ਪੰਜਾਬੀ ਕਲਾਮ/ਗ਼ਜ਼ਲਾਂ ਸਾਕੀ ਗੁਜਰਾਤੀ
1. ਮੁੱਕੇ ਕਦੇ ਖ਼ੁਦਾ ਕਰੇ ਜੰਗਲ ਹਨੇਰ ਦਾ
ਮੁੱਕੇ ਕਦੇ ਖ਼ੁਦਾ ਕਰੇ ਜੰਗਲ ਹਨੇਰ ਦਾ।
ਮੁਖੜਾ ਅਸੀਂ ਵੀ ਵੇਖੀਏ ਸਜਰੀ ਸਵੇਰ ਦਾ।
ਰੱਖੀਏ ਕੀ ਆਸ ਵੇਲੇ ਦੇ ਪੁੱਤਰਾਂ ਦੇ ਖ਼ੈਰ ਦੀ,
ਵੰਡੇਗਾ ਛਾਂ ਕਿਸੇ ਨੂੰ ਕੀ ਬੂਟਾ ਕਨੇਰ ਦਾ।
ਤਾਰੇ ਜੋ ਖ਼ੁਦ ਨੇ ਅਪਣੀ ਹੀ ਮੰਜ਼ਿਲ ਤੋਂ ਬੇਖ਼ਥਰ,
ਦੱਸਣਗੇ ਕੀ ਪਤਾ ਮੇਰੇ ਲੇਖਾਂ ਦੇ ਫੇਰਦਾ।
ਕਾਲਖ਼ ਮੇਰੇ ਨਸੀਬ ਦੀ ਵਧਦੀ ਏ ਹੋਰ ਵੀ,
ਮੋਢੇ ਤੇ ਜਦ ਉਹ ਕਾਲ਼ੀਆਂ ਜ਼ੁਲਫ਼ਾਂ ਬਖੇਰਦਾ।
'ਸਾਕੀ' ਖ਼ਬਰ ਕੀ ਭਲਕ ਨੂੰ ਹੋਣੀ ਏ ਵਾਰ ਦੀ,
ਸਾਮਾਨ ਅਜ ਤੋਂ ਜੋੜ ਕੇ ਰਖ ਲੈ ਅਗੇਰ ਦਾ।
2. ਪਲਕਾਂ ਉੱਤੇ ਲਿਸ਼ਕਣ ਤਾਰੇ ਇੰਜ ਅਣਡਿਠਿਆਂ ਖ਼ਾਬਾਂ ਦੇ
ਪਲਕਾਂ ਉੱਤੇ ਲਿਸ਼ਕਣ ਤਾਰੇ ਇੰਜ ਅਣਡਿਠਿਆਂ ਖ਼ਾਬਾਂ ਦੇ।
ਜੀਕੂੰ ਡਾਲੀਆਂ ਉੱਤੇ ਬਲਦੇ ਦੀਵੇ ਲਾਲ ਗੁਲਾਬਾਂ ਦੇ।
ਮੇਰੇ ਜਜ਼ਬਿਆਂ ਦੇ ਹੜ ਅੱਗੇ ਚੁੱਪ ਦੇ ਬੰਨ੍ਹ ਕਿਉਂ ਲਾਉਂਦੇ ਹੋ,
ਬੱਚਿਆਂ ਨਾਲ ਕਦੀ ਨਾ ਹੋਏ ਸਮਝੌਤੇ ਸੈਲਾਬਾਂ ਦੇ।
ਮੱਕਾਰੀ ਦਾ ਪਰਦਾ ਕਾਲਾ ਲਾਹ ਦੇ ਚੰਨ ਜਿਹੇ ਮੁਖੜੇ 'ਤੋਂ,
ਅਪਣੀ ਆਬ ਗਵਾ ਲੈਂਦੇ ਨੇ ਚਿਹਰੇ ਹੇਠ ਨਕਾਬਾਂ ਦੇ।
ਆਲਕ ਮਾਰੇ ਬੰਦਿਆਂ ਦਾ ਕੀ ਜੋੜ ਏ ਉਦਮੀ ਬੰਦਿਆਂ ਨਾਲ,
ਗਿਰਝਾਂ ਕਦ ਉਡ ਸਕਦੀਆਂ ਮੋਢੇ ਜੋੜ ਕੇ ਨਾਲ ਉਕਾਬਾਂ ਦੇ।
ਅੱਖੀਆਂ ਵਿੱਚੋਂ ਕੀਵੇਂ ਫੁੱਟਣ ਕਿਰਨਾਂ ਪਿਆਰ ਖ਼ਲੂਸ ਦੀਆਂ,
