ਸੈਫ਼-ਉਲ-ਮਲੂਕ ਮੀਆਂ ਮੁਹੰਮਦ ਬਖ਼ਸ਼
ਅੱਵਲ ਹਮਦ ਸਨਾ ਰੱਬੇ ਦੀ ਸ਼ੁਕਰ ਅਲਹਮਦ ਲਿਖਾਈਏ
ਕਰਮ ਉਹਦੇ ਦੀ ਹੱਦ ਨਾ ਕਾਈ ਰਹਿਮਤ ਅੰਤ ਨਾ ਪਾਈਏ ।(੭੮੬੦)
ਦੂਰ ਕਰੇ ਸਭ ਜ਼ਹਿਮਤ ਜਿਸ ਦਮ ਮਿਹਰੀਂ ਆਵੇ ਸਾਈਂ
ਲਾਖ ਮਨਾਂ ਦੀ ਧੋਇ ਪਲੀਤੀ ਪਾਕ ਕਰੇ ਕੁਲ ਜਾਈਂ
ਸੁੱਕੇ ਵਹਿਣ ਕਰੇਂਦਾ ਜਾਰੀ ਖੇਤ ਸੁਹਾਵਣ ਨਹਿਰਾਂ
ਗਰਮ ਬਜ਼ਾਰ ਮਚਾਵੇ ਰੌਣਕ ਉੱਜੜਿਆਂ ਮੁੜ ਸ਼ਹਿਰਾਂ
ਰੋਗੀ ਬਦਨ ਦਰੁਸਤ ਕਰੇਂਦਾ ਦੇ ਅੰਨ੍ਹਿਆਂ ਰੁਸ਼ਨਾਈਆਂ
ਗਏ ਗੁਆਤੇ ਪੁੱਤ ਪਿਆਰੇ ਵੱਤ ਮਿਲਾਵੇ ਮਾਈਆਂ
ਲੋ ਮਾਰੇ ਸੈ ਬਾਗ਼ ਹਜ਼ਾਰਾਂ ਬਾਰਾਂ ਨਾਲ਼ ਸੰਵਾਰੇ
ਸਿਕਦੇ ਰੂਹ ਮੁਹੰਮਦ ਬਖਸ਼ਾ ਮੇਲੇ ਯਾਰ ਪਿਆਰੇ
ਐ ਬਾਬਲ ਤੂੰ ਕਿਬਲਾ ਕਾਅਬਾ ਦਿਲ ਤੇ ਜਾਨ ਮੇਰੀ ਦਾ
ਦਾਇਮ ਇਸਮ ਸ਼ਰੀਫ਼ ਤੁਸਾਡਾ ਵਿਰਦ ਜ਼ਬਾਨ ਮੇਰੀ ਦਾ
ਦਰ ਤੇਰੇ ਦੀ ਖ਼ਾਕ ਅਸਾਨੂੰ ਸੁਰਮਾ ਐਨ ਨੂਰਾਨੀ
ਤਖ਼ਤ ਤੇਰਾ ਕੋਹ ਤੂਰ ਤੇ ਚਿਹਰਾ ਚਸ਼ਮਾ ਫ਼ੈਜ਼ ਰੱਬਾਨੀ
ਜ਼ਿਲਿੱ-ਅੱਲ੍ਹਾ ਵਜੂਦ ਤੁਸਾਡਾ ਛਤਰ ਮੇਰੇ ਸਿਰ ਸਾਇਆ
ਕਦਮ ਤੇਰੇ ਦੀ ਧੂੜ ਮੁਬਾਰਿਕ ਚਾਹਾਂ ਤਾਜ ਬਣਾਇਆ
ਸੈਫ਼-ਮਲੂਕ ਤੇਰਾ ਇਕ ਬੇਟਾ ਫ਼ਰਜ਼ੰਦਾਂ ਵਿਚ ਨੀਵਾਂ
ਨਫ਼ਰ ਗ਼ੁਲਾਮ ਕਮੀਨਾ ਬੰਦਾ ਸ਼ਾਹ ਤੋਂ ਸਦਕਾ ਥੀਵਾਂ
ਬੇ ਮਿਕਦਾਰ ਨਾਚੀਜ਼ਾ ਆਜ਼ਿਜ਼ ਔਗਣਹਾਰ ਨਿਕਾਰਾ
ਸੂਰਜ ਤੇਰੇ ਦਾ ਇਕ ਜ਼ੱਰਾ ਕਰਦਾ ਅਰਜ਼ ਬੇਚਾਰਾ
ਕਿਬਲਾ ਗਾਹ ਹਕੀਕੀ ਕੋਲੋਂ ਜਾਂ ਮੈਂ ਰੁਖ਼ਸਤ ਹੋਇਆ
ਲਾਖ ਮੁਸੀਬਤ ਸਖ਼ਤੀ ਡਿੱਠੀ ਰੱਜ ਰੱਜ ਹੰਝੂ ਰੋਇਆ ।(੭੮੭੦)
ਜੇ ਉਹ ਹਾਲ ਸੁਣਾਵਾਂ ਸਾਰਾ ਦਫ਼ਤਰ ਬਣਦਾ ਭਾਰਾ
ਬਾਬਲ ਦੇ ਦੁੱਖ ਹੋਵਣ ਦੂਣੇ ਅੱਗੇ ਹੀ ਦੁਖਿਆਰਾ
ਅੱਜ ਮੇਰੇ ਸਿਰ ਰਹਿਮਤ ਵੁਠੀ ਠੰਡ ਪਈ ਵਿਚ ਪਿੱਤੇ
ਨਾਲ਼ ਦੁਆ ਤਵੱਜੁ ਤੇਰੀ ਸਭ ਮਤਲਬ ਰੱਬ ਦਿੱਤੇ
ਮਹਿਜ਼ ਤੁਫ਼ੈਲ ਤੁਸਾਡੀ ਮੈਂ ਪਰ ਹੋਇਆ ਫ਼ਜ਼ਲ ਹਜ਼ੂਰੋਂ
ਮਦਦ ਕਿਬਲਾ ਗਾਹ ਦੀ ਕੋਲੋਂ ਲੱਥੇ ਰੰਜ ਰੰਜੂਰੋਂ
ਮੈਂ ਵਿਚ ਕੁੱਝ ਨਾ ਆਹੀ ਸੇਖ਼ੀ ਨਾ ਕੁੱਵਤ ਹੁਸ਼ਿਆਰੀ
ਹਰ ਆਫ਼ਤ ਥੀਂ ਰਾਖੀ ਹੋਈ ਹਿੰਮਤ ਖ਼ਾਸ ਤੁਮ੍ਹਾਰੀ
ਤੁਸਾਂ ਨਿਗਾਹ ਮੇਰੇ ਵੱਲ ਰੱਖੀ ਦਿੱਤੀਆਂ ਨੇਕ ਦੁਆਈਂ
ਤਾਂ ਇਹ ਸਫ਼ਰ ਇਸ਼ਕ ਦੇ ਸਾਧੇ ਗਾਹੇ ਦਿਓ ਬਲਾਈਂ
ਜਿਸ ਮਤਲਬ ਨੂੰ ਤੁਰਿਆ ਹੈਸਾਂ ਉਹ ਮਤਲਬ ਹੁਣ ਪਾਇਆ
ਡਿੱਠਾ ਰੂਪ ਅਨੂਪ ਪਰੀ ਦਾ ਬਾਗ਼-ਇਰਮ ਵਿਚ ਆਇਆ
ਸ਼ਾਹ ਸ਼ਾਹਪਾਲ ਪਰੀ ਦੇ ਬਾਬਲ ਬਹੁਤ ਮੁਹੱਬਤ ਕੀਤੀ
ਸਾਕ ਧੀਉ ਦਾ ਦੇਣਾ ਕੀਤੋਸੁ ਨਾਲ਼ ਦਿਲੇ ਦੀ ਨੀਤੀ
ਇੱਜ਼ਤ ਬਹੁਤ ਕਰੇ ਵਡਿਆਈ ਮਿਹਰ ਘਣੀ ਹਕ ਮੇਰੇ
ਹੱਥੀਂ ਛਾਵਾਂ ਕਰਨ ਬੰਦੇ ਨੂੰ ਸਭ ਮਹਾਬੀ ਤੇਰੇ
ਸ਼ਾਹ ਸ਼ਾਹਪਾਲ ਜਮਾਲ ਤੇਰੇ ਦੀ ਰੱਖਦਾ ਚਾਹ ਘਣੇਰੀ
ਕਦਮ ਮੁਬਾਰਿਕ ਰੰਜਾ ਕਰੀਓ ਆਸ ਪੁੱਗੇ ਤਦ ਮੇਰੀ
ਨਾਲ਼ ਇਕਬਾਲ ਤੁਸਾਡੇ ਹੋਈ ਬੰਦੇ ਦੀ ਕੁੜਮਾਈ
ਆਪ ਆਓ ਤਾਂ ਕਾਜ ਸੁਹਾਇ ਢਿੱਲ ਨਹੀਂ ਮੁੜ ਕਾਈ ।(੭੮੮੦)
ਜਿਉਂ ਅੱਗੇ ਅਹਿਸਾਨ ਕਮਾਏ ਮੈਂ ਪਰ ਤੁਸਾਂ ਜ਼ਿਆਦਾ
ਤਿਵੇਂ ਹੋਰ ਮੁਰੱਵਤ ਸਮਝੋ ਇਤ ਵੱਲ ਕਰੋ ਇਰਾਦਾ
ਕਰੋ ਮੁਆਫ਼ ਬੇਅਦਬੀ ਮੇਰੀ ਰੱਦ ਸਵਾਲ ਨਾ ਹੋਵੇ
ਨਹੀਂ ਮੁਰਾਦ ਤੁਸਾਡਾ ਜਾਂ ਜਾਂ ਪਾਕ ਜਮਾਲ ਨਾ ਹੋਵੇ
ਬਖ਼ਸ਼ੋ ਸ਼ੋਖ਼ੀ ਤੇ ਗੁਸਤਾਖ਼ੀ ਰਹਿਮਤ ਕਰਮ ਕਮਾਉ
ਸਾਰ ਵਿਸਾਰ ਨਾ ਬਹੁ ਬੰਦੇ ਦੀ ਹਰਗਿਜ਼ ਮਨੋਂ ਨਾ ਲਾਹੋ
ਦਿਲਬਰ ਯਾਰ ਮੇਰੇ ਵੱਸ ਹੋਸੀ ਜਦੋਂ ਤੁਸਾਂ ਮੂੰਹ ਲਾਇਆ
ਕੁਲ ਮੁਰਾਦਾਂ ਹਾਸਲ ਹੋਸਣ ਕਦਮ ਇਥੇ ਜਦ ਪਾਇਆ
ਆਵੇ ਪੈਰ ਵਧਾਵੇ ਅੱਗੇ ਦਰਜੇ ਐਨ ਯਕੀਨੋਂ
ਮਹਿਰਮ ਕਰੇ ਮੁਹੰਮਦ ਬਖਸ਼ਾ ਹਕ-ਉਲ-ਖ਼ਾਸ ਯਕੀਨੋਂ
ਸਭ ਦੀਦਾਰ ਤੇਰੇ ਦੇ ਸ਼ੌਂਕੀ ਜੋ ਲੋਕੀ ਇਸ ਪਾਸੇ
ਕਰੋ ਗ਼ਰੀਬ ਨਿਵਾਜ਼ੀ ਹਜ਼ਰਤ ਤੋੜ ਚੜ੍ਹਾਉ ਆਸੇ
ਬਾਗ਼-ਇਰਮ ਵਿਚ ਸਣੇ ਵਜ਼ੀਰਾਂ ਖ਼ੁਦ ਤਸ਼ਰੀਫ਼ ਪੁਚਾਓ
ਸਾਲਿਹ ਇਬਨ ਹਮੀਦ ਵਜ਼ੀਰੇ ਨਾਲ਼ ਜ਼ਰੂਰ ਲਿਆਓ
ਥੋੜੇ ਲਫ਼ਜ਼ ਲਿਖੇ ਮੈਂ ਅਦਬੋਂ ਮੱਤ ਦਿਲਗੀਰੀ ਆਵੇ
ਮਤਲਬ ਬਹੁਤ ਉਹਦੇ ਵਿਚ ਜਾਣੋਂ ਆਖ ਸਲਾਮ ਮੁਕਾਵੇ
ਜਾਂ ਸ਼ਾਹਪਾਲ ਸੁਣੀ ਇਹ ਅਰਜ਼ੀ ਬਹੁਤ ਦਿਲੋਂ ਖ਼ੁਸ਼ ਹੋ ਕੇ
ਸ਼ਾਬਸ਼ ਦੇਇ ਸ਼ਹਿਜ਼ਾਦੇ ਤਾਈਂ ਦਸਦਾ ਸਾਰੇ ਲੋਕੇ
ਅਰਜ਼ੀ ਉੱਤੇ ਚਾੜ੍ਹ ਲਿਫ਼ਾਫ਼ਾ ਮੁਹਰ ਜੜੀ ਸ਼ਾਹਪਾਲੇ
ਆਹੂ-ਖ਼ਾਤਿਫ਼ ਦੇ ਹੱਥ ਦਿੱਤੀ ਪੰਧ ਮਿਸਰ ਵੱਲ ਚਾਲੇ ।(੭੮੯੦)
ਹੁਕਮ ਦਿੱਤਾ ਸ਼ਾਹਪਾਲ ਬਹਾਦਰ ਕਰੋ ਤਿਆਰੀ ਰਾਹ ਵੱਲ
ਟੁਰੋ ਵਕੀਲ ਅਕਾਬਰ ਵੱਡੇ ਹਜ਼ਰਤ ਆਸਿਮ ਸ਼ਾਹ ਵੱਲ
ਫ਼ਾਜ਼ਿਲ ਚਿਹਲ ਹਕੀਮ ਸਿਆਣੇ ਹੋਰ ਪਰੀ ਸੌ ਚਾਰੇ
ਦੋ ਸੌ ਨਾਲ਼ ਅਫ਼ਰੇਤ ਬਹਾਦਰ ਡੇਰਾ ਚਾਵਣ-ਹਾਰੇ
ਸਰਾਂਦੀਪ ਨਗਰ ਦਾ ਵਾਲੀ ਨਾਲ਼ੇ ਸਾਇਦ ਭਾਈ
ਨਾਲ਼ੇ ਹਾਸ਼ਮ ਕੁਲਜ਼ਮ ਵਾਲਾ ਇਹ ਚਲੇ ਕਰ ਧਾਈ
ਡੇਰਾ ਚਾ ਲਿਆ ਅਫ਼ਰੇਤਾਂ ਕਿਆ ਆਦਮ ਕਿਆ ਘੋੜੇ
ਵਿਚ ਹਵਾਏ ਉੱਡ ਖਲੋਤੇ ਪੰਧ ਨਾ ਕਰਦੇ ਥੋੜੇ
ਤੁਹਫ਼ੇ ਤੇ ਸੌਗ਼ਾਤਾਂ ਘੱਲੀਆਂ ਅਜਬ ਨਫ਼ਾਇਸ ਚੀਜ਼ਾਂ
ਆਸਮ ਸ਼ਾਹ ਤੇ ਸਾਲਿਹ ਤਾਈਂ ਦੇਹੋ ਵਾਂਗ ਅਜ਼ੀਜ਼ਾਂ
ਖ਼ਾਸ ਆਪਣੇ ਦਸ ਥਾਨ ਅਜਾਇਬ ਕੱਪੜੇ ਕੀਮਤ ਵਾਲੇ
ਸ਼ਹਿਜ਼ਾਦੇ ਦੀ ਮਾਈ ਕਾਰਨ ਘੱਲੇ ਬਦੀਅ-ਜਮਾਲੇ
ਅਲਕਿੱਸਾ ਉਹ ਡੇਰਾ ਸਾਰਾ ਹੋਇਆ ਮਿਸਰ ਵੱਲ ਰਾਹੀ
ਆਹੂ-ਖ਼ਾਤਿਫ਼ ਗਿਆ ਅਗੇਰੇ ਦੇਵਣ ਖ਼ਬਰ ਅਗਾਹੀ
ਸ਼ਹਿਜ਼ਾਦੇ ਤੇ ਸ਼ਾਹ-ਪਰੀ ਨੂੰ ਲੱਗੀ ਆਸ ਮਿਲਣ ਦੀ
ਘੜੀਆਂ ਮਿਣਦੇ ਤੇ ਦਿਨ ਗਿਣਦੇ ਕਦ ਸ਼ਾਦੀ ਹੁਣ ਬਣਦੀ
ਫ਼ੌਜ ਚੜ੍ਹੀ ਸੁਲਤਾਨ ਇਸ਼ਕ ਦੀ ਐਸੀ ਭੀੜ ਮਚਾਇਓਸੁ
ਸਾਇਤ ਜੇਡ ਦਿਸੇ ਪਲਕਾਰਾ ਘੜੀਓਂ ਰੋਜ਼ ਬਣਾਇਓਸੁ
ਇੱਕ ਇੱਕ ਰੋਜ਼ ਦਿਸੇ ਜਿਉਂ ਹਫ਼ਤਾ ਹਫ਼ਤਾ ਵਾਂਗਰ ਸਾਲੇ
ਸਾਲ ਮਹੀਨੇ ਉਮਰਾਂ ਜਿੱਡੇ ਕੌਣ ਇਚਰ ਤੱਕ ਜਾਲੇ ।(੭੯੦੦)
ਸਖ਼ਤ ਅਯਾਮ ਵਿਛੋੜੇ ਵਾਲੇ ਆ ਰਹਿੰਦੇ ਜਦ ਥੋੜੇ
ਹਿਰਸ ਮਿਲਣ ਦੀ ਰਹੇ ਨਾ ਠੱਲ੍ਹੀ ਆਸ਼ਿਕ ਪੈਂਦੇ ਸੌੜੇ
ਨੀਂਦਰ ਭੁੱਖ ਨਾ ਰਹਿੰਦੀ ਮੂਲੇ ਅਮਨ ਕਰਾਰ ਇੱਕ ਜਾਈ
ਉਠ ਉਠ ਤੱਕਦੇ ਕਦੀ ਨਾ ਥੱਕਦੇ ਨਜ਼ਰ ਰਾਹਾਂ ਪਰ ਲਾਈ
ਕਿਹੜੀ ਘੜੀ ਮੁਬਾਰਿਕ ਵਾਲੀ ਝੱਬਦੇ ਝੱਬਦੇ ਆਵੇ
ਨਾਲ਼ ਸੱਜਣ ਦੇ ਵਾਸਿਲ ਹੋਵੇ ਫ਼ਿਕਰ ਹਿਜਰ ਦਾ ਜਾਵੇ
ਆ ਸਾਕੀ ਭਰ ਦੇ ਸੁਰਾਹੀ ਸੁੱਚੀ ਲਾਲ਼ ਸ਼ਰਾਬੋਂ
ਪੀ ਪੀ ਮਸਤ ਵਸਲ ਦੇ ਹੋਈਏ ਪਾਕ ਫ਼ਿਰਾਕ ਅਜ਼ਾਬੋਂ
ਰਲ਼ ਕੇ ਬੈਠ ਪਿਆਰੇ ਸਾਰੇ ਕਰੀਏੈ ਮਸਤ ਸਬੂਹੀ
ਖ਼ੁਸ਼ੀਆਂ ਨਾਲ਼ ਮੁਹੰਮਦ ਬਖਸ਼ਾ ਮਿਲਣ ਮੁਰਾਦਾਂ ਰੂਹੀ
ਵਾਹ ਵਾਹ ਰੁੱਤ ਬਸੰਤੀ ਆਈ ਗਈ ਸਿਆਲੀ ਸਰਦੀ
ਬੂ ਬਹਾਰ ਸੁਖਾਵਣ ਲੱਗੀ ਝੁੱਲੀ ਵਾਇ ਫ਼ਜਰ ਦੀ
ਰਹਿਮਤ ਬਾਰਾਂ ਵਕਤ ਬਹਾਰਾਂ ਰੰਗ ਲੱਗੇ ਗੁਲਜ਼ਾਰਾਂ
ਭੌਰ ਹਜ਼ਾਰਾਂ ਬੰਨ੍ਹ ਕਤਾਰਾਂ ਆਏ ਮਿਸਲ ਸਵਾਰਾਂ
ਰੱਖਾਂ ਨਵੇਂ ਸ਼ਿਗੂਫ਼ੇ ਕੱਢੇ ਨਹਿਰਾਂ ਨੀਰ ਉਛੱਲੇ
ਸਬਜ਼ੇ ਸਾਰੀ ਜੂਹ ਸੁਹਾਈ ਛਾਵਾਂ ਨੇ ਪਿੜ ਮੱਲੇ
ਬੁਲਬੁਲ ਨੂੰ ਖ਼ੁਸ਼ਬੂ ਫੁੱਲਾਂ ਦੀ ਆਈ ਲੈ ਸੁਨੇਹੇ
ਚੱਲ ਗੁਲਾਬਾਂ ਯਾਦ ਕੀਤਾ ਈ ਦਰਦ ਹਿਜਰ ਕਰ ਬੇਹੇ
ਦਰਦ ਵਿਛੁੰਨੀ ਬਹੁਤੀ ਰੁੰਨੀ ਹੋਈਏ ਚੱਲ ਮੁਲਾਕੀ
ਰਹਿਮਤ ਦੇ ਦਰਵਾਜ਼ੇ ਖੁੱਲੇ ਮਾਰ ਗ਼ਮਾਂ ਨੂੰ ਤਾਕੀ ।(੭੯੧੦)
ਸ਼ਾਰਿਸਤਾਨੋਂ ਰੁਖ਼ਸਤ ਹੋ ਕੇ ਦਿਓ ਮਿਸਰ ਨੂੰ ਆਏ
ਨੀਲ ਨਦੀ ਦੇ ਦੰਦੇ ਉੱਤੇ ਆ ਕਰ ਡੇਰੇ ਲਾਏ
ਦੇਵਾਂ ਪਰੀਆਂ ਆਦਮ ਰੰਗੀ ਕਾਇਆਂ ਚਾ ਉਲਟਾਈ
ਫਿਰ ਭੀ ਕੌਮ ਨਿਆਰੀ ਦਿੱਸੇ ਵੇਖ ਡਰੇ ਹਰ ਕਾਈ
ਵੇਖ ਦੇਵਾਂ ਦੇ ਰੰਗ ਡਰਾਉਣੇ ਖ਼ਲਕਤ ਡਰ ਡਰ ਨੱਠੇ
ਜਾ ਦਰਬਾਰ ਸ਼ਹਾਨੇ ਅੰਦਰ ਹੋਏ ਹਜੂਮ ਇਕੱਠੇ
ਦੇਵਤਿਆਂ ਨੂੰ ਵੇਖ ਲੋਕਾਈ ਦੇਂਦੀ ਫਿਰੇ ਦੁਹਾਈ
ਯਾ ਰੱਬਾ ਇਹ ਫ਼ੌਜ ਕਿਵੇਹੀ ਖਾਵਣ ਸਾਨੂੰ ਆਈ
ਜ਼ਾਹਰ ਮਾਰਨ ਵਾਲੀ ਦਿੱਸੇ ਬਾਤਨ ਜਿੰਦੂ-ਦਾਤੀ
ਬਾਹਰੋਂ ਬਾਰ ਹਨੇਰੀ ਲੱਭੇ ਅੰਦਰ ਆਬ ਹੱਯਾਤੀ
ਮਸਨਵੀਓਂ ਇਹ ਮਾਅਨੇ ਲੱਭਣ ਜੇ ਕੋਈ ਸਮਝੇ ਭਾਲੇ
ਓਸ ਹਿਕਾਇਤ ਵਿਚੋਂ ਜਿਥੇ ਪੇਟੋਂ ਨਾਗ ਨਿਕਾਲੇ
ਕਿੱਸਾ ਸਾਰਾ ਦੇਇ ਇਸ਼ਾਰਾ ਜੇ ਕੋਈ ਸਮਝਣ ਹਾਰਾ
ਕਾਹਨੂੰ ਜ਼ਾਹਿਰ ਕਰੇਂ ਮੁਹੰਮਦ ਗੁੱਝਾ ਭੇਤ ਨਿਆਰਾ
ਜਿਸ ਅਫ਼ਰੇਤ ਲਿਆਂਦੀ ਅਰਜ਼ੀ ਆਹੂ-ਖ਼ਾਤਿਫ਼ ਨਾਵਾਂ
ਡੇਰਾ ਛੋੜ ਅਗੇਰੇ ਆਇਆ ਅੱਵਲ ਖ਼ਬਰ ਪੁਚਾਵਾਂ
ਸ਼ਾਰਿਸਤਾਨੋਂ ਸਾ-ਦਿਹਾੜੀ ਪਹੁਤਾ ਮਿਸਰ ਦੁਆਰੇ
ਜ਼ੋਰ ਉਨ੍ਹਾਂ ਨੂੰ ਇਹੋ ਜੇਹੇ ਦਿੱਤੇ ਦੇਵਣ ਹਾਰੇ
ਜਾ ਅਫ਼ਰੇਤ ਮਿਸਰ ਵਿਚ ਪਹੁਤਾ ਬਾਦਸ਼ਾਹੀ ਦਰਵਾਜ਼ੇ
ਆ ਦਰਬਾਨ ਬੁਲਾਏ ਉਸ ਨੇ ਉੱਚੇ ਨਾਲ਼ ਆਵਾਜ਼ੇ ।(੭੯੨੦)
ਸ਼ਕਲ ਸ਼ਮਾਇਲ ਉਸ ਦੀ ਤੱਕ ਕੇ ਖ਼ੌਫ਼ ਲੱਗਾ ਦਰਬਾਨਾਂ
ਕੁੱਝ ਨੱਠੇ ਕੁੱਝ ਡਰੀਅਲ ਹੋਏ ਨੱਕ ਵਿਚ ਆਈਆਂ ਜਾਨਾਂ
ਅਫ਼ਰੇਤੇ ਨੇ ਕਿਹਾ ਸ਼ਿਤਾਬੀ ਡਰੋ ਨਾ ਮਿਸਰੀ ਲੋਕੋ
ਮੈਂ ਹਾਂ ਏਲਚੀ ਬਾਦ ਸ਼ਹਾਨਾ ਸੰਗਲ ਦਰੀਂ ਨਾ ਠੋਕੋ
ਸ਼ਮ੍ਹਾ ਜਮਾਲ ਸ਼ਹਾਨਾ ਤੱਕ ਕੇ ਦੇਣੇ ਵਲ ਪਰਵਾਨੇ
ਹੋ ਕੇ ਨਾਲ਼ ਪੁਚਾਓ ਅੰਦਰ ਨਾਹੀਂ ਅਸੀਂ ਬੇਗਾਨੇ
ਦਰਬਾਨਾ ਫ਼ੁਰਮਾਇਆ ਅੱਗੋਂ ਕਾਹਨੂੰ ਅੰਦਰ ਜਾਸੇਂ
ਆਸਿਮ ਸ਼ਾਹ ਅਸਾਡੇ ਸੰਦਾ ਦਰਸ਼ਨ ਮੂਲ ਨਾ ਪਾਸੇਂ
ਉਹ ਬੇਟੇ ਦੇ ਦਰਦ ਫ਼ਿਰਾਕੋਂ ਗੋਸ਼ੇ ਅੰਦਰ ਰਹਿੰਦਾ
ਨਾ ਕੋਈ ਗੱਲ ਕਲਾਮ ਕਿਸੇ ਸੰਗ ਨਹੀਂ ਤਖ਼ਤ ਪਰ ਬਹਿੰਦਾ
ਫੇਰ ਅਫ਼ਰੇਤ ਕਹੇ ਮੈਂ ਆਂਦਾ ਦਰਦ ਉਹਦੇ ਦਾ ਦਾਰੂੰ
ਮੇਰੇ ਹੱਥੋਂ ਰੱਬ ਕਰੇਗਾ ਬਾਂਦਾ ਹਿਜਰ ਅਜ਼ਾਰੂੰ
ਮੈਂ ਤਬੀਬ ਉਨ੍ਹਾਂ ਦਾ ਆਇਆ ਘਿਨ ਪੁੜੀ ਤਰਿਆਕੋਂ
ਪੜ੍ਹ ਮੰਤਰ ਤੇ ਜੰਤਰ ਕੱਢਸਾਂ ਬਿਸੁਲਾ ਜ਼ਹਿਰ ਫ਼ਿਰਾਕੋਂ
ਸ਼ਾਹਪਾਲੇ ਸ਼ਾਹਰੁਖ਼ ਦੇ ਬੇਟੇ ਬਾਗ਼-ਇਰਮ ਥੀਂ ਘੱਲਿਆ
ਸੈਫ਼-ਮਲੂਕੇ ਦੀ ਲੈ ਅਰਜ਼ੀ ਆਸਿਮ ਸ਼ਾਹ ਵੱਲ ਚਲਿਆ
ਆਸਿਮ ਸ਼ਾਹ ਦੀ ਖ਼ਾਸ ਕਚਹਿਰੀ ਮੈਨੂੰ ਚੱਲ ਦਸਾਲੋ
ਨਾਲ਼ ਮੇਰੇ ਹਮਰਾਹੀ ਹੋ ਕੇ ਵੰਝ ਹਜ਼ੂਰ ਬਹਾਲੋ
ਜਿਸ ਦਮ ਸੈਫ਼-ਮਲੂਕੇ ਵਾਲੀ ਖ਼ਬਰ ਸੁਣੀ ਦਰਬਾਨਾਂ
ਅਚਨਚੇਤ ਗਈਆਂ ਖੁੱਲ ਅੱਖੀਂ ਖ਼ੁਸ਼ੀ ਹੋਈ ਵਿਚ ਜਾਨਾਂ ।(੭੯੩੦)
ਭੱਜਦੇ ਭੱਜਦੇ ਗਏ ਸ਼ਿਤਾਬੀ ਫੁੱਲੇ ਵਾਂਗ ਗੁਲਾਬਾਂ
ਹਾਸ਼ਮ ਸ਼ਾਹ ਦੇ ਹੁਜਰੇ ਆਏ ਨਾਲ਼ ਸ਼ਿਤਾਬ ਸ਼ਿਤਾਬਾਂ
ਜਿਸ ਦਿਨ ਸੈਫ਼-ਮਲੂਕ ਵਿਛੁੰਨਾ ਆਸਿਮ ਨੇ ਉਸ ਰੋਜ਼ੋਂ
ਤਖ਼ਤ ਉੱਤੇ ਮੁੜ ਪੈਰ ਨਾ ਧਰਿਆ ਬੇਟੇ ਦੇ ਗ਼ਮ ਸੋਜ਼ੋਂ
ਉਸ ਦਿਨ ਥੀਂ ਲੈ ਇਸ ਦਮ ਤੋੜੀ ਜਿਸ ਦਿਨ ਖ਼ਬਰਾਂ ਆਈਆਂ
ਆਸਿਮ ਸ਼ਾਹ ਚਿਲੇ ਵਿਚ ਸੱਭੋ ਰਾਤੀਂ ਜਾਗ ਲੰਘਾਈਆਂ
ਸੈਫ਼-ਮਲੂਕ ਜਣੇਂਦੀ ਮਾਈ ਹੁਕਮ ਕਰੇਂਦੀ ਆਹੀ
ਸਾਲਿਹ ਇਬਨ ਹਮੀਦ ਹਲਾਲੀ ਬਾਹਰ ਕਰੇਂਦਾ ਸ਼ਾਹੀ
ਹੋਰ ਅਮੀਰ ਵਜ਼ੀਰ ਅਕਾਬਰ ਕਰਦੇ ਕਾਰ-ਰਵਾਈ
ਸਿਰ ਤੇ ਸੀ ਇਕਬਾਲ ਸ਼ਹਾਨਾ ਹੁੰਦੀ ਕਦ ਖ਼ਤਾਈ
ਆਸਿਮ ਸ਼ਾਹ ਦਾ ਦੁੱਖ ਕਜ਼ੀਆ ਕਦ ਸੁਣਾਇਆ ਜਾਂਦਾ
ਵਾਂਗ ਨਬੀ ਯਾਕੂਬ ਹਮੇਸ਼ਾ ਰਿਹਾ ਕਲੇਜਾ ਖਾਂਦਾ
ਰੋ ਰੋ ਦੀਦੇ ਚਿੱਟੇ ਹੋਏ ਨੀਰ ਅੱਖੀਂ ਦੇ ਚੋਏ
ਅੱਖੀਂ ਕਜ ਢੱਠੇ ਭਰਵੱਟੇ ਪੁਟ ਪੁੜੀਆਂ ਵਿਚ ਟੋਏ
ਸਾਸ ਅੜੇ ਕੋਈ ਘੜੀ ਉਡੀਕਣ ਕੁਦਰਤ ਨਾਲ਼ ਪਰੋਏ
ਲਹੂ ਮਾਸ ਤਰਾਣ ਮੁਹੰਮਦ ਤਰੈਵੇ ਵਿਦਿਆ ਹੋਏ
ਹੱਡੀਆਂ ਨਾੜੀਂ ਤੇ ਚੰਮ ਬੇਚਾਰਾ ਤਰੈ ਰਹੇ ਵਫ਼ਾਈ
ਕੰਨ ਡੋਰੇ ਨਾਬੀਨੇ ਦੀਦੇ ਰੰਗੋਂ ਗਈ ਸਫ਼ਾਈ
ਦੰਦ ਨਿਕਲੇ ਹੱਡ ਕੜਕਣ ਲੱਗੇ ਕੁੱਵਤ ਹੋਸ਼ ਵਿਹਾਣੀ
ਮਿਅਦੇ ਮਗ਼ਜ਼ੋਂ ਆਤਸ਼ ਬੁੱਝੀ ਰਿਹਾ ਹੰਝੂ ਦਾ ਪਾਣੀ ।(੭੯੪੦)
ਕਾਲੇਵਾਲ ਸਫ਼ਾਈ ਵਾਲੇ ਹੋ ਗਏ ਸਭ ਬੱਗੇ
ਜਿਉਂ ਕਰ ਬਾਗ਼ੀਂ ਪੱਤ ਖ਼ਿਜ਼ਾਂ ਦੇ ਤਿਵੇਂ ਨਿਕਲਣ ਲੱਗੇ
ਸਬਰ ਕਰਾਰ ਆਰਾਮ ਦਿਲੇ ਦਾ ਖ਼ਾਬ ਖ਼ਿਆਲ ਬਣਾਇਆ
ਸੌਣੇ ਖਾਣੇ ਬੋਲਣ ਵਾਲਾ ਚੇਤਾ ਮਨੋਂ ਭੁਲਾਇਆ
ਸਭ ਸਬੱਬ ਹੱਯਾਤੀ ਵਾਲੇ ਛੱਡ ਕੇ ਹੋਏ ਕਿਨਾਰੇ
ਇਕ ਉਮੀਦ ਫ਼ਜ਼ਲ ਦੀ ਰੱਖਦੀ ਜ਼ਿੰਦਾ ਉਸ ਬੇਚਾਰੇ
ਦਿੱਤੀ ਜਦੋਂ ਮੁਬਾਰਿਕ ਬਾਦੀ ਦਰ ਪਰ ਜਾ ਦਰਬਾਨਾਂ
ਸੈਫ਼-ਮਲੂਕੇ ਕਾਗ਼ਜ਼ ਘੱਲਿਆ ਵਾਚ ਉੱਠ ਕੇ ਸੁਲਤਾਨਾ
ਕੰਨ ਆਵਾਜ਼ ਪਿਆ ਜਿਸ ਵੇਲੇ ਉਸ ਪੀਰੇ ਦਿਲਗੀਰੇ
ਡੋਰੇ ਕੰਨ ਗਏ ਖੁਲ ਓਵੇਂ ਨਾਲ਼ ਉਹਦੀ ਤਾਸੀਰੇ
ਸੁੱਕੇ ਘਾਹ ਉੱਤੇ ਜਿਉਂ ਬਰਸੇ ਸਾਵਣ ਮੀਂਹ ਬਹਾਰੀ
ਤਿਵੇਂ ਉਹ ਅਵਾਜ਼ਾ ਮਿਲਿਆ ਆਸਿਮ ਨੂੰ ਕਰ ਯਾਰੀ
ਨਿੱਕੇ ਨੀਂਗਰ ਮਸਜਿਦ ਵਾਲੇ ਸੁਣਿਆ ਸੁਖ਼ਨ ਛੁੱਟੀ ਦਾ
ਜਿਉਂ ਕੰਗਾਲ ਭਿਖਾਰੀ ਸੁਣਦੇ ਇਹ ਤੱਕ ਗੰਜ ਲੁੱਟੀ ਦਾ
ਯਾ ਜਿਉਂ ਵਾਲ ਜ਼ਿਆਰਤ ਵਾਲੇ ਕਲਮੇ ਸੁਣੇ ਮੌਲੂਦੋਂ
ਯਾ ਜਿਉਂ ਸ਼ਬ ਮਿਅਰਾਜ ਨਬੀ ਨੂੰ ਹੋਈ ਖ਼ੁਸ਼ੀ ਵਿਰੂਦੋਂ
ਉਠਿਆ ਤੁਰਤ ਮੁਸੱਲੇ ਉਤੋਂ ਜਿਉਂ ਕਰ ਕਾਹ ਜ਼ਮੀਨੋਂ
ਫੁੱਲਾਂ ਹਾਰ ਹੋਇਆ ਮੁੱਖ ਤਾਜ਼ਾ ਰੌਸ਼ਨ ਯਾਸਮੀਨੋਂ
ਉਠ ਬੈਠਣ ਦੀ ਕੁੱਵਤ ਹੋਈ ਦਿਲ ਨੂੰ ਹੋਸ਼ ਸੰਭਾਲਾ
ਉਚਰਾਂ ਤੀਕ ਲਿਆਇਆ ਸਾਲਿਹ ਖ਼ਤ ਸ਼ਹਿਜ਼ਾਦੇ ਵਾਲਾ ।(੭੯੫੦)
ਸਾਲਿਹ ਇਬਨ ਹਮੀਦੇ ਆ ਕੇ ਕਿਹਾ ਮਾਰ ਅਵਾਜ਼ਾ
ਲੱਖ ਮੁਬਾਰਿਕ ਹੇ ਸੁਲਤਾਨਾ! ਹੋ ਨਵੇਂ ਸਿਰ ਤਾਜ਼ਾ
ਇਕ ਅਫ਼ਰੇਤ ਅਸਾਂ ਤੱਕ ਸ਼ਾਹਾ ਖ਼ਬਰਾਂ ਲੈ ਕੇ ਆਇਆ
ਸ਼ਹਿਜ਼ਾਦੇ ਤੇ ਸਾਇਦ ਵਾਲਾ ਉਸ ਸਭ ਹਾਲ ਸੁਣਾਇਆ
ਖ਼ੈਰ ਖ਼ਬਰ ਸ਼ਹਿਜ਼ਾਦੇ ਵਾਲੀ ਨਾਲ਼ੇ ਬਾਗ਼-ਇਰਮ ਦੀ
ਯੱਕ-ਬ-ਯੱਕ ਸੁਣਾਇਓਸੁ ਸਾਰੀ ਹੋਰ ਮੁਬਾਰਿਕ ਕੰਮ ਦੀ
ਆਸਿਮ ਸ਼ਾਹ ਕਿਹਾ ਐ ਸਾਲਿਹ ਇਹ ਗੱਲ ਖ਼ਾਬ ਖ਼ਿਆਲੋਂ
ਖ਼ਾਬ ਖ਼ਿਆਲ ਉੱਤੇ ਕੀ ਬਾਵਰ ਡਿਠੇ ਬਾਝ ਜਮਾਲੋਂ
ਇਤਨੀ ਮੁਦਤ ਵਿਹਾਣੀ ਅੱਗੇ ਗੁਜ਼ਰੇ ਪੰਦਰਾਂ ਸਾਲਾਂ
ਹਰਗਿਜ਼ ਖ਼ਬਰ ਨਾ ਆਈ ਕਾਈ ਬਾਝੋਂ ਕੂੜ ਮਿਸਾਲਾਂ
ਕੂੜੇ ਗ਼ੋਗ਼ੇ ਉੱਠ ਉੱਠ ਐਵੇਂ ਪਾਵਣ ਅਸਾਂ ਭੁਲਾਵੇ
ਜਾਂ ਕੋਈ ਰੋਜ਼ ਉਡੀਕਾਂ ਰੱਖੀਏ ਕੁੱਝ ਸਿਰ ਪੈਰ ਨਾ ਆਵੇ
ਇਹ ਭੀ ਖ਼ਬਰ ਹੋਵੇਗੀ ਐਵੇਂ ਕੋਈ ਦਿਨ ਰਹਿਸੀ ਤੱਤੀ
ਕੂੜੇ ਦੀ ਰੁਸ਼ਨਾਈ ਥੋੜੀ ਜਿਉਂ ਤੇਲੇ ਬਿਨ ਬੱਤੀ
ਸਾਲਿਹ ਇਬਨ ਹਮੀਦੇ ਕਿਹਾ ਸੁਣ ਸ਼ਾਹਾ ਗੱਲ ਪੱਕੀ
ਸ਼ਹਿਜ਼ਾਦੇ ਦੇ ਹੱਥ ਦੀ ਲਿਖੀ ਅਰਜ਼ੀ ਅੱਖੀਂ ਤੱਕੀ
ਨਾਲ਼ੇ ਸਾਇਦ ਆਪੂੰ ਆਇਆ ਡੇਰਾ ਦੂਰਿ ਸੁਣੀਂਦਾ
ਇਹ ਗਲ ਸੱਚੀ ਜਾਪੇ ਸ਼ਾਹਾ ਲਿਖਿਆ ਵੇਖ ਮਨੀਂਦਾ
ਆਸਿਮ ਸ਼ਾਹ ਮਿਸਰ ਦੇ ਜਿਸ ਦਮ ਗੱਲ ਸੁਣੀ ਦਿਲ ਲਾ ਕੇ
ਹੋ ਬੇਹੋਸ਼ ਢੱਠਾ ਖਾ ਗਿਰਦੀ ਤਾਕਤ ਹੋਸ਼ ਖੜਾ ਕੇ ।(੭੯੬੦)
ਅੰਬਰ ਅਤੇ ਗੁਲਾਬ ਸ਼ਿਤਾਬੀ ਮਲਿਆ ਮਗ਼ਜ਼ ਵਜ਼ੀਰਾਂ
ਹੋਸ਼ ਫਿਰੀ ਸ਼ਾਹ ਆਸਿਮ ਤਾਈਂ ਯਾਦ ਪਈਆਂ ਤਦਬੀਰਾਂ
ਕਹਿਣ ਲੱਗਾ ਇਸ ਚਿਲਿਓਂ ਮੈਨੂੰ ਝੱਬਦੇ ਬਾਹਰ ਨਿਕਾਲੋ
ਕੀਤੀ ਰੱਬ ਗ਼ਰੀਬ ਨਿਵਾਜ਼ੀ ਉਪਰ ਤਖ਼ਤ ਬਹਾਲੋ
ਤਲੀਆਂ ਉੱਤੇ ਚਾ ਵਜ਼ੀਰਾਂ ਲੱਖ ਪੜ੍ਹੇ ਸ਼ੁਕਰਾਨੇ
ਤਖ਼ਤ ਉੱਤੇ ਸ਼ਾਹ ਆਣ ਬਹਾਇਆ ਜ਼ੇਵਰ ਲਾ ਸ਼ਹਾਨੇ
ਉਹ ਅਫ਼ਰੇਤ ਕੀਤਾ ਤਦ ਹਾਜ਼ਿਰ ਹੋਇਆ ਆਣ ਸਲਾਮੀ
ਚੁੰਮ ਜ਼ਮੀਨ ਕਰੇ ਤਾਜ਼ੀਮਾਂ ਜਿਉਂ ਕਰ ਰਸਮ ਗ਼ੁਲਾਮੀ
ਆਸਿਮ ਸ਼ਾਹ ਗਲ ਲਾਇਆ ਲੋੜੇ ਉਹ ਕਦਮਾਂ ਪਰ ਢਹਿੰਦਾ
ਗ਼ੋਰ-ਬ-ਜ਼ੋਰੀ ਸੀਨੇ ਲਾ ਕੇ ਸ਼ਾਹ ਉਸਨੂੰ ਮੁੜ ਕਹਿੰਦਾ
ਕਾਸਿਦ ਪੈਰ ਮੁਬਾਰਿਕ ਵਾਲੇ ਭਲੇ ਕਦਮ ਦੋ ਤੇਰੇ
ਸੁੱਕੇ ਘਾਹ ਕਰੇਂ ਹਰਿਆਵਲ ਜਿੱਤ ਵੱਲ ਪਾਵੇਂ ਫੇਰੇ
ਕਾਸਿਦ ਨੇਕ ਤੇਰੇ ਤੁਲ ਕਿਹੜਾ ਤੂੰ ਕੋਈ ਹਿਰਨ ਖ਼ੁਤਨ ਦਾ
ਉਸ ਕਸਤੂਰੀ ਸੀਨੇ ਰੱਖੀ ਤੂੰ ਭੀ ਸੁਖ਼ਨ ਸੱਜਣ ਦਾ
ਤੂੰ ਕੋਈ ਗਾਂਧੀ ਇਤਰ ਗੁਲਾਬੀ ਭਰਿਆ ਗੁੱਝੇ ਨੂਰੋਂ
ਮਿੱਠੀ ਜੀਭੋਂ ਬੋਲੇ ਬਾਝੋਂ ਖ਼ੁਸ਼ਬੂ ਦੇਵੇਂ ਦੂਰੋਂ
ਗਾਂਧੀ ਸ਼ੀਸ਼ੇ ਇਤਰੋਂ ਚਾਇ ਤੁਧ ਪੈਗ਼ਾਮ ਸੱਜਣ ਦੇ
ਦਸ ਸਾਨੂੰ ਖ਼ੁਸ਼ਖ਼ਬਰਾਂ ਜਲਦੀ ਹੋਰ ਸਲਾਮ ਸੱਜਣ ਦੇ
ਅਫ਼ਰੇਤੇ ਨੇ ਉਠ ਸ਼ਿਤਾਬੀ ਕਹੀ ਸਲਾਮ ਦੁਬਾਰੇ
ਅਦਬ ਦੁਆ ਸਨਾਈਂ ਕਰ ਕੇ ਸੁਖ਼ਨ ਗੁਜ਼ਾਰੇ ਸਾਰੇ ।(੭੯੭੦)
ਸ਼ਾਹਿਨਸ਼ਾਹਾ ਜ਼ਿਲਿ ਇਲਾਹਾ! ਜਮ ਸਿਕੰਦਰ ਸਾਨੀ
ਦਮ ਦਮ ਹੋਣ ਇਕਬਾਲ ਜ਼ਿਆਦਾ ਸਦਾ ਹੋਵੇ ਸੁਲਤਾਨੀ
ਮੈਂ ਹਾਂ ਖ਼ਿਦਮਤਗਾਰ ਪਿਆਦਾ ਦਿਓ ਪਰੀਆਂ ਦੇ ਸ਼ਾਹ ਦਾ
ਜਿਸ ਸ਼ਾਹਪਾਲ ਬਹਾਦਰ ਨਾਵਾਂ ਦਮ ਦਮ ਹੋਵਸ ਵਾਧਾ
ਫ਼ਾਲ ਫ਼ਰੁਖ਼ ਸ਼ਾਹਪਾਲ ਬਹਾਦਰ ਨਾਲ਼ ਇਕਬਾਲ ਸਵਾਇਆ
ਵਾਰਿਸ ਤਖ਼ਤ ਸੁਲੇਮਾਂ ਸ਼ਾਹੀ ਸ਼ਾਹ ਰੁਖ਼ੇ ਦਾ ਜਾਇਆ
ਕੋਹ ਕਾਫ਼ਾਂ ਦਰਿਆਵਾਂ ਉੱਤੇ ਉਸੇ ਦੀ ਸੁਲਤਾਨੀ
ਸ਼ਾਰਿਸਤਾਨ ਪਰੱਸਤਾਂ ਉਸ ਦਾ ਮੰਨਣ ਹੁਕਮ ਜ਼ਬਾਨੀ
ਲੱਖ ਮੁਬਾਰਿਕ ਹੋਵੇ ਤੁਸਾਨੂੰ ਸਾਇਦ ਤੇ ਸ਼ਹਿਜ਼ਾਦਾ
ਸਹੀ ਸਲਾਮਤ ਖ਼ੈਰੀਂ ਮਿਹਰੀਂ ਨਾਲ਼ ਇਕਬਾਲ ਜ਼ਿਆਦਾ
ਲਈ ਬਦੀਅ-ਜਮਾਲ ਸ਼ਹਿਜ਼ਾਦੀ ਸੈਫ਼-ਮਲੂਕ ਜਵਾਨੇ
ਬਾਗ਼-ਇਰਮ ਵਿਚ ਮੌਜਾਂ ਕਰਦਾ ਸ਼ਾਹਪਾਲੇ ਦੇ ਖ਼ਾਨੇ
ਸ਼ਾਹਿਨਸ਼ਾਹ ਅਸਾਡਾ ਸਾਹਿਬ ਜੋ ਸ਼ਾਹਪਾਲ ਬਹਾਦਰ
ਤਖ਼ਤ ਨਸ਼ੀਂ ਸੁਲੇਮਾਂ ਸ਼ਾਹੀ ਮੁਲਕਾਂ ਵਿਚ ਉਜਾਗਰ
ਇਨ੍ਹਾਂ ਦਿਨਾ ਵਿਚ ਕਰੇ ਤਿਆਰੀ ਬੇਟੀ ਨੂੰ ਪਰਨਾਵਾਂ
ਸੈਫ਼-ਮਲੂਕ ਬਦੀਅ-ਜਮਾਲੇ ਦੋਹਾਂ ਅਕਦ ਪੜ੍ਹਾਵਾਂ
ਇਹ ਇਰਾਦਾ ਕਰ ਕੇ ਉਸ ਨੇ ਸੱਦੇ ਖ਼ਾਸੀ ਆਮੀ
ਸੈਫ਼-ਮਲੂਕੇ ਦੇ ਮਾਂ ਬਾਬਲ ਯਾਰ ਅਸ਼ਨਾ ਤਮਾਮੀ
ਨਾਲ਼ੇ ਮਾਇ ਪਿਓ ਸਾਇਦ ਸੰਦੇ ਭੈਣ ਭਰਾ ਅਸ਼ਨਾਈ
ਇਸ ਸ਼ਾਦੀ ਪੁਰ ਹੋਣ ਇਕੱਠੇ ਰੱਬ ਮੁਰਾਦ ਪੁਚਾਈ ।(੭੯੮੦)
ਐਤ ਸਬੱਬ ਤੁਸਾਂ ਵੱਲ ਘਲਿਓਸੁ ਮੇਲਾ ਬਹੁਤਾ ਸਾਰਾ
ਦੋ ਸੌ ਹੈ ਅਫ਼ਰੇਤ ਵਡੇਰਾ ਡੇਰਾ ਚਾਵਣ-ਹਾਰਾ
ਚਾਰ ਇਕ ਸੈ ਪਰੀ ਹੈ ਖ਼ਾਸੀ ਚਿਹਲ ਹਕੀਮ ਸਿਆਣੇ
ਸਰਾਂਦੀਪ ਸ਼ਹਿਰ ਦਾ ਵਾਲੀ ਹਰ ਕੋਈ ਜਿਸ ਨੂੰ ਜਾਣੇ
ਕੁਲਜ਼ਮ ਦੇ ਦਰਿਆ ਦੇ ਵਾਲਾ ਹਾਸ਼ਮ ਸ਼ਾਹ ਭੀ ਆਇਆ
ਨਾਲ਼ੇ ਸਾਇਦ ਨਾਲ਼ ਉਨ੍ਹਾਂ ਦੇ ਆਪ ਸ਼ਹਿਜ਼ਾਦੇ ਲਾਇਆ
ਬਜ਼ੁਰਗ ਲੋਕ ਤੁਸਾਂ ਵੱਲ ਘਲਿਓਸੁ ਮੇਲ਼ਾ ਖ਼ੂਬ ਬਣਾਕੇ
ਬਖ਼ਸ਼ੋ ਉਹ ਖ਼ਿਲਾਫ਼ ਜੋ ਆਇਓਸੁ ਕੌਲ ਕਰਾਰ ਭੁਲਾ ਕੇ
ਰੁਖ਼ਸਤ ਇਜ਼ਨ ਹੋਇਆ ਸੀ ਥੋੜਾ ਬਹੁਤੀ ਮੁਦਤ ਲੱਗੀ
ਵੱਸ ਮੇਰਾ ਕੁੱਝ ਚਲਿਆ ਨਾਹੀਂ ਕਲਮ ਹਜ਼ੂਰੋਂ ਵਗੀ
ਇਨ੍ਹਾਂ ਬਜ਼ੁਰਗਾਂ ਦੀ ਕਰ ਖ਼ਾਤਰ ਬਖ਼ਸ਼ੋ ਕੂੜ ਹਮਾਰਾ
ਭਰਿਆ ਨਾਲ਼ ਖ਼ਤਾਈਆਂ ਬੰਦਾ ਤੋੜੋਂ ਭੁੱਲਣ ਹਾਰਾ
ਭੀ ਸਭ ਲੋਕ ਤੁਸਾਂ ਵੱਲ ਆਏ ਸ਼ਾਰਿਸਤਾਨ ਖੜਨ ਨੂੰ
ਖ਼ਾਸਾਂ ਸਣੇ ਤਿਆਰੀ ਕਰਿਓ ਬਾਗ਼-ਏ-ਇਰਮ ਵੜਨ ਨੂੰ
ਇਹ ਕਾਗ਼ਜ਼ ਜੋ ਆਪੂੰ ਲਿਖਿਆ ਸੈਫ਼-ਮਲੂਕ ਸ਼ਹਿਜ਼ਾਦੇ
ਵਾਚ ਕਰੋ ਮਾਲੂਮ ਹਕੀਕਤ ਹੋਵੇ ਖ਼ੁਸ਼ੀ ਜ਼ਿਆਦੇ
ਆਸਿਮ ਸ਼ਾਹ ਦੇ ਹੱਥ ਫੜਾਇਆ ਸ਼ਹਿਜ਼ਾਦੇ ਦਾ ਲਿਖਿਆ
ਪੜ੍ਹ ਕੇ ਸ਼ੁਕਰ ਲਿਆ ਉਠ ਸ਼ਾਹੇ ਜਿਉਂ ਭਖਿਆਰੀ ਭਿਖਿਆ
ਕਰ ਬਿਸਮਿਲਾ ਪੱਟਿਆ ਸ਼ਾਹੇ ਰੁਕੱਅ ਬੰਦ ਸੱਜਣ ਦਾ
ਆਈ ਬੂ ਅਸ਼ਨਾਈ ਵਾਲੀ ਖਿੜਿਆ ਗ਼ੁੰਚਾ ਮਨ ਦਾ ।(੭੯੯੦)
ਸੂਰਜ ਉੱਤੋਂ ਗਰਿਹੋਂ ਲੱਥਾ ਜਗਤ ਹੋਇਆ ਨੂਰਾਨੀ
ਜਿਉਂ ਕਰ ਮਰਦੇ ਸੈ ਬਰਸਾਂ ਦੇ ਫੇਰ ਲੱਧੀ ਜ਼ਿੰਦਗਾਨੀ
ਅੱਵਲ ਚੁੰਮ ਅੱਖੀਂ ਪਰ ਧਰਿਆ ਪੜ੍ਹ ਅਲਹਮਦ ਜ਼ਬਾਨੀ
ਜਿਉਂ ਪੈਰਾਹਨ ਯੂਸੁਫ਼ ਸੰਦਾ ਪੈਗ਼ੰਬਰ ਕਿਨਆਨੀ
ਕੁਦਰਤ ਪਾਕ ਖ਼ੁਦਾਵੰਦ ਵਾਲੀ ਨੂਰ ਅੱਖੀਂ ਵਿਚ ਆਂਦਾ
ਹਰ ਦੋ ਦੀਦੇ ਰੌਸ਼ਨ ਹੋਏ ਗਿਆ ਗ਼ੁਬਾਰ ਗ਼ਮਾਂ ਦਾ
ਚਿਹਰੇ ਨੂਰ ਜੁੱਸੇ ਤੇ ਰੌਣਕ ਫ਼ਜ਼ਲ ਹੋਇਆ ਸੁਬਹਾਨੀ
ਨਵੇਂ ਸਿਰੇ ਥੀਂ ਵਾਂਗ ਜ਼ੁਲੈਖ਼ਾ ਲਭੀਓਸੁ ਵੱਤ ਜਵਾਨੀ
ਬੇਟੇ ਬਾਝ ਹੋਇਆ ਸੀ ਉਸ ਨੂੰ ਜੁਮਲ ਜਹਾਨ ਹਨੇਰਾ
ਚੜ੍ਹਿਆ ਚੰਨ ਹੋਈ ਰੁਸ਼ਨਾਈ ਲੱਗੀ ਲੋਅ ਚੌਫ਼ੇਰਾ
ਸੁੱਕੇ ਨੀਲ ਮਿਸਰ ਦੇ ਆਈਆਂ ਲਹਿਰਾਂ ਬੰਨ੍ਹ ਕਤਾਰਾਂ
ਖ਼ੁਸ਼ਕ ਚਮਨ ਤੇ ਬੱਦਲ਼ ਵੁਠਾ ਹੋਇਆ ਬਾਗ਼ ਬਹਾਰਾਂ
ਪੰਦਰਾਂ ਬਰਸ ਖ਼ਿਜ਼ਾਂ ਦੇ ਮਾਰੇ ਰੁਖ ਹੋਏ ਸਨ ਪੀਲੇ
ਰਹਿਮਤ ਬਾਰਾਂ ਵਕਤ ਬਹਾਰਾਂ ਪਲ ਵਿਚ ਕੀਤੇ ਨੀਲੇ
ਖ਼ਾਰੋ ਖ਼ਾਰ ਗੁਲਾਬ ਹੋਏ ਸਨ ਬਿਨ ਪੱਤਾਂ ਬਿਨ ਫੁੱਲਾਂ
ਸ਼ਾਖ਼ ਹਰੀ ਪੱਤ ਸਾਵੇ ਕੱਢੇ ਡੁੱਸ ਨਿਕਾਲੇ ਗੁੱਲਾਂ
ਬੁਲਬੁਲ ਨੂੰ ਖ਼ੁਸ਼ਬੂ ਫੁੱਲਾਂ ਦੀ ਆਂਦੀ ਵਾਇ ਫ਼ਜਰ ਦੀ
ਸਦਾ ਗੁਲਾਬ ਹੋਇਆ ਮੁੱਖ ਰੂਪੋਂ ਦੂਰ ਹੋਈ ਰੰਗ ਜ਼ਰਦੀ
ਸ਼ਹਿਜ਼ਾਦੇ ਦੀ ਮਾਈ ਸੁਣ ਕੇ ਦੂਣੀ ਹੁੰਦੀ ਸਾਹੋਂ
ਕਹਿੰਦੀ ਜਿਸ ਰਾਹ ਆਇਆ ਕਾਸਿਦ ਮੈਂ ਸਦਕੇ ਉਸ ਰਾਹੋਂ ।(੮੦੦੦)
ਅੰਦਰ ਬਾਹਰ ਪੈਰ ਨਾ ਲਗਦੇ ਖ਼ੁਸ਼ੀਆਂ ਹੱਦ ਨਾ ਕਾਈ
ਬਲਦੀ ਭਾਹ ਗ਼ਮਾਂ ਦੀ ਉੱਤੇ ਰਹਿਮਤ ਰੱਬ ਵਸਾਈ
ਦਮ ਦਮ ਕਰੇ ਸਜੂਦ ਰਬੇ ਵੱਲ ਤੇਰੀ ਧੰਨ ਖ਼ੁਦਾਈ
ਪੜ੍ਹ ਸ਼ੁਕਰਾਨੇ ਵੰਡ ਖ਼ਜ਼ਾਨੇ ਘਰ ਘਰ ਦੇ ਵਧਾਈ
ਗੋਲੀ ਲੌਂਡੀ ਜੋ ਕੋਈ ਆਹੀ ਦੇਣ ਮੁਬਾਰਿਕ ਆਈਆਂ
ਚੋਲ਼ੀ ਖੰਡੀ ਤੇ ਪਸ਼ਵਾਜ਼ਾਂ ਸਭਨਾ ਦੇ ਗਲ਼ ਪਾਈਆਂ
ਬੀਬੀ ਰਾਣੀ ਤੇ ਚੌਧਰਾਣੀ ਜੋ ਸੀ ਵਿਚ ਮਿਸਰ ਦੇ
ਸ਼ਾਹਜ਼ਾਦੀ ਸੌਦਾਗਰ ਜ਼ਾਦੇ ਬਾਪ ਜਿਨ੍ਹਾਂ ਸਰਕਰਦੇ
ਮੁਹਰਾਂ ਦੇ ਧਰ ਥਾਲ ਸਿਰਾਂ ਤੇ ਦੇਣ ਵਧਾਈਆਂ ਆਈਆਂ
ਕਦਰ-ਬ-ਕਦਰੀ ਜ਼ੇਵਰ ਬਖ਼ਸ਼ੇ ਦੇ ਕੇ ਸ਼ਾਨ ਵਧਾਈਆਂ
ਸੁੱਤੇ ਭਾਗ ਉਮਰ ਦੇ ਜਾਗੇ ਡੂੰਮਣੀਆਂ ਤੇ ਡੂਮਾਂ
ਮੰਗਲ ਗਾਇ ਵਜਾਵਣ ਢੋਲਕ ਦਰ ਪਰ ਕਰਨ ਹਜੂਮਾਂ
ਲੈ ਲੈ ਦਾਨ ਤਵੰਗਰ ਹਈਆਂ ਰੱਜ ਰੱਜ ਦੇਣ ਦੁਆਈਂ
ਆਸਿਮ ਸ਼ਾਹ ਦੀ ਬੇਲ ਖ਼ੁਦਾਇਆ ਹਰੀ ਕਿਆਮਤ ਤਾਈਂ
ਬੇਗਮ ਦਾ ਦਿਲ ਬੇ ਗ਼ਮ ਹੋਵੇ ਠੰਡ ਪਵੇ ਵਿਚ ਛਾਤੀ
ਸ਼ਹਿਜ਼ਾਦੇ ਦੀ ਨਾਲ਼ ਮੁਰਾਦਾਂ ਖ਼ੁਆਜੇ ਜੇਡ ਹੱਯਾਤੀ
ਜਮ ਜਮ ਕਹਿਣ ਪਰੀ ਦਾ ਡੋਲ਼ਾ ਆਣ ਦਿੱਸੇ ਇਸ ਜਾਈ
ਸਿਹਰੇ ਗਾਨੇ ਵੇਖ ਮੁਰਾਦਾਂ ਵਾਰ ਪੀਵੇ ਜਲ ਮਾਈ
ਮਿਸਰ ਸ਼ਹਿਰ ਵਿਚ ਜੋ ਕੋਈ ਆਹੀ ਛੁੱਟੜ ਰੰਡੀ ਤੱਤੀ
ਘਿਣ ਖ਼ੈਰਾਇਤ ਬੇਗਮ ਕੋਲੋਂ ਹੋ ਰਹੀ ਰੰਗ ਰੱਤੀ ।(੮੦੧੦)
ਹਰ ਥਾਣੇ ਵਿਚ ਸ਼ਲਕਾਂ ਹਈਆਂ ਹਰ ਡੇਰੇ ਸ਼ਦਿਆਨੇ
ਸ਼ਹਿਰਾਂ ਅੰਦਰ ਫਿਰੇ ਢੰਡੋਰੇ ਮੰਗਤਾਂ ਭਰੇ ਖ਼ਜ਼ਾਨੇ
ਲਾਖਾਂ ਲੋਕ ਮੁਬਾਰਿਕ ਦੇਵਣ ਦਰ ਪਰ ਹਾਜ਼ਿਰ ਹੋਏ
ਆਪੋ ਆਪਣੇ ਕਸਬ ਤਮਾਸ਼ੇ ਕਰਦੇ ਸਭ ਖਲੋਏ
ਆਸਿਮ ਦੇ ਦਰ ਰੰਗ ਬਰੰਗੀ ਖ਼ਲਕ ਢੁੱਕੀ ਹਰ ਪਾਸੋਂ
ਯੱਕ-ਬ-ਯੱਕਾਂ ਦੇ ਮੱਚੇ ਤਮਾਸੇ ਵਾਫ਼ਰ ਖੇਡ ਕੱਟਾਸੋਂ
ਆਸਿਮ ਸ਼ਾਹ ਵਜ਼ੀਰ ਬੁਲਾਇਆ ਨਾਲ਼ੇ ਬੇਗਮ ਦਾਨੀ
ਕਹਿਓਸੁ ਏਸ ਅਫ਼ਰੇਤੇ ਤਾਈਂ ਦਿਓ ਜਲਦ ਮਹਿਮਾਨੀ
ਹੋਰ ਵੱਡੇ ਮਹਿਮਾਨ ਸੁਣੀਂਦੇ ਇਹ ਆਏ ਕਿ ਆਏ
ਕਰੋ ਤਿਆਰ ਮਹਿਮਾਨੀ ਤਰਿਖੀ ਜੋ ਲੋੜੇ ਕੋਈ ਖਾਏ
ਓਸ ਅਫ਼ਰੇਤ ਅੱਗੇ ਆ ਰੱਖੇ ਬਾਦਸ਼ਾਹਾਨੀ ਖਾਣੇ
ਕੁਲੀਏ ਅਤੇ ਕਬਾਬ ਸਲੂਣੇ ਫੁਲਕੇ ਚਾਵਲ ਦਾਣੇ
ਇਹ ਧਰਦੇ ਉਹ ਖਾਂਦਾ ਜਾਂਦਾ ਸਾਇਤ ਢਿੱਲ ਨਾ ਲਾਏ
ਇਕ ਇਕ ਲੁਕਮੇ ਦਾ ਕਰ ਲਾਵਣ ਪੰਜ ਦੁੰਬੇ ਮੂੰਹ ਪਾਏ
ਹੱਡੀ ਮਾਸ ਨਿਖੇੜੇ ਨਾਹੀਂ ਸਭ ਕੁੱਝ ਖਾਂਦਾ ਜਾਂਦਾ
ਖਾ ਰਿਹਾ ਜੋ ਖ਼ਵਾਹਿਸ਼ ਆਹੀ ਸ਼ੁਕਰ ਬਜਾ ਲਿਆਂਦਾ
ਸ਼ਾਹੇ ਕਿਹਾ ਵਜ਼ੀਰਾਂ ਤਾਈਂ ਇਹੋ ਲੇਖਾ ਭਾਲੋ
ਸਭ ਮਹਿਮਾਨ ਅਜੇਹੇ ਹੋਸਣ ਘੋੜੇ ਉਠ ਹਲਾਲੋ
ਜਾਂ ਅਫ਼ਰੇਤ ਹੋਇਆ ਸੀ ਫ਼ਾਰਗ਼ ਖਾਣਾ ਦਾਣਾ ਖਾ ਕੇ
ਭਰ ਭਰ ਸ਼ੀਸ਼ੇ ਮੱਧ ਪਿਆਲੇ ਸ਼ਾਹੇ ਕੋਲ ਬਹਾ ਕੇ ।(੮੦੨੦)
ਜਾਂ ਅਫ਼ਰੇਤ ਆਸੂਦਾ ਹੋਇਆ ਬਾਦਸ਼ਾਹੇ ਫ਼ੁਰਮਾਇਆ
ਉਸ ਜਾਈ ਦੀ ਦੱਸ ਹਕੀਕਤ ਜਿਸ ਥਾਉਂ ਤੂੰ ਆਇਆ
ਅਫ਼ਰੇਤੇ ਕੁੱਝ ਆਖ ਸੁਣਾਈ ਜੋ ਆਹੀ ਉਸ ਜਾਈ
ਸ਼ਹਿਜ਼ਾਦੇ ਦਾ ਕਦਰ ਬਜ਼ੁਰਗੀ ਖ਼ਾਤਿਰ ਤੇ ਵਡਿਆਈ
ਅਜ਼ਮਤ ਸ਼ੌਕਤ ਸ਼ਾਨ ਜਲਾਲਤ ਸ਼ਾਹਪਾਲੇ ਦੇ ਕਦਰੋਂ
ਹੁਸਨ ਬਦੀਅ-ਜਮਾਲ ਪਰੀ ਦਾ ਰੌਸ਼ਨ ਸੂਰਜ ਬਦਰੋਂ
ਫ਼ੌਜ ਦੱਸੀ ਸ਼ਾਹਪਾਲ ਸ਼ਾਹੇ ਦੀ ਜੋ ਜੰਗੇ ਦੇ ਕੰਮ ਦੀ
ਰੌਣਕ ਖ਼ੂਬੀ ਰੂਪ ਲਤਾਫ਼ਤ ਦੱਸੀ ਬਾਗ਼-ਇਰਮ ਦੀ
ਜਿਉਂ ਜਿਉਂ ਸੀ ਉਹ ਗੱਲਾਂ ਕਰਦਾ ਉਸਦੇ ਸ਼ਾਨ ਮਕਾਨੋਂ
