ਸੁਨਹਿਰੀ ਕਲੀਆਂ ਬਾਬੂ ਫ਼ੀਰੋਜ਼ਦੀਨ ਸ਼ਰਫ਼
ਸੀਨੇ ਫੁੱਲਾਂ ਦੇ ਪਾਟਕੇ ਹੋਨ ਲੀਰਾਂ,
ਬੰਨ੍ਹ ਸੰਦਲੇ ਬੁਲਬੁਲਾਂ ਰੋਣ ਲੱਗਣ !
ਪਾੜ ਪਾੜ ਕਲੀਆਂ ਅੱਧੜਵੰਜਿਆਂ ਨੂੰ,
ਹੋਕੇ ਨੰਗ ਧੜੰਗ ਖਲੋਣ ਲੱਗਣ !
ਨਿਕਲੇ ਅੱਗ ਪਹਾੜਾਂ ਦੇ ਪੱਥਰਾਂ ਚੋਂ,
ਪਾਣੀ ਪਾਣੀ ਸਮੁੰਦਰ ਸਭ ਹੋਣ ਲੱਗਣ !
ਫਿਰ ਫਿਰ ਜ਼ਿਮੀਂ ਅਸਮਾਨ ਦੇ ਪੁੜ ਦੋਵੇਂ,
ਚੱਕੀ ਨਿੱਤ ਦੇ ਸੋਗਾਂ ਦੀ ਝੋਣ ਲੱਗਣ !
ਇਕ ਇਕ ਵਲ ਜੀਹਦਾ ਗਲ ਦਾ ਹਾਰ ਹੋਵੇ,
ਅਜ ਮੈਂ ਗੱਲ ਹਾਂ ਐਸੀ ਸੁਨੌਣ ਆਇਆ !
ਗੂਹੜੀ ਨੀਂਦ ਅੰਦਰ ਸੌਣ ਵਾਲਿਆਂ ਨੂੰ
ਝੂਣ ਝੂਣ ਕੇ ਸਿਰੋਂ ਜਗੌਣ ਆਇਆ !
ਇਕ ਦਿਨ ਆਈ ਸੀ ਮੇਰੇ ਤੇ ਰਾਤ ਓਹੋ,
ਸੁਣਕੇ ਚਿਰਾਂ ਦਾ ਜਿਨ੍ਹੂੰ ਮੈਂ ਡੋਲਦਾ ਸਾਂ !
ਹੁੱਸੜ ਆਣਕੇ ਰਗਾਂ ਤੋਂ ਘੁੱਟਦਾ ਸੀ,
ਰਤੀ ਗੱਲ ਭੀ ਜੇ ਮੂੰਹੋਂ ਬੋਲਦਾ ਸਾਂ !
ਗੰਢਾਂ ਜੇੜ੍ਹੀਆਂ ਹੱਥੀ ਮੈਂ ਦਿੱਤੀਆਂ ਸਨ,
ਵਿਲਕ ਵਿਲਕ ਕੇ ਦੰਦੀਆਂ ਖੋਲ੍ਹਦਾ ਸਾਂ !
ਕਾਲੀ ਜ਼ੁਲਫ਼ ਨਾ ਰੈਨ ਦੀ ਮੁੱਕਦੀ ਸੀ,
ਪਿਆ ਸੱਪ ਵਾਗੂੰ ਵਿੱਸ ਘੋਲਦਾ ਸਾਂ !
ਹੋ ਗਏ ਅੱਡਰੇ, ਗ਼ਮਾਂ ਕੁਝ ਸਾਂਝ ਤੋੜੀ,
ਅੱਖ ਨੀਂਦ ਦੇ ਕੰਢੇ ਤੇ ਵੱਗ ਲੱਗੀ !
ਉਹਦਾ ਇੱਕ ਚੰਗਿਆੜਾ ਮੈਂ ਦੱਸਨਾ ਹਾਂ,
ਜੇੜ੍ਹੀ ਸੁਫ਼ਨੇ ਅੰਦਰ ਮੈਨੂੰ ਅੱਗ ਲੱਗੀ !
ਐਸਾ ਧੌਲਰ ਇਕ ਵੇਖਿਆ ਮਨ-ਮੋਹਣਾ,
ਜਿਸ ਨੂੰ ਵੇਖਕੇ ਹੋਵੇ ਹੈਰਾਨ "ਜੱਨਤ" !
ਓਹਦੀ ਇਕ ਇਕ ਮੋਰੀ ਦੀ ਇੱਟ ਉਤੋਂ,
ਕਰੇ ਪਿਆ 'ਸ਼ੱਦਾਦ' ਕੁਰਬਾਨ ਜੱਨਤ !
ਓਹਨੂੰ ਵੇਖਣ ਜੇ ਓਪਰੇ ਮੁਲਕ ਵਾਲੇ,
ਜੀਉਂਦੀ ਜਾਨ ਨਾ ਕਦੀ ਭੀ ਜਾਨ ਜੱਨਤ !
ਲਿਖਿਆ ਹੋਇਆ ਸੀ ਮੋਟਿਆਂ ਅੱਖਰਾਂ ਦਾ,
ਓਹਦੇ ਮੱਥੇ ਉੱਤੇ 'ਹਿੰਦੁਸਤਾਨ' ਜੱਨਤ !
ਰਵਾਂ ਰਵੀਂ ਮੈਂ ਲੰਘਿਆ ਜਾ ਡਿੱਠਾ,
ਓਹਦੇ ਵਿੱਚ ਇਕ ਲੱਗਾ ਦਰਬਾਰ ਸੁੰਦਰ !
ਸ਼ੋਅਲੇ ਨੂਰ ਦੇ ਨਾੜਾਂ ਚੋਂ ਨਿਕਲਦੇ ਸਨ,
ਚੜ੍ਹਦੀ ਇੱਕ ਤੋਂ ਇੱਕ ਸੀ ਨਾਰ ਸੁੰਦਰ !
ਇੱਕਲਵਾਂਜੇ ਮੈਂ ਓਹਲੇ ਖਲੋ ਡਿੱਠੀ ।
ਜਿਹੜੀ ਜਿਹੜੀ ਸੀ ਉਨ੍ਹਾਂ ਨੇ ਕਾਰ ਕੀਤੀ !
ਕਿਸੇ ਆਖਿਆ ਏ ਜ਼ਰਾ 'ਹਿੱਡੇ ਅੱਚੋ',
ਮਿੱਠੀ 'ਸਿੰਧੀ' ਵਿੱਚ ਗੱਲ ਗੁਫ਼ਤਾਰ ਕੀਤੀ !
ਕਿਸੇ ਕਿਹਾ ਗੁਜਰਾਤੀ ਵਿਚ 'ਤਮੀ ਚਾਲੋ',
'ਰਾਜ਼ੇ ਖ਼ੈਲੇ' ਦੀ ਕਿਸੇ ਪੁਕਾਰ ਕੀਤੀ ?
ਫਿਰ ਫਿਰ ਵਾਂਗ 'ਮਰਹੱਟੀ' ਮਰ-ਹਟੀ ਕੋਈ,
ਬੜੀ 'ਹੇਕੜੇ ਤੇਕੜੇ' ਮਾਰ ਕੀਤੀ ।
'ਬਾੜੀ ਆਪਨਾ ਕੁਥੈ ਛੇ' ਕਿਸੇ ਕਹਿਕੇ,
ਡਾਢੇ ਜਾਦੂ ਚਲਾਏ ਬੰਗਾਲੀਆਂ ਦੇ !
'ਮੰਚੀ ਮੰਚੀ' ਪੁਕਾਰ ਮਦਰਾਸ ਵਾਲੀ,
ਮੂੰਹ ਕੀਤੇ ਸਨ ਬੰਦ ਸਵਾਲੀਆਂ ਦੇ !
ਦੱਸ "ਹਿਨਾਕਸੁੱਲਰ ਦੇ" ਨਾਂ ਕੀ ਊ,
ਲੰਕਾ ਵਾਲੀ ਦੁਲਾਰੀ ਵਸਨੀਕ ਬੋਲੀ !
ਰਹਿਣ ਵਾਲੀ ਨਿਪਾਲ ਦੇ ਪੱਥਰਾਂ ਦੀ,
'ਨਿੱਕਾ ਨੰਦ ਛੋਹ' ਮਾਰਕੇ ਚੀਕ ਬੋਲੀ !
ਬ੍ਰਹਮੀ 'ਮੋਟੇ ਮਮੂਲੇ' ਦਾ ਛਿੱਨ ਪਾਇਆ,
'ਕੱਥਬੋਜ਼' ਕਸ਼ਮੀਰ ਦੀ ਠੀਕ ਬੋਲੀ !
ਇਕ ਸੀ ਸਾਰੇ ਜ਼ਮਾਨੇ ਦੀ ਛਟੀ ਹੋਈ,
ਮੂੰਹੋਂ ਸੁੱਟਕੇ ਪਾਨ ਦੀ ਪੀਕ ਬੋਲੀ !
"ਆਏ ਮੇਰੇ ਮੁਕਾਬਲ ਵੁਹ ਆਜ ਮੂਈ,
ਜਿਸ ਕਰਨੀ ਹੋ ਦੁਨੀਆਂ ਮੇਂ ਰੀਸ ਮੇਰੀ !
ਮੇਰੀ ਜ਼ਰੀ ਸੀ ਬਾਤ ਭੀ ਪਰੀ ਸੀ ਹੈ,
ਚੋਟੀ ਗੂੰਦੇ ਹੈ ਸਦਾ 'ਬਲਕੀਸ', ਮੇਰੀ !
ਦਿੱਤੀ ਜਦੋਂ ਉੜੇਸ 'ਓੜੀਸਾ' ਵਾਲੀ,
ਇਕ ਨੇ ਹਿੰਦੀ ਅੰਦਰ 'ਵ੍ਯਾਖ੍ਯਾਨ' ਕੀਤਾ !
ਦੋ ਤਿੰਨ ਡਿੱਠੀਆਂ ਉੱਥੇ ਪ੍ਰਾਹੁਣੀਆਂ ਭੀ,
ਚੰਗੀ ਤਰਾਂ ਮੈਂ ਜਦੋਂ ਧਿਆਨ ਕੀਤਾ !
ਇਖ਼ਤਸਾਰ ਗੁਫ਼ਤਮ ਦੋ ਸਿਹ ਚਾਰ ਕਲਮਾ,
ਦੇ ਇਕ ਨੇ ਕਹਿਕੇ ਏ ਬੰਦ ਬਿਆਨ ਕੀਤਾ !
ਕੁਮਕੁਮ ਯਾ ਹਬੀਬੀ ਇਕ ਪਈ ਆਖਦੀ ਸੀ,
ਸਭ ਨੇ ਮਿੱਠੜਾ ਬੋਲ ਪਰਵਾਨ ਕੀਤਾ !
ਬਣੀ ਹੋਈ ਸੀ ਜੇਹੜੀ ਪ੍ਰਧਾਨ ਉੱਥੇ,
ਓਹ ਕੋਈ ਪਰੀ ਸਮੁੰਦਰੋਂ ਪਾਰ ਦੀ ਸੀ !
ਰੌਲਾ ਪੈਂਦਾ ਸੀ ਜਦੋਂ ਦਰਬਾਰ ਅੰਦਰ,
ਫੌਰਨ 'ਆਡਰ' ਪਲੀਜ਼ ਪੁਕਾਰ ਦੀ ਸੀ !
ਜਿਹਨੂੰ ਅੱਖੀਆਂ ਮੇਰੀਆਂ ਵੇਂਹਦੀਆਂ ਸਨ,
ਹਾਏ ਉਹ ਲੱਭੀ ਨਾਂ ਓਸ ਦਰਬਾਰ ਵਿੱਚੋਂ !
ਟੁੱਟੀ ਡਾਢ ਕਲੇਜੇ ਨੂੰ ਵਾਢ ਲੱਗੀ,
ਫਿਰ ਗਈ ਆਹਾਂ ਦੀ ਤੇਜ਼ ਤਲਵਾਰ ਵਿੱਚੋਂ !
ਮੈਂ ਇਹ ਜਾਣਿਆ ਹੋਵੇਗੀ ਕਿਤੇ ਬੈਠੀ,
ਦਿਲ ਨੇ ਕਿਹਾ ਏਹ ਮੈਨੂੰ ਪੁਕਾਰ ਵਿੱਚੋਂ !
ਏਥੇ ਹੁੰਦੀ ਜੇ ਭਲਾ ਓਹ ਲੁਕੀ ਰਹਿੰਦੀ ?
'ਗੁੱਝੀ ਰਹੇ ਨਾਂ ਹੀਰ ਹਜ਼ਾਰ ਵਿੱਚੋਂ !'
ਲਾਂਭੇ ਬੈਠ ਖਰੋਚ ਖਰੋਚ ਧਰਤੀ,
ਹੋਰ ਹੋਰ ਸੋਚਾਂ ਸੋਚਣ ਲਗ ਪਿਆ ਮੈਂ !
ਲੈਂਦਾ ਲੂਸਣੀ ਹੰਝੂ ਦੇ ਵਾਂਗ ਓੜਕ,
ਓਥੋਂ ਨਿਕਲਕੇ ਬਾਹਰ ਨੂੰ ਵਗ ਪਿਆ ਮੈਂ !
ਗਿਆ ਪੈਲੀ ਦੀ ਵਾਟ ਤੇ ਵੇਖਿਆ ਕੀ ?
ਕੂੰਜ ਵਾਂਗ ਇਕ ਨਾਰ ਕੁਰਲਾਂਵਦੀ ਸੀ !
ਪੂੰਝ ਪੂੰਝ ਕੇ ਅੱਥਰੂ ਰੱਤ ਭਿੰਨੇ,
ਮਹਿੰਦੀ ਸੋਗਾਂ ਦੀ ਹੱਥਾਂ ਨੂੰ ਲਾਂਵਦੀ ਸੀ !
ਲੀੜੇ ਮੈਲ ਦੇ ਨਾਲ ਸਨ ਕੁੜੇ ਉਹਦੇ,
ਸੂਰਤ ਝੱਲੀ ਦੀ ਝੱਲੀ ਨਾਂ ਜਾਂਵਦੀ ਸੀ !
ਮੈਂ ਇਹ ਸਮਝਿਆ 'ਦੀਪਕ' ਮਲ੍ਹਾਰ ਗਾਵੇਂ,
ਉਹ ਪਈ ਜਿਗਰ ਦੀ ਲੰਬ ਬੁਝਾਂਵਦੀ ਸੀ !
ਵੇਖ ਵੇਖ ਕੇ ਅੰਬਰਾਂ ਵੱਲ ਰੋਵੇ,
ਅੱਖਾਂ ਵਿੱਚੋਂ ਪਏ ਅੱਥਰੂ ਛੁੱਟਦੇ ਸਨ !
ਏਧਰ ਮੋਤੀ ਅਣਵਿੱਧ ਉਹ ਤੋੜਦੀ ਸੀ,
ਓਧਰ ਤਾਰੇ ਅਸਮਾਨ ਤੋਂ ਟੁੱਟਦੇ ਸਨ !
ਜਾਕੇ ਕੋਲ ਮੈਂ ਆਖਿਆ 'ਦੱਸ ਮਾਈ,
ਬੜੇ ਦੁੱਖੜੇ ਵਾਲੀ ਸੰਞਾਪਨੀ ਏਂ !
ਕੌਣ ਵਿਛੜਿਆ ਜੀਹਦੇ ਵਿਜੋਗ ਅੰਦਰ,
ਡੂੰਘੇ ਵੈਣਾਂ ਦੇ ਰਾਗ ਅਲਾਪਨੀ ਏਂ?
'ਸਾਢੇ ਤਿੰਨ ਹੱਥ' ਲੰਮੀ ਹੈ ਆਹ ਤੇਰੀ,
ਏਹ ਤੂੰ ਕਬਰ ਦੀ ਜਿਮੀਂ ਪਈ ਨਾਪਨੀ ਏਂ?
ਕੇਸ ਵੇਸ ਤੇਰੇ ਟੁੱਟੇ ਖੁੱਸੇ ਹੋਏ ਨੇ,
ਕਿਸੇ ਦੇਸ ਦੀ ਰਾਣੀ ਉਂਜ ਜਾਪਨੀ ਏਂ !
ਜਿੱਥੇ ਜੰਮੀਓਂ ਉਗੀਓਂ ਹੋਈਓਂ ਐਡੀ,
ਭਾਗਾਂ ਵਾਲਾ ਉਹ ਕੇਹੜਾ ਗਰਾਂ ਤੇਰਾ ?
ਰੱਬ ਸੱਤਰ ਵਾਰੀ, ਤੇਰੇ ਸਤਰ ਕੱਜੇ,
ਬੋਲੀਂ ਹੱਸਕੇ ਦੱਸ ਕੀ ਨਾਂ ਤੇਰਾ ?'
ਕਹਿਣ ਲੱਗੀ ਉਹ ਮੇਰੇ ਵੱਲ ਮੂੰਹ ਕਰਕੇ:-
'ਕਿੱਥੋਂ ਆ ਗਿਓਂ ਮੈਨੂੰ ਪਤਿਆਉਣ ਵਾਲਾ ?
ਸੱਜੇ ਪੱਟ 'ਚੋਂ ਨਿਕਲਿਆ ਪੁੱਤ ਜੇਠਾ,
ਮੇਰੇ ਪੀੜਾਂ ਤੇ ਦਰਦ ਵੰਡਾਉਣ ਵਾਲਾ ?
ਰਾਹੇ ਜਾਂਦਿਆਂ ਜਾਂਦਿਆਂ ਸਖ਼ੀ ਵੱਡਾ,
'ਹਾਤਮ' ਵਾਂਗ ਸਵਾਲ ਨਿਭਾਉਣ ਵਾਲਾ !
'ਰੁਸਤਮ' ਕੋਲੋਂ ਭੀ ਆਯੋਂ ਵਰਯਾਮ ਵਧਕੇ,
ਨਵ੍ਹਾਂ ਨਾਲ ਹਿਮਾਲਾ ਨੂੰ ਢਾਉਣ ਵਾਲਾ !
ਮੇਰੇ ਸੀਨੇ ਵਿੱਚ ਦਾਗ਼ ਬੇਅੰਤ ਲੱਗੇ,
ਤੇਰੇ ਕੋਲੋਂ ਏਹ ਕਦੀ ਨਹੀਂ ਗਿਣੇ ਜਾਣੇ !
ਜਾਹ ! ਜਾ ! ਪੈਂਡਾ ਨਾਂ ਆਪਣਾ ਕਰੀਂ ਖੋਟਾ,
ਤੀਲੇ ਨਾਲ ਸਮੁੰਦਰ ਨਹੀਂ ਮਿਣੇ ਜਾਣੇ !'
ਕੀਤਾ ਮੋੜ ਮੈਂ 'ਮਾਈ ਜੀ ! ਕਰੋ ਜੇਰਾ,
ਐਡ ਰੋਹ ਦੇ ਤੰਬੂ ਪਏ ਤਾਣੀਏ ਨਾਂ !
ਲਾਲ ਪੱਥਰਾਂ ਵਿੱਚੋਂ ਈਂ ਨਿਕਲਦੇ ਨੇ,
ਮੋਤੀ ਵਾਸਤੇ ਦੁੱਧ ਨੂੰ ਛਾਣੀਏ ਨਾਂ !
ਜੋ ਜੋ ਰੱਬ ਨੇ ਕੀਤੀ ਹੈ ਚੀਜ਼ ਪੈਦਾ,
ਉਹਨਾਂ ਵਿੱਚੋਂ ਨਿਗੂਣੀ ਕੋਈ ਜਾਣੀਏ ਨਾਂ!
ਲੜ ਕੇ ਸੁੰਡ ਵਿੱਚ ਹਾਥੀ ਮਰੁੰਡ ਦੇਵੇ,
ਕਦੀ ਕੀੜੀ ਭੀ ਕੂੜੀ ਪਛਾਣੀਏ ਨਾਂ !
ਵੇਖੀਂ ਟੈਣੇ ਟਟਹਿਣੇ ਦੇ ਟਿਮਕਣੇ ਤੂੰ,
ਉੱਡਿਆ ਜਾਂਦਾ ਵੀ ਕਰਦਾ ਓਹ ਲੋ ਜਾਵੇ !
ਮੈਨੂੰ ਗੱਲਾਂ ਤੂੰ ਖੋਲ੍ਹਕੇ ਦੱਸ ਤੇ ਸਹੀ ?
ਖ਼ਬਰੇ ਮੈਥੋਂ ਭੀ ਸੇਵਾ ਕੋਈ ਹੋ ਜਾਵੇ !'
ਬੋਲੀ:-'ਖਹਿੜਾ ਜੇ ਮੇਰਾ ਤੂੰ ਛੱਡਣਾ ਨਹੀਂ,
ਬਹਿ ਜਾ ਚੌਂਕੜੀ ਮਾਰਕੇ ਕੋਲ ਮੇਰੇ !
ਫੜਕੇ ਤੱਕੜੀ ਅਕਲ ਦੀ ਹੋਈਂ ਤਕੜਾ,
ਬੋਹਲ ਦੁੱਖਾਂ ਦੇ ਲਈਂ ਸਭ ਤੋਲ ਮੇਰੇ !
ਹਾਸੇ ਵਿੱਚ ਨਾਂ ਐਵੇਂ ਘਚੋਲ ਸੁੱਟੀਂ,
ਇਹ ਕਰੁੱਤੜੇ ਫੁੱਲ ਨੀ ਬੋਲ ਮੇਰੇ !
ਹੜ ਵਗਣ ਨਾਂ ਇਨ੍ਹਾਂ ਚੋਂ ਹਾੜਿਆਂ ਦੇ,
ਛਾਲੇ ਵੇਖੀਂ, ਪਰ ਵੇਖੀਂ ਅਡੋਲ ਮੇਰੇ !
ਪੱਖੀ ਵਾਂਗ ਮੈਂ ਡੋਲਦੀ ਫਿਰਾਂ ਸਾਰੇ,
ਮੈਨੂੰ ਝੱਲੀ ਨੂੰ ਲੋਕ ਨਾਂ ਝੱਲਦੇ ਨੇ !
ਓਸ ਸੂਬੇ ਦੀ 'ਰਾਣੀ' ਮੈਂ ਗਈ ਰਾਣੀਂ,
ਜੀਹਦੇ ਪੰਜ ਦਰਿਆ ਅਜ ਚੱਲਦੇ ਨੇ !
'ਅੰਗਦ ਦੇਵ' ਜੀ ਦੇ ਘਰ ਮੈਂ ਜਨਮ ਲੀਤਾ,
ਪਾਈ ਦੀਦ ਅਪੱਛਰਾਂ ਆਣਕੇ ਵੇ !
ਦਸਮ ਗੁਰੂ ਦੀ ਗੋਦ ਵਿੱਚ ਖੇਡਦੀ ਰਹੀ,
ਉਨ੍ਹਾਂ ਪਾਲਿਆ ਲਾਡਲੀ ਜਾਣਕੇ ਵੇ!
ਕੀਤੀ 'ਫੂਲ ਖ਼ਣਵਾਦੇ' ਨੇ ਕਦਰ ਮੇਰੀ,
ਮੈਨੂੰ ਫੁੱਲਾਂ ਤੋਂ ਸੋਹਲ ਪਛਾਣਕੇ ਵੇ!
ਆਵੇ ਯਾਦ ਦਰਬਾਰ ਰਣਜੀਤ ਸਿੰਘ ਦਾ,
ਮੇਰੀ ਜਾਨ ਲੈ ਜਾਂਦਾ ਏ ਰਾਣਕੇ ਵੇ !
ਖੁਲ੍ਹੇ ਕੇਸ ਪਰਾਂਦੜਾ ਹੱਥ ਫੜਿਆ,
ਏਸੇ ਚੌਂਕ ਗਵਾਚੇ ਨੇ ਫੁੱਲ ਮੇਰੇ !
ਗੱਲਾਂ ਔਂਦੀਆਂ ਮਿੱਠੀਆਂ ਯਾਦ ਜਿਸ ਦਮ,
ਓਦੋਂ ਇਸਤਰ੍ਹਾਂ ਜੁੜਦੇ ਨੇ ਬੁੱਲ੍ਹ ਮੇਰੇ:-
ਮੇਰੇ ਮਾਹੀ ! ਮੈਂ ਮੋਈ ਮੁਹਾਰ ਮੋੜੀਂ,
ਬਣਕੇ ਬਾਲ ਮੁਆਤੜਾ ਬਾਲ ਬੈਠੀ !
ਪੀਆ ! ਪਾਲ ਪਰੀਤ ਪ੍ਰੇਮ ਪਿਆਰੀ,
ਬਨ ਬਨ ਬੰਨੀ ਬਾਲਮ ਭਾਲ ਬੈਠੀ !
ਭੁੱਲੀ ਭੁੱਲ ਭੁਲਾਵੜੇ ਭਲੀ ਭੋਲੀ,
ਮੋਈ ਮੋਈ ਮੁਹਾ ਮੈਂ ਮਾਲ ਬੈਠੀ !
ਬਾਲੀ-ਬਣ ਬੁਲਬੁਲ ਫੁੱਲੀ ਫੁੱਲ ਬਣ ਬਣ,
ਮਰ ਮਰ ਪ੍ਰੀਤ ਪਰੀਤਮਾਂ ਪਾਲ ਬੈਠੀ !
ਪੰਡ ਪਿਆਰ ਪ੍ਰੇਮ ਦੀ ਪਾ ਮੋਢੇ,
ਪਿੰਡੋ ਪਿੰਡ ਫਿਰਦੀ ਪੀ ਪੀ ਬੋਲਦੀ ਮੈਂ !
ਭੌਂਦੀ ਮਿਸਲ ਭੰਬੀਰੀ ਮੈਂ ਭੌਰ ਬਣ ਬਣ,
ਫੁੱਲ ਬਾਗ਼, ਪਰਬਤ, ਪੱਥਰ ਫੋਲਦੀ ਮੈਂ !
ਮਾਰਨ ਪਈਆਂ ਪਟੋਕਰਾਂ ਨਾਲ ਦੀਆਂ,
ਔਖੀ ਬਣ ਅੰਦਰ ਔਖੀ ਬਣੀ ਮੈਨੂੰ !
ਹਾਸੇ ਟਿਚਕਰਾਂ ਤੇ ਰਹਿ ਗਏ ਇੱਕ ਪਾਸੇ,
ਦੇਵੇ ਛਿੱਬੀਆਂ ਪਈ ਜਨੀ ਖਨੀ ਮੈਨੂੰ !
ਪਰਦਾ ਕੱਜਦਾ ਜਿਹੜਾ ਕੁਚੱਜੜੀ ਦਾ,
ਐਸਾ ਕੋਈ ਨਾ ਮਿਲਿਆ ਏ ਤਨੀ ਮੈਨੂੰ !
'ਕਣੀ' ਵਾਲੀ ਨੂੰ ਰੋਲਿਆ ਵਿੱਚ ਗਲੀਆਂ,
ਲੋਕਾਂ ਸਮਝਿਆ ਚੌਲਾਂ ਦੀ ਕਨੀ ਮੈਨੂੰ !
ਕਰਾਂ ਵੈਣ ਬੇ-ਆਸ 'ਬਿਆਸ' ਵਾਰੀ,
ਮੇਰੇ ਦੀਦਿਆਂ ਦੇ ਜੇਹੇ ਵਹਿਣ ਖੁੱਲ੍ਹੇ !
ਜਿਵੇਂ ਕੰਢੇ ਦਰਿਆ ਦੇ ਨਹੀਂ ਮਿਲਦੇ,
ਮੇਰੇ ਬੁੱਲ੍ਹ ਭੀ ਇਸ ਤਰਾਂ ਰਹਿਣ ਖੁੱਲ੍ਹੇ:-
ਸਈਆਂ ਸਾਰੀਆਂ ਹਾਰ ਸ਼ਿੰਗਾਰ ਲਾਏ,
ਰੱਤੇ ਚੇਹਰਿਆਂ ਤੇ ਚੜ੍ਹੀਆਂ ਲਾਲੀਆਂ ਨੇ !
ਸਾਡਾ ਕਾਲਜਾ ਛਾਨਣੀ ਛਾਨਣੀ ਏ ।
ਡਾਢੇ ਡੰਗ ਲਾਏ ਲਿਟਾਂ ਕਾਲੀਆਂ ਨੇ !
ਲਾਂਝੇ ਰਾਂਝੇ ਦੇ ਕੀਰਨੇ ਨਿੱਤ ਕਰਦੀ,
ਤੱਤੀ ਹੀਰ ਨੇ, ਅਖੀਆਂ ਗਾਲੀਆਂ ਨੇ !
