ਇੰਜ ਲਗਦਾ ਏ ਦੁਸ਼ਮਣ ਹੋ ਗਏ, ਅਜ ਦੁਨੀਆਂ ਦੇ ਸਾਰੇ ਲੋਕ ।
ਸਾਡੇ ਵੈਰੀਆਂ ਨਾਲ ਖੜ੍ਹੇ ਨੇ, ਸਾਡੀ ਜਾਨ ਤੋਂ ਪਿਆਰੇ ਲੋਕ ।
ਜਿਹੜਾ ਘੁੱਟ ਘੁੱਟ ਜੱਫੀਆਂ ਪਾਵੇ, ਉਸ ਤੋਂ ਬਚ ਕੇ ਰਹਿਣਾ ਏ,
ਅੱਜ ਕਲ ਨਫ਼ਰਤ ਜ਼ਾਹਰ ਨਹੀਂ ਕਰਦੇ, ਇਕ ਦੂਜੇ ਦੇ ਬਾਰੇ ਲੋਕ ।
ਭੁੱਖ-ਤ੍ਰੇਹ ਤੇ ਚੁਭਦੀਆਂ ਗੱਲਾਂ, ਵਿਛੜਿਆਂ ਦਾ ਸਾਰਾ ਗ਼ਮ,
ਖ਼ੌਰੇ ਕਿੱਦਾਂ ਚੁਕ ਲੈਂਦੇ ਨ, ਇੰਜ ਦੇ ਪੱਥਰ ਭਾਰੇ ਲੋਕ ।
ਇਸ਼ਕ ਦੀ ਬਸਤੀ ਦੇ ਵਿੱਚ ਸਾਰੇ, ਮੌਸਮ ਉਲਟੇ ਚਲਦੇ ਨੇ,
ਪੋਹ ਦੇ ਪਾਲਿਆਂ ਸਾੜ ਸੁੱਟੇ 'ਤੇ, ਹਾੜ੍ਹ ਦੀ ਧੁੱਪ ਨੇ ਠਾਰੇ ਲੋਕ ।
ਸਾਰੀ ਗੱਲ ਮੁਕੱਦਰ ਉੱਤੇ, ਆ ਕੇ ਮੁੱਕ ਗਈ ਸੀ ਯਾਰੋ,
ਹਾਰੀ ਬਾਜ਼ੀ ਜਿੱਤ ਕੇ ਲੈ ਗਏ, ਜਿੱਤੀ ਬਾਜ਼ੀ ਹਾਰੇ ਲੋਕ ।
ਕਿੱਦਾਂ ਪਲਦਾ ਧੁੱਪਾਂ ਦੇ ਵਿੱਚ, ਸਾਡੇ ਪਿਆਰਾਂ ਦਾ ਬੂਟਾ,
ਸ਼ਾਖ਼ ਫੁੱਟਣ ਤੋਂ ਪਹਿਲਾਂ ਹੀ ਜਦ, ਲੈ ਕੇ ਆ ਗਏ ਆਰੇ ਲੋਕ ।
ਸੱਚ ਹੀ ਯਾਰਾਂ ਆਖਿਆ 'ਤਾਰਕ', ਤੇਰੀ ਗੱਲ ਵਿੱਚ ਵਜ਼ਨ ਨਹੀਂ,
ਕੱਖੋਂ ਹੌਲੇ ਹੋ ਜਾਂਦੇ ਨੇ, ਇਸ਼ਕ ਦੀ ਬਾਜ਼ੀ ਹਾਰੇ ਲੋਕ ।
ਜੁੱਸਿਆਂ ਉੱਤੇ ਨੀਲ ਪਏ ਨੇ, ਰੂਹਾਂ ਅੰਦਰ ਖੱਡੇ ।
ਮੋਇਆਂ ਦੇ ਦੁੱਖ ਭੁੱਲ ਜਾਂਦੇ ਨੇ, ਧਰਤੀ ਦੇ ਦੁਖ ਵੱਡੇ ।
ਧਰਮ-ਛੜੀ ਨੇ ਮੇਰੇ ਦੇਸ਼ ਦੀ, ਹਿੱਕ ਤੇ ਲੀਕਰ ਪਾ ਕੇ,
ਸਾਰੇ ਵਸਨੀਕਾਂ ਦੇ ਜੁੱਸੇ, ਲਹੂ ਲਹੂ ਕਰ ਛੱਡੇ ।
ਇਸ ਦੁਨੀਆਂ ਵਿੱਚ ਦਿਨੇ ਦੁਪਹਿਰੇ, ਅਜਬ ਤਮਾਸ਼ਾ ਹੋਇਆ,
ਘਰ ਦੇ ਮਾਲਕ ਘਰ ਵਿੱਚ ਆ ਕੇ, ਲੋਕਾਂ ਘਰਾਂ 'ਚੋਂ ਕੱਢੇ ।