ਆਸਿਮ ਸ਼ਾਹ ਨੂੰ ਲੂੰ ਲੂੰ ਖ਼ੁਸ਼ੀਆਂ ਹੋਵਣ ਇਸ ਬਿਆਨੋਂ
ਬਾਗ਼ੋਬਾਗ਼ ਹੋਵੇ ਦਿਲ ਖਿੱਲੇ ਸਭ ਮਜਲਿਸ ਦੇ ਸੁਣ ਕੇ
ਸੈਫ਼-ਮਲੂਕੇ ਨਾਤਾ ਕੀਤਾ ਉੱਚੀ ਜਾਈ ਚੁਣ ਕੇ
ਸ਼ਾਹੇ ਹੁਕਮ ਦਿੱਤਾ ਉਮਰਾਵਾਂ ਸੁਣ ਗੱਲਾਂ ਦਿਲ ਲਾਓ
ਐਸੀ ਸ਼ੌਕਤ ਸ਼ਾਨ ਮੁਆਫ਼ਿਕ ਫ਼ਰਸ਼ ਫ਼ਰਾਖ਼ ਵਿਛਾਓ
ਸ਼ਾਹਪਾਲੇ ਦੇ ਸ਼ਾਨ ਬਰਾਬਰ ਕਦ ਅਸੀਂ ਹੋ ਸਕਦੇ
ਪਰ ਕੋਈ ਡੌਲ ਬਣਾਓ ਐਸੀ ਹੋਣ ਤਅੱਜੁਬ ਤਕਦੇ
ਹੁਕਮ ਹੋਇਆ ਫਰਾਸ਼ਾਂ ਤਾਈਂ ਸੁੱਚੇ ਫ਼ਰਸ਼ ਵਿਛਾਏ
ਕੋਹਾਂ ਵਿਚ ਅੰਬੀਰ ਇਤਰ ਦੇ ਜਾ ਛਿਣਕਾਰ ਕਰਾਏ
ਇਤਨੇ ਉਠ ਹਲਾਲ ਕਰਾਏ ਦੁੰਬੇ ਬੱਕਰੇ ਗਾਈਂ
ਹਰ ਹਰ ਤਰਫ਼ ਲਹੂ ਦੇ ਨਾਲ਼ੇ ਵੰਝ ਪਏ ਦਰਿਆਈਂ ।(੮੦੩੦)
ਇਤਨੇ ਖ਼ੂਨ ਨਹੀਂ ਲਿਖ ਸਕਦੀ ਕਲਮ ਹਿਰਾਸੇ ਮਾਰੀ
ਕਾਗ਼ਜ਼ ਉੱਤੇ ਜਾਇ ਨਾ ਰਹਿੰਦੀ ਮਲਣ ਜਾਂਦੀ ਸਾਰੀ
ਤਰੈ ਦਿਹਾੜੇ ਪਿੱਛੋਂ ਪਹੁਤਾ ਲਸ਼ਕਰ ਬਾਗ਼-ਇਰਮ ਦਾ
ਜਾਇ ਸਲਾਮ ਕੀਤਾ ਰਲ਼ ਸਭਨਾ ਆਸਿਮ ਸਾਨੀ ਜਮ ਦਾ
ਆਸਿਮ ਅੱਗੇ ਅਰਜ਼ ਕੀਤੋ ਨੇ ਬਾਦ ਅਦਾਬ ਪੁਚਾਣੂੰ
ਸ਼ਾਹਪਾਲੇ ਤੇ ਸੈਫ਼-ਮਲੂਕੇ ਕਹੀ ਸਲਾਮ ਤੁਸਾਨੂੰ
ਝੁੱਲ ਸਲਾਮ ਹੋਇਆ ਖ਼ੁਸ਼ ਆਸਿਮ ਕਰਦਾ ਸ਼ੁਕਰ ਇਲਾਹੀ
ਜੀਉਂਦਿਆਂ ਰੱਬ ਖ਼ਬਰ ਪੁਚਾਈ ਜਾਨ ਲਬਾਂ ਪਰ ਆਈ
ਲਸ਼ਕਰ ਬਾਗ਼-ਇਰਮ ਦਾ ਸਾਰਾ ਹੁਕਮ ਹਜ਼ੂਰੋਂ ਪਾ ਕੇ
ਥਾਂ-ਬ-ਥਾਂ ਮੁਕਾਮੀ ਹੋਏ ਬੈਠੇ ਸਫ਼ਾਂ ਬਣਾ ਕੇ
ਸਾਇਦ ਨੂੰ ਗੱਲ ਲਾ ਲਾ ਰੋਇਆ ਆਸਿਮ ਸ਼ਾਹ ਦੁਖਿਆਰਾ
ਸੀਨੇ ਨਾਲ਼ੋਂ ਲਾਹ ਨਾ ਸਕਦਾ ਜਾਨੀ ਵਾਂਗ ਪਿਆਰਾ
ਸਾਇਦ ਮੁੜ ਮੁੜ ਕਦਮੀਂ ਡਿੱਗੇ ਦਰਦਾਂ ਭਰਿਆ ਕੂਕੇ
ਆਸਿਮ ਸ਼ਾਹ ਤਕੇਂਦਾ ਉਸ ਵੱਲ ਵਾਂਗਰ ਸੈਫ਼-ਮਲੂਕੇ
ਸਾਇਦ ਦੇ ਸਿਰ ਮੂੰਹ ਸੀਨੇ ਤੇ ਸ਼ਾਹ ਆਸਿਮ ਹੱਥ ਫੇਰੇ
ਕੁੱਛੜ ਵਿਚੋਂ ਮੂਲ ਨਾ ਕੱਢੇ ਸੜਿਆ ਨਾਲ਼ ਹੁਸੇੜੇ
ਸਾਇਦ ਅਧਕਾ ਹੋ ਹੋ ਜਾਵੇ ਫੜ ਫੜ ਕਦਮ ਚੁੰਮੇਂਦਾ
ਨਾਲ਼ ਪਿਆਰ ਦੇਇ ਸਿਰ ਸਦਕੇ ਸਿਰ ਤੋਂ ਹੱਥ ਘੁੰਮੇਂਦਾ
ਓੜਕ ਖ਼ਾਸਾਂ ਅਰਜ਼ ਗੁਜ਼ਾਰੀ ਸ਼ਾਹ ਜੀ ਕਰੋ ਸਹਾਰਾ
ਰੋਵਣ ਦੇ ਦਿਨ ਖੜੇ ਰੱਬੇ ਨੇ ਹੋਇਆ ਫ਼ਜ਼ਲ ਨਿਆਰਾ ।(੮੦੪੦)
ਸਾਇਦ ਨੂੰ ਫ਼ੁਰਮਾਓ ਰੁਖ਼ਸਤ ਮਾਈ ਬਾਬਲ ਤਾਈਂ
ਮਿਲ ਕੇ ਠੰਡ ਕਲੇਜੇ ਪਾਵੇ ਦੇਵਣ ਤੁਸਾਂ ਦੁਆਈਂ
ਫਿਰ ਸਾਇਦ ਨੂੰ ਹੋਈ ਇਜ਼ਾਜ਼ਤ ਵੰਝ ਮਿਲੋ ਘਰ ਦਾਰਾਂ
ਮਾਇ ਪਿਉ ਭੈਣਾਂ ਭਾਈਆਂ ਤਾਈਂ ਹੋਰ ਅਸ਼ਨਾਵਾਂ ਯਾਰਾਂ
ਲੈ ਇਜ਼ਾਜ਼ਤ ਹੋ ਸਲਾਮੀ ਸਾਇਦ ਘਰ ਨੂੰ ਆਇਆ
ਮਾਸੀ ਫੁਫੀ ਮਾਈਆਂ ਭੈਣਾਂ ਸਭ ਵੱਲ ਸੀਸ ਨਿਵਾਇਆ
ਦੋਏ ਪੈਰ ਪਿਉ ਦੇ ਫੜ ਕੇ ਮਲਦਾ ਉਪਰ ਮੱਥੇ
ਬਾਬਲ ਸੀਨੇ ਲਾ ਕੇ ਰੁੰਨਾ ਵਰਮ ਦੋਹਾਂ ਦੇ ਲੱਥੇ
ਸਾਲਿਹ ਇਬਨ ਹਮੀਦੇ ਤਾਈਂ ਮਿਲਿਆ ਪੁੱਤ ਪਿਆਰਾ
ਪੜ੍ਹ ਸ਼ੁਕਰਾਨੇ ਵੰਡ ਖ਼ਜ਼ਾਨੇ ਵੱਲ ਹੋਇਆ ਦੁਖਿਆਰਾ
ਮਾਵਾਂ ਭੈਣਾਂ ਸਿਰ ਮੂੰਹ ਚੁੰਣ ਫੁਫੀਆਂ ਹੱਥ ਘੁਮਾਵਣ
ਜਿਉਂ ਦੀਵੇ ਪਰ ਢਹਿਣ ਪਤੰਗੇ ਤਿਵੇਂ ਭੱਜ ਭੱਜ ਆਵਣ
ਖ਼ੇਸ਼ ਕਬੀਲਾ ਸਾਰਾ ਮਿਲਿਆ ਰੋ ਰੋ ਕੇ ਗੱਲ ਲਗਦੇ
ਸੁਣ ਸੁਣ ਯਾਰ ਅਸਨਾ ਮੁਹੱਬਤੀ ਆਏ ਵਹਿੰਦੇ ਵਗਦੇ
ਘਰ ਦਾਰਾਂ ਨੂੰ ਮਿਲ ਕੇ ਸਾਇਦ ਨਾਲ਼ ਪਿਓ ਦੇ ਆਇਆ
ਬੈਠਾ ਆਣ ਕਚਹਿਰੀ ਅੰਦਰ ਸ਼ਾਹ ਵੱਲ ਸੀਸ ਨਿਵਾਇਆ
ਤਰਫ਼ ਮਹਿਮਾਨਾਂ ਨਜ਼ਰ ਗੁਜ਼ਾਰੀ ਸ਼ਾਹਿਨਸ਼ਾਹ ਮਿਸਰ ਦੇ
ਕੀਤਾ ਹੁਕਮ ਮਹਿਮਾਨੀ ਆਵੇ ਖਾਵਣ ਲੋਕ ਸਫ਼ਰ ਦੇ
ਮਿੱਠੇ ਸ਼ਰਬਤ ਆਣ ਪਿਲਾਏ ਅੱਵਲ ਹਰ ਇਕ ਤਾਈਂ
ਫੇਰ ਰਕਾਬ ਤੁਆਮ ਅਜਾਇਬ ਦਸਤਰ ਖ਼ਾਨੇ ਚਾਈਂ ।(੮੦੫੦)
ਰੰਗਾਰੰਗ ਤੁਆਮ ਲਿਆਏ ਖਾਣੇ ਬਾਦਸ਼ਾਹਾਨੇ
ਗੋਡੇ ਡਾਹ ਡਾਹ ਰੱਜ ਕਰੇਂਦੇ ਰਾਕਸ਼ ਦਿਓ ਮਰਦਾਨੇ
ਮੇਵੇ ਮੁਰਗ਼ ਕਬਾਬ ਖਿਲਾਏ ਬਾਹਰ ਹੱਦ ਸ਼ੁਮਾਰੋਂ
ਖ਼ਿਲਅਤ ਮਿਲੀ ਤਮਾਮਾਂ ਤਾਈਂ ਵੱਖੋ ਵੱਖ ਸਰਕਾਰੋਂ
ਤੁਹਫ਼ੇ ਤੇ ਨਜ਼ਰਾਨੇ ਸਾਰੇ ਜੋ ਭੇਜੇ ਸ਼ਾਹਪਾਲੇ
ਆਸਿਮ ਅੱਗੇ ਚਾ ਗੁਜ਼ਾਰਨ ਹੈਸਨ ਜਿਹਨਾ ਹਵਾਲੇ
ਹੋਰ ਬਦੀਅ-ਜਮਾਲ ਪਰੀ ਦੇ ਤੁਹਫ਼ੇ ਤੇ ਸੌਗ਼ਾਤਾਂ
ਮਹਿਰਮ ਹੱਥ ਪੁਚਾਏ ਅੱਗੇ ਸ਼ਹਿਜ਼ਾਦੇ ਦੀ ਮਾਤਾਂ
ਕੁੱਵਤ ਖ਼ੁਸ਼ੀ ਹੋਈ ਸੀ ਐਸੀ ਇਸ਼ਰਤ ਉੱਤੇ ਜਮੱਈਅਤ
ਆਸਿਮ ਸ਼ਾਹ ਤੇ ਬੇਗਮ ਤਾਈਂ ਲਸ਼ਕਰ ਸ਼ਹਿਰੀ ਰੱਈਅਤ
ਹਰ ਇਕ ਦੇ ਦਿਲ ਏਸ ਕਦਰ ਸੀ ਖ਼ੁਸ਼ਵਕਤੀ ਖ਼ੁਸ਼ਹਾਲੀ
ਜਿਉਂ ਤਨ ਮੁਰਦੇ ਅੰਦਰ ਆਵੇ ਜਾਨ ਜਵਾਨੀ ਵਾਲੀ
ਸ਼ਾਹ ਆਸਿਮ ਨੇ ਮਿਸਰ ਸ਼ਹਿਰ ਵਿਚ ਖ਼ੁਸ਼ੀਓਂ ਈਦ ਬਣਾਈ
ਜਿਤਨੀ ਉਮਰ ਗ਼ਮਾਂ ਵਿਚ ਗੁਜ਼ਰੀ ਇਤਨੀ ਵਰੀ ਮੁਕਾਈ
ਮੁਲਕ ਸ਼ਹਿਰ ਵਿਚ ਫੇਰ ਢੰਡੋਰੇ ਸੱਦੇ ਖ਼ਾਸੀ ਆਮੀ
ਦੌਲਤ ਦੇ ਦਰ ਖੋਲ ਦਿੱਤੋ ਨੇ ਲੈਣ ਇਨਾਮ ਇਨਾਮੀ
ਲਸ਼ਕਰੀਆਂ ਨੂੰ ਤਲਬਾਂ ਮਿਲੀਆਂ ਕੰਙਣ ਕੰਠੇ ਬਾਲੇ
ਹੋਏ ਮੁਆਫ਼ ਰੱਈਅਤ ਉੱਤੋਂ ਬਹੁਤ ਮੁਦਤ ਦੇ ਹਾਲੇ
ਹਾਫ਼ਿਜ਼ ਆਲਿਮ ਜ਼ਾਹਿਦ ਮੁੱਤਕੀ ਗੋਸ਼ੇ ਗੀਰਾਂ ਤਾਈਂ
ਬਹੁਤ ਇਨਾਮ ਜਾਗੀਰਾਂ ਦਿੱਤੀਆਂ ਸਾਰੇ ਕਰਨ ਦੁਆਈਂ ।(੮੦੬੦)
ਹੋਰ ਗ਼ਰੀਬ ਯਤੀਮ ਮੁਸਾਫ਼ਿਰ ਜੋ ਸਨ ਵਿਚ ਜ਼ਮੀਨਾਂ
ਦੌਲਤ ਬਖ਼ਸ਼ ਤਵੰਗੁਰ ਕੀਤੋ ਸੁ ਮਾਅਜ਼ੂਰਾਂ ਮਿਸਕੀਨਾਂ
ਬੰਦੀ ਸਭ ਖ਼ਲਾਸ ਕਰਾਏ ਬਿਨ ਚੱਟੀ ਨਜ਼ਰਾਨੇ
ਦੇ ਸਰੋਪਾ ਘਰਾਂ ਨੂੰ ਘੱਲੇ ਪੜ੍ਹਨ ਲੱਗੇ ਸ਼ੁਕਰਾਨੇ
ਸਦ ਉਮਰਾ ਵਜ਼ੀਰ ਤਮਾਮੀ ਰਾਜੇ ਰਾਇ ਹਜ਼ੂਰੀ
ਕਦਰ-ਬ-ਕਦਰੀ ਮਨਸਬ ਦਿੱਤੇ ਹਾਜਤ ਕੀਤੀ ਪੂਰੀ
ਸਾਲਿਹ ਨੂੰ ਤਸ਼ਰੀਫ਼ਾਂ ਦਿੱਤੀਆਂ ਬਹੁਤਾ ਸ਼ਾਨ ਵਧਾਇਆ
ਕਰੋ ਤਿਆਰ ਸਫ਼ਰ ਦਾ ਸਾਮਾਂ ਕਰ ਤਾਕੀਦ ਬਤਾਇਆ
ਤਖ਼ਤ ਸੰਦੂਕ ਬਣਾਇ ਵੱਡੇ ਡੇਰੇ ਮਿਟਣ ਸੁਖਾਲੇ
ਤੰਬੂ ਸੱਤਰ ਤਕੜੇ ਹੋਵਣ ਹਰਮਾਂ ਕਾਰਨ ਨਾਲ਼ੇ
ਮਿਲਿਆ ਹੁਕਮ ਵਜ਼ੀਰਾਂ ਤਾਈਂ ਉਹ ਲੱਗੇ ਇਸ ਕੰਮ ਨੂੰ
ਸ਼ਾਹੇ ਆਪੂੰ ਜਸ਼ਨ ਮਨਾਇਆ ਦੂਰ ਕਰੇਂਦਾ ਗ਼ਮ ਨੂੰ
ਸੁਰਖ਼ ਸ਼ਰਾਬ ਪੁਰਾਣੀ ਆਂਦੀ ਭਰ ਭਰ ਮੱਟ ਕਲਾਲਾਂ
ਸਾਰੰਗੀਆਂ ਕਾਨੂੰਨ ਮਿਲਾਏ ਮੱਧਮ ਤੰਬੂਰ ਕੱਵਾਲਾਂ
ਤਾਇਫ਼ਿਆਂ ਨੇ ਮਜਲਿਸ ਮਲੀ ਰਾਸ ਖਲੀ ਕਰ ਸੱਫ਼ਾਂ
ਤਬਲੇ ਖ਼ੰਜਰੀ ਰੰਗ ਬਣਾਇਆ ਦਿਲ-ਰੁਬਾਵਾਂ ਦੱਫ਼ਾਂ
ਮੁਰਲੀ ਤੇ ਅਲਗ਼ੋਜ਼ੇ ਵਜੇ ਬੈਂਸਰੀਆਂ ਸ਼ਰਨਾਈਂ
ਢੋਲਕ ਦੇਇ ਜਵਾਬ ਬਰਾਬਰ ਲੈ ਲੈ ਖ਼ੂਬ ਹਵਾਈਂ
ਮਾਰਾਂ ਦੇਣ ਨਾਖ਼ੂਨ ਹਜ਼ਾਰਾਂ ਚਾਰਜ ਤਾਰਾਂ ਜੋੜਨ
ਸਾਰੰਗੀਆਂ ਨੂੰ ਮਿਲਣ ਸਜ਼ਾਈਂ ਫੜ ਫੜ ਕੰਨ ਮਰੋੜਨ ।(੮੦੭੦)
ਸੁਣ ਕੇ ਬੋਲ ਸੁਰਾਂ ਦੇ ਸੰਦੇ ਬੰਦੇ ਹੋਣ ਉਡੰਦੇ
ਕਮਾਨਚੀ ਮਰਦੰਗ ਬਣਾਵਣ ਰੰਗ ਅਜਾਇਬ ਚੰਦੇ
ਬੋਲਣ ਗ਼ਮ ਦੇ ਬੈਂਤ ਚਿਕਾਰੇ ਮਾਰਾਂ ਖਾਣ ਦੋ ਤਾਰੇ
ਖੋਲ ਕਿਤਾਬ ਰਬਾਬ ਖ਼ੁਸ਼ੀ ਦੀ ਰੱਬ ਰੱਬ ਜ਼ਿਕਰ ਚਿਤਾਰੇ
ਪਹਿਨ ਪਚਰੀਆਂ ਪਰੀਆਂ ਜੇਹੀਆਂ ਕੰਜਰੀਆਂ ਪਿੜ ਮੱਲੇ
ਨਗ਼ਮੇ ਨਾਚ ਉਠਾਵਣ ਗਾਵਣ ਤਾਲ ਮਰੇਂਦੇ ਹੱਲੇ
ਭੈਰੋਂ ਜੰਗਲੀ ਸਾਰੰਗ ਬਿਰਵੇ ਤੋੜ ਕਲਾਵੰਤ ਘੜਦੇ
'ਯਾ ਰੱਬ' ਦੇ ਆਵਾਜ਼ੇ ਕੱਢਣ ਸਾਤ ਸੁਰਾਂ ਥੀਂ ਪੜ੍ਹਦੇ
ਪੀਣ ਸ਼ਰਾਬ ਸੁਰਾਂ ਸ਼ੁੱਧ ਹੋਵਣ ਗਾਵਣ ਧਰੁੱਪਦ ਉੱਚੇ
ਸਾਕੀ ਸੋਹਣੇ ਫਿਰਨ ਚੌਫੇਰੇ ਭਰਨ ਪਿਆਲੇ ਸੁੱਚੇ
ਆਸਿਮ ਸ਼ਾਹ ਖ਼ੁਸ਼ੀ ਵਿਚ ਬੈਠਾ ਹੋਰ ਅਮੀਰ ਹਜ਼ੂਰੀ
ਵਕਤ ਆਇਆ ਨਜ਼ਦੀਕ ਮਿਲਣ ਦਾ ਰੱਬ ਖੜੇ ਗ਼ਮ ਦੂਰੀ
ਗਈ ਖ਼ਿਜ਼ਾਂ ਬਹਾਰਾਂ ਆਈਆਂ ਹੋਏ ਚੈਨ ਹਜ਼ਾਰਾਂ
ਅਚਵੀ ਗਈ ਤਰੋਟਕ ਵਾਲੀ ਲੱਧੇ ਖ਼ੁਮ ਖ਼ੁਮਾਰਾਂ
ਆਸਿਮ ਸ਼ਾਹ ਰਿਹਾ ਵਿਚ ਐਸ਼ਾਂ ਦੇ ਕੇ ਹੁਕਮ ਵਜ਼ੀਰਾਂ
ਸਭ ਅਸਬਾਬ ਬਣਾਏ ਉਨ੍ਹਾਂ ਕਰ ਕਰਕੇ ਤਦਬੀਰਾਂ
ਚਨਣ ਚੀਰ ਬਣਾਏ ਤਖ਼ਤੇ ਸੰਦਲ ਊਦ ਕੁਮਾਰੀ
ਮੁਸ਼ਕ ਜਿਹਨਾਂ ਦੀ ਕੋਹਾਂ ਅੰਦਰ ਖ਼ੂਬ ਹਵਾ ਖਿਲਾਰੀ
ਸੱਦ ਕਾਰੀਗਰ ਹੋਰ ਕਮਾਂਗਰ ਪੱਕਾ ਤਖ਼ਤ ਬਣਾਇਆ
ਦੋ ਕੋਹ ਲੰਮਾ ਦੋ ਕੋਹ ਚੌੜਾ ਛਤਰ ਕੱਢ ਸੁਹਾਇਆ ।(੮੦੮੦)
ਸੋਨੇ ਚਾਂਦੀ ਦੇ ਫੁੱਲ ਲੱਗੇ ਮੋਤੀ ਜੜੇ ਕਤਾਰਾਂ
ਇਕ ਪਾਸੇ ਕਰ ਹੁਜਰੇ ਚੋਬੀ ਦਿੱਤੀਆਂ ਗਿਰਦ ਦੀਵਾਰਾਂ
ਹਰਮਾਂ ਕਾਰਨ ਸਤਰ ਬਣਾਏ ਖ਼ੂਬ ਮਜ਼ੱਯਨ ਕਰ ਕੇ
ਜਾਈਆਂ ਹੋਰ ਬਣਾਈਆਂ ਸੱਭੋ ਜੋ ਦਰਕਾਰ ਸਫ਼ਰ ਦੇ
ਤਖ਼ਤ ਉੱਤੇ ਫਿਰ ਮਾਲ ਚੜ੍ਹਾਏ ਜੋ ਜੋ ਆਹੇ ਖੜਨੇ
ਘੋੜੇ ਤੇਜ਼ ਸਵਾਰੀ ਲਾਇਕ ਜੋ ਸਨ ਕੋਤਲ ਫੜਨੇ
ਹਾਥੀ ਭਾਰੇ ਵਾਂਗ ਪਹਾੜਾਂ ਕੁਝ ਚਿੱਟੇ ਕੁੱਝ ਕਾਲੇ
ਕੁੱਝ ਜੰਗੀ ਮਸਤਾਨੇ ਖ਼ੂਨੀ ਕੁੱਝ ਅਸਵਾਰੀ ਵਾਲੇ
ਖ਼ੱਚਰ ਉਠ ਕਤਾਰਾਂ ਭਰੀਆਂ ਅੰਤ ਨਾ ਬੈਲਾਂ ਗਾਂਵਾਂ
ਚੀਤੇ ਸਗ ਸ਼ਿਕਾਰੀ ਨਾਲ਼ੇ ਪਾੜ੍ਹੇ ਹਿਰਨ ਅਰਾਂਵਾਂ
ਕੀਮਤਦਾਰ ਪੋਸ਼ਾਕਾਂ ਪਾਈਆਂ ਪਸ਼ਮੀਨੇ ਦੋਸ਼ਾਲੇ
ਪੋਸ਼ਤੀਨਾ ਤੇ ਹੋਰ ਸੁਫ਼ੈਦੇ ਛੀਟਾਂ ਦੇ ਪਰਕਾਲੇ
ਬਾਰਾਂ ਰੋਜ਼ ਗੁਜ਼ਸ਼ਤਾ ਹੋਏ ਨਿੱਤ ਨਵੀਂ ਮਹਿਮਾਨੀ
ਉਠੇ ਚਿੱਤ ਤਹੱਮੁਲ ਭੱਜੇ ਸਬਰ ਗਿਆ ਟੁੱਟ ਜਾਨੀ
ਸਾਇਤ ਨੇਕ ਮਹੂਰਤ ਤੱਕ ਕੇ ਦਿਨ ਤਾਰੀਖ਼ ਭਲੇਰੀ
ਆਸਿਮ ਛੋੜ ਮਿਸਰ ਨੂੰ ਟੁਰਿਆ ਆਸ ਖ਼ੁਦਾਇਆ ਤੇਰੀ
ਅੱਵਲ ਹਰਮ ਤਖ਼ਤ ਪਰ ਚਾੜ੍ਹੇ ਸਤਰੀਂ ਦਾਖ਼ਲ ਕੀਤੇ
ਛੋਕਰੀਆਂ ਤੇ ਲੌਂਡੇ ਸੋਹਣੇ ਚੁਣ ਚੁਣ ਕੇ ਸੰਗ ਲੀਤੇ
ਸਾਲਿਹ ਦੇ ਭੀ ਹਰਮ ਤਮਾਮੀ ਚਾੜ੍ਹ ਲਏ ਵਿਚ ਸਤਰਾਂ
ਭਰ ਭਰ ਮਸ਼ਕਾਂ ਮੁਸ਼ਕਾਂ ਪਾਈਆਂ ਮਿਸਲ ਗੁਲਾਬਾਂ ਇਤਰਾਂ ।(੮੦੯੦)
ਜੋ ਜੋ ਚੀਜ਼ ਲੁੜੀਂਦੀ ਆਹੀ ਕਾਰਨ ਕਾਜ ਵਿਆਹੇ
ਤੁਹਫ਼ੇ ਹੋਰ ਸੌਗ਼ਾਤਾਂ ਮੇਵੇ ਪਾਏ ਆਸਿਮ ਸ਼ਾਹੇ
ਸ਼ਾਦੀ ਦੇ ਅਸਬਾਬ ਚੜ੍ਹਾਏ ਬਾਹਰ ਅੰਤ ਸ਼ੁਮਾਰੋਂ
ਕਈ ਬਾਜੇ ਤੇ ਕਈ ਤਮਾਸੇ ਆਤਸ਼ਬਾਜ਼ੀ ਦਾਰੋਂ
ਬਹੁਤ ਇਨਾਮ ਦਿੱਤੇ ਉਸ ਤਾਈਂ ਖ਼ਬਰ ਅੱਵਲ ਜਿਸ ਆਂਦੀ
ਸਰੋਪਾਵਾਂ ਦੇ ਥਾਨ ਜੜਾਊ ਮੋਤੀ ਸੋਨਾ ਚਾਂਦੀ
ਦੇਵਾਂ ਪਰੀਆਂ ਥੀਂ ਪੁੱਛ ਲਈਆਂ ਅੱਵਲ ਕਰ ਤਜ਼ਵੀਜ਼ਾਂ
ਸ਼ਾਰਿਸਤਾਨ ਸੁਨਹਿਰੀ ਅੰਦਰ ਜੋ ਕਮੀਆ ਬਹਿ ਚੀਜ਼ਾਂ
ਉਹ ਭੀ ਤਖ਼ਤ ਉੱਤੇ ਪਾ ਲਈਆਂ ਹੋਏ ਤਿਆਰ ਸਫ਼ਰ ਨੂੰ
ਬਣਿਆ ਮੇਲ਼ ਸੁਹਾਵਾ ਚਲੇ ਕੁੜਮਾਂ ਦੇ ਘਰ ਦਰ ਨੂੰ
ਬੇਗਮ ਸਣੇ ਰਵਾਨਾ ਹੋਇਆ ਆਸਿਮ ਸ਼ਾਹ ਬਹਾਦਰ
ਸਾਲਿਹ ਸਾਇਦ ਹੋਰ ਤਮਾਮੀ ਮੀਰ ਵਜ਼ੀਰ ਅਕਾਬਰ
ਬਾਗ਼-ਇਰਮ ਵੱਲ ਹੋਈ ਤਿਆਰੀ ਕਰ ਸਾਰੇ ਸਮਿਆਨੇ
ਹੋਰ ਮਤਾਅ ਹਿਸਾਬੋਂ ਬਾਹਰ ਸੋਨਾ ਚਿਹਲ ਖ਼ਜ਼ਾਨੇ
ਦੁੰਬੇ ਗਾਈਂ ਬੱਕਰੇ ਕੁੱਕੜ ਭੇਡੂ ਤੇ ਉਠ ਘੋੜੇ
ਹਰ ਮੰਜ਼ਿਲ ਦੇ ਖ਼ਰਚੇ ਕਾਰਨ ਨਾਲ਼ ਲਏ ਬੇਓੜੇ
ਮਿਸਰੀ ਹਿੰਦੀ ਤੇਗ਼ਾਂ ਤੁਹਫ਼ੇ ਹੋਰ ਕਈ ਹਥਿਆਰਾਂ
ਲਾਲੋਂ ਤੇ ਯਾਕੂਤੋਂ ਡੱਬੇ ਭਰੇ ਮਾਨਿੰਦ ਅੰਬਾਰਾਂ
ਮਰਵਾਰੀਦ ਅਕੀਕ ਜ਼ਮੁਰਦ ਭਰੇ ਸੰਦੂਕ ਫ਼ੀਰੋਜ਼ੇ
ਸੈ ਸੰਗ-ਪਾਰੇ ਕੀਮਤ ਵਾਲੇ ਗੌਹਰ ਸ਼ਬ ਅਫ਼ਰੋਜ਼ੇ ।(੮੧੦੦)
ਮਾਣਕ ਮੋਤੀ ਹੀਰੇ ਚਾਂਦੀ ਜੌਹਰ ਪੰਨੇ ਗੁਲੀਆਂ
ਗਿਣਤਰ ਮਿਣਤਰ ਵਿਚ ਨਾ ਆਵਣ ਸੁਣ ਸੁਣ ਹੋਸ਼ਾਂ ਭੁੱਲੀਆਂ
ਹਰ ਹਰ ਕਿਸਮ ਮਤਾਆਂ ਖੜਦੇ ਜੋ ਵਰਤਣ ਇਨਸਾਨਾਂ
ਪੰਖੀ ਖ਼ੂਬ ਆਵਾਜ਼ਾਂ ਵਾਲੇ ਜੋ ਜੋ ਵਿਚ ਹੈਵਾਨਾਂ
ਹਰਮਾਂ ਸਣੇ ਤਖ਼ਤ ਪਰ ਚੜ੍ਹ ਕੇ ਹੋਇਆ ਸ਼ਾਹ ਰਵਾਨਾ
ਸਾਲਿਹ ਸਾਇਦ ਨਾਲ਼ ਚੜ੍ਹੇ ਸੁਣ ਕਰ ਸਮਿਆਨ ਸ਼ਹਾਨਾ
ਤਖ਼ਤ ਉੱਤੇ ਚੜ੍ਹ ਆਸਿਮ ਕਹਿੰਦਾ ਆਹੂ-ਖ਼ਾਤਿਫ਼ ਤਾਈਂ
ਅਸੀਂ ਇਰਮ ਵੱਲ ਰਾਹੀ ਹੋਏ ਛੋੜ ਮਿਸਰ ਘਰ ਜਾਈਂ
ਖ਼ਬਰ ਨਹੀਂ ਕੀ ਹੁੰਦਾ ਅੱਗੇ ਮਤੇ ਕਬੂਲ ਨਾ ਪਈਏ
ਨਾਲ਼ ਹਿਕਾਰਤ ਵੇਖਣ ਅਗਲੇ ਜਾਂ ਦਿਖਲਾਈ ਦਈਏ
ਜ਼ੀਨਤ ਜ਼ੇਬ ਅਸਾਡਾ ਸਾਰਾ ਭੱਠ ਪਿਆ ਉਸ ਵੇਲੇ
ਜਦੋਂ ਪਸਿੰਦ ਨਾ ਆਏ ਸ਼ਾਹਾਂ ਕੌਣ ਅਸਾਂ ਫਿਰ ਮੇਲੇ
ਜੇ ਸੌ ਅਸਾਂ ਤਗਾਦੇ ਕੀਤੇ ਪਏ ਕਬੂਲ ਨਾ ਅੱਗੇ
ਬਾਝ ਕਬੂਲ ਮੁਹੰਮਦ ਬਖਸ਼ਾ ਭਾਹ ਸਵਾਬਾਂ ਲੱਗੇ
ਖੋਟੇ ਨਕਦ ਅਸਾਡੇ ਤੱਕ ਕੇ ਮੋੜ ਮੂੰਹੇਂ ਪਰ ਮਾਰਨ
ਨਾ ਇਧਰ ਨਾ ਉਧਰ ਜੋਗੇ ਫਿਰ ਕਰੀਏ ਕੀ ਕਾਰਨ
ਪਰਤ ਜਵਾਬ ਦਿੱਤਾ ਅਫ਼ਰੇਤੇ ਪਾਕ ਜਿਹਨਾਂ ਦੀ ਬਾਜ਼ੀ
ਕਿਆ ਸੂਫ਼ੀ ਕਿਆ ਮਸਤ ਦੀਵਾਨੇ ਅੰਦਰ ਬਾਹਰ ਨਿਮਾਜ਼ੀ
ਹਰ ਜਾਈ ਮਨਜ਼ੂਰੀ ਜਿਸ ਨੇ ਤਰਕ ਘਰਾਂ ਦੀ ਸਾਜ਼ੀ
ਰਾਹ ਪਏ ਰੱਖ ਚਾਹ ਮੁਹੰਮਦ ਬਹੁਤੀ ਬੇਅੰਦਾਜ਼ੀ ।(੮੧੧੦)
ਪੰਧ ਪਿਉਂ ਤੂੰ ਛੱਡ ਜੰਜਾਲਾਂ ਚਾਰੇ ਪੱਲੇ ਛੰਡੇ
ਰਾਤ ਹਨੇਰੀ ਨਾ ਡਰ ਰਾਹੋਂ ਹੂੰਝ ਅੱਵਲ ਕੱਖ ਕੰਡੇ
ਆਹੂ-ਖ਼ਾਤਿਫ਼ ਦੇਵਾਂ ਤਾਈਂ ਨਾਲ਼ ਇਸ਼ਾਰਤ ਕਹਿੰਦਾ
ਚਾਉ ਤਖ਼ਤ ਹਵਾਈ ਉੱਡੋ ਕੀ ਕੰਮ ਬਾਕੀ ਰਹਿੰਦਾ
ਤਖ਼ਤ ਉੱਤੇ ਚੜ੍ਹ ਬੈਠਾ ਡੇਰਾ ਝੰਡੇ ਰੰਗ ਰੰਗਾਂ ਦੇ
ਸ਼ੁਲਕ ਹੋਈ ਇਕ ਪਲਕ ਨਾ ਲੱਗਾ ਚਲੇ ਸੰਗ ਸੰਗਾਂ ਦੇ
ਸਰਾਂਦੀਪ ਸ਼ਹਿਰ ਦਾ ਵਾਲੀ ਚੜ੍ਹਿਆ ਨਾਲ਼ ਨਿਸ਼ਾਨਾਂ
ਨਾਲ਼ੇ ਹਾਸ਼ਮ ਕੁਲਜ਼ਮ ਵਾਲਾ ਦੇਵਾਂ ਸਣੇ ਜਵਾਨਾਂ
ਕਰ ਕੇ ਸਾਜੇ ਵੱਜੇ ਵਾਜੇ ਜੰਞ ਚੜ੍ਹੇ ਰਾਇ ਰਾਜੇ
ਧੁੰਮ ਪਈ ਕੋਹ ਕਾਫ਼ਾਂ ਅੰਦਰ ਕੌਣ ਕੋਈ ਮਹਾਰਾਜੇ
ਢੋਲ ਨਿਕਾਰੇ ਧੌਂਸੇ ਵਜੇ ਸ਼ੁਤਰੀ ਤੇ ਕਰਨਾਈਂ
ਤੁਰੀਆਂ ਤੁਰਮ ਤੰਬੂਰਾਂ ਚਾਈ ਕੂਕ ਅਸਮਾਨਾਂ ਤਾਈਂ
ਤਖ਼ਤ ਉਠਾ ਲਿਆ ਅਫ਼ਰੇਤਾਂ ਚਲੇ ਬਾਗ਼-ਇਰਮ ਨੂੰ
ਬਾ-ਆਰਾਮ ਹੋਏ ਸਭ ਮਿਸਰੀ ਰੁਖ਼ਸਤ ਕੀਤਾ ਗ਼ਮ ਨੂੰ
ਸਰਾਂਦੀਪ ਨਗਰ ਦਾ ਵਾਲੀ ਹਾਸ਼ਮ ਆਸਿਮ ਮਿਸਰੀ
ਤਰੈਵੇ ਸ਼ਾਹ ਖ਼ੁਸ਼ੀ ਕਰ ਬੈਠੇ ਰੰਜ ਗ਼ਮਾਂ ਦੀ ਵਿਸਰੀ
ਤਖ਼ਤ ਸ਼ਹਾਨੇ ਉਪਰ ਰਲ਼ ਕੇ ਬੈਠੇ ਨਾਲ਼ ਇਤਫ਼ਾਕੇ
ਇਕ ਦੂਏ ਦੀ ਖ਼ਾਤਿਰ ਕਰਦੇ ਵਾਂਗ ਆਸ਼ਿਕ ਮੁਸ਼ਤਾਕੇ
ਭਰ ਭਰ ਪੀਣ ਪਿਆਲੇ ਨਸ਼ਿਉਂ ਖਾਣ ਕਬਾਬ ਨਰੋਏ
ਕੰਜਰ ਭਗਤੀ ਤੇ ਰਬਾਬੀ ਮੁਜਰੇ ਕਰਨ ਖਲੋਏ ।(੮੧੨੦)
ਖ਼ੁਸ਼ੀਆਂ ਵਿਚ ਹੋਵੇ ਮਤਵਾਰੇ ਨਸ਼ਿਓਂ ਰਾਗੋਂ ਰੰਗੋਂ
ਡੇਰਾ ਦਿਓ ਉਠਾਈ ਜਾਵਣ ਬਾਝੋਂ ਦੇਰ ਦਿਰੰਗੋਂ
ਮੰਜ਼ਿਲ ਮੰਜ਼ਿਲ ਤੁਰਦੇ ਆਏ ਮੌਜਾਂ ਨਾਲ਼ ਮੁਰਾਦਾਂ
ਸ਼ਾਹਪਾਲੇ ਦੀ ਹੱਦ ਵਿਚ ਪਹੁਤੇ ਨਜ਼ਰ ਪਈਆਂ ਬੁਨਿਆਦਾਂ
ਬਾਗ਼-ਇਰਮ ਵਿਚ ਪਹੁਤਾ ਡੇਰਾ ਖ਼ਬਰ ਹੋਈ ਸ਼ਾਹਪਾਲੇ
ਸਣੇ ਅਮੀਰਾਂ ਬਾਹਰ ਆਇਆ ਕਾਰਨ ਇਸਤਿਕਬਾਲੇ
ਜਿੰਨਾ ਦੇਵਾਂ ਪਰੀਆਂ ਤਾਈਂ ਮਿਲਿਆ ਹੁਕਮ ਜਨਾਬੀ
ਕਰ ਸੋਲਾਂ ਸ਼ਿੰਗਾਰ ਤਮਾਮੀ ਹਾਜ਼ਿਰ ਹੋਣ ਸ਼ਿਤਾਬੀ
ਆਸਿਮ ਸ਼ਾਹ ਮਿਸਰ ਦਾ ਆਇਆ ਇਸਤਿਕਬਾਲ ਕਿਚੀਵੇ
ਜਾਹ ਜਲੌ ਅਸਾਡਾ ਤੱਕੇ ਤਾਂ ਉਹ ਦੂਣਾ ਥੀਵੇ
ਸ਼ਹਿਜ਼ਾਦੇ ਨੂੰ ਖ਼ਬਰ ਪੁਚਾਈ ਬਾਬਲ ਤੇਰਾ ਆਇਆ
ਬਣ ਤਣ ਕੇ ਤੂੰ ਮਿਲਣਾ ਅੱਗੋਂ ਵੇਖੇ ਇੱਜ਼ਤ ਪਾਇਆ
ਪਰੀਆਂ ਬਣਤ ਬਣਾ ਬਣਾਈ ਜ਼ੇਵਰ ਪਹਿਨ ਪੋਸ਼ਾਕਾਂ
ਚਮਕੋ ਚਮਕ ਕਰੇਂਦੇ ਜੁੱਸੇ ਖਰੀਆਂ ਸੀਮ ਸਲਾਕਾਂ
ਅੱਖ ਪਟਣ ਤਾਂ ਲੱਖ ਜੀਆਂ ਨੂੰ ਮਾਰਨ ਨਾਲ਼ ਨਜ਼ਾਰੇ
ਜਿੱਤ ਵੱਲ ਨਜ਼ਰ ਕਿਚੀਵੇ ਦਿੱਸਣ ਬਿਜਲੀ ਦੇ ਚਮਕਾਰੇ
ਲਸ਼ਕਰੀਆਂ ਨੇ ਬਰਦੀ ਲਾਈ ਪਰੀਆਂ ਜ਼ੇਵਰ ਗਹਿਣਾ
ਹਾਥੀ ਘੋੜੇ ਉਠ ਸ਼ਿੰਗਾਰੇ ਸਾਦਾ ਕਿਸੇ ਨਾ ਰਹਿਣਾ
ਆਪੋ ਆਪਣੀ ਜ਼ੀਨਤ ਕਰ ਕੇ ਹਰ ਇਕ ਸ਼ਖ਼ਸ ਸੁਹਾਇਆ
ਨਾਲ਼ ਲਈ ਸ਼ਾਹਪਾਲ ਬਹਾਦਰ ਮੇਲੇ ਕਾਰਨ ਆਇਆ ।(੮੧੩੦)
ਤੁਹਫ਼ੇ ਤੇ ਨਜ਼ਰਾਨੇ ਆਂਦੇ ਬਾਹਰ ਹੱਦ ਸ਼ੁਮਾਰੋਂ
ਜੋੜੇ ਘੋੜੇ ਜਿਨਸ ਨਫ਼ੀਸਾਂ ਮੇਵੇ ਵੱਧ ਅੰਬਾਰੋਂ
ਆ ਮਿਲਿਆ ਸ਼ਾਹਪਾਲ ਬਹਾਦਰ ਆਸਿਮ ਸ਼ਾਹ ਮਿਸਰ ਨੂੰ
ਭਾਈਆਂ ਹਾਰ ਮਿਲੇ ਗਲ ਲੱਗ ਕੇ ਖ਼ੁਸ਼ੀ ਹੋਈ ਹਰ ਹਰ ਨੂੰ
ਇਕ ਦੂਜੇ ਦੇ ਸਿਰ ਤੋਂ ਸੁੱਟੇ ਮੋਤੀ ਲਅਲ ਜਵਾਹਰ
ਕੀਤੀ ਖ਼ੁਸ਼ੀ ਮਿਲਣ ਦੀ ਬਹੁਤੀ ਅੰਤ ਸ਼ੁਮਾਰੋਂ ਬਾਹਰ
ਅਦਬ ਸਲਾਮੋਂ ਫ਼ਾਰਿਗ਼ ਹੋਏ ਪੁੱਛਦੇ ਖ਼ੈਰੀ ਸੁੱਖਾਂ
ਤੱਕਦੇ ਤੱਕਦੇ ਰੱਜਣ ਨਾਹੀਂ ਇਕ ਦੂਜੇ ਦੇ ਮੁਖਾਂ
ਦੋਏ ਕੁੜਮ ਜਦੋਂ ਰਲ਼ ਬੈਠੇ ਸ਼ਗਨ ਦਿੱਤੇ ਸ਼ਾਹਪਾਲੇ
ਆਸਿਮ ਸ਼ਾਹ ਵੱਲ ਨੀਵਾਂ ਹੋ ਕੇ ਕਰ ਕਰ ਉਜ਼ਰ ਦਸਾਲੇ
ਰੰਜਾ ਕਦਮ ਮੁਬਾਰਿਕ ਹੋਏ ਘਰ ਮੇਰੇ ਟੁਰ ਆਏ
ਇਹ ਅਹਿਸਾਨ ਨਾ ਮੁਕਦਾ ਹਜ਼ਰਤ ਬਖ਼ਸ਼ੋ ਰੱਬ ਕਰਾਏ
ਸ਼ੁਕਰ ਰਬੇ ਦਾ ਇਹ ਘਰ ਮੇਰੇ ਅੱਗੇ ਸਾਨ ਹਨੇਰੇ
ਰੌਸ਼ਨ ਹੋਏ ਜਾਂ ਹੁਣ ਆਏ ਕਦਮ ਮੁਬਾਰਿਕ ਤੇਰੇ
ਆਸਿਮ ਸ਼ਾਹ ਖ਼ੁਸ਼ਾਮਦ ਕਰ ਕੇ ਕਹਿੰਦਾ ਐ ਸ਼ਾਹਪਾਲਾ
ਤੁਧ ਚਾੜ੍ਹੀ ਵਡਿਆਈ ਮੈਂ ਪਰ ਕੀਤਾ ਐਡ ਕਸ਼ਾਲਾ
ਇਹ ਅਹਿਸਾਨ ਮੁਰੱਵਤ ਤੇਰਾ ਜਾਂਦਾ ਨਹੀਂ ਮੁਕਾਇਆ
ਗਿਆ ਗਵਾਤਾ ਬੇਟਾ ਮੇਰਾ ਮੁੜ ਕੇ ਤੁਸਾਂ ਮਿਲਾਇਆ
ਸੌ ਸੌ ਸ਼ੁਕਰ ਖ਼ੁਦਾਵੰਦ ਤਾਈਂ ਐਸ ਮੁਲਕ ਮੈਂ ਆਇਆ
ਸ਼ਾਬਸ਼ ਲੱਖ ਤੁਸਾਨੂੰ ਜਿਸ ਨੇ ਹਿੰਮਤ ਕਰ ਮੰਗਵਾਇਆ ।(੮੧੪੦)
ਸਾਰੀ ਉਮਰ ਨਾ ਮੁਕਸੀ ਮੈਂ ਥੀਂ ਇਹ ਤੇਰੀ ਵਡਿਆਈ
ਜੈਸੀ ਤੁਧ ਮੇਰੇ ਸੰਗ ਕੀਤੀ ਐਸੀ ਕਰੇ ਨਾ ਕਾਈ
ਡਿਠੇ ਭਾਲੇ ਬਿਨ ਤੁਧ ਮੈਨੂੰ ਮੰਨਿਆ ਵਾਂਙੂ ਵੀਰਾਂ
ਅਜਰ ਦੇਈ ਰੱਬ ਸਾਹਿਬ ਜਿਸ ਨੇ ਸ਼ਾਦ ਕੀਤਾ ਦਿਲਗੀਰਾਂ
ਦੋਏ ਸ਼ਾਹ ਕਰੇਂਦੇ ਬਾਤਾਂ ਨਾਲ਼ ਇਤਫ਼ਾਕ ਰਸਾਈ
ਅਸਾਂ ਤੁਸਾਂ ਘਰ ਇਕੋ ਹੋਇਆ ਜਾਣੋਂ ਨਹੀਂ ਦੋ ਜਾਈ
ਇਹੋ ਗੱਲਾਂ ਕਰਦੇ ਆਏ ਵੇਖਣ ਰਾਹ ਸੱਜਣ ਦਾ
ਸੈਫ਼-ਮਲੂਕ ਸ਼ਿਤਾਬੀ ਆਵੇ ਹੋਇਆ ਵਕਤ ਮਿਲਣ ਦਾ
ਸਰਵ-ਬਾਨੋ ਤੇ ਮਿਹਰ-ਅਫ਼ਰੋਜ਼ੇ ਖੜਿਆ ਨਾਲ਼ ਸ਼ਹਿਜ਼ਾਦਾ
ਖ਼ਿਦਮਤਗਾਰ ਗ਼ੁਲਾਮ ਚੌਫੇਰੇ ਫ਼ੌਜ ਉਮਰਾ ਜ਼ਿਆਦਾ
ਅੱਗੇ ਪੁੱਛੇ ਸੁੰਦਰ ਪਰੀਆਂ ਜੋਬਨ ਝਿਲਮਿਲ ਕਰਦਾ
ਸੂਰਜ ਹਾਰ ਮਰੇਂਦਾ ਰਿਸਮਾਂ ਸੁੱਚਾ ਬਾਣਾ ਜ਼ਰਦਾ
ਛੋਕਰੀਆਂ ਤੇ ਗੋਲੇ ਸੋਹਣੇ ਚੌਦੇਂ ਦੇ ਚੰਨ ਸਾਰੇ
ਫਿਰੇ ਉਡਾਰ ਉਡਾਰ ਕਤਾਰਾਂ ਇੱਕ ਥੀਂ ਇੱਕ ਸ਼ਿੰਗਾਰੇ
ਕੋਤਲ ਘੋੜੇ ਨਜ਼ਰਾਂ ਕਾਰਨ ਜੋ ਆਂਦੇ ਸ਼ਹਿਜ਼ਾਦੇ
ਡਰ ਡਰ ਪੇਰ ਜ਼ਿਮੀਂ ਤੇ ਰੱਖਣ ਫ਼ੀਲਾਂ ਕਰਨ ਪਿਆਦੇ
ਲਸ਼ਕਰ ਨਾਲ਼ ਸ਼ਹਿਜ਼ਾਦੇ ਅੰਦਰ ਸੁੰਦਰ ਸੂਰਤ ਪਰੀਆਂ
ਸਾਲੜੀਆਂ ਸੰਗ ਸੋਹਲੇ ਘੋੜੀ ਗਾਵਣ ਠੰਢੀਆਂ ਠਰੀਆਂ
ਚਾਂਦੀ ਹਾਰ ਅਮਾਰੀ ਚਿੱਟੀ ਚਨਣ ਚੀਰ ਬਣਾਈ
ਸੋਨੇ ਮੋਤੀ ਨਾਲ਼ ਜੜਾਊ ਨਕਸ਼ਾਂ ਖ਼ੂਬ ਸੁਹਾਈ ।(੮੧੫੦)
ਇਸ ਅੰਦਰ ਸ਼ਹਿਜ਼ਾਦਾ ਬੈਠਾ ਨਾਲ਼ ਨਕੀਬ ਪੁਕਾਰਾਂ
ਆਇਆ ਮਿਲਣ ਪਿਉ ਦੀ ਖ਼ਾਤਿਰ ਨਾ ਕੁੱਝ ਹੱਦ ਸ਼ਿੰਗਾਰਾਂ
ਬਾਬਲ ਇੱਜ਼ਤ ਮੇਰੀ ਵੇਖੇ ਬਹੁਤ ਹੋਵਸ ਖ਼ੁਸ਼ਹਾਲੀ
ਜਾਂ ਮਿਲੇ ਤਾਂ ਭੁੱਲੇ ਉਸ ਨੂੰ ਪੀੜ ਵਿਛੋੜੇ ਵਾਲੀ
ਕਰਾਂ ਫ਼ੱਰਾਂ ਨਾਲ਼ ਸ਼ਹਿਜ਼ਾਦਾ ਸ਼ੌਕਤ ਸ਼ਾਨ ਸਵਾਇਆ
ਆਸਿਮ ਸ਼ਾਹ ਤੇ ਸਾਲਿਹ ਤਾਈਂ ਦੂਰੋਂ ਨਜ਼ਰੀਂਂ ਆਇਆ
ਮੁਸ਼ਤਾਕਾਂ ਨੂੰ ਸਬਰ ਨਾ ਰਿਹਾ ਉਠ ਟੁਰੇ ਉਸ ਤਰਫ਼ੇ
ਵੇਖ ਸ਼ਹਿਜ਼ਾਦਾ ਹੋਇਆ ਪਿਆਦਾ ਪੜ੍ਹ ਅਦਬੇ ਦੇ ਹਰਫ਼ੇ
ਸੈਫ਼-ਮਲੂਕ ਪਿਓ ਨੂੰ ਮਿਲਿਆ ਪੈਰ ਚੁਮੇਂਦਾ ਫੜਕੇ
ਧੋਵਣ ਹੋਏ ਕਦਮ ਮੁਬਾਰਿਕ ਹੰਝੂ ਪਾਣੀ ਝੜਕੇ
ਬਾਬਲ ਨੇ ਫੜ ਸੀਨੇ ਲਾਇਆ ਹੰਝੂ ਭਰ ਭਰ ਰੁੰਨੇ
ਸੱਚੇ ਰੱਬ ਮਿਲਾਏ ਮੁੜਕੇ ਸੱਜਣ ਚਿਰੀਂ ਵਿਛੁੰਨੇ
ਠੰਡ ਕਲੇਜੇ ਨੂਰ ਅੱਖੀਂ ਵਿਚ ਜਿੰਦ ਪਈ ਵਿਚ ਦੇਹੀ
ਮਿਲਿਆਂ ਯਾਦ ਨਾ ਰਹਿਓਸੁ ਮੂਲੇ ਰੰਜ ਜੁਦਾਈ ਸਹੀ
ਜਿੱਤ ਵੱਲ ਵੇਖੇ ਬਾਗ਼ ਬਹਾਰਾਂ ਹੋਇਆ ਚੈਨ ਹਜ਼ਾਰਾਂ
ਲੱਗਾ ਅੰਗ ਖ਼ਲੀਲ ਵਲੀ ਦਾ ਚਿਖ਼ੋਂ ਹਈਆਂ ਗੁਲਜ਼ਾਰਾਂ
ਇਸਮਾਈਲ ਦਿੱਤੀ ਕੁਰਬਾਨੀ ਸਾਬਤ ਨਜ਼ਰੀਂਂ ਆਇਆ
ਯਾਕੂਬੇ ਨੂੰ ਯੂਸੁਫ਼ ਮਿਲਿਆ ਗ਼ਮ ਤੇ ਅਲਮ ਭੁਲਾਇਆ
ਕਾਰੀ ਜ਼ਖ਼ਮ ਬਰਾਬਰ ਹੋਏ ਦਾਗ਼ ਨਾ ਰਿਹਾ ਬਾਕੀ
ਮਿਲ ਮਿਲ਼ ਹਿਕ ਹੋਇਆ ਹਿਕ ਜੁੱਸਾ ਲਾਹੇ ਬਰਮ ਫ਼ਿਰਾਕੀ ।(੮੧੬੦)
ਜਾਮੇ ਵਿਚ ਨਾ ਮੇਵਣ ਜਾਨੀ ਤਰੁਟ ਗਈਆਂ ਸਭ ਤਣੀਆਂ
ਦਰਦ ਖ਼ੁਸ਼ੀ ਰੱਤ ਪਾਣੀ ਰਲਿਆਂ ਝੜੀਆਂ ਹੰਝੂ ਘਣੀਆਂ
ਦੋਜ਼ਖ਼ ਜੰਨਤ ਨਜ਼ਰੀਂਂ ਆਇਆ ਖੁੱਲ ਗਏ ਸਭ ਪੜਦੇ
ਲੱਗੀ ਲੋ ਮੁਹੰਮਦ ਬਖਸ਼ਾ ਤੀਕਰ ਲਹਿੰਦੇ ਚੜ੍ਹਦੇ
ਫੇਰ ਸ਼ਹਿਜ਼ਾਦਾ ਸਤਰੀਂ ਆਇਆ ਇਜ਼ਨ ਪਿਓ ਥੀਂ ਲੈ ਕੇ
ਦਰਦ ਸਤਾਈ ਮਾਈ ਤਾਈਂ ਮਿਲਿਆ ਪੈਰੀਂ ਪੈ ਕੇ
ਹੱਥ ਘੁੰਮਾਏ ਸੀਨੇ ਲਾਏ ਕਰ ਕਰ ਗਿਰੀਆਜ਼ਾਰੀ
ਸਿਰ ਪੈਰਾਂ ਤੱਕ ਚੁੰਮ ਨਾ ਰਜਦੀ ਮਾਂ ਵਿਛੋੜੇ ਮਾਰੀ
ਲਿਖ ਲਿਖ ਸ਼ੁਕਰ ਅਲਹਮਦ ਚਿਤਾਰੇ ਠੰਡ ਪਈ ਵਿਚ ਛਾਤੀ
ਸਦਕੇ ਸਦਕੇ ਹੋ ਹੋ ਜਾਵੇ ਲੱਧੀ ਜਾਨ ਖੜਾਤੀ
ਸੈ ਸਿਰ ਸਦਕੇ ਸਿਰ ਤੋਂ ਸੁੱਟੇ ਜੁੱਸੇ ਸਾਸ ਸੰਭਾਲੇ
ਸੜੀ ਖਜੂਰ ਹੋਈ ਮੁੜ ਤਾਜ਼ੀ ਸਾਵਣ ਹੱਥ ਦਸਾਲੇ
ਬੱਚੇ ਦਾ ਸਿਰ ਝੋਲ਼ੀ ਧਰਕੇ ਸਿਰ ਮੂੰਹ ਮੱਥਾ ਚੁੰਮੇ
ਵਾਲੋਂ ਵਾਲ਼ ਨਿਖੇੜੇ ਹਿਰਸੋਂ ਮੁੜ ਮੁੜ ਚਾਵੇ ਘੁੰਮੇ
ਪੰਦਰਾਂ ਬਰਸਾਂ ਪਿੱਛੋਂ ਮਿਲਿਆ ਬੇਟਾ ਬਾਬਲ ਮਾਈ
ਸੀਨੇ ਸੜੇ ਫ਼ਿਰਾਕੋਂ ਆਹੇ ਰਹਿਮਤ ਰੱਬ ਵਸਾਈ
ਘਿਣ ਇਜ਼ਾਜ਼ਤ ਮਾਈ ਕੋਲੋਂ ਫੇਰ ਆਇਆ ਦਰਬਾਰੇ
ਸਾਲਿਹ ਇਬਨ ਹਮੀਦੇ ਤਾਈਂ ਮਿਲਿਆ ਨਾਲ਼ ਪਿਆਰੇ
ਹੋਰ ਅਮੀਰ ਵਜ਼ੀਰ ਸ਼ਹਿਜ਼ਾਦੇ ਰਾਜੇ ਰਾਇ ਸਿਪਾਹੀ
ਮਿਲੇ ਸ਼ਹਿਜ਼ਾਦੇ ਨਾਲ਼ ਤਮਾਮੀ ਜਿਉਂ ਕਰ ਤਰਿਸ਼ਨਾ ਆਹੀ ।(੮੧੭੦)
ਸਾਇਦ ਸਾਲਿਹ ਤੇ ਸ਼ਹਿਜ਼ਾਦਾ ਸ਼ਾਹ ਆਸਿਮ ਰਲ਼ ਬੈਠੇ
ਸਰਕਰਦੇ ਉਮਰਾ ਹਜ਼ੂਰੀ ਜਾਇ ਆਪਣੀ ਮੱਲ ਬੈਠੇ
ਬੇਟੇ ਥੀਂ ਸ਼ਾਹ ਆਸਿਮ ਪੁੱਛਦਾ ਬੱਚਾ ਦਸ ਵਿਹਾਣੀ
ਸੈਫ਼-ਮਲੂਕ ਸੁਣਾਵਣ ਲੱਗਾ ਸਾਰੀ ਦਰਦ ਕਹਾਣੀ
ਸ਼ਾਹ ਸ਼ਾਹਪਾਲ ਸਿਆਣਪ ਕੀਤੀ ਅਸੀਂ ਏਥੋਂ ਉਠ ਜਾਈਏ
ਮਹਿਮਾਨਾ ਦੇ ਡੇਰੇ ਕਾਰਨ ਜਾਏਂ ਖ਼ੂਬ ਬਣਾਈਏ
ਬਹੁਤ ਮੁਦਤ ਦੇ ਵਿਛੜੇ ਹੋਏ ਅੱਜ ਮਿਲੇ ਇਹ ਸੱਕੇ
ਗੱਲਾਂ ਕਰਦੇ ਨਾ ਸ਼ਰਮਾਵਣ ਹੋਣ ਆਸੂਦੇ ਥੱਕੇ
ਇਸ ਵੇਲੇ ਅਗ਼ਿਆਰਾਂ ਵਾਂਙੂ ਅਸੀਂ ਹੋਵਾਂਗੇ ਦਿਸਦੇ
ਹੋਰਾਂ ਕੰਨ ਉਠਾਇਆ ਲੋੜੇ ਮਿਲਣ ਪਿਆਰੇ ਜਿਸਦੇ
ਉਠ ਸ਼ਾਹਪਾਲ ਗਿਆ ਘਰ ਆਪਣੇ ਕਰਨ ਤਿਆਰ ਮਹਿਮਾਨੀ
ਸੈਫ਼-ਮਲੂਕ ਹਕੀਕਤ ਫੋਲੀ ਜਿਉਂ ਗੁਜ਼ਰੀ ਜ਼ਿੰਦਗਾਨੀ
ਸੁਣ ਆਸਿਮ ਤੇ ਸਾਲਿਹ ਤਾਈਂ ਅੱਗ ਲੱਗੀ ਹਰ ਵਾਲੋਂ
ਢਾਈਂ ਦੇ ਦੇ ਰੋਣ ਪਿਆਰੇ ਹੋਣ ਬੇਹਾਲੇ ਹਾਲੋਂ
ਜਿਉਂ ਜਿਉਂ ਸੁਣਨ ਕਜ਼ੀਏ ਉਸ ਦੇ ਤਿਉਂ ਤਿਉਂ ਕਰਦੇ ਜ਼ਾਰੀ
ਸੈਫ਼-ਮਲੂਕ ਹਿਕਾਇਤ ਆਪਣੀ ਆਖ ਸੁਣਾਈ ਸਾਰੀ
ਰਾਤ ਪਈ ਇਸ ਕਿੱਸੇ ਅੰਦਰ ਅਜੇ ਤਮਾਮ ਨਾ ਹੋਇਆ
ਮੁੱਖ ਪਰ ਕਾਲੇ ਕੇਸ ਖਿਲਾਰੇ ਸ਼ਾਹ ਮਸ਼ਰਿਕ ਦਾ ਸੋਇਆ
ਲੈ ਕੇ ਫ਼ੌਜ ਅਮੀਰ ਚੰਗੇਰਾ ਚੰਨ ਮੁਬਾਰਿਕ ਚੜ੍ਹਿਆ
ਬਾ ਆਰਾਮ ਹੋਈ ਸਭ ਖ਼ਲਕਤ ਹਰ ਕੋਈ ਅੰਦਰ ਵੜਿਆ ।(੮੧੮੦)
ਸ਼ਾਹਪਾਲੇ ਦੇ ਘਰ ਦੀ ਬੇਗਮ ਸ਼ਾਹ-ਪਰੀ ਦੀ ਮਾਈ
ਹੁਸਨ ਜਮਾਲ ਆਹਾ ਉਸ ਨਾਵਾਂ ਦਸ ਕਿਸੇ ਹੁਣ ਪਾਈ
ਪਰੀਆਂ ਨਾਲ਼ ਉਡਾਰਾਂ ਆਈਆਂ ਸ਼ਾਹ-ਪਰੀ ਦੀ ਮਾਤਾ
ਸ਼ਹਿਜ਼ਾਦੇ ਦੀ ਮਾਈ ਕਾਰਨ ਤੁਹਫ਼ੇ ਲੈ ਸੌਗ਼ਾਤਾਂ
ਉਸ ਬੇਗਮ ਨੂੰ ਖ਼ਬਰਾਂ ਹੋਈਆਂ ਉਹ ਭੀ ਬਾਹਰ ਆਈ
ਆਣ ਦੋਹਾਂ ਦਾ ਮੇਲਾ ਹੋਇਆ ਨਾਲ਼ ਪਿਆਰ ਸਫ਼ਾਈ
ਸਿਰ ਚੁੰਮੇ ਗਲ ਲੱਗੀਆਂ ਦੋਏ ਬੈਠ ਵੰਡਾਵਣ ਦੁੱਖਾਂ
ਬਹੁੰ ਬਹੁੰ ਕਹਿਣ ਘੁਮਾਈ ਸਦਕੇ ਪੁੱਛਣ ਖ਼ੈਰੀਂ ਸੁੱਖਾਂ
ਹੁਸਨ ਜਮਾਲ ਕਹੇ ਮੈਂ ਘੋਲੀ ਜਿਸ ਰਾਹ ਬੇਗਮ ਆਈ
ਘਰ ਸਾਡੇ ਤਸ਼ਰੀਫ਼ ਲਿਆਂਦੀ ਬਹੁਤ ਕੀਤੀ ਵਡਿਆਈ
ਹਿਕ ਹਿਕ ਕਦਮ ਤੇਰੇ ਦਾ ਮੈਂ ਥੀਂ ਹਕ ਨਾ ਮੁਕਦਾ ਸਾਰਾ
ਕੀਤਾ ਤੁਸਾਂ ਅਸਾਡਾ ਭੈਣੇ ਕਦਰ ਮਰਾਤਬ ਭਾਰਾ
ਤੌਬਾ ਤੌਬਾ ਕਹਿੰਦੀ ਅੱਗੋਂ ਸ਼ਹਿਜ਼ਾਦੇ ਦੀ ਮਾਈ
ਹੱਥੋਂ ਤੁਸਾਂ ਜ਼ਿਆਦਾ ਕੀਤੀ ਸਾਡੇ ਤੇ ਵਡਿਆਈ
ਰੱਬ ਅੰਦੋਹ ਅਸਾਡਾ ਖੜਿਆ ਦਿਤੀਓਸੁ ਫ਼ਤਹਿ ਤੁਸਾਨੂੰ
ਗਿਆ ਗਮਾਤਾ ਖ਼ੈਰੀਂ ਮਿਲਿਆ ਬੇਟਾ ਫੇਰ ਅਸਾਨੂੰ
ਦਰਦ ਵਿਛੋੜੇ ਥੀਂ ਛੁੜਕਾਇਆ ਤੁਸਾਂ ਅਸਾਨੂੰ ਫੜ ਕੇ
ਦੇ ਨਾਤਾ ਅਹਿਸਾਨ ਕੀਤੋ ਈ ਹੱਦ ਸ਼ੁਮਾਰੋਂ ਚੜ੍ਹ ਕੇ
ਬੇਟੀ ਤੇਰੀ ਅੰਦਰ ਆਹੀ ਜਾਨ ਮੇਰੇ ਦਿਲਬੰਦ ਦੀ
ਸਾਡੀ ਜਿੰਦ ਹੱਯਾਤੀ ਬਾਕੀ ਇਸ ਮਿੱਠੇ ਫ਼ਰਜ਼ੰਦ ਦੀ ।(੮੧੯੦)
ਗੱਲਾਂ ਕੱਥਾਂ ਕਰ ਕੇ ਦੋਹਾਂ ਉਲਫ਼ਤ ਤੇ ਵਡਿਆਈ
ਹੁਸਨ ਜਮਾਲ ਓਥੋਂ ਹੋ ਰੁਖ਼ਸਤ ਫੇਰ ਘਰਾਂ ਵੱਲ ਆਈ
ਰੱਬ ਬਚਾਇਆ ਬੱਚਾ ਮੇਰਾ ਮਿਹਰ ਤੁਸਾਂ ਦਿਲ ਪਾਈ
ਗਿਆ ਤੁਸਾਡੇ ਪਾਰੋਂ ਭੈਣੇ ਸਾਡਾ ਦਰਦ ਜੁਦਾਈ
ਸ਼ਾਹਪਾਲੇ ਦੇ ਨੌਕਰ ਚਾਕਰ ਭਾਈ ਤੇ ਸਿਰਕਰਦੇ
