Sohni-Mahinwal
ਸੋਹਣੀ-ਮਹੀਂਵਾਲ

Punjabi Writer
  

Sohni-Mahinwal Lok Kaav

ਸੋਹਣੀ ਮਹੀਂਵਾਲ ਲੋਕ ਕਾਵਿ ਵਿੱਚ

1
ਹੱਸ ਕੇ ਨਿਹੁੰ ਨਾ ਲਾਇਆ ਕਰ ਤੂੰ
ਸੁਣ ਲੈ ਨਿਹੁੰ ਦੇ ਝੇੜੇ
ਕੱਚਾ ਭੂਤਨਾ ਬਣ ਕੇ ਚਿੰਬੜਦਾ
ਨਿਹੁੰ ਨੂੰ ਜਿਹੜਾ ਛੇੜੇ
ਛੱਤੀ ਕੋਠੜੀਆਂ ਨੌਂ ਦਰਵਾਜ਼ੇ
ਜਿੱਥੇ ਨਿਹੁੰ ਦੇ ਡੇਰੇ
ਸੋਹਣੀ ਪੁੱਛੇ ਮਹੀਂਵਾਲ ਨੂੰ
ਕੀ ਹਾਲ ਆ ਗੱਭਰੂਆ ਤੇਰੇ

2
ਨ੍ਹਾਵੇ ਧੋਵੇ ਸੋਹਣੀ ਪਹਿਨੇ ਪੁਸ਼ਾਕਾਂ
ਅਤੁਰ ਫੁਲੇਲ ਲਗਾਵੇ
ਗਿੱਧੇ ਵਿੱਚ ਉਹ ਹੱਸ ਹੱਸ ਆਵੇ
ਮਹੀਂਵਾਲ ਮਹੀਂਵਾਲ ਗਾਵੇ
ਸੋਹਣੀ ਦੀ ਠੋਡੀ ਤੇ
ਮਛਲੀ ਹੁਲਾਰੇ ਖਾਵੇ

3
ਮੱਥਾ ਤੇਰਾ ਚੌਰਸ ਖੂੰਜਾ
ਜਿਊਂ ਮੱਕੀ ਦੇ ਕਿਆਰੇ
ਉੱਠ ਖੜ ਸੋਹਣੀਏਂ ਨੀਂ
ਮਹੀਂਵਾਲ ਹਾਕਾਂ ਮਾਰੇ

4
ਮਹੀਂਵਾਲ ਨੇ ਕਰੀ ਤਿਆਰੀ
ਮੋਢੇ ਜਾਲ਼ ਟਕਾਇਆ
ਲੀੜੇ ਲਾਹ ਕੇ ਰੱਖੇ ਪੱਤਣ ਤੇ
ਜਾਲ਼ ਚੁਫੇਰੇ ਲਾਇਆ
ਅੱਗੇ ਤਾਂ ਮਛਲੀ ਸੌ ਸੌ ਫਸਦੀ
ਅੱਜ ਲੋਹੜਾ ਕੀ ਆਇਆ
ਯਾਰ ਮੇਰੇ ਨੇ ਮੰਗਣਾ ਗੋਸ਼ਤ
ਮੈਨੂੰ ਨਹੀਂ ਥਿਆਇਆ
ਲੈ ਕੇ ਫੇਰ ਨਾਮ ਗੁਰਾਂ ਦਾ
ਚੀਰਾ ਪੱਟ ਨੂੰ ਲਾਇਆ
ਡੇਢ ਸੇਰ ਜਾਂ ਕੱਢ ਲਿਆ ਗੋਸ਼ਤ
ਵਿੱਚ ਥਾਲ਼ ਦੇ ਪਾਇਆ
ਲੈ ਕੇ ਮਹੀਂਵਾਲ ਤੁਰ ਪਿਆ
ਕੋਲ਼ ਸੋਹਣੀ ਦੇ ਆਇਆ
ਖ਼ਾਤਰ ਸੋਹਣੀ ਦੀ
ਪੱਟ ਚੀਰ ਕਬਾਬ ਬਣਾਇਆ

5
ਤੂੰ ਹੱਸਦੀ ਦਿਲ ਰਾਜ਼ੀ ਮੇਰਾ
ਲੱਗਦੇ ਨੇ ਬੋਲ ਪਿਆਰੇ
ਚੱਲ ਕਿਧਰੇ ਦੋ ਗੱਲਾਂ ਕਰੀਏ
ਬਹਿ ਕੇ ਨਦੀ ਕਿਨਾਰੇ
ਲੁਕ ਲੁਕ ਲਾਈਆਂ ਪਰਗਟ ਹੋਈਆਂ
ਵੱਜ ਗਏ ਢੋਲ ਨਗਾਰੇ
ਸੋਹਣੀਏ ਆ ਜਾ ਨੀ
ਡੁੱਬਦਿਆਂ ਨੂੰ ਰੱਬ ਤਾਰੇ