ਖ਼ੌਰੇ ਨਜ਼ਰ ਕਿਨ੍ਹਾਂ ਦੀ ਖਾ ਗਈ, ਹਸਦੇ ਵਸਦੇ ਘਰ ਨੂੰ,
ਵਿਹੜੇ ਵਿੱਚ ਖਲੋ ਕੇ ਭਾਈਆਂ, ਭਾਈਆਂ ਦੇ ਗਲ ਵੱਢੇ ।
ਸੜਦੇ ਬਲਦੇ ਮਾਰੂਥਲ ਵਿੱਚ, ਖ਼ੌਰੇ ਕੀ ਸੀ ਜਾਦੂ,
ਲੋਕਾਂ ਰੇਤ ' ਚ ਘਰ ਪਾਵਣ ਲਈ, ਮਹਿਲ ਮੁਨਾਰੇ ਛੱਡੇ ।
'ਤਾਰਕ' ਸਮੇਂ ਤੋਂ ਬਾਗ਼ੀ ਹੋਇਆ, ਇਹ ਗਲ ਜਾਣਦਾ ਬੁੱਝਦਾ,
ਜਿਹੜੇ ਵੇਲੇ ਦੇ ਨਾਲ ਚੱਲੇ, ਉਹੋ ਸਭ ਤੋਂ ਵੱਡੇ ।
ਕੱਲਮ-ਕੱਲਾ 'ਸਾਕੀ' ਏ ।
ਰਾਤ ਵੀ ਸਾਰੀ ਬਾਕੀ ਏ ।
ਪੀਂਦੇ-ਪੀਂਦੇ ਉਮਰ ਗੁਜ਼ਾਰੀ,
ਪਿਆਸ ਅਜੇ ਵੀ ਬਾਕੀ ਏ ।
ਮੈਅ ਖ਼ਾਨੇ ਦੇ ਬਾਹਰ ਫ਼ਰਿਸ਼ਤੇ,
ਅੰਦਰ ਬੰਦਾ ਖ਼ਾਕੀ ਏ ।
ਖ਼ੌਰੇ ਕਿਸ ਦਿਨ ਪਰਤ ਪਵੇ ਉਹ,
ਖੋਲ੍ਹ ਰੱਖੀ ਮੈਂ ਤਾਕੀ ਏ ।
ਨਾਲ ਦਿਆਂ ਰਾਹੀਆਂ ਨੂੰ ਪੁੱਛਾਂ,
ਪੰਧ ਕਿੰਨਾਂ ਕੁ ਬਾਕੀ ਏ ।
ਕੱਲ੍ਹ ਤੱਕ ਪੀਣੋਂ ਰੋਕਣ ਵਾਲਾ,
ਅੱਜ ਕੱਲ੍ਹ ਸਾਡਾ 'ਸਾਕੀ' ਏ ।
ਧੋਂਦੇ ਧੋਂਦੇ ਉਮਰ ਬਿਤਾਈ,
ਜੀਵਨ ਮੇਰੀ ਟਾਕੀ ਏ ।
ਦਿਲ ਤੇ ਮੈਲ ਨਾ ਹੋਵੇ 'ਤਾਰਿਕ',
ਫਿਰ ਪਾਕੀ ਹੀ ਪਾਕੀ ਏ ।
ਅਸੀਂ ਆਂ ਆਪਣੀ ਜ਼ਾਤ ਦੇ ਖੋਜੀ,
ਅਸਾਂ ਤੇ ਪੱਖੀ ਵਾਸ ।
ਨਾ ਤੇ ਕਿਧਰੇ ਸ਼ਾਮ ਦੇ ਜਾਣੂੰ,
ਨਾ ਕਿਸੇ ਸਵੇਰ ਦੀ ਆਸ ।
ਆਪਣੇ ਦੇਸ਼ ਦੇ ਅੰਦਰ ਵੀ ਤੇ,
ਲਗਦੇ ਹਾਂ ਪ੍ਰਦੇਸੀ ।
ਖ਼ਵਰੇ ਕਿਸ ਦਿਨ ਟੁਰਨਾ ਪੈ ਜਾਏ,
ਰੱਖ ਮੋਢੇ ਤੇ ਖੇਸੀ ।
ਉਮਰਾਂ ਕੋਲੋਂ ਵੱਡੇ ਦੁੱਖ ਨੇ,
ਸਾਡੀ ਜਿੰਦ ਨੇ ਝੱਲੇ ।
ਦਿਲ ਦੇ ਜ਼ਖ਼ਮ ਤਾਂ ਭਰ ਜਾਂਦੇ ਨੇ,
ਰੂਹ ਦੇ ਜ਼ਖ਼ਮ ਅਵੱਲੇ ।
ਕੋਈ ਸਾਡੀ ਰਾਹ ਨਾ ਮੱਲੇ ।
ਅਸਾਂ ਤੇ ਪੱਖੀ ਵਾਸ ।
ਸਾਨੂੰ ਸੂਰਜ ਘਰ ਦੀ ਆਸ ।