ਸ਼ਾਹ ਆਸਿਮ ਵੱਲ ਹੋਏ ਸਲਾਮੀ ਸਿਰ ਨੂੰ ਨੀਵਾਂ ਕਰਦੇ
ਸ਼ਾਹ ਮਿਸਰ ਦੇ ਸਭਨਾ ਤਾਈਂ ਦੇ ਸ਼ਾਬਸ਼ ਵਡਿਆਈ
ਮਰਹੱਬਾ ਪੁਕਾਰੇ ਅੱਗੋਂ ਜੀਵੋ ਮੇਰੇ ਭਾਈ
ਸ਼ੌਕਤ ਸ਼ਾਨ ਸ਼ੁਮਾਰੋਂ ਬਾਹਰ ਹੋਇਆ ਸ਼ਾਹ ਮਿਸਰ ਦੇ
ਸਭ ਸੁਲਤਾਨ ਉਸ ਦੀ ਤਾਬਿਅ ਹੁਕਮੋਂ ਉਜ਼ਰ ਨਾ ਕਰਦੇ
ਬਾਗ਼-ਇਰਮ ਵਿਚ ਆਇਆ ਆਸਿਮ ਨਾਲ਼ ਇਕਬਾਲ ਸਵਾਏ
ਸ਼ਾਹ ਦੇਵਾਂ ਤੇ ਆਦਮੀਆਂ ਦੇ ਹੋ ਕੇ ਨਾਲ਼ ਲਿਆਏ
ਆਣ ਅੱਗੇ ਕੀ ਤੱਕਦਾ ਆਸਿਮ ਤਰੈ ਕੋਹ ਪੈਂਡੇ ਤਾਈਂ
ਇੱਕ ਇੱਟ ਸੋਨਾ ਤੇ ਇੱਕ ਚਾਂਦੀ ਫ਼ਰਸ਼ ਪੱਕਾ ਹਰ ਜਾਈਂ
ਆਸਿਮ ਸ਼ਾਹ ਮਿਸਰ ਦਾ ਨਾਲ਼ੇ ਹੋਰ ਅਕਾਬਰ ਸਾਰੇ
ਸ਼ਾਹਪਾਲੇ ਦਾ ਪਾਇਆ ਤੱਕ ਕੇ ਹੋਏ ਹੈਰਾਨ ਬੇਚਾਰੇ
ਆਸਿਮ ਸ਼ਾਹ ਦਲੀਲਾਂ ਕਰਦਾ ਮੈਂ ਭੀ ਸ਼ਾਹ ਕਹਾਵਾਂ
ਇਸ ਜੇਹੀ ਇਕ ਜਾ ਨਾ ਬਣਦੀ ਜੇ ਸਭ ਦੌਲਤ ਲਾਵਾਂ
ਇਹ ਫ਼ੌਜਾਂ ਇਹ ਭਾਂਡੇ ਇਸਦੇ ਐਸੇ ਬਾਗ਼ ਬਣਾਈਂ
ਇਹ ਸੜਕਾਂ ਇਹ ਮਹਿਲ ਸੁਨਹਿਰੀ ਰੰਗ ਬਰੰਗੀ ਜਾਈਂ ।(੮੨੦੦)
ਇਸ ਦੇ ਸ਼ਾਨ ਬਰਾਬਰ ਹਰਗਿਜ਼ ਕਦਰ ਨਹੀਂ ਕੁੱਝ ਮੇਰਾ
ਫੇਰ ਮੇਰੀ ਇਸ ਇੱਜ਼ਤ ਕੀਤੀ ਫ਼ਜ਼ਲ ਖ਼ੁਦਾਇਆ ਤੇਰਾ
ਸ਼ਾਹ ਆਸਿਮ ਦੇ ਲਾਏ ਲੱਗੇ ਜਿਉਂ ਜਿਉਂ ਅੱਗੇ ਜਾਂਦੇ
ਇਕ ਥੀਂ ਇਕ ਮਕਾਨ ਚੜ੍ਹੰਦਾ ਵੇਖ ਪਏ ਸ਼ਰਮਾਂਦੇ
ਸ਼ਾਨ ਕਦਰ ਸ਼ਾਹਪਾਲ ਸ਼ਾਹੇ ਦਾ ਵੇਖ ਤਅਜ਼ੁਬ ਹੋਏ
ਅਕਲ ਫ਼ਿਕਰ ਭੁੱਲ ਗਿਆ ਤਮਾਮੀ ਮੂਰਤ ਹਾਰ ਖਲੋਏ
ਜ਼ਰੀਂ ਸ਼ਾਰਿਸਤਾਨ ਡਿਠੋ ਨੇ ਸ਼ਹਿਰ ਜ਼ਮੀਨ ਸੁਨਹਿਰੀ
ਛੱਜਿਆਂ ਉੱਤੇ ਲਅਲ ਚਮਕਦੇ ਜਿਉਂ ਕਰ ਦਿਹੁੰ ਦੁਪਹਿਰੀ
ਜਿਥੇ ਤਖ਼ਤ ਕਚਹਿਰੀ ਆਹੀ ਜਾਂ ਫਿਰ ਓਥੇ ਆਏ
ਨਜ਼ਰ ਪਿਓ ਨੇ ਤਖ਼ਤ ਸ਼ਹਾਨਾ ਗੱਲ ਨਾ ਕੀਤੀ ਜਾਏ
ਨਾ ਸੁਣਿਆ ਨਾ ਡਿੱਠਾ ਅੱਗੇ ਖ਼ਾਬੇ ਨਜ਼ਰ ਨਾ ਆਇਆ
ਸੱਤ ਕੁਰਸੀ ਵਿਚ ਆਸਿਮ ਹੋਰਾਂ ਐਸਾ ਤਖ਼ਤ ਨਾ ਪਾਇਆ
ਅੱਗੇ ਪੁੱਛੇ ਚੰਨਣ ਤਖ਼ਤੇ ਸੋਨੇ ਤਖ਼ਤ ਬਣਾਏ
ਗੌਹਰ ਸ਼ਬ ਅਫ਼ਰੋਜ਼ ਚੌਫੇਰੇ ਬੰਨ੍ਹ ਕਤਾਰਾਂ ਲਾਏ
ਆਤਸ਼ੀਨ ਜਵਾਹਰ ਲਾਲੋਂ ਨੂਰ ਚੌਫੇਰੇ ਬਰਸਨ
ਮਰਵਾਰੀਦ ਜ਼ਮੁਰਦ ਲੱਗੇ ਤੇ ਯਾਕੂਤ ਅਹਿਮਰ ਸਨ
ਹੋਰ ਆਹੇ ਸੰਗ ਪਾਰੇ ਐਸੇ ਮੁਲ ਜਿਨ੍ਹਾਂ ਦੇ ਭਾਰੇ
ਹਰਗਿਜ਼ ਅੱਖ ਨਾ ਹੁੰਦੀ ਸਾਹਵੇਂ ਉਤ ਵੱਲ ਤੱਕਣ ਹਾਰੇ
ਸਾਰਾ ਤਖ਼ਤ ਜੜਾਊ ਏਵੇਂ ਰੌਸ਼ਨ ਕਰੇ ਹਨੇਰੇ
ਕੁਰਸੀ ਮੂਹਰੇ ਕਦਰ-ਬ-ਕਦਰੀ ਚੌਕੀ ਫ਼ਰਸ਼ ਚੌਫੇਰੇ ।(੮੨੧੦)
ਤਖ਼ਤ ਉੱਤੇ ਸ਼ਾਹਪਾਲ ਨਾ ਬੈਠਾ ਆਸਿਮ ਕਾਨ ਬਹਾ ਕੇ
ਆਪ ਬਰਾਬਰ ਉਸ ਦੇ ਬੈਠਾ ਕੁਰਸੀ ਕੋਲ ਡਹਾ ਕੇ
ਸਰਾਂਦੀਪ ਸ਼ਹਿਰ ਦਾ ਵਾਲੀ ਨਾਲ਼ੇ ਹੋਰ ਸ਼ਹਿਜ਼ਾਦੇ
ਤਾਜ ਮਲੂਕ ਅਤੇ ਸ਼ਾਹ ਹਾਸ਼ਮ ਮੀਰ ਵਜ਼ੀਰ ਜ਼ਿਆਦੇ
ਕਦਰ ਬਕਦਰੀ ਜਾਏਂ ਮਿਲੀਆਂ ਕੁਰਸੀ ਮੂਹੜੇ ਚੌਕੀ
ਸੁੱਚੇ ਫ਼ਰਸ਼ ਉੱਤੇ ਹੋ ਬੈਠੇ ਹੋਰ ਤਮਾਮੀ ਲੋਕੀ
ਸੈਫ਼-ਮਲੂਕ ਸ਼ਹਿਜ਼ਾਦਾ ਨਾਲ਼ੇ ਪਰੀਆਂ ਹੋਰ ਜਵਾਨਾਂ
ਜਾਈ-ਬ-ਜਾਈ ਬੈਠੇ ਸਾਰੇ ਮਜਲਿਸ ਭਰੀ ਦੀਵਾਨਾਂ
ਰਾਵੀ ਕਹਿੰਦਾ ਸ਼ਾਹਪਾਲੇ ਦੀ ਮਜਲਿਸ ਸੋਭੀ ਐਸੀ
ਨਬੀ ਸੁਲੇਮਾਂ ਦੀ ਸੀ ਲਗਦੀ ਕਦੇ ਕਦੇ ਇਸ ਜੈਸੀ
ਰੋਟੀ ਵਕਤ ਹੋਇਆ ਜਿਸ ਵੇਲੇ ਆਏ ਦਸਤਰਖ਼ਾਨੇ
ਚਿਹਲ ਹਜ਼ਾਰ ਰਕਾਬ ਜੜਾਊ ਮੋਤੀ ਲਅਲ ਯਗਾਨੇ
ਚਿਹਲ ਹਜ਼ਾਰ ਰਕਾਬ ਸੁਨਹਿਰੀ ਕੁੱਝ ਚਾਂਦੀ ਦੇ ਆਹੇ
ਕਦਰ-ਬ-ਕਦਰ ਤਮਾਮਾਂ ਅੱਗੇ ਆਣ ਗ਼ੁਲਾਮਾਂ ਲਾਹੇ
ਹਰ ਰਕਾਬ ਉੱਤੇ ਇਕ ਦੁੰਬਾ ਖ਼ੂਬ ਤਰ੍ਹਾਂ ਦੇ ਪੱਕੇ
ਸਭ ਮਜਲਿਸ ਵਿਚ ਵਰਤੇ ਖਾਣੇ ਜੇਹੇ ਕੋਈ ਖਾ ਸਕੇ
ਜਦੋਂ ਤੁਆਮੋਂ ਫ਼ਾਰਗ਼ ਹੋਏ ਸਾਰੇ ਲੋਕ ਮਿਸਰ ਦੇ
ਤੁਹਫ਼ੇ ਹਦੀਏ ਜੋ ਕੁੱਝ ਆਂਦੇ ਰੱਖੇ ਵਿਚ ਨਜ਼ਰ ਦੇ
ਸ਼ਾਹ ਸ਼ਾਹਪਾਲ ਬਹਾਦਰ ਅੱਗੇ ਰੱਖ ਦਿੱਤੀਆਂ ਸਭ ਚੀਜ਼ਾਂ
ਤੱਕ ਸ਼ਾਹਪਾਲ ਲੱਗਾ ਫ਼ੁਰਮਾਵਣ ਹੱਸ ਕੇ ਵਾਂਗ ਅਜ਼ੀਜ਼ਾਂ ।(੮੨੨੦)
ਹੇ ਸ਼ਾਹਾ ਸਭ ਤੁਹਫ਼ੇ ਹਦੀਏ ਖ਼ਿਦਮਤ ਤੇ ਨਜ਼ਰਾਨੇ
ਸੈਫ਼-ਮਲੂਕ ਤੁਸਾਡੇ ਬੇਟੇ ਬਹੁਤ ਅੱਗੇ ਗੁਜ਼ਰਾਨੇ
ਸੱਭੋ ਹਕ ਮੁਕਾਏ ਉਸ ਨੇ ਆਪਣੇ ਨਾਲ਼ੇ ਤੇਰੇ
ਰਾਹਤ ਜਾਨ ਪਿਉ ਦੀ ਹੋਂਦੇ ਜੋ ਫ਼ਰਜ਼ੰਦ ਭਲੇਰੇ
ਇਸ ਘਰ ਅੰਦਰ ਜੋ ਕੁੱਝ ਚੀਜ਼ਾਂ ਸੱਭੋ ਦੌਲਤ ਤੇਰੀ
ਕੀਤੀ ਅੱਗੇ ਖ਼ਿਦਮਤ ਮੇਰੀ ਸੈਫ਼-ਮਲੂਕ ਬਤੇਰੀ
ਸਾਡੇ ਪਿੱਛੇ ਸੈਫ਼-ਮਲੂਕੇ ਜੋ ਕੁੱਝ ਭੋਗਣ ਭੋਗੇ
ਦੌਲਤ ਦੁਨੀਆਂ ਦੀ ਸਭ ਦਈਏ ਨਹੀਂ ਮੁਕਾਵਨ ਜੋਗੇ
ਅਲਕਿੱਸਾ ਦਸ ਰੋਜ਼ ਗੁਜ਼ਾਰੇ ਐਸ ਤਰ੍ਹਾਂ ਸੁਲਤਾਨਾਂ
ਮਜਲਿਸ ਲਾਵਣ ਖਾਣੇ ਖਾਵਣ ਖ਼ਿਦਮਤ ਹੋਈ ਮਹਿਮਾਨਾਂ
ਸਾਇਤ ਨੇਕ ਸਿਤਾਰਾ ਤੱਕ ਕੇ ਇਕ ਦਿਨ ਮਜਲਿਸ ਲਾਈ
ਮੀਰ ਵਜ਼ੀਰ ਅਕਾਬਰ ਬੈਠੇ ਟੱਬਰ ਸਾਕ ਅਸ਼ਨਾਈ
ਰਮਲੀ ਲੋਕ ਨਜੂਮੀ ਸੱਦੇ ਪਾਂਧੇ ਪੰਡਤ ਜੋਸੀ
ਮਜਲਿਸ ਅੰਦਰ ਆ ਕੇ ਬੈਠੇ ਮੁੱਲਾਂ ਕਾਜ਼ੀ ਜੋ ਸੀ
ਸ਼ਾਹਪਾਲੇ ਫ਼ੁਰਮਾਇਆ ਦੱਸੋ ਵਾਚ ਹਿਸਾਬ ਹਿਸਾਬੀ
ਹੋਈ ਜਵਾਨ ਮੇਰੇ ਘਰ ਬੇਟੀ ਦਿਆਂ ਵਿਆਹ ਸ਼ਿਤਾਬੀ
ਸਭਨਾ ਨਾਲ਼ ਹਿਸਾਬ ਅਕਲ ਦੇ ਸਾਹ ਦੋਹਾਂ ਦੇ ਜੋੜੇ
ਚਾ ਇਕ ਰੋਜ਼ ਮੁਕੱਰਰ ਕੀਤਾ ਰਹੇ ਦਿਹਾੜੇ ਥੋੜੇ
ਬਾਗ਼-ਇਰਮ ਵਿਚ ਲੱਥਾ ਆਸਿਮ ਕਰ ਆਪਣੇ ਸਮਿਆਨੇ
ਪੁੱਤਰ ਦਾ ਉਸ ਕਾਜ ਰਚਾਇਆ ਧਰ ਦਿੱਤੇ ਸ਼ਦਿਆਨੇ ।(੮੨੩੦)
ਸਰਾਂਦੀਪ ਸ਼ਹਿਰ ਦਾ ਵਾਲੀ ਲਸ਼ਕਰ ਸਣੇ ਜ਼ਿਆਦਾ
ਭਾਈ ਉਸ ਦਾ ਵਾਸਿਤ ਵਾਲਾ ਤਾਜ ਮਲੂਕ ਸ਼ਹਿਜ਼ਾਦਾ
ਇਹ ਭੀ ਬਾਗ਼-ਇਰਮ ਵਿਚ ਲੱਥੇ ਬਣ ਆਸਿਮ ਦੇ ਸੰਗੀ
ਸਕਿਆਂ ਭਾਈਆਂ ਵਾਂਗਰ ਵਰਤਣ ਸਭਨਾ ਦੇ ਦਿਲ ਚੰਗੀ
ਆਵਣ ਪਰੀਆਂ ਗਾਵਣ ਸੋਹਲੇ ਜਮ੍ਹਾਂ ਹੋਈ ਤਰਲੋਕੀ
ਨਵੀਂ ਨਵੀਂ ਹਰ ਵਾਰੀ ਹੁੰਦੀ ਕੰਜਰੀਆਂ ਦੀ ਚੌਕੀ
ਮੁਲਕਾਂ ਅੰਦਰ ਚਾਨਣ ਲਗਦਾ ਚੱਲਦੀ ਆਤਿਸ਼ ਬਾਜ਼ੀ
ਰੁਸਤਮ ਦਸਤ ਨਿਸ਼ਾਨੇ ਮਾਰਨ ਕਰ ਕਰ ਤੀਰ ਅੰਦਾਜ਼ੀ
ਸ਼ੁਰ ਸ਼ੁਰ ਕਰ ਸ਼ੁਰਨਾਈਂ ਸ਼ੂਕਣ ਜਾਣ ਅਸਮਾਨਾਂ ਤਾਈਂ
ਚਾਦਰ ਚਰਖ਼ੀ ਦੇ ਪਟਾਕੇ ਬਲਣ ਅਨਾਰ ਹਵਾਈਂ
ਕਰਨ ਆਵਾਜ਼ੇ ਬੇਅੰਦਾਜ਼ੇ ਗੋਲੇ ਘੱਤ ਗ਼ੁਬਾਰੀ
ਸ਼ਾਰਿਸਤਾਨ ਪਰਸਤਾਂ ਅੰਦਰ ਕੰਬੀ ਖ਼ਲਕਤ ਸਾਰੀ
ਸੰਝ ਸਬਾਹੀਂ ਵੱਜਣ ਵਾਜੇ ਮੁਲਕੀਂ ਜਾਨ ਘਰੂੜਾਂ
ਹਰ ਮੈਦਾਨ ਕਵਾਇਦ ਹੁੰਦੀ ਅੰਬਰ ਤਾਈਂ ਧੂੜਾਂ
ਹਰ ਹਰ ਜਾਈ ਹੋਣ ਤਮਾਸ਼ੇ ਦੇਣ ਸ਼ਹਿਜ਼ਾਦੇ ਵੇਲਾਂ
ਦੌਲਤ ਦੇ ਦਰਿਆ ਉੱਛਲੇ ਹੋਈਆਂ ਰੇਲਾਂ ਪੇਲਾਂ
ਸ਼ਾਰਿਸਤਾਨ ਅੰਦਰ ਸ਼ਾਹਪਾਲੇ ਕਾਜ ਧੀਓ ਦਾ ਚਾਇਆ
ਹਰ ਚੀਜ਼ੇ ਦਾ ਸੰਚਾ ਕੀਤਾ ਦੌਲਤ ਗੰਜ ਉਡਾਇਆ
ਚਾਵਲ ਕਣਕ ਕਰੋੜ ਮਣਾਂ ਦੇ ਅੰਤ ਨਾ ਜਾਂਦਾ ਪਾਇਆ
ਮਿਸਰੀ ਖੰਡ ਅੰਬਾਰ ਭਰਾਏ ਸੌਦਾ ਜਮ੍ਹਾਂ ਕਰਾਇਆ ।(੮੨੪੦)
ਜੋ ਗੱਲ ਗਿਣਤਰ ਵਿਚ ਨਾ ਆਵੇ ਕਾਹਨੂੰ ਕਲਮ ਘਸਾਣੀ
ਮੁਦਤ ਹੋਈ ਮੁਹੰਮਦ ਬਖਸ਼ਾ ਛੋਟੀ ਦਸ ਕਹਾਣੀ
ਜੇ ਲੱਖ ਹੋਵਣ ਲਿਖਣ ਵਾਲੇ ਤਾਂ ਲਿਖਣ ਇਹ ਲੇਖੇ
ਬਾਦਸ਼ਾਹਾਂ ਦੇ ਕਾਜ ਵਡੇਰੇ ਸਭ ਜਾਣੇ ਜੋ ਵੇਖੇ
ਜੇ ਮੈਂ ਲਖ ਕਰਾਂ ਚਤੁਰਾਈ ਨਾਲ਼ ਸ਼ੁਮਾਰ ਅਕਲ ਦੇ
ਓਸ ਵਿਆਹੇ ਦੇ ਕੁੱਝ ਨੇੜੇ ਫੇਰ ਹਿਸਾਬ ਨਾ ਰਲਦੇ
ਦਰਜ਼ੀ ਮੋਚੀ ਕਾਮ ਬਹਾਏ ਜੋੜਾ ਜਾਮਾ ਸੀਤਾ
ਹੋਇਆ ਹੁਕਮ ਬਣਾਓ ਦੇਗਾਂ ਹਰ ਕਸਬੀ ਅਫ਼ਰੀਤਾ
ਪੱਥਰ ਉੱਕਰ ਕੇ ਅਫ਼ਰੇਤਾਂ ਦੇਗਾਂ ਬਹੁਤ ਬਣਾਈਆਂ
ਇਕ ਇਕ ਦੇਗ ਵਡੇਰੀ ਹੌਜੋਂ ਪੈਣ ਜਿਨ੍ਹਾਂ ਸੈ ਪਾਈਆਂ
ਦੁੰਬਾ ਪੰਜ ਹਜ਼ਾਰ ਜਿਨ੍ਹਾਂ ਵਿਚ ਜਾਂਦਾ ਪੱਕ ਸੁਖਾਲ਼ਾ
ਐਸੀ ਐਸੀ ਦੇਗ ਬਣਾਈ ਸਖ਼ਤ ਦਿਆਂ ਦਾ ਚਾਲਾ
ਪਰੀਆਂ ਜਿੰਨ ਜਿਥੇ ਤੱਕ ਆਹੇ ਰਾਕਸ਼ ਦਿਓ ਲੋਕਾਈ
ਬਾਦਸ਼ਾਹਾਂ ਦੀ ਸ਼ਾਦੀ ਉੱਤੇ ਭੱਜ ਪਹੁਤਾ ਹਰ ਕਾਈ
ਸ਼ਾਰਿਸਤਾਨ ਪਰਸਤਾਂ ਆਹਾ ਮੁਲਕ ਫ਼ਰਾਖ਼ ਵਡੇਰਾ
ਪਰ ਉਹ ਸਾਰਾ ਮਲਣ ਹੋਇਆ ਡੇਰੇ ਉਪਰ ਡੇਰਾ
ਹਾਥੀ ਘੋੜੇ ਉਠ ਕਤਾਰਾਂ ਅੰਤ ਨਾ ਰਿਹਾ ਕੋਈ
ਖ਼ਲਕਤ ਰੋਜ਼ ਕਿਆਮਤ ਵਾਲੀ ਆਣ ਇਕੱਠੀ ਹੋਈ
ਮੁਣਸ਼ੀ ਕਾਨੂੰਗੋ ਮੁਸੱਦੀ ਸੈ ਕਾਗ਼ਜ਼ ਕਰ ਹੁੱਟੇ
ਗਿਣਤਰ ਵਿਚ ਨਾ ਆਏ ਡੇਰੇ ਫਿਰ ਫਿਰ ਥੱਕ ਤਰੁਟੇ ।(੮੨੫੦)
ਖ਼ਲਕਤ ਦਾ ਕੁਝ ਗਾਂਜ ਨਾ ਹੁੰਦਾ ਕਾਹਨੂੰ ਪਈਆਂ ਪੁਕਾਰਾਂ
ਰੋਟੀ ਦਾ ਕਰ ਆਹਰ ਸ਼ਿਤਾਬੀ ਭੁੱਖ ਪੱਕੀ ਹੁਣ ਯਾਰਾਂ
ਦੁੰਬਾ ਪੰਜ ਹਜ਼ਾਰ ਕੁਹਾਇਆ ਖ਼ਾਸ ਕਬਾਬਾਂ ਤਾਈਂ
ਊਠ ਭੀ ਸੱਤ ਹਜ਼ਾਰ ਹਲਾਲੇ ਏਸੇ ਲੇਖੇ ਗਾਈਂ
ਕੂੰਜਾਂ ਮੋਰ ਆਹਾ ਲੱਖ ਕੁੱਠਾ ਪੰਖੀ ਹੋਰ ਵਡੇਰੇ
ਕੁੱਕੜ ਕੱਕੜ ਅੰਤ ਨਾ ਕਾਈ ਤਿੱਤਰ ਖਗ ਬਟੇਰੇ
ਸਭ ਅਨਾਜ਼ਾਂ ਵਿਚ ਪਕਾਏ ਖ਼ਰਚ ਹੋਇਆ ਇਕ ਦਿਨ ਦਾ
ਅੱਗੇ ਐਸਾ ਕਾਜ ਨਾ ਹੋਇਆ ਨਾ ਆਦਮ ਨਾ ਜਿੰਨ ਦਾ
ਪਰੀਆਂ ਦਿਓ ਗਵਾਹੀ ਦੇਂਦੇ ਮਿਹਤਰ ਆਦਮ ਤੋੜੀ
ਐਸੀ ਸ਼ਾਦੀ ਕਿਸੇ ਨਾ ਕੀਤੀ ਜਿਸ ਕੀਤੀ ਉਸ ਥੋੜੀ
ਐਸੇ ਸਾਨੀ ਹਾਣ ਬਰਾਬਰ ਕਿਧਰੇ ਕੁੜਮ ਨਾ ਢੁੱਕੇ
ਦੇਵ ਦਾਨਵ ਕੋਹ ਕਾਫ਼ਾਂ ਵਾਲੇ ਪਾਸ ਜਿਨ੍ਹਾਂ ਦੇ ਝੁੱਕੇ
ਸ਼ਾਹ ਆਸਿਮ ਭੀ ਸ਼ਾਹ ਸ਼ਾਹਾਂ ਦਾ ਵਾਰਿਸ ਤਖ਼ਤ ਸਿਕੰਦਰ
ਸੀ ਸ਼ਾਹਪਾਲ ਸੁਲੇਮਾਂ ਜਾਈ ਇਕ ਥੀਂ ਇਕ ਉਜਾਗਰ
ਸੱਤ ਸੱਤ ਸ਼ਾਹੀਆਂ ਦੇ ਸਨ ਕੱਠੇ ਦੋਹਾਂ ਕੋਲ ਖ਼ਜ਼ਾਨੇ
ਤੁਹਫ਼ੇ ਹੋਰ ਅਜਾਇਬ ਬਹੁਤੇ ਪਿਛਲੇ ਬਾਦਸ਼ਾਹਾਨੇ
ਇਸ ਘਰ ਇੱਕੋ ਬੇਟੀ ਆਹੀ ਉਸ ਘਰ ਇੱਕੋ ਬੇਟਾ
ਜ਼ੋਰ ਜ਼ੋਰ ਦਾ ਖ਼ਰਚ ਕੀਤੋ ਨੇ ਸਾਰਾ ਤਾਣਾ ਪੇਟਾ
ਉਧਰ ਸੀ ਸ਼ਾਹਪਾਲ ਬਹਾਦਰ ਖ਼ਰਚ ਕਰੇਂਦਾ ਖੁੱਲਾ
ਇਧਰ ਆਸਿਮ ਸ਼ਾਹ ਮਿਸਰ ਦਾ ਬੱਦਲ਼ ਵਾਂਙੂ ਡੁੱਲ੍ਹਾ ।(੮੨੬੦)
ਬਾਗ਼-ਇਰਮ ਵਿਚ ਸ਼ੋਰ ਮਚਾਇਓਸੁ ਖ਼ਰਚ ਖ਼ੁਸ਼ੀ ਦਾ ਕਰਦਾ
ਕੰਜਰ ਭਗਤੀ ਤੇ ਅਰਬਾਬੀ ਅੰਤ ਨਾ ਬਾਜ਼ੀਗਰ ਦਾ
ਘੋੜੇ ਜੋੜੇ ਦਾਨ ਕਰੇਂਦਾ ਖੜੇ ਜਹਾਨ ਖ਼ੈਰਾਇਤ
ਧੰਨ ਧਨ ਆਸਿਮ ਸਖ਼ੀ ਬਹਾਦਰ ਧੁੰਮਿਆਂ ਵਿਚ ਵਲਾਇਤ
ਖ਼ਰਚ ਕਰਨ ਥੀਂ ਸੰਗੇ ਨਾਹੀਂ ਦਾਨ ਦੇਇ ਬਿਨ ਮੰਗੇ
ਮੰਗਤ ਲੋਕ ਮੁਹੰਮਦ ਬਖਸ਼ਾ ਦੌਲਤ ਦੇ ਰੰਗ ਰੰਗੇ
ਇਕ ਦੂਜੇ ਥੀਂੇ ਸ਼ਾਹ ਸ਼ਾਹਾਂ ਤੋਂ ਸ਼ਾਬਸ਼ ਖੱਟੀ ਲੋੜਨ
ਸਾਨੀ ਹਾਰ ਸਹਾਰ ਨਾ ਕਰਦੇ ਸੰਗਲ ਸਾਰ ਤਰੋੜਨ
ਸ਼ਾਹਪਾਲੇ ਘਰ ਮੇਲ਼ ਮੰਡਲ ਸੀ ਪਰੀਆਂ ਦਿਓ ਕਰੋੜਾਂ
ਖੇਡਣ ਪਰੀਆਂ ਹੋਣ ਤਮਾਸ਼ੇ ਕੀ ਕੁੱਝ ਲਿਖਾਂ ਜੋੜਾਂ
ਉਧਰ ਆਸਿਮ ਸ਼ਾਹ ਚਲਾਏ ਜਾਨਵਰਾਂ ਪਰ ਕੋਹੀ
ਦੁੰਬਿਆਂ ਬੱਕਰੀਆਂ ਦੀ ਵੰਡੇ ਰੋਜ਼ ਕਿਆਮਤ ਓਹੀ
ਚਲੇ ਵਗ ਲਹੂ ਦੇ ਨਾਲ਼ੇ ਇਤਨੇ ਉਠ ਹਲਾਲੇ
ਮੇਲੋਂ ਬਾਹਰ ਖ਼ੈਰਾਇਤ ਕਰ ਕੇ ਨਿੱਤ ਪੱਕਾ ਖਵਾਲੇ
ਨਰਮ ਕਬਾਬ ਪਲਾਓ ਸਲੂਣੇ ਫੁਲਕੇ ਤੇ ਫਾਲੂਦੇ
ਹਲਵਾ ਲੁੱਚੀ ਅਤੇ ਜਲੇਬੀ ਬਰਫ਼ੀ ਲੱਗੇ ਤੂਦੇ
ਮਠਿਆਈਆਂ ਦਾ ਅੰਤ ਨਾ ਕੋਈ ਖਾਣੇ ਰੰਗ ਬਰੰਗੀ
ਕਈ ਅੰਬਾਰ ਖ਼ਲਾਸ ਕਰੇਂਦੇ ਰਸਦ ਲੱਗੇ ਹਰ ਡੰਗੀ
ਚਾਲੀ ਰੋਜ਼ ਇਹ ਖ਼ਰਚ ਉਠਾਇਆ ਮੇਲ ਰਿਹਾ ਸਭ ਬਣਿਆਂ
ਐਡਾ ਕਾਜ ਸ਼ਾਹਪਾਲੇ ਕੀਤਾ ਧਨ ਮਾਈ ਜਿਸ ਜਣਿਆਂ ।(੮੨੭੦)
ਸ਼ੁੱਧ ਸਿਤਾਰਾ ਚਮਕਣ ਹਾਰਾ ਘੜੀ ਮੁਬਾਰਿਕ ਤੱਕੀ
ਨੇਕ ਦਿਹਾੜੇ ਜਿਸ ਦਮ ਆਏ ਸਾਇਤ ਉਮਦੀ ਜ਼ੱਕੀ
ਮਾਈ ਬਾਪ ਮੁਬਾਰਿਕ ਝੱਲੀ ਖ਼ੁਸ਼ੀਆਂ ਰਿਹਾ ਨਾ ਬੰਨਾਂ
ਬਿਸਮਿਲਾ ਬਿਸਮਿਲਾ ਪੜ੍ਹ ਕੇ ਖਾਰੇ ਚੜ੍ਹਿਆ ਬੰਨਾਂ
ਸੋਹਲੇ ਗਾਵਣ ਹੱਥ ਘੁਮਾਵਣ ਰਲ਼ ਕੇ ਪਰੀਆਂ ਕੁੜੀਆਂ
ਸੈਫ਼-ਮਲੂਕੇ ਕਾਨ ਘੜੋਲੀ ਭਰ ਮੁੜੀਆਂ ਘਰ ਮੁੜੀਆਂ
ਪਾਣੀ ਆਇਆ ਗਰਮ ਕਰਾਇਆ ਚੌਕੀ ਧਰੀ ਕਿਨਾਰੇ
ਊਦ ਜਲਾਇਆ ਧੂਪ ਧੁਖਾਇਆ ਮੁਸ਼ਕ ਚੌਫੇਰ ਖਿਲਾਰੇ
ਨਾਈ ਤੇਲ ਲਗਾਏ ਸਿਰ ਤੇ ਖ਼ੂਬ ਉਤਾਰ ਉਤਾਰੇ
ਲਾਹ ਪੁਸ਼ਾਕੀ ਤੇ ਮਲ ਵਟਣਾ ਜੀਉ ਬੰਨਿਆਂ ਚੜ੍ਹ ਖਾਰੇ
ਲਅਲ ਮਾਉ ਦਾ ਚੌਕੀ ਬੈਠਾ ਚੌਕੀ ਖਲੀ ਚੌਫੇਰੇ
ਰਲ਼ ਮਿਲ ਸਈਆਂ ਕਾਮਨ ਪਾਵਣ ਸਭ ਤੱਕਣ ਵੱਲ ਤੇਰੇ
ਮਲ ਮਲ ਨਹਾਇਆ ਵੁਜ਼ੂ ਕਰਾਇਆ ਵਟਣਾ ਤੇਲ ਮਲਾਇਆ
ਕਰ ਬਿਸਮਿਲਾ ਤੇ ਪੜ੍ਹ ਕਲਮਾ ਪਾਣੀ ਅੰਗ ਲਗਾਇਆ
ਮੈਲ ਹੋਇ ਤਾਂ ਲਾਹੇ ਵਟਣਾ ਦੇਇ ਫੁਲੇਲ ਸਫ਼ਾਈ
ਜਿਨ੍ਹਾਂ ਮੈਲ ਨਾ ਲਗਣ ਦਿੱਤੀ ਕਹੋ ਕੀ ਲਾਹਸੀ ਨਾਈ
ਤੇਲ ਚੁਆਇਆ ਦਹੀਂ ਲਗਾਇਆ ਪਿੰਡੇ ਵਟਣਾ ਮਲਿਆ
ਨਹਾਇਆ ਧੋਇਆ ਲਾੜਾ ਹੋਇਆ ਸਾਹੁਰੜੇ ਘਰ ਚਲਿਆ
ਪਾਣੀ ਪਾ ਮਲਾਇਆ ਪਿੰਡਾ ਸ਼ਰਤਾਂ ਕਰ ਕਰ ਨ੍ਹਾਇਆ
ਖਾਰੇ ਉੱਤੋਂ ਲਾਹੁਣ ਕਾਰਨ ਬਾਪ ਸਿਰੇ ਪਰ ਆਇਆ ।(੮੨੮੦)
ਥਰ ਥਰ ਕੰਬੇ ਚਾਇਆ ਝੰਬੇ ਬੈਠਾ ਸੀਸ ਨਿਵਾਇਆ
ਖਾਰੇ ਉਤਾਰ ਪਿਉ ਦੇ ਪਾਸੋਂ ਜੋ ਮੰਗਿਆ ਸੋ ਪਾਇਆ
ਜੋੜਾ ਜਾਮਾ ਆਣ ਟਿਕਾਇਆ ਨਾਈਆਂ ਪਕੜ ਪਹਿਨਾਇਆ
ਕੇਸਰੀਆਂ ਰੰਗ ਲਾਇਆ ਲਾਲ਼ਾ ਕੇਸਰੀਆਂ ਰੰਗ ਲਾਇਆ
ਬਣ ਮਹਿਰਾਜ ਫ਼ਰਸ਼ ਪਰ ਬੈਠਾ ਜ਼ੇਵਰ ਪਹਿਨ ਸ਼ਹਾਨਾ
ਦੋਸਤ ਰਲ਼ ਕੇ ਬੰਨ੍ਹਦੇ ਭਾਈ ਸਿਰ ਸਿਹਰਾ ਹੱਥ ਗਾਨਾ
ਮਾਲਣ ਗੁੰਦ ਲਿਆਈ ਸਿਹਰਾ ਸੱਚੀ ਤੰਦੋਂ ਬੁਣ ਕੇ
ਸਿਹਰਾ ਨੌਸਾਂ ਦਾ ਮੈਂ ਆਂਦਾ ਫੁੱਲ ਅਜਾਇਬ ਚੁਣ ਕੇ
ਵੰਨਾਂ ਵੰਨਾਂ ਦਾ ਬਣਿਆ ਸਿਹਰਾ ਬੰਨ੍ਹ ਬੰਨਿਆਂ ਬੰਨ੍ਹ ਬੰਨਿਆਂ
ਰੱਬ ਦਾ ਦਿੱਤਾ ਆਇਆ ਸ਼ਿਤਾਬੀ ਜੋਬਨ ਰੂਪਾਂ ਘਣਿਆਂ
ਹੂਰਾਂ ਝਾਤੀ ਪਾ ਪਾ ਵੇਖਣ ਜਲਵਾ ਰੂਪ ਰੱਬਾਣਾ
ਵਾਲੋਂ ਵਾਲੋਂ ਚੋਂਦਾ ਜੋਬਨ ਜਿਸ ਤਨ ਇਸ਼ਕ ਸਮਾਣਾ
ਪਰੀਆਂ ਦੇਵ ਦਿਲਬਰੀਆਂ ਹੋਏ ਤੱਕ ਕੇ ਲਾਟ ਹੁਸਨ ਦੀ
ਵਾਂਗ ਪਤੰਗਾਂ ਢਹਿਣ ਨਾ ਝੱਲਣ ਤਾਬਸ਼ ਸੀਮ ਬਦਨ ਦੀ
ਮੁੱਖ ਪਰ ਸਿਹਰਾ ਸੋਨੇ ਤਾਰਾਂ ਸੋਹਣੇ ਫੁੱਲ ਪਰੋਤੇ
ਸੁੱਚੀ ਚੌਰੀ ਫੇਰਨ ਸਿਰ ਤੇ ਦੋਸਤ ਗਿਰਦ ਖਲੋਤੇ
ਜੋਬਨ ਰੂਪ ਘਟਾਂ ਬੰਨ੍ਹ ਆਇਆ ਝੰਡ ਕੱਢੇ ਚਮਕਾਰੇ
ਨੈਣ ਸਮੁੰਦ ਹੁਸਨ ਦੇ ਹੋਏ ਸੁਰਮਾ ਲਹਿਰਾਂ ਮਾਰੇ
ਕਾਲ਼ੀ ਝੰਡ ਮੁਅੰਬਰ ਉੱਤੇ ਵਾਹ ਗੁਲਨਾਰੀ ਚੀਰਾ
ਲਅਲ ਜਵਾਹਰ ਜੜੇ ਕੜੇ ਸਨ ਬਾਜ਼ੂਬੰਦ ਹੰਸੀਰਾ ।(੮੨੯੦)
ਨੀਵੀਂ ਨਜ਼ਰ ਸ਼ਹਿਜ਼ਾਦਾ ਬੈਠਾ ਹੋ ਕੇ ਚੁੱਪ ਜ਼ਬਾਨੋਂ
ਸਿਰ ਤੇ ਛਤਰ ਜ਼ਿਲ ਇਲਾਹੀ ਨੂਰ ਵਰ੍ਹੇ ਅਸਮਾਨੋਂ
ਲੈ ਤਲਵਾਰ ਟਿਕਾਈ ਅੱਗੇ ਫੜ ਕਬਜ਼ਾ ਮਰਦਾਨਾ
ਜੋ ਵੇਖੇ ਸੌ ਦੇਇ ਮੁਬਾਰਿਕ ਵਾਹ ਵਾਹ ਸ਼ੇਰ ਜਵਾਨਾਂ
ਟਿਕੀਆਂ ਆਣ ਚੰਗੇਰਾਂ ਸੁੱਚੀਆਂ ਵਰਤੇ ਜੋੜੇ ਜਾਮੇ
ਦਫ਼ਤਰੀਆਂ ਨੇ ਕਾਗ਼ਜ਼ ਕੱਢੇ ਲਿਖਦੇ ਜਾਂਦੇ ਨਾਮੇ
ਭੱਜ ਭੱਜ ਪਹੁਤੇ ਸਫ਼ਾਂ ਕਤਾਰਾਂ ਜਮ੍ਹਾਂ ਹੋਏ ਨੰਦਰਾੜੂ
ਭਰ ਭਰ ਬੁੱਕ ਜਵਾਹਰ ਸੁੱਟਣ ਮੇਲ ਲਏ ਕਰ ਝਾੜੂ
ਉਠ ਸਵਾਰ ਹੋਇਆ ਫਿਰ ਬੰਨਾਂ ਜੰਞ ਚੜ੍ਹੀ ਬੇਓੜੀ
ਭੈਣਾਂ ਤੇ ਭਰਜਾਈਆਂ ਗਾਵਣ ਜੀਉ ਲਾਲਾ ਚੜ੍ਹ ਘੋੜੀ
ਰੂਪ ਅਨੂਪ ਬੰਨੇ ਪਰ ਆਇਆ ਵੇਖੇ ਖ਼ਲਕ ਤਮਾਮੀ
ਵੱਡਿਆਂ ਅੱਗੇ ਸੀਸ ਨਿਵਾਇਆ ਰੱਜ ਰੱਜ ਲਏ ਸਲਾਮੀ
ਜਾਂ ਚੜ੍ਹਿਆ ਤਾਂ ਵਾਜੇ ਸਾਜੀ ਰਲਮਿਲ ਚੜ੍ਹਤਲ ਮੰਗਦੇ
ਦੌਲਤ ਤੇ ਦਸਤਾਰ ਦੋਸ਼ਾਲੇ ਦਾਨ ਦਿੱਤੇ ਰੰਗ ਰੰਗ ਦੇ
ਰਾਜ਼ੀ ਹੋਏ ਉਠ ਖਲੋਏ ਬੱਧੇ ਲੱਕ ਤਮਾਮਾਂ
'ਨਸਰ ਮਿਨਿ ਅੱਲਾ' ਆਖ ਸ਼ਹਿਜ਼ਾਦਾ ਚੜ੍ਹਿਆ ਮਾਰ ਦਮਾਮਾਂ
ਆਖ 'ਤਵਕਲਤ ਅਲੀ ਅੱਲਾ' ਪੈਰ ਰਕਾਬੇ ਪਾਏ
ਅਫ਼ਸਰ ਤੇ ਸਰ-ਗਸ਼ਤ ਗ਼ੁਲਾਮਾਂ ਸਿਰ ਪਰ ਆਣ ਝੁਲਾਏ
ਭੈਣੂੰ ਵਾਗ ਬੰਨੇ ਦੀ ਪਕੜੀ ਦੇਣ ਮੁਬਾਰਿਕ ਆਈ
ਜੋ ਸਿਰ ਆਇਆ ਸੋ ਉਸ ਦਿੱਤਾ ਵੀਰੇ ਭੈਣ ਮਨਾਈ ।(੮੩੦੦)
ਮਾਊ ਪਾਸ ਗਿਆ ਫਿਰ ਬੇਟਾ ਜਾ ਘੋੜੀ ਤੋਂ ਲੱਥਾ
ਪੈਰ ਫੜੇ ਸਿਰ ਅੱਗੇ ਧਰਿਆ ਉਸ ਚੁੰਮਿਆ ਮੂੰਹ ਮੱਥਾ
ਸਾਹੁਰੜੇ ਘਰ ਤੁਰਿਆ ਬੇਟਾ ਦੇਂਦੀ ਮਾਂ ਦੁਆਈਂ
ਰੱਬਾ ਆਸ ਮੁਰਾਦ ਅਸਾਡੀ ਖ਼ੈਰੀਂ ਸਭ ਵਿਖਾਈਂ
ਸੈਫ਼-ਮਲੂਕ ਮੇਰੇ ਘਰ ਆਵੇ ਘਿਣ ਪਰੀ ਦਾ ਡੋਲਾ
ਨਾਲ਼ ਇਕਬਾਲ ਮਿਸਰ ਵਿਚ ਚਲੇ ਘੱਤ ਕੇ ਬਾਲਾ ਬੋਲਾ
ਮਾਈ ਥੀਂ ਲੈ ਇਜ਼ਨ ਸ਼ਹਿਜ਼ਾਦਾ ਬੈਠਾ ਵਿਚ ਅਮਾਰੀ
ਚੜ੍ਹੀ ਖਲੋਤੀ ਜੰਞ ਸਵਾਰੀ ਸਾਰੀ ਬਣੀ ਸ਼ਿੰਗਾਰੀ
ਮਾਈ ਦਾਈ ਦੇਣ ਵਧਾਈ ਖ਼ੁਸ਼ੀ ਹੋਈ ਹਰ ਕਿਸੇ
ਗਾਵਣ ਹਾਣੋ ਹਾਣ ਮੁਹੰਮਦ ਜੰਞ ਚੜ੍ਹੇਂਦੀ ਦਿਸੇ
ਧੌਂਸੇ ਧੌਂਸ ਆਵਾਜ਼ੋਂ ਚਾੜ੍ਹੀ ਢੋਲ ਨਿਕਾਰਾ ਘੁਰਿਆ
ਆਸਿਮ ਸ਼ਾਹ ਮੁਹੰਮਦ ਬਖਸ਼ਾ ਪੁੱਤ ਵਿਆਹੁਣ ਟੁਰਿਆ
ਸ਼ੁਤਰਾਂ ਉਪਰ ਸ਼ੁਤਰੀ ਵੱਜੀ ਹਾਥੀ ਉਪਰ ਭੇਰਾਂ
ਨਾਦਾਂ ਨਾਦ 'ਅਲੀਅਨ' ਪੜ੍ਹਿਆ ਗੱਜੇ ਵਾਂਙੂ ਸ਼ੇਰਾਂ
ਵੱਜਦੇ ਚਲੇ ਦਫ਼ਾਂ ਬਣਾਈਆਂ ਦਫ਼ਾਂ ਤਾਸ਼ੇ ਢੋਲਾਂ
ਛਨਤੂਰੀ ਤੇ ਮੁਰਲੀ ਆਖੇ ਅਜੇ ਰਜ ਰਜ ਬੋਲਾਂ
ਤੁਰਮਾਂ ਤੁਰੀਆਂ ਕੂਕ ਉਠਾਈ ਕੁਟ ਤੰਬੂਰਾਂ ਪਾਈ
ਬੈਂਸਰੀਆਂ ਅਲਗ਼ੋਜ਼ੇ ਬੋਲੇ ਤਾਨ ਲਈ ਸ਼ੁਰਨਾਈ
ਚੱਪੇ ਚੱਪੇ ਚੌਕੀ ਹੁੰਦੀ ਕੰਜਰ ਨੱਚਣ ਗਾਵਣ
ਹਸਣ ਖੇਡਣ ਕਰਨ ਤਮਾਸ਼ੇ ਸਾਂਗੀ ਸਾਂਗ ਬਣਾਵਣ ।(੮੩੧੦)
ਬੰਨਾ ਬਾਪ ਇਕੱਠੇ ਚੱਲਣ ਦਮ ਦਮ ਹਮਦ ਧਿਆਵਣ
ਪੇਸ਼ ਨਕੀਬ ਪੁਕਾਰਾਂ ਕਰਦੇ ਬੋਲ ਕਬਿੱਤ ਸੁਣਾਵਣ
ਭਰ ਭਰ ਬੁੱਕ ਚੌਫੇਰੇ ਸੁੱਟਣ ਮਾਰਨ ਛੱਟੇ ਜ਼ਰ ਦੇ
ਦੇਇ ਵੇਲਾਂ ਕਰ ਖ਼ਰਚ ਖ਼ਜ਼ਾਨੇ ਪੈਰ ਅਗੇਰੇ ਧਰਦੇ
ਕਈ ਕੋਹਾਂ ਵਿਚ ਟੁਰੀ ਸਵਾਰੀ ਹੱਦੋਂ ਬਾਹਰ ਪਿਆਦੇ
ਮਿਸਰੀ ਸਰਾਂਦੀਪੀ ਸਾਰੇ ਖ਼ਲਕਤ ਹੋਰ ਜ਼ਿਆਦੇ
ਨੇਜ਼ਾ ਬਾਜ਼ੀ ਤੀਰ ਅੰਦਾਜ਼ੀ ਪਾਈ ਖੇਡ ਸਵਾਰਾਂ
ਚਮਕਣ ਤੋੜੇ ਛੇੜਨ ਘੋੜੇ ਸਿਰ ਪਰ ਧਰ ਤਲਵਾਰਾਂ
ਸੁੰਮਾਂ ਦੇ ਖੜਕਾਰੇ ਕੱਢਣ ਤੁਰਕੀ ਕਾਵੜ ਚਾਏ
ਘੋੜੇ ਦੌੜ ਸਵਾਰ ਕਰਾਂਦੇ ਜ਼ਰਬ ਜ਼ਿਮੀਂ ਨੂੰ ਜਾਏ
ਆਸਿਮ ਸ਼ਾਹ ਦੀ ਦੇਖ ਸਵਾਰੀ ਦਿਓ ਪਰੀ ਭਉ ਖਾਏ
ਕਲਗ਼ੀ ਤੋੜੇ ਤੇ ਹਥਿਆਰਾਂ ਚਾਨਣ ਚਮਕ ਲਗਾਏ
ਚੱਪੇ ਚੱਪੇ ਬਲਣ ਮਿਸਾਲਾਂ ਸ਼ਮ੍ਹਾ ਬਲਣ ਕਾਫ਼ੂਰੀ
ਸ਼ਾਰਿਸਤਾਨ ਅੰਦਰ ਉਹ ਆਈ ਰਾਤ ਮੁਬਾਰਿਕ ਨੂਰੀ
ਹੋਣ ਤਮਾਸ਼ੇ ਬੇ ਤਹਾਸ਼ੇ ਰੰਗ ਬਰੰਗੀ ਬਾਜ਼ੀ
ਰਾਗੋਂ ਰੰਗੀ ਅੰਤ ਨਾ ਕਾਈ ਰੌਣਕ ਬੇਅੰਦਾਜ਼ੀ
ਮੁਲਕ ਵਲਾਇਤ ਸਾਰੀ ਅੰਦਰ ਗਹਿਮਾਂ ਗਹਿਮੀ ਹੋਂਦੀ
ਧਰਤੀ ਭਾਰੋਂ ਲਰਜ਼ਾ ਖਾਏ ਜਿਥੇ ਜੰਞ ਖਲੋਂਦੀ
ਸ਼ੌਕਤ ਸ਼ਾਨ ਨਿਕਾਰੇ ਨੌਬਤ ਝੰਡੀਆਂ ਨਾਲ਼ ਨਿਸ਼ਾਨਾਂ
ਆਸਿਮ ਸ਼ਾਹ ਵਿਆਹੁਣ ਢੁਕਾ ਅੰਤ ਨਾ ਰਿਹਾ ਦਾਨਾਂ ।(੮੩੨੦)
ਮਜ਼ਲੋ ਮਜ਼ਲੀ ਟੁਰਦੇ ਆਏ ਛੱਟੇ ਦੇਂਦੇ ਜ਼ਰ ਦੇ
ਸ਼ਾਰਿਸਤਾਨ ਸੁਨਹਿਰੀ ਅੰਦਰ ਪਹੁਤੇ ਕੋਲ ਸ਼ਹਿਰ ਦੇ
ਲੈ ਲਸ਼ਕਰ ਸ਼ਾਹਪਾਲ ਬਹਾਦਰ ਮੇਲੇ ਕਾਰਨ ਆਇਆ
ਦੇਵਾਂ ਪਰੀਆਂ ਸਫ਼ਾਂ ਬਣਾਈਆਂ ਅੰਤ ਨਾ ਜਾਂਦਾ ਪਾਇਆ
ਦੋਹਾਂ ਵਲਾਂ ਥੀਂ ਵਜੇ ਵਾਜੇ ਦੱਫ਼ਾਂ ਢੋਲ ਨਿਕਾਰੇ
ਮੂੰਹ ਜੁੜੇ ਸਨ ਦੋਹਾਂ ਕੰਧਾਰਾਂ ਹੋਣ ਲੱਗੇ ਲਿਸ਼ਕਾਰੇ
ਆਦਮੀਆਂ ਦੀ ਜੰਞ ਤਮਾਮੀ ਹੋ ਖਲੀ ਇਕ ਪਾਸੇ
ਪਰੀਆਂ ਦਿਓ ਹੋਏ ਇਕ ਤਰਫ਼ੇ ਲਾਇਆ ਰੰਗ ਲਿਬਾਸੇ
ਧੁਰ ਅਸਮਾਨੀ ਗੋਗਾ ਪਾਇਆ ਤੁਰਕਾਂ ਦੇ ਹਿਣਕਾਰਾਂ
ਮਾਰਨ ਸੁੰਮ ਉਠਾਵਣ ਧਰਤੀ ਚੱਬਣ ਨਹਿਰੇ ਸਾਰਾਂ
ਚਾਲ ਰਵਾਲੋਂ ਗਾਮ ਚਲਾਵਣ ਪੋਈਅ ਛੋਟੀ ਟੱਪਣ
ਚੌਕੜੀਆਂ ਵਿਚ ਹਿਰਨਾਂ ਤਾਈਂ ਵੰਝ ਕੰਨਾ ਥੀਂ ਨੱਪਣ
ਨੇਜ਼ਾ ਬਾਜ਼ੀ ਕਰਨ ਬਹਾਦਰ ਪੱਟ ਪੱਟ ਸੁੱਟਣ ਕਿੱਲੇ
ਤੀਰ ਅੰਦਾਜ਼ ਨਿਸ਼ਾਨੇ ਮਾਰਨ ਚਾੜ੍ਹ ਕਮਾਨਾਂ ਚਿੱਲੇ
ਮਲ ਲਏ ਮੈਦਾਨ ਸਵਾਰਾਂ ਮੁੜ ਮੁੜ ਕਰਦੇ ਫੇਰੇ
ਚਾਵਨ ਵਾਗਾਂ ਉਡਣ ਤਰਿਖੇ ਇਕ ਥੀਂ ਇਕ ਉਚੇਰੇ
ਤੋਲਣ ਸੁੰਮ ਵਜਾਵਣ ਧਰਤੀ ਗਾਮਚੀਆਂ ਭੰਨ ਚੱਲਣ
ਮਾਰਨ ਸੁੰਬ ਹਿਲਾਣ ਕਨੌਤੀ ਸਿਰ ਉੱਚਾ ਕਰ ਹਿੱਲਣ
ਆਤਿਸ਼ਬਾਜ਼ੀ ਬੇਅੰਦਾਜ਼ੀ ਲਾਈ ਲੋਅ ਜਹਾਨੇ
ਜ਼ੋਰ ਜੰਞੇ ਦਾ ਹੋਰ ਕੀ ਆਖਾਂ ਸ਼ੋਰ ਤੀਕਰ ਅਸਮਾਨੇ ।(੮੩੩੦)
ਸ਼ਾਹਪਾਲੇ ਨੇ ਨਾਲ਼ ਲਿਆਂਦੀ ਜੰਞ ਅੱਗੋਂ ਝੱਲ ਅੱਗਾ
ਸ਼ਹਿਜ਼ਾਦਾ ਮਹਿਰਾਜ ਮੁਹੰਮਦ ਵੜਨ ਸ਼ਹਿਰ ਵਿਚ ਲੱਗਾ
ਪਹਿਲੀ ਗਲੀ ਤਰਿੰਞਣ ਆਇਆ ਤਰੈ ਸੈ ਸੱਠ ਸਹੇਲੀ
ਮਲ ਮਲ ਰਾਹ-ਉਘੜਾਈ ਮੰਗਣ ਦੇ ਕੇ ਲੰਘੀਂ ਬੇਲੀ
ਗੁੜ ਦੀ ਜਾਈ ਮਿਸਰੀ ਦਿੱਤੀ ਉਸ ਘਰ ਕਮੀ ਨਾ ਆਹੀ
ਮੁਸ਼ਕਿਲ ਕਰੇ ਅਸਾਨ ਮੁਹੰਮਦ ਦੌਲਤ ਸ਼ਾਹਿਨਸ਼ਾਹੀ
ਤੁਧ ਸ਼ਹਿਜ਼ਾਦਾ ਨਾਮ ਧਰਾਇਆ ਖ਼ਰਚ ਨਾ ਦੌਲਤ ਥੋੜੀ
ਐ ਸ਼ਾਹਾ! ਗੁੜ ਸਸਤਾ ਵਿਕਦਾ ਲਾਖ ਟਕੇ ਇੱਕ ਰੋੜੀ
ਇਕ ਇਕ ਰੋੜੀ ਦੇ ਅਸਾਨੂੰ ਤਾਂ ਇਸ ਗਲੀਓਂ ਲੰਘੀਂ
ਨਹੀਂ ਪੱਲੇ ਤਾਂ ਤਰੇਂਹੜ ਖਾਸੇਂ ਹੈਗਾ ਤਾਂ ਕਿਉਂ ਸੰਗੀਂ
ਸ਼ਹਿਜ਼ਾਦੇ ਫ਼ੁਰਮਾਇਆ ਅੱਗੋਂ ਕਮੀ ਨਹੀਂ ਅੱਜ ਕਾਈ
ਨਾਲ਼ ਮੇਰੇ ਚੜ੍ਹ ਆਇਆ ਬਾਬਲ ਲਾਗ ਦੇਇ ਹਰ ਜਾਈ
ਇਸ ਥਾਉਂ ਫਿਰ ਗਏ ਅਗੇਰੇ ਖ਼ਾਸ ਸ਼ਹਿਰ ਦੇ ਦਰ ਤੇ
ਆ ਦਰਬਾਨਾਂ ਵਾਗਾਂ ਫੜੀਆਂ ਹਿੱਸਾ ਸਾਡਾ ਵਰਤੇ
ਦਰਬਾਨਾਂ ਥੀਂ ਸੱਚੇ ਹੋਵੇ ਦੇ ਲਾਲਾਂ ਦੀ ਜੋੜੀ
ਸੈਫ਼-ਮਲੂਕ ਸ਼ਹਿਰ ਵਿਚ ਵੜਿਆ ਜਾ ਉਤਰਨ ਦੀ ਲੋੜੀ
ਉੱਤਰੀ ਜੰਞ ਲਗਾਈ ਮਜਲਿਸ ਬੈਠੀ ਨਾਲ਼ ਅਮਨ ਦੇ
ਰੱਤੀ ਘਿਣ ਮਿਰਾਸਣ ਆਈ ਨਕਸ਼ ਬਣੇ ਵੰਨ ਵੰਨ ਦੇ
ਆਇਆ ਸ਼ਰਮ ਹਯਾ ਸ਼ਹਿਜ਼ਾਦੇ ਰੱਤੀ ਜਦੋਂ ਬੁਲਾਈ
ਸਭ ਉਮਰ ਦੀ ਕੀਤੀ ਕਤਰੀ ਅੱਖੀਂ ਅੱਗੇ ਆਈ ।(੮੩੪੦)
ਰੱਤੀ ਖ਼ਸਰਾਂ ਅਮਲਾਂ ਵਾਲਾ ਜਿਸ ਵਿਚ ਰੋਲ ਨਾ ਰੱਤੀ
ਦਿਸਦੀ ਤੰਦ ਮੁਹੰਮਦ ਬਖਸ਼ਾ ਮੋਟੀ ਨਿੱਕੀ ਕੱਤੀ
ਬਾਪ ਮਿਰਾਸਣ ਵਿਦਿਆ ਕੀਤੀ ਦਾਨ ਰੱਤੀ ਦੇ ਦੇ ਕੇ
ਫੇਰ ਛੰਨਾ ਦੁੱਧ ਭਰਿਆ ਆਇਆ ਯਾਰਾਂ ਪੀਤਾ ਲੈ ਕੇ
ਸੁੱਚਾ ਟੱਕਾ ਟਿਕਾਇਆ ਇਸ ਵਿਚ ਪਰਤ ਗਿਆ ਘਿਣ ਲਾਗੀ
ਰਲ ਮਿਲ ਕੁੜੀਆਂ ਲੋੜਨ ਆਈਆਂ ਸਿੱਕ ਅੰਦਰ ਦੀ ਜਾਗੀ
ਜੰਞੇ ਦੀ ਕਰ ਖ਼ਿਦਮਤਦਾਰੀ ਡੇਰੇ ਆਣ ਬਹਾਈ
ਸ਼ਹਿਜ਼ਾਦੇ ਨੂੰ ਟੋਰਨ ਲੱਗੀਆਂ ਬੈਠੀ ਆਮ ਲੋਕਾਈ
ਕਰਕੱਟੀਆਂ ਦੇ ਤਰਿੰਞਣ ਬਣ ਕੇ ਆਈਆਂ ਪਰੀਆਂ ਜਾਈਆਂ
ਸੁੱਚੀਆਂ ਛਟੀਆਂ ਉੱਚੀਆਂ ਉੱਚੀਆਂ ਸਿਰ ਪਰ ਆਣ ਝੁਲਾਈਆਂ
''ਅਸੀਂ ਆਈਆਂ ਅਸੀਂ ਆਈਆਂ ਲਾਲਾ'' ਗਾਵਣ ਨਾਲ਼ ਸਫ਼ਾਈਆਂ
ਪਰੀਆਂ ਗਾਵਣ ਬੋਲ ਸੁਹਾਵਣ ਮੌਜਾਂ ਰੱਬ ਵਿਖਾਈਆਂ
ਸੁੱਤੇ ਬੰਨੇ ਕਾਹਨ ਜਗਾਵਣ ਆਈਆਂ ਚਾਮਲ ਚਾਈਆਂ
ਤਲੀਆਂ ਝਸਨ ਖਿੜ ਖਿੜ ਹਸਣ ਆਖਣ ਘੋਲ਼ ਘੁਮਾਈਆਂ
ਉਠ ਮਰ੍ਹਾਜਾ ਜਾਗ ਮਰ੍ਹਾਜਾ ਕਿਸ ਵੇਲੇ ਦੀਆਂ ਖਲੀਆਂ
ਖਲੀਆਂ ਖਲੀਆਂ ਰਾਤ ਵਿਹਾਈ ਆ ਦੁੱਖਣ ਲੱਗੀਆਂ ਤਲੀਆਂ
ਸਾਲੜੀਆਂ ਲੈ ਆਈਆਂ ਚੂਰੀ ਥਾਲੜੀਆਂ ਇਹ ਲਾਹੀਆਂ
ਕਰ ਬਿਸਮਿਲਾ ਖਾ ਮਰ੍ਹਾਜਾ ਨਾਲ਼ੇ ਵੰਡ ਗਿਰਾਹੀਆਂ
ਵੇਖੋ ਨੀ ਸਰਦਾਰ ਗਰਾਹੀਆਂ ਨਹੀਂ ਦੇਂਦਾ ਨਹੀਂ ਦੇਂਦਾ
ਸ਼ਾਹ-ਪਰੀ ਦਾ ਯਾਰ ਗਿਰਾਹੀਆਂ ਨਹੀਂ ਦੇਂਦਾ ਨਹੀਂ ਦੇਂਦਾ ।(੮੩੫੦)
ਪਾਵਣ ਲੱਗਾ ਭਾਰ ਗਿਰਾਹੀਆਂ ਨਹੀਂ ਦੇਂਦਾ ਨਹੀਂ ਦੇਂਦਾ
ਕਿਉਂ ਬੈਠਾ ਝੁੰਬ ਮਾਰ ਗਿਰਾਹੀਆਂ ਨਹੀਂ ਦੇਂਦਾ ਨਹੀਂ ਦੇਂਦਾ
ਸੈਫ਼-ਮਲੂਕੇ ਖਾਧੀ ਚੂਰੀ ਭਰ ਮੁਠੀਆਂ ਵਰਤਾਈ
ਸਾਲੜੀਆਂ ਦੀ ਝੋਲ਼ੀ ਪਾਈ ਯਾਰਾਂ ਹੋਰ ਪੁਚਾਈ
ਉਠ ਵੇ ਬੰਨਿਆਂ! ਜਾਗ ਮਰ੍ਹਾਜਾ ਲੋੜਨ ਆਈਆਂ ਸੱਈਆਂ
ਸਾਹੁਰੜੇ ਘਰ ਚੱਲ ਸ਼ਹਿਜ਼ਾਦਾ ਖਹਿੜੇ ਤੇਰੇ ਪਈਆਂ
ਹੱਥ ਵਿਚ ਫੜ ਤਲਵਾਰ ਸ਼ਹਿਜ਼ਾਦਾ ਨਾਲ਼ ਉਨ੍ਹਾਂ ਦੇ ਟੁਰਿਆ
ਟੁਰਿਆ ਵੇ ਤੂੰ ਟੁਰਿਆ ਲਾਲ਼ਾ ਪੱਲਾ ਫੜਿਆ ਮੁੜਿਆ
ਚੱਪੇ ਚੱਪੇ ਹੋਵੇ ਸਲਾਮੀ ਗਿਣ ਗਿਣ ਪੈਰ ਉਠਾਵਣ
ਅੱਲ੍ਹਾ ਬੇਲੀ ਦੇ ਸਿਰ ਛਟੀਆਂ ਖ਼ੁਸ਼ੀਆਂ ਨਾਲ਼ ਝੁਲਾਵਣ
ਸੌੜੀ ਗਲੀ ਘਣੇ ਵਿਚ ਟੋਏ ਢਹਿ ਢਹਿ ਪੈਣ ਨਰੋਏ
ਸੰਭਲ ਪੈਰ ਟਿਕਾਈਂ ਬੰਨਿਆਂ ਕਈ ਤਮਾਸ਼ੇ ਹੋਏ
ਜਿਸ ਬੰਨੇ ਕੋਹ ਕਾਫ਼ ਲਿਤਾੜੇ ਨਦੀਆਂ ਜੰਗਲ਼ ਬੇਲੇ
ਉਸ ਬੰਨੇ ਦਾ ਸਾਹਿਬ ਰਾਖਾ ਕਿਉਂ ਝੜਸੀ ਇਸ ਵੇਲੇ
ਹਿੰਮਤ ਨਾਲ਼ ਹੋਵਣ ਜਿਸ ਸਾਧੇ ਸਫ਼ਰ ਮੁਹੱਬਤ ਵਾਲੇ
ਤਾਂ ਉਸ ਗਲੀਓਂ ਸੱਟ ਨਾ ਖਾਂਦਾ ਲੰਘੇ ਨਾਲ਼ ਸੰਭਾਲੇ
ਨਾ ਡਰ ਵੇ ਤੂੰ ਨਾ ਡਰ ਲਾਲਾ ਰੌਸ਼ਨ ਹੋਇਆ ਅਨ੍ਹੇਰਾ
ਟੁਰ ਆ ਵੇ ਤੂੰ ਟੁਰ ਆ ਬੰਨਿਆਂ! ਇਹ ਅੱਗੇ ਘਰ ਤੇਰਾ
ਹੌਲੀ ਹੌਲੀ ਆ ਮਰ੍ਹਾਜਾ ਖ਼ੁਸ਼ੀਆਂ ਨਾਲ਼ ਮੁਰਾਦਾਂ
ਅਸੀਂ ਭੀ ਤੱਕ ਲਏ ਅੱਜ ਤੈਨੂੰ ਸੁਹਜਾਂ ਨਾਲ਼ ਸਵਾਦਾਂ ।(੮੩੬੦)
ਹੌਲੀ ਹੌਲੀ ਟੁਰਦਾ ਬੰਨਾਂ ਸਾਹੁਰੜੇ ਘਰ ਵੜਿਆ
ਸਾਲ਼ੀ ਨੇ ਫੜ ਪੈਰ ਸ਼ਿਤਾਬੀ ਘਤ ਅੰਗੂਠਾ ਕੜਿਆ
ਜੇਬੋਂ ਕੱਢ ਸ਼ਿਤਾਬੀ ਦਿੱਤਾ ਜੋ ਕੁੱਝ ਮੰਗਿਆ ਸਾਲ਼ੀ
