Sassi-Punnu
ਸੱਸੀ-ਪੁੰਨੂੰ

Punjabi Writer
  

Sassi-Punnu Lok Kaav

ਸੱਸੀ-ਪੁੰਨੂੰ ਲੋਕ ਕਾਵਿ ਵਿੱਚ

1
ਮੁੰਡਿਆ ਬਲੋਚਾਂ ਦਿਆ
ਤੇਰੇ ਢੋਲੇ ਰੜਕਦੇ ਦਿਲ ਤੇ

2
ਪ੍ਰਦੇਸਾਂ ਵਿੱਚ ਲਾਏ ਡੇਰੇ
ਸਿਖ ਕੇ ਨਿਹੁੰ ਦੀ ਰੀਤ
ਤੂੰ ਕਿਹੜਾ ਚੰਦ ਮੁੰਡਿਆ
ਮਨ ਮਿਲ ਗਏ ਦੀ ਪ੍ਰੀਤ

3
ਲੱਠ ਚਰਖੇ ਦੀ ਹਿਲਦੀ ਜੁਲਦੀ
ਮਾਲ੍ਹਾਂ ਬਾਹਲੀਆਂ ਖਾਵੇ
ਸਭਨਾਂ ਸ਼ਈਆਂ ਨੇ ਭਰ ਲਏ ਛਿੱਕੂ
ਮੈਥੋਂ ਕੱਤਿਆ ਨਾ ਜਾਵੇ
ਚਰਖਾ ਕਿਵੇਂ ਕੱਤਾਂ
ਮੇਰਾ ਮਨ ਪੁੰਨੂੰ ਵੱਲ ਧਾਵੇ

4
ਉੱਚੀਆਂ ਲੰਮੀਆਂ ਟਾਹਲੀਆਂ
ਵਿੱਚ ਗੁਜਰੀ ਦੀ ਪੀਂਘ ਵੇ ਮਾਹੀਆ
ਪੀਂਘ ਝੁੰਟੇਂਦੇ ਦੋ ਜਣੇ
ਆਸ਼ਕ ਤੇ ਮਸ਼ੂਕ ਵੇ ਮਾਹੀਆ
ਪੀਂਘ ਝੁੰਟੇਂਦੇ ਢਹਿ ਪਏ
ਹੋ ਗਏ ਚਕਨਾ ਚੂਰ ਵੇ ਮਾਹੀਆ
ਸੱਸੀ ਤੇ ਪੁੰਨੂੰ ਰਲ ਸੁੱਤੇ
ਮੁਖ ਤੇ ਪਾ ਕੇ ਰੁਮਾਲ ਵੇ ਮਾਹੀਆ
ਸੱਸੀ ਜੁ ਪਾਸਾ ਮੋੜਿਆ
ਪੁੰਨੂੰ ਤਾਂ ਹੈ ਨੀ ਨਾਲ਼ ਵੇ ਮਾਹੀਆ
ਜੇ ਮੈਂ ਹੁੰਦੀ ਜਾਗਦੀ
ਜਾਂਦੇ ਨੂੰ ਲੈਂਦੀ ਮੋੜ ਵੇ ਮਾਹੀਆ
ਮਗਰੇ ਸੱਸੀ ਤੁਰ ਪਈ
ਮੈਂ ਭੀ ਚਲਸਾਂ ਤੋੜ ਵੇ ਮਾਹੀਆ

5
ਆਪਣੇ ਕੋਠੇ ਮੈਂ ਖੜੀ
ਪੁੰਨੂੰ ਖੜਾ ਮਸੀਤ ਵੇ
ਭਰ ਭਰ ਅੱਖੀਆਂ ਡੋਲ੍ਹਦੀ
ਨੈਣੀਂ ਲੱਗੀ ਪ੍ਰੀਤ ਵੇ
ਹਾਏ ਵੇ ਪੁੰਨੂੰ ਜ਼ਾਲਮਾਂ
ਹਾਏ ਵੇ ਦਿਲਾਂ ਦਿਆ ਮਹਿਰਮਾਂ
ਸੁੱਤੀ ਨੂੰ ਛੋਡ ਕੇ ਨਾ ਜਾਈਂ ਵੇ

