ਰੰਗੀਲਾ ਭਾਈਆ ਈਸ਼ਰ ਸਿੰਘ ਈਸ਼ਰ
ਨਾ ਮੈਂ ਕੀਤਾ ਵਣਜ ਮੈਂ ਨਾ ਪਾਈ ਹੱਟੀ ।
ਖੱਟੀ ਖਟਾਈ ਮਿਲ ਗਈ ਭਾਈਏ ਦੀ ਖੱਟੀ ।
ਵਿਹਲਾ ਬਹਿ ਕੇ ਖਾਣ ਦੀ ਮੈਂ ਪੜ੍ਹ ਲਈ ਪੱਟੀ ।
ਕੰਮ ਕੋਈ ਆਖੇ ਕਰਨ ਨੂੰ ਮੈਨੂੰ ਜਾਪੇ ਚੱਟੀ ।
ਵਹੁਟੀ ਆਖੇ ਆ ਗਿਆ ਇਹ ਕਿਥੋਂ ਮਖੱਟੂ ।
ਮਾਂ ਆਖੇ ਨਿਰਾ ਪੁਰਾ ਹੈ ਖਾਣੇ ਦਾ ਚੱਟੂ ।
ਗਲੀਆਂ ਦਾ ਹਰ ਕੱਖ ਵੀ ਮੈਨੂੰ ਮਿਹਣਾ ਮਾਰੇ ।
ਘਿਰਨਾਂ ਨਾਲ ਸੀ ਦੇਖਦੇ ਮੈਨੂੰ ਘਰ ਦੇ ਸਾਰੇ ।
ਵਹੁਟੀ ਹਥੋਂ ਕਲਪ ਕੇ ਘਰ ਛਡਨਾ ਕੀਤਾ ।
ਆਖ਼ਰ ਫ਼ਸਤਾ ਰੋਜ਼ ਦਾ ਇਉਂ ਵਢਨਾ ਕੀਤਾ ।
ਮੈਂ ਕਿਹਾ ਨਹੀਂ ਆਵਣਾ ਹੁਣ ਮੁੜ ਕੇ ਇਥੇ ।
ਟੱਬਰ ਨਾਲ ਨਹੀਂ ਮੈਂ ਬੈਠਣਾ ਮੈਂ ਜੁੜ ਕੇ ਇਥੇ ।
ਕਰਸਾਂ ਜਾ ਕੇ ਵਣਜ ਕੋਈ ਇਕ ਥਾਂ ਤੇ ਡਟ ਕੇ ।
ਜੇ ਆਇਆ ਤਾਂ ਆਵਸਾਂ ਕੋਈ ਖਟੀ ਖਟ ਕੇ ।
ਪੂੰਜੀ ਸਾਰੀ ਸਾਂਭ ਕੇ ਮੈਂ ਚਾਲੇ ਪਾਏ ।
ਕਲਕੱਤੇ ਦੇ ਸ਼ਹਿਰ ਵਿਚ ਜਾ ਡੇਰੇ ਲਾਏ ।
ਤਕ ਕੇ ਨਵੇਂ ਸ਼ਿਕਾਰ ਨੂੰ ਇਉਂ ਜੁੜੇ ਸ਼ਿਕਾਰੀ ।
ਚਿੜੀਆਂ ਉਤੇ ਪੈਣ ਬਾਜ਼ ਜਿਉਂ ਮਾਰ ਉਡਾਰੀ ।
ਜਿਵੇਂ ਹੱਡੀ ਨੂੰ ਵੇਖ ਕੇ ਆ ਜੁੜਦੇ ਕੁੱਤੇ ।
ਮਖੀਆਂ ਆ ਕੇ ਜੁੜਦੀਆਂ ਜਿਉਂ ਗੁੜ ਦੇ ਉੱਤੇ ।
ਅਡੇ ਲਗ ਕੇ ਉਨ੍ਹਾਂ ਦੇ ਫਸ ਦਏ ਵਿਚ ਫਾਹੀਆਂ ।
ਕਲਕਤੇ ਦੇ ਸ਼ਹਿਰ ਦੀਆਂ ਸਬ ਗਲੀਆਂ ਗਾਹੀਆਂ ।
ਰੰਗ ਬਰੰਗੀ ਨਾਚ ਵਿਚ ਕਈ ਖੇਡਾਂ ਖੇਡੇ ।
ਵੇਖੇ ਜਾ ਕੇ ਚੀਰ ਅਸਾਂ ਕਈ ਵਿੰਗੇ ਟਿਹਡੇ ।
ਇਉਂ ਯਾਰਾਂ ਨੇ ਲੁਟਿਆ ਮੇਰਾ ਸਾਰਾ ਝੁਗਾ ।
ਚੋਰ ਜਿਉਂ ਆ ਕੇ ਲੁਟਦੇ ਘਰ ਤਕ ਕੇ ਲੁਗਾ ।
ਬਾਹਰ ਨਾ ਕੋਈ ਵੇਖ ਕੇ ਅਸੀਂ ਅਤ ਘਬਰਾਏ ।
ਬੁਝਕੀ ਅਪਣੀ ਸਾਂਭ ਕੇ ਮੁੜ ਘਰ ਨੂੰ ਆਏ ।
ਦੂਰੋਂ ਵਹੁਟੀ ਵੇਖ ਕੇ ਇਹ ਸੋਹਲੇ ਗਾਏ ।
ਸ਼ੁਕਰ ਕਰੋ ਨੀ ਗੋਰੀਓ ਸ਼ਹੁ ਜੀਂਵਦੇ ਆਏ ।
ਕੋਲੂੰ ਕੁੜੀਆਂ ਵੇਖ ਕੇ ਇਹ ਗੀਤ ਸੁਣਾਏ ।
ਹਥ ਪੁਰਾਣੇ ਖੋਸੜੇ 'ਈਸ਼ਰ' ਹੋਰੀਂ ਆਏ ।
ਇਕ ਖਤਰੀ ਬ੍ਰਹਿਮਣ ਨਾਈ ।
ਤਿੰਨਾਂ ਨੇ ਯਾਰੀ ਲਾਈ ।
ਖਤਰੀ ਸੀ ਕਦ ਵਿਚ ਗੀਂਹਡਾ ।
ਸੀ ਕੱਦੂ ਵਾਂਗਣ ਪੀਂਹਡਾ ।
ਬ੍ਰਹਿਮਣ ਦੀ ਹਰ ਥਾਂ ਪੁਛ ਸੀ ।
ਇਹਦੀ ਗਿਠ ਗਿਠ ਲੰਮੀ ਮੁਛ ਸੀ ।
ਨਾਈ ਸੀ ਇਕ ਗਭਰੋਟਾ ।
ਮੁਸ਼ਟੰਡਾ ਮੋਟਾ ਝੋਟਾ ।
ਤਿੰਨੇ ਹੀ ਸੈਰ ਤੇ ਚੜ੍ਹ ਪਏ ।
ਇਕ ਪੈਲੀ ਵੇਖ ਕੇ ਅੜ ਪਏ ।
ਵੇਖੇ ਨੇ ਸੋਹਣੇ ਗੱਨੇ ।