ਖ਼ਾਸ ਮਹਿਲ ਅੰਦਰ ਜਾ ਵੜਿਆ ਕਰਦਾ ਫਿਰ ਖ਼ੁਸ਼ਹਾਲੀ
ਰੱਜ ਰੱਜ ਚੱਜ ਕਰੇਂਦਾ ਜਾਂਦਾ ਸਾਲੜੀਆਂ ਜੋ ਦੱਸਣ
ਦੂਰ ਹੋਇਆ ਗ਼ਮ ਦਰਦ ਹਿਜਰ ਦਾ ਖ਼ੁਸ਼ੀਆਂ ਮਨ ਵਿਚ ਵੱਸਣ
ਘੁੰਘਟ ਅੰਦਰ ਵਹੁਟੀ ਡਿੱਠੀ ਸੇਜੇ ਚਾੜ੍ਹ ਨਾ ਸੋਇਆ
ਜਾਗਦਿਆਂ ਸਭ ਰਾਤ ਗੁਜ਼ਾਰੀ ਵਕਤ ਫ਼ਜਰ ਦਾ ਹੋਇਆ
ਸੈਫ਼-ਮਲੂਕ ਮਰ੍ਹਾਜ ਬਣਾਣਾ ਕੰਮ ਆਹਾ ਮਰਦਾਵਾਂ
ਸ਼ਾਹ-ਪਰੀ ਦਾ ਵਹੁਟੀ ਬਣਨਾ ਨਾ ਮੈਂ ਖੋਲ ਸੁਣਾਵਾਂ
ਕੀ ਮਜਾਲ ਅਸਾਡੀ ਓਥੇ ਸਤਰ ਘਣੇ ਸੁਲਤਾਨੀ
ਪੜਦੇ ਦੀ ਉਹ ਬਾਤ ਮੁਹੰਮਦ ਦਸੇ ਕੌਣ ਜ਼ਬਾਨੀ
ਆਸ਼ਿਕ ਤੇ ਮਾਸ਼ੂਕ ਸਿਕੰਦੇ ਕਿਵੇਂ ਕਰੋ ਉਤਾਵਲ
ਹੋਵੇ ਨਿਕਾਹ ਮਤੇ ਹੱਥ ਆਵਣ ਮੈਨੂੰ ਭੀ ਤਿਲ਼ ਚਾਵਲ
ਘਣੀ ਉਮੀਦ ਮੁਹੰਮਦ ਬਖਸ਼ਾ ਕਾਲ਼ ਵੰਜੇ ਮੁਹਤਾਜੋਂ
ਤਿਲ਼ ਚਾਵਲ ਤੇ ਦਾਨ ਘਣੇਰੇ ਮਿਲਣ ਸ਼ਹਾਨੇ ਕਾਜੋਂ
ਸੈਫ਼-ਮਲੂਕਾ ਅਰਜ਼ ਕਰੇਂਦਾ ਖ਼ਿਦਮਤਗਾਰ ਮੁਸੱਨਿਫ਼
ਕਾਜ ਤੇਰੇ ਤਕ ਖਾਂਦਾ ਰਿਹਾ ਘਿਨ ਉਧਾਰ ਮੁਸੱਨਿਫ਼
ਰੱਬ ਤੇਰਾ ਹੁਣ ਕਾਜ ਰਚਾਇਆ ਲੱਧੇ ਦਾਨ ਤਮਾਮਾਂ
ਮੈਂ ਭੀ ਤਾਜ ਮੁਹੱਬਤ ਮੰਗਾਂ ਖ਼ਿਲਅਤ ਵਾਂਗ ਗ਼ੁਲਾਮਾਂ ।(੮੩੭੦)
ਬਰਸ ਹੋਇਆ ਮੈਂ ਸਦਾ ਲਗਾਇਆਂ ਅੱਜ ਦਿਨ ਦਾਨ ਮੰਗਣ ਦਾ
ਝੋਲ਼ੀ ਅੱਡ ਅਗੇਰੇ ਹੋਇਓਸੁ ਨਾਹੀਂ ਵਕਤ ਸੰਗਣ ਦਾ
ਦੇਸੀ ਦਾਨ ਮੁਹੰਮਦ ਬਖਸ਼ਾ ਜਾਂ ਦਾਤੇ ਹੱਥ ਚੜ੍ਹਿਆ
ਅਕਦ ਨਿਕਾਹ ਮੁਰਾਦ ਉਨ੍ਹਾਂ ਦੀ ਤੱਕ ਲੈ ਅੱਵਲ ਅੜਿਆ
ਬੁਰਜ ਸਿਤਾਰਾ ਸਾਇਤ ਤੱਕ ਕੇ ਨੇਕ ਘੜੀ ਜਦ ਆਈ
ਜ਼ੁਹਰਾ ਮਾਹ ਦਾ ਅਕਦ ਪੜ੍ਹਾਇਆ ਰਾਸੋਂ ਗਈ ਜੁਦਾਈ
ਜਾਂ ਸ਼ੱਅਦੈਨ ਇਕੱਠੇ ਹੋਏ ਗਈ ਨਹੂਸਤ ਸਾਰੀ
ਦੋ ਮੁਸ਼ਤਾਕ ਮਿਲੇ ਦਿਲ ਜਾਨੀ ਪਾਇਆ ਵਰ ਕੁਆਰੀ
ਤਿਲ ਚਾਵਲ ਮਠਿਆਈਆਂ ਵੰਡੀਆਂ ਹੋਈ ਮੁਬਾਰਿਕ ਬਾਦੀ
ਖ਼ਿਲਅਤ ਦੌਲਤ ਵੰਡਣ ਹੋਈ ਹੱਦੋਂ ਬਹੁਤ ਜ਼ਿਆਦੀ
ਸੈ ਸਰੋਪਾ ਤੇ ਸੈ ਘੋੜੇ ਸੈ ਹਾਥੀ ਉਠ ਖ਼ੱਚਰ
ਛੋਕਰੀਆਂ ਤੇ ਲੌਂਡੇ ਸੋਹਣੇ ਦਾਨ ਦਿੱਤਾ ਸ਼ਾਹ ਵਾਫ਼ਰ
ਜਾਂ ਉਹ ਰੋਜ਼ ਗੁਜ਼ਸ਼ਤਾ ਹੋਇਆ ਆਈ ਰਾਤ ਵਸਲ ਦੀ
ਵਿਹਲੀ ਜਾਈ ਸੀ ਇਕ ਮਾੜੀ ਵਾਂਗ ਬਹਿਸ਼ਤ ਅਸਲ ਦੀ
ਨਕਸ਼ ਨਿਗਾਰ ਬਹਾਰ ਚਮਨ ਦੀ ਰੌਣਕ ਰੰਗ ਹਜ਼ਾਰਾਂ
ਛੱਜੇ ਛੱਤ ਸੁਨਹਿਰੀ ਵੇਹੜਾ ਸ਼ੀਸ਼ੇ ਜੜਤ ਦੀਵਾਰਾਂ
ਇਤਰ ਅੰਬੀਰ ਅਤੇ ਕਸਤੂਰੀ ਉਸ ਜਾਈ ਛਿਣਕਾਈ
ਦਾਈ ਸ਼ਮ੍ਹਾ ਜਲਾਈ ਜਲਦੀ ਅੰਬਰ ਊਦ ਜਲਾਈ
ਸੂਹੇ ਪਲੰਘ ਨਿਵਾਰੀ ਡਾਹੇ ਸੇਜਾਂ ਸਾਫ਼ ਵਿਛਾਈਆਂ
ਗੁੰਦ ਫੁੱਲਾਂ ਦੇ ਸਿਹਰੇ ਲਾਏ ਮੁਸ਼ਕਾਂ ਧੁੰਮਾਂ ਪਾਈਆਂ ।(੮੩੮੦)
ਦਾਈਆਂ ਸੰਗ ਸਹੇਲੀ ਸੱਈਆਂ ਬਹੁਟੀ ਆਣ ਸਵਾਲੀ
ਸ਼ਹਿਜ਼ਾਦੇ ਨੂੰ ਵੇਖਣ ਲੱਗੀਆਂ ਝੱਬ ਆਣੇ ਰੱਬ ਵਾਲੀ
ਸ਼ਾਹ-ਪਰੀ ਨੂੰ ਸਿੱਕ ਸੱਜਣ ਦੀ ਪਲਕ ਆਰਾਮ ਨਾ ਦੇਂਦੀ
ਪਲ ਪਲ ਬਰਸ ਦਿਹਾਂ ਦੇ ਗੁਜ਼ਰਨ ਚੋਰੀ ਰਾਹ ਤਕੇਂਦੀ
ਲਾਖ ਸਿਰਾਂ ਦੇ ਮੁਲ ਦੀ ਸਾਨੂੰ ਘੜੀ ਘੜੀ ਇਸ ਸ਼ਬ ਦੀ
ਹਾਏ ਅਫ਼ਸੋਸ ਮੁਹੰਮਦ ਸਾਇਤ ਗੁਜ਼ਰੀ ਫੇਰ ਨਾ ਲੱਭਦੀ
ਜਾਂ ਮੇਲੇ ਦਾ ਵੇਲ਼ਾ ਹੋਵੇ ਮਿਲਣ ਲਗਣ ਦੋ ਜਾਨੀ
ਸਾਇਤ ਸਬਰ ਨਹੀਂ ਕਰ ਸਕਦੇ ਜਿਉਂ ਤੱਸਾ ਤਕ ਪਾਣੀ
ਪੰਦਰਾਂ ਬਰਸ ਗਏ ਵਿਚ ਰੋਜ਼ੇ ਸ਼ਰਬਤ ਵਸਲ ਨਾ ਪੀਤਾ
ਹੈ ਉਮੀਦ ਅਜੋਕੀ ਰਾਤੀਂ ਜੇ ਰੱਬ ਹਾਸਲ ਕੀਤਾ
ਪਲਕ ਪਲਕ ਦਾ ਸਰਫ਼ਾ ਮੈਨੂੰ ਰੱਬ ਸ਼ਹਿਜ਼ਾਦਾ ਭੇਜੇ
ਦਾਈਆਂ ਸੱਈਆਂ ਸਭ ਉਠ ਜਾਵਣ ਯਾਰ ਚੜ੍ਹੇ ਝੱਬ ਸੇਜੇ
ਸੰਗ ਸਹੇਲੀ ਕੋਈ ਨਾ ਭਾਵੇ ਜਿਸ ਦਮ ਬੇਲੀ ਆਵਣ
ਜਦੋਂ ਪਤੰਗ ਦੀਵੇ ਨੂੰ ਮਿਲਦੇ ਪਰ ਭੀ ਉਨ੍ਹਾਂ ਨਾ ਭਾਵਣ
ਤੋੜੇ ਹੋਵੇ ਪਿਆਰਾ ਕੋਈ ਮਹਿਰਮ ਯਾਰ ਵਿਚੋਲਾ
ਫਿਰ ਅਗ਼ਿਆਰ ਦਿਸੇ ਉਸ ਵੇਲੇ ਜਦੋਂ ਮਿਲੇ ਖ਼ੁਦ ਢੋਲਾ
ਕਰੇ ਬਦੀਅ-ਜਮਾਲ ਦੁਆਈਂ ਗਝੀਆਂ ਵਿਚ ਦਲੀਲਾਂ
ਵਿਹਲਾ ਮੇਲ਼ ਸ਼ਹਿਜ਼ਾਦਾ ਰੱਬਾ! ਝੱਬ ਉਠਾਲ ਵਕੀਲਾਂ
ਸੁਣੀ ਦੁਆ ਸ਼ਹਿਜ਼ਾਦਾ ਆਇਆ ਉਠ ਖਲੀਆਂ ਸਭ ਸੱਈਆਂ
ਸੇਜ ਸੁਹਾਗ ਸੁਹਾ ਉਨ੍ਹਾਂ ਦੀ ਮਾਰ ਬੂਹਾ ਟੁਰ ਗਈਆਂ ।(੮੩੯੦)
ਬਿਸਮਿਲਾ ਮੈਂ ਘੋਲ਼ੀ ਸਦਕੇ ਆਖ ਪਰੀ ਭੀ ਉੱਠੀ
ਬਾਹੋਂ ਪਕੜ ਬਹਾਇਓਸੁ ਸੇਜੇ ਤੇਗ਼ ਇਸ਼ਕ ਦੀ ਕੁੱਠੀ
ਆਸ਼ਿਕ ਤੇ ਮਾਸ਼ੂਕ ਪਿਆਰੇ ਚੜ੍ਹ ਸੇਜੇ ਰਲ਼ ਸੁੱਤੇ
ਅੱਵਲ ਆਬ ਹਯਾਤ ਪਿਆਲੇ ਧਰੇ ਲਬਾਂ ਦੇ ਉੱਤੇ
ਲੈ ਬੋਸੇ ਦਿਲ ਕੋਸੇ ਹੋਏ ਤਾਅ ਮੁਹੱਬਤ ਕੀਤਾ
ਜਾਮਾ ਜੀ ਹਿਰਸ ਦੀ ਸੋਜ਼ਨ ਮੇਲ਼ ਤਰੇਜ਼ਾਂ ਸੀਤਾ
ਚਾਂਦੀ ਦੀ ਸਲਾਖ਼ ਸ਼ਹਿਜ਼ਾਦੇ ਬਾਸਨੀਓਂ ਕੱਢ ਬਾਹਰ
ਰੰਗ ਰੰਗੀਲੀ ਡੱਬੀ ਘੱਤੀ ਮੁੜ ਮੁੜ ਕਰਦਾ ਜ਼ਾਹਰ
ਲੱਭ ਪਿਆ ਅਣ-ਵਿੱਧਾ ਮੋਤੀ ਸੁੱਚਾ ਜ਼ਰਾ ਨਾ ਵਲਿਆ
ਫ਼ੌਲਾਦੀ ਕਰ ਤੇਜ਼ ਸੁਪਾਰੀ ਸੈਫ਼-ਮਲੂਕੇ ਸੱਲਿਆ
ਹਿਰਸ ਹਵਾ ਖੁਲ਼ਾਈ ਜ਼ੋਰੀ ਮੀਟੀ ਕੱਲੀ ਰਵੇਲੋਂ
ਕਰ ਕਰ ਜਤਨ ਫੁੱਲੇ ਵਿਚ ਪਹੁਤਾ ਮੋਤੀ ਸਾਫ਼ ਤਰੇਲੋਂ
ਤੰਗ ਮੈਦਾਨ ਕੁਮਤ ਚਲਾਇਆ ਸੈਫ਼-ਮਲੂਕ ਸ਼ਹਿਜ਼ਾਦੇ
ਓੜਕ ਥੱਕ ਕੇ ਲੰਗਾ ਹੋਇਆ ਫੇਰੇ ਪਾ ਜ਼ਿਆਦੇ
ਅਜਬ ਬਹਾਰ ਹੁਸਨ ਦੀ ਅੰਦਰ ਸੈਰ ਸ਼ਹਿਜ਼ਾਦੇ ਕੀਤਾ
ਲੱਜ਼ਤ ਨਾਲ਼ ਹੋਇਆ ਮਸਤਾਨਾ ਪੁੱਛ ਨਹੀਂ ਗੱਲ ਮੀਤਾ
ਕੀਤਾ ਵੁਜ਼ੂ ਸ਼ਹਿਜ਼ਾਦਾ ਨਹਾਤਾ ਤੱਤਾ ਪਾਣੀ ਕਰਕੇ
ਨਫ਼ਲ ਦੋਗਾਣਾ ਪੜ੍ਹ ਸ਼ੁਕਰਾਨਾ ਸੁੱਤਾ ਨੀਂਦਰ ਭਰ ਕੇ
ਵੀਹਾਂ ਬਰਸਾਂ ਦੇ ਤਰਿਹਾਏ ਸੈਫ਼-ਮਲੂਕੇ ਤਾਈਂ
ਲੱਧਾ ਸ਼ਰਬਤ ਸਾਫ਼ ਵਸਲ ਦਾ ਹੋਈਆਂ ਰੱਦ ਬਲਾਈਂ ।(੮੪੦੦)
ਛਿਕ ਪਰੀਤ ਕਟੀ ਕਈ ਮੁਦਤ ਇਸ਼ਕ ਪਰੀਤ ਨਾ ਹਾਰੀ
ਓੜਕ ਦਿਲ ਦੀ ਆਸ ਪੁਚਾਈ ਫ਼ਜ਼ਲ ਹੋਇਆ ਸਰਕਾਰੀ
ਰਾਤੀਂ ਦਿਹਾਂ ਇਕੱਠੇ ਰਹਿੰਦੇ ਨਾ ਕੋਈ ਫ਼ਿਕਰ ਨਾ ਝੋਰਾ
ਉਹ ਉਸ ਦੀ ਇਹ ਉਸ ਦਾ ਹੋਇਆ ਵਿੱਥ ਨਾ ਰਹੀਆ ਭੋਰਾ
ਬੈਤ-ਉਲ-ਵਸਲ ਅੰਦਰ ਦਿਨ ਰਾਤੀਂ ਮਾਨਣ ਐਸ਼ ਅੰਦਰ ਦੀ
ਸਭ ਮੁਰਾਦਾਂ ਦਿੱਤੀਆਂ ਉਸ ਨੇ ਆਸ ਆਹੀ ਜਿਸ ਦਰ ਦੀ
ਮੁਦਤ ਦੇ ਤਰਿਹਾਏ ਲੱਧਾ ਚਸ਼ਮਾ ਹੌਜ਼ ਕੌਸਰ ਦਾ
ਹਾਸਲ ਹੋਇਆ ਸ਼ਰਾਬ ਤਹੂਰਾ ਨਸ਼ਿਆਂ ਦੇ ਘੁੱਟ ਭਰਦਾ
ਸੀਨਾ ਸ਼ਿਕਮ ਸਵਾਦੀ ਹਲਵਾ ਜੰਨਤ ਦਾ ਫ਼ਾਲੂਦਾ
ਮਾਰੇ ਹੱਥ ਘੁੱਟੇ ਵਿਚ ਪੰਜੇ ਹੁੰਦਾ ਦਿਲੋਂ ਆਸੂਦਾ
ਜਾਂ ਉਹ ਲੁਕਮਾ ਮਿੱਠਾ ਚਖਿਓਸੁ ਐਸੀ ਲੱਜ਼ਤ ਆਈ
ਲੱਜ਼ਤ ਨਾਲ਼ ਕੱਟੀ ਕੋਈ ਸਾਇਤ ਹੋਸ਼ ਨਾ ਰਹਿਓਸੁ ਜਾਈ
ਡਿਠੋਸੁ ਗਰਮ ਬਾਜ਼ਾਰ ਹੁਸਨ ਦਾ ਬਹੁਤਾ ਰੂਪ ਸੁਹਾਇਆ
ਬਾਗ਼ ਬਹਿਸ਼ਤੋਂ ਫੁਲ ਅਜਾਇਬ ਅੰਤ ਹਿਸਾਬ ਨਾ ਆਇਆ
ਬੂ ਉਹਦੀ ਥੀਂ ਜੱਗ ਮੁਅੱਤਰ ਦਰਦਮੰਦਾਂ ਸੁਖ ਦਾਇਮ
ਜਿਸ ਉਹ ਫੁੱਲ ਸਿਰੇ ਪਰ ਧਰਿਆ ਪਾਇਓਸੁ ਤਾਜ ਮੁਦਾਇਮ
ਪਾਈ ਸੁਹਬਤ ਸੰਗ ਮੁਹੱਬਤ ਜਿਸ ਬੁਲਬੁਲ ਇਸ ਗੱਲ ਦੀ
ਮਾਲ ਮਤਾਅ ਦੋ ਆਲਮ ਸੰਦੀ ਨਹੀਂ ਘੜੀ ਦੇ ਮੁਲ ਦੀ
ਇਕਦਮ ਫ਼ਾਰਗ਼ ਆਪਣੇ ਆਪੋਂ ਨਾਲ਼ੇ ਗ਼ੈਰ ਰਕੀਬੋਂ
ਰਲ਼ ਮਿਲ ਬਹਿਣਾ ਨਾਲ਼ ਸੱਜਣ ਦੇ ਗੱਲ ਸੁਣਨ ਉਸ ਜੀਭੋਂ ।(੮੪੧੦)
ਦੋ ਜੱਗ ਦੀ ਸੁਲਤਾਨੀ ਤੋੜੇ ਲੱਭੇ ਸਭ ਉਮਰ ਦੀ
ਇਸ ਦਮ ਕੋਲ ਮੁਹੰਮਦ ਬਖ਼ਸ਼ਾ ਖ਼ਸਖ਼ਸ ਕਦਰ ਨਾ ਧਰਦੀ
ਜਦੋਂ ਸ਼ਹਿਜ਼ਾਦੇ ਹੋਸ਼ ਸੰਭਾਲੀ ਹੈਰਾਨੀ ਵਿਚ ਆਇਆ
ਕੁਦਰਤ ਤੇਰੀ ਅੰਤ ਨਾ ਕੋਈ ਵਾਹ ਵਾਹ ਬਾਰ ਖ਼ੁਦਾਇਆ
ਸੁੱਤੇ ਕਰਮ ਸਹੀ ਸੱਚ ਜਾਗੇ ਯਾ ਇਹ ਖ਼ਾਬ ਖ਼ਿਆਲੋਂ
ਲੱਧਾ ਵਸਲ ਮੁਆਫ਼ਿਕ ਦਾਇਮ ਅਸਲ ਬਦੀਅ-ਜਮਾਲੋਂ
ਅਜਬ ਜਮਾਲ ਪਰੀ ਦਾ ਡਿਠੋਸੁ ਪਾਕ ਸੁੱਚਾ ਹਰ ਐਬੋਂ
ਬਾਹਰ ਹੱਦ ਸ਼ੁਮਾਰ ਬਿਆਨੋਂ ਹੁਸਨ ਉਤਾਰਾ ਗ਼ੈਬੋਂ
ਨੂਰ ਉਹਦੇ ਥੀਂ ਆਲਮ ਰੌਸ਼ਨ ਉਹ ਸੀ ਪਾਕ ਜਹਾਨੋਂ
ਕੋਈ ਤਸ਼ਬੀਹ ਨਾ ਦਿੱਤੀ ਜਾਂਦੀ ਆਲਾ ਜੁੱਸਿਓਂ ਜਾਨੋਂ
ਸਾਰਾ ਆਹਾ ਮਿੱਠਾ ਪਿਆਰਾ ਨਾਲ਼ ਮਲਾਹਤ ਭਰਿਆ
ਸ਼ਹਿਦ ਸ਼ਕਰ ਵਿਚ ਸ਼ੀਰੀਂ ਜਿਵੇਂ ਤਿਵੇਂ ਇਸ਼ਕੋਂ ਤਰਿਆ
ਸੈਫ਼-ਮਲੂਕ ਉਨੂੰ ਤੱਕ ਪਾਈ ਨਵੇਂ ਸਿਰੋਂ ਜ਼ਿੰਦਗਾਨੀ
ਤਾਂ ਜਾਨੀ ਵਿਚ ਜਾਨੀ ਪਈਆਂ ਜਾਂ ਮਿਲਿਆ ਦਿਲ ਜਾਨੀ
ਸ਼ਹਿਜ਼ਾਦੇ ਫ਼ੁਰਮਾਇਆ ਉਸ ਨੂੰ ਹੇ ਜਿੰਦੇ ਕੀ ਆਖਾਂ
ਮਿਲਣ ਤੇਰੇ ਦਾ ਸ਼ੁਕਰ ਨਾ ਹੁੰਦਾ ਨਾਲ਼ ਜ਼ਬਾਨਾਂ ਲਾਖਾਂ
ਮਿਲਣ ਤੇਰੇ ਵਿਚ ਮੈਨੂੰ ਆਹਾ ਕੁੱਵਤ ਕਦਰ ਨਾ ਜ਼ੱਰਾ
ਸੂਰਜ ਆਪ ਹਨੇਰਾ ਖੜਿਆ ਚਾਨਣ ਹੋਇਆ ਮੁਕੱਰਰਾ
ਕਿਹਾ ਫੇਰ ਬਦੀਅ-ਜਮਾਲੇ ਸੁਣ ਤੂੰ ਯਾਰ ਪਿਆਰੇ
ਮੈਂ ਭੀ ਕਿਉਂ ਕਰ ਸ਼ੁਕਰ ਅਲਾਵਾਂ ਪਾਏ ਕਰਮ ਨਿਆਰੇ ।(੮੪੨੦)
ਜਿਸ ਦਿਨ ਨਜ਼ਰ ਤੇਰੇ ਵੱਲ ਕੀਤੀ ਇਸ਼ਕ ਤੇਰਾ ਘਟ ਆਇਆ
ਕਦ ਮਿਲਾਪ ਹੋਵੇਗਾ ਸਾਡਾ ਖ਼ੌਫ਼ ਅੰਦਰ ਵਿਚ ਪਾਇਆ
ਮੈਂ ਨਾਰੀ ਸੁਲਤਾਨ ਮੁਲਕ ਦੀ ਉਹ ਇਕ ਆਜ਼ਿਜ਼ ਖ਼ਾਕੀ
ਕਿਉਂ ਕਰ ਇਕ ਮੇਰੇ ਸੰਗ ਹੋਸੀ ਜੇ ਸੌ ਕਰੇ ਚਲਾਕੀ
ਉਹੋ ਦਾਇਮ ਸੁਝਦਾ ਆਹਾ ਦਾਗ਼ ਵਿਛੋੜੇ ਵਾਲਾ
'ਇੱਨ ਅੱਲਾ ਲਤੀਫ਼-ਬ-ਇਅਬਾਦੱ' ਕਰਦਾ ਖ਼ੂਬ ਸੰਭਾਲਾ
ਅੱਜ ਅਸੀਂ ਹਿਕ ਜੋੜੀ ਜੁੱਤੇ ਹਿਕ ਕੀਤੇ ਰੱਬ ਵਾਲੀ
ਕੀਕਰ ਹਕ ਮੁਕਾਈਏ ਪੱਕੀ ਅਫਲ ਰੁੱਖੇ ਦੀ ਡਾਲੀ
ਪਰ ਇਕ ਚਿੰਤਾ ਰਹਿੰਦੀ ਮੈਨੂੰ ਬੜਾ ਦਿਲੇ ਵਿਚ ਝੋਰਾ
ਮੱਤ ਤੂੰ ਕੌਲ ਕਰਾਰ ਮੇਰੇ ਥੀਂ ਭੱਜ ਵੰਞੇਂ ਇਕ ਭੋਰਾ
ਕਰੀਂ ਕਬੂਲ ਉਨ੍ਹਾਂ ਦੀ ਸੁਹਬਤ ਜਿਨ੍ਹਾਂ ਨੂੰ ਮਿਲ ਆਇਓਂ
ਹੋਗ ਕਹਿਰ ਦੀ ਘੜੀ ਮੇਰੇ ਤੇ ਜਾਂ ਹੋਰੀ ਅੰਗ ਲਾਇਓਂ
ਸ਼ਹਿਜ਼ਾਦੇ ਫ਼ੁਰਮਾਇਆ ਬੀਬੀ ਤੁਧ ਪਿਛੇ ਘਰ ਸੱਟੇ
ਨਦੀਆਂ ਤੇ ਕੋਹ ਕਾਫ਼ ਲਿਤਾੜੇ ਕਈ ਕਜ਼ੀਏ ਕੱਟੇ
ਮੁਫ਼ਤ ਨਹੀਂ ਹੱਥ ਆਈਏਂ ਮੈਨੂੰ ਜੇ ਮੈਂ ਕਦਰ ਨਾ ਜਾਣਾ
ਕਿਉਂ ਕਰ ਤੋੜੇ ਕੌਲ ਸੱਜਣ ਦੇ ਜਿਸ ਤਨ ਇਸ਼ਕ ਸਮਾਣਾ
ਬੇਵਫ਼ਾਈ ਦੀ ਇਹ ਤੁਹਮਤ ਕਿਉਂ ਤੂੰ ਮੁੜ ਮੁੜ ਲਾਵੇਂ
ਕੌਲਾਂ ਕਸਮਾਂ ਨਾਲ਼ ਨਾ ਸਰਚੇਂ ਕਹੋ ਕੀ ਹੋਰ ਕਰਾਵੇਂ
ਜੇ ਸਿਰ ਤੇਰੀ ਝੋਲ਼ੀ ਪਾਵਾਂ ਜਾਨ ਕਰਾਂ ਕੁਰਬਾਨੀ
ਅੱਜ ਹਜ਼ੂਰ ਤੇਰੇ ਮਰ ਵੰਝਾਂ ਛੱਡ ਇਸ਼ਰਤ ਜ਼ਿੰਦਗਾਨੀ ।(੮੪੩੦)
ਤਾਂ ਇਸ ਤੁਹਮਤ ਥੀਂ ਛੁੱਟ ਜਾਵਾਂ ਭਲੀ ਮੇਰੇ ਹਕ ਏਹਾ
ਜੇ ਆਖੇਂ ਤਾਂ ਈਹਾ ਕਰਸਾਂ ਚੋਰ ਤੇਰੇ ਦਿਲ ਕੇਹਾ
ਹੁਸਨ ਤੇਰੇ ਦਾ ਕੋਈ ਨਾ ਸਾਨੀ ਜੇ ਮੈਂ ਤੈਂ ਥੀਂ ਹਟ ਕੇ
ਉਸ ਦੇ ਨਾਲ਼ ਪਰੀਤ ਲੱਗਾਸਾਂ ਟੁੱਟ ਮਰਾਂ ਦੜ ਵਟ ਕੇ
ਹੀਰਾ ਹਿਰਨ ਹੋਇਆ ਦਿਲ ਮੇਰਾ ਜ਼ੁਲਫ਼ ਤੇਰੀ ਦੀ ਮੁਸ਼ਕੋਂ
ਚਾਇਓਸੁ ਨਜ਼ਰ ਉਚੇਰੀ ਚਰੀਓਂ ਕਿਆ ਹਰੀਉਂ ਕਿਆ ਖ਼ੁਸ਼ਕੋਂ
ਗ਼ੈਰੋਂ ਬੰਦ ਹੋਈਆਂ ਇਹ ਅੱਖੀਂ ਤੁਧ ਬਿਨ ਹੋਰ ਨਾ ਤੱਕਣ
ਦੀਵਾ ਛੋੜ ਪਤੰਗ ਨਾ ਜਾਂਦੇ ਜੇ ਸੌ ਚੰਦੇ ਚਮਕਣ
ਅਦਨਾ ਰੂਪ ਪਤੰਗਾਂ ਡਿੱਠਾ ਆਲਾ ਵੱਲ ਨਾ ਜਾਂਦੇ
ਆਲਾ ਲੱਧਾ ਜਿਹਨਾ ਮੁਹੰਮਦ ਕਦ ਅਦਨਾ ਦਿਲ ਲਾਂਦੇ
ਸੁਣੇ ਬਦੀਅ-ਜਮਾਲ ਪਰੀ ਨੇ ਸੱਚੇ ਸੁਖ਼ਨ ਪਰੀਤੋਂ
ਆਸ਼ਿਕ ਨੂੰ ਮੁੜ ਦੱਸਣ ਲੱਗੀ ਸੱਚ ਮੁਰਾਦੋਂ ਨੀਤੋਂ
ਐ ਸੱਜਣਾ! ਤੁਧ ਬਾਝੋਂ ਮੈਨੂੰ ਕੋਈ ਨਜ਼ਰ ਨਾ ਆਵੇ
ਜਿੱਤ ਵੱਲ ਵੇਖਾਂ ਜਲਵਾ ਤੇਰਾ ਹਰ ਹਰ ਥਾਂ ਸੁਹਾਵੇ
ਜਿਸ ਦਿਨ ਦਾ ਤੂੰ ਨਜ਼ਰੀਂ ਆਇਓਂ ਬੂ ਨਾ ਰਹੀਆ ਮੇਰੀ
ਇਧਰ ਉਧਰ ਤੂੰਹੇਂ ਤੂੰਹੇਂ ਫਿਰੀ ਧਰੋਹੀ ਤੇਰੀ
ਸੰਗ ਸਹੇਲੀ ਭੈਣਾਂ ਭਾਈ ਮਾਂ ਪਿਉ ਸਾਕ ਕਬੀਲਾ
ਘਰ ਦਰ ਹਿਰਸ ਵਤਨ ਦੀ ਭੁਲੀ ਰਹੀਓਂ ਯਾਦ ਰੰਗੀਲਾ
ਝਿੜਕਾਂ ਸਹਸਾਂ ਮਰ ਮਰ ਢਹਸਾਂ ਛੱਡਸਾਂ ਨਾ ਲੜ ਤੇਰਾ
ਤੋੜੇ ਤੂੰ ਲੱਖ ਹੋਰ ਸਹੇੜੇਂ ਇਕ ਤੂੰਹੇਂ ਸ਼ਹੁ ਮੇਰਾ ।(੮੪੪੦)
ਲੂੰ ਲੂੰ ਵਿਚ ਮੁਹੱਬਤ ਤੇਰੀ ਸ਼ਾਲਾ ਹੋਵੇ ਨਾ ਬੇਹੀ
ਦਿਲ ਤੂੰਹੇਂ ਜਿੰਦ ਜਾਨੀ ਤੂੰਹੇਂ ਤੇਰੀ ਹੈ ਸਭ ਦੇਹੀ
ਨਾ ਕੋਈ ਫ਼ਿਕਰ ਵਿਛੋੜੇ ਬਾਝੋਂ ਨਾ ਕੋਈ ਰੰਜ ਸਫ਼ਰ ਦੀ
ਨਾ ਕੋਈ ਚਾਹ ਮੁਰਾਦ ਤੇਰੇ ਬਿਨ ਨਾ ਕੋਈ ਤਲਬ ਅੰਦਰ ਦੀ
ਤੁਧ ਬਿਨ ਬਾਗ਼ ਬਹਿਸ਼ਤ ਇਰਮ ਦੀ ਖ਼ਵਾਹਿਸ਼ ਮੂਲ ਨਾ ਕਰਦੀ
ਤੇਰੇ ਸੰਗ ਮੁਹੰਮਦ ਬਖ਼ਸ਼ਾ ਦੋਜ਼ਖ਼ ਥੀਂ ਘੱਟ ਡਰਦੀ
ਸੇਜ ਖ਼ੁਸ਼ੀ ਦੀ ਸੁੱਤੇ ਆਸ਼ਿਕ ਕਰਨ ਦੁਆਈਂ ਬਾਤਾਂ
ਪਲ ਪਲ ਦੇ ਦਿਨ ਹੋਵਣ ਸ਼ਾਲਾ ਬਰਸ ਦਿਹਾਂ ਦੀਆਂ ਰਾਤਾਂ
ਛੁਰੀਆਂ ਦੇ ਮੂੰਹ ਆਵਣ ਕਿਵੇਂ ਸਾਰੇ ਜਾਣ ਹਲਾਲੇ
ਢੋਲੀ ਤੇ ਘੜਿਆਲੀ ਬਾਂਗੇ ਕੁੱਕੜ ਬਾਂਗਾਂ ਵਾਲੇ
ਦਰਦ ਫ਼ਿਰਾਕ ਅੰਦਰ ਕਈ ਰਾਤੀਂ ਲੰਮੀਆਂ ਲੰਮੀਆਂ ਕੱਟੀਆਂ
ਜਾਂ ਹੁਣ ਵਾਰ ਵਸਲ ਦੀ ਆਈ ਘੜੀ ਘੜੀ ਥੀਂ ਘਟੀਆਂ
ਦਰਦਾਂ ਨਾਲ਼ ਦੁਆ ਮੰਨੇਂਦੀ ਖ਼ੁਸ਼ੀਆਂ ਵਿਚ ਖਹੇੜੇ
ਇਹ ਦੁਆ ਕਬੂਲ ਨਾ ਹੋਈ ਬੋਲੇ ਮੁਰਗ ਸਵੇਰੇ
ਸ਼ਹਿਜ਼ਾਦਾ ਉਠ ਨਹਾਤਾ ਧੋਤਾ ਜੁੱਸੇ ਜਾਮੇ ਪਾਕੀ
ਮਹਿਲਾਂ ਵਿਚੋਂ ਬਾਹਰ ਆਇਆ ਪਹਿਨ ਹਥਿਆਰ ਪੁਸ਼ਾਕੀ
ਅੱਵਲ ਅਰਜ਼ ਨਿਆਜ਼ ਗੁਜ਼ਾਰੀ ਸੁਨਤਾਂ ਵਕਤ ਫ਼ਜਰ ਦੇ
ਵਿਰਦ ਵਜ਼ੀਫ਼ੇ ਪੜ੍ਹ ਪੜ੍ਹ ਫੂਕੇ ਨਾਲ਼ੇ ਨਫ਼ਲ ਸ਼ੁਕਰ ਦੇ
ਫਿਰ ਦਰਬਾਰ ਪਿਉ ਦੇ ਆਇਆ ਬੈਠੀ ਮਜਲਿਸ ਸਾਰੀ
ਓਥੇ ਸੀ ਸ਼ਾਹਪਾਲ ਬਹਾਦਰ ਹਾਜ਼ਿਰ ਸਭ ਦਰਬਾਰੀ ।(੮੪੫੦)
ਜਾਂ ਉਸ ਕਾਜੋਂ ਫ਼ਾਰਗ਼ ਹੋਏ ਦੋਏ ਸ਼ਾਹ ਬਹਾਦਰ
ਬਾਗ਼-ਇਰਮ ਵਿਚ ਮਜਲਿਸ ਲਾਈ ਬੈਠੇ ਸਭ ਅਕਾਬਰ
ਸਭਨਾ ਦੇ ਦਿਲ ਖ਼ੁਸ਼ੀਆਂ ਹੋਈਆਂ ਗ਼ਮ ਨਾ ਰਿਹਾ ਬਾਕੀ
ਪੀਣ ਸ਼ਰਾਬ ਪਿਆਲੇ ਦੇਵਣ ਭਰ ਭਰ ਸੋਹਣੇ ਸਾਕੀ
ਜਾਂ ਖ਼ੁਸ਼ ਵਕਤ ਡਿਠੇ ਸ਼ਾਹ ਦੋਏ ਸਾਲਿਹ ਇਬਨ ਹਮੀਦੇ
ਦੇਇ ਦੁਆਈਂ ਅਰਜ਼ ਗੁਜ਼ਾਰੇ ਨਾਲ਼ ਬਹੁੰ ਤਾਕੀਦੇ
ਸਰਾਂਦੀਪ ਸ਼ਹਿਰ ਦਾ ਵਾਲੀ ਉਸ ਦਮ ਹਾਜ਼ਿਰ ਨਾਹਾ
ਸ਼ਾਹਪਾਲੇ ਨੂੰ ਕਹਿੰਦਾ ਸਾਲਿਹ ਸੁਣ ਤੂੰ ਸ਼ਾਹਿਨਸ਼ਾਹਾ
ਸਾਇਦ ਖ਼ਿਦਮਤਗਾਰ ਤੁਸਾਡਾ ਆਸਾਵੰਦ ਜਨਾਬੋਂ
ਬਦਰਾ-ਖ਼ਾਤੂੰ ਤੇ ਹੈ ਆਸ਼ਿਕ ਤੱਤਾ ਜਿਗਰ ਕਬਾਬੋਂ
ਸਾਇਦ ਬਦਰਾ-ਖ਼ਾਤੂੰ ਵਾਲਾ ਕਿੱਸਾ ਸਭ ਸੁਣਾਇਆ
ਸਰਵ-ਬਾਨੋ ਭੀ ਸੁਣਦੀ ਆਹੀ ਉਸ ਇਹ ਜ਼ਿੰਮਾ ਚਾਇਆ
ਸਰਾਂਦੀਪ ਨਗਰ ਦਾ ਵਾਲੀ ਬੀਬੀ ਕੋਲ ਬਹਾਕੇ
ਵਾਂਗ ਬੁਝਾਰਤ ਰਮਜ਼ ਸੁਣਾਈ ਗੱਲੋਂ ਗੱਲ ਹਿਲਾਕੇ
ਟੁਰੀ ਬਦੀਅ-ਜਮਾਲ ਇਕੱਲੀ ਪਰ ਜਿਨਸੀਂ ਪਰਦੇਸੇਂ
ਦਿਲ ਦੀ ਮਹਿਰਮ ਬਦਰਾ-ਖ਼ਾਤੂੰ ਨਾਲ਼ ਸਹੇਲੀ ਦੇਸੇਂ
ਸ਼ਹਿਜ਼ਾਦਾ ਵੰਝ ਤਖ਼ਤ ਬਹੇਗਾ ਇਹ ਮਹਿਲਾਂ ਵਿਚ ਹੋਸੀ
ਇਕ ਇਕੱਲੀ ਮਹਿਰਮ ਬਾਝੋਂ ਓਦਰ ਓਦਰ ਰੋਸੀ
ਕੌਣ ਇਸ ਦੀ ਗੱਲ ਸਮਝੇ ਓਥੇ ਕੌਣ ਕਰੇ ਗ਼ਮਖ਼ਾਰੀ
ਬਦਰਾ ਨਾਲ਼ ਇਹਦਾ ਦਿਲ ਰਲਿਆ ਹੋਰ ਨਹੀਂ ਕੋਈ ਕਾਰੀ ।(੮੪੬੦)
ਸ਼ਹਿਜ਼ਾਦੇ ਦਾ ਭਾਈ ਸਾਇਦ ਖ਼ਾਸ ਵਜ਼ੀਰ ਪਿਆਰਾ
ਉਸ ਕਾਰਨ ਇਹ ਨਾਤਾ ਦਿਓ ਮਤਲਬ ਅਸਲ ਹਮਾਰਾ
ਬਦਰਾ ਦੇ ਪਿਉ ਕਿਹਾ ਅੱਗੋਂ ਉਜ਼ਰ ਨਹੀਂ ਮੈਂ ਕੋਈ
ਸਭ ਕੰਮ ਹੱਥ ਤੁਸਾਡੇ ਮਣਸਾਂ ਜੋ ਫ਼ੁਰਮਾਓ ਸੋਈ
ਨੀਯਤ ਨਾਲ਼ ਦਿੱਤਾ ਹੁਣ ਨਾਤਾ ਮੁੜਸਾਂ ਨਹੀਂ ਈਮਾਂਨੋਂ
ਪਰ ਬੇਟੀ ਦੇ ਦੂਰ ਵੰਞਣ ਦਾ ਆਵੇ ਤਰਸ ਅਸਾਨੂੰ
ਸਰਵ-ਬਾਨੋ ਫ਼ੁਰਮਾਇਆ ਮੁੜ ਕੇ ਇਸ ਗੱਲੋਂ ਕੀ ਝੁਰਨਾ
ਧੀਆਂ ਧਨ ਨਿਮਾਣਾ ਇਨ੍ਹਾਂ ਜਿਧਰ ਟੋਰੋ ਟੁਰਨਾ
ਧੀ ਸਾਡੀ ਥੀਂ ਧੀ ਤੁਸਾਡੀ ਹੋਸੀ ਬਹੁਤ ਲਡਿਕੀ
ਕੌਮ ਆਪਣੀ ਥੀਂ ਬਾਹਰ ਦਿੱਤੀ ਪਰਦੇਸਾਂ ਵਿਚ ਚਿੱਕੀ
ਕੌਮ ਆਪਣੀ ਵਿਚ ਦਿੱਤਿਆਂ ਤੈਨੂੰ ਆਖ ਦੇਖਾਂ ਕੀ ਖ਼ਤਰਾ
ਨਾਲ਼ ਬਦੀਅ-ਜਮਾਲ ਹੋਵੇਗੀ ਗ਼ਮ ਨਾ ਹੋਸੀ ਕਤਰਾ
ਦੁੱਖ ਸੁਖਾਂ ਦੀ ਗਲ ਕਰੇਸਣ ਇਕ ਦੂਜੇ ਸੰਗ ਰਲ਼ ਕੇ
ਖ਼ੈਰ ਸੱਲਾ ਦੀ ਖ਼ਬਰ ਮੰਗਾਸਾਂ ਅਸੀਂ ਦੇਆਂ ਨੂੰ ਘੱਲ ਕੇ
ਸਰਵ-ਬਾਨੋ ਇਹ ਗੱਲਾਂ ਕਰ ਕੇ ਪਰਤ ਘਰਾਂ ਨੂੰ ਆਈ
ਆਨ ਬਦੀਅ-ਜਮਾਲ ਪਰੀ ਨੂੰ ਇਹ ਸਲਾਹ ਸੁਣਾਈ
ਸੱਦਿਆ ਤੁਰਤ ਬਦੀਅ-ਜਮਾਲੇ ਬਦਰਾ-ਖ਼ਾਤੂੰ ਤਾਈਂ
ਗੋਸ਼ੇ ਬੈਠ ਪੁਛੇਂਦੀ ਉਸ ਥੀਂ ਸੱਚੋ ਸੱਚ ਸੁਣਾਈਂ
ਮੈਂ ਤੇਰੇ ਪਰ ਹਿਰਸ ਘਣੇਰੀ ਜਾਨੋਂ ਦਿਲੋਂ ਸਹੇਲੀ
ਤੈਨੂੰ ਦਰਦ ਅਫ਼ਸੋਸ ਨਾ ਲਗਦਾ ਟੁਰੀਓਸੁ ਮੈਂ ਅਕੇਲੀ ।(੮੪੭੦)
ਮੈਂ ਤੇਰੇ ਬਿਨ ਕਿਉਂ ਕਰ ਰਹਸਾਂ ਤੂੰ ਮੇਰੇ ਬਿਨ ਕੀਵੇਂ
ਨਾਲ਼ ਮੇਰੇ ਤੂੰ ਚੱਲ ਸਹੇਲੀ ਜਿਉਂ ਕਰ ਜਾਣੇਂ ਤੀਵੇਂ
ਬਦਰਾ ਕਹਿੰਦੀ ਸੁਣ ਤੂੰ ਭੈਣੇ ਦਰਦ ਅਫ਼ਸੋਸ ਨਾ ਥੋੜੇ
ਕੀ ਕਰਾਂ ਕੁੱਝ ਵੱਸ ਨਾ ਚਲਦਾ ਪੈਂਦੇ ਸੂਲ ਮਰੋੜੇ
ਬਾਝ ਸਬੱਬ ਨਾ ਜਾਵਣ ਚੰਗਾ ਜੇ ਗਈਓਸੁ ਇਕ ਵਾਰੀ
ਦੋ ਦਿਨ ਕੱਟ ਘਰਾਂ ਨੂੰ ਮੁੜਸਾਂ ਹੱਥੋਂ ਹੋਗ ਕਹਾਰੀ
ਪੈ ਚਲੀਆਂ ਹੁਣ ਵਿੱਥਾਂ ਭੈਣਾਂ ਤੂੰ ਕਿੱਥੇ ਮੈਂ ਕਿੱਥੇ
ਕਿਉਂ ਕਰ ਸ਼ਹਿਦ ਮੁਹੰਮਦ ਬਖ਼ਸ਼ਾ ਫੇਰ ਮਿਲੇ ਸੰਗ ਛੱਤੇ
ਸਰਾਂਦੀਪ ਅੰਦਰ ਮੈਂ ਵਸਸਾਂ ਤੁਧ ਮਿਸਰ ਵਿਚ ਰਹਿਣਾ
ਐਡ ਜੁਦਾਈ ਰੱਬ ਸਹਾਈ ਕਦ ਅਸਾਂ ਰਲ਼ ਬਹਿਣਾ
ਅੱਗੇ ਮੇਲ਼ ਅਸਾਡਾ ਆਹਾ ਹੁੰਦਾ ਪਾ ਮਹੀਨਾ
ਘੜੀਆਂ ਤੇ ਦਿਨ ਗਿਣਦੇ ਰਹਿੰਦੇ ਸਿਕਦਾ ਰਹਿੰਦਾ ਸੀਨਾ
ਸੱਤ ਦਿਨ ਫੇਰ ਖ਼ੁਸ਼ੀ ਦੇ ਲੰਘਦੇ ਸੰਗ ਸੰਗਾਂ ਨੂੰ ਮਿਲਦੇ
ਜਾਂ ਤੂੰ ਘਰ ਨੂੰ ਟੁਰਦੀ ਹੈ ਸੈਂ ਚੈਨ ਤਰੁਟਦੇ ਦਿਲ ਦੇ
ਮੈਂ ਡਾਰ ਤੇਰੀ ਥੀਂ ਤਰੁੱਟੀ ਰੋ ਸਾਂ ਵਾਂਗ ਕੁਲੰਗਾਂ
ਲਿਖੀ ਸੀ ਤਕਦੀਰ ਮੁਹੰਮਦ ਪਿਆ ਵਿਛੋੜਾ ਸੰਗਾਂ
ਦਸਾਂ ਦਿਨਾ ਦੀ ਵਿੱਥ ਵਿਚ ਆਹਾ ਭੱਜਦਾ ਜ਼ੋਰ ਸਬਰ ਦਾ
ਰੱਬ ਦਾ ਦਿੱਤਾ ਕੌਣ ਨਾ ਝੱਲੇ ਪਿਆ ਫ਼ਿਰਾਕ ਉਮਰ ਦਾ
ਤੁਸਾਂ ਅਸਾਂ ਹੁਣ ਅੱਲ੍ਹਾ ਬੇਲੀ ਸੁਖ ਦੇਇ ਰੱਬ ਘਰ ਦਾ
ਹੋਵੇ ਨਸੀਬ ਮੁਹੰਮਦ ਬਖ਼ਸ਼ਾ ਭਾਗ ਸੁਹਾਗ ਉਸ ਦਰ ਦਾ ।(੮੪੮੦)
ਸੈਫ਼-ਮਲੂਕ ਤੁਸਾਂ ਵਰ ਪਾਇਆ ਪੈਸੋ ਜਾ ਵਿਚ ਐਸ਼ਾਂ
ਮੈਨੂੰ ਮਨੋਂ ਭੁਲਾਈਂ ਨਾਹੀਂ ਰੱਖੀਂ ਯਾਦ ਹਮੇਸ਼ਾਂ
ਹੋਰ ਤੁਸਾਂ ਕੁਝ ਯਾਦ ਨਾ ਰਹਸੀ ਕੰਤ ਜਦੋਂ ਗਲ ਲਾਸੀ
ਮੈਥੋਂ ਦਾਗ਼ ਵਿਛੋੜੇ ਵਾਲਾ ਮੂਲ ਨਾ ਧੋਤਾ ਜਾਸੀ
ਖ਼ੈਰ ਤੁਸੀਂ ਸੁਖ ਵੱਸੋ ਸ਼ਾਲਾ ਖ਼ੁਸ਼ੀਆਂ ਨਾਲ਼ ਮੁਰਾਦਾਂ
ਕਰੇ ਸਬੱਬ ਮਿਲਾਪ ਮੇਰੇ ਦਾ ਰੱਬ ਅੱਗੇ ਫ਼ਰਯਾਦਾਂ
ਫੇਰ ਬਦੀਅ-ਜਮਾਲੇ ਕਿਹਾ ਜੇ ਮੰਨਸੇਂ ਫ਼ੁਰਮਾਇਆ
ਇਕ ਦਲੀਲ ਮੇਰੇ ਦਿਲ ਆਈ ਰੱਬ ਸਬੱਬ ਬਣਾਇਆ
ਗੱਲ ਅਸਾਡੀ ਮੋੜੇਂ ਨਾਹੀਂ ਪਾਵੇਂ ਕਦਰ ਸੁਖ਼ਨ ਦਾ
ਤਾਂ ਮੈਂ ਤੈਨੂੰ ਆਖ ਸੁਣਾਵਾਂ ਨੇਕ ਸਬੱਬ ਮਿਲਣ ਦਾ
ਬਦਰਾ ਕਹਿੰਦੀ ਦਸ ਸ਼ਿਤਾਬੀ ਗੱਲ ਤੇਰੀ ਕਿਉਂ ਮੋੜਾਂ
ਹਾਏ ਮਰੀ ਮੈਂ ਸਦਕੇ ਉਸ ਥੀਂ ਹੋਰ ਚੰਗਾ ਕੀ ਲੋੜਾਂ
ਸ਼ਾਹ-ਪਰੀ ਨੇ ਕਿਹਾ ਭੈਣੇ ਸਾਇਦ ਨੂੰ ਸਿਰ ਧਰ ਲੈ
ਖ਼ੂਬ ਜਵਾਨ ਉਹ ਲਾਇਕ ਤੇਰੇ ਕੰਤ ਮੁਆਫ਼ਿਕ ਕਰ ਲੈ
ਅੱਜ ਵਿਆਹੀਆਂ ਡੋਲੀ ਪਈਆਂ ਚਲੀਏ ਸ਼ਹਿਰ ਮਿਸਰ ਨੂੰ
ਇਕ ਦੂਜੀ ਦੇ ਦੁੱਖ ਵੰਡਾਈਏ ਮਿਲੀਏ ਸੰਝ ਫ਼ਜਰ ਨੂੰ
ਬਦਰਾ-ਖ਼ਾਤੂੰ ਕਹਿੰਦੀ ਅੱਗੋਂ ਐ ਕੁੜੀਏ ਨਾਦਾਨੇ
ਹੋ ਕੇ ਪਰੀ ਸਿੱਖੇ ਤੁਧ ਕਿੱਥੋਂ ਐਸੇ ਸੁਖ਼ਨ ਦੀਵਾਨੇ
ਬਾਪ ਤੇਰਾ ਸੀ ਸ਼ਾਹ ਦੇਆਂ ਦਾ ਉਹ ਭੀ ਸ਼ਾਹ ਸ਼ਹਾਂ ਦੇ
ਤਾਂ ਇਹ ਸਾਕ ਤੁਸਾਡਾ ਹੋਇਆ ਵਰਤਣ ਨਾਲ਼ ਰਿਹਾਂ ਦੇ ।(੮੪੯੦)
ਬਾਪ ਮੇਰਾ ਸੁਲਤਾਨ ਵਡੇਰਾ ਸਰਾਂਦੀਪ ਨਗਰ ਦਾ
ਸਾਇਦ ਦਾ ਪਿਉ ਨੌਕਰ ਚਾਕਰ ਮੀਰ ਵਜ਼ੀਰ ਮਿਸਰ ਦਾ
ਸ਼ਾਨ ਅਸਾਡੀ ਨੂੰ ਹੱਥ ਪਾਵਣ ਕੀ ਮਜਾਲ ਉਨ੍ਹਾਂ ਦੀ
ਇਹ ਗਲ ਹੁੰਦੀ ਦਿਸਦੀ ਨਾਹੀਂ ਕਿਸ ਅਕਲੋਂ ਤੂੰ ਆਂਹਦੀ
ਫੇਰ ਜਵਾਬ ਪਰੀ ਨੇ ਦਿੱਤਾ ਸੁਣ ਖਾਂ ਨੀ ਹੁਸ਼ਿਆਰੇ
ਆਦਮ ਲੋਕ ਤੁਸੀਂ ਕੋਈ ਡਾਢੇ ਕਰੋ ਬੁਲੰਦ ਪਸਾਰੇ
ਸੈਫ਼-ਮਲੂਕ ਤੇਰੇ ਘਰ ਆਇਆ ਇਕ ਇਕੱਲਾ ਰਾਹੀ
ਸ਼ੌਕਤ ਸ਼ਾਨ ਆਹਾ ਤਦ ਕਿੱਥੇ ਨਾਲ਼ੇ ਦੌਲਤ ਸ਼ਾਹੀ
ਮੈਨੂੰ ਤੁਸਾਂ ਸਵਾਲੀਂ ਵਲਿਆ ਤਾਂ ਮੈਂ ਮੁੱਖ ਵਿਖਾਇਆ
ਮੁੱਖ ਵਿਖਾਇਆ ਤਾਂ ਨਿਹੁੰ ਲਾਇਆ ਰੱਬ ਦਿੱਤਾ ਵਰ ਪਾਇਆ
ਉਸ ਦਿਨ ਉਹ ਪਰਦੇਸੀ ਸ਼ੁਹਦਾ ਆਜ਼ਿਜ਼ ਸੀ ਬੇਪਾਇਆ
ਤੁਸਾਂ ਪਿਛੇ ਮੈਂ ਸ਼ਾਹ-ਪਰੀ ਨੇ ਯਾਰ ਅਸ਼ਨਾ ਬਣਾਇਆ
ਸਾਲਿਹ ਸਾਇਦ ਦਾ ਅੱਜ ਰੁਤਬਾ ਬਾਦਸ਼ਾਹਾਂ ਦੇ ਜੈਸਾ
ਇਸ ਵਟ-ਸਟੇ ਦਾ ਕੀ ਵੱਟਾ ਵੱਟ ਚੜ੍ਹੇ ਕਿਉਂ ਐਸਾ
ਬਦਰਾ ਦੇ ਦਿਲ ਲਗਣ ਗੱਲਾਂ ਮਿੱਠੀਆਂ ਵਾਂਗ ਅਨਾਰਾਂ
ਐਵੇਂ ਮੂੰਹੋਂ ਨਾ ਨਾ ਕਰਦੀ ਪਈ ਮੁਕਾਵੇ ਵਾਰਾਂ
ਅੰਦਰ ਲਟਕਾਂ ਵਾਂਗਰ ਕਟਕਾਂ ਸਾਇਦ ਫਟਕਾਂ ਲਾਈਆਂ
ਦਿਲ ਸ਼ੁਕਰਾਨੇ ਮੂੰਹੋਂ ਬਹਾਨੇ ਵਰੀਆਂ ਰੱਬ ਮੁਕਾਈਆਂ
ਜਿਉਂ ਜਿਉਂ ਪਰੀ ਕਰੇਂਦੀ ਮਿੰਨਤਾਂ ਬਦਰਾ ਭੱਜੇ ਭਾਰੋਂ
ਸਾਇਦ ਦੀ ਗੱਲ ਮੰਨੇ ਨਾਹੀਂ ਬੋਲੇ ਭਰੀ ਹੰਕਾਰੋਂ ।(੮੫੦੦)
ਕਰ ਕਰ ਥੱਕੀ ਜਤਨ ਬਤੇਰੇ ਬਦਰਾ ਕਰੇ ਨਾ ਆਰੇ
ਸ਼ਾਹ-ਪਰੀ ਨੂੰ ਖ਼ਫ਼ਗੀ ਆਈ ਜ਼ਰਦ ਹੋਏ ਰੁਖ਼ਸਾਰੇ
ਅੱਖੀਂ ਡਲ੍ਹ ਡਲ੍ਹ ਪਾਣੀ ਆਇਆ ਮੱਥੇ ਪਈ ਤਰੇਲੀ
ਤੱਤੇ ਬੋਲ ਲੱਗੀ ਫ਼ੁਰਮਾਵਣ ਤੂੰ ਹੈਂ ਭਲੀ ਸਹੇਲੀ
ਮੈਂ ਸੀ ਗੱਲ ਤੁਸਾਡੀ ਮੰਨੀ ਤੁਧ ਨਾ ਝੱਲੀ ਕਾਈ
ਟੁਰਦੀ ਵਾਰ ਆਜ਼ੁਰਦਾ ਹੋਇਓਸੁ ਕੀ ਪਿਛਲੀ ਅਸ਼ਨਾਈ
ਜਦੋਂ ਬਦੀਅ-ਜਮਾਲ ਸੁਣਾਈਆਂ ਇਹ ਗੱਲਾਂ ਰੋਹ ਕਰ ਕੇ
ਬਦਰਾ ਦੇ ਦਿਲ ਖ਼ਤਰਾ ਆਇਆ ਕਹਿਣ ਲੱਗੀ ਡਰ ਡਰ ਕੇ
ਐ ਭੈਣੇ ਕੁੱਝ ਵੱਸ ਨਾ ਮੇਰਾ ਮਾਂ ਪਿਉ ਦੇ ਹੱਥ ਡੋਰਾਂ
ਕਿੰਜ ਕੁਆਰੀ ਬਣ ਕੀ ਡਾਰੀ ਵਰ ਆਪਣਾ ਕੀ ਲੋੜਾਂ
ਜੇ ਮਾਂ ਬਾਬਲ ਰਾਜ਼ੀ ਹੋਵਣ ਉਜ਼ਰ ਨਹੀਂ ਕੁੱਝ ਮੇਰਾ
ਸਿਰ ਅੱਖੀਂ ਪਰ ਮੰਨਿਆ ਭੈਣੇ ਜੋ ਫ਼ੁਰਮਾਣਾ ਤੇਰਾ
ਇਨ੍ਹਾਂ ਗੱਲਾਂ ਵਿਚ ਆਹੀਆਂ ਦੋਏ ਮਾਂ ਮਲਿਕਾ ਦੀ ਆਈ
ਅੱਗੋਂ ਉਠ ਬਦੀਅ-ਜਮਾਲੇ ਇੱਜ਼ਤ ਨਾਲ਼ ਬਹਾਈ
ਗੱਲੋਂ ਗੱਲ ਹਿਲਾ ਸ਼ਿਤਾਬੀ ਮਾਈ ਨੂੰ ਫ਼ੁਰਮਾਇਓਸੁ
ਹਾਲ ਅਹਿਵਾਲ ਬਦੇਸ ਵੰਞਣ ਦਾ ਦਰਦਾਂ ਨਾਲ਼ ਸੁਣਾਇਓਸੁ
ਐ ਮਾਈ ਕਰ ਹਿੰਮਤ ਤੁਸਾਂ ਸਫ਼ਰ ਮੇਰੇ ਸਿਰ ਪਾਇਆ
ਚਲੀ ਮੈਂ ਪਰਦੇਸ ਇਕੱਲੀ ਵਾਹ ਆਦਮ ਸੰਗ ਆਇਆ
ਮਹਿਰਮ ਦਲ ਦਾ ਇਕ ਸ਼ਹਿਜ਼ਾਦਾ ਉਹ ਵੰਝ ਤਖ਼ਤ ਬਹੇਗਾ
ਕਿਸ ਸੰਗ ਮੈਂ ਗੱਲ ਕੱਥ ਕਰੇਸਾਂ ਚਿੱਤ ਉਦਾਸ ਰਹੇਗਾ ।(੮੫੧੦)
ਸੰਗ ਮੇਰਾ ਸੀ ਬਦਰਾ-ਖ਼ਾਤੂੰ ਨਾਲ਼ ਉਹਦੇ ਦਿਲ ਰਲਿਆ
ਭੇਤ ਅੰਦਰ ਦੇ ਵੰਡਣ ਵਾਲਾ ਨਾਲ਼ ਨਹੀਂ ਕੋਈ ਚਲਿਆ
ਤੋੜੇ ਸ਼ਹਿਰ ਮਿਸਰ ਵਿਚ ਹੋਸਣ ਕੁੜੀਆਂ ਭਲੀਆਂ ਭਲੀਆਂ
ਮੈਂ ਪਰੀ ਉਹ ਆਦਮ ਜਾਈਆਂ ਕਦ ਤਬੀਅਤਾਂ ਰਲੀਆਂ
ਜੰਮਦੜਿਆਂ ਦੀ ਮਹਿਰਮ ਆਹੀ ਬਦਰਾ ਖ਼ੂਬ ਸਹੇਲੀ
ਬਾਝ ਸਹੇਲੀ ਕੀਕਰ ਕਟਸਾਂ ਉਸ ਪਰਦੇਸ ਅਕੇਲੀ
ਇਕ ਸਲਾਹ ਮੇਰੇ ਦਿਲ ਆਈ ਜੇ ਤੂੰ ਮੰਨੇ ਮਾਈ
ਰੱਦ ਨਾ ਕਰੀਂ ਸਵਾਲ ਬੰਦੀ ਦਾ ਤਾਂ ਆਖਾਂ ਗੱਲ ਕਾਈ
ਨਾਲ਼ੇ ਖ਼ੌਫ਼ ਤੁਸਾਂ ਥੀਂ ਲਗਦਾ ਮੱਤ ਦਿਲਗੀਰ ਨਾ ਹੋਵੇਂ
ਸ਼ਫ਼ਕਤ ਵਾਲਾ ਹਰਫ਼ ਦਿਲੇ ਤੋਂ ਚਲਦੀ ਵਾਰ ਨਾ ਧੋਵੇਂ
ਮੈਂ ਮੁਹਤਾਜ ਤੁਸਾਡੀ ਹੋਇਓਸੁ ਮਿਹਰ ਕਰੋ ਤਰ ਜਾਵਾਂ
ਨਾ ਮੰਨੋਂ ਤਾਂ ਬੋਲ ਧਿੰਙਾਣੇ ਕਾਹਨੂੰ ਭਰਮ ਗੰਮਾਵਾਂ
ਮਾਈ ਨੇ ਫ਼ੁਰਮਾਇਆ ਧੀਏ ਕੀ ਐਸੀ ਗੱਲ ਭਾਰੀ
ਮੁੜ ਮੁੜ ਪੱਕੇ ਕੌਲ ਕਰਾਵੇਂ ਹੋਵੇ ਹੋਵਣ ਹਾਰੀ
ਮੁਸ਼ਕਿਲ ਗੱਲ ਅਜੇਹੀ ਕਿਹੜੀ ਜਿਹੜੀ ਤੂੰ ਫ਼ਰਮਾਸੇਂ
ਮੈਂ ਅੱਗੋਂ ਮਨ ਸਕਸਾਂ ਨਾਹੀਂ ਨਾਉਮੀਦੀ ਕਰ ਜਾਸੇਂ
ਜਿਹਨਾਂ ਦਮਾ ਵਿਚ ਸੁਖ਼ਨ ਤੁਸਾਡੇ ਮੈਨੂੰ ਮਨੋਂ ਨਾ ਭਾਵਣ
ਸ਼ਾਲਾ ਐਸ਼ੇ ਰੋਜ਼ ਕਵੱਲੇ ਸਾਡੇ ਵੱਲ ਨਾ ਆਵਣ
ਬੇਸ਼ੱਕ ਦੱਸ ਤੇਰੇ ਦਿਲ ਜਿਹੜੀ ਹੋਵਣ ਹਾਰ ਨਾ ਮੋੜਾਂ
ਤੂੰ ਧੀਆਂ ਥੀਂ ਪਿਆਰੀ ਮੈਨੂੰ ਆਸ ਤੇਰੀ ਕਿਉਂ ਤਰੋੜਾਂ ।(੮੫੨੦)
ਸ਼ਾਹ-ਪਰੀ ਨੇ ਕਿਹਾ ਮਾਏ ਬਦਰਾ ਦਿਹ ਅਸਾਨੂੰ
ਸਾਇਦ ਨਾਲ਼ ਵਿਆਹੀਏ ਉਸ ਨੂੰ ਇਹ ਗੱਲ ਕਹਾਂ ਤੁਸਾਨੂੰ
ਮਾਈ ਨੇ ਫ਼ੁਰਮਾਇਆ ਧੀਏ ਕਹੀ ਆ ਬਾਤ ਅਪੁੱਠੀ
ਕੀ ਕਰਾਂ ਨਹੀਂ ਮੋੜਨ ਹੁੰਦੀ ਹਿਰਸ ਤੇਰੀ ਮੈਂ ਕੁੱਠੀ
ਅਸਾਂ ਤੇਰੇ ਥੀਂ ਫ਼ਰਕ ਨਾ ਕੋਈ ਨਾ ਕੁੱਝ ਉਜ਼ਰ ਬਹਾਨਾ
ਬਾਪ ਕੁੜੀ ਦੇ ਕੋਲੋਂ ਪੁਛੀਏੇ ਡਾਢਾ ਤੌਰ ਸ਼ਾਹਾਨਾ
ਉਠ ਬਦਰਾ ਦੀ ਮਾਈ ਓਥੋਂ ਖ਼ਾਵੰਦ ਦੇ ਵੱਲ ਆਈ
ਮਤਲਬ ਦੀ ਗੱਲ ਪੁੱਛਣ ਲੱਗੀ ਵਰਤੀ ਖੋਲ ਸੁਣਾਈ
ਸਰਾਂਦੀਪ ਸ਼ਹਿਰ ਦੇ ਸ਼ਾਹੇ ਸਮਝੀ ਗੱਲ ਤਮਾਮੀ
ਏਸ ਸਲਾਹ ਉੱਤੇ ਸਭ ਰਾਜ਼ੀ ਕਿਆ ਖ਼ਾਸੀ ਕਿਆ ਆਮੀ
ਨਾਲ਼ੇ ਸਾਇਦ ਅੱਗੇ ਉਸ ਨੂੰ ਬਹੁਤ ਪਸਿੰਦੀ ਆਇਆ
ਸਰਵ-ਬਾਨੋ ਨੇ ਆਹਾ ਨਾਲ਼ੇ ਇਹੋ ਸਾਕ ਬਤਾਇਆ