'ਖੇਤ ਕੇਸਰੀ' ਕੱਲਰਾਂ ਸਾੜ ਛੱਡੇ,
ਲਈ ਸਾਰ ਨਾਂ ਆਣਕੇ ਹਾਲੀਆਂ ਨੇ !
ਗਲਾਂ ਕਿਸੇ ਨੇ ਆਣ ਨਜਿੱਠੀਆਂ ਨਹੀਂ,
ਲਿਖ ਲਿਖ ਚਿੱਠੀਆਂ ਡਿੱਠੀਆਂ ਜੱਗ ਸਾਰੇ !
ਦੇਖ ਦੇਖ ਹਾਂ ਰੇਖ ਦੇ ਲੇਖ ਸੜਦੀ,
ਚਾਹਾਂ ਜਲ ਤੇ ਦੇਂਦੇ ਨੇ ਅੱਗ ਸਾਰੇ !
ਪਾਈਆਂ ਜੱਗ ਵਾਹਰਾਂ 'ਵਾਰਾਂ' ਮੇਰੀਆਂ ਨੇ,
ਨਾਲ 'ਸੁਰਾਂ' ਦੇ 'ਗੌਣ' 'ਕਬਿੱਤ' ਮੇਰੇ !
'ਕਲੀਆਂ' ਵਾਂਗ ਕਲੀਆਂ ਹੀਰੇ 'ਬੈਂਤ' 'ਦੋਹੜੇ'
'ਟੱਪੇ' 'ਡਿਓਢ' ਸੁਣ ਸੁਣ ਟੱਪਣ ਮਿੱਤ ਮੇਰੇ !
ਪਾ ਪਾ ਕਵ੍ਹਾਂ 'ਅਖਾਣ' 'ਬੁਝਾਰਤਾਂ' ਕੀ ?
'ਬਾਤਾਂ' ਜੇਹੜੀਆਂ ਭਰੀਆਂ ਨੇ ਚਿੱਤ ਮੇਰੇ !
'ਸੋਹਲੇ' 'ਸਿੱਠਾਂ' ਵਿਆਹ ਵਿੱਚ ਕਹਿਣ ਕੁੜੀਆਂ,
ਨੀਂਗਰ ਚੰਦ 'ਛੰਦ' ਆਖਦੇ ਨਿੱਤ ਮੇਰੇ !
ਚੰਨਾਂ, 'ਬਾਣੀਆਂ' ਮੇਰੀਆਂ ਪੜ੍ਹ ਪੜ੍ਹ ਕੇ,
ਹੋਵੇ ਚਾਨਣਾ ਦਿਲਾਂ ਦੀ ਖੋੜ ਅੰਦਰ !
ਵੇ ਤੂੰ ਸੱਚ ਜਾਣੀ ਮੋਈ ਹੋਈ ਦੇ ਭੀ,
ਪੈਂਦੇ 'ਵੈਣ' ਨੇ ਕਈ ਕਰੋੜ ਅੰਦਰ !
ਹਹੁਕਾ ਮਾਰਿਆ ਓਸ ਨੇ ਫੇਰ ਐਸਾ,
ਖੋਹਲ ਖੋਹਲ ਕੇ ਅੱਖਾਂ ਮਸਤਾਨੀਆਂ ਦੋ !
'ਸੂਰਜ' 'ਚੰਨ' ਦਾ ਕਾਲਜਾ ਵਿੰਨ੍ਹ ਗਈਆਂ,
ਜੇਹੀਆਂ ਮੇਲਕੇ ਛੱਡੀਆਂ ਕਾਨੀਆਂ ਦੋ !
ਮੈਨੂੰ ਮੋਢਿਓਂ ਝੂਣਕੇ ਕਹਿਣ ਲੱਗੀ,
'ਤੈਨੂੰ ਹੋਰ ਭੀ ਦਸਾਂ ਨਿਸ਼ਾਨੀਆਂ ਦੋ !
ਏਹ ਹੈ ਇੱਕ 'ਕਿਤਾਬ' ਤੇ ਇੱਕ 'ਮਾਲਾ',
ਹੋਈਆਂ ਮੇਰੇ ਉਤੇ ਮੇਹਰਬਾਨੀਆਂ ਦੋ !
ਸੁੰਦਰ ਹਰਫ਼ ਸਨ ਓਸ ਕਿਤਾਬ ਦੇ ਭੀ,
ਓਸ ਮਾਲਾ ਦੀ ਝਲਕ ਵੀ ਵੱਖਰੀ ਸੀ !
ਇਕ ਤੇ ਹੀਰ ਹੈਸੀ ਵਾਰਸਸ਼ਾਹ ਵਾਲੀ,
ਦੂਜੀ ਗੁਰਮੁਖੀ ਦੀ ਪੈਂਤੀ ਅੱਖਰੀ ਸੀ !'
ਗੱਲਾਂ ਉਹਦੀਆਂ ਸਾਰੀਆਂ ਸੁਣ ਸੁਣ ਕੇ,
ਪਹਿਲੇ ਚੁੱਪ ਮੈਂ ਵਾਂਗ ਤਸਵੀਰ ਹੋਇਆ !
ਫੇਰ ਕੰਬਣੀ ਆਣਕੇ ਛਿੜੀ ਐਸੀ,
ਲੂੰ ਕੰਡੇ ਸਭ ਮੇਰਾ ਸਰੀਰ ਹੋਇਆ !
ਮੇਰੇ ਜਿਗਰ ਨੂੰ ਛਾਨਣੀ ਕਰਨ ਬਦਲੇ,
ਹਰਇਕ ਵਾਲ ਸੀ ਪਿੰਡੇ ਦਾ ਤੀਰ ਹੋਇਆ !
ਓੜਕ ਥੱਕਿਆ ਰਹਿ ਨਾਂ ਸੱਕਿਆ ਮੈਂ,
ਜਾਰੀ ਅੱਖੀਆਂ ਦੇ ਵਿੱਚੋਂ ਨੀਰ ਹੋਇਆ !
ਬਾਲ-ਪਨ ਦੀਆਂ ਲੋਰੀਆਂ ਯਾਦ ਆਈਆਂ,
ਸੀਸ ਸੁੱਟਕੇ ਜ਼ਿਮੀਂ ਤੇ ਰੋਣ ਲੱਗਾ !
ਗੰਗਾ-ਜਮਨਾ ਵਗਾਕੇ ਅੱਖੀਆਂ ਚੋਂ,
ਚਰਨ ਮਾਤਾ ਪਿਆਰੀ ਦੇ ਧੋਣ ਲੱਗਾ !
ਹੱਥ ਜੋੜਕੇ ਬੇਨਤੀ, ਏਹ ਕੀਤੀ:-
'ਏਥੋਂ ਤੀਕ ਤੇ ਟਿੱਲ ਮੈਂ ਲਾ ਦਿਆਂਗਾ !
ਮੈਨੂੰ ਮਿਲੀ ਹੈ ਦੌਲਤ ਕਵੀਸ਼ਰੀ ਦੀ,
ਤੇਰੇ ਵਾਸਤੇ ਸਾਰੀ ਲੁਟਾ ਦਿਆਂਗਾ !
ਲਿਖ ਲਿਖ ਕੁਦਰਤੀ ਭਾਵ ਪ੍ਰੇਮ ਐਸਾ,
ਤੇਰੀ ਸ਼ਾਨ ਮੈਂ ਨਵੀਂ ਦਿਖਾ ਦਿਆਂਗਾ !
ਤੇਰੀ ਜੁੱਤੀ ਦੇ ਟੁੱਟੇ ਹੋਏ ਤਾਰਿਆਂ ਨੂੰ !
ਫੜਕੇ ਚੰਦ ਅਸਮਾਨੀ ਬਣਾ ਦਿਆਂਗਾ !
ਨਵੇਂ ਫੈਸ਼ਨ ਦਾ ਦਿਆਂਗਾ ਰੰਗ ਐਸਾ,
ਚਮਕੇ ਸੂਰਜ ਦੇ ਵਾਂਗ ਇਤਿਹਾਸ ਤੇਰਾ !
'ਸ਼ਰਫ਼' ਓਪਰੇ ਭੀ ਲਾ ਲਾ ਦੂਰ-ਬੀਨਾਂ,
ਦਿਨ ਰਾਤ ਪਏ ਲਭਣ ਅਕਾਸ਼ ਤੇਰਾ !
(ਸ਼ੱਦਾਦ=ਓਹ ਪਾਤਸ਼ਾਹ, ਜਿਸ ਨੇ ਆਪਣੇ
ਆਪ ਨੂੰ ਰੱਬ ਅਖਵਾਇਆ ਤੇ ਦੁਨੀਆਂ
ਵਿਚ ਬਹਿਸ਼ਤ ਬਣਵਾਇਆ, ਹਿੱਡੇ ਅੱਚੋ=
(ਸਿੰਧੀ) ਏਧਰ ਆ, ਤਮੀ ਚਾਲੋ=
(ਕਾਠੀਆਵਾੜੀ) ਤੂੰ ਚੱਲ, ਰਾਜ਼ੇ ਖ਼ੈਲੇ=
(ਪਸ਼ਤੋ) ਰਾਜ਼ੀ ਖੁਸ਼ੀ, ਹੈਕੜੇ ਤੇਕੜੇ=
(ਮਰਹੱਟੀ) ਐਧਰ ਓਧਰ, ਬਾੜੀ ਅਪਨਾ
ਕੁਥੈ ਛੇ=(ਬੰਗਾਲੀ) ਆਪਦਾ ਘਰ ਕਿੱਥੇ ਹੈ ?
ਮੰਚੀ ਮੰਚ=(ਮਦਰਾਸੀ) ਅੱਛਾ ਅੱਛਾ,
ਨਿਕਾ ਨੰਦ ਛੋਹ=(ਨੀਪਾਲੀ) ਰਾਜ਼ੀ ਖੁਸ਼ੀ ਹੈਂ ?
ਮੋਟੇ ਮਮੂਲੇ=(ਬ੍ਰਹਮੀ) ਕਿੱਥੇ ਲੈ ਜਾਏਂਗੀ ?
ਕੱਥਬੋਜ਼=(ਕਸ਼ਮੀਰੀ) ਮੇਰੀ ਗੱਲ ਸੁਣ,
ਬਲਕੀਸ-ਸਲੈਮਾਨ ਪੈਗ਼ੰਬਰ ਦੀ ਰਾਣੀ,
ਇਖ਼ਤਸਾਰ ਗੁਫ਼ਤਮ ਦੋ ਸਿਹ ਚਾਰ ਕਲਮ=
(ਫਾਰਸੀ) ਦੋ ਤਿੰਨ ਚਾਰ ਗੱਲਾਂ ਆਖਕੇ
ਬੱਸ ਕਰਦੀ ਹਾਂ, ਕੁਮਕੁਮ ਯਾ ਹਬੀਬ=
(ਅਰਬੀ) ਉਠ ਉਠ ਮੇਰੇ ਪਿਆਰੇ,
ਆਰਡਰ ਪਲੀਜ਼=(ਅੰਗ੍ਰੇਜ਼ੀ) ਚੁੱਪ ਰਹੋ,
ਬੁੱਲ੍ਹ ਜੁੜਨੇ=ਇਸ ਬੈਂਤ ਵਿਚ ਜਿਤਨੇ
ਸ਼ਬਦ ਹਨ ਉਨ੍ਹਾਂ ਦੇ ਉਚਾਰਨ ਕਰਨ
ਨਾਲ ਬੁੱਲ੍ਹ ਜੁੜ ਜਾਂਦੇ ਹਨ,
ਬੁੱਲ੍ਹ ਖੁੱਲ੍ਹਨੇ=ਇਸ ਬੈਂਤ ਵਿੱਚ ਸਾਰੇ ਸ਼ਬਦ
ਅਜੇਹੇ ਵਰਤੇ ਹਨ, ਜਿਨ੍ਹਾਂ ਦੇ ਉਚਾਰਨ
ਨਾਲ ਬੁੱਲ੍ਹ ਖੁੱਲ੍ਹੇ ਰਹਿੰਦੇ ਹਨ)
ਇਕ ਦਿਨ ਸਮੇਂ ਸਵੇਰ ਦੇ ਉੱਠਕੇ ਮੈਂ,
ਗਿਆ ਰਮਕੇ ਰਮਕੇ ਬਾਗ਼ ਅੰਦਰ !
ਜਾ ਇਕ ਬੂਟੇ ਦੇ ਕੋਲ ਖਲੋ ਗਿਆ ਸਾਂ,
ਬਹਿ ਗਈ ਸੁੰਦ੍ਰਤਾ ਓਹਦੀ ਦਿਮਾਗ਼ ਅੰਦਰ !
ਲੈਕੇ ਉਹਦੀ ਤਰੇਲ ਦਾ ਤੇਲ ਪਾਯਾ,
ਜਦ ਮੈਂ ਅਕਲ ਦੇ ਨਿੰਮ੍ਹੇ ਚਰਾਗ਼ ਅੰਦਰ !
ਸੂਰਜ ਕੁਦਰਤੀ ਚੜ੍ਹੇ ਬੇਅੰਤ ਦੇਖੇ,
ਪੱਤੇ ਪੱਤੇ ਦੀ ਹਿੱਕ ਦੇ ਦਾਗ਼ ਅੰਦਰ !
ਡਿੱਠਾ ਚੋਆ ਤਰੇਲ ਦਾ ਇੱਕ ਏਦਾਂ,
ਬੈਠਾ ਹੋਯਾ ਪਸਿੱਤੜਾ ਫੁੱਲ ਉੱਤੇ !
ਜਿਵੇਂ ਮੋਤੀ ਬੁਲਾਕ ਦਾ ਹੋਵੇ ਝੁਕਿਆ,
ਕਿਸੇ ਪਦਮਣੀ ਨਾਰ ਦੇ ਬੁੱਲ ਉਤੇ !
ਕਿਹਾ ਫੁੱਲ ਨੇ:-ਯਾਰ ਤਰੇਲ ਤੁਬਕੇ,
ਅਜ ਤੂੰ ਕਿਹੜੀ ਮੁਰਾਦ ਨੂੰ ਲੋਚਨਾ ਏਂ ?
ਬੱਗੇ ਅੱਥਰੂ ਕੱਢਕੇ ਅੱਖੀਆਂ 'ਚੋਂ,
ਚੂਨਾ ਮੋਤੀਆਂ ਦਾ ਪਿਆ ਪੋਚਨਾ ਏਂ ?
ਬੁੜ੍ਹਕ ਬੁੜ੍ਹਕ ਕੇ ਕਦੀ ਤੂੰ ਬਾਲ ਵਾਂਗੂੰ,
ਪਿਆ ਟਿੰਘ ਜੁਆਨੀ ਦੀ ਬੋਚਨਾ ਏਂ ?
ਡੁੱਬਾ ਹੋਯਾ ਦਲੀਲਾਂ ਦੇ ਵਹਿਣ ਅੰਦਰ,
ਮੈਨੂੰ ਦੱਸ ਤੂੰ ਪਿਆ ਕੀ ਸੋਚਨਾ ਏਂ ?
ਖੋਲ੍ਹ ਅੱਖੀਆਂ ਸੂਰਜ ਨੂੰ ਦੇਖ ਔਧਰ,
ਕੀ ਕੀ ਤੇਰੇ ਲਈ ਮਕਰ ਖਿਲਾਰਦਾ ਏ !
ਚੋਗ ਸੁੱਟਕੇ ਤੇਰੇ ਲਈ ਜ਼ੱਰਿਆਂ ਦੀ,
ਪਿਆ ਕਿਰਨਾਂ ਦਾ ਜਾਲ ਸਵਾਰਦਾ ਏ !
ਤੁਪਕਾ ਬੋਲਿਆ:-ਯਾਰ ਕੀ ਹਾਲ ਦੱਸਾਂ,
ਦੁੱਖਾਂ ਵਿੱਚ ਹਾਂ ਗਿਆਂ ਵਲ੍ਹੇਟਿਆ ਮੈਂ!
ਐਵੇਂ ਡਿੱਗਕੇ ਰਿਸ਼ਮਾਂ ਦੀ ਪੀਂਘ ਉੱਤੋਂ,
ਆਪਾ ਤੇਰੇ ਸੁਹੱਪਣ ਤੇ ਮੇਟਿਆ ਮੈਂ !
ਤੇਰੇ ਰੇਸ਼ਮੀ ਪੱਟ ਮਲੂਕ ਉੱਤੇ,
ਨਿੱਜ ਅੱਜ ਦੀ ਰਾਤ ਹਾਂ ਲੇਟਿਆ ਮੈਂ!
ਦੋਂਹ ਘੜੀਆਂ ਦੀ ਮਿੱਠੜੀ ਨੀਂਦ ਬਦਲੇ,
ਸਾਰੇ ਜੱਗ ਦਾ ਦੁੱਖ ਸਮੇਟਿਆ ਮੈਂ ।
ਜੋ ਜੋ ਸੁਤਿਆਂ ਦੇਖਿਆ ਅੱਜ ਹੈ ਮੈਂ,
ਜੇ ਉਹ ਭੇਦ ਜਹਾਨ ਤੇ ਖੁੱਲ੍ਹ ਜਾਵੇ !
ਸੁਣਕੇ ਖੰਭ ਪਤੰਗੇ ਦੇ ਝੜਨ ਦੋਵੇਂ,
ਕਰਨਾ ਚਾਨਣਾ ਦੀਵੇ ਨੂੰ ਭੁੱਲ ਜਾਵੇ !
ਅੰਦਰ ਸੁਫ਼ਨੇ ਦੇ ਜਿਸ ਤਰ੍ਹਾਂ ਕਿਸੇ ਬੰਦੇ,
ਮੈਨੂੰ ਤੇਰੇ ਤੋਂ ਆਣਕੇ ਝਾੜਿਆ ਏ !
ਤੈਨੂੰ ਟਾਹਣੀਓਂ ਤੋੜਕੇ, ਬੁਲਬੁਲਾਂ ਦਾ,
ਉਹਨੇ ਭਾਗ ਸੁਹਾਗ ਉਜਾੜਿਆ ਏ !
ਹੈਸੀ ਭੌਰਾਂ ਦੀ ਪਾਕ ਕਤਾਬ ਜਿਹੜੀ,
ਵਰਕ ਵਰਕ ਫੜ ਓਸ ਦਾ ਪਾੜਿਆ ਏ !
ਤੇਰੀ ਖੰਬੜੀ ਖੰਬੜੀ ਵੱਖ ਕਰਕੇ,
ਕਈਆਂ ਤਿੱਤਰੀਆਂ ਦਾ ਸੀਨਾ ਸਾੜਿਆ ਏ !
ਤੋੜ ਤਾੜਕੇ ਚਾੜ੍ਹਕੇ ਅੱਗ ਉੱਤੇ,
ਬੰਦ ਬੰਦ ਉਹ ਲੱਗਾ ਝਲੂਣ ਤੇਰਾ !
ਓੜਕ ਕਿਸੇ ਹੁਸੀਨ ਦੇ ਢੋਏ ਬਦਲੇ,
ਉਹਨੇ ਸ਼ੀਸ਼ੀ 'ਚ ਪਾ ਲਿਆ ਖ਼ੂੰਨ ਤੇਰਾ !
ਹੁੰਦਾ ਤੇਰੇ ਤੇ ਦੇਖਕੇ ਜ਼ੁਲਮ ਐਡਾ,
ਸਹਿਮ ਨਾਲ ਮੈਂ ਕੁਸਕਿਆ ਹੱਲਿਆ ਨਾ !
ਡਰਦਾ ਰਿਹਾ ਮੈਂ ਜ਼ੇਬੁੱਨਸਾ ਵਾਂਗੂੰ,
ਢੱਕਣ ਦੇਗ਼ ਦਾ ਗਿਆ ਉੱਥਲਿਆ ਨਾ !
ਚੁਣੀ ਕੰਧ ਵਿੱਚ ਗਈ ਅਨਾਰਕਲੀ,
ਤਾਂ ਵੀ ਵੱਸ ਸਲੀਮ ਦਾ ਚੱਲਿਆ ਨਾ !
ਦੇ ਦੇ ਠੁੱਮ੍ਹਣੇ ਠੱਲਿਆ ਬੜਾ ਜੀ ਨੂੰ,
ਪਰ ਇਹ ਦੁੱਖ ਮੈਥੋਂ ਗਿਆ ਝੱਲਿਆ ਨਾ !
ਸੌੜੀ ਪਈ ਵਿਛੋੜੇ ਤੋਂ ਜਿੰਦ ਆਕੇ,
ਜਾ ਇਕ ਕੰਢੇ ਦੀ ਚੁੰਝ ਤੇ ਤਣ ਗਿਆ !
ਪੱਤੇ ਟਾਹਣੀਆਂ ਦੇਖਕੇ ਬੋਲ ਉੱਠੇ,
'ਲਉ ਜੀ ! ਨੂਹ ਮਨਸੂਰ ਅਜ ਬਣ ਗਿਆ !
ਫਿਰਦੀ ਪਈ ਸੀ ਕਿਤੇ ਹਵਾ ਵੈਰਨ,
ਉਹਨੇ ਆਣਕੇ ਸੂਲੀਓਂ ਢਾ ਦਿੱਤਾ !
ਹੇਠੋਂ ਧੁੱਪ ਨੇ ਕਿਰਨਾਂ ਦੀ ਪਕੜ ਸ਼ੂਸ਼ਕ,
ਮਾਰ ਮਾਰ ਕੇ ਮੈਂਨੂੰ ਉਡਾ ਦਿੱਤਾ !
ਸਮਝ ਸਾਕ ਦਰਯਾ ਨੂੰ ਆਂਦਰਾਂ ਦਾ,
ਡੇਰਾ ਉਹਦੀਆਂ ਲਹਿਰਾਂ ਵਿੱਚ ਲਾ ਦਿੱਤਾ !
ਘੱਲ ਸੂਰਜ ਨੇ ਤਪਤ ਨੂੰ ਅੰਬਰਾਂ ਤੋਂ,
ਮੈਂਨੂੰ ਓਥੋਂ ਵੀ ਬਾਹਰ ਕਢਾ ਦਿੱਤਾ !
ਠੇਡੇ ਲਾਏ ਨਸੀਬਾਂ ਨੇ 'ਜਹੇ ਆਕੇ,
ਹੋ ਹੋ ਇੱਲਣ ਪਹਾੜਾਂ ਤੇ ਰੁਲਣ ਲੱਗਾ !
ਹੀਰਾ ਤਾਜ ਗੁਲਾਬੀ ਦਾ ਟੁੱਟਕੇ ਮੈਂ,
ਦੇਖੋ! ਪੱਥਰਾਂ ਨਾਲ ਹੁਣ ਤੁਲਣ ਲੱਗਾ !
ਸਾਧੂ ਆ ਗਿਆ ਕਿਤੋਂ ਇੱਕ ਬੱਦਲਾਂ ਦਾ,
ਉਹਨੇ ਜਟਾਂ ਤੇ ਲਿਆ ਭਰਮਾ ਮੈਂਨੂੰ !
ਵਾਹੋ ਦਾਹ ਸਮੁੰਦਰਾਂ ਵੱਲ ਨੱਠਾ ਕਰ
ਕਾਲੀ ਕੰਬਲੀ ਵਿੱਚ ਛੁਪਾ ਮੈਂਨੂੰ !
ਕੜਕਾ ਮਾਰਕੇ ਬਿਜਲੀ ਨੇ ਨਾਲ ਗੁੱਸੇ,
ਉਹਦੇ ਕੋਲੋਂ ਵੀ ਦਿੱਤਾ ਸੁਟਾ ਮੈਂਨੂੰ !
ਵਿਂਹਦੀ ਪਈ ਸੀ ਲਹਿਰਾਂ ਦੀ ਅੱਖ ਸਿੱਪੀ
ਪੁਤਲੀ ਵਾਂਗ ਉਸ ਲਿਆ ਲੁਕਾ ਮੈਂਨੂੰ !
ਸੁਹਲ ਜਿੰਦ, ਮਲੂਕੜਾ, ਉਮਰ ਛੋਟੀ,
ਮਾਰ ਮਾਰ ਕੇ ਮੰਜ਼ਲਾਂ ਝੌਂ ਗਿਆ ਮੈਂ !
ਥੱਕਾ, ਟੁੱਟਿਆ, ਪੰਧ ਦਾ ਵਾਂਗ ਰਾਂਝੇ,
ਬੇੜੀ ਹੀਰ ਦੀ ਸਮਝਕੇ ਸੌਂ ਗਿਆ ਮੈਂ!
ਆਈ ਜਾਗ ਤੇ ਵੇਖਿਆ ਹੜ੍ਹ ਕਾਂਗਾਂ,
ਤੇਰੇ ਹਿਜਰ ਦੇ ਗੀਤ ਸੁਣੌਣ ਲੱਗੇ !
ਲਹਿੰਦੇ ਚੜ੍ਹਦਿਓਂ ਆਣ ਜੁਆਰਭਾਟੇ,
ਤੇਰੀ ਯਾਦ ਦੀ ਪੀਂਘ ਝੁਟੌਣ ਲੱਗੇ ।
ਘੁੰਮਣਘੇਰ ਸਮੁੰਦਰੀ, ਵਾਂਗ ਕੁੜੀਆਂ,
ਏਦਾਂ ਨੱਚਕੇ ਕਿਲਕਲੀ ਪੌਣ ਲੱਗੇ !
ਹਰੇ ਭਰੇ ਬਰੂਟੇ ਦੀ ਗੋਦ ਅੰਦਰ,
ਤੇਰੇ ਖਿੜਨ ਦਾ ਸਮਾ ਦਿਖੌਣ ਲੱਗੇ !
ਤ੍ਰਹਣਾ, ਕੰਬਣਾਂ, ਡੋਲਣਾ, ਦੂਰ ਕਰਕੇ,
ਓੜਕ ਆਪਣੀ ਪੈਰੀਂ ਖਲੋ ਗਿਆ ਮੈਂ !
ਦਿੱਤੇ ਤੇਰੀ ਜੁਦਾਈ ਨੇ ਦੁੱਖ ਐਸੇ,
ਕਰੜਾ ਪੱਥਰਾਂ ਵਾਂਗ ਹੁਣ ਹੋ ਗਿਆ ਮੈਂ !
ਰਲਕੇ ਬੁਲਬੁਲੇ ਸਾਗਰ ਨੂੰ ਕਹਿਣ ਲੱਗੇ,
ਕਿਉਂ ਜੀ ਏਹ ਕੀ ਏਥੇ ਬਣਾਂਵਦਾ ਏ ?
ਚਮਕ ਮੰਗਦਾ ਰਹਿੰਦਾ ਏ ਤਾਰਿਆਂ ਤੋਂ,
ਠੰਢਕ ਆਪ ਦੀ ਪਿਆ ਚੁਰਾਂਵਦਾ ਏ ?
ਰਹੇ ਡੁੱਬਿਆ ਪਾਣੀ ਦੇ ਵਿੱਚ ਹਰਦਮ,
ਤਾਂ ਵੀ ਸੁੱਕਾ ਵੀ ਨਜ਼ਰ ਇਹ ਆਂਵਦਾ ਏ ?
ਰਹਿੰਦਾ ਬਹਿੰਦਾ ਏ ਆਪ ਦੀ ਸ਼ਾਹੀ ਅੰਦਰ,
ਪਰ ਇਹ ਕੋਰਾ ਜਵਾਬ ਸੁਣਾਂਵਦਾ ਏ ?
ਸੁਣਕੇ, ਝੱਗ ਸਮੁੰਦ੍ਰ ਨੇ ਮੂੰਹੋਂ ਸੁੱਟੀ,
ਅੰਦਰ ਜੋਸ਼ ਦੇ ਹੌਸਲਾ ਛੱਡ ਦਿੱਤਾ !
ਜਿਵੇਂ ਆਦਮ ਨੂੰ ਜੱਨਤੋਂ ਕੱਢਿਆ ਸੀ,
ਤਿਵੇਂ ਮੈਂਨੂੰ ਉੱਛਲਕੇ ਕੱਢ ਦਿੱਤਾ !
ਪਿਆ ਮੂੰਧੜੇ ਮੂੰਹ ਮੈਂ ਕੰਢੜੇ ਤੇ,
ਸ਼ਾਨ ਰੱਬ ਦੀ ਹਿੱਲ ਨਾ ਸੱਕਨਾ ਹਾਂ !
ਖੱਸੇ ਹੋਏ ਉਹ ਉੱਡਣੇ ਖੰਭ ਮੇਰੇ,
ਪਿਆ ਮੂੰਹ ਜਨੌਰਾਂ ਦਾ ਤੱਕਨਾ ਹਾਂ !
ਕਿਨੂੰ ਕਹਾਂ ਮੈਂ ਕੀ ਸੀ ? ਬਣ ਗਿਆ ਕੀ ?