6
ਕਿੱਕਰੇ ਨੀ ਕੰਡਿਆਲੀਏ
ਤੇਰੀ ਠੰਢੜੀ ਛਾਂ
ਲਗ ਲਗ ਜਾਂਦੀਆਂ ਮਜਲਸਾਂ
ਬਹਿ ਬਹਿ ਜਾਣ ਦੀਵਾਨ
ਨੀਲੇ ਘੋੜੇ ਵਾਲ਼ਿਆ
ਘੋੜਾ ਸਹਿਜ ਦੁੜਾ
ਧਮਕ ਪਵੇ ਮੇਰੇ ਮਹਿਲ ਨੂੰ
ਕਜਲੇ ਪਏ ਰਵਾਲ
ਬਾਰੀ ਵਿੱਚ ਖੜੋਤੀਏ
ਸ਼ੀਸ਼ਾ ਨਾ ਲਿਸ਼ਕਾ
ਕਹਿਰ ਪਵੇ ਤੇਰੇ ਰੂਪ ਨੂੰ
ਗਿਆ ਕਲੇਜੇ ਨੂੰ ਖਾ
ਪੱਟੀਆਂ ਰੱਖ ਗਵਾ ਲਈਆਂ
ਨੈਣ ਗਵਾ ਲਏ ਰੋ
ਏਸ ਜਵਾਨੀ ਦੇ ਹਾਣ ਦਾ
ਮਹਿਰਮ ਮਿਲਿਆ ਨਾ ਕੋ
ਪੱਟੀਆਂ ਰੱਖ ਗੁੰਦਾ ਕੇ
ਨੈਣਾਂ ਨੂੰ ਸਮਝਾ
ਏਸ ਜਵਾਨੀ ਦੇ ਹਾਣ ਦਾ
ਮਹਿਰਮ ਹੈ ਮਹੀਂਵਾਲ
ਬੇਟਾ ਵੇ ਸੁਣ ਮੇਰਿਆ
ਸੋਹਣੀ ਨੂੰ ਸਮਝਾ
ਤੈਨੂੰ ਸੁੱਤਾ ਛੋਡ ਕੇ
ਜਾਂਦੀ ਕੋਲ਼ ਮਹੀਂਵਾਲ
ਮਾਏ ਨੀ ਸੁਣ ਮੇਰੀਏ
ਐਡੇ ਬੋਲ ਨਾ ਬੋਲ
ਦਿਨੇ ਕਢ੍ਹੇ ਕਸੀਦੜਾ
ਰਾਤੀਂ ਸੌਂਦੀ ਸਾਡੇ ਕੋਲ਼
ਨਾਰੀਆਂ ਚੰਚਲ ਹਾਰੀਆਂ
ਚੰਚਲ ਕੰਮ ਕਰਨ
ਦਿਨੇ ਡਰਨ ਥਰ ਥਰ ਕਰਨ
ਰਾਤੀਂ ਨਦੀ ਤਰਨ
ਸੱਸ ਗਈ ਘੁਮਿਆਰ ਦੇ
ਕੱਚਾ ਘੜਾ ਪਥਾ
ਛੇਤੀ ਜਾ ਕੇ ਰੱਖਿਆ
ਉਸ ਬੂਝੇ ਲਾਗੇ ਜਾ
ਆ ਸੋਹਣੀ ਲੈ ਤੁਰ ਪਈ
ਠਿਲ੍ਹ ਪਈ ਦਰਿਆ
ਕੱਚਾ ਘੜਾ ਤੇ ਖੁਰ ਗਿਆ
ਸੋਹਣੀ ਵੀ ਡੁੱਬੀ ਨਾਲ਼
ਮੱਛੀਓ ਨੀ ਜਲ ਰਹਿੰਦੀਓ
ਵੱਢ ਵੱਢ ਖਾਇਓ ਮਾਸ
ਇਕ ਨਾ ਖਾਇਓ ਨੈਣ ਅਸਾਡੜੇ
ਸਾਨੂੰ ਅਜੇ ਮਿਲਣ ਦੀ ਆਸ
ਦੁੱਧੋਂ ਦਹੀਂ ਜਮਾਇਆ
ਦਹੀਓਂ ਬਣ ਗਈ ਛਾਹ
ਅੱਜ ਨਹੀਂ ਸੋਹਣੀ ਆਂਵਦੀ
ਕਿਤੇ ਪੈ ਗਈ ਲੰਬੜੇ ਰਾਹ
ਦੁੱਧੋ ਦਹੀਂ ਜਮਾ ਲਿਆ
ਦਹੀਓਂ ਬਣਿਆਂ ਪਨੀਰ
ਅੱਜ ਨਹੀਂ ਸੋਹਣੀ ਆਂਵਦੀ
ਕਿਤੇ ਪੈ ਗਈ ਡੂੰਘੇ ਨੀਰ