ਬੀਬੀ ਨੂੰ ਫ਼ੁਰਮਾਇਆ ਸ਼ਾਹੇ ਤੂੰ ਜਾਣੇ ਕੰਮ ਤੇਰਾ
ਕੀਤੀ ਤੇਰੀ ਭੰਨਸਾਂ ਨਾਹੀਂ ਸੁਖ਼ਨ ਇਹੋ ਸੁਣ ਮੇਰਾ
ਨੇਕ ਸਲਾਹ ਅਸਾਡੇ ਭਾਣੇ ਜੇ ਰੱਬ ਸੱਚੇ ਭਾਵੇ
ਕਿਆ ਨੇੜੇ ਕਿਆ ਦੂਰ ਧੀਆਂ ਨੂੰ ਮੌਲਾ ਸੁਖ ਵਸਾਵੇ
ਦਰ ਘਰ ਵੇਖ ਲਏ ਹੁਣ ਸੱਭੇ ਨੁਕਸ ਨਹੀਂ ਕੁੱਝ ਮੂਲੇ
ਸਾਇਦ ਜੇਹਾ ਮਨੁੱਖ ਅਸਾਨੂੰ ਹੋਰ ਲੱਭੇ ਕਿਤ ਰੂਲੇ
ਨਾਲ਼ੇ ਸ਼ਾਰਿਸਤਾਨੀ ਸਾਰੇ ਕਰਦੇ ਮਿੰਨਤ ਦਾਰੀ
ਗੂਹੜਾ ਮਿੱਠਾ ਭਾਈਚਾਰਾ ਬਾਂਹ ਅਸਾਡੀ ਭਾਰੀ ।(੮੫੩੦)
ਮਾਈ ਬਾਬਲ ਗੱਲਾਂ ਕਰਦੇ ਬਦਰਾ ਛੁਪ ਸੁਣੇਂਦੀ
ਮਾਈ ਨਾਲ਼ੋਂ ਅੱਵਲ ਆ ਕੇ ਖ਼ਬਰ ਪਰੀ ਨੂੰ ਦੇਂਦੀ
ਬਾਪ ਮੇਰੇ ਨੇ ਗੱਲ ਤਮਾਮੀ ਮਾਂ ਮੇਰੀ ਪਰ ਸੱਟੀ
ਇਸ ਨੂੰ ਤੁਸਾਂ ਨਾ ਹਿੱਲਣ ਦੇਣਾ ਮੱਤ ਕੋਈ ਮਾਰੇ ਪੱਟੀ
ਸ਼ਾਹ-ਪਰੀ ਸੁਣ ਰਾਜ਼ੀ ਹੋਈ ਰੱਬ ਦਿੱਤਾ ਸੁਖ ਲੈਣਾਂ
ਸ਼ਹਿਰ ਮਿਸਰ ਵਿਚ ਕੱਠੀਆਂ ਵਸਸਾਂ ਅਸੀਂ ਦੋਏ ਦੁੱਧ ਭੈਣਾਂ
ਸਾਇਦ ਵੱਲ ਪਰੀ ਕਹਿ ਘੱਲਿਆ ਐ ਭਾਈ ਮਰਦਾਨਾ
ਜੇ ਬਦਰਾ ਲੈ ਦੇਈਏ ਤੈਨੂੰ ਦੇਸੇਂ ਕੀ ਨਜ਼ਰਾਨਾ
ਸਾਇਦ ਕਿਹਾ ਮੈਂ ਹਾਂ ਬੰਦਾ ਚਾਕਰ ਤੇਰੇ ਦਰ ਦਾ
ਸਿਰ ਦਿੱਤਾ ਕੀ ਚੰਗਾ ਸਿਰ ਥੀਂ ਸਦਾ ਰਹਾਂਗਾ ਬਰਦਾ
ਸ਼ਾਹ-ਪਰੀ ਫਿਰ ਉੱਠ ਸ਼ਿਤਾਬੀ ਆਪੂੰ ਅੰਦਰ ਆਈ
ਅੱਗੇ ਗੱਲਾਂ ਕਰਦੇ ਆਹੇ ਬਦਰਾ ਦੇ ਪਿਉ ਮਾਈ
ਉਤੋਂ ਸ਼ਾਹ-ਪਰੀ ਵੰਝ ਨਿਕਲੀ ਚਾ ਸਵਾਲ ਸੁਣਾਇਆ
ਦੋਹਾਂ ਹੱਥ ਸਿਰੇ ਪਰ ਫੇਰੇ ਨਾਤਾ ਝੋਲ਼ੀ ਪਾਇਆ
ਸ਼ਾਹ-ਪਰੀ ਖ਼ੁਸ਼ ਰਾਜ਼ੀ ਹੋਈ ਸਭਨਾ ਦੇ ਦਿਲ ਸ਼ਾਦੀ
ਮਾਈ ਸ਼ਾਹ-ਪਰੀ ਨੂੰ ਦਿੱਤੀ ਸ਼ਗਨ ਮੁਬਾਰਿਕ ਬਾਦੀ
ਸਰਵ-ਬਾਨੋ ਨੂੰ ਆਣ ਸ਼ਿਤਾਬੀ ਕਿਹਾ ਬਦੀਅ-ਜਮਾਲੇ
ਉਸ ਮੁਬਾਰਿਕ ਵੰਝ ਪੁਚਾਈ ਆਸਿਮ ਤੇ ਸ਼ਾਹਪਾਲੇ
ਆਸਿਮ ਤੇ ਸ਼ਾਹਪਾਲੇ ਖ਼ੁਸ਼ੀ ਮਜਲਿਸ ਕੀਤੀ ਤਾਜ਼ੀ
ਸ਼ਾਹ ਵਜ਼ੀਰ ਸੱਭੋ ਰਲ਼ ਬੈਠੇ ਸ਼ਾਦੀ ਬੇਅੰਦਾਜ਼ੀ ।(੮੫੪੦)
ਸਰਾਂਦੀਪ ਨਗਰ ਦੇ ਸ਼ਾਹ ਨੂੰ ਸ਼ਾਹਪਾਲੇ ਫ਼ੁਰਮਾਇਆ
ਬਦਰਾ-ਖ਼ਾਤੂੰ ਦਾ ਹਕ ਮੈਂ ਪਰ ਬੇਟੀ ਉਸ ਕਹਾਇਆ
ਧੀਆਂ ਦਾ ਸਿਰ ਭਾਰ ਨਾ ਚੰਗਾ ਕਾਜ ਉਹਦਾ ਮੈਂ ਕਰਸਾਂ
ਦਾਜ ਅਤੇ ਦਸਤੂਰ ਤਮਾਮੀ ਦੇ ਦੇਸਾਂ ਜੋ ਸਰਸਾਂ
ਸਰਾਂਦੀਪ ਸ਼ਹਿਰ ਦੇ ਸ਼ਾਹੇ ਕੀਤੇ ਜਤਨ ਬਤੇਰੇ
ਕਾਜ ਕਰਾਂ ਮੈਂ ਆਪ ਧੀਓ ਦਾ ਤੁਸੀਂ ਢੁੱਕੋ ਘਰ ਮੇਰੇ
ਸ਼ਾਹਪਾਲੇ ਗੱਲ ਇਕ ਨਾ ਮੰਨੀ ਕਾਜ ਰਚਾਇਓਸੁ ਆਪੇ
ਕੋਈ ਭੰਜਾਲ ਨਾ ਹੋਵਣ ਦਿੱਤੋਸੁ ਸਹੁਰੇ ਪੇਕੇ ਮਾਪੇ
ਫੇਰ ਨਵਾਂ ਉਸ ਕਾਜ ਸੁਹਾਇਆ ਉਸੇ ਪਿਛਲੀ ਚਾਲੇ
ਉਹੋ ਮੇਲ਼ ਉਹੋ ਜੰਞ ਰੌਣਕ ਮੁੜ ਮੁੜ ਕੌਣ ਦਸਾਲੇ
ਸੱਦ ਅਮੀਰ ਬਣਾਈ ਮਜਲਿਸ ਖ਼ੁਸ਼ੀਓਂ ਰੰਗੋਂ ਰਾਗੋਂ
ਸਾਇਦ ਨਾਲ਼ ਵਿਆਹੀ ਬਦਰਾ ਸੋਹਲੇ ਗਾਣ ਸੁਹਾਗੋਂ
ਉਹ ਜੋੜੀ ਭੀ ਜੋੜੀ ਮੌਲਾ ਗ਼ਮ ਗਏ ਮੁਸ਼ਤਾਕਾਂ
ਐਸ਼ ਵਸਲ ਦੀ ਮਾਨਣ ਲੱਗੇ ਲੱਥਾ ਫ਼ਿਕਰ ਫ਼ਿਰਾਕਾਂ
ਬਾਗ਼-ਇਰਮ ਵਿਚ ਆਸਿਮ ਹੋਰਾਂ ਗੁਜ਼ਰੇ ਚਾਰ ਮਹੀਨੇ
ਦਿਨ ਦਿਨ ਹਿਰਸ ਮੁਹੱਬਤ ਦੂਣੀ ਸਿਕ ਘਣੀ ਹਰ ਸੀਨੇ
ਬਾਗ਼-ਇਰਮ ਵਿਚ ਐਸ਼ਾਂ ਕਰਦੇ ਹਰ ਇਕ ਦਾ ਦਿਲ ਲੱਗਾ
ਪਿੱਛਾ ਮੂਲ ਨਾ ਯਾਦ ਰਹਿਉ ਨੇ ਹੋਇਆ ਪਿਆਰਾ ਅੱਗਾ
ਸਾਇਦ ਸਾਲਿਹ ਆਸਿਮ ਤਾਈਂ ਸੈਫ਼-ਮਲੂਕੇ ਨਾਲ਼ੇ
ਰਾਜ ਹੁਕਮ ਦੀ ਚਿੰਤਾ ਪਿਛਲੀ ਮੱਤ ਕੋਈ ਹੋਰ ਸੰਭਾਲੇ ।(੮੫੫੦)
ਸ਼ਾਹਪਾਲੇ ਦੀ ਉਲਫ਼ਤ ਤੱਕ ਕੇ ਰੁਖ਼ਸਤ ਮੰਗ ਨਾ ਸਕਦੇ
ਵਹੁਟੀ ਛੋੜ ਨਾ ਵੰਞਣ ਹੁੰਦਾ ਟੁਰਨਾ ਆਖਣ ਝਕਦੇ
ਬਹੁਤ ਮੁਹੱਬਤ ਹਿਰਸ ਹਵਾਈਂ ਗੂਹੜਾ ਦਮ ਮਰੇਂਦੇ
ਆਦਮੀਆਂ ਨੂੰ ਹੱਥੀਂ ਛਾਵਾਂ ਪਰੀਆਂ ਦਿਓ ਕਰੇਂਦੇ
ਰੁਖ਼ਸਤ ਮੰਗ ਨਾ ਸਕਣ ਡਰਦੇ ਦਿਲ ਵਿਚ ਕਰਨ ਦਲੀਲਾਂ
ਦਿਨ ਦਿਨ ਮਿੱਠੇ ਹੋਣ ਨਾ ਫਿੱਕੇ ਵਰਤਣ ਵਾਹ ਅਸੀਲਾਂ
ਸ਼ਾਹਪਾਲੇ ਨੇ ਮਾਲਮ ਕੀਤਾ ਸਭ ਮੇਰੇ ਵੱਲ ਤੱਕਦੇ
ਸ਼ਹਿਰ ਮਿਸਰ ਨੂੰ ਜਾਇਆ ਲੋੜਨ ਝਕਦੇ ਆਖ ਨਾ ਸਕਦੇ
ਧੀਆਂ ਜੇ ਸੌ ਦੌਲਤ ਰੱਜੀਆਂ ਸੋਭਣ ਨਾ ਘਰ ਪੇਕੇ
ਸਾਹੁਰਿਆਂ ਵੱਲ ਰੁਖ਼ਸਤ ਕਰੀਏ ਜੋ ਸਿਰ ਆਵੇ ਦੇ ਕੇ
ਅਕਸਰ ਇਹ ਸਰਾਂ ਦੇ ਪੰਖੀ ਉੱਡ ਸਰਾਂ ਨੂੰ ਜਾਸਣ
ਓੜਕ ਇਕ ਦਿਨ ਦਾਗ਼ ਹਿਜਰ ਦਾ ਛਾਤੀ ਸਾਡੀ ਲਾਸਣ
ਬਾਦ ਇਸ ਥੀਂ ਸ਼ਹਿਜ਼ਾਦੇ ਤਾਈਂ ਸ਼ਾਹਪਾਲੇ ਫ਼ੁਰਮਾਇਆ
ਐ ਫ਼ਰਜ਼ੰਦਾ! ਮਤਲਬ ਤੈਨੂੰ ਰੱਬ ਦਿੱਤਾ ਹੱਥ ਆਇਆ
ਇਹ ਸਲਾਹ ਤੁਸਾਨੂੰ ਚੰਗੀ ਸ਼ਾਹ ਤੁਸੀਂ ਹੋ ਭਾਰੇ
ਜੇ ਪਰਦੇਸ ਮਿਲੇ ਲੱਖ ਇੱਜ਼ਤ ਫਿਰ ਭੀ ਵਤਨ ਪਿਆਰੇ
ਅੱਧਾ ਮਾਲ ਖ਼ਜ਼ਾਨਾ ਲਸ਼ਕਰ ਦੇ ਬਦੀਅ-ਜਮਾਲੇ
ਤੇਰੇ ਨਾਲ਼ ਮਿਸਰ ਨੂੰ ਟੋਰਾਂ ਉਹ ਭੀ ਡੋਲੀ ਪਾਲੇ
ਪਰੀਆਂ ਦਿਓ ਅਫ਼ਰੇਤ ਵਡੇਰੇ ਜੋ ਆਖਣ ਸੰਗ ਲਾਵਾਂ
ਸ਼ਹਿਰ ਮਿਸਰ ਨੂੰ ਜਾ ਸ਼ਹਿਜ਼ਾਦੇ ਜਾ ਮਿਲ਼ ਯਾਰ ਭਰਾਵਾਂ ।(੮੫੬੦)
ਜਿਨ੍ਹਾਂ ਆਜ਼ਿਜ਼ ਹੁੰਦਾ ਡਿਠੋਂ ਗ਼ਮ ਦੇ ਵਿਚ ਫਸਾਦੇ
ਉਸ ਮੁਲਕ ਦੇ ਬੰਦੇ ਤੈਨੂੰ ਵੇਖਣ ਨਾਲ਼ ਮੁਰਾਦੇ
ਨਾਲ਼ੇ ਬਾਪ ਤੇਰਾ ਹੁਣ ਬੁੱਢਾ ਉਮਰ ਬੰਦੇ ਦੀ ਥੋੜੀ
ਮੱਤ ਕਰ ਜਾਵੇ ਕੂਚ ਜਹਾਨੋਂ ਘੜੀ ਨਾ ਲੱਭੇ ਲੋੜੀ
ਜਿਸ ਦਿਨ ਚਾਹੇਂ ਪਾਸ ਤੁਸਾਂ ਦੇ ਅਸੀਂ ਹੋਵਾਂਗੇ ਹਾਜ਼ਿਰ
ਦੇਵਾਂ ਅੱਗੇ ਪੰਧ ਨਾ ਕੋਈ ਬੰਦਿਆਂ ਮੁਸ਼ਕਿਲ ਆਖ਼ਿਰ
ਸੈਫ਼-ਮਲੂਕੇ ਦੇ ਦਿਲ ਅੱਗੇ ਇਹੋ ਖ਼ਵਾਹਿਸ਼ ਆਹੀ
ਝਕਦਾ ਅਰਜ਼ ਨਾ ਕਰਦਾ ਆਹਾ ਮੱਤ ਜਾਨਣ ਕੋਤਾਹੀ
ਜਾਂ ਹੁਣ ਆਪ ਕਿਹਾ ਸ਼ਾਹਪਾਲੇ ਖੁੱਲ੍ਹਾ ਉਸ ਦਾ ਰਾਹਾ
ਚੁੰਮ ਜ਼ਮੀਨ ਲੱਗਾ ਫ਼ੁਰਮਾਵਣ ਸੁਣ ਤੂੰ ਹਜ਼ਰਤ ਸ਼ਾਹਾ
ਦਮ ਦਮ ਨਾਲ਼ ਇਕਬਾਲ ਨਸੀਬਾਂ ਦਾਇਮ ਸ਼ਾਨ ਸਵਾਇਆ
ਸਿਰ ਮੇਰੇ ਪੁਰ ਲੁਤਫ਼ ਤੇਰੇ ਦਾ ਰਹੇ ਹਮੇਸ਼ਾ ਸਾਇਆ
ਮੈਂ ਗੋਲਾ ਤੂੰ ਸਾਹਿਬ ਮੇਰਾ ਹੁਕਮੋਂ ਸੀਸ ਨਾ ਮੋੜਾਂ
ਜੋ ਸਾਹਿਬ ਦੇ ਅਮਰੋਂ ਭੱਜੇ ਲੈਂਦਾ ਸਖ਼ਤ ਮਰੋੜਾਂ
ਜੋ ਫ਼ੁਰਮਾਓ ਸਿਰ ਪਰ ਮੰਨਾਂ ਕਿਆ ਮਕਦੂਰ ਬੰਦੇ ਦਾ
ਹਰਦਮ ਵਾਲੀ ਨੂੰ ਖ਼ਸਮਾਨਾ ਨੇੜੇ ਦੂਰ ਬੰਦੇ ਦਾ
ਉਸ ਵੇਲੇ ਸ਼ਾਹਪਾਲ ਬਹਾਦਰ ਦੇਂਦਾ ਹੁਕਮ ਵਜ਼ੀਰਾਂ
ਸਤਰ ਹਜ਼ਾਰ ਅਫ਼ਰੇਤ ਬਹਾਦਰ ਜੋ ਜਾਨਣ ਤਦਬੀਰਾਂ
ਸੈਫ਼-ਮਲੂਕੇ ਸੰਗ ਲਵਾਏ ਡੇਰਾ ਚਾਵਣ ਤਾਈਂ
ਦਾਜ ਜ਼ਹੇਜ਼ ਕਰੋੜਾਂ ਦਿੱਤੇ ਕੀ ਕੁਝ ਆਖ ਸੁਣਾਈਂ ।(੮੫੭੦)
ਤੁਹਫ਼ੇ ਹਦੀਏ ਤੇ ਨਜ਼ਰਾਨੇ ਜ਼ੇਵਰ ਹੱਦ ਨਾ ਕਾਈ
ਲੱਖ ਪਕਵਾਨ ਅਤੇ ਸੌਗ਼ਾਤਾਂ ਮੇਵੇ ਤੇ ਮਿਠਿਆਈ
ਜੋੜੇ ਜਾਮੇ ਘੋੜੇ ਹਾਥੀ ਅਸ਼ਤਰ ਉਠ ਕਤਾਰਾਂ
ਤਾਜ਼ੀ ਤੁਰਕੀ ਨਰ ਇਰਾਕੀ ਕੋਤਲ ਫੜੇ ਹਜ਼ਾਰਾਂ
ਨੁੱਕਰੇ ਕੱਕੇ ਕੁੱਲੇ ਚੀਨੇ ਮੁਸ਼ਕੀ ਬੂਰੇ ਨੀਲੇ
ਪੰਜ ਕਲਿਆਣ ਅਤੇ ਸ਼ਾਹ ਖੰਡੇ ਅਬਲਕ ਰੰਗ ਰੰਗੀਲੇ
ਚੌਰ ਕੁਮੈਤ ਅਤੇ ਕੁੱਝ ਸਰਗ੍ਹੇ ਸੂਸਨ ਤੇ ਰੰਗ ਸਾਵੇ
ਗਲ ਵਿਚ ਹੰਸ ਹਮੇਲਾਂ ਲੂਹਲਾਂ ਜ਼ੇਵਰ ਅੰਤ ਨਾ ਆਵੇ
ਚਾਂਦੀ ਦੇ ਘੜ ਲਅਲ ਬਣਾਏ ਸੋਨੇ ਦੇ ਸਭ ਹੰਨੇ
ਹਰ ਇਕ ਉਪਰ ਜ਼ੀਨ ਮੁਰੱਸਅ ਲਅਲ ਜਵਾਹਰ ਪੰਨੇ
ਸ਼ਾਰਿਸਤਾਨ ਅੰਦਰ ਜੋ ਆਹੀਆਂ ਸੋਹਣੀ ਸੂਰਤ ਪਰੀਆਂ
ਖਿਦਮਤਗਾਰਾਂ ਕਰ ਕੇ ਦਿੱਤੀਆਂ ਜ਼ੇਵਰ ਗਹਿਣੇ ਭਰੀਆਂ
ਦੇਵ ਜ਼ੋਰਾਵਰ ਤੇ ਜਿੰਨ ਸੋਹਣੇ ਦਿੱਤੇ ਕਰ ਕੇ ਗੋਲੇ
ਹੋਰ ਗਵੱਈਆਾ ਐਸਾ ਐਸਾ ਵਹਿਣ ਡੱਕੇ ਜਦ ਬੋਲੇ
ਦੌਲਤ ਮਾਲ ਹਿਸਾਬੋਂ ਬਾਹਰ ਰਾਜ ਅੱਧਾ ਵੰਡ ਦਿੱਤਾ
ਤੋਸ਼ੇਖ਼ਾਨੇ ਸੈ ਖ਼ਜ਼ਾਨੇ ਧੰਨ ਦਿੱਤਾ ਧੰਨ ਲਿਤਾ
ਪੋਸਤੀਨਾ ਪਸ਼ਮੀਨੇ ਰੂੰਈਂ ਰੰਗ ਅਜਾਇਬ ਜਾਮੇ
ਚਾਂਦੀ ਸੋਨੇ ਦੇ ਸੈ ਭਾਂਡੇ ਜਿਉਂ ਜੱਗ ਦੇਇ ਤਰਾਮੇ
ਪੰਖੀ ਖ਼ੂਬ ਆਵਾਜ਼ਾਂ ਵਾਲੇ ਜੁੱਰੇ ਬਾਜ਼ ਸ਼ਿਕਾਰੀ
ਹੋਰ ਕਈ ਹਥਿਆਰ ਜਿਹਨਾਂ ਦੀ ਕੀਮਤ ਪੈਂਦੀ ਭਾਰੀ ।(੮੫੮੦)
ਮੁਸ਼ਕਾਂ ਤੇ ਖ਼ੁਸ਼ਬੂਈ ਘਣੀਆਂ ਕਈ ਅਜਾਇਬ ਚੀਜ਼ਾਂ
ਗਿਣਤਰ ਮੁਸ਼ਕਿਲ ਕਾਰ ਮੁਹੰਮਦ ਜੇ ਲੱਖ ਕਰੇਂ ਤਮੀਜ਼ਾਂ
ਦਸ ਹਜ਼ਾਰ ਪਰੀ ਜੋ ਖ਼ਾਸੀ ਨਾਲ਼ੇ ਚਾਰ ਹਜ਼ਾਰਾਂ
ਲਾਈਆਂ ਨਾਲ਼ ਬਦੀਅ-ਜਮਾਲੇ ਕਰ ਕੇ ਖ਼ਿਦਮਤਗਾਰਾਂ
ਕਈ ਕੋਹਾਂ ਵਿਚ ਤਖ਼ਤ ਬਣਾਇਆ ਉਸ ਪਰ ਬੈਠੇ ਡੇਰੇ
ਹੁਜਰੇ ਸਤਰ ਸਰਾਈਂ ਬਣੀਆਂ ਹੋਰ ਮਕਾਨ ਬਤੇਰੇ
ਸ਼ਹਿਰ ਮਿਸਰ ਵੱਲ ਹੋਏ ਰਵਾਨਾ ਕੂਚ ਬੁਲਾਇਆ ਸ਼ਾਹਾਂ
ਸਰਵ-ਬਾਨੋ ਸ਼ਾਹਪਾਲ ਚਲੇ ਸੁਣ ਰੁਖ਼ਸਤ ਕਰਨ ਅਗਾਹਾਂ
ਪਰੀਆਂ ਦਿਓ ਅਫ਼ਰੇਤ ਜ਼ੋਰਾਵਰ ਰਾਕਸ਼ ਜਿੰਨ ਬਤੇਰੇ
ਸ਼ਹਿਜ਼ਾਦੇ ਨੂੰ ਸਹੁਰੇ ਦਿੱਤੇ ਲਸ਼ਕਰ ਘਣੇ ਘਣੇਰੇ
ਪਰੀਆਂ ਦੇਵਾਂ ਤੇ ਅਫ਼ਰੇਤਾਂ ਸ਼ਾਹ ਕਰੇ ਤਾਕੀਦਾਂ
ਸ਼ਹਿਜ਼ਾਦੇ ਦੇ ਹੁਕਮੇ ਅੰਦਰ ਰਹਿਣਾ ਵਾਂਗ ਮੁਰੀਦਾਂ
ਆਸਿਮ ਸ਼ਾਹ ਤੇ ਸੈਫ਼-ਮਲੂਕੇ ਸਾਇਦ ਸਾਲਿਹ ਤਾਈਂ
ਵੱਖੋ ਵੱਖ ਵਿਦਾਅ ਕੀਤੋ ਨੇ ਰੁੰਨੇ ਘੱਤ ਕਹਾਣੀ
ਯਾਰ ਅਸ਼ਨਾ ਮੁਹੱਬਤੀ ਖ਼ਾਸੇ ਆਹੂ-ਖ਼ਾਤਿਫ਼ ਹੋਰੀਂ
ਹੰਝੂ ਰੋਂਦੇ ਸਦਕੇ ਹੁੰਦੇ ਘਰ ਨੂੰ ਮੋੜੇ ਜ਼ੋਰੀਂ
ਡੋਲੀ ਪਾ ਬਦੀਅ-ਜਮਾਲੇ ਆਇ ਗੱਲ ਲੱਗੀ ਮਾਈ
ਰਤੂ ਰੋਂਦੀ ਢਹਿ ਢਹਿ ਪੌਂਦੀ ਧੀਏ ਪਈ ਜੁਦਾਈ
ਸਈਆਂ ਸੰਗ ਓਥੇ ਜੋ ਰਹੀਆਂ ਸਭ ਕੂਕਾਂ ਦੇ ਰੁੰਨੀਆਂ
ਰੱਬਾ ਹਾਏ ਬਦੀਅ-ਜਮਾਲੋਂ ਰਹਸਾਂ ਕਿਵੇਂ ਵਿਛੁੰਨੀਆਂ ।(੮੫੯੦)
ਸ਼ਾਹ-ਪਰੀ ਦੇ ਸਿਰ ਤੇ ਆਵਣ ਪਰੀਆਂ ਬੰਨ੍ਹ ਕਤਾਰਾਂ
ਕੂੰਜਾਂ ਹਾਰ ਮਰੇਹਣ ਕੂਕਾਂ ਭੱਜਾ ਚੈਨ ਉਡਾਰਾਂ
ਪਿਆ ਫ਼ਿਰਾਕ ਹਜ਼ਾਰਾਂ ਤਾਈਂ ਕੂਚ ਕੀਤਾ ਗੁਲ-ਯਾਰਾਂ
ਬਾਗ਼-ਇਰਮ ਪਰ ਖ਼ਿਜ਼ਾਂ ਮੁਹੰਮਦ ਟੁਰੀਆਂ ਲੱਦ ਬਹਾਰਾਂ
ਰੁੱਤ ਬਸੰਤ ਟੁਰੀ ਫੁੱਲ ਚੁਣ ਕੇ ਦੇ ਕੇ ਖ਼ਾਰ ਗੁਲਾਬਾਂ
ਮਾਲੀ ਦੇ ਦਿਲ ਖ਼ਾਰ ਗ਼ਮਾਂ ਦੇ ਵਾਂਗਰ ਜਿਗਰ ਕਬਾਬਾਂ
ਬੁਲਬੁਲ ਭੌਰ ਪਰੇਸ਼ਾਂ ਬੈਠੇ ਖ਼ਸਤਾ ਹਾਲ ਖ਼ਰਾਬਾਂ
ਸੁੱਕੇ ਢੀਂਗਰ ਵੇਖ ਮੁਹੰਮਦ ਪਕੜੀ ਜਾਨ ਅਜ਼ਾਬਾਂ
ਮਾਈ ਨੂੰ ਗ਼ਸ਼ ਆਈ ਗ਼ਮ ਥੀਂ ਫਿਰ ਪੈ ਗਿਆ ਮਰੋੜਾ
ਮਹਿਲਾਂ ਵਿਚ ਹਨੇਰਾ ਦਿਸਦਾ ਬਾਗ਼ਾਂ ਅੰਦਰ ਰੋੜਾ
ਜਾਂ ਫ਼ਰਜ਼ੰਦ ਪਿਆਰੇ ਵਿਛੜਨ ਕੌਣ ਰੋਵੇ ਮੁੜ ਥੋੜਾ
ਸਭ ਰੋਗਾਂ ਸਿਰ ਰੋਗ ਮੁਹੰਮਦ ਜਿਸਦਾ ਨਾਮ ਵਿਛੋੜਾ
ਬਾਬਲ ਹੱਥ ਸਿਰੇ ਪਰ ਫੇਰੇ ਕਰੀਂ ਤਹੱਮੁਲ ਬੇਟੀ
ਕਿਸਮਤ ਕਲਮ ਹਜ਼ੂਰੋਂ ਵਗੀ ਕਿਸ ਥੀਂ ਜਾਂਦੀ ਮੇਟੀ
ਜਾਂ ਜਾਂ ਹੋਗ ਹੱਯਾਤੀ ਸਾਡੀ ਫ਼ਿਕਰ ਨਹੀਂ ਕੁੱਝ ਤੈਨੂੰ
ਘੜੀ ਘੜੀ ਦੀ ਖ਼ਬਰ ਲਵਾਂਗੇ ਘਲਸਾਂ ਕਹਿਸੇਂ ਜਿੰਨ ਨੂੰ
ਸਰਾਂਦੀਪ ਸ਼ਹਿਰ ਦੇ ਵਾਲੀ ਬਦਰਾ ਡੋਲੀ ਪਾਈ
ਹੱਥ ਘੁੰਮਾਵੇ ਸਦਕੇ ਜਾਵੇ ਉਧਰ ਉਸ ਦੀ ਮਾਈ
ਬਦਰਾ ਸੀ ਖ਼ੁਦ ਪੇਟੋਂ ਕੱਢੀ ਮਿੱਠੀ ਬੇਸ਼ੁਮਾਰੀ
ਸ਼ਾਹ-ਪਰੀ ਧੀ ਦੁੱਧ ਦੀ ਆਹੀ ਉਸ ਥੀਂ ਬਹੁਤ ਪਿਆਰੀ ।(੮੬੦੦)
ਦੋਹਾਂ ਨੂੰ ਗਲ ਲਾ ਲਾ ਰੋਂਦੀ ਉਹ ਬਦਰਾ ਦੀ ਮਾਈ
ਠੰਢੀਆਂ ਵਸੋ ਤੁਸੀਂ ਐ ਧੀਓ ਸਾਨੂੰ ਸਾੜ ਜੁਦਾਈ
ਸੈਫ਼-ਮਲੂਕ ਤੇ ਆਸਿਮ ਸ਼ਾਹ ਨੂੰ ਸ਼ਾਹਪਾਲੇ ਕਰ ਜ਼ਾਰੀ
ਬਹੁਤ ਸਪੁਰਦ ਧੀਓ ਦੀ ਕੀਤੀ ਹੈ ਮਾਸੂਮ ਬੇਚਾਰੀ
ਕਿਸੇ ਗੱਲੋਂ ਦਿਲਗੀਰ ਨਾ ਹੋਣਾ ਕਰ ਕੇ ਕੌੜੀ ਫਿੱਕੀ
ਇਕੋ ਧੀ ਅਸਾਂ ਘਰ ਆਹੀ ਰਹੀ ਅਯਾਨ ਲਡਿੱਕੀ
ਚੱਜ ਕੁਚੱਜ ਅਜ਼ਮਾਇਓ ਨਾਹੀਂ ਐਨ ਮਿਹਰ ਦੀ ਨਜ਼ਰੋਂ
ਤੋੜੇ ਅਸੀਂ ਕਮੀਨੇ ਕੋਈ ਘੱਟ ਤੁਸਾਡੀ ਕੱਦਰੋਂ
ਜਿਸ ਨੀਂਗਰ ਨੂੰ ਉਲਫ਼ਤ ਕਰ ਕੇ ਆਪ ਕੁੱਛੜ ਚੁੱਕ ਜਾਈਏ
ਤੋੜੇ ਬੋਲ ਕਰੇ ਵਿਚ ਝੋਲ਼ੀ ਧਰਤੀ ਨਾ ਪਟਕਾਈਏ
ਐ ਸ਼ਾਹਾ ਤੂੰ ਮਾਂ ਪਿਉ ਸਾਡਾ ਕਜੀਂ ਐਬ ਖ਼ਤਾਈਆਂ
ਸੈਫ਼-ਮਲੂਕਾ ਸ਼ਰਮ ਇਸ ਗੱਲ ਦੀ ਆਪ ਤੁਸਾਂ ਸਨ ਲਾਈਆਂ
ਆਸਿਮ ਸ਼ਾਹ ਫ਼ੁਰਮਾਂਦਾ ਅੱਗੋਂ ਬਖ਼ਸ਼ੇ ਰੱਬ ਪਨਾਹਾਂ
ਬੇਟੀ ਤੇਰੀ ਬੇਟੀ ਮੇਰੀ ਨਾ ਕਰ ਉਜ਼ਰ ਅਗਾਹਾਂ
ਤੁਧ ਕੀਤਾ ਅਹਿਸਾਨ ਮੁਰੱਵਤ ਬਾਹਰ ਹੱਦ ਸ਼ੁਮਾਰੋਂ
ਮੇਰੀ ਤੇ ਫ਼ਰਜ਼ੰਦ ਮੇਰੇ ਦੀ ਛੁਟੀ ਜਾਨ ਅਜ਼ਾਰੋਂ
ਕੀਤੀ ਤੇਰੀ ਕਦੇ ਨਾ ਭੁਲਸੀ ਰਹਿਸੀ ਵਿਚ ਦਲੀਲਾਂ
ਅਸੀਂ ਅਸੀਲ ਅਸੀਲਾਂ ਸੰਦਾ ਕਦਰ ਪਛਾਣ ਅਸੀਲਾਂ
ਬਦਰਾ ਦਾ ਪਿਉ ਮਾਈ ਨਾਲ਼ੇ ਤਾਜ ਮਲੂਕ ਸ਼ਹਿਜ਼ਾਦਾ
ਸਣ ਸ਼ਾਹਪਾਲ ਹੋਵੇ ਸਨ ਸਾਰੇ ਮਿੰਨਤਦਾਰ ਜ਼ਿਆਦਾ ।(੮੬੧੦)
ਆਸਿਮ ਤੇ ਸ਼ਹਿਜ਼ਾਦੇ ਤਾਈਂ ਫੇਰ ਕਿਹਾ ਸ਼ਾਹਪਾਲੇ
ਜਦੋਂ ਮੁਹਿੰਮ ਬਣੇ ਕੋਈ ਭਾਰੀ ਫ਼ਿਕਰ ਤੁਸਾਂ ਦਿਲ ਡਾਲੇ
ਕਰਨਾ ਯਾਦ ਅਸਾਨੂੰ ਓਥੇ ਦਿਓ ਪਰੀ ਕੋਈ ਘੱਲ ਕੇ
ਅੱਲ੍ਹਾ ਭਾਵੇ ਸੋਧ ਦਿਆਂਗੇ ਉਸ ਮੁਹਿਮੇਂ ਚੱਲ ਕੇ
ਬਦਰਾ ਦਾ ਪਿਓ ਅਰਜ਼ੀ ਹੋਇਆ ਗੱਲ ਸੁਣੋ ਇਕ ਮੇਰੀ
ਸਰਾਂਦੀਪ ਅਸਾਡੇ ਅੰਦਰ ਕਦਮ ਘੱਤੋ ਇੱਕ ਵੇਰੀ
ਓਥੇ ਦੇ ਸਭ ਲੋਕ ਤੁਸਾਡੇ ਤੱਸੇ ਤੇ ਸਧਰਾਏ
ਘੜੀਆਂ ਗਿਣਦੇ ਤੇ ਰਾਹ ਤੱਕਦੇ ਲੰਘੋ ਨਾ ਕਤਰਾਏ
ਕਦਮ ਮੁਬਾਰਿਕ ਨਾਲ਼ ਮੁਸ਼ੱਰਫ਼ ਕਰੋ ਮਕਾਨ ਬੰਦੇ ਦਾ
ਕਦਰ ਤੁਸਾਡਾ ਘਟਦਾ ਨਾਹੀਂ ਵਧਸੀ ਸ਼ਾਨ ਬੰਦੇ ਦਾ
ਨਾਲ਼ੇ ਬਦਰਾ ਸੰਗ ਸੱਈਆਂ ਨੂੰ ਮਿਲ ਚਲੇ ਹੁਣ ਜਾਂਦੀ
ਹੋਵੇ ਕਬੂਲ ਅਸਾਡੀ ਦਾਅਵਤ ਪੁੱਗੇ ਆਸ ਮਨਾਂ ਦੀ
ਅਰਜ਼ ਉਹਦੀ ਪਰਵਾਨ ਹੋਈ ਸੀ ਆਸਿਮ ਦੀ ਦਰਗਾਹੇ
ਪੱਲਾ ਤਰੋੜ ਵੰਞਣ ਕਦ ਚੰਗਾ ਜੋ ਛਿੱਕੇ ਸੰਗ ਚਾਹੇ
ਉਸੇ ਰਾਹ ਤਿਆਰੀ ਹੋਈ ਆਸਿਮ ਸ਼ਾਹ ਮਿਸਰ ਦੀ
ਮਿਸਰੀ ਸਰਾਂਦੀਪੀ ਚਲੇ ਤਰਫ਼ੇ ਆਪਣੇ ਘਰ ਦੀ
ਤਖ਼ਤ ਸਵਾਰ ਹੋਵੇ ਸਭ ਡੇਰੇ ਲੱਕ ਬੱਧੇ ਅਫ਼ਰੀਤਾਂ
ਚਾਇਆ ਤਖ਼ਤ ਹਵਾ ਉੜਾਇਆ ਚੱਲੇ ਪਾਲ਼ ਪਰੀਤਾਂ
ਆਸਿਮ ਤੇ ਸ਼ਾਹਪਾਲ ਬਹਾਦਰ ਰੋ ਮਿਲੇ ਗਲ ਲੱਗ ਕੇ
ਨਾਲ਼ੇ ਸੈਫ਼-ਮਲੂਕ ਜਵਾਈ ਲਿਉ ਸੁ ਕਲਾਵੇ ਵਗ ਕੇ ।(੮੬੨੦)
ਮਿਹਰ-ਅਫ਼ਰੋਜ਼ ਤੇ ਸਰਵਬਾਨੋ ਨੇ ਸੈਫ਼-ਮਲੂਕ ਬੁਲਾਇਆ
ਦੋਹਾਂ ਵੱਲ ਸਲਾਮੀ ਹੋਇਆ ਅਦਬ ਬਜਾ ਲਿਆਇਆ
ਖ਼ਿਲਅਤ ਵੱਖੋ ਵੱਖ ਦਿਤੀਓ ਨੇ ਲਾਇਕ ਸ਼ਾਨ ਕਦਰ ਦੇ
ਮੂੰਹ ਚੁਮਣ ਹੱਥ ਫੇਰਨ ਸਿਰ ਤੇ ਨਾਲ਼ ਪਿਆਰ ਜਿਗਰ ਦੇ
ਨਾਲ਼ ਬਦੀਅ-ਜਮਾਲ ਪਰੀ ਦੇ ਮਿਲ ਮਿਲ ਰੱਜਣ ਨਾਹੀਂ
ਚੁਮਣ ਮੂੰਹ ਤੇ ਸੀਨੇ ਲਾਵਣ ਰੋਵਣ ਆਹੀਂ ਢਾਹੀਂ
ਅਲਵਿਦਾ ਹੋਏ ਹਰ ਪਾਸੋਂ ਪਰਤੇ ਟੋਰ ਪਿਆਰੇ
ਚਲੇ ਲੱਦ ਮੁਹੰਮਦ ਬਖਸ਼ਾ ਜੋਬਨ ਦੇ ਵਣਜਾਰੇ
ਅਲਵਿਦਾ ਟੁਰੋ ਹੁਣ ਸੱਜਣੋ! ਚਾਈਆਂ ਰਿਜ਼ਕ ਮੁਹਾਰਾਂ
ਖ਼ਾਰਾਂ ਛੋੜ ਹੋਏ ਫੁੱਲ ਰਾਹੀ ਦੇਕੇ ਦਾਗ਼ ਹਜ਼ਾਰਾਂ
ਅਲਵਿਦਾ ਟੁਰੇ ਸ਼ਬ ਕੱਟ ਕੇ ਜਿਉਂ ਮੋਤੀ ਸ਼ਬਨਮ ਦਾ
ਦੋਜ਼ਖ਼ ਹੋਗ ਗੁਲਾਂ ਬਿਨ ਭੌਰਾਂ ਸੁੰਜਾ ਬਾਗ਼-ਇਰਮ ਦਾ
ਮੋਤੀ ਛੋੜ ਮਿਸਰ ਨੂੰ ਚੱਲੇ ਸਿੱਪ ਪਿੱਛੇ ਕਿਸ ਕੰਮ ਦਾ
ਮਿਲਣਾ ਨਾਲ਼ ਨਸੀਬ ਮੁਹੰਮਦ ਨਹੀਂ ਭਰੋਸਾ ਦਮ ਦਾ
ਅਲਵਿਦਾ ਚਲੇ ਲੱਦ ਸਾਥੀ ਦੇ ਕੇ ਭਾਰ ਗ਼ਮਾਂ ਦੇ
ਬੂ ਚਲੀ ਯਲਗਾਰੋਂ ਲੋਕਾ ਰਹਿ ਗਏ ਚੰਮ ਚੰਮਾਂ ਦੇ
ਉੱਡੇ ਦਿਓ ਤਖ਼ਤ ਨੂੰ ਚਾਏ ਕਰ ਕੇ ਜ਼ੋਰ ਜ਼ਰੂਰੀ
ਸਰਾਂਦੀਪ ਸ਼ਹਿਰ ਵਿਚ ਪਹੁਤੇ ਲੱਥੇ ਬਾਗ਼ ਹਜ਼ੂਰੀ
ਮੁਲਕ ਵਲਾਇਤ ਖ਼ਬਰਾਂ ਹੋਈਆਂ ਆਇਆ ਲੋਕ ਸਲਾਮੀ
ਕਦਰ-ਬ-ਕਦਰੀ ਨਜ਼ਰਾਂ ਤਾਰਨ ਕਿਆ ਖ਼ਾਸੀ ਕਿਆ ਆਮੀ ।(੮੬੩੦)
ਸ਼ਲਕਾਂ ਸ਼ੋਰ ਉਠਾਇਆ ਵਜੇ ਸ਼ਾਦੀ ਦੇ ਸ਼ਦਿਆਨੇ
ਖ਼ਲਕ ਮੁਬਾਰਿਕ ਦੇਵਣ ਆਈ ਹੁੰਦੇ ਖ਼ਰਚ ਖ਼ਜ਼ਾਨੇ
ਵਹੁਟੀ ਵੇਖਣ ਕੁੜੀਆਂ ਆਵਣ ਤੱਕ ਤੱਕ ਹੋਸ਼ ਭੁਲਾਵਣ
ਲਾੜਾ ਵੇਖ ਜਵਾਨ ਮੁਲਕ ਦੇ ਸਦਕੇ ਹੋ ਹੋ ਜਾਵਣ
ਨਵੇਂ ਨਵੇਂ ਨਿੱਤ ਮੇਲੇ ਲਗਦੇ ਲੋਕ ਜ਼ਿਆਰਤ ਆਵੇ
ਜੋ ਕੋਈ ਮੰਗੇ ਸੋਈਓ ਮਿਲਦਾ ਖ਼ਲਕ ਮੁਰਾਦਾਂ ਪਾਵੇ
ਪਰੀਆਂ ਦਿਓ ਆਸੂਦੇ ਹੋਏ ਮਿਸਰੀ ਆਦਮ ਜ਼ਾਦੇ
ਸਰਾਂਦੀਪੀ ਖ਼ਿਦਮਤ ਕਰਦੇ ਹੱਦੋਂ ਬਹੁਤ ਜ਼ਿਆਦੇ
ਖਾਵਣ ਖਾਣੇ ਚਾਵਲ ਦਾਣੇ ਪੀਣ ਸ਼ਰਾਬ ਪੁਰਾਣੀ
ਕੋਈ ਦਿਨ ਸਰਾਂਦੀਪ ਸ਼ਹਿਰ ਵਿਚ ਏਸੇ ਤਰ੍ਹਾਂ ਵਿਹਾਣੀ
ਓੜਕ ਚਿੱਤ ਉਦਾਸੀ ਹੋਏ ਆਸਿਮ ਤੇ ਸ਼ਹਿਜ਼ਾਦਾ
ਹੁੱਬ ਵਤਨ ਦੀ ਗ਼ਾਲਿਬ ਹੋਈ ਗੁਜ਼ਰੇ ਰੋਜ਼ ਜ਼ਿਆਦਾ
ਸਰਾਂਦੀਪ ਨਗਰ ਦਾ ਵਾਲੀ ਸੱਦ ਇਜ਼ਾਜ਼ਤ ਲੈਂਦੇ
ਸੁੱਖ ਵਸੋ ਤੁਸੀਂ ਦੇਸਾਂ ਵਾਲੇ ਅਸੀਂ ਭਲੇ ਹੁਣ ਵੈਂਦੇ
ਕੁੜੀਆਂ ਸੰਗ ਸਹੇਲੀ ਸੱਈਆਂ ਭੈਣ ਭਰਾ ਪਿਆਰੇ
ਬਦਰਾ-ਖ਼ਾਤੂੰ ਨੂੰ ਮਿਲ ਟੋਰਨ ਮਾਂ ਪਿਓ ਸੱਜਣ ਸਾਰੇ
ਬਦਰਾ ਨੂੰ ਗਲ ਲਾ ਲਾ ਰੁੰਨੀ ਹਰ ਇਕ ਸੰਗ ਸਹੇਲੀ
ਚੱਲੀਏਂ ਸੁੱਟ ਅਸਾਨੂੰ ਭੈਣੇ ਸੁਖ ਦੇਇ ਰੱਬ ਬੇਲੀ
ਮਲਿਕਾ ਹੰਝੂ ਭਰ ਭਰ ਰੋਂਦੀ ਰਹੀਓਸੁ ਮੈਂ ਅਕੇਲੀ
ਰੌਣਕ ਨਹੀਂ ਤੁਸਾਂ ਬਿਨ ਖਾਵੇ ਬਾਗ਼ ਬਹਾਰ ਹਵੇਲੀ ।(੮੬੪੦)
ਸੈਫ਼-ਮਲੂਕ ਡਿੱਠਾ ਜਿਸ ਦਿਨ ਦਾ ਗ਼ਮ ਨਾ ਰਿਹਾ ਕੋਈ
ਓੜਕ ਜੋ ਕੁੱਝ ਸੁਝਦੀ ਆਹੀ ਆਣ ਬਰਾਬਰ ਹੋਈ
ਜਿਹਨਾ ਨਾਲ਼ ਮੁਰਾਦਾਂ ਖ਼ੁਸ਼ੀਆਂ ਚਾਮਲ ਚੈਨ ਸਵਾਏ
ਲੱਦ ਚਲੇ ਉਹ ਮਹਿਰਮ ਦਿਲ ਦੇ ਰਹੇ ਅਸੀਂ ਸਧਰਾਏ
ਮੁਦਤ ਪਿਛੇ ਝਾਗ ਵਿਛੋੜਾ ਸਾਥੀ ਰੱਬ ਮਿਲਾਏ
ਵਿਛੜ ਚਲੇ ਫੇਰ ਮੁਹੰਮਦ ਰੱਜ ਨਹੀਂ ਗਲ ਲਾਏ
ਅਲਵਿਦਾ ਟੁਰੋ ਹੁਣ ਸੱਜਣੋ! ਤੁਸਾਂ ਅਸਾਂ ਰੱਬ ਬੇਲੀ
ਕੋਈ ਜਹਾਨ ਨਾ ਸੁਝਦਾ ਮੈਨੂੰ ਰਹੀ ਹੈਰਾਨ ਅਕੇਲੀ
ਰੌਸ਼ਨ ਲਾਟ ਅੰਦਰ ਦੀ ਚਲੀ ਪਿਆ ਹਨੇਰ ਹਵੇਲੀ
ਢੀਂਗਰ ਖ਼ਾਰ ਹਜ਼ਾਰ ਮੁਹੰਮਦ ਚਲੇ ਗੁਲਾਬ ਚੰਬੇਲੀ
ਅਲਵਿਦਾ ਚਲੇ ਉਠ ਸਾਥੀ ਤਰੁੱਟੀ ਕੂੰਜ ਉਡਾਰਾਂ
ਨਿੱਤ ਉਦਾਸੀ ਤੇ ਕੁਰਲਾਸੀ ਕਰ ਕਰ ਯਾਦ ਕਤਾਰਾਂ
ਚੋਗ ਪਿੰਜਰ ਵਿਚ ਜ਼ਹਿਰ ਹੋਵੇਗੀ ਮਰਸੀ ਐਸ ਅਜ਼ਾਰੋਂ
ਸੁੰਞੇ ਮਹਿਲ ਮੁਹੰਮਦ ਬਖਸ਼ਾ ਦੋਜ਼ਖ਼ ਭਰੇ ਅੰਗਾਰੋਂ
ਅਲਵਿਦਾ ਟੁਰੇ ਦਿਲ ਜਾਨੀ ਮਾਰ ਕਲੇਜੇ ਕਾਨੀ
ਹਾਲ ਹਕੀਕਤ ਰੱਬ ਨੂੰ ਮਾਲਮ ਕੀ ਗੱਲ ਕਰਾਂ ਜ਼ੁਬਾਨੀ
ਹਾਏ ਅਫ਼ਸੋਸ ਨਾ ਦੋਸ਼ ਕਿਸੇ ਤੇ ਲਿਖੀ ਕਲਮ ਰੱਬਾਨੀ
ਸੱਜਣਾਂ ਬਾਝ ਮੁਹੰਮਦ ਬਖਸ਼ਾ ਜ਼ਹਿਰ ਹੋਈ ਜ਼ਿੰਦਗਾਨੀ
ਸ਼ਾਹ-ਪਰੀ ਤੇ ਬਦਰਾ-ਖ਼ਾਤੂੰ ਪਾਲਕੀਆਂ ਵਿਚ ਪਾਈਆਂ
ਮਾਸੀ ਫੁੱਫੀ ਮਾਈ ਦਾਈ ਸੰਗ ਸੱਈਆਂ ਮੁੜ ਆਈਆਂ ।(੮੬੫੦)
ਦੇਵਾਂ ਤਖ਼ਤ ਜ਼ਮੀਨੋਂ ਚਾਇਆ ਕਰਦੇ ਕਤਅ ਸਫ਼ਰ ਨੂੰ
ਸਰਾਂਦੀਪੀ ਰਹੇ ਖਲੋਤੇ ਮਿਸਰੀ ਟੁਰੇ ਮਿਸਰ ਨੂੰ
ਸ਼ੁਤਰੀ ਧੌਂਸੇ ਭੇਰ ਤੰਬੂਰਾਂ ਲੱਗੀ ਚੋਟ ਬਰਾਬਰ
ਸ਼ਹਿਰ ਮਿਸਰ ਵੱਲ ਧਾਈ ਕਰ ਕੇ ਉਡੇ ਦਿਓ ਬਹਾਦਰ
ਮਾਵਾਂ ਭੈਣਾਂ ਤੇ ਸੰਗ ਸੱਈਆਂ ਦਰਦ ਫ਼ਿਰਾਕੋਂ ਭਰੀਆਂ
ਤਰਫ਼ ਉਨ੍ਹਾਂ ਦੀ ਵੇਖਣ ਚੜ੍ਹ ਚੜ੍ਹ ਉਪਰ ਬਾਰਾਂ ਦਰੀਆਂ
ਘੜੀ ਘੜੀ ਵਿਚ ਸੈ ਕੋਹਾਂ ਦੀ ਦਿਓ ਵਿੱਥਾਂ ਸਨ ਪਾਂਦੇ
ਉਹ ਤੱਕ ਜਾਂਦੇ ਕਹਿਣ ਪਿਆਰੇ ਜਬ ਲੱਗ ਆਹੇ ਵਾਂਦੇ
ਜਾਂ ਉਹ ਨਜ਼ਰੋਂ ਗ਼ਾਇਬ ਹੋਏ ਘਰ ਘਰ ਗਈਆਂ ਸੱਈਆਂ
ਹਸਣ ਖੇਡਣ ਭੁੱਲ ਗਿਓ ਨੇ ਵਾਂਗ ਰੰਜੂਰਾਂ ਪਈਆਂ
ਦਰਦ ਅਫ਼ਸੋਸ ਉਨ੍ਹਾਂ ਦੇ ਫੋਲਾਂ ਤਾਂ ਉਧਰੋਂ ਗੱਲ ਟੁੱਟਦੀ
ਬਹੁਤ ਪਸਾਰੇ ਛੋੜ ਫ਼ਕੀਰਾ ਬਾਤ ਸੁਣਾਈਂ ਠੁਕ ਦੀ
ਉਡਣ ਦਿਓ ਝਲਾਵਣ ਝੱਖੜ ਜ਼ੋਰ ਬਦਨ ਦਾ ਲਾਂਦੇ
ਸਫ਼ਨ ਸਫ਼ਾ ਕਰਨ ਰੁੱਖ ਬੂਟੇ ਕੋਹ ਕਾਫ਼ਾਂ ਵਿਚ ਜਾਂਦੇ
ਕਈ ਕੋਹ ਕਾਫ਼ ਸਮੁੰਦਰ ਲੰਘੇ ਕਈ ਸ਼ਹਿਰਾਂ ਕਈ ਬਾਰਾਂ
ਆਣ ਮਿਸਰ ਦੀ ਹੱਦ ਵਿਚ ਲੱਥੇ ਸ਼ੋਰ ਮਚਾਏ ਨਾਰਾਂ
ਨੀਲ ਨਦੀ ਦੇ ਦੰਦੇ ਉੱਤਰੇ ਸ਼ਹਿਰੋਂ ਦੂਰ ਕਿਨਾਰੇ
ਝੰਡੇ ਛਤਰ ਨਿਸ਼ਾਨ ਖਲੋਤੇ ਗੱਜੇ ਢੋਲ ਨਿਕਾਰੇ
ਲੱਥੇ ਡੇਰੇ ਗਰਦ ਚੌਫੇਰੇ ਵੱਜਣ ਭੇਰਾਂ ਤੁਰੀਆਂ
ਰਾਕਸ਼ ਦਿਓ ਮਰੇਂਦੇ ਨਾਅਰੇ ਨਾਚ ਉਠਾਏ ਪਰੀਆਂ ।(੮੬੬੦)
ਚੁਟਕੀ ਤਾੜੀ ਤਾਲ ਤਰਾਨਾ ਮੁਜਰਾ ਹੋਵੇ ਸ਼ਹਾਨਾ
ਮੁਲਕਾਂ ਵਿਚ ਹੁਸਨ ਦਾ ਚਾਨਣ ਫਿਰਿਆ ਨੇਕ ਜ਼ਮਾਨਾ
ਸ਼ਾਦੀ ਦੇ ਸ਼ਦਿਆਨੇ ਵਜੇ ਛੇੜੇ ਸਾਜ਼ ਕੱਵਾਲਾਂ
ਨੱਚਣ ਪਰੀਆਂ ਜ਼ੇਵਰ ਭਰੀਆਂ ਮੁੱਖ ਮਾਨਿੰਦ ਮਸ਼ਾਲਾਂ
ਕਿਤੇ ਸਿਪਾਹੀ ਗਤਕੇ ਖੇਡਣ ਫੜ ਲਕੜੀ ਹੱਥ ਢਾਲਾਂ
ਕਿਧਰ ਨੌਬਤ ਘੁਰੇ ਮੁਹੰਮਦ ਪਾਣ ਮਲੰਗ ਧਮਾਲਾਂ
ਸੁੰਦਰ ਪਰੀਆਂ ਮੁਲਕ ਸੁਹਾਇਆ ਰੂਪ ਭਲੇ ਮਨਿ ਭਾਣੇ
ਫਿਰਨ ਉਡਾਰ ਬਾਜ਼ਾਰ ਬਗ਼ੀਚੀਂ ਸੂਹੇ ਸਾਵੇ ਬਾਣੇ
ਮੁਲਕਾਂ ਅੰਦਰ ਖ਼ਬਰਾਂ ਹਈਆਂ ਆਏ ਸ਼ਾਹ ਹਮਾਰੇ
ਲੈ ਤੁਹਫ਼ੇ ਨਜ਼ਰਾਨੇ ਭਾਰੇ ਲੋਕ ਮਿਲੇ ਵੰਝ ਸਾਰੇ
ਮੀਰ ਵਜ਼ੀਰ ਅਤੇ ਸਰਕਰਦੇ ਸਾਕ ਅਸਨਾ ਕਰ ਮਿਹਰਾਂ
ਸ਼ਹਿਜ਼ਾਦੇ ਤੋਂ ਸਦਕੇ ਸੁੱਟਣ ਅਸ਼ਰਫ਼ੀਆਂ ਦਰਿਮ ਮੁਹਰਾਂ
ਸਾਰੇ ਮੁਲਕ ਮਿਸਰ ਦੇ ਅੰਦਰ ਜੀਉ ਜੀਉ ਸੀ ਸਧਰਾਇਆ
ਘਰ ਘਰ ਢੋਲ ਖ਼ੁਸ਼ੀ ਦੇ ਵੱਜੇ ਸ਼ਹਿਜ਼ਾਦਾ ਮੁੜ ਆਇਆ
ਹਰ ਇਕ ਸ਼ਖ਼ਸ ਮਿਲਣ ਨੂੰ ਆਇਆ ਨਜ਼ਰ ਸੌਗ਼ਾਤਾਂ ਘਿਣ ਕੇ
ਭੁੱਖੇ ਲੋਕ ਤਵੰਗੁਰ ਹੋਵੇ ਸਦਕੇ ਦਾਤਾਂ ਘਿਣ ਕੇ
ਦੇਵਾਂ ਤੇ ਅਫ਼ਰੇਤ ਕਹਾਰਾਂ ਜਿਹਨਾਂ ਸੀ ਮੁੜ ਜਾਣਾ
ਖ਼ਿਲਅਤ ਨਿਅਮਤ ਬਖ਼ਸ਼ ਨਿਵਾਜ਼ੇ ਦਾਨ ਦਿੱਤਾ ਮਨ ਭਾਣਾ
ਰਾਜ਼ੀ ਕਰ ਕੇ ਘਰ ਨੂੰ ਟੋਰੇ ਦੇ ਦੇ ਰਾਜ਼ੀ ਨਾਮੇ
ਸਭੋ ਗਏ ਦੁਆਈਂ ਦੇਂਦੇ ਲੈ ਦੌਲਤ ਜ਼ਰ ਜਾਮੇ ।(੮੬੭੦)
ਮਿਸਰੀ ਲੋਕ ਤਮਾਮੀ ਆਏ ਇਸਤਿਕਬਾਲ ਸ਼ਹਾਂ ਦੇ
ਸਿਰ ਸਦਕੇ ਦੇ ਮੁਹਰਾਂ ਮੋਤੀ ਰੁਲਦੇ ਵਿਚ ਰਹਾਂ ਦੇ
ਬੱਘੀ ਬਹਿਲੀ ਕਰਨਚੀ ਆਈ ਪੀਨਸ ਗੱਡ ਕਚਾਵੇ
ਹਾਥੀ ਘੋੜੇ ਉਠ ਖ਼ੱਚਰ ਦਾ ਅੰਤ ਨਾ ਪਾਇਆ ਜਾਵੇ
ਕਿਸ਼ਤੀ ਬੇੜੀ ਪਾਣੀ ਵਿਚਦੋਂ ਆਣ ਹੋਏ ਸਨ ਹਾਜ਼ਰ
ਮਾਲ ਮਤਾਅ ਓਹਨਾਂ ਵਿਚ ਪਾਇਆ ਜਿਉਂ ਕਰ ਭਰਨ ਸੌਦਾਗਰ
ਸੱਦ ਨਜੂਮੀ ਸਾਇਤ ਕੱਢੀ ਖ਼ੂਬ ਮਹੂਰਤ ਲੈ ਕੇ
ਨਾਲ਼ ਮੁਬਾਰਿਕ ਚਲੀ ਡੋਲੀ ਰਾਹ ਮਿਸਰ ਦੇ ਪੈ ਕੇ
ਬਾਬਲ ਪੁੱਤ ਸਵਾਰ ਹੋਏ ਸਨ ਕਰ ਆਈਨ ਸ਼ਹਾਨੀ
ਪਾਲਕੀਆਂ ਤੋਂ ਸੁੱਟਣ ਮੋਤੀ ਕਰ ਕਰ ਜ਼ਰ ਕੁਰਬਾਨੀ
ਅਸ਼ਰਫ਼ੀਆਂ ਜ਼ਰ ਮੁਹਰਾਂ ਮੋਤੀ ਪੈਰਾਂ ਹੇਠ ਮਲੀਂਦੇ
ਕਿਸ ਨੂੰ ਹਾਜਤ ਰਹੀ ਚੁਨਣ ਦੀ ਸਭ ਤਵੰਗੁਰ ਥੀਂਦੇ
ਮੁਲਕਾਂ ਵਿਚ ਨਾ ਮੇਵੇ ਖ਼ਲਕਤ ਦੇਣ ਮੁਬਾਰਿਕ ਆਈ
ਸੈਫ਼-ਮਲੂਕ ਲਿਆਇਆ ਡੋਲ਼ਾ ਮੌਲਾ ਖ਼ੁਸ਼ੀ ਵਿਖਾਈ
ਕਈ ਸੰਦੂਕ ਖ਼ਲਾਸ ਕਰੇਂਦੇ ਛੱਟੇ ਦੇਂਦੇ ਜ਼ਰ ਦੇ
ਜ਼ੋਰੀਂ ਸ਼ੋਰੀਂ ਇਹਨੀਂ ਟੋਰੀਂ ਪਹੁਤੇ ਵਿਚ ਮਿਸਰ ਦੇ
ਚੱਜ ਦਸਤੂਰ ਰਸੂਮਾਂ ਸੱਭੋ ਕਰ ਵੱਡਿਆਂ ਦੇ ਚਾਲੇ
ਡੋਲੀ ਸਤਰੀਂ ਦਾਖ਼ਲ ਕੀਤੀ ਸ਼ਾਹਾਂ ਤਖ਼ਤ ਸੰਭਾਲੇ
ਸਭ ਮੁਲਕਾਂ ਵਿਚ ਫਿਰੇ ਢੰਡੋਰੇ ਜੋ ਜੋ ਭੁੱਖੇ ਨੰਗੇ
ਸ਼ਾਹਾਂ ਦੇ ਦਰ ਹਾਜ਼ਿਰ ਹੋਏ ਦੌਲਤ ਦੇ ਦੇ ਰੰਗੇ ।(੮੬੮੦)
ਦਰਸਾਂ ਅੰਦਰ ਖ਼ਰਚ ਪਵਾਏ ਨਾਲ਼ੇ ਵਿਚ ਸਰਾਈਂ
ਬਹੁਤ ਤੁਆਮ ਪਕਾ ਖਿਲਾਏ ਆਮਾਂ ਖ਼ਾਸਾਂ ਤਾਈਂ
ਨਵੇਂ ਸਿਰੋਂ ਕਈ ਲੰਗਰ ਲਾਏ ਮਿੱਠੀਆਂ ਕਈ ਸਬੀਲਾਂ
ਖ਼ਿਲਅਤ ਬਖ਼ਸ਼ ਵਧਾਈ ਇੱਜ਼ਤ ਦਿੱਤਾ ਸ਼ਰਫ਼ ਅਸੀਲਾਂ
ਕਦਰ-ਬ-ਕਦਰੀ ਖ਼ਿਲਅਤ ਲੱਧੀ ਹਰ ਚਾਕਰ ਉਮਰਾਏ
ਬਖ਼ਸ਼ਿਸ਼ ਦਾ ਕੁੱਝ ਅੰਤ ਨਾ ਰਿਹਾ ਗਿਣ ਗਿਣ ਕੌਣ ਸੁਣਾਏ
ਨਾਲ਼ ਉਹਦੇ ਵੰਝ ਮੋਏ ਆਹੇ ਜੋ ਜੋ ਲੋਕ ਵਫ਼ਾਈ
ਸਭਨਾ ਦੇ ਘਰ ਗਿਆ ਸ਼ਹਿਜ਼ਾਦਾ ਹਰ ਖ਼ਾਨੇ ਹਰ ਜਾਈ
ਟੁਰ ਘਰ ਜਾਂਦਾ ਨਾਲ਼ੇ ਕਰਦਾ ਉਜ਼ਰ ਬੇਅੰਤ ਸ਼ੁਮਾਰਾਂ
ਦੌਲਤ ਮਾਲ ਜਗੀਰਾਂ ਦਿੱਤੀਆਂ ਸਭਨਾ ਦਿਆਂ ਘਰ ਦਾਰਾਂ
ਸੱਭੋ ਲੋਕ ਆਸੂਦੇ ਹੋਏ ਧਨ ਰਿਜ਼ਕੋਂ ਗੁਜ਼ਰਾਨੋਂ
ਸ਼ਹਿਜ਼ਾਦੇ ਨੂੰ ਦੇਣ ਦੁਆਈਂ ਰਾਜ਼ੀ ਦਿਲੋਂ ਈਮਾਨੋਂ
ਖ਼ੈਰ ਸੁਖਾਂ ਸੰਗ ਆਇਆ ਬੇਟਾ ਆਸ ਪੁੰਨੀ ਸਰਕਾਰੋਂ
ਆਸਿਮ ਸ਼ਾਹ ਖ਼ੈਰਾਇਤ ਕਰਦਾ ਬਾਹਰ ਹੱਦ ਸ਼ੁਮਾਰੋਂ
ਪੀਰ ਫ਼ਕੀਰ ਸ਼ਹੀਦ ਮਨਾਏ ਦੇ ਦੇ ਨਜ਼ਰ ਨਿਆਜ਼ਾਂ
ਰਾਹਾਂ ਉਪਰ ਖ਼ਰਚ ਪਵਾਏ ਨਿਅਮਤ ਬੇਅੰਦਾਜ਼ਾਂ
ਅੰਨ੍ਹੇ ਲੂਹਲੇ ਹੋਰ ਅਜ਼ਾਰੀ ਆਰੀ ਲੋਕ ਤਮਾਮੀ
ਤਲਬਾਂ ਲਾ ਸੁਖੱਲੇ ਕੀਤੇ ਐਸ਼ਾਂ ਕਰਨ ਮੁਦਾਮੀ
ਆਲਮ ਫ਼ਾਜ਼ਿਲ ਜ਼ਾਹਿਦ ਸੂਫ਼ੀ ਫ਼ਕਰਾਂ ਗੋਸ਼ੇ-ਗੀਰਾਂ
ਨਿਅਮਤ ਮਾਲ ਪੋਸ਼ਾਕਾਂ ਦਿੱਤੀਆਂ ਸੈ ਧਰਮ ਅਰਥ ਜਾਗੀਰਾਂ ।(੮੬੯੦)
ਜੋ ਸੀ ਪੰਡਤ ਜੋਸੀ ਰਮਲੀ ਪਾਂਧਾ ਜੋਗੀ ਨਜੂਮੀ
ਸੱਭੋ ਰੱਜ ਰੱਜ ਦੌਲਤ ਲੈਂਦੇ ਰਸਮੋਂ ਵੱਧ ਰਸੂਮੀ
ਜਿਸ ਘਰ ਧੀ ਕੁਆਰੀ ਆਹੀ ਖ਼ਰਚ ਦਿੱਤਾ ਉਸ ਤਾਈਂ
ਗਹਿਣੇ ਦਾਜ ਪੋਸ਼ਾਕਾਂ ਦਿੱਤੀਆਂ ਜ਼ੀਨਤ ਕਰ ਪਰਨਾਈਂ
ਜੋ ਮਸਕੀਨ ਯਤੀਮ ਮੁਸਾਫ਼ਿਰ ਖ਼ਸਤਾ ਹਾਲ ਸ਼ਿਕਸਤੇ
ਸੌਖੇ ਤੇ ਆਸੂਦੇ ਕੀਤੇ ਕਰ ਗ਼ਮ ਦੇ ਬੰਦੁ-ਬਸਤੇ