ਦਿਲ ਸੂਰਜ ਦਾ ਚਾਨਣ ਪੀ ਗਏ ਕਾਲੇ ਹਰਫ਼ ਕਿਤਾਬਾਂ ਦੇ।
ਕਾਸ਼! ਕੋਈ ਸਮਝਾਵੇ ਗੁੱਝੀ ਰਮਜ਼ ਅਜ ਦੇ ਫ਼ਨਕਾਰਾਂ ਨੂੰ,
ਗੱਲਾਂ ਬਾਤਾਂ ਨਾਲ ਕਦੇ ਨਾ ਲੱਗੇ ਪਰ ਸੁਰਖ਼ਾਬਾਂ ਦੇ।
ਪਾਣੀ ਦੀ ਆਸ ਉੱਤੇ 'ਸਾਕੀ' ਜਿੰਨਾਂ ਪੈਂਡਾ ਕਪਨੇ ਆਂ,
ਓਨੇ ਡੂੰਘੇ ਹੋ ਜਾਂਦੇ ਨੇ ਅੱਗੇ ਪੰਧ ਸਰਾਬਾਂ ਦੇ।
3. ਚੜ੍ਹਤਲ ਕਮਾਲ ਵੇਖਕੇ ਉਹਦੇ ਸ਼ਬਾਬ ਦੀ
ਚੜ੍ਹਤਲ ਕਮਾਲ ਵੇਖਕੇ ਉਹਦੇ ਸ਼ਬਾਬ ਦੀ।
ਦੇਂਦੇ ਨੇ ਲੋਕ ਦਾਦ ਮੇਰੇ ਇੰਤਖ਼ਾਬ ਦੀ।
ਭਖੀਆਂ ਜਦੋਂ ਤੋਂ ਓਸਦੇ ਮੁਖੜੇ 'ਤੇ ਲਾਲੀਆਂ,
ਚਿੱਟੀ ਸਫ਼ੇਦ ਹੋ ਗਈ ਰੰਗਤ ਗੁਲ਼ਾਬ ਦੀ।
ਕੋਲੋਂ ਦੀ ਲੰਘ ਜਾਂਦੈ ਵਰੋਲੇ ਦੇ ਵਾਂਗ ਉਹ,
ਲੱਭੇ ਨਾ ਹੋਰ ਕੋਈ ਜੇ ਸੂਰਤ ਅਜ਼ਾਬ ਦੀ।
ਕੁਝ ਮੇਰਾ ਵੀ ਸਵਾਲ ਸੀ ਮੋਹਮਲ ਜਿਹਾ ਜ਼ਰੂਰ,
ਕੁਝ ਓਸਨੇ ਵੀ ਲੋੜ ਨਾ ਸਮਝੀ ਜਵਾਬ ਦੀ।
ਆਇਐ ਤੇ ਦਿਲ ਨੂੰ ਹੋਰ ਨਵੇਂ ਜ਼ਖ਼ਮ ਦੇ ਗਿਆ,
ਚਿਰ ਤੋਂ ਬੜੀ ਉਡੀਕ ਸੀ ਜਿਸ ਇਨਕਲਾਬ ਦੀ।
ਸਾਨੂੰ ਮਸੀਤੋਂ ਟੋਰ ਕੇ ਲੈ ਆਈ ਮੈਕਦੇ,
ਕਿੱਥੇ ਖੜੇਗੀ ਹੋਰ ਇਹ ਨੀਅਤ ਸਵਾਬ ਦੀ।
ਕਿੰਨੇ ਈ ਲੋਕ ਅਪਣੀ ਬਜ਼ੁਰਗੀ ਛੁਪਾਣ ਨੂੰ,
ਵਾਲਾਂ ਤੇ ਵੇਖੇ ਫੇਰਦੇ ਕੂਚੀ ਖ਼ਜ਼ਾਬ ਦੀ।
4. ਕਾਰੇ ਤੇਰੀ ਨਜ਼ਰ ਦੇ ਵੇਖੇ ਨੇ
ਕਾਰੇ ਤੇਰੀ ਨਜ਼ਰ ਦੇ ਵੇਖੇ ਨੇ।
ਜ਼ਖ਼ਮ ਸਜਰੇ ਜਿਗਰ ਦੇ ਵੇਖੇ ਨੇ।
ਉੱਠ ਕੇ ਆਏ ਜੋ ਤੇਰੀ ਮਹਿਫਿਲ ʼਚੋਂ,
ਤੌਬਾ ਤੌਬਾ ਈ ਕਰਦੇ ਵੇਖੇ ਨੇ।
ਕਿੰਨੇ ਤੂਫਾਨ ਰੋਕ ਰੱਖੇ ਨੇ,
ਹੌਸਲੇ ਚਸ਼ਮ-ਏ-ਤਰ ਦੇ ਵੇਖੇ ਨੇ?