ਉਠ ਨੀ ਮਾਏ ਸੁੱਤੀਏ
ਚੁਲ੍ਹੇ ਅੱਗ ਨੀ ਪਾ
ਜਾਂਦੇ ਪੁੰਨੂੰ ਨੂੰ ਘੇਰ ਕੇ
ਕੋਈ ਭੋਜਨ ਦਈਂ ਛਕਾ
ਹਾਏ ਵੇ ਪੁੰਨੂੰ ਜ਼ਾਲਮਾਂ
ਹਾਏ ਵੇ ਦਿਲਾਂ ਦਿਆ ਮਹਿਰਮਾਂ
ਸੁੱਤੀ ਨੂੰ ਛੋਡ ਕੇ ਨਾ ਜਾਈਂ ਵੇ

ਉੱਠ ਨੀ ਭਾਬੋ ਸੁੱਤੀਏ
ਦੁੱਧ ਮਧਾਣੀ ਪਾ
ਜਾਂਦੇ ਪੁੰਨੂੰ ਨੂੰ ਘੇਰ ਕੇ
ਮੱਖਣ ਦਈਂ ਛਕਾ
ਹਾਏ ਵੇ ਪੁੰਨੂੰ ਜ਼ਾਲਮਾਂ
ਹਾਏ ਵੇ ਦਿਲਾਂ ਦਿਆ ਮਹਿਰਮਾਂ
ਸੁੱਤੀ ਨੂੰ ਛੱਡ ਕੇ ਨਾ ਜਾਈਂ ਵੇ

ਉੱਠ ਵੇ ਵੀਰਾ ਸੁੱਤਿਆ
ਕੋਈ ਪੱਕਾ ਮਹਿਲ ਚੁਣਾ
ਵਿੱਚ ਵਿੱਚ ਰੱਖ ਦੇ ਮੋਰੀਆਂ
ਦੇਖਾਂ ਪੁੰਨੂੰ ਦਾ ਰਾਹ
ਹਾਏ ਵੇ ਪੁੰਨੂੰ ਜ਼ਾਲਮਾਂ
ਹਾਏ ਵੇ ਦਿਲਾਂ ਦਿਆ ਮਹਿਰਮਾਂ
ਸੁੱਤੀ ਨੂੰ ਛੋਡ ਕੇ ਨਾ ਜਾਈਂ ਵੇ

ਬਾਰਾਂ ਪਿੰਡਾਂ ਦੇ ਚੌਧਰੀ
ਕੋਠੇ ਲਵਾਂ ਚੜ੍ਹਾ
ਚੰਗੇ ਜਿਹੇ ਨੂੰ ਦੇਖ ਕੇ
ਤੈਨੂੰ ਦੇਵਾਂ ਵਿਆਹ
ਹਾਏ ਵੇ ਪੁੰਨੂੰ ਜ਼ਾਲਮਾਂ
ਹਾਏ ਵੇ ਦਿਲਾਂ ਦਿਆ ਮਹਿਰਮਾਂ
ਸੁੱਤੀ ਨੂੰ ਛੋਡ ਕੇ ਨਾ ਜਾਈਂ ਵੇ

ਬਾਰਾਂ ਪਿੰਡਾਂ ਦੇ ਚੌਧਰੀ
ਕੋਠੇ ਲਈਂ ਚੜ੍ਹਾ
ਚੰਗੇ ਜਿਹੇ ਨੂੰ ਦੇਖ ਕੇ
ਮੈਥੋਂ ਛੋਟੀ ਨੂੰ ਲਈਂ ਵਿਆਹ
ਹਾਏ ਵੇ ਪੁੰਨੂੰ ਜ਼ਾਲਮਾਂ
ਹਾਏ ਵੇ ਦਿਲਾਂ ਦਿਆ ਮਹਿਰਮਾਂ
ਸੁੱਤੀ ਨੂੰ ਛੋਡ ਕੇ ਨਾ ਜਾਈਂ ਵੇ