ਹੋਇਆ ਮੁਆਫ਼ ਰਈਅਤ ਉਤੱੋਂ ਤਿਨ ਬਰਸ ਦਾ ਹਾਲਾ
ਖ਼ੁਸ਼ ਕੀਤਾ ਮਜ਼ਲੂਮਾਂ ਤਾਈਂ ਕਰ ਕੇ ਅਦਲ ਸੰਭਾਲਾ
ਅਮਨ ਈਮਾਨ ਰਿਹਾ ਵਿਚ ਖ਼ਲਕਾਂ ਦਹਿਲ ਨਾ ਰਿਹਾ ਕਾਈ
ਰੰਡੀ ਤੱਤੀ ਦੇ ਦੁਆਈਂ ਪਾਇਆ ਸੁਖ ਲੋਕਾਈ
ਇਤਨੀ ਖ਼ੈਰ ਖ਼ੈਰਾਇਤ ਕੀਤੀ ਮਾਇਆ ਵੰਡ ਉਡਾਈ
ਸਭ ਕੰਗਾਲ ਤਵੰਗੁਰ ਹੋਏ ਛੁੱਟੀ ਟੁਕਰ ਗਦਾਈ
ਨੰਗਾ ਭੁੱਖਾ ਕੋਈ ਨਾ ਰਿਹਾ ਵਿਚ ਵਲਾਇਤ ਸਾਰੀ
ਘਾਟ ਮੁਆਫ਼ ਜ਼ਕਾਤਾਂ ਹੋਇਆ ਕਰਨ ਬਪਾਰ ਬਪਾਰੀ
ਦਿੱਤੇ ਖ਼ਰਚ ਮਸੀਤਾਂ ਅੰਦਰ ਦਰਵੇਸ਼ਾਂ ਉਲਮਾਵਾਂ
ਬੰਦੀਵਾਨ ਖ਼ਲਾਸ ਕਰਾਏ ਪੁੱਤ ਮਿਲਾਏ ਮਾਵਾਂ
ਲਸ਼ਕਰੀਆਂ ਨੂੰ ਛੁੱਟੀਆਂ ਦਿੱਤੀਆਂ ਦੇ ਤਲਬਾਂ ਇਨਾਮਾਂ
ਜ਼ਾਲਮ ਰਹਜ਼ਨ ਦੂਰ ਕਿਰਾਏ ਖ਼ੁਸ਼ੀਆਂ ਹੋਰ ਤਮਾਮਾਂ
ਦਫ਼ਤਰ ਦੂਰ ਗ਼ਮਾਂ ਦੇ ਹੋਏ ਮਾਰੇ ਖ਼ੁਸ਼ੀ ਨਕਾਰੇ
ਆਸਿਮ ਸ਼ਾਹ ਜਸ਼ਨ ਵਿਚ ਬੈਠਾ ਹੋਰ ਅਕਾਬਰ ਸਾਰੇ ।(੮੭੦੦)
ਪੀਣ ਸ਼ਰਾਬ ਰਬਾਬ ਸੁਣੇਂਦੇ ਕਰਦੇ ਨੁਕਲ ਕਬਾਬੋਂ
ਖਾਵਣ ਖਾਣੇ ਜੋ ਮਨ ਭਾਣੇ ਵਾਫ਼ਰ ਖ਼ੁਸ਼ੀ ਹਿਸਾਬੋਂ
ਭਗਤੀ ਭੰਡ ਨੱਚਣ ਹਰ ਬਾਬੀ ਅੰਤ ਨਾ ਬਾਜ਼ੀਗਰ ਦਾ
ਪੇਰਨੀਆਂ ਨਟ ਕਰਨ ਤਮਾਸ਼ੇ ਮੁਜਰਾ ਨਿੱਤ ਕੰਜਰ ਦਾ
ਪਾਵਣ ਵੇਲਾਂ ਵਾਂਗਰ ਮੇਲਾਂ ਖ਼ੁਸ਼ੀਏਂ ਮੀਰ ਸ਼ਹਿਜ਼ਾਦੇ
ਦਿਨ ਚਾਲੀ ਇਹ ਜਸ਼ਨ ਕੀਤੋ ਨੇ ਦਮ ਦਮ ਚੈਨ ਜ਼ਿਆਦੇ
ਸ਼ਾਹ ਆਸਿਮ ਸ਼ੁਕਰਾਨੇ ਪੜ੍ਹਦਾ ਵੰਡਦਾ ਬਹੁਤ ਖ਼ਜ਼ਾਨੇ
ਸਿਰ ਸਿਜਦੇ ਥੀਂ ਚਾਏ ਥੋੜ੍ਹਾ ਕਰੇ ਅਦਾ ਦੋਗਾਣੇ
ਸ਼ਹਿਜ਼ਾਦਾ ਫੜ ਤਖ਼ਤ ਬਹਾਇਓਸੁ ਦੇ ਪੰਦਾਂ ਤਲਕੀਨਾਂ
ਆਪ ਇਬਾਦਤ ਖ਼ਾਨੇ ਵੜਿਆ ਵਾਂਗਰ ਅਹਿਲ ਯਕੀਨਾਂ
ਨਫ਼ਲ ਨਿਮਾਜ਼ੋਂ ਹਏ ਨਾ ਫ਼ਾਰਗ਼ ਦਮ ਦਮ ਹਮਦ ਧਿਆਵੇ
ਰਾਤ ਦਿਹਾਂ ਵਿਚ ਗੋਸ਼ੇ ਰਹਿੰਦਾ ਮਜਲਿਸ ਵਿਚ ਨਾ ਆਵੇ
ਆਦਤ ਹੋਈ ਇਬਾਦਤ ਵਾਲੀ ਲੱਜ਼ਤ ਜ਼ੁਹਦ ਪਿਓ ਨੇ
ਪਿਛਲੇ ਵਿਰਦ ਸਫ਼ਾਈ ਦਿੱਤੀ ਉਹੋ ਕਾਰ ਲਿਓ ਨੇ
ਯਾਦ ਰੱਬੇ ਦਾ ਸਵਾਦ ਜਿਨ੍ਹਾਂ ਨੂੰ ਬਿਨ ਯਾਦੋਂ ਘੱਟ ਕਟਦੇ
ਜੀਭੋਂ ਰੱਤ ਸਲੂਣੀ ਲਗਦੀ ਪਾ ਲੱਜ਼ਤ ਵਿੱਤ ਚੱਟਦੇ
ਚਾਲੀ ਚਿੱਲੇ ਜਿਹਨਾਂ ਨੂੰ ਗੁਜ਼ਰੇ ਗੋਸ਼ੇ ਬਹਿਣ ਸੁਖਾਇਆ
ਦਿਲ ਦਾ ਊਦ ਮੁਹੱਬਤ ਆਤਿਸ਼ ਅੰਦਰ ਧੂਪ ਧੁਖਾਇਆ
ਉਹੋ ਮੁਸ਼ਕ ਮਗ਼ਜ਼ ਵਿਚ ਰਚਦੀ ਹੋਰ ਨਾ ਭਾਵਣ ਬੋਈਂ
ਦਿਨੇ ਸੰਸਾਰ ਹਨੇਰਾ ਦਿਸਦਾ ਗੋਸ਼ੇ ਅੰਦਰ ਲੋਈਂ ।(੮੭੧੦)
ਗੋਸ਼ੇ-ਗੀਰ ਆਜ਼ਾਦ ਮੁਹੰਮਦ ਤੰਗ ਹੋਵਣ ਬਹੁੰ ਗੱਲੀਂ
ਬਿਹਤਰ ਹੈ ਹੁਣ ਆਸਿਮ ਵੱਲੋਂ ਸ਼ਹਿਜ਼ਾਦੇ ਵੱਲ ਚੱਲੀਂ
ਸੈਫ਼-ਮਲੂਕ ਤਖ਼ਤ ਪਰ ਬੈਠਾ ਤਾਜ ਸਿਰੇ ਤੇ ਧਰਿਆ
ਲਿਖਣ ਪੜ੍ਹਨ ਮੇਰੇ ਥੀਂ ਬਾਹਰ ਜੋ ਨਜ਼ਰਾਨਾ ਤਰਿਆ
ਰਾਜੇ ਰਾਏ ਸਲਾਮੀ ਹੋਏ ਪਰਜਾ ਫ਼ੌਜ ਸ਼ਹਿਜ਼ਾਦੇ
ਚੁਮਣ ਤਖ਼ਤ ਧਰਤ ਦੇ ਅੱਗੇ ਸਭ ਸਵਾਰ ਪਿਆਦੇ
ਜਾਂ ਉਹ ਕਦਮ ਤਖ਼ਤ ਪਰ ਧਰਦਾ ਸੱਭੋ ਸੀਸ ਨਿਵਾਂਦੇ
ਖ਼ਿਦਮਤ ਵਿਚ ਅਮੀਰ ਸ਼ਹਿਜ਼ਾਦੇ ਖਲੇ ਰਹਿਣ ਜਿਉਂ ਬਾਂਦੇ
ਜਿਸ ਦਮ ਬਾਹਰ ਸਵਾਰੀ ਚੜ੍ਹਦਾ ਫ਼ੌਜਾਂ ਘਟਾਂ ਬਣਾਵਣ
ਰੱਅਦ ਮਿਨੰਦ ਨਕੀਬ ਉਚੇਰੇ ਗੱਜਦੇ ਵੱਜਦੇ ਜਾਵਣ
ਪੋਸ਼ੋ ਪੋਸ਼ ਕਰੇਂਦੇ ਸ਼ਾਤਿਰ ਅੰਬਰ ਤੀਕ ਆਵਾਜ਼ੇ
ਨਵੇਂ ਨਵੇਂ ਸਿਰ ਛਤਰ ਝੁਲੇਂਦੇ ਆਸਣ ਤਾਜ਼ੀ ਤਾਜ਼ੇ
ਪਰੀਆਂ ਦਿਓ ਗ਼ੁਲਾਮ ਚੌਫੇਰੇ ਆਦਮ ਅੰਤ ਨਾ ਕਾਈ
ਕਦਮਾਂ ਹੇਠ ਤਮਾਮ ਰਈਅਤ ਸਿਰ ਤੇ ਜ਼ਿਲਿ ਇਲਾਹੀ
ਜਿੱਤ ਵੱਲ ਸ਼ਾਹ ਇਰਾਦਾ ਕਰਦਾ ਸੈਰ ਸ਼ਿਕਾਰ ਕਰਨ ਦਾ
ਕੋਤਲ ਲੱਖ ਉਡੀਕਂੋ ਹੋਵੇ ਪੈਰ ਰਕਾਬ ਧਰਨ ਦਾ
ਜਿਸ ਵਲਾਇਤ ਮੁਲਕ ਸ਼ਹਿਰ ਵੱਲ ਕਰਦਾ ਸ਼ਾਹ ਇਰਾਦਾ
ਅੱਗੋਂ ਮਿਲਦੇ ਨਾਲ਼ ਚੜ੍ਹੀਂਦੇ ਲੱਖ ਸਵਾਰ ਪਿਆਦਾ
ਦਮ ਦਮ ਸ਼ਾਨ ਇਕਬਾਲ ਜ਼ਿਆਦੇ ਦਿਨ ਦਿਨ ਜ਼ੋਰ ਸਵਾਇਆ
ਕੋਈ ਗ਼ਨੀਮ ਨਾ ਰਿਹਾ ਕਿਧਰੇ ਹਰ ਇਕ ਕਦਮੀਂ ਲਾਇਆ ।(੮੭੨੦)
ਸੁੱਕੇ ਬਾਗ਼ ਹੋਏ ਮੁੜ ਸਾਵੇ ਆ ਵੜਿਆ ਵਿਚ ਮਾਲੀ
ਬਣੇ ਚਮਨ ਵਿਚ ਰੰਗ ਹਜ਼ਾਰਾਂ ਫੁੱਲ ਕੱਢੇ ਹਰ ਡਾਲ਼ੀ
ਸਰੂ ਕਿਆਮਾਂ ਵਿਚ ਖਲੋਤੇ ਨੀਤੇ ਸ਼ੁਕਰ ਦੋ ਗਾਣੇ
ਸ਼ਾਖ਼ਾਂ ਮੁੱਖ ਜ਼ਿਮੀਂ ਪਰ ਰੱਖੇ ਕਰ ਸਿਜਦੇ ਸ਼ੁਕਰਾਨੇ
ਨਹਿਰਾਂ ਖ਼ੁਸ਼ਕ ਹੋਈਆਂ ਫਿਰ ਜਾਰੀ ਧੋਤੀ ਧੂੜ ਗ਼ਮਾਂ ਦੀ
ਸਬਜ਼ੇ ਤੇਜ਼ ਜ਼ਬਾਨਾਂ ਕਰ ਕੇ ਹਮਦ ਬਜਾ ਲਿਆਂਦੀ
ਸੱਚੇ ਸੁਖ਼ਨ ਅਸਮਾਨੀ ਘਲਦਾ ਮੋਤੀ ਸ਼ਬਨਮ ਵਾਲੇ
ਮੇਵਾ ਪੀਂਘ ਖ਼ੁਸ਼ੀ ਦੀ ਝੂਲੇ ਖ਼ੁਸ਼ੀਏਂ ਝੂਲਣ ਡਾਲੇ
ਅਦਲ ਸਖ਼ਾਵਤ ਕੰਮ ਹਮੇਸ਼ਾ ਵਾਂਗਰ ਹਾਤਮ ਤਾਈ
ਦਬਦਬਾ ਸਿਕੰਦਰ ਵਾਲਾ ਝੁਕਦੀ ਬਹੁਤ ਲੋਕਾਈ
ਇੱਜ਼ਤ ਸੂਰਤ ਸੀਰਤ ਸਾਰੀ ਯੂਸੁਫ਼ ਵਾਂਗ ਨਮੂਨਾ
ਸਿਰ ਪੈਰਾਂ ਤੱਕ ਜੁੱਸਾ ਰੌਸ਼ਨ ਇਸ਼ਕੋਂ ਸੀ ਅੰਦਰੂਨਾ
ਹੱਥ ਮੁਬਾਰਿਕ ਨਾਲ਼ ਅੰਗੂਠੀ ਨਬੀ ਸੁਲੇਮਾਂ ਵਾਲੀ
ਪਰੀਆਂ ਤਖ਼ਤ ਹਵਾ ਉਡਾਵਣ ਸ਼ਾਨ ਦਿੱਤਾ ਰੱਬ ਆਲੀ
ਦੇਵ ਅਫ਼ਰੇਤ ਅਤੇ ਜਿੰਨ ਆਦਮ ਤਾਬਿਅ ਸਭ ਹੁਕਮ ਦੇ
ਹੱਥੀਂ ਬੱਧੀਂ ਰਹਿਣ ਖਲੋਤੇ ਫ਼ਰਮਾਂਬਰਦਾਰ ਹਰ ਕੰਮ ਦੇ
ਸ਼ਾਹ ਸ਼ਾਹਪਾਲ ਦੇਵਾਂ ਨੂੰ ਘਲਦਾ ਨਿੱਤ ਨਵੀਆਂ ਦੇ ਚੀਜ਼ਾਂ
ਟੱਬਰਾਂ ਵਾਂਗ ਮੰਗਾਏ ਖ਼ਬਰਾਂ ਜਾਣੇ ਮਿਸਲ ਅਜ਼ੀਜ਼ਾਂ
ਨਵੇਂ ਨਵੇਂ ਨਿੱਤ ਤੁਹਫ਼ੇ ਘਲਦਾ ਦੇ ਨਜ਼ਰਾਂ ਸੌਗ਼ਾਤਾਂ
ਖ਼ੁਸ਼ਬੂਈਂ ਫੁਲ ਬਾਗ਼-ਇਰਮ ਦੇ ਮੇਵੇ ਜ਼ਾਤ-ਬ-ਜ਼ਾਤਾਂ ।(੮੭੩੦)
ਹੋਰ ਅਜਾਇਬ ਚੀਜ਼ਾਂ ਘਣੀਆਂ ਬੇਟੀ ਕਾਰਨ ਘਲਦਾ
ਸ਼ਹਿਰ ਮਿਸਰ ਵੱਲ ਰਾਹ ਦੇਆਂ ਦਾ ਰਹੇ ਹਮੇਸ਼ਾ ਚਲਦਾ
ਰਾਜ ਵੱਲੋਂ ਸ਼ਹਿਜ਼ਾਦਾ ਹੋਇਆ ਜਮ ਸੁਲੇਮਾਂ ਸਾਨੀ
ਸ਼ਾਰਿਸਤਾਨ ਪਰਸਤਾਂ ਤੋੜੀ ਮੁਹਰ ਚਲੀ ਸੁਲਤਾਨੀ
ਖ਼ੁਸ਼ੀਆਂ ਦੀ ਕੁੱਝ ਰਹੀ ਨਾ ਬਾਕੀ ਦੌਲਤ ਇਸ਼ਰਤ ਸ਼ਾਹੀ
ਉਸਰੋਂ ਯਸੁਰ ਮੁਹੰਮਦ ਬਖ਼ਸ਼ਾ ਕੀਤਾ ਫ਼ਜ਼ਲ ਇਲਾਹੀ
ਮਸ਼ਰਿਕ ਮਗ਼ਰਿਬ ਧੁੰਮਾਂ ਪਈਆਂ ਵਾਹਵਾ ਸ਼ਾਹ ਮਿਸਰ ਦਾ
ਹਰ ਸੁਲਤਾਨ ਸਲਾਮੀ ਹੋਇਆ ਹਰ ਰਾਜਾ ਸਰਕਰਦਾ
ਜ਼ੁਲਮ ਸਿਤਮ ਦੀ ਆਲਮ ਉੱਤੇ ਜ਼ਰਾ ਨਾ ਰਹੀ ਨਿਸ਼ਾਨੀ
ਅਦਲ ਮੁਰੱਵਤ ਦਾ ਚੰਨ ਚੜ੍ਹਿਆ ਸੈਫ਼-ਮਲੂਕ ਨੂਰਾਨੀ
ਜਿਤਨੇ ਦੁੱਖ ਕਜ਼ੀਏੈ ਡਿਠੇ ਸਫ਼ਰ ਫ਼ਿਰਾਕ ਯਤੀਮੀ
ਸੈ ਹਿੱਸੇ ਸੁਖ ਹਾਸਲ ਹੋਏ ਕੀਤੀ ਰੱਬ ਕਰੀਮੀ
ਵਸਲ ਸੱਜਣ ਦਾ ਮੌਜ ਉਮਰ ਦੀ ਸੁਖ ਬਦਨ ਦਿਲ ਜਾਨੀ
ਜਾਰੀ ਹੁਕਮ ਵਲਾਇਤ ਉੱਤੇ ਤਾਬਿਅ ਜਿੰਨ ਇਨਸਾਨੀ
ਇਸ਼ਰਤ ਐਸ਼ ਰਹੇ ਨਿੱਤ ਕਰਦਾ ਹੁਕਮ ਬਹਿਸ਼ਤ ਨਿਸ਼ਾਨੀ
ਨਾ ਕੋਈ ਫ਼ਿਕਰ ਅੰਦੇਸ਼ਾ ਤੰਗੀ ਬਾਝੋਂ ਖ਼ੌਫ਼ ਰੱਬਾਨੀ
ਨਵੀਆਂ ਨਿੱਤ ਮੁਰਾਦਾਂ ਖ਼ੁਸ਼ੀਆਂ ਅੰਦਰ ਬਾਹਰ ਖ਼ੈਰੀ
ਪਰ ਬੇਫ਼ਿਕਰ ਨਾ ਛੱਡਦਾ ਦਾਇਮ ਓੜਕ ਅੰਬਰ ਵੈਰੀ
ਐ ਸਾਕੀ ਹੁਣ ਮੁਦਤ ਗੁਜ਼ਰੀ ਦਰ ਪਰ ਰਹਾਂ ਉਦਾਸੀ
ਪੁੱਟ ਮੂੰਹ ਮੱਟ ਉਲਟ ਨਸ਼ੇ ਦਾ ਕੱਟ ਚੁੱਕੇ ਝੱਟ ਹਾਸੀ ।(੮੭੪੦)
ਮੱਧ ਵਿਸਾਲ ਪਿਆਲ ਅਸਾਨੂੰ ਆਈ ਤਰੋਟ ਉਬਾਸੀ
ਪੀ ਪਿਆਲਾ ਟੁਰਾਂ ਮੁਹੰਮਦ ਹੋਇਆ ਜੀਅ ਉਦਾਸੀ
ਰੋਜ਼ੋਂ ਰਾਤ ਅਨ੍ਹੇਰੀ ਆਵੇ ਰਾਤੋਂ ਰੋਜ਼ ਨੂਰਾਨੀ
ਮਕਰ ਫ਼ਰੇਬ ਦਗ਼ਾ ਕਰ ਠੱਗੇ ਕੰਮ ਇਹੋ ਅਸਮਾਨੀ
ਇੱਕੇ ਨੂੰ ਚਾ ਗਗਨ ਚੜ੍ਹਾਂਦਾ ਵਾਂਙੂ ਸੂਰਜ ਪਾਕੇ
ਇਕ ਪਛਾਵੇਂ ਵਾਂਗ ਮੁਹੰਮਦ ਖ਼ੁਸ਼ ਰਹੇ ਵਿਚ ਖ਼ਾਕੇ
ਉਹੋ ਦਾਨਾ ਵਿਚ ਜਹਾਨਾਂ ਜੋ ਹਰ ਕੰਮ ਦੀ ਵਾਰੀ
ਬੋਲੀ-ਬਾਜ਼ ਅਸਮਾਨੇ ਤਾਈਂ ਜਾਣੇ ਨਾ ਇਤਬਾਰੀ
ਇੱਜ਼ਤ ਤੇ ਇਕਬਾਲ ਉਹਦੇ ਤੇ ਕਰੇ ਨਹੀਂ ਮਗ਼ਰੂਰੀ
ਨਾ ਵਿਚ ਸ਼ਾਮਤ ਤੇ ਬਦਬਖ਼ਤੀ ਛੋੜੇ ਤਰੋੜ ਸਬੂਰੀ
ਦੁਨੀਆਂ ਦਾ ਗ਼ਮ ਖਾਵੇ ਨਾਹੀਂ ਜੋ ਆਵੇ ਸਿਰ ਚਾਵੇ
ਆਖ਼ਰ ਦਾ ਕਰ ਖ਼ਰਚ ਮੁਹੰਮਦ ਰਾਜ਼ੀ ਹੋ ਘਰ ਜਾਵੇ
ਆਸਿਮ ਸ਼ਾਹ ਇਬਾਦਤ ਕਰਦਾ ਜਾਨੋਂ ਦਿਲੋਂ ਜ਼ਬਾਨੀ
ਦਰਦ ਫ਼ਿਰਾਕ ਮਿਜਾਜ਼ੀ ਅੰਦਰ ਖੁੱਲੇ ਸਿਰੱ ਹੱਕਾਨੀ
ਭੁਲੀ ਇਸ਼ਰਤ ਐਸ਼ ਜਹਾਨੀ ਲੱਗੀ ਛਿਕ ਹੱਕਾਨੀ
ਬਾਕੀ ਵੱਲ ਮੁਹੱਬਤ ਉੱਠੀ ਇਹ ਜੱਗ ਸੁਝਿਓਸੁ ਫ਼ਾਨੀ
ਫ਼ਾਨੀ ਦੀ ਅਸ਼ਨਾਈ ਕੋਲੋਂ ਦਿਲ ਬੇਜ਼ਾਰ ਹੋਇਆ ਸੀ
ਬਾਕੀ ਵੱਲ ਮੁਹੰਮਦ ਬਖਸ਼ਾ ਉਠ ਸਵਾਰ ਹੋਇਆ ਸੀ
ਜ਼ਿਕਰ ਸ਼ਹਾਦਤ ਕਲਮੇ ਪੜ੍ਹਦਾ ਖ਼ੁਸ਼ੀਆਂ ਨਾਲ਼ ਮੁਰਾਦਾਂ
ਆਸਿਮ ਸ਼ਾਹ ਪੱਕੇ ਘਰ ਟੁਰਿਆ ਛੱਡ ਕੱਚੀਆਂ ਬੁਨਿਆਦਾਂ ।(੮੭੫੦)
ਪਿੰਜਰ ਵਿਚ ਉਦਾਸੀ ਹੋਈ ਬੁਲਬੁਲ ਮਸਤ ਚਮਨ ਦੀ
ਫਾਹੀ ਗਰ ਨੇ ਲਾਈ ਕੁੜਿੱਕੀ ਕੈਦ ਮੱਕੀ ਜਲ-ਅੰਨ ਦੀ
ਆਸਿਮ ਸ਼ਾਹ ਬੁਲਾਇਆ ਬੇਟਾ ਸੀਨੇ ਛਿਕ ਲਗਾਇਆ
ਪੰਦ ਨਸੀਹਤ ਦਿੱਤੀ ਨਾਲ਼ੇ ਅਲਵਿਦਾ ਬੁਲਾਇਆ
ਸੁਖੀ ਵਸੇਂ ਤੂੰ ਸੈਫ਼-ਮਲੂਕਾ ਟੁਰਿਆ ਬਾਪ ਸਫ਼ਰ ਨੂੰ
ਮਾਤਮ ਸੋਗ ਨਾ ਕਰੋ ਸਫ਼ਰ ਦਾ ਚਲੇ ਅਸਲੀ ਘਰ ਨੂੰ
ਜਾਂ ਤੁਧ ਸਫ਼ਰ ਤਿਆਰੀ ਕੀਤੀ ਲੱਗੀ ਅਸਾਂ ਜੁਦਾਈ
ਮੁੜ ਮੁੜ ਮੋੜ ਰਹੇ ਸਾਂ ਤੈਨੂੰ ਖ਼ਬਰ ਨਾ ਆਹੀ ਕਾਈ
ਜਿਹਨਾ ਛਿਕ ਸੱਜਣ ਦੀ ਲੱਗੀ ਫੇਰ ਨਹੀਂ ਮੁੜ ਬਹਿੰਦੇ
ਅੱਜ ਸਾਨੂੰ ਕੋਈ ਮੋੜ ਨਾ ਸਕਦਾ ਨਾ ਮੋੜੇ ਹੁਣ ਰਹਿੰਦੇ
ਅਲਵਿਦਾ ਤੁਸਾਂ ਥੀਂ ਮੈਨੂੰ ਕੀਤਾ ਯਾਦ ਸਹੇਲੀ
ਅੱਲ੍ਹਾ ਬੇਲੀ ਜਾਨ ਅਕੇਲੀ ਚਲੀ ਛੋੜ ਹਵੇਲੀ
ਲੈ ਕੇ ਨਾਲ਼ ਗਿਆ ਜੋ ਆਇਆ ਕਾਸਿਦ ਤੇਜ਼ ਸੱਜਣ ਦਾ
ਆਸਿਮ ਸ਼ਾਹ ਪਿਆਲਾ ਪੀਤਾ ਹੋਇਆ ਆਹਰ ਦਫ਼ਨ ਦਾ
ਹਰਮਾਂ ਅੰਦਰ ਗਿਰੀਆਜ਼ਾਰੀ ਹੱਦੋਂ ਹੋਈ ਜ਼ਿਆਦਾ
ਆਹੀਂ ਢਾਹੀਂ ਖਲੀਂ ਬਾਹੀਂ ਰੋਂਦਾ ਖਲਾ ਸ਼ਹਿਜ਼ਾਦਾ
ਮੀਰ ਵਜ਼ੀਰ ਰਈਅਤ ਰੋਂਦੀ ਲਸ਼ਕਰ ਦੇ ਸਰਕਰਦੇ
ਕਿਉਂ ਸ਼ਾਹਾ ਮੂੰਹ ਕਜ ਅਸਾਂ ਥੀਂ ਹੋ ਚਲਿਓਂ ਪਸਪਰਦੇ
ਤੁਧ ਨਹੀਂ ਪਰਵਾਹ ਅਸਾਡੀ ਹੋਰਾਂ ਖ਼ਿਦਮਤਗਾਰਾਂ
ਕੌਣ ਅਸਾਨੂੰ ਯਾਦ ਕਰੇਸੀ ਯਾਰ ਮਿਲੇ ਜਦ ਯਾਰਾਂ ।(੮੭੬੦)
ਸਾਨੂੰ ਲਿਖ ਮੁਹਤਾਜੀ ਆਹੀ ਦਰਸ਼ਨ ਦੇ ਸਧਰਾਏ
ਇਕ ਇਕ ਦਮ ਦੀ ਸੁਹਬਤ ਤੇਰੀ ਸੌ ਸੌ ਐਬ ਗਵਾਏ
ਇਕ ਇਕ ਸੁਖ਼ਨ ਮੁਬਾਰਿਕ ਤੇਰਾ ਆਹਾ ਲਅਲ ਰੁਮਾਨੀ
ਹਰ ਹਰ ਪੰਦ ਤੁਸਾਡੇ ਅੰਦਰ ਹਰ ਦਿਲ ਦੀ ਜ਼ਿੰਦਗਾਨੀ
ਲੁਤਫ਼ ਅਹਿਸਾਨ ਮੁਰੱਵਤ ਸ਼ਫ਼ਕਤ ਕਰਸੀ ਕੌਣ ਅਜੇਹੀ
ਸ਼ਾਲਾ ਛਿਕ ਮੁਹੱਬਤ ਤੇਰੀ ਕਦੇ ਨਾ ਹੋਵੇ ਬੀਹੀ
ਮਿਗ਼ਫ਼ਰਤ ਕਰੇ ਰੱਬ ਤੈਨੂੰ ਦੇਂਦੇ ਅਸੀਂ ਦੁਆਈਂ
ਰਾਜ਼ੀ ਰਹੀਂ ਅਸਾਂ ਪਰ ਦਾਇਮ ਮੱਥੇ ਵੱਟ ਨਾ ਪਾਈਂ
ਕਫ਼ਨ ਸੰਦੂਕ ਤਿਆਰ ਕੀਤੋ ਨੇ ਗ਼ੁਸਲ ਦਿੱਤਾ ਉਲਮਾਵਾਂ
ਜ਼ਾਹਿਰ ਬਾਤਿਨ ਛਤਰ ਨੂਰਾਨੀ ਸਿਰ ਪਰ ਕਰਦੇ ਛਾਵਾਂ
ਨਾਲ਼ ਅਦਬ ਦੇ ਕਫ਼ਨ ਪਹਿਨਾਇਆ ਬੰਦ ਸੋਹਣੇ ਦਣਕਾਏ
ਕੇਸਰ ਅੰਬਰ ਇਤਰ ਗੁਲਾਬੋਂ ਭਰ ਸ਼ੀਸ਼ੇ ਛਿਣਕਾਏ
ਸ਼ਹਿਰ ਖ਼ਮੋਸ਼ਾਂ ਦੇ ਵੱਲ ਚੜ੍ਹਿਆ ਆਸਿਮ ਸ਼ਾਹ ਮਿਸਰ ਦਾ
ਫ਼ੌਜਾਂ ਦਾ ਕੁੱਝ ਅੰਤ ਨਾ ਰਿਹਾ ਸਦਕਾ ਗੰਜ ਗੌਹਰ ਦਾ
ਓਸ ਨਗਰ ਵਿਚ ਅੱਗੇ ਆਹੇ ਇਸ ਥੀਂ ਵੱਡੇ ਵਡੇਰੇ
ਸ਼ਾਹੀ ਛੋੜ ਰਿਹਾ ਹੋ ਬਰਦਾ ਧਰਤ ਉੱਤੇ ਕਰ ਡੇਰੇ
ਜਾਂ ਤਾਬੂਤ ਪਿਓ ਦਾ ਟੁਰਿਆ ਸੈਫ਼-ਮਲੂਕ ਸ਼ਹਿਜ਼ਾਦੇ
ਸਦਕੇ ਖ਼ੈਰ ਖ਼ੈਰਾਇਤ ਦਿੱਤੀ ਹੱਦੋਂ ਬਹੁਤ ਜ਼ਿਆਦੇ
ਰੁੱਪੇ ਮੁਹਰਾਂ ਲਅਲ ਜਵਾਹਰ ਮਾਣਕ ਮੋਤੀ ਹੀਰੇ
ਇਸ ਤਾਬੂਤ ਉੱਤੋਂ ਸਨ ਸੁੱਟੇ ਚੁਣ ਚੁਣ ਰੱਜੇ ਕੀਰੇ ।(੮੭੭੦)
ਜਿਉਂ ਕਰ ਸੈਫ਼-ਮਲੂਕੇ ਉੱਤੇ ਬਾਬਲ ਸੀ ਜ਼ਰ ਲਾਈ
ਤਿਵੇਂ ਸੈਫ਼-ਮਲੂਕ ਪਿਓ ਦੀ ਖੱਟੀ ਘੋਲ਼ ਘੁਮਾਈ
ਕਦਰ ਮੁਆਫ਼ਿਕ ਸਦਕੇ ਦਿੱਤੇ ਕਰ ਇਸਕਾਤ ਜ਼ਨਾਜ਼ਾ
ਸ਼ਾਹ ਮਹਿਲ ਵਿਚ ਦਾਖ਼ਲ ਹੋਇਆ ਬੰਦ ਕੀਤਾ ਦਰਵਾਜ਼ਾ
ਫ਼ਾਤਿਹਾ ਆਖ ਘਰਾਂ ਨੂੰ ਆਏ ਰੋਂਦੇ ਤਲੀਆਂ ਮਲਦੇ
ਹਾਇ ਹਾਇ ਦੁਨੀਆਂ ਤੇ ਕਿਸ ਰਹਿਣਾ ਭਲੇ ਭਲੇਰੇ ਚਲਦੇ
ਇਹ ਪੁਲ ਪੂਰ ਲੰਘਾਵਣ ਹਾਰਾ ਜੋ ਆਇਆ ਉਸ ਟੁਰਨਾ
ਕੌਣ ਮੁਕਾਮੀ ਹਰ ਦੇ ਸਿਰ ਤੇ ਕੂਚ ਨਿਕਾਰਾ ਘੁਰਨਾ
ਦੁਨੀਆਂ ਬਾਗ਼ ਪੁਰਾਣਾ ਭਾਈ ਨਵੇਂ ਨਵੇਂ ਫੁੱਲ ਬੰਦੇ
ਫੁੱਲਣ ਸਾਥ ਚੁਣੀਂਦੇ ਬਾਅਜ਼ੇ ਇਕ ਕੋਈ ਰੋਜ਼ ਵਸੰਦੇ
ਹਰ ਇਕ ਸ਼ਾਖ਼ ਉਮਰ ਦੀ ਨਾਲ਼ੋਂ ਤੋੜ ਖੜੇ ਜਦ ਮਾਲੀ
ਪੱਤਾਂ ਫੁੱਲਾਂ ਪਵੇ ਵਿਛੋੜਾ ਰੋ ਰੋ ਕਹਿੰਦੀ ਡਾਲ਼ੀ
ਪੇਟੋਂ ਪਾੜ ਸ਼ਿਗੂਫ਼ੇ ਕੱਢੇ ਫੁੱਲ ਹੋਵੇ ਰੰਗ ਵਾਲੇ
ਮਾਲੀ ਤਰੋੜ ਬਾਜ਼ਾਰੀਂ ਸੁੱਟੇ ਬੁਰੇ ਵਿਛੋੜੇ ਡਾਲੇ
ਅਸਾਂ ਇਹਨਾਂ ਕਦ ਮਿਲਣਾ ਮੁੜ ਕੇ ਪਈ ਹਮੇਸ਼ ਜੁਦਾਈ
ਰੋਵਣ ਫੁੱਲ ਮੁਹੰਮਦ ਬਖਸ਼ਾ ਰੱਜ ਨਾ ਸ਼ਾਖ਼ ਹੰਢਾਈ
ਕਈ ਬਹਾਰਾਂ ਹੋ ਹੋ ਗਈਆਂ ਢੱਠੇ ਪੱਤ ਬਿਚਾਰੇ
ਕਈ ਹਜ਼ਾਰਾਂ ਭੌਰ ਗੁਲਾਂ ਦੇ ਕਰ ਕਰ ਗਏ ਨਜ਼ਾਰੇ
ਜਾਂਦੇ ਕਿਤੇ ਨਾ ਨਜ਼ਰੀਂ ਆਏ ਗੁਲ ਫੁੱਲ ਭੌਰ ਹਜ਼ਾਰਾਂ
ਦਸਤਾਰਾਂ ਸਿਰ ਮਿੱਟੀ ਹੋਏ ਸੈਂਕੜਿਆਂ ਸਰਦਾਰਾਂ ।(੮੭੮੦)
ਲਾਖਾਂ ਸਰਵ ਆਜ਼ਾਦ ਉਚੇਰੇ ਹੋ ਢੱਠੇ ਸਿਰ ਪਰਨੇ
ਲੱਖ ਲਾਲੇ ਰੰਗ ਲਾਲਾਂ ਵਾਲੇ ਗਾਲੇ ਦਾਗ਼ ਹਿਜਰ ਨੇ
ਕਹਾਂ ਗਏ ਜਮਸ਼ੈਦ ਫ਼ਰੇਦੂੰ ਕਹਾਂ ਸਿਕੰਦਰ ਦਾਰਾ
ਅਫ਼ਲਾਤੂਨ ਅਰਸਤੂ ਕਿੱਥੇ ਕਰਦੇ ਅਕਲ ਪਸਾਰਾ
ਕੈਕਾਊਸ ਸਿਆਊਸ ਕਿੱਥੇ ਬਹਿਮਨ ਨਾਗ ਡੰਗਾਲਾ
ਕੈਖ਼ੁਸਰੋ ਤੇ ਰੁਸਤਮ ਦਸਤਾਂ ਸਾਮ ਨਾ ਹੋਇਆ ਸੰਭਾਲਾ
ਦੁਨੀਆਂ ਨਾਲ਼ ਨਾ ਗਈ ਕਿਸੇ ਦੇ ਟੁਰ ਟੁਰ ਗਏ ਇਕੱਲੇ
ਉਹੋ ਭਲੇ ਜਿਹਨਾ ਛੰਡ ਰੱਖੇ ਇਸ ਧੂੜੋਂ ਹੱਥ ਪੱਲੇ
ਜੰਮਦੜਿਆਂ ਵਿਚ ਖ਼ਾਕੂੰ ਸੁੱਤੇ ਚਿੱਕੜ ਪੈਰ ਨਾ ਭਰਿਆ
ਇਸ ਜੂਏ ਜਿਸ ਬਾਜ਼ੀ ਲਾਈ ਕਿਸ ਨਹੀਂ ਧਨ ਹਰਿਆ
ਦਾਨਿਸ਼ਮੰਦਾਂ ਦਾ ਕੰਮ ਨਾਹੀਂ ਦੁਨੀਆਂ ਤੇ ਦਿਲ ਲਾਣਾ
ਇਸ ਵਹੁਟੀ ਲੱਖ ਖ਼ਾਵੰਦ ਕੀਤੇ ਜੋ ਕੀਤਾ ਸੋ ਖਾਣਾ
ਜਿਸ ਛੱਡੀ ਇਹ ਬੱਚੇ ਖਾਣੀ ਸੋਈਓ ਸੁਘੜ ਸਿਆਣਾ
ਐਸੀ ਡਾਇਣ ਨਾਲ਼ ਮੁਹੰਮਦ ਕਾਹਨੂੰ ਅਕਦ ਪੜ੍ਹਾਣਾ
ਨਿੱਤ ਨਵੀਂ ਇਹ ਬਣ ਬਣ ਬਹਿੰਦੀ ਬੁਢੀ ਮੂਲ ਨਾ ਦਿਸਦੀ
ਹਰ ਇਕ ਸੰਗ ਕਰੇਂਦੀ ਗੋਸ਼ੇ ਨਹੀਂ ਇੱਕੇ ਪਰ ਵਿਸਦੀ
ਸੋਈਓ ਨਿਹੁੰ ਲਗਾਂਦਾ ਇਸ ਦਾ ਸ਼ਾਮਤ ਆਈ ਜਿਸ ਦੀ
ਹਰ ਭਰਤੇ ਦਾ ਭਰਤਾ ਕੀਤੋਸੁ ਬਣੀ ਮੁਹੰਮਦ ਕਿਸ ਦੀ
ਹੋ ਹੋ ਗਏ ਤਖ਼ਤ ਦੇ ਸਾਈਂ ਤਾਜ ਸਿਰਾਂ ਪਰ ਧਰ ਕੇ
ਮਹਾਰਾਜੇ ਸੁਲਤਾਨ ਕਹਾਏ ਸ਼ਾਨ ਉਚੇਰਾ ਕਰ ਕੇ ।(੮੭੯੦)
ਨੰਗੀਂ ਪੈਰੀਂ ਗਏ ਬੇਦੇਸ਼ੇਂ ਖ਼ਾਕ ਰਲੇ ਸਭ ਮਰ ਕੇ
ਕਰੋ ਕੀ ਮਾਣ ਮੁਹੰਮਦ ਬਖਸ਼ਾ ਰਹੋ ਨਿਮਾਣੇ ਡਰ ਕੇ
ਡਿਓਢ
ਮਾਤਮ ਸੋਗ ਸੰਸਾਰ ਤਮਾਮੀ ਜਾਇ ਖ਼ੁਸ਼ੀ ਦੀ ਨਾਹੀਂ, ਸਮਝ ਕਦਾਹੀਂ
ਇਕ ਇਕ ਕਦਮ ਸ਼ਾਹਾਂ ਦੇ ਸਿਰ ਤੇ ਖ਼ਲਕ ਟੁਰੇ ਜੋ ਰਾਹੀਂ, ਮਾਰੇ ਪਾਹੀਂ
ਫੇਰ ਨਹੀਂ ਮੁੜ ਆਵਣ ਲੱਗੇ ਨੀਰ ਗਏ ਵਗ ਵਾਹੀਂ, ਖੋਕੇ ਲਾਹੀਂ
ਜੋ ਕਰੀਏ ਸੋ ਅੱਜ ਮੁਹੰਮਦ ਭਲਕ ਨਾ ਹੋਗ ਇਥਾਈਂ, ਭਰਸੇਂ ਆਹੀਂ
ਪੀਂਘਾਂ ਬਹੁਤ ਹੁਲਾਰੇ ਚੜ੍ਹੀਆਂ ਤਰੁਟ ਜ਼ਿਮੀਂ ਪਰ ਝੜੀਆਂ
ਕੁੜੀਆਂ ਫੇਰ ਨਾ ਮੁੜੀਆਂ ਪੇਕੇ ਸਾਹੁਰਿਆਂ ਛਿਕ ਖੜੀਆਂ
ਮੋਤੀ ਕਦ ਮਿਲੇ ਮੁੜ ਸਿੱਪਾਂ ਵੰਝ ਪਏ ਵਿਚ ਲੜੀਆਂ
ਡਿੱਗੀਆਂ ਫਲੀਆਂ ਖ਼ਾਕੂ ਰਲੀਆਂ ਫੇਰ ਰੁੱਖੀਂ ਕਦ ਚੜ੍ਹੀਆਂ
ਜਿੱਤ ਵੱਲ ਵੇਖੋ ਫ਼ਿਕਰ ਜੁਦਾਈ ਕਿਤੇ ਮਿਲਾਪ ਨਾ ਸੁਖ ਦਾ
ਲੰਬ ਅੰਗਾਰ ਨਾ ਕੱਠੇ ਰਹਿਸਨ ਇਤ ਗ਼ਮ ਧੂੰਆਂ ਧੁਖਦਾ
ਸੁਣ ਮੁਰਲੀ ਦੀ ਲੱਕੜ ਕੋਲੋਂ ਦਰਦ ਵਿਛੋੜਾ ਰੁੱਖ ਦਾ
ਸਭਨਾ ਦਾ ਇਹ ਹਾਲ ਮੁਹੰਮਦ ਕਹੋ ਕੀ ਹਾਲ ਮਨੁੱਖ ਦਾ
ਮਿੱਟੀ ਘੱਟੇ ਰੁਲਦਾ ਜਾਂਦਾ ਜੋ ਕੋਈ ਸੁੰਦਰ ਮੁੱਖ ਸੀ
ਘਾਟ ਮਿਲੇ ਦਿਲ ਰਲਿਆ ਨਾਹੀਂ ਤਾਂ ਕਿਸ ਕਿਸ ਦੀ ਭੁੱਖ ਸੀ
ਦੁੱਖ ਦਿਖਾ ਗਏ ਟਰ ਅੱਗੇ ਜਿਹਨਾਂ ਅਸਾਡਾ ਦੁੱਖ ਸੀ
ਮਤਲਬ ਦੇ ਅਫ਼ਸੋਸ ਮੁਹੰਮਦ ਕੌਣ ਅਸਾਂ ਲਈ ਝੁਖਸੀ
ਕਿੱਥੇ ਗੱਲ ਗਿਉਂ ਉਠ ਕਿੱਥੇ ਕਰ ਕੁੱਝ ਸੁਰਤ ਫ਼ਕੀਰਾ
ਕਿੱਸਾ ਛੋੜ ਵੜੇਂ ਵਿਚ ਜਾਲਾਂ ਭੱਜ ਭੱਜ ਤੁਰਤ ਫ਼ਕੀਰਾ ।(੮੮੦੦)
ਹੋਰ ਰਜ਼ਾ ਕਜ਼ਾ ਮੰਨੀ ਸੀ ਜੋ ਕੁੱਝ ਰੱਬ ਇਰਾਦਾ
ਮਾਤਮ ਫ਼ਾਤਿਹਾ ਖ਼ੈਰ ਦਰੂਦੋਂ ਫ਼ਾਰਗ਼ ਹੋਇਆ ਸ਼ਹਿਜ਼ਾਦਾ
ਠੱਪ ਕਿਤਾਬ ਗ਼ਮਾਂ ਦੀ ਰੱਖੀ ਸ਼ਾਦੀ ਦਫ਼ਤਰ ਫੋਲੇ
ਜੀਵਨ ਕੇ ਤਿਉਂ ਇਕਬਾਲ ਹਕੂਮਤ ਪੈਣ ਨਾ ਦਿੱਤੇ ਰੌਲੇ
ਨਵੇਂ ਲਏ ਸਰੋਪਾ ਵਜ਼ੀਰਾਂ ਸਦਰ ਚੜ੍ਹੇ ਮੁੜ ਸਦਰੇ
ਫ਼ੌਜਾਂ ਰਈਅਤ ਅੰਦਰ ਵਰਤੇ ਖ਼ਿਲਅਤ ਕਦਰ-ਬ-ਕਦਰੇ
ਕਰਦਾ ਅਦਲ ਇਨਸਾਫ਼ ਸ਼ਹਿਜ਼ਾਦਾ ਖ਼ਲਕ ਮੁਰਾਦਾਂ ਤੱਕੇ
ਸਖ਼ਤ ਸਜ਼ਾ ਤੰਬੀਹਾਂ ਲੈਂਦੇ ਜ਼ਾਲਮ ਚੋਰ ਉਚੱਕੇ
ਮੈਲ਼ੀ ਨਜ਼ਰੇ ਵੇਖ ਨਾ ਸਕੇ ਬਾਜ਼ ਕਬੂਤਰ ਤਾਈਂ
ਪਤਣ ਤੇ ਰਲ਼ ਪਾਣੀ ਪੀਂਦੇ ਸ਼ੇਰ ਬੱਬਰ ਤੇ ਗਾਈਂ
ਭੇਡਾਂ ਤੇ ਬਘਿਆੜ ਇਕੱਠੇ ਫਿਰਦੇ ਵਿਚ ਉਜਾੜਾਂ
ਕੋਈ ਕਿਸੇ ਨੂੰ ਛੇੜ ਨਾ ਸਕੇ ਅਦਲ ਝਕਾਈਆਂ ਵਾੜਾਂ
ਪਿਓ ਦਾਦੇ ਦੇ ਕਸਬ ਹੁਨਰ ਥੀਂ ਹਰ ਕੋਈ ਕਰੇ ਕਮਾਈਆਂ
ਧਾੜੇ-ਮਾਰੂ ਕਰਨ ਮਜ਼ੂਰੀ ਚੋਰ ਕਰੇਂਦੇ ਲਾਈਆਂ
ਜਿਸ ਜਿਸ ਕੰਮ ਦੇ ਲਾਇਕ ਕੋਈ ਤਿਸ ਤਿਸ ਕੰਮ ਤੇ ਲਾਇਆ
ਦਾਨਿਸ਼ਮੰਦਾਂ ਲਾਇਕ ਦਾਰਾਂ ਪਾਇਆ ਆਲੀ ਪਾਇਆ
ਮੁਲਕਾਂ ਅੰਦਰ ਖ਼ੁਸ਼ੀਆਂ ਖ਼ੁਸ਼ੀਆਂ ਦੇਂਦਾ ਜੱਗ ਦੁਆਈਂ
ਜ਼ਿਲਿ ਅੱਲ੍ਹਾ ਅਸਾਡੇ ਸਿਰ ਤੇ ਰਹੇ ਕਿਆਮਤ ਤਾਈਂ
ਜ਼ੁਲਮ ਸਿਤਮ ਦਾ ਪੁੱਟ ਗਵਾਇਆ ਜਿਸ ਨੇ ਤੁਖ਼ਮ ਜ਼ਮੀਨੋਂ
ਆਲਮ ਉੱਤੇ ਦੀਵਾ ਬਲਿਆ ਸਿਦਕ ਇਸਲਾਮੋਂ ਦੀਨੋਂ ।(੮੮੧੦)
ਲੰਗਰ ਦਰਸ ਲਵਾਏ ਸ਼ਹਿਰੀਂ ਰਾਹਾਂ ਵਿਚ ਸਬੀਲਾਂ
ਆਸ ਮੰਦਾਂ ਦੀ ਆਸ ਪੁਚਾਵੇ ਬੁਝੇ ਸ਼ਾਹ ਦਲੀਲਾਂ
ਨਾਲ਼ ਬਦੀਅ-ਜਮਾਲ ਪਰੀ ਦੇ ਰੱਜ ਰੱਜ ਖ਼ੁਸ਼ੀਆਂ ਕਰਦਾ
ਅੱਵਲ ਕੌੜਾ ਜ਼ਹਿਰ ਮੁਹੰਮਦ ਮਿੱਠਾ ਫਲ਼ ਸਬਰ ਦਾ
ਆਸ਼ਿਕ ਤੇ ਮਾਸ਼ੂਕ ਦੋਹਾਂ ਦੇ ਚਾਨਣ ਚੈਨ ਉਜਾਲ਼ਾ
ਸ਼ਾਹ-ਪਰੀ ਦੇ ਪੇਟੋਂ ਹੋਇਆ ਬੇਟਾ ਸੂਰਤ ਵਾਲਾ
ਦਮ ਦਮ ਸ਼ੁਕਰ ਇਲਾਹੀ ਪੜ੍ਹਦੇ ਪੁੰਨੀਆਂ ਸਭ ਮੁਰਾਦਾਂ
ਬਹੁਤੀ ਉਮਰ ਗੁਜ਼ਾਰੀ ਦੋਹਾਂ ਐਸ਼ਾਂ ਨਾਲ਼ ਸਵਾਦਾਂ
ਹਾਏ ਅਫ਼ਸੋਸ ਉਨ੍ਹਾਂ ਦਾ ਜਿਹੜੇ ਸਿਕਦੇ ਮਿਲਣ ਪਿਆਰੇ
ਸੀਨੇ ਲਾਵਣ ਇੱਕ ਹੋ ਜਾਵਣ ਗ਼ਮ ਭੁਲਾਵਣ ਸਾਰੇ
ਧੋਤੇ ਜਾਣ ਗ਼ੁਬਾਰ ਦਿਲਾਂ ਦੇ ਚਿੰਤਾ ਰਹੇ ਨਾ ਕਾਈ
ਐਸ਼ਾਂ ਖ਼ੁਸ਼ੀਆਂ ਵਿਚ ਗੁਜ਼ਾਰਨ ਕੋਈ ਦਿਨ ਨਾਲ਼ ਸਫ਼ਾਈ
ਅਚਨਚੇਤ ਹਨੇਰੀ ਝੁੱਲੀ ਸ਼ਮ੍ਹਾ ਖ਼ੁਸ਼ੀ ਦੀ ਬੁਝੀ
ਬਾਗ਼ ਦਿਲਾਂ ਦੇ ਪੁੱਟ ਉੱਡਾਏ ਖ਼ਿਜ਼ਾਂ ਹਿਜਰ ਦੀ ਸੁੱਝੀ
ਧੁੰਦੂਕਾਰ ਗ਼ੁਬਾਰੀ ਪਾਵੇ ਮਾਰੋਮਾਰ ਕਰੇਂਦੀ
ਬਾਗ਼ ਵਸਲ ਦੇ ਅੰਦਰ ਆਵੇ ਜ਼ੇਬ ਖ਼ਵਾਰ ਕਰੇਂਦੀ
ਲੰਮੀ ਹਰੀ ਉਮੀਦਾਂ ਵਾਲੀ ਡਾਲ਼ੀ ਤਰੋੜ ਗਵਾਵੇ
ਖ਼ੁਸ਼ੀਆਂ ਦੇ ਭੰਨ ਡਾਲ ਤਮਾਮੀ ਡਾਲ਼ ਜ਼ਿਮੀਂ ਪਰ ਜਾਵੇ
ਸੈਫ਼-ਮਲੂਕ ਹੋਇਆ ਰੰਗ ਰਤਾ ਨਾਲ਼ ਬਦੀਅ-ਜਮਾਲੇ
ਸਦਾ ਮਿਲਾਪ ਆਰਾਮ ਦੋਹਾਂ ਨੂੰ ਗ਼ਮ ਨਾ ਖ਼ਾਬ ਖ਼ਿਆਲੇ ।(੮੮੨੦)
ਅੰਦਰ ਬਾਹਰ ਖ਼ੁਸ਼ੀ ਪਰੀ ਨੂੰ ਨਾ ਦੁੱਖ ਦਰਦ ਨਿਸ਼ਾਨੀ
ਨਾ ਕੋਈ ਖ਼ਬਰ ਵਿਛੋੜੇ ਵਾਲੀ ਨਾ ਕੋਈ ਫ਼ਿਕਰ ਜਹਾਨੀ
ਸਾਲ ਪੰਜਾਹ ਪਿਉ ਦੇ ਪਿੱਛੋਂ ਸੈਫ਼-ਮਲੂਕ ਲੰਘਾਏ
ਭਰ ਭਰ ਪੀਤੇ ਵਸਲ ਪਿਆਲੇ ਤਰੋਟਕ ਦੇ ਦਿਨ ਆਏ
ਸਭ ਮੁਰਾਦਾਂ ਹਾਸਲ ਹੋਈਆਂ ਸੁਖ ਸੁਹਾਗ ਹੰਢਾਵਣ
ਪਰ ਦੁਸ਼ਮਣ ਅਸਮਾਨ ਮੁਹੰਮਦ ਖ਼ੁਸ਼ ਇਨਸਾਨ ਨਾ ਭਾਵਣ
ਜਾਂ ਉਸ ਦਾ ਹੱਥ ਪਹੁੰਚੇ ਭਾਈ ਪਾਵੇ ਅੰਤ ਜੁਦਾਈ
ਸੈਫ਼-ਮਲੂਕ ਉਦਾਸੀ ਹੋਇਆ ਦੁਨੀਆਂ ਦਿਲੋਂ ਹਟਾਈ
ਇਹ ਪਰਵਾਨਾ ਮੌਤ ਲਿਆਂਦਾ ਫ਼ਾਨੀ ਜੱਗੋਂ ਤੱਗ਼ਈਰੀ
ਦਾਰ-ਉਲ-ਬਕਾ ਅੰਦਰ ਚੱਲ ਸ਼ਾਹਾ ਕਰ ਕੇ ਵੇਸ ਫ਼ਕੀਰੀ
ਵਾਗਾਂ ਮੋੜ ਉਮੀਦਾਂ ਵੱਲੋਂ ਖਿੱਚ ਲੈ ਪੈਰ ਰਕਾਬੀ
ਜਗ-ਜੀਵਨ ਦੇ ਘੋੜੇ ਉਤੋਂ ਉੱਤਰ ਹੇਠ ਸ਼ਿਤਾਬੀ
ਸੈਫ਼-ਮਲੂਕ ਸੁਨੇਹਾ ਸੁਣ ਕੇ ਬਹੁਤ ਦਿਲੋਂ ਖ਼ੁਸ਼ ਹੋਇਆ
ਇਸ ਪਾਸੋਂ ਮੂੰਹ ਕਜ ਲਿਓ ਨੇ ਉਸ ਪਾਸੇ ਵੱਲ ਢੋਇਆ
ਬੇਟੇ ਨੂੰ ਸੱਦ ਤਖ਼ਤ ਬਹਾਇਓਸੁ ਪੰਦ ਵਸੀਅਤ ਦੇ ਕੇ
ਆਪ ਜਹਾਨੋਂ ਰੁਖ਼ਸਤ ਹੋਇਆ ਖ਼ਰਚ ਇਸ਼ਕ ਦਾ ਲੈ ਕੇ
ਜਾਂ ਉਹ ਘੜੀ ਨਜ਼ਾ ਦੀ ਆਈ ਕਹਿਓਸੁ ਪਰੀ ਨਾ ਆਈ
ਨਾਲ਼ ਉਹਦੇ ਮਿਲ ਰੁਖ਼ਸਤ ਹੋਈਏ ਹੋਵੇ ਨਾ ਬੇਵਫ਼ਾਈ
ਕੀਤੀ ਅਰਜ਼ ਵਜ਼ੀਰਾਂ ਸ਼ਾਹਾ ਉਹ ਮਹਿਬੂਬ ਪਿਆਰੀ
ਹਾਲਤ ਵੇਖ ਫ਼ਿਰਾਕ ਤੇਰੇ ਥੀਂ ਕਰਸੀ ਗਿਰੀਆਜ਼ਾਰੀ ।(੮੮੩੦)
ਬੇਦਿਲ ਹੋਸੀ ਦਿਲਬਰ ਤੇਰੀ ਤੱਕ ਕੇ ਸਫ਼ਰ ਤਿਆਰੀ
ਦਿਲਬਰ ਨੂੰ ਦਿਲਗੀਰ ਤੱਕਣ ਥੀਂ ਲਗਸੀ ਦਰਦ ਕਹਾਰੀ
ਅੱਖੀਂ ਅੱਗੇ ਵੇਖ ਨਾ ਤੁਰਸੋ ਉਸ ਦੇ ਵੈਣ ਸਿਆਪੇ
ਜੋ ਕੁੱਝ ਰੱਬ ਉਹਦੇ ਸਿਰ ਲਿਖੀ ਪਈ ਕੱਟੇਗੀ ਆਪੇ
ਅਜ਼ਰਾਈਲ ਫ਼ਰਿਸ਼ਤਾ ਆਇਆ ਲੈ ਕੇ ਹੁਕਮ ਜਨਾਬੀ
ਪੜ੍ਹਿਆ ਸ਼ਾਹ ਇਸ਼ਕ ਦਾ ਕਲਮਾ ਦਿੱਤੀ ਜਾਨ ਸ਼ਿਤਾਬੀ
ਉਡਿਆ ਭੌਰ ਅਸਮਾਨੇ ਚੜ੍ਹਿਆ ਆਇਓਸੁ ਬੂ ਬਹਿਸ਼ਤੀ
ਗਿਆ ਮੱਲਾਹ ਮੁਹੰਮਦ ਬਖਸ਼ਾ ਛੋੜ ਸ਼ਿਕਸਤੀ ਕਿਸ਼ਤੀ
ਹੁਦ ਹੁਦ ਛੁੱਟ ਗਿਆ ਇਸ ਕੈਦੋਂ ਛਿਕ ਲੱਗੀ ਸਰਕਾਰੀ
ਸ਼ਹਿਰ ਸਬਾ ਨੂੰ ਹੋਇਆ ਰਵਾਨਾ ਕਰ ਕੇ ਤੇਜ਼ ਉਡਾਰੀ
ਬਾਸ ਬਸੰਤ ਬਹਾਰੋਂ ਆਇਓਸੁ ਛੱਡ ਜੰਗਲ਼ ਦੀ ਵਾਸੀ
ਪਿੰਜਰਾ ਸੱਟ ਚਮਨ ਵੱਲ ਉਡੀ ਬੁਲਬੁਲ ਜਿੰਦ ਉਦਾਸੀ
ਮੰਜ਼ਿਲ ਗੋਰ ਸ਼ਹਾਨੀ ਕਰ ਕੇ ਕੀਤਾ ਦਫ਼ਨ ਸ਼ਹਿਜ਼ਾਦਾ
ਮਾਤਮ ਢਾਹੋ ਢਾਹ ਕਚਹਿਰੀ ਹੋਇਆ ਸ਼ੋਰ ਜ਼ਿਆਦਾ
ਨਿਕਲ ਗਿਆ ਤਰਾਹ ਪਰੀ ਦਾ ਤਰੁਟਾ ਤਰਾਣ ਬਦਨ ਥੀਂ
ਗ਼ੈਬੋਂ ਸਾਂਗ ਕਲੇਜੇ ਲੱਗੀ ਗਈ ਦੋਵਸਲ ਮਨ ਥੀਂ
ਪੁਛਿਓਸੁ ਕੈਸਾ ਸ਼ੋਰ ਕਕਾਰਾ ਜਿਸ ਮੇਰੀ ਜਿੰਦ ਮੁੱਠੀ
ਹਾਇ ਹਾਇ ਲੋਕਾ ਨਜ਼ਰ ਨਾ ਆਈ ਕਿਸ ਛੁਰੀ ਮੈਂ ਕੁੱਠੀ
ਕਿਸ ਆਫ਼ਤ ਨੇ ਫੁਰਨਾ ਫੜਿਆ ਬਾਜ਼ ਤਿੱਤਰ ਜਿਉਂ ਫੜਦਾ
ਨਾਗ ਨਾ ਡਿੱਠਾ ਮੈਂ ਕਿਨ ਡੰਗੀ ਜ਼ਹਿਰ ਕਲੇਜੇ ਵੜਦਾ ।(੮੮੪੦)
ਲੋਕਾਂ ਸੱਚ ਸੁਣਾਇਆ ਬੀਬੀ ਕੂਚ ਕੀਤਾ ਅੱਜ ਸ਼ਾਹਾਂ
ਤਖ਼ਤ ਉੱਤੋਂ ਲਹਿ ਤਖ਼ਤੇ ਬੈਠੇ ਦੁਨੀਆਂ ਛੋੜ ਪਿਛਾਹਾਂ
ਏਸ ਮਕਾਨੋਂ ਉਠ ਖਲੋਤੇ ਹੋਏ ਵਿਦਾਅ ਜਹਾਨੋਂ
ਵਤਨ ਮੁਕਾਮ ਪਸੰਦ ਕੀਤੋ ਨੇ ਲਾ ਮਕਾਮ ਮਕਾਨੋਂ
ਕੰਨ ਆਵਾਜ਼ ਪਰੀ ਨੂੰ ਜਿਸ ਦਮ ਪਾਇਆ ਪਾਵਣ ਹਾਰੇ
ਹੋ ਬੇਹੋਸ਼ ਜ਼ਿਮੀਂ ਪਰ ਢੱਠੀ ਜਾਨ ਪਰਾਣ ਵਿਸਾਰੇ
ਕਿਤਨੇ ਰੋਜ਼ ਬੇਹੋਸ਼ ਰੱਖੀ ਸੀ ਦਹਿਸ਼ਤ ਏਸ ਸੁਖ਼ਨ ਦੀ
ਆਸ਼ਿਕ ਕਿਉਂ ਕਰ ਜਰਨ ਮੁਹੰਮਦ ਸੁਣ ਬਦ ਖ਼ਬਰ ਸੱਜਣ ਦੀ
ਜਾਂ ਕੋਈ ਸਾਇਤ ਹੋਸ਼ ਸੰਭਾਲੇ ਮਿਲਦਾ ਇਹੋ ਅਵਾਜ਼ਾ
ਮੁੜ ਹੁੰਦੀ ਬੇਹੋਸ਼ ਨਿਮਾਣੀ ਦਰਦ ਇਹੋ ਕਰ ਤਾਜ਼ਾ
ਬਹੁਤੇ ਰੋਜ਼ ਗੁਜ਼ਾਰੇ ਐਵੇਂ ਓੜਕ ਅੱਖ ਉਘਾੜੀ
ਸੈਫ਼-ਮਲੂਕ ਨਾ ਨਜ਼ਰੀਂ ਆਇਆ ਹੋਇਓਸੁ ਹਸ਼ਰ ਦਿਹਾੜੀ
ਨਾ ਉਹ ਸ਼ਾਹ ਤਖ਼ਤ ਪਰ ਡਿਠੋਸੁ ਨਾ ਤਾਬੂਤ ਰਵਾਨਾ
ਇਕੋ ਖ਼ਬਰ ਸੁਣਾਈ ਲੋਕਾਂ ਉਹ ਤੱਕ ਕੀਤਾ ਖ਼ਾਨਾ
ਛਾਤੀ ਤੇ ਹੱਥ ਮਾਰੇ ਅੱਵਲ ਝੱਗਾ ਪਾੜ ਗਵਾਇਆ
ਮੱਤ ਇਹ ਧੂੰਆਂ ਬਾਹਰ ਨਿਕਲੇ ਸੀਨੇ ਮੰਘ ਬਣਾਇਆ
ਹੱਥੋਂ ਹੋਰ ਪਈ ਇਸ ਮੰਘੋਂ ਬਿਜਲੀ ਦਰਦ ਕਹਿਰ ਦੀ
ਸੜਦੀ ਬਲਦੀ ਉਠਦੀ ਝੜਦੀ ਨਾ ਜੀਵੇ ਨਾ ਮਰਦੀ
ਚੂੰਢੀਆਂ ਮਾਰੇ ਮਾਸ ਉਤਾਰੇ ਛਿਲ ਸਟਿਓਸੁ ਰੁਖ਼ਸਾਰੇ
ਰੱਤ ਬਿਝੋਲ ਹੋਇਆ ਸਭ ਚਿਹਰਾ ਸੁਰਖ਼ ਹੋਏ ਹੱਥ ਸਾਰੇ ।(੮੮੫੦)
ਵੱਟ ਮੁਠੀ ਵੱਟ ਮਾਰੇ ਛਾਤੀ ਵੱਟ ਪਏ ਜਦ ਸੀਨੇ
ਵੱਟ ਲਏ ਦੁੱਖ ਇਸ਼ਕ ਬਪਾਰੋਂ ਦੇ ਕੇ ਸੁਖ ਨਗੀਨੇ
ਪਿਟ ਪਿਟ ਪੱਟ ਕੀਤੇ ਪਟ ਰਤੇ ਪੱਟ ਪਟੇ ਘੱਤ ਘੱਟੇ
ਸੱਟ ਸਿਰ ਸਟ ਸਿਰੇ ਦੀ ਲੈਂਦੀ ਭੰਨ ਜ਼ੇਵਰ ਸਟ ਸੱਟੇ
ਪਟਕ ਪਟਕ ਜ਼ਿਮੀਂ ਪਰ ਪਟਕੇ ਪਟਕੇ ਖਾ ਫਟਕ ਦੇ
ਕੱਟ ਕੱਟ ਹੱਥ ਪੀਵੇ ਰੱਤ ਗਟ ਗਟ ਮਾਰੀ ਦਰਦ ਕਟਕ ਦੇ
ਅੰਦਰ ਲਾਟ ਲਟਕ ਦੀ ਲਟਕੇ ਲੁੱਟੀ ਲਟਕ ਲੁਟਾਕੇ
ਦਰਦ ਵਿਛੋੜੇ ਫਾਟਕ ਪਾਇਆ ਮੂੰਹ ਮੂੰਹ ਮਾਰ ਪਟਾਕੇ
ਕਦੇ ਤਮਾਚੇ ਮੂੰਹ ਪਰ ਮਾਰੇ ਕਦੇ ਘੱਤੇ ਹੱਥ ਵਾਲਾਂ
ਤੋੜੇ ਛਿਕ ਕੰਨੋਂ ਛਿਕ ਵਾਲੀ ਤਰੋੜ ਸੁਟੀ ਗਲ ਮਾਲਾਂ
ਜ਼ੁਲਫ਼ ਪੱਟੀ ਕਰ ਮੇਂਢੀ ਮੇਂਢੀ ਗਲੀਂ ਨਾਗ ਖਿਲਾਰੇ
ਓਸੇ ਨੂੰ ਸਭ ਨਾਗਣੀਆਂ ਨੇ ਮੁੜ ਮੁੜ ਕੇ ਡੰਗ ਮਾਰੇ
ਜਾਂ ਬੇਤਾਬ ਹੋਈ ਰਹਿ ਮੁੱਕੀ ਪਿਟ ਕੁਟਿਓਂ ਭੰਨ ਵੰਗਾਂ
ਕਰ ਕਰ ਵੈਣ ਲੱਗੀ ਫਿਰ ਰੋਵਣ ਕੂਕੇ ਵਾਂਗ ਕੁਲੰਗਾਂ