ਆਂਹਦਾ ਗਲ ਵੀ ਕਿਸੇ ਨੂੰ ਝੱਕਨਾਂ ਹਾਂ !
ਦੇਖ ਦੇਖਕੇ ਹੰਸਾਂ ਦੀ ਅੱਖ ਮੈਲੀ,
ਗੋਰੀ ਦੇਹ ਲੁਕਾਂਵਦਾ ਢੱਕਨਾ ਹਾਂ !
ਏਸੇ ਸਮੇਂ ਇੱਕ ਆਣਕੇ ਕਿਤੋਂ ਬੰਦਾ,
ਮੇਰੇ ਲੋਭ ਦੀ ਅੱਗ ਤੇ ਸਿਕਣ ਲੱਗਾ !
ਮੁੱਦਾ ਕੀ, ਕਿ ਮੈਂ ਬੇ-ਵਤਨ ਦੁਖੀਆ,
ਬਰਦਾ ਹੋ ਬਾਜ਼ਾਰ ਵਿਚ ਵਿਕਣ ਲੱਗਾ !
ਪਾਰੇ ਵਾਂਗ ਕੁਈ ਤੜਫ਼ਦਾ ਆਣ ਪਹੁੰਚਾ,
ਮੈਂਨੂੰ ਕੁਸ਼ਤਾ ਅਕਸੀਰ ਬਣਾਉਂਣ ਵਾਲਾ !
ਦੇਂਦਾ ਆ ਗਿਆ ਮੁੱਛਾਂ ਨੂੰ ਤਾ ਕੋਈ,
ਜੌਹਰ ਅੱਗ ਤੇ ਮੇਰੇ ਦਿਖਾਉਂਣ ਵਾਲਾ !
ਕਰਕੇ ਗਹਿਰੀਆਂ ਅੱਖੀਆਂ ਕੋਈ ਆਯਾ,
ਮੈਨੂੰ ਸੁਰਮੇਂ ਦੇ ਵਿੱਚ ਰਲਾਉਂਣ ਵਾਲਾ !
ਜੇਹੜਾ ਆਯਾ ਵਰੋਲੇ ਦੇ ਵਾਂਗ ਆਯਾ,
ਮੋਏ ਹੋਏ ਦੀ ਖ਼ਾਕ ਉਡਾਉਂਣ ਵਾਲਾ !
ਸਮਝ ਅੱਥਰੂ ਯੂਸਫ਼ੀ ਅੱਖੀਆਂ ਦਾ,
ਬਹੁੜ ਪਿਆ ਉਹ ਮੇਰਾ ਕਰਤਾਰ ਮੈਂਨੂੰ !
ਵੈਰੀ ਹੱਥਾਂ ਤੇ ਮਾਰਦੇ ਹੱਥ ਰਹਿ ਗਏ,
ਲੈ ਗਈ ਮੁੱਲ ਇਕ ਸੁੰਦਰੀ ਨਾਰ ਮੈਂਨੂੰ !
ਉਹਦੀ ਮਸਤ ਜਵਾਨੀ ਨੂੰ ਦੇਖਕੇ ਤੇ,
ਇਹੋ ਆਉਂਦਾਏ ਮੇਰੇ ਕਿਆਸ ਅੰਦਰ !
ਹੂਰ ਜੱਨਤੀ ਜਿਵੇਂ ਸ਼ਰਾਬ ਲੈਕੇ,
ਖੜੀ ਹੋਈ ਏ ਨੂਰੀ ਗਲਾਸ ਅੰਦਰ !
ਕੰਵਲ ਖੰਬੜੀ ਵਿੱਚ ਜ੍ਯੋਂ ਹੋਵੇ ਧਾਰੀ,
ਏਦਾਂ ਸਜੇ ਉਹ ਚਿੱਟੇ ਲਿਬਾਸ ਅੰਦਰ !
ਫਿਰ ਘਰ ਅੰਦਰ ਏਦਾਂ ਸੋਂਹਦੀ ਏ,
ਜਿਵੇਂ ਚੰਨ ਸੋਹੇ ਬਿਰਖ ਰਾਸ ਅੰਦਰ !
ਸਾਫ਼ ਸਾਫ਼ ਮਲੂਕ ਹਥਾਲੀਆਂ ਤੇ,
ਜਿਹੜੇ ਪੇਚ ਲਕੀਰਾਂ ਨੇ ਪਾਏ ਹੋਏ ਨੇ !
ਨਕਸ਼ੇ, ਸ਼ਹਿਨਸ਼ਾਹ ਹੁਸਨ ਦੇ ਹੱਥ ਏਹ ਤਾਂ,
ਹੂਰਾਂ ਪਰੀਆਂ ਦੇ ਮੁਲਕ ਦੇ ਆਏ ਹੋਏ ਨੇ !
ਪੁਤਲੀ ਨੂਰ ਦੀ ਲਓ ਜੀ ਸੁੰਦਰੀ ਉਹ,
ਮੈਂਨੂੰ ਇਹ ਤਮਾਸ਼ਾ ਦਿਖਾਉਂਣ ਲੱਗੀ !
ਤੇਰੀ ਸ਼ੀਸ਼ੀ ਓਹ ਕੱਢ ਸੰਦੂਖੜੀ ਚੋਂ,
ਗੀਤ ਪਤੀ ਪਿਆਰੇ ਦੇ ਗਾਉਂਣ ਲੱਗੀ !
ਦੇਖ ਦੇਖ ਕੇ ਰੱਤੜੀ ਝਲਕ ਤੇਰੀ,
ਮੇਰੇ ਮੁੱਖ ਉੱਤੇ ਲਾਲੀ ਆਉਂਣ ਲੱਗੀ !
ਤੈਂਨੂੰ ਮੇਰੇ ਤੋਂ ਰੱਖ ਕੇ ਵਿੱਥ ਉੱਤੇ,
ਪਰ ਉਹ ਹਿੱਕ ਮੇਰੀ ਛੇਕ ਪਾਉਂਣ ਲੱਗੀ !
ਗਿਆ ਵਿੰਨ੍ਹਿਆਂ ਸੀ ਨਾ ਜ਼ਰਾ ਕੀਤੀ,
ਅੰਮ੍ਰਿਤ ਚੁੰਘਿਆ ਸੂਈ ਦੀ ਜ਼ਹਿਰ ਵਿੱਚੋਂ !
ਮੈਂਨੂੰ ਹੂਰਾਂ ਦੀ ਗੋਦ ਵਿੱਚ ਸੌਣ ਵਾਲੀ,
ਲੱਭੀ ਜ਼ਿੰਦਗੀ ਮੌਤ ਦੇ ਸ਼ਹਿਰ ਵਿੱਚੋਂ !
ਕਰਨਾ ਰੱਬ ਦਾ ਆਣਕੇ ਹੋਯਾ ਐਸਾ,
ਰੁੱਝੀ ਫੇਰ ਉਹ ਹਾਰ ਸ਼ਿੰਗਾਰ ਅੰਦਰ !
ਤੇਰਾ ਅਤਰ ਗੁਲਾਬੀ ਰਚਾ ਸਿਰ ਤੇ,
ਖਿੜ ਗਈ ਚੰਬੇ ਦੀ ਕਲੀ ਬਹਾਰ ਅੰਦਰ !
ਸਗਨਾਂ ਨਾਲ ਪਰੋ ਲਿਆ ਫੇਰ ਮੈਂਨੂੰ,
ਫੜ ਕੇ ਲਿਟ ਕਾਲੀ ਕੁੰਡਲਦਾਰ ਅੰਦਰ !
ਸਾਡੇ ਦੋਹਾਂ ਦਾ ਮੇਲ ਕਰਾ ਦਿੱਤਾ ।
ਓਸ ਪਰੀ ਨੇ ਜ਼ੁਲਫ਼-ਬਾਜ਼ਾਰ ਅੰਦਰ !
ਖੁਸ਼ੀ ਨਾਲ ਇਹ ਹੋਗਿਆ ਹਾਲ ਮੇਰਾ,
ਤੈਨੂੰ ਪਾ ਗਲਵੱਕੜੀ ਲਮਕਿਆ ਮੈਂ !
'ਸ਼ਰਫ਼' ਕਾਲੀਆਂ ਜ਼ੁਲਫਾਂ ਦੀ ਰਾਤ ਅੰਦਰ,
ਬਣਕੇ ਤਾਰਾ ਉਸ਼ੇਰ ਦਾ ਚਮਕਿਆ ਮੈਂ !
(ਜ਼ੇਬੁੱਨਸਾ=ਜ਼ੇਬੁੱਨਸਾ ਤੇ ਆਕਲ ਖਾਂ ਦਾ ਮਸ਼ਹੂਰ ਸਾਕਾ,
ਅਨਾਰਕਲੀ=ਅਨਾਰਕਲੀ ਸਲੀਮ (ਜਹਾਂਗੀਰ) ਦੀ
ਪ੍ਰੇਮਕਾ ਸੀ, ਬਿਰਖ=ਬਿਰਖ ਰਾਸ ਵਿੱਚ ਚੰਦਰਮਾ
ਪਰਮ ਉੱਚ ਹੁੰਦਾ ਹੈ, ਨਕਸ਼ੇ=ਨਕਸ਼ੇ ਜੁਗਰਾਫ਼ੀਏ ਵਾਲੇ)
ਇੱਕ ਰੋਜ਼ ਸ਼ਾਮ ਨੂੰ ਮੈਂ ਏਨ੍ਹਾਂ ਹੀ ਦਲੀਲਾਂ ਵਿੱਚ,
ਤੇਲ-ਮੁੱਕੇ ਦੀਵੇ ਵਾਂਗੂੰ ਬੈਠਾ ਹੈਸਾਂ ਬਲਦਾ:-
'ਯਾਰੀ ਤੇ ਵਫ਼ਾ ਵਾਲੇ ਫੁੱਲ ਕਿੱਥੋਂ ਲੱਭਦੇ ਨੇ ?
ਪਤਾ ਮੈਂਨੂੰ ਲੱਗਦਾ ਨਹੀਂ ਓਸ ਰੁੱਖ-ਵੱਲ ਦਾ !
'ਬਹੁਤ ਘਿਸਾਂ ਖਾਧੀਆਂ ਨੇ ਪਰਖ ਦੀ ਕਸੌਟੀ ਉੱਤੇ,
ਮਤਲਬੀ ਯਰਾਨਾ ਡਿੱਠਾ ਸਾਰਾ ਅੱਜ ਕੱਲ ਦਾ !
ਵੱਟਾ ਸੱਟਾ ਪੱਗ ਦਾ ਕਰੇਂਦੇ ਓਹਦੇ ਨਾਲ ਸਾਰੇ,
ਧਨੀ ਜਿਹੜਾ ਹੋਂਵਦਾ ਏ ਜ਼ਰਾ ਬਾਹੂ ਬਲ ਦਾ !
'ਹੁਸਨ ਤੇ ਜਵਾਨੀ ਦੀ ਦੁਪਹਿਰ ਜਿਦ੍ਹੀ ਲੱਗੀ ਹੋਵੇ,
ਜੱਗ ਓਹਦੇ ਜੋੜਿਆਂ ਤਨੋੜਿਆਂ ਨੂੰ ਝੱਲਦਾ !
'ਲੱਭੇ ਨਾ ਹਨੇਰੇ ਦੇ ਪ੍ਰਛਾਵੇਂ ਵਾਂਗ ਓਦੋਂ ਕੋਈ,
ਓਹਦੇ ਰੂਪ ਜੋਬਨਾਂ ਦਾ ਸੂਰਜ ਜਦੋਂ ਢੱਲਦਾ !
'ਵੇਖ ਲਉ ਪਤੰਗੇ ਨੂੰ ਵੀ ਜਗੇ ਹੋਏ ਦੀਵੇ ਉੱਤੇ,
ਪਿਆਰ ਤੇ ਮੁਹੱਬਤਾਂ ਦੀ ਤਾਰ ਕਿਵੇਂ ਵਲਦਾ !
'ਉੱਡ ਜਾਵੇ ਲੋ-ਚਾਨਣ ਜਦੋਂ ਓਹਦੇ ਮੁੱਖੜੇ ਤੋਂ,
ਰਵਾਦਾਰ ਹੋਂਵਦਾ ਨਹੀਂ ਫੇਰ ਕਿਸੇ ਗੱਲ ਦਾ !
'ਮੈਨੂੰ ਤੇ ਕੋਈ ਲੱਭਦਾ ਨਹੀਂ ਏਹੋ ਜਿਹਾ ਯਾਰ 'ਸੱਚਾ',
ਯਾਰ ਦੀਆਂ ਭੀੜਾਂ ਵਿੱਚ ਜਿਹੜਾ ਹੋਵੇ ਢੱਲਦਾ !
'ਆਪਣੇ ਹੀ ਢਿੱਡਾਂ ਵਿੱਚ ਪਈਆਂ ਹੋਈਆਂ ਕੱਲਰੀਆਂ ਨੇ,
ਓਪਰੇ ਤੋਂ ਲਾਂਝਾ ਕਿਹਾ ਫੇਰ ਕਿਸੇ ਫਲ ਦਾ ?'
'ਸੁੱਤੀ ਪਈ ਦਮ੍ਯੰਤੀ ਨੂੰ ਜੂਹ ਵਿੱਚ ਛੱਡ ਜਾਣਾ,
ਚੰਗੀ ਤਰਾਂ ਚੇਤੇ ਮੈਂਨੂੰ ਕਾਰਾ ਰਾਜੇ ਨਲ ਦਾ !
'ਤੂਰ ਦਿਆਂ ਮੋਢਿਆਂ ਤੇ ਚੜ੍ਹ ਗੱਲਾਂ ਕਰਨ ਵਾਲਾ,
ਮੈਂ ਤਾਂ 'ਮੂਸਾ' ਸੁਣਿਆਂ ਨਹੀਂ ਤੂਰ ਨਾਲ ਜਲਦਾ !'
ਓੜਕ ਇਨ੍ਹਾਂ ਵਹਿਣਾਂ ਵਿੱਚ ਆ ਗਿਆ ਬਜ਼ਾਰ ਨੂੰ ਮੈਂ,
ਸੋਚਾਂ ਵਾਲੇ ਫੋਕੇ ਪਾਣੀ ਦਿਲ ਨੂੰ ਝਬਲਦਾ !
ਹੌਲੀ ਹੌਲੀ ਦੁੱਧ ਵਾਲੀ ਹੱਟੀ ਉੱਤੇ ਪਹੁੰਚ ਕੇ ਤੇ,
ਇੱਕਲਵਾਂਜੇ ਥਾਂ ਸੋਹਣੀ ਆਪਣੇ ਲਈ ਮੱਲਦਾ !
'ਯਾਰ ਕਿਨ੍ਹੂੰ ਆਖਦੇ ਨੇ? ਕਿਹੋ ਜਿਹਾ ਚਾਹੀਦਾਏ ?
ਦੇਖੋ ਕਿੱਥੋਂ ਪਤਾ ਲੱਗਾ ਮੈਂਨੂੰ ਏਸ ਗੱਲ ਦਾ !
ਪੈਸੇ ਦੇਕੇ ਹੱਥ ਹੱਟੀ ਵਾਲੇ ਨੂੰ ਮੈਂ ਆਖਿਆ ਇਹ,
'ਦੁੱਧ ਮੈਂਨੂੰ ਦਈਂ ਛੇਤੀ ਪੀ ਕੇ ਹੋਵਾਂ ਚੱਲਦਾ !'
ਬੋਲਿਆ ਓਹ, 'ਦੁੱਧ ਨੂੰ ਉਬਾਲਾ ਜ਼ਰਾ ਆ ਜਾਵੇ,
ਬੈਠੇ, ਠੰਢੇ ਹੋਵੋ, ਕਰੋ ਜੇਰਾ ਘੜੀ ਪਲ ਦਾ !'
ਏਨੀ ਗੱਲ ਕਹਿਕੇ ਮੈਂਨੂੰ, ਧੂਆਂ ਰੌਲੀ ਦੇਖੀ ਓਹਨੇ,
ਡਾਢੇ ਗੁੱਸੇ ਨਾਲ ਏਦਾਂ ਕਾਮੇ ਨੂੰ ਦਬੱਲਦਾ !
'ਗਾਹਕਾਂ ਦੇ ਵੀ ਕੱਪੜੇ ਧਵਾਂਖੇ ਗਏ ਧੂਏਂ ਵਿੱਚ,
ਛੌਡੇ ਡਾਹਕੇ ਛੇਤੀ ਨਾਲ, ਪੱਖਾ ਕ੍ਯੋਂ ਨਹੀਂ ਝੱਲਦਾ?'
ਮੁੱਦਾ ਕੀ?ਕਿ ਪਲੋ ਪਲੀ ਵਿੱਚ ਮੇਰੇ ਵਿਂਹਦੇ ਵਿਂਹਦੇ,
ਦੁੱਧ ਦੀ ਕੜਾਹੀ ਥੱਲੇ ਲੰਬੂ ਹੈਸੀ ਬਲਦਾ !
ਸਿਰ ਉੱਤੇ ਚੁੱਕ ਕੇ ਮਲੂਕ ਸੋਹਲ ਦੁੱਧ ਪਹਿਲੋਂ,
ਅੱਗ ਨੇ ਦਿਖਾਇਆ ਪਿੱਛੋਂ ਜ਼ੋਰ ਏਡਾ ਬਲ ਦਾ !
ਚੁੱਲ ਵਿੱਚ ਚੋ ਫੇਰ ਡਰ ਨਾਲ ਪੁੰਗਰੇ ਸਨ,
ਇੱਕ ਇੱਕ ਕੋਲਾ ਬਣਿਆ ਫੁੱਲ ਸੀ ਗੁੜੱਲ ਦਾ !
ਮੂੰਹ ਗਿਆ ਅੱਡਿਆ ਹਰਾਸੇ ਹੋਏ ਚਿਮਟੇ ਦਾ,
ਕਾਲਜਾ ਕੜਾਹੀ ਦਾ ਸੀ ਵਿੱਚੋਂ ਪਿਆ ਢਲਦਾ !
ਅੱਗ ਦੀਆਂ ਸ਼ੂਕਰਾਂ ਨੇ ਬੱਧੀਆਂ ਸੀ ਘੂਕਰਾਂ ਓਹ,
ਸਿਮਸਿਮੀ ਵਿਖਾਯਾ ਸਮਾ ਧੌਂਕਣੀ ਦੀ ਖੱਲ ਦਾ !
ਚਿਣਗਾਂ ਮਾਰਨ ਲੱਗਿਆ ਕੜਾਹੀ ਦਾ ਵੀ ਜਦੋਂ ਪਿੰਡਾ,
ਚੁੱਲ੍ਹੇ ਵਿੱਚੋਂ ਆਣ ਡਿੱਗਾ ਲੇਅ ਮੋਟ ਡਲ ਦਾ !
ਐਪਰ ਦੁੱਧ ਪਿਆ ਉਤੇ ਔਕੜਾਂ ਦੇ ਟੋਏ ਵਿੱਚ,
ਹੈ ਸੀ ਪਾਸੇ ਆਪਣੇ ਉਥੱਲਦਾ ਪੁਥੱਲਦਾ !
ਚਿੱਟੇ ਚਿੱਟੇ ਖੰਭਾਂ ਜਹੇ ਬੂੰਬਿਆਂ ਦਾ ਰੁੱਗ ਸਾਰਾ,
ਤੜਫ ਤੜਫ ਏਦਾਂ ਸੀਗਾ ਸੀਕਦਾ ਤੇ ਹੱਲਦਾ !
ਜਿਊਂਦੇ ਰਾਜ ਹੰਸ ਹੈ ਕੋਈ ਫੜਕੇ ਬੇਤਰਸ ਜਿਵੇਂ,
ਤਪੇ ਹੋਏ ਤੇਲ ਵਿਚ ਹੋਵੇ ਪਿਆ ਤਲਦਾ !
ਫੱਟੇ ਹੋਏ ਸਹੇ ਵਾਂਗੂ ਬੁੜ੍ਹਕਿਆ ਬਥੇਰਾ,ਪਰ
ਕੰਢਾ ਬੜਾ ਉੱਚਾ ਸੀ ਕੜਾਹੀ ਦੀ ਖਡੱਲ ਦਾ !
ਗੁੱਛਾ ਮੁੱਛਾ ਹੋਣ ਲੱਗਾ ਸੇਕ ਨਾਲ ਜਦੋਂ ਬਹੁਤਾ,
ਚੀਕਾਂ ਹੱਥ ਸੱਦੇ ਏਦਾਂ ਯਾਰਾਂ ਵੱਲ ਘੱਲਦਾ:-
ਨੀਂਦ ਮੱਤੀ ਸੱਸੀਏ ਨੀ ਛੇਤੀ ਜਾਗ' 'ਲੱਸੀਏ' ਨੀ,
ਤੋੜ ਗਿਆ ਫੁੱਲ ਹੋਤਾਂ ਪੁੱਨੂੰ ਤੇਰੀ ਵੱਲ ਦਾ !
ਛੱਤ ਤੇ ਖਲੋਤੀਏ 'ਮਲਾਈਏ' ਛੈਲ ਗੋਰੀਏ ਨੀ,
ਮਾਰਕੇ ਧਿਆਨ ਹਾਲ ਵੇਖ ਲੈ ਮਹੱਲ ਦਾ !
'ਸੱਖਣਾ' ਪਿਆਰ ਤੇਰਾ ਵੇਖਿਆ ਹੈ 'ਮੱਖਣਾ' ਓਇ,
ਐਵੇਂ ਤੇਰੇ ਵਾਸਤੇ ਮੈਂ ਜਾਨ ਰਿਹਾ ਸੱਲਦਾ !
'ਖੋਯਾ' ਮੋਯਾ ਹੋਯਾ ਤੇਰੇ ਵਾਸਤੇ ਹਾਂ ਲੱਖ ਵਾਰੀ,
ਖੌਂਚਿਆਂ ਦੇ ਪਹੁੰਚੇ ਰਿਹਾ ਸਿਰ ਉੱਤੇ ਝੱਲਦਾ !
'ਦਹੀਂ' ਤੇ 'ਪਨੀਰਾ' ਮੇਰੀ ਜਾਨ ਏਦਾਂ ਟੁੱਟਦੀ ਏ,
ਨਿੱਕਲੇ ਕੜਾਕਾ ਜਿਵੇਂ ਪੈਰ ਦੀ ਕੁੜੱਲ ਦਾ !
ਗੋਰੜੀ ਨਿਛੇਹ ਸੱਸੀ ਵਾਂਗੂੰ ਹਾੜੇ ਘੱਤਦਾ ਸੀ,
ਅੱਖਾਂ ਸਾਹਵੇਂ ਆ ਗਿਆ ਨਜ਼ਾਰਾ ਸਾਰਾ ਥਲ ਦਾ !
ਕੰਮ ਕੱਢੂ ਯਾਰਾਂ ਅੱਗੋਂ ਕਿਸੇ ਨਾ ਹੁੰਗਾਰਾ ਦਿੱਤਾ,
ਵੇਖ ਵੇਖ ਦੁੱਧ ਹੈਸੀ ਹੱਥ ਪਿਆ ਮਲਦਾ !
(ਬਲਦਾ=ਕਾਫੀਏ ਦੇ ਹਰਫਾਂ ਤੇ ਅੱਧਕ ਜ਼ਰੂਰੀ
ਨਹੀਂ ਸਮਝੀ ਗਈ, ਤੂਰ=ਮੂਸਾ ਪੈਗੰਬਰ ਜਿਨ੍ਹਾਂ
ਨੂੰ ਤੂਰ ਪਹਾੜ ਉਤੇ ਰੱਬ ਦੇ ਨੂਰ ਦਾ ਦਰਸ਼ਨ
ਹੋਇਆ ਤੇ ਪਹਾੜ ਸੜ ਗਿਆ, ਪਰ ਆਪ ਓਹ
ਸਿਰਫ਼ ਬੇਹੋਸ਼ ਹੋਏ, ਗੁੜੱਲ-ਲਾਲ ਸੂਹਾ ਫੁੱਲ,
ਸਿਮਸਿਮੀ-ਬਲਦੀਆਂ ਲੱਕੜਾਂ ਵਿਚੋਂ ਸ਼ੂੰ ਸ਼ੂੰ,
ਚਿਣਗਾਂ-ਚੰਗਿਆੜੀਆਂ, ਕੜਾਹੀ ਦੇ ਹੇਠਲੇ
ਪਾਸੇ, ਸੀਕਦਾ-ਸੀ ਸੀ ਕਰਦਾ, ਯਾਰਾਂ ਵੱਲ=
ਜੇਹੜੀਆਂ ਚੀਜ਼ਾਂ ਦੁੱਧ ਵਿਚੋਂ ਬਣਦੀਆਂ ਨੇ,
ਓਹਨਾਂ ਵੱਲ, ਜਾਗ=ਜਾਗ, ਲੱਸੀ, ਮਲਾਈ,
ਦਹੀਂ, ਪਨੀਰ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ)
ਜਿੰਦ ਜਾਨ ਮੇਰੀਏ, ਹਾਏ ਕਿਰਨੇ ਪਿਆਰੀਏ ਨੀ,
ਕੇੜ੍ਹੀ ਕੇੜ੍ਹੀ ਥਾਂ ਉੱਤੇ ਦੱਸ ਤੂੰ ਗੁਜ਼ਾਰੀ ਰਾਤ ?
ਗਲੇ ਨਾਲੋਂ ਤੋੜਕੇ ਜ਼ਮੀਨ ਉੱਤੇ ਸੁੱਟ ਗਈਓਂ,
ਰੋਂਦਾ ਰਿਹਾ ਜ਼ਾਲਮੇਂ ਵਿਛੋੜੇ ਵਿੱਚ ਸਾਰੀ ਰਾਤ !
ਫੁੱਲਾਂ ਨੇ ਵਛਾਈ ਹੈਸੀ ਸੇਜ ਭਾਵੇਂ ਅੱਖੀਆਂ ਦੀ,
ਕੰਡਿਆਂ ਤੇ ਲੇਟਿਆ ਮੈਂ ਕਈ ਕਈ ਵਾਰੀ ਰਾਤ !
ਤੇਰੇ ਕੋਲ ਜਾਣ ਲਈ ਜਦੋਂ ਵੀ ਮੈਂ ਪ੍ਯਾਰੀਏ ਨੀ,
ਵਾ ਦਿਆਂ ਘੋੜਿਆਂ ਤੇ ਕੀਤੀ ਅਸਵਾਰੀ ਰਾਤ !
ਲਿੱਸਾ ਜਿਹਾ ਦੇਖ ਮੈਂਨੂੰ ਦਾਬੇ ਮਾਰਨ ਲੱਗ ਪਈ
ਕਾਲੇ ੨ ਕੇਸਾਂ ਵਿੱਚੋਂ ਕੱਢਕੇ 'ਕਟਾਰੀ' ਰਾਤ !
ਪੈਰ ਤੇਰੇ ਧੋ ਧੋ ਕੇ ਲੱਖ ਵਾਰੀ ਪੀਂਵਦਾ ਮੈਂ,
ਬਾਗ ਵਿੱਚ ਆਉਂਦੀਓਂ ਜੇ ਚੱਲ ਇੱਕ ਵਾਰੀ ਰਾਤ !
ਸਹੁੰ ਤੇਰੀ ਅੱਖ ਦੀ, ਉਡੀਕ ਵਿਚ ਉੱਠ ਉੱਠ,
ਟੀਸੀਆਂ ਹਿਮਾਲਾ ਦੀਆਂ ਵੇਂਹਦਾ ਰਿਹਾ ਸਾਰੀ ਰਾਤ !
ਨਿੱਕੇ ਜੇਹੇ ਬੋਟ ਦੇ ਸੁਨਹਿਰੀ ਖੰਭ ਤੋੜਕੇ ਤੂੰ,
ਕੇਹੜੇ ਦੇਸ ਚਲੀ ਗਈ ਸੈਂ ਮਾਰਕੇ ਉਡਾਰੀ ਰਾਤ ?
ਫੁੱਲਾਂ ਦੀ ਪੁਸ਼ਾਕ, ਵਿੱਚ ਸੌ ਸੌ ਸੇਜ ਸੂਲੀਆਂ ਦੀ,
ਚੋਰੀ ਚੋਰੀ ਅੰਬਰਾਂ 'ਚੋਂ ਮੇਰੇ ਲਈ ਉਤਾਰੀ ਰਾਤ !
ਹਰ ਇਕ 'ਹੂਰ' ਮੇਰਾ 'ਮੱਛੀ-ਨਾਚ' ਵੇਖਦੀ ਸੀ,
ਖੋਲ੍ਹ ਖੋਲ੍ਹ ਅੰਬਰਾਂ ਤੋਂ ਚੰਨ ਵਾਲੀ ਬਾਰੀ ਰਾਤ !
