Pritam Singh Kasad
ਪ੍ਰੀਤਮ ਸਿੰਘ ਕਾਸਦ

Punjabi Writer
  

Ruttan De Parchhaven Pritam Singh Kasad

ਰੁੱਤਾਂ ਦੇ ਪਰਛਾਵੇਂ ਪ੍ਰੀਤਮ ਸਿੰਘ ਕਾਸਦ

1. ਨਾ ਉਡੀਕੋ ਪੰਛੀਆਂ ਨੂੰ ਹਾਣੀਉਂ

ਨਾ ਉਡੀਕੋ ਪੰਛੀਆਂ ਨੂੰ ਹਾਣੀਉਂ,
ਕੀ ਪਤਾ ਪਰਤਨ ਨਾ ਪਰਤਨ ਦਿਨ ਢਲੇ।
ਕੌਣ ਜਾਣੇ ਕਿਸ ਬ੍ਰਿਛ ਦੀ ਸ਼ਾਖ਼ ਤੇ,
ਬੈਠ ਕੇ ਕਰਦੇ ਕਲੋਲਾਂ ਮਨਚਲੇ।

ਪਾਪ ਦੀ ਨਗਰੀ ਨਹੀਂ ਮੇਰਾ ਚਮਨ,
ਇਹ ਗੁਲਾਬਾਂ ਕਾਲਿਆਂ ਚਿਟਿਆਂ ਦੀ ਜੂਹ।
ਰੋਜ਼ ਗੁਲਚੀਂ ਬਣ ਕੇ ਮਿਰਤੂ ਤੋੜਦੀ,
ਪਰ ਨਾ ਟੁਟੇ ਇਸ ਚਮਨ ਦੇ ਸਿਲਸਲੇ।

ਆਸ਼ਾ, ਤ੍ਰਿਸ਼ਨਾ ਦੇ ਸਹਾਰੇ ਆਦਮੀ,
ਆਪਣੀ ਦੁਨੀਆ ਉਸਾਰੇ ਰਾਤ ਦਿਨ।
ਬੁਲਬੁਲੇ ਵਾਂਗੂੰ ਏ ਬੇਸ਼ਕ ਜ਼ਿੰਦਗੀ,
ਧਰ ਨੇ ਕਿਤਨੇ ਖ਼ੂਬਸੂਰਤ ਬੁਲਬੁਲੇ।

ਮੇਰੀ ਜੱਨਤ ਨੂੰ ਸ਼ਿੰਗਾਰਨ ਦੇ ਲਈ,
ਯਾਰ ਨੇ ਨੀਲਾ ਚੰਦੋਆ ਤਾਣਿਐ।
ਮੇਰੀਆਂ ਨਦੀਆਂ 'ਚੋਂ ਮੁਖੜਾ ਧੋਣ ਲਈ,
ਰੋਜ਼ ਆਉਂਦੇ ਤਾਰਿਆਂ ਦੇ ਕਾਫ਼ਲੇ।

ਮੇਘਲੇ ਗ਼ਮ ਦੇ, ਦੁਖਾਂ ਦੇ ਜ਼ਲਜ਼ਲੇ,
ਤੋੜ ਨਾ ਸਕੇ ਮਨੁਖ ਦੇ ਵਲਵਲੇ।
ਇਕ ਮੁਹੱਬਤ ਦੀ ਸੁਨਿਹਰੀ ਲਾਟ ਤੇ,
ਰੋਜ਼ ਜਲ ਜਲ ਕੇ ਨੇ ਜੀਊਂਦੇ ਦਿਲ ਜਲੇ।

ਕਾਲੀਆਂ ਜ਼ੁਲਫ਼ਾਂ ਤੇ ਰਿਸ਼ਮਾਂ ਚੰਨ ਦੀਆਂ,
ਦੇ ਰਹੀਆਂ ਦੋਵੇਂ ਸੁਨੇਹੜੇ ਪਿਆਰ ਦੇ।
ਉਹ ਕੀ ਜਾਣਨ ਜ਼ਿੰਦਗੀ ਦੀ ਸੁੰਦਰਤਾ,
ਮੇਟ ਨਾ ਸਕੇ ਜੋ ਦਿਲ ਦੇ ਫ਼ਾਸਲੇ।