ਕਿੱਥੇ ਸ਼ਾਹ ਸ਼ਿੰਗਾਰ ਤਖ਼ਤ ਦਾ ਭਾਗ ਸੁਹਾਗ ਤੱਤੀ ਦਾ
ਕਰਸੀ ਕੌਣ ਗ਼ਰੀਬ ਨਿਵਾਜ਼ੀ ਚਾਹ ਵਿਰਾਗ ਤੱਤੀ ਦਾ
ਕਿਉਂ ਉਹ ਸਫ਼ਰੇ ਜਲਦੀ ਟੁਰਿਆ ਐਡ ਸ਼ਿਤਾਬੀ ਕਰ ਕੇ
ਮੈਂ ਫੜ ਪੈਰ ਰਕਾਬ ਨਾ ਚੁੰਮੇ ਸਿਰ ਕਦਮਾਂ ਪਰ ਧਰ ਕੇ
ਜਾਂ ਉਸ ਕੂਚ ਜਹਾਨੋਂ ਕੀਤਾ ਤੱਤੀ ਕੋਲ ਨਾ ਆਹੀ
ਕੀਕਰ ਛੋੜ ਅਸਾਨੂੰ ਟੁਰਿਆ ਕਿਸ ਰਾਹ ਹੋਇਆ ਰਾਹੀ ।(੮੮੬੦)
ਨਾ ਰੰਜੂਰ ਮੰਜੀ ਪਰ ਡਿੱਠਾ ਬਦਨ ਤਰਾਨੋਂ ਹਰਿਆ
ਹੁੱਸੜ ਪੱਲੇ ਨਾਲ਼ ਨਾ ਪੂੰਝੇ ਨਾ ਸਿਰ ਝੋਲ਼ੀ ਧਰਿਆ
ਤੱਤੀ ਨੇ ਉਸ ਵਕਤ ਨਾ ਲਾਈ ਕੰਡ ਉਹਦੀ ਸੰਗ ਛਾਤੀ
ਭਾਰ ਮੇਰੇ ਪਰ ਸੱਟ ਨਾ ਬੈਠਾ ਆਖ਼ਰ ਦਮ ਹੱਯਾਤੀ
ਜਾਂ ਤਖ਼ਤੋਂ ਲਹਿ ਤਖ਼ਤੇ ਚੜ੍ਹਿਆ ਨੌਸ਼ਾ ਕੰਤ ਤੱਤੀ ਦਾ
ਹੰਝੂ ਪਾਣੀ ਨਾਲ਼ ਨਹਾਂਦੀ ਤੱਕਦਾ ਅੰਤ ਤੱਤੀ ਦਾ
ਜਿਸ ਦਮ ਕਫ਼ਨ ਲਵਾਇਆ ਉਸ ਨੂੰ ਦਰਜ਼ੀ ਸੀੜ ਸ਼ਿਤਾਬੀ
ਰਤੂ ਨੀਰ ਉਛਲ ਜਿਗਰ ਦਾ ਕੀਤਾ ਨਹੀਂ ਗੁਲਾਬੀ
ਜਿਸ ਦਮ ਚਾ ਟੁਰੇ ਸਨ ਉਸ ਨੂੰ ਆਹੀਂ ਢਾਹੀਂ ਭਰਕੇ
ਰੋਂਦੀ ਪਿੱਟਦੀ ਨਾਲ਼ ਨਾ ਗਈਓਸੁ ਬਾਂਹ ਸਿਰੇ ਪਰ ਧਰਕੇ
ਜਾਂ ਸਾਮੀ ਦੇ ਡੱਬੇ ਵੜਿਆ ਦੁੱਰੇ-ਯਤੀਮ ਬਦਨ ਦਾ
ਹੱਥੀਂ ਆਪ ਨਾ ਕੀਤਾ ਤੱਤੀ ਬਿਸਤਰ ਸਾਫ਼ ਸੱਜਣ ਦਾ
ਹਾਏ ਅਫ਼ਸੋਸ ਅਫ਼ਸੋਸ ਜਹਾਨਾਂ! ਐਸ ਜ਼ਿਆਨ ਬੁਰੇ ਦਾ
ਲੱਗਾ ਦਾਗ਼ ਕਲੇਜੇ ਉੱਤੇ ਇਸ ਨੁਕਸਾਨ ਬੁਰੇ ਦਾ
ਇਹ ਦੁੱਖ ਵਰਮ ਨਾ ਜਾਸੀ ਮੂਲੇ ਤੋੜੇ ਮੈਂ ਮਰ ਗਈਓਸੁ
ਜਾਂਦੀ ਵਾਰੀ ਨਾਲ਼ ਨਾ ਖੜੀਓਸੁ ਵਹਿਣ ਹਿਜਰ ਦੇ ਪਿਓਸੁ
ਹਾਏ ਹਾਏ ਸੈਫ਼-ਮਲੂਕ ਪਿਆਰੇ ਹਾਲ ਨਾ ਵੇਖੇਂ ਮੇਰਾ
ਕੀ ਕੁੱਝ ਜ਼ੁਲਮ ਤੇਰੇ ਬਿਨ ਤਰੁਟੇ ਦਿਸਦਾ ਜੱਗ ਹਨੇਰਾ
ਚੱਲਦੀ ਵਾਰੀ ਯਾਦ ਨਾ ਕੀਤੋਈ ਟੁਰਿਓਂ ਪਾ ਵਿਛੋੜਾ
ਨਾ ਮੂੰਹ ਡਿੱਠਾ ਨਾ ਸੰਗ ਗਈਓਸੁ ਵਰਮ ਅਫ਼ਸੋਸ ਨਾ ਥੋੜਾ ।(੮੮੭੦)
ਸੱਜਣਾ! ਇਹ ਸਜਨੌਤ ਨਾ ਆਹੀ ਯਾਰਾਂ ਨਾਲ਼ ਨਾ ਯਾਰੀ
ਯਾਦ ਕੀਤੇ ਬਿਨ ਗਿਓਂ ਇਕੱਲਾ ਮੈਨੂੰ ਦੇ ਸਿਰ ਭਾਰੀ
ਤਰੁੱਟੀ ਲੱਤ ਕਲੇਜੇ ਐਸੀ ਕਦੇ ਨਾ ਬਾਹਰ ਨਿਕਲਸੀ
ਜਬ ਲੱਗ ਹੱਡੀ ਮਾਸ ਤੱਤੀ ਦਾ ਮਿੱਟੀ ਵਿਚ ਨਾ ਗਲਸੀ
ਐਸੀ ਜਾ ਗਿਓਂ ਤੁਰ ਸ਼ਾਹਾ ਜਿਥੋਂ ਕੋਈ ਨਾ ਮੁੜਦਾ
ਗੁੱਝੇ ਰੋਗ ਕਨੋਂ ਦਿਲ ਮੇਰਾ ਕਿਚਰਕ ਰਹਿਸੀ ਚੁੜਦਾ
ਦਰਦ ਕਸਾਈ ਅੰਦਰ ਵੜਿਆ ਲੈ ਕੇ ਤੇਜ਼ ਕਟਾਰੀ
ਕੱਪ ਕਲੇਜਾ ਪੁਰਜ਼ੇ ਕੀਤੋਸੁ ਸੀਖ਼ ਭੰਨੀ ਵਿਚ ਨਾਰੀ
ਪਈ ਕੜਾਹ ਨਦੀ ਦੀ ਮੱਛੀ ਤੇਲੀਂ ਪਾਇ ਤਲੇਂਦੀ
ਖ਼ਾਰੋ ਖ਼ਾਰ ਹੋਇਆ ਸਭ ਗੋਸ਼ਤ ਕਿਚਰਕ ਅੱਗ ਝਲੇਂਦੀ
ਇਕ ਉੜਿਆ ਇਕ ਫਾਹੀ ਫਾਥਾ ਹਿਕਮਤ ਕਾਰੀਗਰ ਦੀ
ਚਕਵੇ ਚਕਵੀ ਪਿਆ ਵਿਛੋੜਾ ਤਾਕਤ ਨਹੀਂ ਸਬਰ ਦੀ
ਅੰਦਰ ਬਾਹਰ ਭਾਂਬੜ ਬਲਿਆ ਕਿਤੇ ਨਾ ਦਿਸੇ ਸਰਦੀ
ਸਾਇਤ ਘੜੀ ਮੁਹੰਮਦ ਬਖਸ਼ਾ ਸਾਨੀ ਰੋਜ਼ ਹਸ਼ਰ ਦੀ
ਜਿੱਤ ਵੱਲ ਵੇਖਾਂ ਦਰਦ ਅਲੰਬੇ ਧੂੰਆਂ ਧਾਰ ਗ਼ੁਬਾਰੀ
ਕਿਤੇ ਆਰਾਮ ਨਾ ਨਜ਼ਰੀਂ ਆਵੇ ਸੜਦੀ ਦੁਨੀਆਂ ਸਾਰੀ
ਕਿੱਥੇ ਰਾਜ ਸੁਹਾਗ ਤੱਤੀ ਦਾ ਲੂਠੀ ਜਿਸ ਕੁਆਰੀ
ਸੁੰਜੀ ਸੇਜ ਮੁਹੰਮਦ ਬਖਸ਼ਾ ਹਰਦਮ ਖਾਵਣ ਹਾਰੀ
ਕਿੱਥੇ ਯਾਰ ਕਿੱਥੇ ਰਲ ਖ਼ੁਸ਼ੀਆਂ ਕੌਣ ਤੱਤੀ ਦਾ ਬੇਲੀ
ਖ਼ੂਨੀ ਲਹਿਰ ਇਹ ਸ਼ਹਿਰ ਦਿਸੀਂਦਾ ਦੋਜ਼ਖ਼ ਗਰਮ ਹਵੇਲੀ ।(੮੮੮੦)
ਤਨ ਕੋਹਲੂ ਦਿਲ ਬਖਰਾ ਮੇਰਾ ਦਰਦ ਤੁਸਾਡਾ ਤੇਲ਼ੀ
ਤੱਤੀ ਤਾਵਾਂ ਲਾਇ ਮੁਹੰਮਦ ਪੀੜੀ ਜਾਨ ਅਕੇਲੀ
ਕੀ ਕੁੱਝ ਹਾਲ ਅਸਾਡਾ ਸਈਓ ਲੱਦ ਗਿਆ ਛੱਡ ਬੰਨਾ
ਲੂੰ ਲੂੰ ਘਾਅ ਫ਼ਿਰਾਕ ਉਹਦੇ ਦਾ ਕਿਥੇ ਸੀੜ੍ਹਾਂ ਬੰਨ੍ਹਾਂ
ਪਕੜੀ ਜਾਨ ਅਜ਼ਾਬਾਂ ਜਿਉਂ ਕਰ ਬੇਲਣਿਆਂ ਮੂੰਹ ਗੰਨਾ
ਆਖਣ ਰਹੋ ਨਾ ਰਹਾਂ ਮੁਹੰਮਦ ਸਬਰ ਗਿਆ ਭੰਨ ਬੰਨਾ
ਇਹੋ ਭਲੀ ਮੇਰੇ ਹਕ ਰੱਬਾ ਜਾਸਾਂ ਪਾਸ ਸੱਜਣ ਦੇ
ਦਰਦ ਬੁਖ਼ਾਰ ਅੰਦਰ ਦੇ ਫੋਲਾਂ ਫਟ ਦਸਾਲਾਂ ਮਨ ਦੇ
ਕੀ ਕੁੱਝ ਉਸ ਮੇਰੇ ਸੰਗ ਕੀਤੀ ਟੁਰਿਆ ਸਟ ਇਕੱਲੀ
ਦੁੱਖ ਉਬਾਲ ਨਾ ਟਿਕਣ ਦੇਂਦਾ ਕੀਕਰ ਬਹਾਂ ਨਿਚੱਲੀ
ਕੀਤਾ ਹੁਕਮ ਚੌ-ਪਾਣ ਮੰਗਾਇਆ ਪੈ ਡੋਲੀ ਉਠ ਵਗੀ
ਜਾ ਕਰ ਕਬਰ ਕਲਾਵੇ ਲਈਓਸੁ ਵਾਂਗ ਸੱਜਣ ਗੱਲ ਲੱਗੀ
ਚਿਹਰਾ ਜ਼ਰਦ ਮਿੱਟੀ ਵਿਚ ਰੁਲਿਆ ਰਤੂ ਨੀਰ ਚਲਾਏ
ਦਿਲਬਰ ਨੂੰ ਆਜ਼ਾਰ ਦਿਲਾਂ ਦੇ ਦਰਦਾਂ ਨਾਲ਼ ਸੁਣਾਏ
ਕਦੀ ਸਿਰ੍ਹਾਂਦੀ ਕਦੀ ਪਵਾਂਦੀ ਚੁੰਮੇ ਖ਼ਾਕ ਕਬਰ ਦੀ
ਕੂਕਾਂ ਤੇ ਫ਼ਰਯਾਦਾਂ ਕਰਦੀ ਨਾਮੁਰਾਦ ਨਾ ਮਰਦੀ
ਜੇਕਰ ਮੌਤ ਹੋਵੇ ਹੱਥ ਮੇਰੇ ਬੰਦੀ ਤੁਰਤ ਕਬੂਲੇ
ਸੈਫ਼-ਮਲੂਕਾ ਹਾਲ ਤੱਤੀ ਦਾ ਵੇਖਾਂ ਹੈ ਕਿਤ ਰੂਲੇ
ਕਿਉਂ ਮੂੰਹ ਕਜ ਅਸਾਂ ਥੀਂ ਬੈਠੋਂ ਬਾਤ ਨਾ ਪੁੱਛੇਂ ਮੂਲੇ
ਉਹੋ ਬਦੀਅ-ਜਮਾਲ ਪਿਆਰੀ ਸਿਰ ਤੇਰੇ ਪਰ ਝੂਲੇ ।(੮੮੯੦)
ਤੁਸੀਂ ਜ਼ਿਮੀਂ ਵਿਚ ਉਹਲੇ ਹੋਏ ਜਿਉਂ ਕਰ ਬੂੰਦ ਅਸਮਾਨੀ
ਮੈਂ ਵਿਚ ਮਿੱਟੀ ਘੱਟੇ ਰੁਲਦੀ ਕੱਖਾਂ ਵਾਂਗ ਨਿਮਾਣੀ
ਜਿਸ ਸੂਰਤ ਦਾ ਵਾਲ਼ ਤੈਨੂੰ ਸੀ ਲੱਖ ਜਾਨੀ ਦੇ ਮੁਲ ਦਾ
ਉਹੋ ਹੁਸਨ ਪਰੀ ਦਾ ਸ਼ਾਹਾ ਖ਼ਾਕ ਤੇਰੀ ਵਿਚ ਰੁਲਦਾ
ਜਿਸ ਕਾਰਨ ਤੁਧ ਕਾਰਨ ਕੀਤੇ ਝੱਲੇ ਦੁੱਖ ਹਜ਼ਾਰਾਂ
ਜਾਂ ਉਹ ਫੁੱਲ ਇਰਮ ਦਾ ਲੱਧਾ ਆਇਆ ਐਸ਼ ਬਹਾਰਾਂ
ਸ਼ਾਖੋਂ ਤਰੋੜ ਘੱਟੇ ਵਿਚ ਸੁੱਟ ਕੇ ਆਪ ਗਿਓਂ ਨੱਸ ਬਾਗ਼ੋਂ
ਕੋਲਾ ਹੋ ਗਿਆ ਇਸ ਦਾਗ਼ੋਂ ਬਦਨ ਮਿਸਾਲ ਚਿਰਾਗੋਂ
ਸੈਫ਼-ਮਲੂਕ ਬੰਦੂਕ ਲਗਾਈ ਕੂਕ ਨਹੀਂ ਹੁਣ ਕਾਰੀ
ਗ਼ਮ ਮੇਰਾ ਗ਼ਮਖ਼ਾਰ ਨਾ ਪੁੱਛਦਾ ਕੌਣ ਕਰੇ ਗ਼ਮਖ਼ਾਰੀ
ਜਲਿਆ ਬਲਿਆ ਜੀਉ ਤੱਤੀ ਦਾ ਅੱਗ ਲੱਗੀ ਜਿਉਂ ਰੂੰਆਂ
ਭਾਂਬੜ ਭੜਕ ਉਠੇ ਭੜਕਾਰੇ ਜ਼ਿਮੀਂ ਜ਼ਮਨ ਤੱਕ ਧੂੰਆਂ
ਲਹੂ ਭਰਿਆ ਮੁੱਖ ਤੱਤੀ ਦਾ ਯਾਰ ਹੁੰਦਾ ਤਦ ਧੋਂਦਾ
ਅੱਜ ਮੇਰਾ ਇਹ ਦਰਦ ਵਿਛੋੜਾ ਜੋ ਤੱਕਦਾ ਸੋ ਰੋਂਦਾ
ਗਗਨ ਚੜ੍ਹਨ ਦਾ ਰਾਹ ਨਾ ਕੋਈ ਵਿਹਲ ਨਾ ਦੇਂਦੀ ਧਰਤੀ
ਸ਼ਾਲਾ ਭਾ ਨਾ ਪਵੇ ਕਿਸੇ ਦੇ ਜੋ ਸਿਰ ਮੇਰੇ ਵਰਤੀ
ਲੱਦ ਗਏ ਦਿਲਦਾਰ ਦਿਲੇ ਦੇ ਫੇਰ ਨਹੀਂ ਮੁੜ ਆਏ
ਫੁੱਲ ਦਾ ਭਾਰ ਨਾ ਝੱਲਿਆ ਆਹਾ ਦੱਬ ਪਹਾੜ ਸਹਾਏ
ਜਾਂ ਕਬਰੋਂ ਕੁੱਝ ਖ਼ਬਰ ਨਾ ਲੱਭੀ ਸਬਰ ਕਰਾਰ ਨਾ ਰਹਿੰਦਾ
ਵੰਝ ਘਰਾਂ ਵਿਚ ਢੂੰਡੇ ਜਾਈਂ ਜਿਥੇ ਸ਼ਾਹ ਸੀ ਬਹਿੰਦਾ ।(੮੯੦੦)
ਦੂਣੀ ਭੜਕ ਲੱਗੀ ਅੱਗ ਸੀਨੇ ਖ਼ਾਲੀ ਵੇਖ ਟਿਕਾਣੇ
ਸੁੰਞੇ ਤਖ਼ਤ ਸੁੰਞੇ ਗਾਉ ਤਕੀਏ ਸੁੰਞੇ ਪਲੰਗ ਸਿਰਹਾਣੇ
ਕਦੇ ਘਰੀਂ ਮੂੰਹ ਪੱਲੇ ਪਾਂਦੀ ਰਤੂੰ ਨੀਰ ਚਲਾਵੇ
ਕਦੇ ਕਬਰ ਪਰ ਜਾਇ ਸ਼ਿਤਾਬੀ ਲੈਂਦੀ ਗੋਰ ਕਲਾਵੇ
ਆਈ ਬਾਝ ਨਾ ਮਰਦੀ ਜੀਵੇ ਬਿਨ ਪੀਤੇ ਬਿਨ ਖਾਧੇ
ਦਰਦ ਫ਼ਿਰਾਕ ਮੁਹੰਮਦ ਬਖਸ਼ਾ ਦਿਨ ਦਿਨ ਹੁੰਦਾ ਵਾਧੇ
ਨਾ ਉਹ ਰੰਗ ਨਾ ਦੰਗ ਹੁਸਨ ਦੀ ਬਦਨ ਕਰੰਗ ਹੋਇਆ ਸੀ
ਤਰੋੜੇ ਹਾਰ ਸ਼ਿੰਗਾਰ ਨਾ ਛੋੜੇ ਅੰਗ ਮਲੰਗ ਹੋਇਆ ਸੀ
ਖਾਵਣ ਪੀਵਣ ਯਾਦ ਨਾ ਰਹਿਓਸੁ ਹੋਇਆ ਜ਼ਹਿਰ ਖ਼ੁਰਾਕਾਂ
ਦਿਲ ਦਾ ਸ਼ਹਿਰ ਉਜਾੜ ਕਰੇਂਦੀ ਸੁੱਟੇ ਪਾੜ ਪੋਸ਼ਾਕਾਂ
ਮੂੰਹ ਪਰ ਖ਼ਾਕ ਸਿਰੇ ਪਰ ਘਟਾ ਘੱਟ ਦਿਸਦਾ ਵਿਚ ਨੈਣਾਂ
ਘਟ ਵਿਚ ਦਰਦ ਮੁਕਾਮੀ ਹੋਇਆ ਆਖੇ ਕਦੇ ਨਾ ਵੈਣਾਂ
ਪਾਣੀ ਅੰਨ ਨਾ ਚੱਖੇ ਮੂਲੇ ਅੱਖੀਂ ਪਲਕ ਨਾ ਲਾਵੇ
ਰੋਂਦੇ ਨੈਣ ਨਾਬੀਨੇ ਹੋਏ ਨਜ਼ਰੀਂਂ ਕੁੱਝ ਨਾ ਆਵੇ
ਸੁਜੀਆਂ ਅੱਖੀਂ ਲਹ-ਸਿੱਜੀਆਂ ਲਾਸਨ ਗਈਆਂ ਲਾਸੋਂ
ਸੜਿਆ ਨੂਰ ਹੰਝੂ ਧੋ ਖੜਿਆ ਹੱਡ ਵਿਛੁੰਨੇ ਮਾਸੋਂ
ਚੈਨ ਆਰਾਮ ਗਏ ਲੱਦ ਸਾਰੇ ਗੱਲ ਕਲਾਮ ਨਾ ਭਾਵੇ
ਅੰਨ੍ਹੀ-ਮੂਰ ਰਹੇ ਹੈਰਾਨੀ ਵੈਣ ਵਿਰਲਾਪ ਅਲਾਵੇ
ਦੀਦੇ ਦਿਲਬਰ ਵੇਖਣ ਕਾਰਨ ਬਿਨ ਦਿਲਬਰ ਕਿਉਂ ਰੱਖਾਂ
ਜਿਨ੍ਹੀਂ ਅੱਖੀਂ ਯਾਰ ਨਾ ਦਿੱਸੇ ਭੱਠ ਪਈਆਂ ਉਹ ਅੱਖਾਂ ।(੮੯੧੦)
ਇਕੇ ਤੇ ਇਹ ਮੁਨੱਵਰ ਦੀਦੇ ਰੌਸ਼ਨ ਸਾਨ ਦੀਦਾਰੋਂ
ਜਾਂ ਛੁਪਿਆ ਦੀਦਾਰ ਮੁਹੰਮਦ ਬੱਸ ਤਮਾਮ ਸੰਸਾਰੋਂ
ਅੱਠੇ ਪਹਿਰ ਹੋਇਆ ਕੰਮ ਉਸ ਦਾ ਰੋਵਣ ਧੋਵਣ ਆਹੀਂ
ਪਿੱਟ-ਕਰਟੇ ਵਿਚ ਮੁਹੰਮਦ ਗੁਜ਼ਰੀ ਇਕ ਛਿਮਾਹੀਂ
ਇਕ ਦਿਨ ਫੇਰ ਕਬਰ ਦੇ ਉੱਤੇ ਦਰਦਾਂ ਘੇਰ ਲਿਆਂਦੀ
ਚਿਹਰਾ ਪਾਕ ਮਲੇ ਵਿਚ ਖ਼ਾਕੂੰ ਕੂੰਜ ਜਿਵੇਂ ਕੁਰਲਾਂਦੀ
ਦਿਨ ਦਿਨ ਭਾਰ ਹਿਜਰ ਦਾ ਵਧਦਾ ਜ਼ੋਰ ਤਹੱਮੁਲ ਘਟਿਆ
ਜੇ ਚਾਹੇ ਤਾਂ ਤੋੜ ਪੁਚਾਏ ਰਾਹ ਨਾ ਜਾਂਦਾ ਸੱਟਿਆ
ਉਹ ਪਰੀ ਸੀ ਉਡਣ ਵਾਲੀ ਉੱਡਦੀ ਜੇ ਚਿੱਤ ਚਾਂਦੀ
ਉਹ ਨਾਰੀ ਇਹ ਖ਼ਾਕੀ ਬੰਦਾ ਖ਼ਾਕ ਹੋਇਆ ਛੱਡ ਜਾਂਦੀ
ਦਿਲਬਰ ਆਪ ਜਿਨ੍ਹਾਂ ਦਾ ਹੋਇਆ ਫੇਰ ਨਹੀਂ ਸੱਟ ਜਾਂਦਾ
ਦੋਹਾਂ ਜਹਾਨਾਂ ਵਿਚ ਮੁਹੰਮਦ ਖ਼ੂਬ ਪਰੀਤ ਪਕਾਂਦਾ
ਬਾਬੇ ਨਾਨਕ ਬਾਣੀ ਅੰਦਰ ਬਾਤ ਕਹੀ ਇਕ ਰੰਗੀ
ਵੱਸ ਹੋਇਆ ਮੁੜ ਜਾਂਦਾ ਨਾਹੀਂ ਰੀਤ ਸੱਜਣ ਦੀ ਚੰਗੀ
ਰੋਂਦੀ ਰੋਂਦੀ ਨੂੰ ਗ਼ਸ਼ ਆਈ ਢੱਠੀ ਨਾਲ਼ ਹਿਲਾਕੀ
ਨਬਜ਼ਾਂ ਛੁੱਟ ਗਈਆਂ ਰੰਗ ਭਰੀਆਂ ਚਾਈ ਸਾਹ ਚਲਾਕੀ
ਖ਼ਿਦਮਤਗਾਰਾਂ ਨਾਲ਼ ਸ਼ਿਤਾਬੀ ਮਹਿਲਾਂ ਵਿਚ ਪੁਚਾਈ
ਦਿਤੀਓਸੁ ਜਾਨ ਸੱਜਣ ਦੇ ਦਰਦੋਂ ਨੇਕ ਘੜੀ ਜਦ ਆਈ
ਆ ਖ਼ੁਸ਼ਬੂ ਸੁਨੇਹਾ ਦਿੱਤਾ ਖਿੜੇ ਗੁਲਾਬ ਬੁਲਾਂਦੇ
ਬੁਲਬੁਲ ਮਸਤ ਚਮਨ ਵੱਲ ਉਡੀ ਦਰਸਨ ਲੈਣ ਗੁਲਾਂ ਦੇ ।(੮੯੨੦)
ਹੁਸਨ ਸਮੁੰਦ ਹੱਕਾਨੀ ਵਿਚੋਂ ਸੀ ਕਤਰਾ ਸਾਫ਼ ਨੂਰਾਨੀ
ਨਦੀ ਮਿਜਾਜ਼ੀ ਅੰਦਰ ਆਇਆ ਬਣ ਕੇ ਸ਼ਕਲ ਜ਼ਨਾਨੀ
ਬਾਗ਼ ਮਿਜਾਜ਼ੀ ਅੰਦਰ ਆਹੀ ਬੂੰਦ ਸੁੱਚੀ ਸ਼ਬਨਮ ਦੀ
ਸੂਰਜ ਵੇਖ ਹੋਈ ਉੱਡ ਉੱਚੀ ਜਾਗੀ ਸਿਕ ਸਜਨ ਦੀ
ਹਕ ਆਪਣੇ ਸੰਗ ਮੁਲਾਹਿਕ ਹੋਈ ਜਿਉਂ ਬੂ ਵਿਚ ਗੁਲਾਬਾਂ
ਸ਼ੀਰੀਂ ਸ਼ਹਿਦ ਅੰਦਰ ਜਿਉਂ ਰਚੀ ਮਸਤੀ ਵਿਚ ਸ਼ਰਾਬਾਂ
ਖ਼ੇਸ਼ ਕਬੀਲੇ ਖ਼ਿਦਮਤਗਾਰਾਂ ਪਾਇਆ ਸ਼ੋਰ ਕਕਾਰਾ
ਅੱਜ ਬਦੀਅ-ਜਮਾਲ ਪਰੀ ਦਾ ਹੋਇਆ ਕੂਚ ਨਿਕਾਰਾ
ਜੋ ਸੁਣਦਾ ਸੋ ਹੰਝੂ ਭਰਦਾ ਹਰ ਕੋਈ ਹਾਕਾਂ ਮਾਰੇ
ਔਰਤ ਮਰਦ ਮਿਸਰ ਵਿਚ ਰੁੰਨੇ ਸ਼ੋਰ ਮੁਲਕ ਵਿਚ ਸਾਰੇ
ਹੰਝੂ ਨੀਰ ਵਗੇ ਪਰਨਾਲ਼ੇ ਨਾਲ਼ੇ ਆਹੀਂ ਨਾਲ਼ੇ
ਅੱਥਰੂਆਂ ਜਲ਼ ਪਾ ਨਹਾਏ ਆਹੀਂ ਹਿਚਕਣ ਜਾਲੇ
ਸ਼ਾਹ-ਪਰੀ ਦੇ ਦਰਦੋਂ ਨਾਰੀਂ ਜ਼ੁਲਫ਼ਾਂ ਪਟ ਪਟ ਸਟਣ
ਸਖ਼ਤ ਤਮਾਚੇ ਮੂੰਹ ਪਰ ਮਾਰਨ ਚੱਕੀਂ ਬਾਹਾਂ ਕਟਣ
ਜਿਉਂ ਕਰ ਉਹ ਕਰੇਂਦੀ ਆਹੀ ਸੈਫ਼-ਮਲੂਕੇ ਕਾਰਨ
ਤਿਵੇਂ ਹੋਣ ਸਿਆਪੇ ਉਸ ਦੇ ਦਰਦ ਤਪਾਇਆ ਆਹਰਨ
ਰੋਣ ਪਿੱਟਣ ਦੇ ਜਾਂ ਹੋ ਚੁੱਕੇ ਗ਼ੋਗ਼ੇ ਕਿਤਨੀ ਵਾਰੀਂ
ਰੋ ਰੋ ਗ਼ੁਸਲ ਪਰੀ ਨੂੰ ਦਿੱਤਾ ਨੇਕ ਅਸੀਲਾਂ ਨਾਰੀਂ
ਜਿਉਂ ਕਰ ਮੀਂਹ ਬਹਾਰੀ ਹੋਂਦਾ ਰੌਸ਼ਨ ਫੁੱਲ ਗੁਲਾਬੀ
ਤਿਵੇਂ ਬਦਨ ਪਰੀ ਦਾ ਕੀਤਾ ਜੋਬਨ ਦਾਤ ਜਨਾਬੀ ।(੮੯੩੦)
ਅੰਗ ਗੁਲਾਬੀ ਤੇ ਰੰਗ ਕੇਸਰ ਰੰਗ ਅਜਾਇਬ ਬਣਦਾ
ਸੱਜਰੇ ਪੱਤ ਚੰਬੇ ਦੇ ਵਾਂਗਰ ਬਾਣਾ ਸਬਜ਼ ਕਫ਼ਨ ਦਾ
ਤਹਿ-ਬ-ਤਹਿ ਪਹਿਨਾਏ ਪਰਦੇ ਕਲੀਆਂ ਵਾਂਗ ਲਪੇਟੀ
ਚਲੀ ਦੁਆਲੇ ਬੰਦ ਇਸ਼ਕ ਦੇ ਬੰਨ੍ਹ ਕਮਰ ਨੂੰ ਪੇਟੀ
ਸੈਫ਼-ਮਲੂਕ ਸ਼ਹਿਜ਼ਾਦਾ ਆਹਾ ਦਫ਼ਨ ਹੋਇਆ ਜਿਸ ਜਾਈ
ਕਬਰ ਉਹਦੀ ਦੇ ਨਾਲ਼ ਬਰਾਬਰ ਇਸ ਦੀ ਕਬਰ ਬਣਾਈ
ਚੰਗਾ ਗੋਰ ਜ਼ਨਾਜ਼ਾ ਕਰ ਕੇ ਦਫ਼ਨ ਪਰੀ ਨੂੰ ਕੀਤਾ
ਆਸ਼ਿਕ ਤੇ ਮਾਸ਼ੂਕ ਮੁਹੰਮਦ ਵਸਲ ਪਿਆਲਾ ਪੀਤਾ
ਮਾਤਮ ਬਹੁਤ ਮਿਸਰ ਵਿਚ ਹੋਇਆ ਰੋਂਦੇ ਮਰਦ ਜ਼ਨਾਨੀ
ਕਈ ਦਿਹਾੜੇ ਅੰਨ ਨਾ ਪੱਕਾ ਖ਼ਲਕ ਰਹੀ ਹੈਰਾਨੀ
ਬੰਦ ਬਜ਼ਾਰ ਰਹੇ ਕੋਈ ਮੁਦਤ ਕੋਈ ਨਾ ਆਵੇ ਜਾਵੇ
ਨਾ ਦਰਬਾਰ ਕਚਹਿਰੀ ਲੱਗੀ ਹਰ ਕੋਈ ਰੋਵੇ ਢਾਵੇ
ਸੈਫ਼-ਮਲੂਕ ਬਦੀਅ-ਜਮਾਲੇ ਕਰ ਕਰ ਯਾਦ ਲੋਕਾਈ
ਆਹੀਂ ਢਾਹੀਂ ਭਰ ਭਰ ਰੋਂਦੀ ਜਿਉ ਨਾ ਰਹਿੰਦਾ ਜਾਈ
ਵਾਹਵਾ ਭਾਗ ਤਿਨ੍ਹਾਂ ਦੇ ਜਿਹਨਾ ਦਿਲਬਰ ਕੋਲ ਵਸੇਰਾ
ਜੀਂਵਦਿਆਂ ਭੀ ਰਹਿਣ ਇਕੱਠੇ ਮੋਇਆਂ ਹੋਵੇ ਇਕ ਡੇਰਾ
ਵਾਹ ਆਸ਼ਿਕ ਮਾਸ਼ੂਕ ਜਿਹਨਾਂ ਦੇ ਹੋਏ ਪਾਰ ਉਤਾਰੇ
ਜੀਂਵਦਿਆਂ ਨਿੱਤ ਵਾਹੇ ਵਾਅਦੇ ਮੋਇਆਂ ਭੀ ਕੌਲ ਨਾ ਹਾਰੇ
ਇਸ ਪਿੱਛੇ ਉਸ ਸਫ਼ਰ ਕੱਟੇ ਸਨ ਉਸ ਪਿੱਛੇ ਇਹ ਮੋਈ
ਵਾਹ ਪਰੀਤ ਮੁਹੰਮਦ ਬਖਸ਼ਾ ਦੋਹਾਂ ਵਲਾਂ ਥੀਂ ਹੋਈ ।(੮੯੪੦)
ਇਸ ਪਿੱਛੇ ਉਸ ਸ਼ਾਹੀ ਛੱਡੀ ਉਸ ਪਿੱਛੇ ਇਸ ਅੱਖੀਂ
ਖ਼ਾਕੂੰ ਰੁਲੇ ਮੁਹੰਮਦ ਬਖਸ਼ਾ ਵਾਲ਼ ਜਿਹਨਾਂ ਦਾ ਲੱਖੀਂ
ਪਾਵੇ ਲਾਖਾਂ ਫ਼ੈਜ਼ ਇਨ੍ਹਾਂ ਦੀ ਜਾਨ ਸਮੇਤ ਬਦਨ ਦੇ
ਦੀਦੇ ਦਿਲ ਦੇ ਰੌਸ਼ਨ ਹੋਏ ਨਾਲ਼ ਜਮਾਲ ਸਜਨ ਦੇ
ਕਤਰਾ ਇਸ਼ਕ ਮੁਹੱਬਤ ਵਾਲਾ ਪਾਵਣ ਖ਼ੈਰ ਜਨਾਬੋਂ
ਪੁਰ ਕਰ ਦੇਵਣ ਠੂਠਾ ਮੇਰਾ ਖ਼ਾਸੇ ਸ਼ੌਕ ਸ਼ਰਾਬੋਂ
ਦੁਨੀਆਂ ਤੇ ਦਿਲ ਲਾਣ ਨਾ ਚੰਗਾ ਭੱਠ ਇਸ ਦੀ ਅਸ਼ਨਾਈ
ਸਭ ਜਗ ਚੱਲਣ ਹਾਰ ਹਮੇਸ਼ਾ ਨਹੀਂ ਨਿਬਾਹੂ ਕਾਈ
ਜਿੱਤ ਵੱਲ ਵੇਖੋ ਕੈਦ ਗ਼ਮਾਂ ਦੀ ਕਿਸ ਖ਼ਲਾਸੀ ਪਾਈ
ਕਰੇ ਖ਼ਲਾਸ ਮੁਹੰਮਦ ਬਖ਼ਸ਼ਾ ਰਹਿਮਤ ਲੁਤਫ਼ ਖ਼ੁਦਾਈ
ਬਾਸ਼ਕ ਨਾਗ ਅਸਮਾਨ ਅਸਾਂ ਪਰ ਗ਼ਜ਼ਬੋਂ ਕੁੰਡਲ ਮਾਰੇ
ਆਦਮੀਆਂ ਨੂੰ ਡੰਗਣ ਕਾਰਨ ਛਜਲੀ ਨਿੱਤ ਖਿਲਾਰੇ
ਕੁੰਡਲ ਘੱਤ ਕੀਤਾ ਇਸ ਕੈਦੀ ਕਿਸ ਰਾਹੋਂ ਨੱਸ ਜਾਈਏ
ਹਰਦਮ ਫ਼ਿਕਰ ਅਸਾਡੇ ਲੱਗਾ ਕਰਦਾ ਖਾਈਏ ਖਾਈਏ
ਡੰਗ ਉਸ ਦੇ ਥੀਂ ਕੋਈ ਨਾ ਖ਼ਾਲੀ ਹਰ ਇਕ ਨੂੰ ਬੱਸ ਦੁਹਾਈ
ਸੈਂਕੜਿਆਂ ਵਿਚ ਇਕਸ ਕਿਸੇ ਪਰ, ਰਹਿਮ ਨਹੀਂ ਇਸ ਭਾਈ
ਜ਼ੁਲਮ ਇਸ ਦੇ ਥੀਂ ਕੋਈ ਨਾ ਛੁੱਟਾ ਹਰ ਇਕ ਨੂੰ ਫੱਟ ਕੀਤੋਸੁ
ਜ਼ਖ਼ਮ ਘਣੇ ਤੇ ਮਰਹਮ ਨਾ ਕੋਈ ਨਾ ਬਿਨਾ ਪੱਟੀ ਸੀਤੋਸੁ
ਵੈਰੀ ਦਗ਼ਾ ਕਮਾਵਣ ਕਾਰਨ ਖੇਡਾਂ ਕਰ ਕਰ ਦਸਦਾ
ਸੋਗ ਦੱਸੇ ਬਿਨ ਦੇਹੇਂ ਰਾਤੀਂ ਨੀਲਾ ਖਿੜ ਖਿੜ ਹੱਸਦਾ ।(੮੯੫੦)
ਰਾਤੀਂ ਬਣੇ ਬਰੇਡਾ ਚੰਬਾ ਸ਼ੇਰ ਦਿਹਾਂ ਇੱਕ ਰੰਗਾ
ਸ਼ੇਰ ਬਰੇਡੇ ਦੇ ਮੂੰਹ ਆਇਓਂ ਐ ਸੰਸਾਰ ਕਰੰਗਾ
ਦਮ ਦਮ ਫ਼ਿਕਰ ਗ਼ਮਾਂ ਵਿਚ ਮਰੀਏ ਕਰ ਖ਼ਫ਼ਗੀ ਦਿਲ ਤੰਗੋਂ
ਕੀਕਰ ਹੋਗ ਬਚਾ ਅਸਾਡਾ ਜ਼ਾਲਮ ਸ਼ੇਰ ਪਲੰਗੋਂ
ਜਿਸ ਪਾਸੇ ਅਸਨਾਈ ਕਰੀਏ ਪੱਕਾ ਲਾਏ ਯਰਾਨਾ
ਓੜਕ ਪਵੇ ਵਿਛੋੜਾ ਉਸ ਥੀਂ ਕਰ ਕੇ ਕੋਈ ਬਹਾਨਾ
ਅਪਣਾ ਆਪ ਨਾ ਨਾਲ਼ ਨਿਬਾਹੂ ਕੀ ਸੰਗ ਕਰਗ ਬੇਗਾਨਾ
ਸਭ ਜਗ ਫ਼ਾਨੀ ਹੋਗ ਮੁਹੰਮਦ ਕਿੱਤਿ ਵੱਲ ਗਿਆ ਜ਼ਮਾਨਾ
ਮਾਤਮ ਸੋਗ ਗ਼ਮੀ ਜੱਗ ਸਾਰੇ ਵੇਖੋ ਕੌਣ ਸੁਖਾਲ਼ਾ
ਜੇ ਕੋਈ ਸੱਦਾ ਸੁਖਾਲਾ ਦਿਸਦਾ ਸੋ ਭੀ ਹੈ ਦੁੱਖ ਵਾਲਾ
ਇਕ ਘੜੀ ਦੇ ਸੁੱਖ ਦੇ ਬਦਲੇ ਕਿਤਨੇ ਰੋਜ਼ ਕਸ਼ਾਲਾ
ਰੁੱਤ ਬਸੰਤ ਮੁਹੰਮਦ ਬਖਸ਼ਾ ਵੇਖ ਚਮਨ ਦਾ ਚਾਲਾ
ਕਿਉਂ ਕਲੀਆਂ ਮੂੰਹੋਂ ਲਾਹੇ ਪਰਦੇ ਸਬਜ਼ਾ ਖ਼ਾਕ ਮਲੀਂਦਾ
ਕਿਉਂ ਗੁਲਾਬਾਂ ਕੱਪੜੇ ਪਾੜੇ ਰੰਗ ਪੀਲ਼ਾ ਵੱਲ ਥੀਂਦਾ
ਸਰੂ ਆਜ਼ਾਦ ਖਲੋਤਾ ਕੈਦੀ ਅਰਗਵਾਨ ਰੱਤ ਪੀਂਦਾ
ਸੁੰਬਲ ਕਿਉਂ ਹੈਰਾਨ ਪਰੇਸ਼ਾਂ ਲਾਲੇ ਦਾਗ਼ ਸੁਣੀਂਦਾ
ਨਰਗਿਸ ਨਾਲ਼ ਰੰਜੂਰੀ ਰੋਂਦਾ ਭਰ ਆਂਸੂ ਸ਼ਬਨਮ ਦੇ
ਕਿਉਂ ਬਿਨਫ਼ਸ਼ਾ ਕਾਲ਼ਾ ਹੋਇਆ ਸੋਗ ਪਿਓਸੁ ਕੋਈ ਗ਼ਮ ਦੇ
ਚਿਕੜੀ ਦਾ ਦਿਲ ਸੌ ਸੌ ਪੁਰਜ਼ੇ ਮਾਰੇ ਧੁੱਪ ਗਰਮ ਦੇ
ਨੌਂਹੀਂ ਛਿੱਲਣ ਮੂੰਹ ਮੁਹੰਮਦ ਚੰਬੇ ਨਾਲ਼ ਅਲਮ ਦੇ ।(੮੯੬੦)
ਝੂਲਣ ਰੁੱਖ ਹਵਾਈਂ ਕਨੋਂ ਖੇਡਣ ਹਾਲ ਗ਼ਮਾਂ ਦੇ
ਬੋਲਣ ਖ਼ੁਸ਼ ਆਵਾਜ਼ ਜਨਾਵਰ ਫੋਲਣ ਦਰਦ ਗ਼ਮਾਂ ਦੇ
ਕੁਮਰੀ ਕੋਇਲ ਕੂ ਕੂ ਕਰਦੇ ਕੈਸੀ ਕੂਕ ਸੁਣਾਂਦੇ
ਕਿੱਥੇ ਸੁੱਖ ਮੁਹੰਮਦ ਬਖਸ਼ਾ ਭਰੇ ਜਹਾਨ ਦੁੱਖਾਂ ਦੇ
ਸੋਗੀ ਭੌਰ ਵਜਾਵਣ ਤਾਰਾਂ ਗਾਵਣ ਸੋਜ਼ ਹਜ਼ਾਰਾਂ
ਖ਼ੁਸ਼ ਸੋਈ ਜਿਸ ਚਿੱਤ ਨਾ ਲਾਇਆ ਵਿਚ ਇਨ੍ਹਾਂ ਗੁਲਜ਼ਾਰਾਂ
ਘੁੱਗੀ ਤੋਤੇ ਦੇ ਗਲ ਗਾਨੀ ਤੌਕ ਜਿਵੇਂ ਬੁਰਿਆਰਾਂ
ਦੱਸੇ ਕੌਣ ਖ਼ਲਾਸ ਮੁਹੰਮਦ ਫਾਹੀ ਪਈ ਸੰਸਾਰਾਂ
ਐਸਾ ਦੁਖੀਆ ਹਾਲ ਚਮਨ ਦਾ ਵਕਤ ਬਸੰਤ ਫੁੱਲਾਂ ਦੀ
ਕਰੋ ਕਿਆਸ ਹੋਵੇਗੀ ਕੈਸੀ ਸਰਦ ਖ਼ਿਜ਼ਾਂ ਗੁਲਾਂ ਦੀ
ਠੰਡੀ ਵਾਅ ਮਰੇਂਦੀ ਆਹੀਂ ਦਾਹੀਂ ਚਿੱਤ ਡੁਲਾਂਦੀ
ਸਰਦ ਉਸਾਸ ਮੁਹੰਮਦ ਬਖਸ਼ਾ ਝਲ ਫ਼ਿਰਾਕ ਝਲਾਂ ਦੀ
ਕੀਤਾ ਫ਼ਿਕਰ ਫ਼ਿਰਾਕ ਸੱਜਣ ਦੇ ਪੱਤਾਂ ਦਾ ਮੁੱਖ ਪੀਲ਼ਾ
ਨੰਗਾ ਤਰੀਬੜ ਹੋ ਖਲੋਤਾ ਹਿਜਰ ਕਨੋਂ ਰੰਗ ਨੀਲਾ
ਬਰਫ਼ ਗ਼ਮਾਂ ਦੀ ਸਾੜ ਸੁਕਾਇਆ ਸਬਜ਼ਾ ਰੰਗ ਰੰਗੀਲਾ
ਕੱਕਰ ਹੋਏ ਮੁਹੰਮਦ ਪਾਣੀ ਝਾਗ ਹਿਜਰ ਦਾ ਬੀਲਾ
ਰੌਣਕ ਰੰਗ ਗਈ ਖ਼ੁਸ਼ਬੂਈ ਬਾਗ਼ ਅੰਦਰ ਜੋ ਆਹੀ
ਮਾਤਮ ਸੋਗ ਪੁਸ਼ਾਕੀ ਲਾਈ ਕਾਵਾਂ ਰੰਗ ਸਿਆਹੀ
ਨੰਗੀ ਸ਼ਾਖ਼ ਬੇਹਾਲ ਬੀਚਾਰੀ ਲੁੱਟੀ ਜਿਵੇਂ ਸਿਪਾਹੀ
ਖੜ ਖੜ ਕਰਦੇ ਪੱਤ ਮੁਹੰਮਦ ਚਲੇ ਵਤਨ ਛੱਡ ਰਾਹੀ ।(੮੯੭੦)
ਕਾਂ ਕਾਂ ਕਰਦੇ ਕਾਗ ਕੁਕਾਰੇ ਇੱਲਾਂ ਪਾਣ ਪੁਹਾਰੇ
ਮੂਧੇ ਲਟਕ ਰਹੇ ਚਮਗਿਦੜ ਉਲੂ ਜਿਲ੍ਹੀ ਮਾਰੇ
ਸਿਰ ਮੂੰਹ ਪਰਨੇ ਢਹਿੰਦੇ ਵਤਦੇ ਪੱਤਰ ਵਾਇ ਉਡਾਰੇ
ਹੋ ਰਹੇ ਬੇਤਾਬ ਬੇਚਾਰੇ ਸੁੱਕੇ ਮੂੰਹ ਫ਼ੁਹਾਰੇ
ਵਕਤ ਬਹਾਰਾਂ ਉਹ ਗ਼ਮਨਾਕੀ ਵਕਤ ਖ਼ਿਜ਼ਾਂ ਇਹ ਰੂਲਾ
ਕਦੋਂ ਹੋਵੇਗਾ ਦੁਨੀਆਂ ਉੱਤੇ ਸੁੱਖ ਮੇਰੇ ਮਕਬੂਲਾ
ਜਗਤ ਜ਼ਮਾਨਾ ਦੁਖੀਂ ਭਰਿਆ ਰੋਵਣ ਧੋਵਣ ਆਹੀਂ
ਜੇ ਸੁੱਖ ਹੋਗ ਕਿੱਤੇ ਵੱਲ ਤਾਂ ਭੀ ਆਦਮੀਆਂ ਨੂੰ ਨਾਹੀਂ
ਹਰ ਦਮ ਕੂਚ ਨਿਕਾਰਾ ਸਿਰਤੇ ਘੁਰਦਾ ਪਿਆ ਸੁਣੀਂਦਾ
ਸਾਥੀ ਟੁਰਦੇ ਜਾਂਦੇ ਦਿਸਦੇ ਕਿਉਂ ਕਰ ਸੁਖ ਮਣੀਂਦਾ
ਕਾਲੇ ਇਕ ਇਕ ਵਿਛੜ ਚਲੇ ਗੋਰੇ ਖ਼ਤ ਲਿਆਏ
ਬੰਨ੍ਹੋਂ ਭਾਰ ਤਿਆਰ ਸਫ਼ਰ ਦਾ ਕੂਚ ਸੁਨੇਹੇ ਆਏ
ਉੜ ਕੇ ਟੁਰਨ ਲਗੇ ਜਿਸ ਵੇਲੇ ਮੌਤ ਸਲਾਮ ਪੁਚਾਏ
ਲੈ ਸਲਾਮ ਸੁਣਾ ਮੁਹੰਮਦ ਕੌਣ ਅਮਨ ਫਿਰ ਪਾਏ
ਅੜਿਆ ਅਜੇ ਨਹੀਂ ਉੜ ਟੁਰਿਓਂ ਕੀ ਹੋਇਆ ਉੜ ਟੁਰਿਆ
ਬਦਲੇ ਨੂੰ ਝੱਟ ਕੱਟਣ ਦਿਹ ਖਾਂ ਜ਼ੋਰੀਂ ਝੁੱਲ ਨਾ ਪੁਰਿਆ
ਮਸ਼ਰਿਕ ਦੇ ਜਦ ਮਗ਼ਰਿਬ ਸੁਟੀ ਕਿਸ ਕੰਮ ਤੇਰਾ ਝੁਰਿਆ
ਕਹੇ ਮੁਹੰਮਦ ਨਾ ਹੋ ਗ਼ਾਫ਼ਲ ਸਮਝ ਮੂੰਹ ਤੂੰ ਬੁਰਿਆ
ਮੰਜ਼ਿਲ ਮਾਰਨ ਵਾਲੇ ਘੋੜੇ ਲੰਗ ਲੰਗੀਂ ਹੁਣ ਚਲਦੇ
ਰੀਂਘਨ-ਵਾ ਨਿਬਾਹੂ ਜਿਸ ਨੂੰ ਝੋਲੇ ਨੇ ਉਤ ਵਲ ਦੇ ।(੮੯੮੦)
ਵਲ ਖੜਸਣ ਵੱਲ ਹੋਸੇਂ ਤਾਹੀਂ ਵਲ ਕਢਸਣ ਵਲ ਵਲ ਦੇ
ਕਾਗ਼ਜ਼ੀਆਂ ਥੀਂ ਕਦ ਮੁਹੰਮਦ ਮਿਟਦੇ ਲੇਖ ਅੱਵਲ ਦੇ
ਕੁੱਵਤ ਬਾਹ ਗਈ ਕਰ ਭੁੱਖਾ ਕੁਟਕਾ ਸੱਟ ਨਾ ਝਲਦਾ
ਜਾਂ ਚੌ ਹਾਰੇ ਨਾਲ਼ ਛੁਹਾਰੇ ਕਿਚਰਕ ਰਹਸੇਂ ਚਲਦਾ
ਢਿੱਲਾ ਹੋਇਆ ਵੁਜ਼ੂ ਦਾ ਕਬਜ਼ਾ ਵਾਈਓਂ ਫੜ ਫੜ ਹਿਲਦਾ
ਬਾਦੀ ਤੇ ਬਵਾਸੀਰ ਮੁਹੰਮਦ ਕਰਨ ਬਹਾਨਾ ਗਿਲ ਦਾ
ਮਿੱਅਦਾ ਸਰਦ ਗ਼ਿਜ਼ਾ ਨਾ ਸਾੜੇ ਦਸਤ ਅਫਾਰੇ ਪੀੜਾਂ
ਕੱਖਾਂ ਦੀ ਅੱਗ ਕਿਚਰਕ ਦੇਸੇਂ ਸੌਂਫ਼ ਜਵੈਣ ਹਰੀੜਾਂ
ਖੰਗ ਲੱਗੀ ਕਫ਼ ਆਈ ਜਾਣੋਂ ਚੜ੍ਹਦੀ ਲਹਿਰ ਅਜ਼ਲ ਦੀ
ਤਮ ਸਾਹੋਂ ਤਮ ਸਾਹ ਹੋਏ ਨੇ ਸੰਗਸਾਰ ਕਰੇ ਜਿੰਦ ਚਲਦੀ
ਇਕ ਪਲ ਗ਼ਮ ਬਗ਼ੈਰ ਨਾ ਲੰਘਦਾ ਬਲਗ਼ਮ ਜ਼ੋਰਾ ਪਾਇਆ
ਆਪ ਹੱਥੀਂ ਮੂੰਹ ਲੱਠ ਲਿਓਈ ਆਸਾ ਮੌਤ ਟਿਕਾਇਆ
ਹੱਥਾਂ ਨੂੰ ਥਰਕੰਬਾ ਲੱਗਾ ਝੋਲ਼ਾ ਤੁਧ ਬਣਾਇਆ
ਇਹ ਝੋਲ਼ਾ ਓਇ ਝੱਲਿਆ ਕਹਿੰਦਾ ਛੱਡ ਦੇ ਮਾਲ ਪਰਾਇਆ
ਭਾਰ ਅਜਲ਼ ਦੇ ਲੱਕ ਦੁਖਾਇਆ ਤਾਂ ਤੁਧ ਚੁੱਕ ਬਣਾਈ
ਚੁੱਕ ਲਈ ਉਹ ਕੁੱਵਤ ਉਸ ਨੇ ਆਹੀ ਜਿਸ ਟਕਾਈ
ਮੋਤੀ ਜੁੜੇ ਬਰਾਬਰ ਚਿੱਟੇ ਦੰਦ ਹੋਏ ਰੰਗ ਪੀਲੇ
ਕਸਰਾਂ ਵਿੱਥਾਂ ਛੇਕ ਪਏ ਨੀ ਦੇਣ ਲੱਗੋਂ ਵਿਚ ਤੀਲੇ
ਤੁਧ ਜਾਤਾ ਕੋਈ ਕੀੜਾ ਲੱਗਾ ਦੰਦ ਨਜ਼ੂਲੋਂ ਹਲਦਾ
ਕਹੋ ਕੀੜਾ ਕਿਸ ਪਾਸੋਂ ਆਇਆ ਘਿਣ ਨਜ਼ੂਲ ਉਤ ਵੱਲ ਦਾ ।(੮੯੯੦)
ਨੱਕੋਂ ਪਾਣੀ ਪਈ ਮਧਾਣੀ ਰਿੜਕੇਂ ਸੰਝ ਸਵੇਰੇ
ਪਾਣੀ ਰਿੜਕ ਵਿਹਾਣੀ ਐਵੇਂ ਕਹੋ ਕੀ ਹਾਸਿਲ ਤੇਰੇ
ਠੰਡ ਜ਼ੁਕਾਮ ਬਣਾਵੇਂ ਮੂੰਹੋਂ ਕੰਮ ਹੋਇਆ ਹੁਣ ਪੂਰਾ
ਇਸ ਸ਼ੋਰੋਂ ਪਤ ਰਹਿੰਦੀ ਨਾਹੀਂ ਕੀ ਲੋੜੇਂ ਪਤ-ਸ਼ੋਰਾ
ਠੰਡਾ ਹੋਇਆ ਬਜ਼ਾਰ ਉਮਰ ਦਾ ਇਹੋ ਧੰਦ ਰੰਜੂਰਾ
ਅਜੇ ਮੁਹੰਮਦ ਹਿਰਸ ਹਵਾਈਓਂ ਠੰਡ ਨਾ ਪਈ ਆ ਭੋਰਾ
ਚਸ਼ਮਾਂ ਚਸ਼ਮਾ ਜਲ਼ ਦਾ ਹੋਇਆ ਅਠੇ ਪਹਿਰ ਉਮਾਹੂ
ਠੰਢੀਆਂ ਬਾਰਾਂ ਥੀਂ ਛੁਪ ਨੱਠੇ ਬਾਰ ਚੰਨਦੇ ਆਹੂ
ਜਿਸ ਜਿਸ ਪਾਸੋਂ ਆਣ ਰਲੇ ਸਨ ਹੋਏ ਉਤੇ ਵੱਲ ਰਾਹੂ
ਵਿਛੜ ਚਲੇ ਸਭ ਸਾਥ ਮੁਹੰਮਦ ਕੋਈ ਨਾ ਨਾਲ਼ ਨਿਬਾਹੂ
ਧੁੰਦ ਗ਼ੁਬਾਰ ਸੰਸਾਰ ਦਿਸੀਵੇ ਹਾਰ ਢੱਠੀ ਜਦ ਹਿਰਨੀ
ਸੁਰਮਚੂਆਂ ਦੇ ਤੀਰ ਚਲਾਉ ਸੁਰਮੇ ਵੱਲ ਨਾ ਕਰਨੀ
ਡੁੱਲ੍ਹੀ ਸ਼ੀਸ਼ੀ ਸਾਫ਼ ਨਜ਼ਰ ਦੀ ਘੱਤ ਭਰਨੀ ਕੀ ਭਰਨੀ
ਐਨ ਗਈ ਫਿਰ ਕੀ ਮੁਹੰਮਦ ਐਨਕ ਨੱਕ ਪਰ ਧਰਨੀ
ਹਿਕ ਹਿਕ ਕਰ ਕੇ ਲੈਂਦਾ ਜਾਂਦਾ ਜਿਸ ਦਿੱਤੀਆਂ ਇਹ ਚੀਜ਼ਾਂ
ਰਲ਼ ਬੈਠਣ ਦੀ ਘੜੀ ਗ਼ਨੀਮਤ ਪੌਗ ਫ਼ਿਰਾਕ ਅਜ਼ੀਜ਼ਾਂ
ਜਿਤਨੇ ਸਾਰੇ ਦੁਨੀਆਂ ਅੰਦਰ ਪੱਤ ਦਰੱਖ਼ਤਾਂ ਉੱਤੇ
ਇਤਨੇ ਸੂਰਤ ਸੋਹਣੀ ਵਾਲੇ ਖ਼ਾਕ ਅੰਦਰ ਰਲ਼ ਸੁੱਤੇ
ਜਿਤਨੇ ਫੁੱਲ ਜਗਤ ਪਰ ਸਾਰੇ ਸੂਹੇ ਚਿੱੱਟੇ ਪੀਲੇ
ਹਰ ਹਰ ਰੰਗੋਂ ਦੇਣ ਨਿਸ਼ਾਨੀ ਹੋ ਹੋ ਗਏ ਰੰਗੀਲੇ ।(੯੦੦੦)
ਸਬਜ਼ੇ ਨਾਲ਼ੋਂ ਵਾਫ਼ਰ ਗੁਜ਼ਰੇ ਸਬਜ਼ ਪੋਸ਼ਾਕਾਂ ਵਾਲੇ
ਲਾਲੇ ਤੇ ਗੁਲਨਾਰੋਂ ਵਾਫ਼ਰ ਰੰਗ ਜਿਨ੍ਹਾਂ ਗੁਲ ਲਾਲੇ
ਚਿੱਟੇ ਫੁੱਲ ਜਗਤ ਪਰ ਜਿਤਨੇ ਦਿਸਦੇ ਵਾਂਗ ਹੁਸ਼ਨਾਕਾਂ
ਵੱਧ ਇਸ ਥੀਂ ਹੋ ਗੁਜ਼ਰੇ ਕਿਤਨੇ ਜਿਨ੍ਹਾਂ ਸੁਫ਼ੈਦ ਪੋਸ਼ਾਕਾਂ
ਹੋਏ ਵਧੀਕ ਗੁਲਾਬਾਂ ਕੋਲੋਂ ਸੋਹਣੇ ਮੁੱਖ ਗੁਲਾਬੀ
ਜ਼ਰਦ ਫੁੱਲਾਂ ਥੀਂ ਬਹੁਤ ਮੁਹੰਮਦ ਆਸ਼ਿਕ ਜਿਗਰ ਕਬਾਬੀ
ਪੰਖੀ ਖ਼ੁਸ਼ ਆਵਾਜ਼ ਹਜ਼ਾਰਾਂ ਜੋ ਬਾਗ਼ਾਂ ਵਿਚ ਬੋਲਣ
ਸ਼ਾਇਰ ਘਣੇ ਉਨ੍ਹਾਂ ਥੀਂ ਹੋਏ ਸੁਖ਼ਨ ਜਵਾਹਰ ਤੋਲਣ
ਆਪੋ ਆਪਣੇ ਬੋਲ ਆਵਾਜ਼ੇ ਕੋਈ ਨਾ ਕਿਸੇ ਜੈਸਾ
ਹਿਕਨਾ ਦਾ ਮੁੱਲ ਮੁਹਰਾਂ ਮੋਤੀ ਹਿਕਨਾ ਧੇਲਾ ਪੈਸਾ
ਜੈਸਾ ਜੈਸਾ ਦਾਨ ਕਿਸੇ ਨੂੰ ਦਿੱਤਾ ਬਖ਼ਸ਼ਨਹਾਰੇ
ਸੋਈਓ ਵਰਤਣ ਹੁੰਦਾ ਭਾਈ ਦੇਂਦਾ ਕੌਣ ਉਧਾਰੇ
ਜੋ ਜੋ ਚੀਜ਼ ਹੱਟੀ ਵਿਚ ਹੋਸੀ ਸੋ ਕੱਢਨੀ ਬਣਜਾਰੇ
ਹਿਕ ਬਣਜਾਰੇ ਮੋਤੀ ਵੇਚਣ ਹਿਕ ਮਣਕੇ ਕਚਕਾਰੇ
ਸਿਰ ਵਰਤੇ ਜਿਸ ਹਾਲ ਸੁਣਾਏ ਲਅਲ ਜਵਾਹਰ ਓਹਾ
ਜਿਸ ਸਮਗਰੀ ਸੁਣੀ ਸੁਣਾਈ ਮੁਲ ਉਨ੍ਹਾਂ ਦਾ ਲੋਹਾ
ਹਾਲਾਂ ਵਾਲੇ ਗਏ ਅਗੇਰੇ ਕਰ ਕਰ ਸਿਹਰ ਹਲਾਲਾਂ
ਜੇਹੇ ਜੇਹੇ ਰੱਬ ਦਿੱਤੇ ਘੋੜੇ ਦੱਸ ਗਏ ਸਭ ਚਾਲਾਂ
ਸੁਖ਼ਨ ਕਿਸੇ ਦੇ ਹੀਰੇ ਮੋਤੀ ਕੋਈ ਜਵਾਹਰ ਲਾਲਾਂ
ਹਿਕ ਦੀਵੇ ਹਿਕ ਸ਼ਮ੍ਹਾ ਮੁਹੰਮਦ ਹਿਕ ਮਾਨਿੰਦ ਮਸ਼ਾਲਾਂ ।(੯੦੧੦)
ਰੌਸ਼ਨ ਸ਼ਮ੍ਹਾ ਮਸ਼ਾਲਾਂ ਜਿਥੇ ਹੋਰ ਚਿਰਾਗ਼ ਉਚੇਰੇ
ਕੀ ਚੁਆਤੀ ਤੇਰੀ ਓਥੇ ਕਹਿਸਨ ਰੱਖ ਪਰੇਰੇ
ਆਪ ਵੱਲੋਂ ਤੁਧ ਮੁਹਰਾਂ ਟਿਕੀਆਂ ਫ਼ਿਕਰੋਂ ਰੱਖ ਸੱਯਾਰੀ
ਪਰ ਜੇ ਤਰਨ ਸਰਾਫ਼ਾਂ ਅੱਗੇ ਤਾਂ ਆਵਣ ਮੱਤ ਕਾਰੀ
ਜਿਹਨਾ ਸਰਾਫ਼ਾਂ ਅੱਗੇ ਰੁਲਦੇ ਲਅਲ ਜਵਾਹਰ ਪੰਨੇ
ਕੱਚੇ ਮਣਕੇ ਵੇਖ ਅਸਾਡੇ ਕਦ ਉਨ੍ਹਾਂ ਦਿਲ ਮੰਨੇ
ਦੇਣ ਤਵੰਗੁਰ ਰਿਜ਼ਕਾਂ ਵਾਲੇ ਖਾਣੇ ਖ਼ਾਸਾਂ ਆਮਾਂ
ਕੁਲੀਏ ਅਤੇ ਪੁਲਾਉ ਪਾਕੀਜ਼ੇ ਹਲਵੇ ਨਾਲ਼ ਬਾਦਾਮਾਂ
ਸੋਹਣਾ ਮੱਥਾ ਵੇਖ ਕਿਸੇ ਦਾ ਮੰਦਾ ਨਾ ਭੰਨ ਮਰਨਾ
ਕਹਿ ਕੀ ਰੀਸਾਂ ਤੁਧ ਕੰਗਾਲਾ ਜੋ ਜੁੜਿਆ ਸੋ ਧਰਨਾ
ਅੱਗੇ ਸਖ਼ੀ ਬਤੇਰੇ ਹੋਏ ਸ਼ਾਇਰ ਚੰਗ ਚੰਗੇਰੇ
ਨਿੱਕੇ ਵੱਡੇ ਮੁਹੰਮਦ ਬਖਸ਼ਾ ਮੈਂ ਥੀਂ ਸਭ ਉਚੇਰੇ
ਵੱਡੇ ਨਜ਼ਮ ਕਿਤਾਬਾਂ ਵਾਲੇ ਕੌਣ ਉਨ੍ਹਾਂ ਨੂੰ ਰਲਦਾ
ਮਦ੍ਹਾ ਉਨ੍ਹਾਂ ਦੀ ਆਖਣ ਜੋਗਾ ਨਾਹੀਂ ਕਦਰ ਅਕਲ ਦਾ
ਸ਼ਾਇਰ ਬਹੁਤ ਪੰਜਾਬ ਜ਼ਿਮੀਂ ਦੇ ਹੋਏ ਦਾਨਿਸ਼ ਵਾਲੇ
ਕਾਫ਼ੀ ਬਾਰਾਂ ਮਾਂਹ ਜਿਨ੍ਹਾਂ ਦੇ ਦੋਹੜੇ ਬੈਂਤ ਉਜਾਲੇ
ਹਿੱਕਨਾ ਜੋੜ ਕਿਤਾਬਾਂ ਲਿਖੀਆਂ ਕਿੱਸੇ ਹੋਰ ਰਸਾਲੇ
ਕਿਧਰ ਗਏ ਉਹ ਸੰਗ ਮੁਹੰਮਦ ਕਰ ਕੇ ਵੇਖ ਸਮ੍ਹਾਲੇ
ਅੱਵਲ ਸ਼ੇਖ਼ ਫ਼ਰੀਦ ਸ਼ਕਰ ਗੰਜ ਆਰਫ਼ ਅਹਿਲਿ ਵਿਲਾਇਤ
ਹਿਕ ਹਿਕ ਸੁਖ਼ਨ ਜ਼ੁਬਾਨ ਉਹਦੀ ਦਾ ਰਹਿਬਰ ਰਾਹ ਹਿਦਾਇਤ ।(੯੦੨੦)
ਫਿਰ ਸੁਲਤਾਨ ਬਾਹੂ ਹਿਕ ਹੋਇਆ ਖ਼ਾਸਾ ਮਰਦ-ਹੱਕਾਨੀ
ਦੋਹੜੇ ਪਾਕ ਜ਼ੁਬਾਨ ਉਹਦੀ ਦੇ ਰੌਸ਼ਨ ਦੋਹੀਂ ਜਹਾਨੀਂ
ਬੁਲ੍ਹੇ ਸ਼ਾਹ ਦੀ ਕਾਫ਼ੀ ਸੁਣ ਕੇ ਤਰੁਟਦਾ ਕੁਫ਼ਰ ਅੰਦਰ ਦਾ