ਸਾਗਰਾਂ ਤੋਂ ਡੂੰਘੇ ਮੇਰੇ ਸੀਨੇ ਦੇ ਖ਼ਿਆਲਾਂ ਵਿੱਚ,
ਚੰਨ ਸਣੇ ਤਾਰਿਆਂ ਦੇ ਲਾਉਂਦੀ ਰਹੀ ਤਾਰੀ ਰਾਤ !
ਸੁੰਜੜੇ ਬਗ਼ੀਚੇ ਵਿੱਚ ਰੋ ਰੋ ਹੌੱਕੇ ਮਾਰਦਾ ਸਾਂ,
ਚੁੱਕੀ ਸੀ ਉਦਾਸੀਆਂ ਦੀ ਸਿਰ ਉੱਤੇ ਖਾਰੀ ਰਾਤ !
ਚਿੱਟੇ ਚਿੱਟੇ ਤਾਰਿਆਂ ਜਹੇ ਮੂੰਹ ਤੋਂ ਚਟਾਕ ਉੱਡੇ,
ਖੋਲ੍ਹ ਖੋਲ੍ਹ ਮੇਢੀਆਂ ਰਹੀ ਪਿੱਟਦੀ ਵਿਚਾਰੀ ਰਾਤ !
ਤੇਰੀਆਂ ਸਹੇਲੀਆਂ ਈ ਤੇਰੇ ਕੋਲੋਂ ਚੰਗੀਆਂ ਨੇ,
ਚੰਨ ਦੀਆਂ ਰਿਸ਼ਮਾਂ ਨੇ ਹਿੱਕ ਮੇਰੀ ਠਾਰੀ ਰਾਤ !
ਨਿੰਮੀ ਨਿੰਮੀ ਚਾਨਣੀ 'ਚ ਚਾਂਦੀ ਦੀ ਰੰਗੀਲ ਚਰਖੀ,
ਡਾਹ ਬੈਠੀ ਮੇਰੇ ਸਾਹਵੇਂ ਰਾਜ-ਕੁਮਾਰੀ ਰਾਤ !
ਕੱਤਕੇ ਬਰੀਕ ਸੂਤ 'ਰਿਸ਼ਮਾਂ' ਮੁਕਾਈ ਸਾਰੀ,
ਤਾਰੇ ਰੂਪੀ ਗੋੜ੍ਹਿਆਂ ਦੀ ਭਰਕੇ ਪਟਾਰੀ ਰਾਤ !
ਚੁਣ ਚੁਣ ਤਾਰਿਆਂ ਦੀ ਗਾਨੀ ਭੀ ਮੈਂ ਗਲ ਪਾਈ,
ਫੇਰ ਭੀ ਨਾਂ 'ਕੰਨ ਪਾਈ ਗੱਲ' ਚੰਚਲ ਹਾਰੀ ਰਾਤ !
ਹੁਸਨ ਨੇ ਸਿਖਾਈਆਂ ਜਹੀਆਂ ਸ਼ੋਖੀਆਂ ਅਦਾਵਾਂ ਆਕੇ,
ਬ੍ਰਿਹੋਂ ਤੇ ਪ੍ਰੇਮ ਲਈ ਬਣ ਗਈ ਸ਼ਿਕਾਰੀ ਰਾਤ !
ਨੀਂਦ ਚਿੜੀ ਫੜ ਲਈ 'ਨਰਗਸੀ' ਕ੍ਯਾਰੀਆਂ 'ਚੋਂ,
ਤਾਰਿਆਂ ਦੀ ਚੋਗ, ਫਾਹੀ ਲਿਟਾਂ ਦੀ ਖਿਲਾਰੀ ਰਾਤ !
ਮੇਰੀਆਂ 'ਬੇਕਲੀਆਂ' ਨੇ ਫੁੱਲ ਜਦੋਂ ਸਾੜ ਦਿੱਤੇ,
'ਸੰਖ' ਤੇ 'ਅਜ਼ਾਨ' ਵਿੱਚੋਂ ਓਦੋਂ ਏਹ ਪਕਾਰੀ ਰਾਤ !
'ਮੋੱਤੀਆ' ਪ੍ਰੇਮ ਦਿਆ ਦਰਦਾਂ ਦਿਆ 'ਹੀਰਿਆ' ਵੇ,
ਸਣੇ ਚੰਨ ਤਾਰਿਆਂ ਦੇ ਤੇਰੇ ਉੱਤੋਂ ਵਾਰੀ ਰਾਤ !
ਫੋੜਿਆਂ ਦੇ ਨਾਲ ਸੀ ਓਹ ਆਪ ਈ ਪਰੁੱਚੀ ਹੋਈ,
ਮੇਰੇ ਜੇਹੇ ਫੱਟਿਆਂ ਦੀ ਕਰਦੀ ਕੀ ਕਾਰੀ ਰਾਤ !
ਪੱਤਰਾਂ ਦੇ ਕਿੰਗਰੇ ਬਣਾਕੇ ਤਿੱਖੀ ਦਾਤਰੀ ਮੈਂ,
ਔਕੜਾਂ ਦੇ ਨਾਲ ਕੱਟੀ ਗ਼ਮਾਂ ਦੀ ਕਿਆਰੀ ਰਾਤ !
'ਸ਼ਰਫ਼' ਬੂੰਦ ਪਾਣੀ ਦੀ ਹਕੀਕੀ ਸ਼ੀਸ਼ਾ ਬਣ ਗਿਆ,
ਵੇਖ ਵੇਖ ਚੇਹਰਾ ਮੇਰਾ 'ਚੀਰਨੀ' ਸ਼ਿੰਗਾਰੀ ਰਾਤ !
(ਕਟਾਰੀ=ਕੈਕਸ਼ਾਹ-ਅਸਮਾਨ ਦਾ ਤਾਰਿਆਂ
ਭਰਿਆ ਰਾਹ, ਮੱਛੀ-ਨਾਚ=ਤੜਫਨਾ,
ਨਰਗਸੀ=ਅੱਖੀਆਂ ਅਜ਼ਾਨ=ਬਾਂਗ,
ਚੀਰਨੀ=ਅਸਮਾਨ ਦਾ ਰਾਹ)
ਮਾਂ ਛਾਂ-ਜ਼ਿੰਦਗੀ ਦੇ ਨਿਕੜੇ ਜਹੇ ਦਿਲ ਵਿਚ,
ਸੋਮਾਂ ਉਹ ਮੁਹੱਬਤਾਂ ਦਾ ਰੱਬ ਨੇ ਪਸਾਰਿਆ ।
ਅੱਜ ਤੀਕਨ ਏਸ ਦਾ ਥਾਹ ਕਿਸੇ ਨਹੀਂ ਪਾਯਾ,
ਮਾਰ ਮਾਰ ਟੁੱਭੀਆਂ ਹੈ ਜੱਗ ਸਾਰਾ ਹਾਰਿਆ ।
ਵੱਡੇ ਵੱਡੇ ਸ਼ਾਇਰਾਂ ਲਿਖਾਰੀਆਂ ਨੇ ਜ਼ੋਰ ਲਾ ਕੇ,
ਮਾਂ ਦੇ ਪਿਆਰ ਵਾਲਾ ਫੋਟੋ ਹੈ ਉਤਰਿਆ ।
ਮੈਂ ਭੀ ਤਸਵੀਰ ਇੱਕ ਨਿੱਕੀ ਜੇਹੀ ਵਿਖਾਲਦਾ ਹਾਂ,
ਸ਼ਾਇਰੀ ਦੇ ਰੰਗ ਨਾਲ ਜਿਹਨੂੰ ਮੈਂ ਸਵਾਰਿਆ ।
ਸਹਿਕ ਸਹਿਕ ਪੁੱਤ ਲੱਭਾ ਇੱਕ ਮਾਤਾ ਤੱਤੜੀ ਨੂੰ,
ਲੱਖ ਲੱਖ ਸ਼ੁਕਰ ਓਹਨੇ ਰੱਬ ਦਾ ਗੁਜ਼ਾਰਿਆ ।
ਹੁੰਦੇ ਤਾਨ ਪੁੱਤ ਨੂੰ ਨਾ ਵਾ ਤੱਤੀ ਪੋਹਨ ਦਿੱਤੀ,
ਦੁੱਖ ਝੱਲੇ ਉਹਦੇ, ਹਿੱਕ ਆਪਣੀ ਨੂੰ ਠਾਰਿਆ ।
ਦਿਨਾਂ ਦੇ ਮਹੀਨੇ ਤੇ ਮਹੀਨਿਆਂ ਦੇ ਵਰ੍ਹੇ ਹੋਏ,
ਬੈਠਾ ਫੇਰ ਰਿੜ੍ਹਿਆ, ਤੁਰਾਇਆ ਤੇ ਖਲ੍ਹਾਰਿਆ ।
ਦੇ ਦੇ ਵਾਰ ਲੋਰੀਆਂ ਮੁਹੱਬਤਾਂ ਅਸੀਸਾਂ ਵਾਲੇ,
ਮਾਂ ਨੇ ਮੁਨਾਰਾ ਖ਼ੁਸ਼ੀ-ਆਸ ਦਾ ਉਸਾਰਿਆ ।
ਫੁੱਟ ਪਈ ਅੰਗੂਰੀ ਕੱਕੀ ਗੋਰੇ ਗੋਰੇ ਮੁਖੜੇ ਤੇ,
ਫੁੱਲਾਂ ਵਾਂਗੂੰ ਆਣਕੇ ਜਵਾਨੀ ਨੇ ਸ਼ਿੰਗਾਰਿਆ ।
ਸੱਧਰਾਂ ਮੁਰਾਦਾਂ ਵਾਲੇ ਦਿਨ ਜਦੋਂ ਨੇੜੇ ਢੁੱਕੇ,
ਹੋਣੀ ਹੁਰਾਂ ਆਣ ਉਦੋਂ ਚੀਣਾ ਇਹ ਖਿਲਾਰਿਆ :-
ਤੁਰੇ ਤੁਰੇ ਜਾਂਦੇ ਨੂੰ ਖਲੋਤੀ ਇੱਕ ਸੁੰਦਰੀ ਨੇ,
ਖਿੱਚਕੇ ਦੁਗਾੜਾ ਖ਼ੂਨੀ ਨੈਣਾਂ ਵਿੱਚੋਂ ਮਾਰਿਆ ।
ਕਾਲੀ ਕਾਲੀ ਜ਼ੁਲਫ਼ਾਂ ਦੇ ਕੁੰਡਲਾਂ ਤੇ ਵਲਾਂ ਵਿੱਚ,
ਚੰਦ ਪੁੱਤ ਮਾਂ ਦਾ ਉਹ ਗਿਆ ਪਰਵਾਰਿਆ ।
ਬਿੱਟ ਬਿੱਟ ਵੇਂਹਦੇ ਉਹਨੂੰ, ਉਸ ਨਾਰੀ ਪੁੱਛਿਆ ਏਹ :-
'ਏਥੇ ਕਿਉਂ ਖਲੋ ਰਿਹਾ ਏਂ ਏਦਾਂ ਤੂੰ ਵਿਚਾਰਿਆ ?'
ਹੰਝੂਆਂ ਨੂੰ ਪੂੰਝਦੇ ਨੇ ਦਿੱਤਾ ਇਹ ਜਵਾਬ ਅੱਗੋਂ :-
'ਤੇਰੀ ਮੋਹਨੀ ਮੂਰਤ ਉੱਤੇ ਮੈਂ ਹਾਂ ਗਿਆ ਵਾਰਿਆ ।
ਅੱਖੀਓਂ ਪਰੋਖੇ ਹੋਣਾ ਮੁੱਖ ਤੇਰਾ, ਮੌਤ ਮੇਰੀ,
ਸੋਮਾ ਹੈ ਜ਼ਿੰਦਗੀ ਦਾ ਮੈਂ ਦਰਸ ਤੇਰਾ ਧਾਰਿਆ ।'
ਬੋਲੀ ਮੁਟਿਆਰ ਅੱਗੋਂ, 'ਪਿਆਰ ਦੇ ਪੁਜਾਰੀਆ ਵੇ,
ਮੈਂ ਭੀ ਤੈਨੂੰ ਥੋੜਾ ਜਿਹਾ ਚਾਹਨੀਆਂ ਵੰਗਾਰਿਆ ।
ਕੱਢਕੇ ਲਿਆ ਦੇਂ ਜੇ ਤੂੰ ਦਿਲ ਮਾਤਾ ਆਪਣੀ ਦਾ,
ਲਾਵਾਂ ਹੀ ਮੈਂ ਤੇਰੇ ਨਾਲ ਲੈ ਲਾਂਗੀ ਕਵਾਰਿਆ ।'
ਏਨੀ ਗੱਲ ਸੁਣੀਂ ਤੇ ਉਹ ਨੱਸਾ ਨੱਸਾ ਘਰ ਆਇਆ,
ਆਣ ਸੁੱਤੀ ਮਾਂ ਦੇ ਕਲੇਜੇ ਛੁਰਾ ਮਾਰਿਆ ।
ਸਗਨਾਂ ਦੀ ਮਹਿੰਦੀ ਜਿਨ੍ਹੇ ਹੱਥਾਂ ਉੱਤੇ ਲਾਵਨੀ ਸੀ,
ਘੋੜੀਆਂ ਸੁਹਾਗ ਗਉਂਕੇ ਚੰਨਾ ਮਾਹੀਆ ਤਾਰਿਆ ।
ਅੱਜ ਉਹਦੀ ਰੱਤ ਵਿੱਚ ਹੱਥਾਂ ਨੂੰ ਹੰਗਾਲਕੇ ਤੇ,
ਵੇਖੋ ਖ਼ੂਨੀ ਪੁੱਤ ਨੇ ਪਿਆਰ ਕੀ ਨਿਤਰਿਆ ।
ਓੜਕ ਓਥੋਂ ਉੱਠ ਨੱਸਾ ਦਿਲ ਲੈ ਕੇ ਮਾਂ ਦਾ ਉਹ,
ਉਹਦੇ ਵੱਲ, ਜੀਹਦੇ ਲਈ ਇਹ ਕਹਿਰ ਸੀ ਗੁਜਾਰਿਆ ।
ਐਸਾ ਅੰਨ੍ਹਾ ਹੋ ਗਿਆ ਸੀ ਵਿਸ਼ੇ ਦੇ ਪ੍ਰੇਮ ਵਿੱਚ,
ਉੱਚਾ ਨੀਵਾਂ ਰਾਹ ਭੀ ਨਾ ਸੋਚਿਆ ਵਿਚਾਰਿਆ ।
ਠੇਡਾ ਲੱਗਾ ਡਿੱਗ ਪਿਆ ਮੂਧੜੇ ਮੂੰਹ ਜ਼ਿਮੀਂ ਉੱਤੇ,
ਉਸ ਵੇਲੇ ਮੁੱਠ ਵਿਚੋਂ ਦਿਲ ਇਹ ਪੁਕਾਰਿਆ :-
'ਲੱਖ ਲੱਖ ਵਾਰੀ ਤੈਥੋਂ ਵਾਰੀ ਜਾਵੇ ਅੰਬੜੀ ਇਹ,
ਸੱਟ ਤੇ ਨਹੀਂ ਲੱਗੀ ਮੇਰੇ ਬੱਚਿਆ ਪਿਆਰਿਆ ?'
'ਸ਼ਰਫ਼' ਏਹ ਹੌਂਸਲਾ ਹੈ ਮਾਂ ਦੇ ਪਯਾਰ ਦਾ ਈ,
ਪੁੱਤ ਹੱਥੋਂ ਮਰਕੇ ਭੀ ਮੋਹ ਨਹੀਂ ਵਿਸਾਰਿਆ ।
ਗਹੁ ਨਾਲ ਸੁਣਨਾ ਸਾਰੇ ਕੰਨ ਧਰਕੇ,
ਕਿੱਸਾ ਕਵ੍ਹਾਂ ਅਚਰਜ ਸਵੇਲ ਦਾ ਮੈਂ !
ਮੋਰ ਵਾਂਗ ਬਨਿਸਤ ਅਜ ਮਸਤ ਹੋਕੇ,
ਗਿਆ ਬਾਗ਼ ਵਿੱਚ ਰੇਲਦਾ ਪਲਦਾ ਮੈਂ !
ਤੋੜ ਤੋੜ ਕੇ ਫੁੱਲਾਂ ਖਿਡੌਣਿਆਂ ਨੂੰ,
ਹੈਸਾਂ ਜਾਤ ਦੇ ਵਾਂਗ ਖੇਲਦਾ ਮੈਂ !
ਬੈਠਾ ਹੋਇਆ ਗੁਲਾਬ ਦੇ ਫੁੱਲ ਉੱਤੇ,
ਕਤਰਾ ਵੇਖਿਆ ਇੱਕ ਤਰੇਲ ਦਾ ਮੈਂ !
ਉਹਦੀ ਚਮਕ ਦੀ ਚੜ੍ਹਤ ਕੁਝ ਵੱਖਰੀ ਸੀ,
ਸ਼ਮਸੀ ਹੀਰਿਆਂ ਦੀ ਰੰਗਣ ਦੇਖ ਕੋਲੋਂ !
ਪਰ ਓਹ ਪਾਰੇ ਦੇ ਵਾਂਗ ਤ੍ਰਿਬਕਦਾ ਸੀ,
ਰਤੀ ਤਿੱਖੜੀ ਕਿਸੇ ਦੀ ਅੱਖ ਕੋਲੋਂ !
ਓਹਨੂੰ ਕਿਹਾ ਮੈਂ 'ਚੰਨ ਦੀ ਅੱਖ ਵਿੱਚੋਂ,
ਹੰਝੂ ਡਿਗਿਆ ਤੂੰ ਜਾਂਦੀ ਵਾਰ ਦਾ ਏਂ ?
ਕਿ ਹੈਂ ਬੁਲਬੁਲਾ ਫੁੱਲ ਦੀ ਉਮਰ ਵਾਲਾ,
ਯਾ ਤੂੰ ਅੱਥਰੂ ਬੁਲਬੁਲ ਦੇ ਪਿਆਰ ਦਾ ਏਂ ?
ਹੱਥੋ ਪਾਈ ਪਰੇਮ ਦੀ ਵਿੱਚ ਯਾ ਤੂੰ,
ਮੋਤੀ ਟੁੱਟਿਆ ਸ਼ਾਮ ਦੇ ਹਾਰ ਦਾ ਏਂ ?
ਯਾ ਤੂੰ ਰੈਨ ਦੇ ਕੁਲਫ਼ੀ ਦੁਪੱਟੜੇ ਤੋਂ,
ਅਬਰਕ ਝੜ ਡਿੱਗਾ ਚਮਕਾਂ ਮਾਰਦਾ ਏਂ ?
ਰਿੜ੍ਹੇਂ ਖਿੜ੍ਹੇਂ ਟਪੋਸੀਆਂ ਲਾ ਲਾ ਕੇ,
ਫਿਰੇਂ ਖੰਬੜੀ ਖੰਬੜੀ ਫੋਲਦਾ ਤੂੰ !
ਫੁੱਲਾਂ ਵਿੱਚ ਹੈ ਕੌਣ ਓਹ ਲੁਕਣ ਵਾਲਾ,
ਜਿਨ੍ਹੂੰ ਏਕਣਾਂ ਨਾਲ ਹੈਂ ਟੋਲਦਾ ਤੂੰ ?'
ਲੱਗਾ ਕਹਿਣ ਓਹ 'ਖੋਲ੍ਹਕੇ ਕੀ ਦੱਸਾਂ,
ਪਾਈਆਂ ਕਿਸੇ ਨੇ ਐਸੀਆਂ ਫਾਹੀਆਂ ਨੇ !
ਹੋਇਆ ਵੇਖ ਹਿਮਾਲਾ ਦਾ ਮੂੰਹ ਬੱਗਾ,
ਜੋ ਜੋ ਔਕੜਾਂ ਸਖ਼ਤ ਨਿਬਾਹੀਆਂ ਨੇ !
ਕੱਛੇ ਹੋਏ ਨੇ ਸੱਤੇ ਅਸਮਾਨ ਮੇਰੇ,
ਸੱਤੇ ਧਰਤੀਆਂ ਮੇਰੀਆਂ ਗਾਹੀਆਂ ਨੇ !
ਉਨਾਂ ਕੋਲੋਂ ਤੂੰ ਵਾਪਰੀ ਪੁੱਛ ਮੇਰੀ,
ਸੂਰਜ ਚੰਦ ਦੋ ਸਾਫ਼ ਗਵਾਹੀਆਂ ਨੇ !
ਚਿੱਪਰ ਸ਼ੀਸ਼ੇ ਦੀ ਜਮ ਦਾ ਜਾਮ ਸਮਝਾਂ,
ਜਲਵੇ ਜੱਗ ਦੇ ਮੇਰੇ ਵਿਚ ਭਰੇ ਹੋਏ ਨੇ !
ਮੈਂਨੂੰ ਪਾਣੀ ਦੀ ਬੂੰਦ ਨ ਸਮਝ ਬੈਠੀਂ,
ਮੈਂ ਤਾਂ ਸੱਤੇ ਸਮੁੰਦਰ ਈ ਤਰੇ ਹੋਏ ਨੇ !
ਵੇਂਹਦਾ ਮਜਨੂੰ ਦੇ ਇਸ਼ਕ ਨੂੰ ਨਜਦ ਅੰਦਰ,
ਮੈਂ ਉਹ ਲੇਲੀ ਦਾ ਹੁਸਨ ਕਮਾਲ ਡਿੱਠਾ !
ਚਿਮਟਾ ਕੱਢਦਾ ਰਾਂਝੇ ਜਿਹੇ ਜੋਗੀਆਂ ਦਾ,
ਲੱਖ ਲੱਖ ਅਲੱਖ ਦਾ ਤਾਲ ਡਿੱਠਾ !
ਪੁਰਜ਼ੇ ਪੁਰਜ਼ੇ ਹੁੰਦਾ ਬੇੜਾ ਸੋਹਣੀ ਦਾ,
ਤੇਜ਼ ਕੈਂਚੀਆਂ ਲਹਿਰਾਂ ਦੇ ਨਾਲ ਡਿੱਠਾ !
ਬੈਠੀ ਡਾਚੀ ਦੇ ਖੁਰੇ ਤੇ ਰੋਂਵਦੀ ਸੀ,
ਮੈਂ ਇਹ ਰਾਤ ਦੀ ਵਿਆਹੀ ਦਾ ਹਾਲ ਡਿੱਠਾ !
ਪ੍ਰੀਤਮ ਵਾਸਤੇ ਘਾਟੇ ਨੂੰ ਲਾਹਾ ਸਮਝਨ,
ਡਿੱਠੀ ਰੀਤ ਪਰੀਤ ਦੇ ਦਾਨਿਆਂ ਦੀ !
ਛੱਡ ਮਹਿਲ ਜ਼ੁਲੈਖਾਂ ਦੇ ਵਾਂਗ ਕਈਆਂ,
ਪਾ ਲਈ ਰਾਹ ਅੰਦਰ ਝੁੱਗੀ ਕਾਨਿਆਂ ਦੀ !
ਵੇਖੇ ਹੈਣ ਮੈਂ ਭੀ ਪ੍ਰਹਿਲਾਦ ਵਰਗੇ,
ਕਿਸੇ ਪਿਆਰੇ ਦੇ ਨਾਮ ਨੂੰ ਜਪਣ ਵਾਲੇ !
ਠੰਢੇ ਹੋਏ ਮਰਦਾਨੇ ਦੇ ਲਈ ਵੇਖੇ,
ਤੇਲ ਕਿਸੇ ਦੀ ਯਾਦ ਵਿੱਚ ਤਪਣ ਵਾਲੇ !
ਪੰਡ ਕਿਸੇ ਦੇ ਪਿਆਰ ਦੀ ਚੁੱਕ ਸਿਰ ਤੇ,
ਬਾਲਕਪਨ ਅੰਦਰ ਵੇਖੇ ਖਪਣ ਵਾਲੇ !
ਸੂਹ ਕਿਸੇ ਦੀ ਅੰਬਰਾਂ ਤੀਕ ਲੈਂਦੇ,
ਵੇਖੋ ਤਾਰਿਆਂ ਵਿਚ ਮੈਂ ਛਪਣ ਵਾਲੇ !
ਡਿੱਠੇ ਕਿਸੇ ਦੇ ਹੁਸਨ ਦੀ ਖਿੱਚ ਦੇ ਮੈਂ,
ਦਿੱਤੇ ਠੁੰਮਣੇ ਅੰਬਰਾਂ ਧਰਤੀਆਂ ਨੂੰ !
ਵਿਕਦਾ ਵੇਖਿਆ ਕਿਸੇ ਦੇ ਨਾਮ ਉੱਤੇ,
ਅੱਗੇ ਚੂਹੜਿਆਂ ਦੇ ਚੱਕਰਵਰਤੀਆਂ ਨੂੰ !
ਡਿਠੇ ਕਿਸੇ ਦੇ ਜਲਵੇ ਦੀ ਸ਼ਮਾਂ ਉੱਤੇ,
ਕੋਹਤੂਰ ਜਿਹੇ ਸੜੇ ਪਤੰਗ ਹੋਕੇ !
ਉੱਡੇ ਖੰਜਰ ਪਿਆਰੇ ਦੀ ਡੋਰ ਉੱਤੇ,
ਸਰਮੱਦ ਜਿਹਾਂ ਦੇ ਸੀਸ ਪਤੰਗ ਹੋਕੇ !
ਕਿਸੇ ਪਰਦਾ ਨਸ਼ੀਨ ਦੀ ਵੀਹ ਅੰਦਰ,
ਪੁੱਜੇ ਏਕਣਾਂ ਕਈ ਮਲੰਗ ਹੋਕੇ !
ਚੋਲਾ ਖੱਲ ਦਾ ਲਾਹ ਕੇ ਤਨ ਉੱਤੋਂ,
ਬੈਠੇ ਸਾਮ੍ਹਣੇ ਨੰਗ ਧੜੰਗ ਹੋਕੇ !
ਡਿਗਕੇ ਕੰਡੇ ਦੀ ਚੁੰਝ ਤੇ-ਕਹਿਣ ਲੱਗਾ,
ਕਰੜੇ ਜ਼ੁਲਮ ਵੇਖੇ ਦੇਹੀਆਂ ਕੂਲੀਆਂ ਤੇ ?
ਜਿਹੜੇ 'ਸ਼ਿਬਲੀ' ਦਾ ਫੁੱਲ ਨ ਸਹਿ ਸੱਕੇ,
ਏਦਾਂ ਚੜ੍ਹੇ ਓਹ ਕਿਸੇ ਲਈ ਸੂਲੀਆਂ ਤੇ !
ਨੈਣ ਕਿਸੇ ਪਿਆਰੇ ਦੇ ਹੈਣ ਐਸੇ,
ਮਿਕਨਾਤੀਸ ਵਾਂਗੂੰ ਖਿੱਚ ਪਾਉਂਣ ਵਾਲੇ !
ਦੇਖ ?'ਪ੍ਰੇਮ-ਪਟਾਰੀ' ਵਿੱਚ ਫੁੱਲ ਲੈਕੇ,
ਆਏ 'ਗ਼ਜ਼ਨੀਓਂ' ਭੇਟ ਚੜ੍ਹਾਉਂਣ ਵਾਲੇ !
ਪਰਲੋ ਤੀਕ ਵੀ ਕਿਸੇ ਦੀ ਸੁੰਦਰਤਾ ਦੇ,
ਰੰਗ ਗਿਣਤੀਆਂ ਵਿੱਚ ਨਹੀਂ ਆਉਂਣ ਵਾਲੇ !
ਕਣਕ ਵਾਂਗ ਵੇਖੇ ਸੀਨਾ ਚਾਕ ਫਿਰਦੇ,
ਨਾਲ ਸੈਨਤਾਂ ਚੱਕੀ ਚਲਾਉਂਣ ਵਾਲੇ !
ਵੇਖ ਵੇਖਕੇ ਹੁਸਨ ਦੇ ਮੁੱਠਿਆਂ ਨੂੰ,
ਲੱਗ ਗਿਆ ਹੈ ਇਸ਼ਕ ਕਮਾਲ ਮੈਂਨੂੰ !
ਜੀਹਦੇ ਦੀਦ ਨੇ ਇਨ੍ਹਾਂ ਨੂੰ ਫੱਟਿਆ ਸੀ,
ਹੈ ਅਜ ਓਸੇ ਪਿਆਰੇ ਦੀ ਭਾਲ ਮੈਂਨੂੰ !