ਦੂਰ ਬੈਠੇ ਨੇ ਫ਼ਰਿਸ਼ਤੇ ਸੋਚਦੇ,
ਕਿਸ ਕਦਰ ਨੇ ਭਾਗਸ਼ਾਲੀ ਆਦਮੀ।
ਆਪਣੀ ਮਸਤੀ 'ਚ ਸੌਂਦੇ ਜਾਗਦੇ,
ਫੇਰ ਵੀ ਰੱਬਦੇ ਨੇ ਪੁੱਤਰ ਲਾਡਲੇ।

ਜ਼ਿੰਦਗੀ ਨੂੰ ਖ਼ੂਬ ਮਾਣੋਂ ਦੋਸਤੋ,
ਪਰ ਨਾ ਮਾਣੋਂ ਦਿਲ ਕਿਸੇ ਦਾ ਤੋੜ ਕੇ।
ਉਹਤਾਂ 'ਕਾਸਦ' ਦੀਨ ਦੁਨੀਆ ਤੋਂ ਗਏ,
ਰੁਸ ਗਏ ਜਿਨ੍ਹਾਂ ਦੇ ਸਜਣ ਰਾਂਗਲੇ।

2. ਚੰਦਰਮਾਂ ਖ਼ਾਮੋਸ਼, ਤਾਰੇ ਡੁਸਕਦੇ

ਚੰਦਰਮਾਂ ਖ਼ਾਮੋਸ਼, ਤਾਰੇ ਡੁਸਕਦੇ,
ਰਾਤ ਵੀ ਆਈ ਤਾਂ ਆਈ ਕਿਸ ਤਰਾਂ।
ਲੁਟ ਗਿਆ ਮੰਜ਼ਲ ਤੇ ਆ ਕੇ ਕਾਫ਼ਲਾ,
ਯਾਰ ਨੇ ਸੂਰਤ ਵਿਖਾਈ ਕਿਸ ਤਰਾਂ।

ਤੋੜ ਕੇ ਰਿਸ਼ਤੇ ਮੁਹੱਬਤ ਪਿਆਰ ਦੇ,
ਮੌਤ ਦੀ ਵਾਦੀ 'ਚੋਂ ਲੱਭਦੇ ਜ਼ਿੰਦਗੀ।
ਆਦਮੀ ਨੇ ਆਦਮੀਅਤ ਵੇਚ ਕੇ,
ਆਪਣੀ ਅਰਥੀ ਉਠਾਈ ਕਿਸ ਤਰਾਂ।

ਹਰ ਤਰਫ਼ ਵਿਗਿਆਨ ਦੀ ਕਿਰਨਾਂ ਦਾ ਨੂਰ,
ਹਰ ਤਰਫ਼ ਰੌਸ਼ਨ ਦਿਮਾਗਾਂ ਦਾ ਜਲੌਅ।
ਸੜ ਗਿਆ ਗੁਲਸ਼ਨ, ਉਜੜ ਗਏ ਆਲ੍ਹਣੇ,
ਰੌਸ਼ਨੀ ਛਾਈ ਤਾਂ ਛਾਈ ਕਿਸ ਤਰਾਂ।

ਆਦਮੀ ਚੇਤੰਨ ਹੈ, ਪ੍ਰਬੀਨ ਹੈ,
ਜ਼ਿੰਦਗੀ ਵਿਚ ਕਿਉਂ ਚਰਿਤਰ-ਹੀਨ ਹੈ।
ਵੇਚ ਕੇ ਸ਼ਰਮੋ-ਹਯਾ ਦੀ ਰੌਸ਼ਨੀ,
ਲਾਸ਼ ਮੇਰੀ ਜਗਮਗਾਈਂ ਕਿਸ ਤਰਾਂ।

ਇਸ਼ਕ ਦੀ ਮਲਕਾ, 'ਝਨਾਂ' ਬੇਚੈਨ ਹੈ,
ਸੱਖਣੀ ਬੇੜੀ ਹੈ 'ਲੁਡਣ' ਯਾਰ ਦੀ।
ਹੀਰ ਦੇ ਆਸ਼ਕ ਉਪਾਸ਼ਕ ਰਾਂਝਿਆਂ,
ਨਿਤ ਨਵੀਂ ਦੁਲਹਨ ਸਜਾਈ ਕਿਸ ਤਰਾਂ।