ਰਜ ਰਜ ਕੇ ਉਹਨਾਂ ਭੱਨੇ ।
ਕੁਝ ਚੂਪੇ ਕੁਝ ਉਜਾੜੇ ।
ਕੁਝ ਪੈਰਾਂ ਹੇਠ ਲਤਾੜੇ ।
ਦੂਰੋਂ ਹੀ ਜਟ ਨੇ ਤਕਿਆ ।
ਪਰ ਨੇੜੇ ਆ ਕੇ ਝਕਿਆ ।
ਵਿਚ ਫਸਿਆ ਔਖੇ ਫੰਦੇ ।
ਇਹ ਇਕ ਤੇ ਉਹ ਤਿੰਨ ਬੰਦੇ ।
ਕੁਝ ਡਰਿਆ ਕੁਝ ਘਬਰਾਇਆ ।
ਫਿਰ ਫੰਦ ਇਹ ਨਵਾਂ ਬਣਾਇਆ ।
ਝਟ ਆਇਆ ਨਠਾ ਨਠਾ ।
ਬ੍ਰਹਿਮਣ ਦੇ ਚਰਨੀਂ ਢਠਾ ।
ਮੈਂ ਜਟ ਮੂਰਖ ਅਨਜਾਣ ਹਾਂ ।
ਤੂੰ ਬ੍ਰਹਿਮਣ ਮੈਂ ਜਜਮਾਨ ਹਾਂ ।
ਜੇ ਚਾਉ ਮੈਨੂੰ ਬੰਨ੍ਹ ਲੌ ।
ਕੁਝ ਗੱਨੇ ਹੋਰ ਵੀ ਭੰਨ ਲੌ ।
ਕਿਉਂ ਦੇਵਾਂ ਗੱਨਾਂ ਸਖਣਾ ।
ਕੁਝ ਨਾਲ ਵੀ ਦੇਸਾਂ ਦਖਣਾ ।
ਤੂੰ ਦਸ ਉਹੋ ਭੈੜਿਆ ਨਾਈਆ ।
ਇਹ ਮਰਨ ਮਿਟੀ ਕਿਉਂ ਚਾਈ ਆ ।
ਇਹ ਬ੍ਰਹਿਮਣ ਇਹ ਸ਼ਾਹੂਕਾਰ ਹੈ ।
ਤੂੰ ਕਿਸ ਪਿੰਡ ਦਾ ਸਰਦਾਰ ਹੈ ।
ਕੋਹੜ ਕਿਰਲੀ ਲਮਕਨ ਲੀਰਾਂ ।
ਤੇ ਜਫੇ ਨਾਲ ਸ਼ਹਿਤੀਰਾਂ ।
ਤੂੰ ਹੈਂ ਇਕ ਸਾਡਾ ਕਾਮਾ ।
ਗੱਨਿਆਂ ਦਾ ਲਗਦਾ ਏਂ ਮਾਮਾ ।
ਚੁਕ ਭੁੰਏਂ ਸੁਟਿਆ ਉਸ ਨੂੰ ।
ਤੇ ਰਜ ਕੇ ਕੁਟਿਆ ਉਸ ਨੂੰ ।
ਇਹ ਵੇਖ ਕੇ ਜਟ ਦਾ ਚਾਲਾ ।
ਬ੍ਰਹਿਮਣ ਨੇ ਕਢ ਲਈ ਮਾਲਾ ।
ਹੇ ਭਗਵਨ ਮੇਰਿਆ ਸਚਿਆ ।
ਹੈ ਸ਼ੁਕਰ ਕਿ ਮੈਂ ਤਾਂ ਬਚਿਆ ।
ਤੂੰ ਬੰਧਨ ਕਟਿਆ ਮੇਰਾ ।
ਪਰਸ਼ਾਦ ਮੈਂ ਸੁਖਿਆ ਤੇਰਾ ।
ਜਟ ਕੀਤੀ ਖ਼ੂਬ ਹਜਾਮਤ ।
ਨਾਈਏ ਦੀ ਆ ਗਈ ਸ਼ਾਮਤ ।
ਖੋਹ ਲੀਤੇ ਉਸ ਤੋਂ ਗੰਨੇ ।
ਹਡ ਗੋਡੇ ਉਸ ਦੇ ਭੰਨੇ ।
ਗਿਚੀ ਫੜ ਉਸ ਦੀ ਲੀਤੀ ।
ਨਾਈਏ ਨੇ ਤੋਬਾ ਕੀਤੀ ।
ਫਿਰ ਖਤਰੀ ਦੇ ਵਲ ਆਇਆ ।
ਤੇ ਜੱਟ ਨੇ ਇਹ ਫ਼ਰਮਾਇਆ ।
ਬ੍ਰਹਿਮਣ ਤਾਂ ਕਢਦੇ ਪਤਰੀ ।
ਤੂੰ ਕੌਣ ਏਂ ਪਾਮਿਰ ਖਤਰੀ ।
ਅਹਿਸਾਨ ਤੂੰ ਕਿਹੜਾ ਕੀਤਾ ।
ਤੂੰ ਲਹੂ ਅਸਾਂ ਦਾ ਪੀਤਾ ।
ਜੇ ਲਿਆ ਰੁਪਿਆ ਉਧਾਰਾ ।
ਤੂੰ ਬੰਨ੍ਹ ਲਿਆ ਟੱਬਰ ਸਾਰਾ ।
ਗੋਗੜ ਤੇ ਡਾਂਗ ਇਕ ਮਾਰੀ ।
ਤਹਿ ਬਹਿ ਗਈ ਉਸ ਦੀ ਸਾਰੀ ।
ਛਤਰਾੜ ਉਹ ਜੱਟ ਨੇ ਕੀਤੀ ।
ਰਬ ਜਾਣੇ ਜੋ ਸਿਰ ਬੀਤੀ ।
ਸੰਘ ਉਸ ਦਾ ਫੜ ਕੇ ਘੁਟਿਆ ।
ਅਧਮੋਇਆ ਕਰ ਕੇ ਸੁਟਿਆ ।
ਇਹ ਵੇਖ ਕੇ ਪੁਠਾ ਚਾਲਾ ।
ਬ੍ਰਹਿਮਣ ਨੇ ਕਢ ਲਈ ਮਾਲਾ ।
ਫਿਰ ਦਿਲ ਵਿਚ ਆਖਣ ਲਗਾ ।
ਅਜ ਫਸ ਗਿਆ ਲੋਲ੍ਹਾ ਢਗਾ ।
ਮੈਂ ਧੋਖੇ ਦੇ ਵਿਚ ਫਸਿਆ ।
ਮੈਨੂੰ ਰਾਹ ਇਹਨਾਂ ਨੇ ਦਸਿਆ ।
ਅਜ ਖੈਰ ਨਹੀਂ ਦਿਸਦੀ ਮੇਰੀ ।
ਉਸ ਪੁਠੀ ਮਾਲਾ ਫੇਰੀ ।
ਹੇ ਭਗਵਨ ਮੇਰਿਆ ਸਚਿਆ ।
ਤਦ ਜਾਣਸਾਂ ਜੇ ਅਜ ਬਚਿਆ ।
