ਸਲਾਮੀ ਤੇ ਵਿਦਾਇਗੀ ਦੀਆਂ ਰਸਮਾਂ ਤੇ ਗੀਤ
ਡੋਲੀ ਤੋਰਨ ਤੋਂ ਪਹਿਲਾਂ ਜੰਞ ਵਾਜੇ ਨਾਲ
ਘਰ ਪੁੱਜਦੀ ਸੀ। ਇਸ ਮੌਕੇ ਵੀ ਕੁਝ ਜਾਂਞੀ ਅੱਗੇ-ਅੱਗੇ
ਭੰਗੜਾ ਪਾਉਂਦੇ ਜਾਂਦੇ ਸਨ। ਇਸ ਸਮੇਂ ਰਾਹਗਲ਼ੀ
ਲੰਘਣ ਵਾਲੇ (ਰਾਹਗੀਰ) ਬਹੁਤੀ ਵਾਰੀ
ਭੰਗੜਾ ਅਤੇ ਲਾੜਾ ਦੇਖਣ ਲਈ ਰਾਹ ਦੇ ਇਕ
ਪਾਸੇ ਖੜ੍ਹ ਜਾਂਦੇ ਸਨ। ਕੋਠਿਆਂ 'ਤੇ ਚੜ੍ਹ ਕੇ ਵੀ
ਇਹ ਨਜ਼ਾਰਾ ਦੇਖਿਆ ਜਾਂਦਾ ਸੀ। ਘਰ ਪੁੱਜਦੇ ਹੀ
ਲਾਗੀਆਂ ਵਲੋਂ ਬਰੂਹਾਂ 'ਤੇ ਤੇਲ ਚੁਆਇਆ ਜਾਂਦਾ
ਸੀ ਅਤੇ ਕੁੰਭ ਕੀਤਾ ਜਾਂਦਾ ਸੀ। ਸਲਾਮੀ ਦੀ ਰਸਮ
ਨਿਭਾਈ ਜਾਂਦੀ ਸੀ। ਕੁੜੀ ਦੇ ਮਾਤਾ ਪਿਤਾ ਤੋਂ ਬਾਅਦ
ਮੁੰਡੇ ਨੂੰ ਸਾਰੇ ਵਾਰੀ-ਵਾਰੀ ਸਲਾਮੀ ਪਾਉਂਦੇ
ਲਾਗੀਆਂ ਨੂੰ ਵਾਰਨੇ ਦਿੰਦੇ ਸਨ। ਇਹ ਰਸਮ ਇਕ
ਤਰ੍ਹਾਂ ਨਾਲ ਧੀ ਨੂੰ ਵਿਦਾਇਗੀ ਦੇਣ ਤੋਂ ਪਹਿਲਾਂ
ਜਵਾਈ ਨੂੰ ਪਿਆਰ ਅਤੇ ਸਤਿਕਾਰ ਦੇਣ ਲਈ
ਕੀਤੀ ਜਾਂਦੀ ਸੀ। ਇਸ ਵਕਤ ਮੁੰਡੇ ਨੂੰ ਦਾਜ ਵਿਚ
ਦੇਣ ਵਾਲੇ ਪਲੰਘ ਉਪਰ ਹੀ ਬਿਠਾਇਆ ਜਾਂਦਾ
ਸੀ। ਅੱਜ ਬਹੁਤੀ ਵਾਰੀ ਦਾਜ ਦਿਖਾਇਆ ਹੀ ਨਹੀਂ
ਜਾਂਦਾ। ਇਸ ਕਰ ਕੇ ਮੁੰਡੇ ਨੂੰ ਘਰ ਜਾਂ ਮੈਰਿਜ
ਪੈਲਿਸ ਵਿਚ ਕਿਸੇ ਵੀ ਕੁਰਸੀ ਜਾਂ ਸੋਫ਼ੇ 'ਤੇ ਬਿਠਾ
ਦਿੱਤਾ ਜਾਂਦਾ ਹੈ।
ਪਲੰਘੀਂ ਬੈਠਿਆ ਵੇ,
ਪਲੰਘੀਂ ਬੈਠਿਆ ਕਾਨ੍ਹਾ!
ਬੈਠਾ ਮੁਰਲੀ ਵਜਾ।
ਸਈਆਂ ਆਈਆਂ ਵੇ,
ਸਈਆਂ ਆਈਆਂ ਕਾਨ੍ਹਾ।
ਤੇਰੀ ਮੁਰਲੀ ਦੇ ਚਾਅ,
ਮੁਰਲੀ ਕੱਸ ਕੇ ਵਜਾ।
ਗੋਬਰ ਸੁੱਟਦੀ ਨੀ,
ਗੋਬਰ ਸੁੱਟਦੀ ਰਾਧੇ।
ਬੈਠੀ ਮਾਪਿਆਂ ਦੇ ਘਰ,
ਤਾਇਆਂ ਚਾਚਿਆਂ ਦੇ ਘਰ।
ਗੋਬਰ ਸੁੱਟਦੀ ਨੀ,
ਗਊਆਂ ਚਾਰਦਾ ਵੇ!