ਚੜ੍ਹਕੇ ਕਿਰਨਾਂ ਦੀ ਪਉੜੀ ਮੈਂ ਰੋਜ਼ ਦਿਨ ਨੂੰ,
ਨੀਲੀ ਛੱਤ ਉੱਤੇ ਚਲਿਆ ਜਾਵਨਾ ਹਾਂ !
ਲੈਕੇ ਬੈਂਸਰੀ ਪੌਣ ਦੇ ਬੁੱਲਿਆਂ ਦੀ,
ਪੀਆ ਪੀਆ ਦੇ ਗੀਤ ਮੈਂ ਗਾਵਨਾ ਹਾਂ !
ਰੱਸੀ ਰੇਸ਼ਮੀ 'ਰਿਸ਼ਮਾਂ' ਦੀ ਪਕੜ ਕੇ ਤੇ,
ਰਾਤੀਂ ਲੱਥ ਅਸਮਾਨ ਤੋਂ ਆਵਨਾ ਹਾਂ !
ਸ਼ੋਖ਼ ਅੱਖੀਆਂ ਵਾਲਾ ਓਹ ਕਿਤੋਂ ਲੱਭੇ,
ਲੁਕ ਲੁਕ ਝਾਤੀਆਂ ਸਾਰੇ ਹੀ ਪਾਵਨਾ ਹਾਂ !
ਝੁਰਮਟ ਵੇਖਕੇ ਬੁਲਬੁਲਾਂ ਭੌਰਿਆਂ ਦਾ,
ਮੈਂ ਏਹ ਜਾਣਿਆਂ ਸੀ ਏਥੇ ਹੋਵਣਾ ਏ !
ਪਰ ਮੈਂ ਭਾਗ ਨਿਖੁੱਟੇ ਨੂੰ ਕੀ ਆਖਾਂ,
ਲਿਖਿਆ ਲੇਖ ਵਿੱਚ ਇਥੇ ਵੀ ਰੋਵਣਾ ਏ !
ਸੁਣਕੇ ਓਹਦੀਆਂ ਗੱਲਾਂ ਮੈਂ ਕਿਹਾ ਮੁੜਕੇ,
'ਤੇਰਾ ਬੋਲ ਨਾ ਮੈਂਨੂੰ ਕੋਈ ਜੱਚਿਆ ਏ !
ਬਾਜ਼ੀਗਰ ਵਾਂਗੂ, ਚੜ੍ਹਕੇ ਵਾਂਸ ਉੱਤੇ,
ਐਡਾ ਮੂਰਖਾ ਨਾਚ ਨੂੰ ਨੱਚਿਆ ਏ !
ਓਹਦੀ ਜੋਤ ਨੂੰ ਚਿੱਤ ਚੋਂ ਲੱਭਣਾ ਸਈ,
ਜੀਹਦਾ ਥਾਂ ਥਾਂ ਤੇ ਰੌਲਾ ਮੱਚਿਆ ਏ !
ਅੰਦਰ ਦੁਧ ਦੇ ਹੁੰਦਾ ਏ ਤੇਜ ਜਿਵੇਂ,
ਏਕਣ ਹਰੀ ਓ ਹਰ ਵਿੱਚ ਰੱਚਿਆ ਏ !
ਜਿਵੇਂ ਵਗਦੀਏ ਰਾਤ ਦਿਨ ਜੱਗ ਅੰਦਰ,
ਪਰ ਨਹੀਂ ਦਿੱਸਦੀ ਕਦੀ ਹਵਾ ਸਾਨੂੰ !
ਏਸੇ ਤਰ੍ਹਾਂ ਓਹ ਥਾਂ ਥਾਂ ਵੱਸਦਾ ਭੀ,
ਆਵੇ ਨਜ਼ਰ ਨਾਂ ਪਾਕ ਖ਼ੁਦਾ ਸਾਨੂੰ !
ਤਾਣੇ ਬਾਣੇ ਜਹਾਨ ਦੇ ਤਣ ਤਣ ਕੇ,
ਉੱਧੜ ਗਿਆ ਸਭ ਉਮਰ ਦਾ ਸੂਤ ਤੇਰਾ !
ਭਰ ਗਈ ਸੀਸ ਵਿੱਚ ਵਾ ਤਕੱਬਰੀ ਦੀ,
ਫੁੱਲਿਆ ਬੁਲਬੁਲੇ ਵਾਂਗ ਕਲਬੂਤ ਤੇਰਾ !
ਓਸ ਇੱਕ ਨੇ, ਤੈਂਨੂੰ ਕੀ ਲੱਭਣਾ ਏਂ,
ਪਰਦਾ ਦੂਈ ਦਾ ਦਿੱਸੇ ਸਬੂਤ ਤੇਰਾ !
ਕੱਚੇ ਜੱਗ ਦੇ ਕੱਚ ਲਈ ਕੱਚਿਆ ਓਏ,
ਹੀਰਾ ਜਨਮ ਏ ਗਿਆ ਅਕੂਤ ਤੇਰਾ !
ਕਿਸੇ ਕੋਠੜੀ ਦੀ ਵੜਕੇ ਨੁੱਕਰੇ ਜੋ,
ਓਹਦੀ ਯਾਦ ਦੇ ਵਿੱਚ ਖਲੋ ਜਾਂਦੋਂ !
'ਸ਼ਰਫ਼' ਸਿੱਪ ਵਾਲੇ ਤੁਪਕੇ ਵਾਂਗ ਤੂੰ ਭੀ;
ਕਿਉਂ ਨਾਂ ਸਾਫ਼ ਸੁੱਚਾ ਮੋਤੀ ਹੋ ਜਾਂਦੋਂ !'
(ਸ਼ਮਸੀ=ਸ਼ਮਸੀ ਹੀਰਾ, ਜਿਸਦੇ ਸੂਰਜ ਦੀਆਂ
ਕਿਰਣਾਂ ਨਾਲ ਰੰਗ ਬਦਲਦੇ ਹਨ, ਜਮ ਦਾ
ਜਾਮ=ਜਮਸ਼ੈਦ ਪਾਤਸ਼ਾਹ ਦਾ ਪਿਆਲਾ,
ਨਜਦ=ਇਕ ਪਹਾੜੀ ਦਾ ਨਾਮ ਹੈ ਜਿੱਥੇ
ਮਜਨੂੰ ਪਾਗ਼ਲ ਹੋਕੇ ਜਾ ਬੈਠਾ ਸੀ, ਵੀਹ=
ਗਲੀ, ਗ਼ਜ਼ਨੀਓਂ=ਭਾਈ ਨੰਦ ਲਾਲ ਜੀ
'ਗੋਯਾ' ਗ਼ਜ਼ਨੀ ਸ਼ਹਿਰ ਦੇ ਵਾਸੀ)
'ਮੱਛੀ ਵੇਚੀ ਹੋਈ ਸੀ' ਕਿਤੇ ਡੱਡੀਆਂ ਨੇ,
ਕਿਧਰੇ ਅੰਬਰਾਂ ਤੇ ਬੱਦਲ ਗੱਜਦਾ ਸੀ !
ਕਿਧਰੇ ਬਿਜਲੀ ਪਈ ਨੈਣ ਵਿਖਾਂਵਦੀ ਸੀ,
ਕਿਧਰੇ ਪਿਆ ਸੂਰਜ ਮੂੰਹ ਕੱਜਦਾ ਸੀ !
ਘਟਾਂ ਕਾਲੀਆਂ ਕਾਲੀਆਂ ਵਿੱਚ ਬਗਲਾ,
ਬੱਗਾ ਜੇਹਾ ਕੋਈ ਉੱਡਦਾ ਸੱਜਦਾ ਸੀ !
ਪੀਆ ! ਪੀਆ ! ਪਪੀਹੇ ਦਾ ਕੂਕਣਾ ਉਹ,
ਆਕੇ ਤੀਰ ਉੱਤੇ ਤੀਰ ਵੱਜਦਾ ਸੀ !
ਕਹਿਣਾ ਕਿਸੇ ਨੇ ਪਕੜਕੇ ਬਾਂਹ ਮੇਰੀ:-
'ਮਿਨਤਾਂ ਸਾਡੀਆਂ ਵੱਲ ਧਿਆਨ ਦੇਣਾ !
ਆ ਗਈ ਰੁੱਤ ਸੁਹਾਵਣੀ ਬੜੀ ਲੱਗੀ,
ਅੱਜ ਮੈਂ ਘਰੋਂ ਸੁਹਾਗ ਨਹੀਂ ਜਾਣ ਦੇਣਾ !'
'ਬੱਦਲ ਟਿੱਲਿਓਂ' ਸ਼ੂਕਦਾ ਆਣ ਪਹੁੰਚਾ,
ਬੁੱਲੇ ਸੁਰਗ ਦੇ ਆਣਕੇ ਝੁੱਲ ਗਏ ਨੇ !
ਜੇਹੜੇ ਦਿਲ ਸਨ ਗ਼ਮਾਂ ਝਲੂਹ ਦਿੱਤੇ,
ਉਹ ਵੀ ਕਲੀਆਂ ਦੇ ਵਾਂਗ ਅਜ ਫੁੱਲ ਗਏ ਨੇ !
ਸਾਵਣ ਮਾਹ ਨੇ ਰੰਗ ਜਮਾ ਲਿਆ ਏ,
ਚਹੁੰਆਂ ਪਾਸਿਆਂ ਤੇ ਬੱਦਲ ਘੁਲ ਗਏ ਨੇ !
ਬੱਦਲ ਘੁਲ ਗਏ ਨੇ ਕਿ ਇਹ ਪੇਚ ਪੀਚੇ,
ਬਰਖਾ ਰਾਣੀ ਦੇ ਕੇਸਾਂ ਦੇ ਖੁੱਲ੍ਹ ਗਏ ਨੇ !
ਕਹਿਣਾ ਕਿਸੇ ਨੇ ਉਂਗਲੀ ਖੜੀ ਕਰਕੇ:-
'ਵੇਖੋ ! ਮੀਂਹ ਕਿਸ ਸ਼ਾਨ ਦਾ ਵੱਸਦਾ ਏ !
ਐਸੀ ਰੁੱਤ ਸੁਹਾਵਣੀ ਵਿੱਚ ਦੱਸੋ ?
ਪਿਆਰਾ, ਪਿਆਰੀ ਨੂੰ ਛੱਡ ਕੋਈ ਨੱਸਦਾ ਏ?'
ਮੇਰੀ 'ਪੁੱਛਣਾ' ਤੇ ਕਿਸੇ ਚੁੱਪ ਰਹਿਨਾ,
ਕਿਸੇ ਰੋਵਣਾ ਮੇਰਿਆਂ ਹਾਸਿਆਂ ਤੇ !
ਅੱਥਰ ਪੁਣੇ ਦੀ ਕਿਸੇ ਰਿਹਾੜ ਕਰਨੀ,
ਹੱਥ ਛਿਣਕਣੇ ਮੇਰੇ ਦਿਲਾਸਿਆਂ ਤੇ !
ਲਿਵੇ ਸਾਨੀਆਂ ਮੇਰੀਆਂ ਵੇਖ ਕੇ ਤੇ,
ਮੂੰਹ ਕਿਸੇ ਨੇ ਮੋੜਨਾ ਪਾਸਿਆਂ ਤੇ !
'ਆਹੋ ਜੀ !' ਕਹਿਕੇ ਕਿਸੇ ਰੁੱਸ ਜਾਣਾ,
ਧਰਨਾ ਚਿੱਤ ਨਾਂ ਮੇਰੇ ਭਰਵਾਸਿਆਂ ਤੇ !
ਡੁਸਕ ਡੁਸਕ ਕੇ ਕਿਸੇ ਨੇ ਆਖਣਾ ਇਹ:-
'ਧੋਖਾ ਹੋਰਨਾਂ ਨੂੰ ਦਿਓ ਛੱਲਿਆਂ ਦਾ !
ਸਾਨੂੰ ਆਪਣੇ ਨਾਲ ਹੀ ਲੈ ਚੱਲੋ,
ਸਾਡਾ ਜੀ ਨਹੀਂ ਲੱਗਦਾ ਕੱਲਿਆਂ ਦਾ !'
ਕਿਧਰੇ ਪਿਆਰ ਪਰੇਮ ਦੇ ਲੋਰ ਅੰਦਰ,
ਓਹਦਾ ਰੁੱਸਣਾ ਮੇਰਾ ਮਨਾਵਣਾ ਓਹ !
ਉੱਡ ਉੱਡ ਕੇ ਕਿਤੇ ਸਲਾਰਿਆਂ ਨੇ
ਸੋਹਣਾ ਗੀਤ ਬਹਾਰ ਦਾ ਗਾਵਣਾ ਓਹ !
ਵਗਣੀ ਵਾ ਤੇ ਪਿੱਪਲ ਦੇ ਪੱਤਿਆਂ ਨੇ,
ਰਲਕੇ ਖੁਸ਼ੀ ਅੰਦਰ ਗਿੱਧਾ ਪਾਵਣਾ ਓਹ !
ਓਧਰ ਮੋਰ ਨੇ ਆਪਣੀ ਮੋਰਨੀ ਨੂੰ,
ਪੈਲਾਂ ਪਾ ਪਾ ਨਾਚ ਵਿਖਾਵਣਾ ਓਹ !
ਏਧਰ ਵੇਖਕੇ ਕਿਸੇ ਨੇ ਆਖਣਾ ਏਹ:-
'ਰੱਬਾ ! ਗੱਲ ਨਾਂ ਸਾਡੀ ਕੁਥਾਰ ਜਾਵੇ !
ਸਾਡੇ ਮੋਯਾਂ ਦਾ ਮੂੰਹ ਓਹ ਫੇਰ ਵੇਖੇ,
ਜੇਹੜਾ ਅੱਜ ਜੁਦਾਈ ਵਿੱਚ ਮਾਰ ਜਾਵੇ !'
ਹਾਇ ! ਹਾਇ ! ਵੇਲਾ ਮੇਰੇ ਟੁਰਨ ਵਾਲਾ,
ਜਿਵੇਂ ਜਿਵੇਂ ਆਕੇ ਨੇੜੇ ਢੁੱਕਣਾ ਓਹ !
ਤਿਉਂ ਤਿਉਂ ਕਿਸੇ ਨੇ ਵਿੱਚ ਉਦਰੇਵਿਆਂ ਦੇ,
ਰੋਣਾ, ਤੜਫਣਾ, ਲੁੜਛਣਾ, ਮੁੱਕਣਾ ਓਹ !
ਪੈਣੇ ਕਿਸੇ ਨੂੰ ਤਿਓਂ ਤਿਓਂ ਡੋਬ ਘਾਟਾਂ,
ਜਿਉਂ ਜਿਉਂ ਘਟਾਂਨੇ ਵਰ੍ਹਨਾ ਤੇ ਝੁੱਕਣਾ ਓਹ !
ਪਾਣੀ ਨਾਲ ਭਰਨੇ ਜਿਉਂ ਜਿਉਂ ਟੋਏ ਖਾਈਆਂ,
ਤਿਉਂ ਤਿਉਂ ਕਿਸੇ ਨੇ ਸਹਿਮ ਕੇ ਸੁੱਕਣਾ ਓਹ!
ਝੋਲੀ ਅੱਡਕੇ ਕਿਸੇ ਨੇ ਆਖਣਾ ਇਹ:-
'ਹੁਣ ਤਾਂ ਗੱਲ ਹੈ ਏਹੋ ਈ ਕਹਿਣ ਜੋਗੀ !
ਰੱਬਾ ! ਏਸ ਵਿਛੋੜੇ ਤੋਂ ਮੌਤ ਚੰਗੀ,
ਐਡੇ ਦੁੱਖ ਨਹੀਂ ਜਿੰਦੜੀ ਸਹਿਣ ਜੋਗੀ !'
ਵੇਖ, ਵੇਖਕੇ ਮੇਰੀਆਂ ਛੇਤੀਆਂ ਨੂੰ,
ਕਿਸੇ ਘੜੀ ਤੇ ਛੜੀ ਲੁਕਾ ਦੇਣੀ !
ਓਧਰ ਦਿਨ ਹੋਰਾਂ ਨ੍ਹਾ ਕੇ ਮੀਂਹ ਅੰਦਰ,
ਧੋਤੀ ਸ਼ਾਮ ਨਚੋੜ ਕੇ ਪਾ ਦੇਣੀ !
ਏਧਰ ਰੈਣ ਨੇ ਨਿੱਤਰੇ ਅੰਬਰਾਂ ਤੇ,
ਚੁਣਕੇ ਚੰਬੇ ਦੀ ਸੇਜ ਵਿਛਾ ਦੇਣੀ !
ਏਧਰ ਤੇਤਰੀ ਮੇਤਰੀ ਬੱਦਲੀ ਚੋਂ,
ਨਿਕਲ ਤਾਰਿਆਂ ਨੇ ਝਿਲਮਿਲ ਲਾ ਦੇਣੀ !
ਹਹੁਕੇ ਲੈਂਦਿਆਂ ਕਿਸੇ ਨੇ ਆਖਣਾ ਇਹ:-
'ਸਾਨੂੰ ਆਂਹਦੀ ਕੀ ਚੰਨ ਦੀ ਚਾਨਣੀ ਏਂ ?
ਓਹਲੇ-ਆਸਰੇ ਬੂਹੇ ਦੇ ਅਸਾਂ ਰੋਣਾ,
ਭਾਗਾਂ ਵਾਲਿਆਂ ਨੇ ਮੌਜ ਮਾਨਣੀ ਏਂ !'
ਕਰ ਕਰ ਜਸ਼ਨ-ਮਹਿਤਾਬੀ ਦੀ ਖ਼ੁਸ਼ੀ ਏਧਰ,
ਗੌਣਾ ਬੀਂਡਿਆਂ ਨੇ ਇੱਕੋ ਤਾਰ ਅੰਦਰ !
ਉੱਡ ਉੱਡਕੇ, ਓਧਰ ਟਟਹਿਣਿਆਂ ਨੇ,
ਬਾਲ ਦੇਣੀ ਦੀਵਾਲੀ ਸੰਸਾਰ ਅੰਦਰ !
ਅੱਖਾਂ ਸਾਮ੍ਹਣੇ ਰਿਸ਼ਮਾਂ ਨੇ ਇੰਜ ਫਿਰਨਾ,
ਚੂਨੇ ਗੱਚ ਪੁਰਾਣੇ ਪਸਾਰ ਅੰਦਰ !
ਲਾਯਾ ਹੋਯਾ ਏ ਪਰੀਆਂ ਨੇ ਨਾਚ ਜਿੱਦਾਂ,
ਰਾਜੇ ਇੰਦਰ ਦੇ ਖ਼ਾਸ ਦਰਬਾਰ ਅੰਦਰ !
ਕਹਿਣਾ ਕਿਸੇ ਨੇ ਜੋੜਕੇ ਹੱਥ ਦੋਵੇਂ:-
'ਅਜ ਤੇ ਰੱਬ ਦੇ ਵਾਸਤੇ ਰਹਿ ਜਾਣਾ !
ਸਾਡਾ, ਅਜੇ ਨਹੀਂ ਲੱਥੜਾ ਚਾ ਮਾਹੀਆ,
ਸਾਡੇ ਕੋਲ ਅਜ ਰੱਜਕੇ ਬਹਿ ਜਾਣਾ !'
ਮਹਿੰਦੀ ਰੰਗਲੇ ਕਿਸੇ ਦੇ ਹੱਥ ਵਿੱਚੋਂ,
ਪੱਲਾ ਤਰਲਿਆਂ ਨਾਲ ਛੁਡਾਵਣਾ ਮੈਂ !
ਖਾਨ ਹੁਸਨ-ਜਵਾਨੀ ਦੀ ਭਰੀ ਹੋਈ ਨੂੰ,
ਹਾਵੇ ਹੇਰਵੇ ਵਿੱਚ ਰੁਲਾਵਣਾ ਮੈਂ !
ਚੜ੍ਹਕੇ ਕਿਸੇ ਨੇ ਵੇਖਣਾ ਕੋਠਿਆਂ ਤੋਂ,
ਪਰਤ ਪਰਤ ਕੇ ਵੇਂਹਦਿਆਂ ਜਾਵਣਾ ਮੈਂ !
ਅਗੋ ਜਾਂਦਿਆਂ ਰੇਲ ਨੇ ਚਲੇ ਜਾਣਾ,
ਅੱਧੀ ਰਾਤ ਮੁੜਕੇ ਘਰ ਨੂੰ ਆਵਣਾ ਮੈਂ !
ਹੰਜੂ ਪੂੰਝਦੇ ਹੱਸਦੇ ਕਿਸੇ ਕਹਿਣਾ:-
'ਕਿਉਂਜੀ! ਡਿੱਠਾ ਜੇ ਮੋੜ ਲਿਆਉਂਣ ਵਾਲਾ?
'ਸ਼ਰਫ਼' ਤੁਸੀਂ ਤੇ ਰੋਂਦਿਆਂ ਛੱਡ ਗਏ ਸਓ,
ਸਾਡਾ ਰੱਬ ਸੀ ਸਾਨੂੰ ਹਸਾਉਣ ਵਾਲਾ !'