ਜਟ ਦਿਸਦਾ ਅਜ ਸਿਰ ਲਥ ਹੈ ।
ਮੇਰੀ ਲਾਜ ਤੇਰੇ ਅਜ ਹਥ ਹੈ ।
ਦਿਹ ਜਟ ਨੂੰ ਇਕ ਹਲੂਣਾ ।
ਪਰਸ਼ਾਦ ਮੈਂ ਦੇਸਾਂ ਦੂਣਾ ।
ਇਹਨੂੰ ਸੁਸਰੀ ਵਾਂਗ ਸਵਾ ਦੇਹ ।
ਯਾ ਮਿਰਗੀ ਇਸ ਨੂੰ ਪਾ ਦੇਹ ।
ਜਟ ਦਿਲ ਵਿਚ ਡਾਹਡਾ ਕੁੜਿਆ ।
ਫਿਰ ਬ੍ਰਹਿਮਣ ਦੇ ਵਲ ਮੁੜਿਆ ।
ਇਹ ਬੇ ਖਸਮੇ ਨੇ ਗੰਨੇ ।
ਦਸ ਤੂੰ ਕਿਉਂ ਆ ਕੇ ਭੰਨੇ ।
ਕੀ ਅਸਾਂ ਖੁਸ਼ਾਮਦ ਤੇਰੀ ।
ਗਲ ਕਰਾਂ ਮੈਂ ਚਾਲੀ ਸੇਰੀ ।
ਜੇ ਪਤਰੀ ਕਢ ਸੁਣਾਵੇਂ ।
ਛਿਲ ਸਾਡੀ ਪਹਿਲੋਂ ਲਾਹਵੇਂ ।
ਜੇ ਖੀਰ ਅਸਾਂ ਖਵਾਈ ।
ਲੈ ਲੈਨਾ ਈਂ ਦੰਦ ਘਸਾਈ ।
ਜੇ ਲਾਵਾਂ ਕਿਤੇ ਪੜਾਵੇਂ ।
ਥਾਂ ਥਾਂ ਤੇ ਟਕੇ ਧਰਾਵੇਂ ।
ਦੋ ਤਤੀਆਂ ਤਤੀਆਂ ਲਾਈਆਂ ।
ਦੋ ਬੂਥਾਂ ਉਤੇ ਟਕਾਈਆਂ ।
ਬ੍ਰਹਿਮਣ ਨੂੰ ਆ ਗਏ ਗੋਤੇ ।
ਉਡ ਗਏ ਅਕਲ ਦੇ ਤੋਤੇ ।
ਜਟ ਗੁੱਸੇ ਦੇ ਵਿਚ ਖਿੰਜਿਆ ।
ਉਹਨੂੰ ਰੂੰ ਦੇ ਵਾਂਗਣ ਪਿੰਜਿਆ ।
ਤਿੰਨੇ ਪਏ ਬਿਟ ਬਿਟ ਤਕਣ ।
ਡਰ ਮਾਰੇ ਬੋਲ ਨਾ ਸਕਣ ।
ਮੈਂ ਪੈਲੀ ਦੇ ਵਿਚ ਗਿਆ ।
ਫਿਰ ਤਿੰਨਾਂ ਨੂੰ ਇਹ ਕਿਹਾ ।
ਇਤਫ਼ਾਕ ਤੁਸੀਂ ਜੇ ਕਰਦੇ ।
ਕਿਉਂ ਜਟ ਦੇ ਹਥੋਂ ਮਰਦੇ ।
ਫੁਟ ਦੀ ਹੋਂਦੀ ਖੈ ਏ ।
ਇਤਫ਼ਾਕੀ ਦੀ ਆਖ਼ਰ ਜੈ ਏ ।
ਮਿਲ ਮਿਲ ਕੇ ਬਣਦੀਆਂ ਡਾਰਾਂ ।
ਇਕ ਇਕ ਤੇ ਦੋ ਨੇ ਯਾਰਾਂ ।
ਰਾਮ ਚੰਦ ਇਕ ਸਾਡੇ ਪਿੰਡ ਥਾਨੇਦਾਰ ਸੀ ।
ਵਢੀ ਖੋਰ ਜਾਬਿਰ ਅਤੇ ਚੰਗਾ ਧਾੜਮਾਰ ਸੀ ।
ਰੋਹਬ ਦਾਬ ਦੇਂਵਦਾ ਤੇ ਦੋਹਾਂ ਪਾਸੋਂ ਖਾਵੰਦਾ ।
ਜਿਹੜਾ ਉਹਦੇ ਕੋਲ ਜਾਵੇ ਚੰਗੀ ਛਿਲ ਲਾਹਵੰਦਾ ।
ਇਕ ਦਿਨ ਸੰਧਿਆ ਨੂੰ ਦਿਨ ਐਤਵਾਰ ਸੀ ।
ਮੋਈ ਉਹਦੀ ਮਾਂ ਜਿਹੜੀ ਚਿਰਾਂ ਤੋਂ ਬੀਮਾਰ ਸੀ ।
ਰੌਲਾ ਪਿਆ ਪਿੰਡ ਵਿਚ ਹੋਈ ਆਣ ਜਾਵਣੀ ।
ਨਿਕੇ ਵਡੇ ਸਾਰੇ ਆਏ ਕਰਨ ਪਰਚਾਵਣੀ ।
ਮਖੀਆਂ ਦੇ ਵਾਂਗ ਆ ਕੇ ਜੁੜੀਆਂ ਜਨਾਨੀਆਂ ।
ਕਰਨ ਉਥੇ ਲਗ ਪਈਆਂ ਲਕ ਬੰਨ੍ਹ ਲਾਹਣੀਆਂ ।
ਜੁੜੇ ਐਨੇ ਲੋਕ ਜਿਹਦਾ ਅੰਤ ਨਾ ਸ਼ੁਮਾਰ ਸੀ ।
ਤਖ਼ਤੇ ਨੂੰ ਮੋਂਹਡਾ ਦੇਣ ਵੇਲੇ ਮਾਰੋ ਮਾਰ ਸੀ ।
ਕੋਈ ਲਾ ਕੇ ਅਖੀਆਂ ਤੇ ਥੁਕ ਪਿਆ ਰੋਂਵਦਾ ।
ਇਕ ਕੋਲੋਂ ਲੰਘ ਦੂਜਾ ਅਗੇ ਅਗੇ ਹੋਂਵਦਾ ।
ਵਰਤ ਗਿਆ ਭਾਣਾ ਫੇਰ ਦੂਜੇ ਐਤਵਾਰ ਨੂੰ ।
ਮੌਤ ਦਾ ਸੁਨੇਹਾ ਆਇਆ ਆਪ ਥਾਨੇਦਾਰ ਨੂੰ ।
ਜਿਤੀ ਹੋਈ ਬਾਜ਼ੀ ਥਾਨੇਦਾਰ ਆਪੂ ਹਰ ਗਿਆ ।
ਕੜੀ ਜੇਡਾ ਜਣਾ ਪਲੋ ਪਲੀ ਵਿਚ ਮਰ ਗਿਆ ।