ਗਊਆਂ ਚਾਰਦਾ ਕਾਨ੍ਹਾ,
ਕਰਦਾ ਗੁੱਜਰਾਂ ਦੇ ਕੰਮ।
ਵੇ ਗਵਾਲਿਆਂ ਦੇ ਕੰਮ।
ਗਊਆਂ ਚਾਰਦਾ ਵੇ।
ਦੇ ਲਾ ਮਿਹਣੇ ਨੀ।
ਦੇ ਲਾ ਮਿਹਣੇ ਰਾਧੇ,
ਬੈਠੀ ਮਾਪਿਆਂ ਦੇ ਘਰ।
ਤਾਇਆਂ-ਚਾਚਿਆਂ ਦੇ ਘਰ,
ਦੇ ਲਾ ਮਿਹਣੇ ਨੀ।
ਪਲੰਘੇ ਬੈਠਿਆ ਕਾਨ੍ਹਾ,
ਵੇ ਕੁਝ ਮੰਗਦਾ ਕਿਉਂ ਨਹੀਂ?
ਸਹੁਰਾ ਤੇਰਾ ਲੱਖ ਦਾਤਾ,
ਵੇ ਕੁਝ ਮੰਗਦਾ ਕਿਉਂ ਨਹੀਂ?
ਧੀ ਲਾਡੋ ਦਾ ਦਾਨ ਕਰਾ ਰਿਹਾ,
ਵੇ ਪੱਲਾ ਫੜਦਾ ਕਿਉਂ ਨਹੀਂ?
ਗਊਆਂ ਦਾ ਦਾਨ ਕਰਾ ਰਿਹਾ,
ਵੇ ਜੱਸ ਖੱਟਦਾ ਕਿਉਂ ਨਹੀਂ?
ਇਕ ਨਾ ਮਾਰੀਂ ਵੇ ਕਾਨ੍ਹਾਂ ਬੈਂਤ ਦੀ ਸੋਟੀ,
ਇਕ ਨਾ ਕੱਢੀਂ ਮਾਂ ਦੀ ਗਾਲ਼।
ਪਿੰਡੇ ਨੂੰ ਖਾ ਜਾਊ ਵੇ ਕਾਨ੍ਹਾ ਬੈਂਤ ਦੀ ਸੋਟੀ,
ਕਲੇਜੇ ਨੂੰ ਖਾ ਜਾਊ ਮਾਂ ਦੀ ਗਾਲ਼।
ਇਸ ਤੋਂ ਬਾਅਦ ਧੀ ਦੇ ਹੱਥਾਂ ਵਿਚ ਚੌਲਾਂ
ਦੀ ਮੁੱਠ ਦੇ ਕੇ ਘਰ ਵਿਚ ਚਾਰਾਂ ਦਿਸ਼ਾਵਾਂ (ਚਾਰਾਂ
ਖੂੰਜਿਆਂ) ਵਿਚ ਸੁਟਵਾਈ ਜਾਂਦੀ ਸੀ। ਇਹ
ਰਸਮ ਉਸ ਨੂੰ ਬਾਬਲ ਦਾ ਘਰ ਪੱਕੇ ਤੌਰ 'ਤੇ
ਛੱਡੇ ਜਾਣ ਦਾ ਅਹਿਸਾਸ ਕਰਵਾ ਦਿੰਦੀ ਸੀ।
ਅੱਜ ਵੀ ਇਸ ਰਸਮ ਨੂੰ ਕਰਦੇ ਵਕਤ ਮਹੌਲ
ਭਾਵੁਕ ਹੁੰਦਾ ਹੈ। ਕਿਸੇ ਚਾਚੀ ਜਾਂ ਤਾਈ ਵਲੋਂ
ਉਸ ਨੂੰ ਇਹ ਕਹਿਣ ਲਈ ਕਿਹਾ ਜਾਂਦਾ ਹੈ,
"ਮਾਪਿਓ! ਮੈਂ ਆਪਣਾ ਭਾਗ ਲੈ ਚੱਲੀ ਹਾਂ,
ਤੁਹਾਡਾ ਛੱਡ ਚੱਲੀ ਹਾਂ।" ਇਸ ਤੋਂ ਬਾਅਦ ਉਹ
ਚੌਲਾਂ ਦਾ ਛੱਟਾ ਚਾਰ ਦਿਸ਼ਾਵਾਂ ਵਿਚ ਦਿੰਦੀ ਹੈ।
ਚੌਲ ਸ਼ਗਨਾਂ ਅਤੇ ਖ਼ੁਸ਼ਹਾਲੀ ਦਾ