(ਮੱਛੀ ਵੇਚੀ ਹੋਈ ਸੀ=ਰੌਲਾ ਪਾਵਣ ਦਾ
ਮੁਹਾਵਰਾ, ਬੱਦਲ ਟਿੱਲਿਓਂ=ਟਿਲੇ ਵਾਲੇ
ਪਾਸੇ ਦਾ ਬੱਦਲ ਪ੍ਰਸਿੱਧ ਏ, ਪੁੱਛਣਾ=
ਆਗਿਆ ਮੰਗਣ ਤੋਂ ਮੁਰਾਦ ਏ, ਕੁਥਾਰ=
ਬਿਰਥਾ)
ਮੇਰੇ ਹੀਰਿਆ ਡੋਲ੍ਹਦਾ ਡਲਕਦਾ ਈ,
ਏਸੇ ਲਟਕ ਸੁਹਾਵਣੀ ਨਾਲ-ਆ ਜਾ।
ਭਰ ਭਰ ਮੋਤੀਆਂ ਦੇ ਥਾਲ ਵੰਡ ਦੇਵਾਂ,
ਹੱਸ ਹੱਸ ਕੇ ਹੰਸ ਦੀ ਚਾਲ-ਆ ਜਾ।
ਜਾਵੇ ਮਾਂ ਘੋਲੀ ਏਸ ਹੰਬਲੇ ਤੋਂ,
ਹੋਰ ਮਾਰ ਇੱਕ ਨਿੱਕੀ ਜਹੀ ਛਾਲ-ਆ ਜਾ।
ਚੀਜੋ ਦਿਆਂ ਤੈਨੂੰ ਨਾਲੇ ਗੇਂਦ ਦੇਵਾਂ,
ਆ ਆ ਛੇਤੀ ਮੇਰੇ ਲਾਲ-ਆ ਜਾ।
ਘੁੱਟ ਘੁੱਟ ਕੇ ਹਿੱਕ ਦੇ ਨਾਲ ਲਾਵਾਂ,
ਗਲੇ ਵਿੱਚ ਪਾਵਾਂ ਬਾਹਾਂ ਖੁੱਲ੍ਹੀਆਂ ਨੂੰ।
ਘੁੱਟ ਅੰਮ੍ਰਿਤਾਂ ਦੇ 'ਸ਼ਰਫ਼' ਪੀ ਜਾਵਾਂ,
ਚੁੰਮ ਚੁੰਮ ਕੇ ਸੋਹਣੀਆਂ ਬੁੱਲ੍ਹੀਆਂ ਨੂੰ।
ਬਿਰ੍ਹੋਂ ਆ ਕੇ ਝੱਟ ਪੱਟ ਸੱਟ ਜੇਹੀ ਕਾਰੀ ਮਾਰੀ,
ਡੱਕ ਡੱਕ ਥੱਕਿਆ ਨਾ ਸੱਕਿਆ ਸੰਭਾਲ ਹੰਝੂ ।
ਚਿੱਤ ਦਾ ਕਬੂਤਰ ਮੇਰਾ ਚਿੱਤ ਹੋਇਆ ਹਿਤ ਵਿੱਚ,
ਰੱਤ ਨਾਲ ਰੰਗੇ ਹੋਏ ਨਿਕਲਦੇ ਨੇ ਲਾਲ ਹੰਝੂ ।
ਨਹੀਂ ਨਹੀਂ ਪਾਨ ਖਾਧੇ ਤਿੱਕੇ ਮੇਰੇ ਕਾਲਜੇ ਦੇ,
ਸੂਹੇ ਸੂਹੇ ਪੁਤਲੀਆਂ ਨੇ ਸੁੱਟੇ ਨੇ ਉਗਾਲ ਹੰਝੂ ।
ਅੱਖੀਆਂ ਰਲਾਕੇ ਓਹਨੇ ਭਵਾਂ ਫੇਰ ਫੇਰੀਆਂ ਨੇ,
ਪੁੱਠੀ ਛੁਰੀ ਨਾਲ ਹੋਏ ਹੋਏ ਨੇ ਹਲਾਲ ਹੰਝੂ ।
ਵਾਧਾ ਹੋਰ ਵੇਖਿਆ ਜੇ ਕਾਲੀ ਕਾਲੀ ਅੱਖ ਦਾ ਇਹ,
ਕੋਲਿਆਂ ਦੀ ਖਾਨ ਵਿੱਚੋਂ ਕੱਢ ਦਿੱਤੇ ਲਾਲ ਹੰਝੂ ।
ਮੱਛੀਆਂ ਦੇ ਵਾਂਗ ਪਈਆਂ ਡੋਬੂ ਲੈਣ ਅੱਖੀਆਂ ਇਹ,
ਕੱਢ ਕੱਢ 'ਸੱਕੀਆਂ' ਸੁਕਾਉਣ ਲੱਗੇ ਤਾਲ ਹੰਝੂ ।
ਡੂੰਘੇ ਵਹਿਣ ਵਿੱਚ ਮੇਰੀ 'ਆਹ' ਸੋਹਣੀ ਡੁੱਬ ਗਈ ਏ,
ਪਿੱਛੇ ਓਹਦੇ ਰੁੜ੍ਹੇ ਜਾਂਦੇ ਬਣ ਮਹੀਂਵਾਲ ਹੰਝੂ ।
ਅਰਸ਼ ਵਾਲਾ ਕਿੰਗਰਾ ਹੈ ਤੋੜ ਦਿੱਤਾ ਦਿਲ ਓਹਨੇ,
ਅੱਖਾਂ ਵਿੱਚ ਰੜਕਦੇ ਨੇ ਰੋੜਿਆਂ ਦੇ ਹਾਲ ਹੰਝੂ ।
ਪੱਥਰਾਂ ਦੇ 'ਮਨ' ਮੇਰੀ ਫੂਕ ਨਾਲ ਮੋਮ ਹੋਏ,
ਮਾਰ ਮਾਰ ਹਹੁਕੇ ਦਿੱਤੇ ਬਰਫ਼ ਵਾਂਗੂੰ ਢਾਲ ਹੰਝੂ ।
ਇੱਕ ਇੱਕ ਅੱਖ ਹੱਥ ਨੂਰੀ ਚੰਗਿਆੜੇ ਲੱਖਾਂ,
ਭਰ ਭਰ ਮੋਤੀਆਂ ਦੇ ਵੰਡਦੇ ਨੇ ਥਾਲ ਹੰਝੂ ।
ਲੱਗਣ ਜਿਵੇਂ ਝੰਬਣੀ ਨੂੰ ਫੁੱਟੀਆਂ ਕਪਾਹ ਦੀਆਂ,
ਚੰਬੜੇ ਨੇ ਇੰਜ ਮੇਰੀ ਝਿੰਮਣੀ ਦੇ ਨਾਲ ਹੰਝੂ ।
ਬੱਧੀ ਹੋਈ ਟੀਂਡ ਏਹਨਾਂ ਖੂਹ ਦੀਆਂ ਟਿੰਡਾਂ ਵਾਂਗ,
ਸੌੜ ਔੜ ਵਿੱਚ ਮੈਨੂੰ ਕਰਨਗੇ ਨਿਹਾਲ ਹੰਝੂ ।
ਸੋਕੇ ਨਾਲ ਸੁੱਕਦੇ ਨਹੀਂ, ਬੱਦਲਾਂ ਤੇ ਥੁੱਕਦੇ ਨਹੀਂ,
ਇੱਕੋ ਜਹੇ ਵਗਦੇ ਨੇ ਹਾੜ ਤੇ ਸਿਆਲ ਹੰਝੂ ।
ਕਾਇਮ ਰੱਖੇ ਦਾਇਮ ਅੱਲਾ ਸਿੱਪ ਮੇਰੇ ਦੀਦਿਆਂ ਦੇ,
ਮੋਤੀਆਂ ਦਾ ਜੱਗ ਉੱਤੇ ਕਰਨਗੇ ਸੁਕਾਲ ਹੰਝੂ ।
ਗ਼ਮਾਂ ਦੀ ਹਨੇਰੀ ਨਾਲ ਬੇਰਾਂ ਵਾਂਗ ਝੜ ਪੈਂਦੇ,
ਉਂਜ ਤੇ ਮੈਂ ਵਾੜਾਂ ਵਿੱਚ ਰੱਖੇ ਹੋਏ ਨੇ ਪਾਲ ਹੰਝੂ ।
ਗਿੱਲਾ ਪੀਹਣ ਔਕੜਾਂ ਦਾ ਨਾਲ ਮੇਰੇ ਬੈਠਕੇ ਤੇ,
ਦਾਣਾ ਦਾਣਾ ਪੀਹਣ ਲੱਗੇ ਦੁੱਖ ਦੇ ਭਿਆਲ ਹੰਝੂ ।
ਬਾਗ਼ ਮੇਰੀ ਹਿੱਕ ਦਿਆਂ ਦਾਗ਼ਾਂ ਵਾਲਾ ਸੁੱਕ ਗਿਆ,
ਕੱਢਕੇ ਲਿਆਏ ਤਦੋਂ ਸੋਮਿਆਂ 'ਚੋਂ ਖਾਲ ਹੰਝੂ ।
ਉੱਭੇ ਸਾਹ ਰੋਂਦੇ ਰੋਂਦੇ ਚਾਂਗਰਾਂ ਤੇ ਜ਼ੋਰ ਪਾਯਾ,
ਰੋਣ ਦੀ ਵੀ ਤੇਹ ਰਹਿ ਗਈ, ਤੋੜਗੇ ਨਿਕਾਲ ਹੰਝੂ ।
ਦੇਖੋ ਕੇਡਾ ਸ਼ੋਰ ਪਾਯਾ ਲੂਣ ਦੀਆਂ ਨਿੱਕਰਾਂ ਨੇ,
ਦੇਣਗੇ ਪਤਾਸੇ ਵਾਂਗ ਦੀਦਿਆਂ ਨੂੰ ਗਾਲ ਹੰਝੂ ।
ਮੋਤੀ ਟੋਭੇ ਲੱਭਦੇ ਸਮੁੰਦਰਾਂ ਦੇ ਖੋਭੇ ਵਿੱਚੋਂ,
ਅਰਸ਼ਾਂ ਉਤੋਂ ਆਂਦੇ ਹੋਏ ਪਰ ਮੈਂ ਏਹ ਭਾਲ ਹੰਝੂ ।
ਓਸ ਪਰੀ ਉੱਤੇ ਪਰ ਰਤਾ ਵੀ ਨਾ ਪੋਹਿਆ ਕੋਈ,
ਹੁੱਬ ਦੇ ਵਜ਼ੀਫ਼ੇ ਰਹੇ ਪੜ੍ਹਦੇ ਕਈ ਸਾਲ ਹੰਝੂ ।
ਪੱਥਰਾਂ ਜੱਹੇ ਮਨ ਓਦੋਂ ਬੈਠ ਰੋਂਦੇ ਮਣ ਉੱਤੇ,
ਤੁਰਨ ਜਦੋਂ ਬੰਨ੍ਹਕੇ ਯਤੀਮਾਂ ਵਾਂਗ ਪਾਲ ਹੰਝੂ ।
ਬਿਟ ਬਿਟ ਵੇਂਹਦੀਆਂ ਨੇ ਪੁਤਲੀਆਂ ਬੀ ਮਾਂ ਵਾਂਗੂੰ,
ਗੋਦ ਵਿੱਚੋਂ ਨਿਕਲੇ ਤੇ ਰਿੜ੍ਹੇ ਜਾਂਦੇ ਬਾਲ ਹੰਝੂ ।
ਕੌਡੀਆਂ ਗ਼ਰੀਬ ਦੀਆਂ ਪੈਣ ਇਹ ਕਬੂਲ ਸ਼ਾਲਾ,
ਬਣਾਂ ਮੈਂ ਕਾਰੂਨ ਕਾਹਨੂੰ ਜੋੜ ਜੋੜ ਮਾਲ ਹੰਝੂ ।
ਉੱਚਿਆਂ ਖ਼ਿਆਲਾਂ ਵਾਲਾ ਯਾਰ ਵੇਖ ਕੰਬ ਗਿਆ,
ਅੰਬਰਾਂ ਦੇ ਉੱਤੇ ਵੀ ਲਿਆਏ ਨੇ ਭੁਚਾਲ ਹੰਝੂ ।
ਰੁੱਠਾ ਹੋਯਾ ਜਾਨੀ ਮੇਰਾ ਝੱਟ ਪੱਟ ਮੰਨ ਪਿਆ,
ਜੌਹਰੀਆਂ ਦੇ ਪੁੱਤ ਜਦੋਂ ਬਣ ਗਏ ਦਲਾਲ ਹੰਝੂ ।
ਮੋਤੀ ਦਿੱਤੇ ਯਾਰ ਨੂੰ ਮੈਂ ਮੁੱਖੜਾ ਵਖਾਲਣੀ ਦੇ,
ਦੇਖ ਲਿਆ ਮੂੰਹ ਓਹਦਾ, ਓਸਨੂੰ ਵਿਖਾਲ ਹੰਝੂ ।
ਦੂਤੀਆਂ ਦੀ ਹਿੱਕ ਵਿੱਚ ਗੋਲੀਆਂ ਦੇ ਵਾਂਗ ਵੱਜੇ,
ਪੂੰਝੇ ਜਦੋਂ ਓਸਨੇ ਦੁਪੱਟੜੇ ਦੇ ਨਾਲ ਹੰਝੂ ।
ਮੇਰੇ ਸੱਚੇ ਹੇਰਵੇ ਨੇ ਕਰ ਦਿੱਤੇ ਵੇਰਵੇ ਏਹ,
ਲੱਗ ਪਿਆ ਕੇਰਨ ਓਹ ਬੀ ਹੋ ਕੇ ਨਿਢਾਲ ਹੰਝੂ ।
ਮਾਘ ਦੇ ਮਹੀਨੇ ਮੇਰੇ ਸੀਨੇ ਦੀ ਬਿਆਈ ਸੜੀ,
ਗੜੇ ਵਾਂਗ ਡੇਗੇ ਓਹਦੇ ਦੀਦਿਆਂ ਕਮਾਲ ਹੰਝੂ ।
'ਨਰਗਸੀ-ਕਿਆਰੀ' ਵਿੱਚੋਂ ਮਾਰ ਕੇ ਉਡਾਰੀ ਚੱਲੇ,
ਚੰਦ ਜਹੇ ਮੁੱਖ ਤੇ, ਚਕੋਰ ਵਾਲੀ ਚਾਲ ਹੰਝੂ ।
ਹਰਨਾਂ ਦੇ ਸਿੰਗਾਂ ਉੱਤੇ 'ਕੈਸ' ਦੀਆਂ ਚਿੱਠੀਆਂ ਨੇ,
ਪਲਕਾਂ ਉੱਤੇ ਪਾਗਲਾਂ ਨੇ ਕੀਤੇ ਏਹ ਖ਼ਿਆਲ ਹੰਝੂ ।
ਵੇਖਕੇ ਗਲੇਡੂ ਓਹਦੇ ਉੱਤੋਂ ਤੇ ਮੈਂ ਹੱਸ ਪਿਆ,
ਉਂਜ ਮੇਰਾ ਦਿਲ ਵਿੱਚੋਂ ਲੈ ਗਏ ਉਧਾਲ ਹੰਝੂ ।
ਫੜਕੇ ਬਿਠਾਯਾ ਬਾਹੋਂ, ਰੋਂਦੇ ਨੂੰ ਹਸਾਯਾ ਨਾਲੇ,
ਗੱਲ੍ਹਾਂ ਉੱਤੋਂ ਪੂੰਝ ਦਿੱਤੇ ਚਿੱਟੇ ਚਿੱਟੇ ਖ਼ਾਲ ਹੰਝੂ ।
ਧੁੱਪ ਜਯੋਂ ਉਡਾਵੇ ਮੋਤੀ, ਫੁੱਲ ਦੀਆਂ ਜੇਬਾਂ ਵਿੱਚੋਂ,
ਚੁੱਕ ਲਏ ਅਡੋਲ ਓਵੇਂ ਰੇਸ਼ਮੀ ਰੁਮਾਲ ਹੰਝੂ ।
ਆਖੀ ਓਹਨੂੰ ਗੱਲ ਕੋਈ, ਮਿਲਯਾ ਏਹ ਜਵਾਬ ਜੀਹਦਾ :-
'ਤੈਨੂੰ ਤੇ ਮੈਂ ਅੱਖੀਆਂ ਦਾ ਹੋਵਾਂ ਨਾ ਦਵਾਲ ਹੰਝੂ ।'
ਅੱਖਾਂ ਵਿੱਚੋਂ ਚੱਲ ਪਏ ਉਦਾਸ ਤੇ ਨਿਰਾਸ ਹੋ ਕੇ,
ਠੋਡੀ ਵਾਲੇ ਡੂੰਘ ਆ ਕੇ ਮਾਰ ਗਏ ਨੇ ਛਾਲ ਹੰਝੂ ।
ਹੁਸਨ ਦਾ ਸਮੁੰਦਰ ਦੇਖੋ, ਦਿਲ ਮੇਰਾ ਲੈ ਗਿਆ ਓਹ,
ਖੂਹਾਂ ਤੇ ਤਲਾਵਾਂ ਵਿੱਚ ਪਾਉਂਦੇ ਫਿਰਨ ਜਾਲ ਹੰਝੂ ।
ਰਮਲੀਏ ਵਾਂਗ ਪਏ ਕਮਲੇ ਤੇ ਰਮਲੇ ਏਹ,
ਕੇਡਾ 'ਜ਼ਫ਼ਰ' ਜਾਲ ਜਾਲ ਕਢਦੇ ਨੇ ਫ਼ਾਲ ਹੰਝੂ ।
ਬੁਲਬੁਲੇ ਦੇ ਕੋਲੋਂ ਉਂਜ ਸੋਹਲ ਮੈਨੂੰ ਜਾਪਦੇ ਨੇ,
ਫੇਰ ਬੀ ਏਹ ਟੁੱਟਦੇ ਨੇ, ਝੱਲਦੇ ਨਹੀਂ ਝਾਲ ਹੰਝੂ ।
ਝੱਟ ਪੱਟ ਫਿਸ ਪੈਂਦੇ, ਗੱਲ ਬੀ ਨ ਸਹਿ ਸੱਕਣ,
ਤਬ੍ਹਾ ਦੇ ਮਲੂਕ ਐਡੇ, ਉਂਜ ਏਹ ਕੰਗਾਲ ਹੰਝੂ ।
ਰਹਿਮਤਾਂ ਦੇ ਛਟਿਆਂ 'ਚੋਂ ਇੱਕੋ ਛਿਟ ਦੇ ਦੇ ਸਾਨੂੰ,
ਤੇਰੇ ਅੱਗੇ ਮਾਲਕਾ ! ਏਹ ਪੌਂਦੇ ਨੇ ਸਵਾਲ ਹੰਝੂ ।
ਛੁੱਟ ਪਈ ਤਰੇਲੀ ਜਦੋਂ ਪਿੰਡੇ ਉੱਤੇ ਜਾਣਿਆਂ ਮੈਂ,
ਨਿੱਕੇ ਨਿੱਕੇ 'ਦੀਦਿਆਂ' 'ਚੋਂ ਡੇਗਦੇ ਨੇ ਵਾਲ ਹੰਝੂ ।
'ਸ਼ਰਫ਼' ਬੜੀ ਝੜੀ ਲਾਈ ਰੱਬ ਦੀਆਂ ਰਹਿਮਤਾਂ ਨੇ,
ਧੋਣ ਲੱਗੇ ਕਾਲੇ ਕਾਲੇ 'ਨਾਮੇ ਦੇ ਅਮਾਲ' ਹੰਝੂ ।
ਕਿਸੇ ਪਾਸੇ ਵੀ ਰਹੇ ਨਾ ਜਾਨ ਜੋਗੇ,
ਕਾਫ਼ਰ ਦੇਖਕੇ ਤੇਰੇ ਅਕੀਦਿਆਂ ਨੂੰ ।
ਧੋਖੇ ਇਸਤ੍ਰਾਂ ਦੇ ਕੌਣ ਦੇਂਵਦਾ ਏ,
ਭਲਾ ਦੱਸ ਗ਼ੁਲਾਮਾਂ ਖ਼ਰੀਦਿਆਂ ਨੂੰ ।
ਅਗੇ ਕਦੀ ਕਦਾਈਂ ਸੀ ਦੀਦ ਹੁੰਦੀ,
ਅਸਾਂ ਆਸ਼ਕਾਂ ਬੇਉਮੀਦਿਆਂ ਨੂੰ ।
ਬੂਹੇ ਬਾਰੀਆਂ ਦੇ "ਸ਼ਰਫ਼" ਬੰਦ ਕਰਕੇ,
ਅੰਨ੍ਹਾਂ ਕੀਤਾ ਈ ਸਾਡਿਆਂ ਦੀਦਿਆਂ ਨੂੰ ।
ਕੀਤੋ ਸ਼ੁਕਰ ਨਾ ਆਦਮੀ ਜੂਨ ਬਣਕੇ,
ਗੁਨ੍ਹਾਂ ਲਾਜ਼ਮ ਤੇ ਕੀਤੀ ਬਰਬਾਦ ਨੇਕੀ ।
ਬਦੀਆਂ ਵਿੱਚ ਵੀ ਲਜ਼ਤ ਨੂੰ ਢੂੰਡਣਾ ਏਂ,
ਕਿਉਂਕਿ ਲਗਦੀ ਓਹ ਬੇਸਵਾਦ ਨੇਕੀ ।
ਹਰਦਮ ਖੁਲ੍ਹੇ ਬੁਰਾਈਆਂ ਦੇ ਕਾਰਖ਼ਾਨੇ,
ਕੀਤੀ ਕਦੀ ਨਾ ਇੱਕ ਈਜਾਦ ਨੇਕੀ ।
'ਸ਼ਰਫ਼' ਦਿਨ ਮੁਸੀਬਤ ਦੇ ਗੁਜ਼ਰ ਜਾਂਦੇ,
ਰਹਿ ਜਾਂਦੀ ਏ ਕਿਸੇ ਦੀ ਯਾਦ ਨੇਕੀ ।
ਸ਼ੁੱਭ ਘੜੀ, ਸ਼ੁੱਭ ਲਗਨ ਮਹੂਰਤ,
ਮਾਤਾ ਗੁਜਰੀ ਜਾਏ ! ਪਟਨੇ ਆਏ।
ਮਾਰ ਦਿਤੇ ਲਿਸ਼ਕਾਰੇ ਐਸੇ,
ਸੱਤ ਦੀਪ ਚਮਕਾਏ ! ਦਰਸ ਦਿਖਾਏ।
ਹੱਕ ਹਮਸਾਏ ਦੇਣ ਵਧਾਈਆਂ,
ਕਰ ਕਰ ਖੁਸ਼ੀਆਂ ਚਾਏ ! ਅੱਖੀਂ ਚਾਏ।
ਗੰਧਰਭ ਹੋਰ ਅਪੱਛਰਾਂ ਆਈਆਂ,
ਨੂਰੀ ਦਰਸ਼ਣ ਪਾਏ ! ਰੂਪ ਵਧਾਏ।
ਸਚ ਖੰਡ ਵਿੱਚੋਂ ਦੇਵਤੇ ਸਾਰੇ,
ਹੁਮ ਹੁਮਾਕੇ ਧਾਏ ! ਦਰਸ਼ਨ ਪਾਏ।
ਬਾਲੇ ਪਨ ਵਿੱਚ ਗੁਰੂਆਂ ਵਾਲੇ,
ਆ ਉਪਦੇਸ਼ ਸੁਣਾਏ ! ਭਰਮ ਮਿਟਾਏ।
ਜ਼ੁਲਮ ਜ਼ਬਰ ਦੇ ਬੱਦਲ ਸਾਰੇ,
ਧੂੜਾਂ ਵਾਂਗ ਉਡਾਏ ! ਕਰਮ ਕਮਾਏ।
ਨਾਤਾਣਾਂ ਤੇ ਤਾਣਾਂ ਵਾਲੇ,
ਤੰਬੂ ਤਾਣ ਵਿਖਾਏ ! ਦੁਖੀ ਹਸਾਏ।
ਫੜ ਫੜ ਤੇਗਾਂ ਪਾਪੀ ਵੈਰੀ,
ਸੁਸਰੀ ਵਾਂਗ ਸਵਾਏ ! ਦੂਣ ਸਵਾਏ।
ਕਰ ਸ਼ਾਦੀ ਪਰਸਾਦੀ ਹਾਥੀ,
ਖੁੱਲ੍ਹਾਂ ਨਾਲ ਹੰਡਾਏ ! ਮਨ ਪਰਚਾਏ।
ਛੇ ਛੇ ਸੂਰੇ ਪੂਰੇ ਕਰ ਕਰ,
ਸੱਠਾਂ ਨਾਲ ਲੜਾਏ ! ਜੋ ਲੜ ਲਾਏ।
ਬੇ ਪਰਤੀਤੇ ਆਏ ਜੇਹੜੇ,
ਪਿੱਪਲ ਚਾ ਗਿਣਵਾਏ ! ਭਰਮ ਮਿਟਾਏ।
ਤੀਰ ਪਿਆਰੇ ਚਿੱਲੇ ਵਿੱਚੋਂ,
ਪਰੀਆਂ ਵਾਂਗ ਉਡਾਏ ! ਖਤ ਪਹੁੰਚਾਏ।
ਉੱਕੇ ਕਦੀ ਨ ਟੀਚੇ ਉੱਤੋਂ,
ਸਾਫ਼ ਨਿਸ਼ਾਨੇ ਲਾਏ ! ਜਿੱਧਰ ਧਾਏ।
ਤੇਰੇ ਨੀਲੇ ਦੇ ਖ਼ੁਰ ਉੱਤੋਂ,
ਸੂਰਜ ਚੰਦ ਘੁਮਾਏ ! ਉਤ੍ਹਾਂ ਚੜ੍ਹਾਏ।
ਸੁੰਦਰ ਕਲਗ਼ੀ ਵਾਲਿਆ ਤੇਰੇ,
ਸਖੀਆਂ ਗੀਤ ਬਣਾਏ ! ਘਰ ਘਰ ਗਾਏ।
ਨੀਲਾ ਘੋੜਾ ਬਾਂਕਾ ਜੋੜਾ,
ਹੱਥ ਪੁਰ ਬਾਜ ਸੁਹਾਏ! ਗੁਰੂ ਜੀ ਆਏ।
ਧੀਰਜ ਦੇਵਨ ਬਾਜ ਤੇਰੇ ਓ,
ਬਾਗ਼ ਗੁਰੂ ਦੇ ਆਏ ! ਭਰਮ ਮਿਟਾਏ।
ਸੰਗਤ ਦੇ ਵਿੱਚ ਅੰਮ੍ਰਿਤ ਵਾਲੇ,
ਸੋਹਣੇ ਛੱਟੇ ਲਾਏ ! ਮੀਂਹ ਬਰਸਾਏ।
ਬਾਜਾਂ ਨਾਲ ਲੜਾਈਆਂ ਚਿੜੀਆਂ,
ਗਿੱਦੜ ਸ਼ੇਰ ਬਣਾਏ! ਜੁੱਧ ਕਰਾਏ।
ਧਰਮ ਸਚਾਈ ਬਦਲੇ ਪਿਆਰੇ,
ਚਾਰੇ ਲਾਲ ਕੁਹਾਏ ! ਵੰਸ ਲੁਟਾਏ।
ਨਾਨਕ ਵਾਂਗੂੰ ਦੁਨੀਆਂ ਉੱਤੇ,
ਸਦਾ ਨਿਸ਼ਾਨ ਝੁਲਾਏ ! ਬੂਟੇ ਲਾਏ।
ਇੱਕ ਓਂਕਾਰ ਅਕਾਲ ਪੁਰਖ ਦੇ,
ਸੁੰਦਰ ਸਬਕ ਪੜ੍ਹਾਏ ! ਜੋ ਰੱਬ ਭਾਏ।
ਮਾਧੋ ਵਰਗੇ ਜਾਦੂਗਰ ਭੀ,
ਬੰਦੇ 'ਸ਼ਰਫ਼' ਬਣਾਏ ! ਭਰਮ ਮਿਟਾਏ।
ਕ:-ਆਜਾ ਮੇਰੀ ਕਲਮ ਪਯਾਰੀ ਜਾਵਾਂ ਤੈਥੋਂ ਬਲਹਾਰੀ,
ਚੱਲ ਖਾਂ ਚਕੋਰ ਵਾਲੀ ਚਾਲ ਝੂਲ ਝਾਲ ਕੇ।
ਸੰਗਤਾਂ ਦੇ ਦਿਲਾਂ ਨੂੰ ਅਨੰਦ ਜ਼ਰਾ ਕਰ ਦੇਵੀਂ!
ਕਲਗ਼ੀਧਰ ਤੇਗ਼ ਦਾ ਨਜ਼ਾਰਾ ਭੀ ਵਿਖਾਲ ਕੇ।
ਸ਼ਾਹੀ ਫੌਜਾਂ ਬਿਕਰਮੀ ਸਤਾਰਾਂ ਸੌ ਤੇ ਸੱਠ ਵਿੱਚ,
ਬੈਠੀਆਂ ਅਨੰਦ ਪੁਰ ਉੱਤੇ ਘੇਰਾ ਡਾਲ ਕੇ।
ਲਹਿੰਦੇ ਵਲ ਜਾਓ ਬੱਚਾ ਹੜ੍ਹ ਵਾਂਗੂੰ ਚੜ੍ਹ ਆਓ,
ਘੱਲਿਆ 'ਅਜੀਤ' ਜੀ ਨੂੰ ਪਿਤਾ ਨੇ ਸਿਖਾਲ ਕੇ।
ਦੁਜੀ ਗੁੱਠੋਂ ਆਪ ਆਏ ਚੜ੍ਹ ਕੇ ਹਨੇਰੀ ਵਾਂਗੂੰ,
ਉੱਚ ਵਾਲੇ ਸਿੰਘ ਪੀਰ ਨਾਲ ਲੈ ਕੇ ਬਾਲ ਕੇ।
ਸ਼ਾਹੀ ਫੌਜਾਂ ਨਾਲ ਆ ਕੇ ਹੋਯਾ ਐਸਾ ਟਾਕਰਾ ਸੀ,
ਕਾਲ ਦਿਉਤਾ ਨੱਸ ਗਿਆ ਜਾਨ ਨੂੰ ਸੰਭਾਲ ਕੇ।
ਤੇਗ਼ ਵਾਲੀ ਖੂੰਡੀ ਐਸੀ ਵਾਹੀ ਸੀ 'ਅਜੀਤ' ਜੀ ਨੇ,
ਖਿੱਦੋ ਵਾਂਗ ਸੀਸ ਸੁੱਟੇ ਧੜਾਂ ਤੋਂ ਉਛਾਲ ਕੇ।
ਜੇੜ੍ਹਾ ਆਯਾ ਸਾਮ੍ਹਣੇ ਉਹ ਇੱਕ ਦਾ ਬਣਾਯਾ ਦੋ,
ਮਾਂ ਜਾਯਾ ਪੁੱਤ ਨ ਕੋਈ ਵਾਰ ਗਿਆ ਟਾਲ ਕੇ।
ਗੋਰਾ ਗੋਰਾ ਮੁਖ ਜਿਨੂੰ ਤੇਗ਼ ਦਾ ਵਿਖਾਲ ਦਿੱਤਾ,
ਓਸੇ ਦਾ ਕਲੇਜਾ ਆਂਦਾ ਨਾਲੇ ਹੀ ਉਧਾਲ ਕੇ।
ਦੂਜੇ ਪਾਸੋਂ ਚੱਟਦੀ ਸੀ ਤੇਗ਼ ਦਸਮੇਸ਼ ਜੀ ਦੀ,
ਵੈਰੀਆਂ ਦੇ ਕਾਲਜੇ ਦਾ ਖੂਨ ਭਾਲ ਭਾਲ ਕੇ।
ਇੱਕੋ ਪਰ ਵਾਲੀ ਪਰੀ ਜੁੱਧ ਵਿੱਚ ਉੱਡ ਉੱਡ,
ਰੱਤ ਵਾਲੇ ਸੁੱਟਦੀ ਸੀ ਲਾਲ ਪਈ ਉਗਾਲ ਕੇ।
ਜਿਹੜਾ ਰਤਾ ਤੱਤਾ ਹੋਇਆ ਤੱਤੇ ਤੱਤੇ ਤਾ ਉਹਨੂੰ,
ਧਾਰ ਨਾਲ ਠੰਢਾ ਕੀਤਾ ਉੱਥੇ ਹੀ ਨੁਹਾਲ ਕੇ।
ਚੱਕੀਆਂ ਦੇ ਪੁੜਾਂ ਵਾਂਗੂੰ ਦੋਹਾਂ ਤੇਗਾਂ ਫਿਰ ਫਿਰ,
ਦਾਣੇ ਵਾਂਗ ਰੱਖ ਦਿੱਤੇ ਦੱਲ ਸੀ ਹੁਦਾਲ ਕੇ।
ਵੇਖ ਵੇਖ ਸੂਰਿਆਂ ਨੂੰ ਸੂਬਾ ਸਰਹੰਦ ਵਾਲਾ,
ਪੁੱਛੇ ਅਜਮੇਰ ਚੰਦ ਰਾਜੇ ਨੂੰ ਬਹਾਲ ਕੇ।
ਸਿੱਖਾਂ ਦੇ ਸਰੀਰਾਂ ਨੂੰ ਹੈ ਮਿੱਟੀ ਕੇਹੜੀ ਲੱਗੀ ਹੋਈ,
ਕਿਹੜੇ ਸੱਚੇ ਵਿੱਚ ਇਹ ਬਣਾਏ ਹੋਇ ਨੇ ਢਾਲ ਕੇ?
ਪਿਛ੍ਹਾਂ ਭੀ ਇਹ ਹਟਦੇ ਨਹੀਂ ਉਂਞ ਭੀ ਇਹ ਘਟਦੇ ਨਹੀਂ,
ਅੱਕਦੇ ਨਹੀਂ ਥੱਕਦੇ ਨਹੀਂ ਖੂਹਣੀਆਂ ਭੀ ਗਾਲ ਕੇ।
ਅਜੇ ਤੀਕ ਮੱਤੇ ਹੋਏ ਅੱਖੀਆਂ ਉਘੇੜਦੇ ਨਹੀਂ,
ਸੁੱਸਰੀ ਦੇ ਵਾਂਗ ਸਾਡੇ ਦਿਲਾਂ ਨੂੰ ਸਵਾਲ ਕੇ।
ਪੈਰਾਂ ਤੋਂ ਪਿਆਦੇ ਭੀ ਇਹ ਜੁਧ ਵਿੱਚ ਹੰਬਦੇ ਨਹੀਂ,
ਮੁੱਕ ਗਏ ਖਜ਼ਾਨੇ ਸਾਡੇ ਕੋਤਲਾਂ ਨੂੰ ਪਾਲ ਕੇ।
ਮੁੱਠ ਮੁੱਠ ਛੋਲਿਆਂ ਤੇ ਜਾਨ ਪਏ ਵਾਰਦੇ ਨੇ,
ਵੇਖੋ ਅਸੀਂ ਉੱਜੜੇ ਹਾਂ ਬੱਕਰੇ ਖਵਾਲ ਕੇ।
ਅੱਗੋਂ ਇਹ ਜਵਾਬ ਦਿੱਤਾ ਰਾਜੇ ਅਜਮੇਰ ਚੰਦ,
ਲੰਮੇ ਸਾਰੇ ਹਾਉਕੇ ਲੈ ਤਨ ਮਨ ਜਾਲ ਕੇ।
'ਕੀ ਮੈਂ ਦੱਸਾਂ ਖਾਂ ਸਾਹਿਬ! ਇਹਨਾਂ ਨੂੰ ਕੀ ਕਰ ਦਿੱਤਾ,
ਪੰਜ ਪੰਜ ਘੁਟ ਪਾਣੀ ਗੁਰੂ ਨੇ ਪਿਆਲ ਕੇ?
