ਪੰਜਾਬੀ ਕਲਾਮ/ਗ਼ਜ਼ਲਾਂ ਸ਼ਹਿਜ਼ਾਦ ਅਹਿਮਦ
1. ਜਦ ਜੰਗਲ ਦਾ ਰੁਖ ਕੀਤਾ ਉਹ ਰਾਤ ਮਿਰੇ ਤੇ ਭਾਰੀ ਸੀ
ਜਦ ਜੰਗਲ ਦਾ ਰੁਖ ਕੀਤਾ ਉਹ ਰਾਤ ਮਿਰੇ ਤੇ ਭਾਰੀ ਸੀ।
ਜ਼ਖ਼ਮੀ ਤੇ ਮੈਂ ਹੋਇਆ ਸਾਂ, ਪਰ ਚਾਂਗਰ ਕਿਸਨੇ ਮਾਰੀ ਸੀ?
ਕੰਨਾਂ ਦੇ ਕੋਲੋਂ ਦੀ ਨੇਰ੍ਹੀ ਸੀਟੀਆਂ ਮਾਰਕੇ ਲੰਘਦੀ ਗਈ,
ਹਿਰਨਾਂ ਵਾਗੂੰ ਸਹਿਕ ਸਹਿਕ ਕੇ ਸਾਰੀ ਰਾਤ ਗੁਜ਼ਾਰੀ ਸੀ।
ਮੀਂਹ ਦੀਆਂ ਕਣੀਆਂ ਵਾਗੂੰ ਨ੍ਹੇਰਾ ਡਿਗਿਆ ਸੀ ਅਸਮਾਨਾਂ ਤੋਂ,
ਪਹਿਲਾਂ ਰ੍ਹਾਵਾਂ ਅੰਨ੍ਹੀਆਂ ਹੋਈਆਂ ਦੂਜੀ ਮੇਰੀ ਵਾਰੀ ਸੀ।
ਲੂੰ ਲੂੰ ਦੇ ਵਿਚ ਜ਼ਹਿਰੀ ਸੱਪਾਂ ਅਪਣੇ ਦੰਦ ਖਭੋਏ ਸਨ,
ਫੇਰ ਵੀ ਅੱਖ ਨ ਖੁੱਲ੍ਹੀ ਮੇਰੀ ਮੈਨੂੰ ਨੀਂਦਰ ਪਿਆਰੀ ਸੀ।
ਡਰਦਿਆਂ ਮਾਰਿਆਂ ਹੌਕਾ ਵੀ ਨਈਂ ਭਰਦੀ ਸੀ ਜੰਗਲ ਦੀ 'ਵਾ,
ਪੱਥਰ ਵਾਗੂੰ ਚੁਪ ਸੀ ਜਿਹਨੂੰ ਜਾਗਣ ਦੀ ਬੀਮਾਰੀ ਸੀ।
ਯਾ ਉਸ ਰਾਤ ਗਵਾਚ ਗਏ ਸਨ, ਅਸਮਾਨਾਂ ਦੇ ਤਾਰੇ ਵੀ,
ਯਾ ਅੰਬਰ ਦੀ ਚਾਦਰ ਦੀ ਚੋਰਾਂ ਨੇ ਬੁੱਕਲ ਮਾਰੀ ਸੀ।
ਬਾਲਾਂ ਵਾਲੀਆਂ ਮਾਵਾਂ ਦੀ ਛਾਤੀ ਵਿਚ ਪੀੜਾਂ ਉੱਠੀਆਂ ਸਨ,
ਉਹਦਾ ਖ਼ੂਨ ਵੀ ਸੁੱਕ ਗਿਆ ਸੀ ਜਿਹੜੀ ਕੁੜੀ ਕੁਆਰੀ ਸੀ।
ਬੋਲਦਾ ਸਾਂ ਤੇ ਕੰਨਾਂ ਵਾਲੇ ਮੇਰੀ 'ਵਾਜ ਨਾ ਸੁਣਦੇ ਸਨ,
ਜਿੱਥੇ ਮੈਂ ਬਿਲਕੁਲ ਕੱਲਾ ਸਾਂ ਓਥੇ ਖ਼ਲਕਤ ਸਾਰੀ ਸੀ।
2. ਬੱਦਲ ਲੰਘ ਗਏ, ਸੂਰਜ ਚੜ੍ਹਿਆ ਚਮਕ ਪਿਆ ਜਗ ਸਾਰਾ
ਬੱਦਲ ਲੰਘ ਗਏ, ਸੂਰਜ ਚੜ੍ਹਿਆ ਚਮਕ ਪਿਆ ਜਗ ਸਾਰਾ।
ਅੱਖਾਂ ਦੇ ਵਿਚ ਖੁਭਦਾ ਜਾਵੇ, ਪਾਣੀ ਦਾ ਲਿਸ਼ਕਾਰਾ।