ਪ੍ਰਤੀਕ ਮੰਨੇ ਜਾਂਦੇ ਹਨ। ਅਜਿਹਾ
ਕਰ ਕੇ ਮਾਪਿਆਂ ਦਾ ਘਰ ਛੱਡਦੇ
ਵਕਤ ਉਨ੍ਹਾਂ ਲਈ 'ਨੌਂ ਨਿਧਾਂ ਤੇ ਬਾਰਾਂ
ਸਿਧਾਂ' ਦੀ ਕਾਮਨਾ ਕੀਤੀ ਜਾਂਦੀ ਹੈ।
ਦੂਜੇ ਸ਼ਬਦਾਂ ਵਿਚ ਇਹ ਰਸਮ ਸਹੁਰੇ
ਜਾ ਰਹੀ ਧੀ ਕੋਲੋਂ ਮਾਪਿਆਂ ਦੀ ਸੁੱਖ
ਮਨਾਉਣ ਲਈ ਕਰਵਾਈ ਜਾਂਦੀ ਹੈ।
ਵਿਦਾਇਗੀ ਦੀ ਰਸਮ ਤੇ ਗੀਤ
ਇਸ ਤੋਂ ਬਾਅਦ ਵਿਦਾਇਗੀ
ਦੀ ਰਸਮ ਹੁੰਦੀ ਸੀ। ਧੀ ਦੇ ਬਾਬਲ
ਵਲੋਂ ਆਪਣੇ ਕੁੜਮ ਨੂੰ ਸਮਰੱਥਾ
ਅਨੁਸਾਰ 100 ਜਾਂ 500 ਜਾਂ ਇਸ
ਤੋਂ ਵੀ ਵੱਧ ਰੁਪਈਏ ਵਿਦਾਇਗੀ ਵਜੋਂ
ਦਿੱਤੇ ਜਾਂਦੇ ਸਨ। ਵਿਆਹ ਵਾਲੀ
ਕੁੜੀ ਦਾ ਭਰਾ ਆਪਣੀ ਭੈਣ ਨੂੰ
ਕਲਾਵੇ ਵਿਚ ਲੈ ਕੇ ਮੰਜੇ ਤੋਂ
ਉਠਾਉਣ ਲੱਗਦਾ ਸੀ ਤਾਂ ਉਹ ਇਕੋ
ਸਮੇਂ ਕਈ ਅਵਸਥਾਵਾਂ ਵਿਚੋਂ ਗੁਜ਼ਰ
ਜਾਂਦੀ ਸੀ। ਉਸ ਦੇ ਮਨ ਵਿਚ ਚੀਸਾਂ
ਉਠਦੀਆਂ ਸਨ। ਮਾਪਿਆਂ ਅਤੇ
ਸਖ਼ੀਆਂ ਦਾ ਵਿਛੋੜਾ ਉਸ ਨੂੰ
ਉਦਾਸੀਨਤਾ ਵੱਲ ਧੱਕਦਾ ਸੀ। ਉਹ
ਧਾਹਾਂ ਮਾਰਦੀ ਮੰਜੇ ਦੇ ਪਾਵੇ ਨੂੰ ਘੁੱਟ
ਕੇ ਫੜ ਲੈਂਦੀ ਸੀ। ਸਾਰਾ ਮਾਹੌਲ ਹੀ
ਕਰੁਣਾਮਈ ਹੋ ਜਾਂਦਾ ਸੀ। ਅੱਜ ਵੀ ਵਿਦਾਇਗੀ
ਦੀ ਰਸਮ ਵੇਲੇ ਮਹੌਲ ਭਾਵੁਕ ਹੁੰਦਾ ਹੈ:
ਬੀਬੀ ਛੱਡ ਦੇ ਮੰਜੇ ਦਾ ਪਾਵਾ,
ਨੀ ਸਾਡਾ ਕਾਹਦਾ ਦਾਵਾ,
ਦਾਵੇ ਵਾਲ਼ੇ ਲੈ ਨੀ ਚੱਲੇ।
ਧੀ ਵਿਆਹੀ ਲੱਥਾ ਸਿਰੋਂ ਭਾਰਾ,
ਸਾਡਾ ਕਾਹਦਾ ਦਾਵਾ,
ਦਾਵੇ ਵਾਲ਼ੇ ਲੈ ਨੀ ਚੱਲੇ।
ਦਾਵਾ ਕਰਦੇ ਲਾੜੇ ਦੇ ਭਾਈ,
ਉਨ੍ਹਾਂ ਫੜ ਲਈ ਡੋਲ਼ੇ ਦੀ ਬਾਹੀ,