6
ਲਾਦੀ ਲਦ ਗਏ
ਕੀਲੇ ਪਟ ਗਏ
ਭਾਵੇਂ ਮਾਏਂ ਸੁਣੇ
ਭਾਵੇਂ ਪਿਓ ਸੁਣੇ
ਮੈਂ ਤਾਂ ਉਠ ਜਾਣੈ
ਨਾਲ਼ ਲਾਦੀਆਂ ਦੇ
ਅੰਦਰ ਬੜਜਾ ਧੀਏ
ਗੱਲਾਂ ਕਰ ਲੈ ਧੀਏ
ਅਸੀਂ ਪੱਟ ਦਿੱਤੇ
ਇਨ੍ਹਾਂ ਲਾਦੀਆਂ ਨੇ
ਬੇਲਾ ਢੂੰਡ ਫਿਰੀ
ਅੱਖਾਂ ਲਾਲ ਹੋਈਆਂ
ਪੰਘੂੜਾ ਭੰਨ ਸੁਟਿਆ
ਲਾਲ ਬਾਰੀਆਂ ਦਾ

7
ਮਰਨ ਕਲਾਲ਼ ਜਗ ਹੋਵਣ ਥੋੜ੍ਹੇ
ਮੇਰਾ ਪੁੰਨੂੰ ਸ਼ਰਾਬੀ ਕੀਤਾ
ਸ਼ਹਿਰ ਭੰਬੋਰ ਦੀਆਂ ਭੀੜੀਆਂ ਗਲ਼ੀਆਂ
ਪੁੰਨੂੰ ਲੰਘ ਗਿਆ ਚੁੱਪ ਕੀਤਾ
ਇੱਕ ਅਫ਼ਸੋਸ ਰਹਿ ਗਿਆ ਦਿਲ ਮੇਰੇ
ਹੱਥੀਂ ਯਾਰ ਵਿਦਾ ਨਾ ਕੀਤਾ