ਇਕ ਵੀ ਨਾ ਪਿੰਡ ਵਿਚ ਨੇੜੇ ਆ ਕੇ ਢੁਕਿਆ ।
ਮੁਰਦੇ ਨੂੰ ਕਿਸੇ ਨਹੀਂ ਮੂੰਹਡੇ ਉਤੇ ਚੁਕਿਆ ।
ਕੋਈ ਵੀ ਨਾ ਗਿਆ ਉਥੇ ਢਾਹ ਕਿਨੇ ਮਾਰਨੀ ।
ਰੋਂਦੀ ਹੋਸੀ ਬੈਠੀ ਹੋਈ ਇਕੋ ਥਾਨੇਦਾਰਨੀ ।
ਮੋਈ ਉਹਦੀ ਮਾਂ ਲੋਕੀ ਚਰਨ ਆਏ ਛੋਹਣ ਨੂੰ ।
ਮੋਇਆ ਥਾਨੇਦਾਰ ਆਇਆ ਇਕ ਵੀ ਨਾ ਰੋਣ ਨੂੰ ।
ਈਸ਼ਰ ਇਸ ਜ਼ਿੰਦਗੀ ਦਾ ਇਹੋ ਹੀ ਇੰਜਾਮ ਏ ।
ਮੂੰਹਾਂ ਨੂੰ ਮੁਲਾਹਜ਼ੇ ਅਤੇ ਸਿਰਾਂ ਨੂੰ ਸਲਾਮ ਏ ।
ਕਿਥੇ ਇਕ ਸ਼ੇਰਨੀ ਜੋ ਜੰਗਲ ਦੀ ਰਾਣੀ ਹੋਂਦੀ,
ਕਿਥੇ ਇਕ ਡਰਨ ਵਾਲੀ ਕਾਲੀ ਜੇਹੀ ਲੇਲੀ ਏ ।
ਕਿਥੇ ਦਰਯੋਧਨ ਜਿਨ੍ਹੇ ਰਾਜ ਦੇ ਖੁਮਾਰ ਵਿਚ,
ਗਲ ਵਿਚ ਪਾਈ ਇਕ ਪਾਪਾਂ ਵਾਲੀ ਸੇਲੀ ਏ ।
ਕਿਥੇ ਕਾਲਾ ਸਾਂਵਲਾ ਉਹ ਮੁਰਲੀ ਮਨੋਹਰ ਪਿਆਰਾ,
ਪ੍ਰੇਮ ਵਾਲੀ ਹੋਲੀ ਜਿਨ੍ਹੇ ਆਨ ਕੇ ਤੇ ਖੇਲੀ ਏ ।
ਚੰਗੇ ਅਤੇ ਮੰਦੇ ਦਾ ਮੁਕਾਬਲਾ ਕੀ ਜਗ ਵਿਚ,
ਕਿਥੇ ਰਾਜਾ ਭੋਜ ਅਤੇ ਕਿਥੇ ਗੰਗਾ ਤੇਲੀ ਏ ।
ਇਕ ਪੁੱਤਰ ਤੇਰਾ ਚਰਸ ਵਿਚ ਰਹਿੰਦਾ,
ਦੂਜਾ ਪੀ ਸ਼ਰਾਬਾਂ ਢਹਿੰਦਾ,
ਤੀਜਾ ਵਿਚ ਕੰਜਰਾਂ ਦੇ ਬਹਿੰਦਾ,
ਚੌਥਾ ਖਾਵੇ ਮਾਵਾ,
ਇਕ ਨੂੰ ਕੀ ਰੋਨੀ ਏਂ,
ਊਤ ਗਿਆ ਹੈ ਆਵਾ ।
ਲੇਫ਼ ਦਾ ਪੁੜ ਹੈ ਸਾਰਾ ਪੜਿਆ,
ਰੂੰ ਤਲਾਈ ਦਾ ਸਾਰਾ ਸੜਿਆ,
ਉਤੇ ਸਰਹਾਣੇ ਸਾੜ ਨਹੀਂ ਚੜਿਆ,
ਟੁਟਿਆ ਮੰਜੀ ਦਾ ਪਾਵਾ,
ਇਕ ਨੂੰ ਕੀ ਰੋਨੀ ਏਂ,
ਊਤ ਗਿਆ ਹੈ ਆਵਾ ।
ਨੂੰਹ ਤੇਰੀ ਹੈ ਬੀਬੀ ਰਾਣੀ,
ਥਥਲੀ ਹੈ ਪਰ ਹੈ ਸਿਆਣੀ,
ਕੰਨੋਂ ਬੋਲੀ ਅਖੀਉਂ ਕਾਣੀ,
ਲੈ ਆਈਂ ਏਂ ਮੁਕਲਾਵਾ,
ਇਕ ਨੂੰ ਕੀ ਰੋਨੀ ਏਂ,
ਊਤ ਗਿਆ ਹੈ ਆਵਾ ।
ਕੁਦਰਤ ਮੇਰੇ ਰਬ ਦੀ ਤਕ ਤੂੰ ਕੁਦਰਤ ਮੇਰੇ ਰਬ ਦੀ ।
ਰੋਜ਼ੀ ਦੇਂਦਾ ਹਰ ਇਕ ਨੂੰ ਪ੍ਰਿਤਪਾਲ ਕਰੇ ਉਹ ਸਬ ਦੀ ।
ਤਕੋ ਜ਼ਰਾ ਅੰਗੂਰੀ ਗੁੱਛੇ ਇਉਂ ਵੇਲਾਂ ਵਿਚ ਗੁੰਦੇ ।
ਜਿਉਂ ਪਿਆਰੀ ਦੇ ਕੰਨਾਂ ਦੇ ਵਿਚ ਲਟਕਣ ਸੋਹਨੇ ਬੁੰਦੇ ।
ਬਾਗ਼ ਦੇ ਅੰਦਰ ਖ਼ਲਾ ਹੋਇਆ ਹੈ ਸਰੂ ਇਉਂ ਸਿਰ ਨੰਗਾ ।
ਜੋਗੀ ਕੋਈ ਤਪੱਸਿਆ ਕਰਦੈ ਹੋ ਕੇ ਜਿਵੇਂ ਇਕ ਟੰਗਾ ।
ਯਾ ਕੋਈ ਪੈਹਰੇਦਾਰ ਖਲੋ ਕੇ ਪੈਹਰੇਦਾਰੀ ਕਰਦੈ ।
ਯਾ ਕੋਈ ਲੰਮ ਸਲੱਮਾ ਗਭਰੂ ਵਿਚ ਉਡੀਕਾਂ ਮਰਦੈ ।
ਫੁਲ ਗੁਲਾਬੀ ਉਤੇ ਤੁਬਕੇ ਇਉਂ ਤਰੇਲ ਦੇ ਅਟਕਣ ।
ਜਿਉਂ ਸੁਹਣੀ ਦੇ ਬੁਲ੍ਹਾਂ ਉਤੇ ਚਿਟੇ ਮੋਤੀ ਚਮਕਣ ।