'ਚਾੜ੍ਹ ਦਿੱਤੀ ਪਾਣ ਕੋਈ ਜੱਗ ਕੋਲੋਂ ਵੱਖਰੀ ਹੀ,
ਤਿੱਖਾ ਜਿਹਾ ਖੰਡਾ ਵਿੱਚ ਲੋਹੇ ਦਾ ਹੰਗਾਲ ਕੇ।'
'ਸ਼ਰਫ਼' ਅਜੇ ਵੇਖਿਆ ਕੀ ਜੋਸ਼ ਹੈ ਤੂੰ ਸੂਰਿਆਂ ਦਾ,
ਛੋਲਿਆਂ ਦੇ ਵਾਂਗ ਫੌਜਾਂ ਜਾਣਗੇ ਉਬਾਲ ਕੇ।
ਚਾਦਰ ਵੇਖ ਤੁਕਾਂਤ ਦੀ ਨਿੱਕੀ ਜੇਹੀ,
ਮੇਰੀ ਨਜ਼ਮ ਨੇ ਪੈਰ ਸੰਗੋੜ ਦਿੱਤੇ।
ਜਿਹੜੇ ਆਏ ਖ਼ਿਆਲ ਸਨ ਅਰਸ਼ ਉੱਤੋਂ,
ਹਾੜੇ ਘੱਤਕੇ ਪਿਛ੍ਹਾਂ ਨੂੰ ਹੋੜ ਦਿੱਤੇ।
ਲੋੜ੍ਹ, ਕੋੜ੍ਹ ਤੇ ਰੋੜ੍ਹ ਤੇ ਥੋੜ੍ਹ ਵਾਲੇ,
ਗ਼ੈਰ ਕਾਫ਼ੀਏ ਸਮਝਕੇ ਛੋੜ ਦਿੱਤੇ।
ਨਾਲੋ ਭੋਂ ਨਾ ਲੇਖ ਦੀ ਪੱਧਰੀ ਸੀ,
ਮੇਰੀ ਕਲਮ ਦੇ ਪੈਰ ਮਚਕੋੜ ਦਿੱਤੇ।
ਕਹਿਣੀ ਸਿਫ਼ਤ ਸੀ ਫੁੱਲ ਦਸਮੇਸ਼ ਦੀ ਮੈਂ,
ਲੋਕਾਂ ਹੋਰ ਈ ਛਾਪੇ ਚਮੋੜ ਦਿੱਤੇ।
ਸੱਚ ਪੁੱਛੋ ਤੇ ਏਸ ਸਮੱਸਿਆ ਨੇ,
ਮੇਰੇ ਕੀਮਤੀ ਲਾਲ ਤ੍ਰੋੜ ਦਿੱਤੇ।
ਪੰਜਾਂ ਅੱਖਰਾਂ ਤੇ ਦੋਹਾਂ ਬਿੰਦੀਆਂ ਨੂੰ,
ਜਦੋਂ ਸੱਤ ਕਰਤਾਰ ਸਜਾਉਣ ਲੱਗੇ।
ਸੱਤੀਂ ਅੰਬਰੀਂ ਚਮਕਕੇ ਸੱਤ ਤਾਰੇ,
ਸ਼ਰਧਾ ਨਾਲ ਦਿਵਾਲੀ ਜਗਾਉਣ ਲੱਗੇ।
ਸੱਤਾਂ ਸੁਰਾਂ ਸੁਹਾਗ ਦੇ ਗਵੇਂ ਸੋਹਲੇ,
ਸ਼ਿਵਜੀ ਖੁਸ਼ੀ ਵਿਚ ਡੌਰੂ ਵਜਾਉਣ ਲੱਗੇ।
ਸੱਤਾਂ ਜ਼ਿਮੀਆਂ ਦੇ ਜਾਗ ਪਏ ਭਾਗ ਸੁੱਤੇ,
ਸੱਤਵੀਂ ਪੋਹੋਂ ਗੋਬਿੰਦ ਸਿੰਘ ਆਉਣ ਲੱਗੇ।
ਜਲਵੇ ਸੁੱਟਕੇ ਦਯਾ ਤੇ ਧਰਮ ਵਾਲੇ,
ਪਾਪ ਜੜਾਂ ਤੋਂ ਪਕੜ ਘਰੋੜ ਦਿੱਤੇ।
ਤਿੱਖੀ ਖੰਡੇ ਦੀ ਧਾਰ ਵਿਖਾਲ ਇੱਕੋ,
ਬਾਈਆਂ ਧਾਰਾਂ ਦੇ ਲੱਕ ਤ੍ਰੋੜ ਦਿੱਤੇ।
ਤੇਗ਼ਾਂ-ਦੇਵੀ ਨੇ ਆਣਕੇ ਅੰਬਰਾਂ ਤੋਂ,
ਕਲਗ਼ੀ ਵਾਲਿਆ! ਦੇਣੇ ਸਨ ਵਰ ਤੈਨੂੰ।
ਤਦੇ ਰੱਬ ਨੇ ਘੱਲਿਆ ਜੱਗ ਉੱਤੇ,
ਗੁਰੂ ਤੇਗ਼ ਬਹਾਦਰ ਦੇ ਘਰ ਤੈਨੂੰ।
ਮੈਂ ਤਾਂ ਰਾਜਾ ਅਵਤਾਰਾਂ ਦਾ ਆਖਦਾ ਹਾਂ,
ਪਿਆ ਜੱਗ ਆਖੇ ਕਲਗੀਧਰ ਤੈਨੂੰ।
ਨਾਲ ਜਦ ਵਾਹਿਗੁਰੂ ਆਪ ਹੈਸੀ,
ਫੇਰ ਕਿਸੇ ਦਾ ਹੁੰਦਾ ਕੀ ਡਰ ਤੈਨੂੰ?
ਵਗਕੇ ਤੇਰੇ ਹਿਮਾਇਤੀ ਨਾਲਿਆਂ ਨੇ,
ਬੇੜੇ ਦੁਸ਼ਮਣਾਂ ਦੇ ਰਣ ਵਿੱਚ ਬੋੜ ਦਿੱਤੇ।
ਤੇਰੇ ਸੂਰਿਆਂ ਨੇ ਸੀਸ ਹਾਥੀਆਂ ਦੇ,
ਵਾਂਗ ਟਿੰਡਾਂ ਦੇ ਭੰਨ ਤ੍ਰੋੜ ਦਿੱਤੇ।
ਕਲਗ਼ੀ ਸਜੀ ਯਾ ਨਿਕਲੀਆਂ ਹੈਣ ਕਿਰਨਾਂ,
ਸੂਰਜ ਮੁੱਖੜਾ ਬਣਿਆਂ ਹਜ਼ੂਰ ਦਾ ਏ।
ਅੱਖਾਂ ਵੇਖਕੇ ਠੰਡੀਆਂ ਹੁੰਦੀਆਂ ਨੇ,
ਯਾ ਫੁਹਾਰਾ ਕੋਈ ਛੁੱਟਿਆ ਨੂਰ ਦਾ ਏ।
ਯਾ ਇਹ ਸ਼ਾਹੀ ਦਿਮਾਗ਼ ਦੇ ਸ਼ਬਦ ਵਿੱਚੋਂ,
ਸਿੱਟਾ ਨਿਕਲਿਆ ਅਕਲ ਸ਼ਊਰ ਦਾ ਏ।
ਬੈਠਾ ਹੋਯਾ ਹੁਮਾ ਯਾ ਸੀਸ ਉੱਤੇ,
ਸੜਨ ਵਾਲਿਆਂ ਨੂੰ ਪਿਆ ਘੂਰ ਦਾ ਏ।
ਤੇਰੇ ਨੀਲੇ ਨੇ ਚਮਕ ਚਮਕੌਰ ਅੰਦਰ,
ਭੌਰ ਤਾਜ਼ੀਆਂ ਦੇ ਬੂਥੇ ਮੋੜ ਦਿੱਤੇ।
ਤੇਰੀ ਤੇਗ਼ ਨੇ ਚੰਨ ਦੁ-ਖੰਨ ਕੀਤੇ,
ਤੇਰੇ ਤੀਰਾਂ ਨੇ ਤਾਰੇ ਤ੍ਰੋੜ ਦਿੱਤੇ।
ਹੱਕ ਖੋਹ ਖੋਹ ਰੰਡੀਆਂ ਰੂੜ੍ਹੀਆਂ ਦੇ,
ਜਿਹੜੇ ਆਪਣੇ ਘਰਾਂ ਵਿੱਚ ਵਾੜਦੇ ਸਨ।
ਤੇਰੇ ਸੁੰਦਰ ਪ੍ਰਸ਼ਾਦੀ ਦੇ ਵੱਲ ਜਿਹੜੇ,
ਕਰ ਕਰ ਕੈਰੀਆਂ ਅੱਖੀਆਂ ਤਾੜਦੇ ਸਨ।
ਜਬਰ, ਈਰਖਾ ਦੇ ਨਸ਼ੇ ਵਿੱਚ ਗੁੱਤੇ,
ਜਿਹੜੇ ਪਲਕ ਨਾਂ ਕਦੀ ਉਘਾੜਦੇ ਸਨ।
ਆਰੀ ਜ਼ੁਲਮ ਦੀ ਪਕੜਕੇ ਹੱਥ ਅੰਦਰ,
ਜਿਹੜੇ ਅਦਲ ਦਾ ਬਾਗ਼ ਉਜਾੜਦੇ ਸਨ।
ਤੇਗ਼ ਸੂਤਕੇ ਕੀਤੇ ਉਹ ਸੂਤ ਸਾਰੇ,
ਫੜਕੇ ਅੱਟੀ ਦੇ ਵਾਂਗ ਮਰੋੜ ਦਿੱਤੇ।
ਜਿਹੜੇ ਸੰਗਲ ਗ਼ੁਲਾਮੀ ਦੇ ਪਏ ਹੋਇ ਸਨ,
ਕੱਚੀ ਤੰਦ ਦੇ ਵਾਂਗ ਤ੍ਰੋੜ ਦਿੱਤੇ।
ਇੱਕ ਦਿਨ ਕਿਹਾ ਦਸਮੇਸ਼ ਦੀ ਮੂਰਤੀ ਨੂੰ:-
ਇਹਦੇ ਅਰਥ ਤਾਂ ਮੈਨੂੰ ਸਮਝਾ ਦੇਣਾ?
'ਕਦੀ ਭਗਤ ਬਣਨਾ' ਕਦੀ ਲੁਕ ਜਾਣਾ,
ਕਦੀ ਗੁਰੂ ਬਣਕੇ ਦਰਸ਼ਨ ਆ ਦੇਣਾ?'
ਕਿਹਾ ਆਪ ਨੇ:-ਸੁਣੀਂ ਤੂੰ ਮੂਰਖਾ ਓ,
ਮੇਰੀ ਸੰਗਤ ਨੂੰ ਨਾਲੇ ਸੁਣਾ ਦੇਣਾ।
ਸੂਰਜ ਵਾਂਗ ਉਹ ਡੁੱਬਦੇ ਨਿਕਲਦੇ ਨੇ,
ਜਿੰਨ੍ਹਾਂ ਹੋਵੇ ਹਨੇਰ ਮਿਟਾ ਦੇਣਾ।
ਬੁੱਧੂ ਸ਼ਾਹ ਵਾਂਗੂੰ ਜਿਨ੍ਹਾਂ ਪੁੱਤ ਵਾਰੇ,
ਸਣੇ ਕੁਲਾਂ ਉਹ ਤਾਰ-ਸਣਤੋੜ ਦਿੱਤੇ।
ਕਾਲੇ ਖ਼ਾਂ ਵਾਂਗੂੰ ਹੋ ਗਏ ਮੂੰਹ ਕਾਲੇ,
ਕਰਕੇ ਜਿਨ੍ਹਾਂ ਇਕਰਾਰ ਤ੍ਰੋੜ ਦਿੱਤੇ।
ਰਾਮ ਰਾਵਣ ਦਾ ਜੁੱਧ ਭੀ ਹੋਯਾ ਐਸਾ,
ਪਰਲੋ ਤੀਕ ਨਹੀਂ ਕਦੇ ਭੁਲਾਉਣ ਵਾਲਾ।
ਮਹਾਂ ਭਾਰਤ ਦਾ ਨਕਸ਼ਾ ਭੀ ਜੱਗ ਉੱਤੋਂ,
ਕੋਈ ਨਹੀਂ ਜੰਮਿਆਂ ਅਜੇ ਮਿਟਾਉਣ ਵਾਲਾ।
ਜੇਕਰ ਕੀੜੇ ਨੂੰ ਵੇਖੀਏ ਗਹੁ ਕਰਕੇ,
ਉਹ ਭੀ ਆਪੇ ਲਈ ਜਾਨ ਗਵਾਉਣ ਵਾਲਾ।
ਐਪਰ ਕਿਸੇ ਦੇ ਦੁੱਖ ਤੇ ਸੁੱਖ ਬਦਲੇ,
ਡਿੱਠਾ ਤੈਨੂੰ ਹੀ ਬੰਸ ਲੁਟਾਉਣ ਵਾਲਾ।
ਸ਼ਿਵਜੀ ਗੰਗਾ ਵਗਾਈ ਸੀ ਲਿਟਾਂ ਵਿੱਚੋਂ,
ਤੁਸਾਂ ਖੰਡੇ ਚੋਂ ਅੰਮ੍ਰਿਤ ਨਿਚੋੜ ਦਿੱਤੇ।
ਚਿੜਕੇ ਆਨ ਉੱਤੋਂ ਚਿੜੀਆਂ ਤੇਰੀਆਂ ਨੇ,
ਫੜਕੇ ਬਾਜ਼ਾਂ ਦੇ ਪਹੁੰਚੇ ਤ੍ਰੋੜ ਦਿੱਤੇ।
ਪੀਰਾ-ਉਚ-ਦਿਆ ਦਿਲਾਂ ਵਿੱਚ ਰੁਚਦਿਆ ਵੇ,
ਰਿੱਧੀ ਸਿੱਧੀ ਅਚਰਜ ਵਿਖਾ ਗਿਓਂ।
ਕਿਤੇ ਘਾਟ ਨਗੀਨੇ ਬਣਾ ਦਿੱਤੇ,
ਕਿਤੇ ਬੰਦੇ ਬਹਾਦਰ ਬਣਾ ਗਿਓਂ।
ਕਲਮਾਂ ਸਿੱਧੀਆਂ ਪੁੱਠੀਆਂ ਵਾਹ ਕੇ ਤੇ,
ਕਿਤੇ ਗੁਰੂ ਦੀ ਕਾਂਸ਼ੀ ਸਜਾ ਗਿਓਂ।
ਖੰਡੇ ਨਾਲ ਉਖੇੜ ਕੇ ਤਿੜ ਕਿਧਰੇ,
ਜੜ੍ਹ ਜ਼ੁਲਮ ਦੀ ਮੁੱਢੋਂ ਉਡਾ ਗਿਓਂ।
ਨਵਾਂ ਦਿਨਾਂ ਤੇ ਨਵਾਂ ਮਹੀਨਿਆਂ ਵਿੱਚ,
ਕਿਧਰੇ ਸ਼ਬਦ ਗਰੰਥ ਦੇ ਜੋੜ ਦਿੱਤੇ।
ਧੀਰ ਮੱਲ ਜਹੇ 'ਸ਼ਰਫ਼' ਗੁਮਾਨੀਆਂ ਦੇ,
ਸਾਰੇ, ਕਿਬਰ ਹੰਕਾਰ ਤ੍ਰੋੜ ਦਿੱਤੇ।
ਵਟਾ ਸੱਟਾ ਹੋ ਗਿਆ ਨਸ਼ਾਨੀਆਂ ਦਾ ਦੋਹੀਂ ਪਾਸੀਂ,
ਘੱਲੀ ਅੱਜ ਓਹਨੇ ਭੀ ਰੁਮਾਲ ਨਾਲ ਮੁੰਦਰੀ ।
ਹੁਕਮ ਹੋਇਆ ਨਾਲ ਇਹ ਅਚੱਚੀ ਮੇਰੀ ਚੀਚੀ ਦੀ ਏ,
ਗ਼ੈਰਾਂ ਵਿੱਚ ਰਖਨੀ ਖ਼ਿਆਲ ਨਾਲ ਮੁੰਦਰੀ ।
ਪਟੀ ਜਹੀ ਪੜ੍ਹਾਈ ਓਹਨੂੰ ਵੈਰੀਆਂ ਤੇ ਦੂਤੀਆਂ ਨੇ,
ਲੈਣ ਲਗਾ ਫੇਰ ਏਸ ਚਾਲ ਨਾਲ ਮੁੰਦਰੀ ।
ਮੋੜ ਮੇਰੀ ਮੁੰਦਰੀ ਤੇ ਸਾਂਭ ਲੈ ਇਹ ਵਰਾਸੋਈ,
ਲਾਹ ਮਾਰੀ ਹਥੋਂ ਮੇਰੀ ਕਾਹਲ ਨਾਲ ਮੁੰਦਰੀ ।
ਜੋੜ ਜੋੜ ਹਥ ਫੇਰ ਤੋੜਿਆਂ ਵਛੋੜਿਆਂ ਵਿੱਚ,
ਪਾਈ ਓਹਦੇ ਹਥ ਬੁਰੇ ਹਾਲ ਨਾਲ ਮੁੰਦਰੀ ।
ਨਿਕੀ ਜਿਹੀ ਵਚੋਲੜੀ ਪਿਆਰ ਤੇ ਮੁਹੱਬਤਾਂ ਦੀ,
ਮੇਲ ਦਿੱਤਾ ਦੋਹਾਂ ਨੂੰ ਸੁਖਾਲ ਨਾਲ ਮੁੰਦਰੀ ।
ਮੇਰੇ ਕਾਬੂ ਰਖਦੀ ਏ ਮੇਰੇ ਓਸ ਪਿਆਰ ਨੂੰ ਏਹ,
ਮੋਹਰਾ ਸੁਲੇਮਾਨੀ ਲੱਭਾ ਘਾਲ ਨਾਲ ਮੁੰਦਰੀ ।
ਮੈਥੋਂ ਭਾਵੇਂ ਦੂਰ ਦੂਰ ਰਹੇ ਉਹ ਨਗੀਨਾ ਮੇਰਾ,
ਰਵੇ ਓਹਦੀ ਨਿੱਤ ਮੇਰੇ ਨਾਲ ਨਾਲ ਮੁੰਦਰੀ ।
ਖੋਹਕੇ ਫ਼ੀਰੋਜ਼ੀ ਥੇਵਾ ਸੀਨੇ ਵਿੱਚ ਰਖਦੀ ਏ,
ਰੱਖੇ ਐਡਾ ਹੇਚ ਓਹਦੇ ਖ਼ਾਲ ਨਾਲ ਮੁੰਦਰੀ ।
"ਸ਼ਰਫ਼" ਏਸ ਸਮੇਂ ਵਿੱਚ ਵਟਾਉਂਦਾ ਏ ਕੌਣ ਭਲਾ,
ਲਿੱਸੇ ਨਾਲ ਪੱਗ ਤੇ ਕੰਗਾਲ ਨਾਲ ਮੁੰਦਰੀ ।
ਜੇ ਤੂੰ ਪੰਧ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਏਂ,
ਦੁਨੀਆਂ ਦੇ ਲੋਭ ਵਾਲੀ ਮੋਢਿਓਂ ਉਤਾਰ ਗੰਢ।
ਪੱਲਾ ਫੜੀਂ ਘੁੱਟਕੇ ਜਹਾਨ ਵਿੱਚ ਇੱਕ ਦਾ ਤੂੰ,
ਜਣੇ ਖਣੇ ਨਾਲ ਪਿਆ ਐਵੇਂ ਨਾ ਪਿਆਰ ਗੰਢ।
ਭਲਾ ਰੱਬ ਆਸਰੇ ਨੂੰ ਜੱਗ ਦੀ ਮੁਥਾਜੀ ਕਾਹਦੀ,
ਸਿਰ ਉੱਤੇ ਚੁੱਕਦਾ ਨਹੀਂ ਘੋੜੇ ਅਸਵਾਰ ਗੰਢ।
ਪੀਚ ਪੀਚ ਪਲੇ ਬੰਨ੍ਹ, ਕੰਮ ਸਾਰੇ ਨੇਕੀਆਂ ਦੇ,
ਸ਼ੂਮ ਜਿਵੇਂ ਰੱਖਦਾ ਹੈ ਪੈਸਿਆਂ ਨੂੰ ਮਾਰ ਗੰਢ।
ਏਹਨੂੰ ਸਿਰੋਂ ਲਾਹੁਣ ਲੱਗੇ ਪੱਗ ਵੀ ਨਾ ਲਹੇ ਤੇਰੀ,
ਸੋਚ ਨਾਲ ਚੁਕੀਂ ਤੂੰ ਬਿਆਜੜੂ ਹੁਦਾਰ ਗੰਢ।
ਜੇਰੇ ਨਾਲ ਡੱਕ ਤੂੰ ਵੀ ਹੰਝੂਆਂ ਨੂੰ ਭੋਲਿਆ ਓਏ,
ਵੇਖ ਕਿਵੇਂ ਦਾਂਣਿਆਂ ਦੀ ਬੰਨ੍ਹਦਾ ਅਨਾਰ ਗੰਢ।
ਘੁੰਡੀ ਵਾਲੇ ਦਿਲੋਂ ਨਾ ਪਿਆਰ ਦੀ ਉਮੈਦ-ਰੱਖੀਂ,
ਗੰਨੇ ਵਿੱਚ ਰੱਸ ਕਿੱਥੇ ਜਿੱਥੇ ਹੋਵੇ ਯਾਰ ਗੰਢ।
ਭੇਤ ਇੱਕ ਦੂਸਰੇ ਦਾ ਲੜ ਕੇ ਵੀ ਖੋਲ੍ਹੀਏ ਨਾਂ,
ਦਿਲਾਂ ਵਿੱਚ ਪਏ ਭਾਵੇਂ ਲੱਖ ਤੇ ਹਜ਼ਾਰ ਗੰਢ।
ਲੱਕ ਤੇਰਾ ਤੋੜ ਦੇਸਣ ਵਾਧੂ ਫ਼ੈਲਸੂਫ਼ੀਆਂ ਏਹ,
ਵਿਤੋਂ ਬਾਹਰੀ ਚੁੱਕੀ ਹੋਈ ਕਰਦੀ ਖ਼ਵਾਰ ਗੰਢ।
'ਸ਼ਰਫ਼' ਤੇਰੀ ਜ਼ਿੰਦਗ਼ੀ ਦਾ ਸਿੱਟਾ ਨੇਕ ਚਾਹੀਦਾ ਏ,
ਸੌ ਹੱਥ ਰੱਸਾ ਓਹਦੇ ਸਿਰੇ ਉੱਤੇ ਮਾਰ ਗੰਢ।
ਗਹਿਰੇ ਗਹਿਰੇ ਆਨਿਆਂ ਤੋਂ ਅੱਜ ਏਹ ਸੰਜਾਪਦਾ ਏ,
ਦੇਖ ਲਈਆਂ ਤੁਸੀਂ ਕਿਸੇ ਹੋਰ ਦੀਆਂ ਅੱਖੀਆਂ।
ਤਦੇ ਮੇਰੇ ਰੋਣ ਤੇ ਵੀ ਹੱਸ ਹੱਸ ਪੈਂਦੀਆਂ ਨੇ,
ਤੇਰੇ ਜਹੇ ਬੇਰਹਿਮ ਤੇ ਕਠੋਰ ਦੀਆਂ ਅੱਖੀਆਂ।
ਦਿਲ ਮੇਰਾ ਲੈਣ ਵਾਲੇ ! ਨੀਵੀਂ ਨਜ਼ਰ ਕਹੇ ਤੇਰੀ,
ਸਾਵ੍ਹੇਂ ਕਦੀ ਹੁੰਦੀਆਂ ਨਹੀਂ ਚੋਰ ਦੀਆਂ ਅੱਖੀਆਂ।
ਤਾੜੀ ਐਦਾਂ ਬੱਝ ਗਈ ਏ ਗੋਰੇ ਗੋਰੇ ਮੁੱਖੜੇ ਤੇ,
ਵੇਂਹਦੀਆਂ ਨੇ ਚੰਨ ਜਿਓਂ ਚਕੋਰ ਦੀਆਂ ਅੱਖੀਆਂ।
ਓਸੇ ਤਰਾਂ ਵੇਖਣ ਬਰੀਕੀ ਤੇਰੇ ਹੁਸਨ ਵਾਲੀ,
ਮੇਰੇ ਜਹੇ ਬਾਵਰੇ ਲਟੋਰ ਦੀਆਂ ਅੱਖੀਆਂ।
'ਸ਼ਰਫ਼' ਜਿੱਦਾਂ ਵੇਂਹਦੀਆਂ ਨੇ ਰੱਬ ਦੀਆਂ ਰੰਗਣਾਂ ਨੂੰ,
ਇੱਕ ਇੱਕ ਖੰਭ ਵਿੱਚੋਂ ਮੋਰ ਦੀਆਂ ਅੱਖੀਆਂ।
ਬੂਟੇ ਨੂੰ ਮੈਂ ਪਾਣੀ ਪਾਵਾਂ,
ਗੀਤ ਮਾਹੀ ਦੇ ਨਾਲੇ ਗਾਵਾਂ।
ਫੁੱਟਣ ਕਲੀਆਂ ਨਿਕਲਣ ਪੱਤੇ,
ਮਾਹੀਆ, ਤੈਨੂੰ ਖ਼ੈਰਾਂ ਸੱਤੇ।
ਕੂੰਬਲ ਕੂੰਬਲ ਪਈ ਸੁਣਾਵੇ,
ਪਿਆਰਾ ਸਾਡਾ ਠੁਮ ਠੁਮ ਆਵੇ।
ਸੁੱਕਾ ਪੱਤਰ ਵਰਤੀ ਜ਼ਰਦੀ,
ਕੰਤ ਪਿਆਰੇ, ਤੇਰੀ ਬਰਦੀ।
ਨਾਜ਼ਕ ਟਹਿਣੀ ਲਵੇ ਹੁਲਾਰੇ,
ਰਾਹ ਦੇਖਾਂ ਮੈਂ ਖੜੀ ਚੁਬਾਰੇ।
ਦੇ ਖੁਸ਼ਬੋਆਂ ਫੁਲ ਰੰਗੀਲਾ,
ਸੁਕ ਸੁਕ ਹੋਈ ਹੁਣ ਮੈਂ ਤੀਲਾ।
ਮੁੜ ਮੁੜ ਬਾਗੀਂ ਰੁੱਤਾਂ ਆਈਆਂ,
ਮਾਹੀਆ ਤੂੰ ਕਿਉਂ ਡੇਰਾਂ ਲਾਈਆਂ?
ਡਾਲੀ ਡਾਲੀ ਭੌਰਾ ਫਿਰਦਾ,
ਤੇਰੇ ਬਾਝੋਂ ਜਿਊੜਾ ਘਿਰਦਾ।
ਫੁੱਲ ਖਿੜਾਵਨ ਬੁੱਲੇ ਚਲ ਚਲ,
ਮੈਨੂੰ ਉੱਠਣ ਹੁੱਦਾਂ ਬਲ ਬਲ।
ਰਸ ਫੁੱਲਾਂ ਦਾ ਚੂਪੇ ਮੱਖੀ,
ਫੁਰਕੇ ਮੇਰੀ ਖੱਬੀ ਅੱਖੀ।
ਪਾਣੀ ਪਾਉਂਦਿਆਂ ਚਿੱਠੀ ਆਈ,
ਚੁੰਮੀ ਚੱਟੀ ਸੀਨੇ ਲਾਈ।
ਪਰਸੋਂ ਸਾਡੇ ਮਾਹੀ ਆਉਣਾ,
ਰੁੱਤ ਖੁਸ਼ੀ ਦੀ ਫੇਰਾ ਪਾਉਣਾ।
ਓਦਨ ਰੰਗ, ਵਟਾਵਣਗੀਆਂ,
ਸਭ ਕਲੀਆਂ ਖਿੜ ਜਾਵਣਗੀਆਂ।
ਕਾਲੇ ਕਾਲੇ ਨਾਗ਼ ਮੈਨੂੰ ਤਰਦੇ ਵਖਾਈ ਦਿੱਤੇ,
ਓਨ੍ਹੇ ਜਦੋਂ ਪਾਣੀ ਵਿੱਚੋਂ ਆਪਣੇ ਨਿਤਾਰੇ ਕੇਸ।
ਲਹਿਰਾਂ ਦੇ ਕਲੇਜੇ ਉੱਤੇ ਛਾਲੇ ਪਏ ਬੁਲ ਬੁਲੇ ਜਹੇ,
ਐਸੇ ਡੰਗ ਮਾਰ ਗਏ ਨੇ ਜ਼ਹਿਰੀ ਹੈਂਸਿਆਰੇ ਕੇਸ।
ਮੋਤੀ ਉਦੋਂ ਵੱਸ ਗਏ ਓਹ, ਜੇੜ੍ਹੇ ਕਿਤੋਂ ਲੱਭਦੇ ਨਹੀਂ,
ਛੰਡੇ ਤੇ ਨਚੋੜੇ ਜਦੋਂ ਓਸ ਨੇ ਸਵਾਰੇ ਕੇਸ।
ਇਸ਼ਕ ਪੇਚਾ ਸਰੂ ਉੱਤੇ ਜਿੱਦਾਂ ਚੜ੍ਹ ਜਾਂਵਦਾ ਏ,
ਲਗਰ ਜਹੇ ਕੱਦ ਉੱਤੇ ਦੇਂਦੇ ਤਿਉਂ ਨਜ਼ਾਰੇ ਕੇਸ।
ਪੁੱਛਿਆ ਮੈਂ ਬੱਦਲਾਂ 'ਚ ਚੰਦ ਕਿੱਦਾਂ ਆਂਵਦਾ ਏ?