8
ਸੱਸੀ ਤੇਰੇ ਬਾਗ਼ ਵਿੱਚ ਉਤਰੇ ਲੁਟੇਰੇ
ਬਲੋਚਾ ਜ਼ਾਲਮਾ ਸੁਣ ਵੈਣ ਮੇਰੇ

ਤੱਤੀ ਸੀ ਰੇਤ ਸੜ ਗਏ ਪੈਰ ਮੇਰੇ
ਕਿਧਰ ਗਏ ਕੌਲ ਇਕਰਾਰ ਤੇਰੇ

ਬਲੋਚਾ ਜ਼ਾਲਮਾ ਸੁਣ ਵੈਣ ਮੇਰੇ
ਕਚਾਵਾ ਯਾਰ ਦਾ ਦੋ ਨੈਣ ਮੇਰੇ

ਬਲੋਚਾ ਜ਼ਾਲਮਾ ਸਮਝ ਨਜ਼ਰ ਨੂੰ
ਕਿ ਨਜ਼ਰਾਂ ਤੇਰੀਆਂ ਪਾੜਨ ਪੱਥਰ ਨੂੰ

ਸੱਸੀ ਤੇਰੇ ਬਾਗ਼ ਵਿੱਚ ਮਿਰਚਾਂ ਦਾ ਬੂਟਾ
ਨੀ ਉਹ ਲੱਗਾ ਜਾਂਦੜਾ ਕੌਲਾਂ ਦਾ ਝੂਠਾ

ਸੱਸੀ ਤੇਰੇ ਬਾਗ਼ ਵਿੱਚ ਘੁੱਗੀਆਂ ਦਾ ਜੋੜਾ
ਕਿ ਚੰਦਰੀ ਨੀਂਦ ਨੇ ਪਾਇਆ ਵਿਛੋੜਾ

ਸੱਸੀ ਤੇਰੇ ਬਾਗ਼ ਵਿੱਚ ਉਤਰੇ ਬਪਾਰੀ
ਆਪੇ ਤੁਰ ਜਾਣਗੇ ਕਰਕੇ ਤਿਆਰੀ

ਬਲੋਚਾ ਜ਼ਾਲਮਾ ਨਾ ਮਾਰ ਤਾਹਨੇ
ਰੱਬ ਦੇ ਵਾਸਤੇ ਮਿਲ ਜਾ ਮਦਾਨੇ

ਬਲੋਚਾ ਜ਼ਾਲਮਾ ਨਾ ਮਾਰ ਸੀਟੀ
ਅੱਲਾ ਦੇ ਵਾਸਤੇ ਮਿਲ ਜਾ ਮਸੀਤੀਂ

9
ਦਿਨ ਚੜ੍ਹਿਆ ਤੇ ਪੈ ਗਈ ਜੁਦਾਈ ਵੇ
ਨਹੀਂ ਕੋਈ ਗੱਲ ਪੁੱਛ ਲਈ
ਸੱਸੀ ਚੋਰੀ ਚੋਰੀ ਪ੍ਰੀਤ ਲਗਾਈ ਵੇ

ਰਾਤ ਅੰਧੇਰੀ ਵੇਲੇ ਕੁਵੇਲੇ
ਮਾਏ ਨੀ ਢੂੰਡਾਂ ਜੰਗਲ ਬੇਲੇ
ਦਿਸਦਾ ਨਹੀਂ ਮੇਰਾ ਮਾਹੀ ਵੇ

ਚੜ੍ਹ ਕੋਠੇ ਤੇ ਮਾਰੀ ਝਾਤੀ
ਦਿਸਦੀ ਨਹੀਂ ਮੇਰੇ ਪੁੰਨੂੰ ਦੀ ਡਾਚੀ
ਨਾ ਦਿਸੇ ਸੋਹਣਾ ਮਾਹੀ ਵੇ

ਦਿਨ ਚੜ੍ਹਿਆ ਤੇ ਪੈ ਗਈ ਜੁਦਾਈ ਵੇ
ਨਹੀਂ ਕੋਈ ਗੱਲ ਪੁੱਛ ਲਈ
ਸੱਸੀ ਚੋਰੀ ਚੋਰੀ ਪ੍ਰੀਤ ਲਗਾਈ ਵੇ

10
ਤੇਰਾ ਲੁੱਟਿਆ ਸ਼ਹਿਰ ਭੰਬੋਰ
ਸੱਸੀਏ ਬੇ-ਖ਼ਬਰੇ

ਬੇ-ਖ਼ਬਰੀ ਵਿੱਚ ਪ੍ਰੀਤ ਲਗਾਈ
ਹੋਸ਼ ਆਈ ਤੇ ਵਿਛੜਿਆ ਮਾਹੀ
ਕੌਣ ਲਿਆਵੇ ਉਹਨੂੰ ਮੋੜ
ਸੱਸੀਏ ਬੇ-ਖ਼ਬਰੇ
ਤੇਰਾ ਲੁੱਟਿਆ ਸ਼ਹਿਰ ਭੰਬੋਰ

ਨਾ ਉਹਦੇ ਪੈਰ ਦੀ ਜੁੱਤੀ
ਪਲ ਦੀ ਪਲ ਮੈਂ ਐਵੇਂ ਸੁੱਤੀ
ਸੁਰਤ ਆਈ ਗਿਆ ਛੋੜ
ਸੱਸੀਏ ਬੇ-ਖ਼ਬਰੇ
ਤੇਰਾ ਲੁੱਟਿਆ ਸ਼ਹਿਰ ਭੰਬੋਰ

ਬੇ-ਸਮਝੀ ਵਿੱਚ ਉਮਰ ਗੁਜ਼ਾਰੀ
ਮਾਹੀ ਨਾ ਮਿਲਿਆ ਜਾਂਦੀ ਵਾਰੀ
ਲੈ ਗੇ ਹੋਰ ਵਿਛੋੜ
ਸੱਸੀਏ ਬੇ-ਖ਼ਬਰੇ
ਤੇਰਾ ਲੁੱਟਿਆ ਸ਼ਹਿਰ ਭੰਬੋਰ