ਵਹਦਤ ਦੇ ਦਰਿਆਵੇ ਅੰਦਰ ਉਹ ਭੀ ਵਤਿਆ ਤਰਦਾ
ਫ਼ਰਦ ਫ਼ਕੀਰ ਹੋਇਆ ਕੋਈ ਖ਼ਾਸਾ ਮਰਦ ਸਫ਼ਾਈ ਵਾਲਾ
ਫ਼ਿਕੇ ਅੰਦਰ ਭੀ ਚੁਸਤ ਸੁਖ਼ਨ ਹੈ ਇਸ਼ਕ ਅੰਦਰ ਖ਼ੁਸ਼ ਚਾਲਾ
ਬਾਬੋ ਬਾਬ ਫ਼ਕਰ ਦੇ ਅੰਦਰ ਵੜਿਆ ਨਾਲ਼ ਸੰਭਾਲੇ
ਬੈਂਤ ਤਰਾਜ਼ੂ ਤੋਲ ਬਣਾਇਓਸੁ ਮਸਲੇ ਦਸਿਓਸੁ ਨਾਲੇ
ਸਲ ਸਲਿ ਲੱਅਲ ਪਰੋਤੀ ਤਸਬੀਹ ਮਰਦ ਜ਼ਰੀਫ਼ ਮੱਦਾਹੀ
ਬਹਿਲ ਬਹਿਲ ਸੁਖ਼ਨ ਦੀ ਚੜ੍ਹਿਆ ਪੀ ਕੇ ਮਸਤ ਸੁਰਾਹੀ
ਹਿਕ ਕੋਈ ਜਾਨ ਮੁਹੰਮਦ ਹੋਇਆ ਰਸੁਲੇ ਸੁਖ਼ਨ ਸੁਣਾਂਦਾ
ਦੋਹੜਾ ਉਸ ਦਾ ਮੋਇਆਂ ਦਿਲਾਂ ਨੂੰ ਜਾਨ ਮੁਹੰਮਦ ਪਾਂਦਾ
ਕੋਈ ਕੋਈ ਦੋਹੜਾ ਆਖ ਸੁਣਾਇਆ ਹੋਰ ਕਿਸੇ ਮਸਤਾਨੇ
ਉਸ ਦਾ ਬੀ ਹਰ ਤੀਰ ਮੁਹੰਮਦ ਲਗਦਾ ਵਿਚ ਨਿਸ਼ਾਨੇ
ਸ਼ਾਹ ਚਿਰਾਗ਼ ਹੋਏ ਇਕ ਸੱਯਦ ਦੀਵਾ ਦੀਨ ਦੁਨੀ ਦਾ
ਧਨੀ ਮੁਲਕ ਮਕਾਨ ਉਨ੍ਹਾਂ ਦਾ ਸ਼ਹਿਰ ਚੌਹਾਨ ਸੁਣੀਂਦਾ
ਹਰ ਹਰ ਸੁਖ਼ਨ ਉਨ੍ਹਾਂ ਦਾ ਸੋਹਣਾ ਮੋਤੀ ਬਹਿਰ ਸਫ਼ਾਈਓਂ
ਜਿਉਂ ਦਿਲਬਰ ਦਾ ਚਿਹਰਾ ਰੌਸ਼ਨ ਜੋਬਨ ਦਾਤ ਖ਼ੁਦਾਈਓਂ
ਸੇਵਕ ਖ਼ਾਸ ਉਨ੍ਹਾਂ ਦਾ ਹੋਇਆ ਦੁਨੀ ਚੰਦ ਰਜ਼ਾਦਾ
ਬਾਜ਼ੀ ਜਿਤਿ ਸੁਖ਼ਨ ਦੀ ਉਸ ਭੀ ਕਹੇ ਕਬਿੱਤ ਜ਼ਿਆਦਾ ।(੯੦੩੦)
ਛੜੀ ਛਿੜੀ ਗੱਲ ਆਖੀ ਲੇਕਿਨ ਜੋ ਆਖੀ ਸੋ ਹੱਛੀ
ਪੀਲੂ ਸੁਥਰਾ ਪਹਿਲੇ ਹੋਏ ਬਹੁਤ ਜ਼ਿਮੀਂ ਜਦ ਕੱਛੀ
ਖ਼ਾਲੀ ਖ਼ਲਲੋਂ ਕਹੇ ਖ਼ਲੀਲੀ ਖ਼ੂਬ ਸੁਖ਼ਨ ਖ਼ੁਦ ਥੋੜੇ
ਦਰਦਮੰਦਾਂ ਨੂੰ ਫ਼ੈਜ਼ ਪਹੁੰਚਾਵਣ ਫ਼ੈਜ਼ ਬਖ਼ਸ਼ ਦੇ ਦੋਹੜੇ
ਸੁਖ਼ਨ ਸ਼ਰੀਫ਼ ਸ਼ਰਫ਼ ਦੇ ਰੱਜ਼ੇ ਕੱਥੇ ਸ਼ਾਹ ਸ਼ਰਫ਼ ਦੇ
ਪੰਧ ਪਿਆਂ ਨੂੰ ਰਾਹ ਦਿਖਾਉਣ ਰਾਹਬਰ ਉਸ ਤਰਫ਼ ਦੇ
ਹਿਕ ਤਰਨੋਟ ਗਿਰਾਵੇਂ ਅੰਦਰ ਸ਼ਖ਼ਸ ਹੋਇਆ ਅਬਦੁੱਲਾ
ਦੋਹੜੇ ਬੈਂਤ ਕਹੇ ਉਸਿ ਚੰਗੇ ਨਹੀਂ ਕਿਤਾਬੀਂ ਖੁੱਲ੍ਹਾ
ਮੀਆਂ ਹਿਕ ਇਮਾਮ ਬਖ਼ਸ਼ ਸੀ ਰਹਿੰਦਾ ਵਿਚ ਬਿਨਾਹੇ
ਸ਼ਿੱਅਰ ਉਹਦਾ ਭੀ ਵਾਂਙ ਸਬੂਨੇ ਮੈਲ਼ ਦਿਲਾਂ ਤੋਂ ਲਾਹੇ
ਵਾਰਸ ਸ਼ਾਹ ਸੁਖ਼ਨ ਦਾ ਵਾਰਸ ੰਿਨੰਦੇ ਕੌਣ ਉਨ੍ਹਾਂ ਨੂੰ
ਹਰਫ਼ ਉਹਦੇ ਤੇ ਉਂਗਲ ਧਰਨੀ ਨਾਹੀਂ ਕਦਰ ਅਸਾਂ ਨੂੰ
ਜਿਹੜੀ ਓਸਿ ਚੋਪੜ ਪਈ ਆਖੀ ਜੇ ਸਮਝੇ ਕੋਈ ਸਾਰੀ
ਹਿਕ ਹਿਕ ਸੁਖ਼ਨ ਅੰਦਰ ਖ਼ੁਸ਼ਬੋਈ ਵਾਂਙ ਫੁਲਾਂ ਦੀ ਖਾਰੀ
ਸ਼ਾਹ ਮੁਰਾਦ ਜੰਨੇ ਦੇ ਕੱਥੇ ਸੁਖ਼ਨ ਮੁਰਾਦਾਂ ਵਾਲੇ
ਮਹਿਬੂਬਾਂ ਦੇ ਛੰਦ ਬਣਾਵਣ ਵਾਹ ਮਸਤਾਂ ਦੇ ਚਾਲੇ
ਮੁਕਬਲ ਦੀ ਗੱਲ ਸਿੱਧੀ ਸਾਦੀ ਹੈ ਮਕਬੂਲ ਪਿਆਰੀ
ਲਫ਼ਜ਼ ਮਹੀਮ ਤੇ ਮਾਅਨੇ ਬਹੁਤੇ ਯਾਦ ਰੱਖਣ ਦੇ ਕਾਰੀ
ਮਦਹ ਮੁਬਾਰਿਕ ਅੰਦਰ ਪਹਿਲਾਂ ਬੈਤ ਕਿਹਾ ਉਸ ਜੈਸਾ
ਹਿਕੋ ਬਾਤ ਲੱਖਾਂ ਥੀਂ ਹੱਛੀ ਧੰਨ ਮੁਸੱਨਫ਼ ਐਸਾ ।(੯੦੪੦)
ਮੀਰ ਅਲੀ ਕੋਈ ਨਾਲ਼ ਸਿਦਕ ਦੇ ਮਦਹ ਮੁਬਾਰਿਕ ਕਹਿੰਦਾ
ਹਿਕ ਹਿਕ ਨੁਕਤੇ ਦਾ ਮੁੱਲ ਭਾਈ ਲੱਖ ਲੱਖ ਲੱਅਲ ਨਾ ਲਹਿੰਦਾ
ਅਸ਼ਰਫ਼ ਸ਼ਖ਼ਸ ਨੌਸ਼ਾਹੀ ਹੋਇਆ ਅਸ਼ਰਫ਼ੀਆਂ ਸ਼ਿੱਅਰ ਉਸਦੇ
ਵਾਸਲ ਦੇ ਸੁਣਿ ਬੈਂਤ ਮੁਹੱਬਤੀ ਬੱਕਰੇ ਵਾਂਗਰ ਕੁਸਦੇ
ਹੈਦਰ ਦੇ ਸੁਣਿ ਬੈਂਤ ਮਰੀਂਦਾ ਖ਼ੈਬਰ ਨਫ਼ਸ ਸ਼ੈਤਾਨੀ
ਬੈਂਤ ਸਿੱਧੇ ਦੀਦਾਰ ਬਖ਼ਸ਼ਦੇ ਸਖ਼ਤ ਕਮਾਨੋਂ ਕਾਨੀ
ਵਾਹ ਦੋਹੜੇ ਮਹਿਮੂਦ ਸਜਨ ਦੇ ਖ਼ੂਨ ਗ਼ਮਾਂ ਦਿਓਂ ਰੱਤੇ
ਮੀਰਨ ਦੇ ਕੋਈ ਬੈਂਤ ਅਜਾਇਬ ਦਰਦ ਹਵਾੜ੍ਹੋਂ ਤੱਤੇ
ਕੋਈ ਕੋਈ ਬੈਂਤ ਪੁਰਾਣਾ ਕਿਧਰੇ ਸੁਣਿਆਂ ਸ਼ਾਹ ਫ਼ਜ਼ਲ ਦਾ
ਪਰ ਉਹ ਭੀ ਕੋਈ ਦੁਖੀਂ ਭਰਿਆ ਬੋਲੇ ਜਲਦਾ ਬਲਦਾ
ਹੋਰ ਗ਼ੁਲਾਮ ਹੋਇਆ ਉਸ ਆਖੇ ਗ਼ਮ ਦੇ ਬੈਂਤ ਸੱਸੀ ਦੇ
ਵਾਹਵਾ ਹੀਰ ਹੁਸੈਨ ਸੁਣਾਈ ਖ਼ੂਬ ਜਵਾਬ ਦੱਸੀ ਦੇ
ਮੁਸਤਫ਼ਾ ਹੋਇਆ ਸਲਕੋਟੀ ਜਾਂ ਚਾਇਆ ਉਸਿ ਦਰਦੇ
ਝੰਗ ਇਮਾਮ ਅਲੀ ਅਲਹਕ ਦਾ ਖ਼ੂਬ ਕਿਹਾ ਉਸ ਮਰਦੇ
ਹਾਮਦ ਜਿਸ ਇਮਾਮ ਸਾਹਬ ਦਾ ਵੱਡਾ ਜੰਗ ਬਣਾਇਆ
ਹਿਕ ਹਿਕ ਸੁਖ਼ਨ ਉਹਦੇ ਦਾ ਹਰਗਿਜ਼ ਮੁੱਲ ਨਾ ਜਾਂਦਾ ਪਾਇਆ
ਹੋਰ ਹੋਇਆ ਕੋਈ ਪੀਰ ਮੁਹੰਮਦ ਉਸ ਭੀ ਜੰਗ ਬਣਾਏ
ਮੋਤੀ ਸਾਫ਼ ਜ਼ਮੁਰਦ ਸੁੱਚੇ ਲੜੀਆਂ ਬੰਨ੍ਹਿ ਟਿਕਾਏ
ਦੂਜਾ ਪੀਰ ਮੁਹੰਮਦ ਵੁਠਾ ਮੌਜ਼ਾ ਨੂਨਾ ਵਾਲੀ
ਚੱਠੇ ਦੀ ਇਸ ਵਾਰ ਬਣਾਈ ਮੁਹਰੀਂ ਭਰਿਓਸੁ ਥਾਲੀ ।(੯੦੫੦)
ਮੀਆਂ ਮੁੱਅਜ਼ਮ ਦੀਨ ਹੋਰਾਂ ਨੂੰ ਅਜ਼ਮਤ ਮਿਲੀ ਹਜ਼ੂਰੋਂ
ਗੌਹਰ ਸੁਖ਼ਨ ਪਰੋਤੇ ਉਸ ਨੇ ਹਜ਼ਰਤ ਜੀਉ ਦੇ ਨੂਰੋਂ
ਜਿਸ 'ਅਨਵਾਇ ਸ਼ਰੀਫ਼' ਬਣਾਈ ਹੋਰ ਹੋਇਆ ਕੋਈ ਅੱਬਦੀ
ਕੀਤੋਸੁ ਖ਼ੂਬ ਬਿਆਨ ਫ਼ਿੱਕਾ ਦਾ ਸਭਨਾ ਰਹਿਮਤ ਰੱਬ ਦੀ
ਰਾਂਝਾ ਬਰਖ਼ੁਰਦਾਰ ਸੁਣੀਂਦਾ ਬੁਲਬੁਲ ਬਾਗ਼ ਸੁਖ਼ਨ ਦੀ
ਸ਼ਿਅਰ ਉਹਦਾ ਜਿਉਂ ਵਾਇ ਫ਼ਜਰ ਦੀ ਆਣੇ ਬਾਸ ਚਮਨ ਦੀ
ਹਾਫ਼ਜ਼ ਬਰਖ਼ੁਰਦਾਰ ਮੁਸੱਨਿਫ਼ ਗੋਰ ਜਿਹਨਾ ਦੀ ਚਿੱਟੀ
ਹਰ ਹਰ ਬੈਂਤ ਉਹਦਾ ਭੀ ਮਿੱਠਾ ਜਿਉਂ ਮਿਸਰੀ ਦੀ ਖਿੱਟੀ
ਅਬਦ ਹਕੀਮ ਜ਼ੁਲੈਖ਼ਾ ਜਿਸ ਨੇ ਹਿੰਦੀ ਵਿਚ ਬਣਾਈ
ਉਹ ਭੀ ਦਰਦੋਂ ਖ਼ਾਲੀ ਨਾਹੀਂ ਫ਼ਾਰਸੀਓਂ ਉਲਟਾਈ
ਹਿੱਕ ਸਦੀਕ ਕਹਾਵੇ ਲਾਲੀ ਮਰਦ ਭਲਾ ਕੋਈ ਹੋਇਆ
ਮਿਹਤਰ ਯੂਸੁਫ਼ ਦਾ ਉਸਿ ਸਿਹਰਾ ਚੁਣ ਚੁਣ ਫੁੱਲ ਪਰੋਇਆ
ਆਇਤ ਅਤੇ ਹਦੀਸ ਪਰੋਤੀ ਵਿਚ ਵਿਚ ਵਾਂਗ ਗੁਲਾਬਾਂ
ਸਭਨਾ ਨੂੰ ਉਹ ਸਾਹਿਬ ਬਖ਼ਸ਼ੇ ਨਾਲੇ ਅਸਾਂ ਖ਼ਰਾਬਾਂ
ਹਾਸ਼ਮ ਸ਼ਾਹ ਦੀ ਹਸ਼ਮਤ ਬਰਕਤ ਗਿਣਤਰ ਵਿਚ ਨਾ ਆਵੇ
ਦੁਰਿੱ ਯਤੀਮ ਜਵਾਹਰ ਲੜੀਆਂ ਜ਼ਾਹਰ ਕੱਢ ਲੁਟਾਵੇ
ਉਹ ਭੀ ਮੁਲਕ ਸੁਖ਼ਨ ਦੇ ਅੰਦਰ ਰਾਜਾ ਸੀ ਸਰਕਰਦਾ
ਜਿਸ ਕਿੱਸੇ ਦੀ ਚੜ੍ਹੇ ਮੁਹਿਮੇ ਸੋਈਓ ਸੀ ਸਰ ਕਰਦਾ
ਮੁਖ਼ਤਸਰ ਕਲਾਮ ਉਨ੍ਹਾਂ ਦੀ ਦਰਦੋਂ ਭਿੱਜੀ ਬੋਟੀ
ਦਰਦ ਹੋਇਆ ਤਾਂ ਸਭ ਕੁੱਝ ਹੋਇਆ ਕਿਆ ਲੰਮੀ ਕਿਆ ਛੋਟੀ ।(੯੦੬੦)
ਹਿੱਕ ਸ਼ੀਰੀਂ ਫ਼ਰਿਹਾਦੇ ਵਾਲੀ ਗੱਲ ਵੱਟਾਇ ਸੁਣਾਇਓਸੁ
ਆਮ ਖ਼ਲਕ ਥੀਂ ਸੁਣੀ ਸੁਣਾਈ ਚਾ ਤਸਨੀਫ਼ ਬਣਾਈਓਸੁ
ਹਜ਼ਰਤ ਖ਼ੁਸਰੋ ਸ਼ੇਖ਼ ਨਿਜ਼ਾਮੀ ਦੱਸਦੇ ਹੋਰ ਕਿਤਾਬੀਂ
ਹਾਸ਼ਮ ਨੇ ਕੁੱਝ ਹੋਰ ਸੁਣਾਏ ਨਾਹੀਂ ਰਵਾ ਹਿਸਾਬੀਂ
ਯਾ ਉਹ ਹੋਰ ਹੋਇਆ ਕੋਈ ਹਾਸ਼ਮ ਹਾਸ਼ਮ ਸ਼ਾਹ ਨਾ ਹੋਇਆ
ਯਾ ਉਸ ਸ਼ੀਰੀਂ ਖ਼ੁਸਰੋ ਵਾਲਾ ਮਾਲਮ ਰਾਜ਼ ਨਾ ਹੋਇਆ
ਢੂੰਡ ਰਵਾਇਤ ਸੱਚੀ ਕੂੜੀ ਕਰਨਾ ਸੀ ਇਹ ਕਾਰਾ
ਖ਼ੈਰ ਇਸ ਦਰਦ ਬਿਆਨ ਕਰਨ ਦਾ ਆਹਾ ਮਤਲਬ ਸਾਰਾ
ਮੁਤਕ ਦੱਮੀਨਾ ਦੇ ਫ਼ੁਰਮਾਏ ਭੰਗ ਨਾ ਪਵੇ ਪਿਆਰੇ
ਸੁਣੀ ਸੁਣਾਈ ਉਸ ਭੀ ਆਖੀ ਕੀ ਸਿਰਿ ਦੋਸ਼ ਬੇਚਾਰੇ
ਬੈਤ ਤਰਾਜ਼ੂ ਤੋਲ ਬਣਾਇਓਸੁ ਸਾਦੇ ਲੱਜ਼ਤ ਵਾਲੇ
ਕਲੀਆਂ ਚੁਣ ਚੁਣ ਹਾਰ ਪਰੋਤੇਸੁ ਨਰਗਿਸ ਤੇ ਗੁਲ ਲਾਲੇ
ਫੇਰ ਵਲਾਇਤ ਸ਼ਿਅਰ ਸੁਖ਼ਨ ਦੀ ਅਹਿਮਦ ਯਾਰ ਸੰਭਾਲੀ
ਧੌਂਸਾ ਮਾਰ ਤਖ਼ਤ ਪਰ ਬੈਠਾ ਮਲਿ ਪੰਜਾਬ ਹਵਾਲੀ
ਤੇਗ਼ ਜ਼ੁਬਾਨ ਚਲਾਈਓਸੁ ਤਰਿਖੀ ਵਿਚ ਪੰਜਾਬ ਜ਼ਮੀਨੇ
ਸਿੱਕਾ ਮੁਲਕ ਸੁਖ਼ਨ ਦੇ ਉਤੇ ਜੜਈਓਸੁ ਨਾਲ਼ ਆਈਨੇ
ਐਸੀ ਗ਼ਾਲਬ ਬਣ ਕੇ ਚਲੀ ਜ਼ਰਬ ਉਹਦੀ ਵਿਚ ਧਰਤੀ
ਬਹੁਤ ਸਰਾਫ਼ਾਂ ਨੇ ਛਣਕਾਈ ਵੱਟਾ ਲਾ ਨਾ ਪਰਤੀ
ਭਰ ਭਰ ਬੁੱਕ ਸੁੱਟੇ ਉਸ ਮੋਤੀ ਮੁਲਕਾਂ ਅੰਦਰ ਵੰਡੇ
ਸੋਹਣੇ ਸਾਫ਼ ਘਨੇਰੇ ਕਤਰੇ ਬੱਦਲ਼ ਵਾਂਗੂੰ ਛੰਡੇ ।(੯੦੭੦)
ਬਾਜ਼ ਤਬੀਅਤ ਉਸ ਦੀ ਵਾਲਾ ਗਗਨੋਂ ਹੋ ਹੋ ਲੱਥਾ
ਜਿਸ ਉਹ ਬਾਜ਼ ਵਗਾਇਆ ਮੁੜ ਮੁੜ ਧੰਨ ਤੂਹੇਂ ਉਹ ਹੱਥਾ
ਹਰ ਕਿੱਸੇ ਦੀ ਬਹੁਟੀ ਉਸ ਨੇ ਜ਼ੇਵਰ ਲਾਇ ਸ਼ਿੰਗਾਰੀ
ਸੱਨਅਤ ਤੇ ਤਸਨੀਫ਼ੋਂ ਗਹਿਣੇ ਜ਼ੀਨਤ ਕਰ ਕਰ ਸਾਰੀ
ਕਾਦਰ ਬਖ਼ਸ਼ ਕਲਮ ਦਾ ਘੋੜਾ ਇਸ ਮੈਦਾਨ ਹਿਲਾਇਆ
ਛੋਟੇ ਜੁਮਲੇ ਛਾਲ ਨਾ ਦਿੱਸੇ ਚਾਲ ਸਫ਼ਾਏ ਚਲਾਇਆ
ਸਾਦ ਮੁਰਾਦੇ ਬੈਂਤ ਵਲੇਕਨ ਯੁਮਨ ਬਰਕਤ ਵਾਲੇ
ਮਿੱਠਾ ਹਲਵਾ ਕੀਤੋਸੁ ਇਸ ਵਿਚ ਪਾਂਦਾ ਕੌਣ ਮਸਾਲੇ
ਜਾਂ 'ਮਿਅਰਾਜ ਮੁਬਾਰਿਕ' ਕਹਿਓਸੁ ਨਦੀ ਸੁਖ਼ਨ ਦੀ ਤਰਿਆ
ਪਾਕ ਹੋਇਆ ਹਰ ਐਬ ਖ਼ਤਾਈਓਂ ਨੂਰੋਂ ਮੂੰਹ ਹੱਥ ਭਰਿਆ
ਗੁੱਜਰ ਅੰਦਰ ਛੋਹਰਾਂ ਵਾਲੀ ਮਰਦ ਹੋਇਆ ਕੋਈ ਅੱਗੇ
ਉਸ ਭੀ ਨਾਮ ਮੁਹੰਮਦ ਆਹਾ ਲੱਗਾ ਇਸ ਉਸਰਗੇ
ਥੋੜੇ ਜੈਸੇ ਬੈਂਤ ਬਣਾਇਓਸੁ ਸੁੱਤੇ ਦਰਦ ਜਗਾਂਦੇ
ਸਾਂਗ ਗ਼ਜ਼ਬ ਦੀ ਵਾਂਙ ਮੁਹੰਮਦ ਸੱਲ ਕਲੇਜਾ ਜਾਂਦੇ
ਮੇਰੇ ਉਸ ਦੇ ਬੈਂਤ ਨਾ ਰਲਦੇ ਜੇਕਰ ਸਮਝੋ ਭਾਈ
ਇਨ੍ਹਾਂ ਅੰਦਰ ਸੱਨਅਤ ਡੂੰਘੀ ਉਨ੍ਹਾਂ ਵਿਚ ਸਫ਼ਾਈ
ਨਾਲੇ ਹੋਰ ਨਿਸ਼ਾਨੀ ਮੇਰੀ ਮਾਲਮ ਹੁੰਦੀ ਜ਼ਾਹਰ
ਵਜ਼ਨ ਹਿਸਾਬ ਨਜ਼ਮ ਦੇ ਵਿਚੋਂ ਨਾਮ ਨਾ ਹੋਸੀ ਬਾਹਰ
ਮਿਸਰੇ ਅੰਦਰ ਜੁੜਿਆ ਹੋਸੀ ਜਿਉਂ ਥੇਵਾ ਵਿਚ ਛਾਪੇ
ਜੇ ਕੋਈ ਡੂੰਘੀ ਨਜ਼ਰੋਂ ਵੇਖੇ ਬੈਂਤੋਂ ਬੈਂਤ ਸਿਞਾਪੇ ।(੯੦੮੦)
ਕਿਸੇ ਕਬਾਬ ਕਿਸੇ ਮਠਿਆਈਆਂ ਕਿਸੇ ਪੁਲਾ ਪਕਾਏ
ਕਿਸੇ ਅਚਾਰ ਮੁਰੱਬੇ ਉਮਦੇ ਕੁਲੀਏ ਕਿਸੇ ਟਿਕਾਏ
ਮਿੱਸਾ ਲੂਣਾ ਜੋ ਕੁੱਝ ਜੁੜਿਆ ਟੁਕੜਾ ਅਸਾਂ ਗਦਾਈ
ਹਾਲੋਂ ਹੁੱਜਤ ਕੋਈ ਨਾ ਕੀਤੀ ਖਾਇ ਬਰਾਇ ਖ਼ੁਦਾਈ
ਸ਼ਾਇਰ ਨਾਮ ਧਰਾਵਣ ਲਾਇਕ ਕਦਰ ਨਹੀਂ ਕੁਝ ਮੇਰਾ
ਉਹ ਖੇਤਾਂ ਦੇ ਸਾਈਂ ਮੇਰਾ ਖਾਲ ਬੰਨੇ ਪਰ ਫੇਰਾ
ਗੁਜ਼ਰੀ ਵਿਥਿਆ ਫੂਕੀਂ ਛੰਡੀ ਪੁਣਿ ਮਿਣਿ ਟੋਪਾ ਧਾੜੀ
ਯਾਰ ਭਰਾਵਾਂ ਦੀ ਕਰ ਖ਼ਾਤਰ ਮੈਂ ਭੀ ਖਿਚੜੀ ਚਾੜ੍ਹੀ
ਜੋ ਦਿੱਤਾ ਸੋ ਦਿੱਤਾ ਮੈਨੂੰ ਹਿਕਸੇ ਦੇਵਣ ਵਾਲੇ
ਭਾਵੇਂ ਰੁੱਖਾ ਭਾਵੇਂ ਥਿੰਦਾ ਭਾਵੇਂ ਚਰਬ ਨਿਵਾਲੇ
ਜੁਗ ਜੁਗ ਜੀਵੇ ਦੇਵਣ ਵਾਲਾ ਜਿਸ ਇਹ ਕਰਮ ਕਮਾਏ
ਅੰਦਰ ਮੇਰੇ ਬਾਗ਼ ਸੁਖ਼ਨ ਦੇ ਧੰਨ ਮਾਲੀ ਜਿਸ ਲਾਏ
ਕਲਰ ਸ਼ੋਰ ਜ਼ਮੀਨ ਨਿਕਾਰੀ ਆਹੀ ਵਾਂਗ ਖ਼ਰਾਬਾਂ
ਇਕ ਬਹੇਕੜ ਪਾਲ਼ ਨਾ ਸਕਦੀ ਲਾਇਕ ਕਦ ਗੁਲਾਬਾਂ
ਮਿਲਿਆ ਮਾਲੀ ਬਣਿਆ ਵਾਲੀ ਰਹਿਮਤ ਪਾਣੀ ਲਾਈਓਸੁ
ਕੱਲਰ ਵਿਚ ਮੁਹੰਮਦ ਬਖਸ਼ਾ ਬਾਗ਼ ਬਹਾਰ ਬਣਾਇਓਸੁ
ਬੂਟਾ ਬੱਚਾ ਬਾਗ਼ ਉਨ੍ਹਾਂ ਦਾ ਰਹੇ ਹਮੇਸ਼ਾ ਹਰਿਆ
ਸੁੱਕਾ ਢੀਂਗਰ ਮੇਰਾ ਜਿਸ ਨੇ ਫੁਲੀਂ ਪੱਤੀਂ ਭਰਿਆ
ਆ ਕਲਮੇ ਮੂੰਹ ਲਾ ਸਿਆਹੀ ਚੁੰਮ ਜ਼ਮੀਨ ਨੂਰਾਨੀ
ਰੱਤ ਕਾਲ਼ੀ ਛਿਣਕਾ ਅੱਖੀਂ ਥੀਂ ਵਾਂਗ ਹੰਝੂ ਦੇ ਪਾਣੀ ।(੯੦੯੦)
ਪੈ ਸਿਜਦੇ ਨੱਕ ਰਗੜ ਜ਼ਿਮੀਂ ਤੇ ਕਰ ਕਰ ਇਜਜ਼ ਨਿਆਜ਼ਾਂ
ਮਿਹਰ ਪਵੇ ਮੱਤ ਹਾਲ ਤੇਰੇ ਤੇ ਉਨ੍ਹਾਂ ਗ਼ਰੀਬ-ਨਿਵਾਜ਼ਾਂ
ਸਿਫ਼ਤ ਮੁਬਾਰਿਕ ਪੀਰ ਮੇਰੇ ਦੀ ਬਾਹਰ ਹੱਦ ਬਿਆਨੋਂ
ਪਰ ਤੂੰ ਭੀ ਕੁੱਝ ਚੱਖ ਸ਼ੀਰੀਨੀ ਜਾਵੇ ਫਿੱਕ ਜ਼ਬਾਨੋਂ
ਮਰਦ ਭਲੇਰਾ ਮੁਰਸ਼ਿਦ ਮੇਰਾ ਸ਼ਾਹ ਗ਼ੁਲਾਮ ਮੁਹੰਮਦ
ਅਹਿਲ ਸ਼ਰੀਅਤ ਅਹਿਲ ਤਰੀਕਤ ਵਾਂਗ ਇਮਾਮ ਮੁਹੰਮਦ
ਮਹਿਰਮ ਹਾਲ ਹਕੀਕਤ ਕੋਲੋਂ ਵਾਕਫ਼ ਸੀ ਇਰਫ਼ਾਨੋਂ
ਪੁਰ ਤਕਸੀਰਾਂ ਨੂੰ ਤਾਸੀਰਾਂ ਹੋਵਣ ਉਸ ਜ਼ਬਾਨੋਂ
ਜਿਉਂ ਮਿਹਤਰ ਦਾਊਦ ਨਬੀ ਸਨ ਮੋਮ ਕਰੇਂਦੇ ਲੋਹਾ
ਪੱਥਰ ਦਿਲ ਨੂੰ ਮੋਮਿਨ ਕਰਦੇ ਗੱਲ ਓਨ੍ਹਾਂ ਦੀ ਓਹਾ
ਸੁਹਬਤ ਮਜਲਿਸ ਪੀਰ ਮੇਰੇ ਦੀ ਬਿਹਤਰ ਨਫ਼ਲ ਨਿਮਾਜ਼ੋਂ
ਹਿਕ ਹਿਕ ਸੁਖ਼ਨ ਸ਼ਰੀਫ਼ ਉਨ੍ਹਾਂ ਦਾ ਕਰਦਾ ਮਹਿਰਮ ਰਾਜ਼ੋਂ
ਸੀਨਾ ਸਿਰਿੱ ਇਲਾਹੀ ਭਰਿਆ ਮੱਥਾ ਚੰਨ ਅਸਮਾਨੀ
ਚਸ਼ਮਾਂ ਸ਼ਰਮ ਹਿਆਇ ਭਰੀਆਂ ਰੌਸ਼ਨ ਦੋਹੀਂ ਜਹਾਨੀ
ਰਹਿਮਤ ਹਿਲਮ ਵਫ਼ਾ ਮੁਹੱਬਤ ਚਾਰੇ ਤੱਬਆਂ ਰਲਾ ਕੇ
ਰੱਬ ਉਹ ਸ਼ਖ਼ਸ ਸ਼ਰੀਫ਼ ਬਣਾਇਆ ਨੇਕ ਸਿਫ਼ਾਤਾਂ ਪਾ ਕੇ
ਆਬ ਹਯਾਤ ਕਲਾਮ ਰਸੀਲੀ ਚਿਹਰਾ ਖ਼ਿਜ਼ਰ ਵਲੀ ਦਾ
ਦਰਦ ਕਨੋਂ ਰੰਗ ਜ਼ਰਦ ਹਮੇਸ਼ਾ ਆਤਿਸ਼ ਇਸ਼ਕ ਤਲੀ ਦਾ
ਤਨ ਮਨ ਅੰਦਰ ਰਾਹ ਹੱਕਾਨੀ ਅੰਦਰ ਦੀਨ ਪੈਗ਼ੰਬਰ
ਸਾਲਿਕ ਸੂਫ਼ੀ ਨਾਲ਼ੇ ਜ਼ਾਹਿਦ ਨਾਲ਼ੇ ਮਸਤ ਕਲੰਦਰ ।(੯੧੦੦)
ਜੀਭ ਮਿੱਠੀ ਤੇ ਖ਼ੂ ਸਲੂਨੀ ਸੂਰਤ ਅਪਰ ਅਪਾਰੀ
ਰਾਹਬਰ ਰਾਹਿ ਹਿਦਾਇਤ ਅੰਦਰ ਕਸਬ ਤਵਾਜ਼ੁਅ ਦਾਰੀ
ਚੁੱਭੀ ਮਾਰ ਲਿਆਵਣ ਮੋਤੀ ਵਹਦਤ ਦੇ ਦਰਿਆਉਂ
ਖਰੀਆਂ ਗੱਲਾਂ ਖਰੀਆਂ ਚਾਲਾਂ ਦਾਮਨ ਪਾਕ ਰਿਆਉਂ
ਖਰਿਆਂ ਦੇ ਲੜ ਲੱਗਾ ਮੈਂ ਭੀ ਖੋਟਾ ਆਪ ਜਹਾਨੋਂ
ਸ਼ਾਲਾ ਖੋਟ ਮੇਰੇ ਨੂੰ ਕੱਜਣ ਦਾਇਮ ਸ਼ਰਮ ਉਨ੍ਹਾਂ ਨੂੰ
ਪਰਦਾ ਪੋਸ਼ੀ ਕੰਮ ਫ਼ਕਰ ਦਾ ਕਰਸਣ ਅੱਲ੍ਹਾ ਭਾਵੇ
ਸਦਾ ਉਮੀਦ ਮੁਹੰਮਦ ਬਖਸ਼ਾ ਜ਼ੋਰ ਦਿਲੇ ਵਿਚ ਪਾਵੇ
ਆਸ਼ਾਵੰਦ ਨਾ ਖ਼ਾਲੀ ਜਾਵਣ ਸਖ਼ੀਆਂ ਦੇ ਦਰਬਾਰੋਂ
ਏਥੇ ਓਥੇ ਦੋਹੀਂ ਜਹਾਨੀਂ ਕਰਮ ਮੰਗਾਂ ਸਰਕਾਰੋਂ
ਕਿਸੇ ਕਿਸੀ ਥੀਂ ਕਿਸੀ ਕਿਸੇ ਥੀਂ ਕਿਸੇ ਖ਼ਿਜ਼ਰ ਅਲਿਆਸੋਂ
ਸ਼ਿਅਰ ਕਲਾਮ ਸੁਖ਼ਨ ਦੀ ਬਖ਼ਸ਼ਿਸ਼ ਮੈਨੂੰ ਮੁਰਸ਼ਿਦ ਪਾਸੋਂ
ਹਿਕੋ ਸੁਖ਼ਨ ਨਾ ਹੋਰ ਤਮਾਮੀ ਜੋ ਨਿਅਮਤ ਮੈਂ ਪਾਈ
ਉਸੇ ਮਰਦ ਸੱਚੇ ਦਾ ਸਦਕਾ ਆਪਣੀ ਨਹੀਂ ਕਮਾਈ
ਖ਼ਸਖ਼ਸ ਜਿਤਨਾ ਕਦਰ ਨਾ ਮੇਰਾ ਉਸ ਨੂੰ ਸਭ ਵਡਿਆਈਆਂ
ਮੈਂ ਗਲੀਆਂ ਦਾ ਰੋੜਾ ਕੂੜਾ ਮਹਿਲ ਚੜ੍ਹਾਇਆ ਸਾਈਆਂ
ਸਾਈਆਂ! ਰੱਬ ਵਡਿਆਈਆਂ ਦੇਵੀ ਜਿਸ ਮੇਰਾ ਹੱਥ ਫੜਿਆ
ਆਜ਼ਿਜ਼ ਰੁੜ੍ਹਦਾ ਡੁੱਬਦਾ ਜਾਂਦਾ ਬੇੜੀ ਤੇਰੀ ਚੜ੍ਹਿਆ
ਇਸ ਬੇੜੀ ਦਾ ਪੂਰ ਹਮੇਸ਼ਾ ਸ਼ਾਲਾ ਸਹੀ ਸਲਾਮਤ
ਦੁਨੀਆਂ ਉੱਤੇ ਮੌਜਾਂ ਮਾਣੇ ਸੁਖੀ ਰੋਜ਼ ਕਿਆਮਤ ।(੯੧੧੦)
ਹਰਦਮ ਰਹੇ ਮੱਲਾਹ ਸਿਰੇ ਤੇ ਰੱਖੇ ਹਰ ਗਰਦਾਬੋਂ
ਪਾਰ ਚੜ੍ਹਾਵੇ ਪੂਰ ਅਸਾਡਾ ਬਚੀਏ ਸਭ ਇਜ਼ਾਬੋਂ
ਸਿਰ ਸਾਡੇ ਪਰ ਹੋਵੇ ਹਮੇਸ਼ਾ ਮਿਹਰ ਉਹਦੀ ਦਾ ਸਾਇਆ
ਪਾਵਣ ਸਭ ਪਿਆਰੇ ਉਸ ਦੇ ਯੁਮਨਾਂ ਬਰਕਤ ਪਾਇਆ
ਸੈਫ਼-ਮਲੂਕ ਬਦੀਅ-ਜਮਾਲੇ ਕਾਮਿਲ ਇਸ਼ਕ ਕਮਾਇਆ
ਕੀਤਾ ਜੋਸ਼ ਤਬੀਅਤ ਮੈਂ ਭੀ ਕਿੱਸਾ ਜੋੜ ਸੁਣਾਇਆ
ਚੌਹਾਂ ਗੁੱਠਾਂ ਥੀਂ ਪਰੀਆਂ ਸਦੀਆਂ ਹਰ ਪਾਸੇ ਘਲ ਅਰਜ਼ੀ
ਚਾਰੇ ਵਾਰੋ ਵਾਰੀ ਆਈਆਂ ਜਿਉਂ ਜਿਉਂ ਲੱਗੀ ਮਰਜ਼ੀ
ਮੁਅੱਤਬਿਰਾਂ ਅਖ਼ਬਾਰਾਂ ਦੱਸਣ ਹਰ ਦਾਨੀ ਪਰਧਾਨੀ
ਕਿਧਰੋਂ ਇਕੋ ਗੱਲ ਸੁਣਾਵਣ ਕਿਧਰੋਂ ਹੋਰ ਨਿਸ਼ਾਨੀ
ਬਹੁਤੀ ਗੱਲ ਲਿਖਾਈ ਉਸ ਨੇ ਜੋ ਸੀ ਅੱਵਲ ਆਈ
ਉਸ ਦੀ ਦੱਸੀ ਕੋਈ ਨਾ ਛੱਡੀ ਬੈਤਾਂ ਅੰਦਰ ਪਾਈ
ਹੋਰੋਂ ਹੋਰ ਸੁਣਾਵਣ ਲੱਗੀਆਂ ਜਿਉਂ ਜਿਉਂ ਪਿੱਛੋਂ ਆਈਆਂ
ਜੇ ਸਭ ਗੱਲਾਂ ਜੋੜ ਸੁਣਾਵਾਂ ਕਿੱਸੇ ਪੈਣ ਖ਼ਤਾਈਆਂ
ਜੋ ਜੋ ਬਣਦੀ ਫੱਬਦੀ ਆਹੀ ਉਹ ਰਵਾਇਤ ਪਾਈ
ਥਿਗੜੀ ਟਾਕੀ ਜੋੜ ਜੁੜਾ ਕਰ ਜੁਲੀ ਰਾਸ ਬਣਾਈ
ਐਸੀ ਰਫ਼ੂ ਕੀਤੀ ਹਰ ਸੀਵਨ ਕੋਈ ਮਲੂਮ ਨਾ ਕਰਸੀ
ਹਿਕੋ ਪੋਤ ਦਿਸੇਗਾ ਭਾਈ ਜੇ ਕੋਈ ਅੱਗੇ ਧਰਸੀ
ਮੁਖ਼ਤਲਿਫ਼ਾਂ ਜੋ ਨਜ਼ਰੀਂ ਆਇਆ ਛੱਡ ਦਿੱਤੀਆਂ ਕਈ ਗੱਲਾਂ
ਹਿਕ ਲਿਖਾਂ ਤੇ ਦੂਜੀ ਭੱਜਦੀ ਦੱਸੋ ਕਿਤ ਵੱਲ ਚੱਲਾਂ ।(੯੧੨੦)
ਸੈਫ਼-ਮਲੂਕੇ ਦੇ ਨਨਿਹਾਲੇ ਬਹੁਤੇ ਕਹਿਣ ਯਮਨ ਵਿਚ
ਹਿਕ ਰਾਵੀ ਕਹਿਤਾਨ ਬਿਤਾਂਦਾ ਕਿਸ ਦੀ ਪਾਈਏ ਮਨ ਵਿਚ
ਪਹਿਲੇ ਯਾਰ ਬਦਖ਼ਸ਼ਾਂ ਦੱਸੀ ਉਹੋ ਕਾਗ਼ਜ਼ ਲਾਈ
ਉਹ ਭੰਨਾ ਹੁਣ ਹੋਰ ਬਣਾਵਾਂ ਇਸ ਵਿਚ ਕੀ ਵਡਿਆਈ
ਮੁਖ਼ਤਲਿਫ਼ਾਂ ਇਸ ਰਿਵਸ਼ੇ ਗੱਲਾਂ ਕੋਈ ਜ਼ਈਫ਼ ਰਵਾਇਤ
ਭੱਜਦੀ ਨਾਹੀਂ ਕਵੀ ਜ਼ਈਫ਼ੋਂ ਕੀਤਾ ਫ਼ਿਕਰ ਨਿਹਾਇਤ
ਪਰੀਆਂ ਚਾਰ ਮੁਰਾਦ ਕਿਤਾਬਾਂ ਕਿਉਂ ਭੁਲਾਵਾ ਪਾਵਾਂ
ਨਹੀਂ ਤਾਂ ਹੁਕਮ ਮੇਰਾ ਕਦ ਇਤਨਾ ਪਰੀਆਂ ਸੱਦ ਬਹਾਵਾਂ
ਥੋੜੀ ਬਾਤ ਕਿਤਾਬਾਂ ਅੰਦਰ ਬਹੁਤੀ ਆਪ ਬਣਾਈ
ਕੀਕਰ ਆਪ ਬਣਾਵੇ ਆਜ਼ਿਜ਼ ਸੱਭੋ ਦਾਤ ਖ਼ੁਦਾਈ
ਜ਼ਾਹਿਰ ਦਿਲ ਲਗਾਈ ਕਾਰਨ ਕਿੱਸਾ ਇਸ਼ਕ ਮਜ਼ਾਜ਼ੋਂ
ਅੰਦਰ ਖ਼ਾਨੇ ਖ਼ਬਰਾਂ ਦੇਸੀ ਫ਼ਕਰਾਵਾਂ ਦੇ ਰਾਜ਼ੋਂ
ਰਮਜ਼ਾਂ ਨਾਲ਼ ਪਰੋਤਾ ਸਾਰਾ ਚਾਹੀਏ ਸਮਝਣ ਹਾਰੇ
ਹਿੰਮਤ ਅੱਗੇ ਮੁਸ਼ਕਿਲ ਨਾਹੀਂ ਹਿੰਮਤ ਮਰਦ ਨਾ ਹਾਰੇ
ਇਸੇ ਹਿਕਸੇ ਮਿਸਰੇ ਅੰਦਰ ਗ਼ਰਜ਼ ਕਿੱਸੇ ਦੀ ਸਾਰੀ
ਜੋ ਢੂੰਡੇ ਸੋ ਪਾਵੇ ਭਾਈ ਮੁਫ਼ਤ ਨਹੀਂ ਪਰ ਯਾਰੀ
ਸ਼ੁਕਰ ਅਲਹਮਦ ਖ਼ੁਦਾਵੰਦ ਤਾਈਂ ਅੰਦਰ ਏਸ ਜ਼ਮਾਨੇ
ਤਮ ਹੋਇਆ ਇਹ ਕਿੱਸਾ ਰੌਸ਼ਨ ਵਰਤੇ ਵਿਚ ਜਹਾਨੇ
ਕਾਫ਼ੀਆਂ ਦੇ ਫ਼ਿਕਰ ਅੰਦਰ ਸੀ ਦਿਲ ਚਿੰਤਾ ਵਿਚ ਝੁਰਦਾ
ਕੰਮ ਲੰਮਾ ਤੇ ਪਤਾ ਨਾ ਕੋਈ ਮੌਤ ਨਿਕਾਰਾ ਘੁਰਦਾ ।(੯੧੩੦)
ਤਾਵਲ ਥੀਂ ਕੰਮ ਸਾਦਾ ਕੀਤਾ ਛੱਡੀਆਂ ਬਹੁਤ ਰਸੂਮਾਂ
ਚਿੱਤ ਉਦਾਸ ਜਮੀਅਤ ਥੋੜੀ ਨਾਲ਼ੇ ਕੋਲ ਹਜੂਮਾਂ
ਵਾਲੇ ਵਾਲੇ ਚਾਰ ਦਵਾਲੇ ਮਾਲ ਚਰੇਂਦੇ ਆਹੀ
ਔਰ ਕਮਤਾਲੀ ਫ਼ਿਕਰ ਅੰਦੇਸ਼ਾ ਨਾਲ਼ੇ ਸੀ ਕੁੱਝ ਵਾਹੀ
ਵਜ਼ਨ ਬਰਾਬਰ ਬੈਂਤ ਬਣਾਏ ਕੰਡੇ ਚਾੜ੍ਹ ਅਕਲ ਦੇ
ਰਵੀ ਰਦੀਫ਼ਾਂ ਕਾਫ਼ੀਆਂ ਦੇ ਸੰਗ ਜਾਸਨ ਮਿਲਦੇ ਰਲਦੇ
ਸਨਅਤ ਭੀ ਕੁੱਝ ਥੋੜੀ ਬਹੁਤੀ ਹੋਸੀ ਨਾਲ਼ ਤਰੀਕਾਂ
ਲੱਜ਼ਤ ਸੋਜ਼ ਨਹੀਂ ਵੱਸ ਮੇਰੇ ਸਾਹਬ ਨੂੰ ਤੌਫ਼ੀਕਾਂ
ਕਾਠੀ ਘੋੜੇ ਰੱਬ ਦੇ ਬਖ਼ਸੇ ਆਹਾ ਇਕ ਤਵੇਲਾ
ਵਾਰੋ ਵਾਰੀ ਡਾਕ ਚਲਾਵਾਂ ਚਾੜ੍ਹ ਘੱਲਾਂ ਹਿਕ ਚੇਲਾ
ਹਿਕ ਚੇਲਾ ਕਸ਼ਮੀਰ ਬਹਾਇਆ ਕਰਦਾ ਹਿਕ ਸਵਾਰੀ
ਫੇਰੇ ਉਪਰ ਫੇਰਾਂ ਪਾਵੇ ਹੁਕਮ ਮੰਨੇ ਸਰਕਾਰੀ
ਪਲ ਪਲ ਅੰਦਰ ਹਿੰਦੁਸਤਾਨੋਂ ਜਾਂਦਾ ਸੀ ਕਸ਼ਮੀਰੇ
ਘੋੜੇ ਥੱਕ ਤਰੁਟੇ ਬਹੁਤੇ ਲੇਟ ਰਹੇ ਹੋ ਧੀਰੇ
ਹਿਰਨ ਹੀਰਾ ਕਸਤੂਰਾ ਮੈਨੂੰ ਫੇਰ ਉਸਤਾਦ ਫੜਾਇਆ
ਸੋਹਣੀ ਚਾਲ ਚਲਾਕੀ ਵਾਲਾ ਲੱਭਦਾ ਫੇਰ ਖੜਾਇਆ
ਪਾਣੀ ਪੀ ਤੱਤਾਰੋਂ ਨਿਕਲੇ ਜਾ ਕਸ਼ਮੀਰੇ ਚੜ੍ਹਦਾ
ਖ਼ੁਸ਼ਬੂਈਂ ਤੇ ਖੋਜ ਖਿਲਾਰੇ ਮਗ਼ਜ਼ ਮੁਅੱਤਰ ਕਰਦਾ
ਉਹ ਭੀ ਰੱਜ ਰਿਹਾ ਇਸ ਚਰਿਓਂ ਚੈਨ ਅੰਦਰ ਵੰਝ ਸੋਇਆ
ਜਾਗ ਉੱਠੇਗਾ ਅੱਲ੍ਹਾ ਭਾਵੇ ਹੁਕਮ ਜਦੋਂ ਫਿਰ ਹੋਇਆ ।(੯੧੪੦)
ਮੂੰਹ ਪਰ ਪੱਲਾ ਲਿਆ ਦਵਾਤੇ ਛੁੱਟੀ ਵਰਕ ਪਰਤੋਂ
ਵਾਂਗ ਗੁਲਾਂ ਹਿਕ ਕਾਠੀ ਹੋਈ ਅੰਦਰ ਭਰਿਆ ਪੱਤੋਂ
ਸ਼ਾਲਾ ਵਾਂਗ ਗੁਲਾਂ ਦੇ ਇਸ ਵਿਚ ਸਦਾ ਰਹੇ ਖ਼ੁਸ਼ਬੂਈ
ਸੱਚਿਆਂ ਮਰਦਾਂ ਦੇ ਸੰਗ ਬਰਕਤ ਐਬ ਨਾ ਲਗੋਸੁ ਕੋਈ
ਨਾਜ਼ ਨਿਆਜ਼ ਤੇ ਸਫ਼ਰ ਆਸ਼ਿਕ ਦਾ ਇਸ ਕਿਸੇ ਵਿਚ ਆਇਆ
ਸਫ਼ਰ-ਉਲ-ਇਸ਼ਕ ਮੁਹੰਮਦ ਬਖਸ਼ਾ ਨਾਮ ਦਲੀਲੋਂ ਪਾਇਆ
ਵਾਹਵਾ ਬਾਗ਼-ਇਰਮ ਦਾ ਬਣਿਆ ਦਿਓਸੁ ਰੱਬ ਬਹਾਰਾਂ
ਠੰਡੀ ਤੱਤੀ ਵਾਅ ਨਾ ਲਗੋਸੁ ਰੌਣਕ ਰਹੇ ਹਜ਼ਾਰਾਂ
ਸ਼ਾਰਿਸਸਤਾਨ ਬਗ਼ੀਚਾ ਖਿੜਿਆ ਦਸਤੇ ਦੇਇ ਗੁਲਾਂ ਦੇ
ਜਿਉਂ ਸ਼ਾਖ਼ਾਂ ਵਿਚ ਸ਼ਾਖ਼ਾਂ ਗੁੰਦੀਆਂ ਤਿਉਂ ਮਾਅਨੇ ਦਿਖਲਾਂਦੇ
ਖ਼ਤ ਕਾਲ਼ਾ ਤੇ ਕਾਗ਼ਜ਼ ਚਿੱਟਾ ਇਓਂ ਦਿਖਲਾਈ ਦੇਂਦਾ
ਚਾਨਣੀਆਂ ਵਿਚ ਛਾਉਂ ਚਮਨ ਦੀ ਚਮਕਾਂ ਨੂਰ ਮਰੇਂਦਾ
ਚਸ਼ਮੇਦਾਰ ਹਰਫ਼ ਵਿਚ ਜਿਹੜੇ ਮੱਅਨਿਓਂ ਚਸ਼ਮੇ ਵਗਦੇ
ਲੀਕਾਂ ਨਹਿਰਾਂ ਸਾਫ਼ ਮੁਹੰਮਦ ਪਾਣੀ ਪੱਖੇ ਲਗਦੇ
ਇਸ ਕੱਠੇ ਪਰ ਕੱਠੇ ਹੋ ਕੇ ਆਣ ਲੱਥੇ ਜੋ ਰਾਹੀ
ਨਹਾਤੇ ਧੋਤੇ ਖ਼ੁਸ਼ੀ ਹੋਏ ਮੈਲ ਗ਼ਮਾਂ ਦੀ ਲਾਹੀ
ਜਿਸ ਵੇਲੇ ਦਿਲ ਲਹਿਰੀਂ ਆਵੇ ਕਰੋ ਨਿਗਾਹ ਸ਼ਰਮ ਦੀ
ਮੈਂ ਆਜ਼ਿਜ਼ ਤਰਿਹਾਏ ਕਾਰਨ ਮੰਗੋ ਬੂੰਦ ਕਰਮ ਦੀ
ਜਾਂ ਬਾਗ਼ੋਂ ਫੁੱਲ ਚੁਣ ਚੁਣ ਸੁੰਘੋ ਕਲਗ਼ੀ ਹਾਰ ਬਣਾਓ
ਜਿਸ ਲਾਇਆ ਇਹ ਬਾਗ਼ ਉਹਨੂੰ ਭੀ ਯਾਦ ਦਿਲੋਂ ਫ਼ੁਰਮਾਓ ।(੯੧੫੦)
ਇਸ ਬਾਗ਼ੇ ਦੇ ਸੈਰ ਤੁਸਾਨੂੰ ਜਮ ਜਮ ਸਦਾ ਸੁਖਾਵਣ
ਦਿਓ ਦੁਆ ਅਸਾਨੂੰ ਦਿਲਬਰ ਖ਼ੁਸ਼ ਹੋ ਮੁੱਖ ਵਿਖਾਵਣ
ਜੇ ਰੱਬ ਸੱਚੇ ਰਹਿਮਤ ਕੀਤੀ ਰਹਿਸੀ ਬਾਗ਼ ਉਜਾਲ਼ਾ
ਮਰ ਕੇ ਖ਼ਾਕ ਹੋਵੇਗਾ ਆਜ਼ਿਜ਼ ਬਾਗ਼ ਬਣਾਵਣ ਵਾਲਾ
ਤੁਸੀਂ ਫਿਰੋ ਨਿੱਤ ਬਾਗ਼ੇ ਅੰਦਰ ਖ਼ੁਸ਼ੀਓਂ ਐਸ਼ ਮੁਰਾਦੋਂ
ਖ਼ਾਕ ਹੋਇਆਂ ਪਰ ਰਹਿਮਤ ਭੇਜੋ ਦੂਰ ਨਾ ਸੁੱਟੋ ਯਾਦੋਂ
ਸੈਰ ਕਰੋ ਖ਼ੁਸ਼ਬੂਈ ਮਾਣੋਂ ਫੁੱਲ ਮਬਾਹ ਤੁਸਾਨੂੰ
ਸ਼ਾਖ਼ਾਂ ਰੁੱਖ ਤਰੋੜੋ ਨਾਹੀਂ ਭਲੀ ਸਲਾਹ ਤੁਸਾਨੂੰ
ਸ਼ਾਖ਼ਾਂ ਲਫ਼ਜ਼ ਉੱਤੇ ਰੱਖ ਮਾਅਨੇ ਕਰੋ ਜ਼ਿਆਨ ਨਾ ਦੋਹਾਂ
ਮਿੰਨਤ ਕਰ ਕੇ ਕਹੇ ਮੁਸੱਨਿਫ਼ ਪੇਸ਼ ਨਹੀਂ ਕੁੱਝ ਰੋਹਾਂ
ਛੋੜ ਨਿਕੰਮੀ ਗੱਲ ਮੁਹੰਮਦ ਚਤੁਰਾਈਓਂ ਹਟ ਰਹੋ ਖਾਂ
ਮੂੰਹ ਸ਼ਰਮਿੰਦਾ ਨਾਲ਼ ਗੁਨਾਹਾਂ ਹਾਦੀ ਦੇ ਦਰ ਢਹੋ ਖਾਂ
ਕੀ ਖੱਟਿਆ ਕੀ ਵੱਟਿਆ ਅੱਗੇ ਨਾ ਕੁੱਝ ਹੱਥ ਨਾ ਪੱਲੇ
ਬੂਹਾ ਮਲ ਕਰੀਮ ਸਖੀ ਦਾ ਰੱਖ ਝੋਲ਼ੀ ਕੁੱਝ ਘੱਲੇ
ਹੋਰ ਕਿਸੇ ਕੁੱਝ ਅਮਲ ਹੋਵੇਗਾ ਬਦ ਅਮਲੀ ਹੱਥ ਮੇਰੇ
ਹੈ ਮਿਸਕੀਨ ਨਿਵਾਜ਼ ਖ਼ੁਦਾਇਆ ਕਰਮ ਨਿਆਰੇ ਤੇਰੇ
ਜੱਗ ਤੋਂ ਬਾਹਰੇ ਪਾਪ ਕਮਾਏ ਲਾ ਫ਼ਕਰ ਦੇ ਜਾਮੇ
ਤੂੰ ਸੱਚਾ ਮੈਂ ਝੂਠਾ ਰੱਬਾ ਕਿਆ ਲੇਖਾ ਕਿਆ ਨਾਮੇ
ਫ਼ਜ਼ਲ ਕਰੇਂ ਤਾਂ ਢੋਈ ਸਾਈਆਂ! ਅਦਲੋਂ ਨਾ ਛੁਟਕਾਰੇ
ਕਰਮ ਤੇਰੇ ਦੀ ਹਿੱਖੀ ਉੱਤੇ ਪਾਪ ਕਮਾਏ ਭਾਰੇ ।(੯੧੬੦)
ਜੋ ਕੀਤਾ ਸੋ ਭੁੱਲਿਆਂ ਕੀਤਾ ਸਰ ਪਰ ਮੈਂ ਤਕਸੀਰੀ
ਬਦ ਬਖ਼ਤਾਂ ਦੇ ਕੰਮ ਕਮਾਏ ਕਰ ਕੇ ਵੇਸ ਫ਼ਕੀਰੀ
ਤੂੰ ਸਭ ਐਬ ਛੁਪਾਈ ਰੱਖੇ ਪਰਦਾ ਮੂਲ ਨਾ ਚਾਇਆ
ਇੱਜ਼ਤ ਰਿਜ਼ਕ ਬਦਨ ਵਿਚ ਮੇਰੇ ਕੁੱਝ ਨੁਕਸਾਨ ਨਾ ਪਾਇਆ
ਨਿਅਮਤ ਬਹੁਤ ਦਿੱਤੀ ਤੁਧ ਇੱਥੇ ਬਾਹਰ ਲੁਤਫ਼ ਹਿਸਾਬੋਂ
ਉਸੇ ਲੁਤਫ਼ ਹਿਲਾਇਆ ਮੈਨੂੰ ਲੱਗੀ ਆਸ ਜਨਾਬੋਂ
ਜਿਸ ਘਰ ਮੰਗਤੇ ਆਦਰ ਹੋਵੇ ਦਾਨ ਬਹੁੰ ਹੱਥ ਆਵੇ
ਜਾਂ ਲਾਚਾਰ ਪਵੇ ਕੋਈ ਉਸ ਨੂੰ ਫੇਰ ਉਸੇ ਦਰ ਧਾਵੇ
ਮੇਰਾ ਭੀ ਤੁਧ ਆਦਰ ਕੀਤਾ ਦਿੱਤੇ ਦਾਨ ਘਣੇਰੇ
ਅੱਗੋਂ ਭੀ ਹਰ ਔਖੇ ਵੇਲੇ ਆਸ ਰੱਖੇ ਦਰ ਤੇਰੇ
ਸਿਰ ਤੇ ਪੰਡ ਗੁਨਾਹਾਂ ਵਾਲੀ ਕਦਰ ਮੇਰੇ ਥੀਂ ਭਾਰੀ
ਖ਼ੂਨੀ ਨਦੀ ਅਜਲ ਦੀ ਅੱਗੇ ਨਾ ਮੈਂ ਤੁਲ੍ਹਾ ਨਾ ਤਾਰੀ
ਨਾ ਅਸ਼ਨਾਈ ਨਾਲ਼ ਮਲਾਹਾਂ ਪੱਲੇ ਨਹੀਂ ਮਜ਼ੂਰੀ
ਕੌਣ ਲੰਘਾਏ ਪਾਰ ਬੰਦੇ ਨੂੰ ਜਾਣਾ ਕੰਮ ਜ਼ਰੂਰੀ
ਅਮਲਾਂ ਵਾਲੇ ਲੰਘ ਲੰਘ ਜਾਂਦੇ ਕੌਣ ਚੜ੍ਹਾਵੇ ਮੈਨੂੰ
ਪਾਰ ਚੜ੍ਹਾਂ ਜੇ ਰਹਿਮਤ ਤੇਰੀ ਹੱਥ ਫੜਾਵੇ ਮੈਨੂੰ
ਹਿਕਨਾ ਇਸ਼ਕ ਪਿਆਲੇ ਪੀਤੇ ਹਿਕਨਾ ਜ਼ੁਹਦ ਇਬਾਦਤ
ਹਿਕਨਾ ਖੂਹ ਤਲਾਅ ਮਸੀਤਾਂ ਹਿਕਨਾ ਦਾਨ ਸਖ਼ਾਵਤ
ਮੈਂ ਐਬਾਂ ਵਿਚ ਉਮਰ ਖੜਾਈ ਕਰ ਕਰ ਕਾਗ਼ਜ਼ ਕਾਲੇ
ਫਿਰ ਉਮੀਦ ਨਾ ਤਰੋੜੀ ਰੱਬਾ ਵੇਖ ਕਰਮ ਦੇ ਚਾਲੇ ।(੯੧੭੦)
ਹਰ ਇਕ ਦੀ ਮੈਂ ਆਸ ਤਰੋੜੀ ਜੋ ਆਸਾ ਕਰ ਆਇਆ
ਫਿਰ ਭੀ ਆਸ ਤੇਰੇ ਦਰ ਮੈਨੂੰ ਹਰਗਿਜ਼ ਨਾ ਸ਼ਰਮਾਇਆ
ਰਾਹ ਪੰਧਾਊ ਟਿਕਣ ਮਕਾਨੇ ਰਾਤ ਪਵੇ ਘਰ ਜਿਸਦੇ
ਸਖ਼ੀ ਹੋਵੇ ਤਾਂ ਪੁੱਛੇ ਯਾਰੋ ਖ਼ਰਚ ਪੱਲੇ ਕਿਸ ਕਿਸ ਦੇ
ਜਿਹਨਾ ਖ਼ਰਚ ਦਲੇਰੀ ਤਿਨ੍ਹਾਂ ਕੱਢ ਕੱਢ ਦੇਂਦੇ ਆਟਾ
ਖ਼ਾਲੀ ਹੱਥ ਹੈਰਾਨ ਬੇਚਾਰਾ ਬਹੇ ਹੇਠਾਂ ਸੁੱਟ ਗਾਟਾ
ਸ਼ਰਮ ਪਵੇ ਘਰ ਵਾਲੇ ਤਾਈਂ ਉਸ ਅੱਗੇ ਭੀ ਧਰਦਾ
ਮੈਂ ਭੀ ਖ਼ਾਲੀ ਹੱਥ ਮੁਸਾਫ਼ਿਰ ਤਕੀਆ ਤੇਰੇ ਘਰ ਦਾ
ਹਿਕ ਕੋਈ ਸ਼ਖ਼ਸ ਸ਼ਰਾਬੀ ਹੋਇਆ ਮਸਜਿਦ ਅੰਦਰ ਆਇਆ
ਰੱਬ ਸੱਚੇ ਵੱਲ ਅਰਜ਼ਾਂ ਕਰਦਾ ਬਖ਼ਸ਼ ਬਹਿਸ਼ਤ ਖ਼ੁਦਾਇਆ
ਮੁੱਲਾਂ ਪਕੜ ਖਦੜਣ ਲੱਗਾ ਬਾਹਰ ਜਾ ਪਲੀਤਾ
ਨੇਕ ਬਹਿਸ਼ਤੀ ਬਣਿਆ ਲੋੜੇਂ ਕੀ ਅਮਲ ਤੁਧ ਕੀਤਾ
ਮਸਤਾਨੇ ਫ਼ੁਰਮਾਇਆ ਹਜ਼ਰਤ ਜਾਂ ਰਹਿਮਤ ਵੱਲ ਤੱਕਾਂ
ਯਾਦ ਗੁਨਾਹ ਨਾ ਰਹਿੰਦਾ ਕੋਈ ਨਾ ਮੂੰਹੋਂ ਕਹਿ ਸਕਾਂ
ਰਹਿਮਤ ਥੀਂ ਨਾ-ਉਮੀਦ ਨਾ ਹੋਸਾਂ ਨਾਲ਼ ਗੁਨਾਹਾਂ ਭਰਿਆ
ਬੁਰਿਆਈਆਂ ਦੀ ਹੱਦ ਨਾ ਰੱਖੀ ਭਲਾ ਨਹੀਂ ਕੁਝ ਸਰਿਆ
ਨੱਸਣ ਛਪਣ ਕਿਤੇ ਨਾ ਹੁੰਦਾ ਸਿਰ ਮੂੰਹ ਅੱਗੇ ਧਰਿਆ
ਕਹਿਰ ਕਰੇ ਤਾਂ ਕੋਈ ਨਾ ਚਾਰਾ ਰਹਿਮ ਕਰੇ ਤਾਂ ਤਰਿਆ
ਅਣ ਹਿੱਲਿਆਂ ਨੂੰ ਤੁਧ ਹਿਲਾਇਆ ਦੇ ਦੇ ਵਾਫ਼ਰ ਚੀਜ਼ਾਂ
ਨਾਮ ਹਬੀਬ ਸੱਚੇ ਦੇ ਪਿਛੇ ਰੱਖੀਂ ਵਾਂਗ ਅਜ਼ੀਜ਼ਾਂ ।(੯੧੮੦)
ਕਦਰ ਆਪਣੇ ਥੀਂ ਬਾਹਰੀ ਮੰਗੀ ਗੱਲ ਵੱਡੀ ਮੂੰਹ ਨਿੱਕਾ
ਗਿਣ ਗਿਣ ਬਹੁਤ ਸੁਣਾਵਾਂ ਕਾਹਨੂੰ ਲੱਖਾਂ ਦੀ ਇਹ ਹਿੱਕਾ
ਆਤਿਸ਼ ਬਖ਼ਸ਼ ਮੁਹੱਬਤ ਵਾਲੀ ਸਾੜੇ ਗ਼ੈਰ ਬੰਬੂਲਾਂ
ਪੀਰਾਂ ਸ਼ਾਹ ਕਲੰਦਰ ਅੱਗੇ ਹੋਵਾਂ ਅੰਦਰ ਮਕਬੂਲਾਂ
ਮਾਪੇ ਤੇ ਉਸਤਾਦ ਮੁਰੱਬੀ ਮੈਂ ਪਰ ਹੱਕ ਜਿਹਨਾਂ ਦੇ
ਰਹਿਮਤ ਬਖ਼ਸ਼ਿਸ਼ ਮਿਹਰ ਅੱਲ੍ਹਾ ਦੀ ਹੋਵੇ ਹਕ ਤਿਨ੍ਹਾਂ ਦੇ
ਹੋਵੇ ਨਸੀਬ ਨਬੀ ਦਾ ਕਲਮਾ ਦੀਨ ਕਬੂਲ ਮੁਹੰਮਦ
ਲਾ ਇਲਾ ਇਲਾ ਅੱਲਾ ਸੱਚ ਰਸੂਲ ਮੁਹੰਮਦ
ਅਸਹੱਦ ਅੱਨ ਲਾ ਇਲਾਹ ਇਲਾ ਅੱਲਾ ਵਹੱਦਹੂ ਬਾਝ ਸ਼ਰੀਕੋਂ
ਵਾ ਅਸ਼ੱਹਦ ਅਨੱ ਨਬੀ ਮੁਹੰਮਦ ਪੈਗ਼ੰਬਰ ਨਜ਼ਦੀਕੋਂ ।(੯੧੮੫)
ਪਿੱਛੇ ਪੜ੍ਹੋ |
|
|