ਕੋਇਲ ਬਹਿ ਕੇ ਟੀਹਸੀ ਉਤੇ ਇਉਂ ਕੱਢਦੀ ਹੈ ਸਾੜੇ ।
ਜਿਵੇਂ ਵਿਯੋਗਨ ਪ੍ਰੇਮ ਪਤੀ ਵਿਚ ਕਰਦੀ ਹੋਵੇ ਹਾਹੜੇ ।
ਸਾੜ੍ਹੀ ਇਕ ਬਸੰਤੀ ਸੋਹਣੀ ਇਉਂ ਸਰਹੋਂ ਨੇ ਪਾਈ ।
ਨਵੀਂ ਨਿਵੇਲੀ ਵਹੁਟੀ ਕੋਈ ਬਨ ਠਣ ਕੇ ਜਿਵੇਂ ਆਈ ।
ਇਕ ਮਣ ਦਾ ਇਕ ਕਦੂ ਤਕ ਕੇ ਅਕਲ ਨੂੰ ਲਗ ਗਏ ਜੰਦਰੇ ।
ਵੇਲ ਨਿਕੀ ਜਹੀ ਨਾਲ ਚਮੁਟ ਕੇ ਵਧ ਗਿਆ ਅੰਦਰੋ ਅੰਦਰੇ ।
ਕੁਦਰਤ ਮੇਰੇ ਈਸ਼ਰ ਦੀ ਤੂੰ ਤਕ ਵੇ ਭਾਈਆ ਜੱਟਾ ।
ਐਸਾ ਕਹਿਰ ਕਦੀ ਨਹੀਂ ਡਿਠਾ ਤੰਦੂ ਚਾਇਆ ਵੱਟਾ ।
ਸਾਰੀ ਪਿੰਡੀ ਸ਼ਹਿਰ ਵਿਚ ਇਕੋ ਮੇਰਾ ਯਾਰ ਸੀ ।
ਜਿਦ੍ਹੇ ਨਾਲ ਸਾਰਿਆਂ ਤੋਂ ਗੂਹੜਾ ਮੇਰਾ ਪਿਆਰ ਸੀ ।
ਹੁੰਦੀ ਏ ਪ੍ਰੀਤ ਜਿਵੇਂ ਬੱਦਲ ਅਤੇ ਮੋਰ ਦੀ ।
ਫੁੱਲ ਅਤੇ ਭੌਰ ਹੁੰਦੀ ਚੰਨ ਤੇ ਚਕੋਰ ਦੀ ।
ਮੱਛੀ ਅਤੇ ਜਲ ਹੁੰਦੀ ਗੁੱਡੀ ਅਤੇ ਡੋਰ ਦੀ ।
ਐਸੀ ਸੀ ਪ੍ਰੀਤ ਮੇਰੀ ਉਸ ਚਿਤ ਚੋਰ ਦੀ ।
ਕੁੰਡਾ ਨਾ ਸੀ ਸਿਰ ਉਤੇ ਮੁਢੋਂ ਹੀ ਆਜ਼ਾਦੀ ਸੀ ।
ਜੂਆ ਉਹਨੂੰ ਖੇਡਣੇ ਦੀ ਨਿਕੀ ਨਿਕੀ ਵਾਦੀ ਸੀ ।
ਵਿਸਕੀ ਦੀ ਬੋਤਲ ਇਕ ਸ਼ੀਕ ਨਾਲ ਪੀਂਦਾ ਸੀ ।
ਭੰਗ ਦੇ ਬਗੈਰ ਇਕ ਪਲ ਵੀ ਨਾ ਜੀਂਦਾ ਸੀ ।
ਚੰਗਿਆਂ ਦਾ ਵੈਰੀ ਅਤੇ ਲੁਚਿਆਂ ਦਾ ਯਾਰ ਸੀ ।
ਪਿੰਡ ਵਿਚ ਨਾਮੀ ਇਕ ਵਡਾ ਡਾਂਗ ਮਾਰ ਸੀ ।
ਕੰਜਰਾਂ ਦੇ ਘਰ ਗਾਣਾ ਸੁਣਨੇ ਨੂੰ ਜਾਂਦਾ ਸੀ ।
ਕਦੀ ਕਦੀ ਦਮ ਉਹ ਤਾਂ ਚਰਸ ਦੇ ਵੀ ਲਾਂਦਾ ਸੀ ।
ਵਾਰਿਸ ਸ਼ਾਹ ਦੀ ਹੀਰ ਉਹਨੂੰ ਚੋਖੀ ਸਾਰੀ ਯਾਦ ਸੀ ।
ਖੀਸਾ ਗੰਢ ਕੱਟਣੇ ਦਾ ਪੂਰਾ ਉਸਤਾਦ ਸੀ ।
ਭਾਈਆਂ ਰੋਜ਼ ਪਿਟੇ ਉਹਦੇ ਘਰ ਨਾ ਤੂੰ ਜਾਇਆ ਕਰ ।
ਹੱਟੀ ਉਤੇ ਬਹਿ ਕੇ ਦਿਲ ਕੰਮ ਵਿਚ ਲਾਇਆ ਕਰ ।
ਆਖਿਆ ਮੈਂ ਹੋਵੇ ਉਹਦਾ ਚੰਗਾ ਮੰਦਾ ਰਾਸਤਾ ।
ਮੈਨੂੰ ਮੇਰੇ ਯਾਰ ਦੀ ਹੈ ਯਾਰੀ ਨਾਲ ਵਾਸਤਾ ।
ਇਕ ਦਿਨ ਕੋਠੇ ਉਤੇ ਜੂਆ ਸੀ ਖਿਡਾਂਵਦਾ ।
ਮਜ਼ੇ ਸੀ ਉਡਾਂਦਾ ਨਾਲੇ ਪੀਂਵਦਾ ਪਿਲਾਂਵਦਾ ।
ਜੂਏ ਉਤੇ ਦਾਅ ਉਹ ਤਾਂ ਲਾਂਦਾ ਬੇ-ਤਹਾਸ਼ਾ ਸੀ ।
ਮੈਂ ਵੀ ਪਰ ਬੈਠਾ ਹੋਇਆ ਵੇਖਦਾ ਤਮਾਸ਼ਾ ਸੀ ।
ਪੁਲਸੀਆਂ ਨੇ ਕੋਠੇ ਉਤੇ ਘੇਰਾ ਆ ਕੇ ਘਤਿਆ ।
ਉਡ ਗਈ ਜਵਾਰੀਆਂ ਦੀ ਇਕੋ ਵੇਰ ਸਤਿਆ ।
ਝਟ ਪਟ ਉਹਨਾਂ ਨੇ ਤਰੱਡਾ ਫੂਹੜੀ ਚੁਕਿਆ ।
ਕਿਸੇ ਮਾਰੀ ਛਾਲ ਕੋਈ ਟੱਟੀ ਵਿਚ ਲੁਕਿਆ ।
ਮੌਕੇ ਉਤੇ ਪੁਲਸੀਆਂ ਨੇ ਪੰਜਾਂ ਤਾਈਂ ਪਕੜਿਆ ।
ਮੈਂ ਵੀ ਉਹਨਾਂ ਦੋਸ਼ੀਆਂ ਦੇ ਨਾਲ ਗਿਆ ਜਕੜਿਆ ।