ਬੇ-ਸਮਝੀ ਵਿੱਚ ਉਮਰ ਗੁਜ਼ਾਰੀ
ਮਾਹੀ ਨਾ ਮਿਲਿਆ ਜਾਂਦੀ ਵਾਰੀ
ਲੈ ਗਏ ਹੋਰ ਵਿਛੋੜ
ਸੱਸੀਏ-ਬੇ-ਖ਼ਬਰੇ
ਤੇਰਾ ਲੁੱਟਿਆ ਸ਼ਹਿਰ ਭੰਬੋਰ

ਮੈਂ ਮਾਹੀ ਦੇ ਮਗਰੇ ਜਾਸਾਂ
ਉਹਦੇ ਪਿੱਛੇ ਜਾਨ ਗਵਾਸਾਂ
ਪੈ ਜਾਸਾਂ ਵਿੱਚ ਗੋਰ
ਸੱਸੀਏ ਬੇ-ਖ਼ਬਰੇ
ਤੇਰਾ ਲੁਟਿਆ ਸ਼ਹਿਰ ਭੰਬੋਰ

ਬੇ-ਖ਼ਬਰੀ ਵਿੱਚ ਪ੍ਰੀਤ ਲਗਾ ਕੇ
ਬੈਠੀ ਆਪਣਾ ਆਪ ਭੁਲਾ ਕੇ
ਹੁਣ ਕਿਊਂ ਪਾਵੇਂ ਸ਼ੋਰ
ਸੱਸੀਏ ਬੇ-ਖ਼ਬਰੇ
ਤੇਰਾ ਲੁੱਟਿਆ ਸ਼ਹਿਰ ਭੰਬੋਰ

11
ਵੇ ਤੂੰ ਮਰ ਜਾਏਂ ਊਠਾ ਅੜਿਆ
ਵੇ ਤੂੰ ਯਾਰ ਮੇਰਾ ਚੁੱਕ ਖੜਿਆ
ਬੇ-ਦਰਦਾਂ ਨੂੰ ਤਰਸ ਨਾ ਆਇਆ
ਪੁੰਨੂੰ ਬਸ ਬਲੋਚਾਂ ਪਾਇਆ
ਤੇ ਨਾਲ਼ ਰੱਸੀ ਦੇ ਕੜਿਆ
ਇਸ਼ਕ ਨਾ ਚੱਲਣ ਦਏ ਚਲਾਕੀ
ਏਸ ਫਸਾਇਆ ਨੂਰੀ ਖ਼ਾਕੀ
ਵਿੱਚ ਜੋ ਇਸ ਦੇ ਵੜਿਆ

12
ਪੁੰਨੂੰ ਵਰਗੇ ਬਲੋਚ ਬਥੇਰੇ
ਨਾ ਰੋ ਧੀਏ ਸੱਸੀਏ

13
ਮੈਂ ਵੱਟ ਲਿਆਵਾਂ ਪੂਣੀਆਂ
ਧੀਏ ਚਰਖੇ ਨੂੰ ਚਿੱਤ ਲਾ
ਜਾਂਦੇ ਪੁੰਨੂੰ ਨੂੰ ਜਾਣ ਦੇ
ਧੀਏ ਕੌਲ਼ੇ ਦੀ ਗਈ ਨੀ ਬਲਾ

ਅੱਗ ਲਾਵਾਂ ਤੇਰੀਆਂ ਪੂਣੀਆਂ
ਚਰਖੇ ਨੂੰ ਨਦੀ ਨੀ ਹੜ੍ਹਾ
ਜਾਨ ਤਾਂ ਮੇਰੀ ਲੈ ਗਿਆ
ਨੀ ਚੀਰੇ ਦੇ ਲੜ ਲਾ
ਜਾਂਦੇ ਪੁੰਨੂੰ ਨੂੰ ਮੋੜ ਲੈ

ਸੂਟ ਸਮਾਵਾਂ ਰੇਸ਼ਮੀ
ਚੁੰਨੀਆਂ ਦੋਵਾਂ ਨੀ ਰੰਗਾ
ਜਾਂਦੇ ਪੁੰਨੂੰ ਨੂੰ ਜਾਣ ਦੇ
ਕੌਲ਼ੇ ਦੀ ਗਈ ਨੀ ਬਲਾ