ਦਾਵੇ ਵਾਲੇ ਲੈ ਨੀ ਚੱਲੇ।
ਇਸ ਦੇ ਨਾਲ ਹੀ ਉਸ ਦੇ ਮਨ ਵਿਚ ਵਿਚ
ਪ੍ਰੀਤਮ ਨੂੰ ਮਿਲਣ ਦਾ ਚਾਅ ਵੀ ਹੁੰਦਾ ਸੀ। ਇਸ
ਚਾਅ ਦੇ ਨਾਲ ਹੀ ਅਜਨਬੀ ਥਾਂ 'ਤੇ ਜਾ ਕੇ ਨਵੇਂ
ਮਾਹੌਲ ਵਿਚ ਆਪਣੇ ਆਪ ਨੂੰ ਢਾਲਣ ਦਾ ਸਹਿਮ
ਵੀ ਹੁੰਦਾ ਸੀ। ਉਸ ਦੇ ਮਨ ਵਿਚ ਸਹੁਰੇ ਪਰਿਵਾਰ
ਦੇ ਹਰ ਮੈਂਬਰ ਦੇ ਸੁਭਾਅ ਬਾਰੇ ਅਨੇਕਾਂ ਪ੍ਰਸ਼ਨ
ਹੁੰਦੇ ਸਨ।
ਡੋਲੀ ਨੂੰ ਚਾਰ ਕੁਹਾਰ ਆਪਣੇ ਮੋਢਿਆਂ
'ਤੇ ਚੁੱਕਦੇ ਸਨ। ਮਾਪਿਆਂ ਵਲੋਂ ਨੈਣ ਨੂੰ ਡੋਲੀ
ਨਾਲ ਉਸ ਦੀ ਸਹੂਲਤ ਲਈ ਭੇਜਿਆ ਜਾਂਦਾ ਸੀ।
ਉਸ ਵਕਤ ਕੁੜੀ ਘੁੰਡ ਵਿਚ ਲਪੇਟੀ ਹੁੰਦੀ ਸੀ।
ਉਸ ਤੋਂ ਬਾਅਦ ਬੈਲ ਗੱਡੀਆਂ ਦੀ ਵਾਰੀ ਆ
ਗਈ। ਅਜੋਕੇ ਸਮੇਂ ਵਿਚ ਕੁੜੀ ਨੂੰ ਕਾਰ ਵਿਚ
ਬਿਠਾ ਕੇ ਵਾਰੋ-ਵਾਰੀ ਸਭ ਮਿਲਦੇ ਹਨ। ਹੁਣ
ਕਹਾਰਾਂ ਦੀ ਥਾਂ ਭਰਾ ਕਾਰ ਨੂੰ ਧੱਕਾ ਲਾ ਕੇ ਵਿਦਾ
ਕਰਦੇ ਹੋਏ ਇਹ ਰਸਮ ਪੂਰੀ ਕਰਦੇ ਹਨ। ਇਉਂ
ਕਰ ਕੇ ਉਹ ਭੈਣ ਦਾ ਦਾਨ ਕਰਨ ਦਾ ਚਿੱਤਰਨ
ਪੇਸ਼ ਕਰਦੇ ਹਨ। ਇਸ ਤਰ੍ਹਾਂ ਧੀ ਰੂਪੀ ਕੂੰਜ ਡਾਰੋਂ
ਵਿਛੜ ਕੇ, ਬਾਬਲ ਦੇ ਮਹਿਲ-ਮੁਨਾਰੇ ਛੱਡ ਕੇ
ਸਹੁਰੇ ਘਰ ਨਵੇਂ ਰਿਸ਼ਤੇ, ਨਵੀਂ ਦੁਨੀਆਂ ਵਸਾਉਣ
ਤੁਰ ਪੈਂਦੀ ਹੈ। ਪਰਦੇਸਾਂ ਵਿਚ ਨਵੀਂ ਵਿਆਹੀ
ਜੋੜੀ 'ਲਿਮੋਜ਼ੀਨ' ਵਿਚ ਹੀ ਜਾਂਦੀ ਹੈ। ਕੁੜੀ ਦੇ
ਮਨ ਵਿਚ ਕੋਈ ਭੈਅ ਨਹੀਂ ਹੁੰਦਾ, ਕਿਉਂਕਿ
ਵਿਆਹ ਦੀਆਂ ਰਸਮਾਂ ਸੰਪੂਰਨ ਹੋਣ ਉਪਰੰਤ
'ਆਪਣੇ ਛੱਡ ਆਈ ਹਾਂ, ਤੇਰੇ ਜਾ ਕੇ ਛੁਡਵਾ