ਝੱਟ ਪੱਟ ਮੁੱਖੜੇ ਤੇ ਓਸਨੇ ਖਲਾਰੇ ਕੇਸ।
ਕੰਘੀ ਦਿਆਂ ਦੰਦਿਆਂ ਚੋਂ ਲੰਘਕੇ ਸਫ਼ਾਈ ਨਾਲ,
ਕਈਆਂ ਦੇ ਕਲੇਜਿਆਂ ਤੇ ਫੇਰ ਗਏ ਨੇ ਆਰੇ ਕੇਸ।
ਕੰਘੀ ਵਿੱਚੋਂ ਨਿੱਕਲੇ ਤੇ ਕੁੰਡਲੀ ਦੇ ਵਿੱਚ ਫਸੇ,
ਮੇਰੇ ਵਾਂਗ ਚੱਕਰਾਂ 'ਚ ਪਏ ਦੁਖਿਆਰੇ ਕੇਸ।
ਇੱਕ ਇੱਕ ਸਤਰ ਓਦੋਂ ਪੜ੍ਹਾਂ ਲੇਖਾਂ ਕਾਲਿਆਂ ਦੀ,
ਸ਼ੀਸ਼ੇ ਵਾਂਗ ਮਾਰਦੇ ਨੇ ਜਦੋਂ ਲਿਸ਼ਕਾਰੇ ਕੇਸ।
ਮੇਰੇ ਵਾਂਗੂੰ ਫੱਟੇ ਹੋਏ ਅੱਖਾਂ ਸੁਰਮੀਲੀਆਂ ਦੇ,
ਪੱਟੀਆਂ ਦੇ ਵਿੱਚ ਪਏ ਮਾਰਨ ਚਮਕਾਰੇ ਕੇਸ।
ਮੇਚਾ ਓਹਦੇ ਕੱਦ ਦਾ ਸੀ ਪਿੱਛੋਂ ਕੰਢੀ ਲੈਣ ਲੱਗੇ,
ਏਸੇ ਈ ਖੁਨਾਮੀ ਵਿਚ ਬੰਨ੍ਹੇ ਗਏ ਵਿਚਾਰੇ ਕੇਸ।
ਮੋਤੀਏ ਦਾ ਹਾਰ ਉੱਤੇ ਕੁੰਜ ਵਾਂਗ ਲੱਗਦਾ ਏ,
ਕਾਲੇ ਕਾਲੇ ਸੱਪ ਮਾਰਨ ਸ਼ੂਕਰਾਂ ਸ਼ਿੰਗਾਰੇ ਕੇਸ।
ਅਬਰਕ ਦਿਆਂ ਜ਼ੱਰਿਆਂ ਨੇ ਚੰਦ ਐਸਾ ਚਾੜ੍ਹਿਆ ਏ,
ਉੱਡ ਉੱਡ ਤੋੜਦੇ ਨੇ ਅੰਬਰਾਂ ਤੋਂ ਤਾਰੇ ਕੇਸ।
ਕੰਨ ਦੀ ਕਨੂਲੀ ਵਿਚ ਮਾਰ ਮਾਰ ਕੁੰਡਲਾਂ ਨੂੰ,
ਖ਼ਬਰੇ ਕੀ ਕੀ ਆਖਦੇ ਨੇ ਪਏ ਮੇਰੇ ਬਾਰੇ ਕੇਸ।
ਪੁਰੇ ਦੀ ਹਵਾ ਵਿੱਚ ਸੱਪ ਜਿਵੇਂ ਝੂਲਦਾ ਏ,
ਗਲ ਨਾਲ ਲੈਂਦੇ ਤਿਵੇਂ ਗੱਲ੍ਹ ਤੇ ਹੁਲਾਰੇ ਕੇਸ।
ਦਿਨੇ ਰਾਤ ਹਿੱਕ ਉੱਤੇ ਲੇਟਦੇ ਤੇ ਪੇਲਦੇ ਨੇ,
ਕਾਲੇ ਕਾਲੇ ਵਲਾਂ ਵਾਲੇ ਕਿਸੇ ਦੇ ਪਿਆਰੇ ਕੇਸ।
'ਸ਼ਰਫ਼' ਸੋਚੇ ਇਸ਼ਕ ਦੀ ਕਮੰਦ ਇਨ੍ਹਾਂ ਵਿੱਚ ਹੋਵੇ,
ਖੜਦੇ ਮਜ਼ਾਜ਼ੀ ਵਿੱਚੋਂ ਹਰਿ ਦੇ ਦਵਾਰੇ ਕੇਸ।
ਚੜ੍ਹ ਵੇ ਚੰਨਾ ਕਰ ਰੁਸ਼ਨਾਈ,
ਮੈਂ ਹਾਂ ਤੈਨੂੰ ਵੇਖਣ ਆਈ।
ਪੌੜੀ ਪੌੜੀ ਚੜ੍ਹਦੀ ਆਵਾਂ,
ਗੀਤ ਤੇਰੇ ਮੈਂ ਨਾਲੇ ਗਾਵਾਂ।
ਧੁਰ ਦੀ ਛੱਤੇ ਆਣ ਖਲੋਤੀ,
ਅੱਖੋਂ ਕੇਰਾਂ ਰੋ ਰੋ ਮੋਤੀ।
ਪੱਬਾਂ ਭਾਰ ਖਲੋ ਕੇ ਵੇਖਾਂ,
ਨਿੰਮੋ ਝੂਣੀ ਹੋਕੇ ਵੇਖਾਂ।
ਵਿੱਚੋ ਵਿੱਚ ਪਿਆ ਤੜਫਾਵੇਂ,
ਅੰਬਰ ਉੱਤੇ ਨਜ਼ਰ ਨ ਆਵੇਂ।
ਖੜੀ ਚਿਰਾਂ ਦੀ ਮੱਲ ਬਨੇਰਾ,
ਖ਼ਾਲੀ ਦਿਸੇ ਚੁਬਾਰਾ ਤੇਰਾ।
ਖੜੀ ਖਲੋਤੀ ਭਾਵੇਂ ਅੱਕੀ,
ਨਜ਼ਰ ਨ ਮੇਰੀ ਤਾਂ ਵੀ ਥੱਕੀ
ਮੈਂ ਤੱਤੀ ਹਾਂ ਬਿਰਹੋਂ-ਮਾਰੀ
ਦੁਨੀਆਂ ਡਾਢੀ ਚੰਚਲਹਾਰੀ।
ਡਰਦੀ ਹਾਂ ਮੈਂ ਤੇਰੀ ਗੋਲੀ,
ਹੋਰ ਨਾਂ ਪੈ ਜਾਏ ਮੇਰੀ ਝੋਲੀ।
ਡਰ ਲੋਕਾਂ ਦਾ ਉਲਫ਼ਤ ਤੇਰੀ,
ਗਹੀ ਹਾਂ ਸੱਜੇ ਖੱਬੇ ਘੇਰੀ।
ਮਾਰੇ ਹੇਠੋਂ ਵਾਜਾਂ ਕੋਈ,
ਹਾਇ ਰੱਬਾ ! ਮੈਂ ਜਿਊਂਦੀ ਮੋਈ।
ਹਿਰਖ ਰਿਹਾ ਅਜ ਦਿਲ ਵਿੱਚ ਮੈਨੂੰ,
ਵੇਖ ਨਾ ਸੱਕੀ ਚੰਨਾ ਤੈਨੂੰ।
ਭਾਗ ਹੋਵਣ ਜੇ ਚੰਗੇ ਮੇਰੇ,
ਹਰਦਮ ਨੇੜੇ ਹੋਵਾਂ ਤੇਰੇ।
ਦੇਖਾਂ ਨਿਤ ਨਜ਼ਾਰਾ ਤੇਰਾ,
ਬਣ ਜਾਵਾਂ ਮੈਂ ਤਾਰਾ ਤੇਰਾ।
ਨੂਰ ਤੇਰੇ ਵਿਚ ਡੁੱਬੀ ਹੋਵਾਂ,
ਦਾਗ਼ ਕੁਫ਼ਰ ਦੇ ਸਾਰੇ ਧੋਵਾਂ।
ਜਗ ਵੇਖੇ ਤੇ ਆਖੇ ਸਾਰਾ,
ਵੇਖੋ ਲੋਕੋ ਚੰਨ ਤੇ ਤਾਰਾ।
ਡਿੱਠਾ ਇਕ ਦਿਨ ਮੋਰ ਪਯਾਰਾ,
ਹੰਝੂ ਕੇਰੇ ਪਿਆ ਵਿਚਾਰਾ।
ਪੈਲ ਛਬੀਲੀ ਪਾਈ ਹੋਈ,
ਰੱਬੀ ਸਿਫ਼ਤ ਵਖਾਈ ਹੋਈ।
ਮਸਤੀ ਦੇ ਵਿਚ ਆਯਾ ਹੋਯਾ,
ਸੁੰਦਰ ਨਾਚ ਰਚਾਯਾ ਹੋਯਾ।
ਕਿਰਨਾਂ-ਖੰਭ ਬਣਾਏ ਹੋਏ,
ਸੂਰਜ ਕਈ ਚੜ੍ਹਾਏ ਹੋਏ।
ਧੌਣ ਸੁਰਾਹੀ ਵਰਗੀ ਸੁੰਦਰ,
ਭਰੇ ਜਿਦ੍ਹੇ ਵਿੱਚ ਕਈ ਸਮੁੰਦਰ।
ਕਲਗ਼ੀ ਉੱਪਰ ਚਮਕਾਂ ਮਾਰੇ,
ਦੱਸੇ ਏਦਾਂ ਪਈ ਨਜ਼ਾਰੇ।
ਹੋਵੇ ਜਿਉਂ ਕਰ ਮਹਿਫ਼ਲ ਸ਼ਾਹੀ,
ਨੀਲਮ ਦੀ ਵਿਚ ਪਈ ਸੁਰਾਹੀ।
ਜਾਮ ਜ਼ਮੁਰਦ ਬਨਾਯਾ ਹੋਯਾ,
ਉੱਤੇ ਹੋਇ ਟਿਕਾਯਾ ਹੋਯਾ।
ਨਾਚ ਕਰੇ ਤੇ ਨਾਲੇ ਰੋਂਦਾ,
ਮੂੰਹ ਖ਼ੁਸ਼ੀ ਦਾ ਗ਼ਮ ਵਿਚ ਧੋਂਦਾ।
ਮੈਂ ਓਹਨੂੰ ਇਹ ਕਿਹਾ 'ਮੋਰਾ!
ਇਹ ਕੀ ਲੱਗਾ ਤੈਨੂੰ ਝੋਰਾ?
ਘਟ ਕਾਲੀ ਹੈ ਚੜ੍ਹਕੇ ਆਈ,
ਖ਼ੁਸ਼ੀਆਂ ਕਰਦੀ ਕੁੱਲ ਲੁਕਾਈ।
ਤੂੰ ਕਿਉਂ ਹੰਝੂ ਕੇਰਨ ਲੱਗੋਂ ?
ਗ਼ਮ ਦੀ ਮਾਲਾ ਫੇਰਨ ਲੱਗੋਂ ?'
ਕੂਕਾਂ ਲਾ ਲਾ ਹੋਇਆ ਛਿੱਤਾ,
ਤਦ ਇਹ ਓਹਨੇ ਉੱਤਰ ਦਿੱਤਾ:-
'ਘਟ ਕਾਲੀ ਇਹ ਜੇਹੜੀ ਆਈ,
ਮੈਨੂੰ ਓਹਦੀ ਖ਼ੁਸ਼ੀ ਸਵਾਈ।
ਤਾਂ ਹੀ ਪੈਲਾਂ ਪਾਵਨ ਲੱਗਾ,
ਰੱਬੀ ਮਹਿਮਾਂ ਗਾਵਨ ਲੱਗਾ।
ਸਿਪ ਭੁੱਖੇ ਨੂੰ ਬਰਖਾ ਨਾਲੇ,
ਲੁਕਮੇ ਦੇਗੀ ਮੋਤੀਆਂ ਵਾਲੇ।
ਔੜਾਂ ਮਾਰੇ ਜੱਟ ਵਿਚਾਰੇ,
ਡਾਬੂ ਲੈਂਦੇ ਜਾਸਨ ਤਾਰੇ।
ਬਾਗ਼ ਖਿੜਨਗੇ ਫੁੱਲਾਂ ਵਾਲੇ,
ਖ਼ੁਸ਼ ਹੋਵੇਗੀ ਬੁਲਬੁਲ ਨਾਲੇ।
ਖ਼ੁਸ਼ੀਆਂ ਦੇ ਵਿਚ ਨਾਚ ਰਚਾਯਾ,
ਜ਼ਾਹਰੀ ਅੱਖਾਂ ਇਹ ਵਖਾਯਾ।
ਓਹ ਭੀ ਗੱਲ ਸੁਣਾਵਾਂ ਤੈਨੂੰ,
ਕਿਉਂ ਆਯਾ ਇਹ ਰੋਣਾ ਮੈਨੂੰ।
ਜਾਂ ਮਸਤੀ ਵਿੱਚ ਆਪਾ ਭੁੱਲਾ;
ਕਰ ਕਰ ਪਰ ਦਾ ਨੇਤਰ ਖੁੱਲ੍ਹਾ।
ਡਿੱਠੇ ਲੋਕੀ ਦੁਨੀਆਂ ਵਾਲੇ,
ਹੱਥਾਂ ਦੇ ਵਿੱਚ ਫੜੇ ਪਯਾਲੇ।
ਭਰ ਭਰ ਕੇ ਓਹ ਪੀਣ ਸ਼ਰਾਬਾਂ,
ਖੋਲ੍ਹੀ ਬੈਠੇ ਐਸ਼-ਕਿਤਾਬਾਂ।
ਦੇਖ ਗੁਨਾਹਾਂ ਵਿੱਚ ਲੋਕੀ ਘੇਰੇ,
ਤਦੇ 'ਸ਼ਰਫ਼' ਇਹ ਹੰਝੂ ਕੇਰੇ।'
ਓਹੋ! ਮੈਂ ਹਾਂ ਕਿੱਥੇ ਆਇਆ?
ਏਹ ਕੀ ਮੈਨੂੰ ਰੱਬ ਵਿਖਾਇਆ?
ਜਿਸ ਪਾਸੇ ਮੈਂ ਲਾਂ ਕਨ ਸੋਵਾਂ,
ਸੁਣ ਸੁਣ ਬੁਰੀਆਂ ਭਿਣਖਾਂ ਰੋਵਾਂ।
ਚੁਪ ਕੀਤੀ ਸੀ ਦੁਨੀਆਂ ਮੇਰੀ,
ਕਿੱਥੇ ਸੁਟਿਆ ਉਮਰ ਹਨੇਰੀ?
ਓਥੇ ਨਹੀਂ ਸੀ ਪੱਤਾ ਹਿਲਦਾ,
ਏਥੇ ਚੁਪ ਦਾ ਪਤਾ ਨ ਮਿਲਦਾ।
ਕਿਹੜੇ ਪਾਸੇ ਆਂਦਾ ਲੇਖਾਂ,
ਜਿਧਰ ਦੇਖਾਂ ਗ਼ਮ ਨੂੰ ਵੇਖਾਂ,
ਵਗ ਵਗ ਬੁੱਲੇ ਪੱਖਾ ਝੋਲਨ,
ਕੰਨ ਮੇਰੇ ਦੇ ਪੜਦੇ ਖੋਲ੍ਹਨ।
ਸ਼ਾਂ ਸ਼ਾਂ ਕਰਕੇ ਆਖਣ ਮੈਨੂੰ,
ਮਿੱਟੀ ਵਾਂਗ ਉਡਾਉਣਾ ਤੈਨੂੰ।
ਆਖਣ ਮੈਨੂੰ ਕਿਰਨਾਂ ਰਲ ਕੇ,
ਹੋਣਾ ਤੂੰ ਪਰਛਾਵਾਂ ਢਲਕੇ।
ਅੱਖੋਂ ਡੇਗ ਤਰੇਲ ਸਤਾਰੇ,
ਰੋਵਣ ਦਾ ਵਲ ਦਸਣ ਸਾਰੇ।
ਸਹਿਮੀ ਜਾਵਾਂ, ਹੰਝੂ ਵੀਟਾਂ,
ਬੁੱਲ੍ਹ ਅਟੇਰਾਂ, ਮੁੱਠਾਂ ਮੀਟਾਂ।
ਮਾਂ ਪਰਚਾਵੇ ਧੋਖੇ, ਜ਼ੋਰੀ,
ਦੇਦੀ ਮੈਨੂੰ ਮਿੱਠੀ ਲੋਰੀ।
ਲੋਕੀ ਆਖਣ ਪਯਾਰੀ ਦੁਨੀਆਂ,
ਮੈਂ ਆਖਾਂ ਦੁਖਿਆਰੀ ਦੁਨੀਆਂ।
ਖਾਣਾ ਪੀਣਾ ਮਰਨਾ ਜਿੱਥੇ,
ਓਥੇ ਸੁਖ ਦਾ ਵਾਸਾ ਕਿੱਥੇ?
ਏਹ ਦੁਨੀਆਂ ਹੈ ਦੁੱਖਾਂ ਵਾਲੀ,
ਓਹ ਦੁਨੀਆਂ ਹੈ ਫ਼ਿਕਰੋਂ ਖਾਲੀ।
ਦੇਸ ਵਿਛੁੰਨਾ ਚੇਤੇ ਆਵੇ,
ਚੀਕਾਂ ਮਾਰਾਂ ਏਸੇ ਹਾਵੇ।
ਐਸਾ ਮੇਰਾ ਦਰਦੀ ਕਿਹੜਾ,
ਓਥੇ ਫੇਰ ਪੁਚਾਵੇ ਜਿਹੜਾ ?
ਏਥੇ ਮਿਲਦੀਆਂ ਏਹੋ ਸੋਆਂ,
ਦੱਸ 'ਸ਼ਰਫ਼' ਮੈਂ ਕਿਓਂ ਨਾ ਰੋਵਾਂ?
ਨਿੱਕੇ ਨਿੱਕੇ ਵਹਿਣ ਆ ਕੇ ਡੋਬ ਦੇਂਦੇ ਜੀਅ ਮੇਰਾ,
ਬਣਕੇ ਹੰਝੂ ਅੱਖੀਆਂ 'ਚੋਂ ਵਹਿੰਦੀਆਂ ਨੇ ਔਕੜਾਂ।
ਵੇਖੋ ਲੋਕੋ ! ਸੜਨ ਲੱਗੀ ਪੈਲੀ ਮੇਰੀ ਮੀਂਹ ਅੰਦਰ,
ਗੜੇ ਵਾਂਗੂੰ ਸੱਧਰਾਂ ਤੇ ਢਹਿੰਦੀਆਂ ਨੇ ਔਕੜਾਂ।
ਆਉਂਦੀਏ ਹਨੇਰੀ ਤੇ ਕਲੇਜੇ ਧੁਖ ਉੱਠਦੀ ਏ,
ਆ ਆ ਮੇਰੇ ਸਾਹਵੇਂ ਜਦੋਂ ਬਹਿੰਦੀਆਂ ਨੇ ਔਕੜਾਂ।
ਲੇਹ ਦੇ ਇਹ ਕੰਡੇ ਮੈਨੂੰ ਚੰਬੜੇ ਨੇ 'ਜਹੇ ਆ ਕੇ,
ਜਿਉਂ ਜਿਉਂ ਲਾਹਵਾਂ ਮਗਰੋਂ ਨਾ ਲਹਿੰਦੀਆਂ ਨੇ ਔਕੜਾਂ।
ਮਾਸਾ ਮਾਸ ਛੱਡਿਆ ਨਾ ਛੱਡੀ ਮੇਰੀ ਰੱਤ ਰੱਤੀ,
ਹੋਰ ਮੈਨੂੰ ਦੱਸੋ ਏਹ ਕੀ ਕਹਿੰਦੀਆਂ ਨੇ ਔਕੜਾਂ।
'ਸ਼ਰਫ਼' ਕਿਉਂ ਹਰਾਸਿਆ ਏਂ ਰੱਬ ਉੱਤੇ ਰੱਖ ਡੋਰੀ,
ਸਦਾ ਨਾਲ ਕਿਸੇ ਦੇ ਨਾ ਰਹਿੰਦੀਆਂ ਨੇ ਔਕੜਾਂ।
ਅਸਰ ਜੇ ਤੂੰ ਚਾਹੇਂ ਗੱਲਾਂ ਵਿੱਚ ਦਿਲਾ, ਬੋਲ ਘੱਟ,
ਵੇਖ ਕਿਵੇਂ ਸ਼ੀਸ਼ੀਆਂ ਨੂੰ ਰੱਖਦਾ ਅਤਾਰ ਬੰਦ।
ਨਿੱਕਾ ਨਿੱਕਾ ਰੋਣਾ ਤੇਰਾ, ਢਾਉਂਦਾ ਏ ਦਿਲ ਪਿਆ,
ਖੁੱਲ੍ਹ ਕੇ ਵੀ ਵਸਦੀ ਨਹੀਂ, ਹੁੰਦੀ ਨਹੀਂ ਫੁਹਾਰ ਬੰਦ।
ਖੁੱਲ੍ਹਾ ਡੁੱਲ੍ਹਾ ਫਿਰ, ਹੋਵੇ ਮੁੱਖੜੇ ਦੀ ਆਬ ਦੂਣੀ,
ਸੜ ਜਾਂਦਾ ਪਾਣੀ ਓਹਦਾ ਹੋਵੇ ਜੋ ਝਲਾਰ ਬੰਦ।
ਸਾੜ ਰੱਖ ਸੀਨੇ ਵਿੱਚ, ਉੱਤੇ ਉਂਜ ਟਹਿਕਦਾ ਰਹੁ,
ਅੱਗ ਜਿਵੇਂ ਆਪਣੇ 'ਚ ਰੱਖਦਾ ਚਨਾਰ ਬੰਦ।
ਘਾਬਰੀਂ ਨਾ ਪਿਆ ਐਵੇਂ ਔਕੜਾਂ ਨੂੰ ਵੇਖ ਵੇਖ,
ਪੱਤ-ਝੜ ਵਿੱਚ ਰੱਖੀ ਰੱਬ ਨੇ ਬਹਾਰ ਬੰਦ।
ਪਾਲਾ ਤੈਨੂੰ ਸੁੱਝਦਾ ਜੇ ਹੋਵੇ ਕਦੀ ਕਰਨੀਆਂ ਦਾ,
ਕਰੇਂ ਕੰਬਲ ਦਿਲ ਦੇ ਤੋਂ ਕਮਲਿਆ ਮੁਘਾਰ ਬੰਦ।
ਨੇਕੀਆਂ ਵਿਹਾਜ ਹੁਣੇ ਦਮ ਤੇਰੇ ਚੱਲਦੇ ਨੇ,
ਫੇਰ ਕੇੜ੍ਹੇ ਕੰਮ ਜਦੋਂ ਹੋ ਗਿਆ ਬਜ਼ਾਰ ਬੰਦ।
'ਸ਼ਰਫ਼' ਅੱਜ ਕੱਲ ਤੇ ਹੈ ਸ਼ਾਇਰ ਓਹੋ ਬਣ ਜਾਂਦਾ,
ਵਿੰਗੇ ਚਿੱਬੇ ਸ਼ੇਅਰਾਂ ਦੇ ਜੋ ਲਿਖ ਲਵੇ ਚਾਰ ਬੰਦ।
ਦਮ ਦਿੱਤਿਆਂ ਬਾਝ ਨਹੀਂ ਦੱਮ ਮਿਲਦਾ,
ਬਿਨਾਂ ਦੱਮ ਦੇ ਢੋਏ ਨਹੀਂ ਢੋਏ ਜਾਂਦੇ।
ਬਾਝ ਖੁਸ਼ੀ ਦੇ ਹੱਸਿਆ ਨਹੀਂ ਜਾਂਦਾ,
ਰੋਣੇ ਗ਼ਮਾਂ ਦੇ ਬਾਝ ਨਹੀਂ ਰੋਏ ਜਾਂਦੇ।
ਦਰਦ ਬਾਝ ਨਹੀਂ ਸੀਨੇ ਵਿਚ ਛੇਕ ਪੈਂਦਾ,
ਛੇਕ ਬਾਝ ਨਹੀਂ ਮੋਤੀ ਪਰੋਏ ਜਾਂਦੇ।
'ਸ਼ਰਫ਼' ਦਾਗ਼ ਗ਼ੁਲਾਮੀ ਦੇ ਦੇਸ਼ ਉੱਤੋਂ,
ਕੌਮੀ ਅਣਖ ਦੇ ਬਾਝ ਨਹੀਂ ਧੋਏ ਜਾਂਦੇ।
ਜਦੋਂ ਕਿਸੇ ਭੀ ਕੌਮ ਤੇ ਦੇਸ਼ ਅੰਦਰ,
ਆਕੇ ਵਾ ਆਜ਼ਾਦੀ ਦੀ ਵੱਗਦੀ ਏ।
ਓਸ ਮੁਲਕ ਦੇ ਸੱਚਿਆਂ ਆਸ਼ਕਾਂ ਨੂੰ,
ਰਹਿੰਦੀ ਹੋਸ਼ ਨਾਂ ਸੀਸ ਤੇ ਪੱਗ ਦੀ ਏ।
ਘਰ ਉਜੜਦੇ ਸੈਂਕੜੇ ਮੱਖੀਆਂ ਦੇ,
ਬੱਤੀ ਮੋਮ ਦੀ ਤਾਂ ਇੱਕ ਜੱਗਦੀ ਏ।
'ਸ਼ਰਫ਼' ਖ਼ੂਨ ਗ਼ਰੀਬਾਂ ਦੇ ਨੁਚੜ ਜਾਂਦੇ,
ਮਹਿੰਦੀ ਹੋਰਨਾਂ ਦੇ ਹੱਥੀਂ ਲੱਗਦੀ ਏ।
ਬਹੁਤੇ ਦੁੱਖ ਓਹ ਝੱਲਦੇ ਦੇਸ਼ ਬਦਲੇ,
ਬੰਦੇ ਕੌਮ ਦੇ ਜੇਹੜੇ ਦਲੇਰ ਹੁੰਦੇ।
ਇੱਟਾਂ ਉਸੇ ਨੂੰ ਬਹੁਤੀਆਂ ਪੈਂਦੀਆਂ ਨੇ,
ਜਿਹੜੀ ਬੇਰੀ ਦੇ ਨਾਲ ਨੇ ਬੇਰ ਹੁੰਦੇ।
ਕੌਣ ਪੁੱਛਦਾ ਕਾਵਾਂ ਤੇ ਗਿੱਦੜਾਂ ਨੂੰ,
ਕੈਦ ਪਿੰਜਰੇ ਬਾਜ਼ ਤੇ ਸ਼ੇਰ ਹੁੰਦੇ।
ਕਤਰੇ ਲਹੂ ਤੇ ਪਾਣੀ ਦੇ ਬੰਦ ਹੋਕੇ,
'ਸ਼ਰਫ਼' ਮੋਤੀ ਤੇ ਮੁਸ਼ਕ ਨੇ ਫੇਰ ਹੁੰਦੇ।
ਜ਼ੁਲਮ ਜਬਰ ਦਾ ਸੀਨਾ ਪਾੜੇ, ਜਾਕੇ ਜੇਹੜੀ ਕਾਨੀ,
ਦੁਨੀਆਂ ਅੰਦਰ ਕਾਇਮ ਰੱਖੇ, ਜੇਹੜੀ ਨਾਮ ਨਿਸ਼ਾਨੀ।
ਦੇਸ਼, ਕੌਮ ਦੇ ਪੈਰੋਂ ਜੇਹੜੀ, ਸੰਗਲ-ਗੁਲਾਮੀ ਲਾਹੇ,
ਜੱਗ ਅੰਦਰ ਓਹ 'ਸ਼ਰਫ਼' ਪਿਆਰੇ, ਦੇਵੀ ਹੈ ਕੁਰਬਾਨੀ।
|
|