ਅੱਗ ਲਾਵਾਂ ਤੇਰੇ ਸੂਟ ਨੂੰ
ਚੁੰਨੀਆਂ ਦੇਵਾਂ ਨੀ ਮਚਾ
ਜਾਨ ਤਾਂ ਮੇਰੀ ਲੈ ਗਿਆ
ਚੀਰੇ ਦੇ ਲੜ ਲਾ
ਨੀ ਜਾਂਦੇ ਪੁੰਨੂੰ ਨੂੰ ਮੋੜ ਲੈ

ਬੂਰੀ ਜਿਹੀ ਮੱਝ ਲੈ ਦਿਆਂ
ਧੀਏ ਮੱਖਣਾਂ ਨਾਲ ਟੁੱਕ ਖਾ
ਜਾਂਦੇ ਪੁੰਨੂੰ ਨੂੰ ਜਾਣ ਦੇ
ਕੌਲ਼ੇ ਦੀ ਗਈ ਨੀ ਬਲਾ

ਅੱਗ ਲਾਵਾਂ ਤੇਰੀ ਮੱਖਣੀ
ਬੂਰੀ ਨੂੰ ਬੱਗ ਨੀ ਰਲ਼ਾ
ਜਾਨ ਤਾਂ ਮੇਰੀ ਲੈ ਗਿਆ
ਚੀਰੇ ਦੇ ਲੜ ਲਾ
ਨੀ ਜਾਂਦੇ ਪੁੰਨੂੰ ਨੂੰ ਮੋੜ ਲੈ

14
ਸੱਸੀ ਨੂੰ ਮਾਂ ਮੱਤੀਂ ਦੇਂਦੀ
ਧੀਏ ਛੱਡ ਬਲੋਚ ਦੀ ਯਾਰੀ
ਅਗਲੀ ਰਾਤ ਮੁਕਾਮ ਜਿਨ੍ਹਾਂ ਦਾ
ਪਿਛਲੀ ਰਾਤ ਤਯਾਰੀ
ਚੜ੍ਹ ਵੇਖੇਂ ਕੋਹਤੂਰ ਤੇ ਸੱਸੀਏ
ਪੁੰਨੂੰ ਜਾਂਦਾ ਏ ਉੱਠ ਕਤਾਰੀ
ਰੁਲ ਮਰਸੇਂ ਵਿੱਚ ਥਲਾਂ ਦੇ ਸੱਸੀਏ
ਤੇ ਰੋਸੇਂ ਉਮਰਾ ਸਾਰੀ

15
ਥਲ ਵੀ ਤੱਤਾ ਮੈਂ ਵੀ ਤੱਤੀ
ਤੱਤੇ ਨੈਣਾਂ ਦੇ ਡੇਲੇ
ਰੱਬਾ ਕੇਰਾਂ ਦੱਸ ਤਾਂ ਸਹੀ
ਕਦੋਂ ਹੋਣਗੇ ਪੁੰਨੂੰ ਨਾਲ਼ ਮੇਲੇ

16
ਮੈਂ ਪੁੰਨੂੰ ਦੀ ਪੁੰਨੂੰ ਮੇਰਾ
ਸਾਡਾ ਪਿਆ ਵਿਛੋੜਾ ਭਾਰਾ
ਦੱਸ ਵੇ ਰੱਬਾ ਕਿੱਥੇ ਗਿਆ
ਮੇਰੇ ਨੈਣਾਂ ਦਾ ਵਣਜਾਰਾ

17
ਦੱਸ ਵੇ ਥਲਾ ਕਿਤੇ ਦੇਖੀ ਹੋਵੇ
ਮੇਰੇ ਪੁੰਨੂੰ ਦੀ ਡਾਚੀ ਕਾਲ਼ੀ
ਜਿੱਥੇ ਮੇਰਾ ਪੁੰਨੂੰ ਮਿਲ਼ੇ
ਉਹ ਧਰਤ ਨਸੀਬਾਂ ਵਾਲ਼ੀ

(ਪੰਜਾਬ ਦੇ ਲੋਕ ਨਾਇਕ: ਸੁਖਦੇਵ ਮਾਦਪੁਰੀ ਵਿੱਚੋਂ)