ਦੇਵਾਂਗੀ' ਵਾਲ਼ਾ ਵਿਅੰਗ ਅਮਲੀ ਰੂਪ ਧਾਰਨ ਕਰ
ਰਿਹਾ ਪ੍ਰਤੀਤ ਹੁੰਦਾ ਹੈ। ਵਿਆਂਦੜ ਜੋੜੇ ਨੇ
ਆਪਣੀਆਂ ਸਹੂਲਤਾਂ ਅਤੇ ਇਕਾਂਤ ਨੂੰ ਪਹਿਲ
ਦਿੰਦਿਆਂ ਆਪਣੇ ਵੱਖਰੇ ਅਪਾਰਟਮੈਂਟ ਜਾਂ ਘਰ
ਦਾ ਪ੍ਰਬੰਧ ਕੀਤਾ ਹੁੰਦਾ ਹੈ। ਸਹੁਰੇ ਘਰ ਵਿਚ
ਪ੍ਰਵੇਸ਼ ਨਾਂ-ਮਾਤਰ ਅਤੇ ਰਸਮਾਂ ਨਿਭਾਉਣ ਲਈ
ਹੁੰਦਾ ਹੈ।
ਘਰ ਤੋਂ ਲੈ ਕੇ ਪਹਿਲਾਂ ਡੋਲੀ ਅਤੇ ਹੁਣ
ਕਾਰ ਤੱਕ ਗਾਏ ਜਾਣ ਵਾਲੇ ਲੋਕ ਗੀਤ
ਅੰਦਰ ਸਾਡੇ ਬੱਤਖਾਂ,
ਕਰਦੀਆਂ ਬੱਤੋ ਬੱਤ।
ਧੀ ਵਾਲਿਆਂ ਦੀ ਬੇਨਤੀ,
ਜੀ ਅਸੀਂ ਬੰਨ ਖਲੋਤੇ ਹੱਥ।
ਉਚੀਏ ਲੰਮੀਏ ਲਾਲ ਖਜੂਰੇ,
ਤੇਰਾ ਵਾਸ ਕਿਉਂ ਦੂਰੇ।
ਮੇਰਾ ਵਾਸ ਪੁੱਛੇਂਦੜਿਆ ਭਾਈਆ,
ਬਾਬਲ ਨੇ ਦੇ ਦਿੱਤੀ ਦੂਰੇ।
ਬੂਰੀਆਂ ਦਿੰਦਾ ਸੰਧੂਰੀਆਂ ਦਿੰਦਾ,
ਬੇਟੀ ਨਾ ਦਿੰਦੜਾ ਦੂਰੇ।
ਅੱਜ ਰੋਂਦੀ ਜਾਂਦੀ ਜੀ ਵੀਰ ਜੀ,
ਕੂੰਜ ਵਿਛੜ ਗਈ ਡਾਰ 'ਚੋਂ।
ਬੋਲ ਨੀ ਮੇਰੀ ਬਣ ਤਣ ਕੋਇਲੇ,
ਮਾਪੇ ਛੋੜ ਕਹਾਂ ਚੱਲੀਆਂ।
ਬਾਬਲ ਮੇਰੇ ਨੇ ਵਚਨ ਜੋ ਕੀਤੇ,
ਵਚਨਾਂ ਦੀ ਬੱਧੜੀ ਮੈਂ ਚੱਲੀ।
ਮਾਤਾ ਮੇਰੀ ਨੇ ਦਾਜ ਬਣਾਇਆ,
ਦਾਜ ਪਹੁੰਚਾਵਣ ਮੈਂ ਚੱਲੀਆਂ।
ਇਕ ਜੋ ਬੇਰੀ ਦਾ ਪੱਤ ਆ,
ਜੀ ਉਹ ਵੀ ਲੈਂਦਾ ਹੁਲਾਰੇ।
ਅਰਜ਼ ਸੁਣੀ ਬਾਬਲ ਮੇਰਿਆ,
ਜੀ ਬੇਟੀ ਦੂਰ ਨਾ ਦੇਵੀਂ।
ਦੂਰਾਂ ਦੀਆਂ ਵਾਟਾਂ ਲੰਮੀਆਂ,
ਜੀ ਸਾਥੋਂ ਤੁਰਿਆ ਨਾ ਜਾਵੇ,
ਪੈਰਾਂ ਦੀਆਂ ਘਸ ਗਈਆਂ ਤਲੀਆਂ,
ਜੀ ਨੈਣੀਂ ਨੀਂਦ ਨਾ ਆਵੇ।