ਦੋਸਤ ਅੱਜ ਕਲ੍ਹ ਦੇ ਨੇ ਗਿਰਗਟ ਦੀ ਨਸਲ,
ਬਦਲਦੇ ਚੋਲੇ ਸੁਬ੍ਹਾ ਤੇ ਸ਼ਾਮ ਨੇ।
ਜੱਫੀਆਂ ਪਾਉਂਦੇ, ਚੁਰਾਂਦੇ ਅੱਖੀਆਂ,
ਮਿੱਤਰਤਾ ਕੋਂਹਦੇ ਕਸਾਈ ਕਿਸ ਤਰਾਂ।

ਸਰਬਲੋਹ ਦੇ ਧਾਰਨੀ, ਅਣਖੀ ਪਤੰਗ,
ਇਸ਼ਕ ਦੀ ਜੋ ਲਾਟ ਤੇ ਸੜਦੇ ਰਹੇ।
ਅੱਜ ਇਨ੍ਹਾਂ ਸੰਤਾਂ, ਸਿਪਾਹੀਆਂ, ਆਸ਼ਕਾਂ,
ਹੱਥਕੜੀ ਸੋਨੇ ਦੀ ਪਾਈ ਕਿਸ ਤਰਾਂ।

ਪੈਰ ਪ੍ਰਿਥਵੀ ਤੇ, ਨਜ਼ਰ ਆਕਾਸ਼ ਤੇ,
ਚਾਲ ਮੇਰੀ ਤੇਜ਼ ਹੈ ਤੂਫ਼ਾਨ ਤੋਂ,
ਯਾਰ ਪੁਛਦੇ ਨੇ ਕਿ 'ਕਾਸਦ' ਯਾਰ ਨੇ,
ਪਿਆਸ ਕਲੀਆਂ ਦੀ ਬੁਝਾਈ ਕਿਸ ਤਰਾਂ।

3. ਸਾਉਣ ਮਹਿਫ਼ਲ ਤੇ ਮਹਿਫ਼ਲ ਸਜਾਉਂਦਾ ਰਿਹਾ

ਸਾਉਣ ਮਹਿਫ਼ਲ ਤੇ ਮਹਿਫ਼ਲ ਸਜਾਉਂਦਾ ਰਿਹਾ,
ਤੀਰ ਬ੍ਰਿਹਾ ਦੇ ਬ੍ਰਿਹਨ ਨੂੰ ਪਛਦੇ ਰਹੇ।
ਪੀੜ ਸੀਨੇ 'ਚ ਵੀਣਾ ਵਜਾਉਂਦੀ ਰਹੀ,
ਅਸ਼ਕ ਦੁਲਹਨ ਦੇ ਮੁਖੜੇ ਤੇ ਨੱਚਦੇ ਰਹੇ।

ਜੋਤ ਬ੍ਰਿਹਾ ਦੇ ਮੰਦਰ 'ਚ ਜਗਦੀ ਰਹੀ,
ਵਸਲ ਦਾ ਦੇਵਤਾ ਸੈਲ-ਪੱਥਰ ਹੋਇਆ।
ਮੌਤ ਗੋਰੀ ਦੇ ਸਾਹਾਂ ਨੂੰ ਚੁੰਮਦੀ ਰਹੀ,
ਪੈਰ ਗੋਰੀ ਦੇ ਗੀਤਾਂ ਨੂੰ ਰਚਦੇ ਰਹੇ।

ਪ੍ਰੀਤ ਭੂਤਾਂ ਦੇ ਦਰ ਤੇ ਭਟਕਦੀ ਰਹੀ,
ਭੂਤ ਆਦਮ ਦੀ ਜੱਨਤ ਦੇ ਵਾਰਸ ਬਣੇ।
ਆਦਮੀਅਤ ਮਸਾਣਾਂ ਦੀ ਮਲਕਾ ਬਣੀ,
ਲੋਕ ਸਿਵਿਆਂ ਦੀ ਅੱਗ ਵਾਂਗ ਮਚਦੇ ਰਹੇ।

ਖ਼ੂਨ ਪੀਂਦੇ ਰਹੇ, ਖ਼ੂਨ ਕਰਦੇ ਰਹੇ,
ਯਾਰ ਫਿਰ ਵੀ ਵਤਨ ਦੇ ਪੁਜਾਰੀ ਰਹੇ।
ਇਸ਼ਕ ਸੂਲੀ ਤੇ ਚੜ੍ਹ ਕੇ ਵੀ ਦੋਸ਼ੀ ਰਿਹਾ,
ਸ਼ੇਖ਼ ਖ਼ੂਨੀ ਵੀ ਵਣਜਾਰੇ ਸੱਚ ਦੇ ਰਹੇ।