ਅੱਖਾਂ ਵਿਚ ਮੇਰੀਆਂ ਦੇ ਲਗੀ ਇਕ ਝੜੀ ਸੀ ।
ਮੈਨੂੰ ਮੇਰੇ ਯਾਰ ਨਾਲ ਲਗੀ ਹਥਕੜੀ ਸੀ ।
ਸੁਣਦਾ ਸੀ ਜਿਹੜਾ ਉਹ ਯਕੀਨ ਨਾ ਸੀ ਕਰਦਾ ।
ਆਖੇ ਉਹ ਅਜਿਹੀ ਥਾਂ ਤੇ ਪੈਰ ਨਹੀਂ ਸੀ ਧਰਦਾ ।
ਭਾਈਏ ਮੈਨੂੰ ਪੁਛਿਆ ਤੂੰ ਕਿਵੇਂ ਜਾ ਕੇ ਫਸਿਆ ।
ਭੁੱਬਾਂ ਮਾਰ ਮਾਰ ਕੇ ਮੈਂ ਇਉਂ ਉਹਨੂੰ ਦਸਿਆ ।
ਜੂਆ ਨਾ ਮੈਂ ਖੇਡਿਆ ਨਾ ਖੇਡਣ ਦੀ ਆਸ਼ਾ ਸੀ ।
ਮੈਂ ਤਾਂ ਪਰੇ ਬੈਠਾ ਹੋਇਆ ਵੇਖਦਾ ਤਮਾਸ਼ਾ ਸੀ ।
ਭਾਈਏ ਕਿਆ ਗੰਦ ਵਿਚ ਗੰਦੀ ਪਵਨ ਝੁਲਦੀ ।
ਫੁੱਲਾਂ ਵਿਚ ਆਵੇ ਖ਼ੁਸ਼ਬੂ ਸੋਹਣੀ ਫੁੱਲ ਦੀ ।
ਕਰਨਾ ਕੁਸੰਗ ਬੱਚਾ ਮਾੜਿਆਂ ਦਾ ਚਾਲਾ ਏ ।
ਕੋਲੇ ਦੀ ਦਲਾਲੀ ਵਿਚ ਮੂੰਹ ਹੁੰਦਾ ਕਾਲਾ ਏ ।
ਹੱਟੀ ਭਾਈਏ ਨੇ ਨਵੀਂ ਇਕ ਪਾਈ ।
ਅਸੀਂ ਦੋਵੇਂ ਬਣ ਗਏ ਹਲਵਾਈ ।
ਵੇਚਣ ਲਗੇ ਦੁਧ ਮਲਾਈ ।
ਪੂੜੀ ਪੂੜੇ ਤੇ ਮਠਿਆਈ ।
ਚਵ੍ਹਾਂ ਦਿਨਾਂ ਵਿਚ ਹੱਟੀ ਚਮਕੀ ।
ਭਾਈਏ ਜੀ ਦੀ ਗੋਗੜ ਲਮਕੀ ।
ਲੋਕੀ ਦੁਧ ਵਿਚ ਪਾਣੀ ਪਾਂਦੇ ।
ਅਸੀਂ ਪਾਣੀ ਵਿਚ ਦੁਧ ਮਿਲਾਂਦੇ ।
ਚੋਖੀ ਹੋਵਣ ਲਗ ਪਈ ਖੱਟੀ ।
ਚਮਕਣ ਲਗ ਪਈ ਸਾਡੀ ਹੱਟੀ ।
ਜਿਸ ਦਿਨ ਭਾਈਆ ਪੂੜੇ ਤਲਦਾ ।
ਗਾਹਕਾਂ ਤਾਈਂ ਪਿਛੋਂ ਵਲਦਾ ।
ਆਪੋਂ ਖਾਂਦਾ ਚੋਂਦਾ ਚਾਂਦਾ ।
ਬਾਰਾਂ ਪੂੜੇ ਢਿਡ ਵਿਚ ਪਾਂਦਾ ।
ਕੁਝ ਨਾ ਕੁਝ ਉਹ ਕਰਦਾ ਰਹਿੰਦਾ ।
ਜਦ ਵੇਖਾਂ ਉਹ ਚਰਦਾ ਰਹਿੰਦਾ ।
ਉਹ ਉੱਠੇ ਤਾਂ ਮੈਂ ਆ ਬਹਿੰਦਾ ।
ਚਟ ਕਰ ਜਾਵਾਂ ਰਹਿੰਦਾ ਖਹਿੰਦਾ ।
ਅੱਠ ਵਟਾਂ ਦੋ ਜੇਹਬੇ ਪਾਵਾਂ ।
ਚੋਰੀ ਛਿਪੀ ਸਿਨਮੇ ਜਾਵਾਂ ।
ਜਿਸ ਵੇਲੇ ਮੈਂ ਖੋਆ ਬਣਾਂਦਾ ।
ਨਾਲੋ ਨਾਲੀ ਖਾਈ ਜਾਂਦਾ ।
ਦਾਅ ਲਗੇ ਆ ਭਾਬੋ ਵੜਦੀ ।
ਹੌਲੀ ਹੌਲੀ ਹੱਟੀ ਚੜ੍ਹਦੀ ।
ਭਾਈਆ ਜੇਕਰ ਅੱਖ ਭਵਾਵੇ ।
ਭਾਬੋ ਹੱਥ ਗੱਲੇ ਵਿਚ ਪਾਵੇ ।
ਜੋ ਕੁਝ ਲਭੇ ਮੁਠ ਵਿਚ ਪਾਂਦੀ ।
ਮਲਕਣੇ ਹੀ ਪਿਠ ਵਿਖਾਂਦੀ ।
ਖਾਲੀ ਮੂਲੀ ਹੋ ਗਈ ਹੱਟੀ ।
ਜੋ ਪੱਟੀ ਸੋ ਸਵਾਦਾਂ ਪੱਟੀ ।
ਅੰਦਰ ਬਹਿ ਕੇ ਭਾਈਆ ਰੋਇਆ ।
ਮੈਂ ਪੁਛਿਆ ਕੀ ਭਾਈਆ ਹੋਇਆ ।
ਆਖਣ ਲਗਾ ਗਏ ਹਾਂ ਪੱਟੇ ।
ਖਾਲੀ ਰਹਿ ਗਏ ਥਾਲ ਤੇ ਵੱਟੇ ।
ਇਹ ਹੈਰਿਤ ਹੈ ਸਾਨੂੰ ਡਾਢੀ ।
ਪੂੰਜੀ ਉਡ ਗਈ ਕਿਥੇ ਸਾਡੀ ।
ਕਰ ਰਹੇ ਸਾਂ ਤਿੰਨੋਂ ਜ਼ਾਰੀ ।
ਕਿਸੇ ਨੇ ਕੰਨ ਵਿਚ ਫੂਕ ਆ ਮਾਰੀ ।
ਜੜ੍ਹ ਆਪਨੀ ਸੋ ਪੁਟਣ ਵਾਲੇ ।