ਦੇਣ ਵਾਲੇ ਡਰਾਵੇ ਦੌਲਤ ਦੇ,
ਅਪਣੇ ਸਾਏ ਤੋਂ ਡਰਦੇ ਵੇਖੇ ਨੇ।
ਇਹ ਵਤੀਰਾ ਏ ਮਾਲਦਾਰਾਂ ਦਾ,
ਕੌਡੀ ਕੌਡੀ ʼਤੇ ਮਰਦੇ ਵੇਖੇ ਨੇ।
ਤੇਰੇ ਨੈਣਾਂ ਦੇ ਜਾਮ ਵਿਚ ʼਸਾਕੀʼ,
ਡੁਬਦੇ ਹਾਸੇ ਵੀ ਤਰਦੇ ਵੇਖੇ ਨੇ।
5. ਉਤੋਂ ਭਾਵੇਂ ਖ਼ੁਸ਼ ਖ਼ੁਸ਼ ਰਹੀਏ ਜਾਂ ਅਫ਼ਸੁਰਦੇ ਰਹੀਏ
ਉਤੋਂ ਭਾਵੇਂ ਖ਼ੁਸ਼ ਖ਼ੁਸ਼ ਰਹੀਏ ਜਾਂ ਅਫ਼ਸੁਰਦੇ ਰਹੀਏ।
ਕੱਲਰ ਮਾਰੀਆਂ ਕੰਧਾਂ ਵਾਗੂੰ ਅੰਦਰੋਂ ਭੁਰਦੇ ਰਹੀਏ।
ਸਾਡੇ ਲੇਖਾਂ ਦੀ ਕਮਤੀ ਦਾ ਅੰਦਾਜ਼ਾ ਤੇ ਲਾਉ,
ਹਰ ਸ਼ੈ ਵਾਧੂ ਰੱਖੀਏ ਫਿਰ ਵੀ ਕਾਲ-ਸਪੁਰਦੇ ਰਹੀਏ।
ਰੌਸ਼ਨੀਆਂ ਦੇ ਮੇਲੇ ਅੰਦਰ ਖੋ ਜਾਵਣ ਦੇ ਡਰ ਤੋਂ,
ਅਪਣੇ ਪਰਛਾਵੇਂ ਦਾ ਪੱਲਾ ਫੜਕੇ ਟੁਰਦੇ ਰਹੀਏ।
ਬੀਤੀ ਕੱਲ੍ਹ ਦੇ ਪੰਛੀ ਨੇ ਜਦ ਮੁੜਕੇ ਹਥ ਨਈਂ ਆਉਣਾ,
ਫਿਰ ਕਿਉਂ ਹੱਥਾਂ 'ਤੇ ਹਥ ਰਖਕੇ ਐਵੇਂ ਝੁਰਦੇ ਰਹੀਏ।
ਪਲ ਪਲ ਪੱਕੇ ਬੰਨ੍ਹਾਂ ਮਾਰੇ ਸੱਧਰਾਂ ਦੇ ਹੜ ਹੱਥੋਂ,
ਦਰਿਆਵਾਂ ਦੇ ਕੰਢਿਆਂ ਵਾਗੂੰ ਪਲ ਪਲ ਖੁਰਦੇ ਰਹੀਏ।
ਆਕੇ ਝੂਣ ਜਗਾਵੀਂ 'ਸਾਕੀ' ਸੁੱਤੀਆਂ ਰੂਹਾਂ ਤਾਈਂ,
ਕਦ ਤਕ ਏਥੇ ਜੀਉਂਦੀ ਜਾਨੇ ਬਣ ਕੇ ਮੁਰਦੇ ਰਹੀਏ।
|