ਕੀ ਹੋਇਆ ਜੇ ਦਿਲ ਵਿਚ ਰਹਿ ਗਏ, ਯਾਦਾਂ ਦੇ ਚੰਗਿਆੜੇ,
ਫੁੱਲਾਂ ਨੂੰ ਕਰਨਾ ਪੈਂਦਾ ਏ, ਕੰਡਿਆਂ ਨਾਲ ਗੁਜ਼ਾਰਾ।
ਅਜੇ ਵੀ ਕੋਈ ਕੋਈ ਅੱਥਰੂ, ਪਲਕਾਂ ਉੱਤੇ ਚਮਕੇ,
ਰਾਤ ਹਨੇਰੀ ਅਸਮਾਨਾਂ 'ਤੇ ਟਾਵਾਂ ਟਾਵਾਂ ਤਾਰਾ।
ਚੱਲ ਦਿਲਾ ਹੁਣ ਹੋਰ ਕਿਤੇ ਜਾ ਅਪਣੀ ਝੁੱਗੀ ਪਾਈਏ,
ਕਿਸ ਕੰਮ ਦਾ ਇਹ ਖੂਹ, ਇਹ ਛੱਪੜ, ਜਿਸਦਾ ਪਾਣੀ ਖਾਰਾ।
ਅੱਧੀਂ ਰਾਤੀਂ ਕਿਸਨੂੰ ਲਭਦਾ ਕਿਸਦੀ ਖੋਜ ਲਗਾਉਂਦੇ,
ਸ਼ਹਿਰ ਦੀਆਂ ਸੁੰਝੀਆਂ ਗਲੀਆਂ ਵਿਚ ਫਿਰਦੈ ਇੱਕ ਵਿਚਾਰਾ।
ਉਹਦੇ ਨਾਲ ਦਾ ਜੇ ਕੋਈ ਹੋਵੇ, ਤਾਂ ਤੇ ਮੈਂ ਸਮਝਾਵਾਂ,
ਸਿਫ਼ਤ ਓਸਦੀ ਮੈਂ ਕੀ ਦੱਸਾਂ, ਜਿਸਦਾ ਰੰਗ ਨਿਆਰਾ।
ਚੜ੍ਹਿਆ ਸੂਰਜ ਕਿੰਨ੍ਹੇ ਤਕਿਐ, ਨੰਗੀਆਂ ਅੱਖਾਂ ਨਾਲ,
ਸਾਥੋਂ ਤਾਬ ਨਾ ਝੱਲੀ ਜਾਵੇ ਭਾਵੇਂ ਹੋਵੇ ਤਾਰਾ।
ਭਾਵੇਂ ਕੋਈ 'ਵਾਜ ਨਾ ਮਾਰੇ ਭਾਵੇਂ ਕੋਈ ਨਾ ਵੇਖੇ,
ਹੋਕਾ ਗਲੀ ਗਲੀ ਵਿਚ ਲਾਉਂਦਾ ਜਾਵੇਗਾ ਵਣਜਾਰਾ।
ਖ਼ੌਰੇ ਲੋਕ ਅਸਮਾਨਾਂ ਉੱਤੇ ਕਿਸਰਾਂ ਡੇਰੇ ਲਾਉਂਦੇ,
ਸਾਨੂੰ ਪੈਰ ਨਾ ਪੁੱਟਣ ਦੇਵੇ, ਇਹ ਮਿੱਟੀ ਇਹ ਗਾਰਾ।
3. ਸਫ਼ਰ ਸ਼ਹਿਰ ਦਾ ਖ਼ਾਬ ਖਿਆਲ ਵਾਂਗੂੰ
ਸਫ਼ਰ ਸ਼ਹਿਰ ਦਾ ਖ਼ਾਬ ਖਿਆਲ ਵਾਂਗੂੰ।
ਰਸਤਾ ਭੁੱਲਿਆ ਨਿੱਕੇ ਜਹੇ ਬਾਲ ਵਾਂਗੂੰ।
ਮੈਂ ਹਾਂ ਕੈਦ ਕਰੋਧ ਦੇ ਕਿਲ੍ਹੇ ਅੰਦਰ,
ਦਿਲ ਨੂੰ ਡੰਗਦੇ ਕਿਸੇ ਸਵਾਲ ਵਾਂਗੂੰ।
ਪਹਿਰਾ ਚੁੱਪ ਦਾ ਏ ਭਰੇ ਘਰ ਉਤੇ,
ਕੰਨ ਵੱਜਦੇ ਨੇ ਖਾਲੀ ਥਾਲ ਵਾਂਗੂੰ।
ਸਦੀਆਂ ਬੀਤ ਗਈਆਂ ਸਾਨੂੰ ਸਫ਼ਰ ਅੰਦਰ,
ਚੰਨ ਦਿਸਦੈ ਘੋੜੀ ਦੇ ਨਾਅਲ ਵਾਂਗੂੰ।
|