ਇਕ ਹੱਟੀ ਤਿੰਨ ਲੁਟਣ ਵਾਲੇ ।
ਅੰਨ੍ਹੀ ਪੀਹੈ ਤੇ ਕੁੱਤੀ ਚੱਟੈ ।
ਆਟਾ ਘੱਟੈ ਕਿ ਨਾ ਘੱਟੈ ।
ਜੇ ਕੋਲ ਨਹੀਂ ਕੁਝ ਮਾਇਆ ।
ਨਾ ਚਾਚਾ ਹੈ ਨਾ ਤਾਇਆ ।
ਨਾ ਫੁਫੀ ਨਾ ਮਾਸੀ ਤਾਈ ।
ਨਾ ਸੱਸ ਨਾ ਬਣੇ ਜਵਾਈ ।
ਬਿਨ ਜ਼ਰ ਹੈ ਲੋਲ੍ਹਾ ਢੱਗਾ ।
ਨਾ ਪਿਛਾ ਤੇ ਨਾ ਅੱਗਾ ।
ਨਾ ਯਾਰ ਦੀ ਨਿਭਦੀ ਯਾਰੀ ।
ਨਾ ਵੀਰ ਨਾ ਭੈਣ ਪਿਆਰੀ ।
ਬਿਨ ਜ਼ਰ ਹੈ ਹੁਸਨ ਵੀ ਫੋਕਾ ।
ਬਿਨ ਜ਼ਰ ਹੈ ਪਾਣੀ ਸੋਕਾ ।
ਜੇ ਕੋਲ ਨਹੀਂ ਹੈ ਛਾਂਦਾ ।
ਉਹਨੂੰ ਭਾਂਡੇ ਕੋਈ ਨਹੀਂ ਪਾਂਦਾ ।
ਨਾ ਸਾਵਣ ਦੀਆਂ ਬਹਾਰਾਂ ।
ਨਾ ਪੀਂਘਾਂ ਝੂਟਣ ਨਾਰਾਂ ।
ਨਾ ਜੋਬਨ ਅਤੇ ਜਵਾਨੀ ।
ਨਾ ਗਲ ਵਿਚ ਫਬਦੀ ਗਾਨੀ ।
ਬਿਨ ਪੈਸੇ ਕੁਝ ਨਹੀਂ ਲੱਭਦਾ ।
ਨਾ ਵਸਲ ਹੀ ਹੁੰਦਾ ਰੱਬ ਦਾ ।
ਨਾ ਕੰਮ ਕੋਈ ਹੁੰਦਾ ਪੂਰਾ ।
ਬਿਨ ਜ਼ਰ ਹੈ ਇਸ਼ਕ ਅਧੂਰਾ ।
ਨਾ ਛਾਤੀ ਦੇ ਵਿਚ ਜ਼ੋਰ ਏ ।
ਨਾ ਪ੍ਰੇਮ ਦੀ ਲੰਮੀ ਡੋਰ ਏ ।
ਬਿਨ ਜ਼ਰ ਹੈ ਖਾਲੀ ਕਾਸਾ ।
ਨਾ ਮੂੰਹ ਤੇ ਆਵੇ ਹਾਸਾ ।
ਨਾ ਆਦਰ ਨਾ ਅਬਰੂ ਏ ।
ਨਾ ਫੁੱਲਾਂ ਵਿਚ ਖ਼ੁਸ਼ਬੂ ਏ ।
ਬਿਨ ਪੈਸੇ ਚੌੜ ਚੋਪੱਟ ਏ ।
ਨਾ ਮੁੱਛਾਂ ਦੇ ਵਿਚ ਵਟ ਏ ।
ਉਹ ਭਲਾ ਮਾਣਸ ਹੈ ਕੈਸਾ ।
ਜਿਦ੍ਹੇ ਪਾਸ ਨਹੀਂ ਹੈ ਪੈਸਾ ।
ਗੱਲਾਂ ਇਹ ਅਨਹੋਣੀਆਂ ਹੋਣ ਨਾ ਵਿਚ ਜਹਾਂ ।
ਦੁਧ ਨਾ ਦੇਵੇ ਨਾਗਨੀ ਜ਼ਹਿਰ ਨਾ ਦੇਵੇ ਗਾਂ ।
ਬੁਰਾ ਜੋ ਮੰਗੇ ਪੁਤ ਦਾ ਕਿਹੜੀ ਹੈ ਉਹ ਮਾਂ ।
ਸਿੰਬਲ ਫਲ ਨਾ ਦੇਂਵਦਾ ਬਾਂਸ ਨਾ ਦੇਵੇ ਛਾਂ ।
ਉਹਨਾਂ ਨੂੰ ਆਦਰ ਨਾ ਮਿਲੇ ਜਿਨ੍ਹਾਂ ਦੀ ਨਾ ਕੋਈ ਥਾਂ ।
ਕੌੜਾ ਉਸ ਕੀ ਬੋਲਣਾ ਮਿੱਠੀ ਜਿਦ੍ਹੀ ਜ਼ਬਾਂ ।
ਨਾਲ ਉਹਦੇ ਕੌਣ ਛੋਂਹਦਾ ਪੈ ਗਈ ਜਿਸ ਨੂੰ ਪਾਂ ।
ਮੱਝਾਂ ਗਾਈਆਂ ਨਾ ਕਦੀ ਉੱਡਨ ਵਿਚ ਅਸਮਾਂ ।
ਮਨ ਵਿਚ ਪਾਪੀ ਦੇ ਕਦੀ ਵਗੇ ਨਾ ਪ੍ਰੇਮ ਝਨਾਂ ।
ਕਿਹੜਾ ਕਿਲੇ ਗੱਡ ਕੇ ਬੈਠਾ ਵਿਚ ਸਰਾਂ ।
ਬਾਂਗਾਂ ਕਿਸ ਨੇ ਦੇਣੀਆਂ ਉਜੜੇ ਵਿਚ ਗਰਾਂ ।
ਇੱਲਾਂ ਕਿਸ ਪਰਨਾਈਆਂ ਕਿਸ ਪਿੰਜਰੇ ਘੱਤੇ ਕਾਂ ।
ਫਿਰਦੇ ਮਲੰਗ ਜਿਹੜੇ ਘਰ ਅਤੇ ਘਾਟ ਬਿਨ,
ਉਨ੍ਹਾਂ ਕਦੋਂ ਛੱਤਾਂ ਉਤੇ ਪਾਣੀਆਂ ਨੇ ਲਾਦੀਆਂ ।
ਲੱਤਾਂ ਨੂੰ ਪਸਾਰ ਜਿਹੜੇ ਸੁੱਤੇ ਤੀਜੀ ਕੋਠੀ ਵਿਚ,
ਉਨ੍ਹਾਂ ਕਦੋਂ ਮੁਲਕ ਦੀਆਂ ਲੈਣੀਆਂ ਆਜ਼ਾਦੀਆਂ ।
ਪੂਰੀਆਂ ਕੀ ਪਾਣੀਆਂ ਨੇ ਉਨ੍ਹਾਂ ਨਰਾਂ ਜਗ ਵਿਚ,