ਪੈਰਾਂ ਨੂੰ ਲਾ ਲਵੀਂ ਮਹਿੰਦੜੀ,
ਨੀ ਨੈਣੀਂ ਸੁਰਮੇ ਸਿਲਾਈ।
ਚੁੱਕ ਲਈ ਡੋਲੀ ਸਾਜਨ,
ਵਿਦਿਆ ਹੋ ਚੱਲੇ।
ਬਾਬਲ ਇਹ ਤੇਰੇ ਵਚਨ,
ਸੰਪੂਰਨ ਹੋ ਚੱਲੇ।
ਅੱਜ ਦੀ ਦਿਹਾੜੀ ਰੱਖ ਡੋਲੀ ਨੀ ਮਾਂ,
ਰਹਾਂ ਬਾਪ ਦੀ ਬਣ ਕੇ ਮੈਂ ਗੋਲੀ ਨੀ ਮਾਂ।
ਉਡ ਗਏ ਨੀ, ਉਡ ਗਏ,
ਵਾੜ ਪੁਰਾਣੀ ਦੇ ਛਾਪੇ।
ਅੱਜ ਰੋਂਦੇ ਨੀ- ਰੋਂਦੇ,
ਕੂੰਜ ਨਿਮਾਣੀ ਦੇ ਮਾਪੇ।
ਮਾਏਂ ਡੋਲੀ ਨੂੰ ਲੱਗੜੇ ਹੀਰੇ,
ਤੂੰ ਬੋਲ ਮੇਰੀ ਮਾਂ।
ਮਾਏਂ ਖੜ੍ਹੇ ਰਹੇ ਮੇਰੇ ਵੀਰੇ,
ਤੂੰ ਬੋਲ ਮੇਰੀ ਮਾਂ।
ਮਾਏਂ ਡੋਲੀ ਨੂੰ ਲੱਗੜੇ ਲਾਚੇ,
ਤੂੰ ਬੋਲ ਮੇਰੀ ਮਾਂ।
ਮਾਏਂ ਖੜ੍ਹੇ ਰਹੇ ਮੇਰੇ ਚਾਚੇ,
ਤੂੰ ਬੋਲ ਮੇਰੀ ਮਾਂ।
ਬਾਬਲ ਧਰਮ ਕਰੇਂਦਿਆ,
ਮੈਨੂੰ ਰੱਖ ਲੈ ਅੱਜ ਦੀ ਰਾਤ।
ਬਾਰਾਂ ਤੇ ਬਰਸਾਂ ਅੱਗੇ ਰੱਖੀ,
ਧੀਏ ਅੱਜ ਨਹੀਂ ਰੱਖਣੀ ਰਾਤ ।
ਨੀ ਧੀਏ ਅੱਜ ਨਹੀਂ ਰੱਖਣੀ ਰਾਤ,
ਨੀ ਧੀਏ ਅੱਜ ਨਹੀਂ ਰੱਖਣੀ ਰਾਤ।
ਤੇਰੀ ਜੰਞ ਨਹੀਂ ਰੱਖਣੀ ਰਾਤ,
ਧੀਏ ਤੇਰੀ ਜੰਞ ਨਹੀਂ ਰੱਖਣੀ ਰਾਤ।
ਜੰਞ ਨੂੰ ਦੇ ਦਿਓ ਛੁੱਟੀਆਂ,
ਵੇ ਚੀਰੇ ਵਾਲੇ ਨੂੰ ਰੱਖ ਲਓ ਰਾਤ।
ਬਾਬਲ ਧਰਮ ਕਰੇਂਦਿਆ,
ਮੈਨੂੰ ਰੱਖ ਲੈ ਅੱਜ ਦੀ ਰਾਤ।
ਬੀਬੀ ਕੱਚੇ ਦੁੱਧਾਂ ਨਾਲ ਪਾਲੀ,
ਸੱਸੂ ਦੇ ਵਿਹੜੇ ਉਠ ਚੱਲੀ।
ਤੇਰੇ ਬਾਬਲ ਦੀ ਸਫ਼ਲ ਕਮਾਈ,
ਮਾਂ ਨੂੰ ਜੱਸ ਦੇ ਚੱਲੀ।
ਡੋਲੀ ਦਾ ਵਾਣ ਪੁਰਾਣਾ,
ਨੀ ਨਾ ਰੋ ਮੇਰੀ ਬੀਬੀ,
ਧੀਆਂ ਦਾ ਧੰਨ ਬਿਗਾਨਾ।
ਡੋਲੀ ਨੂੰ ਲੱਗੜੇ ਰੱਸੇ,