4. ਇਹ ਕੌਣ ਖ਼ੁਸ਼ਨਸ਼ੀਬ ਹੈ ਜਿਸ ਦੇ ਮਜ਼ਾਰ ਤੇ

ਇਹ ਕੌਣ ਖ਼ੁਸ਼ਨਸ਼ੀਬ ਹੈ ਜਿਸ ਦੇ ਮਜ਼ਾਰ ਤੇ।
ਨਗ਼ਮੇ ਨੇ ਛੇੜੇ ਬੁਲਬੁਲਾਂ ਉਜੜੀ ਬਹਾਰ ਤੇ।

ਰੰਗੀਆਂ ਹੋਈਆਂ ਨੇ ਚੋਲੀਆਂ, ਮੁਖੜੇ ਵੀ ਲਾਲ ਨੇ,
ਅੱਜ ਕਿਸ ਨੇ ਖ਼ੂਨ ਛਿੜਕਿਐ ਕੂੰਜਾਂ ਦੀ ਡਾਰ ਤੇ।

ਜੀਵਨ ਤਾਂ ਇਕ ਸੰਘਰਸ਼ ਹੈ, ਕਿਸਮਤ ਨਹੀਂ ਐ ਦੋਸਤ,
ਇਹ ਕੌਣ ਹੋਕਾ ਦੇ ਗਿਐ ਸਾਡੇ ਦੁਆਰ ਤੇ।

ਦਿਲ ਵੀ ਅਜੀਬ ਕ੍ਰਿਸ਼ਮਾ ਹੈ ਪਰਵਰਦਗਾਰ ਦਾ,
ਚੜ੍ਹਿਆ ਤਾਂ ਸੂਲੀ, ਮਰ ਗਿਆ ਫੁੱਲਾਂ ਦੀ ਮਾਰ ਤੇ।

ਦਿਲ ਤਾਂ ਹਜ਼ੂਰ ਦਿਲ ਹੈ, ਅਪਣਾ ਪ੍ਰਾਇਆ ਕੀ,
ਤੋੜੋ ਨਾ ਕੁੱਲੀ ਯਾਰ ਦੀ ਬਹਿ ਕੇ ਦਿਵਾਰ ਤੇ।

ਰੁਤਬਾ ਮਿਲੇ ਸ਼ਹੀਦ ਦਾ, ਸ਼ਾਇਰ ਦਾ ਜਾਂ ਮਿਲੇ,
ਮੈਂ ਕਈ ਜਨਮ ਗੁਜ਼ਾਰ ਲਏ ਇਸ ਇੰਤਜ਼ਾਰ ਤੇ।

'ਕਾਸਦ' ਹਜ਼ਾਰਾਂ ਜ਼ਖ਼ਮ ਸਨ, ਸੀਨੇ 'ਚ ਮਿਟ ਗਏ,
ਜਦ ਤੋਂ ਭਰੋਸਾ ਕਰ ਲਿਐ ਅਪਣੇ ਪਿਆਰ ਤੇ।

5. ਚੜ੍ਹਿਆ ਰੰਗ ਮਜੀਠ ਦਾ, ਦਿਨ ਢਲਦੇ ਢਲਦੇ

ਚੜ੍ਹਿਆ ਰੰਗ ਮਜੀਠ ਦਾ, ਦਿਨ ਢਲਦੇ ਢਲਦੇ।
ਖਿੜਿਆ ਫੁੱਲ ਗੁਲਾਬ ਦਾ ਵਿਚ ਮਾਰੂਥਲ ਦੇ।

ਕਿਸਦਾ ਆਂਚਲ ਫੜ ਕੇ ਮੈਂ ਮੰਜ਼ਲ ਤੇ ਪਹੁੰਚਾਂ,
ਸੁਪਨੇ ਵੇਚੀ ਜਾ ਰਹੇ ਸਭ ਤਾਜਮਹੱਲ ਦੇ।

ਖ਼ੂਬ ਨਿਭਾਈ ਮਿੱਤ੍ਰਤਾ 'ਸ਼ਿਬਲੀ' ਦੇ ਫੁੱਲ ਨੇ,
ਜ਼ਖ਼ਮ ਕਲੇਜੇ ਖਾ ਲਿਆ ਅਸਾਂ ਚਲਦੇ ਚਲਦੇ।

ਜੰਮਿਆ ਲਹੂ ਜ਼ਮੀਰ ਦਾ ਲਾਵਾ ਬਣ ਤੁਰਿਆ,