ਦਾੜ੍ਹੀ ਮੁਛਾਂ ਮੁੰਨ ਕੇ ਜੋ ਬਣ ਬੈਠੇ ਮਾਦੀਆਂ ।
ਚਮਨ ਦੇ ਅੰਗੂਰ ਕਦੋਂ ਹੋਣਗੇ ਨਸੀਬ ਉਨ੍ਹਾਂ,
ਜਿਨ੍ਹਾਂ ਇਥੇ ਗਾਜਰਾਂ ਤੇ ਮੂਲੀਆਂ ਨੇ ਰਾਧੀਆਂ ।
ਕਿਹੜੇ ਮਹਿਲ ਉਨ੍ਹਾਂ ਨੇ ਉਸਾਰਨੇ ਨੇ ਆਣ ਕੇ ਤੇ,
ਲਾਈਆਂ ਜਿਨ੍ਹਾਂ ਜਾ ਕੇ ਵਿਚ ਖੁੰਦਰਾਂ ਸਮਾਧੀਆਂ ।
ਮਲ ਕਿਹੜੀ ਮਾਰਨੀ ਹੈ ਉਨ੍ਹਾਂ ਨੇ ਮੈਦਾਨਾਂ ਵਿਚ,
ਪਾਈਆਂ ਹੋਈਆਂ ਚੂੜੀਆਂ ਨੇ ਜਿਨ੍ਹਾਂ ਹੂਰਾਂ ਜਾਦੀਆਂ ।
ਝਲਣਗੇ ਉਹ ਵਾਰ ਕਦੋਂ ਤੇਗਾਂ ਅਤੇ ਖੰਜਰਾਂ ਦੇ,
ਕੰਡੇ ਦੀਆਂ ਪੀੜਾਂ ਜਿਨ੍ਹਾਂ ਕਦੇ ਨਹੀਂ ਸਾਧੀਆਂ ।
ਉਠ ਆਪ ਸਕਦੇ ਨਾ ਫਿੱਟੇ ਮੂੰਹ ਗੋਡਿਆਂ ਦਾ,
ਦਸੋ ਕਦੀ ਮੁਰਦਿਆਂ ਨੇ ਖੀਰਾਂ ਹੈਨ ਖਾਧੀਆਂ ।
ਰਾਮੋ ਸ਼ਾਮੋ ਧਰਮ ਦੀਆਂ ਦੋਏ ਭੈਣਾਂ ਬਣੀਆਂ ।
ਇਕ ਦੂਜੇ ਬਿਨ ਰਹਿੰਦੀਆਂ ਨਾ ਦੋਵੇਂ ਜਣੀਆਂ ।
ਡਾਢੇ ਪ੍ਰੇਮ ਪਿਆਰ ਦੀਆਂ ਇਨ੍ਹਾਂ ਤੰਦਾਂ ਤਣੀਆਂ ।
ਇਕ ਦੂਜੇ ਤੇ ਵਸਦੀਆਂ ਜਿਉਂ ਮੀਂਹ ਦੀਆਂ ਕਣੀਆਂ ।
ਚਮਕਣ ਦੋਵੇਂ ਇਸ ਤਰ੍ਹਾਂ ਜਿਉਂ ਸਪ ਦੀਆਂ ਮਣੀਆਂ ।
ਦੋਹਾਂ ਦੇ ਅੰਦਰ ਹੋਰ ਇਕ ਤਰਿਆਕਿਲ ਆਈ ।
ਉਸ ਪਲੀਤੇ ਨੂੰ ਨਿਕੀ ਜਹੀ ਤੀਲੀ ਲਾਈ ।
ਦੋਹਾਂ ਨੂੰ ਦਿਤਾ ਪਾੜ ਉਸ ਲਾੜੇ ਦੀ ਤਾਈ ।
ਇਸ ਨੂੰ ਗੱਲ ਕੋਈ ਹੋਰ ਉਸ ਨੂੰ ਹੋਰ ਸਨਾਈ ।
ਝਾਟੇ ਦੋਹਾਂ ਨੇ ਪੁਟ ਲਏ ਸਿਰ ਪਾਈ ਛਾਈ ।
ਘਰ ਆਈਆਂ ਤੇ ਦੋਹਾਂ ਦਾ ਜਦ ਗੁੱਸਾ ਢਲਿਆ ।
ਸਾਗਰ ਚੜ੍ਹਿਆ ਪ੍ਰੇਮ ਦਾ ਜੋ ਜਾਏ ਨਾ ਠਲਿਆ ।
ਦੋਹਾਂ ਨੇ ਦਿਲ ਵਿਚ ਸੋਚਿਆ ਇਸ ਭੈੜੀ ਛਲਿਆ ।
ਇਹ ਸਨੇਹੜਾ ਰਾਮੋ ਨੇ ਸ਼ਾਮੋ ਨੂੰ ਘਲਿਆ ।
ਦੋਹਾਂ ਵਿਚ ਤੀਜਾ ਰਲਿਆ ਤਾਂ ਝੁੱਗਾ ਗਲਿਆ ।
ਫੁਲ ਵਰਗੀ ਜੇ ਜ਼ਿੰਦੜੀ ਚਾਹਵੇਂ ਪੈਰ ਕੰਢੇ ਤੇ ਧਰ ਨਾ ।
ਆਸ਼ਿਕ ਏਂ ਤਾਂ ਪ੍ਰੀਤਮ ਦੇ ਦਰ ਬਹਿ ਜਾ ਮਾਰ ਕੇ ਧਰਨਾ ।
ਜੇ ਮੋਤੀ ਦੀ ਲੋੜ ਨਹੀਂਓਂ ਟੁਭੀ ਮਾਰ ਕੇ ਮਰ ਨਾ ।
ਛਾਤੀ ਕਢ ਕੇ ਪਿੜ ਵਿਚ ਆ ਜਾ ਜੇ ਤੂੰ ਲੋੜੇਂ ਮਰਨਾ ।
ਪਹਿਲੋਂ ਖ਼ੌਫ਼ ਡੁਬਨ ਦਾ ਕਰ ਲੈ ਜੇ ਤੂੰ ਲੋੜੇਂ ਤਰਨਾ ।
ਜੇ ਡੁਬਨੇ ਦਾ ਖਤਰਾ ਸਮਝੀਂ ਦਰਿਆ ਦੇ ਵਿਚ ਤਰ ਨਾ ।
ਚੋਰ ਡਾਕੂ ਦਾ ਫ਼ਿਕਰ ਉਹਨੂੰ ਕੀ ਕੋਲ ਜਿਦ੍ਹੇ ਕੋਈ ਜ਼ਰ ਨਾ ।
ਜੇ ਜ਼ਰ ਹੈ ਤਾਂ ਜ਼ਰ ਦੇ ਕਾਰਨ ਦੁਖੜਾ ਪੈਸੀ ਜਰਨਾ ।
ਵਿਚ ਅਕਾਸ਼ਾਂ ਉਡਨਾ ਚਾਹਵੇਂ ਤੂਫ਼ਾਨਾਂ ਤੋਂ ਡਰ ਨਾ ।
ਸਿਰ ਦਿਤਾ ਵਿਚ ਉਖਲੀ ਦੇ ਫਿਰ ਮੂਹਲੇ ਤੋਂ ਕੀ ਡਰਨਾ ।
|