7
ਰਾਤ ਹਨ੍ਹੇਰੀ ਲਿਸ਼ਕਣ ਤਾਰੇ
ਕੱਚੇ ਘੜੇ ਤੇ ਮੈਂ ਤਰਦੀ
ਵੇਖੀਂ ਰੱਬਾ ਖ਼ੈਰ ਕਰੀਂ
ਤੇਰੀ ਆਸ ਤੇ ਮੂਲ ਨਾ ਡਰਦੀ

8
ਨਦੀਓਂ ਪਾਰ ਮੇਰੇ ਮਾਹੀ ਦਾ ਡੇਰਾ
ਮੈਨੂੰ ਵੀ ਲੈ ਚੱਲ ਪਾਰ ਘੜਿਆ
ਵੇਖਣ ਨੂੰ ਦੋਵੇਂ ਨੈਣ ਤਰਸਦੇ
ਮੇਲ ਦਈਂ ਦਿਲਦਾਰ ਘੜਿਆ

ਨੀਵਾਂ ਨੀਵਾਂ ਕਿਉਂ ਹੁੰਦਾ ਜਾਵੇਂ
ਦਰਿਆ ਠਾਠਾਂ ਮਾਰਦਾ ਏ
ਬੇ ਵਫ਼ਾਈ ਨਹੀਂ ਕਰਨੀ ਚਾਹੀਏ
ਖੜ ਕੇ ਅੱਧ ਵਿਚਕਾਰ ਘੜਿਆ

ਨਦੀਓਂ ਪਾਰ ਮੇਰੇ ਮਾਹੀ ਦਾ ਡੇਰਾ
ਮੈਨੂੰ ਵੀ ਲੈ ਚੱਲ ਪਾਰ ਘੜਿਆ
ਵੇਖਣ ਨੂੰ ਦੋਵੇਂ ਨੈਣ ਤਰਸਦੇ
ਮੇਲ ਦਈਂ ਦਿਲਦਾਰ ਘੜਿਆ

ਬਣ ਸਾਥੀ ਅੱਜ ਸਾਥ ਨਭਾਵੀਂ
ਰੋ ਰੋ ਕੇ ਸੋਹਣੀ ਪੁਕਾਰਦੀ ਸੀ
ਯਾਰ ਮਿਲਾਵੀਂ ਨਾ ਖੁਰ ਜਾਵੀਂ
ਆਖਾਂ ਮੈਂ ਅਰਜ਼ ਗੁਜ਼ਾਰ ਘੜਿਆ

ਨਦੀ ਪਾਰ ਮੇਰੇ ਮਾਹੀ ਦਾ ਡੇਰਾ
ਮੈਨੂੰ ਵੀ ਲੈ ਚੱਲ ਪਾਰ ਘੜਿਆ
ਵੇਖਣ ਨੂੰ ਦੋਵੇਂ ਨੈਣ ਤਰਸਦੇ
ਮੇਲ ਦਈਂ ਦਿਲਦਾਰ ਘੜਿਆ

ਜੀਵਨ ਕੁਠੜੀ ਆਜ਼ਿਜ਼ ਲੁਠੜੀ
ਆ ਗਈ ਅਜਲ ਵਾਲੀ ਤਾਰ ਘੜਿਆ
ਨਦੀਉਂ ਪਾਰ ਮੇਰੇ ਮਾਹੀ ਦਾ ਡੇਰਾ
ਮੈਨੂੰ ਵੀ ਲੈ ਚੱਲ ਪਾਰ ਘੜਿਆ
ਵੇਖਣ ਨੂੰ ਦੋਵੇਂ ਨੈਣੇ ਤਰਸਦੇ
ਮੇਲ ਦਈਂ ਦਿਲਦਾਰ ਘੜਿਆ

9
ਕੱਚੇ ਘੜੇ ਨੇ ਖ਼ੈਰ ਨਾ ਕੀਤੀ
ਡ੍ਹਾਢਾ ਜ਼ੁਲਮ ਕਮਾਇਆ
ਜਿੱਥੇ ਸੋਹਣੀ ਡੁੱਬ ਕੇ ਮਰੀ
ਉੱਥੇ ਮੱਛੀਆਂ ਨੇ ਘੇਰਾ ਪਾਇਆ

10
ਸੋਹਣੀ ਜਿਹੀ ਕਿਸੇ ਪ੍ਰੀਤ ਕੀ ਕਰਨੀ
ਉਹਦਾ ਪ੍ਰੀਤ ਵੀ ਪਾਣੀ ਭਰਦੀ
ਵਿੱਚ ਝਨਾਵਾਂ ਦੇ
ਸੋਹਣੀ ਆਪ ਡੁੱਬੀ ਰੂਹ ਡਰਦੀ

('ਪੰਜਾਬ ਦੇ ਲੋਕ ਨਾਇਕ: ਸੁਖਦੇਵ ਮਾਦਪੁਰੀ' ਵਿੱਚੋਂ)