ਦਿਤੀ ਬਲੀ ਪਤੰਗ ਨੇ ਜਾਂ ਜਲਦੇ ਜਲਦੇ।

ਦਏਂ ਢੰਡੋਰਾ ਸੱਚ ਦਾ ਕੱਚ ਦੇ ਵਣਜਾਰੇ,
ਆਪ ਨਾ ਛਲਿਆ ਜਾਈਂ ਕਿਤੇ ਜੱਗ ਛਲਦੇ ਛਲਦੇ।

ਬੁਲਬੁਲ ਵਾਂਗੂੰ ਚਹਿਕਦੇ ਮੇਰੇ ਦਿਲ ਦੇ ਛਾਲੇ,
ਝਾਂਜਰ ਵਾਂਗੂੰ ਛਣਕਦੇ ਮੇਰੇ ਸ਼ੇਅਰ ਗ਼ਜ਼ਲ ਦੇ।

ਅਕ੍ਰਿਤਘਣਾਂ ਦੀ ਨਜ਼ਰ ਤੋਂ ਮੇਰੀ ਲਾਸ਼ ਬਚਾਉਣਾਂ,
ਮਤ ਪਹਿਲਾਂ ਸੜ ਜਾਏ ਚਿਖ਼ਾ ਦੇ ਬਲਦੇ ਬਲਦੇ।

ਬ੍ਰਿਥੀ ਨਾ ਕਰ ਜ਼ਿੰਦਗੀ, ਜ਼ਿੰਦਗੀ ਦੇ 'ਕਾਸਦ',
ਚਿਕੜ ਵਿਚ ਨਿਰਲੇਪ ਰਹੀਂ ਜਿਉਂ ਫੁੱਲ ਕੰਵਲ ਦੇ।

6. ਮੈਂ ਇਸ਼ਕ ਬਣ ਕੇ ਨਿਸਰਿਆ ਜਾਂ ਵਿਸ਼ਵ-ਨੂਰ 'ਚੋਂ

ਮੈਂ ਇਸ਼ਕ ਬਣ ਕੇ ਨਿਸਰਿਆ ਜਾਂ ਵਿਸ਼ਵ-ਨੂਰ 'ਚੋਂ।
ਇਕ ਅਸ਼ਕ ਬਣ ਕੇ ਤੁਰ ਗਿਆ ਉਸਦੇ ਹਜ਼ੂਰ 'ਚੋਂ।

ਸਾਕੀ ਨੂੰ ਮੇਰੀ ਪਿਆਸ ਦਾ ਅਹਿਸਾਸ ਹੋ ਗਿਆ,
ਰਚਨਾ ਬਣਾਈ ਓਸ ਨੇ ਆਪਣੇ ਜ਼ਹੂਰ 'ਚੋਂ।

ਜੱਨਤ ਨਾ ਮੇਰੇ ਦਰਦ ਦਾ ਪੈਮਾਨਾ ਬਣ ਸਕੀ,
ਦਿਲ ਦੀ ਦਵਾ ਨਾ ਮਿਲ ਸਕੀ ਹੂਰਾਂ ਦੇ ਪੂਰ 'ਚੋਂ।

ਕਿਸਮਤ ਨਾ ਮੇਰੀ ਆਰਜ਼ੂ ਦਾ ਸਾਥ ਦੇ ਸਕੀ,
ਹਿੱਮਤ ਨੇ ਜਾਮ ਭਰ ਲਿਆ ਊਸ਼ਾ ਦੇ ਨੂਰ 'ਚੋਂ।

ਰਾਤਾਂ ਦੇ ਰਾਣੇ ਚੰਦਰਮਾ ਤੇ ਰੂਪ ਚੜ੍ਹ ਗਿਆ,
ਲਾਇਆ ਮੈਂ ਜਦ ਤਿਲਕ ਉਹਨੂੰ ਮਿੱਟੀ ਦੇ ਬੂਰ 'ਚੋਂ ।

ਕਹਿੰਦੇ ਨੇ 'ਕਾਸਦ' ਆਦਮੀ ਪੁਤਲਾ ਹੈ ਖ਼ਾਕ ਦਾ,
ਪਰ ਨੂਰ ਵੀ ਤਾਂ ਚਮਕਿਆ ਸੀ ਕੋਹੇਤੂਰ 'ਚੋਂ।