ਨੀ ਨਾ ਰੋ ਮੇਰੀ ਬੀਬੀ,
ਤੂੰ ਰੋਵੇਂ ਜੱਗ ਹੱਸੇ।
ਡੋਲੀ ਨੂੰ ਲੱਗੜੇ ਤੀਰ,
ਨੀ ਨਾ ਰੋ ਮੇਰੀ ਬੀਬੀ,
ਤੈਨੂੰ ਵਿਦਿਆ ਕਰੇਂਦੇ ਤੇਰੇ ਵੀਰ।
ਡੋਲੀ ਨੂੰ ਲੱਗੜੇ ਛਾਪੇ,
ਨੀ ਨਾ ਰੋ ਮੇਰੀ ਬੀਬੀ,
ਤੈਨੂੰ ਵਿਦਿਆ ਕਰੇਂਦੇ ਤੇਰੇ ਮਾਪੇ।
ਸਾਜਨ ਤਾਂ ਸਾਡੇ ਪਾਰ ਦੇ,
ਕੋਈ ਲੰਘ ਗਏ ਦਰਿਆ।
ਹਾਂ ਵੇ ਰੱਜ ਨਾ ਗੱਲਾਂ ਕੀਤੀਆਂ,
ਸਾਡੇ ਮਨੋ ਨਾ ਲੱਥਿਆ।
ਉਚਿਓ ਵੇ ਸਾਜਨੋ ਚਾਅ...
ਕਿਥੇ ਨੀ ਬੀਬੀ ਤੇਰਾ ਆਉਣਾ ਜਾਣਾ,
ਕੀ ਆ ਨੀ ਬੀਬੀ ਤੇਰਾ ਨਾਂ।
'ਮੂਨਕਾਂ' ਨੀ ਬੀਬੀ ਮੇਰਾ ਆਉਣਾ ਜਾਣਾ,
ਦੱਸਿਓ ਨਾ ਸਹੀਓ ਮੇਰਾ ਨਾਂ।
ਕਿਥੇ ਨੀ ਬੀਬੀ ਤੇਰਾ ਆਉਣਾ ਜਾਣਾ,
ਕਿਹੜਾ ਨੀ ਸ਼ਹਿਰ ਗਰਾਂ।
'ਮੂਨਕਾਂ' ਵੇ ਮਾਪਿਓ ਮੇਰਾ ਆਉਣਾ ਜਾਣਾ,
'ਤੂਰਾਂ' ਵੇ ਮੇਰਾ ਸ਼ਹਿਰ ਗਰਾਂ।
ਛੱਡਿਆ ਵੇ ਮਾਪਿਓ...
ਤੁਹਾਡਾ ਆਉਣਾ ਜਾਣਾ,
ਮੱਲਿਆ ਵੇ 'ਤੂਰਾਂ' ਸ਼ਹਿਰ ਗਰਾਂ।
ਕਾਹਨੂੰ ਗੁੰਦਾਈਆਂ ਮਾਏਂ ਮੀਢੀਆਂ,
ਸੁਹਣਾ ਤੇ ਸਾਵਾ ਪਾਇਆ ਵੇਸ ਨੀ।
ਅੱਖੀਆਂ ਡੁੱਲ੍ਹ-ਡੁੱਲ੍ਹ ਪੈਂਦੀਆਂ,
ਚੱਲੀਆਂ ਬੇਗਾਨੇ ਦੇਸ ਨੀ ਮਾਏਂ ਭੋਲੀਏ।
ਪੁੱਤਾਂ ਨੇ ਮੱਲੇ ਮਹਿਲ-ਚੁਬਾਰੇ,
ਧੀਆਂ ਦੇ ਵੱਡੇ ਪਰਦੇਸ ਨੀ।
ਅੱਖੀਆਂ ਡੁੱਲ੍ਹ-ਡੁੱਲ੍ਹ ਪੈਂਦੀਆਂ,
ਚੱਲੀਆਂ ਬੇਗਾਨੇ ਦੇਸ ਨੀ ਮਾਏਂ ਭੋਲੀਏ।
ਮੈਨੂੰ ਰੱਖ ਲੈ ਬਾਬਲ ਵੇ,
ਅੱਜ ਦੀ ਰਾਤ ਉਧਾਰੀ।
ਵਿਹੜੇ ਬੈਠੀ ਮਾਂ,
ਮੈਂ ਵਿਛੜ ਚੱਲੀ ਆਪ ਨੀ।
ਕੀਕਣ ਰੱਖਾਂ ਧੀਏ ਨੀ,
