕਾਉ ਨਾ