ਮੈਂ ਸੱਜਣ ਸਦਾ ਲਏ ਆਪ ਨੀ।
ਮੈਨੂੰ ਰੱਖ ਲੈ ਵੀਰਾ ਵੇ,
ਅੱਜ ਦੀ ਰਾਤ ਉਧਾਰੀ।
ਵਿਹੜੇ ਬੈਠੀ ਭਾਬੀਏ,
ਮੈਂ ਵਿਛੜ ਚੱਲੀ ਆਪ ਨੀ।
ਕੀਕਣ ਰੱਖਾਂ ਨਣਦੇ,
ਮੈਂ ਸੱਜਣ ਸਦਾ ਲਏ ਆਪ ਨੀ।
ਮੈਨੂੰ ਰੱਖ ਲੈ ਚਾਚਾ ਵੇ,
ਅੱਜ ਦੀ ਰਾਤ ਉਧਾਰੀ।
ਵਿਹੜੇ ਬੈਠੀ ਚਾਚੀਏ,
ਮੈਂ ਵਿਛੜ ਚੱਲੀ ਆਪ ਨੀ।
ਕੀਕਣ ਰੱਖਾਂ ਭਤੀਜੀਏ,
ਮੈਂ ਸੱਜਣ ਸਦਾ ਲਏ ਆਪ ਨੀ।
ਹਰੀਏ ਨੀ ਰਸ ਭਰੀਏ ਖਜੂਰੇ,
ਕਿਨ ਦਿੱਤਾ ਐਡੀ ਦੂਰੇ।
ਬਾਬਾ ਤਾਂ ਮੇਰਾ ਕਈ ਦੇਸਾਂ ਦਾ ਰਾਜਾ,
ਜਿਨ ਦਿੱਤਾ ਏਡੀ ਦੂਰੇ।
ਦਾਦੀ ਤਾਂ ਮੇਰੀ ਕਈ ਦੇਸਾਂ ਦੀ ਰਾਣੀ,
ਦਾਜ ਦਿੱਤਾ ਗੱਡ ਪੂਰੇ।
ਹਰੀਏ ਨੀ ਰਸ ਭਰੀਏ ਖਜੂਰੇ,
ਕਿਨ ਦਿੱਤਾ ਐਡੀ ਦੂਰੇ।
ਬਾਬਲ ਤਾਂ ਮੇਰਾ ਕਈ ਦੇਸਾਂ ਦਾ ਰਾਜਾ,
ਜਿਨ ਦਿੱਤਾ ਏਡੀ ਦੂਰੇ।
ਮਾਤਾ ਤਾਂ ਮੇਰੀ ਕਈ ਦੇਸਾਂ ਦੀ ਰਾਣੀ,
ਦਾਜ ਦਿੱਤਾ ਗੱਡ ਪੂਰੇ।
ਸਾਡਾ ਚਿੜੀਆਂ ਦਾ ਚੰਬਾ ਵੇ,
ਬਾਬਲ ਅਸੀਂ ਉਡ ਵੇ ਜਾਣਾ।
ਸਾਡੀ ਲੰਮੀ ਉਡਾਰੀ ਵੇ,
ਬਾਬਲ ਕਿਹੜੇ ਦੇਸ ਜਾਣਾ।
ਤੇਰੇ ਮਹਿਲਾਂ ਦੇ ਵਿਚ-ਵਿਚ ਵੇ,
ਬਾਬਲ ਗੁੱਡੀਆਂ ਕੌਣ ਖੇਡੇ।
ਮੇਰੀਆਂ ਖੇਡਣ ਪੋਤਰੀਆਂ,
ਧੀਏ ਘਰ ਜਾਹ ਆਪਣੇ।
ਤੇਰੇ ਮਹਿਲਾਂ ਦੇ ਵਿਚ-ਵਿਚ ਵੇ,
ਬਾਬਲ ਡੋਲਾ ਨਹੀਓਂ ਲੰਘਦਾ।
ਇਕ ਇੱਟ ਪੁਟਾ ਦੇਵਾਂ,
ਧੀਏ ਘਰ ਜਾਹ ਆਪਣੇ।
ਸਾਡਾ ਚਿੜੀਆਂ ਦਾ ਚੰਬਾ ਵੇ,
ਬਾਬਲ ਅਸੀਂ ਉਡ ਵੇ ਜਾਣਾ।
ਸਾਡੀ ਲੰਮੀ ਉਡਾਰੀ ਵੇ,
ਬਾਬਲ ਕਿਹੜੇ ਦੇਸ ਜਾਣਾ।
|